ਰਾਮ ਵਾਕਚੌਰੇ ਆਪਣੇ ਘਰ ਦੇ ਨੇੜੇ ਪੈਂਦੇ ਬਜ਼ਾਰ ਤੋਂ ਹਰ ਸਵੇਰ 275 ਬੱਚਿਆਂ ਅਤੇ ਹੋਰਨਾਂ ਕਰਮੀਆਂ ਦੇ ਖਾਣੇ ਵਾਸਤੇ ਸਬਜ਼ੀਆਂ ਖਰੀਦਦੇ ਹਨ ਜਿਨ੍ਹਾਂ ਵਿੱਚ ਤਿੰਨ ਕਿਲੋ ਆਲੂ, ਫੁੱਲ ਗੋਭੀ, ਟਮਾਟਰ ਅਤੇ ਹੋਰ ਨਿੱਕਸੁੱਕ ਹੁੰਦਾ ਹੈ। ''ਮੈਨੂੰ ਹਰੇਕ ਸਬਜ਼ੀ ਦਾ ਭਾਅ ਪਤਾ ਹੈ। ਮੈਂ ਸਬਜ਼ੀਆਂ ਨਾਲ਼ ਭਰਿਆ ਝੋਲ਼ਾ ਮੋਟਰਸਾਈਕਲ 'ਤੇ ਟੰਗੀ ਹੀ ਸਕੂਲ ਪਹੁੰਚਦਾ ਹਾਂ,'' ਵਿਰਗਾਓਂ ਦੇ ਜ਼ਿਲ੍ਹਾ ਪਰਿਸ਼ਦ ਸਕੂਲ ਦੇ ਅਧਿਆਪਕ ਕਹਿੰਦੇ ਹਨ।

ਜੂਨ ਮਹੀਨੇ ਵਿੱਚ, ਅਹਿਮਦਨਗਰ ਦੇ ਅਕੋਲਾ ਤਾਲੁਕਾ ਦੇ ਕਲਸਗਾਓਂ ਵਿਖੇ ਰਹਿਣ ਵਾਲ਼ੇ 44 ਸਾਲਾ ਵਾਕਚੌਰੇ ਦਾ ਤਬਾਦਲਾ 20 ਕਿਲੋਮੀਟਰ ਦੂਰ, ਵਿਰਗਾਓਂ ਦੇ ਸਕੂਲ ਵਿੱਚ ਕਰ ਦਿੱਤਾ ਗਿਆ। ਉਹ ਕਲਸਗਾਓਂ ਦੇ ਪ੍ਰਾਇਮਰੀ ਸਕੂਲ ਵਿਖੇ 18 ਸਾਲਾਂ ਤੋਂ ਪੜ੍ਹਾ ਰਹੇ ਸਨ। ਹੁਣ, ਉਨ੍ਹਾਂ ਦਾ ਮੁੱਖ ਕੰਮ ਇਹ ਦੇਖਣਾ ਹੈ ਕਿ ਮਿਡ-ਡੇਅ-ਮੀਲ ਯੋਜਨਾ (ਪ੍ਰਾਇਮਰੀ ਸਿੱਖਿਆ ਵਾਸਤੇ ਰਾਸ਼ਟਰੀ ਪੋਸ਼ਣ ਪ੍ਰੋਗਰਾਮ ਦੇ ਤਹਿਤ) ਸਹੀ ਤਰੀਕੇ ਨਾਲ਼ ਲਾਗੂ ਹੁੰਦੀ ਹੋਵੇ।

''ਪ੍ਰਿੰਸੀਪਲ ਖ਼ੁਦ ਇੰਨਾ ਕੁਝ ਨਹੀਂ ਕਰ ਸਕਦੇ, ਇਸਲਈ ਉਨ੍ਹਾਂ ਨੇ ਆਪਣੀਆਂ ਜ਼ਿੰਮੇਦਾਰੀਆਂ ਵੰਡ ਦਿੱਤੀਆਂ ਹਨ,'' ਉਹ ਕਹਿੰਦੇ ਹਨ ਅਤੇ ਗੱਲਬਾਤ ਕਰਦਿਆਂ ਮਿਡ-ਡੇਅ-ਮੀਲ ਦੇ ਰਜਿਸਟਰ ਨੂੰ ਭਰਨ ਵਿੱਚ ਇੰਨੇ ਮਸ਼ਗੂਲ ਹਨ ਕਿ ਉਤਾਂਹ ਵੀ ਨਹੀਂ ਦੇਖ ਪਾਉਂਦੇ। ''ਸਰਕਾਰੀ ਨੌਕਰੀ ਤੁਹਾਨੂੰ ਸੁਰੱਖਿਆ ਤਾਂ ਦਿੰਦੀ ਹੈ, ਪਰ ਮੈਨੂੰ ਇਹ ਅਹਿਸਾਸ ਹੀ ਨਹੀਂ ਹੁੰਦਾ ਕਿ ਮੈਂ ਇੱਕ ਅਧਿਆਪਕ ਹਾਂ।''

ਵਾਕਚੌਰੇ ਦੀਆਂ ਇਹ ਸਿਲੇਬਸ ਤੋਂ ਹਟਵੀਂਆਂ ਗਤੀਵਿਧੀਆਂ ਕੋਈ ਅਲੋਕਾਰੀ ਗੱਲ ਨਹੀਂ- ਮਹਾਰਾਸ਼ਟਰ ਦੇ ਜ਼ਿਲ੍ਹਾ ਪਰਿਸ਼ਦ ਸਕੂਲਾਂ ਵਿਖੇ ਅਧਿਆਪਕਾਂ ਨੂੰ ਅਕਸਰ ਗ਼ੈਰ-ਅਕਾਦਮਿਕ ਕੰਮਾਂ ਦੇ ਬੋਝ ਹੇਠ ਨੱਪੀ ਰੱਖਿਆ ਜਾਂਦਾ ਹੈ। ਇਹਦੇ ਕਾਰਨ ਕਰਕੇ ਉਨ੍ਹਾਂ ਨੂੰ ਪੜ੍ਹਾਉਣ ਦਾ ਸਮਾਂ ਮਿਲ਼ ਹੀ ਨਹੀਂ ਪਾਉਂਦਾ, ਉਹ ਕਹਿੰਦੇ ਹਨ।

ਵਿਰਗਾਓਂ ਦੇ ਸਕੂਲ ਵਿਖੇ, ਜਿੱਥੇ ਸੱਤਵੀਂ ਤੀਕਰ ਪੜ੍ਹਾਈ ਹੁੰਦੀ ਹੈ, ਵਾਕਚੌਰੇ ਦੇ 42 ਸਾਲਾ ਸਹਿਯੋਗੀ, ਸਾਬਾਜੀ ਦਾਤਿਰ ਕਹਿੰਦੇ ਹਨ ਕਿ ਇੱਕ ਅਕਾਦਮਿਕ ਵਰ੍ਹੇ (ਸੈਸ਼ਨ) ਦੌਰਾਨ ਸਾਨੂੰ 100 ਤੋਂ ਵੀ ਵੱਧ ਕੰਮ (ਗੈਰ-ਅਕਾਦਮਿਕ) ਦਿੱਤੇ ਜਾਂਦੇ ਹਨ। ਦਾਤਿਰ ਔਸਤਨ, ਇੱਕ ਹਫ਼ਤੇ ਵਿੱਚ 15 ਘੰਟੇ ਗੈਰ-ਅਕਾਦਮਿਕ ਕੰਮਾਂ ਨੂੰ ਕਰਨ ਵਿੱਚ ਬਿਤਾਉਂਦੇ ਹਨ। ''ਇਹ ਕੰਮ ਅਕਸਰ ਸਕੂਲ ਦੇ ਸਮੇਂ ਹੀ ਹੁੰਦੇ ਹਨ (ਦਿਨ ਦੇ ਚਾਰ ਘੰਟੇ)। ਜਿੰਨਾ ਸੰਭਵ ਹੋ ਸਕੇ ਅਸੀਂ ਇਨ੍ਹਾਂ ਕੰਮਾਂ ਨੂੰ ਸਕੂਲ ਤੋਂ ਬਾਅਦ ਵਾਲ਼ੇ ਸਮੇਂ ਵਿੱਚ ਕਰਨ ਦੀ ਕੋਸ਼ਿਸ਼ ਕਰਦੇ ਹਾਂ,'' ਉਹ ਕਹਿੰਦੇ ਹਨ। ਜਦੋਂ ਦੋਵੇਂ ਕੰਮ ਇਕੱਠਿਆਂ ਹੀ ਆ ਜਾਂਦੇ ਹਨ ਤਾਂ ਸਾਨੂੰ ਨਾ ਚਾਹੁੰਦੇ ਹੋਇਆਂ ਵੀ ਗ਼ੈਰ-ਅਕਾਦਮਿਕ ਕੰਮਾਂ ਨੂੰ ਤਰਜੀਹ ਦੇਣੀ ਪੈਂਦੀ ਹੈ।

PHOTO • Parth M.N.
PHOTO • Parth M.N.

ਰਾਮ ਵਾਕਚੌਰੇ (ਖੱਬੇ) ਅਤੇ ਸਾਬਾਜੀ ਦਾਤਿਰ (ਸੱਜੇ) ਵਿਰਗਾਓਂ ਦੇ ਜ਼ਿਲ੍ਹਾ ਪਰਿਸ਼ਦ ਸਕੂਲ ਵਿਖੇ ਖ਼ੁਦ ਨੂੰ ਅਕਾਦਮਿਕ ਅਤੇ ਗ਼ੈਰ-ਅਕਾਦਮਿਕ ਕੰਮਾਂ ਵਿਚਾਲੇ ਨਪੀੜਿਆ ਜਾਂਦਾ ਪਾਉਂਦੇ ਹਨ

''ਸਿੱਖਿਆ ਦੇ ਅਧਿਕਾਰ (ਆਰਟੀਈ) ਐਕਟ, 2009 (ਖ਼ਾਸਕਰਕੇ, ਧਾਰਾ 27) ਮੁਤਾਬਕ ਅਧਿਆਪਕਾਂ ਨੂੰ ਸਿਰਫ਼ ਚੋਣਾਂ ਦੌਰਾਨ, ਕੁਦਰਤੀ ਆਫ਼ਤ ਸਮੇਂ, 10 ਸਾਲਾਂ ਬਾਅਦ ਹੁੰਦੀ ਮਰਦਮਸ਼ੁਮਾਰੀ ਮੌਕੇ ਹੀ ਗ਼ੈਰ-ਅਕਾਦਮਿਕ ਕੰਮਾਂ ਵਿੱਚ ਲਾਇਆ ਜਾ ਸਕਦਾ ਹੈ,'' ਦਾਤਿਰ ਕਹਿੰਦੇ ਹਨ।

ਪਰ ਮਹਾਰਾਸ਼ਟਰ ਦੇ ਰਾਜਕੀ ਸਕੂਲਾਂ ਦੇ 300,000 ਅਧਿਆਪਕਾਂ ਦਾ ਬਾਕੀ ਦਾ ਪੂਰਾ ਸਮਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਰਾਜ ਸਰਕਾਰ ਦੇ ਵੱਖੋ-ਵੱਖ ਗ਼ੈਰ-ਅਕਾਦਮਿਕ ਕੰਮਾਂ ਨੂੰ ਕਰਦਿਆਂ ਹੀ ਨਿਕਲ਼ਦਾ ਜਾਂਦਾ ਹੈ। ਉਨ੍ਹਾਂ ਦੇ ਕੰਮਾਂ ਵਿੱਚ ਵੰਨ-ਸੁਵੰਨੇ ਕੰਮ ਸ਼ਾਮਲ ਹੁੰਦੇ ਹਨ ਜਿਵੇਂ ਇਹ ਜਾਂਚਣਾ ਕਿ ਪਿੰਡ ਵਿੱਚ ਕਿੰਨੇ ਲੋਕ ਗ਼ਰੀਬੀ ਰੇਖਾ ਦੇ ਹੇਠਾਂ ਜੀਵਨ-ਬਿਤਾ ਰਹੇ ਹਨ, ਇਹ ਵੀ ਦੇਖਣਾ ਕਿ ਸਰਕਾਰੀ ਯੋਜਨਾਵਾਂ ਦਾ ਲਾਭ ਉਨ੍ਹਾਂ ਤੀਕਰ ਪਹੁੰਚ ਵੀ ਰਿਹਾ ਹੈ ਜਾਂ ਨਹੀਂ, ਇਹ ਵੀ ਦੇਖਣਾ ਹੁੰਦਾ ਹੈ ਕਿ ਪਿੰਡ ਵਾਸੀ ਪਖ਼ਾਨਿਆਂ ਦਾ ਇਸਤੇਮਾਲ ਕਰਦੇ ਹਨ ਜੇ ਨਹੀਂ ਤਾਂ ਖੁੱਲ੍ਹੇ ਵਿੱਚ ਜੰਗਲ-ਪਾਣੀ ਜਾਣ ਦੇ ਨੁਕਸਾਨਾਂ ਬਾਰੇ ਗੱਲ ਕਰਨੀ। (ਦੇਖੋ ZP schools: coping without power, water, toilets )

ਇੱਥੋਂ ਤੱਕ ਕਿ ਇਨ੍ਹਾਂ ਵਾਧੂ ਦੇ ਕੰਮਾਂ ਨੂੰ ਕਰਨ ਬਦਲੇ ਉਨ੍ਹਾਂ ਨੂੰ ਕੋਈ ਅਦਾਇਗੀ ਨਹੀਂ ਕੀਤੀ ਜਾਂਦੀ। ਜ਼ਿਲ੍ਹਾ ਪਰਿਸ਼ਦ ਦੇ ਅਧਿਆਪਕ, ਜਿਨ੍ਹਾਂ ਦਾ ਗ੍ਰੈਜੁਏਟ ਹੋਣ ਦੇ ਨਾਲ਼ ਨਾਲ਼ ਸਿੱਖਿਆ ਦੇ ਖੇਤਰ ਵਿੱਚ ਡਿਪਲੋਮਾ ਹੋਲਡਰ ਹੋਣਾ ਲਾਜ਼ਮੀ ਹੈ ਅਤੇ ਸੈਕੰਡਰੀ ਸਕੂਲ ਦੇ ਅਧਿਆਪਕ, ਜਿਨ੍ਹਾਂ ਕੋਲ਼ ਬੀਐੱਡ ਦੀ ਡਿਗਰੀ ਦੇ ਨਾਲ਼ ਨਾਲ਼ ਗ੍ਰੈਜੁਏਟ ਹੋਣਾ ਲਾਜ਼ਮੀ ਹੈ, ਉਹ ਮਹਿਜ 25,000 ਰੁਪਏ ਦੀ ਸ਼ੁਰੂਆਤੀ ਤਨਖ਼ਾਹ ਤੋਂ ਕੰਮ ਸ਼ੁਰੂ ਕਰਦੇ ਹਨ। ਉਹ ਕਈ ਸਾਲਾਂ ਬਾਅਦ ਪ੍ਰਿੰਸੀਪਲ ਦੇ ਅਹੁੱਦੇ ਤੱਕ ਪਹੁੰਚਣ ਵੇਲ਼ੇ 60,000 ਰੁਪਏ ਤੱਕ ਕਮਾ ਸਕਦੇ ਹਨ। ਇਸ ਤਨਖ਼ਾਹ ਵਿੱਚ 'ਮਹਿੰਗਾਈ ਭੱਤਾ, ਯਾਤਰਾ, ਕਿਰਾਏ ਆਦਿ ਜਿਹੇ ਕਈ 'ਭੱਤੇ' ਸ਼ਾਮਲ ਹਨ। ਇਸ ਉੱਕੀ-ਪੁੱਕੀ ਤਨਖਾਹ ਵਿੱਚੋਂ ਪ੍ਰੋਫ਼ੈਸ਼ਨਲ ਟੈਕਸ ਅਤੇ ਪੈਨਸ਼ਨ ਯੋਗਦਾਨ ਦੇ ਨਾਮ ਹੇਠ ਕੈਂਚੀ ਜ਼ਰੂਰ ਫੇਰੀ ਜਾਂਦੀ ਹੈ ਪਰ ਗ਼ੈਰ-ਅਕਾਦਮਿਕ ਕੰਮਾਂ ਬਦਲੇ ਖੋਟਾ ਸਿੱਕਾ ਤੱਕ ਨਹੀਂ ਦਿੱਤਾ ਜਾਂਦਾ।

'ਸਿੱਖਿਆ ਦੇ ਅਧਿਕਾਰ (ਆਰਟੀਈ) ਐਕਟ, 2009 (ਖ਼ਾਸਕਰਕੇ, ਧਾਰਾ 27) ਮੁਤਾਬਕ ਅਧਿਆਪਕਾਂ ਨੂੰ ਸਿਰਫ਼ ਚੋਣਾਂ ਦੌਰਾਨ, ਕੁਦਰਤੀ ਆਫ਼ਤ ਸਮੇਂ, 10 ਸਾਲਾਂ ਬਾਅਦ ਹੁੰਦੀ ਮਰਦਮਸ਼ੁਮਾਰੀ ਮੌਕੇ ਹੀ ਗ਼ੈਰ-ਅਕਾਦਮਿਕ ਕੰਮਾਂ ਵਿੱਚ ਲਾਇਆ ਜਾ ਸਕਦਾ ਹੈ,' ਦਾਤਿਰ ਕਹਿੰਦੇ ਹਨ

''ਮੈਂ ਇੱਕ ਵਾਰ ਨਾਸਿਕ ਦੇ ਪਿੰਡ ਇਹ ਜਾਂਚ ਕਰਨ ਲਈ ਗਿਆ ਕਿ ਕਿੰਨੇ ਲੋਕ ਗ਼ਰੀਬੀ ਰੇਖਾ ਦੇ ਹੇਠਾਂ ਜੀਵਨ ਬਸਰ ਕਰ ਰਹੇ ਹਨ,'' 40 ਸਾਲਾ ਦੇਵੀਦਾਸ ਗਿਰੇ ਕਹਿੰਦੇ ਹਨ, ਜੋ ਜੂਨ ਵਿੱਚ ਵਿਰਗਾਓਂ ਵਿਖੇ ਤਬਾਦਲਾ ਕੀਤੇ ਜਾਣ ਤੋਂ ਪਹਿਲਾਂ ਚੰਦਵੜ ਤਾਲੁਕਾ ਦੇ ਉਰਧੁਲ ਪਿੰਡ ਦੇ ਜ਼ਿਲ੍ਹਾ ਪਰਿਸ਼ਦ ਸਕੂਲ ਵਿੱਚ ਪੜ੍ਹਾਉਂਦੇ ਸਨ। ''ਬੰਗਲੇ ਵਿੱਚ ਰਹਿੰਦੇ ਇੱਕ ਪਰਿਵਾਰ ਨੇ ਮੈਨੂੰ ਧਮਕੀ ਦਿੱਤੀ ਅਤੇ ਕਿਹਾ,'ਸਾਡਾ ਨਾਮ ਇਸ ਸੂਚੀ ਵਿੱਚ ਹੋਣਾ ਚਾਹੀਦਾ ਹੈ'। ਇੰਝ ਕਰਕੇ ਅਸੀਂ ਆਪਣੇ ਅਧਿਆਪਕਾਂ ਦੇ ਮਿਆਰ ਨਹੀਂ ਡੇਗ ਰਹੇ? ਕੀ ਅਸੀਂ ਸਨਮਾਨ ਦੇ ਲਾਇਕ ਨਹੀਂ? ਇਹ ਅਪਮਾਨ ਨਾ-ਕਾਬਿਲੇ ਬਰਦਾਸ਼ਤ ਹੈ। ਇੱਥੋਂ ਤੱਕ ਕਿ ਸਾਨੂੰ ਅਰਾਮ ਕਰਨ ਲਈ ਐਤਵਾਰ ਦੀ ਛੁੱਟੀ ਵੀ ਨਹੀਂ ਦਿੱਤੀ ਜਾਂਦੀ।''

ਕਈ ਹੋਰ ਮੌਕਿਆਂ ਵੇਲ਼ੇ, ਗਿਰੇ ਨੂੰ ਬੂਥ-ਪੱਧਰੀ ਅਧਿਕਾਰੀ ਵਜੋਂ ਘਰੋ-ਘਰੀ ਵੀ ਜਾਣਾ ਪਿਆ, ਪਿੰਡ ਵਾਸੀਆਂ ਦੇ ਦਸਤਾਵੇਜ ਇਕੱਠੇ ਕਰਨ ਪਏ, ਪ੍ਰਵਾਸੀ, ਮਰ ਚੁੱਕੇ ਅਤੇ ਨਵੇਂ ਸ਼ਾਮਲ ਹੋਏ ਵੋਟਰਾਂ ਦੀ ਵੋਟਿੰਗ ਸੂਚੀ ਨੂੰ ਵੀ ਅਪਡੇਟ ਕਰਨਾ ਪਿਆ। ''ਇਹ ਕੰਮ ਪੂਰਾ ਸਾਲ ਚੱਲਦਾ ਹੈ,'' ਉਹ ਕਹਿੰਦੇ ਹਨ, ਸਾਡੀ ਗੱਲਬਾਤ ਚੱਲ ਰਹੀ ਹੁੰਦੀ ਹੈ ਐਨ ਉਦੋਂ ਹੀ ਸਕੂਲ ਦੇ ਵਿਹੜੇ ਵਿੱਚ ਖੇਡ ਰਹੇ ਬੱਚੇ ਸਾਡੇ ਆਲ਼ੇ-ਦੁਆਲ਼ੇ ਇਕੱਠੇ ਹੋ ਜਾਂਦੇ ਹਨ। ''ਵਿਡੰਬਨਾ ਦੇਖੋ, ਜੇ ਅਸੀਂ ਬੱਚਿਆਂ ਨੂੰ ਨਾ ਪੜ੍ਹਾਈਏ ਤਾਂ ਕਦੇ ਕੋਈ ਮੀਮੋ ਦਾ ਖ਼ਤਰਾ ਸਾਡੇ ਸਿਰ ਨਹੀਂ ਮੰਡਰਾਉਂਦਾ ਪਰ ਜੇ ਤਹਿਸੀਲਦਾਰ ਦੇ ਦਫ਼ਤਰੋਂ ਪਖ਼ਾਨਿਆਂ ਦੀ ਗਿਣਤੀ ਕਰਨ ਦਾ ਆਦੇਸ਼ ਆ ਜਾਵੇ ਤਾਂ ਸਾਡੇ ਸੁਸਤੀ ਦਿਖਾਉਣ ਦੀ ਕੋਈ ਗੁੰਜਾਇਸ਼ ਹੀ ਨਹੀਂ ਰਹਿੰਦੀ।''

ਜਿਹੜੇ ਕੰਮ ਕਰਨਾ ਉਨ੍ਹਾਂ ਦੀ ਨੌਕਰੀ ਵਿੱਚ ਸ਼ਾਮਲ ਨਹੀਂ, ਉਨ੍ਹਾਂ ਕੰਮਾਂ ਲਈ ਭੱਜ-ਦੌੜ ਕਰ ਕਰ ਕੇ ਟੁੱਟੇ-ਹਾਰੇ 482 ਅਧਿਆਪਕਾਂ ਨੇ ਅਕੋਲਾ ਵਿਖੇ 18 ਸਤੰਬਰ, 2017 ਨੂੰ ਪੰਚਾਇਤ ਕਮੇਟੀ ਦਫ਼ਤਰ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਆਪਣੇ ਹੱਥਾਂ ਵਿੱਚ ਬੈਨਰ ਫੜ੍ਹੇ ਸਨ ਜਿਨ੍ਹਾਂ 'ਤੇ ਮਰਾਠੀ ਭਾਸ਼ਾ ਵਿੱਚ ਲਿਖਿਆ ਸੀ ' ਅਮਹਾਲਾ ਸ਼ਿਕਵੂ ਦਯਾ ' ('ਸਾਨੂੰ ਪੜ੍ਹਾਉਣ ਤਾਂ ਦਿਓ')।

ਅਕੋਲਾ ਦੇ ਕਾਰਕੁੰਨ ਅਤੇ ਵਿਰਗਾਓਂ ਸਕੂਲ ਦੇ ਅਧਿਆਪਕ, ਭਾਊ ਚਾਸਕਰ ਨੇ ਉਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕੀਤੀ ਸੀ। ਉਹ ਕਹਿੰਦੇ ਹਨ ਕਿ ਬੀਤੇ 10 ਸਾਲਾਂ ਵਿੱਚ ਗ਼ੈਰ-ਅਕਾਦਮਿਕ ਕੰਮਾਂ ਦਾ ਭਾਰ ਹੋਰ ਵਧਿਆ ਹੈ। ''ਪ੍ਰਸ਼ਾਸਨ ਦੀਆਂ ਖਾਲੀ ਅਸਾਮੀਆਂ ਭਰੀਆਂ ਨਹੀਂ ਜਾਂਦੀਆਂ। ਮਾਲੀਆ ਅਤੇ ਨਿਯੋਜਨ (ਵਿਭਾਗਾਂ) ਵਿੱਚ ਜਿੰਨੀਆਂ ਖਾਲੀ ਅਸਾਮੀਆਂ ਹਨ ਅਤੇ ਉਹ ਸਾਰੇ ਦੇ ਸਾਰੇ ਕੰਮ ਅਧਿਆਪਕਾਂ ਦੁਆਰਾ ਕੀਤੇ ਜਾਂਦੇ ਹਨ। ਧੱਕੇ ਨਾਲ਼ ਕਰਾਏ ਜਾਂਦੇ ਗ਼ੈਰ-ਅਕਾਦਮਿਕ ਕੰਮਾਂ ਕਾਰਨ ਅਧਿਆਪਕਾਂ ਪ੍ਰਤੀ ਲੋਕਾਂ ਦੀ ਧਾਰਨਾ ਵੀ ਕਮਜ਼ੋਰ ਪੈਂਦੀ ਜਾਂਦੀ ਹੈ। ਉਹ ਸਾਡੇ ਸਿਰ ਆਲਸੀ, ਅਨੁਸ਼ਾਸਨਹੀਣ ਹੋਣ ਦੇ ਇਲਜ਼ਾਮ ਲਾਉਂਦੇ ਹਨ। ਵਿਰੋਧ ਪ੍ਰਦਰਸ਼ਨ ਦੇ ਬਾਅਦ, ਸਾਨੂੰ ਕੁਝ ਦਿਨਾਂ ਤੱਕ ਬੁਲਾਇਆ ਨਹੀਂ ਗਿਆ। ਪਰ ਫਿਰ ਦੋਬਾਰਾ ਸਾਰਾ ਕੁਝ ਉਵੇਂ ਹੀ ਸ਼ੁਰੂ ਹੋ ਗਿਆ।''

PHOTO • Parth M.N.
PHOTO • Parth M.N.

' ਸਾਨੂੰ ਪੜ੍ਹਾਉਣ ਤਾਂ ਦਿਓ ': ਭਾਊ ਚਾਸਕਰ ਨੇ ਵਾਧੂ ਕੰਮ ਕਰਾਏ ਜਾਣ ਖ਼ਿਲਾਫ਼ ਸਤੰਬਰ 2017 ਨੂੰ ਸੈਂਕੜੇ ਅਧਿਆਪਕਾਂ ਦੇ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕੀਤੀ ਸੀ

ਅਧਿਆਪਕਾਵਾਂ ਨੂੰ ਤਾਂ ਹੋਰ ਵੱਧ ਘਾਲਣਾ ਘਾਲਣੀ ਪੈਂਦੀ ਹੈ। 40 ਸਾਲਾ ਤਬੱਸੁਮ ਸੁਲਤਾਨਾ, ਜੋ ਓਸਮਾਨਾਬਾਦ ਸ਼ਹਿਰ ਵਿੱਚ ਕੁੜੀਆਂ ਦੇ ਸਕੂਲ ਵਿਖੇ ਪੜ੍ਹਾਉਂਦੀ ਹਨ, ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਕਾਦਮਿਕ ਫ਼ਰਜ਼ਾਂ, ਗ਼ੈਰ-ਅਕਾਦਮਿਕ ਕੰਮਾਂ ਅਤੇ ਘਰੇਲੂ ਕੰਮਾਂ-ਕਾਰਾਂ ਵਿਚਾਲੇ ਸੰਘਰਸ਼ ਕਰਨਾ ਪੈਂਦਾ ਹੈ। ''ਅਧਿਆਪਕ ਭਾਵੇਂ ਪੁਰਸ਼ ਹੋਵੇ ਜਾਂ ਔਰਤ ਸਭ ਲਈ ਕੰਮ ਦੇ ਘੰਟੇ ਬਰਾਬਾਰ ਹੁੰਦੇ ਹਨ,'' ਉਹ ਕਹਿੰਦੀ ਹਨ। ''ਪਰ ਸਾਨੂੰ ਆਪਣੇ ਸਹੁਰੇ ਪਰਿਵਾਰ ਅਤੇ ਆਪਣੇ ਬੱਚਿਆਂ ਦੀ ਦੇਖਭਾਲ਼ ਵੀ ਕਰਨੀ ਪੈਂਦੀ ਹੈ, ਪਰਿਵਾਰ ਲਈ ਖਾਣਾ ਪਕਾਉਣਾ ਪੈਂਦਾ ਹੈ ਅਤੇ ਘਰੋਂ ਨਿਕਲ਼ਣ ਤੋਂ ਪਹਿਲਾਂ ਸਾਰਾ ਕੁਝ ਯਕੀਨੀ ਬਣਾਉਣਾ ਪੈਂਦਾ ਹੈ।'' ਤਬੱਸੁਮ ਦੇ ਦੋ ਬੇਟੇ ਹਨ, ਦੋਵੇਂ ਕਾਲਜ ਪੜ੍ਹਦੇ ਹਨ। ''ਉਹ ਵੱਡੇ ਹੋ ਚੁੱਕੇ ਹਨ। ਜਦੋਂ ਉਹ ਸਕੂਲ ਪੜ੍ਹਦੇ ਸਨ ਤਾਂ ਬਹੁਤੀ ਔਖ਼ਿਆਈ ਹੁੰਦੀ ਸੀ ਪਰ ਹੁਣ ਸਮੇਂ ਦੇ ਨਾਲ਼ ਨਾਲ਼ ਮੈਨੂੰ ਇਸ ਸਭ ਦੀ ਆਦਤ ਪੈ ਗਈ ਹੈ,'' ਉਹ ਕਹਿੰਦੀ ਹਨ।

'ਅਧਿਆਪਕ ਹਲਕੇ' (ਅਧਿਆਪਕਾਂ ਦੁਆਰਾ ਨਾਮਜਦ) ਤੋਂ ਮਹਾਰਾਸ਼ਟਰ ਵਿਧਾਨ ਪਰਿਸ਼ਦ ਦੇ ਮੈਂਬਰ, ਕਪਿਲ ਪਾਟਿਲ ਕਹਿੰਦੇ ਹਨ ਕਿ ਅਧਿਆਪਕ ਛੇਤੀ ਝਾਂਸੇ 'ਚ ਆਉਣ ਵਾਲ਼ੇ ਸ਼ਿਕਾਰ ਹੁੰਦੇ ਹਨ। ''ਉਹ ਪੜ੍ਹੇ-ਲਿਖੇ, ਹਰ ਸਮੇਂ ਉਪਲਬਧ ਰਹਿਣ ਵਾਲ਼ੇ ਸਰਕਾਰੀ ਨੌਕਰ ਹੁੰਦੇ ਹਨ। ਮਹਾਰਾਸ਼ਟਰ ਦੇ ਜ਼ਿਲ੍ਹਾ ਪਰਿਸ਼ਦ ਸਕੂਲਾਂ ਵਿੱਚੋਂ ਬੱਚਿਆਂ ਦੀ ਘੱਟ ਰਹੀ ਗਿਣਤੀ ਮਗਰ ਇਹ ਵੀ ਇੱਕ ਪ੍ਰਮੁੱਖ ਕਾਰਨ ਹੈ। (ਦੇਖੋ Sometimes, there's no place like school ) ਜੇ ਅਧਿਆਪਕ ਸਕੂਲ ਨਹੀਂ ਆਇਆ, ਸਮਝੋ ਉਹ ਛੁੱਟੀ ਮਾਰੀ ਬੈਠਾ ਹੈ। ਉਹ ਕਿਤੇ ਹੋਰ ਹੀ ਮਸ਼ਰੂਫ਼ ਹਨ। ਇਸ ਪੂਰੀ ਪ੍ਰਕਿਰਿਆ ਵਿੱਚ ਵਿਦਿਆਰਥੀ ਵੱਧ ਪੀਸੇ ਜਾਂਦੇ ਹਨ ਕਿਉਂਕਿ ਇਸ ਸਭ ਨਾਲ਼ ਉਨ੍ਹਾਂ ਦੀ ਪੜ੍ਹਾਈ 'ਤੇ ਸਿੱਧਿਆਂ ਅਸਰ ਪੈਂਦਾ ਹੈ।''

ਮੰਦਭਾਗੀਂ, ਮਹਾਰਾਸ਼ਟਰ ਦੇ 61,659 ਜ਼ਿਲ੍ਹਾ ਪਰਿਸ਼ਦ ਸਕੂਲਾਂ ਵਿੱਚ ਪੜ੍ਹਨ ਵਾਲ਼ੇ 4.6 ਮਿਲੀਅਨ ਬੱਚਿਆਂ (2017-1018 ਦੇ ਅੰਕੜੇ) ਦੀ ਪੜ੍ਹਾਈ ਦਾ ਹਰਜਾ ਹੁੰਦਾ ਹੈ। ਜ਼ਿਲ੍ਹਾ ਪਰਿਸ਼ਦ ਸਕੂਲ ਮੁਫ਼ਤ ਸਿੱਖਿਆ ਮੁਹੱਈਆ ਕਰਵਾਉਂਦੇ ਹਨ ਅਤੇ ਬਹੁਤੇਰੇ ਬੱਚੇ ਕਿਸਾਨ ਅਤੇ ਖੇਤ ਮਜ਼ਦੂਰ ਪਰਿਵਾਰਾਂ ਤੋਂ ਹੁੰਦੇ ਹਨ, ਕਈ ਦਲਿਤ ਅਤੇ ਆਦਿਵਾਸੀ ਭਾਈਚਾਰਿਆਂ ਤੋਂ ਵੀ ਹੁੰਦੇ ਹਨ ਜੋ ਨਿੱਜੀ ਸਕੂਲ ਦੀ ਪੜ੍ਹਾਈ ਦਾ ਖਰਚਾ ਨਹੀਂ ਝੱਲ ਸਕਦੇ। ''ਇਹ ਤਾਂ ਸਮਾਜ ਦੇ ਇੱਕ ਤਬਕੇ ਦੀ ਸਿੱਖਿਆ ਨਾਲ਼ ਸਮਝੌਤਾ ਕਰਨਾ ਹੋਇਆ,'' ਸੋਲਾਪੁਰ ਸਥਿਤ ਕਾਰਕੁੰਨ ਅਤੇ ਅਧਿਆਪਕ, ਨਵਨਾਥ ਗੇਂਦ ਕਹਿੰਦੇ ਹਨ। ''ਪਰ ਜਦੋਂ ਅਧਿਆਪਕ ਬਤੌਰ ਬੂਥ-ਪੱਧਰੀ ਅਧਿਕਾਰੀ ਕੰਮ ਕਰਨ ਤੋਂ ਮਨ੍ਹਾ ਕਰਦੇ ਹਨ ਤਾਂ ਸਥਾਨਕ ਪ੍ਰਸ਼ਾਸਨ ਉਨ੍ਹਾਂ ਨੂੰ ਨੌਕਰਿਓਂ ਕੱਢਣ ਦੀ ਧਮਕੀ ਦਿੰਦਾ ਹੈ।''

Teachers hanging around at virgaon school
PHOTO • Parth M.N.
Children playing in school ground; rain
PHOTO • Parth M.N.

ਅਧਿਆਪਕਾਂ ਤੋਂ ਬਲਾਕ-ਪੱਧਰੀ ਅਧਿਕਾਰੀਆਂ ਦਾ ਕੰਮ ਲੈਣ ਕਾਰਨ, ਉਹ ਬੱਚਿਆਂ ਨੂੰ ਪੜ੍ਹਾਉਣ ਲਈ ਉਪਲਬਧ ਨਹੀਂ ਹੁੰਦੇ ਜਿਹਦੇ ਕਾਰਨ ਕਰਕੇ ਜ਼ਿਲ੍ਹਾ ਪਰਿਸ਼ਦ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੀ ਪੜ੍ਹਾਈ ' ਤੇ ਸਿੱਧਿਆਂ ਅਸਰ ਪੈ ਰਿਹਾ ਹੈ

ਸੋਲਾਪੁਰ ਜ਼ਿਲ੍ਹੇ ਦੇ ਮਾਢਾ ਤਾਲੁਕਾ ਵਿਖੇ ਮੋਡਨਿੰਬ ਪਿੰਡ ਦੇ ਜ਼ਿਲ੍ਹਾ ਪਰਿਸ਼ਦ ਸਕੂਲ ਵਿਖੇ ਇੱਕ ਪ੍ਰਾਇਮਰੀ ਸਕੂਲੀ ਅਧਿਆਪਕ, 37 ਸਾਲਾ ਪਰਮੇਸ਼ਵਰ ਸੁਰਵਸੇ ਦੇ ਖ਼ਿਲਾਫ਼ ਨਵੰਬਰ 2017 ਵਿੱਚ ਇੱਕ ਐਫ਼ਆਈਆਰ ਦਾਇਰ ਕੀਤੀ ਗਈ ਸੀ, ਜਦੋਂ ਉਨ੍ਹਾਂ ਨੇ ਬੂਥ ਪੱਧਰੀ ਅਧਿਕਾਰੀ ਵਜੋਂ ਸੇਵਾ ਦੇਣ ਵਿੱਚ ਇਤਰਾਜ਼ ਜਤਾਇਆ ਸੀ। ''ਮੇਰੀ ਜ਼ਿੰਮੇਦਾਰੀ ਚੰਗੀ ਸਿੱਖਿਆ ਦੇਣਾ ਹੈ,'' ਉਹ ਕਹਿੰਦੇ ਹਨ। ''ਮੇਰੇ ਸਕੂਲ ਵਿਖੇ ਪ੍ਰੀਖਿਆ ਦਾ ਸਮਾਂ ਸੀ ਅਤੇ ਸਾਡੇ ਵਿੱਚੋਂ 6 ਅਧਿਆਪਕਾਂ ਨੂੰ ਬੂਥ-ਪੱਧਰੀ ਅਧਿਕਾਰੀਆਂ ਵਜੋਂ ਕੰਮ ਕਰਨ ਲਈ ਕਿਹਾ ਗਿਆ। ਅਸੀਂ ਕਿਹਾ ਕਿ ਛੇ ਅਧਿਆਪਕ ਇਕੱਠਿਆਂ ਡਿਊਟੀ ਲਈ ਨਹੀਂ ਜਾ ਸਕਦੇ, ਨਹੀਂ ਤਾਂ ਬੱਚਿਆਂ ਦੀ ਪੜ੍ਹਾਈ ਦਾ ਹਰਜਾ ਹੋਵੇਗਾ। ਅਸੀਂ ਤਹਿਸੀਲਦਾਰ ਨੂੰ ਮਿਲ਼ਣ ਦੀ ਬੇਨਤੀ ਕੀਤੀ।''

'ਵਿਡੰਬਨਾ ਦੇਖੋ, ਜੇ ਅਸੀਂ ਬੱਚਿਆਂ ਨੂੰ ਨਾ ਪੜ੍ਹਾਈਏ ਤਾਂ ਕਦੇ ਕੋਈ ਮੀਮੋ ਦਾ ਖ਼ਤਰਾ ਸਾਡੇ ਸਿਰ ਨਹੀਂ ਮੰਡਰਾਉਂਦਾ ਪਰ ਜੇ ਤਹਿਸੀਲਦਾਰ ਦੇ ਦਫ਼ਤਰੋਂ ਪਖ਼ਾਨਿਆਂ ਦੀ ਗਿਣਤੀ ਕਰਨ ਦਾ ਆਦੇਸ਼ ਆ ਜਾਵੇ ਤਾਂ ਸਾਡੇ ਸੁਸਤੀ ਦਿਖਾਉਣ ਦੀ ਕੋਈ ਗੁੰਜਾਇਸ਼ ਹੀ ਨਹੀਂ ਰਹਿੰਦੀ,' ਦੇਵੀਦਾਸ ਗਿਰੇ ਕਹਿੰਦੇ ਹਨ

ਪਰ ਸੋਲਾਪੁਰ ਕਸਬੇ ਦੇ ਤਹਿਸੀਲਦਾਰ ਦਫ਼ਤਰ ਵੱਲੋਂ 6 ਅਧਿਆਪਕਾਂ ਖ਼ਿਲਾਫ਼ ਐੱਫਆਈਆਰ ਦਾਇਰ ਕਰਵਾ ਦਿੱਤੀ ਗਈ। ''ਸਾਨੂੰ ਹੁਕਮ ਨਾ ਮੰਨਣ ਅਤੇ ਕੰਮ ਨਾ ਕਰਨ ਦਾ ਦੋਸ਼ੀ ਗਰਦਾਨਿਆ ਗਿਆ। ਅਸੀਂ ਹੋਰ ਬਹਿਸ ਨਾ ਕਰ ਸਕੇ। ਅਸੀਂ ਮਜ਼ਬੂਰ ਹੋ ਗਏ ਜਿਹਦਾ ਮਤਲਬ ਹੋਇਆ ਕਿ ਅਸੀਂ ਅਗਲੇ 30 ਦਿਨਾਂ ਤੱਕ ਸਕੂਲ ਨਹੀਂ ਜਾ ਸਕਦੇ। ਬੂਥ-ਪੱਧਰੀ ਅਧਿਕਾਰੀਆਂ ਵਜੋਂ ਸਾਡਾ ਕੰਮ ਅੱਜ ਤੱਕ ਜਾਰੀ ਹੈ ਅਤੇ ਸਾਨੂੰ ਕਈ ਵਾਰੀ ਥਾਣੇ ਵੀ ਜਾਣਾ ਪਿਆ। ਸਾਡੇ ਵਿੱਚੋਂ ਦੋ ਜਣਿਆਂ ਨੂੰ ਅਦਾਲਤ ਅੱਗੇ ਪੇਸ਼ ਹੋਣ ਦਾ ਨੋਟਿਸ ਵੀ ਮਿਲ਼ਿਆ। ਇਸ ਸਾਰੀ ਜਿਲ੍ਹਣ ਵਿੱਚ ਦੱਸੋ ਅਸੀਂ ਬੱਚਿਆਂ ਨੂੰ ਕਦੋਂ ਤੇ ਕਿਵੇਂ ਪੜ੍ਹਾਈਏ? ਇਸੇ ਸਮੇਂ ਦੌਰਾਨ 40 ਵਿਦਿਆਰਥੀਆਂ ਨੇ ਸਾਡੇ ਸਕੂਲ ਵਿੱਚੋਂ ਨਾਮ ਕਟਵਾ ਲਿਆ ਅਤੇ ਨੇੜਲੇ ਨਿੱਜੀ ਸਕੂਲ ਵਿੱਚ ਭਰਤੀ ਹੋ ਗਏ,'' ਉਹ ਕਹਿੰਦੇ ਹਨ।

ਦਤਾਤਰੇ ਸੁਰਵੇ ਦਾ 11 ਸਾਲਾ ਬੇਟਾ ਵਿਵੇਕ, ਨਾਮ ਕਟਵਾਉਣ ਵਾਲ਼ੇ ਬੱਚਿਆਂ ਵਿੱਚੋਂ ਇੱਕ ਸੀ। ਆਪਣੀ 2.5 ਏਕੜ ਦੀ ਪੈਲ਼ੀ ਵਿੱਚ ਜਵਾਰ ਅਤੇ ਬਾਜਰਾ ਉਗਾਉਣ ਵਾਲ਼ੇ ਕਿਸਾਨ ਸੁਰਵੇ ਕਹਿੰਦੇ ਹਨ,''ਮੈਂ (ਮੋਡਨਿੰਬ ਦੇ) ਸਕੂਲ ਦੇ ਪ੍ਰਿੰਸੀਪਲ ਨੂੰ ਸ਼ਿਕਾਇਤ ਕੀਤੀ, ਅੱਗਿਓਂ ਉਨ੍ਹਾਂ ਕਿਹਾ ਕਿ ਅਧਿਆਪਕ ਆਪਣਾ ਕੰਮ ਕਰ ਰਹੇ ਹਨ,'' ਸੁਰਵੇ ਦੱਸਦੇ ਹਨ। ''ਸਕੂਲ ਸਾਲ ਦੇ 200 ਦਿਨ ਹੀ ਲੱਗਦੇ ਹਨ। ਜੇ ਇਨ੍ਹਾਂ ਦਿਨਾਂ (200) ਵਿੱਚ ਵੀ ਅਧਿਆਪਕ ਸਕੂਲ ਨਾ ਆਉਣ ਤਾਂ ਦੱਸੋ ਮੇਰੇ ਬੱਚੇ ਨੂੰ ਸਕੂਲ ਭੇਜਣ ਦਾ ਮਤਲਬ ਹੀ ਕੀ ਬਣਦਾ ਹੈ? ਇਹ ਤਾਂ ਸਾਫ਼ ਮਤਲਬ ਹੋਇਆ ਕਿ ਰਾਜ ਸਰਕਾਰ ਨੂੰ ਜ਼ਿਲ੍ਹਾ ਪਰਿਸ਼ਦ ਸਕੂਲਾਂ ਵਿੱਚ ਪੜ੍ਹਨ ਵਾਲ਼ੇ ਬੱਚਿਆਂ ਦੀ ਕੋਈ ਪਰਵਾਹ ਹੀ ਨਹੀਂ।''

ਸੁਰਵੇ ਦੀ ਚਾਹਤ ਹੈ ਕਿ ਉਨ੍ਹਾਂ ਦੇ ਬੇਟੇ ਨੂੰ ਬਿਹਤਰੀਨ ਸਿੱਖਿਆ ਮਿਲ਼ੇ। ''ਖੇਤੀ ਦਾ ਕੋਈ ਭਵਿੱਖ ਨਹੀਂ,'' ਉਹ ਕਹਿੰਦੇ ਹਨ। ਅਕਤੂਬਰ 2017 ਵਿੱਚ, ਉਨ੍ਹਾਂ ਨੇ ਆਪਣੇ ਬੇਟੇ ਦਾ ਦਾਖ਼ਲਾ ਇੱਕ ਨਿੱਜੀ ਸਕੂਲ ਵਿੱਚ ਕਰਵਾਇਆ ਜੋ ਕਰੀਬ 2 ਕਿਲੋਮੀਟਰ ਦੂਰ ਹੈ। ਹੁਣ ਉਹ ਸਾਲ ਦੀ 3,000 ਰੁਪਏ ਫ਼ੀਸ ਦਿੰਦੇ ਹਨ। ''ਪਰ ਮੈਂ ਨਵੇਂ ਸਕੂਲ ਦੀ ਪੜ੍ਹਾਈ ਤੋਂ ਖ਼ੁਸ਼ ਹਾਂ ਕਿਉਂਕਿ ਉਹ ਅਸਲ ਮਾਅਨੇ ਵਿੱਚ ਸਕੂਲ ਤਾਂ ਹੈ।''

PHOTO • Parth M.N.

ਪ੍ਰਿੰਸੀਪਲ ਅਨਿਲ ਮੋਹਿਤੇ ਦਾ ਤਬਾਦਲਾ ਆਪਣੇ ਨਵੇਂ ਸਕੂਲ ਵਿਖੇ ਕੀਤੇ ਜਾਣ ਬਾਅਦ ਉਨ੍ਹਾਂ ਨੂੰ ਨਵੇਂ ਸਿਰਿਓਂ ਸ਼ੁਰੂਆਤ ਕਰਨੀ ਪਵੇਗੀ, ਜਿੱਥੇ ਉਨ੍ਹਾਂ ਦੇ ਬੱਚੇ ਹੋਰ ਭਾਸ਼ਾ ਬੋਲਦੇ ਹਨ ਅਤੇ ਉਹ ਖ਼ੁਦ ਹੋਰ ਕੋਈ ਭਾਸ਼ਾ

ਇਨ੍ਹਾਂ ਲਗਾਤਾਰ ਸ਼ਿਕਾਇਤਾਂ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਰਾਜ ਸਰਕਾਰ ਜ਼ਿਲ੍ਹਾ ਪਰਿਸ਼ਦ ਸਕੂਲਾਂ ਪ੍ਰਤੀ ਸੰਜੀਦਾ ਨਹੀਂ ਹੈ, ਕਪਿਲ ਪਾਟਿਲ ਕਹਿੰਦੇ ਹਨ। ''ਸਰਕਾਰ ਦਾ ਨਾ-ਪੱਖੀ ਵਤੀਰਾ ਜੂਨ (2018) ਨੂੰ ਹੋਏ ਰਾਜ-ਵਿਆਪੀ ਤਬਾਦਲਿਆਂ ਵਿੱਚ ਵੀ ਝਲਕਦਾ ਹੈ,'' ਉਹ ਕਹਿੰਦੇ ਹਨ। ਇਨ੍ਹਾਂ ਤਬਾਦਲਿਆਂ ਦੀ ਸਫ਼ਾਈ ਵਿੱਚ ਇੱਕ ਕਾਰਨ ਇਹ ਵੀ ਦੱਸਿਆ ਜਾਂਦਾ ਹੈ ਕਿ ਦੂਰ-ਦੁਰਾਡੇ (ਬੀਹੜ) ਦੇ ਇਲਾਕਿਆਂ ਦੇ ਅਧਿਆਪਕਾਂ ਨੂੰ ਵੀ ਕਸਬਿਆਂ ਜਾਂ ਬਿਹਤਰ ਸੰਪਰਕ (ਕੁਨੈਕਟਿਵੀ) ਵਾਲ਼ੇ ਪਿੰਡਾਂ ਵਿੱਚ ਰਹਿਣ ਦਾ ਮੌਕਾ ਮਿਲ਼ਣਾ ਚਾਹੀਦਾ ਹੈ। ਪਰ, ਇੱਕ ਅਧਿਆਪਕ ਤੋਂ ਪ੍ਰਾਪਤ ਹੋਏ ਖਤ ਨੂੰ ਫੜ੍ਹੀ, ਜਿਸ ਵਿੱਚ ਉਨ੍ਹਾਂ ਨੇ ਆਪਣੇ ਤਬਾਦਲੇ ਨੂੰ ਰੱਦ ਕੀਤੇ ਜਾਣ ਦੀ ਬੇਨਤੀ ਕੀਤੀ ਹੈ, ਪਾਟਿਲ ਕਹਿੰਦੇ ਹਨ,''ਰਾਜ ਨੇ ਨਾ ਤਾਂ ਵਿਦਿਆਰਥੀਆਂ ਬਾਰੇ ਸੋਚਿਆ ਹੈ ਤੇ ਨਾ ਹੀ ਅਧਿਆਪਕਾਂ ਬਾਰੇ ਹੀ।''

ਅਹਿਮਦਨਗਰ ਵਿਖੇ, ਜ਼ਿਲ੍ਹਾ ਪਰਿਸ਼ਦ ਸਕੂਲ ਦੇ 11,462 ਵਿੱਚੋਂ 6,189 (ਜਾਂ 54 ਫ਼ੀਸਦ) ਅਧਿਆਪਕਾਂ ਨੂੰ ਤਬਾਦਲੇ ਦਾ ਹੁਕਮ ਮਿਲ਼ਿਆ। ਜ਼ਿਲ੍ਹੇ ਦੇ ਸਿੱਖਿਆ ਅਧਿਕਾਰੀ ਰਾਮਕਾਂਤ ਕਾਟਮੋਰੇ ਕਹਿੰਦੇ ਹਨ,''ਪੂਰੇ ਰਾਜ ਦੇ ਹਰ ਜ਼ਿਲ੍ਹੇ ਵਿੱਚ ਤਬਾਦਲੇ ਦਾ ਇਹੀ ਪ੍ਰਤੀਸ਼ਤ ਹੈ। ਇਹ ਇੱਕ ਨਿਯਮਤ ਪ੍ਰਕਿਰਿਆ ਹੈ।''

ਜਿਨ੍ਹਾਂ ਅਧਿਆਪਕਾਂ ਦਾ ਤਬਾਦਲਾ ਕੀਤਾ ਗਿਆ, ਉਨ੍ਹਾਂ ਵਿੱਚੋਂ ਇੱਕ ਹਨ ਰਮੇਸ਼ ਉਤਰਾਡਕਰ। ਉਹ ਦੇਵਪੁਰ ਪਿੰਡ ਦੇ ਜ਼ਿਲ੍ਹਾ ਪਰਿਸ਼ਦ ਸਕੂਲ ਵਿੱਚ ਪੜ੍ਹਾਉਂਦੇ ਸਨ। ''ਸਕੂਲ ਮੇਰੇ ਘਰੋਂ ਕੋਈ 20 ਕਿਲੋਮੀਟਰ ਦੂਰ ਬੁਲਢਾਣਾ ਕਸਬੇ ਵਿੱਚ ਸੀ,'' ਉਹ ਕਹਿੰਦੇ ਹਨ। ਮਈ 2018 ਵਿੱਚ, ਉਨ੍ਹਾਂ ਨੂੰ 65 ਕਿਲੋਮੀਟਰ ਦੂਰ, ਮੋਮਿਨਾਬਾਦ ਦੇ ਜ਼ਿਲ੍ਹਾ ਪਰਿਸ਼ਦ ਸਕੂਲ ਵਿੱਚ ਤਬਦੀਲ ਕਰ ਦਿੱਤਾ ਗਿਆ। ''ਮੇਰੀ ਪਤਨੀ ਸ਼ਹਿਰ ਦੇ ਨਗਰਪਾਲਿਕਾ ਸਕੂਲ ਵਿੱਚ ਪੜ੍ਹਾਉਂਦੀ ਹੈ, ਇਸਲਈ ਅਸੀਂ ਸ਼ਿਫ਼ਟ ਨਹੀਂ ਕਰ ਸਕੇ,'' ਉਹ ਕਹਿੰਦੇ ਹਨ। ''ਮੈਂ ਰੋਜ਼ ਸਕੂਲ ਆਉਂਦਾ-ਜਾਂਦਾ ਹਾਂ। ਇੱਕ ਪਾਸੇ ਦੇ ਸਫ਼ਰ ਵਿੱਚ 2 ਘੰਟੇ ਲੱਗਦੇ ਹਨ।'' ਉਤਰਾਡਕਰ ਨੇ ਦੋ ਨਾਵਲ ਲਿਖੇ ਹਨ ਅਤੇ ਕਵਿਤਾਵਾਂ ਦੇ ਦੋ ਸੰਗ੍ਰਹਿ ਵੀ ਪ੍ਰਕਾਸ਼ਤ ਕੀਤੇ ਹਨ; ਸਾਹਿਤ ਨੂੰ ਇਸ ਦੇਣ ਵਾਸਤੇ ਉਨ੍ਹਾਂ ਨੂੰ ਰਾਜ ਵੱਲੋਂ ਸਾਹਿਤਕ ਪੁਰਸਕਾਰ ਵੀ ਮਿਲ਼ ਚੁੱਕਾ ਹੈ। ਪਰ ਆਪਣੇ ਤਬਾਦਲੇ ਤੋਂ ਬਾਅਦ ਉਹ ਪੜ੍ਹਨ ਲਿਖਣ ਦਾ ਕੋਈ ਕੰਮ ਨਹੀਂ ਕਰ ਪਾ ਰਹੇ। ''ਆਉਣ-ਜਾਣ ਵਿੱਚ ਹੀ ਹਾਲਤ ਖ਼ਰਾਬ ਹੋ ਜਾਂਦੀ ਹੈ। ਮੇਰਾ ਪੂਰਾ ਜੀਵਨ ਖਿੰਡ-ਪੁੰਡ ਗਿਆ ਹੈ,'' ਉਹ ਕਹਿੰਦੇ ਹਨ।

44 ਸਾਲਾ ਅਨਿਲ ਮੋਹਿਤੇ ਨੂੰ ਵੀ ਆਪਣੇ ਜੱਦੀ ਨਗਰ ਅਕੋਲਾ, ਜਿੱਥੇ ਉਹ ਅਧਿਆਪਕ ਸਨ, ਤੋਂ 35 ਕਿਲੋਮੀਟਰ ਦੂਰ ਇੱਕ ਆਦਿਵਾਸੀ ਪਿੰਡ, ਸ਼ੇਲਵਿਹਿਰੇ ਦੇ ਜ਼ਿਲ੍ਹਾ ਪਰਿਸ਼ਦ ਸਕੂਲ ਵਿੱਚ ਪ੍ਰਿੰਸੀਪਲ ਬਣਾ ਕੇ ਭੇਜ ਦਿੱਤਾ ਗਿਆ। ਮੋਹਿਤੇ, ਕੋਲੀ ਮਹਾਦੇਵ ਆਦਿਵਾਸੀ ਵਿਦਿਆਰਥੀਆਂ ਦੀ ਭਾਸ਼ਾ ਨਹੀਂ ਸਮਝਦੇ ਅਤੇ ਬੱਚੇ ਮਰਾਠੀ ਚੰਗੀ ਤਰ੍ਹਾਂ ਨਹੀਂ ਬੋਲ ਪਾਉਂਦੇ। ''ਸਮਝ ਨਹੀਂ ਆਉਂਦੀ ਮੈਂ ਉਨ੍ਹਾਂ ਨੂੰ ਪੜ੍ਹਵਾਂਗਾ ਕਿਵੇਂ? ਇਸ ਤੋਂ ਪਹਿਲਾਂ, ਮੈਂ ਔਰੰਗਾਬਾਦ (ਅਕੋਲਾ ਤੋਂ ਪੰਜ ਕਿਲੋਮੀਟਰ ਦੂਰ) ਦੇ ਇੱਕ ਸਕੂਲ ਵਿਖੇ ਚਾਰ ਸਾਲ ਤੱਕ ਪੜ੍ਹਾਇਆ। ਮੈਂ ਆਪਣੇ ਵਿਦਿਆਰਥੀਆਂ ਨੂੰ ਸਮਝ ਲਿਆ ਸੀ ਅਤੇ ਉਨ੍ਹਾਂ ਦੀ ਤਾਕਤਾਂ ਅਤੇ ਕਮਜ਼ੋਰੀਆਂ ਤੋਂ ਵੀ ਜਾਣੂ ਹੋ ਗਿਆ ਸਾਂ। ਸਾਡਾ ਤਾਲਮੇਲ ਬੈਠ ਗਿਆ ਸੀ। ਹੁਣ ਮੈਨੂੰ ਨਵੇਂ ਸਿਰਿਓਂ ਸ਼ੁਰੂਆਤ ਕਰਨੀ ਪੈਣੀ ਹੈ।''

ਸ਼ੇਲਵਿਹਿਰੇ ਦੇ ਉਨ੍ਹਾਂ ਦੇ ਸਕੂਲ ਵਿੱਚ ਜ਼ਿਲ੍ਹਾ ਪਰਿਸ਼ਦ ਦੇ ਹੋਰਨਾਂ ਸਕੂਲਾਂ ਵਾਂਗਰ, ਇੰਟਰਨੈੱਟ ਨੈੱਟਵਰਕ ਨਹੀਂ ਹੈ। ''ਸਾਡੇ ਲਈ ਮਿਡ ਡੇਅ ਮੀਲ ਯੋਜਨਾ ਦਾ ਵੇਰਵਾ ਅਤੇ ਉਸ ਵਿੱਚ ਬੱਚਿਆਂ ਦੀ ਹਾਜ਼ਰੀ (ਰਜਿਸਟਰ) ਨੂੰ ਆਨਲਾਈਨ ਭਰਨਾ ਜ਼ਰੂਰੀ ਹੁੰਦਾ ਹੈ,'' ਮੋਹਿਤੇ ਕਹਿੰਦੇ ਹਨ। (ਦੇਖੋ Small meal, big deal for hungry students ) ''ਲਗਭਗ 15 ਕੰਮ ਆਨਲਾਈਨ ਹੀ ਕਰਨੇ ਪੈਂਦੇ ਹਨ। ਸੋ ਸਕੂਲ ਵਿੱਚ ਇਹ ਕੰਮ ਕਰਨੇ ਸੰਭਵ ਹੀ ਨਹੀਂ। ਇਸਲਈ ਮੈਨੂੰ ਹਰ ਕੰਮ ਹੱਥੀਂ ਲਿਖਣਾ ਪੈਂਦਾ ਹੈ ਤੇ ਘਰ ਵਾਪਸ ਆ ਕੇ ਆਨਲਾਈਨ ਡਾਟਾ ਚੜ੍ਹਾਉਣਾ ਪੈਂਦਾ ਹੈ। ਇਹ ਤਰੀਕਾ ਸਾਡੇ ਕੰਮ ਵਿੱਚ ਘੜੰਮ ਪਾ ਦਿੰਦਾ ਹੈ।''

ਤਰਜਮਾ: ਕਮਲਜੀਤ ਕੌਰ

Parth M.N.

Parth M.N. is a 2017 PARI Fellow and an independent journalist reporting for various news websites. He loves cricket and travelling.

Other stories by Parth M.N.
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur