ਸੁਮੁਕਨ ਦੇ ਵੰਸ਼ਜ ਅਜੇ ਵੀ ਆਝੀਕੋਡ ਵਿੱਚ ਰਹਿੰਦੇ ਹਨ

ਕੈਲੀਅਸਰੀ ਨੇ ਸਹੀ ਅਰਥਾਂ ਵਿੱਚ ਲੜਨਾ ਕਦੇ ਬੰਦ ਹੀ ਨਹੀਂ ਕੀਤਾ। ਇੱਥੋਂ ਤੱਕ ਕਿ 1947 ਤੋਂ ਬਾਅਦ ਵੀ ਨਹੀਂ। ਕੇਰਲ ਦੇ ਉੱਤਰੀ ਮਾਲਾਬਾਰ ਵਿੱਚ ਸਥਿਤ ਇਸ ਪਿੰਡ ਨੇ ਕਈ ਮੋਰਚਿਆਂ 'ਤੇ ਲੜਾਈ ਲੜੀ ਹੈ। ਅਜ਼ਾਦੀ ਦੇ ਘੋਲ਼ ਸਮੇਂ ਇਹਨੇ ਅੰਗਰੇਜ਼ਾਂ ਨੂੰ ਵੰਗਾਰਿਆ। ਇਸ ਇਲਾਕੇ ਦੀ ਕਿਸਾਨੀ ਅੰਦੋਲਨ ਦੇ ਧੁਰੇ ਵਿੱਚ ਇਹਨੇ ਜਾਨਮੀਆਂ (ਜਗੀਰੂ ਜਿਮੀਂਦਾਰ) ਨਾਲ਼ ਮੁਕਾਬਲਾ ਕੀਤਾ। ਖੱਬੇ-ਪੱਖੀ ਧਾਰਾ ਦਾ ਕੇਂਦਰ ਹੋਣ ਨਾਤੇ, ਇਹਨੇ ਜਾਤਾਂ ਦਾ ਟਾਕਰਾ ਕੀਤਾ।

''ਅਸੀਂ ਇਹ ਕਿਵੇਂ ਆਖ ਸਕਦੇ ਹਾਂ ਕਿ ਅਜ਼ਾਦੀ ਦੀ ਲੜਾਈ 1947 ਵਿੱਚ ਹੀ ਸਦਾ ਲਈ ਅੱਖਾਂ ਮੀਟ ਗਈ?'' ਕੇ.ਪੀ.ਆਰ. ਰਾਇਰੱਪਨ ਪੁੱਛਦੇ ਹਨ, ਜੋ ਉਨ੍ਹਾਂ ਸਾਰੀਆਂ ਲੜਾਈਆਂ ਵਿੱਚ ਮੋਹਰੀ ਵਿਅਕਤੀ ਰਹੇ ਸਨ। ''ਭੂ-ਸੁਧਾਰ ਦੀ ਲੜਾਈ ਹਾਲੇ ਵੀ ਬਾਕੀ ਸੀ।'' ਰਾਇਰੱਪਨ ਆਪਣੀ ਉਮਰ ਦੇ 86ਵੇਂ ਵਰ੍ਹੇ ਵਿੱਚ ਅੱਗੇ ਆਉਣ ਵਾਲ਼ੀਆਂ ਹੋਰ ਲੜਾਈਆਂ ਨੂੰ ਦੇਖਦੇ ਹਨ। ਅਤੇ ਉਹ ਵੀ ਇਨ੍ਹਾਂ ਦਾ ਹਿੱਸਾ ਬਣਨਾ ਲੋਚਦੇ ਹਨ। ਉਮਰ ਦੇ 83ਵੇਂ ਸਾਲ ਵਿੱਚ ਉਨ੍ਹਾਂ ਨੇ ਕਾਸਰਗੋੜ ਤੋਂ ਤਿਰੂਵਨੰਤਪੁਰਮ ਤੱਕ ਦੇ ਪੈਦਲ ਮਾਰਚ ਵਿੱਚ ਕੌਮੀ ਆਤਮ-ਨਿਰਭਰਤਾ ਦਾ ਸੱਦਾ  ਦਿੱਤਾ ਜੋ 500 ਕਿਲੋਮੀਟਰ ਲੰਬਾ ਪੈਦਲ ਮਾਰਚ ਸੀ।

ਕੈਲੀਅਸਰੀ ਵਿੱਚ ਤਬਦੀਲੀ ਲਿਆਉਣ ਵਾਲ਼ੀਆਂ ਦੋ ਘਟਨਾਵਾਂ ਉਨ੍ਹਾਂ ਦੇ ਮਨ ਵਿੱਚ ਉੱਭਰਦੀਆਂ ਹਨ। ਪਹਿਲੀ ਘਟਨਾ 1920 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਗਾਂਧੀ ਦਾ ਮੰਗਲੌਰ ਦੌਰਾ ਸੀ। ਉਨ੍ਹਾਂ ਨੂੰ ਸੁਣਨ ਲਈ ਸਕੂਲੀ ਬੱਚਿਆਂ ਸਣੇ ਕਾਫੀ ਲੋਕ ਉੱਥੇ ਪਹੁੰਚੇ ਸਨ। ''ਉਦੋਂ ਅਸੀਂ ਸਾਰੇ ਕਾਂਗਰਸ ਦੇ ਨਾਲ਼ ਹੁੰਦੇ ਸਾਂ,'' ਰਾਇਰੱਪਨ ਕਹਿੰਦੇ ਹਨ।

ਦੂਸਰੀ ਘਟਨਾ ''ਇੱਕ ਛੋਟੇ ਦਲਿਤ ਮੁੰਡੇ, ਸੁਮੁਕਨ ਦੇ ਕੁਟਾਪੇ ਦੀ ਸੀ, ਜੋ ਸਾਡੇ ਬੋਰਡ ਸਕੂਲ ਵਿੱਚ ਦਾਖਲਾ ਲੈਣ ਦਾ ਇਛੁੱਕ ਸੀ। ਸਵਰਣ ਜਾਤੀ ਵਾਲ਼ਿਆਂ ਨੇ ਉਹਦਾ ਅਤੇ ਉਹਦੇ ਭਰਾ ਦਾ ਇਹ ਕਹਿੰਦਿਆਂ ਕੁਟਾਪਾ ਚਾੜ੍ਹ ਦਿੱਤਾ ਕਿ ਉਨ੍ਹਾਂ ਦੀ ਸਾਡੇ ਸਕੂਲ ਆਉਣ ਦੀ ਹਿੰਮਤ ਕਿਵੇਂ ਹੋਈ।''

ਦਰਅਸਲ ਜਾਤੀ ਨਾਲ਼ ਜੁੜੇ ਬਹੁਤੇਰੇ ਉਤਪੀੜਨ ਵਸੀਲਿਆਂ 'ਤੇ ਕਬਜਾ ਜਮਾਉਣ ਨੂੰ ਲੈ ਕੇ ਹੁੰਦੇ ਸਨ। ਖਾਸ ਕਰਕੇ ਭੋਇੰ ਦੇ ਮਾਮਲੇ ਵਿੱਚ। ਮਾਲਾਬਾਰ ਜਿਲ੍ਹੇ ਦੇ ਚਿਰੱਕਲ ਤਾਲੁਕਾ ਵਿੱਚ ਸਥਿਤ ਕੈਲੀਅਸਰੀ ਜਾਨਮੀ ਦਹਿਸ਼ਤ ਦਾ ਗੜ੍ਹ ਸੀ। ਸਾਲ 1928 ਵਿੱਚ ਇੱਥੋਂ ਦੀ ਕਰੀਬ 72 ਫੀਸਦ ਭੂਮੀ 'ਤੇ ਉੱਚ ਜਾਤੀ ਨਾਇਰਾਂ ਦਾ ਕਬਜਾ ਸੀ। ਇੱਥੇ ਥੀਆਂ ਅਤੇ ਹੋਰਨਾਂ ਪਿਛੜੇ ਭਾਈਚਾਰਾਂ ਦੀ ਅਬਾਦੀ ਕੁੱਲ ਅਬਾਦੀ ਦਾ 60 ਫੀਸਦ ਸੀ ਪਰ ਉਨ੍ਹਾਂ ਦੇ ਕਬਜੇ ਵਿੱਚ ਸਿਰਫ਼ 6.55 ਫੀਸਦ ਹੀ ਭੂਮੀ ਆਉਂਦੀ ਸੀ। ਇਹਦੇ ਬਾਵਜੂਦ ਇੱਥੇ, ਭੂ-ਸੁਧਾਰ ਅੰਦੋਲਨ, ਜੋ 1960ਵਿਆਂ ਤੱਕ ਖਿੱਚਦਾ ਚਲਾ ਗਿਆ, ਸਫ਼ਲ ਹੋਣ ਵਾਲ਼ਾ ਸੀ।

ਅੱਜ ਦੀ ਤਰੀਕ ਵਿੱਚ ਥੀਆ ਅਤੇ ਹੋਰ ਪਿਛੜੀਆਂ ਜਾਤੀਆਂ ਅਤੇ ਦਲਿਤਾਂ ਦਾ 60 ਫੀਸਦ ਭੂਮੀ 'ਤੇ ਕਬਜਾ ਹੈ।

''ਅਸੀਂ ਪਹਿਲਾਂ ਗ਼ੁਲਾਮਾਂ ਵਾਂਗ ਸਾਂ,'' 63 ਸਾਲਾ ਕੁਨਹੰਬੂ ਕਹਿੰਦੇ ਹਨ। ਉਨ੍ਹਾਂ ਦੇ ਪਿਤਾ ਇੱਕ ਥੀਆ ਕਿਸਾਨ ਸਨ। ''ਸਾਨੂੰ ਕਮੀਜਾਂ ਪਾਉਣ ਦੀ ਆਗਿਆ ਤੱਕ ਨਹੀਂ ਸੀ, ਅਸੀਂ ਕੱਛਾਂ ਤੋਂ ਹੇਠਾਂ ਸਿਰਫ਼ ਇੱਕ ਤੌਲੀਆ ਹੀ ਵਲ੍ਹੇਟਦੇ ਸਾਂ। ਚੱਪਲ ਵੀ ਪਾਉਣ ਦੀ ਆਗਿਆ ਨਹੀਂ ਸੀ। ਅਤੇ ਧੋਤੀ ਵੀ ਅੱਧੀ ਹੀ ਪਾਉਂਦੇ ਜਿਓਂ ਨਹਾਉਣ ਵਾਲ਼ਾ ਛੋਟਾ ਤੌਲੀਆ ਲਪੇਟਿਆ ਹੋਵੇ।'' ਕੁਝ ਥਾਵਾਂ 'ਤੇ ਨੀਵੀਂ ਜਾਤੀ ਦੀਆਂ ਔਰਤਾਂ ਨੂੰ ਬਲਾਊਜ਼ ਤੱਕ ਪਾਉਣ ਦੀ ਆਗਿਆ ਨਹੀਂ ਸੀ। ''ਅਸੀਂ ਕੁਝ ਖ਼ਾਸ ਸੜਕਾਂ 'ਤੇ ਤੁਰ-ਫਿਰ ਵੀ ਨਹੀਂ ਸਕਦੇ ਸਾਂ। ਆਪਣੇ ਜਾਤ ਵਰਗੀਕਣ ਦੇ ਹਿਸਾਬ ਨਾਲ਼ ਸਾਨੂੰ ਉੱਚ-ਜਾਤੀ ਕੋਲ਼ੋਂ ਇੱਕ ਸੀਮਤ ਦੇਹ-ਦੂਰੀ ਬਣਾ ਕੇ ਰੱਖਣੀ ਪੈਂਦੀ ਸੀ।''

ਨੀਵੀਂ ਜਾਤੀਆਂ ਨੂੰ ਸਕੂਲੋਂ ਦੂਰ ਰੱਖਣਾ ਇਹਦਾ ਇੱਕ ਅੰਸ਼ ਭਰ ਸੀ। ਇਹਦਾ ਅਸਲ ਉਦੇਸ਼ ਤਾਂ ਉਨ੍ਹਾਂ ਨੂੰ ਵਸੀਲਿਆਂ ਤੋਂ ਹੀ ਦੂਰ ਰੱਖਣਾ ਸੀ। ਇਸੇ ਲਈ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਸਨਮਾਨ ਵੀ ਨਹੀਂ ਦਿੱਤਾ ਜਾਂਦਾ ਸੀ। ਗ਼ਰੀਬਾਂ ਦੇ ਖਿਲਾਫ਼ ਜਾਨਮੀ ਦਹਿਸ਼ਤ ਆਮ ਗੱਲ ਸੀ।

ਸੁਮੁਕਨ ਦਾ ਕੁਟਾਪਾ ਇੱਕ ਮੋੜਵਾਂ ਨੁਕਤਾ (ਟਰਨਿੰਗ ਪੁਆਇੰਟ) ਸਾਬਤ ਹੋਇਆ।

''ਮਾਲਾਬਾਰ ਦੇ ਸਾਰੇ ਕੌਮਵਾਦੀ ਨੇਤਾ ਇੱਥੇ ਆਏ,'' ਰਾਇਰੱਪਨ ਦੱਸਦੇ ਹਨ। ''ਕਾਂਗਰਸ ਦੇ ਮਹਾਨ ਨੇਤਾ, ਕੇਲੱਪਨ ਤਾਂ ਕੁਝ ਦਿਨਾਂ ਤੱਕ ਇੱਥੇ ਰੁੱਕੇ ਵੀ ਸਨ। ਸਾਰਿਆਂ ਨੇ ਜਾਤੀ ਵਿਰੁੱਧ ਮੁਹਿੰਮ ਵਿੱਢੀ। ਸੀ.ਐੱਫ. ਐਂਡ੍ਰਿਊ ਵੀ ਇੱਥੇ ਆਏ ਅਤੇ ਉਨ੍ਹਾਂ ਨੇ ਇਸ ਮੁੱਦੇ ਨੂੰ ਬ੍ਰਿਟਿਸ਼ ਸੰਸਦ ਵਿੱਚ ਵੀ ਚੁੱਕਿਆ। ਬਾਅਦ ਵਿੱਚ, ਕੈਲੀਅਸਰੀ ਦਲਿਤ ਸਿੱਖਿਆ ਦਾ ਕੇਂਦਰ ਬਣ ਗਿਆ।'' ਲੋਕਾਂ ਨੇ ਜਨਤਕ ਭੋਜਨ ਵੀ ਅਯੋਜਿਤ ਕੀਤੇ ਜਿਸ ਵਿੱਚ ਵੱਖ-ਵੱਖ ਜਾਤੀਆਂ ਦੇ ਲੋਕਾਂ ਨੇ ਇਕੱਠਿਆਂ ਖਾਣਾ ਖਾਧਾ।

ਪਰ ਇਹ ਵੱਡੀਆਂ ਲੜਾਈਆਂ ਤੋਂ ਪਹਿਲਾਂ ਸੰਭਵ ਨਹੀਂ ਸੀ। ਅਜਾਨੂਰ ਇੱਥੋਂ ਬਹੁਤੀ ਦੂਰ ਨਹੀਂ ਹੈ, ਉੱਥੇ ਇੱਕ ਸਕੂਲ ਨੂੰ 1930 ਤੋਂ 40 ਦੇ ਦਹਾਕੇ ਵਿੱਚ ਤਿੰਨ ਵਾਰ ਉਜਾੜ ਦਿੱਤਾ ਗਿਆ। ਸਭ ਤੋਂ ਪਹਿਲਾਂ ਜਾਨਮੀ ਦੁਆਰਾ। ਇਹ ਸਕੂਲ ਇੱਥੇ ਦਲਿਤ ਵਿਦਿਆਰਥੀਆਂ ਨੂੰ ਦਾਖਲਾ ਦਿਆ ਕਰਦਾ ਸੀ। ਇਸ 'ਤੇ ''ਕੌਮਵਾਦੀਆਂ ਅਤੇ ਖੱਬੇਪੱਖੀਆਂ ਨੂੰ ਪਨਾਹ ਦੇਣ'' ਦਾ ਵੀ ਸ਼ੱਕ ਸੀ।

ਖ਼ਦਸ਼ੇ ਦੇ ਅਧਾਰ ਮਜ਼ਬੂਤ ਸਨ। ''1930 ਦੇ ਦਹਾਕੇ ਵਿੱਚ ਇਸ ਇਲਾਕੇ ਅੰਦਰ ਖੱਬੇਪੱਖੀਆਂ ਦੀਆਂ ਜੜ੍ਹਾਂ ਇੱਕ ਤੈਅ ਤਰੀਕੇ ਨਾਲ਼ ਵੱਧਣ ਲੱਗੀਆਂ,'' ਸੇਵਾਮੁਕਤ ਅਧਿਆਪਕ ਅਗਨੀ ਸ਼ਰਮਨ ਨੰਬੂਦਿਰੀ ਕਹਿੰਦੇ ਹਨ। ਨੇੜਲੇ ਕਰੀਵੇਲੂਰ ਵਿੱਚ ਹੁਣ ਕੁੱਲਵਕਤੀ ਰਾਜਨੀਤਕ ਕਾਰਕੁੰਨ ਬਣ ਚੁੱਕੇ ਨੰਬੂਦਿਰੀ ਕਹਿੰਦੇ ਹਨ: ''ਅਸੀਂ ਜਦੋਂ ਵੀ ਕਿਸੇ ਪਿੰਡ ਵਿੱਚ ਜਾਂਦੇ, ਸਦਾ ਇੱਕ ਰਾਤਰੀ-ਸਕੂਲ ਸ਼ੁਰੂ ਕਰਦੇ, ਪੜ੍ਹਨ ਦਾ ਕਮਰਾ ਬਣਾਉਂਦੇ ਅਤੇ ਕਿਸਾਨਾਂ ਦੀ ਇੱਕ ਯੂਨੀਅਨ ਦੀ ਸਥਾਪਨਾ ਕਰਦੇ। ਉੱਤਰੀ ਮਾਲਾਬਾਰ ਵਿੱਚ ਖੱਬੇਪੱਖੀ ਇਸੇ ਤਰ੍ਹਾਂ ਫੈਲੇ।'' ਅਤੇ ਰਾਇਰੱਪਨ ਅੱਗੇ ਕਹਿੰਦੇ ਹਨ,''ਇਸਲਈ ਕੈਲੀਅਸਰੀ ਵਿੱਚ ਵੀ ਇਸੇ ਤਰ੍ਹਾਂ ਸ਼ੁਰੂਆਤ ਹੋਈ ਅਤੇ ਸਫ਼ਲਤਾ ਵੀ ਮਿਲ਼ੀ।''

1930 ਦੇ ਦਹਾਕੇ ਦੇ ਅੱਧ ਵਿੱਚ, ਖੱਬੇਪੱਖੀਆਂ ਨੇ ਉੱਤਰੀ ਮਾਲਾਬਾਰ ਵਿੱਚ ਕਾਂਗਰਸ 'ਤੇ ਕੰਟਰੋਲ ਪ੍ਰਾਪਤ ਕਰ ਲਿਆ ਸੀ। 1939 ਤੱਕ, ਰਾਇਰੱਪਨ ਅਤੇ ਉਨ੍ਹਾਂ ਦੇ ਮਿੱਤਰ ਇੱਥੋਂ ਦੀ ਕਮਿਊਨਿਸਟ ਪਾਰਟੀ ਦੇ ਮੈਂਬਰ ਦੇ ਰੂਪ ਵਿੱਚ ਉੱਭਰੇ। ਇਸ ਥਾਂ, ਜਿੱਥੇ ਸਿੱਖਿਆ ਦਾ ਖੰਡਨ ਇੱਕ ਹਥਿਆਰ ਸੀ, ਉਸ ਜ਼ਮਾਨੇ ਦੇ ਅਧਿਆਪਕਾਂ ਦੀ ਯੂਨੀਅਨ ਨੇ ਇੱਕ ਵੱਡੀ ਰਾਜਨੀਤਕ ਭੂਮਿਕਾ ਅਦਾ ਕੀਤੀ।

''ਇਸਲਈ ਤੁਹਾਨੂੰ ਇੱਥੇ ਰਾਤਰੀ ਸਕੂਲ, ਪੜ੍ਹਨ ਦਾ ਕਮਰਾ ਅਤੇ ਕਿਸਾਨ ਯੂਨੀਅਨ ਦੇਖਣ ਨੂੰ ਮਿਲ਼ਦੇ ਸਨ,'' ਪੀ. ਯਸ਼ੋਦਾ ਦੱਸਦੀ ਹਨ। ''ਹੋਰ ਤਾਂ ਹੋਰ ਅਸੀਂ ਸਾਰੇ ਵੀ ਤਾਂ ਅਧਿਆਪਕ ਹੀ ਸਾਂ।'' ਉਹ 81 ਸਾਲਾਂ ਦੀ ਹੋ ਚੁੱਕੀ ਹਨ, ਪਰ 60 ਸਾਲ ਪਹਿਲਾਂ ਜਦੋਂ ਉਹ ਇਸ ਯੂਨੀਅਨ ਦੀ ਆਗੂ ਦੇ ਰੂਪ ਵਿੱਚ ਉੱਭਰੀ ਤਾਂ ਉਨ੍ਹਾਂ ਅੰਦਰ ਇੱਕ ਚਿੰਗਾਰੀ ਮੱਘ ਰਹੀ ਸੀ। 15 ਸਾਲਾਂ ਦੀ ਉਮਰ ਵਿੱਚ ਉਹ ਆਪਣੇ ਤਾਲੁਕਾ ਵਿੱਚ ਪਹਿਲੀ ਅਤੇ ਇਕਲੌਤੀ ਮਹਿਲਾ ਅਧਿਆਪਕ ਸਨ ਅਤੇ ਮਾਲਾਬਾਰ ਦੀ ਸਭ ਤੋਂ ਘੱਟ ਉਮਰ ਦੀ ਅਧਿਆਪਕ ਵੀ। ਇਸ ਤੋਂ ਪਹਿਲਾਂ, ਉਹ ਆਪਣੇ ਸਕੂਲ ਦੀ ਪਹਿਲੀ ਵਿਦਿਆਰਥਣ ਸਨ।

''ਮੇਰੀ ਰਾਜਨੀਤਕ ਸਿੱਖਿਆ ਉਦੋਂ ਸ਼ੁਰੂ ਹੋਈ, ਜਦੋਂ ਸਾਡੇ ਸਕੂਲ ਵਿੱਚ ਸਾਡੇ ਸਾਰਿਆਂ ਦੇ ਸਾਹਮਣੇ ਸਕੂਲ ਦੇ ਦੋ ਸੀਨੀਅਰ ਵਿਦਿਆਰਥੀਆਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ।'' ਉਨ੍ਹਾਂ ਦਾ ਜ਼ੁਰਮ ਕੀ ਸੀ?'' ਮਹਾਤਮਾ ਗਾਂਧੀ ਕੀ ਜੈ ' ਬੋਲਣਾ। ਦੋਵਾਂ ਨੂੰ 36-36 ਡੰਡੇ ਮਾਰੇ ਗਏ। ਕਨੂੰਨ ਵਿੱਚ ਸਿਰਫ਼ 12 ਡੰਡੇ ਮਾਰਨ ਦੀ ਸੀਮਾ ਸੀ। ਇਸਲਈ ਚਿੰਤਨ ਕੁਟੀ ਅਤੇ ਪਦਮਨਾਬਿਆ ਵੈਰੀਅਰ ਨੂੰ ਲਗਾਤਾਰ ਤਿੰਨ ਦਿਨਾਂ ਤੱਕ 12-12 ਡੰਡੇ ਮਾਰੇ ਗਏ। ਮੈਂ ਇੱਕ ਵਾਰ ਇਹ ਵੀ ਦੇਖਿਆ ਕਿ ਇੱਕ ਪਰਿਵਾਰ ਨੂੰ ਉਨ੍ਹਾਂ ਦੇ ਘਰੋਂ ਕੱਢਿਆ ਜਾ ਰਿਹਾ ਹੈ। ਉਨ੍ਹਾਂ ਦੀ ਤਕਲੀਫ਼ ਮੇਰੇ ਅੰਦਰ ਸਦਾ ਨਾਲ਼ ਹੀ ਰਹੀ।''

''ਬੇਸ਼ੱਕ, ਪਿਛਲੇ 50 ਸਾਲਾਂ ਵਿੱਚ ਇੱਥੇ ਕਾਫੀ ਬਦਲਾਅ ਆਇਆ ਹੈ,'' 'ਯਸ਼ੋਦਾ ਟੀਚਰ' ਕਹਿੰਦੀ ਹਨ ਜੋ ਇਸੇ ਨਾਮ ਨਾਲ਼ ਇੱਥੇ ਪ੍ਰਸਿੱਧ ਹਨ। ''ਅਜ਼ਾਦੀ ਨੇ ਸਾਰਾ ਕੁਝ ਬਦਲ ਕੇ ਰੱਖ ਦਿੱਤਾ।''

ਇੱਕ ਪਿੰਡ ਜਿੱਥੇ ਸਿੱਖਿਆ ਇੱਕ ਦੁਰਲਭ ਗੱਲ ਸੀ, ਕੈਲੀਅਸਰੀ ਨੇ ਕੋਈ ਕਸਰ ਨਹੀਂ ਛੱਡੀ। ਇੱਥੇ ਪੁਰਖਾਂ ਅਤੇ ਔਰਤਾਂ, ਦੋਵਾਂ ਦੀ ਸਾਖਰਤਾ ਦਰ 100 ਫੀਸਦ ਦੇ ਨੇੜੇ-ਤੇੜੇ ਹੈ। ਹਰ ਬੱਚਾ ਸਕੂਲ ਜਾਂਦਾ ਹੈ।

''21,000 ਲੋਕਾਂ ਦੀ ਇਸ ਪੰਚਾਇਤ ਵਿੱਚ 16 ਲਾਈਬ੍ਰੇਰੀਆਂ ਹਨ,'' ਪੜ੍ਹਨ ਵਾਲ਼ੇ ਕਮਰੇ ਦੇ ਲਾਈਬ੍ਰੇਰੀਅਨ ਕ੍ਰਿਸ਼ਨਨ ਪਿੱਲਈ ਬੜੇ ਮਾਣ ਨਾਲ਼ ਦੱਸਦੇ ਹਨ। ਲਾਈਬ੍ਰੇਰੀਨੁਮਾ ਪੜ੍ਹਨ ਵਾਲ਼ੇ ਇਹ ਸਾਰੇ 16 ਕਮਰੇ ਸ਼ਾਮ ਵੇਲ਼ੇ ਲੋਕਾਂ ਨਾਲ਼ ਭਰੇ ਰਹਿੰਦੇ ਹਨ। ਇੱਥੇ ਬਹੁਤੇਰੀਆਂ ਕਿਤਾਬਾਂ ਮਲਿਆਲਮ ਭਾਸ਼ਾ ਵਿੱਚ ਹਨ। ਪਰ, ਕੁਝ ਕਿਤਾਬਾਂ ਅੰਗਰੇਜੀ ਵਿੱਚ ਵੀ ਹਨ, ਜਿਵੇਂ ਹਾਨ ਸੁਇਨ, ਚਾਰਲਸ ਡਿਕੇਂਸ, ਤਾਲਸਤਾਏ, ਲੈਨਿਨ, ਮਾਰਲੋਵੇ। ਇਸ ਤਰ੍ਹਾਂ ਦੇ ਵੰਨ-ਸੁਵੰਨੇ ਸੁਆਦ ਅਜੀਬ ਢੰਗਾਂ ਵਿੱਚ ਝਲਕਦੇ ਹਨ। ਇਹ ਭਾਰਤ ਦਾ ਉਹ ਪਿੰਡ ਹੈ, ਜਿੱਥੇ ਘਰਾਂ ਵਿੱਚ 'ਸ਼ਾਂਗਰੀ ਲਾ' ਨਾਮ ਲਿਖਿਆ ਮਿਲ਼ੇਗਾ।

ਕੈਲੀਅਸਰੀ ਵਿੱਚ ਅੱਠਵੀਂ ਜਮਾਤ ਵਿੱਚ ਸਕੂਲ ਛੱਡ ਦੇਣ ਵਾਲ਼ਾ ਬੱਚਾ ਤੁਹਾਡੇ ਨਾਲ਼ ਇਹ ਬਹਿਸ ਕਰਦਾ ਮਿਲ਼ੇਗਾ ਕਿ ਪੱਛਮੀ ਏਸ਼ੀਆ ਵਿੱਚ ਅਰਫਾਤ ਤੋਂ ਚੂਕ ਕਿਉਂ ਹੋਈ। ਇੱਥੇ ਹਰ ਆਦਮੀ ਸਾਰੇ ਵਿਸ਼ਿਆਂ 'ਤੇ ਆਪਣੀ ਅੱਡ ਰਾਇ ਰੱਖਦਾ ਹੈ ਅਤੇ ਕੋਈ ਵੀ ਆਪਣੀ ਸੋਚ ਦੱਸਣ ਤੋਂ ਝਿਜਕ ਮਹਿਸੂਸ ਨਹੀਂ ਕਰਦਾ।

''ਅਜ਼ਾਦੀ ਘੋਲ਼ ਅਤੇ ਸਿੱਖਿਆ ਦੇ ਨਾਲ਼, ਭੂ-ਸੁਧਾਰ ਦੀ ਸੰਗਠਤ ਲਹਿਰ ਨੇ ਇੱਥੇ ਸਾਰਾ ਕੁਝ ਬਦਲ ਕੇ ਰੱਖ ਦਿੱਤਾ,'' ਰਾਇਰੱਪਨ ਦੱਸਦੇ ਹਨ। ਥੀਆ ਕਿਸਾਨ ਕੇ.ਕੁਨਹੰਬੂ, ਜਿਨ੍ਹਾਂ ਨੂੰ ਇਸ ਤੋਂ ਫਲ ਮਿਲ਼ਿਆ, ਹਾਮੀ ਭਰਦੇ ਹਨ। ''ਇਹਦੇ ਸਾਰੇ ਪਾੜੇ ਪੂਰ ਦਿੱਤੇ,'' ਉਹ ਕਹਿੰਦੇ ਹਨ। ''ਭੂ-ਸੁਧਾਰ ਨੇ ਇੱਥੇ ਜਾਤੀ ਅਧਾਰਤ ਵਰਗੀਕਰਣ ਨੂੰ ਤੋੜ ਸੁੱਟਿਆ। ਇਹਨੇ ਸਾਨੂੰ ਇੱਕ ਨਵਾਂ ਮਿਆਰ ਦਿੱਤਾ ਹੈ। ਪਹਿਲਾਂ, ਅਸੀਂ ਜਾਨਮੀਆਂ ਦੇ ਰਹਿਮ 'ਤੇ ਹੀ ਕੋਈ ਜ਼ਮੀਨ (ਪਲਾਟ) ਰੱਖ ਪਾਉਂਦੇ ਸਾਂ। ਜ਼ਮੀਨ ਹਲ-ਵਾਹਕ ਦੀ... ਇਸ ਲਹਿਰ ਨੇ ਇਸ ਵਰਤਾਰੇ ਨੂੰ ਬਦਲ ਕੇ ਰੱਖ ਦਿੱਤਾ। ਹੁਣ ਅਸੀਂ ਖ਼ੁਦ ਨੂੰ ਭੂ-ਮਾਲਕਾਂ ਦੇ ਬਰਾਬਰ ਸਮਝਣ ਲੱਗ ਗਏ।'' ਇਹਨੇ ਨਾਟਕੀ ਰੂਪ ਨਾਲ਼ ਭੋਜਨ, ਸਿੱਖਿਆ ਅਤੇ ਸਿਹਤ ਤੱਕ ਗ਼ਰੀਬਾਂ ਦੀ ਪਹੁੰਚ ਨੂੰ ਸੁਧਾਰ ਦਿੱਤਾ।

''ਅਸੀਂ 1947-57 ਤੱਕ ਭੂ-ਸੁਧਾਰ ਦੀ ਲੜਾਈ ਅਤੇ ਇੱਥੋਂ ਤੱਕ ਕਿ ਬਾਅਦ ਵਿੱਚ ਵੀ। ਜਦੋਂ ਅਸੀਂ ਕਾਂਗਰਸ ਨੂੰ ਵੱਡੀਆਂ ਜਾਤੀਆਂ ਦੇ ਨਾਲ਼ ਖੜ੍ਹੇ ਦੇਖਿਆ। ਜਾਨਮੀਆਂ ਦੇ ਨਾਲ਼।'' ਇਸਲਈ ਕੈਲੀਅਸਰੀ ਉਹ ਥਾਂ ਬਣ ਗਈ ''ਜਿੱਥੇ 85 ਫੀਸਦ ਤੋਂ ਵੱਧ ਲੋਕ ਖੱਬੇਪੱਖੀਆਂ ਦੇ ਨਾਲ਼ ਹਨ।''

''ਪਿਛਲੇ 50-60 ਸਾਲਾਂ ਵਿੱਚ ਵੱਡੇ ਬਦਲਾਅ ਹੋਏ ਹਨ,'' ਸੁਮੁਕਨ ਦੀ ਵਿਧਵਾ, ਪੱਨੀਯਨ ਜਾਨਕੀ ਕਹਿੰਦੀ ਹਨ। ''ਖੁਦ ਮੈਨੂੰ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਅਜ਼ਾਦੀ ਘੋਲ ਦੇ ਸਾਲਾਂ ਨੇ ਕਈ ਪਾੜਿਆਂ ਨੂੰ ਭਰ ਦਿੱਤਾ ਹੈ।''

ਸੁਮੁਕਨ ਦੀ ਮੌਤ 16 ਸਾਲ ਪਹਿਲਾਂ ਹੋਈ। ਉਨ੍ਹਾਂ ਦਾ ਪਰਿਵਰ ਹਾਲੇ ਤੀਕਰ ਆਝੀਕੋਡ ਵਿੱਚ ਦੇ ਕੋਲ਼ ਹੀ ਰਹਿੰਦਾ ਹੈ। ਸੁਮੁਕਨ ਦੀ ਧੀ ਇੱਥੇ ਟੈਲੀਫੋਨ ਐਕਸਚੇਂਜ ਵਿੱਚ ਬਤੌਰ ਸੀਨੀਅਰ ਨਿਰੀਖਕ ਕੰਮ ਕਰਦੀ ਹੈ। ਉਨ੍ਹਾਂ ਦੇ ਜੁਆਈ, ਕੁਨਹੀਰਮਨ, ਕਾਲੀਕਟ ਦੇ ਡਾਕਖਾਨੇ ਤੋਂ ਸੀਨੀਅਰ ਸੁਪਰਡੈਂਟ ਵਜੋਂ ਸੇਵਾਮੁਕਤ ਹੋਏ। ਉਹ ਕਹਿੰਦੇ ਹਨ,''ਹੁਣ ਸਮਾਜ ਵਿੱਚ ਕਿਸੇ ਤਰ੍ਹਾਂ ਦਾ ਵੱਖਰੇਵਾਂ ਨਹੀਂ ਹੈ, ਘੱਟੋ ਘੱਟ ਇੱਥੇ ਤਾਂ ਨਹੀਂ ਹੈ। ਸਾਡੇ ਪਰਿਵਾਰ ਵਿੱਚ ਦੋ ਐੱਮਬੀਬੀਐੱਸ, ਦੋ ਐੱਲਐੱਲਬੀ ਅਤੇ ਇੱਕ ਬੀਐੱਸਸੀ ਹਨ...''

PHOTO • P. Sainath

ਕੇ.ਪੀ.ਆਰ. ਰਾਇਰੱਪਨ (ਐਨ ਸੱਜੇ) ਸੁਮੁਕਨ ਦੇ ਕੁਝ ਪੋਤੇ-ਪੋਤੀਆਂ ਦੇ ਨਾਲ਼। ਪਰਿਵਾਰ ਵਿੱਚ '' ਦੋ ਐੱਮਬੀਬੀਐੱਸ, ਦੋ ਐੱਲਐੱਲਬੀ ਅਤੇ ਇੱਕ ਬੀਐੱਸਸੀ ਹਨ ''

P. Sainath is Founder Editor, People's Archive of Rural India. He has been a rural reporter for decades and is the author of 'Everybody Loves a Good Drought' and 'The Last Heroes: Foot Soldiers of Indian Freedom'.

Other stories by P. Sainath
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur