ਇੱਕ ਹਵਾਹਾਰੀ ਦੁਪਹਿਰ ਵਿੱਚ ਊਸ਼ਾ ਸ਼ਿੰਦੇ ਆਪਣੇ ਪੋਤੇ ਨੂੰ ਲੱਕ 'ਤੇ ਟਿਕਾ ਕੇ ਨਦੀ ਪਾਰ ਕਰਨ ਲਈ ਬੇੜੀ 'ਤੇ ਸਵਾਰ ਹੋਣ ਲਈ ਅੱਗੇ ਵਧੀ। ਜਿਓਂ ਹੀ ਉਹਨੇ ਆਪਣਾ ਪੈਰ ਬੇੜੀ 'ਤੇ ਟਿਕਾਉਣਾ ਚਾਹਿਆ, ਹਲੋਰੇ ਖਾਂਦੀ ਬੇੜੀ ਯਕਦਮ ਟੇਢੀ ਹੋ ਗਈ ਅਤੇ ਊਸ਼ਾ ਦਾ ਸੰਤੁਲਨ ਵਿਗੜ ਗਿਆ ਅਤੇ ਬੱਚੇ ਸਣੇ ਉਹ ਨਦੀ ਵਿੱਚ ਜਾ ਡਿੱਗੀ, ਉਹਨੂੰ ਦੋਵਾਂ ਦੀ ਜਾਨ ਦੇ ਲਾਲੇ ਪੈ ਗਏ।

ਇਹ ਸਭ ਮਾਰਚ ਮਹੀਨੇ ਵਿੱਚ ਉਦੋਂ ਵਾਪਰਿਆ ਜਦੋਂ ਮੁਲਕ ਵਿੱਚ ਕੋਵਿਡ-19 ਦੀ ਦੂਸਰੀ ਲਹਿਰ ਆਪਣੇ ਪੈਰ ਪਸਾਰ ਰਹੀ ਸੀ। ਊਸ਼ਾ ਦੇ ਚਾਰ ਸਾਲਾ ਪੋਤੇ ਸ਼ੰਭੂ ਨੂੰ ਬੁਖਾਰ ਸੀ। ''ਮੈਨੂੰ ਇਸ ਗੱਲ ਦਾ ਡਰ ਸੀ ਕਿ ਕਿਤੇ ਉਹਨੂੰ ਕਰੋਨਾ (ਵਾਇਰਸ) ਦਾ ਸੰਕਰਮਣ ਤਾਂ ਨਹੀਂ ਹੋ ਗਿਆ,'' 65 ਸਾਲਾ ਊਸ਼ਾ ਕਹਿੰਦੀ ਹਨ। ''ਉਹਦੇ (ਸ਼ੰਭੂ) ਮਾਪੇ ਮੌਸਮੀ ਮਜ਼ਦੂਰ ਹਨ ਅਤੇ ਉਸ ਵੇਲ਼ੇ ਮਜ਼ਦੂਰੀ ਖਾਤਰ ਪੱਛਮੀ ਮਹਾਂਰਾਸ਼ਟਰ ਗਏ ਹੋਏ ਸਨ। ਇਸਲਈ ਮੈਂ ਕਾਹਲੀ-ਕਾਹਲੀ ਉਹਨੂੰ ਡਾਕਟਰ ਕੋਲ਼ ਲਿਜਾਣ ਬਾਰੇ ਸੋਚਿਆ।''

ਪਰ ਇਸ ਭੱਜਨੱਸ ਵਿੱਚ ਉਨ੍ਹਾਂ ਨੂੰ ਇੱਕ ਕੰਮਚਲਾਊ ਬੇੜੀ ਦੇ ਸਹਾਰੇ ਪਿੰਡ ਵਿੱਚ ਵਹਿੰਦੀ ਨਦੀ ਪਾਰ ਕਰਨੀ ਸੀ। ''ਮੈਂ ਆਪਣਾ ਸੰਤੁਲਨ ਗੁਆ ਲਿਆ ਅਤੇ ਸ਼ੰਭੂ ਸਣੇ ਨਦੀ ਵਿੱਚ ਜਾ ਡਿੱਗੀ। ਮੈਨੂੰ ਤੈਰਨਾ ਨਹੀਂ ਆਉਂਦਾ। ਮੇਰੀ ਕਿਸਮਤ ਚੰਗੀ ਸੀ ਕਿ ਮੇਰਾ ਭਤੀਜਾ ਵੀ ਨੇੜੇ ਹੀ ਸੀ। ਉਹਨੇ ਪਾਣੀ ਵਿੱਚ ਛਾਲ਼ ਮਾਰੀ ਅਤੇ ਸਾਨੂੰ ਨਦੀ ਕੰਢੇ ਲੈ ਆਇਆ। ਮੈਂ ਸਹਿਮੀ ਹੋਈ ਸਾਂ, ਮੈਂ ਨਹੀਂ ਚਾਹੁੰਦੀ ਸਾਂ ਕਿ ਮੇਰੇ ਕਾਰਨ ਸ਼ੰਭੂ ਨੂੰ ਕੁਝ ਹੋ ਜਾਵੇ,'' ਊਸ਼ਾ ਦੱਸਦੀ ਹਨ।

ਊਸ਼ਾ ਦਾ ਪਿੰਡ, ਸੌਤਾਡਾ ਮਹਾਰਾਸ਼ਟਰ ਜ਼ਿਲ੍ਹੇ ਵਿੱਚ ਵਿੰਚਰਣਾ ਨਦੀ ਦੇ ਕੰਢੇ ਸਥਿਤ ਹੈ। ਰਾਮੇਸ਼ਵਰ ਦੇ ਸ਼ਾਨਦਾਰ ਝਰਨੇ ਦਾ ਪਾਣੀ 225 ਫੁੱਟ ਦੀ ਉਚਾਈ ਤੋਂ ਨਦੀ ਵਿੱਚ ਡਿੱਗਦਾ ਹੈ। ਇਹ ਝਰਨਾ ਪਿੰਡ ਤੋਂ 1.5 ਕਿਲੋਮੀਟਰ ਦੂਰ ਪਟੋਦਾ ਤਾਲੁਕਾ ਵਿੱਚ ਸਥਿਤ ਹੈ। ਨਦੀ ਸੌਤਾਡਾ ਪਿੰਡ ਨੂੰ ਦੋ ਹਿੱਸਿਆਂ ਵਿੱਚ ਵੰਡਦੀ ਹੈ, ਫਲਸਰੂਪ ਪਿੰਡ ਦਾ ਇੱਕ ਹਿੱਸਾ ਮੁੱਖ ਹਿੱਸੇ ਨਾਲ਼ੋਂ ਅੱਡ ਹੋ ਜਾਂਦਾ ਹੈ। ਨਦੀ 'ਤੇ ਪੁੱਲ ਨਾ ਹੋਣ ਕਾਰਨ ਕਰਕੇ ਸ਼ਿੰਦੇ ਬਸਤੀ ਦੇ ਲੋਕ, ਜੋ ਸੌਤਾਡਾ ਪਿੰਡ ਦਾ ਅਲੱਗ-ਥਲੱਗ ਹਿੱਸਾ ਹੈ, ਦੁਕਾਨਾਂ ਤੋਂ ਲੈ ਕੇ ਹਸਪਤਾਲਾਂ ਤੱਕ ਪਹੁੰਚਣ ਲਈ ਨਦੀ ਪਾਰ ਕਰਨ ਲਈ ਜਾਨ ਤਲ਼ੀ 'ਤੇ ਰੱਖਦੇ ਹਨ।

Left: Usha Shinde with her grandsons, Shambhu (in her lap) and Rajveer. Right: Indubai Shinde and the old thermocol raft of Sautada
PHOTO • Parth M.N.
Left: Usha Shinde with her grandsons, Shambhu (in her lap) and Rajveer. Right: Indubai Shinde and the old thermocol raft of Sautada
PHOTO • Parth M.N.

ਖੱਬੇ : ਊਸ਼ਾ ਆਪਣੇ ਪੋਤੇ ਸ਼ੰਭੂ (ਉਨ੍ਹਾਂ ਦੀ ਗੋਦੀ ਵਿੱਚ) ਅਤੇ ਰਾਜਵੀਰ ਦੇ ਨਾਲ਼। ਸੱਜੇ : ਇੰਦੂਬਾਈ ਅਤੇ ਸੌਤਾਡਾ ਵਿੱਚ ਇਸਤੇਮਾਲ ਹੋਣ ਵਾਲ਼ੀ ਥਰਮੋਕੋਲ ਦੀ ਪੁਰਾਣੀ ਬੇੜੀ

ਪਿੰਡ ਵਾਲ਼ਿਆਂ ਨੇ ਨਦੀ ਪਾਰ ਕਰਨਾ ਥੋੜ੍ਹਾ ਸੁਖਾਲਾ ਬਣਾਉਣ ਲਈ ਇੱਕ ਸਿਰੇ ਤੋਂ ਦੂਜੇ ਸਿਰ ਤੱਕ ਇੱਕ ਮੋਟੀ ਰੱਸੀ ਬੰਨ੍ਹੀ ਹੈ। ਰੱਸੀ ਬੇੜੀ 'ਤੇ ਬਣੀ ਲੋਹੇ ਦੀ ਰੇਲਿੰਗ ਦੇ ਐਨ ਵਿਚਕਾਰੋਂ ਲੰਘਦੀ ਹੈ ਅਤੇ ਬੇੜੀ ਦੇ ਇੱਕ ਸੇਧ ਵਿੱਚ ਅੱਗੇ ਵਧਣ ਵਿੱਚ ਮਦਦਗਾਰ ਸਾਬਤ ਹੁੰਦੀ ਹੈ ਜੋ ਬੇੜੀ ਨੂੰ ਹਿਲੋਰੇ ਖਾਣੋਂ ਬਚਾਉਂਦੀ ਹੈ। ਤਿੰਨੋਂ ਬੇੜੀਆਂ ਪਹਾੜੀ ਤੋਂ ਕੁਝ ਹੇਠਾਂ ਦੀ ਥਾਂ 'ਤੇ ਨਦੀ ਕੰਢੇ ਪਾਰਕ ਕੀਤੀਆਂ ਜਾਂਦੀਆਂ ਹਨ। ਹਰੇ-ਭਰੇ ਮੈਦਾਨਾਂ ਅਤੇ ਪਹਾੜੀਆਂ ਨਾਲ਼ ਘਿਰੀ ਸ਼ਾਂਤ ਨਦੀ ਦਾ ਸੁਹੱਪਣ ਉਦੋਂ ਦਹਿਸ਼ਤ ਬਣ ਜਾਂਦਾ ਹੈ ਜਦੋਂ ਇਹਨੂੰ ਪਾਰ ਕਰਨ ਦੀ ਨੌਬਤ ਆਉਂਦੀ ਹੈ। ਹਝੋਕੇ ਖਾਂਦੀ ਬੇੜੀ 'ਤੇ ਸਵਾਰ ਹੋਣ ਤੋਂ ਪਹਿਲਾਂ ਸਾਵਧਾਨੀ ਨਾਲ਼ ਸਰੀਰ ਦਾ ਸੰਤੁਲਨ ਬਣਾਉਂਦੇ ਹੋਏ ਚੱਟਾਨ 'ਤੇ ਚੜ੍ਹਨਾ ਪੈਂਦਾ ਹੈ ਅਤੇ ਫਿਰ ਮਲ੍ਹਕੜੇ ਜਿਹੇ ਬੇੜੀ 'ਤੇ ਪੈਰ ਟਿਕਾਉਣਾ ਪੈਂਦਾ ਹੈ, ਜੋ ਰੱਸੀ ਖਿੱਚੇ ਜਾਣ ਦੇ ਨਾਲ਼ ਨਾਲ਼ ਪਾਣੀ ਵਿੱਚ ਅੱਗੇ ਵੱਧਦੀ ਜਾਂਦੀ ਹੈ। ਬੇੜੀ ਨੂੰ ਨਦੀ ਪਾਰ ਕਰਨ ਵਿੱਚ 5-7 ਮਿੰਟ ਦਾ ਸਮਾਂ ਲੱਗਦਾ ਹੈ।

''ਸਾਨੂੰ ਪੁੱਲ ਬਣਾਏ ਜਾਣ ਦੀ ਬੇਨਤੀ ਕਰਦਿਆਂ ਵਰ੍ਹੇ ਲੰਘ ਗਏ ਹਨ,'' ਸ਼ਿੰਦੇ ਬਸਤੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ, 46 ਸਾਲਾ ਬਾਲਾਸਾਹਬ ਸ਼ਿੰਦੇ ਕਹਿੰਦੇ ਹਨ। ''ਇੱਥੋਂ ਬਾਹਰ ਜਾਣ ਦਾ ਇੱਕ ਹੋਰ ਰਸਤਾ ਤਾਂ ਮੌਜੂਦ ਹੈ ਪਰ ਉਹ ਬਹੁਤ ਹੀ ਲੰਬਾ ਹੈ। ਉਹ ਖੇਤਾਂ ਵਿੱਚੋਂ ਦੀ ਹੋ ਕੇ ਲੰਘਦਾ ਹੈ, ਪਰ ਕਿਸਾਨ ਸਾਨੂੰ ਆਪਣੇ ਖੇਤਾਂ ਵਿੱਚੋਂ ਦੀ ਲੰਘਣ ਦੀ ਆਗਿਆ ਵੀ ਨਹੀਂ ਦਿੰਦੇ। ਇਸਲਈ ਹਰ ਵਾਰ ਜਦੋਂ ਅਸੀਂ ਬਾਹਰ ਕਿਤੇ ਜਾਣਾ ਹੁੰਦਾ ਹੈ ਤਾਂ ਸਾਨੂੰ ਆਪਣੀ ਜਾਨ ਖਤਰੇ ਵਿੱਚ ਪਾਉਣੀ ਹੀ ਪੈਂਦੀ ਹੈ।''

ਸੌਤਾਡਾ ਵਿੱਚ ਸਥਿਤ ਉਨ੍ਹਾਂ ਦੇ ਹਿੱਸੇ ਤੱਕ ਸੀਮਤ ਪਹੁੰਚ ਨੇ ਸ਼ਿੰਦੇ ਬਸਤੀ ਦੇ 500 ਜਾਂ ਕੁਝ ਵੱਧ ਵਾਸੀਆਂ ਵਿੱਚੋਂ ਲਗਭਗ ਹਰੇਕ ਨੂੰ ਪ੍ਰਭਾਵਤ ਕੀਤਾ ਹੈ। ਖਾਸ ਤੌਰ 'ਤੇ ਔਰਤਾਂ ਅਤੇ ਬੱਚਿਆਂ ਵਾਸਤੇ ਇਹ ਸਭ ਬੇਹੱਦ ਅੜਚਨਾਂ ਭਰਿਆ ਰਹਿੰਦਾ ਹੈ। ਪਿੰਡ ਵਿੱਚ 10 ਏਕੜ ਜ਼ਮੀਨ ਦੀ ਮਾਲਕਣ 40 ਸਾਲਾ ਕਿਸਾਨ, ਇੰਦੂਬਾਈ ਸ਼ਿੰਦੇ ਦੱਸਦੀ ਹਨ,''ਗਰਭਵਤੀ ਔਰਤਾਂ ਤੱਕ ਨੂੰ ਵੀ ਇਸ ਹਝੋਕੇ ਖਾਂਦੀ ਬੇੜੀ ਦੇ ਸਹਾਰੇ ਹੀ ਨਦੀ ਪਾਰ ਕਰਨੀ ਪੈਂਦੀ ਹੈ। ਤੁਸੀਂ ਸਹਿਜੇ ਹੀ ਇਸ ਗੱਲ ਦਾ ਅੰਦਾਜਾ ਲਾ ਸਕਦੇ ਹੋ ਕਿ ਇਹ ਕਿੰਨਾ ਖ਼ਤਰਨਾਕ ਅਤੇ ਜੋਖਮ ਭਰਿਆ ਹੈ?  ਸਾਨੂੰ ਅਕਸਰ ਗਰਭਅਵਸਥਾ ਦੇ ਸੱਤਵੇਂ ਮਹੀਨੇ ਔਰਤਾਂ ਨੂੰ ਉਨ੍ਹਾਂ ਦੇ ਰਿਸ਼ਤੇਦਾਰ (ਪੇਕੇ) ਘਰ ਭੇਜਣਾ ਪੈਂਦਾ ਹੈ। ਸਾਡੇ ਖੇਤ ਇੱਥੇ ਹਨ ਸੋ ਅਸੀਂ ਆਪਣਾ ਇਲਾਕਾ ਛੱਡ ਕੇ ਕਿਤੇ ਹੋਰ ਵੀ ਨਹੀਂ ਜਾ ਸਕਦੇ।''

ਜਦੋਂ ਇੰਦੂਬਾਈ ਸ਼ਿੰਦੇ ਦੀ 22 ਸਾਲਾ ਧੀ ਰੇਖਾ ਗਰਭਵਤੀ ਸੀ ਤਾਂ ਐਮਰਜੈਂਸੀ ਦੀ ਹਾਲਤ ਪੈਦਾ ਹੋਣ ਦੇ ਵਿਚਾਰ ਨੇ ਉਨ੍ਹਾਂ ਨੂੰ ਜਣੇਪੇ ਵਾਸਤੇ ਆਪਣੀ ਮਾਂ ਦੇ ਕੋਲ਼ ਆਉਣ ਤੋਂ ਰੋਕ ਦਿੱਤਾ। ਇੰਦੂਬਾਈ ਕਹਿੰਦੀ ਹਨ,''ਆਮ ਤੌਰ 'ਤੇ ਗਰਭਅਵਸਥਾ ਦੇ ਸੱਤਵੇਂ ਮਹੀਨੇ ਕੁੜੀਆਂ ਆਪਣੇ ਪੇਕੇ ਰਹਿਣ ਆ ਜਾਂਦੀਆਂ ਹਨ। ਪਰ ਮੈਂ ਆਪਣੀ ਧੀ ਦਾ ਖਿਆਲ ਨਹੀਂ ਰੱਖ ਸਕੀ ਅਥੇ ਮੈਨੂੰ ਇਸ ਗੱਲ ਦਾ ਬੜਾ ਮਲਾਲ ਹੈ। ਹਾਂ ਇਹ ਵੀ ਸੱਚ ਹੈ ਕਿ ਜੰਮਣ ਪੀੜ੍ਹਾ ਸ਼ੁਰੂ ਹੋਣ 'ਤੇ ਜੇਕਰ ਹਸਪਤਾਲ ਲਿਜਾਣ ਦੀ ਨੌਬਤ ਆਉਂਦੀ ਤਾਂ ਕੀ ਬਣਦਾ? ਅਸੀਂ ਇਹ ਖਤਰਾ ਮੁੱਲ ਨਹੀਂ ਲੈ ਸਕਦੇ ਸਾਂ। ਸਾਨੂੰ ਤਾਂ ਬੁਨਿਆਦੀ ਸਿਹਤ ਸੇਵਾਵਾਂ ਤੱਕ ਪਹੁੰਚਣ ਤੋਂ ਪਹਿਲਾਂ ਦੋ ਵਾਰ ਸੋਚਣਾ ਪੈਂਦਾ ਹੈ।''

Left: Residents of Shinde Wasti waiting to reach the other side of Sautada village. Right: They carefully balance themselves on rocks to climb into the unsteady rafts
PHOTO • Parth M.N.
Left: Residents of Shinde Wasti waiting to reach the other side of Sautada village. Right: They carefully balance themselves on rocks to climb into the unsteady rafts
PHOTO • Parth M.N.

ਖੱਬੇ : ਸ਼ਿੰਦੇ ਬਸਤੀ ਦੇ ਨਿਵਾਸੀ ਸੌਤਾਡਾ ਪਿੰਡ ਦੇ ਦੂਸਰੇ ਸਿਰੇ ' ਤੇ ਜਾਣ ਦੀ ਉਡੀਕ ਵਿੱਚ। ਸੱਜੇ : ਹਝੋਕੇ ਖਾਂਦੀ ਕੰਮਚਲਾਊ ਬੇੜੀ ਵਿੱਚ ਸਵਾਰ ਹੋਣ ਲਈ ਸਾਵਧਾਨੀ ਵਰਤਦਿਆਂ ਚੱਟਾਨ ' ਤੇ ਆਪਣਾ ਸੰਤੁਲਨ ਬਣਾਉਂਦੇ ਹੋਏ

ਮਾਰਚ 2020 ਵਿੱਚ ਕੋਵਿਡ-19 ਮਹਾਂਮਾਰੀ ਦੇ ਵਿਸਫੋਟ ਤੋਂ ਬਾਅਦ ਪਿੰਡ ਵਾਲ਼ਿਆਂ ਦਾ ਸਾਲਾਂ ਤੋਂ ਚੱਲਦਾ ਆ ਰਿਹਾ ਇਹ ਇਕਾਂਤਵਾਸ ਚਿੰਤਾ ਦਾ ਵਿਸ਼ਾ ਬਣ ਗਿਆ। ਬਾਲਾਸਾਹੇਬ ਕਹਿੰਦੇ ਹਨ,''ਕਿਸਮਤ ਠੀਕ ਸੀ ਕਿ ਇੱਥੇ ਕੋਵਿਡ ਦੇ ਲੱਛਣਾਂ ਨਾਲ਼ ਜੂਝਦਿਆਂ ਕਿਸੇ ਜਾਨ ਨਹੀਂ ਗਈ। ਜਦੋਂ ਵੀ ਕੋਈ ਬੀਮਾਰ ਪੈਂਦਾ ਸੀ ਤਾਂ ਅਸੀਂ ਬੀਮਾਰੀ ਦੀ ਜਾਂਚ ਤੱਕ ਨਹੀਂ ਕਰਵਾ ਪਾਉਂਦੇ ਸਾਂ। ਉਸ ਹਾਲਤ ਵਿੱਚ ਪਿੰਡ ਦਾ ਬਾਸ਼ਿੰਦਾ ਨਦੀ ਪਾਰ ਕਰਕੇ ਪੈਰਾਸਿਟਮੋਲ ਲੈ ਆਉਂਦਾ ਸੀ।''

ਗੁਆਂਢੀ ਪਿੰਡ, ਲਿੰਬਾਗਣੇਸ਼ ਦੇ ਰਹਿਣ ਵਾਲ਼ੇ ਡਾਕਟਰ ਅਤੇ ਹੈਲਥ ਕਾਰਕੁੰਨ ਗਣੇਸ਼ ਧਾਵਲੇ ਕਰੋਨਾ ਵਾਇਰਸ ਫੈਲਣ ਤੋਂ ਬਾਅਦ ਦੋ ਵਾਰੀ ਸ਼ਿੰਦੇ ਬਸਤੀ ਗਏ। ਉਹ ਦੱਸਦੇ ਹਨ,''ਉੱਥੇ ਕਈ ਲੋਕਾਂ ਨੇ ਮੇਰੇ ਕੋਲ਼ ਸਰੀਰ ਦੁਖਣ, ਸਿਰ ਪੀੜ੍ਹ ਅਤੇ ਹੋਰ ਦੂਸਰੇ ਕੋਵਿਡ ਲੱਛਣਾਂ ਦੇ ਹੋਣ ਦੀ ਸ਼ਿਕਾਇਤ ਕੀਤੀ। ਮੈਂ ਲੱਛਣਾਂ ਦੇ ਅਧਾਰ 'ਤੇ ਦਵਾਈਆਂ ਦਿੱਤੀਆਂ,''  ਉਹ ਅੱਗੇ ਕਹਿੰਦੇ ਹਨ ਕਿ ਉਨ੍ਹਾਂ ਤੋਂ ਜੋ ਵੀ ਹੋ ਸਕਿਆ ਉਨ੍ਹਾਂ ਨੇ ਕੀਤਾ। ਉਹ ਅੱਗੇ ਕਹਿੰਦੇ ਹਨ,''ਇਸ ਸਮੱਸਿਆ ਦਾ ਕੋਈ ਪੱਕਾ ਹੱਲ ਕੱਢਣਾ ਹੋਵੇਗਾ। ਸੌਤਾਡਾ ਵੈਕਸੀਨੇਸ਼ਨ ਦੇ ਮਾਮਲੇ ਵਿੱਚ ਕਾਫੀ ਪਿਛਾਂਹ ਹੈ। ਘੱਟ ਤੋਂ ਘੱਟ 21ਵੀਂ ਸਦੀ ਵਿੱਚ ਤਾਂ ਅਜਿਹਾ ਕੋਈ ਪਿੰਡ ਨਹੀਂ ਹੋਣਾ ਚਾਹੀਦਾ, ਜਿੱਥੇ ਜਾਨ ਤਲ਼ੀ 'ਤੇ ਧਰ ਕੇ ਕੰਮਚਲਾਊ ਬੇੜੀ ਵਿੱਚ ਸਵਾਰ ਹੋਣਾ ਪਵੇ ਅਤੇ ਪਿੰਡ ਪਹੁੰਚਣਾ ਪਵੇ।''

ਪਿੰਡ ਵਾਲ਼ਿਆਂ ਨੂੰ ਦੂਜੇ ਪਾਰੋਂ ਲਿਆਉਣ ਤੇ ਲਿਜਾਣ ਲਈ ਇਸਤੇਮਾਲ ਹੋਣ ਵਾਲੀਆਂ ਇਹ ਕੰਮਚਲਾਊ ਬੇੜੀਆਂ ਪੁਰਾਣੀਆਂ ਬੇੜੀਆਂ (ਜੁਗਾੜ) ਜੋ ਲੰਬੇ ਸਮੇਂ ਤੋਂ ਵਰਤੋਂ ਵਿੱਚ ਸਨ, ਦੇ ਮੁਕਾਬਲੇ ਵੱਧ ਮਜ਼ਬੂਤ ਹਨ ਜੋ ਲੰਬੇ ਸਮੇਂ ਤੋਂ ਵਰਤੋਂ ਵਿੱਚ ਸਨ। ਆਉਣ-ਜਾਣ ਨੂੰ ਕੁਝ ਸੁਖਾਲਾ ਬਣਾਉਣ ਲਈ ਇਨ੍ਹਾਂ ਨਵੀਆਂ ਬੇੜੀਆਂ ਦਾ ਨਿਰਮਾਣ ਮੁੰਬਈ ਦੇ ਕੁਝ ਸ਼ੁੱਭਚਿੰਤਕਾਂ ਵੱਲੋਂ ਇਸ ਸਾਲ ਦੀ ਸ਼ੁਰੂਆਤ ਵਿੱਚ ਹੀ ਕੀਤਾ ਹੈ, ਜਿਸ ਵਿੱਚ ਲੋਹੇ ਦੀ ਰੇਲਿੰਗ ਅਤੇ ਰਬੜ ਦੇ ਛੱਲੇ ਲੱਗੇ ਹਨ। ਸ਼ਿੰਦੇ ਬਸਤੀ ਦੀ ਰਹਿਣ ਵਾਲ਼ੀ ਅਤੇ ਤਿੰਨ ਏਕੜ ਜ਼ਮੀਨ ਦੀ ਮਾਲਕਣ, 70 ਸਾਲਾ ਕਿਸਾਨ ਵਤਸਲਾ ਸ਼ਿੰਦੇ ਦੱਸਦੀ ਹਨ,''ਇਸ ਤੋਂ ਪਹਿਲਾਂ ਅਸੀਂ ਨਦੀ ਪਾਰ ਕਰਨ ਲਈ ਟਰੱਕ ਦੇ ਟਾਇਰਾ ਜਾਂ ਥਰਮੋਕੋਲ ਦੀ ਸ਼ੀਟ ਦਾ ਇਸਤੇਮਾਲ ਕਰਦੇ ਸਾਂ। ਉਨ੍ਹਾਂ ਆਸਰੇ ਨਦੀ ਪਾਰ ਕਰਨਾ ਕਿਤੇ ਵੱਧ ਖਤਰੇ ਭਰਿਆ ਕੰਮ ਸੀ ਅਤੇ ਉਨ੍ਹਾਂ ਦਾ ਸੰਤੁਲਨ ਬਣਾਈ ਰੱਖਣਾ ਹੋਰ ਵੀ ਮੁਸ਼ਕਲ ਹੁੰਦਾ ਸੀ। ਥਰਮੋਕੋਲ ਦੀ ਸ਼ੀਟ ਤਾਂ ਮਾਸਾ ਜਿੰਨੀ ਲਾਪਰਵਾਹੀ ਨਾਲ਼ ਟੁੱਟ ਸਕਦੀ ਹੈ।''

It takes 5-7 minutes for the rafts to cross the Vincharna. The journey is more risky in the monsoons, when the river water rises high
PHOTO • Parth M.N.

ਲੋਹੇ ਅਤੇ ਰਬੜ ਦੀ ਬਣੀ ਇਸ ਬੇੜੀ ਰਾਹੀਂ ਵਿੰਚਰਣਾ ਨਦੀ ਪਾਰ ਕਰਨ ਵਿੱਚ 5-7 ਮਿੰਟਾਂ ਦਾ ਸਮਾਂ ਲੱਗਦਾ ਹੈ। ਮਾਨਸੂਨ ਦੇ ਦਿਨੀਂ ਜਦੋਂ ਨਦੀ ਵਿੱਚ ਪਾਣੀ ਦਾ ਪੱਧਰ ਉਚੇਰਾ ਹੋ ਜਾਂਦਾ ਹੈ ਤਦ ਇਹ ਯਾਤਰਾ ਕੁਝ ਵੱਧ ਖਤਰੇ ਭਰੀ ਹੋ ਜਾਂਦੀ ਹੈ

ਇਹੀ ਕਾਰਨ ਹੈ ਕਿ ਸ਼ਿੰਦੇ ਬਸਤੀ ਦੇ ਜ਼ਿਆਦਾਤਰ ਬੱਚੇ ਚੌਥੀ ਜਮਾਤ ਤੋਂ ਅੱਗੇ ਨਹੀਂ ਪੜ੍ਹ ਸਕੇ। ਇੰਦੂਬਾਈ ਦੱਸਦੀ ਹਨ,''ਇੱਥੋਂ ਦੇ ਪ੍ਰਾਇਮਰੀ ਸਕੂਲ ਵਿੱਚ ਸਿਰਫ਼ ਚੌਥੀ ਜਮਾਤ ਤੱਕ ਦੀ ਪੜ੍ਹਾਈ ਹੀ ਹੁੰਦੀ ਹੈ। ਨਦੀ ਪਾਰ ਕਰਨ ਦੇ ਖਤਰੇ ਨੂੰ ਨਜ਼ਰਅੰਦਾਜ਼ ਕਰਦਿਆਂ ਕੋਈ ਇਸ ਗੱਲ 'ਤੇ ਕਿਵੇਂ ਯਕੀਨ ਕਰ ਸਕਦਾ ਹੈ ਕਿ 10 ਸਾਲ ਦਾ ਕੋਈ ਬੱਚਾ ਟਾਇਰ ਜਾਂ ਥਰਮੋਕੋਲ ਸ਼ੀਟ ਦੇ ਆਸਰੇ ਨਦੀ ਪਾਰ ਕਰ ਲਵੇਗਾ? ਸਾਡੇ ਵਿੱਚੋਂ ਜ਼ਿਆਦਾਤਰ ਨੂੰ ਆਪਣੀ ਰੋਜ਼ੀ-ਰੋਟੀ ਲਈ ਖੇਤਾਂ ਵਿੱਚ ਕੰਮ ਕਰਨ ਜਾਣਾ ਪੈਂਦਾ ਹੈ, ਇਸਲਈ ਅਸੀਂ ਹਰ ਰੋਜ਼ ਤਾਂ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਨਹੀਂ ਜਾ ਸਕਦੇ।''

ਇੰਦੂਬਾਈ ਨੂੰ ਉਮੀਦ ਹੈ ਕਿ ਰਬੜ ਦੀਆਂ ਇਨ੍ਹਾਂ ਨਵੀਆਂ ਬੇੜੀਆਂ ਰਾਹੀਂ ਬੱਚੇ ਨਦੀ ਪਾਰ ਕਰਕੇ ਦੂਸਰੇ ਪਾਸੇ ਸਥਿਤ ਸੈਕੰਡਰੀ ਸਕੂਲ ਜਾ ਸਕਣਗੇ। ਪਰ ਮਾਨਸੂਨ ਦੇ ਦਿਨੀਂ ਨਦੀ ਦੇ ਵਧੇ ਹੋਏ ਪਾਣੀ ਦੇ ਪੱਧਰ ਕਾਰਨ ਕਿਸੇ ਦਾ ਵੀ ਨਦੀ ਪਾਰ ਕਰਨਾ ਖਤਰੇ ਤੋਂ ਖਾਲੀ ਨਹੀਂ ਹੁੰਦਾ। ਇੰਦੂਬਾਈ ਕਹਿੰਦੀ ਹਨ,''ਸਾਡੀ ਕਿਸਮਤ ਠੀਕ ਰਹੀ ਹੈ ਕਿ ਹੁਣ ਤੱਕ ਸਾਡੇ ਵਿੱਚੋਂ ਕੋਈ ਡੁੱਬਿਆ ਨਹੀਂ ਹੈ। ਸਾਡੇ ਵਿੱਚੋਂ ਜ਼ਿਆਦਾਤਰ ਲੋਕ ਕਦੇ ਨਾ ਕਦੇ ਬੇੜੀ 'ਤੇ ਚੜ੍ਹਦੇ ਜਾਂ ਉਤਰਦੇ ਵੇਲ਼ੇ ਨਦੀ ਵਿੱਚ ਡਿੱਗੇ ਜ਼ਰੂਰ ਹਨ।''

ਲੋਹੇ ਅਤੇ ਰਬੜ ਦੀਆਂ ਬਣੀਆਂ ਇਨ੍ਹਾਂ ਬੇੜੀਆਂ ਵਿੱਚ ਇੱਕ ਵਾਰ ਵਿੱਚ 4-6 ਲੋਕ ਚੜ੍ਹ ਸਕਦੇ ਹਨ। ਜ਼ਿਆਦਾ ਭਾਰ ਹੋਣ 'ਤੇ ਬੇੜੀ ਪਲਟ ਸਕਦੀ ਹੈ। ਅਜਿਹੀ ਹਾਲਤ ਵਿੱਚ ਖਰੀਦਦਾਰੀ ਕਰਨ ਲਈ ਜਾਣਾ ਅੱਗ ਵਿੱਚ ਛਾਲ਼ ਮਾਰਨ ਨਾਲੋਂ ਘੱਟ ਨਹੀਂ, ਸੋ ਇਸ ਤੋਂ ਬਚਣ ਲਈ ਬਾਰ-ਬਾਰ ਚੱਕਰ ਲਾਉਣ ਨਾਲ਼ੋਂ ਨਿਵਾਸੀਆਂ ਨੂੰ ਰਸਦ-ਪਾਣੀ ਦਾ ਭੰਡਾਰਨ ਕਰਨਾ ਪੈਂਦਾ ਹੈ ਅਤੇ ਨਾਲ਼-ਨਾਲ਼ ਇਹ ਵੀ ਧਿਆਨ ਰੱਖਣਾ ਪੈਂਦਾ ਹੈ ਕਿ ਭਾਰ ਵੀ ਓਨਾ ਹੀ ਹੋਵੇ ਜਿੰਨਾ ਬੇੜੀ ਸੰਭਾਲ਼ ਲਵੇ।

ਪਰ ਪਿੰਡ ਵਾਲ਼ੇ ਹਰ ਵਾਰ ਸੰਤੁਲਨ ਬਣਾਈ ਰੱਖਣ ਵਿੱਚ ਕਾਮਯਾਬ ਨਹੀਂ ਵੀ ਹੋ ਪਾਉਂਦੇ। ਵਤਸਲਾ ਦੱਸਦੀ ਹਨ,''ਮੈਂ ਖੁਦ ਕਕਈ ਵਾਰ ਦਾਲਾਂ, ਦੁੱਧ ਤੇ ਹੋਰ ਰਸਦ ਸਣੇ ਨਦੀ ਵਿੱਚ ਡਿੱਗੀ ਹਾਂ। ਉਮਰ ਦੇ ਇਸ ਪੜਾਅ 'ਤੇ ਆਣ ਕੇ ਹੁਣ ਮੈਂ ਬਜ਼ਾਰ ਜਾਣਾ ਬੰਦ ਕਰ ਦਿੱਤਾ ਹੈ। ਪਿੰਡ ਦੀਆਂ ਬਹੁਤੇਰੀਆਂ ਔਰਤਾਂ ਨੂੰ ਤੈਰਨਾ ਨਹੀਂ ਆਉਂਦਾ ਅਤੇ ਸਾੜੀ ਬੰਨ੍ਹੀ ਹੋਣ ਕਾਰਨ ਬੇੜੀ ਵਿੱਚ ਸਵਾਰ ਹੋਣ ਥੋੜ੍ਹਾ ਹੋ ਦਿੱਕਤ ਭਰਿਆ ਹੁੰਦਾ ਹੈ। ਇਸਲਈ ਔਰਤਾਂ ਆਮ ਤੌਰ 'ਤੇ ਪਿੰਡ ਵਿੱਚ ਹੀ ਰਹਿੰਦੀਆਂ ਹਨ। ਪਰ ਜੇਕਰ ਕੋਈ ਸੰਕਟਕਾਲੀਨ ਹਾਲਤ ਹੋਵੇ ਤਾਂ ਸਾਡੇ ਪਿੰਡ ਦਾ ਵਾਸੀ ਹੋਣਾ ਕਿਸੇ ਮਾੜੇ ਸੁਪਨੇ ਤੋਂ ਘੱਟ ਨਹੀਂ ਹੁੰਦਾ।''

Left: Vatsala Shinde says she has fallen into the river quite a few times while climbing into the rafts. Right: Getting off from a raft is as difficult as getting on it
PHOTO • Parth M.N.
Left: Vatsala Shinde says she has fallen into the river quite a few times while climbing into the rafts. Right: Getting off from a raft is as difficult as getting on it
PHOTO • Parth M.N.

ਖੱਬੇ : ਵਤਸਲਾ ਸ਼ਿੰਦੇ ਦੱਸਦੀ ਹਨ ਕਿ ਬੇੜੀ ' ਤੇ ਸਵਾਰ ਹੁੰਦੇ ਵੇਲ਼ੇ ਉਹ ਕਈ ਵਾਰ ਨਦੀ ਵਿੱਚ ਜਾ ਡਿੱਗੀ ਹਨ। ਸੱਜੇ : ਰਬੜ ਦੀ ਬਣੀ ਇਸ ਬੇੜੀ ' ਚੋਂ ਉਤਰਨਾ ਵੀ ਓਨਾ ਹੀ ਖਤਰੇ ਭਰਿਆ ਹੈ ਜਿੰਨਾ ਕਿ ਬੇੜੀ ' ਤੇ ਸਵਾਰ ਹੋਣਾ

ਵਤਸਲਾ ਦੋ ਦਹਾਕੇ ਪੁਰਾਣੀ ਕਹਾਣੀ ਬਿਆਨ ਕਰਦੀ ਹਨ: ਇੱਕ ਵਾਰ ਉਨ੍ਹਾਂ ਦੀ ਨੂੰਹ ਜੀਜਾਬਾਈ ਫੂਡ ਪੋਇਜ਼ਨਿੰਗ ਦਾ ਸ਼ਿਕਾਰ ਹੋ ਗਈ।  ਉਨ੍ਹਾਂ ਨੂੰ ਛੇਤੀ ਤੋਂ ਛੇਤੀ ਲਿਜਾਏ ਜਾਣ ਦੀ ਲੋੜ ਸੀ, ਪਰ ਉਨ੍ਹਾਂ ਦੀ ਹਾਲਤ ਵਿਗੜਦੀ ਹੀ ਰਹੀ। ਉਹ ਦੱਸਦੀ ਹਨ,''ਪਰ ਉਹ ਥਰਮੋਕੋਲ ਸ਼ੀਟ 'ਤੇ ਚੜ੍ਹ ਨਾ ਸਕੀ। ਉਹ ਬੇਹੱਦ ਬੀਮਾਰ ਸੀ ਅਤੇ ਅਸੀਂ ਉਹਦੀ ਹਿੰਮਤ ਬਣਾਈ ਰੱਖਣ ਦੀ ਉਡੀਕ ਕਰਨੀ ਪੈਣੀ ਸੀ। ਉਹਨੂੰ ਨਦੀ ਪਾਰ ਕਰਨ ਵਿੱਚ ਕੁਝ ਵੱਧ ਸਮਾਂ ਲੱਗ ਗਿਆ।''

ਇਹ ਦੇਰੀ ਹੀ ਜੀਜਾਬਾਈ ਦੀ ਮੌਤ ਦਾ ਸਬਬ ਬਣੀ ਅਤੇ ਹਸਪਤਾਲ ਪਹੁੰਚਣ ਤੋਂ ਥੋੜ੍ਹੇ ਸਮੇਂ ਬਾਅਦ ਹੀ ਜੀਜਾਬਾਈ ਦੀ ਮੌਤ ਹੋ ਗਈ। ਧਾਵਲੇ ਕਹਿੰਦੇ ਹਨ,''ਇੱਥੇ ਇਸ ਗੱਲ ਦਾ ਕੋਈ ਮਤਲਬ ਨਹੀਂ ਕਿ ਜੇਕਰ ਉਹ ਥੋੜ੍ਹੀ ਪਹਿਲਾਂ ਹਸਪਤਾਲ ਪੁੱਜ ਗਈ ਹੁੰਦੀ, ਤਾਂ ਉਨ੍ਹਾਂ ਦੀ ਜਾਨ ਬੱਚ ਜਾਂਦੀ। ਕਿਸੇ ਦੀ ਵੀ ਪਰਿਵਾਰ ਨੂੰ ਇਹ ਸੋਚਣ ਵਿੱਚ ਸਮਾਂ ਜ਼ਾਇਆ ਨਹੀਂ ਕਰਨਾ ਚਾਹੀਦਾ ਕਿ ਜੇ ਉਹਦੇ ਪਰਿਵਾਰ ਦਾ ਮੈਂਬਰ ਸਮਾਂ ਰਹਿੰਦਿਆਂ ਹਸਪਤਾਲ ਲਿਜਾਇਆ ਜਾਂਦਾ ਤਾਂ ਉਹਦੀ ਜਾਨ ਬੱਚ ਹੀ ਜਾਂਦੀ।'' ਉਹ ਦੱਸਦੇ ਹਨ ਕਿ ਜ਼ਿਲ੍ਹਾ ਅਧਿਕਾਰੀਆਂ ਨੂੰ ਪੂਰੇ ਮਾਮਲੇ ਤੋਂ ਜਾਣੂ ਕਰਾਉਣ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਦਾ ਵੀ ਕੋਈ ਫਾਇਦਾ ਨਹੀਂ ਹੋਇਆ।

ਸੌਤਾਡਾ ਦੇ ਬਾਕੀ ਇਲਾਕਿਆਂ ਨਾਲ਼ੋਂ ਇੰਝ ਕੱਟੋ ਹੋਏ ਹੋਣ ਦਾ ਮਾੜਾ ਅਸਰ ਉੱਥੋਂ ਦੇ ਮੁੰਡਿਆਂ ਦੇ ਵਿਆਹਾਂ 'ਤੇ ਵੀ ਪਿਆ ਹੈ। ਬਾਲਾਸਾਹੇਬ ਦੱਸਦੇ ਹਨ,''ਸਾਡੇ ਮੁੰਡਿਆਂ ਦੇ ਵਿਆਹ ਸਾਡੇ ਲਈ ਮੁਸ਼ਕਲਾਂ ਭਰੇ ਹਨ। ਕੁੜੀ ਵਾਲ਼ਿਆਂ ਨੂੰ ਚਿੰਤਾ ਇਸ ਗੱਲ ਦੀ ਰਹਿੰਦਾ ਹੈ ਕਿ ਉਨ੍ਹਾਂ ਦੀ ਧੀ ਇੱਥੇ ਆ ਕੇ ਸਦਾ ਲਈ ਫੱਸ ਜਾਵੇਗੀ। ਫਿਰ ਵੀ ਇਸ ਵਿੱਚ ਉਨ੍ਹਾਂ ਦਾ ਕੋਈ ਦੋਸ਼ ਨਹੀਂ ਹੈ ਕਿ ਉਹ ਆਪਣੀਆਂ ਧੀਆਂ ਸਾਡੇ ਪਿੰਡ ਨਹੀਂ ਵਿਆਹੁਣਾ ਚਾਹੁੰਦੇ। ਇਸੇ ਕਾਰਨ ਸਾਡੇ ਰਿਸ਼ਤੇਦਾਰ ਵੀ ਸਾਨੂੰ ਮਿਲ਼ਣ ਨਹੀਂ ਆਉਂਦੇ।''

ਇਸ ਸਟੋਰੀ ਰਿਪੋਰਟਰ ਨੂੰ ਸੁਤੰਤਰ ਰਿਪੋਰਟਿੰਗ ਗ੍ਰਾਂਟ ਦੇ ਜ਼ਰੀਏ ਪੁਲਿਤਜ਼ਰ ਸੈਂਟਰ ਦੁਆਰਾ ਸਮਰਥਤ ਲੜੀ ਦਾ ਸਹਿਯੋਗ ਪ੍ਰਾਪਤ ਹੈ।

ਤਰਜਮਾ: ਕਮਲਜੀਤ ਕੌਰ

Parth M.N.

Parth M.N. is a 2017 PARI Fellow and an independent journalist reporting for various news websites. He loves cricket and travelling.

Other stories by Parth M.N.
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur