ਸਾਨੂੰ ਦੂਰੋਂ ਇੱਕ ਧੂੰਏ ਦਾ ਬੱਦਲ ਦਿੱਸਦਾ ਹੈ ਅਤੇ ਫਿਰ ਇੰਜਣ ਦੇ ਫਟ-ਫਟ ਦੀ ਨੇੜੇ ਆਉਂਦੀ ਅਵਾਜ਼ ਵੀ, ਫਿਰ ਅਚਾਨਕ ਮੋਪਡ 'ਤੇ ਸਵਾਰ ਅਦਾਇਕਲਸੇਲਵੀ ਸਾਹਮਣੇ ਆਉਂਦੀ ਹਨ, ਨੀਲੀ ਸਾੜੀ ਵਿੱਚ ਮਲਬੂਸ, ਨੱਕ ਵਿੱਚ ਵੱਡਾ ਸਾਰਾ ਕੋਕਾ ਪਾਈ ਅਤੇ ਚਿਹਰੇ 'ਤੇ ਭਰਵੀਂ ਮੁਸਕਾਨ ਲਈ। ਕੁਝ ਕੁ ਮਿੰਟ ਪਹਿਲਾਂ ਆਪਣੇ ਮਿਰਚ ਦੇ ਖੇਤਾਂ ਵਿੱਚੋਂ ਹੀ ਉਨ੍ਹਾਂ ਸਾਨੂੰ ਅਵਾਜ਼ ਦਿੱਤੀ ਅਤੇ ਆਪਣੇ ਤਾਲਾ ਲੱਗੇ ਘਰ ਦੇ ਬਾਹਰ ਉਡੀਕ ਕਰਨ ਲਈ ਕਿਹਾ। ਮਾਰਚ ਦਾ ਮਹੀਨਾ ਅਤੇ ਅੱਧ-ਦੁਪਹਿਰ ਦਾ ਸਮਾਂ ਹੈ ਪਰ, ਰਾਮਨਾਥਪੁਰਮ ਦਾ ਸੂਰਜ ਕਾਫ਼ੀ ਖੂੰਖਾਰ ਹੋਇਆ ਪਿਆ ਹੈ। ਸੂਰਜ ਸਿਰਾਂ 'ਤੇ ਹੋਣ ਕਾਰਨ ਸਾਡੇ ਪਰਛਾਵੇ ਛੋਟੇ ਹਨ, ਪਰ ਸਾਡੇ ਧਿਆਏ ਗਲ਼ੇ ਅੱਕ ਬਣੇ ਪਏ ਹਨ। ਅਮਰੂਦ ਦੀ ਸੁਹਾਵਣੀ ਛਾਵੇਂ ਆਪਣੇ ਮੋਪਡ ਨੂੰ ਖੜ੍ਹਾ ਕਰਦਿਆਂ, ਅਦਾਇਕਲਸੇਲਵੀ ਕਿਸੇ ਹੜਬੜੀ ਵਿੱਚ ਬਾਹਰਲਾ ਬੂਹਾ ਖੋਲ੍ਹਦੀ ਹਨ ਅਤੇ ਸਾਨੂੰ ਅੰਦਰ ਬੁਲਾਉਂਦੀ ਹਨ। ਚਰਚ ਦੀ ਘੰਟੀ ਵੱਜਦੀ ਹੈ। ਉਹ ਸਾਡੇ ਲਈ ਪਾਣੀ ਲਿਆਉਂਦੀ ਹਨ ਅਤੇ ਗੱਲਾਂ ਮਾਰਨ ਲਈ ਬਹਿ ਜਾਂਦੀ ਹਨ।

ਗੱਲ ਉਨ੍ਹਾਂ ਦੀ ਮੋਪਡ ਤੋਂ ਸ਼ੁਰੂ ਹੁੰਦੀ ਹੈ। ਦਰਅਸਲ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦਿਆਂ ਇਸ ਉਮਰ ਦੀ ਔਰਤ ਲਈ ਇੰਝ ਮੋਪਡ ਚਲਾਉਣਾ ਕੋਈ ਆਮ ਗੱਲ ਵੀ ਤਾਂ ਨਹੀਂ ਹੈ। ''ਪਰ ਇਹ ਹੈ ਬੜਾ ਫ਼ਾਇਦੇਮੰਦ,'' 51 ਸਾਲਾ ਇਹ ਔਰਤ ਹੱਸਦਿਆਂ ਕਹਿੰਦੀ ਹਨ। ਉਨ੍ਹਾਂ ਨੇ ਬੜੀ ਛੇਤੀ ਮੋਪਡ ਚਲਾਉਣੀ ਸਿੱਖ ਲਈ। ''ਜਦੋਂ ਮੈਂ ਅੱਠਵੀਂ ਵਿੱਚ ਪੜ੍ਹਦੀ ਹੁੰਦੀ ਸਾਂ ਤਾਂ ਮੇਰੇ ਭਰਾ ਨੇ ਮੈਨੂੰ ਜਾਚ ਸਿਖਾਈ। ਸਾਈਕਲ ਤਾਂ ਮੈਨੂੰ ਚਲਾਉਣਾ ਆਉਂਦਾ ਹੀ ਸੀ ਸੋ ਇੰਨਾ ਔਖਾਂ ਨਹੀਂ ਲੱਗਿਆ।''

ਜੇ ਇਹ ਫਟਫਟੀਆ ਨਾ ਹੁੰਦਾ ਤਾਂ ਜੀਵਨ ਬੜਾ ਮੁਸ਼ਕਲ ਹੁੰਦਾ, ਉਹ ਗੰਭੀਰ ਹੁੰਦਿਆਂ ਕਹਿੰਦੀ ਹਨ। ''ਮੇਰੇ ਪਤੀ ਕੰਮ ਦੇ ਸਿਲਸਿਲੇ ਵਿੱਚ ਕਈ ਸਾਲ ਘਰੋਂ ਦੂਰ ਰਹੇ। ਉਹ ਪਲੰਬਰ ਦਾ ਕੰਮ ਕਰਦੇ ਸਨ ਇਸਲਈ ਪਹਿਲਾਂ ਸਿੰਗਾਪੁਰ, ਫਿਰ ਦੁਬਈ ਅਤੇ ਕਤਰ ਜਿਹੇ ਦੇਸ਼ਾਂ ਵਿੱਚ ਰਿਹਾ ਕਰਦੇ। ਮੈਂ ਇਕੱਲਿਆਂ ਆਪਣੀਆਂ ਧੀਆਂ ਨੂੰ ਪਾਲ਼ਿਆ ਅਤੇ ਖੇਤ ਵੀ ਸਾਂਭੇ। ਬਗ਼ੈਰ ਕਿਸੇ ਮਦਦ ਦੇ ਐਨ ਇਕੱਲਿਆਂ।''

ਜੇ. ਅਦਾਇਕਲਸੇਲਵੀ ਸ਼ੁਰੂ ਤੋਂ ਹੀ ਕਿਸਾਨ ਹਨ। ਉਹ ਭੁੰਜੇ ਹੀ ਆਪਣੀ ਪਿੱਠ ਨੂੰ ਸਿੱਧੀ ਕਰੀ, ਲੱਤਾਂ ਦਾ ਕਾਟਾ ਜਿਹਾ ਬਣਾਈ ਬੈਠੀ ਹਨ- ਉਨ੍ਹਾਂ ਦੇ ਦੋਵਾਂ ਹੱਥਾਂ ਵਿੱਚ ਇੱਕ-ਇੱਕ ਚੂੜੀ ਪਾਈ ਹੈ, ਉਨ੍ਹਾਂ ਦੇ ਹੱਥ ਬੜੇ ਅਰਾਮ ਨਾਲ਼ ਗੋਡਿਆਂ 'ਤੇ ਟਿਕੇ ਹੋਏ ਹਨ। ਉਨ੍ਹਾਂ ਦਾ ਜਨਮ ਸ਼ਿਵਾਗੰਗਾਈ ਜ਼ਿਲ੍ਹੇ ਦੇ ਕਲਾਯਾਰਕੋਇਲ ਦੇ ਕਿਸਾਨ ਪਰਿਵਾਰ ਘਰ ਹੋਇਆ। ਮੁਦੁਕੁਲਾਥੂਰ ਬਲਾਕ ਵਿਖੇ ਪੈਂਦੀ ਉਨ੍ਹਾਂ ਦੀ ਬਸਤੀ ਪੀ. ਮੁਥੂਵਿਜਯਪੁਰਮ ਤੱਕ ਪੁੱਜਣ ਵਾਸਤੇ ਜੇਕਰ ਸੜਕ ਥਾਣਿਓਂ ਜਾਣਾ ਹੋਵੇ ਤਾਂ ਡੇਢ ਘੰਟੇ ਦਾ ਰਾਹ ਹੈ। ''ਮੇਰਾ ਭਰਾ ਸ਼ਿਵਾਗੰਗਾਈ ਹੀ ਰਹਿੰਦਾ ਹੈ। ਉੱਥੇ ਉਨ੍ਹਾਂ ਦੇ ਕਈ ਬੋਰਵੈੱਲ ਹਨ ਅਤੇ ਇੱਥੇ ਮੈਨੂੰ ਘੰਟੇ ਦੇ 50 ਰੁਪਏ ਦੇ ਹਿਸਾਬ ਨਾਲ਼ ਸਿੰਚਾਈ ਲਈ ਪਾਣੀ ਖਰੀਦਣਾ ਪੈਂਦਾ ਹੈ।'' ਰਾਮਨਾਥਪੁਰਮ ਵਿੱਚ ਪਾਣੀ ਇੱਕ ਵੱਡਾ ਕਾਰੋਬਾਰ ਹੈ।

Adaikalaselvi is parking her bike under the sweet guava tree
PHOTO • M. Palani Kumar

ਅਮਰੂਦ ਦੇ ਬੂਟੇ ਦੀ ਸੁਹਾਵਣੀ ਛਾਵੇਂ ਅਦਾਇਕਲਸੇਲਵੀ ਆਪਣਾ ਮੋਪਡ ਖੜ੍ਹਾ ਕਰਦੀ ਹਨ

Speaking to us in the living room of her house in Ramanathapuram, which she has designed herself
PHOTO • M. Palani Kumar

ਰਾਮਨਾਥਪੁਰਮ ਵਿਖੇ ਆਪਣੇ ਘਰ ਦੇ ਵੱਡੇ ਸਾਰੇ ਕਮਰੇ ਵਿੱਚ ਬੈਠਿਆਂ ਸਾਡੇ ਨਾਲ਼ ਗੱਲਾਂ ਕਰਦੀ ਹਨ, ਇਹ ਕਮਰਾ ਉਨ੍ਹਾਂ ਨੇ ਹੱਥੀਂ ਸਜਾਇਆ

ਜਦੋਂ ਉਨ੍ਹਾਂ ਦੀਆਂ ਧੀਆਂ ਛੋਟੀਆਂ ਸਨ, ਅਦਾਇਕਲਸੇਲਵੀ ਨੇ ਉਨ੍ਹਾਂ ਨੂੰ ਹੋਸਟਲ ਪਾ ਦਿੱਤਾ। ਪਹਿਲਾਂ ਉਹ ਖੇਤਾਂ ਦਾ ਕੰਮ ਮੁਕਾਉਂਦੀ, ਉਨ੍ਹਾਂ ਨੂੰ ਦੇਖਣ ਜਾਂਦੀ, ਵਾਪਸ ਆਉਂਦੀ ਅਤੇ ਫਿਰ ਘਰ ਸਾਂਭਦੀ। ਹੁਣ ਉਹ ਛੇ ਏਕੜ ਦੇ ਕਰੀਬ ਜ਼ਮੀਨ 'ਤੇ ਖੇਤੀ ਕਰਦੀ ਹਨ, ਇੱਕ ਏਕੜ ਉਨ੍ਹਾਂ ਦੀ ਆਪਣੀ ਅਤੇ ਬਾਕੀ ਦੇ ਪੰਜ ਏਕੜ ਪਟੇ 'ਤੇ ਲੈ ਰੱਖੀ ਹੈ। ''ਝੋਨਾ, ਮਿਰਚਾ, ਨਰਮਾ: ਇਹ ਵੇਚਣ ਲਈ ਹੁੰਦਾ ਹੈ। ਧਨੀਆ, ਭਿੰਡੀਆਂ, ਬੈਂਗਣ, ਕੱਦੂ, ਛੋਟੇ ਪਿਆਜ਼: ਇਹ ਸਾਡੀ ਆਪਣੀ ਰਸੋਈ ਵਾਸਤੇ...''

ਦਲ਼ਾਨ ਵਿੱਚ ਉਹ ਇੱਕ ਸਬ੍ਹਾਤ ਵੱਲ ਇਸ਼ਾਰਾ ਕਰਦੀ ਹਨ। ''ਝੋਨੇ ਨੂੰ ਮੈਂ ਬੋਰੀਬੰਦ ਕਰ ਦਿੰਦੀ ਹਾਂ ਤਾਂ ਕਿ ਚੂਹੇ ਦੂਰ ਰਹਿਣ। ਮਿਰਚਾਂ ਰਸੋਈ ਦੀ ਸਬ੍ਹਾਤ 'ਤੇ ਰੱਖੀਆਂ ਜਾਂਦੀਆਂ ਹਨ।'' ਇਸੇ ਤਰ੍ਹਾਂ ਸਮੇਂ-ਸਮੇਂ 'ਤੇ ਕਮਰੇ ਬਦਲਦੇ ਰਹਿੰਦੇ ਹਨ। ਦੋ ਦਹਾਕੇ ਪਹਿਲਾਂ ਜਦੋਂ ਇਹ ਘਰ ਬਣਿਆ ਗਿਆ ਤਾਂ ਉਨ੍ਹਾਂ ਨੇ ਇਹ ਸਭ ਸੱਜ਼ਾ ਖ਼ੁਦ ਡਿਜ਼ਾਇਨ ਕੀਤੀ, ਉਹ ਹਿੱਚ-ਹਿੱਚ ਕਰਦਿਆਂ ਮੈਨੂੰ ਦੱਸਦੀ ਹਨ। ਇਹ ਉਨ੍ਹਾਂ ਦਾ ਹੀ ਵਿਚਾਰ ਸੀ ਕਿ ਮੂਹਰਲੇ ਬੂਹੇ ‘ਤੇ ਮਦਰ ਮੈਰੀ ਦਾ ਚਿੱਤਰ ਉਕੇਰਿਆ ਜਾਵੇ। ਇਹ ਸੱਚਿਓ ਹੀ, ਲੱਕੜ ਦੀ ਬਿਹਤਰੀਨ ਕਲਾਕਾਰੀ ਹੈ ਜਿਸ ਵਿੱਚ ਫੁੱਲ ਦੇ ਸਿਰੇ ‘ਤੇ ਮੈਰੀ ਖੜ੍ਹੀ ਹੈ। ਬੈਠਕ ਦੀਆਂ ਕੰਧਾਂ ਪਿਸਤੇ ਰੰਗ ਨਾਲ਼ ਰੰਗੀਆਂ ਹੋਈਆਂ ਹਨ ਜਿਨ੍ਹਾਂ ‘ਤੇ ਕਈ ਫੁੱਲ-ਬੂਟੇ ਬਣਾਏ ਹੋਏ ਹਨ ਅਤੇ ਕੰਧਾਂ ਨੂੰ ਪਰਿਵਾਰ ਦੀਆਂ ਤਸਵੀਰਾਂ ਅਤੇ ਜੀਸਸ ਅਤੇ ਮੈਰੀ ਦੀਆਂ ਤਸਵੀਰਾਂ ਨਾਲ਼ ਸਜਾਇਆ ਹੋਇਆ ਹੈ।

ਘਰ ਦੇ ਇਸ ਸੁਹਜ-ਸਾਸ਼ਤਰ ਤੋਂ ਇਲਾਵਾ, ਘਰ ਅੰਦਰ ਫ਼ਸਲਾਂ ਦੇ ਭੰਡਾਰਨ ਦੀ ਖੁੱਲ੍ਹੀ ਥਾਂ ਉਨ੍ਹਾਂ ਨੂੰ ਆਪਣਾ ਝਾੜ ਸਾਂਭਣ ਯੋਗ ਬਣਾਉਂਦੀ ਹੈ ਅਤੇ ਫ਼ਸਲ ਦਾ ਚੰਗਾ ਭਾਅ ਮਿਲ਼ਣ ਤੱਕ ਉਡੀਕ ਵਿੱਚ ਮਦਦ ਕਰਦੀ ਹੈ, ਆਮ ਕਰਕੇ ਸਹੀ ਭਾਅ ਮਿਲ਼ ਹੀ ਜਾਂਦਾ ਹੈ। ਝੋਨੇ ਦੀ ਸਰਕਾਰੀ ਖ਼ਰੀਦ ਦਰ 19.40 ਸੀ।

ਉਂਝ ਸਥਾਨਕ ਕਮਿਸ਼ਨ ਏਜੰਟ 13 ਰੁਪਏ ਭਾਅ ਦਿੰਦਾ ਹੈ। ''ਮੈਂ ਸਰਕਾਰ ਨੂੰ ਦੋ ਕੁਵਿੰਟਲ (200 ਕਿਲੋ) ਝੋਨਾ ਵੇਚਦੀ ਹਾਂ। ਉਹ ਭਲ਼ਾ ਮਿਰਚਾਂ ਵੀ ਕਿਉਂ ਨਹੀਂ ਖਰੀਦ ਸਕਦੇ?'' ਉਹ ਪੁੱਛਦੀ ਹਨ।

ਹਰੇਕ ਮਿਰਚ ਕਿਸਾਨ ਵਧੀਆ ਅਤੇ ਢੁੱਕਵੇਂ ਭਾਅ ਦੀ ਕਦਰ ਹੀ ਕਰੇਗਾ, ਉਹ ਤਰਕ ਦਿੰਦੀ ਹਨ। ''ਝੋਨੇ ਤੋਂ ਉਲਟ, ਮਿਰਚਾਂ ਨੂੰ ਬਹੁਤੇ ਮੀਂਹ ਜਾਂ ਖੇਤਾਂ ਵਿੱਚ ਪਾਣੀ ਖੜ੍ਹਾ ਰੱਖਣ ਦੀ ਲੋੜ ਨਹੀਂ ਪੈਂਦੀ। ਇਸ ਸਾਲ, ਉਦੋਂ ਮੀਂਹ ਪਿਆ ਜਦੋਂ ਨਹੀਂ ਪੈਣਾ ਚਾਹੀਦਾ ਸੀ, ਜਦੋਂ ਫ਼ੁਟਾਲ਼ਾ ਹੁੰਦਾ ਹੈ ਤਾਂ ਪਹਿਲਾਂ ਛੋਟੇ-ਛੋਟੇ ਕੰਢੇਨੁਮਾ ਪੌਦੇ ਨਿਕਲ਼ਦੇ ਹਨ। ਉਦੋਂ ਜੇਕਰ ਫੁੱਲ ਲੱਗਣ ਤੋਂ ਪਹਿਲਾਂ ਥੋੜ੍ਹਾ ਜਿਹਾ ਮੀਂਹ ਵੀ ਬੜਾ ਮਦਦਗਾਰ ਹੁੰਦਾ ਹੈ, ਪਰ ਇਸ ਵਾਰ ਫੁੱਲ ਲੱਗਣ ਤੋਂ ਪਹਿਲਾਂ ਮੀਂਹ ਪਿਆ ਹੀ ਨਹੀਂ।'' ਉਹ ਮੀਂਹ ਦੇ ਇਸ ਪੂਰੇ ਵਰਤਾਰੇ ਵਾਸਤੇ 'ਜਲਵਾਯੂ ਤਬਦੀਲੀ' ਸ਼ਬਦ ਇਸਤੇਮਾਲ ਤਾਂ ਨਹੀਂ ਕਰਦੀ ਪਰ ਹਾਂ ਮੀਂਹ ਦੇ ਖ਼ਾਸੇ ਵਿੱਚ ਆਏ ਬਦਲਾਵਾਂ ਨੂੰ ਇੰਗਤ ਕਰਦਿਆਂ ਕਹਿੰਦੀ ਹਨ ਕਿ ਗ਼ਲਤ ਮੌਸਮ ਅਤੇ ਗ਼ਲਤ ਸਮੇਂ ਵਿੱਚ ਵਿਤੋਂਵੱਧ ਅਤੇ ਤੀਬਰ ਮੀਂਹ ਪੈਂਦਾ ਹੈ। ਮੌਸਮ ਦੀ ਮਾਰ ਦਾ ਮਾੜਾ ਸਿੱਟਾ ਇਹ ਨਿਕਲ਼ਿਆ ਕਿ ਇਸ ਵਾਰ ਵਾਢੀ ਵਿੱਚ ਉਨ੍ਹਾਂ ਦਾ ਝਾੜ ਆਮ ਨਾਲ਼ੋਂ 5 ਗੁਣਾ ਘੱਟ ਰਿਹਾ। ''ਇਸ ਵਾਰ ਤਾਂ ਬੇੜਾ ਗਰਕ ਸਮਝੋ।'' ਪਰ ਇਸ ਸਭ ਦੇ ਬਾਵਜੂਦ ਮਿਰਚ ਦੀ 'ਰਾਮਨਾਦ ਮੁੰਡੂ' (ਜਿਹੜੀ ਕਿਸਮ ਉਹ ਬੀਜਦੀ ਹਨ) ਕਿਸਮ ਦੀ 300 ਰੁਪਏ ਕਿਲੋ ਦੇ ਹਿਸਾਬ ਨਾਲ਼ ਕੀਮਤ ਮਿਲ਼ੀ  'ਉਚੇਰੇ ਭਾਅ' ਕਾਰਨ ਜਾਨ ਬੱਚ ਗਈ।

Adaikalaselvi is showing us her cotton seeds. Since last ten years she has been saving and selling these
PHOTO • M. Palani Kumar

ਅਦਾਇਕਲਸੇਲਵੀ ਸਾਨੂੰ ਨਰਮੇ ਦੇ ਬੀਜ ਦਿਖਾ ਰਹੀ ਹਨ। ਕਰੀਬ ਦਸ ਸਾਲਾਂ ਤੋਂ ਉਹ ਇਨ੍ਹਾਂ ਨੂੰ ਸਾਂਭਦੀ ਅਤੇ ਵੇਚਦੀ ਆਈ ਹਨ

She is plucking chillies in her fields
PHOTO • M. Palani Kumar

ਆਪਣੇ ਖੇਤਾਂ ਵਿੱਚੋਂ ਮਿਰਚਾਂ ਤੋੜ ਰਹੀ ਹਨ

ਉਹ ਉਸ ਵੇਲ਼ੇ ਨੂੰ ਚੇਤੇ ਕਰਦੀ ਹਨ ਜਦੋਂ ਮਿਰਚ ਇੱਕ ਜਾਂ ਦੋ ਰੁਪਏ ਕਿਲੋ ਵਿਕਦੀ ਅਤੇ ਇੱਕ ਕਿਲੋ ਬੈਂਗਣ ਉਦੋਂ 25 ਪੈਸੇ ਦਾ ਵੇਚਿਆ ਜਾਂਦਾ ਸੀ। ''30 ਸਾਲ ਪਹਿਲਾਂ ਵੀ ਸਿਰਫ਼ ਨਰਮਾ ਹੀ ਕਿਉਂ 3 ਜਾਂ 4 ਰੁਪਏ ਕਿਲੋ ਵਿਕਦਾ ਸੀ। ਉਦੋਂ ਉਸ ਵੇਲ਼ੇ ਵੀ ਤੁਸੀਂ 5 ਰੁਪਏ ਦਿਹਾੜੀ ‘ਤੇ ਮਜ਼ਦੂਰ ਲਾਉਂਦੇ ਸੋ। ਹੁਣ? ਦਿਹਾੜੀ ਵੱਧ ਕੇ 250 ਰੁਪਏ ਹੋ ਗਈ। ਪਰ ਨਰਮਾ ਸਿਰਫ਼ 80 ਕਿਲੋ ਹੀ ਹੋਇਆ।'' ਹੋਰਨਾਂ ਸ਼ਬਦਾਂ ਵਿੱਚ ਕਹੀਏ ਤਾਂ ਮਜ਼ਦੂਰੀ ਦੀ ਦਰ 50 ਗੁਣਾ ਵਧੀ; ਜਦੋਂ ਕਿ ਵੇਚ ਮੁੱਲ ਸਿਰਫ਼ 20 ਗੁਣਾ। ਦੱਸੋ ਕਿਸਾਨ ਕਿੱਧਰ ਨੂੰ ਜਾਵੇ? ਇਹ ਤਾਂ ਉਹ ਗੱਲ ਹੋਈ: ਦਰ ਵੱਟ ਜ਼ਮਾਨਾ ਕੱਟ...

ਅਦਾਇਕਲਸੇਲਵੀਨੇ ਵੀ ਇਸੇ ਤਰ੍ਹਾਂ ਜਿਊਣਾ ਸਿੱਖ ਲਿਆ ਹੈ। ਉਨ੍ਹਾਂ ਦੀ ਗੱਲਬਾਤ ਵਿੱਚ ਸੰਕਲਪ ਸਾਫ਼ ਝਲਕਦਾ ਹੈ। ''ਮਿਰਚਾਂ ਦੇ ਖੇਤ ਇਸ ਪਾਸੇ ਹਨ,'' ਆਪਣੇ ਸੱਜੇ ਹੱਥ ਇਸ਼ਾਰਾ ਕਰਦਿਆਂ ਕਹਿੰਦੀ ਹਨ,''ਅਤੇ ਮੈਂ ਥੋੜ੍ਹੀ ਕੁ ਇੱਧਰ ਤੇ ਥੋੜ੍ਹੀ ਕੁ ਓਧਰਲੇ ਪਾਸੇ ਵਾਲ਼ੀ ਜ਼ਮੀਨ 'ਤੇ ਖੇਤੀ ਕਰਦੀ ਹਾਂ।'' ਉਨ੍ਹਾਂ ਦੇ ਹੱਥ ਹਵਾ ਵਿੱਚ ਹੀ ਨਕਸ਼ਾ ਝਰੀਟਦੇ ਹਨ। ''ਆਪਣੀ ਮੋਪਡ ਹੋਣ ਕਾਰਨ ਮੈਂ ਦੁਪਹਿਰ ਦੀ ਰੋਟੀ ਖਾਣ ਵੀ ਘਰ ਹੀ ਆ ਜਾਂਦੀ ਹਾਂ। ਹੁਣ ਮੈਨੂੰ ਬੋਰੀਆਂ ਲੱਦਣ-ਲਾਹੁਣ ਲਈ ਕਿਸੇ ਬੰਦੇ ਦੇ ਮੂੰਹ ਵੱਲ ਨਹੀਂ ਦੇਖਣਾ ਪੈਂਦਾ। ਮੈਂ ਇੱਕ ਬੋਰੀ ਚੁੱਕਦੀ ਹਾਂ, ਇਹਦੇ ਕੈਰੀਅਰ 'ਤੇ ਟਿਕਾਉਂਦੀ ਹਾਂ ਤੇ ਬੱਸ...।'' ਅਦਾਇਕਲਸੇਲਵੀ ਜਦੋਂ ਬੋਲਦੀ ਹਨ ਤਾਂ ਇੱਕ ਮੁਸਕਾਨ ਉਨ੍ਹਾਂ ਦੇ ਚਿਹਰੇ ‘ਤੇ ਖਿੰਡੀ ਰਹਿੰਦੀ ਹੈ। ਉਨ੍ਹਾਂ ਦੇ ਇਲਾਕੇ ਦੀ ਤਮਿਲ ਵੀ ਕਾਫ਼ੀ ਜਾਣੀ-ਪਛਾਣੀ ਅਤੇ ਅਪਣੱਤ ਭਰੀ ਹੈ।

''2005 ਵਿੱਚ ਆਪਣੀ ਮੋਪਡ ਖਰੀਦਣ ਤੋਂ ਪਹਿਲਾਂ ਮੈਂ ਪਿੰਡ ਵਿੱਚੋਂ ਕਿਸੇ ਨਾ ਕਿਸੇ ਦੀ ਬਾਈਕ ਉਧਾਰ ਮੰਗ ਲਿਆ ਕਰਦੀ।'' ਉਨ੍ਹਾਂ ਨੂੰ ਆਪਣੀ ਮੋਪਡ ਖਰੀਦਣਾ ਕਿਸੇ ਨਿਵੇਸ਼ ਤੋਂ ਘੱਟ ਨਹੀਂ ਜਾਪਦਾ। ਹੁਣ, ਉਹ ਪਿੰਡ ਦੀਆਂ ਹੋਰਨਾਂ ਨੌਜਵਾਨ ਔਰਤਾਂ ਨੂੰ ਵੀ ਮੋਪਡ ਚਲਾਉਣ ਲਈ ਹੱਲ੍ਹਾਸ਼ੇਰੀ ਦਿੰਦੀ ਹਨ। ''ਕਈ ਤਾਂ ਚਲਾਉਣ ਵੀ ਲੱਗ ਗਈਆਂ ਹਨ,'' ਆਪਣੀ ਮੋਪਡ 'ਤੇ ਹੁਲਾਰਾ ਮਾਰ ਕੇ ਬਹਿੰਦਿਆਂ ਕਹਿੰਦੀ ਹਨ ਅਤੇ ਇੱਕ ਸਾਫ਼ਗੋਅ ਮੁਸਕਾਨ ਉਨ੍ਹਾਂ ਦੇ ਚਿਹਰੇ 'ਤੇ ਪਸਰ ਜਾਂਦੀ ਹੈ। ਅਸੀਂ ਆਪਣੇ ਵਾਹਨ 'ਤੇ ਸਵਾਰ ਹੋ ਉਨ੍ਹਾਂ ਦੇ ਮਗਰ ਮਗਰ ਚੱਲ ਪਏ, ਪਿਛਲੀ ਵਾਰੀ ਦੀ ਉਪਜ (ਮਿਰਚਾਂ) ਧੁੱਪੇ ਸੁੱਕ ਰਹੀ ਹੈ, ਇਓਂ ਜਾਪਦਾ ਹੈ ਜਿਵੇਂ ਕੁਦਰਤ ਨੇ ਰਾਮਨਾਥਪੁਰਮ ਵਿਖੇ ਲਾਲ ਕਾਲੀਨ ਵਿਛਾ ਦਿੱਤੀ ਹੋਵੇ, ਇਹ ਹੈ ਸਾਰੇ ਘਰਾਂ ਦੇ ਖਾਣੇ ਵਿੱਚ ਸਵਾਦ ਬਖ਼ਸ਼ਣ ਵਾਲ਼ੀ ਇੱਕ ਗੁੰਡੂ ਮਿਲਾਗਈ (ਮੋਟੀ ਮਿਰਚ)...

*****

''ਤੈਨੂੰ ਮੈਂ ਹਰੀ ਤੋਂ ਲਾਲ-ਸੁਰਖ ਹੁੰਦੀ ਦੇਖਿਐ,
ਪਲੇਟ 'ਚ ਪਈ ਤੂੰ ਹੋਰ ਸੁਆਦੀ ਜਾਪਦੀ ਏਂ...
''
ਸੰਤ-ਸੰਗੀਤਕਾਰ ਪੁਰੰਦਾਰਦਾਸ ਦੇ ਇੱਕ ਗੀਤ ਵਿੱਚੋਂ

ਯਕੀਨਨ ਇਸ ਦਿਲਚਸਪ ਸਤਰ ਦੀਆਂ ਕਈ ਵਿਆਖਿਆਵਾਂ ਸੰਭਵ ਹੋਣ ਪਰ ਕੇ.ਟੀ. ਅਚਾਰਿਆ ਦੀ ਕਿਤਾਬ ' ਇੰਡੀਅਨ ਫੂਡ, ਏ ਹਿਸਟੋਰੀਕਲ ਕੰਪੈਨੀਅਨ ' ਮੁਤਾਬਕ  ਮਿਰਚ ਦਾ ਪਹਿਲਾ ਸਾਹਿਤਿਕ ਉਲੇਖ ਇੱਥੇ ਹੀ ਮਿਲ਼ਦਾ ਹੈ। ਗੱਲ ਜਾਰੀ ਰੱਖਦਿਆਂ ਉਹ ਕਹਿੰਦੇ ਹਨ ਕਿ ਇਹ ਮਸਾਲਾ ਭਾਰਤੀ ਭੋਜਨ ਅੰਦਰ ਇੰਝ ਰਸਿਆ-ਵਸਿਆ ਹੈ ਕਿ ਇਹ ਯਕੀਨ ਕਰਨਾ ਮੁਸ਼ਕਲ ਹੈ ਕਿ ਇਹ ਸਦਾ ਤੋਂ ਸਾਡਾ ਹਿੱਸਾ ਨਹੀਂ ਸੀ।'' ਖ਼ੈਰ, ਇਸ ਗੀਤ ਜ਼ਰੀਏ ਅਸੀਂ ਇਸ ਮਸਾਲੇ ਦੀ ਉਤਪਤੀ ਦੇ ਨਿਸ਼ਚਿਤ ਕਾਲ ਤੱਕ ਪਹੁੰਚਣ ਦੀ ਹਾਲਤ ਵਿੱਚ ਹਾਂ। ਇਸ ਗੀਤ ਦੀ ਰਚਨਾ ''ਦੱਖਣ ਭਾਰਤ ਦੇ ਮਹਾਨ ਸੰਗੀਤਕਾਰ ਪੁਰੰਦਾਰਦਾਸ (1480-1564) ਨੇ ਕੀਤੀ ਸੀ।''

ਗੀਤ ਅੱਗੇ ਕਹਿੰਦਾ ਜਾਂਦਾ ਹੈ:

''ਗ਼ਰੀਬਾਂ ਦੀ ਮਸੀਹਾ, ਸੁਆਦ ਨੂੰ ਵਧਾਉਣ ਵਾਲ਼ੀ, ਦੰਦੀ ਵੱਢਿਆਂ ਅੱਗ ਜਿਊਂ, ਇੱਥੋਂ ਤੱਕ ਕਿ ਪਨਦੁਰੰਗਾ ਵਿਟਾਲਾ (ਦੇਵੀ) ਲਈ ਵੀ ਇਹਨੂੰ ਕੱਚੀ ਖਾਣਾ ਸੌਖਾ ਨਹੀਂ ਹੈ।''

ਬਨਸਤਪਤੀ ਦੀ ਭਾਸ਼ਾ ਵਿੱਚ ਕੈਪਸੀਕਮ ਏਨੁਮ ਦੇ ਨਾਮ ਨਾਲ਼ ਉਲੇਖਿਤ ਮਿਰਚ ਨੂੰ 'ਭਾਰਤ ਲਿਆਉਣ ਦਾ ਸਿਹਰਾ ਪੁਰਤਗਾਲੀਆਂ ਦੇ ਸਿਰ ਬੱਝਦਾ ਹੈ, ਜੋ ਦੱਖਣ ਅਮੇਰੀਕਾ 'ਤੇ ਆਪਣੀ ਜਿੱਤ ਤੋਂ ਬਾਅਦ ਉੱਥੋਂ ਇਹਨੂੰ ਨਾਲ਼ ਲੈ ਕੇ ਭਾਰਤ ਦੇ ਤਟਾਂ ਤੱਕ ਤੱਕ ਪਹੁੰਚੇ ਸਨ,' ਸੁਨੀਤਾ ਜੋਗੇਟ ਅਤੇ ਸੁਨੀਲ ਜਾਲੀਹਲ ਆਪਣੀ ਕਿਤਾਬ 'ਰੋਮਾਂਸਿੰਗ ਦਿ ਚਿਲੀ' ਵਿੱਚ ਕਹਿੰਦੇ ਹਨ।

A popular crop in the district, mundu chillies, ripe for picking
PHOTO • M. Palani Kumar

ਜ਼ਿਲ੍ਹੇ ਦੀ ਹਰਮਨ ਪਿਆਰੀ ਫ਼ਸਲ, ਮੁੰਡੂ ਮਿਰਚਾਂ, ਤੋੜੇ ਜਾਣ ਲਈ ਪੱਕ ਗਈਆਂ ਹਨ

A harvest of chillies drying in the sun, red carpets of Ramanathapuram
PHOTO • M. Palani Kumar

ਸੂਰਜ ਹੇਠ ਸੁੱਕਦੀ ਮਿਰਚਾਂ ਦੀ ਫ਼ਸਲ, ਜਿਵੇਂ ਕੁਦਰਤ ਨੇ ਰਾਮਨਾਥਪੁਰਮ ਵਿਖੇ ਲਾਲ ਕਾਲੀਨ ਵਿਛਾਈ ਹੋਵੇ

ਇੱਕ ਵਾਰ ਜਦੋਂ ਇਹ ਮਿਰਚ ਇੱਥੇ (ਭਾਰਤ) ਆ ਗਈ ਤਾਂ ਵੇਖਦੇ ਹੀ ਵੇਖਦੇ ਕਾਲ਼ੀ ਮਿਰਚ ਨੂੰ ਪਛਾੜ ਗਈ- ਕਾਲ਼ੀ ਮਿਰਚ ਜੋ ਉਦੋਂ ਤੀਕਰ ਭੋਜਨ ਅੰਦਰ 'ਗਰਮੀ' ਭਰਨ ਵਾਲ਼ਾ ਇਕਲੌਤਾ ਮਸਾਲਾ ਸੀ। ਲਾਲ ਮਿਰਚ ਦੇ ਪੱਖ ਵਿੱਚ ਇਹ ਗੱਲ ਹੋਰ ਭਾਰੀ ਹੋ ਜਾਂਦੀ ਹੈ ਕਿ ਇਹਨੂੰ ਭਾਰਤ ਵਿੱਚ ਕਿਤੇ ਵੀ ਬੀਜਿਆ ਜਾ ਸਕਦਾ ਹੈ... ਅਤੇ ''ਕਾਲ਼ੀ ਮਿਰਚ ਦੇ ਮੁਕਾਬਲੇ ਇਹਦੀ ਵਰਤੋਂ ਵੀ ਬਹੁਤ ਜ਼ਿਆਦਾ ਹੈ,'' ਅਚਾਇਆ ਲਾਲ ਮਿਰਚ ਦੀ ਖ਼ਾਸੀਅਤ ਦੱਸਦਿਆਂ ਕਹਿੰਦੇ ਹਨ। ਮਿਸਾਲ ਵਜੋਂ, ਤਮਿਲ ਵਿੱਚ ਜਿੱਥੇ ਕਾਲ਼ੀ ਮਿਰਚ ਨੂੰ ਮਿਲਾਗੂ ਕਿਹਾ ਜਾਂਦਾ ਹੈ, ਉੱਥੇ ਲਾਲ ਮਿਰਚ ਨੂੰ ਮਿਲਾਗਈ (ਮੋਟੀ ਮਿਰਚ) ਕਿਹਾ ਜਾਂਦਾ ਹੈ। ਇਨ੍ਹਾਂ ਦੋ ਸੁਰਾਂ ਨੇ ਮੰਨੋਂ ਮਹਾਂਦੀਪਾਂ ਅਤੇ ਇੱਕ ਸਦੀ ਤੋਂ ਦੂਜੀ ਸਦੀ ਵਿਚਾਲੇ ਪੁੱਲ ਬੰਨ੍ਹਣ ਦਾ ਕੰਮ ਕੀਤਾ।

ਇਹ ਨਵਾਂ ਮਸਾਲਾ ਸਾਡਾ ਆਪਣਾ ਉਤਪਾਦ ਬਣ ਗਿਆ। ਭਾਰਤ ਦੁਨੀਆ ਵਿੱਚ ਸੁੱਕੀ ਲਾਲ ਮਿਰਚ ਦੇ ਸਭ ਤੋਂ ਵੱਡੇ ਉਤਪਾਦਕਾਂ ਵਿੱਚੋਂ ਇੱਕ ਹੈ ਅਤੇ ਏਸ਼ੀਆ-ਪ੍ਰਸ਼ਾਂਤ ਖਿੱਤੇ ਹੇਠ ਆਉਂਦੇ ਦੇਸ਼ਾਂ ਵਿੱਚ ਮੋਹਰੀ ਭੂਮਿਕਾ ਵਿੱਚ ਵੀ ਹੈ। ਭਾਰਤ ਨੇ 2020 ਵਿੱਚ 17 ਲੱਖ ਟਨ ਸੁੱਕੀ ਲਾਲ ਮਿਰਚ ਦੀ ਪੈਦਾਵਾਰ ਕੀਤੀ। ਇਹ ਪੈਦਾਵਾਰ ਦੂਜੇ ਅਤੇ ਤੀਜੇ ਨੰਬਰ 'ਤੇ ਰਹਿਣ ਵਾਲ਼ੇ ਥਾਈਲੈਂਡ ਅਤੇ ਚੀਨ ਨਾਲ਼ੋਂ ਕਰੀਬ ਕਰੀਬ ਪੰਜ ਗੁਣਾ ਹੈ। ਆਂਧਰਾ ਪ੍ਰਦੇਸ਼, ਭਾਰਤ ਦਾ ਸਭ ਤੋਂ ਵੱਡਾ 'ਮਿਰਚ-ਉਤਪਾਦਕ' ਰਾਜ ਬਣ ਕੇ ਉੱਭਰਦਾ ਹੈ, ਜਿੱਥੇ 2021 ਵਿੱਚ 8,36,000 ਟਨ ਉਤਪਾਦਨ ਰਿਹਾ। ਉਸੇ ਸਾਲ ਤਮਿਲਨਾਡੂ ਨੇ ਸਿਰਫ਼ 25,648 ਟਨ ਪੈਦਾਵਾਰ ਹੀ ਕੀਤੀ। ਰਾਜ ਦੇ ਅੰਦਰ , ਰਾਮਨਾਥਪੁਰਮ ਮੋਹਰੀ ਹੀ ਰਿਹਾ। ਤਮਿਲਨਾਡੂ ਦੇ, ਚਾਰ ਹੈਟਕੇਅਰ ਵਿੱਚ ਉਗਾਈ ਜਾਂਦੀ ਮਿਰਚ ਦਾ ਇੱਕ ਹੈਕਟੇਅਰ (ਕੁੱਲ 54,231 ਵਿੱਚੋਂ 15,939) ਉਤਪਾਦਨ ਇਸੇ ਜ਼ਿਲ੍ਹੇ ਵਿੱਚੋਂ ਹੀ ਆਉਂਦਾ ਹੈ।

ਮੈਂ ਰਾਮਨਾਥਪੁਰਮ ਦੀ ਮਿਰਚ ਅਤੇ ਮਿਰਚੀ ਕਿਸਾਨਾਂ ਬਾਰੇ ਪਹਿਲੀ ਦਫ਼ਾ ਪੀ.ਸਾਈਨਾਥ ਦੀ ਸੰਸਾਰ ਪ੍ਰਸਿੱਧ ਕਿਤਾਬ ਐਵਰੀਬਾਡੀ ਲਵਸ ਏ ਗੁੱਡ ਡ੍ਰਾਉਟ ਦੇ ''ਦਿ ਟਾਇਰਨੀ ਆਫ਼ ਦਿ ਤਾਰਾਗਰ'' ਨਾਮਕ ਅਧਿਆਇ ਵਿੱਚ ਪੜ੍ਹਿਆ ਸੀ। ਕਹਾਣੀ ਕੁਝ ਇੰਝ ਸ਼ੁਰੂ ਹੁੰਦੀ ਹੈ: ''ਤਾਰਾਗਰ (ਕਮਿਸ਼ਨ ਏਜੰਟ) ਇੱਕ ਛੋਟੇ ਕਿਸਾਨ ਦੁਆਰਾ ਉਹਦੇ ਸਾਹਮਣੇ ਰੱਖੀਆਂ ਮਿਰਚਾਂ ਦੀਆਂ ਦੋ ਬੋਰੀਆਂ ਵਿੱਚੋਂ ਇੱਕ ਬੋਰੀ ਅੰਦਰ ਆਪਣਾ ਹੱਥ ਵਾੜ੍ਹਦਾ ਹੈ ਅਤੇ ਕੋਈ ਇੱਕ ਕਿਲੋ ਮਿਰਚਾਂ ਬਾਹਰ ਕੱਢਦਾ ਹੈ ਅਤੇ ਬੜੀ ਲਾਪਰਵਾਹੀ ਨਾਲ਼ ਉਨ੍ਹਾਂ ਨੂੰ ਇੱਕ ਪਾਸੇ ਰੱਖੇ ਢੇਰ ਵੱਲ ਉਛਾਲ਼ ਦਿੰਦਾ ਹੈ। ਇਹ ਸਾਮੀ ਵਿਠੱਲ (ਰੱਬ ਦਾ) ਹਿੱਸਾ (ਭੋਗ) ਹੈ।''

ਫਿਰ ਸਾਈਨਾਥ ਸਾਡੀ ਜਾਣ-ਪਛਾਣ ਬੌਂਦਲੇ ਖੜ੍ਹੇ ਰਾਮਾਸਵਾਮੀ ਨਾਲ਼ ਕਰਵਾਉਂਦੇ ਹਨ, ''ਇਹ ਛੋਟਾ ਜਿਹਾ ਮਿਰਚ-ਕਿਸਾਨ ਹੈ ਅਤੇ ਇੱਕ-ਤਿਹਾਈ ਏਕੜ ਵਿੱਚ ਮਿਰਚ ਪੈਦਾ ਕਰਕੇ ਆਪਣਾ ਡੰਗ ਚਲਾਉਂਦਾ ਹੈ।'' ਉਹ ਚਾਹ ਕੇ ਵੀ ਆਪਣੀ ਪੈਦਾਵਾਰ ਕਿਸੇ ਹੋਰ ਨੂੰ ਨਹੀਂ ਵੇਚ ਸਕਦਾ ਕਿਉਂਕਿ ''ਏਜੰਟ ਨੇ ਬੀਜੇ ਜਾਣ ਤੋਂ ਵੀ ਪਹਿਲਾਂ ਹੀ ਉਹਦੀ ਸਾਰੀ ਦੀ ਸਾਰੀ ਫ਼ਸਲ ਖਰੀਦ ਲਈ।'' ਸਾਲ 1990 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਜਦੋਂ ਸਾਈਨਾਥ ਨੇ ਆਪਣੀ ਕਿਤਾਬ ਵਾਸਤੇ ਦੇਸ਼ ਦੇ ਦਸ ਸਭ ਤੋਂ ਗ਼ਰੀਬ ਜ਼ਿਲ੍ਹਿਆਂ ਦੀ ਯਾਤਰਾ ਕੀਤੀ ਸੀ ਉਦੋਂ ਕਿਸਾਨਾਂ 'ਤੇ ਤਾਰਾਗਰਾਂ ਦਾ ਦਬਦਬਾ ਕੁਝ ਅਜਿਹਾ ਹੀ ਸੀ।

2022 ਵਿੱਚ ਮੈਂ ਆਪਣੀ ਲੜੀ 'ਲੈਟ ਦਮ ਈਟ ਰਾਈਸ' ਲਿਖਣ ਵਾਸਤੇ ਦੋਬਾਰਾ ਰਾਮਨਾਥਪੁਰਮ ਗਈ ਤਾਂ ਮੈਨੂੰ ਉਨ੍ਹਾਂ ਕਿਸਾਨਾਂ ਦੀ ਅੱਜ ਦੀ ਹਾਲਤ ਦਾ ਜਾਇਜ਼ਾ ਲੈਣ ਦਾ ਇੱਕ ਹੋਰ ਮੌਕਾ ਮਿਲ਼ਿਆ।

*****

'' ਘੱਟ ਝਾੜ ਹੱਥ ਲੱਗਣ ਮਗਰਲੇ ਕਾਰਨ : ਮਾਇਲ (ਮੋਰ), ਮੁਯਲ (ਖ਼ਰਗੋਸ਼), ਮਾਡੂ (ਗਾਂ) ਅਤੇ ਮਾਨ  (ਹਿਰਨ) ਹਨ ਅਤੇ ਵੱਧ ਮੀਂਹ ਅਤੇ ਘੱਟ ਮੀਂਹ ਵੀ ਆਪਣੀ ਭੂਮਿਕਾ ਨਿਭਾਉਂਦੇ ਹਨ। ''
ਵੀ. ਗੋਵਿੰਦਰਾਜਨ, ਮਿਰਚ-ਕਿਸਾਨ, ਮੁਮੁਦੀਸਥਾਨ, ਰਾਮਨਾਥਪੁਰਮ

ਰਾਮਨਾਥਪੁਰਮ ਦੀ ਇੱਕ ਮਿਰਚ ਵਪਾਰੀ ਦੀ ਦੁਕਾਨ 'ਤੇ, ਪੁਰਸ਼ ਅਤੇ ਔਰਤਾਂ ਨੀਲਾਮੀ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਹਨ। ਉਹ ਸਾਰੇ ਕਿਸਾਨ ਸਨ ਜੋ ਇਸ ਮੰਡੀ ਤੱਕ ਟੈਂਪੂ ਅਤੇ ਬੱਸਾਂ ਦੀ ਸਵਾਰੀ ਕਰਕੇ ਆਉਂਦੇ ਹਨ ਅਤੇ ਲੂੰਹਦੀ ਧੁੱਪ ਨਾਲ਼ ਪੈਂਦੀ ਤਪਸ਼ ਤੋਂ ਬਚਣ ਵਾਸਤੇ ਸਾੜੀਆਂ ਦੇ ਪੱਲਿਆਂ ਅਤੇ ਤੋਲ਼ੀਆਂ ਨਾਲ਼ ਖ਼ੁਦ ਨੂੰ ਪੱਖੀ ਝਲ਼ਦੇ, ਮੁੜ੍ਹਕਾ ਪੂੰਝਦੇ ਉੱਥੇ ਆਣ ਪੁੱਜਦੇ ਹਨ ਅਤੇ ਇੱਧਰ-ਓਧਰ ਰੱਖੀਆਂ ਪਸ਼ੂਆਂ ਦੀ ਖਾਦ ('ਡਬਲ ਹਾਰਸ' ਬ੍ਰਾਂਡ), ਚਾਰੇ ਦੀਆਂ ਬੋਰੀਆਂ 'ਤੇ ਹੀ ਬਹਿ ਜਾਂਦੇ ਹਨ। ਗਰਮੀ ਬਹੁਤ ਜ਼ਿਆਦਾ ਹੈ, ਪਰ ਆਪਣੇ ਲਈ ਛਾਂ ਦਾ ਇੱਕ ਛੋਟਾ ਜਿਹਾ ਟੋਟਾ ਲੱਭਣ ਵਿੱਚ ਸਫ਼ਲ ਰਹਿੰਦੇ ਹਨ। ਉਨ੍ਹਾਂ ਦੇ ਖੇਤਾਂ ਵਿੱਚ ਛਾਂ ਦਾ ਇੰਨਾ ਕੁ ਟੋਟਾ ਵੀ ਨਹੀਂ ਮਿਲ਼ਦਾ ਕਿਉਂਕਿ ਮਿਰਚਾਂ ਦੇ ਬੂਟੇ ਛਾਂ ਵਿੱਚ ਨਹੀਂ ਵੱਧਦੇ-ਫੁਲਦੇ।

Mundu chilli harvest at a traders shop in Ramanathapuram
PHOTO • M. Palani Kumar
Govindarajan (extreme right) waits with other chilli farmers in the traders shop with their crop
PHOTO • M. Palani Kumar

ਖੱਬੇ : ਰਾਮਨਾਥਪੁਰਮ ਵਿਖੇ ਵਪਾਰੀ ਦੀ ਦੁਕਾਨ ' ਤੇ ਮੁੰਡੂ ਮਿਰਚ ਦੀ ਪੈਦਾਵਾਰ। ਸੱਜੇ : ਗੋਵਿੰਦਰਾਜਨ (ਐਨ ਸੱਜੇ) ਵਪਾਰੀ ਦੀ ਦੁਕਾਨ ਵਿਖੇ ਆਪਣੀ ਫ਼ਸਲ ਅਤੇ ਹੋਰਨਾਂ ਮਿਰਚ-ਕਿਸਾਨਾਂ ਦੇ ਨਾਲ਼ ਉਡੀਕ ਕਰਦੇ ਹੋਏ

69 ਸਾਲਾ ਵੀ. ਗੋਵਿੰਦਰਾਜਨ ਆਪਣੇ ਨਾਲ਼ 20-20 ਕਿਲੋ ਦੀਆਂ ਤਿੰਨ ਬੋਰੀਆਂ ਲਾਲ ਮਿਰਚਾਂ ਲਿਆਏ ਹਨ। ''ਇਸ ਸਾਲ ਝਾੜ ਮਾੜਾ ਰਿਹਾ।'' ਉਹ ਉਪਜ (ਮਾਗਾਸੂਲ) ਬਾਰੇ ਗੱਲ ਕਰਦਿਆਂ ਦੁਖੀ ਮਨ ਨਾਲ਼ ਆਪਣਾ ਸਿਰ ਹਿਲਾਉਂਦੇ ਹਨ। ''ਪਰ ਬਾਕੀ ਖਰਚੇ ਤਾਂ ਕੋਈ ਘੱਟ ਨਹੀਂ ਹੁੰਦੇ।'' ਉਨ੍ਹਾਂ ਦਾ ਕਹਿਣਾ ਹੈ ਕਿ ਮਾਲੀਗਾਈ (ਚਮੇਲੀ) ਅਤੇ ਮਿਲਾਗਈ ਜਿਹੀਆਂ ਹੋਰ ਮਲ਼ੂਕ ਫ਼ਸਲਾਂ ਦੇ ਮੁਕਾਬਲੇ ਵਿੱਚ ਮਾਗਾਸੂਲ ਮਿਰਚ ਕੁਦਰਤੀ ਰੂਪ ਵਿੱਚ ਕਠੋਰ ਪੈਦਾਵਾਰ ਹੈ। ਇਹਨੂੰ ਕੀਟਨਾਸ਼ਕਾਂ ਵਿੱਚ ਡੁਬੋਣ ਦੀ ਲੋੜ ਨਹੀਂ ਪੈਂਦੀ।

ਫਿਰ, ਗੋਵਿੰਦਰਾਜਨ ਇਹਦੀ ਪ੍ਰਕਿਰਿਆ ਦੀ ਗੱਲ ਕਰਦੇ ਹਨ। ਉਹ ਮੈਨੂੰ ਦੱਸਦੇ ਹਨ ਕਿ ਇਹਦੀ ਸੱਤ ਵਾਰ ਵਾਹੀ ਕਰਨ ਦੀ ਲੋੜ ਪੈਂਦੀ ਹੈ (ਦੋ ਵਾਰੀ ਡੂੰਘੀ ਵਾਹੀ ਅਤੇ ਪੰਜ ਵਾਰੀ ਗਰਮੀਆਂ ਮੌਕੇ)। ਫਿਰ ਮਿੱਟੀ ਵਿੱਚ ਖਾਦ ਰਲਾਉਣ ਦੀ ਵਾਰੀ ਆਉਂਦੀ ਹੈ। ਇਹਦੇ ਵਾਸਤੇ ਹਫ਼ਤੇ ਕੁ ਲਈ ਰੋਜ਼ ਰਾਤੀਂ 100 ਬੱਕਰੀਆਂ ਨੂੰ ਖੇਤਾਂ ਵਿੱਚ ਰੱਖਣਾ ਹੁੰਦਾ ਹੈ ਕਿਉਂਕਿ ਉਨ੍ਹਾਂ ਦੀਆਂ ਮੇਂਗਣਾ ਅਤੇ ਮੂਤਰ ਨਾਲ਼ ਮਿੱਟੀ ਉਪਜਾਊ ਹੁੰਦੀ ਹੈ। ਇਸ ਕੰਮ ਲਈ ਇੱਕ ਰਾਤ ਦੇ 200 ਰੁਪਏ ਲੱਗਦੇ ਹਨ। ਫਿਰ ਬੀਜਾਂ 'ਤੇ ਖ਼ਰਚਾ ਆਉਂਦਾ ਹੈ ਅਤੇ 4-5 ਗੇੜਾਂ ਵਿੱਚ ਨਦੀਨ ਪੁੱਟਣ 'ਤੇ ਅਲੱਗ ਤੋਂ ਪੈਸੇ ਖਰਚਣਾ ਪੈਂਦਾ ਹੈ। ''ਮੇਰੇ ਬੇਟੇ ਕੋਲ਼ ਟਰੈਕਟਰ ਹੈ ਇਸਲਈ ਉਹ ਮੁਫ਼ਤ  ਵਿੱਚ ਮੇਰੇ ਖੇਤ ਵਾਹ ਦਿੰਦਾ ਹੈ,'' ਇੰਨਾ ਕਹਿ ਉਹ ਹੱਸਦੇ ਹਨ। ''ਬਾਕੀ ਕਿਸਾਨਾਂ ਨੂੰ ਇਸੇ ਵਹਾਈ ਵਾਸਤੇ ਕੰਮ ਦੇ ਹਿਸਾਬ ਨਾਲ਼ ਇੱਕ ਘੰਟੇ ਦਾ 900-1,500 ਰੁਪਿਆ ਕਿਰਾਇਆ ਦੇਣਾ ਪੈਂਦਾ ਹੈ।''

ਸਾਡੇ ਆਲ਼ੇ-ਦੁਆਲ਼ੇ ਹੋਰ ਕਿਸਾਨ ਜੁੜਨ ਲੱਗਦੇ ਹਨ। ਪੁਰਸ਼ਾਂ ਨੇ ਧੋਤੀਆਂ ਅਤੇ ਲੂੰਗੀਆਂ ਪਹਿਨੀਆਂ ਹਨ, ਮੋਢਿਆਂ 'ਤੇ ਬੜੇ ਸਲੀਕੇ ਨਾਲ਼ ਤੋਲ਼ੀਏ ਜਾਂ ਸਾਫ਼ੇ (ਪਰਨੇ) ਟਿਕਾਏ ਹੋਏ ਹਨ। ਔਰਤਾਂ ਨਾਈਲਨ ਦੀਆਂ ਰੰਗ-ਬਿਰੰਗੀਆਂ ਸਾੜੀਆਂ ਵਿੱਚ ਮਲਬੂਸ ਹਨ। ਉਨ੍ਹਾਂ ਦੇ ਵਾਲ਼ਾਂ ਦੇ ਜੂੜਿਆਂ 'ਤੇ ਕੇਸਰੀ ਰੰਗੀਆਂ ਕਨਕਾਂਬਰਮ ਬੰਨ੍ਹੀਆਂ ਹੋਈਆਂ ਹਨ ਅਤੇ ਮਾਲੀਗਾਈ ਦੀ ਮਹਿਕ ਆ ਰਹੀ ਹੈ। ਗੋਵਿੰਦਰਾਜਨ ਮੇਰੇ ਲਈ ਚਾਹ ਖਰੀਦਦੇ ਹਨ। ਟੁੱਟੀਆਂ-ਭੱਜੀਆਂ ਟਾਈਲਾਂ ਦੀਆਂ ਝੀਤਾਂ ਵਿੱਚੋਂ ਦੀ ਧੁੱਪ ਦੀ ਪੱਟੀ ਆ ਰਹੀ ਹੈ। ਪੈਂਦੀ ਲਿਸ਼ਕੋਰ  ਨਾਲ਼ ਲਾਲ ਮਿਰਚਾਂ ਇਓਂ ਲਿਸ਼ਕਣ ਲੱਗਦੀਆਂ ਹਨ ਜਿਓਂ ਲਾਲ ਰਤਨ ਹੋਣ।

ਰਾਮਨਾਥਪੁਰਮ ਬਲਾਕ ਦੇ ਕੋਨੇਰੀ ਬਸਤੀ ਦੀ 35 ਸਾਲਾ ਕਿਸਾਨ, ਏ. ਵੇਸੁਕੀ ਆਪਣੇ ਤਜ਼ਰਬੇ ਸਾਂਝਾ ਕਰਦੀ ਹਨ। ਉੱਥੇ ਮੌਜੂਦ ਹੋਰਨਾਂ ਵਾਂਗਰ ਉਨ੍ਹਾਂ ਦੇ ਦਿਨ ਦੀ ਸ਼ੁਰੂਆਤ ਵੀ ਪੁਰਸ਼ਾਂ ਦੇ ਮੁਕਾਬਲੇ ਕਾਫ਼ੀ ਤੜਕੇ ਹੀ ਹੋ ਜਾਂਦੀ ਹੈ। ਜਦੋਂ ਉਹ ਸਵੇਰੇ 7 ਵਜੇ ਮੰਡੀ ਜਾਣ ਲਈ ਨਿਕਲ਼ਦੀ ਹਨ, ਉਦੋਂ ਤੀਕਰ ਉਹ ਖਾਣਾ ਪਕਾ ਕੇ ਆਪਣੇ ਸਕੂਲ ਜਾਂਦੇ ਬੱਚਿਆਂ ਦੇ ਟਿਫ਼ਨ ਵੀ ਤਿਆਰ ਕਰ ਚੁੱਕੀ ਹੁੰਦੀ ਹਨ। ਉਹ ਪੂਰੇ 12 ਘੰਟਿਆਂ ਬਾਅਦ ਘਰ ਮੁੜਦੀ ਹਨ। ਫਿਰ ਘਰ ਦੇ ਕੰਮਾਂ ਵਿੱਚ ਰੁਝ ਜਾਂਦੀ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਾਲ ਫ਼ਸਲ ਦਾ ਸਫ਼ਾਇਆ ਹੀ ਹੋ ਗਿਆ।''ਕੁਝ ਖ਼ਰਾਬੀ ਪੈ ਗਈ ਅਤੇ ਮਿਰਚਾਂ ਉਸ ਢੰਗ ਨਾਲ਼ ਵਧੀਆਂ-ਫੁੱਲੀਆਂ ਨਹੀਂ। ਅੰਬੂਤੁਮ ਕੋਟੀਡੁਚੂ (ਫੁੱਲ ਕਿਰ ਗਏ)।''ਉਹ ਆਪਣੇ ਨਾਲ਼ ਸਿਰਫ਼ 40 ਕਿਲੋ ਉਪਜ ਹੀ ਲਿਆਈ ਹਨ ਜੋ ਉਨ੍ਹਾਂ ਦੀ ਉਪਜ ਦਾ ਅੱਧਾ ਹੀ ਹੈ। ਅਗਲੇ ਸਾਲ ਉਨ੍ਹਾਂ ਨੂੰ 40 ਕਿਲੋ ਦਾ ਵਾਧਾ ਹੋਣ ਦੀ ਉਮੀਦ ਹੈ। ਇੰਨੀ ਫ਼ਸਲ ਨਾਲ਼ ਪੂਰੀ ਨਹੀਂ ਪੈਂਦੀ, ਥੋੜ੍ਹੀ-ਬਹੁਤ ਕਮਾਈ ਵਾਸਤੇ ਉਨ੍ਹਾਂ ਨੂੰ ਨਰੇਗਾ ਕੰਮ 'ਤੇ ਨਿਰਭਰ ਰਹਿਣਾ ਪੈਂਦਾ ਹੈ।

Vasuki (left) and Poomayil in a yellow saree in the centre waiting for the auction with other farmers
PHOTO • M. Palani Kumar

ਵਾਸੁਕੀ (ਖੱਬੇ) ਅਤੇ  ਉਡੀਕ ਕਰਦੀਆਂ ਹੋਰਨਾਂ ਔਰਤਾਂ ਦੇ ਵਿਚਕਾਰ ਪੀਲੀ ਸਾੜੀ ਵਿੱਚ ਮਲਬੂਸ ਪੂਮਾਯਿਲ ਨੀਲਾਮੀ ਦੀ ਉਡੀਕ ਕਰਦੀ ਹੋਈ

Govindrajan (left) in an animated discussion while waiting for the auctioneer
PHOTO • M. Palani Kumar

ਗੋਵਿੰਦਰਾਜਨ (ਖੱਬੇ) ਨੀਲਾਮੀ ਦੀ ਉਡੀਕ ਦੌਰਾਨ ਜੋਸ਼ਭਰੀ ਵਿਚਾਰ-ਚਰਚਾ ਕਰਦੇ ਹੋਏ

59 ਸਾਲਾ ਪੂਮਾਯਿਲ ਵਾਸਤੇ, ਆਪਣੇ ਪਿੰਡ ਮੁਮੁਦਿਸਾਥਨ ਤੋਂ 20 ਕਿਲੋਮੀਟਰ ਦਾ ਪੈਂਡਾ ਮਾਰਨਾ ਵੱਡੀ ਗੱਲ ਹੈ। ਉਸ ਦਿਨ ਉਨ੍ਹਾਂ ਨੂੰ ਮੁਫ਼ਤ ਸਵਾਰੀ ਮਿਲ਼ ਗਈ। ਡੀਐੱਮਕੇ ਸਰਕਾਰ ਦੀ ਅਗਵਾਈ ਕਰਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਨੇ 2021 ਵਿੱਚ ਸੱਤ੍ਹਾ ਸਾਂਭਦਿਆਂ ਹੀ ਸ਼ਹਿਰ ਦੀਆਂ ਬੱਸਾਂ ਵਿੱਚ ਔਰਤਾਂ ਲਈ ਮੁਫ਼ਤ ਸਫ਼ਰ ਦਾ ਐਲਾਨ ਕਰ ਦਿੱਤਾ।

ਪੂਮਾਯਿਲ ਮੈਨੂੰ ਆਪਣੀ ਟਿਕਟ ਦਿਖਾਉਂਦੀ ਹੈ, ਜਿਸ 'ਤੇ ਲਿਖਿਆ ਸੀ- ਮਾਗਾਲਿਰ (ਔਰਤਾਂ) ਵਾਸਤੇ ਮੁਫ਼ਤ ਕਿਰਾਇਆ। ਉਹ ਆਪਣੀ 40 ਰੁਪਏ ਦੀ ਬੱਚਤ ਦੀ ਗੱਲ ਕਰਦੀ ਹਨ। ਨਾਲ਼ ਖੜ੍ਹੇ ਦੋ ਪੁਰਸ਼ ਕਿਸਾਨ ਮਜ਼ਾਕੀਆ ਲਹਿਜੇ ਵਿੱਚ ਕਹਿੰਦੇ ਹਨ ਕਿ ਉਨ੍ਹਾਂ ਨੂੰ ਵੀ ਮੁਫ਼ਤ ਯਾਤਰਾ ਕਰਨ ਦਿੱਤੀ ਜਾਂਦੀ ਤਾਂ ਕਿੰਨਾ ਚੰਗਾ ਹੁੰਦਾ! ਉਨ੍ਹਾਂ ਦੀ ਗੱਲ਼ ਸੁਣ ਕੇ ਹਰ ਕੋਈ ਹੱਸ ਪੈਂਦਾ ਹੈ, ਔਰਤਾਂ ਦੀ ਖ਼ੁਸ਼ੀ ਦੇਖਿਆਂ ਹੀ ਬਣਦੀ ਹੈ।

ਅਚਾਨਕ ਇਹ ਹੱਸਦੇ ਚਿਹਰੇ ਮੁਰਝਾਉਣ ਲੱਗਦੇ ਹਨ ਜਿਓਂ ਹੀ ਗੋਵਿੰਦਰਾਜਨ ਘੱਟ ਝਾੜ ਮਗਰਲੇ ਕਾਰਨ ਗਿਣਾਉਣ ਲੱਗਦੇ ਹਨ। ਮਾਇਲ, ਮੁਯਾਲ, ਮਾਡੂ, ਮਾਨ ਉਹ ਤਮਿਲ ਵਿੱਚ ਗਿਣਾਉਂਦੇ ਹਨ- ਮੋਰ, ਖ਼ਰਗੋਸ਼, ਗਾਂ ਅਤੇ ਹਿਰਨ। ''ਉੱਤੋਂ ਦੀ ਲੋੜੋਂ ਵੱਧ ਮੀਂਹ ਜਾਂ ਬਹੁਤ ਹੀ ਘੱਟ ਮੀਂਹ।'' ਜਦੋਂ ਫੁੱਲਾਂ ਤੋਂ ਫਲ ਬਣਨ ਦੌਰਾਨ ਮੀਂਹ ਬਹੁਤ ਲੋੜੀਂਦਾ ਹੁੰਦਾ ਹੈ ਉਦੋਂ ਪਿਆ ਨਹੀਂ। ਹੱਥ ਨਾਲ਼ ਉੱਚਾਈ ਦਰਸਾਉਂਦਿਆਂ ਉਹ ਕਹਿੰਦੇ ਹਨ, ''ਪਹਿਲਾਂ-ਪਹਿਲ ਮਿਰਚਾਂ ਦਾ ਬਹੁਤ ਝਾੜ ਹੋਇਆ ਕਰਦਾ ਸੀ। ਉਦੋਂ ... ਮਿਰਚਾਂ ਦੀ ਢੇਰੀ ਉੱਚੀ ਹੁੰਦੀ ਹੁੰਦੀ ਪਹਾੜ ਬਣ ਜਾਇਆ ਕਰਦੀ ਸੀ ਅਤੇ ਮਿਰਚ ਨੂੰ ਖਿੰਡਾਉਣ ਵਾਸਤੇ ਵਿਅਕਤੀ ਨੂੰ ਉਸ ਢੇਰ ਦੇ ਉੱਤੇ ਚੜ੍ਹਨਾ ਪੈਂਦਾ।''

ਹੁਣ ਢੇਰੀਆਂ ਛੋਟੀਆਂ ਹੁੰਦੀਆਂ ਜਾਂਦੀਆਂ ਹਨ ਅਤੇ ਸਿਰਫ਼ ਗੋਡਿਆਂ ਤੱਕ ਹੀ ਸੀਮਤ ਹੋ ਕੇ ਰਹਿ ਗਈਆਂ ਹਨ, ਹੁਣ ਉਹ ਨਸਲ ਵੀ ਨਹੀਂ ਰਹੀ-ਕੁਝ ਗੂੜ੍ਹੀਆਂ ਲਾਲ ਹੁੰਦੀਆਂ ਹਨ ਅਤੇ ਕੁਝ ਫਿੱਕੜ ਜਿਹੀਆਂ। ਪਰ ਤਿੱਖੀਆਂ ਬਰਾਬਰ ਹੁੰਦੀਆਂ ਹਨ ਅਤੇ ਪਹਿਲਾਂ ਵਾਂਗਰ ਹੀ ਕੋਈ ਨਾ ਕੋਈ ਛਿੱਕਦਾ ਅਤੇ ਕੋਈ ਖੰਘਦਾ ਸੁਣੀਂਦਾ ਹੈ। ਕਰੋਨਾਵਾਇਰਸ ਅਜੇ ਤੀਕਰ ਦੁਨੀਆ ਲਈ ਦਹਿਸ਼ਤ ਬਣਿਆ ਹੋਇਆ ਹੈ, ਪਰ ਇੱਥੇ ਕਾਰੋਬਾਰੀ ਦੀ ਦੁਕਾਨ ਦੇ ਅੰਦਰ ਛਿੱਕ ਆਉਣ ਮਗਰ ਮਿਰਚਾਂ ਦੋਸ਼ੀ ਹਨ।

The secret auction that will determine the fate of the farmers.
PHOTO • M. Palani Kumar
Farmers waiting anxiously to know the price for their lot
PHOTO • M. Palani Kumar

ਖੱਬੇ : ਕਿਸਾਨਾਂ ਦੀ ਕਿਸਮਤ ਦਾ ਫ਼ੈਸਲਾ ਕਰਾਉਣ ਦੇ ਮੱਦੇਨਜ਼ਰ ਗੁਪਤ ਨੀਲਾਮੀ। ਸੱਜੇ : ਆਪਣੀ ਫ਼ਸਲ ਦੀ ਕੀਮਤ ਜਾਣਨ ਲਈ ਫ਼ਿਕਰਮੰਦ ਖੜ੍ਹੇ ਕਿਸਾਨ

ਉਸੇ ਸਮੇਂ ਨੀਲਾਮਕਰਤਾ ਐੱਸ.ਜੋਸੇਫ਼ ਸੇਂਗੋਲ ਆਉਂਦੇ ਹਨ, ਹਰੇਕ ਦੇ ਚਿਹਰੇ ਦੇ ਬੇਚੈਨੀ ਝਲਕਣ ਲੱਗਦੀ ਹੈ। ਯਕਦਮ ਆਬੋ-ਹਵਾ ਬਦਲ ਜਾਂਦੀ ਹੈ। ਸਾਰੇ ਕਿਸਾਨ ਗੰਭੀਰ ਦਿੱਸਣ ਲੱਗਦੇ ਹਨ ਅਤੇ ਧਿਆਨ ਨਾਲ਼ ਕਾਰਵਾਈ ਵੱਲ ਦੇਖਣ ਲੱਗਦੇ ਹਨ। ਮਿਰਚਾਂ ਦੇ ਢੇਰਾਂ ਦੇ ਆਲ਼ੇ-ਦੁਆਲ਼ੇ ਲੋਕ ਜਮ੍ਹਾਂ ਹੋਣ ਲੱਗਦੇ ਹਨ, ਜੋਸੇਫ਼ ਦੇ ਨਾਲ਼ ਹੋਰ ਲੋਕੀਂ ਵੀ ਆ ਕੇ ਉਪਜ ਦੀ ਨੇੜਿਓਂ ਜਾਂਚ ਕਰਨ ਲੱਗਦੇ ਹਨ। ਇਸ ਤੋਂ ਬਾਅਦ ਉਹ ਆਪਣੇ ਸੱਜੇ ਹੱਥ 'ਤੇ ਇੱਕ ਤੌਲ਼ੀਆ ਟਿਕਾਉਂਦੇ ਹਨ। ਇਸ ਗੁਪਤ ਨੀਲਾਮੀ ਦੇ ਸਾਰੇ ਖਰੀਦਦਾਰ ਪੁਰਸ਼ ਹਨ ਅਤੇ ਉਨ੍ਹਾਂ ਵਿੱਚੋਂ ਇੱਕ ਅੱਗੇ ਆਉਂਦਾ ਹੈ ਅਤੇ ਤੌਲ਼ੀਏ ਦੇ ਅੰਦਰੋਂ ਦੀ ਜੋਸੇਫ਼ ਦੀਆਂ ਉਂਗਲਾਂ ਫੜ੍ਹਦਾ ਹੈ।

ਨੀਲਾਮੀ ਦੌਰਾਨ ਵਰਤੀਂਦੀ ਭਾਸ਼ਾ ਬਾਹਰੋਂ ਆਇਆਂ ਵਾਸਤੇ ਭੰਬਲਭੂਸੇ ਤੋਂ ਘੱਟ ਨਹੀਂ। ਤਲ਼ੀ ਨੂੰ ਛੂਹਣ, ਉਂਗਲਾਂ ਨੂੰ ਫੜ੍ਹਨ ਜਾਂ ਥਾਪੜਨ ਦੇ ਢੰਗ ਰਾਹੀਂ ਹੀ ਗੱਲਬਾਤ ਹੁੰਦੀ ਹੈ ਅਤੇ ਗਿਣਤੀ ਦਾ ਤਰੀਕਾ ਵੀ ਇਹੀ ਹੈ। ਹਰੇਕ ਢੇਰੀ ਦਾ ਮੁੱਲ ਇਸੇ ਤਰੀਕੇ ਨਾਲ਼ ਤੈਅ ਹੁੰਦਾ ਹੈ। ਜੇ ਉਹ ਕਿਸੇ ਨੀਲਾਮੀ ਨੂੰ 'ਰੱਦ' ਕਰਨਾ ਚਾਹੁੰਦੇ ਹਨ ਤਾਂ ਤਲ਼ੀ ਦੇ ਐਨ ਵਿਚਕਾਰ ਸਿਫ਼ਰ ਵਾਹ ਦਿੰਦੇ ਹਨ। ਨੀਲਾਮਕਰਤਾ ਨੂੰ ਹਰੇਕ ਬੋਰੀ ਮਗਰ 3 ਰੁਪਏ ਕਮਿਸ਼ਨ ਮਿਲ਼ਦਾ ਹੈ ਅਤੇ ਨੀਲਾਮੀ ਸਫ਼ਲ ਰਹਿਣ ਦੀ ਸੂਰਤ ਵਿੱਚ ਵਪਾਰੀ ਨੂੰ ਕਿਸਾਨਾਂ ਕੋਲ਼ੋਂ ਕੁੱਲ ਵਿਕਰੀ ਦਾ 8 ਫੀਸਦ ਬਤੌਰ ਕਮਿਸ਼ਨ ਮਿਲ਼ਦਾ ਹੈ।

ਜਦੋਂ ਇੱਕ ਖਰੀਦਦਾਰ ਸੁਰਖ਼ਰੂ ਹੋ ਜਾਂਦਾ ਹੈ ਤਾਂ ਦੂਜੇ ਵਾਰੀ ਵੀ ਇਸੇ ਤਰੀਕੇ ਨਾਲ਼ ਤੌਲ਼ੀਏ ਦੇ ਅੰਦਰੋਂ ਉਂਗਲਾਂ ਫੜ੍ਹਨ ਦਾ ਕੰਮ ਸ਼ੁਰੂ ਹੋ ਜਾਂਦਾ ਹੈ। ਇਹ ਸਿਲਸਿਲਾ ਉਦੋਂ ਤੀਕਰ ਚੱਲਦਾ ਹੈ ਜਦੋਂ ਤੀਕਰ ਹਰ ਕੋਈ ਬੋਲੀ ਲਾ ਨਹੀਂ ਲੈਂਦਾ। ਉਸ ਦਿਨ ਲਾਲ ਮਿਰਚ ਦੀ ਕੀਮਤ ਮਿਰਚ ਦੇ ਅਕਾਰ ਅਤੇ ਰੰਗ ਨੂੰ ਦੇਖ ਕੇ 310 ਰੁਪਏ ਤੋਂ ਲੈ ਕੇ 389 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ਼ ਤੈਅ ਹੋਈ ਹੈ। ਰੰਗ ਅਤੇ ਅਕਾਰ ਹੀ ਮਿਰਚਾਂ ਦੀ ਗੁਣਵੱਤਾ ਤੈਅ ਕਰਨ ਵਾਲ਼ੇ ਮੁੱਖ ਕਾਰਕ ਹਨ।

ਕਿਸਾਨ ਖ਼ੁਸ਼ ਨਹੀਂ ਲੱਗ ਰਹੇ। ਪੈਦਾਵਾਰ ਘੱਟ ਹੋਈ ਹੈ ਇਸਲਈ ਵਧੀਆ ਕੀਮਤ ਮਿਲ਼ਣ ਦੇ ਬਾਵਜੂਦ ਉਹ ਘਾਟੇ ਵਿੱਚ ਹੀ ਰਹੇ ਹਨ। ''ਸਾਨੂੰ ਕਿਹਾ ਗਿਆ ਹੈ ਕਿ ਜੇਕਰ ਅਸੀਂ ਵਧੀਆ ਕਮਾਈ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਮਿਰਚਾਂ ਤੋਂ ਕੁਝ ਨਵੇਂ ਉਤਪਾਦ ਸਿਰਜਣ (ਵੈਲਿਊ ਐਡੀਸ਼ਨ) ਵੱਲ ਧਿਆਨ ਦੇਣਾ ਚਾਹੀਦਾ ਹੈ। ਪਰ ਤੁਸੀਂ ਹੀ ਦੱਸੋ ਸਾਡੇ ਕੋਲ਼ ਸਮਾਂ ਹੈ? ਕੀ ਅਸੀਂ ਸੁੱਕੀ ਲਾਲ ਮਿਰਚ ਨੂੰ ਪੀਹ ਕੇ ਉਹਦਾ ਪਾਊਡਰ ਬਣਾਈਏ ਤੇ ਫਿਰ ਪੈਕ ਕਰੀਏ, ਫਿਰ ਉਨ੍ਹਾਂ ਪੈਕਟਾਂ ਨੂੰ ਚੁੱਕ ਕੇ ਬਜ਼ਾਰ ਲਿਜਾਈਏ ਜਾਂ ਫਿਰ ਆਪਣੀ ਖੇਤੀ ਕਰੀਏ?''

ਜਿਓਂ ਹੀ ਉਨ੍ਹਾਂ ਦੀ ਉਪਜ ਦੀ ਨੀਲਾਮੀ ਦਾ ਸਮਾਂ ਆਉਂਦਾ ਹੈ ਤਾਂ ਉਨ੍ਹਾਂ ਦਾ ਗੁੱਸਾ ਚਿੰਤਾ ਵਿੱਚ ਵਟਣ ਲੱਗਦਾ ਹੈ। ਉਹ ਮੈਨੂੰ ਬੁਲਾਉਂਦੇ ਹਨ,''ਤੁਸੀਂ ਵੀ ਇੱਥੇ ਆਓ, ਤੁਸੀਂ ਜ਼ਿਆਦਾ ਚੰਗੀ ਤਰ੍ਹਾਂ ਦੇਖ ਸਕਦੀ ਹੋ। ਇਹ ਤਾਂ ਇੰਝ ਹੈ ਜਿਵੇਂ ਕੋਈ ਬੱਚਾ ਆਪਣੇ ਪ੍ਰੀਖਿਆ ਦੇ ਨਤੀਜੇ ਦੀ ਉਡੀਕ ਕਰਦਾ ਹੋਵੇ।'' ਇੰਨਾ ਕਹਿ ਉਹ ਤੌਲ਼ੀਏ ਦੀ ਇੱਕ ਕੰਨੀ ਦੰਦਾਂ ਹੇਠ ਦੱਬੀ, ਬੜੇ ਬੇਚੈਨ ਜਿਹੇ ਹੋ ਕੇ ਹੱਥਾਂ ਦੀ ਗੁਪਤ ਅਤੇ ਸੰਕੇਤਕ ਭਾਸ਼ਾ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਮੁੱਲ ਦਾ ਐਲਾਨ ਹੁੰਦਾ ਹੈ, ਉਹ ਮੁਸਕਰਾਉਂਦੇ ਹਨ,''ਮੈਨੂੰ ਕਿਲੋ ਮਗਰ 335 ਰੁਪਏ ਕੀਮਤ ਮਿਲ਼ੀ ਹੈ।'' ਉਨ੍ਹਾਂ ਦੇ ਬੇਟੇ ਦੀ ਮਿਰਚ ਦਾ ਝਾੜ ਵੱਧ ਮੋਟਾ ਹੋਣ ਕਾਰਨ ਉਹਨੂੰ ਕਿਲੋ ਮਗਰ 30 ਰੁਪਏ ਵੱਧ ਮਿਲ਼ੇ ਹਨ। ਵਾਸੁਕੀ ਨੂੰ ਆਪਣੀ ਪੈਦਾਵਾਰ ਦੀ ਕੀਮਤ 359 ਰੁਪਏ ਮਿਲੀ ਹੈ। ਕਿਸਾਨਾਂ ਨੇ ਥੋੜ੍ਹਾ ਸੁੱਖ ਦੇ ਸਾਹ ਲਿਆ ਹੈ, ਪਰ ਅਜੇ ਉਨ੍ਹਾਂ ਦਾ ਕੰਮ ਪੂਰਾ ਨਹੀਂ ਹੋਇਆ। ਅਜੇ ਤੁਲਾਈ ਹੋਣੀ ਹੈ, ਪੈਸੇ ਲੈਣੇ ਹਨ, ਕੁਝ ਖਾਣਾ-ਪੀਣਾ ਵੀ ਹੈ, ਬਜ਼ਾਰੋਂ ਥੋੜ੍ਹਾ ਨਿੱਕ-ਸੁੱਕ ਵੀ ਖਰੀਦਣਾ ਹੈ ਫਿਰ ਕਿਤੇ ਵਾਪਸੀ ਲਈ ਬੱਸ ਫੜ੍ਹਨੀ ਹੈ...

Adding and removing handfuls of chillies while weighing the sacks.
PHOTO • M. Palani Kumar
Weighing the sacks of chillies after the auction
PHOTO • M. Palani Kumar

ਖੱਬੇ : ਬੋਰੀ ਦੀ ਤੁਲਾਈ ਮੌਕੇ ਕੁਝ ਮਿਰਚਾਂ ਕੱਢਦੇ ਜਾਂ ਪਾਉਂਦੇ ਹੋਏ। ਸੱਜੇ : ਨੀਲਾਮੀ ਤੋਂ ਬਾਅਦ ਮਿਰਚਾਂ ਨਾਲ਼ ਭਰੀਆਂ ਬੋਰੀਆਂ ਦੀ ਤੁਲਾਈ ਦੀ ਪ੍ਰਕਿਰਿਆ ਚੱਲਦੀ ਹੋਈ

*****

'' ਬੀਤੇ ਦਿਨੀਂ ਅਸੀਂ ਸਿਨੇਮਾ ਦੇਖਣ ਜਾਇਆ ਕਰਦੇ ਸਾਂ। ਪਰ 18 ਸਾਲ ਪਹਿਲਾਂ ਸਿਨੇਮਾ ਜਾ ਕੇ ਮੈਂ ਜਿਹੜੀ ਅਖ਼ੀਰਲੀ ਫ਼ਿਲਮ ਦੇਖੀ ਉਹ ਸੀ : ਤੁਲਾਤਾ ਮਨਾਮਮ ਤੁਲੁੱਮ। '' (ਇੱਥੋਂ ਤੱਕ ਕਿ ਮੇਰਾ ਦਿਲ ਵੀ ਖ਼ੁਸ਼ ਨਹੀਂ ਹੋਵੇਗਾ ! )
ਐੱਸ.ਅੰਬਿਕਾ, ਮਿਰਚ-ਕਿਸਾਨ, ਮੇਲਯਕੁੜੀ, ਰਾਮਨਾਥਾਪੁਰਮ

''ਸ਼ਾਰਟ-ਕਟ (ਡਾਂਡੇ-ਮੀਂਡੇ) ਰਸਤਿਓਂ ਵੀ ਸਾਨੂੰ ਖੇਤ ਜਾਣ ਲਈ ਅੱਧਾ-ਘੰਟਾ ਲੱਗਦਾ ਹੈ। ਹਾਂ ਸੜਕ ਰਸਤਿਓਂ ਜਾਣ 'ਤੇ ਥੋੜ੍ਹਾ ਹੋਰ ਵੱਧ ਸਮਾਂ ਲੱਗਦਾ ਹੈ,'' ਐੱਸ. ਅੰਬਿਕਾ ਸਾਨੂੰ ਦੱਸਦੀ ਹਨ। ਸਾਢੇ ਤਿੰਨ ਕਿਲੋਮੀਟਰ ਦਾ ਮੋੜਾਂ ਅਤੇ ਘੁਮਾਵਾਂ ਭਰਿਆ ਪੈਂਡਾ ਮਾਰਨ ਤੋਂ ਬਾਅਦ ਅਸੀਂ ਪਰਮਕੁੜੀ ਬਲਾਕ ਦੇ ਮੇਲਯਕੁੜੀ ਪਿੰਡ ਦੇ ਉਨ੍ਹਾਂ ਮਿਰਚਾਂ ਦੇ ਖੇਤਾਂ ਵਿੱਚ ਅੱਪੜਦੇ ਹਾਂ। ਮਿਰਚ ਦੇ ਪੌਦੇ ਦੂਰੋਂ ਹੀ ਲਹਿਰਾਉਂਦੇ ਨਜ਼ਰੀ ਪੈਂਦੇ ਹਨ- ਹਰੇ ਪੱਤੇ ਲਿਸ਼ਕਵੇਂ ਹਨ ਅਤੇ ਹਰ ਟਹਿਣੀ 'ਤੇ ਲੱਗੇ ਫਲ ਦਾ ਪੱਕਣ ਦਾ ਆਪਣਾ ਹੀ ਸਮਾਂ ਹੈ। ਉਨ੍ਹਾਂ ਦੇ ਰੰਗ ਗੂੜ੍ਹੇ ਲਾਲ, ਹਲਦੀਓਂ ਪੀਲ਼ੇ ਅਤੇ ਖ਼ੂਬਸੂਰਤ ਅਰੱਕੂ (ਮੈਰੂਨ) ਰੰਗ ਰੇਸ਼ਮ ਦੀ ਸਾੜੀ ਤੋਂ ਉਧਾਰ ਮੰਗੇ ਲੱਗਦੇ ਹਨ। ਇੱਧਰ-ਓਧਰ ਕੇਸਰੀ ਤਿਤਲੀਆਂ ਉੱਡ ਰਹੀਆਂ ਹਨ, ਇਓਂ ਜਾਪਦਾ ਜਿਵੇਂ ਕੱਚੀਆਂ ਮਿਰਚਾਂ ਦੇ ਖੰਭ ਨਿਕਲ਼ ਆਏ ਹੋਣ।

ਅਜੇ ਸਾਨੂੰ ਖ਼ੂਬਸੂਰਤੀ ਮਾਣਦਿਆਂ ਮਸਾਂ ਦਸ ਮਿੰਟ ਹੀ ਹੋਏ ਹੋਣੇ ਕਿ ਸਾਡਾ ਧਿਆਨ ਭਟਕਣ ਲੱਗਿਆ। ਸਵੇਰ ਦੇ 10 ਵੀ ਨਹੀਂ ਵੱਜੇ ਹਨ ਪਰ ਧੁੱਪ ਦੀ ਤਪਸ਼ ਤੀਬਰ ਹੋ ਰਹੀ ਹੈ, ਮਿੱਟੀ ਖ਼ੁਸ਼ਕ ਹੋ ਚੁੱਕੀ ਹੈ ਅਤੇ ਮੁੜ੍ਹਕਾ ਸਾਡੀਆਂ ਅੱਖਾਂ ਨੂੰ ਚਿਪਚਿਪਾ ਕਰ ਰਿਹਾ ਹੈ। ਅਸੀਂ ਗੁਹ ਨਾਲ਼ ਦੇਖਿਆ ਕਿ ਜ਼ਿਲ੍ਹੇ ਅੰਦਰ ਸਾਰੇ ਕਿਤੇ ਹੀ ਮਿੱਟੀ 'ਤੇ ਤ੍ਰੇੜਾਂ ਪੈ ਚੁੱਕੀਆਂ ਹਨ ਜਿਓਂ ਰਾਮਨਾਥਪੁਰਮ ਦੀ ਧਿਆਈ ਜ਼ਮੀਨ ਮੀਂਹ ਪਈ ਮੰਗਦੀ ਹੋਵੇ। ਅੰਬਿਕਾ ਦੇ ਮਿਰਚਾਂ ਦੇ ਖੇਤ ਦਾ ਵੀ ਇਹੀ ਹਾਲ ਹੈ। ਪੂਰੀ ਜ਼ਮੀਨ ਦੀਆਂ ਤ੍ਰੇੜਾਂ ਕਿਸੇ ਮਕੜੇ ਜਾਲ਼ ਵਾਂਗਰ ਉੱਭਰ ਆਈਆਂ ਹਨ। ਪਰ ਅੰਬਿਕਾ ਨੂੰ ਤ੍ਰੇੜਾਂ ਦਾ ਕਾਰਨ ਖ਼ੁਸ਼ਕੀ ਨਹੀਂ ਲੱਗਦੀ। ਉਹ ਆਪਣੇ ਪੈਰਾਂ ਦੇ ਅੰਗੂਠੇ ਨਾਲ਼, ਜਿਹਦੀ ਨਾਲ਼ ਦੀ ਉਂਗਲੀ ਵਿੱਚ ਚਾਂਦੀ ਦਾ ਮੇਟੀ (ਬਿਛੂਆ) ਪਾਇਆ ਹੋਇਆ ਹੈ, ਮਿੱਟੀ ਨੂੰ ਪੁੱਟਦਿਆਂ ਹੋਇਆਂ ਪੁੱਛਦੀ ਹਨ,''ਇੱਧਰ ਦੇਖਿਓ ਜ਼ਰਾ, ਕੀ ਇੱਥੇ ਨਮੀਂ ਨਹੀਂ?''

ਅੰਬਿਕਾ ਦਾ ਪਰਿਵਾਰ ਗੁਜ਼ਾਰੇ ਵਾਸਤੇ ਪੀੜ੍ਹੀਆਂ ਤੋਂ ਖੇਤੀ ਕਰਦਾ ਆਇਆ ਹੈ। ਉਨ੍ਹਾਂ ਦੀ ਉਮਰ 38 ਸਾਲ ਹੈ ਅਤੇ ਉਨ੍ਹਾਂ ਨਾਲ਼ ਉਨ੍ਹਾਂ ਦੀ ਦਰਾਣੀ (33 ਸਾਲਾ) ਵੀ ਹਨ। ਦੋਵਾਂ ਦੇ ਪਰਿਵਾਰਾਂ ਕੋਲ਼ ਇੱਕ-ਇੱਕ ਏਕੜ ਵਾਹੀਯੋਗ ਜ਼ਮੀਨ ਹੈ। ਮਿਰਚਾਂ ਬੀਜਣ ਤੋਂ ਇਲਾਵਾ ਉਹ ਅਗਤੀ ਵੀ ਬੀਜਦੀਆਂ ਹਨ, ਜੋ ਇੱਕ ਕਿਸਮ ਦੀ ਪਾਲਕ ਹੈ ਅਤੇ ਉਨ੍ਹਾਂ ਦੀਆਂ ਪਾਲਤੂ ਬੱਕਰੀਆਂ ਲਈ ਚਾਰੇ ਦਾ ਕੰਮ ਕਰਦੀ ਹੈ। ਕਈ ਵਾਰ ਉਹ ਭਿੰਡੀ ਅਤੇ ਬੈਂਗਣ ਵੀ ਬੀਜਦੀਆਂ ਹਨ। ਹਾਂ ਇਨ੍ਹਾਂ ਨੂੰ ਬੀਜਣ ਨਾਲ਼ ਕੰਮ ਦਾ ਬੋਝ ਬੇਸ਼ੱਕ ਕਾਫ਼ੀ ਵੱਧ ਜਾਂਦਾ ਹੈ। ਪਰ ਮੁੱਖ ਗੱਲ ਇਹ ਹੈ ਕੀ ਇਸ ਨਾਲ਼ ਉਨ੍ਹਾਂ ਦੀ ਆਮਦਨੀ ਵਿੱਚ ਕੋਈ ਵਾਧਾ ਹੁੰਦਾ ਵੀ ਹੈ ਜਾਂ ਨਹੀਂ?

ਦੋਵੇਂ ਔਰਤਾਂ ਸਵੇਰੇ 8 ਵਜੇ ਹੀ ਆਪੋ-ਆਪਣੇ ਖੇਤੀਂ ਆ ਜਾਂਦੀਆਂ ਹਨ ਅਤੇ ਫ਼ਸਲਾਂ ਦੀ ਰਾਖੀ ਕਰਨ ਲਈ ਸ਼ਾਮੀਂ 5 ਵਜੇ ਤੱਕ ਰੁਕੀਆਂ ਰਹਿੰਦੀਆਂ ਹਨ। ''ਨਹੀਂ ਤਾਂ ਬੱਕਰੀਆਂ ਸਾਰੇ ਪੌਦੇ ਚਟਮ ਕਰ ਜਾਣਗੀਆਂ!'' ਉਹ ਤੜਕੇ 4 ਵਜੇ ਉੱਠਦੀਆਂ ਹਨ ਅਤੇ ਘਰ ਦੀ ਸਾਫ਼-ਸਫ਼ਾਈ ਕਰਨਾ, ਪਾਣੀ ਭਰਨਾ, ਖਾਣਾ ਪਕਾਉਣਾ, ਬੱਚਿਆਂ ਨੂੰ ਜਗਾਉਣਾ, ਭਾਂਡੇ ਮਾਂਜਣਾ, ਖਾਣੇ ਦੀ ਪੈਕਿੰਗ ਕਰਨਾ, ਡੰਗਰਾਂ ਅਤੇ ਮੁਰਗੀਆਂ ਨੂੰ ਚਾਰਾ ਦੇਣਾ, ਖੇਤ ਜਾਣਾ ਤੇ ਉੱਥੇ ਵੀ ਕੰਮ ਕਰਨਾ, ਇਸ ਸਭ ਦੇ ਨਾਲ਼ ਨਾਲ਼ ਉਨ੍ਹਾਂ ਨੂੰ ਕਦੇ-ਕਦਾਈਂ ਜਾਨਵਰਾਂ ਨੂੰ ਪਾਣੀ ਡਾਹੁੰਣ ਖਾਤਰ ਦੁਪਹਿਰ ਵੇਲ਼ੇ ਦੋਬਾਰਾ ਘਰ ਵਾਪਸ ਆਉਣਾ ਪੈਂਦਾ ਹੈ। ਇੰਝ ਉਹ ਬਾਰ-ਬਾਰ ਆਉਣ ਜਾਣ ਲਈ 'ਸ਼ਾਰਟ-ਕਟ' ਰਾਹ ਫੜ੍ਹਦੀਆਂ ਹਨ ਤੇ ਅੱਧਾ ਘੰਟਾ ਪੈਦਲ ਤੁਰ ਕੇ ਖੇਤੀਂ ਪਹੁੰਚਦੀਆਂ ਹਨ। ਰਸਤੇ ਵਿੱਚ ਇੱਕ ਕੁੱਤੀ ਆਪਣੇ ਕਤੂਰਿਆਂ ਨਾਲ਼ ਉਨ੍ਹਾਂ ਦਾ ਰਾਹ ਨਿਹਾਰਦੀ ਮਿਲ਼ ਜਾਂਦੀ ਹੈ। ਘੱਟੋ-ਘੱਟ ਇਸ ਮਾਂ ਕੋਲ਼ ਤਾਂ ਇੰਨੀ ਕੁ ਵਿਹਲ ਹੈ...

Ambika wearing a purple saree working with Rani in their chilli fields
PHOTO • M. Palani Kumar

ਬੈਂਗਣੀ ਸਾੜੀ ਵਿੱਚ ਮਲਬੂਸ ਅੰਬਿਕਾ, ਰਾਣੀ ਦੇ ਨਾਲ਼ ਆਪਣੇ ਮਿਰਚ ਦੇ ਖੇਤਾਂ ਵਿੱਚ ਕੰਮ ਕਰਦੀਆਂ ਹੋਈਆਂ

Ambika with some freshly plucked chillies
PHOTO • M. Palani Kumar

ਤਾਜ਼ੀਆਂ ਤੋੜੀਆਂ ਮਿਰਚਾਂ ਦੇ ਨਾਲ਼ ਅੰਬਿਕਾ

'ਅੰਬਿਕਾ ਦਾ ਬੇਟਾ ਉਨ੍ਹਾਂ ਨੂੰ ਫ਼ੋਨ ਕਰਦਾ ਹੈ। ਤੀਜੀ ਵਾਰੀ ਜਦੋਂ ਫ਼ੋਨ ਦੀ ਘੰਟੀ ਵੱਜਦੀ ਹੈ ''ਏਨੰਡਾ,'' ਉਹ ਕਹਿੰਦੀ ਹਨ, ''ਤੈਨੂੰ ਚਾਹੀਦਾ ਕੀ ਹੈ? '' ਦੂਜੇ ਪਾਸਿਓਂ ਅਵਾਜ਼ ਸੁਣ ਕੇ ਅੰਬਿਕਾ ਝਿੜਕਾਂ ਦੀ ਝੜੀ ਲਾ ਦਿੰਦੀ ਹਨ। ਉਹ ਸਾਨੂੰ ਦੱਸਦੀ ਹਨ ਕਿ ਘਰੇ ਬੱਚੇ ਵੀ ਸਾਡੇ ਤੋਂ ਵੰਨ-ਸੁਵੰਨੀਆਂ ਫਰਮਾਇਸ਼ਾਂ ਕਰਦੇ ਹਨ। ''ਅਸੀਂ ਜੋ ਮਰਜ਼ੀ ਰਿੰਨ੍ਹੀਏ, ਉਨ੍ਹਾਂ ਨੂੰ ਤਾਂ ਬੱਸ ਆਂਡੇ ਤੇ ਆਲੂ ਹੀ ਚਾਹੀਦੇ ਹਨ। ਇੰਝ ਸਾਨੂੰ ਉਨ੍ਹਾਂ ਲਈ ਅੱਡ ਤੋਂ ਕੁਝ ਬਣਾਉਣਾ ਪੈਂਦਾ ਹੈ। ਐਤਵਾਰ ਨੂੰ ਬੱਚਿਆਂ ਦੀ ਇੱਛਾ ਮੁਤਾਬਕ ਮਾਸ ਵੀ ਪਕਾ ਦਿੰਦੀਆਂ ਹਾਂ।''

ਸਾਡੇ ਨਾਲ਼ ਗੱਲਾਂ ਕਰਦੇ ਵੇਲ਼ੇ ਇਹ ਦੋਵੇਂ ਔਰਤਾਂ ਅਤੇ ਨਾਲ਼ ਦੇ ਖੇਤਾਂ ਦੀਆਂ ਬਾਕੀ ਔਰਤਾਂ ਵੀ ਮਲ੍ਹਕੜੇ-ਮਲ੍ਹਕੜੇ ਮਿਰਚਾਂ ਤੋੜੀ ਜਾਂਦੀਆਂ ਹਨ। ਉਹ ਯਕਦਮ ਟਾਹਣੀ ਫੜ੍ਹਦੀਆਂ ਅਤੇ ਬੜੇ ਅਰਾਮ ਨਾਲ਼ ਮਿਰਚ ਤੋੜ ਲੈਂਦੀਆਂ। ਜਦੋਂ ਉਨ੍ਹਾਂ ਦੀਆਂ ਮੁੱਠੀਆਂ ਭਰ ਜਾਂਦੀਆਂ, ਤਾਂ ਉਹ ਹੇਠਾਂ ਰੱਖੀ ਬਾਲਟੀ ਵਿੱਚ ਪਾਈ ਜਾਂਦੀਆਂ ਰਹਿੰਦੀਆਂ। ਪਹਿਲਾਂ ਪਹਿਲ ਖਜ਼ੂਰ ਦੇ ਪੱਤਿਆਂ ਦੀਆਂ ਬਣੀਆਂ ਟੋਕਰੀਆਂ (ਛਿੱਕੂਆਂ) ਵਿੱਚ ਮਿਰਚਾਂ ਰੱਖੀਆਂ ਜਾਂਦੀਆਂ ਸਨ ਪਰ ਹੁਣ ਪਲਾਸਟਿਕ ਦੀਆਂ ਬਾਲਟੀਆਂ ਆ ਗਈਆਂ ਹਨ, ਜੋ ਛਿੱਕੂਆਂ ਦੇ ਮੁਕਾਬਲੇ ਕਈ ਕਈ ਸੀਜ਼ਨ ਕੱਢ ਜਾਂਦੀਆਂ ਹਨ।

ਅੰਬਿਕਾ ਦੀ ਘਰ ਦੀ ਛੱਤ 'ਤੇ ਉਨ੍ਹਾਂ ਦੀ ਪੈਦਾਵਾਰ ਕੜਕਦੀ ਧੁੱਪ ਹੇਠ ਅਰਾਮ ਫਰਮਾ ਰਹੀ ਹੈ। ਉਹ ਮਿਰਚਾਂ ਨੂੰ ਅੱਡ-ਅੱਡ ਕਰਦੀ ਜਾਂਦੀ ਹਨ ਤਾਂ ਕਿ ਸਾਰੀਆਂ ਨੂੰ ਬਰਾਬਰ ਧੁੱਪ ਲੱਗ ਸਕੇ। ਉਹ ਬੁੱਕ ਭਰ ਮਿਰਚਾਂ ਚੁੱਕਦੀ ਅਤੇ ਉਲਟਾਉਂਦੀ ਜਾਂਦੀ ਹਨ ਅਤੇ ਕਹਿੰਦੀ ਹਨ,''ਜਦੋਂ ਇਹ ਚੰਗੀ ਤਰ੍ਹਾਂ ਸੁੱਕ ਗਈਆਂ ਤਾਂ ਇਨ੍ਹਾਂ ਵਿੱਚੋਂ ਗੜ-ਗੜ ਦੀ ਅਵਾਜ਼ ਆਉਣ ਲੱਗੇਗੀ।'' ਇਹ ਮਿਰਚਾਂ ਅੰਦਰਲੇ ਖ਼ੁਸ਼ਕ ਹੋ ਚੁੱਕੀ ਬੀਜਾਂ ਦੀ ਅਵਾਜ਼ ਹੋਵੇਗੇ। ਉਸ ਵੇਲ਼ੇ ਮਿਰਚਾਂ ਨੂੰ ਇਕੱਠਾ ਕਰਕੇ ਅਤੇ ਤੋਲ਼-ਤੋਲ਼ ਕੇ ਬੋਰੀਆਂ ਵਿੱਚ ਭਰ ਲਈਦਾ ਹੈ, ਫਿਰ ਬੋਰੀਆਂ ਨੂੰ ਪਿੰਡ ਦੇ ਆੜ੍ਹਤੀਏ ਕੋਲ਼ ਲਿਜਾਇਆ ਜਾਂਦਾ ਹੈ, ਨਹੀਂ ਤਾਂ ਵਧੀਆ ਕੀਮਤ ਦੀ ਉਮੀਦ ਵਿੱਚ ਪਰਮਕੁੜੀ ਅਤੇ ਰਾਮਨਾਥਪੁਰਮ ਦੀ ਮੰਡੀਆ ਵੀ ਲਿਜਾਇਆ ਜਾਂਦਾ ਹੈ।

''ਕੀ ਤੁਸੀਂ ਕਲਰ (ਬੋਤਲਬੰਦ ਸ਼ਰਬਤ) ਪੀਓਗੀ,'' ਪੌੜੀਆਂ ਉੱਤਰ ਕੇ ਰਸੋਈ ਵੱਲ ਜਾਂਦਿਆਂ ਅੰਬਿਕਾ ਮੈਨੂੰ ਪੁੱਛਦੀ ਹਨ।

ਫਿਰ ਉਹ ਮੈਨੂੰ ਨੇੜਲੇ ਖੇਤ ਵਿੱਚ ਆਪਣੀਆਂ ਬੱਕਰੀਆਂ ਦਾ ਵਾੜਾ ਦਿਖਾਉਣ ਲੈ ਜਾਂਦੀ ਹਨ। ਕਿਸਾਨ ਦੇ ਚੌਕੀਦਾਰ ਕੁੱਤੇ, ਜੋ ਵਾਣ੍ਹ ਦੀ ਉਣੀ ਮੰਜੀ ਹੇਠ ਸੌਂ ਰਹੇ ਹਨ, ਬੁੜ੍ਹਕ ਕੇ ਉੱਠਦੇ ਹਨ ਅਤੇ ਸਾਨੂੰ ਨੇੜੇ ਆਉਂਦਿਆਂ ਦੇਖ ਭੌਂਕਣ ਲੱਗਦੇ ਹਨ। ''ਜਦੋਂ ਮੇਰੇ ਪਤੀ ਵਿਆਹ-ਸ਼ਾਦੀਆਂ ਮੌਕੇ ਕੰਮ ਕਰਨ (ਖਾਣਾ ਪਰੋਸਣ) ਜਾਂਦੇ ਹਨ ਤਾਂ ਮੇਰਾ ਕੁੱਤਾ ਮੇਰੀ ਰਾਖੀ ਕਰਦਾ ਹੈ। ਮੇਰੇ ਪਤੀ ਇੱਕ ਕਿਸਾਨ ਵੀ ਹਨ ਪਰ ਫਿਰ ਵੀ ਜਦੋਂ ਜੋ ਕੰਮ ਮਿਲ਼ਦਾ ਹੈ ਕਰ ਲੈਂਦੇ ਹਨ।''

ਆਪਣੇ ਵਿਆਹ ਦੇ ਸ਼ੁਰੂਆਤੀ ਦਿਨਾਂ ਨੂੰ ਚੇਤੇ ਕਰਦਿਆਂ ਉਹ ਸੰਗ ਜਾਂਦੀ ਹਨ। ''ਉਦੋਂ ਅਸੀਂ ਸਿਨੇਮਾ ਦੇਖਣ ਜਾਇਆ ਕਰਦੇ। ਪਰ 18 ਸਾਲ ਪਹਿਲਾਂ ਸਿਨੇਮਾ ਜਾ ਕੇ ਮੈਂ ਜਿਹੜੀ ਅਖ਼ੀਰਲੀ ਫ਼ਿਲਮ ਦੇਖੀ ਉਹ ਸੀ: ਤੁਲਾਤਾ ਮਨਾਮਮ ਤੁਲੁੱਮ। '' ( ਇੱਥੋਂ ਤੱਕ ਕਿ ਮੇਰਾ ਦਿਲ ਵੀ ਖ਼ੁਸ਼ ਨਹੀਂ ਹੋਵੇਗਾ ! )।'' ਫ਼ਿਲਮ ਦਾ ਨਾਮ ਸੁਣਦਿਆਂ ਹੀ ਸਾਡੇ ਚਿਹਰਿਆਂ 'ਤੇ ਸੁੱਤੇਸਿੱਧ ਮੁਸਕਾਨ ਆ ਜਾਂਦੀ ਹੈ।

Women working in the chilli fields
PHOTO • M. Palani Kumar

ਮਿਰਚ ਦੇ ਖੇਤਾਂ ਵਿੱਚ ਕੰਮੇ ਲੱਗੀਆਂ ਔਰਤਾਂ

Ambika of Melayakudi village drying her chilli harvest on her terrace
PHOTO • M. Palani Kumar

ਮੇਲਯਕੁੜੀ ਪਿੰਡ ਵਿਖੇ ਅੰਬਿਕਾ ਆਪਣੇ ਘਰ ਦੀ ਛੱਤ ' ਤੇ ਮਿਰਚਾਂ ਦੀ ਫ਼ਸਲ ਸੁੱਕਣੇ ਪਾ ਰਹੀ ਹਨ

*****

'' ਆਪਣੀ ਮਿਰਚ ਦੀ ਫ਼ਸਲ ਵੇਚਣ ਦੀ ਕੋਸ਼ਿਸ਼ ਵਿੱਚ ਛੋਟੇ ਕਿਸਾਨ ਆਪਣੀ ਆਮਦਨੀ ਦਾ 18 ਫ਼ੀਸਦ ਹਿੱਸਾ ਗੁਆ ਬਹਿੰਦੇ ਹਨ। ''
ਕੇ. ਗੁੰਧੀਰਾਸੁ, ਨਿਰਦੇਸ਼ਕ, ਮੁੰਡੁ ਚਿਲੀ ਗ੍ਰੋਵਰਸ ਐਸੋਸ਼ੀਏਸ਼ਨ, ਰਾਮਨਾਥਪੁਰਮ

''ਜ਼ਰਾ ਉਨ੍ਹਾਂ ਕਿਸਾਨਾਂ ਬਾਰੇ ਤਾਂ ਸੋਚੋ ਜੋ ਮਸਾਂ ਪੰਜ ਜਾਂ ਦਸ ਬੋਰੀਆਂ ਹੀ ਮਿਰਚਾਂ ਉਗਾਉਂਦੇ ਹਨ। ਪਹਿਲਾਂ ਤਾਂ ਤੁਹਾਨੂੰ ਪਿੰਡ ਤੋਂ ਮੰਡੀ ਤੀਕਰ ਉਪਜ ਲਿਜਾਣ ਵਾਲ਼ੇ ਟੈਂਪੂ ਜਾਂ ਹੋਰ ਵਾਹਨ ਦਾ ਕਿਰਾਇਆ ਦੇਣਾ ਪੈਂਦਾ ਹੈ,'' ਗੰਧੀਰਾਸੂ ਕਹਿੰਦੇ ਹਨ। ''ਦੂਜਾ, ਉੱਥੇ ਕੀਮਤ ਤੈਅ ਕਰਨ ਲਈ ਵਪਾਰੀ ਆਉਣਗੇ ਅਤੇ 8 ਫੀਸਦ ਆਪਣਾ ਕਮਿਸ਼ਨ ਵਸੂਲ ਲੈਣਗੇ। ਤੀਜੀ, ਤੁਲਾਈ ਵੇਲ਼ੇ ਵੀ ਥੋੜ੍ਹੀ ਹੇਰਾਫੇਰੀ ਚੱਲਦੀ ਹੈ ਅਤੇ ਇਸ ਦਾ ਲਾਭ ਵੀ ਅਕਸਰ ਵਪਾਰੀਆਂ ਦੇ ਪੇਟੇ ਹੀ ਪੈਂਦਾ ਹੈ। ਜੇ ਉਹ ਇੱਕ ਬੋਰੀ ਵਿੱਚੋਂ ਅੱਧਾ ਕਿਲੋ ਵੀ ਘੱਟ ਤੋਲ਼ਣ ਤਾਂ ਵੀ ਕਿਸਾਨਾਂ ਨੂੰ ਹੀ ਘਾਟਾ। ਇਸੇ ਲਈ ਕਾਫ਼ੀ ਸਾਰੇ ਇਸ ਬਾਰੇ ਸ਼ਿਕਾਇਤ ਵੀ ਕਰਦੇ ਹਨ।

ਇਸ ਤੋਂ ਬਾਅਦ ਵੀ, ਇੱਕ ਵਿਅਕਤੀ (ਕਿਸਾਨ) ਦਾ ਪੂਰਾ ਦਿਨ ਮੰਡੀ ਵਿੱਚ ਹੀ ਖਪ ਜਾਂਦਾ ਹੈ ਤੇ ਉਹ ਆਪਣੇ ਖੇਤ ਵੀ ਨਹੀਂ ਜਾ ਪਾਉਂਦਾ। ਜੇ ਵਪਾਰੀ ਦੇ ਕੋਲ਼ ਨਕਦੀ ਹੋਵੇ ਤਾਂ ਨਾਲ਼ ਦੀ ਨਾਲ਼ ਹਿਸਾਬ ਹੋ ਜਾਂਦਾ ਹੈ। ਨਹੀਂ ਤਾਂ ਉਹ ਕਿਸਾਨ ਨੂੰ ਦੋਬਾਰਾ ਆਉਣ ਲਈ ਵੀ ਆਖ ਦਿੰਦੇ ਹਨ। ਬਾਕੀ ਰਹੀ ਗੱਲ ਜੇ ਇੱਕ ਵਿਅਕਤੀ ਨੂੰ ਰੋਜ਼ ਰੋਜ਼ ਮੰਡੀ ਜਾਣਾ ਪਵੇ ਤਾਂ ਉਹ ਆਪਣੇ ਖਾਣਾ ਨਾਲ਼ ਨਹੀਂ ਲਿਜਾ ਪਾਉਂਦਾ। ਅਜਿਹੀ ਸੂਰਤ ਵਿੱਚ ਉਹਨੂੰ ਬਾਹਰੋਂ ਹੋਟਲ 'ਚੋਂ ਖਾਣਾ ਪੈਂਦਾ ਹੈ। ਅਸੀਂ ਸਾਰਾ ਕੁਝ ਦੇਖ ਕੇ ਜਦੋਂ ਕੁੱਲ ਮਿਲ਼ਾ ਕੇ ਹਿਸਾਬ ਲਾਇਆ ਤੇ ਦੇਖਿਆ ਕਿਸਾਨ ਦੀ ਕੁੱਲ ਆਮਦਨੀ ਵਿੱਚੋਂ 18 ਫ਼ੀਸਦ ਵਾਲ਼ੀ ਕੈਂਚੀ ਫੇਰੀ ਜਾ ਚੁੱਕੀ ਹੁੰਦੀ ਹੈ।''

ਗੰਧੀਰਾਸੁ ਇੱਕ ਕਿਸਾਨ ਉਤਪਾਦਕ ਸੰਗਠਨ (ਐਫ਼ਪੀਓ) ਚਲਾਉਂਦੇ ਹਨ। ਸਾਲ 2015 ਤੋਂ ਰਾਮਨਾਦ ਮੁੰਡੁ ਚਿਲੀ ਪ੍ਰੋਡੈਕਸ਼ਨ ਕੰਪਨੀ ਲਿਮਟਿਡ ਕਿਸਾਨਾਂ ਦੀ ਆਮਦਨੀ ਵਿੱਚ ਵਾਧਾ ਕਰਨ ਦੀ ਦਿਸ਼ਾ ਵਿੱਚ ਕੰਮ ਕਰਦੀ ਆਈ ਹੈ। ਉਹ ਖ਼ੁਦ ਹੀ ਸੰਗਠਨ ਦੇ ਪ੍ਰਧਾਨ ਅਤੇ ਨਿਰਦੇਸ਼ਕ ਹਨ ਅਤੇ ਸਾਡੀ ਉਨ੍ਹਾਂ ਦੀ ਮੁਲਾਕਾਤ ਮੁਦੁਕੁਲਤੁਰ ਸ਼ਹਿਰ ਵਿਖੇ ਉਨ੍ਹਾਂ ਦੇ ਦਫ਼ਤਰ ਵਿੱਚ ਹੁੰਦੀ ਹੈ। ''ਤੁਸੀਂ ਆਮਦਨੀ ਵਧਾਓਗੇ ਕਿਵੇਂ? ਸਭ ਤੋਂ ਪਹਿਲਾਂ ਤੁਸੀਂ ਕਾਸ਼ਤ 'ਤੇ ਆਉਂਦੇ ਖਰਚਿਆਂ ਨੂੰ ਘਟਾਓਗੇ। ਦੂਜਾ, ਤੁਹਾਨੂੰ ਝਾੜ ਵਧਾਉਣ ਵੱਲ ਧਿਆਨ ਦੇਣਾ ਹੋਵੇਗਾ ਅਤੇ ਤੀਜਾ, ਮੰਡੀ ਤੱਕ ਪਹੁੰਚ ਨੂੰ ਸੌਖਿਆਂ ਕਰਨਾ। ਹਾਲ ਦੀ ਘੜੀ, ਅਸੀਂ ਆਪਣਾ ਪੂਰਾ ਧਿਆਨ ਮੰਡੀ ਵੱਲ ਕੇਂਦਰਤ ਕਰ ਰਹੇ ਹਾਂ।'' ਰਾਮਨਾਥਪੁਰਮ ਜ਼ਿਲ੍ਹੇ ਵਿੱਚ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਇੱਕ ਹੋਰ ਜ਼ਰੂਰੀ ਕੰਮ ਕਰਨ ਦੀ ਲੋੜ ਮਹਿਸੂਸ ਹੋਈ ਹੈ, ਉਹ ਹੈ ''ਪ੍ਰਵਾਸ ਦੀ ਸਮੱਸਿਆ'' ਨੂੰ ਰੋਕਣਾ, ਉਹ ਧਿਆਨ ਦਵਾਉਂਦੇ ਹਨ।

ਸਰਕਾਰ ਆਪਣੇ ਪੁਰਾਣੇ ਬਿਆਨ ਨੂੰ ਮੁੜ ਪੁਣਦੀ ਹੈ। ਰਾਮਨਾਥਪੁਰਮ ਜ਼ਿਲ੍ਹੇ ਲਈ ਤਮਿਲਨਾਡੂ ਰੂਰਲ ਟ੍ਰਾਂਸਫਾਰਮੇਸ਼ਨ ਪ੍ਰੋਜੈਕਟ ਦੀ ਤਸ਼ਖ਼ੀਸੀ ਰਿਪੋਰਟ (ਡਾਇਗਨੋਸਟਿਕ ਰਿਪੋਰਟ) ਮੁਤਾਬਕ 3,000 ਤੋਂ ਲੈ ਕੇ 5,000 ਦੀ ਗਿਣਤੀ ਵਿੱਚ ਕਿਸਾਨ ਹਰ ਸਾਲ ਪ੍ਰਵਾਸ ਕਰ ਰਹੇ ਹਨ। ਇਸ ਪ੍ਰਵਾਸ ਦੇ ਮਗਰਲੇ ਕਾਰਕਾਂ ਵਜੋਂ ਆੜ੍ਹਤੀਏ, ਪਾਣੀ ਦੇ ਮਾੜੇ ਸ੍ਰੋਤ, ਸੋਕੇ ਅਤੇ ਕੋਲਡ-ਸਟੋਰਾਂ ਦੀ ਘਾਟ ਜਿਹੀਆਂ ਸਮੱਸਿਆਵਾਂ ਉੱਭਰ ਕੇ ਸਾਹਮਣੇ ਆਉਂਦੀਆਂ ਹਨ।

ਪਾਣੀ ਦੀ ਸਮੱਸਿਆ ਤੜਥੱਲੀ ਮਚਾ ਸਕਦੀ ਹੈ, ਗੰਧੀਰਾਸੂ ਕਹਿੰਦੇ ਹਨ। ''ਤੁਸੀਂ ਕਾਵੇਰੀ ਡੈਲਟਾ ਖਿੱਤੇ ਦੇ ਮੈਦਾਨੀ ਇਲਾਇਆਂ ਜਾਂ ਪੱਛਮੀ ਤਮਿਲਨਾਡੂ ਵਿੱਚ ਚਲੇ ਜਾਓ। ਤੁਸੀਂ ਕੀ ਦੇਖਦੋ ਹੋ?'' ਇੰਨਾ ਬੋਲ ਕੇ ਉਹ ਇੱਕ ਪਲ ਲਈ ਰੁਕਦੇ ਹਨ। ''ਬਿਜਲੀ ਦੇ ਖੰਭੇ। ਕਿਉਂਕਿ ਹਰ ਥਾਵੇਂ ਬੋਰਵੈੱਲ ਹੀ ਬੋਰਵੈੱਲ ਹਨ।'' ਰਾਮਨਾਥਪੁਰਮ ਵਿੱਚ ਉਨ੍ਹਾਂ ਦੀ ਗਿਣਤੀ ਕਾਫ਼ੀ ਘੱਟ ਹੈ, ਉਹ ਦੱਸਦੇ ਹਨ। ਵਰਖਾ-ਅਧਾਰਤ ਸਿੰਚਾਈ ਦੀਆਂ ਆਪਣੀਆਂ ਹੱਦਬੰਦੀਆਂ ਹਨ ਜੋ ਮੌਸਮ ਦੇ ਮਿਜਾਜ਼ 'ਤੇ ਨਿਰਭਰ ਹਨ।

Gandhirasu, Director, Mundu Chilli Growers Association, Ramanathapuram.
PHOTO • M. Palani Kumar
Sacks of red chillies in the government run cold storage yard
PHOTO • M. Palani Kumar

ਖੱਬੇ : ਗੰਧੀਰਾਸੂ, ਨਿਰਦੇਸ਼ਕ, ਮੁੰਡੂ ਚਿਲੀ ਗ੍ਰੋਵਰਸ ਐਸੋਸ਼ੀਏਸ਼ਨ, ਰਾਮਨਾਥਪੁਰਮ। ਸੱਜੇ : ਸਰਕਾਰ ਦੁਆਰਾ ਚਲਾਏ ਜਾਂਦੇ ਕੋਲਡ-ਸਟੋਰ ਦੇ ਯਾਰਡ ਵਿਖੇ ਪਈਆਂ ਲਾਲ ਮਿਰਚ ਦੀਆਂ ਬੋਰੀਆਂ

ਇੱਕ ਵਾਰ ਫਿਰ ਸਰਕਾਰੀ ਅੰਕੜੇ- ਇਸ ਵਾਰ ਜਿਨ੍ਹਾਂ ਦਾ ਸ੍ਰੋਤ, ਜ਼ਿਲ੍ਹਾ ਸੰਖਿਆਕੀ ਕਿਤਾਬਚਾ ਹੈ, ਬਾਹਰ ਆਉਂਦੇ ਹਨ। ਜ਼ਿਲ੍ਹੇ ਅੰਦਰ 2018-19 ਵਿਚਾਲੇ ਸਿਰਫ਼ 9,248 ਪੰਪਸੈੱਟ (ਬੰਬੀਆਂ) ਸਨ, ਇਹ ਪੁਸ਼ਟੀ ਰਾਮਨਾਥਪੁਰਮ ਬਿਜਲਈ ਵੰਡ ਸਰਕਲ ਵੱਲੋਂ ਕੀਤੀ ਗਈ ਹੈ। ਜੋ ਗਿਣਤੀ ਰਾਜ ਦੇ ਕੁੱਲ 18 ਲੱਖ ਪੰਪਸੈੱਟਾਂ ਦੇ ਮੁਕਾਬਲੇ ਬਹੁਤ ਹੀ ਨਿਗੂਣੀ ਹੈ।

ਰਾਮਨਾਥਪੁਰਮ ਲਈ ਇਹ ਕੋਈ ਅਲੋਕਾਰੀ ਗੱਲ ਨਹੀਂ। 'ਐਵਰੀਬਾਡੀ ਲਵਸ ਏ ਗੁੱਡ ਡ੍ਰਾਊਟ' (ਸਾਲ 1996 ਵਿੱਚ ਪ੍ਰਕਾਸ਼ਤ) ਵਿੱਚ ਪੱਤਰਕਾਰ ਪੀ.ਸਾਈਨਾਥ ਨੇ ਮਕਬੂਲ ਲੇਖਕ ਮਰਹੂਮ ਮੇਲਨਮਈ ਪੋਨੂਸਵਾਮੀ ਦਾ ਇੰਟਰਵਿਊ ਲਿਆ ਹੈ। ''ਸਧਾਰਣ ਧਾਰਨਾ ਦੇ ਉਲਟ ਜ਼ਿਲ੍ਹੇ ਅੰਦਰ ਖੇਤੀ ਨਾਲ਼ ਸਬੰਧਤ ਬੜੀਆਂ ਵਧੀਆਂ ਸੰਭਾਵਨਾਵਾਂ ਹਨ। ਪਰ ਇਨ੍ਹਾਂ ਗੱਲਾਂ ਲਈ ਲੋੜੀਂਦੇ ਯਤਨ ਕੌਣ ਕਰਦਾ ਹੈ?'' ਉਨ੍ਹਾਂ ਨੇ ਅੱਗੇ ਕਿਹਾ ਕਿ ''ਰਾਮਨਾਦ ਦੀਆਂ 80 ਫ਼ੀਸਦ ਤੋਂ ਵੀ ਵੱਧ ਪੈਲ਼ੀਆਂ/ਜੋਤਾਂ ਦਾ ਅਕਾਰ ਦੋ ਏਕੜ ਤੋਂ ਵੀ ਘੱਟ ਹੈ, ਜ਼ਾਹਰ ਹੈ ਉੱਥੇ ਲਾਗਤ-ਪੱਖੋਂ ਵੱਧ ਖਰਚੇ ਪੈਂਦੇ ਹਨ। ਜਿਸ ਵਿੱਚ ਸਭ ਤੋਂ ਉੱਪਰ ਸਿੰਚਾਈ ਦੀ ਕਮੀ ਦਾ ਹੋਣਾ ਹੈ।''

ਪੋਨੂਸਵਾਮੀ ਸੰਭਾਵਨਾਵਾਂ ਦਾ ਠੀਕ-ਠੀਕ ਅੰਦਾਜ਼ਾ ਲਾਉਂਦੇ ਸਨ। ਸਾਲ 2018-19 ਵਿੱਚ ਰਾਮਨਾਥਪੁਰਮ ਜ਼ਿਲ੍ਹੇ ਨੇ 4,426.64 ਮੈਟ੍ਰਿਕ ਟਨ ਮਿਰਚ ਦਾ ਕਾਰੋਬਾਰ ਕੀਤਾ, ਜਿਹਦਾ ਮੁੱਲ ਕਰੀਬ 33.6 ਕਰੋੜ ਰੁਪਏ ਸੀ। (ਝੋਨਾ, ਜਿਹਨੂੰ ਮਿਰਚ ਦੇ ਮੁਕਾਬਲੇ ਵੱਧ ਬਿਹਤਰ ਸਿੰਜਾਈ ਮਿਲ਼ੀ, ਦਾ ਕੁੱਲ ਕਾਰੋਬਾਰ ਸਿਰਫ਼ 15.8 ਕਰੋੜ ਰੁਪਏ ਹੀ ਹੋਇਆ)।

ਖ਼ੁਦ ਇੱਕ ਕਿਸਾਨ ਦਾ ਪੁੱਤ ਹੋਣ ਅਤੇ ਮਾਸਟਰ ਡਿਗਰੀ ਦੀ ਪੜ੍ਹਾਈ ਦੇ ਨਾਲ਼ ਨਾਲ਼ ਖੇਤੀ ਕੰਮਾਂ ਨਾਲ਼ ਵੀ ਜੁੜੇ ਰਹਿਣ ਵਾਲ਼ੇ ਗੰਧੀਰਾਸੂ ਨੇ ਜ਼ਿਲ੍ਹੇ ਵਿੱਚ ਮਿਰਚ ਦੀ ਖੇਤੀ ਦੇ ਆਰਥਿਕ-ਵਪਾਰਕ ਭਵਿੱਖ ਦਾ ਕਿਆਸ ਲਾ ਲਿਆ ਸੀ। ਇਸਲਈ ਤਾਂ ਮਿਰਚ ਦੀ ਖੇਤੀ ਕਰਨ ਦੀਆਂ ਸੰਭਾਵਨਾਵਾਂ ਦੇ ਸਾਗਰ ਵਿੱਚ ਤਾਰੀ ਲਾਉਣੀ ਉਨ੍ਹਾਂ ਲਈ ਔਖੀ ਨਹੀਂ ਸੀ। ਆਮ ਤੌਰ 'ਤੇ ਇੱਕ ਛੋਟਾ ਕਿਸਾਨ ਤਕਰੀਬਨ ਇੱਕ ਏਕੜ ਵਿੱਚ ਆਪਣੀ ਫ਼ਸਲ ਬੀਜਦਾ ਹੈ। ਫ਼ਸਲ ਪੱਕਣ ਤੋਂ ਬਾਅਦ ਦਿਹਾੜੀ 'ਤੇ ਕੁਝ ਕਾਮੇ ਲਾ ਕੇ ਮਿਰਚਾਂ ਤੁੜਵਾਉਂਦਾ ਹੈ। ਬਾਕੀ ਦਾ ਕੰਮ ਉਹ ਅਤੇ ਉਹਦਾ ਪਰਿਵਾਰ ਖ਼ੁਦ ਕਰ ਲੈਂਦਾ ਹੈ। ''ਇੱਕ ਏਕੜ ਵਿੱਚ ਮੁੰਡੁ ਮਿਰਚਾਂ ਦੀ ਫ਼ਸਲ ਬੀਜਣ ਵਿੱਚ ਕੋਈ 25,000 ਰੁਪਏ ਤੋਂ ਲੈ ਕੇ 28,000 ਰੁਪਏ ਖਰਚ ਹੁੰਦੇ ਹਨ। ਫ਼ਸਲ ਤੋੜਨ 'ਤੇ 20,000 ਰੁਪਏ ਵਾਧੂ ਖਰਚਾ ਪੈ ਜਾਂਦਾ ਹੈ। ਇਹ 10 ਤੋਂ ਲੈ ਕੇ 15 ਮਜ਼ਦੂਰਾਂ ਦੇ ਖਰਚੇ ਦਾ ਹਿਸਾਬ ਹੈ, ਜੋ ਚਾਰ ਗੇੜਾਂ ਵਿੱਚ ਮਿਰਚ ਦੀ ਤੁੜਾਈ ਕਰਦੇ ਹਨ।'' ਇੱਕ ਮਜ਼ਦੂਰ ਇੱਕ ਦਿਨ ਵਿੱਚ ਇੱਕ ਬੋਰੀ ਮਿਰਚ ਤੋੜਦਾ ਅਤੇ ਇਕੱਠੀ ਕਰਦਾ ਹੈ। ਗੰਧੀਰਾਸੂ ਕਹਿੰਦੇ ਹਨ ਕਿ ਜਦੋਂ ਪੌਦੇ ਸੰਘਣੇ ਹੋਣ ਤਾਂ ਤੋੜਨ ਦਾ ਕੰਮ ਥੋੜ੍ਹਾ ਮੁਸ਼ਕਲ ਜਰੂਰ ਹੋ ਜਾਂਦਾ ਹੈ।

ਮਿਰਚ ਦੀ ਖੇਤੀ ਛੇ ਮਹੀਨਿਆਂ ਦੀ ਪੈਦਾਵਾਰ ਹੈ। ਇਹਦੇ ਬੀਜਾਂ ਦੇ ਛਿੱਟੇ ਅਕਤੂਬਰ ਵਿੱਚ ਦਿੱਤੇ ਜਾਂਦੇ ਹਨ ਅਤੇ ਉਹਦੇ ਦੋ ਬੋਗਮ (ਝਾੜ) ਨਿਕਲ਼ਦੇ ਹਨ। ਪਹਿਲੀ ਵਾਰੀ ਤਾਈ (ਤਮਿਲ ਦਾ ਦੇਸੀ ਮਹੀਨਾ ਜੋ ਜਨਵਰੀ ਵਿੱਚ ਸ਼ੁਰੂ ਹੁੰਦਾ ਹੈ) ਵਿੱਚ ਫਲਦਾ ਹੈ। ਦੂਜੀ ਉਪਜ ਚਿਤਿਰਈ (ਅੱਧ ਅਪ੍ਰੈਲ) ਵਿੱਚ ਫਲਦਾ ਹੈ।

ਸਪਲਾਈ ਘਟਣ ਅਤੇ ਬਜ਼ਾਰ ਦੀ ਮੰਗ ਵੱਧ ਹੋਣ ਕਾਰਨ ਪੂਰੇ ਸਾਲ ਇਹਦੇ ਭਾਅ ਚੜ੍ਹੇ ਹੀ ਰਹਿੰਦੇ ਹਨ। ਰਾਮਨਾਥਪੁਰਮ ਅਤੇ ਪਰਮਕੁੜੀ ਦੇ ਕਿਸਾਨ ਮਾਰਚ ਦੇ ਸ਼ੁਰੂ ਵਿੱਚ ਮਿਰਚ ਬਦਲੇ ਮਿਲ਼ਣ ਵਾਲ਼ੇ ਭਾਅ ਬਾਰੇ ਬੜੀਆਂ ਉਤਸ਼ਾਹ ਭਰੀਆਂ ਗੱਲਾਂ ਕਰਦੇ ਰਹੇ ਸਨ। ਮਿਰਚਾਂ ਦੀ ਪਹਿਲੀ ਖੇਪ ਤਾਂ 450 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ਼ ਵਿਕੀ। ਲੋਕਾਂ ਦਾ ਅੰਦਾਜ਼ਾ ਸੀ ਕਿ ਭਾਅ ਕੋਈ 500 ਰੁਪਏ ਪ੍ਰਤੀ ਕਿਲੋ ਤੱਕ ਚਲਾ ਜਾਵੇਗਾ।

Ambika plucks chillies and drops them in a paint bucket. Ramnad mundu, also known as sambhar chilli in Chennai, when ground makes puli kozhambu (a tangy tamarind gravy) thick and tasty
PHOTO • M. Palani Kumar

ਅੰਬਿਕਾ ਮਿਰਚਾਂ ਤੋੜਨ ਬਾਅਦ ਉਨ੍ਹਾਂ ਨੂੰ ਖਾਲੀ ਬਾਲਟੀ ਵਿੱਚ ਇਕੱਠਿਆਂ ਕਰ ਰਹੀ ਹਨ। ਰਾਮਨਾਦ ਮੁੰਡੂ ਜਿਹਨੂੰ ਚੇਨੱਈ ਵਿੱਚ ਸਾਂਭਰ ਚਿਲੀ ਵੀ ਕਹਿੰਦੇ ਹਨ, ਨੂੰ ਪੀਹ ਕੇ ਜਦੋਂ ਕੁਲੀ ਕੋਡੰਬੂ (ਇਮਲੀ ਦੀ ਖੱਟੀ ਤਰੀ) ਵਿੱਚ ਰਲ਼ਾਇਆ ਜਾਂਦਾ ਹੈ ਤਾਂ ਉਹ ਗਾੜ੍ਹੀ ਵੀ ਹੋ ਜਾਂਦੀ ਹੈ ਤੇ ਸੁਆਦੀ ਵੀ

A lot of mundu chillies in the trader shop. The cultivation of chilli is hard because of high production costs, expensive harvesting and intensive labour
PHOTO • M. Palani Kumar

ਇੱਕ ਵਪਾਰੀ ਦੀ ਦੁਕਾਨ ' ਤੇ ਰੱਖੀ ਮੁੰਡੂ ਮਿਰਚਾਂ ਦਾ ਢੇਰ। ਉੱਚ-ਉਤਪਾਦਨ ਲਾਗਤਾਂ, ਮਹਿੰਗੀ ਤੁੜਾਈ ਅਤੇ ਸਖ਼ਤ ਮਜ਼ਦੂਰੀ ਕਰਕੇ ਮਿਰਚਾਂ ਦੀ ਕਾਸ਼ਤ ਮੁਸ਼ਕਲ ਹੁੰਦੀ ਹੈ

ਗੰਧੀਰਾਸੂ ਇਨ੍ਹਾਂ ਕੀਮਤਾਂ ਦੀ ਸੰਖਿਆਵਾਂ ਦੀ ਤੁਲਨਾ 'ਸੁਨਾਮੀ' ਨਾਲ਼ ਕਰਦੇ ਹਨ। ਉਹ ਇਹ ਮੰਨ ਕੇ ਚੱਲਦੇ ਹਨ ਕਿ ਜੇ ਮੁੰਡੂ ਮਿਰਚ ਦਾ ਮਿਲ਼ਣ ਵਾਲ਼ਾ ਭਾਅ 120 ਰੁਪਏ ਕਿਲੋ ਹੈ ਅਤੇ ਇੱਕ ਏਕੜ ਵਿੱਚ 1,000 ਕਿਲੋ ਮਿਰਚ ਦੀ ਖੇਤੀ ਹੁੰਦੀ ਹੋਵੇ ਤਾਂ ਕਿਸਾਨ 50,000 ਰੁਪਏ ਦਾ ਲਾਭ ਹੁੰਦਾ ਦੇਖ ਸਕਦਾ ਹੈ। ''ਦੋ ਸਾਲ ਪਹਿਲਾਂ ਮਿਰਚ ਸਿਰਫ਼ 90 ਜਾਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ਼ ਵਿਕੀ ਸੀ। ਅੱਜ ਮਿਰਚ ਦੀ ਦਰ ਪਹਿਲਾਂ ਦੇ ਮੁਕਾਬਲੇ ਕਾਫ਼ੀ ਵਧੀਆ ਚੱਲ ਰਹੀ ਹੈ। ਪਰ ਫਿਰ ਵੀ ਅਸੀਂ 350 ਰੁਪਏ ਪ੍ਰਤੀ ਕਿਲੋ ਦੀ ਮੁੱਲ ਨੂੰ ਨਿਰਧਾਰਤ ਮੰਨ ਕੇ ਨਹੀਂ ਚੱਲ ਸਕਦੇ। ਇੰਝ ਮੰਨਣਾ ਗ਼ਲਤੀ ਹੋਵੇਗੀ।''

ਉਹ ਦੱਸਦੇ ਹਨ ਕਿ ਮੁੰਡੂ ਮਿਰਚ ਜ਼ਿਲ੍ਹੇ ਦੀ ਹਰਮਨ-ਪਿਆਰੀ ਫ਼ਸਲ ਹੈ। ਉਹ ਇਸਨੂੰ ਇੱਕ ਅਲੱਗ ਪ੍ਰਜਾਤੀ ਦੱਸਦੇ ਹਨ। ਉਨ੍ਹਾਂ ਮੁਤਾਬਕ ਇਹ ਕੁਝ ਹੱਦ ਤੱਕ ਟਮਾਟਰ ਵਰਗੀ ਜਾਪਦੀ ਹੈ। ''ਰਾਮਨਾਦ ਮੁੰਡੂ ਨੂੰ ਚੇਨੱਈ ਵਿਖੇ ਸਾਂਭਰ ਚਿਲੀ ਵੀ ਕਿਹਾ ਜਾਂਦਾ ਹੈ। ਕਿਉਂਕਿ ਇਹਦਾ ਛਿਲਕਾ ਮੋਟਾ ਹੁੰਦਾ ਹੈ, ਅੰਦਰਲੇ ਗੁੱਦੇ ਕਰਕੇ ਪੁਲੀ ਕੋਡੰਬੂ (ਇਮਲੀ ਦੀ ਖੱਟੀ ਤਰੀ) ਗਾੜ੍ਹੀ ਹੋ ਜਾਂਦੀ ਹੈ ਅਤੇ ਸੁਆਦੀ ਵੀ।

ਭਾਰਤ ਦੇ ਨਾਲ਼ ਨਾਲ਼ ਵਿਦੇਸ਼ਾਂ ਵਿੱਚ ਵੀ ਮੁੰਡੁਕ ਦੀ ਮੰਡੀ ਕਾਫ਼ੀ ਤਗੜੀ ਹੈ। ਆਨਲਾਈਨ ਦੇਖਣ 'ਤੇ ਇਹ ਗੱਲ ਸਪੱਸ਼ਟ ਹੁੰਦੀ ਹੈ। ਮਈ ਦੇ ਮੱਧ ਤੱਕ ਅਮੇਜ਼ਨ 'ਤੇ ਮੁੰਡੂ ਦੀ ਕੀਮਤ 799 ਰੁਪਏ ਪ੍ਰਤੀ ਕਿਲੋ ਸੀ। ਉਹ ਵੀ 20 ਪ੍ਰਤੀਸ਼ਤ ਦੀ ਆਕਰਸ਼ਕ ਛੋਟ ਤੋਂ ਬਾਅਦ।

''ਅਸੀਂ ਨਹੀਂ ਜਾਣਦੇ ਕਿ ਇਹਦੀ ਲਾਬੀ ਕਿਵੇਂ ਕੀਤੀ ਜਾਂਦੀ ਹੈ,'' ਗੰਧੀਰਾਸੂ ਇਸ ਗੱਲ ਨੂੰ ਪ੍ਰਵਾਨਦਿਆਂ ਕਹਿੰਦੇ ਹਨ। ''ਮਾਰਕਟਿੰਗ ਇੱਕ ਸਮੱਸਿਆ ਹੈ।'' ਇਸ ਤੋਂ ਇਲਾਵਾ ਐੱਫ਼ਪੀਓ ਦੇ ਸਾਰੇ ਮੈਂਬਰ-1,000 ਤੋਂ ਵੀ ਵੱਧ ਕਿਸਾਨ- ਆਪਣੀ ਉਪਜ ਆਪਣੇ ਸੰਗਠਨ ਨੂੰ ਨਹੀਂ ਵੇਚਦੇ। ''ਸਾਡੇ ਕੋਲ਼ ਉਨ੍ਹਾਂ ਦੀ ਪੂਰੀ ਪੈਦਾਵਾਰ ਖਰੀਦਣ ਜੋਗੇ ਫੰਡ ਹੀ ਕਿੱਥੇ ਹਨ ਅਤੇ ਨਾ ਹੀ ਅਸੀਂ ਉਨ੍ਹਾਂ ਦਾ ਚੰਗੀ ਤਰ੍ਹਾਂ ਭੰਡਾਰਣ ਕਰਨ ਦੇ ਹੀ ਸਮਰੱਥ ਹਾਂ।''

ਚੰਗਾ ਭਾਅ ਮਿਲ਼ਣ ਦੀ ਉਮੀਦ ਵਿੱਚ ਐਫ਼ਪੀਓ ਦੁਆਰਾ ਫ਼ਸਲ ਦਾ ਭੰਡਾਰਣ ਇਸਲਈ ਵੀ ਇੱਕ ਔਖ਼ਾ ਕੰਮ ਹੈ, ਕਿਉਂਕਿ ਕਈ ਮਹੀਨਿਆਂ ਤੱਕ ਮਿਰਚ ਨੂੰ ਰੱਖਣ ਦੇ ਕਾਰਨ ਉਨ੍ਹਾਂ ਦੇ ਕਾਲ਼ੇ ਫਿਰਨ ਦੇ ਖ਼ਦਸ਼ਾ ਰਹਿੰਦਾ ਹੈ ਅਤੇ ਉਹਦੇ ਪਾਊਡਰ ਵਿੱਚ ਕੀੜੇ ਵੀ ਪੈ ਸਕਦੇ ਹੁੰਦੇ ਹਨ। ਜਦੋਂ ਅਸੀਂ ਰਾਮਨਾਥਪੁਰਮ ਸ਼ਹਿਰ ਤੋਂ 15 ਕਿਲੋਮੀਟਰ ਦੂਰ ਸਰਕਾਰ ਦੁਆਰਾ ਸੰਚਾਲਤ ਕੋਲਡ-ਸਟੋਰ ਦੇ ਠੰਡੇ ਯਾਰਡ ਦਾ ਮੁਆਇਨਾ ਕਰਨ ਗਏ ਤਾਂ ਅਸੀਂ ਉੱਥੇ ਪਿਛਲੇ ਸਾਲ ਪੈਦਾ ਕੀਤੀ ਮਿਰਚ ਦੀਆਂ ਬੋਰੀਆਂ ਪਈਆਂ ਦੇਖੀਆਂ। ਹਾਲਾਂਕਿ ਪ੍ਰਸ਼ਾਸਨ ਨੇ ਵਪਾਰੀ ਅਤੇ ਉਤਪਾਦਕਾਂ ਨੂੰ ਖਰੀਦੋ-ਫ਼ਰੋਖਤ ਵਾਸਤੇ ਇੱਕ-ਦੂਜੇ ਦੇ ਸਾਹਮਣੇ ਲਿਆਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਕਿਸਾਨਾਂ ਨਿਰਾਸ਼ ਹੀ ਰਹੇ। ਨਾਲ਼ੇ ਉਨ੍ਹਾਂ ਨੂੰ ਇਸ ਗੱਲ ਦਾ ਦੀ ਖਦਸ਼ਾ ਸੀ ਕਿ ਸੌਦਾ ਰੱਦ ਹੋਣ ਦੀ ਸੂਰਤ ਵਿੱਚ ਉਪਜ ਲਦਾਈ ਅਤੇ ਉਤਰਾਈ ਦਾ ਵਾਧੂ ਖਰਚਾ ਉਨ੍ਹਾਂ ਸਿਰ ਪੈ ਜਾਣਾ।

ਆਪਣੇ ਵੱਲੋਂ, ਐੱਫ਼ਪੀਓ ਕਿਸਾਨਾਂ ਨੂੰ ਕੀਟ-ਨਿਯੰਤਰਣ ਦੇ ਰਵਾਇਤੀ (ਦੇਸੀ) ਤਰੀਕੇ ਅਜ਼ਮਾਉਣ ਦੀ ਸਲਾਹ ਦਿੰਦੀ ਰਹਿੰਦੀ ਹੈ। ''ਇਸ ਇਲਾਕੇ ਵਿੱਚ ਆਮ ਕਰਕੇ ਜਿੱਥੇ ਜਿੱਥੇ ਮਿਰਚਾਂ ਦੇ ਖੇਤ ਹੁੰਦੇ ਹਨ ਉਹਦੇ ਦੁਆਲ਼ੇ-ਦੁਆਲ਼ੇ ਆਮਨੱਕੂ (ਅਰੰਡੀ) ਦੇ ਬੂਟੇ ਬੀਜੇ ਜਾਂਦੇ ਹਨ ਕਿਉਂਕਿ ਅਰੰਡੀ ਦੇ ਬੂਟੇ ਮਿਲਾਗਈ 'ਤੇ ਹਮਲਾ ਕਰਨ ਵਾਲ਼ੇ ਕੀੜਿਆਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਲੈਂਦੇ ਹਨ। ਅਰੰਡੀ ਦੇ ਬੂਟੇ ਵੀ ਉੱਚੇ ਹੁੰਦੇ ਹਨ ਜਿਸ ਕਰਕੇ ਪੰਛੀ ਵੀ ਇਨ੍ਹਾਂ ਵੱਲ ਖਿੱਚੇ ਆਉਂਦੇ ਹਨ। ਸੋ ਇਹੀ ਕੀਟ ਪੰਛੀਆਂ ਦਾ ਭੋਜਨ ਬਣ ਜਾਂਦੇ ਹਨ। ਇੰਝ ਅਰੰਡੀ ਦੇ ਇਨ੍ਹਾਂ ਬੂਟਿਆਂ ਦਾ ਝੁੰਡ ਓਯਿਰਵੇਲੀ ਭਾਵ ਜਿਊਂਦੀ ਜਾਗਦੀ ਵਾੜ ਦਾ ਕੰਮ ਕਰਦੇ ਹਨ।''

Changing rain patterns affect the harvest. Damaged chillies turn white and fall down
PHOTO • M. Palani Kumar

ਮੀਂਹ ਦਾ ਬਦਲਦਾ ਖ਼ਾਸਾ ਮਿਰਚ ਦੀ ਪੈਦਾਵਾਰ ਲਈ ਕਾਫ਼ੀ ਨੁਕਸਾਨਦੇਹ ਹੈ। ਬੱਗੀਆਂ ਪੈਣ ਤੋਂ ਬਾਅਦ ਮਿਰਚਾਂ ਹੇਠਾਂ ਕਿਰ ਜਾਂਦੀਆਂ ਹਨ

A dried up chilli plant and the cracked earth of Ramanathapuram
PHOTO • M. Palani Kumar

ਮਿਰਚ ਦਾ ਸੁੱਕਿਆ ਪੌਦਾ ਅਤੇ ਰਾਮਨਾਥਪੁਰਮ ਦੇ ਜ਼ਮੀਨ ' ਤੇ ਪਈਆਂ ਤ੍ਰੇੜਾਂ

ਉਹ ਆਪਣੀ ਮਾਂ ਨੂੰ ਚੇਤਾ ਕਰਦੇ ਹਨ ਜੋ ਖੇਤਾਂ ਦੇ ਨਾਲ਼-ਨਾਲ਼ ਆਮਨੱਕੂ ਅਤੇ ਅਗਤੀ (ਪਾਲਕ ਦੀ ਅਣਪਛਾਤੀ ਨਸਲ) ਬੀਜਿਆ ਕਰਦੀ ਸਨ। ਉਹ ਕਹਿੰਦੇ ਹਨ,''ਜਦੋਂ ਉਹ ਮਿਰਚਾਂ ਦੀ ਦੇਖਭਾਲ ਕਰਨ ਜਾਂਦੀ ਸਨ, ਸਾਡੀਆਂ ਬੱਕਰੀਆਂ ਉਨ੍ਹਾਂ ਮਗਰ ਭੱਜ ਜਾਂਦੀਆਂ। ਉਹ ਉਨ੍ਹਾਂ ਨੂੰ ਇੱਕ ਪਾਸੇ ਬੰਨ੍ਹ ਕੇ ਅਗਤੀ ਅਤੇ ਆਮਨੱਕੂ ਚਰਨ ਦਿਆ ਕਰਦੀ। ਬੱਸ ਇੰਨੇ ਜਿਹੇ ਨਾਲ਼ ਹੀ ਬੱਕਰੀਆਂ ਦਾ ਢਿੱਡ ਭਰ ਜਾਇਆ ਕਰਦਾ। ਜੇਕਰ ਮਿਲਾਗਈ ਸਾਡੇ ਲਈ ਪ੍ਰਮੁੱਖ ਫ਼ਸਲ ਹੁੰਦੀ ਤਾਂ ਆਮਨੱਕੂ ਦਾ ਮਹੱਤਵ ਵੀ ਕੁਝ ਘੱਟ ਨਾ ਹੁੰਦਾ। ਅਰੰਡੀ ਦੀ ਫ਼ਸਲ ਤੋਂ ਜੋ ਪੈਸੇ ਬਣਦੇ ਉਹ ਮੇਰੀ ਮਾਂ ਦੀ ਜੇਬ੍ਹ ਵਿੱਚ ਜਾਂਦੇ।''

ਅਤੀਤ ਤੋਂ ਸਬਕ ਲੈਂਦਿਆਂ, ਗੰਧਰਾਸੂ ਭਵਿੱਖ ਵੱਲ ਦੇਖ ਰਹੇ ਹਨ ਅਤੇ ਕਿਸੇ ਵੀ ਮਦਦ ਵਾਸਤੇ ਅਤੀਤ ਨੂੰ ਇੱਕ ਵਿਗਿਆਨ ਵਜੋਂ ਲੈਂਦੇ ਹਨ। ਉਹ ਕਹਿੰਦੇ ਹਨ,''ਸਾਨੂੰ ਰਾਮਨਾਥਪੁਰਮ ਵਿਖੇ, ਖਾਸ ਕਰਕੇ ਮੁਦੁਕੁਲਤਰ ਵਿੱਚ ਮਿਰਚ ਦੇ ਇੱਕ ਖੋਜ ਕੇਂਦਰ ਦੀ ਲੋੜ ਹੈ। ਝੋਨਾ, ਕੇਲਾ, ਧਨੀਆ, ਹਲਦੀ- ਇਨ੍ਹਾਂ ਸਾਰੀਆਂ ਫ਼ਸਲਾਂ ਦੇ ਖੋਜ ਕੇਂਦਰ ਹਨ। ਜੇਕਰ ਸਕੂਲ ਜਾਂ ਕਾਲਜ ਹੀ ਨਹੀਂ ਹੋਣਗੇ ਤਾਂ ਦੱਸੋ ਤੁਸੀਂ ਆਪਣੇ ਬੱਚਿਆਂ ਨੂੰ ਪੜ੍ਹਨ ਕਿੱਥੇ ਭੋਜੇਗੇ। ਸਿਰਫ਼ ਤੇ ਸਿਰਫ਼ ਇੱਕ ਕੇਂਦਰ ਹੋਣ ਨਾਲ਼ ਹੀ ਕਿਸੇ ਸਮੱਸਿਆ ਦਾ ਹੱਲ ਕੱਢਿਆ ਜਾ ਸਕਦਾ ਹੈ। ਜੇਕਰ ਇੰਝ ਸੰਭਵ ਹੋ ਗਿਆ ਤਾਂ ਦੇਖਿਓ ਮਿਰਚ ਦੀ ਖੇਤੀ 'ਵੱਖਰੇ ਪੱਧਰ' 'ਤੇ ਪਹੁੰਚੇਗੀ ਹੀ ਪਹੁੰਚੇਗੀ।''

ਫਿ਼ਲਹਾਲ ਐੱਫ਼ਪੀਓ ਮੁੰਡੂ ਕਿਸਮ ਵਾਸਤੇ ਇੱਕ ਭੂਗੋਲਿਕ ਸੰਕੇਤਕ ਚਿੰਨ੍ਹ ਹਾਸਲ ਕਰਨ ਲਈ ਕੰਮ ਕਰ ਰਹੀ ਹੈ। ''ਮਿਰਚ ਦੇ ਇਨ੍ਹਾਂ ਵਿਸ਼ੇਸ਼ ਗੁਣਾਂ ਨੂੰ ਦੁਨੀਆ ਸਾਹਮਣੇ ਲਿਆਉਣਾ ਬੇਹੱਦ ਜ਼ਰੂਰੀ ਹੈ। ਉਂਝ ਤਾਂ ਇਸ ਵਿਸ਼ੇ ਬਾਰੇ ਇੱਕ ਪੂਰੀ ਕਿਤਾਬ ਲਿਖੇ ਜਾਣ ਦੀ ਲੋੜ ਹੈ।''

ਖੇਤੀ ਸਬੰਧੀ ਸਾਰੀਆਂ ਸਮੱਸਿਆਵਾਂ ਲਈ ਸੁਝਾਇਆ ਜਾਣ ਵਾਲ਼ਾ ਇੱਕੋ-ਇੱਕ ਹੱਲ ਕਿ ਆਪਣੀ ਫ਼ਸਲ ਤੋਂ ਨਵੇਂ-ਨਵੇਂ ਉਤਪਾਦ ਸਿਰਜੋ- ਮਿਰਚ ਦੇ ਮਾਮਲੇ ਵਿੱਚ ਕਾਰਗਰ ਨਹੀਂ ਹੋ ਸਕਦਾ। ਇਹ ਗੰਧੀਰਾਸੂ ਦਾ ਮੰਨਣਾ ਹੈ। ''ਦੇਖੋ, ਹਰੇਕ ਕਿਸਾਨ ਕੋਲ਼ 50-60 ਬੋਰੀਆਂ ਮਿਰਚਾਂ ਹਨ। ਉਹ ਇਸ ਮਿਰਚ ਦਾ ਇਕੱਲਿਆਂ ਕੀ ਕਰ ਸਕਦੇ ਹਨ? ਇੱਥੋਂ ਤੱਕ ਕਿ ਐੱਫ਼ਪੀਓ ਵੀ ਇਕੱਠਿਆਂ ਹੋ ਕੇ ਮਸਾਲਾ ਕੰਪਨੀਆਂ ਦਾ ਮੁਕਾਬਲਾ ਨਹੀਂ ਕਰ ਸਕਦਾ ਅਤੇ ਨਾ ਹੀ ਉਨ੍ਹਾਂ ਨਾਲ਼ੋਂ ਸਸਤੀ ਮਿਰਚ (ਪਾਊਡਰ) ਵੇਚ ਸਕਦੇ ਹਾਂ। ਵੱਡੀ ਗੱਲ ਤਾਂ ਇਹ ਹੈ ਕਿ ਇਨ੍ਹਾਂ ਕੰਪਨੀਆਂ ਦਾ ਮਾਰਕਿਟਿੰਗ ਬਜਟ ਹੀ ਕਰੋੜਾਂ ਰੁਪਿਆ ਵਿੱਚ ਹੁੰਦਾ ਹੈ।''

ਗਾਂਧੀਰਾਸੂ ਕਹਿੰਦੇ ਹਨ, ਪਰ ਮੁੱਖ ਸਮੱਸਿਆ ਆਉਣ ਵਾਲ਼ੇ ਭਵਿੱਖ ਵਿੱਚ ਖੜ੍ਹੇ ਹੋਣੀ ਹੈ, ਉਹ ਹੈ ਜਲਵਾਯੂ ਤਬਦੀਲੀ ਦੀ ਸਮੱਸਿਆ।

''ਉਸ ਸਮੱਸਿਆ ਨਾਲ਼ ਨਜਿੱਠਣ ਵਾਸਤੇ ਦੱਸੋ ਅਸੀਂ ਕੀ ਕਰ ਰਹੇ ਹਾਂ?'' ਉਹ ਪੁੱਛਦੇ ਹਨ। ''ਤਿੰਨ ਦਿਨ ਪਹਿਲਾਂ ਤੂਫ਼ਾਨ ਆਉਣ ਦਾ ਖ਼ਤਰਾ ਮੰਡਰਾਉਣ ਲੱਗਿਆ ਹੈ। ਮਾਰਚ ਵਿੱਚ ਕਦੇ ਵੀ ਇਹ ਕਦੇ ਨਹੀਂ ਸੁਣਿਆ ਸੀ! ਜੇ ਪਾਣੀ ਵੱਧ ਹੋ ਗਿਆ ਤਾਂ ਮਿਰਚ ਦੇ ਪੌਦੇ ਮਰ ਜਾਣਗੇ। ਕਿਸਾਨਾਂ ਨੂੰ ਇਨ੍ਹਾਂ ਚੁਣੌਤੀਆਂ ਦੇ ਮੁਤਾਬਕ ਖ਼ੁਦ ਨੂੰ ਢਾਲ਼ਣਾ ਹੈ ਪੈਣਾ ਹੈ।''

*****

'' ਔਰਤਾਂ ਆਪਣੀ ਲੋੜ ਮੁਤਾਬਕ ਵੱਧ ਜਾਂ ਘੱਟ ਕਰਜ਼ਾ ਲੈਂਦੀਆਂ ਹਨ। ਸਿੱਖਿਆ, ਵਿਆਹ, ਪ੍ਰਸਵ- ਇਨ੍ਹਾਂ ਕੰਮਾਂ ਵਾਸਤੇ ਕਰਜਾ ਚੁੱਕਣ ਲਈ ਅਸੀਂ ਕਦੇ ਮਨ੍ਹਾਂ ਨਹੀਂ ਕਰਾਂਗੇ। ਖੇਤੀ ਵੀ ਇਨ੍ਹਾਂ ਕੰਮਾਂ ਤੋਂ ਬਾਅਦ ਹੀ ਆਉਂਦੀ ਹੈ। ''
ਜੇ. ਅਦਾਇਕਲਸੇਲਵੀ, ਮਿਰਚ ਕਿਸਾਨ ਅਤੇ ਐੱਸਐੱਚਜੀ ਦੀ ਮੁਖੀ ਪੀ. ਮੁਤੁਵਿਜਯਾਪੁਰਮ, ਰਾਮਨਾਥਪੁਰਮ

''ਤੁਹਾਨੂੰ ਇਹੀ ਡਰ ਹੈ ਨਾ ਕਿ ਤੁਸੀਂ ਕਿਤੇ ਬੂਟੇ ਨਾ ਪੁੱਟ ਸੁੱਟਿਓ?'' ਅਦਾਇਕਲਸੇਲਵੀ ਨੇ ਮੁਸਕਰਾਉਂਦਿਆਂ ਮੈਨੂੰ ਪੁੱਛਿਆ। ਦਰਅਸਲ ਉਨ੍ਹਾਂ ਨੇ ਗੁਆਂਢੀ ਦੇ ਖੇਤਾਂ ਵਿੱਚ ਮੈਨੂੰ ਮਿਰਚਾਂ ਤੋੜਨ ਲਾ ਦਿੱਤਾ ਜਿਨ੍ਹਾਂ ਕੋਲ਼ ਕਾਮਿਆਂ ਦੀ ਘਾਟ ਚੱਲ ਰਹੀ ਹੈ ਅਤੇ ਉਹ ਮਦਦ ਵਾਸਤੇ ਬੇਨਤੀ ਕਰ ਰਹੇ ਹਨ। ਉਹ ਇੱਕ ਦਮ ਕੰਮ ਹੁੰਦਾ ਦੇਖ ਕੇ ਖ਼ੁਸ਼ ਹੋ ਗਏ ਪਰ ਬਹੁਤੀ ਦੇਰ ਖ਼ੁਸ਼ ਨਾ ਰਹਿ ਸਕੇ। ਇਸੇ ਦਰਮਿਆਨ ਅਦਾਇਕਲਸੇਲਵੀ ਨੇ ਇੱਕ ਬਾਲਟੀ ਚੁੱਕ ਲਈ ਹੈ ਅਤੇ ਮਿਰਚਾਂ ਤੋੜਨ ਲਈ ਤੀਜੇ ਬੂਟੇ ਤੱਕ ਜਾ ਪੁੱਜੀ ਹਨ। ਮੈਂ ਤਾਂ ਅਜੇ ਪਹਿਲੇ ਬੂਟੇ ਨੂੰ ਹੀ ਚਿੰਬੜੀ ਹੋਈ ਸਾਂ ਤੇ ਥੱਕ ਕੇ ਬਹਿ ਵੀ ਗਈ ਹਾਂ ਅਤੇ ਨੇੜੇ ਲੱਗੀ ਮੋਟੀ ਮਿਰਚ ਤੋੜਨ ਲਈ ਹੱਥ ਅੱਗੇ ਵਧਾਇਆ ਟਹਿਣੀ ਮੋਟੀ ਅਤੇ ਸਖ਼ਤ ਹੈ- ਮੈਨੂੰ ਡਰ ਹੈ ਕਿਤੇ ਮੈਂ ਟਹਿਣੀ ਹੀ ਨਾ ਤੋੜ ਸੁੱਟਾ। ਸੱਚਿਓ ਮਿਰਚਾਂ ਦੀ ਇਹ ਦੁਨੀਆ  ਮੇਰੀ ਅੰਜਲਪੇਟੀ (ਲੂਣਦਾਨੀ) ਵਿੱਚ ਪਈਆਂ ਮਿਰਚਾਂ ਨਾਲ਼ੋਂ ਬਿਲਕੁਲ ਹੀ ਮੁਖ਼ਤਲਿਫ਼ ਹੈ।

Adaikalaselvi adjusting her head towel and working in her chilli field
PHOTO • M. Palani Kumar

ਮਿਰਚ ਦੇ ਖੇਤ ਵਿੱਚ ਕੰਮ ਕਰਨ ਲਈ ਸਿਰ ਦੁਆਲ਼ੇ ਬੰਨ੍ਹੇ ਢਿੱਲੇ ਤੋਲ਼ੀਏ ਨੂੰ ਠੀਕ ਕਰਦੀ ਹੋਈ ਅਦਾਇਕਲਸੇਲਵੀ

ਕੁਝ ਔਰਤਾਂ ਸਾਡੇ ਦੁਆਲ਼ੇ ਇਕੱਠੀਆਂ ਹੋਣ ਲੱਗੀਆਂ ਹਨ। ਗੁਆਂਢੀ ਬੇਕਿਰਕੀ ਵਿੱਚ ਆਪਣਾ ਸਿਰ ਛੰਡਦਾ ਹੈ ਪਰ ਅਦਾਇਕਲਸੇਲਵੀ ਮੇਰੇ ਅੰਦਰ ਜੋਸ਼ ਭਰਨ ਲੱਗੀ ਹੋਈ ਹਨ। ਉਨ੍ਹਾਂ ਦੀ ਬਾਲਟੀ ਲਗਭਗ ਭਰਨ ਹੀ ਵਾਲ਼ੀ ਹੈ ਅਤੇ ਮੇਰੀ ਹੱਥ ਵਿੱਚ ਸਿਰਫ਼ ਅੱਠ-ਦਸ ਮਿਰਚਾਂ ਹੀ ਹੋਈਆਂ ਹਨ। ਗੁਆਂਢੀ ਮੈਨੂੰ ਕਹਿੰਦਾ ਹੈ,''ਤੁਹਾਨੂੰ ਸੇਲਵੀ ਨੂੰ ਆਪਣੇ ਨਾਲ਼ ਚੇਨੱਈ ਲੈ ਜਾਣਾ ਚਾਹੀਦਾ ਹੈ। ਉਹ ਖੇਤ ਸਾਂਭਣ ਦੇ ਨਾਲ਼ ਨਾਲ਼ ਦਫ਼ਤਰ ਵੀ ਸਾਂਭ ਸਕਦੀ ਹੈ।'' ਲੱਗਦਾ ਉਨ੍ਹਾਂ ਨੇ ਮੈਨੂੰ ਕੋਈ ਕੰਮ ਦੇਣ ਕਾਬਲ ਨਹੀਂ ਸਮਝਿਆ। ਇਹ ਸਾਫ਼ ਹੈ ਕਿ ਮੈਂ ਅਸਫ਼ਲ ਰਹੀ ਹਾਂ।

ਅਦਾਇਕਲਸੇਲਵੀ ਆਪਣੇ ਘਰੇ ਇੱਕ ਦਫ਼ਤਰ ਵੀ ਚਲਾਉਂਦੀ ਹਨ ਜੋ ਐੱਫ਼ਪੀਓ ਨੇ ਖੋਲ੍ਹਿਆ ਹੈ ਅਤੇ ਉੱਥੇ ਇੱਕ ਕੰਪਿਊਟਰ ਅਤੇ ਜੇਰੋਕਸ (ਫ਼ੋਟੋ-ਸਟੇਟ) ਮਸ਼ੀਨ ਵੀ ਰੱਖੀ ਗਈ ਹੈ। ਉਨ੍ਹਾਂ ਦਾ ਕੰਮ ਕਾਗ਼ਜ਼ਾਂ ਦੀਆਂ ਫ਼ੋਟੋ-ਕਾਪੀਆਂ ਕੱਢਣਾ ਅਤੇ ਲੋਕਾਂ ਨੂੰ ਜ਼ਮੀਨ ਦੇ ਪਟੇ ਨਾਲ਼ ਜੁੜੀਆਂ ਜਾਣਕਾਰੀਆਂ ਦੇਣਾ ਹੈ। ''ਇਸ ਸਭ ਤੋਂ ਬਾਅਦ ਮੇਰੇ ਕੋਲ਼ ਹੋਰ ਕੋਈ ਕੰਮ ਕਰਨ ਦੀ ਵਿਹਲ ਨਹੀਂ ਬੱਚਦੀ। ਮੇਰੇ ਕੋਲ਼ ਬੱਕਰੀਆਂ ਅਤੇ ਮੁਰਗੀਆਂ ਵੀ ਹਨ ਜਿਨ੍ਹਾਂ ਦੀ ਮੈਂ ਦੇਖਭਾਲ਼ ਕਰਨੀ ਹੁੰਦੀ ਹੈ।''

ਇਸ ਤੋਂ ਇਲਾਵਾ, ਉਨ੍ਹਾਂ ਦੀਆਂ ਜ਼ਿੰਮੇਦਾਰੀਆਂ ਵਿੱਚ ਇੱਕ ਮਗਲਿਰ ਮੰਡ੍ਰਮ ਜਾਂ ਔਰਤਾਂ ਵਾਸਤੇ ਇੱਕ ਸਵੈ-ਸਹਾਇਤਾ ਸਮੂਹ ਦਾ ਸੰਚਾਲਨ ਕਰਨਾ ਵੀ ਸ਼ਾਮਲ ਹੈ। ਪਿੰਡ ਦੀਆਂ 60 ਔਰਤਾਂ ਇਸ ਸਮੂਹ ਦੀਆਂ ਮੈਂਬਰ ਹਨ, ਜੋ ਅੱਗੇ ਪੰਜ ਛੋਟੇ-ਛੋਟੇ ਸਮੂਹਾਂ ਵਿੱਚ ਵੰਡੀਆਂ ਹੋਈਆਂ ਹਨ ਅਤੇ ਹਰੇਕ ਛੋਟੇ ਸਮੂਹ ਦੀਆਂ ਦੋ ਤਲੈਵੀ (ਮੁਖੀਆ) ਹੁੰਦੀਆਂ ਹਨ। ਅਦਾਇਕਲਸੇਲਵੀ ਉਨ੍ਹਾਂ ਦਸਾਂ ਸਮੂਹਾਂ ਵਿੱਚ ਇੱਕ ਸਮੂਹ ਦੀ ਮੁਖੀਆ ਹਨ। ਹੋਰਨਾਂ ਗਤੀਵਿਧੀਆਂ ਤੋਂ ਇਲਾਵਾ ਮੁਖੀਆ ਦੇ ਕੰਮਾਂ ਵਿੱਚ ਪੈਸੇ ਜਮ੍ਹਾ ਕਰਨਾ ਅਤੇ ਪੈਸੇ ਵੰਡਣਾ ਸ਼ਾਮਲ ਹੁੰਦਾ ਹੈ। ''ਬਾਹਰੋਂ ਲੋਕੀਂ ਉੱਚੀ ਵਿਆਜ ਦਰਾਂ- ਰੇਂਦੂ ਵੱਟੀ, ਅੰਜੂ ਵੱਟੀ (24 ਤੋਂ 60 ਫ਼ੀਸਦ ਸਲਾਨਾ ਦੀ ਦਰ) 'ਤੇ ਪੈਸਾ ਉਧਾਰ ਚੁੱਕਦੇ ਹਨ। ਸਾਡਾ ਮਗਲਿਰ ਮੰਡ੍ਰਮ, ਓਰੂ ਵੱਟੀ ਭਾਵ ਇੱਕ ਲੱਖ ਦੀ ਰਕਮ ਮਗਰ 1,000 ਰੁਪਏ ਸਲਾਨਾ ਦੇ ਹਿਸਾਬ ਨਾਲ਼ ਕਰਜਾ ਦਿੰਦਾ ਹੈ।'' ਇਹ ਕਰੀਬ 12 ਪ੍ਰਤੀਸ਼ਤ ਦੀ ਦਰ ਬਣਦੀ ਹੈ। ''ਪਰ ਅਸੀਂ ਪੂਰੀ ਇਕੱਠੀ ਕੀਤੀ ਰਕਮ ਇੱਕੋ ਬੰਦੇ ਨੂੰ ਉਧਾਰ ਨਹੀਂ ਦੇ ਸਕਦੇ ਕਿਉਂਕਿ ਇੱਥੇ ਹਰ ਵਿਅਕਤੀ ਇੱਕ ਛੋਟਾ ਕਿਸਾਨ ਹੈ ਅਤੇ ਹਰ ਕਿਸੇ ਨੂੰ ਆਪਣੀ-ਆਪਣੀ ਲੋੜਾਂ ਨਾਲ਼ ਦੋ-ਹੱਥ ਹੋਣ ਲਈ ਪੈਸੇ ਦੀ ਲੋੜ ਪੈਂਦੀ ਹੀ ਹੈ, ਠੀਕ ਕਿਹਾ ਨਾ?''

ਔਰਤਾਂ ਆਪਣੀ ਲੋੜ ਮੁਤਾਬਕ ਵੱਧ ਜਾਂ ਘੱਟ ਕਰਜ਼ਾ ਲੈਂਦੀਆਂ ਹਨ। ਉਹ ਦੱਸਦੀ ਹਨ ਕਿ ਤਿੰਨ ਲੋੜਾਂ ਮੁੱਖ ਹੁੰਦੀਆਂ ਹਨ। ''ਸਿੱਖਿਆ, ਵਿਆਹ, ਪ੍ਰਸਵ- ਇਨ੍ਹਾਂ ਕੰਮਾਂ ਵਾਸਤੇ ਕਰਜਾ ਚੁੱਕਣ ਲਈ ਅਸੀਂ ਕਦੇ ਮਨ੍ਹਾਂ ਨਹੀਂ ਕਰਾਂਗੇ। ਇੱਥੋਂ ਤੱਕ ਕਿ ਖੇਤੀ ਵੀ ਇਨ੍ਹਾਂ ਕੰਮਾਂ ਤੋਂ ਬਾਅਦ ਹੀ ਆਉਂਦੀ ਹੈ।''

ਅਦਾਇਕਲਸੇਲਵੀ ਇੱਕ ਹੋਰ ਵੱਡਾ ਬਦਲਾਅ ਲਿਆਉਣ ਲਈ ਵਢਿਆਈ ਦੀ ਪਾਤਰ ਹਨ, ਜੋ ਕਰਜੇ ਦੀ ਵਸੂਲੀ ਨਾਲ਼ ਜੁੜਿਆ ਹੈ। ''ਪਹਿਲਾਂ-ਪਹਿਲ ਇਹ ਨਿਯਮ ਸੀ ਕਿ ਹਰੇਕ ਮਹੀਨੇ ਤੁਹਾਨੂੰ ਕਰਜੇ ਦੀ ਕੁਝ ਤੈਅ ਰਾਸ਼ੀ ਮੋੜਨੀ ਹੁੰਦੀ ਸੀ। ਮੈਂ ਸਾਰਿਆਂ ਨੂੰ ਕਿਹਾ: ਦੇਖੋ ਅਸੀਂ ਸਾਰੇ ਹੀ ਕਿਸਾਨ ਹਾਂ। ਕਈ ਵਾਰੀ ਇੰਝ ਵੀ ਹੁੰਦਾ ਕਿ ਕਿਸੇ ਕੋਲ਼ ਮੋੜਨ ਜੋਗੇ ਪੈਸੇ ਹੀ ਨਹੀਂ ਹੁੰਦੇ। ਫ਼ਸਲ ਵੇਚਣ ਬਾਅਦ ਕੁਝ ਪੈਸੇ ਜ਼ਰੂਰ ਆਉਂਦੇ ਹਨ। ਇਸਲਈ ਜਦੋਂ ਲੋਕਾਂ ਕੋਲ਼ ਪੈਸੇ ਹੋਣ ਉਦੋਂ ਹੀ ਭੁਗਤਾਨ ਦੀ ਉਮੀਦ ਰੱਖੀ ਜਾਵੇ। ਇਸ ਵਿਵਸਥਾ ਦਾ ਲਾਭ ਸਾਰਿਆਂ ਨੂੰ ਮਿਲ਼ਣਾ ਚਾਹੀਦਾ ਹੈ, ਠੀਕ ਕਿਹਾ ਨਾ?'' ਅਦਾਇਕਲਸੇਲਵੀ ਦੀ ਇਹ ਗੱਲ ਬੈਂਕਿੰਗ ਸਿਧਾਂਤਾਂ ਲਈ ਕਿਸੇ ਸਬਕ ਤੋਂ ਘੱਟ ਨਹੀਂ। ਕਰਜਾ ਲੈਣ ਦੀ ਇਹ ਵਿਵਸਥਾ ਪਿੰਡ ਦੇ ਲੋਕਾਂ ਵਿੱਚ ਸਭ ਤੋਂ ਵਿਵਹਾਰਕ ਹੈ।

Adaikalaselvi, is among the ten women leaders running  women’s self-help groups. She is bringing about changes in loan repayment patterns that benefit women
PHOTO • M. Palani Kumar

ਅਦਾਇਕਲਸੇਲਵੀ ਉਨ੍ਹਾਂ ਦਸ ਮੁਖੀਆ ਵਿੱਚੋਂ ਇੱਕ ਹਨ ਜੋ ਮਹਿਲਾ ਸਵੈ-ਸਹਾਇਤਾ ਸਮੂਹ ਦਾ ਸੰਚਾਲਨ ਕਰਦੀ ਹੈ। ਕਰਜੇ ਦੇ ਭੁਗਤਾਨ ਨੂੰ ਲੈ ਕੇ ਇੱਕ ਬਦਲਾਅ ਕੀਤਾ ਹੈ ਜਿਹਦੇ ਵਾਸਤੇ ਉਹ ਵਢਿਆਈ ਦੀ ਪਾਤਰ ਹਨ। ਇਸ ਬਦਲਾਅ ਨਾਲ਼ ਔਰਤਾਂ ਨੂੰ ਕਾਫ਼ੀ ਲਾਭ ਮਿਲ਼ਿਆ ਹੈ

ਪਿੰਡ ਵਿੱਚ ਮਗਲਿਰ ਮੰਡ੍ਰਮ, ਉਨ੍ਹਾਂ (ਅਦਾਇਕਲਸੇਲਵੀ) ਦੇ ਵਿਆਹ ਤੋਂ ਵੀ ਕੋਈ 30 ਸਾਲਾਂ ਤੋਂ ਚੱਲਦਾ ਆ ਰਿਹਾ ਹੈ। ਇਹ ਸਮੂਹ ਪਿੰਡ ਵਾਸਤੇ ਵੰਨ-ਸੁਵੰਨੇ ਪ੍ਰੋਗਰਾਮ ਚਲਾਉਂਦੇ ਨਹ। ਮਾਰਚ ਵਿੱਚ ਸਾਡੀ ਫੇਰੀ ਤੋਂ ਬਾਅਦ ਵੇਲ਼ੇ ਹਫ਼ਤੇ ਵਿੱਚ ਉਨ੍ਹਾਂ ਲੋਕਾਂ ਨੇ ਮਹਿਲਾ ਦਿਵਸ ਮਨਾਉਣ ਦੀ ਯੋਜਨਾ ਉਲੀਕੀ। ਉਹ ਮੁਸਕਰਾਉਂਦੀ ਹੋਈ ਦੱਸਦੀ ਹਨ,''ਸੰਡੇ-ਮਾਸ (ਐਤਵਾਰੀ ਪ੍ਰਾਰਥਨਾ) ਤੋਂ ਬਾਅਦ ਅਸੀਂ ਚਰਚ ਵਿਖੇ ਕੇਕ ਵੰਡਣ ਦਾ ਪ੍ਰੋਗਰਾਮ ਕਰਾਂਗੇ।'' ਉਹ ਮੀਂਹ ਆਉਣ ਵਾਸਤੇ ਵੀ ਪ੍ਰਾਰਥਨਾਵਾਂ ਕਰਦੇ ਹਨ, ਪੋਂਗਲ ਦਾ ਜਸ਼ਨ ਮਨਾਉਂਦੇ ਹਨ ਅਤੇ ਹਰ ਕਿਸੇ ਖਾਣ-ਪੀਣ ਦਾ ਸਮਾਨ ਵੰਡਦੇ ਹਨ।

ਕਿਉਂਕਿ ਉਹ ਸਾਹਸੀ ਅਤੇ ਸਪੱਸ਼ਟਵਾਦੀ ਹਨ, ਇਸੇ ਲਈ ਅਦਾਇਕਲਸੇਲਵੀ ਪਿੰਡ ਦੇ ਸ਼ਰਾਬੀਆਂ ਜਾਂ ਪਤਨੀ ਨੂੰ ਕੁੱਟਣ ਵਾਲ਼ੇ ਪੁਰਸ਼ਾਂ ਨੂੰ ਸਮਝਾਉਣ ਦਾ ਕੰਮ ਵੀ ਕਰਦੀ ਹਨ। ਆਪਣੀ ਬਾਈਕ ਚਲਾਉਣ ਕਾਰਨ ਅਤੇ ਦਹਾਕਿਆਂ ਤੋਂ ਆਪੇ ਹੀ ਆਪਣੀ ਖੇਤੀ ਦੀ ਦੇਖਭਾਲ ਕਰਨ ਕਰਕੇ ਉਹ ਬਾਕੀ ਔਰਤਾਂ ਲਈ ਪ੍ਰੇਰਣਾ ਦਾ ਸ੍ਰੋਤ ਹਨ। ''ਅੱਜ ਦੀਆਂ ਨੌਜਵਾਨ ਔਰਤਾਂ ਕਾਫ਼ੀ ਤੇਜ ਹਨ, ਉਹ ਬਾਈਕ ਚਲਾਉਂਦੀਆਂ ਹਨ, ਉਹ ਪੜ੍ਹੀਆਂ-ਲਿਖੀਆਂ ਵੀ ਹਨ। ਪਰ...'' ਇੰਨਾ ਕਹਿ ਉਹ ਰੁਕ ਜਾਂਦੀ ਹਨ ਤੇ ਯਕਦਮ ਪੁੱਛਦੀ ਹਨ,''ਪਰ ਉਨ੍ਹਾਂ ਲਈ ਕੰਮ ਹੀ ਕਿੱਥੇ ਹੈ?''

ਹੁਣ ਉਨ੍ਹਾਂ ਦੇ ਪਤੀ ਘਰ ਵਾਪਸ ਆ ਗਏ ਹਨ, ਸੋ ਉਨ੍ਹਾਂ ਨੂੰ ਖੇਤੀ ਵਿੱਚ ਥੋੜ੍ਹੀ ਮਦਦ ਹੋ ਜਾਂਦੀ ਹੈ, ਇੰਝ ਉਨ੍ਹਾਂ ਨੂੰ ਹੋਰ ਦੂਸਰੇ ਕੰਮ ਕਰਨ ਦੀ ਵਿਹਲ ਮਿਲ਼ ਜਾਂਦੀ ਹੈ। ਜਿਵੇਂ ਹੁਣ ਉਹ ਨਰਮੇ ਦੀ ਖੇਤੀ ਵੱਲ ਉਚੇਚਾ ਧਿਆਨ ਦਿੰਦੀ ਹਨ। ''ਪਿਛਲੇ ਦਸ ਸਾਲਾਂ ਤੋਂ ਮੈਂ ਨਰਮੇ ਦੇ ਬੀਜ ਇਕੱਠੇ ਕਰ ਰਹੀ ਹਾਂ। ਇਹ ਬੀਜ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ਼ ਵਿਕ ਜਾਂਦੇ ਹਨ। ਕਾਫ਼ੀ ਲੋਕ ਮੇਰੇ ਕੋਲ਼ੋਂ ਹੀ ਬੀਜ ਖਰੀਦਦੇ ਹਨ, ਕਿਉਂਕਿ ਮੇਰਾ ਕੱਲਾ-ਕੱਲਾ ਬੀਜ ਪੁੰਗਰਦਾ ਹੈ। ਪਿਛਲੇ ਸਾਲ ਮੈਂ 150 ਕਿਲੋ ਦੇ ਕਰੀਬ ਨਰਮੇ ਦੇ ਬੀਜ ਵੇਚੇ ਸਨ।'' ਉਹ ਪਲਾਸਿਟ ਦੇ ਇੱਕ ਝੋਲ਼ੇ ਦਾ ਮੂੰਹ ਕੁਝ ਇੰਝ ਖੋਲ੍ਹਦੀ ਹਨ ਜਿਵੇਂ ਜਾਦੂਗਰ ਖਰਗ਼ੋਸ਼ ਬਾਹਰ ਕੱਢਣ ਲੱਗਾ ਹੋਵੇ, ਫਿਰ ਉਹ ਇੱਕ ਇੱਕ ਕਰਕੇ ਤਿੰਨ ਛੋਟੀਆਂ-ਛੋਟੀਆਂ ਗੁੱਥਲੀਆਂ ਬਾਹਰ ਕੱਢਦੀ ਹਨ ਅਤੇ ਮੈਨੂੰ ਬੀਜਾਂ ਦੀਆਂ ਅੱਡ-ਅੱਡ ਕਿਸਮਾਂ ਦਿਖਾਉਂਦੀ ਹਨ। ਬੀਜਾਂ ਨੂੰ ਸੰਭਾਲ਼ ਕੇ ਰੱਖਣ ਖਾਤਰ ਉਨ੍ਹਾਂ ਦੇ ਹਿੱਸੇ ਇੱਕ ਹੋਰ ਵਢਿਆਈ ਆਉਂਦੀ ਹੈ।

ਮਈ ਦੇ ਅੰਤ ਤੱਕ ਉਨ੍ਹਾਂ ਦੀ ਮਿਰਚ ਦੀ ਪੈਦਾਵਾਰ ਪੂਰੀ ਹੋ ਚੁੱਕੀ ਹੁੰਦੀ ਹੈ ਅਤੇ ਉਸ ਮੌਸਮ ਵਿੱਚ ਰਹੇ ਝਾੜ ਬਾਬਤ ਅਸੀਂ ਫ਼ੋਨ 'ਤੇ ਗੱਲ ਕਰਦੇ ਹਾਂ। ਉਹ ਮੈਨੂੰ ਕਹਿੰਦੀ ਹਨ,''ਇਸ ਵਾਰ ਮਿਰਚ ਦੀ ਕੀਮਤ 300 ਰੁਪਏ ਕਿਲੋ ਤੋਂ ਵਲ਼ੇਵੇਂ ਖਾਂਦੀ ਹੋਈ 120 ਰੁਪਏ ਪ੍ਰਤੀ ਕਿਲੋ ਤੱਕ ਆਣ ਡਿੱਗੀ, ਹਾਲਾਂਕਿ ਇਹ ਗਿਰਾਵਟ ਹੌਲ਼ੀ-ਹੌਲ਼ੀ ਆਈ।'' ਉਨ੍ਹਾਂ ਨੂੰ ਇੱਕ ਹੈਕਟੇਅਰ ਵਿੱਚੋਂ ਮਹਿਜ਼ 200 ਕਿਲੋ ਮਿਰਚ ਹੀ ਮਿਲ਼ ਸਕੀ। ਵਿਕਰੀ ਦੇ ਕਮਿਸ਼ਨ ਦੇ ਰੂਪ ਵਿੱਚ 8 ਫ਼ੀਸਦ ਹਿੱਸਾ ਦੇਣਾ ਪਿਆ ਅਤੇ 20 ਕਿਲੋ ਮਗਰ 1 ਕਿਲੋ ਮਿਰਚ, ਬੋਰੀਆਂ (ਖਾਲੀ) ਦੇ ਭਾਰ ਦੇ ਰੂਪ ਵਿੱਚ ਵਸੂਲੀ ਗਈ। ਸੱਚ ਤਾਂ ਇਹ ਹੈ ਕਿ ਬੋਰੀਆਂ ਦਾ ਭਾਰ ਸਿਰਫ਼ 200 ਗ੍ਰਾਮ ਹੀ ਸੀ, ਬਾਕੀ 800 ਗ੍ਰਾਮ ਸਿਰਫ਼ ਧੱਕੋ ਹੀ ਸਮਝੋ। ਫਿਰ ਵੀ ਉਹ ਸੁਰਖ਼ਰੂ ਹੀ ਲੱਗੀ ਕਿਉਂਕਿ ਉਨ੍ਹਾਂ ਮੁਤਾਬਕ ਕੀਮਤ ਕੋਈ ਬਹੁਤੀ ਮਾੜੀ ਵੀ ਨਹੀਂ ਮਿਲ਼ੀ। ਪਰ ਉਨ੍ਹਾਂ ਮੁਤਾਬਕ ਮੀਂਹ ਨੇ ਪੌਦਿਆਂ ਦਾ ਹਾਲ ਵਿਗਾੜ ਸੁੱਟਿਆ, ਜਿਸ ਕਾਰਨ ਝਾੜ ਘੱਟ ਰਿਹਾ।

ਜੋ ਵੀ ਹੋ ਜਾਵੇ ਪਰ ਕਿਸਾਨ ਦਾ ਕੰਮ ਕਦੇ ਨਹੀਂ ਘਟਣ ਲੱਗਿਆ। ਖ਼ਰਾਬ ਤੋਂ ਖ਼ਰਾਬ ਮਿਰਚਾਂ ਨੂੰ ਵੀ ਤੋੜਨਾ ਤਾਂ ਪਵੇਗਾ ਹੀ, ਸੁਕਾਉਣ, ਬੋਰੀਆਂ ਵਿੱਚ ਭਰਨਾ ਅਤੇ ਵੇਚਣਾ ਵੀ ਪਵੇਗਾ। ਜੇ ਅਦਾਇਕਲਸੇਲਵੀ ਤੇ ਬਾਕੀ ਦੇ ਕਿਸਾਨ ਇੰਝ ਨਹੀਂ ਕਰਨਗੇ ਤਾਂ ਦੱਸੋ ਸਾਡੇ ਤੁਹਾਡੇ ਸਾਂਭਰ ਵਿੱਚ ਸਵਾਦ ਕੌਣ ਭਰੂਗਾ...

ਰਿਪੋਰਟਰ, ਰਾਮਨਾਦ ਮੁੰਡੂ ਚਿਲੀ ਪ੍ਰੋਡਕਸ਼ਨ ਕੰਪਨੀ ਕੇ.ਕੇ. ਸ਼ਿਵਕੁਮਾਰ ਅਤੇ ਬੀ. ਸੁਗਨਯਾ ਦੇ ਸਹਿਯੋਗ ਵਾਸਤੇ ਦੋਵਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਨ।

ਇਸ ਖ਼ੋਜ ਅਧਿਐਨ ਨੂੰ ਬੰਗਲੁਰੂ ਦੇ ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਦੇ ਖੋਜ ਫੰਡਿੰਗ ਪ੍ਰੋਗਰਾਮ 2020 ਤਹਿਤ ਗ੍ਰਾਂਟ ਹਾਸਲ ਹੋਇਆ ਹੈ।

ਕਵਰ ਫ਼ੋਟੋ: ਐੱਮ. ਪਾਲਨੀ ਕੁਮਾਰ

ਤਰਜਮਾ: ਕਮਲਜੀਤ ਕੌਰ

Aparna Karthikeyan

Aparna Karthikeyan is an independent journalist, author and Senior Fellow, PARI. Her non-fiction book 'Nine Rupees an Hour' documents the disappearing livelihoods of Tamil Nadu. She has written five books for children. Aparna lives in Chennai with her family and dogs.

Other stories by Aparna Karthikeyan
Photographs : M. Palani Kumar

M. Palani Kumar is Staff Photographer at People's Archive of Rural India. He is interested in documenting the lives of working-class women and marginalised people. Palani has received the Amplify grant in 2021, and Samyak Drishti and Photo South Asia Grant in 2020. He received the first Dayanita Singh-PARI Documentary Photography Award in 2022. Palani was also the cinematographer of ‘Kakoos' (Toilet), a Tamil-language documentary exposing the practice of manual scavenging in Tamil Nadu.

Other stories by M. Palani Kumar
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur