ਸਭ ਤੋਂ ਪਹਿਲਾਂ ਮੇਰੇ ਪਿਤਾ ਜੀ ਬੀਮਾਰ ਹੋਏ। ਫਿਰ ਮੇਰੀ ਮਾਂ। ਪੁਰਸ਼ੋਤਮ ਮਿਸਾਲ ਲਈ ਮਈ 2021 ਦਾ ਉਹ ਸਮਾਂ ਜਦੋਂ ਉਨ੍ਹਾਂ ਦੇ ਮਾਪੇ ਇੱਕ ਤੋਂ ਬਾਅਦ ਬੁਖ਼ਾਰ ਨਾਲ਼ ਤਪਣ ਲੱਗੇ, ਬੇਹੱਦ ਡਰਾਉਣ ਵਾਲ਼ਾ ਸੀ। “ਪਿੰਡ ਦੇ ਕਈ ਲੋਕ ਪਹਿਲਾਂ ਤੋਂ ਹੀ ਕਰੋਨਾ ਦੀ ਚਪੇਟ ਵਿੱਚ ਸਨ,” ਪੁਰਸ਼ੋਤਮ ਦੀ ਪਤਨੀ ਵਿਜੈਮਾਲਾ ਕਹਿੰਦੀ ਹਨ। “ਸੱਚਿਓ ਬੜਾ ਡਰਾਉਣਾ ਸਮਾਂ ਸੀ ਉਹ।”

ਪੁਰਸ਼ੋਤਮ ਨੇ ਬੀਡ ਦੇ ਸਰਕਾਰੀ ਹਸਪਤਾਲ ਵਿਖੇ ਮਰੀਜ਼ਾਂ ਦੇ ਧੜਿਆਂ ਦੇ ਧੜੇ ਭਰਤੀ ਹੋਣ ਦੀਆਂ ਖ਼ਬਰਾਂ ਪੜ੍ਹੀਆਂ ਸਨ। ਵਿਜੈਮਾਲਾ ਦੱਸਦੀ ਹਨ,“ਉਹ ਜਾਣਦੇ ਸਨ ਕਿ ਉਨ੍ਹਾਂ ਦੇ ਮਾਪਿਆਂ ਨੂੰ ਇਲਾਜ ਵਾਸਤੇ ਕਿਸੇ ਨਾ ਕਿਸੇ ਨਿੱਜੀ ਹਸਪਤਾਲ ਹੀ ਭਰਤੀ ਕਰਾਉਣਾ ਪੈਣਾ ਹੈ ਜਿੱਥੇ ਖਰਚਾ ਵੀ ਕਾਫ਼ੀ ਹੋਵੇਗਾ। ਜੇ ਕੋਈ ਇੱਕ ਹਫਤਾ ਵੀ ਨਿੱਜੀ ਹਸਪਤਾਲ ਵਿੱਚ ਭਰਤੀ ਰਹਿ ਲੈਂਦਾ ਹੈ ਤਾਂ ਲੱਖਾਂ ਦਾ ਬਿੱਲ ਫੜ੍ਹਾ ਦਿੱਤਾ ਜਾਂਦਾ ਹੈ।” ਪੁਰਸ਼ੋਤਮ ਦੀ ਇੱਕ ਸਾਲ ਦੀ ਕਮਾਈ ਨਾਲ਼ੋਂ ਵੀ ਕਿਤੇ ਵੱਧ ਖਰਚਾ।

ਆਪਣੀ ਕੰਗਾਲੀ ਦੇ ਬਾਵਜੂਦ, ਪਰਿਵਾਰ ਅਜੇ ਤੱਕ ਕਰਜਾ ਚੁੱਕੀ ਬਗ਼ੈਰ ਹੀ ਜਿਵੇਂ ਕਿਵੇਂ ਗੁਜ਼ਾਰਾ ਕਰੀ ਜਾ ਰਿਹਾ ਸੀ। ਹਸਪਤਾਲ ਦੇ ਖਰਚੇ ਵਾਸਤੇ ਪੈਸੇ ਉਧਾਰ ਲੈਣ ਦਾ ਖਿਆਲ ਹੀ 40 ਸਾਲਾ ਪੁਰਸ਼ੋਤਮ ਨੂੰ ਚਿੰਤਾ ਵਿੱਚ ਪਾ ਰਿਹਾ ਸੀ, ਜੋ ਪਰਲੀ ਤਾਲੁਕਾ ਵਿੱਚ ਆਪਣੇ ਪਿੰਡ ਹਿਵਾਰਾ ਗੋਵਰਧਨ ਤੋਂ 10 ਕਿਲੋਮੀਟਰ ਦੂਰ ਸਿਰਸਾਲਾ ਵਿਖੇ ਚਾਹ ਦੀ ਇੱਕ ਦੁਕਾਨ ਚਲਾਉਂਦੇ ਹਨ। ਮਾਰਚ 2020 ਵਿੱਚ ਕੋਵਿਡ ਮਹਾਂਮਾਰੀ ਫੈਲਣ ਤੋਂ ਬਾਅਦ ਤੋਂ ਉਨ੍ਹਾਂ ਦੀ ਦੁਕਾਨ ਜ਼ਿਆਦਾਤਰ ਬੰਦ ਹੀ ਰਹੀ ਸੀ।

ਜਿਸ ਰਾਤ ਮਾਂ ਨੂੰ ਬੁਖ਼ਾਰ ਚੜ੍ਹਿਆ, ਪੁਰਸ਼ੋਤਮ ਦੀ ਉਹ ਰਾਤ ਪਾਸੇ ਮਾਰਦਿਆਂ ਹੀ ਨਿਕਲ਼ੀ ਸੀ। ਸਵੇਰੇ 4 ਕੁ ਵਜੇ ਦੇ ਕਰੀਬ ਉਨ੍ਹਾਂ ਨੇ ਆਪਣੀ ਪਤਨੀ ਨੂੰ ਕਿਹਾ: “ਜੇ ਇਹ ਕੋਵਿਡ ਹੋਇਆ ਤਾਂ?” 37 ਸਾਲਾ ਵਿਜੈਮਾਲਾ ਚੇਤੇ ਕਰਦਿਆਂ ਦੱਸਦੀ ਹਨ ਕਿ ਕਿਵੇਂ ਉਹ ਪੂਰੀ ਰਾਤ ਜਾਗਦੇ ਰਹੇ ਅਤੇ ਛੱਤ ਨੂੰ ਘੂਰਦੇ ਰਹੇ ਸਨ। ਜਦੋਂ ਉਨ੍ਹਾਂ ਨੇ (ਵਿਜੈਮਾਲਾ) ਨੇ ਪੁਰਸ਼ੋਤਮ ਨੂੰ ਫ਼ਿਕਰ ਨਾ ਕਰਨ ਲਈ ਕਿਹਾ ਤਾਂ ਅੱਗਿਓਂ ਉਨ੍ਹਾਂ ਨੇ ਮੈਨੂੰ ਕਿਹਾ,‘ਤੂੰ ਚਿੰਤਾ ਨਾ ਕਰ’ ਅਤੇ ਮੈਨੂੰ ਸੌਣ ਲਈ ਕਿਹਾ।”

Left: A photo of the band in which Purushottam Misal (seen extreme left) played the trumpet. Right: Baburao Misal with his musical instruments at home
PHOTO • Parth M.N.
Left: A photo of the band in which Purushottam Misal (seen extreme left) played the trumpet. Right: Baburao Misal with his musical instruments at home
PHOTO • Parth M.N.

ਖੱਬੇ : ਬੈਂਡ ਦੀ ਇੱਕ ਤਸਵੀਰ, ਜਿਸ ਵਿੱਚ ਪੁਰਸ਼ੋਤਮ ਮਿਸਾਲ (ਐਨ ਖੱਬੇ) ਨੇ ਤੂਰ੍ਹੀ ਵਜਾਇਆ ਸੀ। ਸੱਜੇ : ਘਰੇ ਆਪਣੇ ਸੰਗੀਤ ਸਾਜਾਂ ਦੇ ਨਾਲ਼ ਬਾਬੂਰਾਵ ਮਿਸਾਲ

ਉਸ ਤੋਂ ਫ਼ੌਰਨ ਬਾਅਦ, ਪੁਰਸ਼ੋਤਮ ਘਰੋਂ ਨਿਕਲ਼ੇ ਅਤੇ ਆਪਣੀ ਚਾਹ ਦੀ ਦੁਕਾਨ ਵੱਲ ਤੁਰ ਪਏ। ਨੇੜਲੇ ਇੱਕ ਖਾਲੀ ਸ਼ੈੱਡ ਦੀ ਛੱਤ ਨਾਲ਼ ਰੱਸੀ ਬੰਨ੍ਹੀ ਅਤੇ ਖ਼ੁਦ ਨੂੰ ਫਾਹੇ ਟੰਗ ਲਿਆ।

ਬੇਜ਼ਮੀਨਾ ਇਹ ਪਰਿਵਾਰ ਮਾਤੰਗ ਭਾਈਚਾਰੇ ਨਾਲ਼ ਤਾਅਲੁੱਕ ਰੱਖਦਾ ਹੈ ਜੋ ਮਹਾਰਾਸ਼ਟਰ ਦੇ ਹਾਸ਼ੀਆਗਤ ਦਲਿਤ ਜਾਤ ਦੇ ਰੂਪ ਵਿੱਚ ਸੂਚੀਬੱਧ ਹੈ। ਪੁਰਸ਼ੋਤਮ ਦੀ ਚਾਹ ਅਤੇ ਬਿਸਕੁਟ ਦੀ ਦੁਕਾਨ ਤੋਂ ਹੋਣ ਵਾਲ਼ੀ ਵਿਕਰੀ ਹੀ ਘਰ ਦੀ ਆਮਦਨੀ ਦਾ ਇਕਲੌਤਾ ਵਸੀਲਾ ਸੀ। ਉਨ੍ਹਾਂ ਨੇ ਆਪਣੇ ਪਿੰਡ ਦੇ ਇੱਕ ਬੈਂਡ ਵਿੱਚ ਵੀ ਕੰਮ ਕੀਤਾ, ਜੋ ਵਿਆਹ ਸਮਾਗਮਾਂ ਵੇਲ਼ੇ ਸਾਜ ਵਜਾਉਂਦਾ। ਸੱਤ ਲੋਕਾਂ ਦਾ ਉਨ੍ਹਾਂ ਦਾ ਪਰਿਵਾਰ ਆਪਣੀਆਂ ਲੋੜਾਂ ਲਈ ਪੁਰਸ਼ੋਤਮ ‘ਤੇ ਹੀ ਨਿਰਭਰ ਰਹਿੰਦਾ ਸੀ। ਵਿਜੈਮਾਲਾ ਕਹਿੰਦੀ ਹਨ,“ਉਹ ਚਾਹ ਦੀ ਦੁਕਾਨ ਤੋਂ ਮਹੀਨੇ ਦਾ 5,000-8,000 ਰੁਪਏ ਕਮਾ ਲੈਂਦੇ ਸਨ।” ਬਾਕੀ ਬੈਂਡ ਵਜਾ ਕੇ ਜੋ ਵੀ ਕਮਾਉਂਦੇ ਸਨ ਉਸ ਨਾਲ਼ ਸਾਲ ਦੀ ਕੁੱਲ ਮਿਲ਼ਾ ਕੇ 1.5 ਲੱਖ ਦੀ ਆਮਦਨੀ ਬਣ ਜਾਂਦੀ।

“ਮੇਰਾ ਬੇਟਾ ਵਧੀਆ ਸੰਗੀਤਕਾਰ ਸੀ,” ਪੁਰਸ਼ੋਤਮ ਦੀ ਮਾਂ, 70 ਸਾਲਾ ਗੰਗੂਬਾਈ ਭਰੇ ਗੱਚ ਨਾਲ਼ ਕਹਿੰਦੀ ਹਨ। ਉਹ ਤੂਰ੍ਹੀ ਵਜਾਇਆ ਕਰਦੇ ਅਤੇ ਕਦੇ ਕਦੇ ਕੀਬੋਰਡ ਅਤੇ ਡ੍ਰਮ ਵੀ ਵਜਾ ਲੈਂਦੇ। “ਮੈਂ ਉਹਨੂੰ ਸ਼ਹਿਨਾਈ ਵਜਾਉਣੀ ਵੀ ਸਿਖਾਈ ਸੀ,” ਪੁਰਸ਼ੋਤਮ ਦੇ ਪਿਤਾ, 72 ਸਾਲਾ ਬਾਬੂਰਾਓ ਕਹਿੰਦੇ ਹਨ ਜੋ ਪਿੰਡ ਵਿੱਚ 25-30 ਲੋਕਾਂ ਨੂੰ ਸਾਜ ਵਜਾਉਣੇ ਸਿਖਾ ਚੁੱਕੇ ਹਨ। ਬਾਬੂਰਾਓ ਨੂੰ ਪਿੰਡ ਦੇ ਲੋਕ ‘ਉਸਤਾਦ’ ਕਹਿੰਦੇ ਹਨ।

ਪਰ ਕੋਵਿਡ ਕਾਰਨ ਬੈਂਡ ਦਾ ਕੰਮ ਵੀ ਠੱਪ ਪੈ ਗਿਆ। ਵਿਜੈਮਾਲਾ ਕਹਿੰਦੀ ਹਨ: “ਲੋਕਾਂ ਅੰਦਰ ਵਾਇਰਸ ਨੂੰ ਲੈ ਕੇ ਡਰ ਹੈ, ਪਰ ਸੱਚੀ ਉਨ੍ਹਾਂ ਕੋਲ਼ ਇੱਕ ਕੱਪ ਚਾਹ ਖਰੀਦਣ ਜੋਗੇ ਪੈਸੇ ਨਹੀਂ, ਵਿਆਹਾਂ ‘ਤੇ ਬੈਂਡ ਕਿਵੇਂ ਬੁਲਾ ਲੈਣ।”

Left: Gangubai Misal says her son, Purushottam, was a good musician. Right: Vijaymala Misal remembers her husband getting into a panic when his parents fell ill
PHOTO • Parth M.N.
Left: Gangubai Misal says her son, Purushottam, was a good musician. Right: Vijaymala Misal remembers her husband getting into a panic when his parents fell ill
PHOTO • Parth M.N.

ਖੱਬੇ : ਗੰਗੂਬਾਈ ਮਿਸਾਲ ਕਹਿੰਦੀ ਹਨ ਕਿ ਪੁਰਸ਼ੋਤਮ ਇੱਕ ਚੰਗੇ ਸੰਗੀਤਕਾਰ ਸਨ। ਸੱਜੇ : ਵਿਜੈਮਾਲਾ ਮਿਸਾਲ ਚੇਤੇ ਕਰਦੀ ਹਨ ਕਿ ਜਦੋਂ ਮਾਤਾ-ਪਿਤਾ ਬੀਮਾਰ ਹੈ ਪਏ ਤਾਂ ਉਨ੍ਹਾਂ ਦੇ ਪਤੀ ਬਹੁਤ ਘਬਰਾ ਗਏ ਸਨ

ਅਮੇਰਿਕਾ ਸਥਿਤ ਪਊ ਰਿਸਰਚ ਸੈਂਟਰ ਦੁਆਰਾ ਪ੍ਰਕਾਸ਼ਤ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ: “ਕੋਵਿਡ-19 ਤੋਂ ਪੈਦਾ ਹੋਈ ਮੰਦੀ ਕਾਰਨ ਕਰਕੇ ਭਾਰਤ ਅੰਦਰ ਗ਼ਰੀਬਾਂ ਦੀ ਗਿਣਤੀ (ਰੋਜ਼ਾਨਾ 2 ਡਾਲਰ ਜਾਂ ਉਸ ਤੋਂ ਘੱਟ ਆਮਦਨੀ ਵਾਲ਼ੇ) 75 ਮਿਲੀਅਨ (7.5 ਕਰੋੜ) ਤੱਕ ਵੱਧਣ ਦਾ ਅਨੁਮਾਨ ਹੈ।”  ਮਾਰਚ 2021 ਦੀ ਇਸ ਰਿਪੋਰਟ ਮੁਤਾਬਕ 2020 ਵਿੱਚ ਭਾਰਤ ਦੇ ਮੱਧ ਵਰਗ ਦੇ 32 ਮਿਲੀਅਨ (3.2 ਕਰੋੜ) ਪਰਿਵਾਰ ਸੁੰਗੜ ਕੇ ਗ਼ਰੀਬੀ ਵੱਲ ਧੱਕੇ ਗਏ। ਇਹ ਦੋਵੇਂ ਅੰਕੜੇ ਆਲਮੀ ਗ਼ਰੀਬੀ ਵਿੱਚ ਵਾਧੇ ਦਾ 60 ਫ਼ੀਸਦ ਹਨ।

ਖੇਤੀ ਪ੍ਰਧਾਨ ਜ਼ਿਲ੍ਹੇ ਮੰਨੇ ਜਾਂਦੇ ਬੀਡ ਦੇ ਲੋਕਾਂ ਦੀ ਖਰੀਦ ਸ਼ਕਤੀ ਵਿੱਚ ਗਿਰਾਵਟ ਸਾਫ਼ ਝਲਕਦੀ ਹੈ, ਜਿੱਥੋਂ ਦੇ ਕਿਸਾਨ ਦਹਾਕਾ ਪਹਿਲਾਂ ਤੋਂ ਹੀ ਸੋਕੇ ਕਾਰਨ ਕਰਜ਼ੇ ਅਤੇ ਹੋਰ ਕਈ ਪਰੇਸ਼ਾਨੀਆਂ ਵਿੱਚੋਂ ਦੀ ਲੰਘ ਰਹੇ ਹਨ। ਕੋਵਿਡ-19 ਨੇ ਕਿਸਾਨਾਂ ਦੀਆਂ ਪਰੇਸ਼ਾਨੀਆਂ ਅਤੇ ਪੇਂਡੂ ਅਰਥਵਿਵਸਥਾ ਨੂੰ ਬੁਰੀ ਤਰ੍ਹਾਂ ਹਲ਼ੂਣ ਕੇ ਰੱਖ ਦਿੱਤਾ ਅਤੇ ਜ਼ਿੰਦਾ ਰਹਿਣ ਲਈ ਸੰਘਰਸ਼ ਕਰਦੇ ਪਰਿਵਾਰਾਂ ਨੂੰ ਰੋਟਿਓਂ ਆਤਰ ਕਰਕੇ ਰੱਖ ਦਿੱਤਾ।

ਭਾਵੇਂ ਪੁਰਸ਼ੋਤਮ ਆਪਣੀ ਰੋਜ਼ੀਰੋਟੀ ਵਾਸਤੇ ਸਿੱਧੇ ਤੌਰ ‘ਤੇ ਖੇਤੀ ‘ਤੇ ਨਿਰਭਰ ਨਹੀਂ ਸਨ, ਪਰ ਉਨ੍ਹਾਂ ਦੇ ਜ਼ਿਆਦਾਤਰ ਗਾਹਕ ਕਿਸਾਨ ਸਨ ਅਤੇ ਹੁਣ ਜਦੋਂ ਕਿਸਾਨਾਂ ਦੀ ਆਮਦਨੀ ਘੱਟ ਗਈ ਤਾਂ ਇਹ ਅਸਰ ਕਿਸਾਨਾਂ ਦੇ ਨਾਲ਼ ਨਾਲ਼ ਮੋਚੀਆਂ, ਤਰਖਾਣਾਂ, ਨਾਈਆਂ, ਘੁਮਿਆਰਾਂ, ਚਾਹ ਵੇਚਣ ਵਾਲ਼ਿਆਂ ਅਤੇ ਹੋਰਨਾਂ ਤਬਕਿਆਂ ‘ਤੇ ਵੀ ਪੈਣ ਲੱਗਿਆ। ਬਹੁਤੇਰੇ ਲੋਕ ਤਾਂ ਆਪਣੀ ਖੁੱਸਦੀ ਜਾਂਦੀ ਰੋਜ਼ੀਰੋਟੀ ਨੂੰ ਬਚਾਉਣ ਦੀਆਂ ਸੋਚਾਂ ਵਿੱਚ ਡੁੱਬੇ ਹਨ।

ਬੀਡ ਤਾਲੁਕਾ ਦੇ ਕਾਮਖੇੜਾ ਪਿੰਡ ਵਿਖੇ ਇੱਕ ਠੰਡੇ (ਸੁਸਤ) ਪਏ ਦਿਨ, ਆਪਣੀ ਦੁਕਾਨ ‘ਤੇ ਬੈਠੀ 55 ਸਾਲਾ ਲਕਸ਼ਮੀ ਵਾਘਮਾਰੇ ਕੋਵਿਡ ਤੋਂ ਪਹਿਲਾਂ ਦੇ ਸਮੇਂ ਬਾਰੇ ਸੋਚੀਂ ਪਈ ਹਨ ਅਤੇ ਦੁੱਖਾਂ ਦਾ ਪਹਾੜ ਲੱਦੀ ਕਹਿੰਦੀ ਹਨ,“ਸਾਨੂੰ ਪਤਾ ਨਹੀਂ ਸੀ ਕਿ ਸਾਡੀ ਹਾਲਤ ਇੰਨੀ ਖ਼ਰਾਬ ਵੀ ਹੋ ਸਕਦੀ ਸੀ।”

Lakshmi and Nivrutti Waghmare make a variety of ropes, which they sell at their shop in Beed's Kamkheda village. They are waiting for the village bazaars to reopen
PHOTO • Parth M.N.
Lakshmi and Nivrutti Waghmare make a variety of ropes, which they sell at their shop in Beed's Kamkheda village. They are waiting for the village bazaars to reopen
PHOTO • Parth M.N.

ਲਕਸ਼ਮੀ ਅਤੇ ਨਿਵਰੂਤੀ ਵਾਘਮਾਰੇ ਬੀਡ ਦੇ ਕਾਮਖੇੜਾ ਪਿੰਡ ਵਿਖੇ ਆਪਣੀ ਦੁਕਾਨ ਤੇ ਰੱਸੀਆਂ ਵੇਚਦੇ ਹੋਏ ; ਉਹ ਪਿੰਡ ਦੇ ਬਜ਼ਾਰਾਂ ਦੇ ਮੁੜ-ਖੁੱਲ੍ਹਣ ਦੀ ਉਡੀਕ ਵਿੱਚ ਹਨ

ਲਕਸ਼ਮੀ ਅਤੇ ਉਨ੍ਹਾਂ ਦੇ 55 ਸਾਲਾ ਪਤੀ, ਨਿਵਰੂਤੀ ਵਾਘਮਾਰੇ ਕਈ ਕਿਸਮਾਂ ਦੀਆਂ ਰੱਸੀਆਂ ਬਣਾਉਂਦੇ ਹਨ। ਇਸ ਨਵ-ਬੌਧ (ਨਿਓ ਬੋਧੀ, ਸਾਬਕਾ ਦਲਿਤ) ਪਤੀ-ਪਤਨੀ ਦੇ ਕੋਲ਼ ਕੋਈ ਜ਼ਮੀਨ ਨਹੀਂ ਹੈ, ਉਹ ਪੂਰੀ ਤਰ੍ਹਾਂ ਆਪਣੀ ਕਲਾ ਸਿਰ ਨਿਰਭਰ ਹਨ, ਜੋ ਕਲਾ ਪੀੜ੍ਹੀ-ਦਰ-ਪੀੜ੍ਹੀ ਚੱਲਣ ਵਾਲ਼ਾ ਕਾਰੋਬਾਰ ਹੈ। ਮਹਾਂਮਾਰੀ ਫੈਲਣ ਤੋਂ ਪਹਿਲਾਂ, ਉਹ ਪਿੰਡਾਂ ਦੇ ਹਫ਼ਤਾਵਰੀ ਬਜ਼ਾਰਾਂ ਵਿੱਚ ਰੱਸੀਆਂ ਵੇਚਿਆ ਕਰਦੇ ਸਨ।

“ਬਜ਼ਾਰ ਵਿੱਚ ਤੁਹਾਨੂੰ ਹਰ ਕੋਈ ਮਿਲ਼ ਸਕਦਾ ਹੁੰਦਾ ਸੀ। ਉੱਥੇ ਬੜੀ ਚਹਿਲ-ਪਹਿਲ ਹੁੰਦੀ ਸੀ,” ਨਿਵਰੂਤੀ ਕਹਿੰਦੀ ਹਨ। “ਉੱਥੇ ਡੰਗਰਾਂ ਦਾ ਵਪਾਰ ਹੁੰਦਾ, ਕਿਸਾਨ ਸਬਜ਼ੀਆਂ ਵੇਚਦੇ ਅਤੇ ਘੁਮਿਆਰ ਆਪਣੇ ਮਿੱਟੀ ਦੇ ਭਾਂਡੇ। ਅਸੀਂ ਵੀ ਰੱਸੀਆਂ ਵੇਚਿਆ ਕਰਦੇ ਸਾਂ। ਡੰਗਰਾਂ ਨੂੰ ਖਰੀਦਣ ਤੋਂ ਬਾਅਦ, ਉਨ੍ਹਾਂ ਨੂੰ ਬੰਨ੍ਹਣ ਵਾਸਤੇ ਕਿਸਾਨ ਆਮ ਤੌਰ ‘ਤੇ ਰੱਸੀ ਖਰੀਦਦੇ ਹੀ ਹਨ।”

ਜਦੋਂ ਤੱਕ ਕਰੋਨਾਵਾਇਰਸ ਨਹੀਂ ਆਇਆ ਸੀ, ਉਦੋਂ ਤੀਕਰ ਬਜ਼ਾਰ ਪੇਂਡੂ ਅਰਥਚਾਰੇ ਦੀ ਰੀੜ੍ਹ ਸਨ, ਜਿੱਥੋਂ ਚੀਜ਼ਾਂ ਦਾ ਵਪਾਰ ਸੰਭਵ ਹੁੰਦਾ। “ਅਸੀਂ ਹਫ਼ਤੇ ਦੀਆਂ ਚਾਰ ਮੰਡੀਆਂ ਵਿੱਚ ਆਪਣਾ ਮਾਲ਼ ਵੇਚਦੇ ਅਤੇ ਕਰੀਬ 20,000 ਦੀ ਰੱਸੀ ਵੇਚ ਲਿਆ ਕਰਦੇ।” ਹਰ ਹਫ਼ਤੇ ਅਸੀਂ ਕਰੀਬ ਕਰੀਬ 4,000 ਰੁਪਏ ਬਚਾ ਲਿਆ ਕਰਦੇ। ਕੋਵਿਡ ਤੋਂ ਬਾਅਦ ਤੋਂ, ਸਾਡੀ ਵਿਕਰੀ 400 ਰੁਪਏ ‘ਤੇ ਆਣ ਡਿੱਗੀ ਹੈ ਇਸਲਈ ਬੱਚਤ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ।” ਇਸ ਸਾਲ ਅਪ੍ਰੈਲ ਵਿੱਚ, ਲਕਸ਼ਮੀ ਅਤੇ ਨਿਵਰੂਤੀ ਨੇ 50,000 ਰੁਪਏ ਵਿੱਚ ਉਹ ਟੈਂਪੂ ਵੇਚ ਦਿੱਤਾ ਜਿਸ ਦੀ ਵਰਤੋਂ ਉਹ ਰੱਸੀਆਂ ਢੋਹਣ ਲਈ ਕਰਿਆ ਕਰਦੇ। ਲਕਸ਼ਮੀ ਕਹਿੰਦੀ ਹਨ,“ਹੁਣ ਅਸੀਂ ਉਹਦੀ ਸਾਂਭ-ਸੰਭਾਲ਼ ਨਹੀਂ ਕਰ ਸਕਦੇ ਸਾਂ।”

ਰੱਸੀ ਬਣਾਉਣਾ ਮੁਸ਼ਕਲ ਕੰਮ ਹੈ, ਜਿਹਦੇ ਲਈ ਹੁਨਰ ਦੀ ਲੋੜ ਹੁੰਦੀ ਹੈ। ਕੋਵਿਡ ਤੋਂ ਪਹਿਲਾਂ, ਲਕਸ਼ਮੀ ਅਤੇ ਨਿਵਰੂਤੀ ਰੱਸੀ ਬਣਾਉਣ ਲਈ ਮਜ਼ਦੂਰਾਂ ਨੂੰ ਕੰਮ ‘ਤੇ ਰੱਖਦੇ ਸਨ। ਲਕਸ਼ਮੀ ਕਹਿੰਦੀ ਹਨ, ਹੁਣ ਉਨ੍ਹਾਂ ਦਾ ਬੇਟਾ ਉਸਾਰੀ ਵਾਲ਼ੀਆਂ ਥਾਵਾਂ ‘ਤੇ ਦਿਹਾੜੀ-ਧੱਪਾ ਕਰਦਾ ਹੈ ਅਤੇ ਹਰ ਮਹੀਨੇ 3,500 ਰੁਪਿਆ ਕਮਾਉਂਦਾ ਹੈ “ਤਾਂਕਿ ਅਸੀਂ ਜਿਊਂਦੇ ਰਹਿ ਸਕੀਏ। ਘਰੇ ਸਾਡੇ ਕੋਲ਼ ਜੋ ਰੱਸੀਆਂ ਰੱਖੀਆਂ ਹਨ ਉਹ ਪੁਰਾਣੀਆਂ ਪੈ ਗਈਆਂ ਹਨ ਅਤੇ ਉਨ੍ਹਾਂ ਦਾ ਰੰਗ ਫਿਟਕ ਗਿਆ ਹੈ।”

Left: Lakshmi outside her house in Kamkheda. Right: Their unsold stock of ropes is deteriorating and almost going to waste
PHOTO • Parth M.N.
Left: Lakshmi outside her house in Kamkheda. Right: Their unsold stock of ropes is deteriorating and almost going to waste
PHOTO • Parth M.N.

ਖੱਬੇ : ਕਾਮਖੇੜਾ ਵਿਖੇ ਲਕਸ਼ਮੀ ਆਪਣੇ ਘਰ ਦੇ ਬਾਹਰ ਖੜ੍ਹੀ ਹਨ। ਸੱਜੇ : ਉਨ੍ਹਾਂ ਦੀਆਂ ਰੱਸੀਆਂ ਦਾ ਸਟਾਕ ਜੋ ਵਿਕ ਨਹੀਂ ਸਕਿਆ ਅਤੇ ਬੇਕਾਰ ਹੋ ਗਿਆ

ਕਾਮਖੇੜਾ ਤੋਂ ਕਰੀਬ 10 ਕਿਲੋਮੀਟਰ ਦੂਰ ਸਥਿਤ ਪਾਡਲਸਿੰਗੀ ਪਿੰਡ ਵਿਖੇ ਕਾਂਤਾਬਾਈ ਭੂਟਡਮਲ ਵੀ ਬਜ਼ਾਰਾਂ ਨੂੰ ਚੇਤੇ ਕਰਦੀ ਹਨ। ਉਹ ਨਹੀਂ ਜਾਣਦੀ ਕਿ ਉਨ੍ਹਾਂ ਵੱਲੋਂ ਬਣਾਏ ਝਾੜੂ ਹੁਣ ਕਿੱਥੇ ਵਿਕਣੇ ਹਨ। ਉਹ ਕਹਿੰਦੀ ਹਨ,“ਮੈਂ ਇਨ੍ਹਾਂ ਤਿਆਰ ਝਾੜੂਆਂ ਨੂੰ ਬਜ਼ਾਰ ਲੈ ਜਾਂਦੀ ਅਤੇ ਉਨ੍ਹਾਂ ਨੂੰ ਵੇਚਣ ਲਈ ਪਿੰਡੋ-ਪਿੰਡੀ ਵੀ ਜਾਂਦੀ ਸਾਂ। ਬਜ਼ਾਰ ਬੰਦ ਪਏ ਹਨ ਤੇ ਪੁਲਿਸ ਵੀ ਸਾਨੂੰ ਘੁੰਮ-ਘੁੰਮ ਕੇ ਮਾਲ਼ ਵੇਚਣ ਦੀ ਆਗਿਆ ਨਹੀਂ ਦਿੰਦੀ। ਹੁਣ ਮੈਂ ਝਾੜੂ ਉਦੋਂ ਹੀ ਵੇਚ ਸਕਦੀ ਹਾਂ, ਜਦੋਂ ਉਨ੍ਹਾਂ ਨੂੰ ਖਰੀਦਣ ਵਾਸਤੇ ਕੋਈ ਪਿੰਡ ਆਵੇ। ਇੰਝ ਮੈਂ ਕਿੰਨੇ ਪੈਸੇ ਕਮਾ ਸਕਦੀ ਹਾਂ?”

ਮਹਾਂਮਾਰੀ ਤੋਂ ਪਹਿਲਾਂ, ਕਾਂਤਾਬਾਈ ਹਰ ਹਫ਼ਤੇ 100 ਝਾੜੂ ਵੇਚ ਲੈਂਦੀ ਸਨ ਅਤੇ ਇੱਕ ਝਾੜੂ 40-50 ਰੁਪਏ ਦਾ ਹੁੰਦਾ। ਉਹ ਕਹਿੰਦੀ ਹਨ,“ਹੁਣ ਇੱਕ ਵਪਾਰੀ ਸਾਡੇ ਕੋਲ਼ੋਂ ਝਾੜੂ ਖਰੀਦਣ ਲਈ ਆਉਂਦਾ ਹੈ ਤੇ 20-30 ਰੁਪਏ ਪ੍ਰਤੀ ਪੀਸ ਦਿੰਦਾ ਹੈ। ਮੈਂ ਪਹਿਲਾਂ ਜਿੰਨੇ ਝਾੜੂ ਵੇਚ ਲਿਆ ਕਰਦੀ ਸਾਂ ਹੁਣ ਉਹਦਾ ਅੱਧਾ ਹੀ ਵੇਚ ਪਾਉਂਦੀ ਹਾਂ। ਹਰ ਘਰ ਦੀ ਇਹੀ ਹਾਲਤ ਹੈ- ਪਿੰਡ ਵਿਖੇ ਅਸੀਂ ਝਾੜੂ ਬਣਾਉਣ ਵਾਲ਼ੇ 30-40 ਲੋਕ ਹਾਂ।”

ਕਾਂਤਾਬਾਈ ਨੂੰ, ਜੋ ਆਪਣੀ ਉਮਰ ਦੇ 60ਵੇਂ ਸਾਲ ਵਿੱਚ ਹਨ, ਮਹਿਸੂਸ ਹੁੰਦਾ ਹੈ ਜਿਵੇਂ ਉਨ੍ਹਾਂ ਦੀ ਨਜ਼ਰ ਕਮਜ਼ੋਰ ਪੈਣ ਲੱਗ ਗਈ ਹੈ, ਪਰ ਜਿਊਂਦੇ ਰਹਿਣ ਲਈ ਝਾੜੂ ਬਣਾਉਣਾ ਇੱਕ ਮਜ਼ਬੂਰੀ ਹੈ। “ਹੁਣ ਮੈਨੂੰ ਢੰਗ ਨਾਲ਼ ਦਿਖਾਈ ਨਹੀਂ ਦਿੰਦਾ,” ਉਹ ਮੈਨੂੰ ਦੱਸਦੀ ਹਨ ਅਤੇ ਗੱਲ ਕਰਦੇ ਵੇਲ਼ੇ ਉਨ੍ਹਾਂ ਦੇ ਹੱਥ ਸੁੱਤੇਸਿੱਧ (ਆਟੋਪਾਇਲਟ) ਚੱਲਦੇ ਜਾਂਦੇ ਹਨ। “ਮੇਰੇ ਦੋ ਬੇਟੇ ਕੰਮ ਨਹੀਂ ਕਰਦੇ। ਮੇਰੇ ਪਤੀ ਕੁਝ ਬੱਕਰੀਆਂ ਚਰਾਉਂਦੇ ਹਨ, ਪਰ ਉਸ ਤੋਂ ਕੋਈ ਆਮਦਨੀ ਨਹੀਂ ਹੁੰਦੀ। ਸਾਡੀ ਰੋਜ਼ੀਰੋਟੀ ਸਿਰਫ਼ ਇਸੇ ਝਾੜੂ ਸਿਰ ਚੱਲਦੀ ਹੈ।”

ਜਦੋਂ ਮੈਂ ਉਨ੍ਹਾਂ ਤੋਂ ਪੁੱਛਦਾ ਹਾਂ ਕਿ ਉਹ ਬਿਨਾ ਸਾਫ਼ ਦੇਖੇ ਝਾੜੂ ਕਿਵੇਂ ਬਣਾ ਲੈਂਦੀ ਹਨ ਤਾਂ ਉਹ ਕਹਿੰਦੀ ਹਨ,“ਤਾਉਮਰ ਇਹੀ ਕੰਮ ਹੀ ਤਾਂ ਕੀਤਾ ਹੈ। ਜੇ ਕਿਤੇ ਮੈਂ ਪੂਰੀ ਅੰਨ੍ਹੀ ਵੀ ਹੋ ਜਾਵਾਂ ਤਾਂ ਵੀ ਮੈਂ ਇਹ ਕੰਮ ਕਰ ਸਕਦੀ ਹਾਂ।”

Kantabai Bhutadmal (in pink saree) binds brooms despite her weak eyesight. Her family depends on the income she earns from selling them
PHOTO • Parth M.N.

ਕਾਂਤਾਬਾਈ ਭੁਟਡਮਲ (ਗੁਲਾਬੀ ਸਾੜੀ ਪਾਈ) ਘੱਟ ਦਿੱਸਣ ਦੇ ਬਾਵਜੂਦ ਝਾੜੂ ਬੰਨ੍ਹ ਰਹੀ ਹਨ। ਝਾੜੂ ਵੇਚ ਕੇ ਹੋਣ ਵਾਲ਼ੀ ਆਮਦਨੀ ਤੋਂ ਹੀ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚੱਲਦਾ ਹੈ

ਕਾਂਤਾਬਾਈ ਬਜ਼ਾਰ ਦੀ ਚਹਿਲ-ਪਹਿਲ ਨੂੰ ਚੇਤੇ ਕਰਦੀ ਹਨ ਅਤੇ ਉਹਦੇ ਖੁੱਲ੍ਹਣ ਦੀ ਉਡੀਕ ਵਿੱਚ ਹਨ ਤਾਂਕਿ ਉਹ ਆਪਣੇ ਝਾੜੂ ਵੇਚ ਸਕਣ। ਬਜ਼ਾਰ ਖੁੱਲ੍ਹਣ ਨਾਲ਼ ਬਾਬੂਰਾਓ ਦੀ ਵੀ ਕੁਝ ਮਦਦ ਹੋ ਜਾਵੇਗੀ ਜੋ ਹੁਣ ਸੇਵਾਮੁਕਤੀ ਤੋਂ ਬਾਅਦ ਆਪਣੇ ਮਰਹੂਮ ਬੇਟੇ, ਪੁਰਸ਼ੋਤਮ ਦੀ ਚਾਹ ਦੀ ਦੁਕਾਨ ਸਾਂਭ ਰਹੇ ਹਨ। “ਆਮ ਤੌਰ ‘ਤੇ ਬਜ਼ਾਰੋਂ ਘਰੇ ਮੁੜਨ ਤੋਂ ਪਹਿਲਾਂ ਲੋਕ ਇੱਕ ਕੱਪ ਚਾਹ ਪੀਣ ਲਈ ਰੁੱਕਦੇ ਹਨ। ਹੁਣ ਸਾਰੀ ਜ਼ਿੰਮੇਦਾਰੀ ਮੇਰੇ ਸਿਰ ਹੀ ਹੈ ਮੈਂ ਆਪਣਾ ਪਰਿਵਾਰ ਪਾਲਣਾ ਹੈ।”

ਬਾਬੂਰਾਓ, ਪੁਰਸ਼ੋਤਮ ਅਤੇ ਵਿਜੈਮਾਲਾ ਦੇ ਛੋਟੇ ਬੱਚਿਆਂ- ਪ੍ਰਿਯੰਕਾ, ਵਿਨਾਯਕ ਅਤੇ ਵੈਸ਼ਣਵੀ ਨੂੰ ਲੈ ਕੇ ਚਿੰਤਾ ਵਿੱਚ ਰਹਿੰਦੇ ਹਨ। ਉਹ ਪੁੱਛਦੇ ਹਨ,“ਅਜਿਹਾ ਕੀ ਕਰੀਏ ਤਾਂ ਕਿ ਦੋ ਡੰਗ ਦੀ ਰੋਟੀ ਪੱਕਦੀ ਹੋ ਜਾਵੇ? ਬੱਚਿਆਂ ਦੀ ਪੜ੍ਹਾਈ ਜਾਰੀ ਰੱਖਣੀ ਕਿਵੇਂ ਯਕੀਨੀ ਬਣਾਈਏ? ਉਹ (ਪੁਰਸ਼ੋਤਮ) ਇੰਨਾ ਕਿਉਂ ਡਰ ਗਿਆ?”

ਪੁਰਸ਼ੋਤਮ ਦੀ ਮੌਤ ਤੋਂ ਬਾਅਦ ਇੱਕ ਹਫ਼ਤੇ ਵਿੱਚ, ਬਾਬੂਰਾਓ ਅਤੇ ਗੰਗੂਬਾਈ ਦੀ ਸਿਹਤ ਵਿੱਚ ਸੁਧਾਰ ਹੋ ਗਿਆ ਅਤੇ ਉਨ੍ਹਾਂ ਦਾ ਤਾਪ ਲੱਥਣ ਗਿਆ। ਉਨ੍ਹਾਂ ਨੂੰ ਹਸਪਤਾਲ ਜਾਣ ਦੀ ਲੋੜ ਹੀ ਨਾ ਪਈ, ਜਿਸ ਗੱਲੋਂ ਉਨ੍ਹਾਂ ਦਾ ਬੇਟਾ ਖੌਫ਼ ਖਾ ਗਿਆ ਸੀ। ਸੁਰੱਖਿਆ ਦੇ ਲਿਹਾਜ ਕਾਰਨ ਦੋਵਾਂ ਨੇ ਕੋਵਿਡ-19 ਜਾਂਚ ਕਰਾਈ ਅਤੇ ਦੋਵਾਂ ਦੀ ਰਿਪੋਰਟ ਨੈਗੇਟਿਵ ਆਈ।

ਇਹ ਸਟੋਰੀ ਉਸ ਸੀਰੀਜ਼ ਦਾ ਇੱਕ ਹਿੱਸਾ ਹੈ ਜਿਹਨੂੰ ਪੁਲਿਤਜ਼ਰ ਸੈਂਟਰ ਦਾ ਸਹਿਯੋਗ ਪ੍ਰਾਪਤ ਹੈ। ਇਹ ਸਹਿਯੋਗ ਇੰਡੀਪੇਂਡੈਂਟ ਜਰਨਲਿਜ਼ਮ ਗ੍ਰਾਂਟ ਵਜੋਂ ਰਿਪੋਰਟ ਨੂੰ ਪ੍ਰਾਪਤ ਹੋਇਆ ਹੈ।

ਤਰਜਮਾ: ਕਮਲਜੀਤ ਕੌਰ

Parth M.N.

Parth M.N. is a 2017 PARI Fellow and an independent journalist reporting for various news websites. He loves cricket and travelling.

Other stories by Parth M.N.
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur