ਉਨ੍ਹਾਂ ਨੇ ਝੰਡੇ ਨੂੰ ਹਾਲੇ ਤੀਕਰ ਤਹਿਸੀਲ ਦਫ਼ਤਰ ਹੀ ਰੱਖਿਆ ਹੋਇਆ ਹੈ। ਇੱਥੇ ਉਨ੍ਹਾਂ ਨੇ 18 ਅਗਸਤ ਨੂੰ ਇਹਨੂੰ ਲਹਿਰਾਇਆ ਸੀ। 1942 ਵਿੱਚ ਇਸੇ ਦਿਨ ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਗਾਜੀਪੁਰ ਜਿਲ੍ਹੇ ਵਿੱਚ ਬ੍ਰਿਟਿਸ਼ ਸਰਕਾਰ ਦੀ ਗ਼ੁਲਾਮੀ ਵਿੱਚੋਂ ਖੁਦ ਦੇ ਅਜ਼ਾਦ ਹੋਣ ਦਾ ਐਲਾਨ ਕੀਤਾ ਸੀ। ਮੁਹੰਮਦਾਬਾਦ ਦੇ ਤਹਿਸੀਲਦਾਰ ਨੇ ਲੋਕਾਂ ਦੀ ਹਜ਼ੂਮ 'ਤੇ ਗੋਲ਼ੀ ਚਲਾ ਦਿੱਤੀ, ਜਿਹਦੇ ਕਾਰਨ ਸ਼ੇਰਪੁਰ ਪਿੰਡ ਦੇ ਅੱਠ ਲੋਕ ਮਾਰੇ ਗਏ। ਮਾਰੇ ਗਏ ਬਹੁਤੇਰੇ ਲੋਕ ਕਾਂਗਰਸੀ ਸਨ, ਜਿਨ੍ਹਾਂ ਦੀ ਅਗਵਾਈ ਉਦੋਂ ਸ਼ਿਵਪੂਜਨ ਰਾਇ ਕਰ ਰਹੇ ਸਨ। ਇਨ੍ਹਾਂ ਲੋਕਾਂ ਨੂੰ ਉਦੋਂ ਗੋਲ਼ੀ ਮਾਰੀ ਗਈ, ਜਦੋਂ ਉਹ ਮੁਹੰਮਦਾਬਾਦ ਵਿੱਚ ਤਹਿਸੀਲ ਭਵਨ ਦੇ ਉੱਪਰ ਤਿਰੰਗਾ ਲਹਿਰਾਉਣ ਦੀ ਕੋਸ਼ਿਸ਼ ਕਰ ਰਹੇ ਸਨ।

ਇਹ ਜਿਲ੍ਹਾਂ ਤਾਂ ਪਹਿਲਾਂ ਤੋਂ ਹੀ ਬ੍ਰਿਟਿਸ਼ਾਂ ਖਿਲਾਫ਼ ਉਬਾਲ਼ੇ ਖਾ ਰਿਹਾ ਸੀ, ਇਸ ਘਟਨਾ ਨੇ ਅੱਗ ਵਿੱਚ ਤੇਲ ਵਾਂਗ ਕੰਮ ਕੀਤਾ। ਅੰਗਰੇਜ਼ਾਂ ਨੇ 10 ਅਗਸਤ ਨੂੰ ਇੱਥੇ 129 ਆਗੂਆਂ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤੇ। 19 ਅਗਸਤ ਨੂੰ ਸਥਾਨਕ ਲੋਕਾਂ ਨੇ ਕਰੀਬ ਪੂਰੇ ਗਾਜੀਪੁਰ 'ਤੇ ਕਬਜਾ ਕਰ ਲਿਆ ਅਤੇ ਤਿੰਨ ਦਿਨਾਂ ਤੱਕ ਆਪਣੀ ਸਰਕਾਰ ਚਲਾਉਂਦੇ ਰਹ।

ਜਿਲ੍ਹਾ ਗਜ਼ਟ ਵਿੱਚ ਲਿਖਿਆ ਹੈ ਕਿ ਅੰਗਰੇਜਾਂ ਨੇ ਇਹਦੇ ਜਵਾਬ ਵਿੱਚ ''ਚੁਫੇਰੇ ਦਹਿਸ਼ਤ ਦਾ ਸ਼ਾਸਨ'' ਕਾਇਮ ਕੀਤਾ। ਛੇਤੀ ਹੀ ''ਇੱਕ ਤੋਂ ਬਾਅਦ ਦੂਜਾ ਪਿੰਡ ਲੁੱਟਿਆ ਗਿਆ ਅਤੇ ਅੱਗ ਹਵਾਲੇ ਕੀਤਾ ਗਿਆ।'' ਸੈਨਾ ਅਤੇ ਪੁਲਿਸ ਦੇ ਘੋੜਸਵਾਰਾਂ ਨੇ ਭਾਰਤ ਛੱਡੇ ਅੰਦੋਲਨ ਦੇ ਕਾਰਕੁੰਨਾਂ 'ਤੇ ਨਕੇਲ ਕੱਸਣੀ ਸ਼ੁਰੂ ਕਰ ਦਿੱਤੀ। ਅਗਲੇ ਕੁਝ ਦਿਨਾਂ ਵਿੱਚ ਕਰੀਬ 150 ਲੋਕਾਂ ਨੂੰ ਗੋਲ਼ੀਆਂ ਨਾਲ਼ ਭੁੰਨ੍ਹ ਸੁੱਟਿਆ ਗਿਆ। ਰਿਕਾਰਡ ਦੱਸਦੇ ਹਨ ਕਿ ਅਧਿਕਾਰੀਆਂ ਅਤੇ ਪੁਲਿਸ ਨੇ ਇੱਥੋਂ ਦੇ ਨਾਗਰਿਕਾਂ ਪਾਸੋਂ 35 ਲੱਖ ਰੁਪਏ ਲੁੱਟ ਲਏ। ਕਰੀਬ 74 ਪਿੰਡਾਂ ਨੂੰ ਸਾੜ ਘੱਤਿਆ ਗਿਆ। ਗਾਜੀਪੁਰ ਦੇ ਲੋਕਾਂ ਨੂੰ ਸਮੂਹਿਕ ਰੂਪ ਨਾਲ਼ 4.5 ਲੱਖ ਰੁਪਏ ਦਾ ਜੁਰਮਨਾ ਭਰਨਾ ਪਿਆ, ਜੋ ਉਸ ਸਮੇਂ ਇੱਕ ਵੱਡੀ ਰਕਮ ਸੀ।

ਅਧਿਕਾਰੀਆਂ ਨੇ ਸਜ਼ਾ ਲਈ ਸ਼ੇਰਪੁਰ ਨੂੰ ਚੁਣਿਆ। ਇੱਥੋਂ ਦੇ ਸਭ ਤੋਂ ਬਜ਼ੁਰਗ ਦਲਿਤ, ਹਰੀ ਸ਼ਰਣ ਰਾਮ ਉਸ ਦਿਨ ਨੂੰ ਚੇਤੇ ਕਰਦੇ ਹਨ: ''ਮਨੁੱਖਾਂ ਨੂੰ ਤਾਂ ਛੱਡੋ, ਉਸ ਦਿਨ ਪਿੰਡ ਵਿੱਚ ਕੋਈ ਪੰਛੀ ਤੱਕ ਸਬੂਤਾ ਨਾ ਬਚਿਆ। ਜੋ ਲੋਕ ਭੱਜ ਸਕਦੇ ਸਨ, ਉਹ ਭੱਜ ਗਏ। ਲੁੱਟਖੋਹ ਦਾ ਸਿਲਸਿਲਾ ਲਗਾਤਾਰ ਚੱਲਦਾ ਰਿਹਾ।'' ਫਿਰ ਵੀ, ਪੂਰੇ ਗਾਜੀਪੁਰ ਨੂੰ ਸਬਕ ਤਾਂ ਸਿਖਾਇਆ ਹੀ ਜਾਣਾ ਸੀ। ਜਿਲ੍ਹੇ ਵਿੱਚ 1850 ਦੇ ਦਹਾਕੇ ਦੌਰਾਨ ਅੰਗਰੇਜ਼ਾਂ ਦੇ ਖਿਲਾਫ਼ ਹੋਣ ਵਾਲ਼ੇ ਵਿਦਰੋਹ ਦਾ ਰਿਕਾਰਡ ਮੌਜੂਦ ਸੀ, ਜਦੋਂ ਸਥਾਨਕ ਲੋਕਾਂ ਨੇ ਨੀਲ ਦੀ ਖੇਤੀ ਕਰਨ ਵਾਲ਼ਿਆਂ 'ਤੇ ਹਮਲਾ ਕਰ ਦਿੱਤਾ ਸੀ। ਕਿਉਂਕਿ ਪੁਰਾਣਾ ਹਿਸਾਬ ਵੀ ਚੁਕਾਉਣਾ ਸੀ, ਇਸਲਈ ਇਸ ਵਾਰ ਅੰਗਰੇਜ਼ਾਂ ਨੇ ਉਨ੍ਹਾਂ ਨੂੰ ਗੋਲ਼ੀਆਂ ਅਤੇ ਡੰਡਿਆਂ ਨਾਲ਼ ਸਬਕ ਸਿਖਾਇਆ।

PHOTO • P. Sainath

ਸ਼ਹੀਦਾਂ ਦੀ ਕੁਝ ਕੁ ਕਮੇਟੀਆਂ ' ਤੇ ' ਸ਼ਹੀਦ ਪੁੱਤਰਾਂ ' ਦਾ ਕਬਜਾ ਹੈ

ਮੁਹੰਮਦਾਬਾਦ ਦਾ ਤਹਿਸੀਲ ਦਫ਼ਤਰ ਅੱਜ ਵੀ ਰਾਜਨੀਤਕ ਯਾਤਰੂਆਂ ਨੂੰ ਆਪਣੇ ਵੱਲ ਖਿੱਚਦਾ ਹੈ। ਇੱਥੇ ਆਉਣ ਵਾਲ਼ਿਆਂ ਦੀ ਸੂਚੀ ਵਿੱਚ ਉਨ੍ਹਾਂ ਚਾਰ ਲੋਕਾਂ ਦੇ ਨਾਮ ਵੀ ਸ਼ਾਮਲ ਹਨ, ਜੋ ਜਾਂ ਤਾਂ ਭਾਰਤ ਦੇ ਪ੍ਰਧਾਨਮੰਤਰੀ ਸਨ, ਜਾਂ ਬਾਦ ਵਿੱਚ ਥਾਪੇ ਗਏ। ਉੱਤਰ ਪ੍ਰਦੇਸ਼ ਦੇ ਕਰੀਬ ਸਾਰੇ ਮੁੱਖ ਮੰਤਰੀ ਵੀ ਉੱਥੇ ਆ ਚੁੱਕੇ ਹਨ। ਇਹ ਲੋਕ ਖਾਸ ਰੂਪ ਨਾਲ਼ ਇੱਥੇ 18 ਅਗਸਤ ਨੂੰ ਆਉਂਦੇ ਹਨ। ਇਹ ਗੱਲ ਸਾਨੂੰ ਲਕਸ਼ਮਣ ਰਾਇ ਨੇ ਦੱਸੀ, ਜੋ ਸ਼ਹੀਦ ਸਮਾਰਕ ਕਮੇਟੀ ਦੇ ਪ੍ਰਮੁੱਖ ਹਨ। ਇਹ ਕਮੇਟੀ ਤਹਿਸੀਲ ਦਫ਼ਤਰ ਵਿੱਚ ਅੱਠ ਸ਼ਹੀਦਾਂ ਦਾ ਮੈਮੋਰਿਅਲ ਚਲਾਉਂਦੀ ਹੈ। ਉਹ ਸਾਨੂੰ ਪ੍ਰਦਰਸ਼ਨਕਾਰੀਆਂ ਦਾ ਝੰਡਾ ਵਿਖਾਉਂਦੇ ਹਨ, ਜੋ ਕੁਝ ਹੱਦ ਤੱਕ ਘੱਸ ਜ਼ਰੂਰ ਗਿਆ ਪਰ ਚੰਗੀ ਤਰ੍ਹਾਂ ਸਾਂਭਿਆ ਪਿਆ ਹੈ। ਉਹ ਮਾਣ ਨਾਲ਼ ਛਾਤੀ ਫੁਲਾ ਕੇ ਦੱਸਦੇ ਹਨ,''ਵੀਆਈਪੀ ਇੱਥੇ ਆਉਂਦੇ ਹਨ ਅਤੇ ਝੰਡੇ ਦੀ ਪੂਜਾ ਕਰਦੇ ਹਨ। ਇੱਥੇ ਆਉਣ ਵਾਲ਼ਾ ਹਰ ਵੀਆਈਪੀ ਝੰਡੇ ਦੀ ਪੂਜਾ ਜ਼ਰੂਰ ਕਰਦਾ ਹੈ।''

ਪੂਜਾ ਨੇ ਸ਼ੇਰਪੁਰ ਨੂੰ ਬਹੁਤਾ ਲਾਭ ਨਹੀਂ ਹੋਇਆ। ਅਤੇ ਇੱਥੋਂ ਦੇ ਅਜ਼ਾਦੀ ਘੁਲਾਟੀਆਂ ਦੀਆਂ ਮਹਾਨ ਕੁਰਬਾਨੀਆਂ 'ਤੇ ਵਰਗ, ਜਾਤੀ, ਸਮੇਂ ਅਤੇ ਕਾਰੋਬਾਰੀ ਰੰਗ ਚੜ੍ਹ ਚੁੱਕਿਆ ਹੈ। ''ਕੁੱਲ ਅੱਠ ਸ਼ਹੀਦ ਸਨ,'' ਇੱਕ ਗੈਰ-ਸਰਕਾਰੀ ਸੰਸਥਾ ਦੇ ਕਾਰਕੁੰਨ ਨੇ ਦੱਸਿਆ। ''ਪਰ ਸ਼ਹੀਦਾਂ ਵਾਸਤੇ 10 ਸਮਾਰਕ ਕਮੇਟੀਆਂ ਹੋ ਸਕਦੀਆਂ ਸਨ।'' ਇਨ੍ਹਾਂ ਵਿੱਚੋਂ ਕੁਝ ਵੱਖ-ਵੱਖ ਸੰਸਥਾਵਾਂ ਨੂੰ ਸਰਕਾਰੀ ਗਰਾਂਟਾਂ ਦੇ ਨਾਲ਼ ਚਲਾਉਂਦੇ ਹਨ। ਸ਼ਹੀਦਾਂ ਦੇ ਪੁੱਤਰ, ਜੋ ਇੱਥੇ ਸ਼ਹੀਦ ਪੁੱਤਰ ਦੇ ਨਾਮ ਨਾਲ਼ ਜਾਣੇ ਜਾਂਦੇ ਹਨ, ਉਹ ਇਨ੍ਹਾਂ ਵਿੱਚੋਂ ਕੁਝ ਕਮੇਟੀਆਂ ਨੂੰ ਚਲਾਉਂਦੇ ਹਨ।

ਪੂਜਾ ਕਰਨ ਦੇ ਨਾਲ਼-ਨਾਲ਼ ਕੁਝ ਵਾਅਦੇ ਵੀ ਕੀਤੇ ਜਾਂਦੇ ਹਨ। ਇੱਕ ਅਜਿਹਾ ਹੀ ਵਾਅਦਾ ਸੀ ਕਿ ਕਰੀਬ 21,000 ਲੋਕਾਂ ਦੀ ਅਬਾਦੀ ਵਾਲ਼ੇ ਇਸ ਵੱਡੇ ਪਿੰਡ, ਸ਼ੇਰਪੁਰ ਵਿੱਚ ਲੜਕੀਆਂ ਦਾ ਡਿਗਰੀ ਕਾਲਜ ਖੋਲ੍ਹਿਆ ਜਾਵੇਗਾ। ਪਰ ਕਿਉਂਕਿ ਇੱਥੇ ਹਰ ਪੰਜਾਂ ਵਿੱਚੋਂ ਚਾਰ ਔਰਤਾਂ ਅਨਪੜ੍ਹ ਹਨ, ਇਸਲਈ ਹੋ ਸਕਦਾ ਹੈ ਕਿ ਸਥਾਨਕ ਲੋਕਾਂ ਨੂੰ ਇਹ ਵਿਚਾਰ ਕੋਈ ਬਹੁਤਾ ਪ੍ਰਭਾਵਤ ਨਾ ਕਰ ਸਕਿਆ ਹੋਵੇ।

ਸ਼ੇਰਪੁਰ ਦੀਆਂ ਕੁਰਬਾਨੀ ਕਿਉਂ ਦਿੱਤੀਆਂ ਗਈਆਂ? ਇੱਥੋਂ ਦੇ ਲੋਕਾਂ ਦੀ ਮੰਗ ਕੀ ਸੀ? ਤੁਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਕਿਵੇਂ ਦਿਓਗੇ, ਇਹ ਤੁਹਾਡੀ ਸਮਾਜਿਕ ਅਤੇ ਆਰਥਿਕ ਹਾਲਤ 'ਤੇ ਨਿਰਭਰ ਹੈ। ਅਧਿਕਾਰਕ ਤੌਰ 'ਤੇ ਮਾਨਤਾ ਪ੍ਰਾਪਤ ਸਾਰੇ ਅੱਠ ਸ਼ਹੀਦ  ਭੂਮੀਹਰ ਸਨ। ਅੰਗਰੇਜਾਂ ਦੀ ਦਹਿਸ਼ਤ ਦੇ ਖਿਲਾਫ਼ ਉਨ੍ਹਾਂ ਦੀ ਬਹਾਦਰੀ ਪ੍ਰੇਰਨਾਦਾਇਕ ਸੀ। ਪਰ, ਜੋ ਲੋਕ ਘੱਟ ਸ਼ਕਤੀਸ਼ਾਲੀ ਭਾਈਚਾਰਿਆਂ ਵਿੱਚੋਂ ਸਨ ਅਤੇ ਜਿਨ੍ਹਾਂ ਨੇ ਵੱਖ-ਵੱਖ ਸਮੇਂ ਵਿੱਚ ਆਪਣੀਆਂ ਜਾਨਾਂ ਵਾਰੀਆਂ, ਉਨ੍ਹਾਂ ਇਸ ਤਰ੍ਹਾਂ ਚੇਤੇ ਨਹੀਂ ਕੀਤਾ ਜਾਂਦਾ। ਕਈ ਲੜਾਈਆਂ 18 ਅਗਸਤ ਤੋਂ ਪਹਿਲਾਂ ਅਤੇ ਉਹਦੇ ਬਾਅਦ ਵੀ ਲੜੀਆਂ ਗਈਆਂ। ਮਿਸਾਲ ਵਜੋਂ, ਪੁਲਿਸ ਨੇ ਉਨ੍ਹਾਂ 50 ਲੋਕਾਂ ਨੂੰ ਗੋਲ਼ੀ ਮਾਰ ਦਿੱਤੀ ਸੀ, ਜਿਨ੍ਹਾਂ ਨੇ 14 ਅਗਸਤ ਨੂੰ ਨੰਦਗੰਜ ਰੇਲਵੇ ਸਟੇਸ਼ਨ 'ਤੇ ਕਬਜਾ ਕਰ ਲਿਆ ਸੀ। ਇਸ ਤੋਂ ਇਲਾਵਾ ਪੁਲਿਸ ਨੇ 19 ਤੋਂ 21 ਅਗਸਤ ਦੇ ਸਮੇਂ ਵਿੱਚ ਇਸ ਤੋਂ ਵੀ ਤਿੰਨ ਗੁਣਾ ਲੋਕਾਂ ਦੀ ਹੱਤਿਆ ਕੀਤੀ ਸੀ।

PHOTO • P. Sainath

ਸ਼ੇਰਪੁਰ ਵਿੱਚ ਇੱਕ ਸ਼ਹੀਦ ਸਮਾਰਕ (ਖੱਬੇ), ਸ਼ੇਰਪੁਰ ਵਿੱਚ ਸ਼ਹੀਦ ਸਮਾਰਕ ਦੇ ਬੂਹੇ ' ਤੇ ਲੱਗਿਆ ਹੋਇਆ ਪੱਥਰ (ਸੱਜੇ)

ਲੋਕ ਆਖਰ ਕਾਹਦੇ ਲਈ ਮਰੇ? ''ਅਜ਼ਾਦੀ ਤੋਂ ਇਲਾਵਾ ਉਨ੍ਹਾਂ ਦੀ ਕੋਈ ਮੰਗ ਨਹੀਂ ਸੀ,'' ਮੁਹੰਮਦਾਬਾਦ ਦੇ ਇੰਟਰ ਕਾਲਜ ਦੇ ਪ੍ਰਿੰਸੀਪਲ, ਕ੍ਰਿਸ਼ਨ ਦੇਵ ਰਾਏ ਕਹਿੰਦੇ ਹਨ। ਸ਼ੇਰਪੁਰ ਜਾਂ ਹੋਰ ਥਾਵਾਂ ਦੇ ਬਹੁਤੇਰੇ ਭੂਮੀਹਾਰ ਜਿਮੀਂਦਾਰ ਵੀ ਇਹੀ ਮੰਨਦੇ ਹਨ। ਇਹ ਮਾਮਲਾ 1947 ਵਿੱਚ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਖ਼ਤਮ ਹੋ ਗਿਆ।

ਪਰ, ਸ਼ੇਰਪੁਰ ਦੇ ਇੱਕ ਦਲਿਤ ਵਾਸੀ, ਬਾਲ ਮੁਕੰਦ ਇਹਨੂੰ ਥੋੜ੍ਹਾ ਵੱਖਰੇ ਤਰੀਕੇ ਨਾਲ਼ ਦੇਖਦੇ ਹਨ। ਬਗ਼ਾਵਤ ਵੇਲ਼ੇ ਨੌਜਵਾਨ ਮੁਕੰਦ ਅਤੇ ਉਨ੍ਹਾਂ ਦੇ ਦਲਿਤ ਸਾਥੀਆਂ ਦੇ ਮਨਾਂ ਵਿੱਚ ਕੁਝ ਹੋਰ ਹੀ ਏਜੰਡਾ ਸੀ। ''ਅਸੀਂ ਜੋਸ਼ ਨਾਲ਼ ਭਰੇ ਹੋਏ ਸਾਂ,'' ਉਹ ਕਹਿੰਦੇ ਹਨ। ''ਅਸਾਂ ਸੋਚਿਆ ਸੀ ਕਿ ਸਾਨੂੰ ਜ਼ਮੀਨ ਮਿਲੂਗੀ।'' 1930 ਦੇ ਦਹਾਕੇ ਵਿੱਚ ਅਤੇ ਫਿਰ ਬਾਅਦ ਵਿੱਚ ਦੋਬਾਰਾ ਸ਼ੁਰੂ ਹੋਣ ਵਾਲ਼ੇ ਕਿਸਾਨ ਸਭਾ ਅੰਦੋਲਨ ਨੇ ਇਹ ਉਮੀਦਾਂ ਜਗਾਈਆਂ ਸਨ। ਇਹ ਜੋਸ਼ 1952 ਵਿੱਚ ਉਸ ਸਮੇਂ ਦੋਬਾਰਾ ਜ਼ੋਰ ਫੜ੍ਹ ਗਿਆ ਜਦੋਂ ਉੱਤਰ ਪ੍ਰਦੇਸ਼ ਵਿੱਚ ਜਿਮੀਂਦਾਰੀ ਖਾਤਮਾ ਅਤੇ ਭੂ ਸੁਧਾਰ ਕਨੂੰਨ ਲਾਗੂ ਹੋ ਗਿਆ।

ਪਰ ਇਹ ਜੋਸ਼ ਬਹੁਤੇ ਦਿਨ ਕਾਇਮ ਨਾ ਰਿਹਾ।

ਪਿੰਡ ਦੇ ਸਾਰੇ 3,500 ਦਲਿਤ ਬੇਜ਼ਮੀਨੇ ਹਨ। ''ਜ਼ਮੀਨ ਹਲਵਾਹਕ ਦੀ?'' ਸਥਾਨਕ ਦਲਿਤ ਸਮਿਤੀ ਦੇ ਰਾਧੇਸ਼ਿਆਮ ਪੁੱਛਦੇ ਹਨ। ''ਸਾਡੇ ਘਰ ਵੀ ਸਾਡੇ ਨਾਮ 'ਤੇ ਨਹੀਂ ਹਨ।'' ਭੂਮੀ ਨਿਪਟਾਰਾ ਕਨੂੰਨ ਦੇ ਲਾਗੂ ਹੋਣ ਤੋਂ 35 ਸਾਲ ਬਾਅਦ ਵੀ ਇਹ ਹਾਲਤ ਹੈ। ਅਜ਼ਾਦੀ ਤੋਂ ਅੱਡ ਤਰ੍ਹਾਂ ਦਾ ਲਾਭ ਜ਼ਰੂਰ ਹੋਇਆ। ਪਰ ਕੁਝ ਲੋਕਾਂ ਨੂੰ ਹੀ। ਭੂਮੀਹਾਰਾਂ ਨੂੰ ਉਨ੍ਹਾਂ ਜ਼ਮੀਨਾਂ ਦਾ ਮਾਲਿਕਾਨਾ ਹੱਕ ਮਿਲ਼ ਗਿਆ, ਜਿਨ੍ਹਾਂ ਨੂੰ ਉਹ ਜੋਤਦੇ ਸਨ। ਬੇਜ਼ਮੀਨੇ ਛੋਟੀ ਜਾਤੀ ਦੇ ਲੋਕ ਉੱਥੇ ਹੀ ਰਹੇ ਜਿੱਥੇ ਉਹ ਪਹਿਲਾਂ ਸਨ। ''ਅਸੀਂ ਸੋਚਿਆ ਸੀ ਕਿ ਅਸੀਂ ਵੀ ਦੂਸਰਿਆਂ ਵਾਂਗ ਹੋ ਜਾਵਾਂਗੇ, ਸਾਡੀ ਜਗ੍ਹਾ (ਔਕਾਤ) ਵੀ ਦੂਸਰਿਆਂ ਵਾਂਗ ਹੋ ਜਾਵੇਗੀ,'' ਹਰੀ ਸ਼ਰਨ ਰਾਮ ਕਹਿੰਦੇ ਹਨ।

“We thought there would be some land for us,” says Bal Mukund, a Dalit who lives in Sherpur. His excitement was short-lived
PHOTO • P. Sainath

'' ਅਸਾਂ ਸੋਚਿਆ ਸੀ ਕਿ ਸਾਨੂੰ ਜ਼ਮੀਨ ਮਿਲੂਗੀ, '' ਸ਼ੇਰਪੁਰ ਦੇ ਦਲਿਤ ਵਾਸੀ, ਬਾਲ ਮੁਕੰਦ ਕਹਿੰਦੇ ਹਨ। ਪਰ ਇਹ ਜੋਸ਼ ਬਹੁਤੇ ਦਿਨ ਕਾਇਮ ਨਾ ਰਿਹਾ।

ਅਪ੍ਰੈਲ 1975 ਵਿੱਚ, ਉਨ੍ਹਾਂ ਨੂੰ ਉਨ੍ਹਾਂ ਦੀ ਥਾਂ (ਔਕਾਤ) ਦਿਖਾ ਦਿੱਤੀ ਗਈ। ਅੰਗਰੇਜ਼ਾਂ ਦੁਆਰਾ ਪਿੰਡ ਨੂੰ ਸਾੜਨ ਦੇ 33 ਵਰ੍ਹਿਆਂ ਬਾਅਦ ਦਲਿਤ ਬਸਤੀ ਫਿਰ ਤੋਂ ਸਾੜ ਦਿੱਤੀ ਗਈ। ਇਸ ਵਾਰ ਭੂਮੀਹਾਰਾਂ ਦੁਆਰਾ ਇਹ ਕਾਰਜ ਨੇਪਰੇ ਚਾੜ੍ਹਿਆ ਗਿਆ। ''ਮਜ਼ਦੂਰੀ ਦੀ ਕੀਮਤ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ,''ਰਾਧੇਸ਼ਿਆਮ ਦੱਸਦੇ ਹਨ। ''ਉਨ੍ਹਾਂ ਦੀ ਬਸਤੀ ਵਿੱਚ ਵਾਪਰੀ ਇੱਕ ਘਟਨਾ ਦਾ ਦੋਸ਼ ਸਾਡੇ ਮੱਥੇ ਮੜ੍ਹਿਆ ਗਿਆ। ਯਕੀਨ ਕਰੋ, ਅਸੀਂ ਜਦੋਂ ਉਨ੍ਹਾਂ ਦੇ ਘਰਾਂ ਅਤੇ ਖੇਤਾਂ ਵਿੱਚ ਮਿੱਟੀ ਨਾਲ਼ ਮਿੱਟੀ ਹੋ ਰਹੇ ਸਾਂ, ਉਹ ਸਾਡੇ ਘਰਾਂ ਨੂੰ ਫੂਕਣ ਵਿੱਚ ਰੁੱਝੇ ਸਨ!'' ਕਰੀਬ 100 ਘਰਾਂ ਨੂੰ ਫੂਕ ਦਿੱਤਾ ਗਿਆ। ਪਰ, ਉਹ ਸਫਾਈ ਦਿੰਦੇ ਹਨ ਕਿ ਇਸ ਵਿੱਚ ਕਿਸੇ ਵੀ ਸ਼ਹੀਦ ਪੁੱਤਰ ਦਾ ਹੱਥ ਨਹੀਂ ਸੀ।

''ਪੰਡਤ ਬਹੁਗੁਨਾ ਮੁੱਖਮੰਤਰੀ ਸਨ,'' ਦਲਿਤ ਸਮਿਤੀ ਦੇ ਪ੍ਰਮੁੱਖ, ਸ਼ਿਵ ਜਗਨ ਰਾਮ ਦੱਸਦੇ ਹਨ। ''ਉਹ ਇੱਥੇ ਆਏ ਅਤੇ ਬੋਲੇ: 'ਅਸੀਂ ਇੱਥੇ ਤੁਹਾਡੇ ਵਾਸਤੇ ਨਵੀਂ ਦਿੱਲੀ ਉਸਾਰਾਂਗੇ।' ਦੇਖੋ ਭਾਈ ਸਾਡੀ ਨਵੀਂ ਦਿੱਲੀ ਵੱਲ। ਇੱਥੋਂ ਤੱਕ ਕਿ ਇਸ ਟੁੱਟੀ-ਭੱਜੀ ਬਸਤੀ ਵਿੱਚ ਰਹਿੰਦਿਆਂ ਵੀ ਸਾਡੇ ਕੋਲ਼ ਆਪਣੀ ਮਾਲਕੀ ਸਾਬਤ ਕਰਦਾ ਕਾਗ਼ਜ਼ ਦਾ ਇੱਕ ਟੁਕੜਾ ਤੱਕ ਨਹੀਂ। ਮਜ਼ਦੂਰੀ ਨੂ ਲੈ ਕੇ ਲੜਾਈ ਹਾਲੇ ਤੀਕਰ ਚੱਲ ਰਹੀ ਹੈ। ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇੱਥੋਂ ਦੇ ਲੋਕਾਂ ਨੂੰ ਇੰਨੀ ਘੱਟ ਮਜ਼ਦੂਰੀ ਮਿਲ਼ਦੀ ਹੈ ਕਿ ਸਾਨੂੰ ਕੰਮ ਲਈ ਬਿਹਾਰ ਜਾਣਾ ਪੈਂਦਾ ਹੈ?''

ਉੱਚ ਜਾਤਾਂ ਜਾਂ ਅਧਿਕਾਰੀਆਂ ਨਾਲ਼ ਲੜਨ ਦਾ ਕੋਈ ਫਾਇਦ ਨਹੀਂ ਹੁੰਦਾ। ਮਿਸਾਲ ਵਜੋਂ, ਪੁਲਿਸ ਵਾਲ਼ਿਆਂ ਦਾ ਦਲਿਤਾਂ ਪ੍ਰਤੀ ਸਲੂਕ ਪਿਛਲੇ 50 ਸਾਲਾਂ ਵਿੱਚ ਨਹੀਂ ਬਦਲਿਆ। ਕਰਕਟਪੁਰ ਪਿੰਡ ਦੇ ਮੁਸਹਰ ਦਲਿਤ, ਦੀਨਾ ਨਾਥ ਵਨਵਾਸੀ ਇਹ ਸਭ ਝੱਲ ਚੁੱਕੇ ਹਨ। ''ਕੀ ਤੁਸੀਂ ਜਾਣਦੇ ਹੋ ਕਿ ਜਦੋਂ ਕੋਈ ਰਾਜਨੀਤਕ ਪਾਰਟੀ ਜੇਲ੍ਹ ਭਰੋ ਅੰਦੋਲਨ ਕਰਦੀ ਹੈ ਤਾਂ ਸਾਡੇ ਨਾਲ ਕੀ ਹੁੰਦਾ ਹੈ? ਸੈਂਕੜਿਆਂ-ਬੱਧੀ ਕਾਰਕੁੰਨਾ ਗ੍ਰਿਫ਼ਤਾਰੀ ਦਿੰਦੇ ਹਨ। ਗਾਜੀਪੁਰ ਜੇਲ੍ਹ ਪੂਰੀ ਤਰ੍ਹਾਂ ਤੂਸਰੀ ਜਾਂਦੀ ਹੈ। ਫਿਰ ਪੁਲਿਸ ਕੀ ਕਰਦੀ ਹੈ? ਫਿਰ ਪਤਾ ਹੈ ਪੁਲਿਸ ਕੀ ਕਰਦੀ ਹੈ? ਉਹ ਕੁਝ ਮੁਸਹਰਾਂ ਨੂੰ ਫੜ੍ਹ ਲੈਂਦੀ ਹੈ ਜੋ ਉਹਦੇ ਸੱਜੇ ਹੱਥ ਦੀ ਖੇਡ ਹੈ। ਉਨ੍ਹਾਂ 'ਤੇ 'ਡਕੈਤੀ ਦੀ ਯੋਜਨਾ ਬਣਾਉਣ' ਦਾ ਦੋਸ਼ ਲਾਇਆ ਜਾਂਦਾ ਹੈ। ਇਨ੍ਹਾਂ ਮੁਸਹਰਾਂ ਨੂੰ ਫਿਰ ਜੇਲ੍ਹੇ ਲਿਆਇਆ ਜਾਂਦਾ ਹੈ, ਜਿੱਥੇ ਉਨ੍ਹਾਂ ਨੂੰ ਜੇਲ੍ਹ ਭਰੋ ਅੰਦੋਲਨ ਵਿੱਚ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀਆਂ ਉਲਟੀਆਂ, ਟੱਟੀਆਂ ਅਤੇ ਕੂੜਾ ਸਾਫ਼ ਕਰਨਾ ਪੈਂਦਾ ਹੈ। ਫਿਰ ਉਨ੍ਹਾਂ ਨੂੰ ਛੱਡ ਦਿੱਤਾ ਜਾਂਦਾ ਹੈ।''

Fifty years into freedom, Sherpur reeks of poverty, deprivation and rigid caste hierarchies
PHOTO • P. Sainath

ਅਜ਼ਾਦੀ ਦੇ ਪੰਜਾਹ ਵਰ੍ਹਿਆਂ ਬਾਅਦ ਵੀ, ਸ਼ੇਰਪੁਰ ਗ਼ਰੀਬੀ, ਵੱਖਰੇਵੇਂ ਅਤੇ ਜਾਤੀ ਭੇਦਭਾਵ ਨਾਲ਼ ਜੂਝ ਰਿਹਾ ਹੈ

''ਅਸੀਂ 50 ਸਾਲ ਪਹਿਲਾਂ ਦੀ ਗੱਲ ਕਰ ਰਹੇ ਹਾਂ,'' ਗਗਰਾਂ ਪਿੰਡ ਦੇ ਦਾਸੁਰਾਮ ਵਨਵਾਸੀ ਕਹਿੰਦੇ ਹਨ। ''ਇਹ ਹੁਣ ਵੀ ਹੁੰਦਾ ਹੈ। ਕੁਝ ਲੋਕਾਂ ਨੇ ਤਾਂ ਦੋ ਸਾਲ ਪਹਿਲਾਂ ਇਹ ਸਭ ਝੱਲਿਆ।'' ਉਤਪੀੜਨ ਦੇ ਹੋਰ ਤਰੀਕੇ ਵੀ ਹਨ। ਦਾਸੁਰਾਮ ਨੇ ਦਸਵੀਂ ਜਮਾਤ ਫਰਸਟ ਡਿਵੀਜ਼ਨ ਵਿੱਚ ਪਾਸ ਕੀਤੀ ਸੀ, ਇੰਝ ਵਿਰਲੇ ਹੀ ਮੁਸਹਰ ਕਰ ਪਾਉਂਦੇ ਹਨ। ਪਰ, ਉਨ੍ਹਾਂ ਨੇ ਸਵਰਣ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਤਾਅਨਿਆਂ ਤੋਂ ਤੰਗ ਆ ਕੇ ਕਾਲਜ ਛੱਡ ਦਿੱਤਾ। ਤ੍ਰਾਸਦੀ ਦੇਖੋ, ਇਸ ਇੰਟਰ ਕਾਲਜ ਦਾ ਨਾਮ ਬਾਬੂ ਜਗਜੀਵਨ ਰਾਮ ਹੈ।

ਜਿਓਂ ਹੀ ਸ਼ੇਰਪੁਰ ਤੋਂ ਨਿਕਲ਼ਦੇ ਹਾਂ, ਸਾਡੇ ਪੈਰ ਚਿੱਕੜ ਵਿੱਚ ਧੱਸ ਜਾਂਦੇ ਹਨ ਅਤੇ ਅਜਿਹੀ ਹਾਲਤ ਵਿੱਚ ਦਲਿਤਾਂ ਦੀਆਂ ਝੁਗੀਆਂ-ਝੌਂਪੜੀਆਂ ਤੋਂ ਬਾਹਰ ਨਿਕਲ਼ਣਾ ਜਾਂ ਅੰਦਰ ਦਾਖਲ ਹੋਣਾ ਮੁਸੀਬਤ ਬਣ ਜਾਂਦਾ ਹੈ। ਮੀਂਹ ਕਰਕੇ ਮੁੱਖ ਮਾਰਗ ਨੁਕਸਾਨਿਆ ਗਿਆ। ਪਾਣੀ ਦੇ ਲੱਗੇ ਛੱਪੜ ਕਰਕੇ ਸੜਕਾਂ ਅਤੇ ਗਲੀਆਂ ਨਜ਼ਰ ਨਹੀਂ ਆਉਂਦੀਆਂ। ''ਦੇਖੋ ਇਹੀ ਹੈ ਨਵੀਂ ਦਿੱਲੀ ਦਾ ਰਾਜਮਾਰਗ'', ਸ਼ਿਵ ਜਗਨ ਕਹਿੰਦੇ ਹਨ।

''ਇੱਥੋਂ ਦੇ ਦਲਿਤ ਅਜ਼ਾਦ ਨਹੀਂ ਹਨ,'' ਉਹ ਕਹਿੰਦੇ ਹਨ। ''ਕੋਈ ਅਜ਼ਾਦੀ ਨਹੀਂ, ਕੋਈ ਜ਼ਮੀਨ ਨਹੀਂ, ਕੋਈ ਸਿੱਖਿਆ ਨਹੀਂ, ਕੋਈ ਪੈਸਾ ਨਹੀਂ, ਕੋਈ ਨੌਕਰੀ ਨਹੀਂ, ਕੋਈ ਸਿਹਤ ਸਹੂਲਤ ਨਹੀਂ, ਕੋਈ ਉਮੀਦ ਨਹੀਂ। ਸਾਡੀ ਅਜ਼ਾਦੀ ਗੁਲਾਮੀ ਹੀ ਹੈ।''

ਇਸੇ ਦਰਮਿਆਨ, ਤਹਿਸੀਲ ਦਫ਼ਤਰ ਪੂਜਾ ਚਾਲੂ ਹੈ।

ਇਹ ਸਟੋਰੀ ਸਭ ਤੋਂ ਪਹਿਲਾਂ ਟਾਈਮਜ਼ ਆਫ਼ ਇੰਡੀਆ ਦੇ 25 ਅਗਸਤ 1997 ਦੇ ਅੰਕ ਵਿੱਚ ਛਪੀ ਸੀ।

ਇਸ ਲੜੀ ਵਿੱਚ ਹੋਰ ਕਹਾਣੀਆਂ ਹਨ :

ਜਦੋਂ ਸਾਲੀਹਾਨ ਨੇ ਰਾਜ ਨਾਲ਼ ਮੁਕਾਬਲ ਕੀਤਾ

ਪਨੀਮਾਰਾ ਦੀ ਅਜ਼ਾਦੀ ਦੇ ਪੈਦਲ ਸਿਪਾਹੀ-1

ਪਨੀਮਾਰਾ ਦੀ ਅਜ਼ਾਦੀ ਦੇ ਪੈਦਲ ਸਿਪਾਹੀ-2

ਲਕਸ਼ਮੀ ਪਾਂਡਾ ਦੀ ਆਖ਼ਰੀ ਲੜਾਈ

ਗੋਦਾਵਰੀ: ਅਤੇ ਪੁਲਿਸ ਹਾਲੇ ਵੀ ਹਮਲੇ ਦੀ ਉਡੀਕ ਵਿੱਚ

ਅਹਿੰਸਾ ਦੇ ਨੌ ਦਹਾਕੇ

ਸੋਨਾਖਾਨ: ਜਦੋਂ ਵੀਰ ਨਰਾਇਣ ਸਿੰਘ ਦੋ ਵਾਰ ਮਰੇ

ਕੈਲੀਅਸਰੀ: ਸੁਮੁਕਨ ਦੀ ਖੋਜ ਵਿੱਚ

ਕੈਲੀਅਸਰੀ: ਉਮਰ ਦੇ 50ਵੇਂ ਵਰ੍ਹੇ ਵੀ ਲੜਦੇ ਹੋਏ

ਤਰਜਮਾ: ਕਮਲਜੀਤ ਕੌਰ

P. Sainath is Founder Editor, People's Archive of Rural India. He has been a rural reporter for decades and is the author of 'Everybody Loves a Good Drought' and 'The Last Heroes: Foot Soldiers of Indian Freedom'.

Other stories by P. Sainath
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur