ਰੰਪਾ ਦੇ ਬੇਦਖ਼ਲ ਕੀਤੇ ਜਾ ਚੁੱਕੇ ਕੋਯਾ ਆਦਿਵਾਸੀ। ਪੱਛਮੀ ਗੋਦਾਵਰੀ ਵਿੱਚ ਭਬਕਦਾ ਹੋਇਆ ਅਤੇ ਇੱਥੇ ਪੂਰਬ ਵਿੱਚ ਉਬਾਲ਼ੇ ਮਾਰਦਾ ਹੋਇਆ ਭੂਮੀ ਮਸਲਾ

ਜਿਓਂ ਅਸੀਂ ਜੀਪ ਤੋਂ ਹੇਠਾਂ ਉਤਰੇ, ਰਾਜਾਵੋਮੰਗੀ ਦੇ ਕਿਲ੍ਹਾਬੰਦ ਪੁਲਿਸ ਸਟੇਸ਼ਨ ਅੰਦਰ ਸਿਪਾਹੀਆਂ ਨੇ ਘਬਰਾ ਕੇ ਆਪੋ-ਆਪਣੀ ਪੋਜੀਸ਼ਨ ਲੈ ਲਈ। ਇਹ ਸਟੇਸ਼ਨ ਆਪਣੇ ਆਪ ਵਿੱਚ ਪੁਲਿਸ ਸੁਰੱਖਿਆ ਹੇਠ ਹੈ। ਖਾਸ ਹਥਿਆਰਬੰਦ ਪੁਲਿਸ ਨੇ ਇਹਨੂੰ ਚੁਫੇਰਿਓਂ ਘੇਰਿਆ ਹੋਇਆ ਹੈ। ਬਾਵਜੂਦ ਇਹ ਦੇਖ ਕੇ ਵੀ ਕਿ ਅਸੀਂ ਕੈਮਰੇ ਨਾਲ਼ ਲੈਸ ਹਾਂ, ਤਣਾਓ ਘੱਟ ਨਹੀਂ ਹੋਇਆ। ਪੂਰਬੀ ਗੋਦਾਵਰੀ ਦੇ ਇਸ ਹਿੱਸੇ ਵਿੱਚ ਪੁਲਿਸ ਸਟੇਸ਼ਨ ਦੀ ਫ਼ੋਟੋਗਰਾਫੀ ਵਰਜਿਤ ਹੈ।

ਅੰਦਰੂਨੀ ਗਲਿਆਰੇ ਦੀ ਸੁਰੱਖਿਆ 'ਤੇ ਤੈਨਾਤ ਹੈੱਡ ਕਾਂਸਟੇਬਨ ਨੇ ਜਾਣਨਾ ਚਾਹਿਆ ਕਿ ਅਸੀਂ ਕੌਣ ਹਾਂ। ਪੱਤਰਕਾਰ? ਇਸ ਸ਼ਬਦ ਨੇ ਕੁਝ ਰਾਹਤ ਬਖਸ਼ੀ। ''ਪ੍ਰਤਿਕਿਰਿਆ ਦੇਣ ਵਿੱਚ ਤੁਸੀਂ ਥੋੜ੍ਹੀ ਦੇਰੀ ਨਹੀਂ ਰਹੇ?'' ਮੈਂ ਪੁੱਛਿਆ। ''ਤੁਹਾਡੇ ਸਟੇਸ਼ਨ 'ਤੇ ਤਾਂ 75 ਸਾਲ ਪਹਿਲਾਂ ਹਮਲਾ ਹੋਇਆ ਸੀ।''

''ਕੌਣ ਜਾਣਦਾ ਹੈ?'' ਉਹਨੇ ਦਾਰਸ਼ਿਨਕ ਲਹਿਜੇ ਵਿੱਚ ਕਿਹਾ। ''ਅੱਜ ਦੁਪਹਿਰ ਨੂੰ ਦੋਬਾਰਾ ਵੀ ਹੋ ਸਕਦਾ ਸੀ।''

ਆਂਧਰਾ ਪ੍ਰਦੇਸ਼ ਦੇ ਇਸ ਆਦਿਵਾਸੀ ਇਲਾਕੇ ਨੂੰ 'ਏਜੰਸੀ' ਇਲਾਕੇ ਵਜੋਂ ਜਾਣਿਆਂ ਜਾਂਦਾ ਹੈ। ਅਗਸਤ 1922 ਨੂੰ ਉਨ੍ਹਾਂ ਨੇ (ਸਥਾਨਕ ਲੋਕਾਂ) ਬਗਾਵਤ ਦਾ ਝੰਡਾ ਚੁੱਕ ਲਿਆ। ਪਹਿਲੀ ਨਜ਼ਰੇ ਤਾਂ ਇਹਦਾ ਕਾਰਨ ਸਥਾਨਕ ਉਬਾਲ਼ ਜਾਪਿਆ ਪਰ ਜਲਦੀ ਹੀ ਇਸ ਬਗਾਵਤ ਨੇ ਰਾਜਨੀਤਕ ਰੂਪ ਧਾਰ ਲਿਆ। ਇੱਕ ਗੈਰ-ਆਦਿਵਾਸੀ, ਅੱਲੂਰੀ ਰਾਮਚੰਦਰ ਰਾਜੂ (ਸੀਤਾਰਾਮ ਰਾਜੂ ਦੇ ਨਾਮ ਵਜੋਂ ਵੱਧ ਜਾਣੇ ਜਾਂਦੇ) ਨੇ ਮਾਨਯਮ ਵਿਦਰੋਹ ਵਿੱਚ ਪਹਾੜੀ ਆਦਿਵਾਸੀਆਂ ਦੀ ਅਗਵਾਈ ਕੀਤੀ, ਜਿਵੇਂ ਸਥਾਨਕ ਰੂਪ ਵਿੱਚ ਕਿਹਾ ਜਾਂਦਾ ਹੈ। ਇੱਥੇ, ਲੋਕ ਸਿਰਫ਼ ਸਮੱਸਿਆਂ ਦੇ ਹੱਲ ਦੀ ਹੀ ਮੰਗ ਨਹੀਂ ਕਰ ਰਹੇ ਸਨ। 1922 ਤੱਕ ਆਉਂਦੇ-ਆਉਂਦੇ, ਉਨ੍ਹਾਂ ਨੇ ਬ੍ਰਿਟਿਸ਼ ਰਾਜ ਨੂੰ ਜੜ੍ਹੋਂ ਉਖਾਰ ਸੁੱਟਣ ਦੀ ਲੜਾਈ ਵਿੱਢ ਦਿੱਤੀ। ਬਾਗ਼ੀਆਂ  ਨੇ ਏਜੰਸੀ ਖੇਤਰ ਵਿੱਚ ਮੌਜੂਦ ਕਈ ਪੁਲਿਸ ਸਟੇਸ਼ਨਾਂ, ਜਿਨ੍ਹਾਂ ਵਿੱਚੋਂ ਇੱਕ ਰਾਜਾਵੋਮੰਗੀ ਪੁਲਿਸ ਸਟੇਸ਼ਨ ਵੀ ਹੈ, 'ਤੇ ਹਮਲਾ ਕਰਕੇ ਆਪਣਾ ਮਕਸਦ ਸਪੱਸ਼ਟ ਕਰ ਦਿੱਤਾ ਸੀ।

ਇਸ ਇਲਾਕੇ ਦੇ ਉਹ ਮਸਲੇ, ਜਿਨ੍ਹਾਂ ਕਰਕੇ ਲੋਕਾਂ ਨੇ ਅੰਗਰੇਜ਼ਾਂ ਨਾਲ਼ ਲੜਾਈ ਲੜੀ, 75 ਸਾਲ ਬੀਤ ਜਾਣ ਬਾਅਦ ਵੀ ਮੌਜੂਦ ਹਨ।

PHOTO • P. Sainath

ਪੂਰਵੀ ਗੋਦਾਵਰੀ ਵਿੱਚ ਸੀਤਾਰਾਮ ਰਾਜੂ ਦਾ ਬੁੱਤ੍ਹ

ਰਾਜੂ ਦੀ ਫਟੇ-ਹਾਲ ਅਨਿਯਮਤ ਸੈਨਾ ਨੇ ਗੁਰੀਲਾ ਯੁੱਧ ਵਿੱਚ ਬ੍ਰਿਟਿਸ਼ਾਂ ਨੂੰ ਪੂਰੀ ਤਰ੍ਹਾਂ ਨਾਲ਼ ਉਲਝਾ ਕੇ ਰੱਖ ਦਿੱਤਾ। ਉਨ੍ਹਾਂ ਨਾਲ਼ ਟਾਕਰਾ ਕਰਨ ਵਿੱਚ ਅਸਫ਼ਲ ਬ੍ਰਿਟਿਸ਼ਾਂ ਨੇ ਵਿਦਰੋਹ ਨੂੰ ਕੁਚਲਣ ਵਾਸਤੇ ਮਾਲਾਬਾਰ ਸਪੈਸ਼ਲ ਫੋਰਸ ਨੂੰ ਉੱਥੇ ਸੱਦ ਲਿਆ। ਇਹ ਟੁਕੜੀ ਜੰਗਲ ਵਿੱਚ ਲੜਨ ਲਈ ਮਾਹਰ ਸੀ ਅਤੇ ਵਾਇਰਲੈਸ ਸੈਟਾਂ ਨਾਲ਼ ਲੈਸ ਸੀ। ਇਹ ਵਿਦਰੋਹ 1924 ਵਿੱਚ ਰਾਜੂ ਦੀ ਮੌਤ ਤੋਂ ਬਾਅਦ ਖ਼ਤਮ ਹੋਇਆ। ਓਨਾ ਚਿਰ, ਬ੍ਰਿਟਿਸ਼ਾਂ ਲਈ, ਜਿਵੇਂ ਕਿ ਇਤਿਹਾਸਕਾਰ ਐੱਮ. ਵੈਂਕਟਰੰਗੱਯਾ ਲਿਖਦੇ ਹਨ: ''ਇਸ ਬਗ਼ਾਵਤ ਨੇ ਅਸਹਿਯੋਗ ਅੰਦੋਲਨ ਨਾਲ਼ੋਂ ਵੀ ਵੱਧ ਮੁਸੀਬਤ ਖੜ੍ਹੀ ਕੀਤੀ।''

ਇਸ ਸਾਲ ਸੀਤਾਰਾਮ ਰਾਜੂ ਦਾ 100ਵਾਂ ਜਨਮਦਿਨ ਹੈ, ਉਨ੍ਹਾਂ ਨੂੰ 27 ਸਾਲ ਦੀ ਉਮਰੇ ਹੀ ਮਾਰ ਦਿੱਤਾ ਗਿਆ ਸੀ।

PHOTO • P. Sainath

ਕ੍ਰਿਸ਼ਨਾਦੇਵੀਪੇਟ ਵਿਖੇ ਸੀਤਾਰਾਮ ਰਾਜੂ ਦੀ ਸਮਾਧ

ਬਸਤੀਵਾਦੀ ਸਰਕਾਰ ਨੇ ਪਹਾੜੀ ਕਬੀਲਿਆਂ ਨੂੰ ਬਰਬਾਦ ਕਰ ਦਿੱਤਾ। 1870 ਅਤੇ 1990 ਦਰਮਿਆਨ, ਰਾਜ ਨੇ ਕਈ ਜੰਗਲਾਂ ਨੂੰ 'ਸੁਰੱਖਿਅਤ' ਕਰਾਰ ਦੇ ਦਿੱਤਾ ਅਤੇ ਪੋਡੂ (ਸਥਾਨਾਂਤਰਣ) ਖੇਤੀ 'ਤੇ ਰੋਕ ਲਾ ਦਿੱਤੀ। ਜਲਦੀ ਹੀ ਉਨ੍ਹਾਂ ਨੇ ਆਦਿਵਾਸੀਆਂ ਨੂੰ ਛੋਟੇ-ਮੋਟੇ ਜੰਗਲੀ-ਜੀਵ ਇਕੱਠੇ ਕਰਨ ਦੇ ਅਧਿਕਾਰ ਤੋਂ ਵੀ ਵਾਂਝਾ ਕਰ ਦਿੱਤਾ। ਜੰਗਲ ਵਿਭਾਗ ਅਤੇ ਉਹਦੇ ਠੇਕੇਦਾਰਾਂ ਨੇ ਇਸ ਅਧਿਕਾਰ ਨੂੰ ਖੋਹ ਲਿਆ। ਇਹਦੇ ਬਾਅਦ, ਉਨ੍ਹਾਂ ਨੇ ਕੁਝ ਆਦਿਵਾਸੀਆਂ ਨੂੰ ਬੇਗਾਰ ਮਜ਼ਦੂਰੀ 'ਤੇ ਡਾਹ ਦਿੱਤਾ। ਇਹ ਪੂਰਾ ਇਲਾਕਾ ਗੈਰ-ਆਦਿਵਾਸੀਆਂ ਦੇ ਕਬਜੇ ਵਿੱਚ ਚਲਾ ਗਿਆ। ਅਕਸਰ ਸਜਾ ਦੇ ਨਾਮ 'ਤੇ ਉਨ੍ਹਾਂ ਦੀਆਂ ਜ਼ਮੀਨਾਂ ਖੋਹੀਆਂ ਜਾਂਦੀਆਂ। ਅਜਿਹੇ ਕਦਮਾਂ ਨਾਲ਼, ਪੂਰੇ ਇਲਾਕੇ ਦੀ ਅਰਥਵਿਵਸਥਾ ਡਗਮਗਾ ਗਈ।

''ਅੱਜ ਦੀ ਘੜੀ ਬੇਜ਼ਮੀਨੇ ਸਭ ਤੋਂ ਵੱਧ ਪਰੇਸ਼ਾਨ ਹਨ,'' ਰਮਾਯੰਮਾ ਦੱਸਦੀ ਹਨ, ਜੋ ਰੰਪਾ ਦੀ ਇੱਕ ਕੋਯਾ ਆਦਿਵਾਸੀ ਹਨ। ''50 ਸਾਲ ਪਹਿਲਾਂ ਦੀ ਹਾਲਤ ਬਾਰੇ ਮੈਂ ਨਹੀਂ ਜਾਣਦੀ।''

ਰਾਜੂ ਵਾਸਤੇ ਰੰਪਾ ਇੱਕ ਮੰਚਨ ਬਿੰਦੂ (ਰੰਗਮੰਚ) ਸਾਬਤ ਹੋਇਆ। 150 ਘਰਾਂ ਵਾਲ਼ੇ ਇਸ ਛੋਟੇ ਜਿਹੇ ਪਿੰਡ ਵਿੱਚ, ਰਮਾਯੰਮਾ ਸਣੇ ਲਗਭਗ 60 ਲੋਕ ਬੇਜ਼ਮੀਨੇ ਹਨ।

ਇੰਝ ਹਮੇਸ਼ਾ ਨਹੀਂ ਸੀ। ''ਸਾਡੇ ਮਾਪਿਆਂ ਨੇ ਲਗਭਗ 10 ਰੁਪਏ ਦਾ ਕਰਜ਼ਾ ਲੈਣ ਕਰਕੇ ਆਪਣੀ ਜ਼ਮੀਨ ਗੁਆ ਲਈ,'' ਉਹ ਦੱਸਦੀ ਹਨ। ਅਤੇ, ''ਆਦਿਵਾਸੀਆਂ ਦੇ ਭੇਸ ਵਿੱਚ ਆਏ ਬਾਹਰੀ ਲੋਕ ਸਾਡੀਆਂ ਜ਼ਮੀਨਾਂ ਨੂੰ ਹੜਪ ਰਹੇ ਹਨ।'' ਇੱਥੋਂ ਦਾ ਸਭ ਤੋਂ ਵੱਡਾ ਭੂ-ਮਾਲਕ ਮੈਦਾਨੀ ਇਲਾਕੇ ਤੋਂ ਇੱਥੇ ਆਇਆ ਸੀ, ਜੋ ਰਿਕਾਰਡ ਦਫ਼ਤਰ ਵਿੱਚ ਕੰਮ ਕਰਦਾ ਸੀ। ਇਹਦੇ ਕਾਰਨ ਉਹ ਇਸ ਇਲਾਕੇ ਦੇ ਸਿਰਲੇਖ ਕਾਰਜਾਂ (ਜ਼ਮੀਨੀ ਸਿਰਲੇਖ) ਤੱਕ ਸੌਖਿਆਂ ਹੀ ਪਹੁੰਚ ਗਿਆ ਅਤੇ ਲੋਕਾਂ ਦਾ ਮੰਨਣਾ ਹੈ ਕਿ ਉਹਨੇ ਇਸ ਵਿੱਚ ਛੇੜਛਾੜ ਕੀਤੀ ਹੈ। ਉਹਦਾ ਪਰਿਵਾਰ ਹੁਣ ਖੇਤੀ ਦੇ ਮੌਸਮ ਵਿੱਚ ਲਗਭਗ 30 ਮਜ਼ਦੂਰਾਂ ਨੂੰ ਦਿਹਾੜੀ 'ਤੇ ਰੱਖਦਾ ਹੈ। ਇੱਕ ਅਜਿਹੇ ਪਿੰਡ ਵਿੱਚ ਇਹ ਇੱਕ ਵਿਲੱਖਣ ਗੱਲ ਹੈ, ਜਿੱਥੇ ਲੋਕਾਂ ਦੇ ਕੋਲ਼ ਲਗਭਗ ਤਿੰਨ ਏਕੜ ਜਾਂ ਉਸ ਤੋਂ ਵੀ ਘੱਟ ਜ਼ਮੀਨ ਹੈ।

ਭੂਮੀ ਦਾ ਮਸਲਾ ਪੱਛਮੀ ਗੋਦਾਵਰੀ ਜਿਲ੍ਹੇ ਵਿੱਚ ਭਬਕ ਰਿਹਾ ਹੈ ਅਤੇ ਪੂਰਬ ਵਿੱਚ ਉਬਾਲ਼ੇ ਮਾਰ ਰਿਹਾ ਹੈ। ਆਦਿਵਾਸੀ ਵਿਕਾਸ ਏਜੰਸੀ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਆਦਿਵਾਸੀਆਂ ਦੀ ਬਹੁਤੇਰੀ ਭੂਮੀ, ''ਅਜ਼ਾਦੀ ਤੋਂ ਬਾਅਦ ਖੁੱਸ ਗਈ, ਜਦੋਂਕਿ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਕੀਤੀ ਜਾਣੀ ਚਾਹੀਦਾ ਸੀ।'' 1959 ਤੋਂ 1970 ਵਿਚਾਲੇ ਇਸ ਇਲਾਕੇ ਦੀ ਕਰੀਬ 30 ਫੀਸਦ ਭੂਮੀ ਖੁੱਸ ਗਈ। ਅਜੀਬ ਗੱਲ ਹੈ ਕਿ ''1959 ਦਾ ਆਂਧਰਾ ਪ੍ਰਦੇਸ਼ ਰਾਜ ਭੂਮੀ ਸਥਾਨਾਂਤਰਣ ਰੈਗੂਲੇਸ਼ਨ ਐਕਟ ਵੀ ਇਸ ਰੁਝਾਨ ਨੂੰ ਰੋਕ ਨਾ ਸਕਿਆ।'' ਇਹ ਕਨੂੰਨ, ਜੋ ਰੈਗੂਲੇਸ਼ਨ 1/70 ਦੇ ਨਾਮ ਹੇਠ ਮਸ਼ਹੂਰ ਹੈ, ਦਾ ਮੁੱਖ ਉਦੇਸ਼ ਇਹਨੂੰ ਹੀ ਰੋਕਣਾ ਸੀ। ਹੁਣ ਇਸ ਕਨੂੰਨ ਨੂੰ ਹੋਰ ਹਲਕਾ ਕਰਨ ਦਾ ਯਤਨ ਹੋ ਰਿਹਾ ਹੈ।

PHOTO • P. Sainath

ਰੰਪਾ ਦੇ ਇੱਕ ਹੋਰ ਬੇਜ਼ਮੀਨੇ ਟੱਬਰ ਵਿੱਚ, ਪੀ. ਕ੍ਰਿਸ਼ਨੰਮਾ ਆਪਣੇ ਪਰਿਵਾਰ ਦੇ ਮੌਜੂਦਾ ਸੰਘਰਸ਼ ਬਾਰੇ ਦੱਸ ਰਹੀ ਹਨ

ਆਦਿਵਾਸੀਆਂ ਅਤੇ ਗੈਰ-ਆਦਿਵਾਸੀਆਂ ਦਾ ਟਕਰਾਓ ਪੇਚੀਦਾ ਹੈ।  ਇੱਥੇ ਗੈਰ-ਆਦਿਵਾਸੀ ਵੀ ਗ਼ਰੀਬ  ਹਨ। ਤਣਾਓ ਦੇ ਬਾਵਜੂਦ, ਹਾਲੇ ਤੱਕ ਉਹ ਆਦਿਵਾਸੀਆਂ ਦੇ ਗੁੱਸੇ ਦਾ ਸ਼ਿਕਾਰ ਨਹੀਂ ਹੋਏ ਹਨ। ਇਹਦਾ ਕਾਰਨ ਇਤਿਹਾਸ ਵਿੱਚ ਲੱਭਦਾ ਹੈ। ਬਗ਼ਾਵਤ ਦੇ ਸਮੇਂ ਰਾਜੂ ਨੇ ਇਹ ਹੁਕਮ ਜਾਰੀ ਕੀਤੇ ਸਨ ਕਿ ਸਿਰਫ਼ ਅੰਗਰੇਜ਼ਾਂ ਅਤੇ ਸਰਕਾਰੀ ਸੰਸਥਾਵਾਂ 'ਤੇ ਹਮਲੇ ਕੀਤੇ ਜਾਣਗੇ। ਰੰਪਾ ਬਾਗ਼ੀਆਂ ਦੀ ਨਜ਼ਰ ਵਿੱਚ ਉਨ੍ਹਾਂ ਦੀ ਲੜਾਈ ਸਿਰਫ਼ ਅੰਗਰੇਜ਼ਾਂ ਨਾਲ਼ ਹੀ ਸੀ।

ਅੱਜ, ਗੈਰ ਆਦਿਵਾਸੀਆਂ ਦਾ ਖੁਸ਼ਹਾਲ ਵਰਗ ਆਦਿਵਾਸੀਆਂ ਅਤੇ ਆਪਣੇ ਹੀ ਗ਼ਰੀਬਾਂ ਦਾ ਸ਼ੋਸ਼ਣ ਕਰਦਾ ਹੈ। ਅਤੇ ਇੱਥੋਂ ਦੀ ਹੇਠਲੀ ਨੌਕਰਸ਼ਾਹੀ ਮੁੱਖ ਰੂਪ ਵਿੱਚ ਗੈਰ-ਆਦਿਵਾਸੀ ਹੈ। ਰੈਗੁਲੇਸ਼ਨ 1/70 ਦੇ ਕਈ ਹੋਰ ਵੀ ਰਾਹ ਹਨ। ''ਜ਼ਮੀਨ ਨੂੰ ਪਟੇ 'ਤੇ ਦੇਣਾ ਇੱਥੇ ਆਮ ਰਿਵਾਜ ਹੈ,'' ਕੋਂਡਾਪੱਲੀ ਪਿੰਡ ਦੇ ਬੇਜ਼ਮੀਨੇ ਕੋਯਾ ਆਦਿਵਾਸੀ ਪੋਟਵ ਕਾਮਰਾਜ ਦੱਸਦੇ ਹਨ। ਪਟੇ 'ਤੇ ਦਿੱਤੀ ਜ਼ਮੀਨ ਵਿਰਲੇ ਹੀ ਕਦੇ ਮਾਲਕ ਕੋਲ਼ ਮੁੜਦੀ ਹੈ। ਕੁਝ ਬਾਹਰੀ ਲੋਕ ਆਦਿਵਾਸੀ ਜ਼ਮੀਨ 'ਤੇ ਕਬਜ਼ਾ ਕਰਨ ਲਈ ਆਦਿਵਾਸੀ ਔਰਤ ਨੂੰ ਆਪਣੀ ਦੂਸਰੀ ਪਤਨੀ ਤੱਕ ਬਣਾ ਲੈਂਦੇ ਹਨ।  ਕੋਂਡਾਪੱਲੀ ਸੀਤਾਰਾਮ ਰਾਜੂ ਦੇ ਹਰਕਤੀ (ਐਕਸ਼ਨ) ਖਿੱਤੇ ਵਿੱਚ ਪੈਂਦਾ ਸੀ। ਅੰਗਰੇਜ਼ਾਂ ਨੇ ਇੱਥੋਂ ਦੇ ਬਾਗ਼ੀਆਂ ਨੂੰ ਅੰਡੇਮਾਨ ਦੀਪ (ਕਾਲ਼ੇਪਾਣੀ) ਭੇਜ ਦਿੱਤਾ, ਜਿਸ ਕਰਕੇ ਪੂਰੇ ਕਬੀਲੇ ਖਿੰਡ-ਪੁੰਡ ਗਏ ਅਤੇ ਪਿੰਡ ਨਸ਼ਟ ਹੋ ਗਿਆ।

ਆਦਿਵਾਸੀ ਭਾਈਚਾਰਿਆਂ ਨੂੰ ਇਸ ਤਰ੍ਹਾਂ ਅੱਡ ਕਰ ਦੇਣ ਦਾ ਮਤਲਬ ਹੈ ਕਿ ਉਸ ਸਮੇਂ ਦੀ ਪ੍ਰਤੱਖ ਲੋਕ-ਯਾਦ ਦਾ ਖਿੰਡ ਜਾਣਾ। ਪਰ ਅੱਜ ਵੀ ਰਾਜੂ ਦਾ ਨਾਮ ਹੀ ਕਾਫੀ ਹੈ ਅਤੇ ਮੁੱਦੇ ਵੀ ਜਿਓਂ ਦੇ ਤਿਓਂ ਹਨ। ਵਿਜ਼ਾਗ ਜਿਲ੍ਹੇ ਦੇ ਮੰਪਾ ਪਿੰਡ ਦੇ ਨਿਵਾਸੀ ਕਾਮਰਾਜੂ ਸੋਮੁਲੁ ਕਹਿੰਦੇ ਹਨ,''ਛੋਟੇ ਪੱਧਰ 'ਤੇ ਜੰਗਲੀ-ਜੀਵ ਕੋਈ ਵੱਡੀ ਸਮੱਸਿਆ ਨਹੀਂ ਹੈ।'' ਥੋੜ੍ਹੇ ਹੀ ਜੰਗਲ ਬਚੇ ਹਨ।'' ਰਾਮਾਯੰਮਾ ਕਹਿੰਦੀ ਹਨ,''ਇਹਦਾ ਮਤਲਬ ਹੈ ਕਿ ਜਿੱਥੇ ਗ਼ਰੀਬ ਲੋਕ ਹਨ, ਉੱਥੇ ਸਮੱਸਿਆ ਵੱਧ ਹਨ।'' ''ਅਕਸਰ ਆਪਣਾ ਢਿੱਡ ਭਰਨ ਲਈ ਸਿਰਫ਼ ਕਾਂਜੀ ਪਾਣੀ ਪੀਣਾ ਪੈਂਦਾ ਹੈ।'' ਕਹਿਣ ਨੂੰ ਤਾਂ ਪੂਰਬੀ ਗੋਦਾਵਰੀ ਭਾਰਤ ਦੇ ਖੁਸ਼ਹਾਲ ਗ੍ਰਾਮੀਣ ਜਿਲ੍ਹਿਆਂ ਵਿੱਚੋਂ ਇੱਕ ਹੈ ਪਰ ਇਸ ਤੋਂ ਵੀ ਕੋਈ ਮਦਦ ਨਹੀਂ ਮਿਲ਼ੀ।

ਗ਼ਰੀਬਾਂ ਨੂੰ '' ਅਕਸਰ ਭੋਜਨ ਦੇ ਰੂਪ ਵਿੱਚ ਸਿਰਫ਼ ਕਾਂਜੀ ਜਲ ਉਪਲਬਧ ਹੁੰਦਾ ਹੈ, '' ਰੰਪਾ ਦੀ ਬੇਜ਼ਮੀਨੀ ਕੋਯਾ ਆਦਿਵਾਸੀ ਰਮਾਯੰਮਾ (ਖੱਬੇ) ਕਹਿੰਦੇ ਹਨ। '' ਅਮੀਰ ਲੋਕ ਸਦਾ ਇੱਕ ਜੁੱਟ ਹੋ ਜਾਂਦੇ ਹਨ, '' ਕੋਂਡਾਪੱਲੀ ਪਿੰਡ ਦੇ ਬੇਜ਼ਮੀਨੇ ਕੋਯਾ ਆਦਿਵਾਸੀ ਪੋਟਵ ਕਾਮਰਾਜ (ਸੱਜੇ) ਕਹਿੰਦੇ ਹਨ

ਆਦਿਵਾਸੀਆਂ ਦਰਮਿਆਨ ਵਰਗੀਕਰਣ ਵੀ ਹੋਣ ਲੱਗਿਆ ਹੈ। ''ਅਮੀਰ ਕੋਯਾ ਆਦਿਵਾਸੀ ਸਾਨੂੰ ਪਿੰਡ ਵਾਲ਼ਿਆਂ ਨੂੰ ਆਪਣੀ ਜ਼ਮੀਨ ਪਟੇ 'ਤੇ ਨਹੀਂ ਦਿੰਦੇ, ਸਗੋਂ ਬਾਹਰਲੇ ਲੋਕਾਂ ਨੂੰ ਦਿੰਦੇ ਹਨ,'' ਕੋਂਡਾਪੱਲੀ ਦੇ ਪੋਟਵ ਕਾਮਰਾਜ ਦੱਸਦੇ ਹਨ। ''ਅਮੀਰ ਸਦਾ ਇਕੱਠੇ ਹੋ ਜਾਂਦੇ ਹਨ।'' ਵਿਰਲੇ ਹੀ ਆਦਿਵਾਸੀ ਹੁੰਦੇ ਹਨ ਜਿਨ੍ਹਾਂ ਨੂੰ ਸਰਕਾਰੀ ਨੌਕਰੀਆਂ ਮਿਲ਼ਦੀਆਂ ਹਨ। ਅਤੇ ਇਨ੍ਹਾਂ ਖੇਤਰਾਂ ਦੇ ਬੇਜ਼ਮੀਨੇ ਮਜ਼ਦੂਰਾਂ ਨੂੰ ਸਾਲ ਦੇ ਕਈ ਮਹੀਨਿਆਂ ਤੱਕ ਕੋਈ ਕੰਮ ਨਹੀਂ ਮਿਲ਼ਦਾ।

ਮਜ਼ਦੂਰੀ ਨੂੰ ਲੈ ਕੇ ਪੱਛਮੀ ਗੋਦਾਵਰੀ ਵਿੱਚ ਸੰਘਰਸ਼ ਸ਼ੁਰੂ ਹੋ ਚੁੱਕਿਆ ਹੈ, ਜੋ ਪੂਰਬੀ ਇਲਾਕੇ ਤੱਕ ਵੀ ਫੈਲ ਸਕਦਾ ਹੈ। ਇਸ ਤੋਂ ਇਲਾਵਾ, ਅਮੀਰ ਗੈਰ ਆਦਿਵਾਸੀ ਕੁਝ ਆਦਿਵਾਸੀ ਪ੍ਰਮੁਖਾਂ ਨੂੰ ਚੁਣ ਰਹੇ ਹਨ। ਮੰਪਾ ਵਿੱਚ ਪੰਚਾਇਤ ਪ੍ਰਧਾਨ, ਜੋ ਇੱਕ ਆਦਿਵਾਸੀ ਹੈ, ਹੁਣ ਇੱਕ ਵੱਡਾ ਜਿਮੀਂਦਾਰ ਹੈ। ਉਹਦੇ ਪਰਿਵਾਰ ਦੇ ਕੋਲ਼ ਲਗਭਗ 100 ਏਕੜ ਜ਼ਮੀਨ ਹੈ। ''ਉਹ ਪੂਰੀ  ਤਰ੍ਹਾਂ ਬਾਹਰੀ ਲੋਕਾਂ ਦੇ ਨਾਲ਼ ਹੈ,'' ਸੋਮੁਲੁ ਕਹਿੰਦੇ ਹਨ।

ਬ੍ਰਿਟਿਸ਼ ਅੱਲੂਰੀ ਸੀਤਾਰਾਮ ਰਾਜੂ ਨੂੰ ਉਨ੍ਹਾਂ ਦੇ ਜੀਵਨ ਵਿੱਚ ਭਰਮਾਉਣ ਵਿੱਚ ਅਸਫ਼ਲ ਰਿਹਾ। ਉਨ੍ਹਾਂ ਨੂੰ 50 ਏਕੜ ਜਰਖੇਜ਼ ਭੂਮੀ ਦੇਣੀ ਵੀ ਕਿਸੇ ਲੇਖੇ ਨਾ ਲੱਗੀ। ਅੰਗਰੇਜ਼ ਇਸ ਗੱਲ ਦਾ ਪਤਾ ਨਾ ਲਾ ਸਕੇ ਕਿ ਉਹ ਆਦਮੀ ਜਿਹਦੀ ਕੋਈ ਨਿੱਜੀ ਸ਼ਿਕਾਇਤ ਹੀ ਨਹੀਂ ਸੀ, ਉਹ ਆਦਿਵਾਸੀਆਂ ਦਾ ਇੰਨਾ ਅਨਿੱਖੜਵਾਂ ਅੰਗ ਕਿਵੇਂ ਸੀ। ਇੱਕ ਬ੍ਰਿਟਿਸ਼ ਰਿਪੋਰਟ ਵਿੱਚ ਇਹ ਤੱਕ ਕਿਹਾ ਗਿਆ ਸੀ ਕਿ ਉਹ ''ਕਲਕੱਤਾ ਦੀ ਕਿਸੇ ਗੁਪਤ ਸੋਸਾਇਟੀ ਦਾ ਮੈਂਬਰ ਸੀ।'' ਰਾਜ ਦੇ ਇਲਾਵਾ, ਮੈਦਾਨਾਂ ਦੇ ਕੁਝ ਨੇਤਾ,ਜਿਸ ਵਿੱਚ ਕਾਂਗਰਸ ਦੇ ਉੱਚ ਨੇਤਾ ਸ਼ਾਮਲ ਸਨ, ਨੇ ਉਨ੍ਹਾਂ ਦਾ ਵਿਰੋਧ ਕੀਤਾ ਸੀ। ਕਈਆਂ ਨੇ 1922-24 ਵਿੱਚ ਉਨ੍ਹਾਂ ਦੇ ਵਿਦਰੋਹ ਨੂੰ ਕੁਚਲਣ ਦੀ ਅਪੀਲ ਵੀ ਕਰ ਦਿੱਤੀ। ਮਦਰਾਸ ਵਿਧਾਨ ਪਰਿਸ਼ਦ ਵਿੱਚ, ਸੀਆਰ ਰੈਡੀ ਜਿਹੇ ਆਗੂਆਂ ਨੇ ਵਿਦਰੋਹ ਨੂੰ ਕੁਚਲਣ ਤੋਂ ਪਹਿਲਾਂ ਇਹਦੇ ਕਾਰਨਾਂ ਦੀ ਜਾਂਚ ਤੱਕ ਕਰਾਏ ਜਾਣ ਦਾ ਵਿਰੋਧ ਕੀਤਾ ਸੀ।

ਇਤਿਹਾਸਕਾਰ ਮੁਰਲੀ ਅਟਲੁਰੀ ਇੱਥੋਂ ਤੱਕ ਕਹਿੰਦੇ ਹਨ ਕਿ ਖੁਦ ''ਰਾਸ਼ਟਰਵਾਦੀ'' ਪ੍ਰੈੱਸ ਵੀ ਉਨ੍ਹਾਂ ਦੀ ਵਿਰੋਧੀ ਸੀ। ਤੇਲੁਗੂ ਰਸਾਲੇ, ਦਿ ਕਾਂਗਰਸ ਨੇ ਲਿਖਿਆ ਸੀ ਕਿ ਜੇਕਰ ਇਸ ਵਿਦਰੋਹ ਨੂੰ ਕੁਚਲ ਦਿੱਤਾ ਗਿਆ ਤਾਂ ਉਹਨੂੰ ''ਖੁਸ਼ੀ'' ਹੋਵੇਗੀ। ਆਂਧਰਾ ਪਤ੍ਰਿਕਾ ਨੇ ਇਸ ਵਿਦਰੋਹ 'ਤੇ ਹਮਲਾ ਕੀਤਾ।

PHOTO • P. Sainath

ਸੀਤਾਰਾਮ ਰਾਜੂ ਦੀ ਟੁੱਟੀ ਹੋਈ ਸਮਾਧ

ਅਤਲੁਰੀ ਦੇ ਅਨੁਸਾਰ, ਸੀਤਾਰਾਮ ਰਾਜੂ ਦੀ ਮੌਤ ਤੋਂ ਬਾਅਦ ਕਈ ਲੋਕਾਂ ਨੇ ਆਪੋ-ਆਪਣੇ ਦਾਅਵੇ ਕੀਤੇ। ਉਨ੍ਹਾਂ ਦੀ ਮੌਤ ਤੋਂ ਬਾਅਦ ਆਂਧਰਾ ਪਤ੍ਰਿਕਾ ਨੇ ਰਾਜੂ ਦੀ ਤਾਰੀਫ਼ ਕਰਿਦਆਂ ਉਨ੍ਹਾਂ ਲਈ ''ਵੱਲ੍ਹਾ ਦਾ ਅਸ਼ੀਰਵਾਦ'' ਮੰਗਿਆ। ਸੱਤਿਆਗ੍ਰਹਿਆਂ ਨੇ ਉਨ੍ਹਾਂ ਦੀ ਤੁਲਨਾ ਜਾਰਜ ਵਾਸ਼ਿੰਗਟਨ ਨਾਲ਼ ਕੀਤੀ। ਕਾਂਗਰਸ ਨੇ ਉਨ੍ਹਾਂ ਨੂੰ ਸ਼ਹੀਦ ਦੇ ਰੂਪ ਵਿੱਚ ਅਪਣਾਇਆ। ਉਨ੍ਹਾਂ ਦੀ ਵਿਰਾਸਤ ਨੂੰ ਆਪਣੇ ਨਾਮ ਲਾਉਣ ਦੀਆਂ ਕੋਸ਼ਿਸ਼ ਜਾਰੀ ਹਨ। ਰਾਜ ਸਰਕਾਰ ਉਨ੍ਹਾਂ ਦੀ ਬਰਸੀ 'ਤੇ ਕਾਫੀ ਪੈਸਾ ਫੂਕੇਗੀ। ਇਹਦੇ ਅੰਦਰ ਕੁਝ ਲੋਕ ਤਾਂ ਰੈਗੁਲੇਸ਼ਨ 1/70 ਵਿੱਚ ਸੋਧ ਚਾਹੁੰਦੇ ਹਨ, ਪਰ ਇੰਝ ਕਰਨ ਨਾਲ਼ ਆਦਿਵਾਸੀ ਭਾਈਚਾਰੇ ਨੂੰ ਹੋਰ ਸੱਟ ਵੱਜੇਗੀ।

ਕ੍ਰਿਸ਼ਨਾਦੇਵੀਪੇਟ ਵਿੱਚ ਰਾਜੂ ਦੀ ਸਮਾਧੀ ਦੀ ਰਾਖੀ ਕਰਨ ਵਾਲ਼ੇ ਬਜ਼ੁਰਗ, ਗਜਾਲ ਪੇਡੱਪਨ, ਨੂੰ ਤਿੰਨ ਸਾਲਾ ਤੋਂ ਤਨਖਾਹ ਤੱਕ ਨਹੀਂ ਮਿਲ਼ੀ। ਇਸ ਇਲਾਕੇ ਦੇ ਲੋਕਾਂ ਦਾ ਗੁੱਸਾ ਵੱਧਦਾ ਹੀ ਜਾ ਰਿਹਾ ਹੈ। ਵਿਜਾਗ-ਪੂਰਬੀ ਗੋਦਾਵਰੀ ਸੀਮਾ ਇਲਾਕੇ ਵਿੱਚ, ਕੱਟੜ ਖੱਬੇਪੱਖੀਆਂ ਦਾ ਅਸਰ ਵੱਧਦਾ ਜਾ ਰਿਹਾ ਹੈ।

''ਸਾਡੇ ਪੁਰਖਿਆਂ ਨੇ ਸਾਨੂੰ ਦੱਸਿਆ ਸੀ ਕਿ ਸੀਤਾਰਾਮ ਰਾਜੂ ਆਦਿਵਾਸੀਆਂ ਲਈ ਕਿਵੇਂ ਲੜੇ,'' ਕੋਂਡਾਪੱਲੀ ਦੇ ਪੋਟਵ ਕਾਮਰਾਜ ਦੱਸਦੇ ਹਨ। ਕੀ ਕਾਮਰਾਜ ਆਪਣੀ ਜ਼ਮੀਨ ਵਾਪਸ ਲੈਣ ਲਈ ਅੱਜ ਲੜਨਗੇ? ''ਹਾਂ। ਅਸੀਂ ਜਦੋਂ ਵੀ ਇੰਝ ਕਰਦੇ ਹਾਂ ਤਾਂ ਪੁਲਿਸ ਸਦਾ ਨਾਇਡੂਆਂ ਅਤੇ ਅਮੀਰਾਂ ਦੀ ਮਦਦ ਕਰਦੀ ਹੈ। ਪਰ, ਸਾਨੂੰ ਆਪਣੀ ਤਾਕਤ 'ਤੇ ਭਰੋਸਾ ਹੈ ਅਤੇ ਇੱਕ ਨਾ ਇੱਕ ਦਿਨ ਅਸੀਂ ਜ਼ਰੂਰ ਲੜਾਂਗੇ।''

PHOTO • P. Sainath

ਸੀਤਾਰਾਮ ਰਾਜੂ ਦਾ ਅੱਧ-ਧੜੀ ਬੱਤ੍ਹ

ਜਾਪਦਾ ਹੈ ਹੈੱਡ ਕਾਂਸਟੇਬਲ ਦਾ ਪੁਲਿਸ ਸਟੇਸ਼ਨ 'ਤੇ ਹਮਲਾ ਹੋਣ ਸਬੰਧੀ ਖ਼ਦਸ਼ਾ ਸਹੀ ਸੀ। ਇਹ ਹਮਲਾ ਅੱਜ ਦੁਪਹਿਰ ਵੀ ਹੋ ਸਕਦਾ ਸੀ।

ਤਸਵੀਰਾਂ : ਪੀ. ਸਾਈਨਾਥ


ਇਹ ਸਟੋਰੀ ਸਭ ਤੋਂ ਪਹਿਲਾਂ ਟਾਈਮਜ਼ ਆਫ਼ ਇੰਡੀਆ ਦੇ 26 ਅਗਸਤ 1997 ਦੇ ਅੰਕ ਵਿੱਚ ਛਪੀ।

ਇਸ ਲੜੀ ਵਿੱਚ ਹੋਰ ਕਹਾਣੀਆਂ ਹਨ :

ਜਦੋਂ ਸਾਲੀਹਾਨ ਨੇ ਰਾਜ ਨਾਲ਼ ਮੁਕਾਬਲ ਕੀਤਾ

ਪਨੀਮਾਰਾ ਦੀ ਅਜ਼ਾਦੀ ਦੇ ਪੈਦਲ ਸਿਪਾਹੀ-1

ਪਨੀਮਾਰਾ ਦੀ ਅਜ਼ਾਦੀ ਦੇ ਪੈਦਲ ਸਿਪਾਹੀ-2

ਲਕਸ਼ਮੀ ਪਾਂਡਾ ਦੀ ਆਖ਼ਰੀ ਲੜਾਈ

ਅਹਿੰਸਾ ਦੇ ਨੌ ਦਹਾਕੇ

ਸ਼ੇਰਪੁਰ: ਵੱਡੀ ਕੁਰਬਾਨੀ, ਛੋਟੀ ਯਾਦ

ਸੋਨਾਖਾਨ: ਜਦੋਂ ਵੀਰ ਨਰਾਇਣ ਸਿੰਘ ਦੋ ਵਾਰ ਮਰੇ

ਕੈਲੀਅਸਰੀ: ਸੁਮੁਕਨ ਦੀ ਖੋਜ ਵਿੱਚ

ਕੈਲੀਅਸਰੀ: ਉਮਰ ਦੇ 50ਵੇਂ ਵਰ੍ਹੇ ਵੀ ਲੜਦੇ ਹੋਏ


ਤਰਜਮਾ: ਕਮਲਜੀਤ ਕੌਰ

P. Sainath is Founder Editor, People's Archive of Rural India. He has been a rural reporter for decades and is the author of 'Everybody Loves a Good Drought' and 'The Last Heroes: Foot Soldiers of Indian Freedom'.

Other stories by P. Sainath
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur