ਉਹ ਬੋਲਣਾ ਸ਼ੁਰੂ ਕਰਦੀ ਹਨ ਪਰ ਅੱਧ ਵਿਚਾਲ਼ੇ ਹੀ ਰੁੱਕ ਜਾਂਦੀ ਹਨ। ਲੰਬਾ ਸਾਹ ਖਿੱਚਦਿਆਂ ਉਹ ਦੋਬਾਰਾ ਬੋਲਣ ਦੀ ਕੋਸ਼ਿਸ਼ ਕਰਦੀ ਹਨ। ਪਰ ਉਨ੍ਹਾਂ ਦਾ ਅਵਾਜ਼ ਲਰਜ਼ ਲਰਜ਼ ਜਾਂਦੀ ਹੈ। ਉਹ ਜ਼ਮੀਨ ਵੱਲ਼ ਘੂਰਨ ਲੱਗਦੀ ਹਨ ਅਤੇ ਉਨ੍ਹਾਂ ਦੀ ਠੋਡੀ ਕੰਬਣ ਲੱਗਦੀ ਹੈ। ਅਨੀਤਾ ਪਿਛਲੇ ਇੱਕ ਸਾਲ ਤੋਂ ਕਿਸੇ ਨਿਡਰ ਸਿਪਾਹੀ ਵਾਂਗ ਜ਼ਿੰਮੇਦਾਰੀਆਂ ਦੀ ਮੁਹਾਜ ‘ਤੇ ਤਾਇਨਾਤ ਰਹੀ ਹਨ। ਪਰ ਉਨ੍ਹਾਂ ਦੇ ਪਤੀ ਦੀ ਯਾਦ ਉਨ੍ਹਾਂ ਦੇ ਦਿਲ ਨੂੰ ਵਲੂੰਧਰਦੀ ਰਹਿੰਦੀ ਹੈ। ''ਸਾਡਾ ਇੱਕ ਛੋਟਾ ਜਿਹਾ ਖ਼ੁਸ਼ਹਾਲ ਪਰਿਵਾਰ ਸੀ ਅਤੇ ਮੇਰੇ ਪਤੀ ਸਾਡੇ ਪਰਿਵਾਰ ਦੇ ਲੰਗਰ ਵਾਂਗ ਸਨ,'' 33 ਸਾਲਾ ਅਨੀਤਾ ਕਹਿੰਦੀ ਹਨ।

ਅਨੀਤਾ ਦੇ ਪਤੀ 42 ਸਾਲਾ ਜੈਕਰਨ ਸਿੰਘ, ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਸ਼ਹਿਰ ਤੋਂ 20 ਕਿਲੋਮੀਟਰ ਦੂਰ ਲਖੌਟੀ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਅਧਿਆਪਕ ਸਨ। ਅਪ੍ਰੈਲ 2021 ਦੇ ਪਹਿਲੇ ਹਫ਼ਤੇ ਵਿੱਚ ਉਨ੍ਹਾਂ ਅੰਦਰ ਕੋਵਿਡ-19 ਦੇ ਲੱਛਣ ਦਿੱਸਣੇ ਸ਼ੁਰੂ ਹੋਏ। ''ਉਨ੍ਹਾਂ ਨੂੰ ਖੰਘ, ਜ਼ੁਕਾਨ ਅਤੇ ਬੁਖ਼ਾਰ ਹੋ ਗਿਆ,'' ਅਨੀਤਾ ਸਾਨੂੰ ਦੱਸਦੀ ਹਨ ਜਦੋਂ ਅਸੀਂ ਉਨ੍ਹਾਂ ਨੂੰ ਮਿਲ਼ਣ ਉਨ੍ਹਾਂ ਦੇ ਘਰ ਗਏ। ''ਅਧਿਆਪਕਾਂ ਨੂੰ ਡਿਊਟੀ ਦੇਣ ਲਈ ਆਪੋ-ਆਪਣੇ ਸਕੂਲ ਜਾਣ ਨੂੰ ਕਿਹਾ ਗਿਆ ਭਾਵੇਂ ਕਿ ਉਸ ਸਮੇਂ ਕੋਵਿਡ-19 ਦੀ ਦੂਸਰੀ ਲਹਿਰ ਤਬਾਹੀ ਮਚਾ ਰਹੀ ਸੀ। ਡਿਊਟੀ ਦੇ ਉਨ੍ਹੀਂ ਦਿਨੀਂ ਹੀ ਜੈਕਰਨ ਨੂੰ ਵੀ ਸੰਕ੍ਰਮਣ ਹੋਇਆ ਹੋਣਾ।''

20 ਅਪ੍ਰੈਲ 2021 ਨੂੰ ਜੈਕਰਨ ਦੀ ਕਰੋਨਾ ਵਾਇਰਸ ਜਾਂਚ ਪੌਜੀਟਿਵ ਆਈ। ਜਦੋਂ ਉਨ੍ਹਾਂ ਸਾਹ ਲੈਣ ਵਿੱਚ ਦਿੱਕਤ ਹੋਣੀ ਸ਼ੁਰੂ ਹੋਈ ਤਾਂ ਸ਼ਹਿਰ ਦੇ ਕਿਸੇ ਵੀ ਹਸਪਤਾਲ ਵਿੱਚ ਸਾਨੂੰ ਕਿਤੇ ਵੀ ਕੋਈ ਆਕਸੀਜਨ ਬੈੱਡ ਨਾ ਮਿਲ਼ਿਆ। ''ਮੈਂ ਕਈ ਹਸਪਤਾਲ ਵਾਲ਼ਿਆਂ ਦੇ ਹਾੜੇ ਕੱਢੇ ਪਰ ਅੱਗਿਓਂ ਜਵਾਬ ਮਿਲ਼ਿਆ...ਨਹੀਂ,'' ਅਨੀਤਾ ਚੇਤੇ ਕਰਦੀ ਹਨ। ''ਅਸੀਂ ਬੜੇ ਫ਼ੋਨ ਘੁਮਾਏ ਕਿਉਂਕਿ ਉਨ੍ਹਾਂ ਦੀ ਸਿਹਤ ਤੇਜ਼ੀ ਨਾਲ਼ ਡਿੱਗ ਰਹੀ ਸੀ। ਪਰ ਕਿਤੇ ਕੋਈ ਮਦਦ ਨਾ ਮਿਲ਼ੀ। ਅਖ਼ੀਰ ਸਾਨੂੰ ਘਰੇ ਹੀ ਉਨ੍ਹਾਂ ਦਾ ਇਲਾਜ ਕਰਨਾ ਪਿਆ।''

ਇੱਕ ਲੋਕਲ ਡਾਕਟਰ ਨੇ ਜੈਕਰਨ ਦੇ ਬੁਖ਼ਾਰ ਅਤੇ ਖੰਘ ਦਾ ਇਲਾਜ ਕੀਤਾ। ਅਨੀਤਾ ਦੇ ਰਿਸ਼ਤੇਦਾਰਾਂ ਨੇ ਜਿੱਥੋਂ-ਕਿਤੋਂ ਆਕਸੀਜਨ ਸਿਲੰਡਰ ਦਾ ਬੰਦੋਬਸਤ ਤਾਂ ਕਰ ਦਿੱਤਾ। ''ਪਰ ਸਾਨੂੰ ਤਾਂ ਇਹ ਤੱਕ ਨਹੀਂ ਪਤਾ ਸੀ ਕਿ ਇਹਦੀ ਵਰਤੋਂ ਕਿਵੇਂ ਕਰਨੀ ਆ। ਸਾਨੂੰ ਇਹਨੂੰ ਸਮਝਣ ਲਈ ਖ਼ੁਦ ਹੀ ਮੱਥਾ ਖਪਾਈ ਕਰਨੀ ਪਈ,'' ਉਹ ਕਹਿੰਦੀ ਹਨ। ''ਪਰ ਨਾਲ਼ੋਂ ਨਾਲ਼ ਅਸੀਂ ਹਸਪਤਾਲ ਬੈੱਡ ਦੀ ਭਾਲ਼ ਵੀ ਜਾਰੀ ਰੱਖੀ।''

ਇਸ ਮਹਾਂਮਾਰੀ ਨੇ ਭਾਰਤ ਦੇ ਢਹਿ-ਢੇਰੀ ਹੋ ਚੁੱਕੇ ਜਨਤਕ ਸਿਹਤ ਢਾਂਚੇ ਨੂੰ ਨੰਗਿਆਂ ਕਰ ਛੱਡਿਆ, ਖ਼ਾਸ ਕਰਕੇ ਪਿੰਡਾਂ ਅਤੇ ਛੋਟੇ ਸ਼ਹਿਰਾਂ ਦੀ ਬਹੁਤ ਖਰਾਬ ਹਾਲਤ ਸਾਹਮਣੇ ਆਈ। ਦੇਸ਼ ਦੇ ਜਨਤਕ ਸਿਹਤ ਖ਼ਰਚਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਵੀ ਜੀਡੀਪੀ (ਸਾਲ 2015-16) ਦਾ ਮਹਿਜ਼ 1.02 ਫ਼ੀਸਦ ਹੀ ਇਸ ਪਾਸੇ ਖਰਚ ਕੀਤਾ ਜਾਂਦਾ ਹੈ ਜੋ ਕਿ ਵਸੋਂ ਅਤੇ ਲੋਕਾਂ ਦੀ ਨਿਰਭਰਤਾ ਨੂੰ ਦੇਖਦੇ ਹੋਏ ਬਹੁਤ ਨਿਗੂਣਾ ਹੈ। ਰਾਸ਼ਟਰੀ ਸਿਹਤ ਪ੍ਰੋਫ਼ਾਈਲ 2017 ਮੁਤਾਬਕ, ਦੇਸ਼ ਦੇ 10,189 ਲੋਕਾਂ ਮਗਰ ਸਿਰਫ਼ ਇੱਕੋ ਸਰਕਾਰ ਐਲੋਪੈਥਿਕ ਡਾਕਟਰ ਹੈ ਅਤੇ ਹਰੇਕ 90,343 ਲੋਕਾਂ ਮਗਰ ਸਿਰਫ਼ ਇੱਕੋ ਸਰਕਾਰੀ ਹਸਪਤਾਲ।

PHOTO • Parth M.N.

ਅਨੀਤਾ ਬੁਲੰਦਸ਼ਹਿਰ ਸ਼ਹਿਰ ਵਿੱਚ ਆਪਣੇ ਘਰ ਵਿਖੇ। ਉਹ 2021 ਵਿੱਚ ਹੋਈ ਪਤੀ ਦੀ ਮੌਤ ਤੋਂ ਬਾਅਦ ਤੋਂ ਇੱਕ ਬਹਾਦਰ ਸਿਪਾਹੀ ਵਾਂਗ ਤਾਇਨਾਤ ਰਹੀ ਹਨ

ਅਸਮਾਨਤਾ ਰਿਪੋਰਟ 2021 : ਭਾਰਤ ਦੀ ਅਸਮਾਨ ਸਿਹਤ ਸੰਭਾਲ਼ ਸਟੋਰੀ , ਜੋ ਕਿ ਓਕਸਫ਼ੈਮ ਇੰਡੀਆਂ ਵੱਲੋਂ ਪਿਛਲੇ ਸਾਲ ਜੁਲਾਈ ਵਿੱਚ ਪ੍ਰਕਾਸ਼ਤ ਕੀਤੀ ਗਈ ਸੀ, ਵਿੱਚ ਦੱਸਿਆ ਗਿਆ ਹੈ ਕਿ ਸਾਲ 2020 ਵਿੱਚ ਦੇਸ਼ ਦੇ ਹਰ 10,000 ਲੋਕਾਂ ਮਗਰ ਹਸਪਤਾਲ ਦੇ ਸਿਰਫ਼ 5 ਬੈੱਡ ਅਤੇ ਸਿਰਫ਼ 8.6 ਡਾਕਟਰ ਹੀ ਆਉਂਦੇ ਹਨ ਅਤੇ ਭਾਰਤ ਦੇ ਪੇਂਡੂ ਇਲਾਕਿਆਂ ਵਿੱਚ ਜਿੱਥੇ ਦੇਸ਼ ਦੀ ਕੁੱਲ ਵਸੋਂ ਦਾ 70 ਫ਼ੀਸਦ ਹਿੱਸਾ ਰਹਿੰਦਾ ਹੈ ਉੱਥੇ ਕੁੱਲ ਹਸਪਤਾਲ ਬਿਸਤਰਿਆਂ ਦਾ ਸਿਰਫ਼ 40 ਫ਼ੀਸਦ ਹਿੱਸਾ ਹੀ ਹਿੱਸੇ ਆਉਂਦਾ ਹੈ।

ਹਸਪਤਾਲ ਬੈੱਡ ਨੂੰ ਲੈ ਕੇ ਅਨੀਤਾ ਦੀ ਭਾਲ਼ ਨੇ ਜੈਕਰਨ ਦੀ ਮੌਤ ਦੇ ਨਾਲ਼ ਹੀ ਦਮ ਤੋੜਿਆ। 26 ਅਪ੍ਰੈਲ 2021 ਨੂੰ ਸਾਹ ਖਿੱਚਣ ਲਈ ਹੰਭਦੇ ਹੋਏ ਜੈਕਰਨ ਦੀ ਮੌਤ ਹੋ ਗਈ। ਦੋ ਦਿਨਾਂ ਬਾਅਦ ਉਨ੍ਹਾਂ ਨੇ ਵੋਟਾਂ ਦੀ ਡਿਊਟੀ 'ਤੇ ਜਾਣਾ ਸੀ। ਸੂਬਾ ਸਰਕਾਰ ਨੇ ਮਹਾਂਮਾਰੀ ਦੇ ਆਪਣੇ ਸਿਖ਼ਰ 'ਤੇ ਪੁੱਜੇ ਹੋਣ ਦੇ ਬਾਵਜੂਦ ਵੀ ਪੰਚਾਇਤੀ ਚੋਣਾਂ ਕਰਵਾਈਆਂ।

ਯੂਪੀ ਦੀਆਂ ਪੰਚਾਇਤੀ ਚੋਣਾਂ (ਅਪ੍ਰੈਲ 15-29, 2021) ਲਈ ਲਾਜ਼ਮੀ ਡਿਊਟੀ 'ਤੇ ਗਏ ਬਾਕੀ ਸਾਰੇ ਲੋਕਾਂ ਨੂੰ ਵੀ ਭਾਰੀ ਕੀਮਤ ਤਾਰਨੀ ਪਈ। ਅੱਧ-ਮਈ ਆਉਂਦੇ ਆਉਂਦੇ ਕੋਵਿਡ-19 ਜਾਂ 'ਕੋਵਿਡ-ਜਿਹੇ' ਲੱਛਣਾਂ ਨਾਲ਼ ਘੱਟੋਘੱਟ 1,621 ਸਕੂਲੀ ਅਧਿਆਪਕ ਮਾਰੇ ਗਏ

ਸੂਬਾ ਸਰਕਾਰ ਨੇ ਹਰੇਕ ਪੀੜਤ ਪਰਿਵਾਰ ਨੂੰ 30 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ। ਪਰ ਅਨੀਤਾ ਨੂੰ ਤਾਂ ਕੁਝ ਵੀ ਨਹੀਂ ਮਿਲ਼ਿਆ ਕਿਉਂਕਿ ਜੈਕਰਨ ਦੀ ਤਾਂ ਡਿਊਟੀ 'ਤੇ ਜਾਣ ਤੋਂ ਦੋ ਦਿਨ ਪਹਿਲਾਂ (ਸਰਕਾਰ ਮੁਤਾਬਕ) ਮੌਤ ਹੋਈ ਸੀ। ''ਇਹ ਸਰਾਸਰ ਬੇਇਨਸਾਫ਼ੀ ਆ,'' ਇੰਨਾ ਕਹਿੰਦਿਆਂ ਹੀ ਉਹ ਫੁੱਟਫੁੱਟ ਰੋਣ ਲੱਗਦੀ ਹਨ। ''ਮੇਰੇ ਪਤੀ ਇੱਕ ਇਮਾਨਦਾਰ ਸਰਕਾਰੀ ਸੇਵਕ ਸਨ। ਦੇਖੋ ਸਾਨੂੰ ਇਮਾਨਦਾਰੀ ਦੇ ਬਦਲੇ 'ਚ ਕੀ ਮਿਲ਼ਿਆ। ਦੱਸੋ ਮੈਂ ਆਪਣੇ ਬੱਚਿਆਂ ਨੂੰ ਕਿਵੇਂ ਪਾਲੂੰਗੀ? ਮੈਂ ਉਨ੍ਹਾਂ ਨੂੰ ਹਰ ਖ਼ੁਸ਼ੀ ਦੇਣਾ ਚਾਹੁੰਦੀ ਹਾਂ। ਪਰ ਬਗ਼ੈਰ ਪੈਸੇ ਦੇ ਤੁਸੀਂ ਕੁਝ ਵੀ ਤਾਂ ਨਹੀਂ ਕਰ ਸਕਦੇ।''

ਜੈਕਰਨ ਦੀ ਮਹੀਨੇ ਦੀ 70,000 ਰੁਪਏ ਤਨਖ਼ਾਹ ਸੀ। ਉਹ ਪਰਿਵਾਰ ਦੇ ਇਕੱਲੇ ਕਮਾਊ ਮੈਂਬਰ ਸਨ। ਉਨ੍ਹਾਂ ਦੀ ਮੌਤ ਤੋਂ ਬਾਅਦ, ਅਨੀਤਾ ਨੂੰ ਬੁਲੰਦਸ਼ਹਿਰ ਸ਼ਹਿਰ ਦੇ ਇੱਕ ਪ੍ਰਾਇਮਰੀ ਸਕੂਲ ਵਿੱਚ ਤਰਸ ਦੇ ਅਧਾਰ 'ਤੇ ਨੌਕਰੀ ਮਿਲ਼ੀ। ''ਮੇਰੀ ਤਨਖ਼ਾਹ 20,000 ਰੁਪਏ ਆ,'' ਉਹ ਕਹਿੰਦੀ ਹਨ। ਮੇਰੀ ਸੱਤ ਸਾਲਾ ਧੀ ਅੰਜਲੀ ਅਤੇ 10 ਸਾਲਾ ਬੇਟਾ ਭਾਸਕਰ, ਜੈਕਰਨ ਦੀ ਮੌਤ ਤੋਂ ਬਾਅਦ ਤੋਂ ਸਕੂਲ ਨਹੀਂ ਜਾ ਰਹੇ। ''ਮੈਂ ਘਰ ਦਾ ਗੁਜ਼ਾਰਾ ਚਲਾਉਣ ਲਈ ਸੰਘਰਸ਼ ਕਰ ਰਹੀ ਆਂ,'' ਅਨੀਤਾ ਕਹਿੰਦੀ ਹਨ।

PHOTO • Parth M.N.

ਅਨੀਤਾ ਨੂੰ ਨੌਕਰੀ ਤਾਂ ਮਿਲ਼ ਗਈ ਹੈ ਪਰ ਉਹ ਆਪਣੇ ਮਰਹੂਮ ਪਤੀ ਦੀ ਤਨਖ਼ਾਹ ਦਾ ਇੱਕ ਅੰਸ਼ ਹੀ ਕਮਾਉਂਦੀ ਹਨ। ' ਮੈਂ ਘਰ ਦਾ ਗੁਜ਼ਾਰਾ ਚਲਾਉਣ ਲਈ ਸੰਘਰਸ਼ ਕਰ ਰਹੀ ਹਾਂ,' ਉਹ ਕਹਿੰਦੀ ਹਨ

ਜਨਵਰੀ 2022 ਵਿੱਚ ਜਾਰੀ ਓਕਸਫ਼ੈਮ ਇੰਟਰਨੈਸ਼ਨਲ ਦੀ ਇੱਕ ਰਿਪੋਰਟ, ਇਨਇਕੁਐਲਿਟੀ ਕਿਲਸ ਮੁਤਾਬਕ, ਭਾਰਤ ਵਿੱਚ 84 ਫ਼ੀਸਦ ਪਰਿਵਾਰਾਂ ਨੇ ਮਹਾਂਮਾਰੀ ਦੀ ਸ਼ੁਰੂਆਤ ਵਿੱਚ ਹੀ ਆਪਣੀ ਆਮਦਨੀ ਵਿੱਚ ਗਿਰਾਵਟ ਦੇਖੀ। ਮਾਰਚ 2021 ਵਿੱਚ, ਯੂਐੱਸ-ਅਧਾਰਤ ਪਿਊ ਰਿਸਰਚ ਸੈਂਟਰ ਦੁਆਰਾ ਪ੍ਰਕਾਸ਼ਤ ਇੱਕ ਅਧਿਐਨ ਨੇ ਨੋਟ ਕੀਤਾ ਕਿ ਭਾਰਤ ਦਾ ਮੱਧ ਵਰਗ 2020 ਵਿੱਚ ਲਗਭਕ 32 ਮਿਲੀਅਨ (3.2 ਕਰੋੜ) ਤੱਕ ਸੁੰਗੜ ਗਿਆ, ਜਦੋਂਕਿ ਗ਼ਰੀਬ ਲੋਕਾਂ (ਜਿਨ੍ਹਾਂ ਦੀ ਰੋਜ਼ ਦੀ ਆਮਦਨੀ 2 ਡਾਲਰ ਤੋਂ ਘੱਟ ਹੈ) ਦੀ ਗਿਣਤੀ ਵਿੱਚ 75 ਮਿਲੀਅਨ (7.5 ਕਰੋੜ) ਦਾ ਵਾਧਾ ਦੇਖਿਆ ਗਿਆ।

ਮਾਰਚ 2020 ਵਿੱਚ ਅਚਾਨਕ ਲੱਗੀ ਦੇਸ਼ ਵਿਆਪੀ ਤਾਲਾਬੰਦੀ ਕਾਰਨ ਰੁਜ਼ਗਾਰ ਦੇ ਖੁੱਸ ਜਾਣ ਕਾਰਨ ਅਤੇ ਸਿਹਤ ਦੇ ਕਮਜ਼ੋਰ ਬੁਨਿਆਦੀ ਢਾਂਚੇ ਕਾਰਨ ਦੇਸ਼ ਦੇ ਪਰਿਵਾਰਾਂ ਦੀ ਖ਼ਰੀਦ ਸ਼ਕਤੀ ਵਿੱਚ ਕਾਫ਼ੀ ਗਿਰਾਵਟ ਆਈ ਅਤੇ ਕੋਵਿਡ-19 ਕਾਰਨ ਜਦੋਂ ਜਨਤਕ ਸਿਹਤ ਢਾਂਚਾ ਬੋਝ ਹੇਠ ਫਿੱਸਿਆ ਜਾ ਰਿਹਾ ਸੀ ਤਾਂ ਵੀ ਕਈ ਪਰਿਵਾਰਾਂ ਨੇ ਨਿੱਜੀ ਹਸਪਤਾਲਾਂ ਦਾ ਰਾਹ ਫੜ੍ਹਿਆ ਭਾਵੇਂ ਕਿ ਉੱਥੋਂ ਦਾ ਖਰਚਾ ਝੱਲਣਾ ਉਨ੍ਹਾਂ ਦੇ ਵੱਸੋ ਬਾਹਰ ਹੀ ਸੀ।

ਉਨ੍ਹਾਂ ਪਰਿਵਾਰਾਂ ਵਿੱਚੋਂ ਇੱਕ ਪਰਿਵਾਰ ਰੇਖਾ ਦੇਵੀ ਦਾ ਵੀ ਸੀ। ਅਪ੍ਰੈਲ 2021 ਵਿੱਚ, ਉਨ੍ਹਾਂ ਦੀ ਭਰਜਾਈ, 24 ਸਾਲਾ ਸਰਿਤਾ ਨੂੰ ਵਾਰਾਣਸੀ ਦੇ ਬਨਾਰਸ ਹਿੰਦੂ ਯੂਨੀਵਰਸਿਟੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਪਰ ਜਦੋਂ ਉਨ੍ਹਾਂ ਨੂੰ ਉੱਥੇ ਢੁੱਕਵਾਂ ਇਲਾਜ ਨਾ ਮਿਲ਼ਿਆ ਤਾਂ ਰੇਖਾ ਨੇ ਉਨ੍ਹਾਂ ਨੂੰ ਉੱਥੋਂ ਛੁੱਟੀ ਦਵਾ ਲਈ। ''ਸਾਡੇ ਆਸ-ਪਾਸ ਲੋਕ ਮਰ ਰਹੇ ਸਨ,'' 36 ਸਾਲਾ ਰੇਖਾ ਕਹਿੰਦੀ ਹਨ, ਜੋ ਚੰਦੌਲੀ ਜ਼ਿਲ੍ਹੇ ਦੇ ਆਪਣੇ ਪਿੰਡ ਤੇਂਦੂਆ ਵਿਖੇ ਆਪਣੀ ਝੌਂਪੜੀ ਦੇ ਬਾਹਰ ਬੈਠੀ ਹੋਈ ਹਨ। ''ਸਰਿਤਾ ਨੂੰ ਕੋਵਿਡ ਨਹੀਂ ਸੀ। ਪਰ ਉਨ੍ਹਾਂ ਦੇ ਢਿੱਡ ਦੀ ਪੀੜ੍ਹ ਹੀ ਠੀਕ ਨਹੀਂ ਹੋ ਰਹੀ ਸੀ। ਹਸਪਤਾਲ ਵਿਖੇ ਮਰੀਜ਼ਾਂ ਦੀ ਬਹੁਤ ਵੱਧ ਭੀੜ ਹੋਣ ਕਾਰਨ ਕਿਸੇ ਵੀ ਡਾਕਟਰ ਨੇ ਉਨ੍ਹਾਂ ਦੀ ਸਿਹਤ ਵੱਲ ਧਿਆਨ ਨਾ ਦਿੱਤਾ। ਉਹ ਬੱਸ ਬਿਸਤਰੇ 'ਤੇ ਲੇਟੀ ਰਹੀ ਬਗ਼ੈਰ ਇਹ ਸੋਚਿਆਂ ਕਿ ਕੀ ਕੁਝ ਵਾਪਰ ਰਿਹਾ ਸੀ।''

ਸਰਿਤਾ, ਬੀਐੱਚਯੂ ਹਸਪਤਾਲ ਲਿਜਾਏ ਜਾਣ ਤੋਂ ਹਫ਼ਤਾ ਕੁ ਪਹਿਲਾਂ ਬੀਮਾਰ ਪਈ ਸਨ। ਉਨ੍ਹਾਂ ਦੇ ਪਤੀ 26 ਸਾਲਾ ਗੌਤਮ ਪਹਿਲਾਂ ਉਨ੍ਹਾਂ ਨੂੰ ਸੋਨਭਦਰਾ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਲੈ ਕੇ ਗਏ। ਇਹ ਥਾਂ ਚੰਦੌਲੀ ਦੇ ਨੌਗੜ ਬਲਾਕ ਦੇ ਤੇਂਦੂਆ ਪਿੰਡ ਤੋਂ ਕਰੀਬ 30 ਕਿਲੋਮੀਟਰ ਦੂਰ ਹੈ। ''ਉਸ ਹਸਪਤਾਲ ਨੇ ਉਹਨੂੰ ਇੱਕ ਦਿਨ ਭਰਤੀ ਰੱਖਿਆ ਅਤੇ ਬਦਲੇ ਵਿੱਚ 12,000 ਰੁਪਏ ਵਸੂਲੇ ਅਤੇ ਕਿਹਾ ਇਹ ਕਿ ਉਹਨੂੰ ਅਗਲੇਰੇ ਇਲਾਜ ਵਾਸਤੇ ਕਿਸੇ ਹੋਰ ਥਾਵੇਂ ਸ਼ਿਫਟ ਕੀਤੇ ਜਾਣ ਦੀ ਲੋੜ ਆ,'' ਰੇਖਾ ਕਹਿੰਦੀ ਹਨ। ''ਜਦੋਂ ਗੌਤਮ ਨੇ ਮਨ੍ਹਾ ਕੀਤਾ ਤਾਂ ਹਸਪਤਾਲ ਵਾਲ਼ਿਆਂ ਨੇ ਕਿਹਾ ਕਿ ਉਹ ਕਿਸੇ ਵੀ ਵੇਲ਼ੇ ਮਰ ਸਕਦੀ ਹੈ। ਇਹ ਸੁਣ ਗੌਤਮ ਡਰ ਗਏ ਅਤੇ ਰੇਖਾ ਨੂੰ ਮੇਰੇ ਕੋਲ਼ ਲੈ ਆਏ। ਅਸੀਂ ਫ਼ੌਰਨ ਬੀਐੱਚਯੂ ਲਈ ਨਿਕਲ਼ ਪਏ।''

PHOTO • Parth M.N.

ਰੇਖਾ ਦੇਵੀ ਨੂੰ ਆਪਣੀ ਭਰਜਾਈ ਦੀ ਬੀਮਾਰੀ ' ਤੇ ਹੋਣ ਵਾਲ਼ੇ ਇੰਨੇ ਖਰਚੇ ਦੀ ਉਮੀਦ ਨਹੀਂ ਸੀ। ' ਉਨ੍ਹਾਂ ਦਾ ਖਰਚਾ ਇੱਕ ਲੱਖ ਤੱਕ ਪਹੁੰਚ ਗਿਆ '

ਵਾਰਾਣਸੀ ਦਾ ਹਸਪਤਾਲ ਤੇਂਦੂਆ ਤੋਂ ਕਰੀਬ 90 ਕਿਲੋਮੀਟਰ ਦੂਰ ਹੈ। ਗੌਤਮ ਅਤੇ ਰੇਖਾ ਨੇ 6,500 ਰੁਪਏ ਵਿੱਚ ਗੱਡੀ ਕਿਰਾਏ 'ਤੇ ਕੀਤੀ। ਜਦੋਂ ਸਰਿਤਾ ਨੂੰ ਬੀਐੱਚਯੂ ਹਸਪਤਾਲੋਂ ਛੁੱਟੀ ਮਿਲ਼ੀ ਤਾਂ ਉਹ ਦੋਵੇਂ ਉਨ੍ਹਾਂ ਨੂੰ ਚਕਿਆ ਸ਼ਹਿਰ ਲੈ ਗਏ ਜੋ ਵਾਰਾਣਸੀ ਅਤੇ ਨੌਗੜ ਬਲਾਕ ਦੇ ਵਿਚਕਾਰ ਪੈਂਦਾ ਹੈ। ਉਸ ਯਾਤਰਾ 'ਤੇ 3,500 ਰੁਪਏ ਹੋਰ ਖਰਚ ਹੋਏ। ''ਚਕਿਆ ਦੇ ਨਿੱਜੀ ਹਸਪਤਾਲ ਨੇ ਉਹਨੂੰ ਭਰਤੀ ਕਰ ਲਿਆ ਅਤੇ ਇੱਕ ਹਫ਼ਤੇ ਤੱਕ ਉਹਦਾ ਇਲਾਜ ਕੀਤਾ ਅਤੇ ਉਹ ਬੀਮਾਰੀ ਤੋਂ ਰਾਜ਼ੀ ਹੋ ਗਈ,'' ਰੇਖਾ ਕਹਿੰਦੀ ਹਨ ਜੋ ਅਜੇ ਤੱਕ ਵੀ ਇਸ ਗੱਲੋਂ ਅਣਜਾਣ ਸਨ ਕਿ ਇਹ 'ਢਿੱਡ ਪੀੜ੍ਹ' ਤੋਂ ਇਲਾਵਾ ਹੋਰ ਹੈ ਕੀ ਸੀ। ''ਪਰ ਉਹਦੇ ਇਲਾਜ ਤੇ ਕਰੀਬ 1 ਲੱਖ ਰੁਪਿਆ ਖਰਚਾ ਹੋਇਆ।''

ਰੇਖਾ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਜਾਟਵ ਭਾਈਚਾਰੇ ਨਾਲ਼ ਤਾਅਲੁੱਕ ਰੱਖਦੇ ਹਨ ਜੋ ਕਿ ਉੱਤਰ ਪ੍ਰਦੇਸ਼ ਦੀ ਇੱਕ ਪਿਛੜੀ ਜਾਤੀ ਹੈ। ਉਹ ਖੇਤ ਮਜ਼ਦੂਰੀ ਕਰਦੀ ਹਨ ਅਤੇ 200 ਰੁਪਏ ਦਿਹਾੜੀ ਕਮਾਉਂਦੀ ਹਨ। ਗੌਤਮ ਸੋਨਭਦਰਾ ਦੀਆਂ ਖਾਨਾਂ ਵਿੱਚ ਕੰਮ ਕਰਦੇ ਹਨ ਅਤੇ 250 ਰੁਪਏ ਦਿਹਾੜੀ ਕਮਾਉਂਦੇ ਹਨ। ''ਤਾਲਾਬੰਦੀ (ਮਾਰਚ 2020) ਤੋਂ ਬਾਅਦ ਉਹਨੂੰ ਮਸਾਂ ਹੀ ਕੰਮ ਮਿਲ਼ ਪਾਉਂਦਾ,'' ਰੇਖਾ ਕਹਿੰਦੀ ਹਨ। ''ਮਹੀਨਿਆਂ ਤੋਂ ਸਾਨੂੰ ਇੱਕ ਨਵੇਂ ਰੁਪਏ ਦੀ ਕਮਾਈ ਨਹੀਂ ਹੋਈ।'' ਹਾਲਤ ਇੰਨੀ ਮਾੜੀ ਹੋ ਗਈ ਸੀ ਕਿ ਉਨ੍ਹਾਂ (ਗੌਤਮ) ਨੇ ਤਾਲਾਬੰਦੀ ਦੌਰਾਨ (ਨਿਯਮਾਂ ਨੂੰ ਕਿੱਲੀ ਟੰਗ) ਵੀ ਇਨ੍ਹਾਂ ਖਾਨਾਂ ਵਿੱਚ ਚੋਰੀ-ਛਿਪੇ ਕੰਮ ਕੀਤਾ। ''ਅਸੀਂ ਸਰਕਾਰ ਅਤੇ ਸਥਾਨਕ ਐੱਨਜੀਓ ਵੱਲੋਂ ਵੰਡੇ ਜਾਂਦੇ ਰਾਸ਼ਨ 'ਤੇ ਹੀ ਜਿਊਂਦੇ ਰਹੇ। ਅਸੀਂ ਕਦੇ ਨਹੀਂ ਸੋਚਿਆ ਸੀ ਕਿ ਸਰਿਤਾ ਦੇ ਇਲਾਜ 'ਤੇ ਇੰਨਾ ਪੈਸਾ ਖਰਚ ਹੋਵੇਗਾ।''

ਓਕਸਫੈਮ ਇੰਡੀਆ ਦੁਆਰਾ ਨਵੰਬਰ 2021 ਨੂੰ ਜਾਰੀ ਭਾਰਤ ਅੰਦਰ ਮਰੀਜ਼ਾਂ ਦੇ ਅਧਿਕਾਰਾਂ ਦੀ ਸੁਰੱਖਿਆ ਨਾਮਕ ਇੱਕ ਸਰਵੇਖਣ ਰਿਪੋਰਟ ਨੇ ਦੇਖਿਆ ਕਿ ਉੱਤਰ ਪ੍ਰਦੇਸ਼ ਦੇ 472 ਅਪੀਲਕਰਤਾਵਾਂ ਵਿੱਚੋਂ 61.47 ਫ਼ੀਸਦ ਨੂੰ ਇਲਾਜ ਦੀ ਅਨੁਮਾਨਤ ਲਾਗਤ ਮੁਹੱਈਆ ਨਹੀਂ ਕਰਵਾਈ ਗਈ। ਪੂਰੇ ਦੇਸ਼ ਵਿੱਚ, 58 ਫ਼ੀਸਦ ਭਾਵ 3,890 ਅਪੀਲਕਰਤਾਵਾਂ ਨਾਲ਼ ਵੀ ਇਹੀ ਕੁਝ ਵਾਪਰਿਆ ਜੋ ਕਿ ਉਨ੍ਹਾਂ ਦੇ ਅਧਿਕਾਰਾਂ ਵਿੱਚ ਸੰਨ੍ਹ ਲਾਉਣ ਬਰਾਬਰ ਹੈ। ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੁਆਰਾ ਤਿਆਰ ਗਏ ਮਰੀਜ਼ਾਂ ਅਧਿਕਾਰਾਂ ਦੇ 17 ਨੁਕਾਤੀ ਚਾਰਟਰ ਮੁਤਾਬਕ ਇੱਕ ਰੋਗੀ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ''ਇਲਾਜ ਦੌਰਾਨ ਹਸਪਤਾਲ ਵੱਲੋਂ ਹਰੇਕ ਕਿਸਮ ਦੀ ਸੇਵਾ ਬਦਲੇ ਵਸੂਲੀਆਂ ਜਾਣ ਵਾਲ਼ੀਆਂ ਦਰਾਂ ਬਾਬਤ ਜਾਣਕਾਰੀ ਲੈਣ ਦਾ ਅਧਿਕਾਰ ਹੈ।''

ਸਰਿਤਾ ਦੇ ਇਲਾਜ ਦਾ ਖਰਚਾ ਝੱਲਣ ਲਈ ਅਤੇ ਪੈਸਾ ਇਕੱਠਾ ਕਰਨ ਲਈ ਰੇਖਾ ਨੂੰ ਆਪਣੀ ਦੋ ਏਕੜ ਦੀ ਜ਼ਮੀਨ ਦਾ ਇੱਕ ਤਿਹਾਈ ਹਿੱਸਾ ਅਤੇ ਕੁਝ ਟੂੰਬਾਂ ਗਹਿਣੇ ਰੱਖਣੀਆਂ ਪਈਆਂ। ''ਸ਼ਾਹੂਕਾਰ ਸਾਡੇ ਕੋਲ਼ੋਂ ਮਹੀਨੇ ਦਾ 10 ਫ਼ੀਸਦ ਵਿਆਜ ਵਸੂਲ ਰਿਹਾ ਏ,'' ਉਹ ਕਹਿੰਦੀ ਹਨ। ''ਇਸਲਈ ਅਸੀਂ ਤਾਂ ਸਿਰਫ਼ ਵਿਆਜ ਹੀ ਚੁਕਾ ਪਾ ਰਹੇ ਹਾਂ, ਮੂਲ਼ (50,000 ਰੁਪਏ) ਤਾਂ ਜੱਸ ਦਾ ਤੱਸ ਹੀ ਪਿਐ। ਮੈਂ ਤਾਂ ਸੋਚ ਸੋਚ ਕੇ ਹੈਰਾਨ ਹੋਈ ਜਾਂਦੀ ਹਾਂ ਕਿ ਅਖੀਰ ਕਦੋਂ ਇਸ ਕਰਜ਼ੇ ਤੋਂ ਸਾਡਾ ਖਹਿੜਾ ਛੁੱਟੇਗਾ।''

PHOTO • Parth M.N.

ਰੇਖਾ ਚੰਦੌਲੀ ਜ਼ਿਲ੍ਹੇ ਦੇ ਤੇਂਦੂਆ ਪਿੰਡ ਵਿਖੇ  ਸਥਿਤ ਆਪਣੇ ਖੇਤਾਂ ਵਿੱਚ। ਉਨ੍ਹਾਂ ਨੇ ਨਿੱਜੀ ਹਸਪਤਾਲ ਦੇ ਬਿੱਲ ਤਾਰਨ ਵਾਸਤੇ ਆਪਣੀ ਜ਼ਮੀਨ ਦਾ ਕੁਝ ਹਿੱਸਾ ਗਹਿਣੇ ਪਾ ਦਿੱਤਾ

ਮਹਾਂਮਾਰੀ ਦੇ ਪਹਿਲੇ ਤਿੰਨ ਮਹੀਨਿਆਂ (ਅਪ੍ਰੈਲ ਤੋਂ ਜੂਨ 2020) ਵਿੱਚ ਯੂਪੀ ਦੇ ਬਹੁਤੇਰੇ ਪਿੰਡਾਂ ਦੇ ਲੋਕਾਂ ਦਾ ਕਰਜ਼ਾ 83 ਫ਼ੀਸਦ ਤੱਕ ਵਧਿਆ ਹੈ। ਜ਼ਮੀਨੀ ਪੱਧਰ ਦੇ ਕਈ ਸੰਗਠਨਾਂ ਦੇ ਇੱਕ ਸਮੂਹ, COLLECT ਦੁਆਰਾ ਕੀਤੇ ਇੱਕ ਸਰਵੇਖਣ ਦੁਆਰਾ ਨੌ ਜ਼ਿਲ੍ਹਿਆਂ ਦਾ ਡਾਟਾ ਇਕੱਠਾ ਕੀਤਾ ਗਿਆ ਸੀ। ਇਸ ਵਿੱਚ ਦੱਸਿਆ ਗਿਆ ਕਿ ਜੁਲਾਈ ਤੋਂ ਸਤੰਬਰ ਅਤੇ ਅਕਤੂਬਰ ਤੋਂ ਦਸੰਬਰ 2020 ਵਿੱਚ ਚੁੱਕੇ ਗਏ ਕਰਜ਼ਿਆਂ ਵਿੱਚ ਕ੍ਰਮਵਾਰ 87 ਅਤੇ 80 ਫ਼ੀਸਦ ਦਾ ਵਾਧਾ ਹੋਇਆ।

65 ਸਾਲਾ ਮੁਸਤਕੀਮ ਸ਼ੇਖ ਦੀ ਕਿਸਮਤ ਕੁਝ ਜ਼ਿਆਦਾ ਹੀ ਮਾੜੀ ਰਹੀ।

ਗਾਜ਼ੀਪੁਰ ਜ਼ਿਲ੍ਹੇ ਦੇ ਜਲਾਲਾਬਾਦ ਪਿੰਡ ਦੇ ਇੱਕ ਏਕੜ ਤੋਂ ਘੱਟ ਜ਼ਮੀਨ ਦੇ ਮਾਲਕ ਛੋਟੇ ਕਿਸਾਨ, ਮੁਸਤਕੀਮ ਨੂੰ ਮਾਰਚ 2020 ਵਿੱਚ ਕੋਵਿਡ-19 ਦੀ ਤਬਾਹੀ ਤੋਂ ਕੁਝ ਦਿਨ ਪਹਿਲਾਂ ਲਕਵੇ ਦਾ ਦੌਰਾ ਪਿਆ ਸੀ। ਇਸ ਦੌਰੇ ਨਾਲ਼ ਉਨ੍ਹਾਂ ਦਾ ਖੱਬਾ ਪਾਸਾ ਕਮਜ਼ੋਰ ਪੈ ਗਿਆ ਜਿਸ ਕਾਰਨ ਉਨ੍ਹਾਂ ਨੂੰ ਤੁਰਨ ਲੱਗਿਆਂ ਚੂਲ਼੍ਹੇ 'ਤੇ ਜ਼ੋਰ ਪਾਉਣਾ ਪੈਂਦਾ ਹੈ। ''ਮੈਨੂੰ ਤੁਰਨ ਲਈ ਖੂੰਡੀ ਦੀ ਲੋੜ ਪੈਂਦੀ ਹੈ। ਪਰ ਮੈਂ ਆਪਣੇ ਖੱਬੇ ਹੱਥ ਨਾਲ਼ ਮਸਾਂ ਹੀ ਖੂੰਡੀ ਸੰਭਾਲ਼ ਪਾਉਂਦਾ ਹਾਂ,'' ਉਹ ਕਹਿੰਦੇ ਹਨ।

ਬੀਮਾਰੀ ਤੋਂ ਬਾਅਦ ਨਾ ਤਾਂ ਉਹ ਆਪਣੇ ਖੇਤ ਵਿੱਚ ਕੰਮ ਕਰਨ ਯੋਗ ਰਹੇ ਅਤੇ ਨਾ ਹੀ ਕਿਸੇ ਹੋਰ ਦੇ ਖੇਤਾਂ ਵਿੱਚ ਮਜ਼ਦੂਰੀ ਹੀ ਕਰ ਸਕੇ। ''ਇੰਝ ਮੈਂ ਆਪਣੀ ਇੱਕ ਹਜ਼ਾਰ ਰੁਪਏ ਦੀ ਪੈਨਸ਼ਨ 'ਤੇ ਹੀ ਨਿਰਭਰ ਹੋ ਕੇ ਰਹਿ ਗਿਆਂ, ਜੋ ਸੂਬਾ ਸਰਕਾਰ ਵੱਲੋਂ ਬਜ਼ੁਰਗਾਂ ਨੂੰ ਦਿੱਤੀ ਜਾਂਦੀ ਹੈ,'' ਮੁਸਤਕੀਨ ਕਹਿੰਦੇ ਹਨ। ''ਮੇਰੀ ਹਾਲਤ ਦੇਖ ਕੇ ਮੈਨੂੰ ਕੋਈ ਵਿਆਜੀ ਪੈਸੇ ਦੇਣ ਤੱਕ ਲਈ ਰਾਜ਼ੀ ਨਹੀਂ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਮੈਂ ਕਮਾਈ ਨਹੀਂ ਕਰ ਸਕਦਾ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਮੋੜ ਸਕਦਾ ਹਾਂ।'' ਪੈਸੇ ਮੋੜਨ ਦਾ ਕੋਈ ਜ਼ਰੀਆ ਵੀ ਤਾਂ ਨਹੀਂ। ਰਾਸ਼ਟਰੀ ਸਿਹਤ ਪ੍ਰੋਫ਼ਾਈਲ 2020 ਮੁਤਾਬਕ, ਪੇਂਡੂ ਯੂਪੀ ਦੀ 99.5 ਫ਼ੀਸਦ ਅਬਾਦੀ ਨੂੰ ਕਿਸੇ ਵੀ ਕਿਸਮ ਦਾ ਸਿਹਤ ਬੀਮਾ ਜਾਂ ਸਿਹਤ ਖ਼ਰਚਿਆਂ ਲਈ ਸਹਾਇਤਾ ਰਾਸ਼ੀ ਕਵਰ ਨਹੀਂ ਕਰਦੀ।

ਇਸਲਈ ਜਦੋਂ ਮੁਸਤਕੀਨ ਦੀ 55 ਸਾਲਾ ਪਤਨੀ ਨੂੰ ਵੀ ਦੌਰਾ ਪਿਆ ਜਿਸ ਬਾਰੇ ਉਨ੍ਹਾਂ ਨੂੰ ਸ਼ੱਕ ਸੀ ਕਿ ਇਹ ਦਿਮਾਗ਼ ਦਾ ਦੌਰਾ ਸੀ, ਬਾਵਜੂਦ ਇਸ ਸਭ ਦੇ ਉਹ ਆਪਣੀ ਪਤਨੀ ਲਈ ਬਹੁਤਾ ਕੁਝ ਕਰ ਨਾ ਸਕੇ। ''ਉਹਨੂੰ ਦੌਰਾ ਪਿਆ ਅਤੇ ਉਹ ਭੁੰਜੇ ਜਾ ਡਿੱਗੀ। ਜਿਸ ਨਾਲ਼ ਉਹਦੀ ਰੀੜ੍ਹ ਨੁਕਸਾਨੀ ਗਈ,'' ਉਹ ਕਹਿੰਦੇ ਹਨ। ਇਹ ਅਪ੍ਰੈਲ 2020 ਦੀ ਗੱਲ ਸੀ ਅਤੇ ਮਹਾਂਮਾਰੀ ਨੇ ਦੇਸ਼ ਅੰਦਰ ਪੈਰ  ਪਸਾਰਣੇ ਅਜੇ ਸ਼ੁਰੂ ਹੀ ਕੀਤੇ ਸਨ। ''ਮੈਂ ਉਹਨੂੰ ਆਜ਼ਮਗੜ੍ਹ ਦੇ ਸਰਕਾਰੀ ਹਸਪਤਾਲ ਲੈ ਗਿਆ ਪਰ ਉਹਨੂੰ ਇੱਕ ਕੋਵਿਡ ਕੇਂਦਰ ਵਿੱਚ ਬਦਲ ਦਿੱਤਾ ਗਿਆ ਸੀ।''

PHOTO • Parth M.N.

ਗਾਜ਼ੀਪੁਰ ਜ਼ਿਲ੍ਹੇ ਦੇ  ਆਪਣੇ ਪਿੰਡ ਵਿਖੇ ਮੁਸਤਕੀਨ ਸ਼ੇਖ। ਜਦੋਂ ਤੋਂ ਉਨ੍ਹਾਂ ਨੂੰ ਦੌਰਾ ਪਿਆ ਹੈ ਉਹ ਪੂਰੀ ਤਰ੍ਹਾਂ ਨਾਲ਼ ਰਾਜ ਵੱਲੋਂ ਮਿਲ਼ਣ ਵਾਲ਼ੀ ਪੈਨਸ਼ਨ ' ਤੇ ਹੀ ਨਿਰਭਰ ਹੋ ਕੇ ਰਹਿ ਗਏ ਹਨ

ਆਜ਼ਮਗੜ੍ਹ ਹਸਪਤਾਲ ਕੋਈ 30 ਕਿਲੋਮੀਟਰ ਦੂਰ ਸੀ। ਨਿੱਜੀ ਵਾਹਨ ਰਾਹੀਂ ਸਫ਼ਰ ਕਰਨ ਦਾ 3,000 ਰੁਪਿਆ ਖਰਚਾ ਆਇਆ। ''ਇਸ ਤੋਂ ਚੰਗਾ ਹੁੰਦਾ ਜੇ ਅਸੀਂ ਵਾਰਾਣਸੀ ਹਸਪਤਾਲ ਚਲੇ ਜਾਂਦੇ ਕਿਉਂਕਿ ਗਾਜ਼ੀਪੁਰ ਸਰਕਾਰੀ ਹਸਪਤਾਲ ਵਿਖੇ ਤਾਂ ਕੋਈ ਸੁਵਿਧਾ ਹੈ ਨਹੀਂ,'' ਉਹ ਕਹਿੰਦੇ ਹਨ। ''ਪਰ ਉੱਥੇ (ਵਾਰਾਣਸੀ) ਜਾਣ ਲਈ ਮੈਨੂੰ ਹੋਰ ਪੈਸੇ ਖ਼ਰਚਣੇ ਪੈਂਦੇ ਪਰ ਮੇਰੇ ਕੋਲ਼ ਤਾਂ ਪਹਿਲਾਂ ਹੀ ਕੁਝ ਨਹੀਂ। ਮੈਂ ਆਪਣੇ ਦੋਸਤਾਂ ਪਾਸੋਂ ਨਿੱਜੀ ਹਸਪਤਾਲਾਂ ਬਾਰੇ ਪੁੱਛਿਆ ਜ਼ਰੂਰ ਪਰ ਮੈਨੂੰ ਸਮਝ ਆ ਗਈ ਕਿ ਮੈਂ ਉੱਥੋਂ ਦੇ ਖ਼ਰਚਿਆਂ ਨੂੰ ਝੱਲ ਹੀ ਨਹੀਂ ਪਾਉਣਾ।''

ਮੁਸਤਕੀਨ, ਸਾਇਰੁਨ ਨੂੰ ਵਾਪਸ ਪਿੰਡ ਆਪਣੇ ਘਰ ਲੈ ਆਏ, ਉਨ੍ਹਾਂ ਦਾ ਪਿੰਡ ਜਾਖਨੀਆ ਬਲਾਕ ਵਿੱਚ ਪੈਂਦਾ ਹੈ। ਉਨ੍ਹਾਂ ਨੇ ਆਪਣੀ ਪਤਨੀ ਦਾ ਲੋਕਲ ਹੀ ਇਲਾਜ ਕਰਾਉਣ ਦਾ ਫ਼ੈਸਲਾ ਕੀਤਾ। ''ਉਹਨੇ (ਸਾਇਰੁਨ) ਵੀ ਇੰਝ ਕੀਤੇ ਜਾਣ ਵਿੱਚ ਆਪਣੀ ਰਜ਼ਾਮੰਦੀ ਦਿੱਤੀ। ਪਿੰਡ ਦੇ ਝੌਲ਼ਾ ਛਾਪ ਡਾਕਟਰ ਨੇ ਉਹਨੂੰ ਦਵਾਈ ਦੇਣੀ ਸ਼ੁਰੂ ਕੀਤੀ,'' ਉਹ ਕਹਿੰਦੇ ਹਨ।

ਪਿੰਡ ਦੇ ਲੋਕ, ਸਰਕਾਰੀ ਡਾਕਟਰਾਂ ਨਾਲ਼ੋਂ ਕਿਤੇ ਵੱਧ ਭਰੋਸਾ ਨੀਮ ਹਕੀਮ ਝੋਲ਼ਾ ਛਾਪ ਡਾਕਟਰਾਂ 'ਤੇ ਕਰਦੇ ਹਨ। '' ਝੋਲ਼ਾ ਛਾਪ ਡਾਕਟਰ ਇੱਜ਼ਤ ਨਾਲ਼ ਸਾਡਾ ਇਲਾਜ ਕਰਦੇ ਹਨ ਅਤੇ ਸਾਡੇ ਸਵਾਲਾਂ ਦੇ ਜਵਾਬ ਦਿੰਦੇ ਹਨ। ਉਸ ਸਾਡੇ ਲਈ ਉਦੋਂ ਵੀ ਮੌਜੂਦ ਰਹੇ ਜਦੋਂ ਬਾਕੀ ਡਾਕਟਰਾਂ ਨੂੰ ਸਾਡੇ ਨੇੜੇ ਆਉਣ ਤੋਂ ਵੀ ਡਰ ਲੱਗਦਾ ਸੀ,'' ਮੁਸਤਕੀਨ ਕਹਿੰਦੇ ਹਨ। ਪਰ ਸੱਚਾਈ ਤਾਂ ਇਹ ਹੈ ਕਿ ਇਹ ਝੋਲ਼ਾ ਛਾਪ ਡਾਕਟਰ ਡਾਕਟਰੀ ਦੀ ਸਿਖਲਾਈ ਨੂੰ ਲੈ ਕੇ ਕੱਚਘੜ੍ਹ ਹੁੰਦੇ ਹਨ।

ਅਕਤੂਬਰ 2020 ਨੂੰ ਸਾਇਰੁਨ ਨੇ ਦੌਰਾ ਪੈਣ ਦੇ ਛੇ ਮਹੀਨਿਆਂ ਬਾਅਦ ਆਪਣੀ ਇੱਕ ਕਮਰੇ ਦੀ ਝੌਂਪੜੀ ਵਿੱਚ ਆਖ਼ਰੀ ਸਾਹ ਲਏ। ਉਨ੍ਹਾਂ ਦਾ ਹਰ ਸਾਹ ਇਲਾਜ ਦੀ ਦੁਹਾਈ ਦਿੰਦਾ ਰਿਹਾ। ਮੁਸਤਕੀਨ ਨੇ ਹਾਲਾਤ ਨਾਲ਼ ਸਮਝੌਤਾ ਕਰ ਲਿਆ ਜਾਪਦਾ ਹੈ। ''ਹਸਪਤਾਲਾਂ ਵਿੱਚ ਜ਼ੇਰੇ ਇਲਾਜ ਮਾਰੇ ਜਾਣ ਵਾਲ਼ੇ ਲੋਕਾਂ ਦੀ ਮੌਤ ਤਾਂ ਹਫ਼ੜਾ-ਦਫ਼ੜੀ ਵਿੱਚ ਹੁੰਦੀ ਹੈ। ਪਰ ਮੇਰੀ ਪਤਨੀ ਦੀ ਮੌਤ ਤਾਂ ਬੜੇ ਸ਼ਾਂਤਮਈ ਤਰੀਕੇ ਨਾਲ਼ ਹੋਈ,'' ਉਹ ਕਹਿੰਦੇ ਹਨ।

ਪਾਰਥ ਐੱਮ.ਐੱਨ. ਠਾਕੁਰ ਫ਼ੈਮਿਲੀ ਫ਼ਾਊਂਡੇਸ਼ਨ ਪਾਸੋਂ ਮਿਲ਼ੇ ਇੱਕ ਸੁਤੰਤਰ ਪੱਤਰਕਾਰਤਾ ਗ੍ਰਾਂਟ ਦੇ ਜ਼ਰੀਏ, ਜਨਤਕ ਸਿਹਤ ਅਤੇ ਨਾਗਰਿਕ ਅਜ਼ਾਦੀ ਦੇ ਮਸਲੇ ਸਬੰਧੀ ਰਿਪੋਰਟਿੰਗ ਕਰਦੇ ਹਨ। ਠਾਕੁਰ ਫ਼ੈਮਿਲਾ ਫ਼ਾਊਂਡੇਸ਼ਨ ਨੇ ਇਸ ਰਿਪੋਰਟੇਜ਼ ਦੀ ਸਮੱਗਰੀ ਦੇ ਸੰਪਾਦਕੀ ਤੇ ਕਿਤੇ ਕੋਈ ਨਿਯੰਤਰਣ ਨਹੀਂ ਰੱਖਿਆ ਹੈ।

ਤਰਜਮਾ: ਕਮਲਜੀਤ ਕੌਰ

Parth M.N.

Parth M.N. is a 2017 PARI Fellow and an independent journalist reporting for various news websites. He loves cricket and travelling.

Other stories by Parth M.N.
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur