" ਓਸ਼ੋਬ ਵੋਟ - ਟੋਟ ਛਾਰੋ। ਸੰਧਿਆ ਨਾਮਰ ਆਗੇ ਅਨੇਕ ਕਾਜ ਗੋ ... (ਵੋਟ-ਸ਼ੋਟ ਛੱਡੋ, ਹਨ੍ਹੇਰਾ ਹੋਣ ਤੋਂ ਪਹਿਲਾਂ ਹਜ਼ਾਰਾਂ ਕੰਮ ਮੁਕਾਉਣੇ ਨੇ...] ਆਓ ਸਾਡੇ ਕੋਲ਼ ਆ ਕੇ ਬੈਠੋ, ਜੇ ਤੁਸੀਂ ਬਦਬੂ ਬਰਦਾਸ਼ਤ ਕਰ ਸਕਦੇ ਹੋ ਤਾਂ," ਭੁੰਜੇ ਬੈਠੀ ਮਾਲਤੀ ਮਾਲ ਆਪਣੇ ਨਾਲ਼ ਪਈ ਖਾਲੀ ਥਾਂ ਵੱਲ ਇਸ਼ਾਰਾ ਕਰਦਿਆਂ ਕਹਿੰਦੀ ਹਨ। ਉਹ ਮੈਨੂੰ ਧੁੱਪ ਅਤੇ ਧੂੜ ਦੀ ਪਰਵਾਹ ਕੀਤੇ ਬਗ਼ੈਰ  ਪਿਆਜ਼ ਦੇ ਇੱਕ ਵੱਡੇ ਢੇਰ ਦੁਆਲ਼ੇ ਕੰਮ ਕਰਨ ਲਈ ਜੁੜੀਆਂ ਔਰਤਾਂ ਦੇ ਇੱਕ ਸਮੂਹ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦੀ ਹਨ। ਮੈਂ ਲਗਭਗ ਇੱਕ ਹਫ਼ਤੇ ਤੋਂ ਇਸ ਪਿੰਡ ਦੀਆਂ ਔਰਤਾਂ ਦਾ ਪਿੱਛਾ ਕਰ ਰਹੀ ਹਾਂ ਅਤੇ ਅਗਾਮੀ ਚੋਣਾਂ ਨੂੰ ਲੈ ਕੇ ਸਵਾਲ ਪੁੱਛ ਰਹੀ ਹਾਂ।

ਇਹ ਅਪ੍ਰੈਲ ਦੇ ਸ਼ੁਰੂਆਤੀ ਦਿਨ ਹਨ। ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਦੇ ਇਸ ਹਿੱਸੇ ਵਿੱਚ ਸੂਰਜ ਹਰ ਰੋਜ਼ 41 ਡਿਗਰੀ ਤੱਕ ਪਹੁੰਚ ਜਾਂਦਾ ਹੈ। ਮਾਲ ਪਹਾੜੀਆ ਝੌਂਪੜੀ ਵਿੱਚ, ਸ਼ਾਮੀਂ 5 ਵਜੇ ਵੀ ਲੂੰਹਦੀ ਗਰਮੀ ਮਹਿਸੂਸ ਕੀਤੀ ਜਾ ਸਕਦੀ ਹੈ। ਇਲਾਕੇ ਵਿੱਚ ਮੌਜੂਦ ਵਿਰਲੇ-ਟਾਂਵੇ ਰੁੱਖਾਂ ਦਾ ਇੱਕ ਪੱਤਾ ਵੀ ਨਹੀਂ ਸੀ ਹਿਲ ਰਿਹਾ। ਤਾਜ਼ਾ ਪਿਆਜਾਂ ਦੀ ਹਵਾੜ ਹਵਾ ਵਿੱਚ ਤੈਰ ਰਹੀ ਹੁੰਦੀ ਹੈ।

ਔਰਤਾਂ ਆਪਣੇ ਘਰਾਂ ਤੋਂ ਮਸਾਂ 50 ਕੁ ਮੀਟਰ ਦੀ ਵਿੱਥ 'ਤੇ ਇੱਕ ਖੁੱਲੀ ਥਾਵੇਂ ਪਿਆਜ਼ ਦੇ ਢੇਰ ਦੁਆਲ਼ੇ ਅਰਧ-ਚੱਕਰ ਬਣਾਈ ਬੈਠੀਆਂ ਹਨ। ਉਹ ਦਾਤੀ ਨਾਲ਼ ਪਿਆਜ਼ ਦੀਆਂ ਗੰਢੀਆਂ ਨੂੰ ਡੰਠਲਾਂ ਤੋਂ ਵੱਖ ਕਰ ਰਹੀਆਂ ਹੁੰਦੀਆਂ ਹਨ। ਦੁਪਹਿਰ ਦੀ ਲੂੰਹਦੀ ਤਪਸ਼ ਤੇ ਪਿਆਜ਼ਾਂ ਦੀ ਹਵਾੜ 'ਚੋਂ ਉੱਡਦੀ ਭਾਫ਼ ਨਾਲ਼ ਮੁੜ੍ਹਕੋ-ਮੁੜ੍ਹਕੀ ਹੋਏ ਉਨ੍ਹਾਂ ਦੇ  ਚਿਹਰੇ ਸਖ਼ਤ ਮਿਹਨਤ ਦਾ ਸਬੂਤ ਬਣ ਲਿਸ਼ਕਦੇ ਹਨ।

"ਇਹ ਸਾਡਾ ਦੇਸ਼ (ਜੱਦੀ ਪਿੰਡ) ਨਹੀਂ ਹੈ। ਅਸੀਂ ਪਿਛਲੇ ਸੱਤ-ਅੱਠ ਸਾਲਾਂ ਤੋਂ ਇੱਥੇ ਆਉਂਦੇ ਰਹੇ ਹਾਂ," 60 ਸਾਲਾ ਮਾਲਤੀ ਕਹਿੰਦੀ ਹਨ। ਉਹ ਅਤੇ ਸਮੂਹ ਦੀਆਂ ਹੋਰ ਔਰਤਾਂ ਮਾਲ ਪਹਾੜੀਆ ਆਦਿਵਾਸੀ ਭਾਈਚਾਰੇ ਨਾਲ਼ ਸਬੰਧਤ ਹਨ। ਉਹ ਇਸ ਰਾਜ ਵਿੱਚ ਅਨੁਸੂਚਿਤ ਕਬੀਲਿਆਂ ਦੇ ਅਧੀਨ ਸੂਚੀਬੱਧ ਹਨ ਅਤੇ ਇਹ ਇੱਥੋਂ ਦਾ ਸਭ ਤੋਂ ਕਮਜ਼ੋਰ ਕਬਾਇਲੀ ਸਮੂਹ ਵੀ ਹੈ।

"ਸਾਡੇ ਪਿੰਡ ਗੋਆਸਸ ਕਾਲੀਕਾਪੁਰ ਵਿਖੇ ਸਾਨੂੰ ਕੋਈ ਕੰਮ ਨਹੀਂ ਮਿਲ਼ਦਾ," ਉਹ ਕਹਿੰਦੀ ਹਨ। ਮੁਰਸ਼ਿਦਾਬਾਦ ਜ਼ਿਲ੍ਹੇ ਦੇ ਰਾਣੀਨਗਰ-1 ਬਲਾਕ ਵਿੱਚ ਪੈਂਦੇ ਗੋਆਸਸ ਪਿੰਡ ਦੇ 30 ਤੋਂ ਵੱਧ ਪਰਿਵਾਰ ਹੁਣ ਬਿਸ਼ੂਰਪੁਕੂਰ ਪਿੰਡ ਦੇ ਬਾਹਰਵਾਰ ਅਸਥਾਈ ਝੌਂਪੜੀਆਂ ਦੀ ਇੱਕ ਬਸਤੀ ਵਿੱਚ ਰਹਿੰਦੇ ਹਨ ਅਤੇ ਸਥਾਨਕ ਖੇਤਾਂ ਵਿੱਚ ਕੰਮ ਕਰਦੇ ਹਨ।

ਔਰਤਾਂ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਨੇ 7 ਮਈ ਨੂੰ ਲੋਕ ਸਭਾ ਚੋਣਾਂ ਵਿੱਚ ਵੋਟ ਪਾਉਣ ਲਈ ਆਪਣੇ ਪਿੰਡ ਜਾਣਾ ਸੀ। ਗੋਆਸਸ ਕਾਲੀਕਾਪੁਰ, ਬਿਸ਼ੂਪੁਰਕੂਰ ਤੋਂ ਲਗਭਗ 60 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ।

PHOTO • Smita Khator
PHOTO • Smita Khator

ਖੱਬੇ : ਮਾਲ ਪਹਾੜੀਆ ਤੇ ਸੰਥਾਲ ਭਾਈਚਾਰੇ ਦੀਆਂ ਆਦਿਵਾਸੀ ਔਰਤਾਂ ਨੇੜੇ-ਤੇੜੇ ਦੀਆਂ ਬਸਤੀਆਂ ਤੋਂ ਮੁਰਸ਼ਿਦਾਬਾਦ ਦੇ ਬੇਲਡਾਂਗਾ- I ਬਲਾਕ ਵਿਖੇ ਖੇਤਾਂ ਵਿੱਚ ਕੰਮ ਕਰਨ ਆਉਂਦੀਆਂ ਹਨ। ਮਾਲਤੀ ਮਾਲ (ਸੱਜੇ ਖੜ੍ਹੀ ਹਨ) ਆਪਣੇ ਪੈਰ ਸਿੱਧੇ ਕਰਨ ਦੀ ਕੋਸ਼ਿਸ਼ ਕਰਦੀ ਹੋਈ ਜੋ ਲੰਬਾ ਸਮਾਂ ਬੈਠਣ ਨਾਲ਼ ਸੌਂ ਜਿਹੇ ਗਏ ਸਨ

ਰਾਣੀਨਗਰ-1 ਬਲਾਕ ਤੋਂ ਬੇਲਡਾਂਗਾ-1 ਬਲਾਕ ਤੱਕ ਦਾ ਮਾਲ ਪਹਾੜੀਆਂ ਦਾ ਇਹ ਮੌਜੂਦਾ ਅੰਤਰ-ਤਾਲੁਕਾ ਸਰਕੂਲਰ ਪ੍ਰਵਾਸ ਜ਼ਿਲ੍ਹੇ ਵਿੱਚ ਮਜ਼ਦੂਰਾਂ ਦੇ ਪ੍ਰਵਾਸ ਦੀ ਅਨਿਸ਼ਚਿਤ ਪ੍ਰਕਿਰਤੀ ਨੂੰ ਦਰਸਾਉਂਦਾ ਹੈ।

ਮਾਲ ਪਹਾੜੀਆ ਆਦਿਵਾਸੀ ਪੱਛਮੀ ਬੰਗਾਲ ਦੇ ਕਈ ਜ਼ਿਲ੍ਹਿਆਂ ਵਿੱਚ ਫੈਲੇ ਹੋਏ ਹਨ ਅਤੇ ਉਨ੍ਹਾਂ ਵਿੱਚੋਂ 14,064 ਇਕੱਲੇ ਮੁਰਸ਼ਿਦਾਬਾਦ ਜ਼ਿਲ੍ਹੇ ਵਿੱਚ ਰਹਿੰਦੇ ਹਨ। "ਸਾਡੇ ਭਾਈਚਾਰੇ ਦਾ ਮੂਲ਼ ਸਥਾਨ ਰਾਜਮਹਿਲ ਪਹਾੜੀਆਂ ਦੇ ਆਲ਼ੇ-ਦੁਆਲ਼ੇ ਦੇ ਇਲਾਕਿਆਂ ਵਿੱਚ ਹੈ। ਫਿਰ ਸਾਡੇ ਲੋਕ ਝਾਰਖੰਡ (ਉਹ ਰਾਜ ਜਿੱਥੇ ਰਾਜਮਹਿਲ ਖੇਤਰ ਸਥਿਤ ਹੈ) ਅਤੇ ਪੱਛਮੀ ਬੰਗਾਲ ਦੇ ਵੱਖ-ਵੱਖ ਇਲਾਕਿਆਂ ਵਿੱਚ ਚਲੇ ਗਏ," ਝਾਰਖੰਡ ਰਾਜ ਦੇ ਦੁਮਕਾ ਦੇ ਇੱਕ ਵਿਦਵਾਨ ਅਤੇ ਭਾਈਚਾਰਕ ਕਾਰਕੁਨ ਰਾਮਜੀਵਨ ਅਹਾਰੀ ਕਹਿੰਦੇ ਹਨ।

ਰਾਮਜੀਵਨ ਦਾ ਕਹਿਣਾ ਹੈ ਕਿ ਉਹ ਪੱਛਮੀ ਬੰਗਾਲ ਵਿੱਚ ਅਨੁਸੂਚਿਤ ਕਬੀਲਿਆਂ ਦੇ ਅਧੀਨ ਸੂਚੀਬੱਧ ਹਨ, ਪਰ ਮਾਲ ਪਹਾੜੀਆ ਭਾਈਚਾਰੇ ਨੂੰ ਝਾਰਖੰਡ ਰਾਜ ਵਿੱਚ ਵਿਸ਼ੇਸ਼ ਕਮਜ਼ੋਰ ਕਬਾਇਲੀ ਸਮੂਹ (ਪੀਵੀਟੀਜੀ) ਵਜੋਂ ਸੂਚੀਬੱਧ ਕੀਤਾ ਗਿਆ ਹੈ। ਉਹ ਕਹਿੰਦੇ ਹਨ, "ਵੱਖ-ਵੱਖ ਰਾਜਾਂ ਅੰਦਰ ਇੱਕੋ ਭਾਈਚਾਰੇ ਨੂੰ ਜੋ ਵੱਖੋ-ਵੱਖ ਦਰਜਾ ਦਿੱਤਾ ਗਿਆ ਹੈ, ਹਰੇਕ ਸਰਕਾਰ ਦਾ ਇਹ ਸਟੈਂਡ ਭਾਈਚਾਰੇ ਦੀ ਕਮਜ਼ੋਰੀ ਨੂੰ ਦਰਸਾਉਂਦਾ ਹੈ।''

"ਇੱਥੋਂ ਦੇ ਲੋਕਾਂ ਨੂੰ ਆਪਣੇ ਖੇਤਾਂ ਵਿੱਚ ਕੰਮ ਕਰਨ ਲਈ ਮਜ਼ਦੂਰਾਂ ਦੀ ਲੋੜ ਹੈ," ਮਾਲਤੀ ਇਹ ਸਪੱਸ਼ਟ ਕਰਨ ਦੀ ਕੋਸ਼ਿਸ਼ ਕਰਦੀ ਹਨ ਕਿ ਉਹ ਘਰ ਤੋਂ ਇੰਨੀ ਦੂਰ ਇੱਕ ਅਸਥਾਈ ਬਸਤੀ ਵਿੱਚ ਕਿਉਂ ਰਹਿੰਦੇ ਹਨ। "ਬਿਜਾਈ ਤੇ ਵਾਢੀ ਦੌਰਾਨ ਸਾਨੂੰ 250 ਰੁਪਏ ਦਿਹਾੜੀ ਮਿਲ਼ਦੀ ਹੈ। ਕਈ ਵਾਰ ਕੁਝ ਉਦਾਰਵਾਦੀ ਕਿਸਾਨ ਆਪਣੀ ਉਗਾਈ ਗਈ ਫ਼ਸਲ ਦਾ ਥੋੜ੍ਹਾ ਜਿਹਾ ਹਿੱਸਾ ਵੀ ਦੇ ਦਿੰਦੇ ਹਨ," ਉਹ ਕਹਿੰਦੀ ਹਨ।

ਮੁਰਸਿਦਾਬਾਦ ਜ਼ਿਲ੍ਹੇ ਵਿੱਚ ਸਥਾਨਕ ਮਜ਼ਦੂਰਾਂ ਦੀ ਘਾਟ ਹੈ। ਇਹ ਇਸ ਲਈ ਹੈ ਕਿਉਂਕਿ ਇੱਥੇ ਵੱਡੀ ਗਿਣਤੀ ਵਿੱਚ ਮਜ਼ਦੂਰ ਕੰਮ ਦੀ ਭਾਲ਼ ਵਿੱਚ ਦੂਜੇ ਖੇਤਰਾਂ ਵਿੱਚ ਚਲੇ ਜਾਂਦੇ ਹਨ। ਆਦਿਵਾਸੀ ਕਿਸਾਨ, ਮਜ਼ਦੂਰਾਂ ਦੀ ਇਸ ਕਿੱਲਤ ਨੂੰ ਕੁਝ ਹੱਦ ਤੱਕ ਪੂਰਾ ਕਰਦੇ ਹਨ। ਬੇਲਡਾਂਗਾ-1 ਬਲਾਕ ਦੇ ਖੇਤ ਮਜ਼ਦੂਰ 600 ਰੁਪਏ ਤੱਕ ਦਿਹਾੜੀ ਲੈਂਦੇ ਹਨ, ਜਦੋਂ ਕਿ ਅੰਤਰ-ਤਾਲੁਕਾ ਪ੍ਰਵਾਸੀ ਆਦਿਵਾਸੀ ਮਜ਼ਦੂਰ, ਜਿਨ੍ਹਾਂ ਵਿੱਚ ਜ਼ਿਆਦਾਤਰ ਔਰਤਾਂ ਹਨ, ਇਸ ਤੋਂ ਅੱਧੇ ਵਿੱਚ ਹੀ ਕੰਮ ਕਰ ਦਿੰਦੀਆਂ ਹਨ।

ਅੰਜਲੀ ਮਾਲ ਨੇ ਦੱਸਿਆ, "ਇੱਕ ਵਾਰ ਜਦੋਂ ਕੱਟਿਆ ਪਿਆਜ਼ ਖੇਤਾਂ ਤੋਂ ਪਿੰਡ ਲਿਆਂਦਾ ਜਾਂਦਾ ਹੈ ਤਾਂ ਅਸੀਂ ਅਗਲੇ ਪੜਾਅ ਦਾ ਕੰਮ ਸ਼ੁਰੂ ਕਰ ਦਿੰਦੇ ਹਾਂ।'' ਪਿਆਜ਼ ਕੱਟਣ ਵਾਲ਼ੀ ਇਹ ਪਤਲੀ ਜਿਹੀ ਔਰਤ ਅਜੇ ਸਿਰਫ਼ 19 ਸਾਲਾਂ ਦੀ ਹੈ।

PHOTO • Smita Khator
PHOTO • Smita Khator

ਖੱਬੇ : ਅੰਜਲੀ ਮਾਲ ਆਪਣੀ ਆਰਜ਼ੀ ਝੌਂਪੜੀ ਸਾਹਮਣੇ। ਉਹ ਚਾਹੁੰਦੀ ਹਨ ਕਿ ਉਨ੍ਹਾਂ ਦੀ ਧੀ ਸਕੂਲ ਜਾਵੇ, ਜਿਹਦਾ ਮੌਕਾ ਉਨ੍ਹਾਂ ਨੂੰ ਆਪ ਨਹੀਂ ਮਿਲ਼ਿਆ। ਸੱਜੇ : ਪੱਛਮੀ ਬੰਗਾਲ ਤੇ ਉਹਦੇ ਬਾਹਰ ਭੇਜਣ ਲਈ ਪਿਆਜ ਦੀਆਂ ਭਰੀਆਂ ਬੋਰੀਆਂ ਟਰੱਕ ਵਿੱਚ ਲੱਦੀਆਂ ਜਾ ਰਹੀਆਂ ਹਨ

ਉਨ੍ਹਾਂ ਵੱਲੋਂ ਤਿਆਰ ਪਿਆਜ਼ ਫੜਿਆ (ਆੜ੍ਹਤੀ) ਨੂੰ ਵੇਚਿਆ ਜਾਂਦਾ ਹੈ ਅਤੇ ਰਾਜ ਦੇ ਅੰਦਰ ਅਤੇ ਬਾਹਰ ਦੂਰ-ਦੁਰਾਡੇ ਦੀਆਂ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। "ਅਸੀਂ ਦਾਤਰ ਦੀ ਵਰਤੋਂ ਕਰਕੇ ਪਿਆਜ਼ ਦੀਆਂ ਗੰਢੀਆਂ ਨੂੰ ਡੱਠਲ ਤੋਂ ਵੱਖ ਕਰਦੇ ਹਾਂ, ਇਸਦੇ ਫਾਲਤੂ ਛਿਲਕੇ, ਮਿੱਟੀ ਅਤੇ ਜੜ੍ਹਾਂ ਵੀ ਸਾਫ਼ ਕਰਦੇ ਹਾਂ। ਫਿਰ ਉਨ੍ਹਾਂ ਨੂੰ ਇਕੱਠਾ ਕਰਕੇ ਬੋਰੀਆਂ ਵਿੱਚ ਭਰਦੇ ਹਾਂ।'' 40 ਕਿਲੋਗ੍ਰਾਮ ਭਾਰੀ ਇੱਕ ਬੋਰੀ ਬਦਲੇ ਉਨ੍ਹਾਂ ਨੂੰ 20 ਰੁਪਏ ਮਿਲ਼ਦੇ ਹਨ। "ਜਿੰਨਾ ਜ਼ਿਆਦਾ ਅਸੀਂ ਕੰਮ ਕਰਾਂਗੇ, ਓਨੇ ਹੀ ਵੱਧ ਪੈਸਾ ਵੀ ਕਮਾ ਸਕਾਂਗੇ। ਇਹੀ ਕਾਰਨ ਹੈ ਕਿ ਅਸੀਂ ਹਰ ਸਮੇਂ ਕੰਮ ਹੀ ਕਰਦੇ ਰਹਿੰਦੇ ਹਾਂ। ਇਹ ਕੰਮ ਖੇਤ ਮਜ਼ਦੂਰੀ ਵਰਗਾ ਨਹੀਂ ਹੈ, ਜਿੱਥੇ ਦਿਹਾੜੀ ਦਾ ਇੱਕ ਨਿਸ਼ਚਿਤ ਸਮਾਂ ਹੁੰਦਾ ਹੈ।''

ਸਾਧਨ ਮੰਡਲ, ਸੁਰੇਸ਼ ਮੰਡਲ, ਧੋਨੂ ਮੰਡਲ ਅਤੇ ਰਾਖੋਹੋਰੀ ਬਿਸਵਾਸ ਬਿਸ਼ੂਰਪੁਕੂਰ ਪਿੰਡ ਦੇ ਕੁਝ ਕਿਸਾਨ ਹਨ, ਜੋ ਆਪਣੀ ਉਮਰ ਦੇ 40ਵੇਂ ਵਿੱਚ ਇਹ ਕਿਸਾਨ ਆਦਿਵਾਸੀਆਂ ਨੂੰ ਦਿਹਾੜੀਆਂ 'ਤੇ ਰੱਖਦੇ ਹਨ। ਉਹ ਕਹਿੰਦੇ ਹਨ ਕਿ ਖੇਤ ਮਜ਼ਦੂਰਾਂ ਨੂੰ ਸਾਰਾ ਸਾਲ "ਕਦੇ ਕੰਮ ਮਿਲ਼ਦਾ ਹੈ ਤੇ ਕਦੇ ਨਹੀਂ"। ਫ਼ਸਲਾਂ ਦੇ ਸੀਜ਼ਨ ਦੌਰਾਨ ਇਹ ਮੰਗ ਆਪਣੇ ਸਿਖਰ 'ਤੇ ਹੁੰਦੀ ਹੈ। ਕਿਸਾਨਾਂ ਨੇ ਸਾਨੂੰ ਦੱਸਿਆ ਕਿ ਜ਼ਿਆਦਾਤਰ ਮਾਲ ਪਹਾੜੀਆ ਅਤੇ ਸੰਥਾਲ ਆਦਿਵਾਸੀ ਔਰਤਾਂ ਕੰਮ ਲਈ ਇਨ੍ਹਾਂ ਖੇਤਰਾਂ ਦੇ ਪਿੰਡਾਂ ਵਿੱਚ ਆਉਂਦੀਆਂ ਹਨ ਅਤੇ ਇਸ ਗੱਲ 'ਤੇ ਉਹ ਇੱਕਮਤ ਜਾਪਦੇ ਹਨ: "ਉਨ੍ਹਾਂ ਤੋਂ ਬਗ਼ੈਰ, ਅਸੀਂ ਖੇਤੀ ਦਾ ਕੰਮ ਸਾਂਭ ਹੀ ਨਹੀਂ ਸਕਦੇ।''

ਇਸ ਕੰਮ ਕਾਫ਼ੀ ਸਮਾਂ-ਖਪਾਊ ਹੈ। "ਸਾਨੂੰ ਦੁਪਹਿਰ ਦੇ ਖਾਣੇ ਲਈ ਵੀ ਸਮਾਂ ਨਹੀਂ ਮਿਲ਼ਦਾ..." ਇੰਨਾ ਕਹਿੰਦਿਆਂ ਵੀ ਮਾਲਤੀ ਦੇ ਹੱਥ ਪਿਆਜ਼ ਤੋੜਨ ਵਿੱਚ ਰੁੱਝੇ ਹੋਏ ਹਨ। " ਬੇਲਾ ਹੋਏ ਜਾਯ ਕੋਨੋਮੋਟੇ ਡੂਟੋ ਚਲ ਫੁਟੀਏ ਨੀ। ਖ਼ਬਰ - ਦਬਾਰੇਰ ਅਨੇਕ ਦਾਮ ਗੋ। (ਖਾਣਾ ਖਾਣ ਲਈ ਬਹੁਤ ਦੇਰ ਹੋ ਚੁੱਕੀ ਹੈ। ਅਸੀਂ ਜਿਵੇਂ-ਕਿਵੇਂ ਥੋੜ੍ਹੇ ਚੌਲ਼ ਉਬਾਲ਼ਦੇ ਹਾਂ। ਖਾਣ-ਪੀਣ ਦੀਆਂ ਚੀਜ਼ਾਂ ਬਹੁਤ ਮਹਿੰਗੀਆਂ ਹੋ ਗਈਆਂ ਹਨ)।" ਪਿਆਜ਼ ਦਾ ਕੰਮ ਖ਼ਤਮ ਹੋਣ ਤੋਂ ਬਾਅਦ, ਔਰਤਾਂ ਨੂੰ ਘਰੇਲੂ ਕੰਮਾਂ ਨਾਲ਼ ਦੋ-ਹੱਥ ਹੋਣਾ ਪੈਂਦਾ ਹੈ: ਨਹਾਉਣ ਤੋਂ ਪਹਿਲਾਂ ਝਾੜੂ ਲਗਾਉਣਾ, ਕੱਪੜੇ/ਭਾਂਡੇ ਧੋਣਾ, ਸਫਾਈ ਕਰਨਾ ਤੇ ਫਿਰ ਰਾਤ ਦੇ ਖਾਣੇ ਲਈ ਕਾਹਲੀ-ਕਾਹਲੀ ਰਸੋਈ ਵਿੱਚ ਵੜ੍ਹਨਾ।

"ਸਾਨੂੰ ਹਰ ਵੇਲ਼ੇ ਕਮਜ਼ੋਰੀ ਜਿਹੀ ਲੱਗਦੀ ਰਹਿੰਦੀ ਹੈ," ਉਹ ਕਹਿੰਦੀ ਹਨ। ਹਾਲੀਆ ਸਮੇਂ ਹੋਇਆ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ (ਐੱਨਐੱਫਐੱਚਐੱਸ -5) ਇਸ ਦਾ ਕਾਰਨ ਸਪੱਸ਼ਟ ਕਰਦਾ ਹੈ। ਇਹ ਦੱਸਦਾ ਹੈ ਕਿ ਜ਼ਿਲ੍ਹੇ ਦੀਆਂ ਸਾਰੀਆਂ ਔਰਤਾਂ ਅਤੇ ਬੱਚਿਆਂ ਵਿੱਚ ਅਨੀਮੀਆ ਦਾ ਪੱਧਰ ਵੱਧ ਰਿਹਾ ਹੈ। ਇਸ ਤੋਂ ਇਲਾਵਾ, ਇੱਥੇ ਪੰਜ ਸਾਲ ਤੋਂ ਘੱਟ ਉਮਰ ਦੇ 40 ਪ੍ਰਤੀਸ਼ਤ ਬੱਚਿਆਂ ਦਾ ਵਿਕਾਸ ਰੁਕ ਗਿਆ ਹੈ।

ਕੀ ਉਨ੍ਹਾਂ ਨੂੰ ਇੱਥੇ ਰਾਸ਼ਨ ਨਹੀਂ ਮਿਲ਼ਦਾ?

"ਨਹੀਂ, ਸਾਡਾ ਰਾਸ਼ਨ ਕਾਰਡ ਸਾਡੇ ਪਿੰਡ ਵਿੱਚ ਹੈ। ਉੱਥੇ ਸਾਡੇ ਪਰਿਵਾਰਕ ਮੈਂਬਰ ਰਾਸ਼ਨ ਲੈਂਦੇ ਹਨ। ਜਦੋਂ ਅਸੀਂ ਘਰ ਜਾਂਦੇ ਹਾਂ, ਤਾਂ ਅਸੀਂ ਆਪਣੇ ਨਾਲ਼ ਕੁਝ ਅਨਾਜ ਲੈ ਕੇ ਆਉਂਦੇ ਹਾਂ," ਮਾਲਤੀ ਦੱਸਦੀ ਹਨ। ਉਹ ਜਨਤਕ ਵੰਡ ਪ੍ਰਣਾਲੀ (ਪੀਡੀਐੱਸ) ਤਹਿਤ ਉਪਲਬਧ ਅਨਾਜ ਬਾਰੇ ਦੱਸ ਰਹੀ ਹਨ। "ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇੱਥੇ ਬਹੁਤਾ ਖਰਚਾ ਨਾ ਕਰੀਏ ਤੇ ਵੱਧ ਤੋਂ ਵੱਧ ਪੈਸੇ ਪਿਛਾਂਹ ਆਪਣੇ ਪਰਿਵਾਰਾਂ ਨੂੰ ਭੇਜ ਸਕੀਏ," ਉਹ ਅੱਗੇ ਕਹਿੰਦੀ ਹਨ।

PHOTO • Smita Khator
PHOTO • Smita Khator

ਬਿਸ਼ੂਰਪੁਕੂਰ ਵਿੱਚ ਮਾਲਪਹਾੜੀਆ ਦੀ ਬਸਤੀ , ਜਿੱਥੇ ਪ੍ਰਵਾਸੀ ਖੇਤ ਮਜ਼ਦੂਰਾਂ ਦੇ 30 ਪਰਿਵਾਰ ਰਹਿੰਦੇ ਹਨ

ਔਰਤਾਂ ਇਹ ਜਾਣ ਕੇ ਹੈਰਾਨ ਹਨ ਕਿ ਵਨ ਨੇਸ਼ਨ ਵਨ ਰਾਸ਼ਨ ਕਾਰਡ (ਓਐੱਨਓਆਰਸੀ) ਵਰਗੀਆਂ ਦੇਸ਼ ਵਿਆਪੀ ਖੁਰਾਕ ਸੁਰੱਖਿਆ ਯੋਜਨਾਵਾਂ ਅਸਲ ਵਿੱਚ ਉਨ੍ਹਾਂ ਵਰਗੇ ਅੰਦਰੂਨੀ ਪ੍ਰਵਾਸੀਆਂ ਨੂੰ ਲਾਭ ਪਹੁੰਚਾ ਸਕਦੀਆਂ ਹਨ।  "ਕਿਸੇ ਨੇ ਵੀ ਸਾਨੂੰ ਇਸ ਬਾਰੇ ਨਹੀਂ ਦੱਸਿਆ। ਅਸੀਂ ਪੜ੍ਹੇ-ਲਿਖੇ ਨਹੀਂ ਹਾਂ। ਸਾਨੂੰ ਕਿਵੇਂ ਪਤਾ ਲੱਗੂ?" ਮਾਲਤੀ ਪੁੱਛਦੀ ਹੈ।

"ਮੈਂ ਸਕੂਲ ਦੀਆਂ ਪੌੜੀਆਂ ਨਹੀਂ ਚੜ੍ਹੀ," ਅੰਜਲੀ ਕਹਿੰਦੀ ਹਨ। "ਜਦੋਂ ਮੈਂ ਸਿਰਫ਼ ਪੰਜ ਸਾਲਾਂ ਦੀ ਸੀ ਤਾਂ ਮੇਰੀ ਮਾਂ ਦੀ ਮੌਤ ਹੋ ਗਈ। ਪਿਤਾ ਜੀ ਸਾਨੂੰ ਛੱਡ ਕੇ ਕਿਤੇ ਚਲੇ ਗਏ। ਸਾਡੇ ਗੁਆਂਢੀਆਂ ਨੇ ਸਾਨੂੰ ਪਾਲ਼ਿਆ," ਉਹ ਕਹਿੰਦੀ ਹਨ। ਇਸ ਤਰ੍ਹਾਂ ਤਿੰਨਾਂ ਭੈਣਾਂ ਨੇ ਛੋਟੀ ਉਮਰੇ ਹੀ ਖੇਤ ਮਜ਼ਦੂਰੀ ਸ਼ੁਰੂ ਕਰ ਦਿੱਤੀ ਅਤੇ ਕਿਸ਼ੋਰ ਅਵਸਥਾ ਵਿੱਚ ਹੀ ਵਿਆਹ ਵੀ ਹੋ ਗਏ। 19 ਸਾਲਾ ਅੰਜਲੀ ਤਿੰਨ ਸਾਲ ਦੀ ਬੱਚੀ ਅੰਕਿਤਾ ਦੀ ਮਾਂ ਹੈ। "ਮੈਂ ਕਦੇ ਸਕੂਲ ਨਹੀਂ ਗਈ ਬੱਸ ਕਿਸੇ ਤਰ੍ਹਾਂ ਨਾਮ - ਸੋਈ (ਦਸਤਖਤ) ਕਰਨੇ ਸਿੱਖ ਲਏ," ਉਹ ਕਹਿੰਦੀ ਹਨ ਅਤੇ ਦੱਸਦੀ ਹਨ ਕਿ ਭਾਈਚਾਰੇ ਦੇ ਗਭਰੇਟ ਬੱਚੇ ਸਕੂਲ ਨਹੀਂ ਜਾਂਦੇ। ਇੰਝ ਉਨ੍ਹਾਂ ਦੀ ਪੀੜ੍ਹੀ ਦੇ ਬਹੁਤ ਸਾਰੇ ਨੌਜਵਾਨ ਅਨਪੜ੍ਹ ਹੀ ਹਨ।

"ਮੈਂ ਨਹੀਂ ਚਾਹੁੰਦੀ ਮੇਰੀ ਧੀ ਦਾ ਹਸ਼ਰ ਮੇਰੇ ਵਰਗਾ ਹੋਵੇ। ਇਸ ਲਈ ਮੈਂ ਚਾਹੁੰਦੀ ਹਾਂ ਅਗਲੇ ਸਾਲ ਤੋਂ ਉਹ ਸਕੂਲ ਜਾਵੇ। ਨਹੀਂ ਤਾਂ ਉਹ ਕੁਝ ਵੀ ਨਹੀਂ ਸਿੱਖ ਸਕੇਗੀ।'' ਇੰਨਾ ਕਹਿੰਦਿਆਂ ਬੇਚੈਨੀ ਦੀ ਲੀਕ ਉਨ੍ਹਾਂ ਦੇ ਚਿਹਰੇ 'ਤੇ ਫਿਰ ਜਾਂਦੀ ਹੈ।

ਕਿਹੜੇ ਸਕੂਲ? ਬਿਸ਼ੂਰਪੁਕੂਰ ਪ੍ਰਾਇਮਰੀ ਸਕੂਲ?

"ਨਹੀਂ, ਸਾਡੇ ਬੱਚੇ ਇੱਥੇ ਸਕੂਲ ਨਹੀਂ ਜਾਂਦੇ। ਇੱਥੋਂ ਤੱਕ ਕਿ ਛੋਟੇ ਬੱਚੇ ਵੀ ਖਿਚੁਰੀ ਸਕੂਲ (ਆਂਗਨਵਾੜੀ) ਨਹੀਂ ਜਾਂਦੇ," ਉਹ ਕਹਿੰਦੀ ਹਨ। ਅੰਜਲੀ ਦੇ ਬੋਲੇ ਅਲਫ਼ਾਜ਼ ਸਿੱਖਿਆ ਦਾ ਅਧਿਕਾਰ (ਆਰਟੀਈ) ਐਕਟ ਲਾਗੂ ਹੋਣ ਦੇ ਬਾਵਜੂਦ ਭਾਈਚਾਰੇ ਨੂੰ ਦਰਪੇਸ਼ ਭੇਦਭਾਵ ਅਤੇ ਕਲੰਕ ਨੂੰ ਦਰਸਾਉਂਦੇ ਹਨ। "ਤੁਸੀਂ ਇੱਥੇ ਜਿੰਨੇ ਬੱਚੇ ਦੇਖ ਰਹੇ ਹੋ, ਉਨ੍ਹਾਂ ਵਿੱਚੋਂ ਜ਼ਿਆਦਾਤਰ ਸਕੂਲ ਨਹੀਂ ਜਾਂਦੇ। ਇਨ੍ਹਾਂ 'ਚੋਂ ਕੁਝ ਗੋਆਸਸ ਦੇ ਕਾਲੀਕਾਪੁਰਾ ਸਕੂਲ ਦੇ ਵਿਦਿਆਰਥੀ ਸਨ। ਪਰ ਸਾਡੀ ਮਦਦ ਲਈ ਉਹ ਸਾਡੇ ਨਾਲ਼ ਇੱਥੇ ਆਉਂਦੇ ਰਹੇ ਤੇ ਆਪਣੀ ਪੜ੍ਹਾਈ ਜਾਰੀ ਨਾ ਰੱਖ ਸਕੇ।''

2022 ਦੇ ਇੱਕ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਆਮ ਤੌਰ 'ਤੇ ਮਾਲ ਪਹਾੜੀਆ ਭਾਈਚਾਰੇ ਅਤੇ ਖਾਸ ਤੌਰ 'ਤੇ ਔਰਤਾਂ ਵਿੱਚ ਸਾਖਰਤਾ ਦਰ ਕ੍ਰਮਵਾਰ 49.10 ਪ੍ਰਤੀਸ਼ਤ ਅਤੇ 36.50 ਪ੍ਰਤੀਸ਼ਤ ਹੈ। ਪੱਛਮੀ ਬੰਗਾਲ ਵਿੱਚ ਆਦਿਵਾਸੀਆਂ ਦੀ ਰਾਜ ਵਿਆਪੀ ਸਾਖਰਤਾ ਦਰ ਮਰਦਾਂ ਵਿੱਚ 68.17 ਪ੍ਰਤੀਸ਼ਤ ਅਤੇ ਔਰਤਾਂ ਵਿੱਚ 47.71 ਪ੍ਰਤੀਸ਼ਤ ਹੈ।

ਮੈਂ ਇੱਥੇ ਪੰਜ-ਛੇ ਸਾਲ ਦੀਆਂ ਬਾਲੜੀਆਂ ਨੂੰ ਆਪਣੀ ਮਾਂ ਜਾਂ ਦਾਦੀ ਦੀ ਮਦਦ ਕਰਦੇ ਦੇਖਦੀ ਹਾਂ, ਜੋ ਪਿਆਜ਼ ਇਕੱਠੇ ਕਰ-ਕਰ ਕੇ ਟੋਕਰੀਆਂ ਵਿੱਚ ਪਾਉਂਦੀਆਂ ਜਾਂਦੀਆਂ ਹਨ। ਗਭਰੇਟ ਅਵਸਥਾ ਦੇ ਦੋ ਮੁੰਡੇ ਟੋਕਰੀਆਂ ਵਿੱਚੋਂ ਪਿਆਜ਼ਾਂ ਨੂੰ ਬੋਰੀ ਵਿੱਚ ਭਰਨ ਲੱਗੇ ਹੋਏ ਹਨ। ਕਿਰਤ ਦੀ ਇਹ ਵੰਡ ਉਮਰ, ਲਿੰਗ ਅਤੇ ਕੰਮ ਵਿੱਚ ਸ਼ਾਮਲ ਸਰੀਰਕ ਤਾਕਤ ਦਾ ਆਦਰ ਕਰਦੀ ਜਾਪਦੀ ਹੈ। " ਜੋਤੋ ਹਾਤ , ਟੋਟੋ ਬੋਸਤਾ , ਟੋਟੋ ਟਾਕਾ (ਜਿੰਨੇ ਹੱਥ, ਓਨੀਆਂ ਬੋਰੀਆਂ, ਓਨੇ ਹੀ ਵੱਧ ਪੈਸੇ," ਅੰਜਲੀ ਇਸ ਤਰੀਕੇ ਨਾਲ਼ ਸਮਝਾਉਂਦੀ ਹਨ ਕਿ ਮੈਂ ਫੱਟ ਸਮਝ ਵੀ ਜਾਂਦੀ ਹਾਂ।

PHOTO • Smita Khator
PHOTO • Smita Khator

ਡੇਰੇ ਦੇ ਬੱਚੇ ਸਕੂਲ ਨਹੀਂ ਜਾਂਦੇ। ਇੱਥੋਂ ਤੱਕ ਕਿ ਆਪਣੇ ਪਿੰਡ ਜਿਹੜੇ ਬੱਚੇ ਸਕੂਲ ਜਾਂਦੇ ਵੀ ਹਨ, ਉਹਨਾਂ ਨੂੰ ਵੀ ਮਦਦ ਲਈ ਇੱਥੇ ਪ੍ਰਵਾਸ ਦੌਰਾਨ ਸਕੂਲ ਛੱਡਣਾ ਪੈਂਦਾ ਹੈ

ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਅੰਜਲੀ ਪਹਿਲੀ ਵਾਰ ਵੋਟ ਪਾਉਣਗੇ। ''ਮੈਂ ਗ੍ਰਾਮ ਪੰਚਾਇਤ ਮੌਕੇ ਵੋਟ ਪਾ ਚੁੱਕੀ ਹਾਂ। ਪਰ ਵੱਡ-ਪੱਧਰੀ ਚੋਣਾਂ ਵਿੱਚ ਪਹਿਲੀ ਵਾਰ ਵੋਟ ਪਾਵਾਂਗੀ!'' ਮੁਸਕਰਾਉਂਦਿਆਂ ਉਹ ਕਹਿੰਦੀ ਹਨ। ''ਮੈਂ ਜਾਵਾਂਗੀ। ਸਾਡੀ ਇਸ ਬਸਤੀ ਦੀ ਹਰੇਕ ਔਰਤ ਵੋਟ ਪਾਉਣ ਆਪਣੇ ਪਿੰਡ ਵਾਪਸ ਜਾਵੇਗੀ। ਨਹੀਂ ਤਾਂ ਉਹ ਸਾਨੂੰ ਭੁੱਲ ਜਾਣਗੇ...''

ਕੀ ਤੁਸੀਂ ਆਪਣੇ ਬੱਚਿਆਂ ਲਈ ਸਿੱਖਿਆ ਦੀ ਮੰਗ ਕਰੋਗੇ?

''ਮੰਗ ਪਰ ਕਿਸ ਕੋਲ਼ੋਂ?'' ਇੰਨਾ ਕਹਿ ਅੰਜਲੀ ਯਕਦਮ ਚੁੱਪ ਹੋ ਜਾਂਦੀ ਹਨ ਤੇ ਫਿਰ ਆਪੇ ਜਵਾਬ ਦਿੰਦਿਆਂ ਕਹਿੰਦੀ ਹਨ,''ਸਾਡੀਆਂ ਇੱਥੇ (ਬਿਸੁਰਪੁਕੂਰ ਵਿਖੇ) ਵੋਟਾਂ ਨਹੀਂ ਬਣੀਆਂ। ਇਸਲਈ, ਸਾਡੇ ਕਿਸੇ ਨੂੰ ਪਰਵਾਹ ਨਹੀਂ। ਅਸੀ ਉੱਥੇ ਵੀ ਪੂਰਾ ਸਾਲ ਨਹੀਂ ਰਹਿੰਦੇ ਇਸਲਈ, ਸਾਡੇ ਕੋਲ਼ ਉੱਥੇ ਕਹਿਣ ਨੂੰ ਵੀ ਕੁਝ ਨਹੀਂ। ਅਮਰਾ ਨਾ ਏਖਾਨੇਰ, ਨਾ ਓਖਾਨੇਰ (ਅਸੀਂ ਨਾ ਇੱਧਰ ਦੇ ਹਾਂ ਨਾ ਹੀ ਓਧਰ ਦੇ)।''

ਉਨ੍ਹਾਂ ਦਾ ਕਹਿਣਾ ਹੈ ਕਿ ਚੋਣਾਂ ਦੌਰਾਨ ਕਿਸੇ ਉਮੀਦਵਾਰ ਤੋਂ ਕੀ ਉਮੀਦ ਕਰਨੀ ਹੈ ਇਸ ਬਾਰੇ ਉਨ੍ਹਾਂ ਨੂੰ ਬਹੁਤਾ ਕੁਝ ਨਹੀਂ ਪਤਾ। ''ਮੈਂ ਤਾਂ ਬੱਸ ਇੰਨਾ ਚਾਹੁੰਦੀ ਹਾਂ ਕਿ ਅੰਕਿਤਾ ਦੇ ਪੰਜ ਸਾਲ ਦੇ ਹੁੰਦਿਆਂ ਉਹਨੂੰ ਕਿਸੇ ਸਕੂਲ ਵਿੱਚ ਦਾਖ਼ਲਾ ਮਿਲ਼ ਜਾਵੇ ਤੇ ਮੈਂ ਉਸ ਨਾਲ਼ ਪਿੰਡ ਹੀ ਰਹਿਣਾ ਪਸੰਦ ਕਰਾਂਗੀ। ਮੈਂ ਦੋਬਾਰਾ ਇੱਥੇ ਨਹੀਂ ਆਉਣਾ ਚਾਹੁੰਦੀ। ਪਰ ਆਉਣ ਵਾਲ਼ੇ ਸਮੇਂ ਬਾਰੇ ਕੌਣ ਜਾਣਦੈ?'' ਉਹ ਹਊਕਾ ਭਰਦੀ ਹਨ।

"ਅਸੀਂ ਕੰਮ ਤੋਂ ਬਿਨਾਂ ਜਿਊਂਦੇ ਨਹੀਂ ਰਹਿ ਸਕਦੇ," ਇੱਕ ਹੋਰ ਜੁਆਨ ਮਾਂ, ਮਧੂਮਿਤਾ ਮਾਲ (19) ਅੰਜਲੀ ਦੇ ਸ਼ੱਕ ਨੂੰ ਦਹੁਰਾਉਂਦਿਆਂ ਕਹਿੰਦੀ ਹਨ। ਉਹ ਆਪਣੀ ਅਵਾਜ਼ ਵਿੱਚ ਦਰਦਭਰੀ ਨਿਸ਼ਚਤਤਾ ਦੇ ਨਾਲ਼ ਤੁਅੱਸਬ ਲਾਉਂਦਿਆਂ ਕਹਿੰਦੀ ਹਨ,''ਜੇ ਸਾਡੇ ਬੱਚਿਆਂ ਨੂੰ ਸਕੂਲ ਨਹੀਂ ਭੇਜਿਆ ਗਿਆ, ਤਾਂ ਉਹ ਸਾਡੇ ਵਰਗੇ ਰਹਿ ਜਾਣਗੇ।" ਨੌਜਵਾਨ ਮਾਵਾਂ ਨੂੰ ਕੇਂਦਰ ਵੱਲੋਂ ਸੰਚਾਲਤ ਆਸ਼ਰਮ ਹੋਸਟਲ ਜਾਂ ਸਿੱਖਿਆਸ਼੍ਰੀ ਵਰਗੀਆਂ ਵਿਸ਼ੇਸ਼ ਯੋਜਨਾਵਾਂ ਬਾਰੇ ਪਤਾ ਨਹੀਂ ਹੈ; ਨਾ ਹੀ ਉਨ੍ਹਾਂ ਨੂੰ ਕੇਂਦਰ ਦੁਆਰਾ ਚਲਾਏ ਜਾ ਰਹੇ ਏਕਲਵਿਆ ਮਾਡਲ ਡੇ ਬੋਰਡਿੰਗ ਸਕੂਲ (ਈਐੱਮਡੀਬੀਐੱਸ) ਬਾਰੇ ਹੀ ਪਤਾ ਹੈ, ਜਿਸ ਦਾ ਉਦੇਸ਼ ਕਬਾਇਲੀ ਬੱਚਿਆਂ ਵਿੱਚ ਸਿੱਖਿਆ ਨੂੰ ਉਤਸ਼ਾਹਤ ਕਰਨਾ ਹੈ।

ਇੱਥੋਂ ਤੱਕ ਕਿ ਬਹਿਰਾਮਪੁਰ ਹਲਕੇ ਵਿੱਚ ਸੱਤਾਧਾਰੀ ਕਾਂਗਰਸ ਪਾਰਟੀ, ਜਿਸ ਵਿੱਚ ਬਿਸ਼ੂਰਪੁਕੂਰ ਪਿੰਡ ਵੀ ਸ਼ਾਮਲ ਹੈ, ਨੇ 1999 ਤੋਂ ਆਦਿਵਾਸੀ ਬੱਚਿਆਂ ਦੀ ਸਿੱਖਿਆ ਲਈ ਨਾ-ਮਾਤਰ ਕੰਮ ਕੀਤਾ ਹੈ। ਇਹ ਉਨ੍ਹਾਂ ਦੇ 2024 ਦੇ ਮੈਨੀਫੈਸਟੋ ਵਿੱਚ ਹੈ ਕਿ ਉਹ ਗ਼ਰੀਬਾਂ, ਖਾਸ ਕਰਕੇ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਨਾਲ਼ ਸਬੰਧਤ ਲੋਕਾਂ ਲਈ ਹਰ ਬਲਾਕ ਵਿੱਚ ਰਿਹਾਇਸ਼ੀ ਸਕੂਲਾਂ ਦਾ ਵਾਅਦਾ ਕਰ ਰਹੇ ਹਨ। ਪਰ ਇਨ੍ਹਾਂ ਵਿੱਚੋਂ ਕਿਸੇ ਵੀ ਚੀਜ਼ ਬਾਰੇ ਜਾਣਕਾਰੀ ਇਨ੍ਹਾਂ ਔਰਤਾਂ ਤੱਕ ਨਹੀਂ ਪਹੁੰਚ ਰਹੀ ਹੈ।

''ਜੇ ਕੋਈ ਸਾਨੂੰ ਉਨ੍ਹਾਂ ਬਾਰੇ ਨਾ ਦੱਸਦਾ ਤਾਂ ਸਾਨੂੰ ਕਦੇ ਪਤਾ ਹੀ ਨਹੀਂ ਲੱਗਣਾ ਸੀ,'' ਮਧੂਮਿਤਾ ਕਹਿੰਦੀ ਹਨ।

PHOTO • Smita Khator
PHOTO • Smita Khator

ਖੱਬੇ: ਮਧੂਮਿਤਾ ਮਾਲ ਆਪਣੇ ਬੇਟੇ ਅਵਿਜੀਤ ਮਾਲ ਨਾਲ਼ ਆਪਣੀ ਝੌਂਪੜੀ ਵਿੱਚ। ਸੱਜੇ: ਮਧੂਮਿਤਾ ਦੀ ਝੌਂਪੜੀ ਦੇ ਅੰਦਰ ਰੱਖੇ ਪਿਆਜ਼

PHOTO • Smita Khator
PHOTO • Smita Khator

ਖੱਬੇ: ਸੋਨਾਮੋਨੀ ਮਾਲ ਆਪਣੀ ਝੌਂਪੜੀ ਦੇ ਬਾਹਰ ਆਪਣੇ ਬੱਚੇ ਨਾਲ਼। ਸੱਜੇ: ਸੋਨਾਮੋਨੀ ਮਾਲ ਦੇ ਬੱਚੇ ਝੌਂਪੜੀ ਦੇ ਅੰਦਰ ਦਿਖਾਈ ਦੇ ਰਹੇ ਹਨ। ਇਨ੍ਹਾਂ ਮਾਲ ਪਹਾੜੀਆ ਝੌਂਪੜੀਆਂ ਵਿੱਚ ਇੱਕ ਚੀਜ਼ ਭਰਪੂਰ ਮਾਤਰਾ ਵਿੱਚ ਹੈ ਅਤੇ ਉਹ ਹੈ ਪਿਆਜ਼ , ਜੋ ਫਰਸ਼ ' ਤੇ ਪਏ ਹਨ ਅਤੇ ਛੱਤ ਨਾਲ਼ ਲਟਕ ਰਹੇ ਹਨ

19 ਸਾਲਾ ਸੋਨਾਮੋਨੀ ਕਹਿੰਦੀ ਹਨ,''ਦੀਦੀ ਸਾਡੇ ਕੋਲ਼ ਸਾਰੇ ਕਾਰਡ ਹਨ- ਵੋਟਰ ਕਾਰਡ, ਆਧਾਰ ਕਾਰਡ, ਰੋਜ਼ਗਾਰ ਕਾਰਡ, ਸਵਸਥਯਾ ਸਾਥੀ ਬੀਮਾ ਕਾਰਡ, ਰਾਸ਼ਨ ਕਾਰਡ।'' ਉਹ ਵੀ ਕਾਫ਼ੀ ਛੋਟੀ ਉਮਰੇ ਮਾਂ ਬਣ ਗਈ ਸਨ ਤੇ ਆਪਣੇ ਦੋਵਾਂ ਬੱਚਿਆਂ ਨੂੰ ਸਕੂਲ ਭੇਜਣ ਲਈ ਪਰੇਸ਼ਾਨ ਹਨ। ''ਮੈਂ ਵੋਟ ਜ਼ਰੂਰ ਪਾਉਂਦੀ ਪਰ ਮੇਰਾ ਨਾਮ ਵੋਟਰ ਸੂਚੀ ਅੰਦਰ ਨਹੀਂ ਹੈ।''

'' ਵੋਟ ਦਿਏ ਆਬਾਰ ਕੀ ਲਾਭ ਹੋਬੇ ? (ਵੋਟ ਪਾਇਆਂ ਕੀ ਮਿਲ਼ੇਗਾ?) ਮੈਂ ਕਿੰਨੇ ਸਾਲਾਂ ਤੋਂ ਵੋਟ ਪਾਉਂਦੀ ਰਹੀ ਹਾਂ,'' 70 ਸਾਲਾ ਸਾਵਿਤਰੀ ਮਾਲ (ਬਦਲਿਆ ਨਾਮ) ਨੇ ਠਹਾਕਾ ਲਾਉਂਦਿਆਂ ਕਿਹਾ।

"ਮੈਨੂੰ ਸਿਰਫ਼ 1,000 ਰੁਪਏ ਦੀ ਬੁਢਾਪਾ ਪੈਨਸ਼ਨ ਮਿਲ਼ਦੀ ਹੈ ਅਤੇ ਹੋਰ ਕੁਝ ਨਹੀਂ। ਸਾਡੇ ਪਿੰਡ ਵਿੱਚ ਕੋਈ ਕੰਮ ਨਹੀਂ ਹੈ ਪਰ ਉੱਥੇ ਸਾਡੀ ਵੋਟ ਹੈ," ਸੱਤਰ ਸਾਲਾ ਸਾਵਿਤਰੀ ਸ਼ਿਕਾਇਤ ਕਰਦੀ ਹਨ। "ਤਿੰਨ ਸਾਲ ਹੋ ਗਏ ਉਨ੍ਹਾਂ ਨੇ ਸਾਨੂੰ ਸਾਡੇ ਪਿੰਡ ਵਿੱਚ ਏਕਸ਼ੋ ਦੀਨਾਰ ਕਾਜ ਤੱਕ ਨਹੀਂ ਦਿੱਤਾ ਹੈ।" ਉਨ੍ਹਾਂ ਦਾ ਇਸ਼ਾਰਾ "100 ਦਿਨਾਂ ਦੇ ਕੰਮ" ਤੋਂ ਹੈ, ਜਿਵੇਂ ਕਿ ਮਨਰੇਗਾ ਸਕੀਮ ਸਥਾਨਕ ਤੌਰ 'ਤੇ ਜਾਣੀ ਜਾਂਦੀ ਹੈ।

ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਜ਼ਿਕਰ ਕਰਦਿਆਂ ਅੰਜਲੀ ਕਹਿੰਦੀ ਹਨ, "ਸਰਕਾਰ ਨੇ ਮੇਰੇ ਪਰਿਵਾਰ ਨੂੰ ਇੱਕ ਘਰ ਦਿੱਤਾ ਹੈ। ਪਰ ਮੈਂ ਇਸ ਵਿੱਚ ਰਹਿ ਨਹੀਂ ਸਕਦੀ, ਕਿਉਂਕਿ ਉਸ ਥਾਵੇਂ ਸਾਡੇ ਕੋਲ਼ ਕੋਈ ਕੰਮ ਹੀ ਨਹੀਂ ਹੈ।'' ਉਹ ਅੱਗੇ ਕਹਿੰਦੀ ਹਨ,''ਹਾਂ, ਜੇ ਸਾਡੇ ਕੋਲ਼ 100 ਦਿਨਾਂ ਦਾ ਕੰਮ (ਮਨਰੇਗਾ) ਹੁੰਦਾ, ਤਾਂ ਅਸੀਂ ਇੱਥੇ ਨਾ ਆਉਂਦੇ।"

ਰੋਜ਼ੀ-ਰੋਟੀ ਦੇ ਬਹੁਤ ਹੀ ਸੀਮਤ ਵਿਕਲਪਾਂ ਨੇ ਇਸ ਵੱਡੇ ਪੱਧਰ 'ਤੇ ਬੇਜ਼ਮੀਨੇ ਭਾਈਚਾਰੇ ਦੇ ਬਹੁਤ ਸਾਰੇ ਲੋਕਾਂ ਨੂੰ ਦੂਰ-ਦੁਰਾਡੇ ਸਥਾਨਾਂ 'ਤੇ ਪ੍ਰਵਾਸ ਕਰਨ ਲਈ ਮਜ਼ਬੂਰ ਕੀਤਾ ਹੈ। ਸਾਵਿਤਰੀ ਸਾਨੂੰ ਦੱਸਦੀ ਹਨ ਕਿ ਗੋਆਸਸ ਕਾਲੀਕਾਪੁਰ ਦੇ ਜ਼ਿਆਦਾਤਰ ਨੌਜਵਾਨ ਕੰਮ ਦੀ ਭਾਲ਼ ਵਿੱਚ ਬੰਗਲੁਰੂ ਜਾਂ ਕੇਰਲ ਤੱਕ ਜਾਂਦੇ ਹਨ। ਇੱਕ ਨਿਸ਼ਚਿਤ ਉਮਰ ਤੋਂ ਬਾਅਦ ਮਰਦ ਆਪਣੇ ਪਿੰਡ ਦੇ ਨੇੜੇ ਕੰਮ ਕਰਨਾ ਪਸੰਦ ਕਰਦੇ ਹਨ, ਪਰ ਉੱਥੇ ਖੇਤੀ ਨਾਲ਼ ਜੁੜੇ ਕੰਮ ਵੀ ਕਾਫ਼ੀ ਨਹੀਂ ਹਨ। ਬਹੁਤ ਸਾਰੇ ਲੋਕ ਆਪਣੇ ਬਲਾਕ, ਰਾਣੀਨਗਰ-1 ਵਿੱਚ ਇੱਟ-ਭੱਠਿਆਂ 'ਤੇ ਕੰਮ ਕਰਕੇ ਪੈਸੇ ਕਮਾਉਂਦੇ ਹਨ।

"ਜਿਹੜੀਆਂ ਔਰਤਾਂ ਇੱਟ-ਭੱਠਿਆਂ 'ਤੇ ਕੰਮ ਨਹੀਂ ਕਰਨਾ ਚਾਹੁੰਦੀਆਂ, ਉਹ ਛੋਟੇ ਬੱਚਿਆਂ ਨਾਲ਼ ਦੂਜੇ ਪਿੰਡਾਂ ਵਿੱਚ ਚਲੀਆਂ ਜਾਂਦੀਆਂ ਹਨ। ਇਸ ਉਮਰ ਵਿੱਚ, ਮੈਂ ਭੱਠਿਆਂ [ਭੱਠਿਆਂ] ਵਿੱਚ ਕੰਮ ਨਹੀਂ ਕਰ ਸਕਦੀ। ਮੈਂ ਇੱਥੇ ਆਉਣਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਮੇਰਾ ਢਿੱਡ ਭਰ ਸਕੇ। ਸਾਡੇ ਡੇਰੇ ਵਿੱਚ, ਮੇਰੇ ਵਰਗੇ ਬਜ਼ੁਰਗ ਲੋਕਾਂ ਕੋਲ਼ ਵੀ ਕੁਝ ਬੱਕਰੀਆਂ ਹਨ। ਮੈਂ ਉਨ੍ਹਾਂ ਨੂੰ ਚਰਾਉਣ ਲਈ ਲੈ ਜਾਂਦੀ ਹਾਂ," ਉਹ ਅੱਗੇ ਕਹਿੰਦੀ ਹਨ। ਜਦੋਂ ਵੀ ਉਨ੍ਹਾਂ ਦੇ ਭਾਈਚਾਰੇ ਵਿੱਚ ਕਿਸੇ ਲਈ ਸੰਭਵ ਹੁੰਦਾ ਹੈ, ਉਹ "ਅਨਾਜ ਵਾਪਸ ਲਿਆਉਣ ਲਈ ਗੋਆਸ ਜਾਂਦੇ ਹਨ। ਅਸੀਂ ਗਰੀ਼ਬ ਹਾਂ; ਪੱਲਿਓਂ ਕੁਝ ਵੀ ਨਹੀਂ ਖ਼ਰੀਦ ਸਕਦੇ।''

ਜਦੋਂ ਪਿਆਜ਼ ਦਾ ਮੌਸਮ ਖ਼ਤਮ ਹੁੰਦਾ ਹੈ ਤਾਂ ਕੀ ਹੁੰਦਾ ਹੈ? ਕੀ ਉਹ ਗੋਆਸ ਵਾਪਸ ਆ ਜਾਣਗੇ?

PHOTO • Smita Khator
PHOTO • Smita Khator

ਇੱਕ ਵਾਰ ਪਿਆਜ਼ ਦੀ ਪੁਟਾਈ ਤੋਂ ਬਾਅਦ , ਖੇਤ ਮਜ਼ਦੂਰ ਪਿਆਜ਼ ਨੂੰ ਸਾਫ਼ ਕਰਦੇ ਹਨ , ਛਾਂਟਦੇ ਹਨ , ਪੈਕ ਕਰਦੇ ਹਨ ਅਤੇ ਵੇਚਣ ਲਈ ਤਿਆਰ ਕਰਦੇ ਹਨ

PHOTO • Smita Khator
PHOTO • Smita Khator

ਖੱਬੇ: ਮਜ਼ਦੂਰ ਖੇਤਾਂ ਦੇ ਨੇੜੇ ਬੈਠ ਕੇ ਦੁਪਹਿਰ ਦਾ ਖਾਣਾ ਖਾਂਦੇ ਹਨ। ਸੱਜੇ: ਮਾਲਤੀ ਮਾਲ ਆਪਣੀ ਬੱਕਰੀ ਅਤੇ ਆਪਣੇ ਵੱਲੋਂ ਪੈਕ ਕੀਤੀਆਂ ਪਿਆਜ਼ ਦੀਆਂ ਬੋਰੀਆਂ ਨਾਲ਼

ਅੰਜਲੀ ਕਹਿੰਦੀ ਹਨ "ਪਿਆਜ਼ ਕੱਟਣ ਅਤੇ ਪੈਕ ਕਰਨ ਤੋਂ ਬਾਅਦ, ਤਿਲ, ਜੂਟ ਅਤੇ ਥੋੜ੍ਹਾ ਜਿਹਾ ਖੋਰਾਰ ਧਾਨ (ਖ਼ੁਸ਼ਕ ਮੌਸਮ ਵਿੱਚ ਉਗਾਇਆ ਜਾਣ ਵਾਲ਼ਾ ਝੋਨਾ) ਬੀਜਣ ਦਾ ਸਮਾਂ ਆ ਗਿਆ ਹੈ," ਅੰਜਲੀ ਕਹਿੰਦੀ ਹਨ, ਇੱਥੋਂ ਤੱਕ ਕਿ ਬੱਚਿਆਂ ਸਮੇਤ ''ਵੱਧ ਤੋਂ ਵੱਧ ਆਦਿਵਾਸੀ ਕੁਝ ਪੈਸਾ ਕਮਾਉਣ ਲਈ ਇਸ ਭਾਈਚਾਰਕ ਡੇਰੇ ਵਿੱਚ ਆਉਂਦੇ ਹਨ।'' ਉਹ ਕਹਿੰਦੀ ਹਨ ਸਾਲ ਦੇ ਇਸ ਸਮੇਂ ਤੋਂ ਜੂਨ ਦੇ ਅੱਧ ਤੱਕ, ਖੇਤੀ ਦੇ ਕੰਮ ਵਿੱਚ ਵਾਧਾ ਹੁੰਦਾ ਹੈ।

ਨੌਜਵਾਨ ਖੇਤ ਮਜ਼ਦੂਰਾਂ ਦਾ ਕਹਿਣਾ ਹੈ ਕਿ ਫ਼ਸਲੀ ਚੱਕਰ ਦੇ ਵਿਚਕਾਰ ਖੇਤੀਬਾੜੀ ਰੁਜ਼ਗਾਰ ਘੱਟ ਜਾਂਦਾ ਹੈ, ਜਿਸ ਨਾਲ਼ ਉਨ੍ਹਾਂ ਦੀਆਂ ਦਿਹਾੜੀਆਂ ਘੱਟ ਲੱਗਦੀਆਂ ਹਨ। ਪਰ ਪ੍ਰਵਾਸੀ ਮਜ਼ਦੂਰਾਂ ਦੇ ਉਲਟ, ਵੱਖ-ਵੱਖ ਨੌਕਰੀਆਂ ਦੀ ਉਪਲਬਧਤਾ 'ਤੇ ਨਿਰਭਰ ਕਰਦੇ ਹੋਏ, ਉਹ ਉੱਥੇ ਹੀ ਰਹਿੰਦੇ ਹਨ ਅਤੇ ਆਪਣੇ ਪਿੰਡਾਂ ਨੂੰ ਵਾਪਸ ਨਹੀਂ ਪਰਤਦੇ। ਅੰਜਲੀ ਕਹਿੰਦੀ ਹਨ, "ਅਸੀਂ ਜੋਗਰਰ ਕਾਜ , ਥੇਕੇ ਕਾਜ [ਮਿਸਤਰੀ ਦੇ ਸਹਾਇਕ ਵਜੋਂ, ਠੇਕੇ ਦਾ ਕੰਮ] ਕਰਦੇ ਹਾਂ। ਅਸੀਂ ਇਹ ਝੌਂਪੜੀਆਂ ਬਣਾਈਆਂ ਹਨ ਅਤੇ ਇੱਥੇ ਹੀ ਰਹਿੰਦੇ ਹਾਂ। ਹਰੇਕ ਝੌਂਪੜੀ ਲਈ, ਅਸੀਂ ਜ਼ਮੀਨ ਮਾਲਕ ਨੂੰ 250 ਰੁਪਏ ਪ੍ਰਤੀ ਮਹੀਨਾ ਦਿੰਦੇ ਹਾਂ।''

ਸਾਵਿਤਰੀ ਕਹਿੰਦੀ ਹਨ, "ਇੱਥੇ ਕਦੇ ਵੀ ਕੋਈ ਵੀ ਸਾਡਾ ਹਾਲਚਾਲ ਪੁੱਛਣ ਨਹੀਂ ਆਉਂਦਾ। ਕੋਈ ਨੇਤਾ ਜਾਂ ਹੋਰ ਵੀ ਕੋਈ ਨਹੀਂ... ਤੂੰ ਆਪੇ ਦੇਖ ਲੈ।''

ਮੈਂ ਝੌਂਪੜੀ ਵੱਲ ਜਾਂਦੇ ਭੀੜੇ ਰਾਹ ਪੈਂਦੀ ਹਾਂ। ਲਗਭਗ 14 ਸਾਲ ਦੀ ਸੋਨਾਲੀ ਮੈਨੂੰ ਰਸਤਾ ਦਿਖਾ ਰਹੀ ਹੈ। ਉਹ 20 ਲੀਟਰ ਪਾਣੀ ਨਾਲ਼ ਭਰੀ ਬਾਲਟੀ ਲਈ ਆਪਣੀ ਝੌਂਪੜੀ ਵੱਲ ਜਾ ਰਹੀ ਹੈ। "ਮੈਂ ਛੱਪੜ ਵਿੱਚ ਨਹਾਉਣ ਗਈ ਅਤੇ ਇਹ ਬਾਲਟੀ ਭਰ ਲਈ। ਸਾਡੀ ਬਸਤੀ ਵਿੱਚ ਪਾਣੀ ਨਹੀਂ ਹੈ। ਛੱਪੜ ਦਾ ਪਾਣੀ ਵੀ ਗੰਦਲਾ ਹੈ। ਪਰ ਕੀ ਕਰੀਏ?'' ਉਹ ਜਿਸ ਛੱਪੜ ਦਾ ਜ਼ਿਕਰ ਕਰ ਰਹੀ ਹੈ ਉਹ ਡੇਰੇ ਤੋਂ ਲਗਭਗ 200 ਮੀਟਰ ਦੀ ਦੂਰੀ 'ਤੇ ਹੈ। ਇਹ ਉਹੀ ਥਾਂ ਹੈ ਜਿੱਥੇ ਮਾਨਸੂਨ ਵਿੱਚ ਕੱਟੀ ਗਈ ਜੂਟ ਦੀ ਫ਼ਸਲ ਨੂੰ ਭਿਓਂਇਆਂ ਜਾਂਦਾ ਹੈ ਭਾਵ ਤਣੇ ਤੋਂ ਰੇਸ਼ੇ ਅੱਡ ਕੀਤੇ ਜਾਂਦੇ ਹਨ। ਇਹ ਪਾਣੀ ਮਨੁੱਖਾਂ ਲਈ ਨੁਕਸਾਨਦੇਹ ਬੈਕਟੀਰੀਆ ਅਤੇ ਰਸਾਇਣਾਂ ਨਾਲ਼ ਸੰਕਰਮਿਤ ਹੈ।

"ਇਹ ਸਾਡਾ ਘਰ ਹੈ। ਇੱਥੇ ਮੈਂ ਆਪਣੇ ਬਾਬਾ ਨਾਲ਼ ਰਹਿੰਦੀ ਹਾਂ," ਗਿੱਲੇ ਕੱਪੜੇ ਬਦਲਣ ਲਈ ਝੌਂਪੜੀ ਅੰਦਰ ਜਾਂਦਿਆਂ ਉਹ ਕਹਿੰਦੀ ਹੈ। ਬਾਂਸ ਦੀਆਂ ਸੋਟੀਆਂ ਅਤੇ ਜੂਟ ਦੀ ਲੱਕੜ ਨਾਲ਼ ਬਣਿਆ ਇਹ ਕਮਰਾ ਅੰਦਰੋਂ ਮਿੱਟੀ ਅਤੇ ਗੋਹੇ ਦੀਆਂ ਪਰਤਾਂ ਨਾਲ਼ ਢਕਿਆ ਹੋਇਆ ਹੈ ਅਤੇ ਨਿੱਜਤਾ ਵਰਗੀ ਕੋਈ ਚੀਜ਼ ਨਹੀਂ ਹੈ। ਤਰਪਾਲ ਦੀਆਂ ਚਾਦਰਾਂ ਨਾਲ਼ ਢੱਕੀਆਂ ਬਾਂਸ ਦੀਆਂ ਸੋਟੀਆਂ ਤੇ ਪਰਾਲੀ ਦੀ ਛੱਤ ਬਾਂਸ ਦੇ ਖੰਭਿਆਂ 'ਤੇ ਟਿਕੀ ਹੋਈ ਹੈ।

ਆਪਣੇ ਵਾਲ਼ਾਂ ਨੂੰ ਕੰਘੀ ਫੇਰਦੀ ਸੋਨਾਲੀ ਨੇ ਝਿਜਕ ਨਾਲ਼ ਪੁੱਛਿਆ, "ਕੀ ਤੁਸੀਂ ਅੰਦਰ ਆਉਣਾ ਚਾਹੁੰਦੀ ਓ?" ਲੱਕੜਾਂ ਵਿਚਲੀਆਂ ਝੀਤਾਂ ਵਿੱਚੋਂ ਦੀ ਪੁਣ ਕੇ ਆਉਂਦੀ ਦਿਨ ਦੀ ਰੌਸ਼ਨੀ ਵਿੱਚ 10x10 ਫੁੱਟੀ ਝੌਂਪੜੀ ਦਾ ਅੰਦਰਲਾ ਹਿੱਸਾ ਖਾਲੀ ਦਿਖਾਈ ਦਿੰਦਾ ਹੈ। ਉਹ ਕਹਿੰਦੀ ਹੈ,"ਮੇਰੀ ਮਾਂ ਮੇਰੇ ਭੈਣ-ਭਰਾਵਾਂ ਨਾਲ਼ ਗੋਆਸ ਵਿਖੇ ਰਹਿੰਦੀ ਹੈ।" ਉਹਦੀ ਮਾਂ ਰਾਣੀਨਗਰ-1 ਬਲਾਕ ਦੇ ਇੱਕ ਇੱਟ-ਭੱਠੇ 'ਤੇ ਕੰਮ ਕਰਦੀ ਹੈ।

"ਮੈਨੂੰ ਆਪਣੇ ਘਰ ਦੀ ਬਹੁਤ ਯਾਦ ਆਉਂਦੀ ਹੈ। ਮੇਰੀ ਮਾਸੀ ਵੀ ਆਪਣੀਆਂ ਧੀਆਂ ਨਾਲ਼ ਇੱਥੇ ਆਉਂਦੀ ਹੈ। ਮੈਂ ਰਾਤ ਨੂੰ ਉਨ੍ਹਾਂ ਨਾਲ਼ ਸੌਂਦੀ ਹਾਂ," ਸੋਨਾਲੀ ਕਹਿੰਦੀ ਹੈ, ਜਿਹਨੂੰ ਖੇਤਾਂ ਵਿੱਚ ਕੰਮ ਕਰਨ ਲਈ 8ਵੀਂ ਜਮਾਤ ਤੋਂ ਬਾਅਦ ਪੜ੍ਹਾਈ ਛੱਡਣੀ ਪਈ।

PHOTO • Smita Khator
PHOTO • Smita Khator

ਖੱਬੇ: ਸੋਨਾਲੀ ਮਾਲ ਆਪਣੀ ਝੌਂਪੜੀ ਦੇ ਬਾਹਰ ਬੜੇ ਚਾਅ ਨਾਲ਼ ਫੋਟੋ ਖਿਚਵਾਉਂਦੀ ਹੈ। ਸੱਜੇ: ਉਸਦੀ ਝੌਂਪੜੀ ਅੰਦਰ ਰੱਖਿਆ ਸਾਮਾਨ। ਇੱਥੇ ਸਖ਼ਤ ਮਿਹਨਤ ਕਰਕੇ ਸਫ਼ਲਤਾ ਪ੍ਰਾਪਤ ਕਰਨਾ ਸੰਭਵ ਨਹੀਂ

ਜਦੋਂ ਸੋਨਾਲੀ ਛੱਪੜ ਦੇ ਪਾਣੀ ਨਾਲ਼ ਧੋਤੇ ਹੋਏ ਕੱਪੜੇ ਸੁੱਕਣੇ ਪਾਉਣ ਬਾਹਰ ਜਾਂਦੀ ਹੈ, ਤਾਂ ਮੈਂ ਝੌਂਪੜੀ ਅੰਦਰ ਹਰ ਪਾਸੇ ਝਾਤੀ ਮਾਰਦੀ ਹਾਂ। ਖੂੰਜੇ ਵਿੱਚ ਪਏ ਆਰਜੀ ਜਿਹੇ ਬੈਂਚ 'ਤੇ ਕੁਝ ਭਾਂਡੇ ਰੱਖੇ ਹੋਏ ਹਨ, ਚੂਹਿਆਂ ਤੋਂ ਬਚਾਉਣ ਲਈ ਚੌਲ਼ ਤੇ ਹੋਰ ਖਾਣ-ਪੀਣ ਵਾਲ਼ੀਆਂ ਵਸਤਾਂ ਨੂੰ ਢੱਕਣ ਵਾਲ਼ੀ ਪਲਾਸਟਿਕ ਦੀ ਇੱਕ ਬਾਲਟੀ ਵਿੱਚ ਸਾਂਭਿਆ ਗਿਆ ਹੈ, ਭੁੰਜੇ ਹੀ ਪਾਣੀ ਨਾਲ਼ ਭਰੇ ਵੱਖ-ਵੱਖ ਆਕਾਰ ਦੇ ਪਲਾਸਟਿਕ ਦੇ ਭਾਂਡੇ ਰੱਖੇ ਗਏ ਹਨ, ਨਾਲ਼ ਹੀ ਇੱਕ ਚੁੱਲ੍ਹਾ ਵੀ ਬਣਿਆ ਹੈ ਜਿੱਥੋਂ ਪਤਾ ਲੱਗਦਾ ਹੈ ਇਹ ਥਾਂ ਰਸੋਈ ਹੈ।

ਕੁਝ ਕੱਪੜੇ ਇੱਧਰ-ਉੱਧਰ ਲਟਕ ਰਹੇ ਹਨ, ਕੰਧ ਦੇ ਇੱਕ ਕੋਨੇ ਵਿੱਚ ਟੰਗਿਆਂ ਸ਼ੀਸ਼ਾ ਤੇ ਕੰਧ ਦੇ ਦੂਜੇ ਕੋਨੇ ਵਿੱਚ ਫਸਾ ਕੇ ਟੰਗੀ ਕੰਘੀ, ਇੱਕ ਪਾਸੇ ਮੋੜ ਕੇ ਸਾਂਭੀ ਪਲਾਸਟਿਕ ਦੀ ਚਟਾਈ, ਇੱਕ ਮੱਛਰਦਾਨੀ ਅਤੇ ਇੱਕ ਪੁਰਾਣਾ ਕੰਬਲ - ਇਹ ਸਭ ਚੀਜ਼ਾਂ ਇੱਕ ਕੰਧ ਤੋਂ ਦੂਜੀ ਕੰਧ ਤੱਕ ਆਡੇ ਲਾਏ ਬਾਂਸ 'ਤੇ ਟਿਕਾਈਆਂ ਹੋਈਆਂ ਹਨ। ਇੱਕ ਚੀਜ਼ ਜੋ ਭਰਪੂਰ ਮਾਤਰਾ ਵਿੱਚ ਹੈ ਅਤੇ ਇੱਕ ਪਿਤਾ ਅਤੇ ਉਸਦੀ ਕਿਸ਼ੋਰ ਧੀ ਦੀ ਸਖ਼ਤ ਮਿਹਨਤ ਦਾ ਸਬੂਤ ਹੈ, ਉਹ ਹੈ ਪਿਆਜ਼ - ਫਰਸ਼ 'ਤੇ ਪਿਆ ਹੋਇਆ, ਛੱਤ ਨਾਲ਼ ਲਟਕ ਰਿਹਾ ਹੈ।

ਸੋਨਾਲੀ ਅੰਦਰ ਆਉਂਦੀ ਹੈ ਅਤੇ ਕਹਿੰਦੀ ਹੈ, "ਆਓ ਮੈਂ ਤੁਹਾਨੂੰ ਆਪਣਾ ਟਾਇਲਟ ਦਿਖਾਉਂਦੀ ਹਾਂ।'' ਮੈਂ ਉਹਦੇ ਮਗਰ-ਮਗਰ ਤੁਰਦੀ ਹਾਂ। ਕੁਝ ਝੌਂਪੜੀਆਂ ਪਾਰ ਕਰਨ ਤੋਂ ਬਾਅਦ, ਅਸੀਂ ਡੇਰੇ ਦੇ ਕੋਨੇ ਵਿੱਚ 32 ਫੁੱਟ ਦੀ ਭੀੜੀ ਜਿਹੀ ਥਾਂ ਪਹੁੰਚ ਗਏ। ਬੋਰੀਆਂ ਨੂੰ ਆਪਸ ਵਿੱਚ ਜੋੜ ਕੇ ਬਣਾਈ ਗਈ ਚਾਦਰ ਨਾਲ਼ ਖੁੱਲ੍ਹੇ 4x4 ਫੁੱਟੇ 'ਪਖਾਨੇ' ਦੀ ਕੰਧ ਬਣੀ ਹੋਈ ਹੈ। "ਇੱਥੇ ਅਸੀਂ ਪਿਸ਼ਾਬ ਕਰਦੇ ਹਾਂ ਅਤੇ ਪਖਾਨੇ ਲਈ ਇੱਥੋਂ ਥੋੜ੍ਹੀ ਦੂਰ ਇੱਕ ਖੁੱਲ੍ਹੀ ਜਗ੍ਹਾ ਦੀ ਵਰਤੋਂ ਕਰਦੇ ਹਾਂ," ਉਹ ਕਹਿੰਦੀ ਹੈ, ਜਿਓਂ ਹੀ ਮੈਂ ਅੱਗੇ ਵੱਲ ਨੂੰ ਇੱਕ ਪੁਲਾਂਘ ਪੁੱਟਦੀ ਹਾਂ ਤਾਂ ਉਹ ਮੈਨੂੰ ਅੱਗੇ ਨਾ ਜਾਣ ਲਈ ਸਾਵਧਾਨ ਕਰਦੀ ਹੈ ਕਿ ਕਿਤੇ ਮੇਰਾ ਪੈਰ ਗੰਦਗੀ 'ਤੇ ਨਾ ਪੈ ਜਾਵੇ।

ਡੇਰੇ ਵਿੱਚ ਸਫਾਈ ਸਹੂਲਤਾਂ ਦੀ ਘਾਟ ਮੈਨੂੰ ਮਿਸ਼ਨ ਨਿਰਮਲ ਬੰਗਲਾ ਦੇ ਰੰਗੀਨ ਚਿੱਤਰਕਾਰੀ ਸੰਦੇਸ਼ਾਂ ਦੀ ਯਾਦ ਦਿਵਾਉਂਦੀ ਹੈ ਜੋ ਮੈਂ ਇਸ ਮਾਲ ਪਹਾੜੀਆ ਡੇਰੇ ਦੇ ਰਸਤੇ ਵਿੱਚ ਦੇਖੇ ਸਨ। ਪੋਸਟਰਾਂ ਵਿੱਚ ਰਾਜ ਸਰਕਾਰ ਦੀ ਸਵੱਛਤਾ ਯੋਜਨਾ ਦੀ ਇਸ਼ਤਿਹਾਰਾਬਾਜ਼ੀ ਦੇ ਨਾਲ਼-ਨਾਲ਼ ਮੱਡਾ ਗ੍ਰਾਮ ਪੰਚਾਇਤ ਦੇ  ਖੁੱਲ੍ਹੇ ਵਿੱਚ ਪਖਾਨੇ ਤੋਂ ਮੁਕਤ ਹੋਣ ਦਾ ਵੀ ਦਾਅਵ ਕੀਤਾ ਗਿਆ ਹੈ।

ਆਪਣੀ ਸ਼ਰਮ ਅਤੇ ਝਿਜਕ ਨੂੰ ਲਾਂਭੇ ਰੱਖਦਿਆਂ ਸੋਨਾਲੀ ਕਹਿੰਦੀ ਹੈ, "ਮਾਹਵਾਰੀ ਦੌਰਾਨ ਇੰਨੀ ਮੁਸ਼ਕਲ ਹੁੰਦੀ ਹੈ। ਸਾਨੂੰ ਅਕਸਰ ਲਾਗ ਲੱਗ ਜਾਂਦੀ ਹੈ। ਪਾਣੀ ਤੋਂ ਬਿਨਾਂ ਅਸੀਂ ਕਿਵੇਂ ਕੰਮ ਚਲਾਈਏ? ਅਤੇ ਛੱਪੜ ਦਾ ਪਾਣੀ ਗੰਦਗੀ ਅਤੇ ਚਿੱਕੜ ਨਾਲ਼ ਭਰਿਆ ਹੋਇਆ ਹੈ।''

ਤੁਹਾਨੂੰ ਪੀਣ ਵਾਲ਼ਾ ਪਾਣੀ ਕਿੱਥੋਂ ਮਿਲ਼ਦਾ ਹੈ?

"ਅਸੀਂ ਇੱਕ ਨਿੱਜੀ ਸਪਲਾਇਰ ਤੋਂ ਪਾਣੀ ਖਰੀਦਦੇ ਹਾਂ। ਉਹ 20 ਲੀਟਰ ਦੇ ਜਾਰ ਨੂੰ ਦੋਬਾਰਾ ਭਰਨ ਲਈ 10 ਰੁਪਏ ਲੈਂਦਾ ਹੈ। ਉਹ ਸ਼ਾਮ ਨੂੰ ਆਉਂਦਾ ਹੈ ਅਤੇ ਮੁੱਖ ਸੜਕ 'ਤੇ ਉਡੀਕ ਕਰਦਾ ਹੈ। ਸਾਨੂੰ ਉਨ੍ਹਾਂ ਵੱਡੇ ਜਾਰਾਂ ਨੂੰ ਆਪਣੀਆਂ ਝੌਂਪੜੀਆਂ ਵਿੱਚ ਲੈ ਕੇ ਜਾਣਾ ਪੈਂਦਾ ਹੈ।''

PHOTO • Smita Khator
PHOTO • Smita Khator

ਖੱਬੇ: ਡੇਰੇ ਦਾ ਉਹ ਹਿੱਸਾ ਜੋ ਪਖਾਨੇ ਵਜੋਂ ਵਰਤਿਆ ਜਾਂਦਾ ਹੈ। ਸੱਜੇ: ਬਿਸ਼ੂਰਪੁਕੂਰ ਪਿੰਡ ਵਿੱਚ ਮਿਸ਼ਨ ਨਿਰਮਲ ਬੰਗਲਾ ਦੇ ਕੰਧ ਚਿੱਤਰ ਮੱਡਾ ਗ੍ਰਾਮ ਪੰਚਾਇਤ ਦੇ ਖੁੱਲ੍ਹੇ ਵਿੱਚ ਪਖਾਨੇ ਤੋਂ ਮੁਕਤ ਹੋਏ ਹੋਣ ਦੀ ਸ਼ੇਖੀ ਮਾਰਦੇ ਹਨ

PHOTO • Smita Khator
PHOTO • Smita Khator

ਖੱਬੇ: ਪ੍ਰਦੂਸ਼ਿਤ ਛੱਪੜ, ਜਿਸ ਦੀ ਵਰਤੋਂ ਮਾਲ ਪਹਾੜੀਆ ਖੇਤ ਮਜ਼ਦੂਰ ਨਹਾਉਣ, ਕੱਪੜੇ ਧੋਣ ਅਤੇ ਭਾਂਡੇ ਸਾਫ਼ ਕਰਨ ਲਈ ਕਰਦੇ ਹਨ। ਸੱਜੇ: ਭਾਈਚਾਰੇ ਨੂੰ ਇੱਕ ਨਿੱਜੀ ਪਾਣੀ ਸਪਲਾਇਰ ਤੋਂ ਪੀਣ ਵਾਲ਼ਾ ਪਾਣੀ ਖਰੀਦਣਾ ਪੈਂਦਾ ਹੈ

"ਕੀ ਤੁਸੀਂ ਮੇਰੀ ਦੋਸਤ ਨੂੰ ਮਿਲੋਂਗੇ?" ਉਹਦੀ ਅਵਾਜ਼ ਖ਼ੁਸ਼ੀ ਨਾਲ਼ ਲਰਜ਼ ਜਾਂਦੀ ਹੈ। "ਇਹ ਪਾਇਲ ਹੈ। ਇਹ ਮੇਰੇ ਤੋਂ ਵੱਡੀ ਹੈ, ਪਰ ਅਸੀਂ ਦੋਸਤ ਹਾਂ।'' ਸੋਨਾਲੀ ਨੇ ਮੈਨੂੰ ਆਪਣੀ ਨਵੀਂ ਵਿਆਹੀ 18 ਸਾਲਾ ਦੋਸਤ ਨਾਲ਼ ਮਿਲਾਇਆ, ਜੋ ਆਪਣੀ ਝੌਂਪੜੀ ਅੰਦਰ ਭੁੰਜੇ ਬੈਠੀ ਰਾਤ ਦਾ ਖਾਣਾ ਤਿਆਰ ਕਰ ਰਹੀ ਹੈ। ਪਾਇਲ ਮਾਲ ਦਾ ਪਤੀ ਬੰਗਲੁਰੂ ਵਿੱਚ ਉਸਾਰੀ ਵਾਲ਼ੀਆਂ ਥਾਵਾਂ 'ਤੇ ਪ੍ਰਵਾਸੀ ਮਜ਼ਦੂਰ ਵਜੋਂ ਕੰਮ ਕਰਦਾ ਹੈ।

ਪਾਇਲ ਕਹਿੰਦੀ ਹੈ, "ਮੈਂ ਆਉਂਦੀ-ਜਾਂਦੀ ਰਹਿੰਦੀ ਹਾਂ। ਮੇਰੀ ਸੱਸ ਇੱਥੇ ਰਹਿੰਦੀ ਹਨ।" ਉਹ ਦੱਸਦੀ ਹਨ,"ਗੋਆਸ ਵਿੱਚ ਬੜਾ ਇਕਲਾਪਾ ਹੈ। ਇਸ ਲਈ ਮੈਂ ਇੱਥੇ ਆ ਕੇ ਉਨ੍ਹਾਂ ਨਾਲ਼ ਰਹਿੰਦੀ ਹਾਂ। ਮੇਰੇ ਪਤੀ ਨੂੰ ਗਿਆਂ ਹੁਣ ਕਾਫ਼ੀ ਸਮਾਂ ਹੋ ਗਿਆ ਹੈ। ਪਤਾ ਨਹੀਂ ਉਹ ਕਦੋਂ ਵਾਪਸ ਪਰਤੇਗਾ। ਸ਼ਾਇਦ ਵੋਟ ਪਾਉਣ ਆਵੇ ਹੀ।'' ਸੋਨਾਲੀ ਨੇ ਦੱਸਿਆ ਕਿ ਪਾਇਲ ਗਰਭਵਤੀ ਹੈ ਅਤੇ ਉਸ ਨੂੰ ਪੰਜ ਮਹੀਨੇ ਹੋ ਚੁੱਕੇ ਹਨ। ਪਾਇਲ ਸ਼ਰਮਾ ਜਾਂਦੀ ਹੈ।

ਕੀ ਤੁਹਾਨੂੰ ਇੱਥੇ ਦਵਾਈਆਂ ਅਤੇ ਜ਼ਰੂਰੀ ਖ਼ੁਰਾਕ ਮਿਲ਼ ਜਾਂਦੀ ਹੈ?

ਉਹ ਜਵਾਬ ਦਿੰਦੀ ਹੈ, "ਹਾਂ, ਮੇਰੇ ਕੋਲ਼ ਇੱਕ ਆਸ਼ਾ ਦੀਦੀ ਹੈ ਜੋ ਮੈਨੂੰ ਆਇਰਨ ਦੀ ਦਵਾਈ ਦਿੰਦੀ ਹੈ। ਮੇਰੀ ਸੱਸ ਮੈਨੂੰ [ਆਈਸੀਡੀਐੱਸ] ਕੇਂਦਰ ਲੈ ਗਈ। ਉਨ੍ਹਾਂ ਨੇ ਮੈਨੂੰ ਕੁਝ ਦਵਾਈਆਂ ਦਿੱਤੀਆਂ। ਅਕਸਰ ਮੇਰੇ ਪੈਰ ਸੁੱਜ ਜਾਂਦੇ ਹਨ ਅਤੇ ਬਹੁਤ ਪੀੜ੍ਹ ਵੀ ਕਰਦੇ ਹਨ। ਸਾਡੇ ਕੋਲ਼ ਇੱਥੇ ਜਾਂਚ ਕਰਾਉਣ ਲਈ ਕੋਈ ਨਹੀਂ ਹੈ। ਪਿਆਜ਼ ਦਾ ਕੰਮ ਪੂਰਾ ਹੁੰਦਿਆਂ ਹੀ ਮੈਂ ਗੋਆਸ ਪਰਤ ਜਾਵਾਂਗੀ।''

ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਡਾਕਟਰੀ ਸਹਾਇਤਾ ਲੈਣ ਲਈ, ਔਰਤਾਂ ਇੱਥੋਂ ਲਗਭਗ ਤਿੰਨ ਕਿਲੋਮੀਟਰ ਦੂਰ, ਬੇਲਡਾਂਗਾ ਕਸਬੇ ਦੀ ਯਾਤਰਾ ਕਰਦੀਆਂ ਹਨ। ਰੋਜ਼ਮੱਰਾ ਦੀਆਂ ਦਵਾਈਆਂ ਅਤੇ ਮੁੱਢਲੀ ਸਹਾਇਤਾ ਦੀ ਕਿਸੇ ਵੀ ਜ਼ਰੂਰਤ ਲਈ, ਉਨ੍ਹਾਂ ਨੂੰ ਡੇਰੇ ਤੋਂ ਲਗਭਗ ਇੱਕ ਕਿਲੋਮੀਟਰ ਦੂਰ, ਮਕਰਮਪੁਰ ਬਾਜ਼ਾਰ ਜਾਣਾ ਪੈਂਦਾ ਹੈ। ਪਾਇਲ ਅਤੇ ਸੋਨਾਲੀ ਦੋਵਾਂ ਦੇ ਪਰਿਵਾਰਾਂ ਕੋਲ਼ ਸਵਸਥਯਾ ਸਾਥੀ ਕਾਰਡ ਹਨ, ਪਰ ਉਨ੍ਹਾਂ ਦਾ ਕਹਿਣਾ ਹੈ ਕਿ "ਐਮਰਜੈਂਸੀ ਸਥਿਤੀਆਂ ਵਿੱਚ, ਇਲਾਜ ਕਰਵਾਉਣ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।''

ਸਾਡੀ ਗੱਲਬਾਤ ਦੌਰਾਨ ਡੇਰੇ ਦੇ ਬੱਚੇ ਸਾਡੇ ਆਲ਼ੇ-ਦੁਆਲ਼ੇ ਦੌੜਦੇ ਰਹਿੰਦੇ ਹਨ। ਕਰੀਬ 3 ਸਾਲਾ ਅੰਕਿਤਾ ਅਤੇ ਮਿਲਨ ਤੇ 6 ਸਾਲਾ ਦੇਬਰਾਜ ਸਾਨੂੰ ਆਪਣੇ ਖਿਡੌਣੇ ਦਿਖਾਉਂਦੇ ਹਨ। ਇਨ੍ਹਾਂ ਛੋਟੇ ਜਾਦੂਗਰਾਂ ਨੇ ਆਪਣੀ ਕਲਪਨਾ ਸਹਾਰੇ ਆਪਣੇ ਹੱਥੀਂ 'ਜੁਗਾੜੂ ਖਿਡੌਣੇ' ਬਣਾਏ ਹਨ। "ਸਾਡੇ ਕੋਲ਼ ਇੱਥੇ ਟੀਵੀ ਨਹੀਂ ਹਨ। ਮੈਂ ਕਈ ਵਾਰ ਬਾਬਾ ਦੇ ਮੋਬਾਈਲ 'ਤੇ ਗੇਮ ਖੇਡਦਾ ਹਾਂ। ਮੈਨੂੰ ਕਾਰਟੂਨ ਦੇਖਣ ਨੂੰ ਨਹੀਂ ਮਿਲ਼ਦੇ,'' ਅਰਜਨਟੀਨਾ ਦੀ ਫੁੱਟਬਾਲ ਟੀਮ ਦੀ ਨੀਲੀ ਅਤੇ ਚਿੱਟੀ ਟੀ-ਸ਼ਰਟ ਵਿੱਚ ਦੇਬਰਾਜ ਨੇ ਆਪਣੀ ਸ਼ਿਕਾਇਤ ਦਰਜ ਕਰਾਈ।

ਡੇਰੇ ਦੇ ਸਾਰੇ ਬੱਚੇ ਕੁਪੋਸ਼ਣ ਦੇ ਸ਼ਿਕਾਰ ਦਿਖਾਈ ਦਿੰਦੇ ਹਨ। ਪਾਇਲ ਕਹਿੰਦੀ ਹੈ, "ਉਸ ਨੂੰ ਹਮੇਸ਼ਾ ਬੁਖਾਰ ਜਾਂ ਪੇਟ ਦੀ ਸਮੱਸਿਆ ਬਣੀ ਰਹਿੰਦੀ ਹੈ ਅਤੇ ਮੱਛਰ ਇੱਕ ਵੱਡੀ ਸਮੱਸਿਆ ਹਨ," ਸੋਨਾਲੀ ਗੱਲਬਾਤ ਨੂੰ ਅੱਗੇ ਵਧਾਉਂਦੀ ਹੈ ਅਤੇ ਹੱਸਦੀ ਹੋਈ ਕਹਿੰਦੀ ਹੈ, "ਇੱਕ ਵਾਰ ਜਦੋਂ ਅਸੀਂ ਮੱਛਰਦਾਨੀ ਅੰਦਰ ਵੜ੍ਹ ਜਾਈਏ ਫਿਰ ਭਾਵੇਂ ਅਸਮਾਨ ਵੀ ਡਿੱਗ ਜਾਵੇ, ਅਸੀਂ ਬਾਹਰ ਨਹੀਂ ਨਿਕਲ਼ਦੇ।''

PHOTO • Smita Khator
PHOTO • Smita Khator

ਖੱਬੇ: ਸੋਨਾਲੀ ਮਾਲ ਦੇ ਨਾਲ਼ ਖੱਬੇ ਪਾਸੇ ਪਾਇਲ ਮਾਲ ਹਨ , ਜੋ ਦਿਨ ਭਰ ਦੀ ਸਖ਼ਤ ਮਿਹਨਤ ਤੋਂ ਬਾਅਦ ਹਾਸੇ ਦੇ ਕੁਝ ਪਲ ਸਾਂਝਾ ਕਰ ਰਹੀ ਹੈ। ਪਾਇਲ , ਜੋ ਹਾਲ ਹੀ ਵਿੱਚ 18 ਸਾਲ ਦੀ ਹੋਈ ਹੈ , ਹਾਲੇ ਵੋਟਰ ਵਜੋਂ ਰਜਿਸਟਰਡ ਨਹੀਂ ਹੈ

PHOTO • Smita Khator
PHOTO • Smita Khator

ਖੱਬੇ: ਭਾਨੂ ਮਾਲ ਕੰਮ ਕਰਨ ਵਾਲ਼ੀ ਥਾਂ ' ਤੇ। ' ਕੁਝ ਹਡਿਆ (ਚੌਲ਼ਾਂ ਦੇ ਸੜਨ ਨਾਲ਼ ਬਣੀ ਰਵਾਇਤੀ ਸ਼ਰਾਬ) ਅਤੇ ਭੁਜੀਆ ਲਿਆਓ। ਮੈਂ ਤੁਹਾਨੂੰ ਪਹਾੜੀਆ ਗੀਤ ਸੁਣਾਊਂਗੀ। ' ਸੱਜੇ: ਪ੍ਰਵਾਸੀ ਡੇਰਿਆਂ ਦੇ ਬੱਚੇ ਆਪਣੀ ਕਲਪਨਾਵਾਂ ਸਹਾਰੇ ਖਿਡੌਣੇ ਬਣਾਉਂਦੇ ਹਨ

ਮੈਂ ਇੱਕ ਵਾਰ ਫਿਰ ਤੋਂ ਉਨ੍ਹਾਂ ਤੋਂ ਚੋਣਾਂ ਬਾਰੇ ਪੁੱਛਣ ਦੀ ਕੋਸ਼ਿਸ਼ ਕਰਦੀ ਹਾਂ। "ਅਸੀਂ ਵੋਟ ਪਾਉਣ ਜਾਵਾਂਗੇ। ਪਰ ਤੁਸੀਂ ਜਾਣਦੀ ਹੋ, ਇੱਥੇ ਕੋਈ ਵੀ ਸਾਨੂੰ ਮਿਲ਼ਣ ਨਹੀਂ ਆਉਂਦਾ। ਅਸੀਂ ਇਸਲਈ ਜਾਂਦੇ ਹਾਂ ਕਿਉਂਕਿ ਸਾਡੇ ਬਜ਼ੁਰਗ ਸੋਚਦੇ ਹਨ ਕਿ ਵੋਟ ਪਾਉਣਾ ਮਹੱਤਵਪੂਰਨ ਹੈ," ਮਧੂਮਿਤਾ ਸਪੱਸ਼ਟਤਾ ਨਾਲ਼ ਬੋਲਦੀ ਹਨ। ਇਸ ਵਾਰ ਉਨ੍ਹਾਂ ਨੇ ਪਹਿਲੀ ਵਾਰ ਵੋਟ ਪਾਉਣੀ ਹੈ। ਪਾਇਲ ਦਾ ਨਾਮ ਅਜੇ ਤੱਕ ਵੋਟਰ ਸੂਚੀ ਵਿੱਚ ਨਹੀਂ ਆਇਆ ਹੈ ਕਿਉਂਕਿ ਉਹ ਹਾਲ ਹੀ ਵਿੱਚ 18 ਸਾਲ ਦੀ ਹੋਈ ਹੈ। ਸੋਨਾਲੀ ਕਹਿੰਦੀ ਹੈ, "ਚਾਰ ਸਾਲ ਬਾਅਦ ਮੈਂ ਇਹਦੇ ਵਰਗੀ ਹੋ ਜਾਊਂਗੀ। ਫਿਰ ਮੈਂ ਵੀ ਵੋਟ ਪਾਊਂਗੀ। ਪਰ ਇਨ੍ਹਾਂ ਵਾਂਗਰ ਮੈਂ ਇੰਨੀ ਛੇਤੀ ਵਿਆਹ ਨਹੀਂ ਕਰਾਉਣਾ।'' ਹਾਸੇ-ਮਜ਼ਾਕ ਦਾ ਇੱਕ ਨਵਾਂ ਦੌਰ ਸ਼ੁਰੂ ਹੋ ਜਾਂਦਾ ਹੈ।

ਮੈਂ ਡੇਰੇ ਤੋਂ ਨਿਕਲ਼ਣ ਦੀ ਤਿਆਰੀ ਕੱਸਣ ਲੱਗਦੀ ਹਾਂ ਅਤੇ ਇਨ੍ਹਾਂ ਜਵਾਨ ਔਰਤਾਂ ਦਾ ਹਾਸਾ, ਬੱਚਿਆਂ ਦੀਆਂ ਖੇਡਾਂ ਦਾ ਸ਼ੋਰ ਫਿੱਕਾ ਪੈਣ ਲੱਗਦਾ ਹੈ  ਅਤੇ ਪਿਆਜ਼ ਕੱਟਣ ਵਾਲ਼ੀਆਂ ਔਰਤਾਂ ਦੀਆਂ ਉੱਚੀਆਂ ਅਵਾਜ਼ਾਂ ਵੱਧ ਗੂੰਜਦੀਆਂ ਜਾਪਦੀਆਂ ਹਨ। ਉਨ੍ਹਾਂ ਨੇ ਦਿਨ ਦਾ ਕੰਮ ਪੂਰਾ ਕਰ ਲਿਆ ਹੈ।

ਮੈਂ ਪੁੱਛਦੀ ਹਾਂ, "ਕੀ ਤੁਹਾਡੇ ਡੇਰੇ ਵਿੱਚ ਕੋਈ ਅਜਿਹਾ ਵਿਅਕਤੀ ਹੈ ਜੋ ਮਾਲ ਪਹਾੜੀਆ ਭਾਸ਼ਾ ਬੋਲਦਾ ਹੋਵੇ?"

"ਕੁਝ ਹਡਿਆ (ਚੌਲ਼ਾਂ ਦੇ ਸੜਨ ਨਾਲ਼ ਬਣੀ ਰਵਾਇਤੀ ਸ਼ਰਾਬ) ਅਤੇ ਭੁਜੀਆ ਲਿਆਓ। ਮੈਂ ਤੁਹਾਨੂੰ ਪਹਾੜੀਆ ਗੀਤ ਸੁਣਾਊਂਗੀ।'' ਇਹ 65 ਸਾਲਾ ਵਿਧਵਾ ਖੇਤ ਮਜ਼ਦੂਰ ਆਪਣੀ ਭਾਸ਼ਾ ਵਿੱਚ ਕੁਝ ਲਾਈਨਾਂ ਸੁਣਾਉਂਦੀ ਹੈ ਅਤੇ ਫਿਰ ਪਿਆਰ ਨਾਲ਼ ਕਹਿੰਦੀ ਹੈ, "ਜੇ ਤੇਰਾ ਸਾਡੀ ਭਾਸ਼ਾ ਸੁਣਨ ਦਾ ਮਨ ਕਰਦਾ ਹੈ, ਤਾਂ ਤੂੰ ਗੋਆਸ ਆਵੀਂ।''

"ਕੀ ਤੁਸੀਂ ਵੀ ਪਹਾੜੀਆ ਬੋਲਦੇ ਹੋ?" ਮੈਂ ਅੰਜਲੀ ਵੱਲ ਮੁੜਦੀ ਹਾਂ, ਜੋ ਆਪਣੀ ਭਾਸ਼ਾ ਬਾਰੇ ਇਹ ਅਸਾਧਾਰਣ ਸਵਾਲ ਸੁਣ ਕੇ ਥੋੜ੍ਹੀ ਹੱਕੀਬੱਕੀ ਨਜ਼ਰ ਆਉਂਦੀ ਹੈ। "ਸਾਡੀ ਭਾਸ਼ਾ? ਨਹੀਂ, ਗੋਆਸ ਵਿੱਚ ਸਿਰਫ਼ ਬੁੱਢੇ ਲੋਕ ਹੀ ਸਾਡੀ ਭਾਸ਼ਾ ਬੋਲਦੇ ਹਨ। ਇੱਥੇ ਲੋਕ ਸਾਡੇ 'ਤੇ ਹੱਸਦੇ ਹਨ। ਅਸੀਂ ਆਪਣੀ ਭਾਸ਼ਾ ਭੁੱਲ ਗਏ ਹਾਂ। ਅਸੀਂ ਸਿਰਫ਼ ਬੰਗਾਲੀ ਬੋਲਦੇ ਹਾਂ।''

ਅੰਜਲੀ ਡੇਰੇ ਵੱਲ ਜਾ ਰਹੀਆਂ ਹੋਰ ਔਰਤਾਂ ਨਾਲ਼ ਸ਼ਾਮਲ ਹੋ ਜਾਂਦੀ ਹੈ। ਉਹ ਕਹਿੰਦੀ ਹੈ,"ਗੋਆਸ ਵਿੱਚ ਸਾਡਾ ਆਪਣਾ ਘਰ ਹੈ, ਸਾਡੀ ਦੁਨੀਆ ਹੈ ਅਤੇ ਇੱਥੇ... ਇੱਥੇ ਸਾਨੂੰ ਕੰਮ ਮਿਲ਼ਦਾ ਹੈ। ਆਗੇ ਭਾਤ... ਵੋਟ , ਭਾਸ਼ਾ ਸਬ ਤਾਰ ਪੋਰ [ਪਹਿਲਾਂ ਚੌਲ਼, ਫਿਰ ਵੋਟ, ਭਾਸ਼ਾ ਅਤੇ ਬਾਕੀ ਗੱਲ]।''

ਪੰਜਾਬੀ ਤਰਜਮਾ: ਕਮਲਜੀਤ ਕੌਰ

Smita Khator

Smita Khator is the Chief Translations Editor, PARIBhasha, the Indian languages programme of People's Archive of Rural India, (PARI). Translation, language and archives have been her areas of work. She writes on women's issues and labour.

Other stories by Smita Khator
Editor : Pratishtha Pandya

Pratishtha Pandya is a Senior Editor at PARI where she leads PARI's creative writing section. She is also a member of the PARIBhasha team and translates and edits stories in Gujarati. Pratishtha is a published poet working in Gujarati and English.

Other stories by Pratishtha Pandya
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur