ਮਹੇਂਦਰ ਫੁਤਾਤੇ 5 ਮਈ ਨੂੰ ਕੋਵਿਡ-19 ਦੇ ਟੀਕੇ ਦੀ ਪਹਿਲੀ ਖ਼ੁਰਾਕ ਲੈਣ ਲਈ ਘਰੋਂ ਗਏ। ਉਹ 12 ਦਿਨਾਂ ਬਾਅਦ ਮੁੜੇ। "ਅਸੀਂ ਉਸ ਦਿਨ ਨੂੰ ਕਾਫੀ ਉਤਸ਼ਾਹੀ ਮੰਨ ਕੇ ਚੱਲ ਰਹੇ ਸਾਂ," ਉਹ ਕਹਿੰਦੇ ਹਨ। "ਇਹ ਤਾਂ ਇੱਕ ਬੁਰਾ ਸੁਪਨਾ ਬਣ ਕੇ ਸਾਹਮਣੇ ਆਇਆ।"

ਇਸ ਤੋਂ ਪਹਿਲਾਂ ਕਿ ਮਹੇਂਦਰ ਨੂੰ ਟੀਕਾ ਲੱਗ ਪਾਉਂਦਾ, ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ।

ਮਹਾਰਾਸ਼ਟਰ ਦੇ ਬੀਡ ਜਿਲ੍ਹੇ ਦੇ ਨੇਕਨੂਰ ਪਿੰਡ ਦੇ ਵਾਸੀ 43 ਸਾਲਾ ਮਹੇਂਦਰ ਨੇ ਕਈ ਕੋਸ਼ਿਸ਼ਾਂ ਤੋਂ ਬਾਅਦ  CoWIN ਪਲੇਟਫਾਰਮ 'ਤੇ ਅਪਾਇੰਟਮੈਂਟ ਬੁੱਕ ਕਰ ਹੀ ਲਈ। ''ਮੈਨੂੰ ਇਸ ਗੱਲ ਦੀ ਪੁਸ਼ਟੀ ਕਰਦਾ ਇੱਕ ਐੱਸਐੱਮਐੱਸ ਪ੍ਰਾਪਤ ਹੋਇਆ ਕਿ ਸਵੇਰੇ (5 ਮਈ ਨੂੰ) 9 ਅਤੇ 11 ਵਜੇ ਅਪਾਇੰਟਮੈਂਟ ਬੁੱਕ ਹੋਈ ਹੈ,'' ਉਹ ਕਹਿੰਦੇ ਹਨ। ਉਨ੍ਹਾਂ ਨੂੰ ਆਪਣੇ ਲਈ ਅਤੇ ਹੋਰਨਾਂ ਪਰਿਵਾਰਕ ਮੈਂਬਰਾਂ ਜੋ ਸਾਰੇ ਹੀ 45 ਸਾਲਾਂ ਤੋਂ ਘੱਟ ਹਨ, ਲਈ ਇੱਕ ਨੰਬਰ ਮਿਲ਼ਿਆ। ''ਅਸੀਂ ਟੀਕੇ ਦੀ ਆਪਣੀ ਪਹਿਲੀ ਖ਼ੁਰਾਕ ਦੇ ਲਾਏ ਜਾਣ ਦੀ ਉਡੀਕ ਕਰ ਰਹੇ ਸਾਂ। ਕੋਵਿਡ-19 ਦੀ ਦੂਜੀ ਲਹਿਰ ਕਾਫੀ ਡਰਾਉਣੀ ਹੋ ਚੁੱਕੀ ਹੈ,'' ਮਹੇਂਦਰ ਕਹਿੰਦੇ ਹਨ।

ਜਿਓਂ ਹੀ ਪਰਿਵਾਰ ਨੇਕਨੂਰ ਤੋਂ 25 ਕਿਲੋਮੀਟਰ ਦੂਰ ਸਥਿਤ ਬੀਡ ਸ਼ਹਿਰ ਦੇ ਕੇਂਦਰ ਅਪੜਿਆ ਤਾਂ ਉਨ੍ਹਾਂ ਦੀਆਂ ਸਾਰੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ। ਕੇਂਦਰ ਵਿਖੇ ਟੀਕੇ ਦੀ ਘਾਟ ਕਾਰਨ 18-44 ਉਮਰ ਵਰਗ ਵਾਲ਼ਿਆਂ ਦਾ ਟੀਕਾਕਰਨ ਰੋਕ ਦਿੱਤਾ ਗਿਆ ਸੀ। ''ਉੱਥੇ ਪੁਲਿਸ ਤੈਨਾਤ ਸੀ,'' ਮਹੇਂਦਰ ਕਹਿੰਦੇ ਨਹ। ''ਅਸੀਂ ਉਨ੍ਹਾਂ ਨੂੰ ਅਪਾਇੰਟਮੈਂਟ ਦੀ ਪੁਸ਼ਟੀ ਕਰਦਾ ਐੱਸਐੱਮਐੱਸ ਦਿਖਾਇਆ। ਪਰ ਉਨ੍ਹਾਂ ਨੇ ਅੱਗੋਂ ਖਰ੍ਹਵਾ ਜਵਾਬ ਦਿੱਤਾ।''

ਪੁਲਿਸ ਅਤੇ ਕਤਾਰ ਵਿੱਚ ਲੱਗੇ ਲੋਕਾਂ ਦਰਮਿਆਨ ਬਹਿਸ ਹੋਣ ਲੱਗੀ। ਇਸ ਬਹਿਸ ਦਾ ਅੰਤ ਲਾਠੀਚਾਰਜ ਦੇ ਰੂਪ ਵਿੱਚ ਹੋਇਆ ਅਤੇ 6 ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਜਿਨ੍ਹਾਂ ਵਿੱਚ ਮਹੇਂਦਰ, ਉਨ੍ਹਾਂ ਦੇ ਪੁੱਤਰ ਪਾਰਥ, ਭਰਾ ਨਿਤਿਨ ਅਤੇ ਚਚੇਰਾ ਭਰਾ, ਵਿਵੇਕ ਵੀ ਸ਼ਾਮਲ ਸਨ।

ਕੇਂਦਰ ਵਿਖੇ ਮੌਜੂਦ ਇੱਕ ਕਾਂਸਟੇਬਲ ਅਨੁਰਾਧਾ ਗਵ੍ਹਨੇ ਦੁਆਰਾ ਘਟਨਾ ਬਾਬਤ ਦਾਇਰ ਕੀਤੀ ਗਈ ਪਹਿਲੀ ਸੂਚਨਾ ਰਿਪੋਰਟ (ਐੱਫਆਈਆਰ) ਵਿੱਚ, ਛੇ ਜਣਿਆਂ ਨੂੰ ਲਾਈਨ ਤੋੜਨ ਅਤੇ ਪੁਲਿਸ ਕਰਮੀਆਂ ਨਾਲ਼ ਕੁੱਟਮਾਰ ਕਰਨ ਦਾ ਦੋਸ਼ੀ ਮੰਨਿਆ। ਐੱਫਆਈਆਰ ਕਹਿੰਦੀ ਹੈ ਕਿ ਉਨ੍ਹਾਂ ਨੇ ਕਾਂਸਟੇਬਨ ਨੂੰ ਗਾਲ੍ਹਾਂ ਕੱਢੀਆਂ ਅਤੇ ਅਪਮਾਨਤ ਕੀਤਾ ਅਤੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਗਿਆਰ੍ਹਾਂ ਤਰ੍ਹਾਂ ਦੇ ਦੋਸ਼ ਲਾਈ ਗਏ ਜਿਨ੍ਹਾਂ ਵਿੱਚ ਗੈਰ-ਕਨੂੰਨੀ ਤਰੀਕੇ ਨਾਲ਼ ਇਕੱਠੇ ਹੋਣ, ਲੁੱਟ-ਖੋਹ ਕਰਨ, ਜਨਤਕ ਸੇਵਕ ਨੂੰ ਨੁਕਸਾਨ ਪਹੁੰਚਾਉਣ ਅਤੇ ਸ਼ਾਂਤੀ ਭੰਗ ਕਰਨ ਦੇ ਦੋਸ਼ ਸ਼ਾਮਲ ਸਨ।

Mahendra Phutane was given an appointment for getting vaccinated, but he couldn't get the first dose because of a shortage of vaccines
PHOTO • Parth M.N.

ਮਹੇਂਦਰ ਫੁਤਾਨੇ ਨੂੰ ਟੀਕਾਕਰਨ ਵਾਸਤੇ ਅਪਾਇੰਟਮੈਂਟ ਦਿੱਤੀ ਗਈ ਸੀ ਪਰ ਉਨ੍ਹਾਂ ਨੂੰ ਟੀਕੇ ਦੀ ਕਿੱਲਤ ਕਾਰਨ ਪਹਿਲੀ ਖ਼ੁਰਾਕ ਨਹੀਂ ਮਿਲ਼ ਸਕੀ

ਪਰ ਮਹੇਂਦਰ ਨੇ ਸਾਰੇ ਅਰੋਪਾਂ ਦਾ ਖੰਡਨ ਕੀਤਾ। ''ਬਹਿਸ ਤਾਂ ਹੋਈ ਸੀ, ਪਰ ਪਹਿਲਾਂ ਪੁਲਿਸ ਨੇ ਬਲ ਇਸਤੇਮਾਲ ਕੀਤਾ। ਉਨ੍ਹਾਂ ਸਾਨੂੰ ਥਾਣੇ ਲਿਜਾ ਕੇ ਵੀ ਕੁੱਟਿਆ,'' ਉਹ ਕਹਿੰਦੇ ਹਨ। ਉਨ੍ਹਾਂ ਨੇ 39 ਸਾਲਾ ਨਿਤਿਨ ਨੂੰ ਵੀ ਨਹੀਂ ਬਖਸ਼ਿਆ, ਜੋ ਸਿਜ਼ੋਫ੍ਰੇਨੀਆ (ਮਾਨਸਿਕ ਵਿਕਾਰ) ਤੋਂ ਪੀੜਤ ਹਨ, ਮਹੇਂਦਰ ਅੱਗੇ ਦੱਸਦੇ ਹਨ। ''ਉਨ੍ਹਾਂ ਨੇ ਉਹਨੂੰ ਵੀ ਕੁੱਟਿਆ। ਉਹ ਵੀ ਇਸ ਘਟਨਾ ਤੋਂ ਬਾਅਦ ਕਾਫੀ ਪਰੇਸ਼ਾਨ ਹੈ। ਸਾਨੂੰ ਸਦਾ ਆਪਣੀ ਨਜ਼ਰ ਉਸ 'ਤੇ ਰੱਖਣੀ ਪੈਂਦੀ ਹੈ। ਉਹਨੇ ਜੇਲ੍ਹ ਅੰਦਰ ਆਪਣੀ ਨਾੜ (ਗੁੱਟ ਦੀ) ਵੱਢਣ ਦੀ ਕੋਸ਼ਿਸ਼ ਵੀ ਕੀਤੀ।''

17 ਮਈ ਨੂੰ ਰਿਹਾਅ ਹੋਣ ਤੋਂ ਬਾਅਦ ਮਹੇਂਦਰ ਨੇ ਮੈਨੂੰ ਆਪਣੇ ਜ਼ਖਮਾਂ ਦੀਆਂ ਤਸਵੀਰਾਂ ਦਿਖਾਈਆਂ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰੀਰ 'ਤੇ ਪਏ ਕਾਲ਼ੇ ਅਤੇ ਨੀਲੇ ਰੰਗ ਦੇ ਨਿਸ਼ਾਨ 5 ਮਈ ਨੂੰ ਉਨ੍ਹਾਂ 'ਤੇ ਹੋਏ ਲਾਠੀਚਾਰਜ ਦੀ ਗਵਾਹੀ ਭਰਦੇ ਸਨ। ''ਇਹ ਸਭ ਬਗੈਰ ਕਿਸੇ ਕਾਰਨ ਦੇ ਕੀਤਾ ਜਾ ਰਿਹਾ ਸੀ,'' ਉਹ ਕਹਿੰਦੇ ਹਨ। ''ਜੇਕਰ ਉਨ੍ਹਾਂ ਕੋਲ਼ ਕਾਫੀ ਟੀਕੇ ਨਹੀਂ ਸਨ ਤਾਂ ਉਨ੍ਹਾਂ ਨੇ ਇਨ੍ਹਾਂ ਨੂੰ ਆਮ ਲੋਕਾਈ ਲਈ ਖੋਲ੍ਹਿਆ ਹੀ ਕਿਉਂ?''

ਕੋਵਿਡ-19 ਟੀਕਾਕਰਨ ਅਭਿਆਨ 16 ਜਨਵਰੀ, 2021 ਨੂੰ ਪੜਾਅਬੱਧ ਤਰੀਕੇ ਨਾਲ਼ ਸ਼ੁਰੂ ਕੀਤਾ ਗਿਆ, ਪਰ ਟੀਕਿਆਂ ਦੀ ਕਿੱਲਤ ਨੇ ਇਸ ਅਭਿਆਨ ਨੂੰ ਵਿਚਾਲੇ ਰੋਕ ਦਿੱਤਾ। ਸਭ ਤੋਂ ਪਹਿਲਾਂ ਸਿਹਤ ਕਰਮੀਆਂ ਅਤੇ ਫਰੰਟਲਾਈਨ ਵਰਕਰਾਂ ਦਾ ਟੀਕਾਕਰਨ ਕੀਤਾ ਗਿਆ।

1 ਮਾਰਚ ਤੋਂ 60 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਲੋਕ ਟੀਕੇ ਲਵਾਉਣ ਵਾਸਤੇ ਯੋਗ ਸਨ। ਪਰ ਸਮੱਸਿਆ ਅਪ੍ਰੈਲ ਵਿੱਚ ਸ਼ੁਰੂ ਹੋਈ ਜਦੋਂ 45 ਤੋਂ 59 ਸਾਲ ਦੀ ਉਮਰ ਦੇ ਲੋਕਾਂ ਨੇ ਟੀਕਾ ਲਵਾਉਣਾ ਸ਼ੁਰੂ ਕਰ ਦਿੱਤਾ- ਜਿਸ ਕਰਕੇ ਖੁਰਾਕਾਂ ਦੀ ਗਿਣਤੀ ਵਿੱਚ ਕਿੱਲਤ ਆਉਣ ਲੱਗੀ।

ਕੇਂਦਰ ਵੱਲੋਂ ਟੀਕਿਆਂ ਦੀ ਕਾਣੀ ਵੰਡ ਨੂੰ ਕਿੱਲਤ ਦਾ ਨਾਮ ਦਿੱਤੇ ਜਾਣ ਬਾਬਤ ਦੱਸਦਿਆਂ ਮਹਾਰਾਸ਼ਟਰ ਦੇ ਸਿਹਤ ਮੰਤਰੀ, ਰਾਜੇਸ਼ ਟੋਪੇ ਪ੍ਰੈਸ ਟ੍ਰਸਟ ਆਫ਼ ਇੰਡੀਆ ਨੂੰ ਦੱਸਿਆ,''ਮਹਾਰਾਸ਼ਟਰ ਨੂੰ ਵੀਰਵਾਰ (8 ਅਪ੍ਰੈਲ) ਤੱਕ 7.5 ਲੱਖ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਗਈਆਂ। ਜਦੋਂ ਕਿ ਉੱਤਰ ਪ੍ਰਦੇਸ਼ ਨੂੰ 48 ਲੱਖ ਖੁਰਾਕਾਂ, ਮੱਧ ਪ੍ਰਦੇਸ਼ ਨੂੰ 40 ਲੱਖ, ਗੁਜਰਾਤ ਨੂੰ 30 ਲੱਖ ਅਤੇ ਹਰਿਆਣਆ ਨੂੰ 24 ਲੱਖ ਖੁਰਾਕਾਂ ਦਿੱਤੀਆਂ ਗਈਆਂ।'' ਇਸ ਰਾਜ ਵੱਚ ਸਭ ਤੋਂ ਵੱਧ ਐਕਟਿਵ ਮਾਮਲੇ ਹਨ ਅਤੇ ਇੱਥੇ ਹੀ ਸਭ ਤੋਂ ਵੱਧ ਸੰਖਿਆ ਵਿੱਚ ਟੀਕੇ ਲਗਾਏ ਜਾ ਰਹੇ ਸਨ।

ਰਾਜ (ਮਹਾਰਾਸ਼ਟਰ) ਅੰਦਰ ਅਪ੍ਰੈਲ ਅਤੇ ਮਈ ਦੌਰਾਨ ਟੀਕੇ ਦੀ ਕਿੱਲਤ ਬਣੀ ਰਹੀ। ਉਨ੍ਹਾਂ ਦਿਨਾਂ ਵਿੱਚ ਵੀ ਕਿੱਲਤ ਬਣੀ ਰਹੀ ਜਦੋਂ 18-44 ਸਾਲ ਉਮਰ ਵਰਗ ਦੇ ਲੋਕਾਂ ਨੂੰ ਟੀਕੇ ਉਪਲਬਧ ਕਰਾਏ ਜਾ ਰਹੇ ਸਨ, ਇਹ ਪ੍ਰਕਿਰਿਆ ਵੀ ਰੋਕ ਦਿੱਤੀ ਗਈ। ਰਾਜ ਸਰਕਾਰ ਨੇ ਬਜ਼ੁਰਗਾਂ ਨੂੰ ਟੀਕੇ ਲਾਉਣਾ ਜਾਰੀ ਰੱਖਣ ਦਾ ਫੈਸਲਾ ਕੀਤਾ।

ਟੀਕਿਆਂ ਦੀ ਘਾਟ ਕਾਰਨ ਅੰਦਰੂਨੀ ਇਲਾਕਿਆਂ ਵਿੱਚ ਟੀਕਾਕਰਨ ਅਭਿਆਨ ਦੀ ਚਾਲ ਮੱਠੀ ਹੈ।

31 ਮਈ ਮੁਤਾਬਕ ਬੀਡ ਜਿਲ੍ਹੇ ਵਿੱਚ, ਸਿਰਫ਼ 14.4 ਫੀਸਦੀ- ਕਰੀਬ 2.94 ਲੱਖ ਲੋਕਾਂ ਨੂੰ ਹੀ ਟੀਕੇ ਦੀਆਂ ਆਪਣੀ ਪਹਿਲੀਆਂ ਖ਼ੁਰਾਕਾਂ ਪ੍ਰਾਪਤ ਹੋਈਆਂ। ਸਿਰਫ਼ 4.5 ਫੀਸਦ ਲੋਕਾਂ ਨੂੰ ਹੀ ਦੋਵੇਂ ਖ਼ੁਰਾਕਾਂ ਮਿਲ਼ੀਆਂ ਹਨ।

ਜਿਲ੍ਹਾ ਟੀਕਾਕਰਨ ਅਧਿਕਾਰੀ ਸੰਜੈ ਕਦਮ ਦਾ ਕਹਿਣਾ ਹੈ ਕਿ ਬੀਡ ਦਾ ਟੀਚਾ ਹਰ ਉਮਰ ਵਰਗ ਦੇ 20.4 ਲੱਖ ਲੋਕਾਂ ਦਾ ਟੀਕਾਕਰਨ ਕਰਨਾ ਹੈ। 31 ਮਈ ਮੁਤਾਬਕ ਬੀਡ ਜਿਲ੍ਹੇ ਵਿੱਚ, ਸਿਰਫ਼ 14.4 ਫੀਸਦੀ- ਕਰੀਬ 2.94 ਲੱਖ ਲੋਕਾਂ ਨੂੰ ਹੀ ਟੀਕੇ ਦੀਆਂ ਆਪਣੀ ਪਹਿਲੀਆਂ ਖ਼ੁਰਾਕਾਂ ਪ੍ਰਾਪਤ ਹੋਈਆਂ। ਸਿਰਫ਼ 4.5 ਫੀਸਦ ਲੋਕਾਂ ਨੂੰ ਹੀ ਦੋਵੇਂ ਖ਼ੁਰਾਕਾਂ ਮਿਲ਼ੀਆਂ ਹਨ।

45 ਸਾਲ ਜਾਂ ਇਸ ਤੋਂ ਵੱਧ ਉਮਰ ਦੇ 9.1 ਲੱਖ, 25.7 ਫੀਸਦ ਨੇ ਪਹਿਲੀ ਖ਼ੁਰਾਕ ਪ੍ਰਾਪਤ ਕੀਤੀ ਹੈ ਪਰ ਸਿਰਫ਼ 7 ਫੀਸਦ ਨੇ ਹੀ ਦੂਜੀ ਖ਼ੁਰਾਕ ਵੀ ਪ੍ਰਾਪਤ ਕੀਤੀ ਹੈ। 31 ਮਈ ਤੱਕ ਬੀਡ ਅੰਦਰ 18-44 ਉਮਰ ਵਰਗ ਦੇ 11 ਲੱਖ ਲੋਕਾਂ ਵਿੱਚੋਂ, ਸਿਰਫ਼ 11,700-ਕਰੀਬ 1 ਫੀਸਦ ਲੋਕਾਂ ਨੂੰ ਹੀ ਉਨ੍ਹਾਂ ਦੀ ਪਹਿਲੀ ਖ਼ੁਰਾਕ ਪ੍ਰਾਪਤ ਹੋਈ ਸੀ।

ਮਹਾਰਾਸ਼ਟਰ ਅੰਦਰ Covishield ਅਤੇ Covaxin ਦੋਵੇਂ ਟੀਕੇ ਹੀ ਲਾਏ ਜਾ ਰਹੇ ਹਨ, ਬਹੁਤੇਰੀਆਂ ਖ਼ੁਰਾਕਾਂ Covishield ਦੀਆਂ ਹਨ। ਬੀਡ ਦੇ ਟੀਕਾਕਰਨ ਕੇਂਦਰਾਂ ਨੂੰ, ਜੋ ਸਰਕਾਰ ਦੁਆਰਾ ਚਲਾਏ ਜਾਂਦੇ ਹਨ, ਟੀਕੇ ਰਾਜ ਕੋਟੇ ਵਿੱਚੋਂ ਮਿਲ਼ਦੇ ਹਨ ਅਤੇ ਲਾਭਪਾਤਰੀਆਂ ਨੂੰ ਮੁਫ਼ਤ ਦਿੱਤੇ ਜਾਂਦੇ ਹਨ।

ਪਰ 400 ਕਿਲੋਮੀਟਰ ਦੂਰ, ਮੁੰਬਈ ਦੇ ਨਿੱਜੀ ਹਸਪਤਾਲਾਂ ਵਿੱਚ ਟੀਕੇ ਦੀ ਇੱਕੋ ਖ਼ੁਰਾਕ ਬਦਲੇ 800-1,500 ਰੁਪਏ ਉਗਰਾਹੇ ਜਾ ਰਹੇ ਹਨ। ਅਮੀਰ ਲੋਕ ਅਤੇ ਸ਼ਹਿਰੀ ਮੱਧ ਵਰਗ ਟੀਕਾਕਰਨ ਲਈ ਭੁਗਤਾਨ ਕਰ ਰਹੇ ਹਨ। ਇੰਡੀਅਨ ਐਕਸਪ੍ਰੈੱਸ ਦੀ ਰਿਪੋਰਟ ਮੁਤਾਬਕ, ਇਹ ਲੋਕ Covishield ਦੇ ਖਰੀਦ ਮੁੱਲ ਤੋਂ 16-66 ਫੀਸਦ ਅਤੇ Covaxin ਦੇ ਖਰੀਦ ਮੁੱਲ ਨਾਲੋਂ 4 ਫੀਸਦ ਵਾਧੂ ਭੁਗਤਾਨ ਕਰ ਰਹੇ ਹਨ।

ਨਿੱਜੀ ਹਸਪਤਾਲਾਂ ਨੂੰ ਦੇਸ਼ ਵਿੱਚ ਤਿਆਰ ਟੀਕੇ ਦਾ 25 ਫੀਸਦ ਦੇਣਾ ਕੇਂਦਰ ਸਰਕਾਰ ਦੀ ਨਵੀਂ ਰਾਸ਼ਟਰੀ ਟੀਕਾਕਰਨ ਨੀਤੀ ਦਾ ਹਿੱਸਾ ਹੈ, ਜਿਹਨੂੰ 1 ਮਈ ਤੋਂ ਅਮਲ ਵਿੱਚ ਲਿਆਂਦਾ ਗਿਆ। ਨਿੱਜੀ ਹਸਪਤਾਲਾਂ ਦੇ ਜ਼ਰੀਏ ਖਰੀਦੀਆਂ ਗਈਆਂ ਖ਼ੁਰਾਕਾਂ ਦੀ ਵਰਤੋਂ 18-44 ਉਮਰ ਵਰਗ ਦੇ ਲੋਕਾਂ ਲਈ ਕੀਤੀ ਜਾ ਰਹੀ ਹੈ।

At first, Prasad Sarvadnya was hesitant to get vaccinated. He changed his mind when cases of Covid-19 started increasing in Beed
PHOTO • Parth M.N.

ਸ਼ੁਰੂ ਵਿੱਚ, ਪ੍ਰਸਾਦ ਸਰਵਾਦਨਯਾ ਨੂੰ ਟੀਕਾ ਲਵਾਉਣ ਤੋਂ ਝਿਜਕ ਸੀ। ਪਰ ਬੀਡ ਅੰਦਰ ਜਿਓਂ ਹੀ ਕੋਵਿਡ-19 ਦੇ ਮਾਮਲੇ ਰਫ਼ਤਾਰ ਫੜ੍ਹਨ ਲੱਗੇ, ਉਨ੍ਹਾਂ ਨੇ ਆਪਣਾ ਮਨ ਬਦਲ ਲਿਆ

ਹਾਲਾਂਕਿ ਭਾਰਤ ਦੀ ਸੁਪਰੀਮ ਕੋਰਟ ਨੇ ਕੇਂਦਰ ਦੀ ਟੀਕਾਕਰਨ ਨੀਤੀ ਦੀ ਸਖ਼ਤ ਅਲੋਚਨਾ ਕੀਤੀ ਹੈ। 2 ਜੂਨ ਨੂੰ, ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਕਿ ਰਾਜਾਂ ਅਤੇ ਨਿੱਜੀ ਹਸਪਤਾਲਾਂ ਦੇ 25 ਫੀਸਦੀ ਕੋਟੇ ਦਾ ਬਰਾਬਰ ਹੋਣਾ ਹੀ, ''ਬਹੁਤ ਹੀ ਅਸੰਗਤ ਅਤੇ ਸਮਾਜਿਕ ਹਕੀਕਤ ਤੋਂ ਕੋਹਾਂ ਦੂਰ ਹੈ।'' ਅਦਾਲਤ ਨੇ ਅੱਗੇ ਕਿਹਾ ਕਿ ''ਜੇਕਰ ਆਪਣੀ ਬਹੁਗਿਣਤੀ ਲੋਕਾਈ ਲਈ ਟੀਕਿਆਂ ਦਾ ਬੋਝ ਰਾਜਾਂ ਨੇ ਚੁੱਕਣਾ ਹੀ ਹੈ ਤਾਂ ਨਿੱਜੀ ਹਸਪਤਾਲਾਂ ਲਈ ਉਪਲਬਧ ਕੋਟਾ ਘਟਾਇਆ ਜਾਣਾ ਚਾਹੀਦਾ ਹੈ।''

ਸ਼ਹਿਰੀ ਅਤੇ ਗ੍ਰਾਮੀਣ ਇਲਾਕਿਆਂ ਵਿੱਚ ਇੰਟਨੈੱਟ ਦੀ ਅਸੁਖਾਵੀਂ ਪਹੁੰਚ ਕਾਰਨ, 18-44 ਉਮਰ ਵਰਗ ਦੇ ਉਨ੍ਹਾਂ ਲੋਕਾਂ ਦਰਮਿਆਨ ਅਸਮਾਨ ਟੀਕਾਕਰਨ ਨੂੰ ਜਨਮ ਦਿੱਤਾ, ਜੋ ਸਿਰਫ਼ CoWIN ਪਲੇਟਫਾਰਮ ਜ਼ਰੀਏ ਅਪਾਇੰਟਮੈਂਟ ਪ੍ਰਾਪਤ ਕਰ ਸਕਦੇ ਹਨ। ਸੁਪਰੀਮ ਕੋਰਟ ਨੇ ਕਿਹਾ:''ਇਸ ਦੇਸ਼ ਦੀ 18-44 ਸਾਲ ਦੇ ਉਮਰ ਵਰਗ ਵਿਚਕਾਰ ਇੱਕ ਮਹੱਤਵਪੂਰਨ ਅਬਾਦੀ ਦਾ ਟੀਕਾਕਰਨ ਕਰਨ ਲਈ ਇੱਕ ਡਿਜੀਟਲ ਪੋਰਟਲ 'ਤੇ ਵਿਸ਼ੇਸ਼ ਰੂਪ ਨਾਲ਼ ਨਿਰਭਰ ਟੀਕਾਕਰਨ ਨੀਤੀ ਇਸ ਤਰ੍ਹਾਂ ਦੀ ਡਿਜੀਟਲ ਵੰਡ ਦੇ ਕਾਰਨ ਸਰਵ-ਵਿਆਪੀ ਟੀਕਾਕਰਨ ਦੇ ਆਪਣੇ ਟੀਚੇ ਨੂੰ ਪੂਰਿਆ ਕਰਨ ਵਿੱਚ ਅਸਮਰੱਥ ਰਹੇਗੀ।''

2017-18 ਵਿੱਚ ਦਰਜ਼ ਰਾਸ਼ਟਰੀ ਨਮੂਨਾ ਸਰਵੇਖਣ ਮੁਤਾਬਕ, ਮਹਾਰਾਸ਼ਟਰ ਵਿੱਚ ਸਿਰਫ਼ 18.5 ਫੀਸਦ ਘਰਾਂ ਵਿੱਚ ਹੀ ਇੰਟਰਨੈੱਟ ਦੀ ਵਰਤੋਂ ਹੁੰਦੀ ਹੈ। ਅਤੇ ਗ੍ਰਾਮੀਣ ਮਹਾਰਾਸ਼ਟਰ ਵਿੱਚ 6 ਵਿਅਕਤੀਆਂ ਵਿੱਚੋਂ ਸਿਰਫ਼ ਇੱਕੋ ਵਿਅਕਤੀ ਕੋਲ਼ ''ਇੰਟਰਨੈੱਟ ਵਰਤਣ ਦੀ ਸਮਰੱਥਾ'' ਹੈ। ਔਰਤਾਂ ਦੀ ਗੱਲ ਕਰੀਏ ਤਾਂ ਇਹ ਸਹੂਲਤ 11 ਵਿੱਚੋਂ 1 ਔਰਤ ਨੂੰ ਹੀ ਪ੍ਰਾਪਤ ਹੈ।

ਇਸ ਅਨੁਪਾਤ ਮੁਤਾਬਕ, ਜੇਕਰ ਮਹਾਂਮਾਰੀ ਦੀ ਤੀਜੀ ਲਹਿਰ ਫੁੱਟਦੀ ਹੈ ਤਾਂ ਤਕਨੀਕੀ ਵਰਤੋਂਕਾਰ, ਅਮੀਰ ਅਤੇ ਸ਼ਹਿਰੀ ਮੱਧ ਵਰਗ ਭਾਰਤੀ ਹੀ ਸੁਰੱਖਿਅਤ ਰਹਿਣਗੇ। ਓਸਮਾਨਾਬਾਦ ਜਿਲ੍ਹਾ ਹਸਤਪਾਲ ਦੇ ਸਾਬਕਾ ਸਿਵਲ ਸਰਜਨ ਡਾ. ਰਾਜ ਕੁਮਾਰ ਗਲਾਂਡੇ ਕਹਿੰਦੇ ਹਨ,''ਪਰ ਬੀਡ ਜਿਹੀਆਂ ਥਾਵਾਂ 'ਤੇ ਰਹਿਣ ਵਾਲ਼ੇ ਲੋਕਾਂ ਨੂੰ ਮਹਾਂਮਾਰੀ ਦਾ ਖ਼ਤਰਾ ਬਣਿਆ ਰਹੇਗਾ।''

ਡਾ. ਗਲਾਂਡੇ ਦਾ ਮੰਨਣਾ ਹੈ ਕਿ ਜੇਕਰ ਟੀਕਾਕਰਨ ਵਿੱਚ ਤੇਜੀ ਨਾ ਆਈ ਤਾਂ ਇਹ ਕਈ ਲੋਕਾਂ ਲਈ ਖ਼ਤਰੇ ਦਾ ਸਬਬ ਬਣਿਆ ਰਹੇਗਾ। ਉਹ ਕਹਿੰਦੇ ਹਨ,''ਗ੍ਰਾਮੀਣ ਇਲਾਕਿਆਂ ਵਿੱਚ ਹਾਲਾਤ ਹੋਰ ਵੀ ਖ਼ਰਾਬ ਹਨ ਕਿਉਂਕਿ ਸਿਹਤ ਢਾਂਚਾ ਸ਼ਹਿਰੀ ਇਲਾਕਿਆਂ ਵਾਂਗਰ ਚੰਗਾ ਨਹੀਂ ਹੈ। ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਲਈ ਸਾਨੂੰ ਆਪਣੇ ਪਿੰਡਾਂ ਦਾ ਟੀਕਾਕਰਨ ਕਰਨ ਦੀ ਲੋੜ ਹੈ।''

Sangeeta Kale, a 55-year-old farmer in Neknoor village, hasn't taken the vaccine because she's afraid of falling ill afterwards
PHOTO • Parth M.N.

ਨੈਕਨੂਰ ਪਿੰਡ ਦੀ 55 ਸਾਲਾ ਕਿਸਾਨ ਸੰਗੀਤਾ ਕਾਲੇ ਨੇ ਹਾਲੇ ਤੀਕਰ ਟੀਕਾ ਨਹੀਂ ਲਵਾਇਆ ਕਿਉਂਕਿ ਉਹ ਟੀਕੇ ਤੋਂ ਬਾਅਦ ਹੋਣ ਵਾਲ਼ੇ ਬੁਖਾਰ/ਬੀਮਾਰੀ ਤੋਂ ਡਰਦੀ ਹਨ

ਹਾਲਾਂਕਿ ਸਰਕਾਰੀ ਪੱਧਰ 'ਤੇ ਤਾਗੀਦ (ਅਤਿ-ਜਰੂਰੀ) ਦੀ ਕਮੀ ਹੈ, ਪਰ ਬੀਡ ਦੇ ਲੋਕ ਇਹਨੂੰ ਜਲਦੀ ਤੋਂ ਜਲਦੀ ਲਾਗੂ ਕਰਨਾ ਚਾਹੁੰਦੇ ਹਨ। ''ਸ਼ੁਰੂਆਤ ਵਿੱਚ, ਲੋਕ ਝਿਜਕ ਰਹੇ ਸਨ ਅਤੇ ਡਾਵਾਂਡੋਲ ਸਨ। ਮੈਂ ਉਸੇ ਹਾਲਤ ਵਿੱਚ ਸਾਂ,'' 48 ਸਾਲਾ ਪ੍ਰਸਾਦ ਸਰਵਾਦਨਯਾ ਕਹਿੰਦੇ ਹਨ, ਜੋ ਨੇਕਨੂਰ ਵਿੱਚ 18 ਏਕੜ ਜ਼ਮੀਨ ਦੇ ਮਾਲਕ ਹਨ। ''ਜਦੋਂ ਤੁਸੀਂ ਸੁਣਦੇ ਹੋ ਕਿ ਕਿਵੇਂ ਬੁਖਾਰ ਅਤੇ ਸਰੀਰ ਵਿੱਚ ਦਰਦ ਕੋਵਿਡ ਦੇ ਲੱਛਣ ਹੋ ਸਕਦੇ ਹਨ ਅਤੇ ਫਿਰ ਤੁਹਾਨੂੰ ਪਤਾ ਚੱਲਦਾ ਹੈ ਕਿ ਟੀਕਾਕਰਨ ਤੋਂ ਬਾਅਦ ਤੁਹਾਨੂੰ ਬੁਖਾਰ ਚੜ੍ਹ ਸਕਦਾ ਹੈ, ਤੁਸੀਂ ਟੀਕਾ ਲਵਾਉਣਾ ਨਹੀਂ ਚਾਹੁੰਦੇ,'' ਉਹ ਦੱਸਦੇ ਹਨ।

ਪਰ ਮਾਰਚ ਦੇ ਅੰਤ ਤੱਕ ਜਿਓਂ ਹੀ ਮਾਮਲੇ ਵੱਧਣੇ ਸ਼ੁਰੂ ਹੋਏ, ਲੋਕ ਸਹਿਮ ਗਏ, ਪ੍ਰਸਾਦ ਕਹਿੰਦੇ ਹਨ। ''ਹੁਣ ਹਰ ਕੋਈ ਟੀਕਾ ਲਵਾਉਣਾ ਚਾਹੁੰਦਾ ਹੈ।''

ਮਾਰਚ ਦੇ ਅਖੀਰ ਵਿੱਚ ਜਦੋਂ ਪ੍ਰਸਾਦ ਆਪਣੇ ਪਿੰਡ ਤੋਂ ਕਰੀਬ 5 ਕਿਲੋਮੀਟਰ ਦੂਰ ਟੀਕਾਕਰਨ ਕੇਂਦਰ ਗਏ ਤਾਂ ਉਨ੍ਹਾਂ ਨੇ ਦੇਖਿਆ ਕਿ ਟੀਕਾਕਰਨ ਦੇ ਇਛੁੱਕ ਲੋਕਾਂ ਦੀ ਕਾਫੀ ਭੀੜ ਜਮ੍ਹਾ ਹੈ। ਦੇਹ ਤੋਂ ਦੂਰੀ ਬਣਾਈ ਰੱਖਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ। ''ਕੋਈ ਵੀ ਇੱਥੇ CoWIN ਦੀ ਵਰਤੋਂ ਨਹੀਂ ਕਰਦਾ। ਜਿਨ੍ਹਾਂ ਲੋਕਾਂ ਦੇ ਕੋਲ਼ ਸਮਾਰਟਫੋਨ ਹਨ ਉਨ੍ਹਾਂ ਨੂੰ ਵੀ ਸਲਾਟ ਬੁੱਕ ਕਰਨ ਵਿੱਚ ਦਿੱਕਤ ਹੁੰਦੀ ਹੈ,'' ਪ੍ਰਸਾਦ ਕਹਿੰਦੇ ਹਨ। ''ਅਸੀਂ ਅਧਾਰ ਕਾਰਡ ਲੈ ਕੇ ਕੇਂਦਰ ਜਾਂਦੇ ਹਾਂ ਅਤੇ ਅਪਾਇੰਟਮੈਂਟ ਲੈਂਦੇ ਹਾਂ।''

ਕੁਝ ਘੰਟਿਆਂ ਦੇ ਇੰਤਜਾਰ ਤੋਂ ਬਾਦ ਪ੍ਰਸਾਦ ਨੂੰ ਪਹਿਲੀ ਖ਼ੁਰਾਕ ਮਿਲੀ। ਕੁਝ ਦਿਨਾਂ ਬਾਅਦ, ਉਨ੍ਹਾਂ ਨੂੰ ਪਤਾ ਚੱਲਿਆ ਕਿ ਟੀਕਾਕਰਨ ਕੇਂਦਰ ਵਿੱਚ ਮੌਜੂਦ ਕੁਝ ਲੋਕਾਂ ਦੀ ਕੋਵਿਡ-19 ਪੋਜੀਟਿਵ ਆਈ ਸੀ। ''ਮੈਂ ਇਸ ਗੱਲ ਤੋਂ ਪਰੇਸ਼ਾਨ ਸਾਂ,'' ਉਹ ਕਹਿੰਦੇ ਹਨ। ''ਮੈਨੂੰ ਬੁਖਾਰ ਸੀ, ਪਰ ਮੈਨੂੰ ਜਾਪਿਆ ਕਿ ਇਹ ਟੀਕਾਕਰਨ ਦੇ ਕਾਰਨ ਹੋ ਸਕਦਾ ਹੈ। ਤਿੰਨ ਦਿਨਾਂ ਬਾਅਦ ਵੀ ਜਦੋਂ ਬੁਖਾਰ ਘੱਟ ਨਾ ਹੋਇਆ ਤਾਂ ਮੈਂ ਵੀ ਆਪਣੀ ਜਾਂਚ ਕਰਾਈ। ਰਿਪੋਰਟ ਪੋਜੀਟਿਵ ਆਈ। ਰੱਬ ਦਾ ਸ਼ੁਕਰ ਹੈ ਕਿ ਮੈਂ ਬਿਨਾਂ ਕਿਸੇ ਪਰੇਸ਼ਾਨੀ ਦੇ ਠੀਕ ਹੋ ਗਿਆਂ।'' ਉਨ੍ਹਾਂ ਨੇ ਆਪਣੀ ਦੂਸਰੀ ਖ਼ੁਰਾਕ ਮਈ ਦੇ ਦੂਸਰੇ ਹਫ਼ਤੇ ਲਈ।

ਬੀਡ ਅੰਦਰਲੇ ਟੀਕਾਕਰਨ ਕੇਂਦਰ ਭੀੜ ਤੋਂ ਬਚਣ ਲਈ ਹੁਣ ਟੋਕਨ ਜਾਰੀ ਕਰ ਰਹੇ ਹਨ- ਇੱਕ ਦਿਨ ਦੇ ਕਰੀਬ 100 ਟੋਕਨ। ਨੇਕਨੂਰ ਵਿੱਚ ਆਪਣੀ ਪੰਜ ਏਕੜ ਵਿੱਚ ਸੋਇਆਬੀਨ ਅਤੇ ਅਰਹਰ ਦੀ ਕਾਸ਼ਤ ਕਰਨ ਵਾਲ਼ੀ 55 ਸਾਲਾ ਸੰਗੀਤਾ ਕਾਲੇ ਕਹਿੰਦੀ ਹਨ। ''ਪਹਿਲਾਂ-ਪਹਿਲ, ਟੀਕੇ ਵਾਸਤੇ ਭੀੜ ਇਕੱਠੀ ਹੋ ਜਾਂਦੀ ਸੀ। ਹੁਣ ਉਹ ਟੋਕਨ ਲੈਣ ਲਈ ਇਕੱਠੇ ਹੁੰਦੇ ਹਨ, ਉਹ ਕਹਿੰਦੇ ਹਨ। ''ਫ਼ਰਕ ਸਿਰਫ਼ ਇੰਨਾ ਹੈ ਕਿ ਟੋਕਨ ਵੰਡੇ ਜਾਣ ਤੋਂ ਬਾਅਦ ਲੋਕ ਤਿਤਰ-ਬਿਤਰ ਹੋ ਜਾਂਦੇ ਹਨ। ਇਸਲਈ ਪੂਰਾ ਦਿਨ ਭੀੜ ਇਕੱਠੀ ਹੋਣ ਦੀ ਬਜਾਇ ਸਵੇਰੇ ਕੁਝ ਘੰਟਿਆਂ ਵਿੱਚ ਹੀ ਕੰਮ ਨਿਬੜ ਜਾਂਦਾ ਹੈ।''

ਸੰਗੀਤਾ ਨੇ ਹਾਲੇ ਤੀਕਰ ਟੀਕੇ ਦੀ ਪਹਿਲੀ ਖ਼ੁਰਾਕ ਵੀ ਨਹੀਂ ਲਈ ਕਿਉਂਕਿ ਉਹ ਡਰੀ ਹੋਈ ਹਨ। ਉਨ੍ਹਾਂ ਨੇ ਸਵੇਰੇ 6ਵਜੇ ਟੋਕਨ ਲੈਣ ਕੇਂਦਰ ਜਾਣਾ ਪਵੇਗਾ। ''ਸਵੇਰੇ-ਸਵੇਰੇ ਹੀ ਬਹੁਤ ਸਾਰੇ ਲੋਕ ਲਾਈਨ ਵਿੱਚ ਖੜ੍ਹੇ ਹੁੰਦੇ ਹਨ ਜੋ ਖ਼ਤਰਨਾਕ ਗੱਲ ਹੈ। ਮੈਂ ਹਾਲੇ ਤੀਕਰ ਆਪਣੀ ਪਹਿਲੀ ਖ਼ੁਰਾਕ ਵੀ ਨਹੀਂ ਲਈ ਹੈ ਕਿਉਂਕਿ ਮੈਨੂੰ ਡਰ ਹੈ ਕਿ ਬਾਅਦ ਵਿੱਚ ਮੈਨੂੰ ਬੁਖਾਰ ਚੜ੍ਹ ਜਾਵੇਗਾ।''

PHOTO • Parth M.N.

ਆਪਣੀ ਦੂਸਰੀ ਖ਼ੁਰਾਕ ਦੀ ਉਡੀਕ ਕਰਦੀ, 94 ਸਾਲਾ ਰੁਕਮਣੀ ਸ਼ਿੰਦੇ, ਆਪਣੇ ਗੁਆਂਢੀਆਂ ਦੇ ਅੰਦਰ ਕੋਵਿਡ-19 ਟੀਕਿਆਂ ਦੇ ਡਰ ਨੂੰ ਦੂਰ ਕਰ ਰਹੀ ਹਨ

''ਕੁਝ ਨਹੀਂ ਹੋਵੇਗਾ,'' ਸੰਗੀਤਾ ਦੀ ਗੁਆਂਢਣ ਰੁਕਮਣੀ ਸ਼ਿੰਦੇ ਉਨ੍ਹਾਂ ਨੂੰ ਕਹਿੰਦੀ ਹਨ। ''ਤੇਰਾ ਸਿਰਫ਼ ਮਾਮੂਲੀ ਜਿਹਾ ਸਰੀਰ ਦੁਖੇਗਾ। ਪਰ ਇੰਨਾ ਹੀ। ਮੇਰਾ ਤਾਂ ਉਹ ਵੀ ਨਹੀਂ ਦੁਖਿਆ।''

ਰੁਕਮਣੀ 94 ਸਾਲਾਂ ਦੀ ਹਨ ਅਤੇ ਇੱਕ ਸਦੀ ਪੂਰੀ ਕਰਨੀ ਚਾਹੁੰਦੀ ਹਨ। ''ਛੇ ਸਾਲਾਂ ਬਾਅਦ ਮੈਂ 100 ਸਾਲਾਂ ਦੀ ਹੋ ਜਾਊਂਗੀ,'' ਉਨ੍ਹਾਂ ਨੇ ਮੈਨੂੰ ਦੱਸਿਆ ਜਦੋਂ ਮੈਂ ਉਨ੍ਹਾਂ ਦੀ ਉਮਰ ਜਾਣਨੀ ਚਾਹੀ। ਉਨ੍ਹਾਂ ਨੇ ਆਪਣੀ ਪਹਿਲੀ ਖ਼ੁਰਾਕ ਅਪ੍ਰੈਲ ਅੱਧ ਵਿੱਚ ਲੈ ਲਈ। ''ਹੁਣ ਮੈਂ ਆਪਣੀ ਦੂਸਰੀ ਖ਼ੁਰਾਕ ਦੀ ਉਡੀਕ ਕਰ ਰਹੀ ਹਾਂ। ਉਨ੍ਹਾਂ ਨੇ ਦੋਵਾਂ ਖ਼ੁਰਾਕਾਂ ਵਿਚਾਲੇ ਵਕਫਾ ਲੰਬਾ ਕਰ ਦਿੱਤਾ ਹੈ,'' ਉਹ ਮੈਨੂੰ ਦੱਸਦੀ ਹਨ।

ਮਈ ਦੇ ਦੂਸਰੇ ਹਫ਼ਤੇ ਵਿੱਚ Covishield ਦੀਆਂ ਦੋ ਖ਼ੁਰਾਕਾਂ ਵਿਚਲਾ 6-8 ਹਫ਼ਤਿਆਂ ਦਾ ਵਕਫਾ ਵਧਾ ਕੇ 12-16 ਹਫਤਿਆਂ ਦਾ ਕਰ ਦਿੱਤਾ ਗਿਆ। ਕੇਂਦਰ ਸਰਕਾਰ ਦੇ ਨਵੇਂ ਅਧਿਐਨਾਂ ਦੇ ਅਧਾਰ 'ਤੇ ਫੈਸਲਾ ਲਿਆ, ਜਿਸ ਵਿੱਚ ਦੇਖਿਆ ਗਿਆ ਕਿ ਦੋ ਟੀਕਿਆਂ ਵਿਚਕਾਰ ਜਿੰਨਾ ਲੰਬਾ ਵਕਫਾ ਹੋਵੇਗਾ, ਨਤੀਜਾ ਓਨਾ ਹੀ ਬੇਹਤਰ ਹੋਵੇਗਾ। ਇਹ ਵਕਫਾ ਟੀਕਾ ਨਿਰਮਾਤਾਵਾਂ ਅਤੇ ਸਰਕਾਰਾਂ ਨੂੰ ਟੀਕੇ ਦੇ ਉਤਪਾਦਨ ਅਤੇ ਟੀਕੇ ਦੇ ਪ੍ਰਬੰਧਨ ਕਰਨ ਲਈ ਢੁੱਕਵਾਂ ਸਮਾਂ ਦਿੰਦਾ ਹੈ।

ਪਰ ਟੀਕਾਕਰਨ ਦੀ ਰਫ਼ਤਾਰ ਨੂੰ ਤੇਜੀ ਫੜ੍ਹਨ ਅਤੇ ਛੇਤੀ ਕਰਨ ਦੀ ਲੋੜ ਹੈ।

ਬੀਡ ਦੇ ਪੂਰੇ ਜਿਲ੍ਹੇ ਵਿੱਚ 350 ਟੀਕਾਕਰਨ ਕੇਂਦਰ ਹਨ। ਜਿਲ੍ਹਾ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਕਿਹਾ ਹੈ ਕਿ ਹਰੇਕ ਕੇਂਦਰ 'ਤੇ ਇੱਕ ਸਹਾਇਕ ਨਰਸ (ਏਐੱਨਐੱਮ) ਇੱਕ ਦਿਨ ਵਿੱਚ ਅੱਠ ਲੋਕਾਂ ਨੂੰ ਟੀਕਾ ਲਾ ਸਕਦੀ ਹੈ। ''ਜੇਕਰ ਅਸੀਂ ਹਰੇਕ ਕੇਂਦਰ ਵਿਖੇ ਇੱਕ ਏਐੱਨਐੱਮ ਨਿਯੁਕਤ ਕਰ ਲਈਏ ਤਾਂ ਇੱਕ ਦਿਨ ਵਿੱਚ ਅਸੀਂ 1.05 ਲੱਖ ਲੋਕਾਂ ਨੂੰ ਟੀਕਾ ਲਾ ਸਕਦੇ ਹਾਂ,'' ਉਨ੍ਹਾਂ ਕਹਿੰਦੇ ਹਨ।  ''ਪਰ ਕਿਉਂਕਿ ਟੀਕੇ ਕਾਫੀ ਮਾਤਰਾ ਵਿੱਚ ਨਹੀਂ ਹਨ, ਇਸਲਈ ਅਸੀਂ ਇੱਕ ਦਿਨ ਵਿੱਚ ਔਸਤਾਨ 10,000 ਲੋਕਾਂ ਨੂੰ ਟੀਕਾ ਲਾ ਪਾ ਰਹੇ ਹਾਂ।''

''ਜੇਕਰ ਇਹ ਇੰਜ ਹੀ ਜਾਰੀ ਰਿਹਾ, ਤਾਂ ਸਿਰਫ਼ ਇੱਕ ਜਿਲ੍ਹੇ ਦੀ ਅਬਾਦੀ ਨੂੰ ਕਵਰ ਕਰਨ ਵਿੱਚ ਹੀ ਇੱਕ ਪੂਰਾ ਸਾਲ ਲੱਗ ਜਾਵੇਗਾ,'' ਅਧਿਕਾਰ ਕਹਿੰਦੇ ਹਨ। ''ਅਤੇ ਤੀਜੀ ਲਹਿਰ ਦੇ ਆਗਮਨ ਵਿੱਚ ਵੀ ਕੁਝ ਮਹੀਨੇ ਦੂਰ ਹੋਣ ਦਾ ਖਦਸ਼ਾ ਦੱਸਿਆ ਜਾਂਦਾ ਹੈ।''

ਪੋਸਟਸਕ੍ਰਿਪਟ - 7 ਜੂਨ ਸ਼ਾਮੀਂ 5 ਵਜੇ ਦੇਸ਼ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਟੀਕਾਕਰਨ ਨੀਤੀ ਵਿੱਚ ਕੁਝ ਤਬਦੀਲੀਆਂ ਕਰਨ ਦਾ ਐਲਾਨ ਕੀਤਾ। ਕੇਂਦਰ ਹੁਣ ਰਾਜਾਂ ਨੂੰ ਟੀਕਾਕਰਨ ਲਈ ਦਿੱਤੇ ਗਏ ਕੋਟੇ ਨੂੰ ਅਧਿਕਾਰ ਹੇਠ ਕਰ ਲਵੇਗਾ ਅਤੇ ਪੂਰੇ ਦੇਸ਼ ਵਿੱਚ ਤਿਆਰ ਕੀਤੇ ਜਾ ਰਹੇ 75 ਫੀਸਦ ਟੀਕਿਆਂ ਦੀ ਖਰੀਦ ਕਰੇਗਾ। ਪ੍ਰਾਈਵੇਟ ਹਸਪਤਾਲਾਂ ਨੂੰ 25 ਫੀਸਦ ਟੀਕੇ ਖਰੀਦਣ ਦੀ ਆਗਿਆ ਹੈ। ਰਾਜ ਹੁਣ ਕੇਂਦਰ ਪਾਸੋਂ ਟੀਕੇ ਖਰੀਦਣਗੇ, ਪਰ ਪੀਐੱਮ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਮੌਜੂਦਾ ਵੰਡ ਨੀਤੀ ਵਿੱਚ ਕੋਈ ਬਦਲਾਅ ਹੋਵੇਗਾ ਜਾਂ ਨਹੀਂ। ਸਾਰੇ ਬਾਲਗ (18 ਸਾਲ ਅਤੇ ਉਤਾਂਹ ਦੇ) ਨੂੰ ਸਰਕਾਰੀ ਕੇਂਦਰਾਂ ਵਿਖੇ ਮੁਫ਼ਤ ਟੀਕਾ ਲਾਇਆ ਜਾਵੇਗਾ ਅਤੇ ਨਿੱਜੀ ਹਸਪਤਾਲਾਂ ਨੂੰ ਹੁਣ 150 ਰੁਪਏ ਪ੍ਰਤੀ ਵੈਕਸੀਨ (ਸੇਵਾ ਲਾਗਤ) ਲੈਣ ਦੀ ਆਗਿਆ ਹੋਵੇਗੀ। ਨਵੀਂ ਨੀਤੀ 21 ਜੂਨ ਤੋਂ ਲਾਗੂ ਹੋਵੇਗੀ, ਪ੍ਰਧਾਨ ਮੰਤਰੀ ਨੇ ਕਿਹਾ। '' CoWIN ਪਲੇਟਫਾਰਮ ਦੀ ਵੀ ਸਰਾਹਣਾ ਕੀਤੀ ਜਾ ਰਹੀ ਹੈ, '' ਉਨ੍ਹਾਂ ਨੇ ਕਿਹਾ।

ਤਰਜਮਾ: ਕਮਲਜੀਤ ਕੌਰ

Parth M.N.

Parth M.N. is a 2017 PARI Fellow and an independent journalist reporting for various news websites. He loves cricket and travelling.

Other stories by Parth M.N.
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur