ਆਪਣੇ ਪਿਤਾ ਦੀ ਬਰਸੀ ਮੌਕੇ, ਤੀਰੂ ਮੂਰਤੀ ਅਸਧਾਰਣ ਚੀਜ਼ਾਂ ਭੇਂਟ ਕਰਦੇ ਹਨ ਜਿਨ੍ਹਾਂ ਵਿੱਚ ਦਸ ਕਿਸਮਾਂ ਦੇ ਸਾਬਣ, ਨਾਰੀਅਲ ਤੇਲ ਦੀਆਂ ਕਈ ਕਿਸਮਾਂ ਅਤੇ ਆਪਣਾ ਸਰਵੋਤਮ ਉਤਪਾਦ: ਹਲਦੀ ਪਾਊਡਰ ਸ਼ਾਮਲ ਕਰਦੇ ਹਨ। ਉਨ੍ਹਾਂ ਨੇ ਸੁੰਦਰਮੂਰਤੀ ਦੀ ਹਾਰ ਨਾਲ਼ ਸਜਾਈ ਤਸਵੀਰ ਮੂਹਰੇ ਲਾਲ ਕੇਲੇ, ਫੁੱਲ, ਨਾਰੀਅਲ ਅਤੇ ਥੋੜ੍ਹਾ ਜਿਹਾ ਕਪੂਰ ਰੱਖਿਆ ਹੈ।

''ਅੱਪਾ ਲਈ ਇਸ ਤੋਂ ਵਧੀਆ ਸ਼ਰਧਾਂਜਲੀ ਹੋਰ ਕੀ ਹੋ ਸਕਦੀ ਸੀ?'' ਆਪਣੀ ਫੇਸਬੁੱਕ ਪੋਸਟ ਜ਼ਰੀਏ ਉਹ ਪੁੱਛਦੇ ਹਨ। ਉਨ੍ਹਾਂ ਦੇ ਪਿਤਾ ਨੇ ਮੰਜਲ (ਹਲਦੀ) ਬੀਜਣੀ ਛੱਡ ਦਿੱਤੀ। ਪਰ ਤੀਰੂ ਨੇ ਹਲਦੀ ਉਗਾਉਣ ਦਾ ਫ਼ੈਸਲਾ ਕੀਤਾ ਉਹ ਵੀ ਉਦੋਂ ਜਦੋਂ ਹਰੇਕ ਨੇ ਉਨ੍ਹਾਂ ਦੇ ਇਸ ਫ਼ੈਸਲੇ ਦਾ ਵਿਰੋਧ ਕੀਤਾ। ''ਉਨ੍ਹਾਂ ਨੇ ਮੈਨੂੰ ਮੱਲੀ (ਜੈਸਮੀਨ) ਬੀਜਣ ਬਾਰੇ ਕਿਹਾ ਕਿਉਂਕਿ ਫੁੱਲਾਂ ਦੀ ਫ਼ਸਲ ਤੋਂ ਰੋਜ਼ ਦੀ ਰੋਜ਼ ਆਮਦਨੀ (ਨਕਦੀ) ਹੋ ਜਾਂਦੀ ਹੈ। ਜਦੋਂ ਮੈਂ ਮੰਜਲ ਬੀਜੀ ਤਾਂ ਉਨ੍ਹਾਂ ਨੇ ਮੇਰੀ ਖਿੱਲੀ ਉਡਾਈ,'' ਉਹ ਮੁਸਕਰਾ ਕੇ ਦੱਸਦੇ ਹਨ। ਤੀਰੂ ਨੇ ਉਨ੍ਹਾਂ ਸਾਰਿਆਂ ਨੂੰ ਗ਼ਲਤ ਸਾਬਤ ਕੀਤਾ। ਉਨ੍ਹਾਂ ਦੀ ਇਹ ਦੁਰਲੱਭ ਕਹਾਣੀ ਸੱਚੀਓ ਹੀ ਉਨ੍ਹਾਂ ਦੀ ਹਲਦੀ ਦੀ ਜਿੱਤ ਦੀ ਕਹਾਣੀ ਹੈ।

43 ਸਾਲਾ ਤੀਰੂ ਮੂਰਤੀ 12 ਏਕੜ ਦੀ ਪੈਲ਼ੀ ਵਿੱਚ ਖੇਤੀ ਕਰਦੇ ਹਨ ਜੋ ਕਿ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਵੱਡੇ ਭਰਾ ਦੀ ਸਾਂਝੀ ਜ਼ਮੀਨ ਹੈ ਅਤੇ ਤਮਿਲਨਾਡੂ ਦੇ ਇਰੋਡ ਜ਼ਿਲ੍ਹੇ ਦੇ ਭਵਾਨੀਸਾਗਰ ਬਲਾਕ ਦੀ ਉੱਪੂਲਮ ਬਸਤੀ ਵਿਖੇ ਸਥਿਤ ਹੈ। ਤੀਰੂ ਤਿੰਨ ਤਰ੍ਹਾਂ ਦੀਆਂ ਫ਼ਸਲਾਂ ਬੀਜਦੇ ਹਨ- ਹਲਦੀ, ਕੇਲੇ ਅਤੇ ਨਾਰੀਅਲ। ਪਰ ਉਹ ਆਪਣੀ ਉਪਜ ਨੂੰ ਥੋਕ ਦੇ ਭਾਅ ਨਹੀਂ ਵੇਚਦੇ। ਜਦੋਂ ਕੀਮਤ 'ਤੇ ਉਨ੍ਹਾਂ ਦਾ ਕੋਈ ਕਾਬੂ ਹੀ ਨਹੀਂ ਤਾਂ ਇੰਝ ਕਰਨ ਦਾ ਕੋਈ ਤੁੱਕ ਨਹੀਂ, ਉਹ ਕਹਿੰਦੇ ਹਨ। ਇਹ ਵੱਡੇ ਕਾਰੋਬਾਰੀ, ਕਾਰਪੋਰੇਟ ਅਤੇ ਸਰਕਾਰਾਂ ਹੀ ਹਨ ਜੋ ਸਥਾਨਕ, ਰਾਸ਼ਟਰੀ ਜਾਂ ਅੰਤਰਰਾਸ਼ਟਰੀ ਪੱਧਰ 'ਤੇ ਭਾਅ ਤੈਅ ਕਰਦੇ ਹਨ।

ਹਲਦੀ ਦੀ ਇਸ ਪ੍ਰਫ਼ੂਲਿਤ ਹੁੰਦੀ ਮੰਡੀ ਵਿੱਚ ਭਾਰਤ ਵਿਸ਼ਵ ਦਾ ਸਭ ਤੋਂ ਵੱਡਾ ਖਿਡਾਰੀ ਹੈ। 2019 ਵਿੱਚ ਹੋਏ ਹਲਦੀ ਦੇ ਨਿਰਯਾਤ ਨੇ 190 ਮਿਲੀਅਨ ਡਾਲਰ ਨੂੰ ਛੂਹਿਆ ਜੋ ਕਿ ਵਿਸ਼ਵ ਕਾਰੋਬਾਰ ਦਾ 62.6 ਫ਼ੀਸਦ ਬਣਦਾ ਹੈ। ਹਾਲਾਂਕਿ ਭਾਰਤ ਦੂਜਾ ਵੱਡਾ ਅਯਾਤਕ ਵੀ ਹੈ ਜੋ ਹਲਦੀ ਦਾ ਕਰੀਬ 11.3 ਫ਼ੀਸਦ ਦਰਾਮਦ ਕਰਦਾ ਹੈ। ਪਿਛਲੇ ਕੁਝ ਸਾਲਾਂ ਤੋਂ ਅਯਾਤ ਵਿੱਚ ਆਏ ਇਸ ਉਛਾਲ਼ ਨੇ ਭਾਰਤੀ ਹਲਦੀ ਉਤਪਾਦਕਾਂ ਦੇ ਹਿੱਤਾਂ ਨੂੰ ਡੂੰਘੀ ਸੱਟ ਮਾਰੀ ਹੈ।

ਇਰੋਡ ਦੀਆਂ ਘਰੇਲੂ ਮੰਡੀਆਂ ਤਾਂ ਪਹਿਲਾਂ ਹੀ ਉਨ੍ਹਾਂ ਨੂੰ (ਕਿਸਾਨਾਂ) ਨਿਚੋੜਦੀਆਂ ਰਹਿੰਦੀਆਂ ਹਨ। ਵੱਡੇ ਕਾਰੋਬਾਰੀ ਅਤੇ ਖ਼ਰੀਦਦਾਰ ਹੀ ਭਾਅ ਤੈਅ ਕਰਦੇ ਹਨ। ਜੈਵਿਕ ਉਤਪਾਦਾਂ ਵਾਸਤੇ ਕੋਈ ਤਰਜੀਹੀ ਭਾਅ ਨਹੀਂ ਹੁੰਦਾ ਅਤੇ ਨਾਲ਼ ਹੀ ਸਾਲ-ਦਰ-ਸਾਲ ਭਾਆਂ ਵਿੱਚ ਕਾਫ਼ੀ ਉਤਰਾਅ-ਚੜ੍ਹਾਅ ਰਹਿੰਦਾ ਹੈ। ਸਾਲ 2011 ਵਿੱਚ, ਫ਼ਸਲ ਦਾ ਪ੍ਰਤੀ ਕੁਵਿੰਟਲ ਭਾਅ 17,000 ਰੁਪਏ ਮਿਲ਼ਿਆ। ਅਗਲੇ ਸਾਲ ਇਹਦੀ ਕੀਮਤ ਇੱਕ ਚੌਥਾਈ ਤੱਕ ਹੇਠਾਂ ਡਿੱਗ ਗਈ। 2021 ਵਿੱਚ ਹਾਲ ਇਹ ਹੋ ਗਿਆ ਕਿ ਇੱਕ ਕੁਵਿੰਟਲ ਦਾ ਭਾਅ ਡਿੱਗ ਕੇ ਕਰੀਬ 7,000 ਰੁਪਏ ਹੋ ਗਿਆ।

ਤੀਰੂ ਅੰਦਰਲੀ ਸਹਿਜਤਾ, ਲਗਨ ਅਤੇ ਉਨ੍ਹਾਂ ਦੇ ਸ਼ੋਸਲ ਮੀਡੀਆ ਅਕਾਊਟ ਜ਼ਰੀਏ ਇੱਕ ਹੱਲ ਸਾਹਮਣੇ ਆਇਆ- ਉਹ ਇਹ ਕਿ ਕਿਉਂ ਨਾ ਆਪਣੀ ਫ਼ਸਲ ਤੋਂ ਕੁਝ ਹੋਰ ਉਤਪਾਦ ਸਿਰਜੇ ਜਾਣ। ਭਾਵੇਂ ਕਿ ਉਨ੍ਹਾਂ ਦੇ ਇਹ ਯਤਨ ਹੋਰਨਾਂ ਕਿਸਾਨਾਂ (ਛੋਟੇ/ਬੇਜ਼ਮੀਨੇ) ਦੁਆਰਾ ਅਜਮਾਏ ਨਹੀਂ ਜਾ ਸਕਦੇ ਪਰ ਫਿਰ ਵੀ ਤੀਰੂ ਦੀ ਇਹ ਕੋਸ਼ਿਸ਼ ਹਰੇਕ ਕਿਸਾਨ ਵਾਸਤੇ ਮਿਸਾਲ ਬਣ ਕੇ ਉੱਭਰੀ। ''ਇੱਕ ਨਾਰੀਅਲ ਜਿਹਦੀ ਕੀਮਤ ਸਿਰਫ਼ 10 ਰੁਪਏ ਹੋ ਸਕਦੀ ਹੈ, ਮੈਂ ਉਸੇ ਨਾਰੀਅਲ ਰਾਹੀਂ ਤਿੰਨ ਗੁਣ ਵੱਧ ਕਮਾਈ ਕਰ ਲੈਂਦਾ ਹਾਂ। ਇਹ ਸਭ ਇਸਲਈ ਕਿਉਂਕਿ ਮੈਂ ਨਾਰੀਅਲ ਨੂੰ ਨਪੀੜ ਕੇ ਤੇਲ ਕੱਢਦਾ ਹਾਂ ਅਤੇ ਫਿਰ ਉਸੇ ਤੇਲ ਦਾ ਸਾਬਣ ਬਣਾ ਲੈਂਦਾ ਹਾਂ। ਇਹੀ ਸਭ ਹਲਦੀ ਨਾਲ਼ ਕਰਦਾ  ਹਾਂ,'' ਉਹ ਦੱਸਦੇ ਹਨ। ''ਮੈਂ 1.5 ਏਕੜ ਵਿੱਚ ਹਲਦੀ ਬੀਜਦਾ ਹਾਂ। ਭਾਵੇਂ ਮੰਡੀ ਵਿਖੇ ਮੇਰੀ ਹਲਦੀ 3,000 ਰੁਪਏ ਕਿਲੋ ਕਿਉਂ ਨਾ ਵਿਕੇ ਤਾਂ ਵੀ ਮੈਨੂੰ ਇਸ ਜੈਵਿਕ ਹਲਦੀ ਦੇ ਹਰੇਕ ਕਿਲੋ ਮਗਰ 50 ਰੁਪਏ ਦਾ ਨੁਕਸਾਨ ਝੱਲਣਾ ਹੀ ਪਵੇਗਾ।''

Two types of turmeric grow in Thiru Murthy's fields at the foothills of the Sathyamangalam hills in Erode.
PHOTO • M. Palani Kumar
Thiru at home with his children and a relative’s son
PHOTO • M. Palani Kumar

ਖੱਬੇ : ਇਰੋਡ ਦੇ ਸਤਿਆਮੰਗਲਮ ਦੀਆਂ ਪਹਾੜੀਆਂ ਦੀ ਤਲਹੱਟੀ ਵਿਖੇ ਸਥਿਤ ਤੀਰੂ ਮੂਰਤੀ ਦੇ ਖੇਤ ਵਿੱਚ ਦੋ ਤਰੀਕੇ ਦੀ ਹਲਦੀ ਉਗਾਈ ਜਾਂਦੀ ਹੈ। ਸੱਜੇ : ਆਪਣੇ ਬੱਚਿਆਂ ਅਤੇ ਆਪਣੇ ਰਿਸ਼ਤੇਦਾਰ ਦੇ ਬੇਟੇ ਨਾਲ਼ ਆਪਣੇ ਘਰ ਵਿਖੇ ਤੀਰੂ

ਜੈਵਿਕ ਖੇਤੀ ਨੂੰ ਚੁਣਨ ਦਾ ਸਿੱਧਾ ਮਤਲਬ ਹੈ ਇਹਦੀ ਉਤਪਾਦਨ ਲਾਗਤ ਦਾ ਰਸਾਇਣਕ ਅਧਾਰਤ ਖੇਤੀ ਵਿੱਚ ਆਉਣ ਵਾਲ਼ੀ ਲਾਗਤ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਹੋ ਜਾਣਾ।

ਫਿਰ ਵੀ ਉਹ ਆਪਣੇ ਗੁਆਂਢੀਆਂ ਨਾਲ਼ੋਂ ਕਿਤੇ ਵਧੀਆ ਕਮਾ ਰਹੇ ਹਨ।

ਇਰੋਡ ਦੀ ਸੱਤਿਆਮੰਗਲਮ ਪਹਾੜੀਆਂ ਦੀ ਲੜੀ ਦੀ ਤਲਹਟੀ ਵਿਖੇ ਪੈਂਦਾ ਉਨ੍ਹਾਂ ਦਾ ਖੇਤ ਕਿਸੇ ਮਨੋਹਰ ਚਰਾਂਦ ਦੀ ਜਿਊਂਦੀ-ਜਾਗਦੀ ਤਸਵੀਰ ਜਾਪਦਾ ਹੈ। ਉਨ੍ਹਾਂ ਦੀ ਲਹਿਰਾਉਂਦੀ ਫ਼ਸਲ ਕਿਸੇ ਪੰਨੇ ਤੋਂ ਘੱਟ ਨਹੀਂ ਜਿਹਦੇ ਮਗਰਲੇ ਪਾਸੇ ਖੜ੍ਹੀਆਂ ਜਾਮਣੀ ਰੰਗੀਆਂ ਪਹਾੜੀਆਂ ਆਪਣੇ ਸਿਰਾਂ ਦੇ ਬੱਦਲਾਂ ਦੀਆਂ ਟੋਪੀਆਂ ਸਜਾਈ ਜਾਪਦੀਆਂ ਹਨ। ਉਨ੍ਹਾਂ ਦੀ ਹਲਦੀ ਦੇ ਬੂਟੇ ਲੰਬੇ ਹਨ ਜਿਨ੍ਹਾਂ ਦੇ ਚੌੜੇ ਪੱਤੇ ਮੀਂਹ ਦੀਆਂ ਮਲ਼ੂਕ ਕਣੀਆਂ ਅਤੇ ਅਕਤੂਬਰ ਮਹੀਨੇ ਦੀ ਨਰਮ ਧੁੱਪ ਨਾਲ਼ ਨਰੋਏ ਹੋਏ ਪਏ ਹਨ। ਖੇਤਾਂ ਦੇ ਨਾਲ਼ ਨਾਲ਼ ਲੱਗੇ ਨਾਰੀਅਲ ਦੇ ਰੁੱਖਾਂ 'ਤੇ ਲਮਕਦੇ ਬਿਜੜੇ ਦੇ ਆਲ੍ਹਣੇ ਅਤੇ ਪੰਛੀਆਂ ਦਾ ਉੱਚੀ ਉੱਚੀ ਚਹਿਕਣਾ ਅਤੇ ਪੱਤਿਆਂ ਦੇ ਆਲ਼ੇ-ਦੁਆਲ਼ੇ ਭੱਜਦੇ ਫਿਰਦੇ ਹਨ। ਇਹ ਅਦਭੁੱਤ ਨਜ਼ਾਰਾ ਭਾਵੇਂ ਥੋੜ੍ਹੇ ਸਮੇਂ ਲਈ ਹੀ ਸਹੀ ਪਰ ਤੀਰੂ ਦੇ ਕਿਸਾਨੀ ਸੰਘਰਸ਼ ਦੀ ਥਕਾਵਟ ਨੂੰ ਲਾਹ ਜ਼ਰੂਰ ਦਿੰਦਾ ਹੈ। ਚੰਦ ਪਲਾਂ ਬਾਅਦ ਅਸੀਂ ਉਨ੍ਹਾਂ ਦੇ ਘਰ ਸਾਂ ਉਨ੍ਹਾਂ ਦੇ ਘਰ ਦੀਆਂ ਗੁਲਾਬੀ ਕੰਧਾਂ ਬੜਾ ਮੋਹਕ ਦ੍ਰਿਸ਼ ਪੇਸ਼ ਕਰ ਰਹੀਆਂ ਸਨ ਪਰ ਉਸ ਤੋਂ ਵੀ ਮੋਹਕ ਸਨ ਉਹ ਬੋਲ ਜੋ ਤੀਰੂ ਦੇ ਮੂੰਹੋਂ ਨਿਕਲ਼ ਰਹੇ ਸਨ ਅਤੇ ਸਭ ਤੋਂ ਸੁਰੀਲੇ ਸਨ ਉਹ ਸੁਰ ਜੋ ਗੋਦੀ ਬੈਠੀ ਉਨ੍ਹਾਂ ਦੀ ਪਿਆਰੀ ਬੱਚੀ ਆਪਣੀਆਂ ਝਾਂਜਰਾਂ ਛਣਕਾ ਛਣਕਾ ਕੇ ਛੇੜ ਰਹੀ ਸੀ- ਛੰਨ...ਛੰਨ... ਛੰਨ...।

''ਮੈਨੂੰ ਉਦੋਂ ਹੀ ਲਾਭ ਮਹਿਸੂਸ ਹੁੰਦਾ ਹੈ ਜਦੋਂ ਮੈਂ ਆਪਣੇ ਗਾਹਕਾਂ ਨੂੰ ਹਲਦੀ ਦੇ ਅੱਧਾ ਕਿਲੋ ਜਾਂ ਕਿਲੋ ਦੇ ਪੈਕਟ ਵੇਚਾਂ ਜਾਂ ਫਿਰ ਸਾਬਣ, ਤੇਲ ਅਤੇ ਮਿਲਕ ਡ੍ਰਿੰਕ ਬਣਾ ਕੇ ਵੇਚਾਂ।'' ਦੂਜੇ ਸ਼ਬਦਾਂ ਵਿੱਚ ਕਹੀਏ ਤਾਂ ਉਹ ਆਪਣੇ ਸਾਰੇ ਉਤਪਾਦਾਂ ਵਿੱਚ ਆਪਣੀ ਕਲਾਕਾਰੀ ਨਾਲ਼ ਜੋ ਸਿਰਜਦੇ ਜਾਂਦੇ ਹਨ ਬੱਸ ਉਹੀ ਉਨ੍ਹਾਂ ਦੀ ਜਿੱਤ ਦਾ ਹਥਿਆਰ ਬਣਦੀ ਹੈ। ਹਲਦੀ ਦੇ ਦੂਜੇ ਕਿਸਾਨ ਵਾਂਗਰ ਉਹ ਵੀ ਬੜੀ ਮਿਹਨਤ ਨਾਲ਼ ਆਪਣੀ ਫ਼ਸਲ ਨੂੰ ਉਬਾਲਦੇ, ਸੁਕਾਉਂਦੇ ਅਤੇ ਪਾਲਿਸ਼ ਕਰਦੇ ਹਨ। ਪਰ ਜਦੋਂ ਫ਼ਸਲ ਨੂੰ ਭੰਡਾਰ ਕਰਨ ਦੀ ਵਾਰੀ ਆਉਂਦੀ ਹੈ ਤਾਂ ਬਾਕੀ ਕਿਸਾਨ ਜਿੱਥੇ ਵਧੀਆ ਭਾਅ ਦੀ ਉਡੀਕ ਕਰਦੇ ਹਨ ਜਾਂ ਮੰਡੀ ਵਿਖੇ ਵੇਚ ਦਿੰਦੇ ਹਨ। ਉੱਥੇ ਹੀ ਤੀਰੂ ਆਪਣੀ ਫ਼ਸਲ ਨੂੰ ਆਪਣੇ ਗੁਦਾਮ ਵਿੱਚ ਜਮ੍ਹਾ ਕਰ ਲੈਂਦੇ ਹਨ।

ਫਿਰ, ਉਹ ਹਲਦੀ ਦੀ 'ਗੋਲ਼ ਗੰਢੀ' ਅਤੇ 'ਲੰਮੀ ਗੰਢੀ' ਨੂੰ ਥੋੜ੍ਹੀ ਥੋੜ੍ਹੀ ਮਾਤਰਾ ਵਿੱਚ ਪੀਂਹਦੇ ਹਨ। ਆਪਣੇ ਕੰਮ ਵਿੱਚ ਥੋੜ੍ਹਾ ਜਿਹਾ ਹੋਰ ਨਵਾਂਪਣ ਲਿਆ ਕੇ ਉਹ ਇਹਨੂੰ ਸੁਹੱਪਣ ਸਮੱਗਰੀ ਅਤੇ ਪੀਣ ਵਾਲ਼ੇ ਉਤਪਾਦਾਂ ਵਿੱਚ ਬਦਲ ਦਿੰਦੇ ਹਨ ਅਤੇ ਹਰੇਕ ਕਿਲੋ ਮਗਰ 150 ਰੁਪਏ ਬਚਾਉਂਦੇ ਹਨ।

''ਉਹ ਇਹ ਸਾਰਾ ਪੈਸਾ ਆਪਣੇ ਕੋਲ਼ ਨਹੀਂ ਰੱਖਦੇ,'' ਉਹ ਦੱਸਦੇ ਹਨ। ਉਹ ਇਹਨੂੰ ਮੁੜ ਉਸ ਜ਼ਮੀਨ ਵਿੱਚ ਵਾਹ ਦਿੰਦੇ ਹਨ ਜਿਹਨੂੰ ਉਹ ਪਿਆਰ ਕਰਦੇ ਹਨ। ਉਹ ਆਪਣੀ ਖੇਤੀ ਨਾਲ਼ ਨਾ ਸਿਰਫ਼ ਪਰਿਵਾਰ ਨੂੰ ਪਾਲ਼ਦੇ ਹਨ ਸਗੋਂ ਇਲਾਕੇ ਲਈ ਰੁਜ਼ਗਾਰ ਵੀ ਪੈਦਾ ਕਰਦੇ ਹਨ। ''ਜਦੋਂ ਕੰਮ ਜ਼ੋਰਾਂ 'ਤੇ ਹੁੰਦਾ ਹੈ ਤਾਂ ਮੇਰੇ ਖੇਤ ਵਿੱਚ ਪੰਜ ਪੁਰਸ਼ ਅਤੇ ਤਿੰਨ ਔਰਤਾਂ ਦਿਹਾੜੀ ਮਜ਼ਦੂਰੀ ਕਰਦੇ ਹਨ। ਉਨ੍ਹਾਂ ਦੀ ਦਿਹਾੜੀ 400 ਅਤੇ 300 ਰੁਪਏ ਹੁੰਦੀ ਹੈ ਨਾਲ਼ ਚਾਹ ਅਤੇ ਬੋਂਡਾ (ਸੁਆਦੀ ਮਟਰੀ ਵਗੈਰਾ) ਵੀ। ਮੈਨੂੰ ਚੇਤਾ ਆਉਂਦਾ ਹੈ ਉਹ ਸਮਾਂ ਜਦੋਂ ਹਲਦੀ ਦੀ ਵਾਢੀ 'ਤੇ ਪ੍ਰਤੀ ਏਕੜ ਮਗਰ 4,000 ਰੁਪਏ ਖਰਚਾ ਆਉਂਦਾ ਸੀ ਜੋ ਹੁਣ ਵੱਧ ਕੇ 5,000 ਰੁਪਏ ਹੋ ਗਿਆ ਹੈ। ਜਦੋਂ ਮੈਂ ਆਪਣੇ ਕਾਮਿਆਂ ਨੂੰ ਇਸ ਬਾਰੇ ਪੁੱਛਦਾ ਤਾਂ ਅੱਗਿਓਂ ਉਹ ਕਹਿੰਦੇ ਤੇਲ 100 ਰੁਪਏ ਲੀਟਰ ਹੋ ਗਿਆ ਹੈ ਅਤੇ ਪਊਆ ਸ਼ਰਾਬ 140 ਦੀ...'' ਅਤੇ ਤੀਰੂ ਹੱਸਣ ਲੱਗਦੇ ਹਨ। ਸਭ ਮਹਿੰਗਾ ਹੋ ਗਿਆ ਪਰ ਬੱਸ ਹਲਦੀ ਦੀ ਕੀਮਤ ਵਿੱਚ ਹੀ ਇਜਾਫ਼ਾ ਨਹੀਂ ਹੁੰਦਾ।

*****

ਬਾਜਰੇ ਤੋਂ ਫੱਕ ਕੱਢੀਆਂ ਔਰਤਾਂ ਦੇ ਗੀਤ
ਰਤਾਲੂ ਅਤੇ ਹਲਦੀ ਦੀ ਰਾਖੀ ਕਰਦੇ
ਕਿਸਾਨਾਂ ਦੇ ਢੋਲ਼ਾਂ ਦੀ ਥਾਪ
ਜੰਗਲੀ ਸੂਰਾਂ ਨੂੰ ਭਜਾਉਂਦੀ ਅਵਾਜ਼,
ਇਹ ਸਾਰੀਆਂ ਧੁਨਾਂ ਰਲ਼
ਗੂੰਜਣ ਪਹਾੜੀਂ...

ਸੰਗਮ ਕਾਲ਼ ਦੀ ਕਵਿਤਾ ਮਲਈਪਾਡੂਮ ਕਦਮ ਤੋਂ ਲਈਆਂ ਸਤਰਾਂ

Trays with the lots of turmeric fingers and bulbs displayed at an auction in the regulated market in Perundurai, near Erode
PHOTO • M. Palani Kumar
Trays with the lots of turmeric fingers and bulbs displayed at an auction in the regulated market in Perundurai, near Erode
PHOTO • M. Palani Kumar

ਇਰੋਡ ਨੇੜੇ ਪੇਰੂੰਡੁਰਾਈ ਨਿਯੰਤਰਿਤ ਮੰਡੀ ਵਿਖੇ ਹਲਦੀ ਦੀਆਂ ਲੰਮੀਆਂ ਗੰਢੀਆਂ ਅਤੇ ਗੋਲ਼ ਗੰਢੀਆਂ ਟ੍ਰੇਆਂ ਵਿੱਚ ਰੱਖੀਆਂ ਹੋਈਆਂ ਜਿਨ੍ਹਾਂ ਦੀ ਬੋਲੀ ਲੱਗਣੀ ਹੈ

ਤਮਿਲਨਾਡੂ ਅਤੇ ਹਲਦੀ ਦਾ ਰਿਸ਼ਤਾ ਕੋਈ 2,000 ਸਾਲਾਂ ਤੋਂ ਚੱਲਦਾ ਆ ਰਿਹਾ ਹੈ, ਇਹ ਕਹਿਣਾ ਹੈ ਲੇਖਕ ਚੇਂਥਿਲ ਨਾਥਨ ਦਾ ਜਿਨ੍ਹਾਂ ਨੇ ਆਪਣੇ ਬਲੌਗ OldTamilPoetry.com ਵਿੱਚ ਉਨ੍ਹਾਂ ਸਤਰਾਂ ਦਾ ਅਨੁਵਾਦ ਕੀਤਾ ਹੈ। ਮਲਾਈਪਡੂ ਕੁਡਾਮ ਬਾਰੇ ਉਹ ਕਹਿੰਦੇ ਹਨ ''ਸੰਗਮ ਕੈਨਨ ਵਿੱਚ 10 ਲੰਬੀਆਂ ਕਵਿਤਾਵਾਂ ਵਿੱਚੋਂ ਇੱਕ ਹੈ।''

ਭਾਰਤੀ ਰਸੋਈ ਦੀ ਨਾਇਕ ਹਲਦੀ ( ਕੁਰਕੁਮਾ ਲੋਂਗਾ ) ਅਦਰਕ ਨਾਲ਼ ਨੇੜਿਓਂ ਜੁੜੀ ਹੋਈ ਹੈ। ਜ਼ਮੀਨ ਹੇਠਲਾ ਤਣਾ (ਰਾਈਜ਼ੋਮ), ਜਿਸ 'ਤੇ 'ਗੋਲ਼ ਗੰਢੀਆਂ' ਅਤੇ 'ਲੰਬੀਆਂ ਗੰਢੀਆਂ' ਨੁਮਾ ਸ਼ਾਖਾਵਾਂ ਸ਼ਾਮਲ ਹੁੰਦੀਆਂ ਹਨ, ਵਪਾਰਕ ਤੌਰ 'ਤੇ ਵਰਤਿਆ ਜਾਂਦਾ ਹੈ। ਵਾਢੀ ਅਤੇ ਬਾਅਦ ਵਾਲ਼ੀ ਪ੍ਰਕਿਰਿਆ ਦੌਰਾਨ ਗੋਲ਼ ਗੰਢਾਂ ਅਤੇ ਲੰਮੀਆਂ ਗੰਢਾਂ ਨੂੰ ਵੱਖ ਕਰ ਲਿਆ ਜਾਂਦਾ ਹੈ। ਵੇਚੇ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਉਬਾਲ਼ਿਆ ਜਾਂਦਾ ਹੈ, ਸੁਕਾਇਆ ਜਾਂਦਾ ਹੈ ਅਤੇ ਪਾਲਿਸ਼ ਕੀਤਾ ਜਾਂਦਾ ਹੈ। ਬੋਲੀ ਦੌਰਾਨ ਲੰਮੀਆਂ ਗੰਢਾਂ ਨੂੰ ਉੱਚਾ ਭਾਅ ਮਿਲ਼ਦਾ ਹੈ।

ਹਲਦੀ ਸ਼ਾਇਦ ਦੇਸ਼ ਦੀ ਮੂਲ਼ (ਨਿਵਾਸੀ) ਹੈ, ਭੋਜਨ ਇਤਿਹਾਸਕਾਰ ਕੇ.ਟੀ. ਅਚਾਇਆ ਆਪਣੀ ਕਿਤਾਬ, ਇੰਡੀਅਨ ਫੂਡ: ਏ ਹਿਸਟੋਰੀਕਲ ਕੰਪੇਨੀਅਨ ਵਿੱਚ ਕਹਿੰਦੇ ਹਨ। ''ਇਹਦੇ ਸ਼ਾਨਦਾਰ ਰੰਗ ਅਤੇ ਰੰਗਣ ਸਮਰੱਥਾ ਨੇ ਦੇਸ਼ ਅੰਦਰ ਹਰੀਦਰਾ (ਹਲਦੀ ਦਾ ਸੰਸਕ੍ਰਿਤ ਨਾਮ) ਨੂੰ ਜਾਦੂ ਅਤੇ ਰੀਤੀ ਰਿਵਾਜਾਂ'' ਵਿੱਚ ਮਹੱਤਵਪੂਰਨ ਥਾਂ ਦਿੱਤੀ, ਉਹ ਕਹਿੰਦੇ ਹਨ। ਰੋਜ਼ਮੱਰਾ ਦੇ ਮਸਾਲੇ ਵਜੋਂ ਮੰਜਲ ਭਾਰਤ ਦੇ ਪਕਵਾਨਾਂ ਅਤੇ ਸੱਭਿਆਚਾਰਾਂ ਵਿੱਚ ਵਿਆਪਕ ਤੌਰ 'ਤੇ ਵਰਤਿਆ ਜਾਂਦਾ ਹੈ। ਹਲਦੀ ਦੀ ਇੱਕ ਚੁਟਕੀ ਜਿੱਥੇ ਖਾਣੇ ਨੂੰ ਰੰਗਤ ਦਿੰਦੀ ਹੈ ਅਤੇ ਸੁਆਦ ਵਧਾਉਂਦੀ ਹੈ ਉੱਥੇ ਹੀ ਰੋਗਾਂ ਨਾਲ਼ ਲੜਨ ਦੀ ਸਾਡੀ ਸ਼ਕਤੀ ਨੂੰ ਵੀ ਵਧਾਉਂਦੀ ਹੈ। ਕੁਰਕੁਨਿਮ ਗੂੜ੍ਹਾ ਪੀਲ਼ਾ ਰੰਗ ਹਲਦੀ ਅੰਦਰ ਮੌਜੂਦ ਮੈਡੀਕਲ ਗੁਣਾਂ ਕਾਰਨ ਕੱਢਿਆ ਜਾਂਦਾ ਹੈ, ਹਲਦੀ ਅੰਦਰ ਐਂਟੀਆਕਸੀਡੈਂਟ ਅਤੇ ਐਂਟੀ-ਇਨਫਲਾਮੈਂਟਰੀ ਗੁਣ ਪਾਏ ਜਾਂਦੇ ਹਨ।

ਦਾਦੀਆਂ-ਨਾਨੀਆਂ ਨੇ ਵਿਗਿਆਨ ਦੇ ਸਾਬਤ ਕਰਨ ਤੋਂ ਕਿਤੇ ਪਹਿਲਾਂ ਹਲਦੀ ਦੇ ਗੁਣਾਂ ਵੱਲ ਧਿਆਨ ਦੁਆਇਆ। ਉਨ੍ਹਾਂ ਨੇ ਹਲਦੀ ਅਤੇ ਕਾਲ਼ੀ ਮਿਰਚ ਨੂੰ ਗਰਮ ਕੀਤਾ ਜਿਸ ਕਾਰਨ ਕੁਰਕੁਮਿਨ ਤੱਤ ਅੰਦਰਲੀ ਜੀਵ-ਉਪਲਬਧਤਾ ਵਿੱਚ ਸੁਧਾਰ ਹੋਇਆ। ਫਿਰ ਉਨ੍ਹਾਂ ਨੇ ਦੁੱਧ ਵਿੱਚ ਘੋਲ਼ ਕੇ ਪਰਿਵਾਰ ਦੇ ਉਸ ਮੈਂਬਰ ਨੂੰ ਪਿਆਇਆ ਜਿਹਨੂੰ ਛਿੱਕਾਂ ਦੀ ਸਮੱਸਿਆ ਹੁੰਦੀ। ਸਟਾਰਬਕਸ ਕੋਲ਼ ਹੁਣ 'ਸੁਨਹਿਰੀ ਹਲਦੀ ਲਾਟੇ' ਨਾਮਕ ਇੱਕ ਰੈਸਿਪੀ ਹੈ, ਦੇਖੋ ਸਾਡੀਆਂ ਦਾਦੀਆਂ ਨਾਨੀਆਂ ਨੂੰ ਪਸੰਦ ਆਉਂਦੀ ਹੈ ਜਾਂ ਨਹੀਂ। ਇਸ ਅੰਦਰ ਜਵੀ ਦਾ ਦੁੱਧ ਅਤੇ ਵਨੀਲਾ ਸ਼ਾਮਲ ਹਨ ਜਿਸ ਵਿੱਚ ਇੱਕ ਫੈਂਸੀ ਮਸ਼ੀਨ ਨਾਲ਼ ਝੱਗ ਪੈਦਾ ਕੀਤੀ ਜਾਂਦੀ ਹੈ।

ਹਲਦੀ ਨੂੰ ਸ਼ੁੱਭ ਮੰਨਿਆ ਜਾਂਦਾ ਹੈ। ਦੱਖਣ ਦੀਆਂ ਵਿਆਹੁਤਾ ਔਰਤਾਂ ਆਪਣੇ ਗਲ਼ੇ ਦੁਆਲੇ ਹਲਦੀ ਵਿੱਚ ਰੰਗਿਆ ਧਾਗਾ ਪਹਿਨਦੀਆਂ ਹਨ। ਮੰਜਨ ਨੀਰਾਟ ਵਿਜ਼ਾ ('ਹਲਦੀ ਨਾਲ਼ ਨਹਾਉਣ ਦਾ ਰਸਮ') ਚੜ੍ਹਦੀ ਜੁਆਨੀ ਨੂੰ ਦਰਸਾਉਂਦੀ ਇੱਕ ਰਸਮ ਹੈ ਜਿਸ ਰਸਮ ਵਿੱਚ ਲੜਕੀ ਦੀ ਪਹਿਲੀ ਵਾਰ ਮਾਹਵਾਰੀ ਆਉਣ ਨੂੰ ਜਸ਼ਨ ਨਾਲ਼ ਮਨਾਇਆ ਜਾਂਦਾ ਹੈ (ਕਦੇ ਕਦੇ ਵੱਡੇ ਫ਼ਲੈਕ ਬੋਰਡਾਂ ਅਤੇ ਵੱਡੀ ਭੀੜ ਦੇ ਨਾਲ਼)। ਮੰਜਲ ਇੱਕ ਮੰਨੀ-ਪ੍ਰਮੰਨੀ ਐਂਟੀਸੈਪਟਿਕ ਵਜੋਂ ਵੀ ਜਾਣੀ ਜਾਂਦੀ ਰਹੀ ਹੈ ਜਿਹਦਾ ਪੇਸਟ ਬਣਾ ਕੇ ਖੁੱਲ੍ਹੇ ਜ਼ਖਮਾਂ ਅਤੇ ਚਮੜੀ ਦੇ ਫੱਟਾਂ ਨੂੰ ਰਾਜ਼ੀ ਕਰਨ ਲਈ ਵਰਤਿਆ ਜਾਂਦਾ ਸੀ। ਪਾਲਤੂ ਜਾਨਵਰਾਂ ਦੀ ਦੇਖਭਾਲ਼ ਕਰਨ ਵਾਲ਼ੇ ਉਤਪਾਦਾਂ ਅੰਦਰ ਹਲਦੀ ਦਾ ਇਸਤੇਮਾਲ ਵੀ ਇਸੇ ਕਾਰਨ ਕਰਕੇ ਕੀਤਾ ਜਾਂਦਾ ਹੈ।

ਜਦੋਂ ਅਮੇਰੀਕਾ ਦੇ ਖ਼ੋਜਾਰਥੀਆਂ ਨੇ ਹਲਦੀ ਦਾ ਪੇਟੇਂਟ ਕਰਾਇਆ ਤਾਂ ਭਾਰਤੀ ਵਿਗਿਆਨਕ ਅਤੇ ਉਦਯੋਗਿਕ ਖ਼ੋਜ ਪਰਿਸ਼ਦ (CSIR) ਨੇ 1997 ਵਿੱਚ 15,000 ਡਾਲਰ ਦੀ ਕੀਮਤ 'ਤੇ ਇੱਕ ਵਕੀਲ ਨੂੰ ਕੰਮ 'ਤੇ ਰੱਖਿਆ ਅਤੇ ਤਰਕ ਦਿੱਤਾ ਕਿ ਕਿਉਂਕਿ ਸਾਡੇ ਦੇਸ਼ ਵਿੱਚ ਹਲਦੀ ਸਦੀਆਂ ਤੋਂ ਸਾਡੇ ਜ਼ਖ਼ਮਾਂ ਨੂੰ ਰਾਜੀ ਕਰਦੀ ਆਈ ਹੈ, ਇਸ ਵਿੱਚ ''ਪੇਟੇਂਟ ਕਰਾਉਣ ਲਈ ਲੋੜੀਂਦੇ 'ਸਿਧਾਂਤ' ਦੀ ਘਾਟ ਹੈ।'' ਇੰਝ CSIR ਨੇ ਹਲਦੀ 'ਤੇ ''ਵਿਵਾਦਤ ਪੇਟੇਂਟ'' ਨੂੰ ਰੱਦ ਕਰਨ ਵਾਸਤੇ ਸੰਯੁਕਤ ਰਾਜ ਪੇਟੇਂਟ ਅਤੇ ਟ੍ਰੇਡਮਾਰਕ ਦਫ਼ਤਰ ਨੂੰ ਹਾਸਲ ਕਰ ਲਿਆ।

ਹਾਲਾਂਕਿ ਸਿਵਾਜੀ ਗਣੇਸ਼ਨ ਨੇ ਆਪਣੀ ਮਨਜ਼ੂਰੀ ਦੇ ਦਿੱਤੀ ਹੋਵੇਗੀ। ਮਸ਼ਹੂਰ ਐਕਟਰ ਨੇ 1959 ਵਿੱਚ ਇਸੇ ਨਾਮ ਦੀ ਫਿਲਮ ਵੀਰਪੰਡਿਆ ਕਾਟਾਬੋਮਨ ਵਿੱਚ ਇਸ ਨਾਮ ਦੇ ਇੱਕ ਬਸਤੀਵਾਦ-ਵਿਰੋਧੀ ਨਾਇਕ ਦੀ ਭੂਮਿਕਾ ਨਿਭਾਈ-ਇਹ ਸਰਵੋਤਮ ਅਭਿਨੇਤਾ ਦਾ ਅੰਤਰਰਾਸ਼ਟਰੀ ਪੁਰਸਕਾਰ ਅਤੇ ਕਈ ਹੋਰ ਪੁਰਸਕਾਰ ਜਿੱਤਣ ਵਾਲ਼ੀ ਪਹਿਲੀ ਤਮਿਲ ਫ਼ਿਲਮ ਸਾਬਤ ਹੋਈ। ਬ੍ਰਿਟਿਸ਼ਾਂ ਨੂੰ ਟੈਕਸ ਅਦਾ ਕਰਨ ਤੋਂ ਇਨਕਾਰ ਕਰਦੇ ਉਨ੍ਹਾਂ ਦੇ ਅਲਫ਼ਾਜ ਜ਼ਿਕਰਯੋਗ ਸਨ: ''ਕਿਉਂ? ਤੁਸਾਂ ਹਲਦੀ ਪੀਹ ਕੇ ਮੇਰੇ ਭਾਈਚਾਰੇ ਦੀਆਂ ਔਰਤਾਂ ਦੀ ਸੇਵਾ ਕੀਤੀ ਹੈ? ''

*****

'' ਮੈਂ ਆਪਣੇ ਪਿਤਾ ਵੱਲੋਂ ਕੀਤੀ ਸਖ਼ਤ ਮਿਹਨਤ ਦਾ ਹੀ ਵੱਢ ਰਿਹਾ ਹਾਂ। ''
ਤੀਰੂ ਮੂਰਤੀ, ਇਰੋਡ ਦੇ ਹਲਦੀ ਕਿਸਾਨ

Thiru inspecting the turmeric plants in his farm, in Uppupallam hamlet of Erode's Bhavanisagar block
PHOTO • M. Palani Kumar

ਤੀਰੂ, ਇਰੋਡ ਦੇ ਭਵਾਨੀਸਾਗਰ ਬਲਾਕ ਦੀ ਉੱਪੂਲਮ ਬਸਤੀ ਵਿਖੇ ਸਥਿਤ ਆਪਣੇ ਖੇਤਾਂ ਵਿੱਚ ਹਲਦੀ ਦੇ ਬੂਟਿਆਂ ਦੀ ਨਿਗਰਾਨੀ ਕਰਦੇ ਹੋਏ

ਉਨ੍ਹਾਂ ਨੇ ਰੋਜ਼ੀਰੋਟੀ ਵਾਸਤੇ 18 ਸਾਲ ਦੀ ਉਮਰੇ ਹੀ ਖੇਤੀ ਕਰਨੀ ਸ਼ੁਰੂ ਕੀਤੀ ਉਨ੍ਹਾਂ ਨੇ ਪਾਰੀ (PARI) ਨੂੰ ਦੱਸਿਆ ਜਦੋਂ ਅਕਤੂਬਰ 2021 ਨੂੰ ਅਸਾਂ ਸਤਿਆਮੰਗਲਮ ਵਿਖੇ  ਦੂਸਰੀ ਵਾਰ ਗੇੜੀ ਮਾਰੀ। ਅਸੀਂ ਪਹਿਲੀ ਵਾਰ ਉਸੇ ਸਾਲ ਮਾਰਚ ਵਿੱਚ ਗਏ ਸਾਂ ਜਦੋਂ ਹਲਦੀ ਦੀ ਵਾਢੀ ਹੁੰਦੀ ਹੈ। ਹਲਦੀ ਦੇ ਝੂਮਦੇ ਪੌਦਿਆਂ ਵਿੱਚੋਂ ਦੀ ਲੰਘਦੇ ਹੋਏ ਉਨ੍ਹਾਂ ਨੇ ਆਪਣੀ ਚਿੱਟੀ ਧੋਤੀ ਨੂੰ ਨੁੱਕਰ ਤੋਂ ਫੜ੍ਹਿਆ ਹੋਇਆ ਹੈ ਅਤੇ ਉਹ ਆਪਣੀ ਜੀਵਨ ਯਾਤਰਾ ਬਾਰੇ ਗੱਲ ਕਰਦੇ ਰਹੇ ਸਨ।

''ਅੱਪਾ, ਉੱਪੂਲਮ ਆ ਗਏ ਜੋ ਕਿ ਅੰਮਾ ਦਾ ਜਨਮ ਅਸਥਾਨ ਹੈ ਅਤੇ 70ਵਿਆਂ ਵਿੱਚ ਉਨ੍ਹਾਂ ਨੇ ਏਕੜ ਜ਼ਮੀਨ ਦਸ ਜਾਂ ਵੀਹ ਹਜ਼ਾਰ ਵਿੱਚ ਇੱਕ ਖਰੀਦੀ। ਹੁਣ ਉਸੇ ਜ਼ਮੀਨ ਦਾ ਭਾਅ 40 ਲੱਖ ਹੈ। ਹੁਣ ਤੁਸੀਂ 10 ਏਕੜ ਜ਼ਮੀਨ ਖਰੀਦ ਹੀ ਨਹੀਂ ਸਕਦੇ!'' ਦਸਵੀਂ ਦੀ ਪੜ੍ਹਾਈ ਵਿਚਾਲੇ ਛੱਡਣ ਵਾਲ਼ੇ ਤੀਰੂ 2009 ਵਿੱਚ ਜੈਵਿਕ-ਖੇਤੀ ਕਰਨ ਵਾਲ਼ੇ ਕੁੱਲਵਕਤੀ ਕਿਸਾਨ ਬਣ ਗਏ। ਉਦੋਂ ਉਹ 31 ਸਾਲਾਂ ਦੇ ਸਨ।

ਇਹ ਕੰਮ ਉਨ੍ਹਾਂ ਦੀ ਪਹਿਲੀ ਪਸੰਦ ਨਹੀਂ ਸੀ। ਉਨ੍ਹਾਂ ਨੇ ਕਈ ਨੌਕਰੀਆਂ ਵਿੱਚ ਹੱਥ ਅਜਮਾਏ। ਸਭ ਤੋਂ ਉਨ੍ਹਾਂ ਨੇ ਘਰੇ ਹੀ ਮਾਲੀਗਾਈ ਕਡਈ , ਰਾਸ਼ਨ ਦੀ ਇੱਕ ਦੁਕਾਨ ਖੋਲ੍ਹੀ। ਉਨ੍ਹਾਂ ਨੇ ਯਾਲੰਦ ਵਡਈ (ਜੁਜੁਬੇ ਫਲ ਦਾ ਮਿੱਠਾ ਅਤੇ ਖੱਟਾ ਵਡਾ ), ਤਿੰਨਪੰਡਮ (ਸਨੈਕਸ) , ਚੌਲ, ਸਿਗਰੇਟਾਂ, ਬੀੜੀਆਂ ਅਤੇ ਦੀਵਾਲੀ ਮੌਕੇ ਪਟਾਕੇ ਵੀ ਵੇਚੇ। ਆਪਣਾ ਕਾਰੋਬਾਰ ਖੋਲ੍ਹਣ ਦੀ ਉਨ੍ਹਾਂ ਦੀ ਦਿਲਚਸਪੀ ਨੇ ਉਨ੍ਹਾਂ ਕੋਲ਼ੋਂ ਕਈ ਹੋਰ ਕੰਮ ਕਰਾਏ- ਕਦੇ ਉਹ ਕੇਬਲ ਟੀਵੀ ਸਰਵਿਸ ਉਪਲਬਧ ਕਰਾਉਂਦੇ ਅਤੇ ਕਦੇ ਦੁੱਧ ਵੇਚਦੇ। ਫਿਰ ਉਹ ਆਪਣੀ ਭੈਣ ਕੋਲ਼ ਬੰਗਲੁਰੂ ਚਲੇ ਗਏ। ਜਿੱਥੇ ਉਨ੍ਹਾਂ ਦੋਪਈਆ ਵਾਹਣ ਸਰਵਿਸ ਸਟੇਸ਼ਨ ਚਲਾਇਆ, ਇੱਕ ਫਾਈਨਾਂਸ ਕੰਪਨੀ ਵਿੱਚ ਲੋਨ ਦੇਣ ਦਾ ਕੰਮ ਕੀਤਾ ਅਤੇ ਅਖ਼ੀਰ ਉਨ੍ਹਾਂ ਨੇ ਕਾਰਾਂ ਖਰੀਦਣ ਅਤੇ ਵੇਚਣ ਦਾ ਕੰਮ ਵੀ ਕੀਤਾ। ''14 ਸਾਲਾਂ ਦੌਰਾਨ ਮੈਂ 6 ਵੰਨ-ਸੁਵੰਨੇ ਕੰਮਾਂ ਵਿੱਚ ਹੱਥ ਅਜਮਾਉਣ ਦੀ ਕੋਸ਼ਿਸ਼ ਕੀਤੀ। ਸੱਚਮੁੱਚ ਇਹ ਬੜਾ ਔਖ਼ਾ ਸਮਾਂ ਰਿਹਾ; ਮੈਂ ਸੰਘਰਸ਼ ਕੀਤਾ ਅਤੇ ਆਪਣੀਆਂ ਉਂਗਲਾਂ ਤੱਕ ਸਾੜ ਬੈਠਾ।''

ਬੰਗਲੁਰੂ ਵਿਖੇ ਬਿਤਾਏ ਦਿਨ ਉਨ੍ਹਾਂ ਨੂੰ ਕਿਸੇ ਕੁੱਤੇਖਾਣੀ (ਉਸ ਸਮੇਂ ਦਾ ਮੁਕਾਬਲਾ ਮਾਰੇ ਮਾਰੇ ਫਿਰਦੇ ਕਿਸੇ ਕੁੱਤੇ ਨਾਲ਼ ਕਰਦੇ ਹਨ) ਤੋਂ ਘੱਟ ਨਹੀਂ ਲੱਗਦੇ,'' ਨਈ ਪਾਡਾ ਪਾਡੂ ,'' ਖ਼ਾਸ ਕਰਕੇ ਕੁੱਤਾ ਵੀ ਉਹ ਜਿਹਦੀ ਕੋਈ ਨਸਲ ਹੀ ਨਾ ਹੋਵੇ। ਉਹ ਬਹੁਤ ਥੋੜ੍ਹਾ ਕਮਾਉਂਦੇ ਅਤੇ ਆਪਣੇ ਦੋਸਤਾਂ ਨਾਲ਼  ਰਲ਼ ਕੇ 6 x 10 ਫੁੱਟ ਦੇ ਕਮਰੇ ਵਿੱਚ ਰਹਿੰਦੇ ਜਿਹਦਾ ਹਿੱਸਾ ਆਉਂਦਾ ਕਿਰਾਇਆ ਹੀ 2,500 ਰੁਪਏ ਹੁੰਦਾ।

''ਮਾਰਚ 2009 ਵਿੱਚ ਜਦੋਂ ਮੈਂ ਸਤਿਆਮੰਗਲਮ ਵਾਪਸ ਮੁੜਿਆ ਤਾਂ ਮੇਰੇ ਸਿਰ 'ਤੇ ਖੇਤੀ ਕਰਨ ਦਾ ਭੂਤ ਸਵਾਰ ਹੋ ਗਿਆ।'' ਉਨ੍ਹਾਂ ਨੇ ਕਮਾਦ ਤੋਂ ਸ਼ੁਰੂਆਤ ਕੀਤੀ ਜੋ ਫ਼ਸਲ ਉਨ੍ਹਾਂ ਦੇ ਪਿਤਾ ਨੇ ਬੀਜੀ ਸੀ ਅਤੇ ਨਾਲ਼ ਹੀ ਇੱਕ ਪਲਾਟ ਵਿੱਚ ਸਾਬੂਦਾਣਾ ਅਤੇ ਪਿਆਜ਼ ਬੀਜੇ।

''ਮੈਂ ਗ਼ਲਤੀਆਂ ਵੀ ਕੀਤੀਆਂ ਅਤੇ ਉਨ੍ਹਾਂ ਤੋਂ ਸਬਕ ਵੀ ਸਿੱਖਿਆ। 2010 ਵਿੱਚ ਪਿਆਜ ਦੇ ਬੀਜ 80 ਰੁਪਏ ਕਿਲੋ ਸਨ। ਜਦੋਂ ਵਾਢੀ ਦਾ ਸਮਾਂ ਆਇਆ ਤਾਂ ਇਨ੍ਹਾਂ ਦੀ ਕੀਮਤ ਡਿੱਗ ਕੇ 11 ਰੁਪਏ ਹੋ ਗਈ। ਮਰਾਨਾ ਅਦੀ (ਮਰਨਾਊ ਪੈ ਗਿਆ),'' ਉਹ ਹੌਕਾ ਭਰਦੇ ਹਨ। ਇਹ ਗੱਲ ਚੰਗੀ ਰਹੀ ਕਿ ਇਸ ਘਾਟੇ ਵਿੱਚੋਂ ਨਿਕਲ਼ਣ ਵਾਸਤੇ ਦੂਸਰੀਆਂ ਫ਼ਸਲਾਂ ਮਦਦਗਾਰ ਰਹੀਆਂ। ਉਨ੍ਹਾਂ ਦੇ ਪਿਤਾ ਦੀ ਮੌਤ ਤੋਂ ਦੋ ਸਾਲ ਬਾਅਦ 2014 ਵਿੱਚ ਉਨ੍ਹਾਂ ਨੇ ਮੰਜਲ ਬੀਜਿਆ ਜੋ ਕਿ ਪਰਿਵਾਰ ਨੇ ਕਰੀਬ ਨੌਂ ਸਾਲ ਪਹਿਲਾਂ ਹੀ ਬੀਜਣਾ ਛੱਡ ਦਿੱਤਾ ਹੋਇਆ ਸੀ।

*****

ਕੋਈ ਹੈ ਜੋ ਹਲਦੀ ਤੋਂ ਪੈਸਾ ਬਣਾ ਰਿਹਾ ਹੈ। ਇਹ ਜ਼ਰੂਰੀ ਨਹੀਂ ਕਿ ਉਹ ਕਿਸਾਨ ਹੋਵੇ...
ਇਰੋਡ ਵਿਖੇ ਹਲਦੀ ਉਗਾਉਣ ਵਾਲ਼ੇ

In his banana field, Thiru has planted the red variety this time.
PHOTO • M. Palani Kumar
The wooden chekku in which coconut oil is cold-pressed to make fragrant hair oils
PHOTO • M. Palani Kumar

ਖੱਬੇ : ਉਨ੍ਹਾਂ ਦੇ ਕੇਲੇ ਦੇ ਖੇਤ ਵਿੱਚ, ਤੀਰੂ ਨੇ ਇਸ ਵਾਰ ਲਾਲ ਕੇਲੇ ਬੀਜੇ ਹਨ। ਸੱਜੇ : ਲੱਕੜੀ ਦਾ ਚੀਕੂ ਜਿਸ ਰਾਹੀਂ ਨਾਰੀਅਲ ਨੂੰ ਨਪੀੜ ਕੇ ਵਾਲ਼ਾਂ ਵਾਸਤੇ ਸੁਗੰਧਤ ਕੋਲਡ ਪ੍ਰੈੱਸਡ ਤੇਲ ਬਣਾਇਆ ਜਾਂਦਾ ਹੈ

ਤਮਿਲਨਾਡੂ ਅੰਦਰ 51,000 ਏਕੜ ਵਿੱਚ ਹਲਦੀ ਦੀ ਖੇਤੀ ਕੀਤੀ ਜਾਂਦੀ ਹੈ, ਜਿਹਦਾ ਕੁੱਲ ਝਾੜ 86,000 ਟਨ ਤੋਂ ਵੱਧ ਨਿਕ਼ਲਦਾ ਹੈ, ਜਿਸ ਉਤਪਾਦਨ ਰਾਹੀਂ ਇਹ ਦੇਸ਼ ਦਾ ਚੌਥੀ ਥਾਂ 'ਤੇ ਰਹਿੰਦਾ ਹੈ। ਜੇਕਰ ਰਾਜ ਅੰਦਰਲੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਇਰੋਡ 12,570 ਏਕੜ ਵਿੱਚ ਮੰਜਲ ਬੀਜ ਕੇ ਸਭ ਤੋਂ ਮੋਹਰੀ ਹੈ।

ਤੀਰੂ ਦੀ 1.5 ਪੈਲ਼ੀ ਇਸ ਪੂਰੇ ਸਾਗਰ (ਹਲਦੀ ਦੇ) ਵਿੱਚ ਇੱਕ ਬੂੰਦ ਸਮਾਨ ਹੈ।2014 ਵਿੱਚ ਉਨ੍ਹਾਂ ਨੇ ਅੱਧ-ਏਕੜ ਵਿੱਚ ਮੰਜਲ ਬੀਜਣੀ ਸ਼ੁਰੂ ਕੀਤੀ ਅਤੇ ਬਾਕੀ ਦੀ ਪੈਲ਼ੀ ਵਿੱਚ ਨਾਰੀਅਲ ਅਤੇ ਕੇਲੇ ਬੀਜ ਦਿੱਤੇ। ਉਨ੍ਹਾਂ ਨੂੰ ਉਤਸ਼ਾਹ ਉਦੋਂ ਮਿਲ਼ਿਆ ਜਦੋਂ ਉਨ੍ਹਾਂ ਦੀ ਇੱਕ ਟਨ ਹਲਦੀ ਹੱਥੋ ਹੱਥ ਵਿਕ ਗਈ। ਹਲਦੀ ਦੇ ਕੁੱਲ ਝਾੜ ਵਿੱਚੋਂ ਇੱਕ ਤਿਹਾਈ ਭਾਵ 300 ਕਿਲੋ ਹਲਦੀ ਦਾ ਉਨ੍ਹਾਂ ਨੇ ਪਾਊਡਰ ਬਣਾਇਆ ਅਤੇ ਫੇਸਬੁੱਕ ਦੇ ਆਪਣੇ ਸੰਪਰਕਾਂ ਨੂੰ 10 ਦਿਨਾਂ ਦੇ ਅੰਦਰ ਅੰਦਰ ਥੋਕ ਦੇ ਭਾਅ ਵੇਚ ਦਿੱਤਾ। ਉਨ੍ਹਾਂ ਨੇ ਆਪਣੇ ਉੱਦਮ ਦਾ ਨਾਂਅ ਰੱਖਿਆ 'ਯੀਰ ਮੁਨਈ (Yer Munai),'  ਜਿਹਦਾ ਮਤਲਬ ਹੈ ਹਲ (ਖ਼ਾਸ ਕਰਕੇ ਫਾਲਾ), ''ਕਿਉਂਕਿ ਇਹ ਔਜ਼ਾਰ ਬੇਜੋੜ ਹੈ।'' ਲੋਗੋ ਬਹੁਤ ਹੀ ਵਿਲੱਖਣ ਤਸਵੀਰ ਹੈ: ਇੱਕ ਆਦਮੀ, ਇੱਕ ਹਲ ਅਤੇ ਦੋ ਬਲਦ। ਸੱਚਿਓ ਇਹ ਨਿਰੋਲ ਸਫ਼ਲਤਾ ਸੀ।

ਉਤਸਾਹਤ ਹੋ ਬੜੀ ਉਤਸੁਕਤਾ ਨਾਲ਼ ਉਨ੍ਹਾਂ ਨੇ ਅਗਲੇ ਸਾਲ ਢਾਈ ਏਕੜ ਵਿੱਚ ਮੰਜਲ ਦੀ ਕਾਸ਼ਤ ਕੀਤੀ ਅਤੇ ਪੰਜ ਹਜ਼ਾਰ ਕਿਲੋ ਦਾ ਵਧੀਆ ਝਾੜ ਹੱਥ ਲੱਗਿਆ ਅਤੇ ਉਸ ਪੈਦਾਵਾਰ ਵਿੱਚੋਂ ਚਾਰ ਹਜ਼ਾਰ ਕਿਲੋ ਮਹੀਨਿਆਂ ਬੱਧੀ ਉਨ੍ਹਾਂ ਦੇ ਕੋਲ਼ ਹੀ ਅਟਕਿਆ ਰਿਹਾ। ਉਨ੍ਹਾਂ ਜੈਵਿਕ ਹਲਦੀ ਦਾ ਪ੍ਰਮਾਣ-ਪੱਤਰ ਲੈਣ ਦੀ ਕੋਸ਼ਿਸ਼ ਕਰਦੇ ਰਹੇ ਪਰ ਸਫ਼ਲ ਨਾ ਹੋਏ। ਇਹ ਪੂਰੀ ਪ੍ਰਕਿਰਿਆ ਕਿਸੇ ਸਜ਼ਾ ਤੋਂ ਘੱਟ ਨਹੀਂ ਸੀ ਅਤੇ ਨਾਲ਼ ਹੀ ਮਹਿੰਗੀ ਅਤੇ ਅਕੇਵੇਂ ਮਾਰੀ ਵੀ ਸੀ। ਅਖ਼ੀਰ ਉਨ੍ਹਾਂ ਨੇ ਆਪਣੀ ਉਪਜ ਨੂੰ ਇਰੋਡ ਦੀ ਇੱਕ ਵੱਡੀ ਮਸਾਲਾ ਕੰਪਨੀ ਨੂੰ ਵੇਚ ਦਿੱਤਾ। ਉਨ੍ਹਾਂ ਨੇ ਤੀਰੂ ਨੂੰ ਤੁੰਡ ਚੀਟ ਹੀ ਦਿੱਤਾ, ਇੱਕ ਛੋਟੀ ਜਿਹੀ ਪਰਚੀ ਜਿਸ 'ਤੇ ਹਿਸਾਬ ਲਿਖਿਆ ਸੀ: 8,100 ਰੁਪਏ ਪ੍ਰਤੀ ਕੁਵਿੰਟਲ ਅਤੇ ਹਫ਼ਤੇ ਕੁ ਬਾਅਦ ਰਾਜ ਵੱਲੋਂ ਚੈੱਕ ਜਾਰੀ ਹੋਇਆ ਜਿਸ 'ਤੇ 15 ਦਿਨਾਂ ਬਾਅਦ ਦੀ ਤਰੀਕ ਲਿਖੀ ਹੋਈ ਸੀ।

ਤੀਰੂ ਨੇ ਚੈੱਕ ਕਲੀਅਰ ਕਰਾਉਣ ਵਿੱਚ ਹਫ਼ਤੇ ਲੱਗ ਗਏ ਅਤੇ ਇਹ ਸਾਲ ਨੋਟਬੰਦੀ ਦਾ ਸਾਲ ਵੀ ਸੀ। ''2017 ਤੋਂ ਮੈਂ ਗੱਲ ਲੜ ਬੰਨ੍ਹ ਲਈ ਅਤੇ ਸਿਰਫ਼ ਇੱਕ ਅਤੇ ਡੇਢ ਏਕੜ ਵਿੱਚ ਹੀ ਹਲਦੀ ਉਗਾਉਣ ਲੱਗਿਆ ਅਤੇ ਹਰੇਕ ਆਉਂਦੇ ਸਾਲ ਮੈਂ ਬਾਕੀ ਦੀ ਜ਼ਮੀਨ ਨੂੰ ਸਨਮੀ ਰਹਿਣ ਦਿੰਦਾ,'' ਉਹ ਦੱਸਦੇ ਹਨ।

ਜਨਵਰੀ ਮਹੀਨੇ ਉਹ ਕਿਆਰੀਆਂ ਬਣਾਉਂਣੀਆਂ ਸ਼ੁਰੂ ਕਰ ਦਿੰਦੇ ਹਨ ਅਤੇ ਦੋ ਗੇੜਾਂ ਵਿੱਚ ਬਾਜਰਾ ਬੀਜਦੇ ਹਨ-ਦੋਵਾਂ ਗੇੜਾਂ ਵਿੱਚ 45 ਦਿਨਾਂ ਦਾ ਫ਼ਰਕ ਹੁੰਦਾ ਹੈ। ਇਸ ਤੋਂ ਬਾਅਦ ਦੋਬਾਰਾ ਖੇਤ ਵਾਹਿਆ ਜਾਂਦਾ ਹੈ ਤਾਂ ਜੋ ਨਾਈਟ੍ਰੋਜਨ ਅਤੇ ਪੋਸ਼ਕ ਤੱਤਾਂ ਦੀ ਘਾਟ ਪੂਰੀ ਹੋ ਸਕੇ। ਉਹ ਦੱਸਦੇ ਹਨ ਉਸ ਸਭ ਕਾਸੇ 'ਤੇ 15,000 ਖਰਚਾ ਆਉਂਦਾ ਹੈ। ਫਿਰ ਉਹ ਤੁਪਕਾ ਸਿੰਚਾਈ ਕਰਦੇ ਹਨ, ਹਲਦੀ ਵਾਸਤੇ ਕਿਆਰੀਆਂ ਤਿਆਰ ਕਰਦੇ ਹਨ ਅਤੇ ਉਸ ਸਭ 'ਤੇ ਹੋਰ 15,000 ਖਰਚਾ ਆਉਂਦਾ ਹੈ। ਫਿਰ ਇੱਕ ਏਕੜ ਵਿੱਚ ਬਿਜਾਈ ਕਰਨ ਲਈ ਉਨ੍ਹਾਂ ਨੂੰ 800 ਕਿਲੋ ਗੋਲ਼ ਗੰਢੀਆਂ ਦੀ ਲੋੜ ਹੁੰਦੀ ਹੈ ਜਿਨ੍ਹਾਂ ਦੀ ਕੀਮਤ 40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ਼ 24,000 ਰੁਪਏ ਬਣਦੀ ਹੈ। ਮਜ਼ਦੂਰੀ ਦਾ ਖਰਚਾ ਵਗੈਰਾ ਰਲ਼ਾ ਕੇ ਇੱਕ ਏਕੜ ਵਿੱਚ 5,000 ਰੁਪਏ ਦਾ ਖਰਚਾ ਹੋਰ ਆ ਰਲ਼ਦਾ ਹੈ। ਇੱਕ ਮਹੀਨੇ ਬਾਅਦ, ਜਦੋਂ ਬੀਜ਼ ਪੁੰਗਰ ਜਾਂਦੇ ਹਨ ਉਹ ਦੋ ਟਨ ਦੇ ਕਰੀਬ ਬੱਕਰੀ ਦੀਆਂ ਮੇਂਗਣਾ ਨੂੰ ਬਤੌਰ ਖਾਦ ਖੇਤਾਂ ਵਿੱਚ ਪਾਉਂਦੇ ਹਨ ਜੋ ਕਿ ਉਨ੍ਹਾਂ ਮੁਤਾਬਕ ਇਸ ਫ਼ਸਲ ਵਾਸਤੇ ਗਾਂ ਦੇ ਗੋਬਰ ਦੇ ਮੁਕਾਬਲੇ ਵੱਧ ਵਧੀਆ ਕੰਮ ਕਰਦੀ ਹੈ। ਇਸ ਖਾਦ 'ਤੇ ਉਨ੍ਹਾਂ ਨੂੰ ਹੋਰ 14,000 ਰੁਪਏ ਖਰਚਣੇ ਪੈਂਦੇ ਹਨ।

ਫਿਰ ਨਿਰਾਈ ਦੇ ਕਰੀਬ ਛੇ ਗੇੜ ਚੱਲਦੇ ਹਨ ਅਤੇ ਹਰੇਕ ਗੇੜ 'ਤੇ 10,000 ਰੁਪਏ (300 ਰੁਪਏ ਦਿਹਾੜੀ ਦੇ ਮੁਤਾਬਕ ਇੱਕ ਏਕੜ ਵਿੱਚ 30-35 ਔਰਤਾਂ ਦਾ ਕੰਮ) ਖਰਚਾ ਆਉਂਦਾ ਹੈ ਮਾਰਚ ਮਹੀਨੇ ਵਿੱਚ, ਵਾਢੀ 'ਤੇ ਕਰੀਬ 40,000 ਰੁਪਿਆ ਖਰਚਾ ਆਉਂਦਾ ਹੈ ਅਤੇ ਇਹ ''ਤੈਅ ਠੇਕਾ ਹੁੰਦਾ ਹੈ। ਆਮ ਤੌਰ 'ਤੇ 20 ਪੁਰਸ਼ਾਂ ਅਤੇ 50 ਔਰਤਾਂ ਦੀ ਇੱਕ ਟੀਮ ਆਉਂਦੀ ਹੈ। ਉਹ ਇੱਕ ਦਿਨ ਵਿੱਚ ਕੰਮ ਮੁਕਾ ਦਿੰਦੇ ਹਨ। ਜੇਕਰ ਝਾੜ ਕੁਝ ਜ਼ਿਆਦਾ ਵਧੀਆ ਨਿਕਲ਼ ਆਵੇ ਤਾਂ ਉਹ ਵਾਧੂ 5,000 ਰੁਪਏ ਮੰਗਦੇ ਹਨ।

Fresh turmeric fingers, which are processed by Thiru Murthy to make beauty products and malted drinks.
PHOTO • Aparna Karthikeyan
The purpose-built pit for boiling the turmeric
PHOTO • Aparna Karthikeyan

ਖੱਬੇ : ਤਾਜ਼ਾ ਹਲਦੀ ਦੀਆਂ ਲੰਮੀਆਂ ਗੰਢੀਆਂ, ਜਿਨ੍ਹਾਂ ਨੂੰ ਤੀਰੂ ਨੇ ਸੁਹੱਪਣ ਸਮੱਗਰੀ ਅਤੇ ਮਾਲਟਡ (ਪੁੰਗਰੇ ਜੌਂ)ਡ੍ਰਿੰਕ ਬਣਾਉਣ ਲਈ ਵਰਤਣਾ ਹੈ। ਸੱਜੇ : ਹਲਦੀ ਉਬਾਲਣ ਵਾਸਤੇ ਬਣਾਇਆ ਬਣਾਇਆ ਟੋਇਆ

ਅਖ਼ੀਰ, ਤਾਜ਼ਾ ਹਲਦੀ ਨੂੰ ਉਬਾਲਿਆ ਜਾਂਦਾ ਹੈ ਅਤੇ ਸੁਕਾ ਕੇ ਪਾਲਿਸ਼ ਕੀਤਾ ਜਾਂਦਾ ਹੈ। ਰਿਪੋਰਟਰ ਵਾਸਤੇ ਇਸ ਪੂਰੀ ਪ੍ਰਕਿਰਿਆ ਨੂੰ ਇੱਕੋ ਲਾਈਨ ਵਿੱਚ ਝਰੀਟਣਾ ਭਾਵੇਂ ਸੌਖਾ ਹੈ ਪਰ ਇੱਕ ਕਿਸਾਨ ਵਾਸਤੇ ਇਹ ਕਈ ਦਿਨਾਂ ਦੀਆਂ ਡੂੰਘੀ ਮੁਸ਼ੱਕਤ, ਮੁਹਾਰਤ ਅਤੇ ਕਰੀਬ 65,000 ਰੁਪਏ ਦੀ ਲਾਗਤ ਦਾ ਕੰਮ ਹੈ। ਜਿਵੇਂ ਜਿਵੇਂ ਹਲਦੀ 'ਤੇ ਆਉਂਦੇ ਖਰਚਿਆਂ ਦਾ ਗ੍ਰਾਫ਼ ਉਤਾਂਹ ਚੜ੍ਹਨ ਲੱਗਦਾ ਹੈ ਉਵੇਂ ਹੀ ਹਲਦੀ ਦਾ ਵਜ਼ਨ ਘੱਟ ਕੇ ਕਰੀਬ ਅੱਧਾ ਹੀ ਰਹਿ ਜਾਂਦਾ ਹੈ।

ਦਸ ਮਹੀਨੇ ਅਤੇ 238,000 ਦੀ ਲਾਗਤ ਨਾਲ਼ ਉਨ੍ਹਾਂ ਦੇ ਹੱਥ ਵਿੱਚ 2,000 ਕਿਲੋ (ਇੱਕ ਏਕੜ ਵਿੱਚੋਂ) ਸੁੱਕੀ ਹਲਦੀ ਆਉਂਦੀ ਹੈ। ਇੱਕ ਕਿਲੋ ਮਗਰ 119 ਰੁਪਏ ਉਤਪਾਦਨ ਲਾਗਤ ਆਉਂਦੀ ਹੈ। (ਕੇ.ਐੱਨ. ਸੇਲਾਮੱਤੂ ਜੋ ਕਿ ਕੋਟੂਮੁਡੀ ਤੋਂ ਹਨ, ਜਿਹੇ ਹੋਰ ਕਿਸਾਨ ਵੀ ਜੈਵਿਕ ਖੇਤੀ ਕਰਦੇ ਹਨ, ਉਨ੍ਹਾਂ ਦੀ ਇੱਕ ਕਿਲੋ ਹਲਦੀ ਮਗਰ ਅੰਦਾਜਤਨ 80 ਰੁਪਏ ਲਾਗਤ ਆਉਂਦੀ ਹੈ, ਉਨ੍ਹਾਂ ਵੱਲੋਂ ਵਰਤੀ ਜਾਂਦੀ ਵਿਧੀ ਵਿੱਚ ਘੱਟ ਸਮੇਂ ਅਤੇ ਕੁਸ਼ਲਤਾ ਨਾਲ਼ ਉੱਚ ਝਾੜ ਦੇਣ ਵਾਲ਼ੀਆਂ ਕਿਸਮਾਂ ਉਗਾਈਆਂ ਜਾਂਦੀਆਂ ਹਨ)।

ਤੀਰੂ ਬੜਾ ਸੋਚ ਸਮਝ ਕੇ ਆਪਣੀ ਹਲਦੀ ਦੇ ਪਾਊਡਰ ਦੀ ਕੀਮਤ ਲਾਉਂਦੇ ਹਨ। ਉਹ ਇੱਕ ਕਿਲੋ ਪਾਊਡਰ ਮਗਰ 40 ਰੁਪਏ ਖਰਚਦੇ ਹਨ ਅਤੇ ਪੈਕਿੰਗ ਅਤੇ ਕੋਰੀਅਰ ਵਗੈਰਾ 'ਤੇ ਵੱਖਰੇ 40 ਰੁਪਏ ਖਰਚਾ ਆਉਂਦਾ ਹੈ।

ਜਿਹੜੀਆਂ ਦੁਕਾਨਾਂ ਕਾਫ਼ੀ ਮਾਤਰਾ ਵਿੱਚ ਜਿਵੇਂ 20 ਕਿਲੋ ਦੇ ਕਰੀਬ ਹਲਦੀ ਪਾਊਡਰ ਖਰੀਦਦੀਆਂ ਹਨ ਤਾਂ ਉਨ੍ਹਾਂ ਨੂੰ 300 ਰੁਪਏ ਕਿਲੋ ਦੇ ਹਿਸਾਬ ਨਾਲ਼ ਵੇਚੀ ਜਾਂਦੀ ਹੈ। ਜੇਕਰ ਉਹ ਖ਼ੁਦ ਪੈਕਟ ਬਣਾ ਬਣਾ ਵੇਚਣ ਤਾਂ 400 ਰੁਪਏ ਕਿਲੋ ਦੇ ਹਿਸਾਬ ਨਾਲ਼ ਵੇਚਦੇ ਹਨ ਅਤੇ ਜਦੋਂ ਕਦੇ ਭਾਰਤ ਦੇ ਅੰਦਰ ਅੰਦਰ ਹਲਦੀ ਭੇਜਣੀ ਹੋਵੇ ਤਾਂ 500 ਰੁਪਏ ਕਿਲੋ ਭਾਅ ਲਾਉਂਦੇ ਹਨ। ਹੋਰਨਾਂ ਬ੍ਰਾਂਡਾਂ ਦੀ ਜੈਵਿਕ ਮੰਜਲ ਦੀ ਕੀਮਤ 375 ਰੁਪਏ ਕਿਲੋ ਤੋਂ ਲੈ ਕੇ 1000 ਰੁਪਏ (ਹਰ ਪ੍ਰਕਿਰਿਆ ਵਗੈਰਾ ਰਲਾ ਕੇ) ਤੱਕ ਹੈ। ਇਰੋਡ ਮੰਡੀ ਵਿਖੇ ਵਪਾਰੀ ਇੱਕ ਕਿਲੋ ਸੁੱਕੀ ਹਲਦੀ 70 ਰੁਪਏ ਵਿੱਚ ਚੁੱਕਦੇ ਹਨ ਜੋ ਕਿ ਪੀਹੇ ਜਾਣ 'ਤੇ 950 ਗ੍ਰਾਮ ਰਹਿ ਜਾਂਦੀ ਹੈ। ਵੇਚਣ ਵੇਲ਼ੇ ਤਿੰਨ ਗੁਣਾ ਵਸੂਲਦੇ ਹਨ।

*****

'' ਬਗ਼ੈਰ ਦਾਤੀ, ਬੰਦੂਕ ਅਤੇ ਡਾਂਗ ਦੀ ਨੋਕ ਦੇ, ਕਾਰਪੋਰੇਟ ਪਏ ਕਿਸਾਨਾਂ ਨੂੰ ਠੋਕਦੇ ''
ਪੀ.ਕੇ. ਦੇਇਵਾਸੀਗਾਮਿਨੀ, ਪ੍ਰਧਾਨ, ਭਾਰਤੀ ਹਲਦੀ ਕਿਸਾਨ ਐਸੋਸੀਏਸ਼ਨ

''ਮੈਂ ਕੋਸ਼ਿਸ਼ ਕੀਤੀ, ਮੈਂ ਲੜਿਆ ਵੀ ਪਰ ਹਲਦੀ ਦਾ ਵਾਜਬ ਮੁੱਲ ਨਿਰਧਾਰਤ ਕਰਨ ਦੇ ਯੋਗ ਨਾ ਹੋਇਆ,'' ਟੀਐੱਫ਼ਏਆਈ ਦੇ ਪ੍ਰਧਾਨ ਦੇਇਵਾਸੀਗਾਮਿਨੀ ਕਹਿੰਦੇ ਹਨ। ਅਕਤੂਬਰ ਦੀ ਇੱਕ ਮੀਂਹ ਵਾਲ਼ੀ ਸ਼ਾਮ ਪਾਰੀ (PARI) ਨੇ ਇਰੋਡ ਨੇੜੇ ਉਨ੍ਹਾਂ ਦੇ ਘਰ ਉਨ੍ਹਾਂ ਨਾਲ਼ ਮੁਲਾਕਾਤ ਕੀਤੀ। ''ਸਰਕਾਰਾਂ ਦਾ ਹਰ ਕਦਮ ਕਾਰਪੋਰੇਟਾਂ ਵੱਲ ਵੱਧਦਾ ਹੈ ਅਤੇ ਕਾਰਪੋਰੇਟ ਹੀ ਸਰਕਾਰਾਂ ਨੂੰ ਬਣਾ ਰਹੇ ਹਨ। ਜਦੋਂ ਤੀਕਰ ਇਹ ਨਿਜ਼ਾਮ ਬਦਲਦਾ ਨਹੀਂ ਓਨਾ ਚਿਰ ਕਿਸਾਨੀ ਦਾ ਨਾ ਸਿਰਫ਼ ਛੋਟੇ ਕਿਸਾਨੀ ਦਾ, ਹਲਦੀ ਕਿਸਾਨਾਂ ਦਾ ਕੋਈ ਮੁਸਤਕਬਿਲ ਨਹੀਂ ਬਣਨ ਲੱਗਿਆ... ਇਹੀ ਹਾਲ ਅਮਰੀਕਾ ਅੰਦਰ ਵੀ ਹੈ। ਖੇਤੀ ਹੁਣ ਮੁਨਾਫ਼ੇ ਦਾ ਵਸੀਲਾ ਨਹੀਂ ਹੀ। ਇਹੀ ਗੱਲ ਅਮਰੀਕਾ ਅੰਦਰ ਅੰਗਰੇਜ਼ੀ ਵਿੱਚ ਦੱਸੀ ਜਾਂਦੀ ਹੈ ਅਤੇ ਸਾਨੂੰ ਇੱਥੇ ਤਮਿਲ ਵਿੱਚ,'' ਉਹ ਕਹਿੰਦੇ ਹਨ।

Inside the storage yard of the Perundurai regulated market.
PHOTO • M. Palani Kumar
Buyers at the auction inspect the turmeric lots
PHOTO • M. Palani Kumar

ਖੱਬੇ : ਪੇਰੂੰਡੁਰਾਈ ਨਿਯੰਤਰਿਤ ਮੰਡੀ ਦੇ ਭੰਡਾਰਣ ਯਾਰਡ ਦੇ ਅੰਦਰ ਸੱਜੇ : ਬੋਲ਼ੀ (ਨਿਲਾਮੀ) ਵੇਲ਼ੇ ਖਰੀਦਦਾਰ ਹਲਦੀ ਦੀ ਖੇਪ ਦੀ ਜਾਂਚ ਕਰਦੇ ਹੋਏ

''ਕਾਰਪੋਰੇਟਾਂ ਨੇ ਜਗੀਰੂ ਪ੍ਰਥਾ ਨੂੰ ਬਦਲ ਦਿੱਤਾ ਅਤੇ ਹੁਣ ਖ਼ੁਦ ਨਵੇਂ ਜਿਮੀਂਦਾਰ ਬਣ ਕੇ ਉੱਭਰੇ ਹਨ। ਉਨ੍ਹਾਂ ਦੇ ਪੱਖ ਦੀ ਗੱਲ ਕਰੀਏ ਤਾਂ ਉਹ ਆਪਣੇ ਪੱਧਰ ਅਤੇ ਅਕਾਰ ਦੇ ਹਿਸਾਬ ਨਾਲ਼ ਸੈਂਕੜੇ ਟਨ ਝਾੜ ਕੱਢ ਸਕਦੇ ਹਨ। ਇੱਕ ਛੋਟਾ ਕਿਸਾਨ ਜਿਹਦੇ ਹੱਥ ਕੁਝ ਕੁ ਟਨ ਝਾੜ ਹੱਥ ਲੱਗਿਆ ਹੋਵੇ ਦੱਸੋ ਭਲ਼ਾ ਉਹ ਮੁੱਲ ਨੂੰ ਲੈ ਕੇ ਉਨ੍ਹਾਂ ਨਾਲ਼ ਮੁਕਾਬਲਾ ਵੀ ਕਿਵੇਂ ਕਰਦਾ ਹੋਊ?''

ਇਰੋਡ ਨੇੜੇ ਇਸ ਪੇਰੂੰਡੁਰਾਈ ਨਿਯੰਤਰਿਤ ਮੰਡੀ ਯਾਰਡ ਵਿਖੇ ਰੋਜ਼ਾਨਾ ਹੁੰਦੀ ਲੱਗਦੀ ਬੋਲੀ ਵਿੱਚ ਹਲਦੀ ਕਿਸਾਨਾਂ ਦੀ ਕਿਸਮਤ ਤੈਅ ਹੁੰਦੀ ਹੈ। ਇਕੱਲੀ ਹਲਦੀ ਦੀ ਫ਼ਸਲ ਵਾਸਤੇ ਇੱਥੇ ਕਈ ਡੰਭਾਰਣ ਯਾਰਡ ਮੌਜੂਦ ਹਨ ਜਿਨ੍ਹਾਂ ਵਿੱਚ ਸੈਂਕੜੇ ਟਨ ਹਲਦੀ ਭੰਡਾਰ ਕੀਤੀ ਜਾ ਸਕਦੀ ਹੈ ਅਤੇ ਹਲਦੀ ਦੀ ਬੋਲੀ ਲੱਗਦੀ ਹੈ। 11 ਅਕਤੂਬਰ ਨੂੰ ਜਦੋਂ ਪਾਰੀ (PARI) ਨੇ ਹਲਦੀ ਦੀ ਬੋਲੀ ਵਿੱਚ ਸ਼ਿਰਕਤ ਕੀਤੀ ਤਾਂ 'ਉੱਚ ਭਾਅ' ਵਜੋਂ ਇੱਕ ਕੁਵਿੰਟਲ ਹਲਦੀ ਦੀਆਂ ਲੰਮੀਆਂ ਗੰਢਾਂ ਦਾ ਭਾਅ 7,449 ਰੁਪਏ ਅਤੇ ਗੋਲ਼ ਗੰਢਾਂ ਦਾ ਭਾਅ 6,669 ਰੁਪਏ ਸੀ। ਵਪਾਰੀ ਹਰ ਮੁੱਲ ਦੇ ਪਿਛਲਾ ਅੰਕ '9' ਹੀ ਰੱਖਦੇ ਹਨ। ਮੰਡੀ ਨਿਗਰਾਨ ਅਰਵਿੰਦ ਪਲਾਨੀਸਾਮੀ ਦੱਸਦੇ ਹਨ ਕਿ ਇਹ ਸਭ ਅੰਕ-ਵਿਗਿਆਨ ਵਿੱਚ ਉਨ੍ਹਾਂ ਦੇ ਭਰੋਸੇ ਕਾਰਨ ਹੈ।

ਹਲਦੀ ਦੇ ਕਰੀਬ 50 ਨਮੂਨੇ ਪਲਾਸਟਿਕ ਦੀਆਂ ਟਰੇਆਂ ਵਿੱਚ ਰੱਖੇ ਜਾਂਦੇ ਹਨ। ਵਪਾਰੀ ਹਰੇਕ ਟਰੇਅ ਕੋਲ਼ ਜਾਂਦੇ ਹਨ ਇੱਕ ਗੰਢੀ ਚੁੱਕਦੇ ਹਨ ਉਹਨੂੰ ਤੋੜਦੇ ਹਨ, ਸੁੰਘਦੇ ਹਨ ਅਤੇ ਫ਼ਰਸ਼ 'ਤੇ ਪਟਕ ਕੇ ਵੀ ਦੇਖਦੇ ਹਨ! ਉਹ ਇਹਦਾ ਵਜ਼ਨ (ਹੱਥ ਨਾਲ਼਼ ਹੀ) ਕਰਦੇ ਹਨ ਅਤੇ ਆਪਣੀਆਂ ਉਂਗਲਾਂ 'ਚੋਂ ਕਿਰਨ ਦਿੰਦੇ ਹਨ। ਉਹ ਹਲਦੀ ਦੀ ਖ਼ਾਸੀਅਤ ਝਰੀਟਦੇ ਹਨ ਅਤੇ ਬੋਲੀ ਲਾਉਂਦੇ ਹਨ। ਇੱਕ ਪ੍ਰਮੁੱਖ ਮਸਾਲਾ ਕੰਪਨੀ ਦੇ ਖਰੀਦ ਵਿਭਾਗ ਦੇ ਸੀ. ਅਨੰਦਾਕੁਮਾਰ ਨੇ ਦੱਸਿਆ ਕਿ ਉਹ ''ਬਿਹਤਰੀਨ ਕਵਾਲਿਟੀ'' ਨੂੰ ਹੀ ਹੱਥ ਪਾਉਂਦੇ ਹਨ। ਅੱਜ ਉਨ੍ਹਾਂ ਨੇ ਨਮੂਨਿਆਂ ਨੂੰ ਪੇਸ਼ ਕਰਦੇ 459 ਬੈਗਾਂ ਵਿੱਚੋਂ 23 ਹੀ ਸਹੀ ਠਹਿਰਾਏ।

ਮੰਡੀ ਦੀ ਸਲਾਨਾ ਕੁੱਲ ਵਿਕਰੀ 40 ਕਰੋੜ ਰੁਪਏ ਦੀ ਹੈ। ਮੰਡੀ ਦੇ ਐਨ ਨਾਲ਼ ਕਰਕੇ ਆਪਣੇ ਦਫ਼ਤਰ ਵਿੱਚ ਬੈਠੇ ਅਰਵਿੰਦ ਮੈਨੂੰ ਦੱਸਦੇ ਹਨ। ਦੇਖੋ ਉਹ ਐੱਲ. ਰਸੀਨਾ ਹਨ ਜੋ ਕਿ ਕੋਡੂਮੁਡੀ ਤੋਂ ਹਨ ਅਤੇ ਸ਼ੈੱਡ ਦੀਆਂ ਸੀਮੰਟ ਦੀਆਂ ਪੌੜੀਆਂ 'ਤੇ ਬੈਠੀ ਹੋਈ ਸਨ। ਉਨ੍ਹਾਂ ਅੱਗੇ ਇੱਕ ਕੁਵਿੰਟਲ ਹਲਦੀ ਦਾ ਭਾਅ ਸਿਰਫ਼ 5,489 ਹੀ ਪੇਸ਼ ਕੀਤਾ ਗਿਆ ਅਤੇ ਉਹ ਆਪਣੇ ਨਾਲ਼ 30 ਕੁਵਿੰਟਲ ਹਲਦੀ ਲਿਆਈ ਹਨ।

ਉਨ੍ਹਾਂ ਕੋਲ਼ ਹਲਦੀ ਦੀ ਆਪਣੀ ਖੇਪ ਭੰਡਾਰ ਕਰਨ ਦੀ ਕੋਈ ਸੁਵਿਧਾ ਨਹੀਂ ਹੈ ਇਸਲਈ ਉਹ ਸਰਕਾਰੀ ਗੁਦਾਮ ਵਿਖੇ ਹੀ 20 ਪੈਸਾ ਪ੍ਰਤੀ ਕੁਵਿੰਟਲ ਦੇ ਹਿਸਾਬ ਨਾਲ਼ ਆਪਣੀ ਉਪਜ ਭੰਡਾਰ ਕਰਦੀ ਹਨ। ਕਈ ਕਿਸਾਨ ਚੰਗੇ ਭਾਅ ਵਾਸਤੇ ਚਾਰ ਸਾਲਾਂ ਤੱਕ ਉਡੀਕ ਕਰਦੇ ਹਨ। ਸੱਤ ਮਹੀਨਿਆਂ ਵਿੱਚ 5 ਗੇੜੇ ਮਾਰਨ ਤੋਂ ਬਾਅਦ, ਰਸੀਨਾ ਨੇ ਫ਼ੈਸਲਾ ਕੀਤਾ ਕਿ ਉਹ ਘਾਟੇ 'ਤੇ ਸਹੀ ਆਪਣੀ ਉਪਜ ਵੇਚ ਦੇਵੇਗੀ।

ਕੋਂਗੂ ਪੱਟੀ ਦੇ ਕਿਸਾਨ-ਜਿਸ ਅੰਦਰ ਇਰੋਡ, ਕੋਇੰਬਟੂਰ ਅਤੇ ਸਲੇਮ ਜ਼ਿਲ੍ਹੇ ਸ਼ਾਮਲ ਹਨ, ਖੇਤੀ ਨੂੰ ਵਾਧੂ ਪੇਸ਼ੇ ਵਜੋਂ ਰੱਖਦੇ ਹਨ, ਦੇਇਵਾਸੀਗਾਮਿਨੀ ਕਹਿੰਦੇ ਹਨ। ''ਜੇਕਰ ਉਹ ਸਿਰਫ਼ ਖੇਤੀ 'ਤੇ ਹੀ ਟੇਕ ਰੱਖਣ ਤਾਂ ਕਸੂਤੇ ਫਸਦੇ ਨੇ।''

P.K. Deivasigamani, president of the turmeric farmers' association.
PHOTO • M. Palani Kumar
Labels on the samples exhibited at the turmeric auction
PHOTO • M. Palani Kumar
Labels on the samples exhibited at the turmeric auction
PHOTO • M. Palani Kumar

ਖੱਬੇ : ਪੀ.ਕੇ. ਦੇਇਵਾਸੀਗਾਮਿਨੀ, ਹਲਦੀ ਕਿਸਾਨਾਂ ਦੀ ਐਸੋਸੀਏਸ਼ਨ ਦੇ ਪ੍ਰਧਾਨ। ਵਿਚਕਾਰ ਅਤੇ ਸੱਜੇ ਪਾਸੇ : ਹਲਦੀ ਦੀ ਬੋਲੀ ਲਈ ਰੱਖੇ ਜਾਣ ਵਾਲ਼ੇ ਨਮੂਨਿਆਂ ' ਤੇ ਚਿਪਕਾਏ ਗਏ ਲੇਬਲ

ਉਨ੍ਹਾਂ ਦਾ ਅੰਦਾਜ਼ਾ ਹੈ ਕਿ ਤਮਿਲਨਾਡੂ ਅੰਦਰ ਹਲਦੀ ਉਗਾਉਣ ਵਾਲ਼ੇ ਕਿਸਾਨਾਂ ਦੀ ਗਿਣਤੀ ਕੋਈ 25,000 ਤੋਂ ਲੈ ਕੇ 50,000 ਤੀਕਰ ਹੈ ਅਤੇ ਇਹ ਗਿਣਤੀ ਮਿਲ਼ਣ ਵਾਲ਼ੇ ਭਾਅ 'ਤੇ ਨਿਰਭਰ ਕਰਦੀ ਹੈ। ਜੇਕਰ ਇੱਕ ਕੁਵਿੰਟਲ ਹਲਦੀ 17,000 ਰੁਪਏ (ਜਿਵੇਂ ਇੱਕ ਵਾਰ ਮਿਲ਼ਿਆ ਸੀ) 'ਚ ਵਿਕਣ ਲੱਗੇ ਤਾਂ ਇੱਥੇ ''ਹਲਦੀ ਬੀਜਣ ਵਾਲ਼ੇ 5 ਕਰੋੜ ਹੋ ਜਾਣੇ,'' ਉਹ ਹੱਸਦੇ ਹਨ। ''ਅਤੇ ਜਦੋਂ ਹਲਦੀ ਦੀ ਕੀਮਤ 5,000 ਰੁਪਏ ਪ੍ਰਤੀ ਕੁਵਿੰਟਲ 'ਤੇ ਆਣ ਡਿੱਗਦੀ ਹੈ ਤਾਂ ਕਿਸਾਨਾਂ ਦੀ ਗਿਣਤੀ ਵੀ ਬਾਮੁਸ਼ਕਲ 10,000 ਹੋ ਜਾਵੇਗੀ।''

ਦੇਇਵਾਸੀਗਾਮਿਨੀ ਵਿੱਚ ਵੰਨ-ਸੁਵੰਨਤਾ ਲਿਆਉਂ ਦੀ ਸਲਾਹ ਦਿੰਦੇ ਹਨ। ''ਇੰਨੀ ਜ਼ਿਆਦਾ ਮਾਤਰਾ ਵਿੱਚ ਹਲਦੀ ਉਗਾਉਣੀ ਬੰਦ ਕਰੋ,'' ਉਹ ਕਹਿੰਦੇ ਹਨ। ''ਜੇਕਰ ਉਤਪਾਦਨ ਘੱਟ ਹੋਊ ਤਾਂ ਮੁੱਲ ਵੀ ਵਧੀਆ ਮਿਲ਼ ਸਕਦਾ ਹੈ।''

*****

'' ਵੱਧ ਝਾੜ ਦੇਣ ਵਾਲ਼ੀਆਂ ਹਾਈਬ੍ਰਿਡ ਕਿਸਮਾਂ ਬੀਜਣ ਦੀ ਬਜਾਇ ਆਪਣੀਆਂ ਮੂਲ਼ (ਜੱਦੀ) ਕਿਸਮਾਂ ਬੀਜੋ। ''
ਤੀਰੂ ਮੂਰਤੀ, ਇਰੋਡ ਦੇ ਹਲਦੀ ਕਿਸਾਨ

ਪਿਛਲੇ ਸਾਲ ਮਾਰਚ ਵਿੱਚ, ਉਨ੍ਹਾਂ ਨੂੰ ਸਿਰਫ਼ ਦੋ ਟਨ ਝਾੜ ਹੀ ਹੱਥ ਲੱਗਿਆ, ਹਲਦੀ ਦੇ ਮੁਰਝਾਏ ਪੱਤਿਆਂ ਦੀ ਭੂਰੇ ਰੰਗੀ ਪਹਾੜੀ, ਉਡੀਕਦੀ ਹੈ ਕਿ ਕੋਈ ਟੀਮ ਆਵੇ ਅਤੇ ਉਹਨੂੰ ਉਬਾਲ਼ੇ ਅਤੇ ਸੁਕਾਵੇ। ਤੀਰੂ ਆਧੁਨਿਕਤਾ ਦੇ ਵਿਰੋਧੀ ਨਹੀਂ ਹਨ, ਉਹ ਤਾਂ ਸੋਲਰ ਬਿਜਲੀ ਦੀ ਵਰਤੋਂ ਕਰਦੇ ਹਨ ਅਤੇ ਜੇਤੂ ਬਣ ਉਭਰਦੇ ਹਨ। ਉਹ ਵਿਰਾਸਤੀ ਕਿਸਮਾਂ ਵਿੱਚ ਵੀ ਯਕੀਨ ਕਰਦੇ ਹਨ ਅਤੇ ਇਸ ਗੱਲੋਂ ਖ਼ੁਸ਼ ਹਨ ਕਿ ਹਲਦੀ ਦੀ 'ਇਰੋਡ ਲੋਕਲ' ਕਿਸਮ ਲਈ ਜਿਓਗ੍ਰੈਫ਼ੀਕਲ ਇੰਡੀਕੇਸ਼ਨ (ਭੂਗੋਲਿਕ ਸੰਕੇਤ) ਦਿੱਤਾ ਗਿਆ।

ਉਹ ਉਨ੍ਹਾਂ ਖ਼ੋਜ ਸੰਸਥਾਵਾਂ ਦੀ ਨੁਕਤਾਚੀਨੀ ਕਰਦੇ ਹਨ ਜਿਨ੍ਹਾਂ ਨੂੰ ਸਿਰਫ਼ ਪੈਦਾਵਾਰ (ਝਾੜ) ਦੀ ਹੀ ਚਿੰਤਾ ਲੱਗੀ ਰਹਿੰਦੀ ਹੈ। ਵੱਧ ਝਾੜ ਮਿਲ਼ਣ ਦੀ ਗੱਲ 'ਤੇ ਹੀ ਧਿਆਨ ਕੇਂਦਰਤ ਕਰਨਾ ਸਿਰਫ਼ ਅਤੇ ਸਿਰਫ਼ ਰਸਾਇਣਕ ਖਾਦਾਂ 'ਤੇ ਖਰਚਾ ਵਧਾਉਣਾ ਹੈ। ''ਸਰਕਾਰ ਸਾਡੀ ਮਦਦ ਕਿਉਂ ਨਹੀਂ ਕਰ ਸਕਦੀ ਤਾਂ ਜੋ ਅਸੀਂ ਵਾਜਬ ਭਾਅ 'ਤੇ ਆਪਣੀ ਉਪਜ ਵੇਚ ਸਕੀਏ?'' ਉਹ ਦਲੀਲ ਦਿੰਦੇ ਹਨ ਕਿ ਨੀਤੀ ਘਾੜ੍ਹਿਆਂ ਨੂੰ ਸਿਰਫ਼ ਪਹਿਲੇ ਹੱਥ ਦੇ ਗਿਆਨ ਦੀ ਲੋੜ ਹੁੰਦੀ ਹੈ। ਇਸ ਗੱਲ 'ਤੇ ਉਨ੍ਹਾਂ ਦੀ ਪਤਨੀ ਅਤੇ ਵਪਾਰ ਦੀ ਸਾਂਝੀਵਾਲ਼ ਗੋਮਤੀ ਸਹਿਮਤੀ ਦਿੰਦੀ ਹਨ। ਦੋਵੇਂ ਸਲਾਹ ਦਿੰਦੇ ਹਨ ਕਿ ''ਖੇਤੀਬਾੜੀ ਯੂਨੀਵਰਸਿਟੀਆਂ ਦੇ ਬੱਚੇ ਇੱਥੇ ਆਉਣ ਅਤੇ ਸਾਡੇ ਖੇਤਾਂ ਵਿੱਚ ਕੰਮ ਕਰਨ। ਜਦੋਂ ਤੀਕਰ ਉਹ ਜ਼ਮੀਨੀ ਹਕੀਕਤ ਨਾਲ਼ ਜੁੜੀਆਂ ਸਮੱਸਿਆਵਾਂ ਨੂੰ ਨਹੀਂ ਸਮਝਦੇ ਓਨਾ ਚਿਰ ਉਹ ਸਿਰਫ਼ ਹਾਈਬ੍ਰਿਡ ਕਿਸਮਾਂ ਦੀ ਖ਼ੋਜ ਹੀ ਕਰਦੇ ਰਹਿਣਗੇ।'' ਦੋਵਾਂ ਜੀਆਂ ਦੇ ਸ਼ਿਕਵੇ ਸਮਝ ਆਉਂਦੇ ਹਨ। ਬੇਸ਼ੱਕ ਵੱਧ ਝਾੜ ਦੇਣ ਵਾਲ਼ੀਆਂ ਚਮਕੀਲੀਆਂ ਹਾਈਬ੍ਰਿਡ ਕਿਸਮਾਂ ਭਾਵੇਂ ਕੁਵਿੰਟਲ ਮਗਰ 200 ਰੁਪਏ ਵੱਧ ਹੀ ਕਿਉਂ ਨਾ ਦਵਾਉਂਦੀਆਂ ਹੋਣ ਪਰ ਸੱਚਾਈ ਤਾਂ ਇਹ ਹੈ ਕਿ ਉਨ੍ਹਾਂ ਦੇ ਪੈਦਾ ਹੋਣ ਦੀ ਪੂਰੀ ਦੀ ਪੂਰੀ ਪ੍ਰਕਿਰਿਆ ਰਸਾਇਣਕਾਂ ਦੀ ਮਾਰੀ ਹੋਈ ਹੁੰਦੀ ਹੈ।

ਜਦੋਂ ਉਨ੍ਹਾਂ ਨੇ ਖੇਤੀ ਕਰਨੀ ਸ਼ੁਰੂ ਕੀਤੀ ਤਾਂ ਨਗਦੀ ਦਾ ਮਿਲ਼ਣਾ ਕੁਝ ਕੁਝ ਮੁਸ਼ਕਲ ਹੁੰਦਾ ਸੀ। ਸਲਾਨਾ ਖੇਤੀ ਦੀ ਉਪਜ ਵੇਚਣ 'ਤੇ ਪੈਸਾ ਅਗਲੇ ਸਾਲ ਮਿਲ਼ਦਾ। ਤੀਰੂ ਇਸ ਹਾਲਤ ਵਿੱਚ ਨਹੀਂ ਹਨ ਕਿ ਬੈਂਕ ਤੋਂ ਕਰਜਾ ਲੈ ਸਕਣ ਕਿਉਂਕਿ ਉਨ੍ਹਾਂ ਦੇ ਮਰਹੂਮ ਪਿਤਾ ਨੇ ਪਹਿਲਾਂ ਹੀ ਕਾਫ਼ੀ ਕਰਜਾ ਲਿਆ ਹੋਇਆ ਹੈ ਜਿਹਦੀ ਅਦਾਇਗੀ ਉਨ੍ਹਾਂ ਦੇ ਬੇਟੇ ਨੇ ਹੀ ਕਰਨੀ ਹੈ। ਤੀਰੂ ਅੱਜ ਵੀ 14 ਲੱਖ ਦੇ ਕਰਜੇ ਦੀ ਅਦਾਇਗੀ ਕਰਦੇ ਹਨ। ਇੰਝ ਕਰਨ ਵਾਸਤੇ ਉਨ੍ਹਾਂ ਨੇ '' ਰੇਂਡ ਰੂਪਾ ਵੱਟੀ '' (100 ਰੁਪਏ ਮਗਰ ਮਹੀਨੇ ਦੀ 2 ਰੁਪਏ ਦੀ ਵਿਆਜ ਦਰ 'ਤੇ) ਨਾਮਕ ਨਿੱਜੀ ਸ੍ਰੋਤ ਪਾਸੋਂ ਸਲਾਨਾ 24 ਪ੍ਰਤੀਸ਼ਤ ਦੇ ਹਿਸਾਬ ਨਾਲ਼ ਪੈਸੇ ਉਧਾਰ ਚੁੱਕਿਆ ਹੈ।

The harvested turmeric is covered with dried leaves, waiting to be boiled, dried and polished.
PHOTO • Aparna Karthikeyan
Thiru uses solar power and champions it
PHOTO • M. Palani Kumar

ਖੱਬੇ : ਸੁੱਕੇ ਪੱਤਿਆਂ ਨਾਲ਼ ਢੱਕੀ ਹਲਦੀ ਦੀ ਫ਼ਸਲ ਉਬਾਲ਼ੇ ਜਾਣ ਅਤੇ ਸੁਕਾ ਕੇ ਪਾਲਿਸ਼ ਕੀਤੇ ਜਾਣ ਦੀ ਉਡੀਕ ਕਰਦੀ ਹੋਈ। ਸੱਜੇ : ਤੀਰੂ ਸੋਲਰ ਪਾਵਰ ਦੀ ਵਰਤੋਂ ਕਰਦੇ ਹਨ ਅਤੇ ਜੇਤੂ ਰਹਿੰਦੇ ਹਨ

''ਮੇਰੇ ਕੁਝ ਫੇਸਬੁੱਕ ਦੋਸਤਾਂ ਨੇ ਵੀ ਮੈਨੂੰ ਛੇ ਮਹੀਨਿਆਂ ਵਾਸਤੇ ਬਿਨਾ ਵਿਆਜ ਤੋਂ ਪੈਸਾ ਉਧਾਰ ਦਿੱਤਾ। ਇਸ ਸਭ ਲਈ ਸ਼ੁਕਰੀਆ, ਹੁਣ ਮੈਨੂੰ ਉਧਾਰੀ ਦੀ ਲੋੜ ਨਹੀਂ ਰਹੀ। ਮੈਂ ਆਪਣੇ ਦੋਸਤਾਂ ਦਾ ਪੈਸਾ ਵੀ ਮੋੜ ਦਿੱਤਾ ਹੈ। ਪਰ ਪਿਤਾ ਦਾ ਬੈਂਕ ਕਰਜਾ ਅਜੇ ਤੀਕਰ ਚੁਕਾ ਰਿਹਾ ਹਾਂ।'' ਹੁਣ ਉਹ ਮਹੀਨੇ ਦਾ 50,000 ਰੁਪਿਆ ਬਣਾ ਲੈਂਦੇ ਹਨ ਪਰ ਇਸ ਵਾਸਤੇ ਤਿੰਨ ਜਣਿਆਂ (ਤੀਰੂ, ਉਨ੍ਹਾਂ ਦੀ ਮਾਂ ਅਤੇ ਗੋਮਤੀ) ਨੂੰ ਦਿਨ ਦੇ 12-12 ਘੰਟੇ ਖਪਣਾ ਪੈਂਦਾ ਹੈ। ਪਰ ਪਰਿਵਾਰ ਵੱਲੋਂ ਕੀਤੀ ਗਈ ਇਹ ਮਜ਼ਦੂਰੀ ਭਾਵੇਂ ਬੇਗਾਰ ਰਹਿੰਦੀ ਹੋਵੇ ਪਰ ਘੱਟੋਘੱਟ ਹੋਰ ਖ਼ਰਚੇ ਜ਼ਰੂਰ ਬਚਾਉਂਦੀ ਹੈ।

ਜਿੱਥੇ ਉਹ ਮੰਜਲ ਨੂੰ ਪੀਂਹਦੇ ਹਨ ਉਸ ਕਮਰੇ ਵਿੱਚ, ਤੀਰੂ ਮੁੱਠੀ ਭਰਕੇ ਗੋਲ਼ ਗੰਢੀਆਂ ਫੜ੍ਹਦੇ ਹਨ ਅਤੇ ਚਾਨਣੇ ਦੇਖਦੇ ਹਨ। ਉਹ ਗੂੜ੍ਹੀਆਂ ਕੇਸਰੀ-ਪੀਲ਼ੇ ਰੰਗੀਆਂ ਹਨ ਅਤੇ ਕਿਸੇ ਪੱਥਰ ਵਾਂਗ ਸਖ਼ਤ ਵੀ। ਇਹ ਗੰਢਾਂ ਇੰਨੀਆਂ ਸਖ਼ਤ ਹਨ ਕਿ ਗ੍ਰਾਇੰਡਿੰਗ ਮਸ਼ੀਨ ਵਿੱਚ ਪਾਏ ਜਾਣ ਤੋਂ ਪਹਿਲਾਂ ਇਨ੍ਹਾਂ ਨੂੰ ਹਮਾਮ ਦਸਤੇ ਵਿੱਚ ਹੱਥੀਂ ਤੋੜਿਆ ਜਾਂਦਾ ਹੈ। ਨਹੀਂ ਤਾਂ ਇਹ ਮਸ਼ੀਨ ਦੇ ਮੈਡਲ ਬਲੇਡਾਂ ਨੂੰ ਤੋੜ ਦੇਣਗੀਆਂ।

ਪੂਰੇ ਕਮਰਾ ਮਜ਼ੇਦਾਰ ਖ਼ੁਸ਼ਬੂ ਨਾਲ਼ ਭਰ ਜਾਂਦਾ ਹੈ ਅਤੇ ਤਾਜ਼ੀ ਪੀਸੀ ਹਲਦੀ ਦੀ ਮਹਿਕ ਬਹੁਤ ਤੇਜ਼ ਤਾਂ ਹੈ ਪਰ ਅਰਾਮ ਦੇਣ ਵਾਲ਼ੀ ਵੀ ਹੈ। ਸੁਨਿਹਰੀ ਧੂੜ ਹਰ ਪਾਸੇ ਬੈਠ ਜਾਂਦੀ ਹੈ: ਬਿਜਲੀ ਨਾਲ਼ ਚੱਲਣ ਵਾਲ਼ੀ ਗ੍ਰਾਇੰਡਿੰਗ ਮਸ਼ੀਨ 'ਤੇ, ਸਵਿੱਚਾਂ ਦੇ ਬੋਰਡਾਂ 'ਤੇ ਇੱਥੋਂ ਤੱਕ ਕਿ ਮਕੜੀ ਦੇ ਜਾਲ਼ਿਆਂ ਨੂੰ ਵੀ ਸੁਨਿਹਰੀ ਹਾਰ ਨਸੀਬ ਹੋ ਜਾਂਦੇ ਹਨ।

ਮਾਰੂਧਾਨੀ (ਮਹਿੰਦੀ) ਦੇ ਇੱਕ ਵੱਡੇ ਟਿੱਕੇ ਅਤੇ ਉਹਦੇ ਆਲ਼ੇ ਦੁਆਲ਼ੇ ਛੋਟੀਆਂ ਜਿਹੀਆਂ ਬਿੰਦੀਆਂ ਨੇ ਤੀਰੂ ਦੀ ਤਲ਼ੀ ਨੂੰ ਸੰਤਰੀ ਬਣਾ ਦਿੱਤਾ ਹੋਇਆ। ਮਜ਼ਬੂਤ, ਸਖ਼ਤ ਮੁਸ਼ੱਕਤ ਦਾ ਆਦੀ ਉਨ੍ਹਾਂ ਦਾ ਗੁੱਟ ਬਾਕੀ ਦੀ ਕਹਾਣੀ ਬਿਆਨ ਕਰਦਾ ਹੈ। ਉਨ੍ਹਾਂ ਦੀ ਪੂਰੀ ਮਿਹਨਤ ਵਿੱਚ ਜੋ ਅਦਿੱਖ ਹਿੱਸਾ ਰਹਿੰਦਾ ਹੈ ਉਹ ਹੈ ਆਪਣੀ ਫ਼ਸਲ ਤੋਂ ਹੋਰ ਉਤਪਾਦਾਂ ਦੀ ਸਿਰਜਣਾ ਕਰਨਾ ਅਤੇ ਉਨ੍ਹਾਂ ਦੇ ਇਹ ਲਾਸਾਨੀ ਯਤਨ ਭਾਵੇਂ ਕੁਝ ਮਹਿੰਗੇ ਪ੍ਰਯੋਗ ਹੁੰਦੇ ਹਨ ਅਤੇ ਕਦੇ ਕਦੇ ਅਸਫ਼ਲ ਵੀ ਹੋ ਜਾਂਦੇ ਹਨ। ਜਿਵੇਂ ਇਸ ਸਾਲ ਦੀ ਅਦਰਕ ਦੀ ਫ਼ਸਲ ਜੋ ਕਿਸੇ ਤਬਾਹੀ ਤੋਂ ਘੱਟ ਨਹੀਂ ਸੀ। ਪਰ ਉਹ ਆਪਣੇ 40,000 ਰੁਪਿਆਂ ਨੂੰ ਆਪਣਾ ਇੱਕ ਅਜਿਹਾ ਨੁਕਸਾਨ ਮੰਨਦੇ ਹਨ ਜਿਸ ਤੋਂ ਉਨ੍ਹਾਂ ਨੇ ਸਬਕ ''ਸਿੱਖਿਆ''। ਉਨ੍ਹਾਂ ਨੇ ਮੈਨੂੰ ਉਸ ਪੂਰੀ ਘਟਨਾ ਬਾਰੇ ਦੱਸਿਆ ਜਿਸ ਵੇਲ਼ੇ ਗੋਮਤੀ ਸਾਡੇ ਵਾਸਤੇ ਗਰਮਾਗਰਮ ਬਾਜੀ ਅਤੇ ਚਾਹ ਬਣਾ ਰਹੀ ਸਨ।

*****

'' ਹਲਦੀ ਦੇ ਮਹੱਤਵ ਨੂੰ ਧਿਆਨ ਵਿੱਚ ਰੱਖਦਿਆਂ ਇਰੋਡ ਜ਼ਿਲ੍ਹੇ ਦੇ ਭਵਾਨੀਸਾਗਰ ਵਿਖੇ ਕਰੀਬ 100 ਏਕੜ ਇਲਾਕੇ ਵਿੱਚ ਹਲਦੀ ਵਾਸਤੇ ਇੱਕ ਨਵਾਂ ਖ਼ੋਜ ਕੇਂਦਰ ਸਥਾਪਤ ਕਰਨ ਦੀ ਯੋਜਨਾ ਹੈ। ''
ਐੱਮ.ਆਰ.ਕੇ. ਪਨੀਰਸੇਵਮ, ਖੇਤੀਬਾੜੀ ਮੰਤਰੀ, ਤਮਿਲਨਾਡੂ

ਦੱਸੋ ਕਿਸਾਨ ਕਿਵੇਂ ਸਫ਼ਲ ਹੋਵੇਗਾ ਜਦੋਂ ਆਪਣੀ ਸਭ ਤੋਂ ਬਿਹਤਰੀਨ ਹਲਦੀ ਦਾ ਨਿਰਯਾਤ ਭਾਰਤ ਅੰਦਰ 93.5 ਰੁਪਏ ਕਿਲੋ ਦੇ ਹਿਸਾਬ ਨਾਲ਼ ਅਤੇ ਇਹਦਾ ਅਯਾਤ 86 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ਼ ਹੁੰਦਾ ਹੋਵੇ? ਇਹ ਸੱਤ ਰੁਪਏ ਦਾ ਫ਼ਰਕ ਨਾ ਸਿਰਫ਼ ਕਿਸਾਨ ਨੂੰ ਨਿਚੋੜਦਾ ਹੈ ਸਗੋਂ ਦੋਗੁਣੀ ਤੇਜ਼ੀ ਨਾਲ਼ ਪੈਰ ਪਸਾਰਦਾ ਹਲਦੀ ਦਾ ਅਯਾਤ (ਚਾਰ ਸਾਲਾਂ ਵਿੱਚ) ਵੀ ਉਨ੍ਹਾਂ ਨੂੰ ਭਵਿੱਖ ਵਿੱਚ ਮਿਲ਼ਣ ਵਾਲ਼ੇ ਵਾਜਬ ਭਾਅ ਦੀ ਉਮੀਦ ਨੂੰ ਉਖਾੜ ਸੁੱਟਦਾ ਹੈ।

A small batch of turmeric waiting to be cleaned
PHOTO • M. Palani Kumar
Thiru Murthy and T. Gomathy with their electric grinding mill
PHOTO • M. Palani Kumar

ਖੱਬੇ : ਹਲਦੀ ਦੀ ਛੋਟਾ ਜਿਹਾ ਪੂਰ ਆਪਣੀ ਸਫ਼ਾਈ ਹੋਣ ਦੀ ਉਡੀਕ ਵਿੱਚ। ਸੱਜੇ : ਤੀਰੂ ਮੂਰਤੀ ਅਤੇ ਟੀ. ਗੋਮਤੀ ਆਪਣੀ ਬਿਜਲਈ ਗ੍ਰਾਇਡਿੰਗ ਮਸ਼ੀਨ ਮਿਲ ਦੇ ਨਾਲ਼

ਤਮਿਲਨਾਡੂ ਸਰਕਾਰ ਇੱਕ ਅਧਿਕਾਰਕ ਆਦੇਸ਼ ਵਿੱਚ ਇਸ ਗੱਲ ਨੂੰ ਪ੍ਰਵਾਨ ਕਰਦੀ ਹੈ : ਭਾਵੇਂ ਕਿ ਭਾਰਤ ਹਲਦੀ ਦਾ ਸਭ ਤੋਂ ਵੱਡਾ ਉਤਪਾਦਕ ਹੈ, ਫਿਰ ਵੀ  ''ਉੱਚ ਕੁਰਕੁਮਿਨ ਤੱਤ ਦੀ ਬਹੁਲਤਾ ਵਾਲ਼ੀਆਂ ਕਿਸਮਾਂ ਦੀ ਇੱਛਾ ਕਾਰਨ''  ਇਹ ਹੋਰਨਾਂ ਦੇਸ਼ਾਂ ਤੋਂ ਹਲਦੀ ਅਯਾਤ ਕਰਵਾਉਂਦਾ ਹੈ,'' ਖੇਤੀਬਾੜੀ ਮੰਤਰੀ ਪਨੀਰਸੇਲਵਮ ਕਹਿੰਦੇ ਹਨ।

ਪਿਛਲੇ ਸਾਲ ਅਗਸਤ ਵਿੱਚ ਖੇਤੀਬਾੜੀ ਦਾ ਵੱਖਰਾ ਬਜਟ ਪੇਸ਼ ਕਰਦਿਆਂ ਪਨੀਰਸੇਲਵਮ ਨੇ ਐਲਾਨ ਵਿੱਚ ਕਿਹਾ ਕਿ ਉਨ੍ਹਾਂ ਨੇ ਹਲਦੀ ਵਾਸਤੇ ਨਵਾਂ ਖ਼ੋਜ ਕੇਂਦਰ ਸਥਾਪਤ ਕਰਨ ਦਾ ਫ਼ੈਸਲਾ ਲਿਆ ਹੈ ਜਿਸ ਵਾਸਤੇ ਸੂਬਾ ਸਰਕਾਰ 2 ਕਰੋੜ ਰੁਪਏ ਉਪਲਬਧ ਕਰਾਵੇਗੀ। ਸਰਕਾਰ ਸੋਧੀਆਂ ਕਿਸਮਾਂ, ਮੂਲ਼ ਫਸਲ ਤੋਂ ਹੋਰ ਉਤਪਾਦ ਬਣਾਉਣ ਦੀ ਅਤੇ ਵਿਵਹਾਰਕ ਸਿਖਲਾਈ ਵਗੈਰਾ ਉਪਲਬਧ ਕਰਾਉਣ ਦਾ ਵਚਨ ਦਿੰਦੀ ਹੈ ਤਾਂ ਕਿ ''ਕਿਸਾਨ ਆਪਣੇ ਖੇਤੀ ਕਿਸੇ ਹੋਰ ਫ਼ਸਲ ਦੀ ਖੇਤੀ ਵੱਲ ਨਾ ਚਲੇ ਜਾਣ।''

ਤੀਰੂ ਮੂਰਤੀ ਦੀ ਆਪਣੀ ਫਿਲਾਸਫ਼ੀ ਬਿਲਕੁਲ ਸਧਾਰਣ ਹੈ: ਉਹ ਹੈ ਗਾਹਕ ਨੂੰ ਵਧੀਆ ਉਤਪਾਦ ਦੇਣਾ। ''ਜੇ ਮੇਰਾ ਉਤਪਾਦ ਵਧੀਆ ਹੈ ਤਾਂ 300 ਲੋਕ ਖਰੀਦਣਗੇ ਅਤੇ ਹੋਰ 3000 ਲੋਕਾਂ ਨੂੰ ਦੱਸਣਗੇ ਵੀ। ਪਰ ਜੇ ਮੈਂ ਮਾੜੀ ਚੀਜ਼ ਦਿੱਤੀ ਤਾਂ ਉਹੀ 300 ਲੋਕ 30,000 ਲੋਕਾਂ ਕੋਲ਼ ਬਦਖੋਈ ਕਰਨਗੇ ਕਿ ਫਲਾਣੀ  ਫਲਾਣੀ ਚੀਜ਼ ਬੜੀ ਘਟੀਆ ਹੈ।'' ਸੋਸ਼ਲ ਮੀਡੀਆ ਦੀ ਵਰਤੋਂ ਕਰਦਿਆਂ ਜੋ ਕਿ ਮਸ਼ਹੂਰੀ ਕਰਨ ਦਾ ਵਧੀਆ ਪਲੇਟਫ਼ਾਰਮ ਹੈ, ਤੀਰੂ ਨੇ 10 ਮਹੀਨਿਆਂ ਅੰਦਰ ਤਿੰਨ ਟਨ ਮੰਜਲ ਵੇਚਿਆ ਭਾਵ ਇੱਕ ਮਹੀਨੇ ਵਿੱਚ ਔਸਤ 300 ਕਿਲੋ। ਇੰਝ ਕਰਦੇ ਹੋਏ ਉਨ੍ਹਾਂ ਨੇ ਕਈ ਅਹਿਮ ਸਬਕ ਵੀ ਸਿੱਖੇ। ਪਹਿਲਾ, ਥੋਕ ਮੰਡੀ ਵਿੱਚ ਜੈਵਿਕ ਹਲਦੀ ਨੂੰ ਲੈ ਕੇ ਕੋਈ ਤਰਜੀਹੀ ਭਾਅ ਨਹੀਂ ਹੁੰਦਾ। ਦੂਜਾ, ਜਦੋਂ ਤੱਕ ਕਿਸਾਨ ਆਪਣੀ ਉਪਜ ਨੂੰ ਸਿੱਧਿਆਂ ਨਹੀਂ ਵੇਚਦਾ, ਉਹਨੂੰ ਵਾਜਬ ਭਾਅ ਕੀ ਹੁੰਦਾ ਹੈ ਇਹਦਾ ਅਹਿਸਾਸ ਹੀ ਨਹੀਂ ਹੁੰਦਾ।

ਤੀਰੂ ਦੋ ਤਰੀਕਿਆਂ ਨਾਲ਼ ਹਲਦੀ ਤਿਆਰ ਕਰਦੇ ਹਨ। ਪਹਿਲਾ ਹੈ ਪਰੰਪਰਾਗਤ ਤਰੀਕਾ ਜਿਸ ਵਿੱਚ ਰਾਈਜ਼ੋਮ (ਕੰਦ) ਗੰਢੀਆਂ ਨੂੰ ਉਬਾਲ਼ਿਆ, ਸੁਕਾਇਆ ਅਤੇ ਪੀਹਿਆ ਜਾਂਦਾ ਹੈ। ਉਹ ਮੈਨੂੰ ਪ੍ਰਯੋਗਸ਼ਾਲਾ ਦਾ ਨਤੀਜਾ ਵਿਖਾਉਂਦੇ ਹਨ- ਜਿਸ ਵਿੱਚ ਕਰਕੁਮਿਨ ਤੱਤ 3.6 ਫੀਸਦੀ ਹੈ। ਦੂਜਾ ਤਰੀਕਾ ਗ਼ੈਰ-ਰਵਾਇਤੀ ਹੈ, ਜਿਸ ਵਿੱਚ ਰਾਈਜ਼ੋਮ ਨੂੰ ਟੁਕੜਿਆਂ ਵਿੱਚ ਕੱਟਿਆ ਜਾਂਦਾ ਹੈ, ਫਿਰ ਧੁੱਪੇ ਸੁਕਾ ਕੇ ਪੀਹਿਆ ਜਾਂਦਾ ਹੈ। ਇਸ ਵਿਧੀ ਨਾਲ਼ ਕਰਕੁਮਿਨ 8.6 ਫੀਸਦ ਨੂੰ ਦਰਸਾਉਂਦੀ ਹੈ। ਹਾਲਾਂਕਿ ਉਹ ਉੱਚ ਕਰਕੁਮਿਨ ਤੱਤ ਵਾਸਤੇ ਉੱਠਦੀ ਜ਼ੋਰਦਾਰ ਮੰਗ ਨੂੰ ਦੇਖਣ ਵਿੱਚ ਅਸਫ਼ਲ ਰਹਿੰਦੇ ਹਨ।

ਉਹ ਵਾਢੀ ਤੋਂ ਐਨ ਬਾਅਦ ਤਾਜ਼ੀ ਹਲਦੀ ਵੀ ਵੇਚਦੇ ਹਨ। ਜੋ ਕਿ 40 ਕਿਲੋ ਦੇ ਭਾਅ 'ਤੇ ਵਿਕਦੀ ਹੈ (ਜੇ ਪੋਸਟ ਕਰਨੀ ਹੋਵੇ ਤਾਂ 70 ਰੁਪਏ)। ਇਸ ਸਭ ਤੋਂ ਛੁੱਟ ਉਹ ਅਤੇ ਗੋਮਤੀ ਹੱਥੀਂ ਹਰ ਮਹੀਨੇ ਸਾਬਣ ਦੀਆਂ 3,000 ਟਿੱਕੀਆਂ ਬਣਾਉਂਦੇ ਹਨ। ਉਹ ਕਈ ਤਰ੍ਹਾਂ ਦੀਆਂ ਜੜ੍ਹੀਆਂ-ਬੂਟੀਆਂ ਛਾਂਟਦੇ ਅਤੇ ਛਾਣਦੇ ਹਨ ਅਤੇ ਫਿਰ ਨੌ ਕਿਸਮਾਂ ਤਿਆਰ ਕਰਦੇ ਹਨ। ਉਨ੍ਹਾਂ ਵਿੱਚ ਦੋ ਕਿਸਮਾਂ ਦੀ ਹਲਦੀ, ਐਲੋਵੀਰਾ, ਵੈਟੀਵਰ (ਸੁਗੰਧਤ ਘਾਹ), ਕੁੱਪਮੇਨੀ, ਅਰਾਪੱ, ਸ਼ਿਕਾਕਈ ਅਤੇ ਨਿੰਮ ਸ਼ਾਮਲ ਹਨ।

ਉਨ੍ਹਾਂ ਦੀ ਪਤਨੀ ਉਨ੍ਹਾਂ ਨੂੰ ਛੇੜਦਿਆਂ ਕਹਿੰਦੀ ਹਨ,''ਲੋਕੀਂ ਕਹਿੰਦੇ ਹਨ ਕਿ ਆਪਣੇ ਸਮੱਗਰੀ ਦੀ ਸੂਚੀ ਨਸ਼ਰ ਨਾ ਕਰਿਆ ਕਰੋ ਪਰ ਉਹ ਹਨ ਕਿ ਹਰ ਪਾਸੇ ਦੱਸਦੇ ਰਹਿੰਦੇ ਹਨ, ਇੱਥੋਂ ਤੱਕ ਕਿ ਵਿਧੀ ਵੀ।'' ਤੀਰੂ ਨੇ ਤਾਂ ਫੇਸਬੁੱਕ 'ਤੇ ਵੀ ਹਲਦੀ ਦੀ ਹੇਅਰ ਢਾਈ ਤੱਕ ਬਣਾਉਣੀ ਦੱਸੀ ਹੋਈ ਹੈ। ਉਨ੍ਹਾਂ ਨੂੰ ਇਸ ਖ਼ੁਲਾਸੇ ਨਾਲ਼ ਕੋਈ ਫ਼ਰਕ ਨਹੀਂ ਪੈਂਦਾ। ''ਹੋਰਾਂ ਨੂੰ ਵੀ ਅਜਮਾਉਣ ਦਿਓ, ਸ਼ੁਰੂ ਦੇ ਉਤਸਾਹ 'ਤੇ ਬਰਕਰਾਰ ਰਹਿਣਾ ਸੌਖ਼ਾ ਨਹੀਂ ਹੁੰਦਾ!'' ਉਹ ਕਹਿੰਦੇ ਹਨ।

*****

'' ਇੱਕ ਕਿਸਾਨ ਆਪ ਕਦੇ ਵੀ ਉਪਜ ਦਾ ਵਧੀਆ ਹਿੱਸਾ ਨਹੀਂ ਖਾਂਦਾ। ਉਹ ਸਦਾ ਉਹੀ ਖਾਂਦਾ ਹੈ ਜੋ ਵੇਚਿਆ ਨਾ ਜਾ ਸਕਦਾ ਹੋਵੇ। ਆਪਣੇ ਉਤਪਾਦਾਂ ਨੂੰ ਲੈ ਕੇ ਵੀ ਅਸੀਂ ਇਹੀ ਕੁਝ ਕਰਦੇ ਹਾਂ। ਅਸੀਂ ਬੇਢੱਬੇ ਕੇਲੇ ਖਾਂਦੇ ਹਾਂ ਅਤੇ ਟੁੱਟੇ ਸਾਬਣ ਦੀਆਂ ਚਿੱਪਰਾਂ ਆਪਣੇ ਕੋਲ਼ ਰੱਖਦੇ ਹਾਂ... ''
ਟੀ. ਗੋਮਤੀ, ਇਰੋਡ ਦੀ ਹਲਦੀ ਕਿਸਾਨ

Thiru and Gomathy with their children in the workshop, behind their living room.
PHOTO • M. Palani Kumar
Gomathy and her daughter shelving soaps in the workshop
PHOTO • M. Palani Kumar

ਖੱਬੇ : ਆਪਣੀ ਵਰਕਸ਼ਾਪ ਵਿਖੇ ਤੀਰੂ ਅਤੇ ਗੋਮਤੀ ਆਪਣੇ ਬੱਚਿਆਂ ਦੇ ਨਾਲ਼, ਜੋ ਕਿ ਉਨ੍ਹਾਂ ਦੇ ਰਿਹਾਇਸ਼ੀ ਕਮਰੇ ਦੇ ਮਗਰਲੇ ਪਾਸੇ ਹੈ। ਸੱਜੇ : ਗੋਮਤੀ ਅਤੇ ਉਨ੍ਹਾਂ ਦੀ ਧੀ ਵਰਕਸ਼ਾਪ ਵਿਖੇ ਸਾਬਣ ਚਿਣਦੀਆਂ ਹੋਈਆਂ

2011 ਵਿੱਚ ਤੀਰੂ ਮੂਰਤੀ ਅਤੇ ਗੋਮਤੀ ਦਾ ਵਿਓਂਤਬੱਧ (arranged) ਵਿਆਹ ਹੋਇਆ। ਉਹ ਪਹਿਲਾਂ ਤੋਂ ਹੀ ਜੈਵਿਕ ਕਿਸਾਨ ਸਨ ਪਰ ਉਹ ਮੂਲ਼ ਫ਼ਸਲ ਤੋਂ ਬਣਨ ਵਾਲ਼ੀਆਂ ਹੋਰਨਾਂ ਵਸਤਾਂ ਬਾਰੇ ਕੁਝ ਨਹੀਂ ਜਾਣਦੇ ਸਨ। 2013 ਵਿੱਚ, ਉਨ੍ਹਾਂ ਨੇ ਫੇਸਬੁੱਕ 'ਤੇ ਖਾਤਾ ਬਣਾਇਆ। ਇਹ ਇੱਕ ਪੋਸਟ ਸੀ ਜੋ ਉਨ੍ਹਾਂ ਨੇ ਉੱਥੇ ਸਾਂਝੀ ਕੀਤੀ ਸੀ ਜਿਸ ਨੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਦੀ ਤਾਕਤ, ਪੇਂਡੂ-ਸ਼ਹਿਰੀ ਡਿਸਕਨੈਕਟ, ਅਤੇ ਹੋਰ ਬਹੁਤ ਕੁਝ ਬਾਰੇ ਸੋਚਣ ਲਈ ਮਜਬੂਰ ਕੀਤਾ ਸੀ।

ਇਹ ਸਭ ਉਨ੍ਹਾਂ ਦੇ ਨਾਸ਼ਤੇ ਤੋਂ ਸ਼ੁਰੂ ਹੋਇਆ। ਲੋਕਾਂ ਨੇ ਉਨ੍ਹਾਂ ਦੀ ਸੋਚ ਅਤੇ ਉਨ੍ਹਾਂ ਦੇ ਸਾਦੇ ਖਾਣੇ ਦੀ ਉਸਤਤ ਕੀਤੀ ਜੋ ਕਿ ਰਾਗੀ ਕਲੀ (ਬਾਜਰੇ ਦੇ ਲੱਡੂ) ਸੀ ਅਤੇ ਉਹ ਆਪਣੀ ਪੋਸਟ 'ਤੇ ਮਿਲ਼ੇ ਲਾਈਕ ਅਤੇ ਕੁਮੈਂਟਾਂ ਨੂੰ ਲੈ ਕੇ ਬੜੇ ਉਤਸਾਹਿਤ ਹੋਏ। ਇਸ ਸਭ ਤੋਂ ਉਤਸਾਹਤ ਹੋ ਕੇ ਉਨ੍ਹਾਂ ਨੇ ਖੇਤੀ ਨਾਲ਼ ਜੁੜੀਆਂ ਆਪਣੇ ਜੀਵਨ ਦੀਆਂ ਗੱਲਾਂ ਸਾਂਝੀਆਂ ਕਰਨੀਆਂ ਸ਼ੁਰੂ ਕੀਤੀਆਂ। ਹਰੇਕ ਚੀਜ਼ ਆਨਲਾਈਨ ਰਿਕਾਰਡ ਹੋਣ ਲੱਗੀ: ਨਿਰਾਈ ਕਰਨ ਤੋਂ ਲੈ ਕੇ ਜੈਵਿਕ ਖਾਦਾਂ ਦੀ ਵਰਤੋਂ ਤੀਕਰ।

ਜਦੋਂ ਉਨ੍ਹਾਂ ਨੇ ਹਲਦੀ ਦੀ ਆਪਣੀ ਪਹਿਲੀ ਫ਼ਸਲ ਦੀ ਵਾਢੀ ਕੀਤੀ ਤਾਂ ਉਨ੍ਹਾਂ ਨੇ ਇਸਨੂੰ ਆਨਲਾਈਨ ਹੀ ਵੇਚਿਆ। ਛੇਤੀ ਹੀ ਗੋਮਤੀ ਨੇ ਵੀ ਸਾਥ ਦੇਣਾ ਸ਼ੁਰੂ ਕੀਤਾ। ''ਮੇਰੇ ਫ਼ੋਨ ਦੇ ਵੈਟਸਪ 'ਤੇ ਸਾਬਣ, ਤੇ ਅਤੇ ਪਾਊਡਰਾਂ ਦੇ ਆਰਡਰ ਮਿਲ਼ਣ ਲੱਗੇ ਅਤੇ ਮੈਂ ਇਨ੍ਹਾਂ ਨੂੰ ਉਸ ਕੋਲ਼ ਭੇਜ ਦਿੰਦਾ।'' ਗੋਮਤੀ ਕੋਲ਼ ਘਰ ਦੇ ਕੰਮ, ਬੇਟੇ ਨਿਤੂਲਨ (10 ਸਾਲ) ਅਤੇ ਧੀ ਨਿਗਾਜ਼ਨੀ (4 ਸਾਲ) ਨੂੰ ਸਾਂਭਣ ਤੋਂ ਬਾਅਦ ਉਹ ਆਪਣਾ ਸਾਰਾ ਸਮਾਂ ਪੈਕਿੰਗ ਅਤੇ ਸ਼ਿਪਿੰਗ ਨੂੰ ਦਿੰਦੀ।

ਕੋਵਿਡ ਤਾਲਾਬੰਦੀ ਕਾਰਨ ਉਨ੍ਹਾਂ ਦੇ ਬੇਟੇ ਦੀਆਂ ਲੱਗਣ ਵਾਲ਼ੀਆਂ ਆਨਲਾਈਨ ਕਲਾਸਾਂ ਨੇ ਜੀਵਨ ਨੂੰ ਹੋਰ ਮੁਸ਼ਕਲ ਬਣਾ ਦਿੱਤਾ ਹੈ। ਸਾਡੀ ਇੱਕ ਗੇੜੀ ਦੌਰਾਨ ਅਸੀਂ ਦੇਖਿਆ ਕਿ ਬੱਚੇ ਕੱਚ ਦੀ ਬੋਤਲ ਵਿੱਚ ਭਰੀਆਂ ਡੱਡੀਆਂ ਨਾਲ਼ ਖੇਡ ਰਹੇ ਸਨ ਅਤੇ ਉਨ੍ਹਾਂ ਦਾ ਕੁੱਤਾ ਬੜੇ ਚਾਅ ਨਾਲ਼ ਬਿਟਰ ਬਿਟਰ ਝਾਕ ਰਿਹਾ ਸੀ। ਦੂਜੀ ਗੇੜੀ ਦੌਰਾਨ ਉਹ ਸਟੀਲ ਦੇ ਪਾਈਪ ਨੂੰ ਰਗੜ ਰਗੜ ਕੇ ਚਮਕਾ ਰਹੇ ਸਨ। ''ਬੱਸ ਇਹੀ ਕੁਝ ਤਾਂ ਉਨ੍ਹਾਂ ਨੇ ਸਿੱਖਿਆ ਹੈ... ਪਾਈਪਾਂ 'ਤੇ ਚੜ੍ਹਨਾ,'' ਉਹ (ਗੋਮਤੀ) ਹੌਕਾ ਭਰਦਿਆਂ ਕਹਿੰਦੀ ਹਨ।

ਗੋਮਤੀ ਦੀ ਇੱਕ ਸਹਾਇਕ (ਔਰਤ) ਵੀ ਹੈ ਜੋ ਉਨ੍ਹਾਂ ਦੇ ਪਿੰਡ ਤੋਂ ਹੀ ਹੈ ਅਤੇ ਉੁਨ੍ਹਾਂ ਦੀ ਮਦਦ ਕਰਦੀ ਹੈ। ''ਸਾਡੇ ਕੈਟਾਲੋਗ ਦੀ ਸੂਚੀ ਵਿੱਚੋਂ ਗਾਹਕ ਸਾਡੇ ਵੱਲੋਂ ਤਿਆਰ ਕੀਤੇ ਜਾਂਦੇ 22 ਉਤਪਾਦਾਂ ਵਿੱਚੋਂ ਕੋਈ ਹਰੇਕ ਵਸਤੂ ਦੀ ਮੰਗ ਕਰ ਸਕਦੇ ਹੁੰਦੇ ਹਨ। ਇਹ ਕੋਈ ਸੌਖ਼ਾ ਕੰਮ ਨਹੀਂ,''  ਗੋਮਤੀ ਕਹਿੰਦੀ ਹਨ। ਉਹ ਘਰ ਵੀ ਸੰਭਾਲ਼ਦੀ ਹਨ ਅਤੇ ਕੰਮ ਵੀ। ਗੱਲਬਾਤ ਦੌਰਾਨ ਉਹ ਬੋਲ਼ਦੀ ਘੱਟ ਅਤੇ ਮੁਸਕਰਾਉਂਦੀ ਵੱਧ ਹਨ।

ਤੀਰੂ ਦੇ ਦਿਨ ਦਾ ਬਹੁਤੇਰਾ ਸਮਾਂ ਘੱਟੋਘੱਟ 10 ਗਾਹਕਾਂ ਨੂੰ ਇਹ ਸਮਝਾਉਣ ਵਿੱਚ ਬੀਤਦਾ ਹੈ ਕਿ ਉਨ੍ਹਾਂ ਦਾ ਹਲਦੀ ਪਾਊਡਰ ਆਮ ਤੌਰ 'ਤੇ ਸਥਾਨਕ ਬਜ਼ਾਰ ਵਿੱਚ ਮਿਲ਼ਣ ਵਾਲ਼ੇ ਹਲਦੀ ਪਾਊਡਰ ਨਾਲੋਂ ਦੋਗੁਣੇ ਭਾਅ 'ਤੇ ਕਿਉਂ ਵੇਚਿਆ ਜਾਂਦਾ ਹੈ। ''ਮੈਂ ਆਪਣੇ ਦਿਨ ਦੇ ਦੋ ਘੰਟੇ ਲੋਕਾਂ ਨੂੰ ਜੈਵਿਕ ਖੇਤੀ, ਮਿਲਾਵਟ ਅਤੇ ਕੀਟਨਾਸ਼ਕਾਂ ਦੇ ਖ਼ਤਰਿਆਂ ਬਾਬਤ ਸਿੱਖਿਅਤ ਕਰਨ ਵਿੱਚ ਗੁਜਾਰਦਾ ਹਾਂ।'' ਜਦੋਂ ਉਨ੍ਹਾਂ ਨੇ  ਫ਼ੇਸਬੁੱਕ 'ਤੇ ਪੋਸਟ ਪਾਈ ਜਿੱਥੇ ਉਨ੍ਹਾਂ ਦੇ 30,000 ਫੋਲੋਵਰ ਹਨ ਅਤੇ ਉਨ੍ਹਾਂ ਦੀ ਪੋਸਟ ਨੂੰ 1,000 ਲੋਕਾਂ ਵੱਲ਼ੋਂ ਲਾਈਕ ਕੀਤਾ ਗਿਆ ਅਤੇ 200 ਲੋਕਾਂ ਵੱਲੋਂ ਕੁਮੈਂਟ ਕੀਤੇ ਗਏ। ਉਹ ਕਈ ਸਵਾਲ ਪੁੱਛਦੇ ਹਨ। ''ਜੇ ਮੈਂ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਨਹੀਂ ਦਿੰਦਾ ਤਾਂ ਮੈਂ ਉਨ੍ਹਾਂ ਦੀ ਨਜ਼ਰ ਵਿੱਚ ਫ਼ਰੇਬੀ ਬਣ ਜਾਵਾਂਗਾ।''

Weighed and packed turmeric powder, which Thiru sells directly through social media.
PHOTO • M. Palani Kumar
Soaps and bottles of hair oil, ready to be sold
PHOTO • M. Palani Kumar
Soaps and bottles of hair oil, ready to be sold
PHOTO • M. Palani Kumar

ਖੱਬੇ : ਹਲਦੀ ਪਾਊਡਰ ਦੀ ਤੋਲਾਈ ਕਰਕੇ ਅਤੇ ਪੈਕਟ ਬਣਾ ਬਣਾ ਰੱਖੇ ਗਏ ਹਨ ਜਿਸ ਪਾਊਡਰ ਨੂੰ ਉਹ ਸੋਸ਼ਲ ਮੀਡਿਆ ਜ਼ਰੀਏ ਵੇਚਦੇ ਹਨ। ਵਿਚਕਾਰ ਅਤੇ ਸੱਜੇ ਪਾਸੇ : ਸਾਬਣ ਅਤੇ ਵਾਲ਼ਾਂ ਵਾਲ਼ੇ ਤੇਲ ਦੀਆਂ ਬੋਤਲਾਂ ਜੋ ਵੇਚੇ ਜਾਣ ਲਈ ਤਿਆਰ ਹਨ

ਖੇਤੀ ਨਾਲ਼ ਜੁੜਿਆ ਉਨ੍ਹਾਂ ਦਾ ਕੰਮ ਅਤੇ ਉਨ੍ਹਾਂ ਦੇ ਈ-ਬਿਜਨੈੱਸ (''ਪਿਛਲੇ ਮਹੀਨੇ ਤੀਕਰ ਮੈਨੂੰ ਪਤਾ ਨਹੀਂ ਸੀ ਕਿ ਇਹਨੂੰ ਈ-ਬਿਜਨੈੱਸ ਕਹਿੰਦੇ ਹਨ!'') ਦਾ ਪੂਰਾ ਕੰਮ ਇੰਨਾ ਥਕਾ ਦੇਣ ਵਾਲ਼ਾ ਹੁੰਦਾ ਹੈ ਕਿ ਪਿਛਲੇ ਪੰਜ ਸਾਲਾਂ ਤੋਂ ਉਹ ਸ਼ਾਇਦ ਹੀ ਛੁੱਟੀ 'ਤੇ ਗਏ ਹੋਣ। ''ਸ਼ਾਇਦ ਇਸ ਤੋਂ ਵੀ ਵੱਧ ਸਮਾਂ ਹੋ ਗਿਆ ਹੋਵੇ,'' ਗੋਮਤੀ ਹੱਸਦੀ ਹਨ। ''ਜੇ ਛੁੱਟੀ ਕਦੇ ਲੈਣ ਵੀ ਤਾਂ ਉਹ ਵੀ ਛੇ ਘੰਟਿਆਂ ਤੋਂ ਵੱਧ ਨਹੀਂ ਹੁੰਦੀ। ਫਿਰ ਉਨ੍ਹਾਂ ਦੇ ਪਿਛਾਂਹ ਘਰ ਆਉਣ ਦੀ ਲੋੜ ਹੁੰਦੀ ਹੈ, ਆਪਣੀਆਂ ਗਾਵਾਂ ਅਤੇ ਫ਼ਸਲ ਨੂੰ ਦੇਖਣ ਅਤੇ ਲੱਕੜ ਦੇ ਚਿੱਕ ਨੂੰ ਦੇਖਣ ਦੀ ਲੋੜ ਰਹਿੰਦੀ ਹੈ।''

ਜੇ ਕੋਈ ਵਿਆਹ ਹੋਵੇ ਤਾਂ ਉਨ੍ਹਾਂ ਦੀ ਮਾਂ ਹੀ ਜਾਂਦੀ ਹਨ, ਤੀਰੂ ਦਾ ਵੱਡਾ ਭਰਾ ਮਾਂ ਨੂੰ ਕਾਰ 'ਤੇ ਬਿਠਾ ਕੇ ਛੱਡ ਆਉਂਦਾ ਹੈ। ਤੀਰੂ ਕੋਲ਼ ਜਾਣ ਦਾ ਸਮਾਂ ਨਹੀਂ ਹੁੰਦਾ। ''ਕੋਵਿਡ-19 ਤੋਂ ਬਾਅਦ ਅਸਾਂ ਕੁਝ ਪੈਸਾ ਬਚਾ ਲਿਆ,'' ਉਹ ਮਜ਼ਾਕ ਕਰਦੇ ਹਨ। ''ਅਕਸਰ ਵਿਆਹ ਸਮਾਗਮਾਂ ਵਾਸਤੇ ਸਾਨੂੰ ਕੋਇੰਬਟੂਰ ਜਾਣਾ ਪੈਂਦਾ ਸੀ। ਹੁਣ ਅਸਾਂ ਤੇਲ਼ 'ਤੇ ਖਰਚ ਆਉਂਦੇ 1000 ਰੁਪਏ ਤਾਂ ਬਚਾ ਹੀ ਲਏ ਕਿਉਂਕਿ ਹੁਣ ਵਿਆਹ ਨਹੀਂ ਹੋ ਰਹੇ।''

ਮਜ਼ਦੂਰ ਜਦੋਂ ਖੇਤਾਂ ਵਿੱਚ ਆਉਂਦੇ ਹਨ,''ਅੰਮਾ ਉਨ੍ਹਾਂ ਦੀ ਨਿਗਰਾਨੀ ਰੱਖਦੀ ਹਨ। ਮੇਰਾ ਸਮਾਂ ਤਾਂ ਇਨ੍ਹਾਂ ਕੰਮ 'ਤੇ ਹੀ ਖੱਪ ਜਾਂਦਾ ਹੈ।'' ਮੇਰੀਆਂ ਦੋਨਾਂ ਗੇੜੀਆਂ ਦੌਰਾਨ, ਗੋਮਤੀ ਨੂੰ ਜਾਂ ਤਾਂ ਰਸੋਈ ਜਾਂ ਉਨ੍ਹਾਂ ਦੇ ਕਮਰੇ ਮਗਰ ਬਣੀ ਵਰਕਸ਼ਾਪ ਵਿੱਚ ਹੀ ਰੁਝੀ ਪਾਇਆ, ਜਿੱਥੇ ਉਹ ਵੰਨ-ਸੁਵੰਨੇ ਸਾਬਣਾਂ ਨੂੰ ਚਿਣਨ ਦੇ ਨਾਲ਼ ਨਾਲ਼ ਉਨ੍ਹਾਂ 'ਤੇ ਸਾਬਣ ਦੀ ਕਿਸਮ ਅਤੇ ਤਰੀਕ ਵਾਲ਼ੇ ਲੇਬਲ ਚਿਪਕਾਉਂਦੀ ਹਨ। ਤੀਰੂ ਅਤੇ ਗੋਮਤੀ ਦਿਨ ਦੇ 12-12 ਘੰਟੇ ਕੰਮ ਕਰਦੇ ਹਨ ਅਤੇ ਸਵੇਰੇ 5:30 ਤੋਂ ਕੰਮ ਸ਼ੁਰੂ ਹੋ ਜਾਂਦਾ ਹੈ।

ਉਨ੍ਹਾਂ ਨੂੰ ਜੜ੍ਹੀਆਂ-ਬੂਟੀਆਂ ਅਤੇ ਉਨ੍ਹਾਂ ਦੇ ਗੁਣਾਂ ਬਾਰੇ ਕਾਫ਼ੀ ਡੂੰਘੀ ਜਾਣਕਾਰੀ ਹੈ ਅਤੇ ਇੰਨਾ ਹੀ ਨਹੀਂ ਉਹ ਇਹ ਸਾਰੇ ਨਾਮ ਤਮਿਲ ਵਿੱਚ ਵੀ ਬੋਲਦੇ ਹਨ। ਗੋਮਤੀ ਵਾਲ਼ਾਂ ਵਾਸਤੇ ਸੁੰਗਧਤ ਤੇਲ਼ ਬਣਾਉਂਦੀ ਹਨ ਇਸ ਵਾਸਤੇ ਉਹ ਫੁੱਲਾਂ ਨੂੰ ਅਤੇ ਹੋਰ ਜੜ੍ਹੀਆਂ-ਬੂਟੀਆਂ ਨੂੰ ਕੋਲਡ-ਪ੍ਰੈਸਡ ਨਾਰੀਅਲ ਤੇਲ ਵਿੱਚ ਭਿਓਂਦੀ ਹਨ ਅਤੇ ਫਿਰ ਧੁੱਪੇ ਗਰਮ ਕਰਕੇ ਤਿਆਰ ਕਰਦੀ ਹਨ। ''ਅਸੀਂ ਗਾਹਕ ਨੂੰ ਭੇਜਣ ਤੋਂ ਪਹਿਲਾਂ ਹਰ ਉਤਪਾਦ ਨੂੰ ਜਾਂਚਦੇ ਹਾਂ,'' ਉਹ ਮੈਨੂੰ ਮੁਖ਼ਾਤਬ ਹੋ ਕੇ ਕਹਿੰਦੀ ਹਨ।

ਹੁਣ ਤਾਂ ਇਸ ਕਾਰੋਬਾਰ ਵਿੱਚ ਪੂਰਾ ਟੱਬਰ ਹੀ ਸ਼ਾਮਲ ਰਹਿੰਦਾ ਹੈ, ਤੀਰੂ ਕਹਿੰਦੇ ਹਨ। ਇਹ ਉਨ੍ਹਾਂ ਦੀ ਬੇਗ਼ਾਰ ਮਜ਼ਦੂਰੀ ਹੀ ਹੈ ਜੋ ਉਨ੍ਹਾਂ ਵੱਲੋਂ ਤਿਆਰ ਉਤਪਾਦਾਂ ਦੀ ਕੀਮਤ ਘਟਾਉਣ ਵਿੱਚ ਮਦਦਗਾਰ ਰਹਿੰਦੀ ਹੈ।

*****

'' ਅਮੂਲ ਦੁੱਧ ਉਤਪਾਦਕਾਂ ਨੂੰ ਉਨ੍ਹਾਂ ਦੇ ਉਪਭੋਗਤਾ ਮੁੱਲ ਦਾ ਕਰੀਬ 80 ਫ਼ੀਸਦੀ ਮਿਲ਼ਦਾ ਹੈ। ਦੁਨੀਆ ਵਿੱਚ ਉਹਦੇ ਜਿਹਾ ਕੋਈ ਦੂਸਰਾ ਮਾਡਲ ਨਹੀਂ। ''
ਬਾਲਾਸੁਬਰਮਨੀਅਮ ਮੁਤੂਸਾਮੀ, ਕਾਲਮਨਵੀਸ

Thiru spends at least two hours a day educating others about organic farming.
PHOTO • Aparna Karthikeyan
Gomathy and Thiru with an award they received for organic farming
PHOTO • Aparna Karthikeyan

ਖੱਬੇ : ਤੀਰੂ ਆਪਣੇ ਦਿਨ ਦੇ ਘੱਟੋਘੱਟ ਦੇ ਘੰਟੇ ਲੋਕਾਂ ਨੂੰ ਜੈਵਿਕ ਖੇਤੀ ਬਾਰੇ ਸਿੱਖਿਅਤ ਕਰਨ ਵਿੱਚ ਬਿਤਾਉਂਦੇ ਹਨ। ਸੱਜੇ : ਗੋਮਤੀ ਅਤੇ ਤੀਰੂ ਜੈਵਿਕ ਖੇਤੀ ਵਾਸਤੇ ਮਿਲ਼ੇ ਪੁਰਸਕਾਰ ਦੇ ਨਾਲ਼

ਤੀਰੂ ਦੇ ਮਾਡਲ ਦੀ ਪਾਲਣਾ ਕਰਨਾ ਵੈਸੇ ਉਨ੍ਹਾਂ ਕਿਸਾਨ ਲਈ ਔਖ਼ਾ ਹੋ ਸਕਦਾ ਹੈ ਜੋ ਕਿਸੇ ਹੋਰ ਦੀ ਜ਼ਮੀਨ 'ਤੇ ਖੇਤੀ ਕਰਦੇ ਹਨ ਜਾਂ ਜਿਨ੍ਹਾਂ ਕੋਲ਼ ਦੋ ਏਕੜ ਤੋਂ ਘੱਟ ਜ਼ਮੀਨ ਹੈ। ਅਜਿਹੇ ਕਿਸਾਨ ਆਪਣੀ ਸਫ਼ਲਤਾ ਨੂੰ ਦੁਹਰਾ ਨਹੀਂ ਸਕਣਗੇ। ਬਾਲਾ ਸੁਬਰਮਨੀਅਨ ਮੁਤੂਸਾਮੀ, ਆਨਲਾਈਨ ਤਮਿਲ ਨਿਊਜ਼ ਪਲੇਟਫ਼ਾਰਮ ਅਰੁਣਾਚਲ ਪ੍ਰਦੇਸ਼ ਲਈ ਇੱਕ ਕਾਲਮਨਵੀਸ ਹਨ ਅਤੇ ਇਰੋਡ ਦੇ ਇੱਕ ਕਿਸਾਨ ਪਰਿਵਾਰ ਨਾਲ਼ ਤਾਅਲੁੱਕ ਰੱਖਦੇ ਹਨ, ਉਨ੍ਹਾਂ ਦਾ ਮੰਨਣਾ ਹੈ ਕਿ ਸਹਿਕਾਰੀ ਮਾਡਲ ਹੀ ਇਹਦਾ ਵਿਵਹਾਰਕ ਹੱਲ ਹੈ।

ਉਹ ਖ਼ਪਤਕਾਰਾਂ ਦੁਆਰਾ ਅਦਾ ਕੀਤੀ ਕੀਮਤ ਦੇ ਪ੍ਰਤੀਸ਼ਤ ਨੂੰ ਕਿਸਾਨਾਂ ਦੁਆਰਾ ਪ੍ਰਾਪਤ ਕੀਤੀ ਕੀਮਤ ਨਾਲ਼ ਵੰਡਦੇ ਹਨ। ਦੁੱਧ ਜਿੱਤਦਾ ਹੈ, ਹੱਥ ਪੈਸੇ ਫੜ੍ਹਦੇ ਹਨ। ਇਹੀ ਗੱਲ ਸਹਿਕਾਰੀ ਮਾਡਲ ਨਾਲ਼ ਵੀ ਸੱਚ ਹੁੰਦੀ ਜਾਪਦੀ ਹੈ ਜਿਸ ਲਈ ਉਹ ਅਮੂਲ ਦੀ ਉਦਾਹਰਣ ਦਿੰਦੇ ਹਨ। ਹਲਦੀ ਕਿਸਾਨਾਂ ਨੂੰ ਗਾਹਕ ਵੱਲੋਂ ਖਰਚੇ ਗਏ 240 ਰੁਪਏ (ਪ੍ਰਤੀ ਕਿਲੋ) ਦਾ 29 ਫ਼ੀਸਦ ਮਿਲ਼ਦਾ ਹੈ। ਅਮੂਲ ਦੁੱਧ ਦੇ ਕਿਸਾਨਾਂ ਨੂੰ ਕਰੀਬ 80 ਫ਼ੀਸਦ ਮਿਲ਼ਦਾ ਹੈ।

ਬਾਲਾਸੁਬਰਮਨੀਅਮ ਧਿਆਨ ਦਵਾਉਂਦਿਆਂ ਕਹਿੰਦੇ ਹਨ ਕਿ ਸਫ਼ਲਤਾ ਦੀ ਕੁੰਜੀ ਕਿਸਾਨਾਂ ਨੂੰ ਵੱਡੇ ਪੱਧਰ 'ਤੇ ਸੰਗਠਤ ਕਰਨਾ ਹੈ। ''ਕਾਰੋਬਾਰ ਦੀ ਇੱਕ ਸਪਲਾਈ ਚੇਨ ਨੂੰ ਆਪਣੇ ਹੱਥਾਂ ਵਿੱਚ ਰੱਖਣਾ ਅਤੇ ਵਿਚੋਲਿਆਂ ਨੂੰ ਲਾਂਭੇ ਰੱਖਣਾ ਅਤੇ ਗਾਹਕ ਨਾਲ਼ ਸਿੱਧਿਆਂ ਮੁਖ਼ਾਤਬ ਹੋਣਾ ਸਭ ਤੋਂ ਅਹਿਮ ਹੈ।'' ਉਨ੍ਹਾਂ ਨੇ ਪ੍ਰਵਾਨ ਕਰਦਿਆਂ ਕਿਹਾ,''ਸਹਿਕਾਰੀ ਕਮੇਟੀਆਂ ਅਤੇ ਕਿਸਾਨ ਸੰਗਠਨਾਂ ਦੀਆਂ ਕੁਝ ਸਮੱਸਿਆਵਾਂ ਹਨ। ਉਨ੍ਹਾਂ ਨੂੰ ਬਿਹਤਰ ਢੰਗ ਨਾਲ਼ ਸੰਭਾਲ਼ੇ ਜਾਣ ਦੀ ਲੋੜ ਹੈ ਅਤੇ ਇਹੀ ਅੱਗੇ ਵਧਣ ਦਾ ਇੱਕੋ-ਇੱਕ ਤਰੀਕਾ ਹੈ।''

ਤੀਰੂ ਇਸੇ ਜ਼ਿੱਦ 'ਤੇ ਅੜ੍ਹਦੇ ਹਨ ਕਿ ਹਲਦੀ ਪੈਦਾ ਕਰਕੇ ਚੰਗਾ ਨਫ਼ਾ ਕਮਾਉਣਾ ਸੰਭਵ ਹੈ ਪਰ ਤਾਂ ਹੀ ਜੇਕਰ ਤੁਸੀਂ ਹਲਦੀ ਵਿੱਚ ਹੋਰ ਮਿਹਨਤ ਲਾ ਕੇ ਕੁਝ ਨਵਾਂ ਸਿਰਜਦੇ ਹੋ। ਪਿਛਲੇ 7 ਸਾਲਾਂ ਵਿੱਚ ਉਨ੍ਹਾਂ ਨੇ 4,300 ਕਿਲੋ ਹਲਦੀ ਪਾਊਡਰ ਵੇਚਿਆ ਹੈ ਜਿਸ ਵਿੱਚ ਨਾਰੀਅਲ ਤੇਲ, ਕੇਲਿਆਂ ਦਾ ਪਾਊਡਰ, ਕੁਮਕੁਮ (ਹਲਦੀ ਤੋਂ ਬਣਾ ਕੇ) ਅਤੇ ਸਾਬਣ ਨਹੀਂ ਜੋੜੇ ਗਏ। ਇਹ ਸਭ ਕੁਝ ਅਸੰਭਵ ਹੁੰਦਾ ਜੇਕਰ ਉਨ੍ਹਾਂ ਕੋਲ਼ ਆਪਣੀ ਜ਼ਮੀਨ ਨਾ ਹੁੰਦੀ, ਉਹ ਧਿਆਨ ਦਵਾਉਂਦਿਆਂ ਕਹਿੰਦੇ ਹਨ। (ਇਸ ਤੋਂ ਇਹ ਪੁਸ਼ਟੀ ਹੁੰਦੀ ਹੈ ਕਿ ਕਿਉਂ ਉਨ੍ਹਾਂ ਦਾ ਇਹ ਮਾਡਲ ਛੋਟੇ ਕਿਸਾਨ ਨਹੀਂ ਅਪਣਾ ਸਕਦੇ।) ''ਦਸ ਏਕੜ ਦੀ ਖੇਤੀ 'ਤੇ ਖਰਚਾ 4 ਕਰੋੜ ਆਵੇਗਾ! ਦੱਸੋ ਇਹਨੂੰ ਫ਼ੰਡ ਕੌਣ ਕਰੇਗਾ?'' ਉਨ੍ਹਾਂ ਦਾ ਪੂਰਾ ਕਾਰੋਬਾਰ ਆਨਲਾਈਨ ਹੈ। ਉਨ੍ਹਾਂ ਕੋਲ਼ ਜੀਐੱਸਟੀ ਨੰਬਰ ਹੈ ਅਤੇ ਉਹ ਜੀਪੇਅ, ਫ਼ੋਨ ਪੇ, ਪੇਅਟੀਐੱਮ, ਭੀਮ ਅਤੇ ਆਪਣੇ ਮੋਬਾਇਲ ਖ਼ਾਤੇ ਵਿੱਚ ਪੈਸੇ ਮੰਗਵਾਉਂਦੇ ਹਨ।

2020 ਵਿੱਚ, ਐਕਟਰ ਕਾਰਤਿਕ ਸ਼ਿਵਕੁਮਾਰ ਦੀ ਉਜ਼ਾਵਨ ਫਾਊਂਡੇਸ਼ਨ ਨੇ ਜੈਵਿਕ ਖੇਤੀ ਵਾਸਤੇ ਤੀਰੂ ਨੂੰ ਪੁਰਸਕਾਰ ਅਤੇ ਇੱਕ ਲੱਖ ਰੁਪਏ ਦਾ ਨਕਦ ਦਿੱਤਾ। ਆਪਣੀ ਖੇਤੀ ਤੋਂ ਕੁਝ ਨਵਾਂ ਸਿਰਜਣ ਅਤੇ ਗਾਹਕਾਂ ਨੂੰ ਸਿੱਧਿਆਂ ਵੇਚਣ ਨੂੰ ਲੈ ਕੇ ਤਮਿਲ ਐਕਟਰ ਸਤਿਆਰਾਜ (ਕੋਂਗੂ ਇਲਾਕੇ ਦੇ) ਨੇ ਵੀ ਉਨ੍ਹਾਂ ਨੂੰ ਇਨਾਮ ਦਿੱਤਾ।

ਹਰੇਕ ਸਾਲ ਮਿਲ਼ਣ ਵਾਲ਼ੀ ਹਰ ਛੋਟੀ ਛੋਟੀ ਸਫ਼ਲਤਾ ਹੀ ਤੀਰੂ ਨੂੰ ਦ੍ਰਿੜ-ਸੰਕਲਪੀ ਬਣਾਉਂਦੀ ਹੈ। ਉਹ ਹਾਰ ਨਹੀਂ ਸਕਦੇ। ''ਮੈਂ ਕਿਸੇ ਵੀ ਕਿਸਾਨ ਦੇ ਮੂੰਹੋਂ 'ਨੁਕਸਾਨ' ਸ਼ਬਦ ਨਹੀਂ ਸੁਣਨਾ ਚਾਹੁੰਦਾ,'' ਤੀਰੂ ਕਹਿੰਦੇ ਹਨ, ''ਮੈਨੂੰ ਆਪਣੇ ਕੰਮ ਨੂੰ ਅੱਗੇ ਲਿਜਾਣਾ ਹੀ ਪੈਣਾ ਹੈ।''

ਲੇਖਿਕਾ ਸ਼ੁਕਰੀਆ ਅਦਾ ਕਰਦੀ ਹਨ, ਕ੍ਰਿਸ਼ੀ ਜਣਨੀ ਦੀ ਮੋਢੀ ਅਤੇ ਸੀਈਓ (ਮੁੱਖ ਕਾਰਜਕਾਰੀ ਅਧਿਕਾਰੀ) ਊਸ਼ਾ ਦੇਵੀ ਵੈਂਕਟਚਲਮ ਦਾ, ਜਿਨ੍ਹਾਂ ਨੇ ਇਸ ਕਹਾਣੀ ਦੀ ਰਿਪੋਰਟਿੰਗ ਦੌਰਾਨ ਮਦਦ ਦੇਣ ਦੇ ਨਾਲ਼ ਨਾਲ਼ ਆਪਣੀ ਮੇਜ਼ਬਾਨੀ ਪੇਸ਼ ਕੀਤੀ।

ਇਸ ਖ਼ੋਜ ਅਧਿਐਨ ਨੂੰ ਬੰਗਲੁਰੂ ਦੀ ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਦੇ ਖ਼ੋਜ ਵਿੱਤ ਪੋਸ਼ਣ ਪ੍ਰੋਗਰਾਮ 2020 ਤਹਿਤ ਵਿੱਤੀ ਸਹਾਇਤਾ ਦਿੱਤੀ ਗਈ ਹੈ।

ਕਵਰ ਫ਼ੋਟੋ : ਐੱਮ. ਪਾਲਨੀ ਕੁਮਾਰ

ਤਰਜਮਾ: ਕਮਲਜੀਤ ਕੌਰ

Aparna Karthikeyan

Aparna Karthikeyan is an independent journalist, author and Senior Fellow, PARI. Her non-fiction book 'Nine Rupees an Hour' documents the disappearing livelihoods of Tamil Nadu. She has written five books for children. Aparna lives in Chennai with her family and dogs.

Other stories by Aparna Karthikeyan
Photographs : M. Palani Kumar

M. Palani Kumar is Staff Photographer at People's Archive of Rural India. He is interested in documenting the lives of working-class women and marginalised people. Palani has received the Amplify grant in 2021, and Samyak Drishti and Photo South Asia Grant in 2020. He received the first Dayanita Singh-PARI Documentary Photography Award in 2022. Palani was also the cinematographer of ‘Kakoos' (Toilet), a Tamil-language documentary exposing the practice of manual scavenging in Tamil Nadu.

Other stories by M. Palani Kumar
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur