ਇੱਕ ਦਿਨ ਜਦੋਂ ਉਹ ਹੋਰਨਾਂ ਆਦਿਵਾਸੀ ਔਰਤਾਂ ਦੇ ਨਲ਼ ਖੇਤਾਂ ਵਿੱਚ ਕੰਮ ਕਰ ਰਹੀ ਸਨ, ਉਦੋਂ ਹੀ ਉਨ੍ਹਾਂ ਦੇ ਪਿੰਡ ਸਾਲੀਹਾ ਤੋਂ ਭੱਜਦਾ ਹੋਇਆ ਇੱਕ ਨੌਜਵਾਨ ਉਨ੍ਹਾਂ ਕੋਲ਼ ਆਇਆ, ਚੀਕਿਆ: "ਉਨ੍ਹਾਂ ਨੇ ਪਿੰਡ 'ਤੇ ਹੱਲ੍ਹਾ ਬੋਲ ਦਿੱਤਾ ਹੈ, ਉਨ੍ਹਾਂ ਨੇ ਤੇਰੇ ਪਿਤਾ 'ਤੇ ਹਮਲਾ ਕਰ ਦਿੱਤਾ ਹੈ। ਉਹ ਸਾਡੇ ਘਰਾਂ ਨੂੰ ਫੂਕ ਰਹੇ ਹਨ।"

''ਉਹ'' ਹਥਿਆਰਬੰਦ ਬ੍ਰਿਟਿਸ਼ ਪੁਲਿਸ ਸੀ, ਜਿਨ੍ਹਾਂ ਨੇ ਬ੍ਰਿਟਿਸ਼ ਰਾਜ ਦੀ ਗੱਲ ਮੰਨਣ ਤੋਂ ਇਨਕਾਰ ਕਰਨ ਵਾਲ਼ੇ ਇੱਕ ਪਿੰਡ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ। ਕਈ ਹੋਰ ਪਿੰਡਾਂ ਨੂੰ ਤਬਾਹ ਕਰ ਸੁੱਟਿਆ, ਫੂਕ ਦਿੱਤਾ ਗਿਆ ਅਤੇ ਲੋਕਾਂ ਦੇ ਅਨਾਜ ਲੁੱਟ ਲਏ ਗਏ। ਇਹ ਬ੍ਰਿਟਿਸ਼ਾਂ ਦੁਆਰਾ ਬਾਗੀਆਂ ਨੂੰ ਸਿਖਾਇਆ ਇੱਕ ਸਬਕ ਸੀ।

ਦੇਮਾਥੀ ਦੇਇ ਸਬਰ, ਸਬਰ ਕਬੀਲੇ ਦੀ ਇੱਕ ਆਦਿਵਾਸੀ ਮਹਿਲਾ ਹਨ, ਜਿਨ੍ਹਾਂ ਨੇ ਗੱਲ ਦਾ ਪਤਾ ਲੱਗਦਿਆਂ ਹੀ 40 ਹੋਰਨਾਂ ਔਰਤਾਂ ਨਾਲ਼ ਪਿੰਡ ਵੱਲ ਸ਼ੂਟ ਵੱਟੀ। ''ਖੂਨ ਨਾਲ਼ ਲਥਪਥ ਮੇਰੇ ਪਿਤਾ ਭੁੰਜੇ ਡਿੱਗੇ ਹੋਏ ਸਨ।'' ਬਜ਼ੁਰਗ  ਮਹਿਲਾ ਅਜ਼ਾਦੀ ਘੁਲਾਟੀਏ ਨੇ ਦੱਸਿਆ,''ਉਨ੍ਹਾਂ ਦੀ ਲੱਤ ਵਿੱਚ ਗੋਲ਼ੀ ਲੱਗੀ ਸੀ।''

ਉਨ੍ਹਾਂ ਦੀ ਯਾਦਦਾਸ਼ਤ ਜੋ ਹੁਣ ਘੱਟ ਗਈ ਹੈ, ਪਰ ਉਨ੍ਹਾਂ ਦੇ ਮਨ ਵਿੱਚ ਇਹ ਯਾਦ ਅੱਜ ਵੀ ਤਾਜਾ ਹੈ। ''ਮੇਰਾ ਖੁਦ 'ਤੇ ਕਾਬੂ ਨਾ ਰਿਹਾ ਅਤੇ ਮੈਂ ਬੰਦੂਕਧਾਰੀ ਅਧਿਕਾਰੀ 'ਤੇ ਹਮਲਾ ਕਰ ਦਿੱਤਾ। ਉਨ੍ਹੀਂ ਦਿਨੀਂ, ਖੇਤ ਜਾਂ ਜੰਗਲ ਵਿੱਚ ਜਾਂਦੇ ਹੋਏ ਅਸੀਂ ਲਾਠੀ ਨਾਲ਼ ਰੱਖਦੇ ਸਾਂ। ਜੰਗਲੀ ਜਾਨਵਰਾਂ ਤੋਂ ਬਚਾਅ ਵਾਸਤੇ ਸਾਨੂੰ ਅਜਿਹਾ ਕੁਝ ਨਾਲ ਰੱਖਣਾ ਹੀ ਪੈਂਦਾ ਸੀ।''

ਉਨ੍ਹਾਂ ਨੇ ਜਿਓਂ ਹੀ ਇਸ ਅਧਿਕਾਰੀ 'ਤੇ ਹਮਲਾ ਕੀਤਾ, ਉਨ੍ਹਾਂ ਦੇ ਨਾਲ਼ 40 ਹੋਰ ਔਰਤਾਂ ਨੇ ਬਾਕੀ ਦੇ ਲੜਾਕੂ ਦਸਤੇ ਨੂੰ ਲਾਠੀਆਂ ਨਾਲ਼ ਕੁਟਾਪਾ ਚਾੜ੍ਹਨਾ ਸ਼ੁਰੂ ਕਰ ਦਿੱਤਾ। ''ਮੈਂ ਉਨ੍ਹਾਂ ਬਦਮਾਸ਼ਾਂ ਨੂੰ ਸੜਕੋਂ ਪਾਰ ਤੱਕ ਖਦੇੜ ਸੁੱਟਿਆ,'' ਉਹ ਗੁੱਸੇ ਨਾਲ਼ ਕਹਿੰਦੀ ਹਨ ਪਰ ਨਾਲ਼ ਹੱਸਦਿਆਂ ਕਹਿੰਦੀ ਹਨ,''ਉਹ ਇੰਨਾ ਹੈਰਾਨ ਸੀ ਕਿ ਕੁਝ ਵੀ ਨਹੀਂ ਕਰ ਸਕਿਆ। ਉਹ ਅੰਨ੍ਹੇਵਾਹ ਭੱਜਦਾ ਗਿਆ।'' ਉਨ੍ਹਾਂ ਨੇ ਉਹਨੂੰ ਭਜਾ ਭਜਾ ਕੇ ਮਾਰਿਆ। ਉਹਦੇ ਬਾਅਦ ਉਨ੍ਹਾਂ ਨੇ ਆਪਣੇ ਪਿਤਾ ਨੂੰ ਚੁੱਕਿਆ ਅਤੇ ਉਸ ਥਾਂ ਤੋਂ ਦੂਰ ਲੈ ਗਈ। ਹਾਲਾਂਕਿ ਬਾਅਦ ਵਿੱਚ ਉਨ੍ਹਾਂ ਨੂੰ ਇੱਕ ਦੂਸਰੇ ਅੰਦੋਲਨ ਦੀ ਅਗਵਾਈ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਇਲਾਕੇ ਵਿੱਚ ਬ੍ਰਿਟਿਸ਼-ਰਾਜ ਵਿਰੋਧੀ ਅੰਦੋਲਨ ਨੂੰ ਜਥੇਬੰਦ ਕਰਨ ਵਿੱਚ ਕਾਰਤਿਕ ਸਬਰ ਦੀ ਮੁੱਖ ਭੂਮਿਕਾ ਸੀ।

Talk of the British shooting her father and Salihan’s memory comes alive with anger

ਬ੍ਰਿਟਿਸ਼ਾਂ ਵੱਲੋਂ ਉਨ੍ਹਾਂ ਦੇ ਪਿਤਾ ਨੂੰ ਮਾਰੀ ਗਈ ਗੋਲ਼ੀ ਬਾਰੇ ਗੱਲ ਕਰਦਿਆਂ ਹੀ ਸਾਲੀਹਾਨ ਦੀ ਯਾਦਦਾਸ਼ਤ ਵਾਪਸ ਆ ਜਾਂਦੀ ਹੈ ਪਰ ਗੁੱਸੇ ਨਾਲ਼...

ਦੇਮਾਥੀ ਦੇਇ ਸਬਰ ਆਪਣੇ ਪਿੰਡ ਦੇ ਨਾਮ ਕਰਕੇ 'ਸਾਲਿਹਾਨ' ਦੇ ਨਾਂਅ ਨਾਲ਼ ਜਾਣੀ ਜਾਂਦੀ ਹਨ। ਇਹ ਨੁਆਪਾੜਾ ਜਿਲ੍ਹੇ ਵਿੱਚ ਸਥਿਤ ਉਨ੍ਹਾਂ ਦੇ ਪਿੰਡ ਦਾ ਨਾਮ ਹੈ। ਓੜੀਸਾ ਦੀ ਇਸ ਵਿਰਾਂਗਣ ਨੂੰ ਲੋਕ ਇਸ ਲਈ ਯਾਦ ਕਰਦੇ ਹਨ, ਕਿਉਂਕਿ ਉਨ੍ਹਾਂ ਨੇ ਇੱਕ ਹਥਿਆਰਬੰਦ ਬ੍ਰਿਟਿਸ਼ ਅਧਿਕਾਰੀ ਦਾ ਮੁਕਾਬਲਾ ਲਾਠੀ ਨਾਲ਼ ਕੀਤਾ। ਉਹ ਹੁਣ ਵੀ ਓਨੀ ਹੀ ਨਿਡਰ ਹਨ। ਹਾਲਾਂਕਿ ਉਹ ਨਹੀਂ ਮੰਨਦੀ ਕਿ ਉਨ੍ਹਾਂ ਨੇ ਕੋਈ ਵੱਖਰਾ ਕੰਮ ਕੀਤਾ। ਉਹ ਇਹਨੂੰ ਵਧਾ-ਚੜ੍ਹਾ ਕੇ ਨਹੀਂ ਦੱਸਦੀ। ''ਉਨ੍ਹਾਂ ਨੇ ਸਾਡੇ ਘਰਾਂ, ਸਾਡੀਆਂ ਫ਼ਸਲਾਂ ਨੂੰ ਤਬਾਹ ਕੀਤਾ ਸੀ ਅਤੇ ਉਨ੍ਹਾਂ ਨੇ ਮੇਰੇ ਪਿਤਾ 'ਤੇ ਹਮਲਾ ਕੀਤਾ ਸੀ। ਜਾਹਰ ਹੈ, ਮੈਂ ਜਵਾਬ ਤਾਂ ਦੇਣਾ ਹੀ ਸੀ।''

ਇਹ 1930 ਦੀ ਗੱਲ ਹੈ, ਜਦੋਂ ਉਹ 16 ਸਾਲ ਦੀ ਸਨ। ਵਿਦਰੋਹੀ ਇਲਾਕਿਆਂ ਵਿੱਚ ਬ੍ਰਿਟਿਸ਼-ਰਾਜ ਵਿਰੋਧੀ ਅਤੇ ਅਜ਼ਾਦੀ ਦੀ ਹਮਾਇਤ ਵਿੱਚ ਹੋਣ ਵਾਲ਼ੀਆਂ ਬੈਠਕਾਂ 'ਤੇ ਸਰਕਾਰ ਨਕੇਲ ਕੱਸ ਰਹੀ ਸੀ। ਬ੍ਰਿਟਿਸ਼ ਸੱਤ੍ਹਾ ਅਤੇ ਉਹਦੀ ਪੁਲਿਸ ਦੇ ਖਿਲਾਫ਼ ਦੇਮਾਥੀ ਨੇ ਜੋ ਲੜਾਈ ਲੜਈ, ਉਹਨੂੰ ਸਾਲਿਹਾਨ ਵਿਦਰੋਹ ਅਤੇ ਗੋਲੀਕਾਂਡ ਦੇ ਨਾਮ ਨਾਲ਼ ਜਾਣਿਆ ਜਾਂਦਾ ਹੈ।

ਜਦੋਂ ਮੈਂ ਦੇਮਾਥੀ ਨਾਲ਼ ਮਿਲ਼ਿਆ ਸਾਂ, ਉਹ 90 ਸਾਲ ਦੀ ਹੋਣ ਵਾਲ਼ੀ ਸਨ। ਉਨ੍ਹਾਂ ਦੇ ਚਿਹਰੇ 'ਤੇ ਉਦੋਂ ਵੀ ਆਤਮ-ਵਿਸ਼ਵਾਸ ਅਤੇ ਸੁੰਦਰਤਾ ਝਲਕਦੀ ਸੀ। ਉਹ ਬੜੀ ਕਮਜੋਰ ਹੋ ਚੁੱਕੀ ਸਨ ਅਤੇ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਖ਼ਤਮ ਹੋ ਰਹੀ ਸੀ, ਪਰ ਯਕੀਨਨ ਉਹ ਆਪਣੀ ਨੌਜਵਾਨੀ ਦੇ ਦਿਨਾਂ ਵਿੱਚ ਸੁੰਦਰ, ਲੰਬੀ ਤੇ ਮਜ਼ਬੂਤ ਔਰਤ ਰਹੀ ਹੋਵੇਗੀ। ਉਨ੍ਹਾਂ ਦੀਆਂ ਲੰਬੀਆਂ ਬਾਹਾਂ, ਉਨ੍ਹਾਂ ਦੀ ਲੁਕੀ ਤਾਕਤ ਅਤੇ ਲਾਠੀ ਚਲਾਉਣ ਵਿੱਚ ਸਮਰੱਥ ਹੋਣ ਦਾ ਸੰਕੇਤ ਦਿੰਦੇ ਜਾਪਦੀਆਂ ਸਨ। ਉਸ ਬ੍ਰਿਟਿਸ਼ ਅਧਿਕਾਰੀ ਲਈ ਯਕੀਨਨ ਉਹ ਮਾੜਾ ਸਮਾਂ ਸਾਬਤ ਹੋਇਆ। ਇਸੇ ਲਈ ਉਹਨੂੰ ਉੱਥੋਂ ਭੱਜਣ ਦਾ ਵਿਚਾਰ ਆਇਆ ਹੋਣਾ।

ਉਨ੍ਹਾਂ ਦੀ ਬੇਮਿਸਾਲ ਜ਼ੁਰੱਅਤ ਦਾ ਇਨਾਮ ਅਜੇ ਵੀ ਨਹੀਂ ਮਿਲ਼ਿਆ ਹੈ ਅਤੇ ਉਨ੍ਹਾਂ ਦੇ ਪਿੰਡ ਦੇ ਬਾਹਰ ਜ਼ਿਆਦਾਤਰ ਲੋਕਾਂ ਨੇ ਉਨ੍ਹਾਂ ਨੂੰ ਵਿਸਾਰ ਦਿੱਤਾ ਹੈ। ਜਦੋਂ ਮੈਂ 'ਸਾਲਿਹਾਨ' ਨਾਲ਼ ਮਿਲ਼ਿਆ ਤਾਂ ਉਹ ਬਾਰਗੜ੍ਹ ਜਿਲ੍ਹੇ ਵਿੱਚ ਕੰਗਾਲੀ ਦਾ ਜੀਵਨ ਜਿਊਂ ਰਹੀ ਸਨ। ਉਨ੍ਹਾਂ ਦੇ ਕੋਲ਼ ਸੰਪੱਤੀ ਦੇ ਨਾਮ 'ਤੇ ਸਿਰਫ਼ ਇੱਕ ਰੰਗ-ਬਿਰੰਗਾ ਸਰਕਾਰੀ ਸਰਟੀਫਿਕੇਟ ਸੀ, ਜਿਸ ਵਿੱਚ ਉਨ੍ਹਾਂ ਦੀ ਬਹਾਦਰੀ ਨੂੰ ਮਾਨਤਾ ਦਿੱਤੀ ਗਈ ਸੀ। ਉਸ ਵਿੱਚ ਵੀ 'ਸਾਲਿਹਾਨ' ਤੋਂ ਜ਼ਿਆਦਾ ਉਨ੍ਹਾਂ ਦੇ ਪਿਤਾ ਬਾਰੇ ਲਿਖਿਆ ਹੈ ਅਤੇ ਉਸ ਵਿੱਚ ਉਸ ਜਵਾਬੀ ਕਾਰਵਾਈ ਦਾ ਜ਼ਿਕਰ ਤੱਕ ਨਹੀਂ ਹੈ, ਜਿਹਦੀ ਉਨ੍ਹਾਂ ਅਗਵਾਈ ਕੀਤੀ ਸੀ। ਉਨ੍ਹਾਂ ਨੂੰ ਨਾ ਤਾਂ ਕੋਈ ਪੈਨਸ਼ਨ ਮਿਲ਼ ਰਹੀ ਸੀ ਅਤੇ ਨਾ ਹੀ ਕੇਂਦਰ ਜਾਂ ਰਾਜ (ਓੜੀਸਾ) ਸਰਕਾਰ ਪਾਸੋਂ ਕੋਈ ਮਦਦ ਹੀ ਮਿਲ਼ ਰਹੀ ਸੀ।

ਕੁਝ ਯਾਦ ਕਰਨ ਲਈ ਉਹ ਮੁਸ਼ੱਕਤ ਕਰਦੀ ਸਨ- ਬੱਸ ਇੱਕੋ ਗੱਲ ਉਨ੍ਹਾਂ ਦੇ ਦਿਮਾਗ਼ ਵਿੱਚ ਚਮਕ ਪੈਦਾ ਕਰਦੀ ਉਹ ਸੀ ਉਨ੍ਹਾਂ ਦੇ ਪਿਤਾ ਕਾਰਤਿਕ ਸਬਰ ਨੂੰ ਗੋਲ਼ੀ ਲੱਗਣ ਦੀ ਘਟਨਾ। ਜਦੋਂ ਮੈਂ ਘਟਨਾ ਬਾਰੇ ਚੇਤਾ ਕਰਵਾਇਆ ਤਾਂ ਉਹ ਗੁੱਸੇ ਵਿੱਚ ਬੋਲੀ ਅਤੇ ਉਸ ਘਟਨਾ ਨੂੰ ਇੰਝ ਚੇਤੇ ਕੀਤਾ ਜਿਵੇਂ ਉਹ ਹੁਣੇ ਹੀ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਵਾਪਰੀ ਰਹੀ ਹੋਵੇ।

Talk of the British shooting her father and Salihan’s memory comes alive with anger

''ਮੇਰੀ ਵੱਡੀ ਭੈਣ ਭਾਨ ਦੇਈ ਅਤੇ ਸਬਰ ਭਾਈਚਾਰੇ ਦੀਆਂ ਦੋ ਹੋਰ ਆਦਿਵਾਸੀ ਔਰਤਾਂ-ਗੰਗਾ ਤਾਲੇਨ ਅਤੇ ਸਾਖਾ ਤੋਰੇਨ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਨ੍ਹਾਂ ਸਭ ਦੀ ਮੌਤ ਹੋ ਚੁੱਕੀ ਹੈ। ਪਿਤਾ ਨੇ ਰਾਇਪੁਰ ਜੇਲ੍ਹ ਵਿੱਚ ਦੋ ਸਾਲ ਗੁਜਾਰੇ।''

ਅੱਜ ਉਨ੍ਹਾਂ ਦੇ ਇਲਾਕੇ ਵਿੱਚ ਉਨ੍ਹਾਂ ਜਗੀਰਦਾਰਾਂ ਦੀ ਹੀ ਚੜ੍ਹਤ ਹੈ ਜਿਨ੍ਹਾਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ। ਜਿਸ ਅਜ਼ਾਦੀ ਲਈ ਸਾਲਿਹਾਨ ਅਤੇ ਹੋਰ ਵਿਰਾਂਗਣਾ ਲੜੀਆਂ ਸਨ, ਉਸ ਵਿੱਚ ਇਨ੍ਹਾਂ ਜਗੀਰਦਾਰਾਂ ਨੂੰ ਹੀ ਫਾਇਦਾ ਹੋਇਆ। ਕੰਗਾਲੀ ਦੇ ਇਸ ਵਿਸ਼ਾਲ ਸਾਗਰ ਵਿੱਚ ਅਮੀਰੀ ਦੇ ਟਾਪੂ ਬਿੰਦੀਆਂ ਮਾਤਰ ਹਨ।

ਉਹ ਸਾਨੂੰ ਦੇਖ ਕੇ ਮੁਸਕਰਾਈ ਅਤੇ ਮੁਸਰਾਉਂਦੀ ਹੀ ਰਹੀ ਪਰ ਥੱਕ ਜਾਪ ਰਹੀ ਸਨ। ਆਪਣੇ ਤਿੰਨ ਪੁੱਤਰਾਂ- ਬ੍ਰਿਸ਼ਨੁ ਭੋਇ, ਅੰਕੁਰ ਭੋਇ ਅਤੇ ਆਕੁਰਾ ਭੋਇ ਦਾ ਨਾਮ ਚੇਤੇ ਕਰਨ ਵਿੱਚ ਉਨ੍ਹਾਂ ਨੂੰ ਦਿਮਾਗ਼ 'ਤੇ ਜੋਰ ਦੇਣਾ ਪੈਂਦਾ ਹੈ। ਜਦੋਂ ਅਸੀਂ ਜਾਣ ਲਈ ਤਿਆਰ ਹੋਏ ਤਾਂ ਉਨ੍ਹਾਂ ਨੇ ਸਾਨੂੰ ਹੱਥ ਹਿਲਾ ਕੇ ਵਿਦਾ ਕੀਤਾ। ਦੇਮਾਥੀ ਦੇਇ ਸਬਰ 'ਸਾਲਿਹਾਨ' ਅਜੇ ਵੀ ਮੁਸਕਰਾ ਰਹੀ ਹਨ।

2002 ਵਿੱਚ ਇਸ ਮੁਲਾਕਾਤ ਤੋਂ ਇੱਕ ਸਾਲ ਬਾਅਦ ' ਸਾਲਿਹਾਨ ' ਦੀ ਮੌਤ ਹੋ ਗਈ।


ਦੇਮਾਥੀ ਸਬਰ
' ਸਾਲਿਹਾਨ ' ਦੇ ਨਾਮ

ਸਾਲਿਹਾਨ, ਉਹ ਤੇਰੀ ਕਹਾਣੀ ਨਹੀਂ ਕਹਿਣਗੇ,
ਅਤੇ ਮੈਂ ਤੈਨੂੰ ਪੇਜ-3 ਬਣਦੇ ਨਹੀਂ ਦੇਖ ਸਕਦਾ
ਇਹ ਥਾਂ ਤਾਂ ਰੰਗੀਨ ਚਿੱਤਰਾਂ ਲਈ ਹੈ
ਜਾਂ ਚਰਬੀ ਝੜਾਉਣ ਵਾਲ਼ਿਆਂ ਲਈ,
ਬਾਕੀ ਥਾਂ ਸਨਅਤ ਮਾਲਕਾਂ ਲਈ
ਸਾਲਿਹਾਨ, ਪ੍ਰਾਈਮ ਟਾਈਮ ਤੇਰੇ ਲਈ ਨਹੀਂ
ਇਹ ਸੱਚ ਹੈ ਕੋਈ ਮਜਾਕ ਨਹੀਂ,
ਥਾਂ ਹੈ ਕਾਤਲਾਂ ਅਤੇ ਮੁਜ਼ਰਮਾਂ
ਜਾਂ ਘਰ ਫੂਕਣ ਵਾਲ਼ਿਆ ਲਈ
ਜੋ ਦੋਸ਼ ਲਾਉਂਦੇ ਹਨ ਅਤੇ ਫਿਰ
ਸਫਾਈ ਨਾਲ਼ ਸਦਭਾਵਨਾ ਬਾਰੇ ਗੱਲ ਕਰਦੇ ਹਨ
ਸਾਲਿਹਾਨ, ਅੰਗਰੇਜ਼ਾਂ ਤੇਰਾ ਪਿੰਡ ਫੂਕਿਆ
ਕਈ ਬੰਦੂਕਾਂ ਨਾਲ਼ ਲੈਸ ਹੋ ਆਏ
ਉਹ ਰੇਲ 'ਤੇ ਸਵਾਰ ਹੋ ਆਏ
ਨਾਲ਼ ਦਹਿਸ਼ਤ ਅਤੇ ਦਰਦ ਲਿਆਏ
ਆਪਣੀ ਗੈਰਤ ਤੇ ਦਿਮਾਗ਼ ਧੋ ਕੇ
ਸਾਲਿਹਾਨ, ਉਨ੍ਹਾਂ ਨੇ ਸਾਰਾ ਕੁਝ ਫੂਕ ਸੁੱਟਿਆ
ਨਕਦੀ ਅਤੇ ਅਨਾਜ਼ ਲੁੱਟਣ ਬਾਅਦ
ਬ੍ਰਿਟਿਸ਼ ਰਾਜ ਦੇ ਬਘਿਆੜ
ਉਨ੍ਹਾਂ ਜਾਨਲੇਵਾ ਹਮਲਾ ਕੀਤਾ
ਪਰ ਤੂੰ ਪੂਰੀ ਤਾਕਤ ਜੁਟਾ ਸਾਹਮਣਾ ਕੀਤਾ
ਤੂੰ ਉਹਨੂੰ ਸੜਕੋਂ ਪਾਰ ਵਗਾਹ ਮਾਰਿਆ
ਤੂੰ ਬੰਦੂਕ ਵਾਲ਼ੇ ਉਸ ਆਦਮੀ ਦਾ ਟਾਕਰਾ ਕੀਤਾ
ਸਾਲਿਹਾਨ ਲੋਕ ਅਜੇ ਵੀ ਕਹਾਣੀ ਸੁਣਾਉਂਦੇ ਨੇ
ਜੋ ਲੜਾਈ ਤੂੰ ਲੜੀ ਸੀ
ਅਤੇ ਤੂੰ ਹੀ ਜਿੱਤੀ ਸੀ
ਤੇਰਾ ਪਿਆਰਾ ਲਹੂ ਲਿਬੜਿਆ ਭੁੰਜੇ ਸੀ ਪਿਆ
ਤੇਰਾ ਪਿਤਾ ਸੀ ਉਹ, ਗੋਲੀ ਨਾਲ਼ ਵਿੰਨ੍ਹਿਆ
ਫਿਰ ਵੀ ਤੂੰ ਡਟੀ ਰਹੀ,
ਬਘਿਆੜਾਂ ਨੂੰ ਭਜਾ ਕੇ ਤੂੰ ਸਾਹ ਲਿਆ
ਤੂੰ ਲੜਨ ਗਈ ਸੀ ਨਾ ਕਿ ਭੀਖ ਮੰਗਣ
ਸਾਲਿਹਾਨ, ਤੂੰ ਉਸ ਅਧਿਕਾਰੀ ਨੂੰ ਕੁੱਟਿਆ
ਉਹਦੇ ਭੱਜਣ ਤੋਂ ਪਹਿਲਾਂ ਤੂੰ ਫੜ੍ਹ ਘੜੀਸਿਆ
ਆਖ਼ਰਕਾਰ ਉਹ ਭੱਜ ਗਿਆ
ਲੰਗੜਾਉਂਦਾ ਉਹ ਲੁਕਿਆ ਰਿਹਾ
ਤੇਰੇ 16 ਸਾਲ ਦੀ ਕਿਸ਼ੋਰੀ ਹੱਥੋਂ
ਬ੍ਰਿਟਿਸ਼ਾਂ ਖਿਲ਼ਾਫ਼ ਨਿੱਤਰੀਆਂ ਚਾਲੀਆਂ ਹੱਥੋਂ ਸਾਲਿਹਾਨ,
ਉਸ ਸੁੰਦਰ ਅਤੇ ਮਜ਼ਬੂਤ ਸਾਲਿਹਾਨ ਹੱਥੋਂ,
ਕੀ ਹੋਇਆ ਜੇ ਤੂੰ ਹੁਣ ਝੁਰੜਾਈ ਗਈ ਹੈਂ
ਤੇਰਾ ਸਰੀਰ ਕਮਜੋਰ ਹੋ ਗਿਆ ਹੈ,
ਪਰ ਉਨ੍ਹਾਂ ਅੱਖਾਂ ਵਿੱਚ ਅੱਜ ਵੀ ਜਲੋਅ ਕਾਇਮ ਹੈ
ਅੰਗਰੇਜ਼ਾਂ ਦੇ ਉਹ ਝੋਲ਼ੀਚੁੱਕ, ਸਾਲਿਹਾਨ
ਅੱਜ ਤੇਰੇ ਕੰਗਾਲ ਪਿੰਡ 'ਤੇ ਰਾਜ ਕਰਦੇ
ਅਤੇ ਪੱਥਰ ਦੇ ਮੰਦਰ ਪਏ ਬਣਾਉਂਦੇ
ਪਰ ਉਹ ਕਦੇ ਸਫ਼ਲ ਨੀ ਹੋਣੇ
ਸਾਡੀ ਅਜ਼ਾਦੀ ਸਾਥੋਂ ਖੋਹਣ ਵਿੱਚ
ਤੂੰ ਇਓਂ ਮਰੀ ਜਿਓਂ ਜੀਵੀ ਸੀ, ਸਾਲਿਹਾਨ
ਭੁੱਖ ਅਤੇ ਕੰਗਾਲੀ ਦੀ ਮਾਰ ਹੇਠ
ਇਤਿਹਾਸ ਦੇ ਰੰਗਾਂ ਵਿੱਚ
ਤੇਰੀ ਯਾਦ ਇਓਂ ਧੁੰਦਲੀ ਪੈ ਰਹੀ
ਜਿਓਂ ਰਾਇਪੁਰ ਜੇਲ੍ਹ ਦੀ ਰੋਸਟਰ ਸ਼ੀਟ
ਮੈਂ ਤੇਰਾ ਦਿਲ ਦੇਖਿਆ ਹੈ, ਸਾਲਿਹਾਨ
ਇਹਦੇ ਬਾਅਦ ਮੈਂ ਕਿਹੜੀ ਸਫ਼ਲਤਾ ਨਹੀਂ ਦੇਖੀ
ਭਾਵੇਂ ਉਹ ਲੜਾਈ ਆਪਣੇ ਆਪ ਵਿੱਚ
ਤੇਰੀ ਆਪਣੀ ਨਹੀਂ ਸੀ
ਪਰ ਦੂਸਰੇ ਵੀ ਜ਼ਰੂਰ ਅਜ਼ਾਦ ਹੋ ਗਏ
ਸਾਡੇ ਬੱਚਿਆਂ ਨੂੰ ਵੀ ਤੇਰੇ ਬਾਰੇ ਪਤਾ ਹੋਣਾ ਚਾਹੀਦਾ ਹੈ, ਸਾਲਿਹਾਨ
ਪਰ ਮਕਬੂਲ ਹੋਣ ਦਾ ਤੇਰਾ ਦਾਅਵਾ ਕਿੱਥੇ ਹੈ?
ਤੂੰ ਰੈਂਪ 'ਤੇ ਨਹੀਂ ਤੁਰੀ
ਕੋਈ ਮਾਣਮੱਤਾ ਤਾਜ਼ ਤੂੰ ਨਹੀਂ ਪਾਇਆ
ਨਾ ਹੀ ਪੈਪਸੀ ਤੇ ਕੋਕ ਨਾਲ਼ ਆਪਣਾ ਨਾਂ ਜੋੜਿਆ
ਮੇਰੇ ਨਾਲ਼ ਗੱਲ ਕਰ, ਸਾਲਿਹਾਨ
ਨਾ ਮੁੱਕਣ ਵਾਲ਼ਾ ਘੰਟੇ ਜਿਵੇਂ ਤੂੰ ਚਾਹੇਂ
ਇਹ ਰਾਹਗੀਰ, ਸਾਡੇ ਵਿਛੋੜੇ 'ਤੇ
ਤੇਰੇ ਦਿਲ ਬਾਰੇ ਲਿਖਣਾ ਲੋਚਦਾ ਹੈ
ਨਾ ਕਿ ਭਾਰਤੀ ਫੂਹੜ ਨੇਤਾਵਾਂ ਬਾਰੇ।

P. Sainath is Founder Editor, People's Archive of Rural India. He has been a rural reporter for decades and is the author of 'Everybody Loves a Good Drought' and 'The Last Heroes: Foot Soldiers of Indian Freedom'.

Other stories by P. Sainath
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur