ਉਨ੍ਹਾਂ ਨੇ ਮੈਨੂੰ ਇੱਕਟਕ ਦੇਖਿਆ ਅਤੇ ਖਰ੍ਹਵੇ ਲਹਿਜੇ ਵਿੱਚ ਪੁੱਛਿਆ, ''ਨੀ ਕੁੜੀਏ! ਤੂੰ ਇੱਥੇ ਕੀ ਕਰ ਰਹੀ ਏਂ?''

ਮੈਂ ਫ਼ੌਰਨ ਸਮਝ ਗਈ ਕਿ ਜਿੱਥੇ ਮੇਰੀ ਉਨ੍ਹਾਂ ਨਾਲ਼ ਇਹ ਮੁਲਾਕਾਤ ਹੋਈ, ਉਹ ਇੱਕ ਅਜਿਹੀ ਥਾਂ ਹੈ  ਜਿੱਥੇ ਬਹੁਤੇ ਲੋਕ ਨਹੀਂ ਆਉਂਦੇ ਹੋਣੇ।

ਅਨੀਰੁੱਧ ਸਿੰਘ ਪਾਤਰ ਕੰਢੇ ਥਾਣੀ ਹੁੰਦੇ ਹੋਏ ਨਦੀ ਵਿੱਚ ਉੱਤਰਨ ਹੀ ਲੱਗੇ ਸਨ ਅਤੇ ਯਕਦਮ ਰੁੱਕੇ ਅਤੇ ਮੇਰੇ ਵੱਲ ਮੁੜੇ ਅਤੇ ਮੈਨੂੰ ਚੇਤਾਉਣ ਲੱਗੇ: ''ਇੱਥੇ ਲੋਕ ਆਪਣੇ ਪਿਆਰਿਆਂ ਨੂੰ ਸਾੜਦੇ ਹਨ। ਅਜੇ ਕੱਲ੍ਹ ਹੀ ਕੋਈ ਮਰਿਆ ਹੈ। ਚੱਲ, ਹੁਣ ਇੱਥੇ ਖੜ੍ਹੀ ਨਾ ਰਹਿ। ਮੇਰੇ ਮਗਰ ਆ!''

ਉਨ੍ਹਾਂ ਦਾ ਕਿਹਾ ਮੈਨੂੰ ਐਨ ਸਹੀ ਜਾਪਿਆ ਕਿ ਕਿਸੇ ਮਰ ਚੁੱਕੇ ਨੂੰ ਉਹਦੇ ਇਕਾਂਤ ਵਿੱਚ ਰਹਿਣ ਦੇਣਾ ਹੀ ਸਹੀ ਫ਼ੈਸਲਾ ਹੈ।

ਮੈਂ ਉਨ੍ਹਾਂ ਨੂੰ ਪੱਛਮੀ ਬੰਗਾਲ ਦੇ ਪੁਰੂਲਿਆ ਜ਼ਿਲ੍ਹੇ ਦੀ ਕੰਗਸਾਬਤੀ ਨਦੀ ਦੇ ਦੋ ਮੀਟਰ ਡੂੰਘੇ ਪਾਣੀ ਵਿੱਚ ਲੱਥਦਿਆਂ ਅਤੇ ਗੋਡਿਆਂ ਤੀਕਰ ਉਸ ਪਾਣੀ ਅੰਦਰ ਬੜੀ ਸਾਵਧਾਨੀ ਨਾਲ਼ ਵੜ੍ਹਦੇ ਦੇਖਿਆ। ਉਨ੍ਹਾਂ ਨਾਲ਼ ਕਦਮ-ਤਾਲ਼ ਮਿਲਾਉਣ ਦੀ ਕੋਸ਼ਿਸ਼ ਵਿੱਚ, ਮੈਂ ਵੀ ਫ਼ੁਰਤੀ ਨਾਲ਼ ਕੰਢੇ ਤੱਕ ਜਾ ਅਪੜੀ।

ਉਨ੍ਹਾਂ ਦੀ ਇਸ ਫੁਰਤੀ ਨੂੰ ਦੇਖ ਕੇ ਭਾਵੇਂ ਕੋਈ ਉਨ੍ਹਾਂ ਦੀ ਉਮਰ ਨੂੰ ਝੁਠਲਾ ਦੇਵੇ ਪਰ ਉਨ੍ਹਾਂ ਦਾ ਹੁਨਰ ਕਾਬਿਲੇ-ਤਾਰੀਫ਼ ਸੀ। ਮੈਂ ਉਮਰ ਦੇ 50 ਸਾਲਾਂ ਨੂੰ ਢੁੱਕਦੇ ਇਸ ਵਿਅਕਤੀ ਦੀ ਮਦਦ ਤਾਂ ਭਾਵੇਂ ਨਾ ਕਰ ਸਕੀ ਪਰ ਇਹ ਗੱਲ ਵੀ ਪੁੱਛਣੋਂ ਨਾ ਰਹਿ ਸਕੀ,''ਕਾਕਾ, ਤੁਸੀਂ ਨਦੀ ਅੰਦਰ ਕਰ ਕੀ ਰਹੇ ਓ?''

ਅਨੀਰੁੱਧ ਨੇ ਆਪਣੇ ਲੱਕ ਦੁਆਲ਼ੇ ਬੰਨ੍ਹੀ ਪੋਟਲੀ ਨੂੰ ਢਿੱਲਿਆਂ ਕੀਤਾ ਅਤੇ ਬੜੇ ਮਲ੍ਹਕੜੇ ਜਿਹੇ ਇੱਕ ਝੀਂਗੇ ਨੂੰ ਬਾਹਰ ਖਿੱਚਿਆ ਅਤੇ ਕਿਸੇ ਨਿਆਣੇ ਵਾਂਗਰ ਕਿਹਾ, '' ਚਿੰਗਰੀ (ਝੀਂਗਾ) ਦਿੱਸਿਆ ਈ?'' ਅੱਜ ਦੁਪਹਿਰ ਖਾਣੇ ਵਿੱਚ ਅਸੀਂ (ਉਹ ਅਤੇ ਉਨ੍ਹਾਂ ਦਾ ਪਰਿਵਾਰ) ਇਹੀ ਖਾਵਾਂਗੇ। ਸ਼ੁਕਨੋ ਲੋਂਕਾ ਅਤੇ ਰੋਸੁਨ ਦੇ ਨਾਲ਼ ਤੜਕਾ ਲਾਉਣ ਤੋਂ ਬਾਅਦ ਇਹ ਝੀਂਗੇ ਗੋਰਮ-ਭਾਤ (ਗਰਮਾਗਰਮ ਚੌਲ਼ਾਂ) ਦੇ ਨਾਲ਼ ਬੜੇ ਲਜ਼ੀਜ ਲੱਗਦੇ ਨੇ।'' ਝੀਂਗਿਆਂ ਨੂੰ ਸੁੱਕੀਆਂ ਲਾਲ ਮਿਰਚਾਂ ਅਤੇ ਲਸਣ ਨਾਲ਼ ਪਕਾਇਆ ਜਾਂਦਾ ਹੈ ਅਤੇ ਫਿਰ ਗਰਮਾ-ਗਰਮ ਚੌਲ਼ਾਂ ਵਿੱਚ ਰਲ਼ਾ-ਰਲ਼ਾ ਕੇ ਖਾਧਾ ਜਾਂਦਾ ਹੈ- ਸੁਣਦਿਆਂ ਹੀ ਮੂੰਹ ਵਿੱਚ ਪਾਣੀ ਭਰ ਗਿਆ।

Anirudhdha Singh Patar with his catch of prawns, which he stores in a waist pouch made of cloth
PHOTO • Smita Khator

ਅਨੀਰੁੱਧ ਸਿੰਘ ਪਾਤਰ ਫੜ੍ਹੇ ਹੋਏ ਝੀਂਗਿਆਂ ਨੂੰ ਆਪਣੇ ਲੱਕ ਦੁਆਲ਼ੇ ਬੰਨ੍ਹੀ ਚਿੱਟੇ ਰੰਗ ਦੀ ਪੋਟਲੀ ਵਿੱਚ ਰੱਖੀ ਜਾਂਦੇ ਹਨ

ਬਗ਼ੈਰ ਜਾਲ਼ ਦੇ ਮੱਛੀਆਂ ਅਤੇ ਝੀਂਗੇ ਫੜ੍ਹਨ ਵਾਲ਼ੇ ਇਸ ਵਿਅਕਤੀ ਨੇ ਮੇਰਾ ਪੂਰਾ ਧਿਆਨ ਖਿੱਚ ਲਿਆ। ''ਮੈਂ ਕਦੇ ਜਾਲ਼ ਵਰਤਿਆ ਹੀ ਨਹੀਂ'', ਉਨ੍ਹਾਂ ਨੇ ਕਿਹਾ। ''ਮੈਂ ਆਪਣੇ ਹੱਥੀਂ ਮੱਛੀਆਂ ਤੇ ਝੀਂਗੇ ਫੜ੍ਹਦਾ ਰਿਹਾ ਹਾਂ। ਮੈਨੂੰ ਉਨ੍ਹਾਂ ਦੇ ਲੁਕ ਕੇ ਬੈਠੇ ਹੋਣ ਦੀ ਥਾਂ ਵੀ ਪਤਾ ਹੈ।'' ਉਨ੍ਹਾਂ ਨੇ ਨਦੀ ਦੀ ਉਸ ਥਾਂ ਵੱਲ ਇਸ਼ਾਰਾ ਅਤੇ ਮੈਨੂੰ ਪੁੱਛਿਆ,''ਓ ਪੱਥਰਾਂ ਦੇ ਸਿਰਿਆਂ ਵੱਲ ਦੇਖਦੀ ਏਂ, ਦੇਖ ਜਿੱਥੇ ਉਹ ਕਾਈ ਅਤੇ ਬੂਟੀਆਂ ਨਜ਼ਰ ਆ ਰਹੀਆਂ ਨੇ... ਬੱਸ ਇੱਥੇ ਹੀ ਚਿੰਗਰੀ ਰਹਿੰਦੇ ਨੇ।''

ਮੈਂ ਬੜੇ ਗਹੁ ਨਾਲ਼ ਨਦੀ ਵੱਲ ਦੇਖਣ ਲੱਗੀ ਅਤੇ ਮੈਨੂੰ ਵੀ ਹਰਿਆਲੀ ਅਤੇ ਬੂਟੀਆਂ ਅੰਦਰ ਲੁਕੇ ਝੀਂਗੇ ਨਜ਼ਰ ਆ ਗਏ, ਜਿਨ੍ਹਾਂ ਬਾਰੇ ਅਨੀਰੁੱਧ ਕਾਕਾ ਮੈਨੂੰ ਦੱਸ ਰਹੇ ਸਨ।

ਜਦੋਂ ਅਸੀਂ ਦੋਬਾਰਾ ਉਨ੍ਹਾਂ ਦੇ ਦੁਪਹਿਰ ਦੇ ਖਾਣੇ ਬਾਰੇ ਗੱਲ ਕਰ ਰਹੇ ਸਾਂ ਤਾਂ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਭੋਜਨ ਵਾਸਤੇ ਉਹ ਚੌਲ਼ਾਂ ਦਾ ਪ੍ਰਬੰਧ ਕਿੱਥੋਂ ਕਰਦੇ ਹਨ। ''ਜੇ ਮੈਂ ਆਪਣੇ ਛੋਟੀ ਜਿਹੀ ਜੋਤ 'ਤੇ ਸਖ਼ਤ ਮਿਹਨਤ ਕਰਕੇ ਝੋਨਾ ਉਗਾਉਣ ਵਿੱਚ ਕਾਮਯਾਬ ਰਹਾਂ ਤਾਂ ਜਿਵੇਂ ਕਿਵੇਂ ਕਰਕੇ ਆਪਣੇ ਪਰਿਵਾਰ ਦੀ ਇੱਕ ਸਾਲ ਦੀ ਖ਼ੁਰਾਕ ਵਾਸਤੇ ਲੋੜੀਂਦੇ ਚੌਲ਼ਾਂ ਦਾ ਬੰਦੋਬਸਤ ਕਰ ਹੀ ਲੈਦਾਂ ਹਾਂ।''

ਪੁਰੂਲਿਆ ਦੇ ਪੁੰਜਾ ਬਲਾਕ ਦੇ ਕੋਇਰਾ ਪਿੰਡ ਵਿਖੇ ਰਹਿਣ ਵਾਲ਼ਾ ਪਰਿਵਾਰ, ਪੱਛਮੀ ਬੰਗਾਲ ਦੇ ਪਿਛੜੇ ਕਬੀਲੇ ਦੇ ਭੂਮਿਜ ਭਾਈਚਾਰੇ ਨਾਲ਼ ਤਾਅਲੁੱਕ ਰੱਖਦਾ ਹੈ। ਸਾਲ 2011 ਦੀ ਜਣਗਣਨਾ ਮੁਤਾਬਕ, ਪਿੰਡ ਦੀ ਕੁੱਲ 2,249 ਦੀ ਅਬਾਦੀ ਵਿੱਚੋਂ ਅੱਧੀ ਤੋਂ ਵੱਧ ਵਸੋਂ ਆਦਿਵਾਸੀਆਂ ਦੀ ਹੈ। ਇਨ੍ਹਾਂ ਦੀ ਰੋਜ਼ੀਰੋਟੀ ਅਤੇ ਭੋਜਨ, ਦੋਵੇਂ ਹੀ ਨਦੀ 'ਤੇ ਨਿਰਭਰ ਕਰਦੇ ਹਨ।

ਅਨੀਰੁੱਧ ਜਿੰਨੀਆਂ ਵੀ ਮੱਛੀਆਂ ਫੜ੍ਹਦੇ ਹਨ, ਉਹ ਉਨ੍ਹਾਂ ਨੂੰ ਵੇਚਦੇ ਨਹੀਂ ਹਨ, ਸਗੋਂ ਆਪਣੇ ਪਰਿਵਾਰ ਦੇ ਗੁਜ਼ਾਰੇ ਵਾਸਤੇ ਰੱਖਦੇ ਹਨ। ਉਹ ਕਹਿੰਦੇ ਹਨ ਕਿ ਮੱਛੀਆਂ ਫੜ੍ਹਨਾ ਕੋਈ ਕੰਮ ਨਹੀਂ, ਉਨ੍ਹਾਂ ਨੂੰ ਤਾਂ ਇਸ ਕੰਮ ਵਿੱਚ ਮਜ਼ਾ ਆਉਂਦਾ ਹੈ। ਪਰ, ਉਨ੍ਹਾਂ ਦੀ ਅਵਾਜ਼ ਉਦਾਸ ਹੋ ਜਾਂਦੀ ਹੈ ਜਦੋਂ ਉਨ੍ਹਾਂ ਨੇ ਕਿਹਾ,''ਮੈਨੂੰ ਰੋਜ਼ੀਰੋਟੀ ਕਮਾਉਣ ਦੂਸਰੇ ਪ੍ਰਦੇਸੀਂ ਜਾਣਾ ਪੈਂਦਾ ਹੈ।'' ਉਨ੍ਹਾਂ ਦੇ ਕੰਮ ਦੀ ਤਲਾਸ਼ ਉਨ੍ਹਾਂ ਨੂੰ ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਲੈ ਜਾਂਦੀ ਹੈ, ਜਿੱਥੇ ਉਹ ਮੁੱਖ ਰੂਪ ਨਾਲ਼ ਨਿਰਮਾਣ-ਥਾਵਾਂ 'ਤੇ ਮਜ਼ਦੂਰੀ ਕਰਦੇ ਹਨ ਜਾਂ ਕੋਈ ਹੋਰ ਕੰਮ ਫੜ੍ਹ ਲੈਂਦੇ ਹਨ।

ਸਾਲ 2020 ਦੀ ਕੋਵਿਡ-19 ਤਾਲਾਬੰਦੀ ਦੌਰਾਨ, ਉਹ ਨਾਗਪੁਰ ਵਿੱਚ ਫਸ ਗਏ ਸਨ। ਉਸ ਦੌਰ ਨੂੰ ਚੇਤੇ ਕਰਦਿਆਂ ਉਹ ਦੱਸਦੇ ਹਨ,''ਮੈਂ ਇੱਕ ਬਿਲਡਿੰਗ ਦੀ ਉਸਾਰੀ ਵਾਸਤੇ ਠੇਕੇਦਾਰ ਦੇ ਨਾਲ਼ ਗਿਆ ਸਾਂ। ਉਨ੍ਹੀਂ ਦਿਨੀਂ ਗੁਜ਼ਾਰਾ ਕਰਨਾ ਬੜਾ ਮੁਸ਼ਕਲ ਹੋ ਗਿਆ ਸੀ। ਇੱਕ ਸਾਲ ਪਹਿਲਾਂ ਮੈਂ ਉੱਥੋਂ ਮੁੜ ਆਇਆਂ ਅਤੇ ਹੁਣ ਇਹੀ ਫ਼ੈਸਲਾ ਕੀਤਾ ਹੈ ਕਿ ਉੱਥੇ ਵਾਪਸ ਨਹੀਂ ਜਾਊਂਗਾ; ਕਿਉਂਕਿ ਮੇਰੀ ਉਮਰ ਵੱਧ ਰਹੀ ਹੈ।''

ਕਾਇਰਾ ਦੇ 40 ਸਾਲਾ ਨਿਵਾਸੀ, ਅਧਿਆਪਕ ਅਮਲ ਮਹਤੋ ਨੇ ਕਿਹਾ ਕਿ ਪੁਰੂਲਿਆ ਜ਼ਿਲ੍ਹੇ ਦੇ ਪੁਰਸ਼ ਕੰਮ ਦੀ ਭਾਲ਼ ਵਿੱਚ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਕੇਰਲ ਅਤੇ ਹੋਰ ਕਈ ਰਾਜਾਂ ਵਿੱਚ ਪ੍ਰਵਾਸ ਕਰਦੇ ਹਨ ਅਤੇ ਬੰਗਾਲ ਦੇ ਅੰਦਰ ਵੀ ਕੰਮ ਲਈ ਪਲਾਇਨ ਕਰਦੇ ਹਨ। ਸਥਾਨਕ ਅਖ਼ਬਾਰ ਵਿੱਚ ਰਿਪੋਰਟਰ ਦਾ ਕੰਮ ਕਰ ਚੁੱਕੇ ਇਸ ਅਧਿਆਪਕ ਦਾ ਕਹਿਣਾ ਹੈ ਕਿ ਉਹ ਖੇਤੀ 'ਤੇ ਆਉਣ ਵਾਲ਼ੇ ਖ਼ਰਚਿਆਂ ਨੂੰ ਪੂਰਿਆਂ ਕਰਨ ਲਈ ਚੁੱਕੇ ਗਏ ਕਰਜ਼ੇ ਨੂੰ ਚੁਕਾਉਣ ਖ਼ਾਤਰ ਪਲਾਇਨ ਕਰਨ ਲਈ ਮਜ਼ਬੂਰ ਹੁੰਦੇ ਹਨ। ਅਧਿਆਪਕ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਉਹ ਘਰ ਨਹੀਂ ਹੁੰਦੇ ਤਾਂ ਘਰ ਦੀਆਂ ਔਰਤਾਂ ਆਪਣੇ ਟੱਬਰ ਦਾ ਢਿੱਡ ਭਰਨ ਲਈ ਖੇਤ ਮਜ਼ਦੂਰੀ ਕਰਦੀਆਂ ਹਨ। ਅਮਲ ਕਹਿੰਦੇ ਹਨ,''ਜ਼ਮੀਨ ਦੇ ਬੇਹੱਦ ਛੋਟੇ ਟੁਕੜਿਆਂ 'ਤੇ ਮਾਲਕਾਨਾ ਹੱਕ ਰੱਖਣ ਵਾਲ਼ੇ ਆਦਿਵਾਸੀ ਪਰਿਵਾਰਾਂ ਵਾਸਤੇ, ਇਹ ਕਿਸੇ ਸ਼ਰਾਪ ਵਾਂਗਰ ਹੀ ਹੈ। ਉਹ ਮਹਾਜਨਾਂ (ਸ਼ਾਹੂਕਾਰਾਂ) ਤੋਂ ਕਰਜ਼ਾ ਲੈਂਦੇ ਹਨ।''

Anirudhdha pointing to places where prawns take cover in the river.
PHOTO • Smita Khator
Wading the water in search of prawns, he says, ‘My father taught me the tricks of locating and catching them with my bare hands’
PHOTO • Smita Khator

ਖੱਬੇ : ਅਨੀਰੁੱਧ ਨਦੀ ਵਿੱਚ ਉਨ੍ਹਾਂ ਥਾਵਾਂ ਵੱਲ ਇਸ਼ਾਰਾ ਕਰਦੇ ਹਨ ਜਿੱਥੇ ਝੀਂਗੇ ਲੁਕੇ ਰਹਿੰਦੇ ਹਨ। ਸੱਜੇ : ਝੀਂਗਿਆਂ ਦੀ ਭਾਲ਼ ਵਿੱਚ ਪਾਣੀ ਵਿੱਚ ਲੱਥਦਿਆਂ ਉਹ ਦੱਸਦੇ ਹਨ, ' ਮੇਰੇ ਪਿਤਾ ਨੇ ਮੈਨੂੰ ਝੀਂਗੇ ਲੱਭਣ ਅਤੇ ਉਨ੍ਹਾਂ ਨੂੰ ਹੱਥੀਂ ਫੜ੍ਹਨ ਦੇ ਗੁਰ ਸਿਖਾਏ ਸਨ '

ਅਨੀਰੁੱਧ ਨੇ ਖਾਦ ਅਤੇ ਬੀਜ ਜਿਹੀਆਂ ਖੇਤੀ ਲੋੜਾਂ ਦੇ ਵਾਸਤੇ ਜੋ ਕਰਜ਼ਾ ਚੁੱਕਿਆ ਸੀ ਉਹਦਾ ਉਨ੍ਹਾਂ ਨੇ ਭੁਗਤਾਨ ਕਰਨਾ ਸੀ। ਨਾਗਪੁਰ ਵਿਖੇ, ਉਹ ਸੀਮੇਂਟ ਅਤੇ ਚੂਨੇ ਨੂੰ ਰਲ਼ਾਉਣ ਦਾ ਅਤੇ ਭਾਰਾ ਭਾਰਾ ਸਮਾਨ ਢੋਹਣ ਦਾ ਕੰਮ ਕਰਦੇ ਸਨ ਅਤੇ ਇਸ ਕੰਮ ਬਦਲੇ ਉਨ੍ਹਾਂ ਨੂੰ 300 ਰੁਪਏ ਦਿਹਾੜੀ ਮਿਲ਼ਦੀ ਸੀ। ਪਰ ਕੋਇਰਾ ਵਿਖੇ ਉਨ੍ਹਾਂ ਨੂੰ ਇੰਨੀ ਦਿਹਾੜੀ ਵੀ ਨਾ ਮਿਲ਼ਦੀ। ਉਨ੍ਹਾਂ ਨੇ ਕਿਹਾ,''ਕੋਈ ਕੰਮ ਨਾ ਹੋਣ ਦੀ ਸੂਰਤ ਵਿੱਚ ਸਾਨੂੰ ਵਿਹਲੇ ਬਹਿਣਾ ਪੈਂਦਾ ਹੈ।'' ਬਿਜਾਈ ਅਤੇ ਵਾਢੀ ਦੇ ਸੀਜ਼ਨ ਵਿੱਚ, ਜਦੋਂ ਖੇਤਾਂ ਵਿੱਚ ਕੰਮ ਮਿਲ਼ਦਾ ਹੈ ਤਾਂ ਉਨ੍ਹਾਂ ਨੂੰ 200 ਰੁਪਏ ਦਿਹਾੜੀ ਹੀ ਮਿਲ਼ਦੀ ਹੈ ਜਾਂ ਕਈ ਵਾਰੀ ਉਸ ਤੋਂ ਵੀ ਘੱਟ ਦਿੱਤੀ ਜਾਂਦੀ ਹੈ। ''ਕਦੇ-ਕਦੇ, ਜਦੋਂ ਨਦੀਆਂ ਦੀ ਰੌਇਲਿਟੀ ਲੈਣ ਵਾਲ਼ੇ ਲੈਣ ਵਾਲ਼ੇ ਲੋਕ ਇੱਥੇ (ਕੋਇਰਾ ਵਿਖੇ) ਰੇਤ ਮਾਈਨਿੰਗ ਵਾਸਤੇ ਲਾਰੀਆਂ ਲੈ ਕੇ ਆਉਂਦੇ ਹਨ, ਤਾਂ ਉਦੋਂ ਮੈਨੂੰ ਕੁਝ ਕੰਮ ਮਿਲ਼ ਜਾਂਦਾ ਹੈ। ਨਦੀਆਂ ਤੋਂ ਪੁੱਟ ਪੁੱਟ ਕੇ ਰੇਤ ਨੂੰ ਲਾਰੀ ਤੱਕ ਲਿਜਾਣ ਬਦਲੇ ਮੈਨੂੰ 300 ਰੁਪਏ ਦਿਹਾੜੀ ਮਿਲ਼ ਜਾਂਦੀ ਹੈ।''

ਅਨੀਰੁੱਧ ਦਾ 'ਰੌਇਲਿਟੀ' ਸ਼ਬਦ ਕਹਿਣ ਦਾ ਭਾਵ ਕੰਗਸਾਬਤੀ ਨਦੀ ਦੇ ਕੰਢਿਓ ਰੇਤ ਮਾਈਨਿੰਗ ਵਾਸਤੇ ਚੱਲਦੇ ਪਟਿਆਂ ਤੋਂ ਹੈ। ਇੱਥੇ ਅੰਨ੍ਹੇਵਾਹ ਮਾਈਨਿੰਗ ਦਾ ਕੰਮ ਚੱਲਦਾ ਰਿਹਾ ਹੈ ਅਤੇ ਲੋਕ ਅਕਸਰ ਰੇਤ ਮਾਈਨਿੰਗ ਵਾਸਤੇ ਦਿਸ਼ਾ-ਨਿਰਦੇਸ਼ਾਂ ਦਾ ਉਲੰਘਣ ਕਰਦੇ ਹਨ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਸਿਆਸੀ ਤੌਰ 'ਤੇ ਸ਼ਕਤੀਸ਼ਾਲੀ ਵਿਅਕਤੀਆਂ ਦੀ ਸ਼ੈਅ ਨਾਲ਼, ਨਦੀ ਦੇ ਕੰਢੇ ਵਿਆਪਕ ਪੱਧਰ 'ਤੇ ਰੇਤ ਦੀ ਤਸਕਰੀ ਹੁੰਦੀ ਹੈ। ਜੋ ਵੀ ਹੋਵੇ ਪਰ ਇਸ ਕੰਮ ਬਦਲੇ ਅਨੀਰੁੱਧ ਸਿੰਘ ਪਾਤਰ ਜਿਹੇ ਪੇਂਡੂ ਲੋਕਾਂ ਨੂੰ ਕੁਝ ਦਿਨਾਂ ਦਾ ਰੁਜ਼ਗਾਰ ਤਾਂ ਮਿਲ਼ਦਾ ਹੀ ਹੈ ਜਿਨ੍ਹਾਂ ਨੂੰ ਅਕਸਰ ਇਸ ਕੰਮ ਦੇ ਗ਼ੈਰ-ਕਨੂੰਨੀ ਹੋਣ ਬਾਰੇ ਪਤਾ ਨਹੀਂ ਹੁੰਦਾ।

ਹਾਲਾਂਕਿ, ਉਨ੍ਹਾਂ ਨੂੰ ਵਾਤਾਵਰਣ 'ਤੇ ਇਸ ''ਰਾਇਲਿਟੀ ਕਾਰੋਬਾਰ'' ਦੇ ਉਲਟ ਅਸਰ ਬਾਰੇ ਪਤਾ ਸੀ। ਉਨ੍ਹਾਂ ਨੇ ਕਿਹਾ ਕਿ ਇਹ '' ਬਿਸ਼ਾਲ ਖੋਟੀ ਨਾਦਿਰ '' ਸੀ, ਭਾਵ ਕਿ ਇਹ ਪੁਟਾਈ ਨਦੀ ਲਈ ਵੱਡਾ ਨੁਕਸਾਨ। ''ਉਹ ਉਸ ਰੇਤ ਨੂੰ ਪੁੱਟ ਪੁੱਟ ਲਿਜਾਈ ਜਾਂਦੇ ਹਨ ਜਿਹਨੂੰ ਬਣਨ ਵਿੱਚ ਸਾਲਾਂਬੱਧੀ ਦਾ ਸਮਾਂ ਲੱਗਿਆ।''

ਅਨੀਰੁੱਧ ਅੱਗੇ ਦੱਸਦੇ ਹਨ,''ਨਦੀ ਵਿੱਚ ਕਾਫ਼ੀ ਸਾਰੀਆਂ ਮੱਛੀਆਂ ਹੋਇਆ ਕਰਦੀਆਂ ਸਨ,'' ਨਾਮ ਲੈਂਦਿਆਂ ਉਹ ਕਹਿੰਦੇ ਹਨ ਜਿਵੇਂ ਬਾਨ (ਭਾਰਤੀ ਮੌਲਟਡ ਈਲ ਫਿਸ਼), ਸ਼ੌਲ (ਸਨੇਕਹੇਡ ਮੁਰੇਲ) ਅਤੇ ਮਾਂਗੁਰ (ਵੌਕਿੰਗ ਕੈਟਫਿਸ਼)। '' ਜੇਲੇ ਮਛੇਰੇ ਉਦੋਂ ਮੱਛੀਆਂ ਫੜ੍ਹਨ ਵਾਸਤੇ ਜਾਲ਼ ਦਾ ਇਸਤੇਮਾਲ ਕਰਦੇ ਸਨ। ਹੁਣ ਉਹ ਇੱਥੇ ਨਹੀਂ ਆਉਂਦੇ। ਉਹ ਇੱਥੋਂ ਧਾਰਾ ਦੇ ਨਾਲ਼ ਜਾਂ ਉਲਟੀ ਦਿਸ਼ਾ ਵਿੱਚ ਦੂਸਰੀਆਂ ਥਾਵਾਂ 'ਤੇ ਚਲੇ ਗਏ ਹਨ।'' ਅਨੀਰੁੱਧ ਉੱਥੇ ਹੋਣ ਵਾਲ਼ੀ ''ਪਿਕਨਿਕ ਪਾਰਟੀਆਂ'' ਤੋਂ ਕਾਫ਼ੀ ਖ਼ਫ਼ਾ ਜਾਪੇ, ਜਿਸ ਕਾਰਨ ਲੋਕ ਉੱਥੇ ਪਲਾਸਟਿਕ, ਖਾਲੀ ਬੋਤਲਾਂ ਅਤੇ ਥਰਮਾਕੋਲ ਪਲੇਟਾਂ ਨੂੰ ਨਦੀ ਕੰਢੇ ਸੁੱਟ ਕੇ ਉਹਨੂੰ ਪ੍ਰਦੂਸ਼ਤ ਕਰ ਦਿੰਦੇ ਹਨ।

ਉਹ ਝੀਂਗਿਆਂ ਦੀ ਤਲਾਸ਼ ਵਿੱਚ ਬੜੇ ਅਰਾਮ ਨਾਲ਼ ਨਦੀ ਵਿੱਚ ਇੱਧਰ-ਓਧਰ ਟਹਿਲ ਰਹੇ ਸਨ। ਅਨੀਰੁੱਧ ਨੇ ਕਿਹਾ,''ਜਦੋਂ ਅਸੀਂ ਛੋਟੇ ਹੁੰਦੇ ਸਾਂ ਤਾਂ ਨਦੀ ਵਿੱਚ ਬਹੁਤ ਸਾਰੇ ਝੀਂਗੇ ਹੋਇਆ ਕਰਦੇ ਸਨ। ਮੇਰੇ ਪਿਤਾ ਨੇ ਮੈਨੂੰ ਝੀਂਗਿਆਂ ਨੂੰ ਲੱਭਣਾ ਅਤੇ ਹੱਥੀਂ ਫੜ੍ਹਨ ਦੇ ਗੁਰ ਸਿਖਾਏ। ਬਾਬਾ ਅਮਾਰ ਬਿਰਾਟ ਮਾਛੋਵਾਲ ਛਿਲੋ (ਮੇਰੇ ਪਿਤਾ ਇੱਕ ਮਹਾਨ ਮਛੇਰੇ ਸਨ)।''

Kangsabati river, which flows through Kaira in Puruliya's Puncha block, is a major source of food for Adivasi families in the village
PHOTO • Smita Khator

ਪੁਰੂਲਿਆ ਦੇ ਪੁੰਚਾ ਬਲਾਕ ਵਿਖੇ ਸਥਿਤ ਕੋਇਰਾ ਪਿੰਡ ਥਾਣੀ ਹੋ ਕੇ ਵਹਿਣ ਵਾਲ਼ੀ ਕੰਗਸਾਬਤੀ ਨਦੀ, ਪਿੰਡ ਦੇ ਆਦਿਵਾਸੀ ਪਰਿਵਾਰਾਂ ਵਾਸਤੇ ਭੋਜਨ ਦਾ ਪ੍ਰਮੁੱਖ ਵਸੀਲਾ ਹੈ

ਇੱਕ ਤੋਂ ਬਾਅਦ ਇੱਕ ਚਿੰਗਰੀ ਫੜ੍ਹਦਿਆਂ ਉਨ੍ਹਾਂ ਨੇ ਕਿਹਾ,''ਝੀਂਗੇ ਨੂੰ ਸਾਫ਼ ਕਰਨ ਵਿੱਚ ਕਾਫ਼ੀ ਮਿਹਨਤ ਲੱਗਦੀ ਹੈ ਪਰ ਇਹ ਖਾਣ ਵਿੱਚ ਕਾਫ਼ੀ ਸੁਆਦੀ ਹੁੰਦੇ ਹਨ।'' ਹਾਲਾਂਕਿ, ਉਨ੍ਹਾਂ ਨੇ ਅੱਗੇ ਕਿਹਾ, ਹੁਣ ਨਾ ਤਾਂ ਨਦੀ ਪਹਿਲਾਂ ਜਿਹੀ ਰਹੀ ਹੈ ਨਾ ਹੀ ਚਿੰਗਰੀ ਹੀ। ''ਤੂੰ ਨਦੀਓਂ ਪਾਰ ਉਹ ਖੇਤ ਦੇਖ ਰਹੀ ਏਂ? ਉਹ ਫ਼ਸਲਾਂ 'ਤੇ ਹਰ ਤਰੀਕੇ ਦੀ ਖਾਦ ਅਤੇ ਕੀਟਨਾਸ਼ਕਾਂ ਦਾ ਛਿੜਕਾਅ ਕਰਦੇ ਹਨ ਅਤੇ ਫਿਰ ਉਨ੍ਹਾਂ ਜੈਰੀਕੈਨਾਂ (ਛਿੜਕਾਅ ਵਾਲ਼ੇ ਡੱਬੇ) ਨੂੰ ਉਸੇ ਨਦੀ ਦੇ ਪਾਣੀ ਵਿੱਚ ਧੋਂਦੇ ਹਨ। ਫਿਰ ਕੀ.... ਜ਼ਹਿਰੀਲੇ ਪਾਣੀ ਨਾਲ਼ ਮੱਛੀਆਂ ਦੀ ਮੌਤ ਹੋ ਜਾਂਦੀ ਹੈ। ਬੱਸ ਇੰਝ ਹੀ ਹੌਲ਼ੀ-ਹੌਲ਼ੀ ਚਿੰਗਰੀ ਦੁਰਲੱਭ ਹੁੰਦੇ ਜਾ ਰਹੇ ਹਨ...''

ਕੋਇਰਾ ਤੋਂ 5-6 ਕਿਲੋਮੀਟਰ ਦੂਰ ਸਥਿਤ ਪਿਰੜਾ ਪਿੰਡੋਂ ਨਦੀ ਵਿੱਚ ਡੁਬਕੀ ਲਾਉਣ ਆਏ ਸ਼ੁਭੰਕਰ ਮਹਤੋ ਨੇ ਅਨੀਰੁੱਧ ਦੇ ਹੀ ਸ਼ਬਦਾਂ ਨੂੰ ਦੁਹਰਾਇਆ। ''ਇੱਕ ਵੇਲ਼ਾ ਸੀ ਜਦੋਂ ਇਹ ਨਦੀਆਂ ਨੇੜੇ ਤੇੜੇ ਰਹਿਣ ਵਾਲ਼ੇ ਬੇਜ਼ਮੀਨੇ, ਛੋਟੇ ਅਤੇ ਸੀਮਾਂਤ ਕਿਸਾਨ ਆਦਿਵਾਸੀਆਂ ਵਾਸਤੇ ਰੋਜ਼ੀਰੋਟੀ ਦੇ ਨਾਲ਼ ਨਾਲ਼ ਪ੍ਰੋਟੀਨ ਅਤੇ ਹੋਰ ਅਹਿਮ ਪੋਸ਼ਕ ਤੱਤਾਂ ਦਾ ਭਰਪੂਰ ਸ੍ਰੋਤ ਹੋਇਆ ਕਰਦੀਆਂ ਸਨ- ਜੋ ਲੋਕ ਅਨਾਜ ਤੇ ਹੋਰ ਖ਼ੁਰਾਕਾਂ ਖਰੀਦਣ ਵਿੱਚ ਅਸਮਰੱਥ ਹੁੰਦੇ ਸਨ।'' ਉਨ੍ਹਾਂ ਨੇ ਕਿਹਾ ਪੁਰੂਲਿਆ, ਰਾਜ ਦੇ ਸਭ ਤੋਂ ਗ਼ਰੀਬ ਜ਼ਿਲ੍ਹਿਆਂ ਵਿੱਚੋਂ ਇੱਕ ਹੈ।

2020 ਦੇ ਇੱਕ ਅਧਿਐਨ ਮੁਤਾਬਕ, ਪੱਛਮੀ ਬੰਗਾਲ ਦੇ ਪੁਰੂਲਿਆ ਵਿੱਚ ਸਭ ਤੋਂ ਵੱਧ ਗ਼ਰੀਬੀ ਹੈ। ਜ਼ਿਲ੍ਹੇ ਦੇ 26 ਫ਼ੀਸਦ ਲੋਕ ਗ਼ਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਹਨ। ਸ਼ੁਭੰਕਰ ਨੇ ਕਿਹਾ,''ਇੱਥੋਂ ਦੇ ਪਰਿਵਾਰ  ਭੋਜਨ ਵਾਸਤੇ ਜੰਗਲਾਂ ਅਤੇ ਨਦੀਆਂ 'ਤੇ ਨਿਰਭਰ ਰਹਿੰਦੇ ਹਨ। ਪਰ ਕੁਦਰਤ ਦੇ ਇਨ੍ਹਾਂ ਸੋਮਿਆਂ ਤੱਕ ਮਨੁੱਖੀ ਪਹੁੰਚ ਮੁਸ਼ਕਲ ਹੁੰਦੀ ਜਾ ਰਹੀ ਹੈ।'' ਸ਼ੁਭੰਕਰ ਪੇਸ਼ੇ ਤੋਂਅਨੀਰੁੱਧ ਹੋਰ ਹੋਰ ਝੀਂਗੇ ਲੱਭਣ ਵਿੱਚ ਮਸ਼ਰੂਫ਼ ਸਨ ਜਦੋਂ ਮੈਂ ਉਨ੍ਹਾਂ ਪਾਸੋਂ ਉਨ੍ਹਾਂ ਦੇ ਪਰਿਵਾਰ ਬਾਰੇ ਪੁੱਛਿਆ- ਜਿਸ ਪਰਿਵਾਰ ਖ਼ਾਤਰ ਉਹ ਇੰਨੀ ਮਿਹਨਤ ਕਰਕੇ ਕ੍ਰਸਟੇਸ਼ੰਸ (ਸਖ਼ਤ ਖੱਲ੍ਹ ਵਾਲ਼ੇ ਸਮੁੰਦਰੀ ਜੀਵ) ਫੜ੍ਹ ਰਹੇ ਸਨ। ''ਮੇਰੀ ਪਤਨੀ ਘਰ ਸਾਂਭਣ ਦੇ ਨਾਲ਼ ਨਾਲ਼ ਖੇਤਾਂ ਵਿੱਚ ਵੀ ਕੰਮ ਕਰਦੀ ਹੈ। ਮੇਰਾ ਬੇਟਾ ਵੀ ਆਪਣੇ ਹੀ ਖੇਤਾਂ ਵਿੱਚ ਕੰਮ ਕਰਦਾ ਹੈ।'' ਆਪਣੇ ਬੱਚਿਆਂ ਬਾਬਤ ਦੱਸਦਿਆਂ ਉਨ੍ਹਾਂ ਦੀਆਂ ਅੱਖਾਂ ਚਮਕ ਰਹੀਆਂ ਸਨ। ''ਮੇਰੀ ਤਿੰਨੋਂ ਧੀਆਂ ਵਿਆਹੀਆਂ ਹੋਈਆਂ ਹਨ (ਦੂਰ ਰਹਿੰਦੀਆਂ ਹਨ)। ਮੇਰੇ ਕੋਲ਼ ਹੁਣ ਇੱਕੋ ਹੀ ਬੱਚਾ ਹੈ ਅਤੇ ਮੈਂ ਉਹਨੂੰ ਕੰਮਕਾਰ ਵਾਸਤੇ ਦੂਰ ਨਹੀਂ ਭੇਜਣ ਲੱਗਾ, ਨਾ ਹੀ ਕੰਮਕਾਰ ਵਾਸਤੇ ਮੈਂ ਖ਼ੁਦ ਵੀ ਕਿਤੇ ਦੂਰ ਜਾਊਂਗਾ।''

ਅਨੀਰੁੱਧ ਤੋਂ ਵਿਦਾ ਲੈਂਦਿਆਂ, ਮੇਰੀ ਕਲਪਨਾ ਵਿੱਚ ਮੈਂ ਅਨੀਰੁੱਧ ਦੇ ਪਰਿਵਾਰ ਨੂੰ ਇੰਨੀ ਸਖ਼ਤ ਮਿਹਨਤ ਨਾਲ਼ ਹਾਸਲ ਕੀਤੇ ਗਏ ਭੋਜਨ ਦਾ ਅਨੰਦ ਮਾਣਦੇ ਦੇਖਿਆ ਅਤੇ ਮੈਨੂੰ ਬਾਈਬਲ ਦਾ ਛੰਦ ਚੇਤੇ ਹੋ ਆਇਆ,''ਅਤੇ ਜਿੱਥੇ ਕਿਤੇ ਇੱਕ ਨਦੀ ਵਹੂਗੀ, ਝੁੰਡ ਵਿੱਚ ਰਹਿਣ ਵਾਲ਼ਾ ਹਰੇਕ ਪ੍ਰਾਣੀ ਜਿਊਂਦਾ ਰਹੂਗਾ ਅਤੇ ਇਹਦੇ ਪਾਣੀ ਵਿੱਚ ਬਹੁਤ ਸਾਰੀਆਂ ਮੱਛੀਆਂ ਹੋਣਗੀਆਂ।''

ਤਰਜਮਾ: ਕਮਲਜੀਤ ਕੌਰ

Smita Khator

Smita Khator is the Chief Translations Editor, PARIBhasha, the Indian languages programme of People's Archive of Rural India, (PARI). Translation, language and archives have been her areas of work. She writes on women's issues and labour.

Other stories by Smita Khator
Editor : Vishaka George

Vishaka George is Senior Editor at PARI. She reports on livelihoods and environmental issues. Vishaka heads PARI's Social Media functions and works in the Education team to take PARI's stories into the classroom and get students to document issues around them.

Other stories by Vishaka George
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur