15 ਫਰਵਰੀ, 1885 ਨੂੰ, ਮਹਾਤਮਾ ਜੋਤੀ ਰਾਓ ਫੂਲੇ ਦੁਆਰਾ ਸ਼ੁਰੂ ਕੀਤੇ ਗਏ ਸਕੂਲ ਵਿੱਚ ਇੱਕ ਦਲਿਤ ਵਿਦਿਆਰਥਣ, ਮੁਕਤਾ ਸਾਲਵੇ ਨੇ ' ਮਾਂਗ-ਮਹਾਰਾਂਚਿਆ ਦੁਖੁਵਿਸ਼ਾਈ ' ('ਮਾਂਗ ਅਤੇ ਮਹਾਰਾਂ ਦੀ ਦੁਖਦ ਕਹਾਣੀ') ਸਿਰਲੇਖ ਵਾਲ਼ਾ ਇੱਕ ਲੇਖ ਲਿਖਿਆ। ਇਹ ਇੱਕ ਮਰਾਠੀ ਪੰਦਰਵਾੜੇ ਗਿਆਨੋਦਿਆ ਵਿੱਚ ਪ੍ਰਕਾਸ਼ਿਤ ਹੋਇਆ ਸੀ। ਉਸ ਨੇ ਇਸ ਆਕਰਾਮਕ ਲੇਖ ਵਿੱਚ ਧਰਮ ਦੇ ਰੱਖਿਅਕਾਂ ਨੂੰ ਚੁਣੌਤੀ ਦਿੱਤੀ ਸੀ, "ਉਹ ਧਰਮ ਜੋ ਸਿਰਫ਼ ਇੱਕ ਵਿਅਕਤੀ ਨੂੰ ਵਿਸ਼ੇਸ਼ ਅਧਿਕਾਰ ਦਿੰਦਾ ਹੈ ਅਤੇ ਬਾਕੀਆਂ ਨੂੰ ਵਾਂਝਾ ਰੱਖਦਾ ਹੈ, ਧਰਤੀ ਤੋਂ ਅਲੋਪ ਹੋ ਜਾਵੇ ਅਤੇ ਅਜਿਹੇ (ਪੱਖਪਾਤੀ) ਧਰਮ ਰੂਪੀ ਹੰਕਾਰ ਨੂੰ ਕਦੇ ਵੀ ਸਾਡੇ ਮਨਾਂ ਵਿੱਚ ਦਾਖਲ ਨਾ ਹੋਣ ਦੇਵੇ।

ਮੁਕਤਾ ਸਾਲਵੇ ਸਿਰਫ਼  15 ਸਾਲਾਂ ਦਾ ਸੀ ਜਦੋਂ ਉਹਨੇ ਆਪਣੇ ਹੀ ਭਾਈਚਾਰੇ ਦੇ ਮਾਂਗ ਲੋਕਾਂ ਬਾਰੇ ਲਿਖਿਆ ਸੀ। ਉਸ ਦਾ ਭੜਕਾਊ ਲੇਖ ਸਾਨੂੰ ਦੱਸਦਾ ਹੈ ਕਿ ਕਿਵੇਂ ਬ੍ਰਾਹਮਣ ਸ਼ਾਸਕਾਂ ਦੇ ਨਾਲ਼-ਨਾਲ਼ ਸਮਾਜ ਦੇ ਹਰੇਕ ਬਾਸ਼ਿੰਦੇ ਨੇ ਦਲਿਤਾਂ 'ਤੇ ਅੱਤਿਆਚਾਰ ਕੀਤੇ। ਉਸ ਵਾਂਗਰ ਕਡੂਬਾਈ ਖਰਾਤ ਨੇ ਅਲੰਦੀ ਦੇ ਅਧਿਆਤਮਕ ਨੇਤਾਵਾਂ ਨੂੰ ਚੁਣੌਤੀ ਦਿੱਤੀ ਅਤੇ ਉਨ੍ਹਾਂ ਨੂੰ ਰੂਹਾਨੀਅਤ ਅਤੇ ਧਰਮ ਦੀ ਬਹਿਸ ਵਿੱਚ ਹਰਾਇਆ। ਕਡੂਬਾਈ ਆਮ ਲੋਕਾਂ ਦੇ ਜੀਵਨ ਵਿੱਚ ਦੁੱਖਾਂ ਅਤੇ ਸੰਘਰਸ਼ਾਂ ਬਾਰੇ ਗਾਉਂਦੀ ਹਨ। ਉਨ੍ਹਾਂ ਦੇ ਗੀਤ ਡੂੰਘੇ ਅਰਥਾਂ ਅਤੇ ਫ਼ਲਸਫ਼ੇ ਨੂੰ ਦਰਸਾਉਂਦੇ ਹਨ। ਉਨ੍ਹਾਂ ਦੇ ਗੀਤ ਬਰਾਬਰੀ ਦੀ ਅਹਿਮੀਅਤ ਦੱਸਦੇ ਹਨ ਅਤੇ ਬਾਬਾ ਸਾਹਿਬ ਅੰਬੇਡਕਰ ਦਾ ਧੰਨਵਾਦ ਕਰਦੇ ਹਨ।

*****

काखेत पोरगं हातात झाडनं डोईवर शेणाची पाटी
कपडा न लत्ता, आरे, खरकटं भत्ता
फजिती होती माय मोठी

माया भीमानं, भीमानं माय सोन्यानं भरली ओटी
मुडक्या झोपडीले होती माय मुडकी ताटी
फाटक्या लुगड्याले होत्या माय सतरा गाठी
पोरगं झालं सायब अन सुना झाल्या सायबीनी
सांगतात ज्ञानाच्या गोष्टी

सांगू सांगू मी केले, केले माय भलते कष्ट
नव्हतं मिळत वं खरकटं आणि उष्टं
असाच घास दिला भीमानं
झकास वाटी ताटी होता

तवा सारंग चा मुळीच पत्ता नव्हता
पूर्वीच्या काळात असंच होतं
बात मायी नाय वं खोटी
माया भीमानं, मया बापानं,
माया भीमानं माय, सोन्यानं भरली ओटी

ਗੋਦ ਵਿੱਚ ਬੱਚਾ, ਹੱਥ ਵਿੱਚ ਝਾੜੂ
ਗੋਹੇ ਭਰਿਆ ਟੋਕਰਾ ਸਿਰ 'ਤੇ ਚੁੱਕੀ
ਲੀਰਾਂ ਮੇਰਾ ਸ਼ਿੰਗਾਰ, ਜੂਠ ਹੀ ਮੇਰਾ ਭੋਜਨ,
ਯਕੀਨ ਜਾਣੋ, ਮੇਰਾ ਜੀਵਨ ਨਹੀਂ ਇੱਕ ਅਪਮਾਨ ਸੀ
ਪਰ ਭੀਮ, ਹਾਂ, ਮੇਰੇ ਭੀਮ ਨੇ ਮੇਰਾ ਜੀਵਨ ਸੋਨੇ ਨਾਲ਼ ਲੱਦ ਦਿੱਤਾ,
ਟੁੱਟੀ ਭੱਜੀ ਮੇਰੀ ਝੌਂਪੜੀ, ਟੁੱਟੇ ਭੱਜੇ ਬੂਹੇ,
ਮੇਰੀ ਪਾੜੀ ਸਾੜੀ ਦੇ ਲੰਗਾਰੇ ਗਿਣਨਾ ਨਾਮੁਮਕਿਨ ਸੀ
ਮੇਰਾ ਪੁੱਤ ਅਫ਼ਸਰ ਹੈ ਹੁਣ, ਤੇ ਮੇਰੀ ਨੂੰਹ ਵੀ
ਉਹ ਮੈਨੂੰ ਗਿਆਨ ਭਰੇ ਸ਼ਬਦ ਸਿਖਾਉਂਦੇ।
ਮੈਂ ਜਿੰਨਾ ਸੰਘਰਸ਼ ਕੀਤਾ ਤੇ ਇੰਨੀ ਸਖ਼ਤ ਮੁਸ਼ੱਕਤ ਵੀ
ਕਈ ਵਾਰ ਜੂਠਾ ਖਾਧਾ ਜਾਂ ਖਾਧਾ ਹੀ ਨਾ
ਪਰ ਭੀਮ ਆਇਆ ਤੇ ਮੈਨੂੰ ਰੱਜਵਾਂ ਖੁਆਇਆ
ਸਾਫ਼-ਸੋਹਣੀ ਥਾਲੀ ਤੇ ਕੌਲੀ ਸਜਾਈ,
ਸਾਰੰਗ ਕਵੀ ਉਦੋਂ ਮੌਜੂਦ ਨਾ ਸਨ
ਇਹੀ ਹੰਢਾਉਣ ਨੂੰ ਮਜ਼ਬੂਰ ਰਹੇ ਸਾਂ
ਮੈਂ ਕੋਈ ਝੂਠ ਨਾ ਬੋਲਾਂ, ਪਿਤਾ ਤੁੱਲ ਭੀਮ ਮੇਰੇ ਜੋ,
ਮੇਰਾ ਜੀਵਨ ਖੁਸ਼ਹਾਲ ਕਰ ਗਏ ਜੋ।

PHOTO • Courtesy: TISS Tuljapur
PHOTO • Courtesy: TISS Tuljapur

ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਸ (ਟੀਆਈਐੱਸਐੱਸ) ਤੁਲਜਾਪੁਰ ਵਿਖੇ ਆਯੋਜਿਤ ਡਾ. ਅੰਬੇਡਕਰ ਮੈਮੋਰੀਅਲ ਲੈਕਚਰ ਵਿੱਚ ਕਡੂਬਾਈ ਖਰਾਤ ਅਤੇ ਉਨ੍ਹਾਂ ਦੀ ਇੱਕਤਾਰੀ

ਹਜ਼ਾਰਾਂ ਹੀ ਗੀਤ ਹੋਣੇ ਜੋ ਅਸੀਂ ਡਾ. ਬਾਬਾ ਸਾਹਿਬ ਅੰਬੇਡਕਰ ਦਾ ਸ਼ੁਕਰੀਆ ਅਦਾ ਕਰਨ ਲਈ ਲਿਖੇ ਅਤੇ ਗਾਏ ਹੋਣੇ। ਪਰ ਉਨ੍ਹਾਂ ਵਿਚੋਂ ਸਿਰਫ਼ ਕੁਝ ਕੁ ਹੀ ਸਾਡੇ ਦਿਲਾਂ ਦੇ ਨੇੜੇ ਹਨ ਅਤੇ ਉਹ ਇੰਨੇ ਮਸ਼ਹੂਰ ਹਨ ਕਿ ਉਹ ਸਾਡੀ ਸਮੂਹਿਕ ਯਾਦਦਾਸ਼ਤ ਦਾ ਹਿੱਸਾ ਹਨ। ਕਡੂਬਾਈ ਖਰਾਤ ਦੇ ਇਸ ਗਾਣੇ ਨੇ ਉਹ ਰੁਤਬਾ ਹਾਸਲ ਕਰ ਲਿਆ ਹੈ। ਇਹ ਲੋਕਾਂ ਵਿੱਚ ਵਧੇਰੇ ਪ੍ਰਸਿੱਧ ਹੋ ਗਿਆ ਹੈ, ਉਹਨਾਂ ਦੇ ਘਰਾਂ ਅਤੇ ਦਿਲਾਂ ਵਿੱਚ ਦਾਖਲ ਹੋ ਗਿਆ ਹੈ – ਅਤੇ ਅੰਬੇਦਕਰ ਬਾਰੇ ਘਰ-ਘਰ ਗਾਏ ਜਾਂਦੇ ਗੀਤਾਂ ਵਿੱਚੋਂ ਸਭ ਤੋਂ ਮਸ਼ਹੂਰ ਹੈ।

ਇਨ੍ਹਾਂ ਗੀਤਾਂ ਦੇ ਇੰਨੇ ਹਿੱਟ ਹੋਣ ਦੇ ਕਈ ਕਾਰਨ ਹਨ- ਭਾਵਨਾ ਭਰਪੂਰ ਅਲਫ਼ਾਜ, ਸਪੱਸ਼ਟ ਆਵਾਜ਼, ਵਿਲੱਖਣ ਧੁਨਾਂ ਅਤੇ ਸਾਜ਼ਾਂ ਤੋਂ ਵੀ ਵੱਧ ਕਡੂਬਾਈ ਖਰਾਤ ਦੀ ਦਿਲ-ਟੁੰਬਵੀਂ ਅਵਾਜ਼। ਇੱਕ ਸਧਾਰਨ ਵਿਅਕਤੀ ਵਜੋਂ ਕਡੂਬਾਈ ਦੀ ਪੇਸ਼ਕਾਰੀ ਨੇ ਕਲਰਜ਼ ਚੈਨਲ ਅਤੇ ਜ਼ੀ ਟੀਵੀ 'ਤੇ ਜਲਸਾ ਮਹਾਰਾਸ਼ਟਰਚਾ ਵਰਗੇ ਟੀਵੀ ਸ਼ੋਅ ਵਿੱਚ ਪ੍ਰਮੁੱਖਤਾ ਪ੍ਰਾਪਤ ਕੀਤੀ। ਪਰ ਅਸੀਂ ਉਸ ਹਨ੍ਹੇਰੇ ਰਸਤੇ ਦੇ ਸਫ਼ਰ ਬਾਰੇ ਬਹੁਤ ਘੱਟ ਜਾਣਦੇ ਹਾਂ ਜੋ ਉਨ੍ਹਾਂ ਨੇ ਉੱਥੇ ਪਹੁੰਚਣ ਤੋਂ ਪਹਿਲਾਂ ਤੈਅ ਕੀਤਾ ਹੋਣਾ। ਕਡੂਬਾਈ ਦੀ ਜ਼ਿੰਦਗੀ ਤਜ਼ਰਬਿਆਂ ਨਾਲ਼ ਭਰੀ ਹੋਈ ਹੈ ਜਿਵੇਂ ਕਿ ਉਨ੍ਹਾਂ ਦੇ ਨਾਮ ਤੋਂ ਪਤਾ ਲੱਗਦਾ ਹੈ। (ਮਰਾਠੀ ਵਿੱਚ ਕਦੁ ਦਾ ਮਤਲਬ ਕੁੜੱਤਣ ਹੈ, ਜੋ ਕਿ ਮਰਾਠੀ ਵਿੱਚ ਕੁੜੀਆਂ ਨੂੰ ਦਿੱਤਾ ਗਿਆ ਇੱਕ ਪ੍ਰਸਿੱਧ ਨਾਮ ਹੈ, ਜਿਸ ਬਾਰੇ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਹ 'ਬੁਰੀ ਨਜ਼ਰ' ਤੋਂ ਛੁਟਕਾਰਾ ਦਵਾਉਂਦਾ ਹੈ।)

ਕਡੂਬਾਈ ਦੇ ਪਿਤਾ ਤੁਕਾਰਾਮ ਕਾਂਬਲੇ ਸਨ...

ਬਚਪਨ ਤੋਂ ਗਰੀਬੀ ਵਿੱਚ ਰਹਿਣ ਵਾਲ਼ੀ ਕਡੂਬਾਈ ਦਾ ਵਿਆਹ ਸਿਰਫ਼  16 ਸਾਲ ਦੀ ਉਮਰੇ ਹੋ ਗਿਆ ਅਤੇ ਕੁਝ ਹੀ ਸਾਲਾਂ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੇ ਪਤੀ ਦੀ ਮੌਤ ਹੋ ਗਈ। ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਅਤੇ ਉਨ੍ਹਾਂ ਦੇ ਤਿੰਨ ਬੱਚਿਆਂ - ਦੋ ਪੁੱਤਰਾਂ ਅਤੇ ਇੱਕ ਧੀ - ਦੀਆਂ ਜ਼ਿੰਮੇਵਾਰੀਆਂ ਉਨ੍ਹਾਂ 'ਤੇ ਆ ਗਈਆਂ। ਉਹ ਆਪਣੇ ਪਿਤਾ ਦੀ ਇੱਕਤਾਰੀ ਲੈ ਕੇ ਘਰ-ਘਰ ਜਾ ਕੇ ਰਵਾਇਤੀ ਭਜਨ-ਕੀਰਤਨ [ਭਗਤੀ ਦੇ ਗੀਤ] ਗਾਉਣ ਲੱਗੀ। ਜਿਵੇਂ ਵੈਦਿਕ ਕਾਲ ਵਿੱਚ ਵਿਦੂਸ਼ੀਸ (ਪੜ੍ਹੀਆਂ-ਲਿਖੀਆਂ ਔਰਤਾਂ)- ਗਾਰਗੀ ਅਤੇ ਮੈਤ੍ਰੇਈ ਨੇ ਧਰਮ ਦੇ ਦਰਬਾਨਾਂ (ਗੇਟਕੀਪਰਾਂ) ਨਾਲ਼ ਬਹਿਸ ਕੀਤੀ ਸੀ। ਉਸੇ ਤਰ੍ਹਾਂ ਕਡੂਬਾਈ ਨੇ ਇੱਕ ਵਾਰ ਅਲੰਦੀ ਮੰਦਰ ਦੇ ਵਿਹੜੇ ਵਿੱਚ ਰੂਹਾਨੀਅਤ ਦੇ ਰੱਖਿਅਕਾਂ ਨਾਲ਼ ਬਹਿਸ ਕੀਤੀ ਸੀ। ਉਨ੍ਹਾਂ ਨੇ ਕਈ ਸਾਲ ਭਗਤੀ ਦੇ ਵੱਖ-ਵੱਖ ਗੀਤ ਗਾਉਂਦਿਆਂ ਬਿਤਾਏ, ਪਰ ਇੰਨਾ ਕੰਮ ਵੀ ਦੋ ਡੰਗ ਦੀ ਰੋਟੀ ਕਮਾਉਣ ਲਈ ਕਾਫ਼ੀ ਨਹੀਂ ਸੀ। ਇਸ ਲਈ ਉਨ੍ਹਾਂ ਨੇ ਜਾਲਨਾ ਜ਼ਿਲ੍ਹੇ (ਮਹਾਰਾਸ਼ਟਰ) ਦਾ ਆਪਣਾ ਪਿੰਡ ਛੱਡ ਕੇ ਔਰੰਗਾਬਾਦ ਜਾਣ ਦਾ ਫੈਸਲਾ ਕੀਤਾ।

PHOTO • Imaad ul Hasan
PHOTO • Imaad ul Hasan

ਕਡੂਬਾਈ ਨੇ ਔਰੰਗਾਬਾਦ-ਬੀੜ ਬਾਈਪਾਸ ਸੜਕ ਦੇ ਨੇੜੇ ਗਾਇਰਾਨ ਜ਼ਮੀਨ 'ਤੇ ਇੱਕ ਛੋਟੀ ਜਿਹੀ ਝੌਂਪੜੀ ਬਣਾਈ। ਉਨ੍ਹਾਂ (ਬੋਧੀ ਬਣ ਚੁੱਕੀ) ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇੱਥੇ ਰਹਿੰਦਿਆਂ ਬਾਬਾ ਸਾਹਿਬ ਦੇ ਪਿਆਰ, ਦਇਆ, ਪ੍ਰੇਰਣਾ ਅਤੇ ਸ਼ਕਤੀ ਦੇ ਸਹਾਰੇ ਦੁਨੀਆ ਦਾ ਸਾਹਮਣਾ ਕੀਤਾ

ਪਰ ਔਰੰਗਾਬਾਦ ਆ ਕੇ ਉਨ੍ਹਾਂ ਰਹਿਣਾ ਕਿੱਥੇ ਸੀ? ਉਨ੍ਹਾਂ ਨੇ ਔਰੰਗਾਬਾਦ-ਬੀੜ ਬਾਈਪਾਸ ਸੜਕ ਦੇ ਨੇੜੇ ਗੈਰਾਨ ਜ਼ਮੀਨ [ਇੱਕ ਸਰਕਾਰੀ ਮਲਕੀਅਤ ਵਾਲ਼ੀ ਚਰਾਗਾਹ] 'ਤੇ ਇੱਕ ਛੋਟੀ ਜਿਹੀ ਝੌਂਪੜੀ ਬਣਾਈ ਅਤੇ ਪਾਣੀ ਜਾਂ ਬਿਜਲੀ ਵਰਗੀਆਂ ਨਾਗਰਿਕ ਸਹੂਲਤਾਂ ਤੋਂ ਬਿਨਾਂ ਹੀ ਉੱਥੇ ਰਹਿਣਾ ਸ਼ੁਰੂ ਕਰ ਦਿੱਤਾ। ਉਹ ਅੱਜ ਵੀ ਉੱਥੇ ਹੀ ਰਹਿੰਦੀ ਹਨ। ਸ਼ੁਰੂਆਤ ਵਿੱਚ ਕੁਝ ਸਮੇਂ ਲਈ, ਮੀਰਾ ਉਮਪ ਨੇ ਕਡੂਬਾਈ ਨੂੰ ਆਪਣੀ ਪ੍ਰਦਰਸ਼ਨੀ ਟੀਮ ਵਿੱਚ ਲੈ ਲਿਆ। ਪਰ ਇਹ ਪੈਸਾ ਤਿੰਨਾਂ ਬੱਚਿਆਂ ਦੀ ਦੇਖਭਾਲ ਕਰਨ ਲਈ ਕਾਫ਼ੀ ਨਹੀਂ ਸੀ। ਕਡੂਬਾਈ ਕਹਿੰਦੇ ਹਨ, "ਇਹ ਬਰਸਾਤ ਦਾ ਮੌਸਮ ਸੀ। ਅਸੀਂ ਲਗਭਗ ਇੱਕ ਹਫ਼ਤੇ ਤੋਂ ਸੂਰਜ ਦਾ ਚਿਹਰਾ ਨਹੀਂ ਦੇਖਿਆ ਸੀ। ਮੈਂ ਕੰਮ ਕਰਨ ਘਰੋਂ ਬਾਹਰ ਵੀ ਨਹੀਂ ਜਾ ਸਕਦੀ ਸੀ। ਤਿੰਨੋਂ ਬੱਚੇ ਭੁੱਖੇ ਮਰ ਰਹੇ ਸਨ। ਫਿਰ ਮੈਂ ਘਰ-ਘਰ ਜਾ ਕੇ ਭਜਨ ਗਾਏ। ਇੱਕ ਔਰਤ ਨੇ ਕਿਹਾ, 'ਡਾ. ਅੰਬੇਡਕਰ ਬਾਰੇ ਗੀਤ ਗਾਓ'। ਮੈਂ ਇੱਕ ਗਾਣਾ ਗਾਇਆ ਅਤੇ ਉਸਨੂੰ ਆਪਣੇ ਬੱਚਿਆਂ ਦੀ ਭੁੱਖ ਬਾਰੇ ਦੱਸਿਆ। ਉਹ ਆਪਣੀ ਰਸੋਈ ਵਿੱਚ ਗਈ ਅਤੇ ਮੈਨੂੰ ਉਹ ਰਾਸ਼ਨ ਦੇ ਦਿੱਤਾ ਜੋ ਉਸਨੇ ਆਪਣੇ ਘਰ ਲਈ ਖਰੀਦਿਆ ਸੀ, ਇੰਨੇ ਰਾਸ਼ਨ ਨਾਲ਼ ਮੇਰਾ ਇੱਕ ਮਹੀਨਾ ਲੰਘ ਜਾਣਾ ਸੀ। ਉਹ ਮੇਰੇ ਬੱਚਿਆਂ ਦੀ ਭੁੱਖ ਨੂੰ ਸਮਝ ਗਈ ਸੀ।

"ਅੰਬੇਦਕਰ ਬਾਰੇ ਗਾਏ ਇੱਕ ਗੀਤ ਨੇ ਉਨ੍ਹਾਂ ਦਾ ਢਿੱਡ ਭਰ ਦਿੱਤਾ। ਇਸ ਨਾਲ਼ ਹੀ ਮੇਰੀ ਪੂਰੀ ਜ਼ਿੰਦਗੀ ਹੀ ਬਦਲ ਗਈ। ਮੈਂ ਭਜਨ-ਕੀਰਤਨ ਛੱਡ ਦਿੱਤਾ ਅਤੇ ਡਾ. ਮੈਂ ਅੰਬੇਡਕਰ ਦੁਆਰਾ ਦਰਸਾਏ ਮਾਰਗ 'ਤੇ ਚੱਲਣਾ ਸ਼ੁਰੂ ਕਰ ਦਿੱਤਾ ਹੈ। ਉਸ ਰਸਤੇ 'ਤੇ ਚੱਲਣ ਦਾ ਫੈਸਲਾ ਕਰਦੇ ਹੋਏ, 2016 ਵਿੱਚ, ਮੈਂ ਹਿੰਦੂ ਧਰਮ ਤਿਆਗ ਦਿੱਤਾ ਅਤੇ ਆਪਣੀ ਮਤੰਗ ਜਾਤ ਨੂੰ ਵੀ ਛੱਡ ਦਿੱਤਾ। ਮੈਂ ਬੁੱਧ ਦੇ ਧੰਮਾ (ਬੁੱਧ ਧਰਮ) ਨੂੰ ਅਪਣਾ ਲਿਆ ਹੈ!"

ਆਪਣੇ ਪਤੀ ਨੂੰ ਗੁਆਉਣ ਵਾਲ਼ੀ ਕਡੂਬਾਈ ਨੇ ਆਪਣੇ ਪਿਤਾ ਨੂੰ ਵੀ ਗੁਆ ਦਿੱਤਾ। ਪਰ ਜੀਵਨ ਦੇ ਇੰਨੇ ਸੰਘਰਸ਼ਾਂ ਦੇ ਬਾਵਜੂਦ, ਉਨ੍ਹਾਂ ਨਾਲ਼ ਹਮੇਸ਼ਾਂ ਇੱਕ ਇੱਕਤਾਰੀ ਅਤੇ ਸੁਰੀਲੀ ਆਵਾਜ਼ ਹੁੰਦੀ ਸੀ। ਆਪਣੇ ਪਿਤਾ ਅਤੇ ਪਤੀ ਦੀ ਮੌਤ ਤੋਂ ਬਾਅਦ, ਉਹ ਟੁੱਟੀ ਨਾ ਸਗੋਂ ਹਿੰਮਤ ਕਰਕੇ ਗੁਜ਼ਾਰਾ ਕੀਤਾ।

ਜੀਵਨ ਸੰਘਰਸ਼ ਵਿੱਚ ਦੋ ਚੀਜ਼ਾਂ ਸਦਾ ਉਨ੍ਹਾਂ ਨਾਲ਼ ਰਹੀਆਂ: ਇੱਕਤਾਰੀ ਅਤੇ ਉਨ੍ਹਾਂ ਦੀ ਅਵਾਜ਼। ਉਨ੍ਹਾਂ ਨੇ ਬਾਬਾ ਸਾਹਿਬ ਦੇ ਪਿਆਰ, ਦਇਆ, ਪ੍ਰੇਰਣਾ ਅਤੇ ਸ਼ਕਤੀ ਨਾਲ਼ ਇਸ ਦੁਨੀਆ ਦਾ ਸਾਹਮਣਾ ਕੀਤਾ।

ਘਰ-ਘਰ ਜਾ ਕੇ ਗਾਉਣ ਅਤੇ ਭੀਖ ਮੰਗਣ ਤੋਂ ਲੈ ਕੇ ਅੱਜ ਦੇ ਮਹਾਰਾਸ਼ਟਰ ਵਿੱਚ ਸੈਲੀਬ੍ਰਿਟੀ ਬਣਨ ਤੱਕ ਦਾ ਉਨ੍ਹਾਂ ਦਾ ਸਫ਼ਰ ਕਮਾਲ ਦਾ ਹੈ। ਤੀਹ ਸਾਲ ਤੋਂ ਵੀ ਜ਼ਿਆਦਾ ਦੇ ਇਸ ਸਫਰ ਵਿੱਚ ਇੱਕਤਾਰੀ ਮੇਰੀ ਸਾਥੀ ਬਣੀ ਰਹੀ।

ਦੇਖੋ ਵੀਡੀਓ: ' ਬਾਬਾ ਸਾਹਿਬ ਬਾਰੇ ਗਾ-ਗਾ ਕੇ ਆਪਣੇ ਬੱਚਿਆਂ ਦੀ ਜ਼ਿੰਦਗੀ ਬਣਾਈ '

*****

ਇੱਕਤਾਰੀ ਦਾ ਸਭ ਤੋਂ ਪਹਿਲਾ ਹਵਾਲਾ ਮਹਾਰਾਸ਼ਟਰ ਦੇ ਔਰੰਗਾਬਾਦ ਜ਼ਿਲ੍ਹੇ ਵਿੱਚ ਅਜੰਤਾ ਗੁਫ਼ਾਵਾਂ ਦੀ ਗੁਫ਼ਾ ਨੰਬਰ 17 ਵਿੱਚ ਮਿਲ਼ਦਾ ਹੈ। ਗੁਫ਼ਾ ਦੀਆਂ ਕੰਧਾਂ 'ਤੇ ਇਸ ਸਾਜ਼ ਦੀ ਪੇਂਟਿੰਗ ਬਣੀ ਹੋਈ ਹੈ। ਮਹਾਰਾਸ਼ਟਰ ਵਿੱਚ, ਹਰ ਜਾਤੀ ਸਮੂਹ ਦਾ ਆਪਣਾ ਪਸੰਦੀਦਾ ਸਾਜ਼ ਹੁੰਦਾ ਹੈ। ਇਹ ਸਾਜ਼ ਧਾਰਮਿਕ ਅਤੇ ਸਭਿਆਚਾਰਕ ਉਦੇਸ਼ਾਂ ਲਈ ਵਜਾਏ ਜਾਂਦੇ ਹਨ। ਹਲਗੀ ਦੀ ਭੂਮਿਕਾ ਮਾਂਗ ਭਾਈਚਾਰੇ ਦੁਆਰਾ ਨਿਭਾਈ ਜਾਂਦੀ ਹੈ; ਦਕਲਵਾਰ ਸਮੁਦਾਇ ਦੀ ਕਿੰਨਗਰੀ ; ਧਨਗਰ ਸਮੁਦਾਇ ਗਾਜ਼ੀ ਢੋਲ ; ਦੇਵੀ ਯੇਲਮਾ ਦੇ ਪੈਰੋਕਾਰਾਂ ਦੁਆਰਾ ਚੌਂਡਕ ; ਗੋਸਾਵੀ ਤੋਂ ਦਾਵਰੁ ; ਅਤੇ ਮਹਾਰ ਭਾਈਚਾਰਾ ਢੋਲਕੀ ਅਤੇ ਤੁਨਤੁਨ ਧੁਨ ਵਜਾਉਂਦਾ ਹੈ।

ਮੁੰਬਈ ਯੂਨੀਵਰਸਿਟੀ ਵਿੱਚ ਇਤਿਹਾਸ ਦੇ ਪ੍ਰੋਫੈਸਰ ਡਾ ਨਾਰਾਇਣ ਭੋਸਲੇ ਨੇ ਕਿਹਾ ਕਿ ਗੋਸਾਵੀ ਭਾਈਚਾਰੇ ਨੂੰ ਦਾਵਰੂ-ਗੋਸਵਾਮੀ ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ ਕਿਉਂਕਿ ਉਨ੍ਹਾਂ ਵਿੱਚ ਦਾਵਰੂ ਸਾਜ਼ ਵਜਾਉਣ ਦੀ ਪਰੰਪਰਾ ਹੈ। ਗਾਇਕ ਭੱਟ ਭਾਈਚਾਰੇ ਦੇ ਲੋਕੀਂ ਮਾਂ-ਭਗਤੀ ਬਾਰੇ ਭਜਨ ਗਾਉਂਦੇ ਹਨ। ਉਹ ਤੁਨਤੁਨਾ ਅਤੇ ਸੰਬਲ ਵਜਾਉਂਦੇ ਹਨ।

ਇੱਕਤਰੀ ਅਤੇ ਤੁਨਤੁਨ ਦੇਖਣ ਨੂੰ ਇੱਕੋ-ਜਿਹੇ ਜਾਪਦੇ ਹਨ। ਪਰ ਉਨ੍ਹਾਂ ਦੀ ਆਵਾਜ਼, ਉਨ੍ਹਾਂ ਨੂੰ ਵਜਾਉਣ ਦਾ ਢੰਗ ਅਤੇ ਉਨ੍ਹਾਂ ਨੂੰ ਬਣਾਉਣ ਦੀ ਪ੍ਰਕਿਰਿਆ ਵੱਖਰੀ ਹੈ। ਮਹਾਰ ਅਤੇ ਮਾਂਗ ਭਾਈਚਾਰੇ ਦੀ ਇੱਕਤਾਰੀ ਨਾਲ਼ ਭਜਨ ਗਾਉਣ ਦੀ ਪਰੰਪਰਾ ਉੱਚ ਜਾਤੀਆਂ ਵਿੱਚ ਨਹੀਂ ਮਿਲ਼ਦੀ- ਜੇ ਮਿਲ਼ੇ ਵੀ ਤਾਂ ਦੁਰਲੱਭ ਹੀ ਮਿਲ਼ਦੀ ਹੈ। ਸਾਜ਼ ਇਨ੍ਹਾਂ ਸਮੁਦਾਇਆਂ ਦੇ ਸਭਿਆਚਾਰਕ ਜੀਵਨ ਦਾ ਇੱਕ ਅਨਿੱਖੜਵਾਂ ਅੰਗ ਹਨ। ਇਹ ਸਮਾਜਿਕ ਅਤੇ ਧਾਰਮਿਕ ਸਮਾਗਮਾਂ ਅਤੇ ਰੋਜ਼ਾਨਾ ਜੀਵਨ ਦੇ ਵੱਖ-ਵੱਖ ਪ੍ਰਸੰਗਾਂ ਵਿੱਚ ਵਜਾਏ ਜਾਂਦੇ ਹਨ।

ਇੱਕਤਾਰੀ ਬਾਰੇ ਮਸ਼ਹੂਰ ਸ਼ਾਹਿਰ ਸੰਭਾਜੀ ਭਗਤ ਕਹਿੰਦੇ ਹਨ, "ਇਸ ਦੀ ਧੁਨ ਤੇ ਸੁਰ (ਨੋਟਸ) ਦੁੱਖ ਨਾਲ਼ ਨੇੜਿਓਂ ਜੁੜੇ ਹੋਏ ਹੁੰਦੇ ਹਨ। ਧੁਨੀ ' ਡਿੰਗ ਨਾਗ , ਡਿੰਗ ਨਾਗ ...' ਦਰਦ ਨੂੰ ਦਰਸਾਉਂਦੀ ਹੈ। ਇਹ ਸੁਰ ਭਾਰਤੀ ਸ਼ਾਸਤਰੀ ਸੰਗੀਤ ਪਰੰਪਰਾ ਦੇ ਰਾਗ ਭੈਰਵੀ ਤੋਂ ਆਏ ਹਨ, ਜੋ ਦੁੱਖ ਨੂੰ ਪ੍ਰਗਟ ਕਰਦੇ ਹਨ। ਜਦੋਂ ਤੁਸੀਂ ਇੱਕਤਾਰੀ ਸੁਣੋਗੇ, ਤੁਹਾਨੂੰ ਭੈਰਵੀ ਦਾ ਅਹਿਸਾਸ ਹੋਵੇਗਾ। ਇੱਕਤਾਰੀ ਨਾਲ਼ ਗਾਏ ਜਾਣ ਵਾਲ਼ੇ ਲਗਭਗ ਸਾਰੇ ਭਜਨ ਭੈਰਵੀ ਵਿੱਚ ਰਚੇ ਗਏ ਹਨ। ਇਹ ਭੈਰਵੀ ਨਾਲ਼ ਸ਼ੁਰੂ ਹੁੰਦਾ ਹੈ ਅਤੇ ਖਤਮ ਹੁੰਦਾ ਹੈ।"

ਹਿੰਦੂ ਧਰਮ ਦੀ ਭਗਤੀ ਪਰੰਪਰਾ ਦੀਆਂ ਦੋ ਸ਼ਾਖਾਵਾਂ ਹਨ: ਸਗੁਨ [ਦੇਵਤੇ ਦਾ ਇੱਕ ਰੂਪ ਹੈ] ਅਤੇ ਨਿਰਗੁਣ (ਜਿੱਥੇ ਦੇਵਤੇ ਦਾ ਕੋਈ ਸਪੱਸ਼ਟ ਰੂਪ ਨਹੀਂ ਹੈ)। ਦੇਵਤੇ ਦੀ ਮੂਰਤੀ ਅਤੇ ਮੰਦਰ ਸਗੁਨ ਪਰੰਪਰਾ ਦਾ ਕੇਂਦਰ ਬਿੰਦੂ ਹੈ। ਪਰ, ਨਿਰਗੁਣ ਲਈ, ਮੰਦਰ ਜਾਂ ਮੂਰਤੀ ਲਈ ਕੋਈ ਥਾਂ ਨਹੀਂ ਹੈ। ਇਸ ਮਾਰਗ ਦੇ ਪੈਰੋਕਾਰ ਭਜਨ ਗਾਉਂਦੇ ਹਨ। ਉਨ੍ਹਾਂ ਲਈ, ਸੰਗੀਤ ਪੂਜਾ ਹੈ ਅਤੇ ਉਹ ਇਸ ਨੂੰ ਲੋਕਾਂ ਤੱਕ ਲੈ ਜਾਂਦੇ ਹਨ ਅਤੇ ਆਪਣੇ ਦੇਵੀ/ਦੇਵਤੇ ਦੀ ਪੂਜਾ ਕਰਦੇ ਹਨ। ਬੁੱਧ ਧਰਮ ਅਪਣਾਉਣ ਤੋਂ ਪਹਿਲਾਂ ਮਹਾਰਾਸ਼ਟਰ ਦੇ ਮਹਾਰ ਲੋਕ ਕਬੀਰ ਅਤੇ ਧਗੋਜੀ-ਮੇਘੋਜੀ ਦੇ ਪੈਰੋਕਾਰ ਸਨ।

आकाश पांघरुनी
जग शांत झोपलेले
घेऊन एकतारी
गातो कबीर दोहे

ਹੇਠ ਅਸਮਾਨੀਂ
ਜਗ ਹੈ ਸੋਇਆ
ਇੱਕਤਾਰੀ ਦੇ ਨਾਲ਼
ਕਬੀਰ ਨੇ ਦੋਹਾ ਗਾਇਆ

ਕਬੀਰ ਦੇ ਸਾਰੇ ਭਜਨ ਇੱਕਤਾਰੀ ਦੀ ਧੁਨ ਵਿੱਚ ਗਾਏ ਜਾਂਦੇ ਹਨ। ਕਬੀਰ ਦੀ ਮਿਹਨਤ ਅਤੇ ਜੀਵਨ ਦੇ ਅਨੁਭਵ, ਦਰਸ਼ਨ ਅਤੇ ਵਿਸ਼ਵ-ਦ੍ਰਿਸ਼ਟੀ ਇਨ੍ਹਾਂ ਗੀਤਾਂ ਵਿੱਚ ਵੇਖੀ ਜਾ ਸਕਦੀ ਹੈ।

ਦੇਖੋ ਵੀਡੀਓ: 'ਇੱਕਤਾਰੀ ਦੀ ਵਰਤੋਂ ਕਰਕੇ ਕੋਈ ਵੀ ਗੀਤ ਗਾਇਆ ਜਾ ਸਕਦਾ ਹੈ'

ਕਬੀਰ, ਦੱਬੇ-ਕੁਚਲੇ ਅਤੇ ਹਾਸ਼ੀਏ 'ਤੇ ਪਏ ਲੋਕਾਂ ਲਈ ਇੱਕ ਅਧਿਆਤਮਕ ਅਤੇ ਸੰਗੀਤਕ ਪ੍ਰੇਰਣਾ ਹੈ। ਘੁੰਮਤਰੂ ਭਾਈਚਾਰਿਆਂ ਅਤੇ ਰਮਤਾ ਗਾਇਕਾਂ ਨੇ ਹੱਥ ਵਿੱਚ ਇੱਕਤਾਰੀ ਫੜ੍ਹ ਕੇ, ਦੇਸ਼ ਭਰ ਵਿੱਚ ਆਪਣਾ ਸੰਦੇਸ਼ ਫੈਲਾਇਆ ਹੈ। ਕਬੀਰ ਦੇ ਚੇਲੇ ਪੁਰਸ਼ੋਤਮ ਅਗਰਵਾਲ ਅਨੁਸਾਰ ਕਬੀਰ ਦਾ ਪ੍ਰਭਾਵ ਹਿੰਦੀ ਭਾਸ਼ੀ ਖੇਤਰਾਂ ਅਤੇ ਪੰਜਾਬ ਤੱਕ ਹੀ ਸੀਮਤ ਨਹੀਂ ਸੀ। ਉਹ ਉੜੀਆ ਅਤੇ ਤੇਲਗੂ ਬੋਲਦੇ ਇਲਾਕਿਆਂ ਅਤੇ ਗੁਜਰਾਤ ਅਤੇ ਮਹਾਰਾਸ਼ਟਰ ਵਿੱਚ ਵੀ ਪਹੁੰਚ ਗਿਆ ਸੀ।

1956 ਤੋਂ ਪਹਿਲਾਂ ਮਹਾਰਾਸ਼ਟਰ ਅਤੇ ਇਸ ਦੇ ਨਾਲ਼ ਲੱਗਦੇ ਆਂਧਰਾ, ਕਰਨਾਟਕ, ਗੁਜਰਾਤ ਅਤੇ ਮੱਧ ਪ੍ਰਦੇਸ਼ ਵਿੱਚ 'ਅਛੂਤ' ਮੰਨੇ ਜਾਂਦੇ ਮਹਾਰਾਂ ਅਤੇ ਹੋਰ ਭਾਈਚਾਰੇ ਕਬੀਰ ਦੇ ਪੈਰੋਕਾਰ ਸਨ। ਉਹ ਕਬੀਰਪੰਥੀ ਸਨ। ਉਹ ਮਹਾਰਾਸ਼ਟਰ ਦੇ ਇੱਕ ਵਿਦਵਾਨ ਸੰਤ ਤੁਕਾਰਾਮ ਕਬੀਰ ਤੋਂ ਪ੍ਰਭਾਵਿਤ ਸਨ। ਇਹ ਮੰਨਿਆ ਜਾਂਦਾ ਹੈ ਕਿ ਕਬੀਰ ਦੇ ਪ੍ਰਭਾਵ ਅਤੇ ਕਬੀਰਪੰਥੀ ਪਰੰਪਰਾ ਨੇ ਇਨ੍ਹਾਂ ਭਾਈਚਾਰਿਆਂ ਵਿੱਚ ਏਕਤਾ ਲਿਆਂਦੀ।

ਦਲਿਤ ਪਰਿਵਾਰ, ਖ਼ਾਸ ਕਰਕੇ ਮਹਾਰਾਂ ਅਤੇ ਇਤਿਹਾਸਕ ਤੌਰ 'ਤੇ ਹੋਰ ਅਛੂਤ ਭਾਈਚਾਰੇ, ਇੱਕਤਾਰੀ ਨਾਲ਼ ਗਾਉਣ ਦੀ ਪ੍ਰਥਾ ਦਾ ਪਾਲਣ ਕਰਦੇ ਹਨ। ਇਹ ਸਾਜ਼ ਅੱਜ ਵੀ ਉਨ੍ਹਾਂ ਦੀ ਵਰਤੋਂ ਵਿੱਚ ਹੈ। ਜਦੋਂ ਪਰਿਵਾਰ ਵਿੱਚ ਮੌਤ ਹੁੰਦੀ ਹੈ ਤਾਂ ਉਹ ਇੱਕਤਾਰੀ ਨਾਲ਼ ਭਜਨ ਗਾਉਂਦੇ ਹਨ। ਮਹਾਰ ਭਾਈਚਾਰਾ ਕਬੀਰ ਦੇ ਸਿਧਾਂਤਾਂ ਦੀ ਵਿਆਖਿਆ ਕਰਦੇ ਹੋਏ ਭਜਨ ਗਾਉਂਦਾ ਹੈ। ਜੀਵਨ ਦੀ ਪਰਿਪੂਰਨਤਾ (ਫਲਦਾਇਕਤਾ), ਇਸ ਦਾ ਪ੍ਰਗਟਾਵਾ, ਨੇਕ ਕਰਮਾਂ ਦੀ ਮਹੱਤਤਾ ਅਤੇ ਮੌਤ ਦੀ ਨਿਸ਼ਚਿਤਤਾ ਹੀ ਕਬੀਰ ਦੀ ਸੰਸਾਰ ਦ੍ਰਿਸ਼ਟੀ ਦਾ ਆਧਾਰ ਹਨ, ਜਿਸ ਨੂੰ ਉਸ ਨੇ ਆਪਣੇ ਦੋਹਿਆਂ (ਦੋਹੇ) ਅਤੇ ਭਜਨਾਂ ਰਾਹੀਂ ਸਮਝਾਇਆ। ਕਡੂਬਾਈ (ਭਗਤੀ ਯੁੱਗ ਦੇ) ਕਬੀਰ, ਨਾਥ ਅਤੇ ਵਾਰਕਾਰੀ ਸੰਪਰਦਾਵਾਂ ਨਾਲ਼ ਸਬੰਧਤ ਸੈਂਕੜੇ ਗੀਤ ਗਾਉਂਦੀ ਹਨ।

ਕਡੂਬਾਈ ਕਬੀਰ ਨੂੰ ਗਾਉਂਦੀ ਹਨ, ' ਗਗਨ ਮੇਂ ਆਗ ਲਗੀ ਹੈ ਭਾਰੀ '
ਅਤੇ ਤੁਕਾਰਾਮ ਦਾ ਇੱਕ ਅਭੰਗ ਵੀ ਗਾਉਂਦੀ ਹਨ:

विठ्ठला तुझे धन अपार
करीन नामाचा या गजर
धन चोरला दिसत नाही

डोळे असून ही शोधत राही

ਹੇ ਵਿਠੱਲ, ਤੇਰਾ ਨਾਮ ਰੂਪੀ ਧਨ ਹੈ ਅਪਾਰ
ਮੈਂ ਤੇਰਾ ਨਾਮ ਜਪੂੰਗੀ!
ਚੋਰ ਦੇਖ ਨਾ ਪਾਵੇਗਾ
ਭਾਵੇਂ ਲੱਭਦਾ ਫਿਰੇ ਆਰ-ਪਾਰ

ਭਾਵੇਂ ਕਡੂਬਾਈ ਵਰਗੇ ਕਈ ਲੋਕ ਅਜਿਹੀਆਂ ਰਚਨਾਵਾਂ ਗਾਉਂਦੇ ਸਨ, ਪਰ ਡਾ. ਅੰਬੇਦਕਰ ਦੇ ਸਮਾਜਿਕ ਨਿਆਂ ਅੰਦੋਲਨ ਦੇ ਵੱਧਦੇ ਪ੍ਰਭਾਵ ਕਾਰਨ ਉਨ੍ਹਾਂ ਹੋਰ ਗੀਤ ਗਾਉਣੇ ਸ਼ੁਰੂ ਕਰ ਦਿੱਤੇ।

ਮੱਧ ਪ੍ਰਦੇਸ਼ ਦੇ ਪ੍ਰਸਿੱਧ ਗਾਇਕ ਪ੍ਰਹਿਲਾਦ ਸਿੰਘ ਟਿਪਨਿਆ, ਜੋ ਕਬੀਰ ਦੇ ਭਜਨਾਂ ਨੂੰ ਇੱਕਤਾਰੀ ਨਾਲ਼ ਵੱਖ-ਵੱਖ ਥਾਵਾਂ 'ਤੇ ਲੈ ਗਏ ਸਨ, ਬਲਾਈ ਭਾਈਚਾਰੇ ਨਾਲ਼ ਤਾਅਲੁੱਕ ਰੱਖਦੇ ਹਨ। ਇਸ ਭਾਈਚਾਰੇ ਦਾ ਰੁਤਬਾ ਮਹਾਰਾਸ਼ਟਰ ਦੇ ਮਹਾਰ ਭਾਈਚਾਰੇ ਵਰਗਾ ਹੀ ਹੈ। ਬਾਲਾਈ ਲੋਕੀਂ, ਮੱਧ ਪ੍ਰਦੇਸ਼ ਦੇ ਬੁਰਹਾਨਪੁਰ, ਮਾਲਵਾ ਅਤੇ ਖੰਡਵਾ ਖੇਤਰਾਂ ਅਤੇ ਮਹਾਰਾਸ਼ਟਰ ਦੀ ਸਰਹੱਦ 'ਤੇ ਵਸੇ ਹੋਏ ਹਨ। ਜਦੋਂ ਡਾ.ਅੰਬੇਡਕਰ ਨੇ ਦਲਿਤਾਂ ਦਰਪੇਸ਼ ਜਾਤੀ ਅੱਤਿਆਚਾਰਾਂ ਬਾਰੇ ਵਿਸਥਾਰ ਨਾਲ਼ ਦੱਸਿਆ ਤਾਂ ਉਨ੍ਹਾਂ ਨੇ ਬਲਾਈ ਭਾਈਚਾਰੇ ਦੀਆਂ ਉਦਾਹਰਣਾਂ ਦਿੱਤੀਆਂ। ਜੇ ਅਸੀਂ ਪਿੰਡਾਂ ਦੇ ਮਾਲ ਰਿਕਾਰਡ 'ਤੇ ਨਜ਼ਰ ਮਾਰੀਏ, ਤਾਂ ਅਸੀਂ ਦੇਖ ਸਕਦੇ ਹਾਂ ਕਿ ਲਗਭਗ ਸੌ ਸਾਲ ਪਹਿਲਾਂ, ਪਿੰਡ ਨੇ ਵਸਨੀਕਾਂ ਦੀ ਰੱਖਿਆ ਕਰਨ, ਜ਼ਮੀਨ ਦੀ ਪੈਮਾਇਸ਼ ਦੌਰਾਨ ਸਹਾਇਤਾ ਕਰਨ ਅਤੇ ਰਿਸ਼ਤੇਦਾਰਾਂ ਨੂੰ ਮੌਤ ਦੀ ਖ਼ਬਰ ਪਹੁੰਚਾਉਣ ਲਈ ਮਹਾਰ ਲੋਕਾਂ ਨੂੰ ਕੰਮੇ ਰੱਖਿਆ ਗਿਆ। ਸਮਾਜ ਵਿੱਚ ਉਨ੍ਹਾਂ ਦੀ ਇਹੋ ਭੂਮਿਕਾ ਸੀ। ਮੱਧ ਪ੍ਰਦੇਸ਼ ਵਿੱਚ, ਉਹੀ ਕੰਮ ਬਲਾਈ ਸਮੁਦਾਇ ਨੂੰ ਸੌਂਪੇ ਗਏ ਸਨ। ਇੱਥੋਂ ਤੱਕ ਕਿ ਪਿੰਡ ਦੇ ਚੌਕੀਦਾਰ ਨੂੰ ਬਲਾਈ ਦੇ ਨਾਂ ਨਾਲ਼ ਸੱਦਿਆ ਜਾਂਦਾ ਸੀ। ਅੰਗਰੇਜ਼ਾਂ ਦੇ ਸਮੇਂ ਇਸੇ ਜਾਤੀ ਦਾ ਨਾਮ ਮਹਾਰ ਰੱਖਿਆ ਗਿਆ ਸੀ। ਇਹ ਪਰਿਵਰਤਨ ਕਿਵੇਂ ਹੋਇਆ? ਖੰਡਵਾ ਅਤੇ ਬੁਰਹਾਨਪੁਰ ਦੇ ਬ੍ਰਿਟਿਸ਼ ਪ੍ਰਸ਼ਾਸਨ ਨੇ ਦੇਖਿਆ ਸੀ ਕਿ ਮੱਧ ਪ੍ਰਦੇਸ਼ ਵਿੱਚ ਬਲਾਈ ਅਤੇ ਮਹਾਰਾਸ਼ਟਰ ਵਿੱਚ ਮਹਾਰ ਇੱਕੋ ਜਿਹੇ ਸਨ - ਉਨ੍ਹਾਂ ਦੇ ਰਹਿਣ-ਸਹਿਣ, ਰੀਤੀ-ਰਿਵਾਜਾਂ, ਸਮਾਜਿਕ ਰੀਤੀ-ਰਿਵਾਜਾਂ ਅਤੇ ਕੰਮ ਕਰਨ ਦਾ ਤਰੀਕਾ ਇੱਕੋ ਜਿਹਾ ਸੀ। ਇਸ ਲਈ ਮੱਧ ਪ੍ਰਦੇਸ਼ ਵਿੱਚ ਮਹਾਰ ਜਾਤੀ ਦੇ ਲੋਕਾਂ ਨੂੰ ਬਲਾਈ ਘੋਸ਼ਿਤ ਕੀਤਾ ਗਿਆ। 1942-43 ਵਿੱਚ ਉਨ੍ਹਾਂ ਦੀ ਜਾਤ ਨੂੰ ਕਾਗਜ਼ਾਂ ਵਿੱਚ ਮਹਾਰ ਵਜੋਂ ਦਰਜ ਕੀਤਾ ਗਿਆ। ਇਹੀ ਬਲਾਈਆਂ ਦੀ ਕਹਾਣੀ ਹੈ।

*****

PHOTO • Imaad ul Hasan

ਕਡੂਬਾਈ ਅੱਜ ਮਹਾਰਾਸ਼ਟਰ ਵਿੱਚ ਇੱਕ ਮਸ਼ਹੂਰ ਹਸਤੀ ਬਣ ਗਈ ਹਨ। ਇੱਕਤਾਰੀ 30 ਸਾਲਾਂ ਤੋਂ ਵੱਧ ਸਮੇਂ ਤੋਂ ਉਨ੍ਹਾਂ ਦਾ ਸਾਥੀ ਰਿਹਾ ਹੈ

ਪ੍ਰਹਿਲਾਦ ਸਿੰਘ ਟਿਪਨਿਆ ਅਤੇ ਸ਼ਬਨਮ ਵਿਰਮਾਨੀ [ ਕਬੀਰ ਦੇ ਪ੍ਰੋਜੈਕਟ ] ਗਾਉਂਦੇ ਹੋਏ ਇੱਕਤਾਰੀ ਦੀ ਵਰਤੋਂ ਕਰਦੇ ਹੋਏ ਕਬੀਰ ਭਜਨ ਗਾਉਂਦੇ ਹਨ।

ਇੱਕਤਾਰੀ ਸਾਜ਼ ਦੇਸ਼ ਦੇ ਕਈ ਹਿੱਸਿਆਂ- ਭਜਨ ਗਾਇਕਾਂ ਅਤੇ ਘੁੰਮਤਰੂ ਕਲਾਕਾਰਾਂ ਦੇ ਨਾਲ਼ ਦੇਖਿਆ ਜਾਂਦਾ ਹੈ। ਲਗਭਗ 100-120 ਸੈਂਟੀਮੀਟਰ ਲੰਬੇ ਇਸ ਇੱਕਤਾਰੀ ਦੇ ਬਹੁਤ ਸਾਰੇ ਨਾਮ ਹਨ। ਕਰਨਾਟਕ ਵਿੱਚ ਇਸ ਨੂੰ ਏਕਨਾਦ ਦੇ ਨਾਮ ਨਾਲ਼ ਜਾਣਿਆ ਜਾਂਦਾ ਹੈ; ਪੰਜਾਬ ਵਿੱਚ ਤੁੰਬੀ ; ਬੰਗਾਲ ਵਿੱਚ ਬੌਲ ; ਅਤੇ ਨਾਗਾਲੈਂਡ ਵਿੱਚ ਤਾਤੀ। ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਵਿੱਚ ਇਸ ਨੂੰ ਬੁੱਰਾ ਵੀਨਾ ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਛੱਤੀਸਗੜ੍ਹ ਦੇ ਆਦਿਵਾਸੀ ਆਪਣੇ ਸੰਗੀਤ ਅਤੇ ਨ੍ਰਿਤ ਵਿੱਚ ਇੱਕਤਾਰੀ ਦੀ ਵਰਤੋਂ ਕਰਦੇ ਹਨ।

ਚੱਪਟੇ ਜਿਹੇ ਸੁੱਕੇ ਕੱਦੂ ਨੂੰ ਅੰਦਰੋਂ ਖਾਲੀ ਕਰਕੇ ਇੱਕਤਾਰੀ ਵਿੱਚ ਗੂੰਜ ਪੈਦਾ ਕਰਨ ਵਜੋਂ ਵਰਤਿਆ ਜਾਂਦਾ ਹੈ। ਚਮੜੇ ਦੇ ਇੱਕ ਟੁਕੜੇ ਨਾਲ਼ ਗੂੰਜਦੇਂ ਕੱਦੂ ਦਾ ਮੂੰਹ ਨੂੰ ਬੰਦ ਕਰ ਦਿੱਤਾ ਜਾਂਦਾ ਹੈ। ਗੂੰਜਦੇ ਕੱਦੂ ਵਿੱਚ ਇੱਕ ਖੋਖਲਾ ਵੇਲੂ [ਇੱਕ ਕਿਸਮ ਦਾ ਬਾਂਸ] ਪਾਇਆ ਜਾਂਦਾ ਹੈ ਜੋ ਹੇਠਲੇ ਪਾਸਿਓਂ ਕੱਦੂ ਵਿੱਚੋਂ ਬਾਹਰ ਨਿਕਲ਼ਿਆ ਹੁੰਦਾ ਹੈ। ਵੇਲੂ ਨਾਲ਼ ਇੱਕ ਤਾਰ ਜਿਹੀ ਬੱਝੀ ਹੁੰਦੀ ਹੈ ਜਿਹਦਾ ਦੂਸਰਾ ਸਿਰਾ ਵੇਲੂ ਦੇ ਓਪਰਲੇ ਹਿੱਸੇ ਨਾਲ਼ ਬੰਨ੍ਹਿਆ ਜਾਂਦਾ ਹੈ। ਉਹ ਤਾਰ ਪਹਿਲੀ ਉਂਗਲ ਜਾਂ ਵਿਚਕਾਰਲੀ ਉਂਗਲ ਨਾਲ਼ ਵਜਾਈ ਜਾਂਦੀ ਹੈ।

ਇੱਕਤਾਰੀ [ਇੱਕ-ਸਟਰਿੰਗ ਡਰੋਨ ਲੂਟ] ਬਣਾਉਣ ਦਾ ਡਿਜ਼ਾਈਨ ਅਤੇ ਪ੍ਰਕਿਰਿਆ ਹੋਰ ਤਾਰਾਂ ਵਾਲ਼ੇ ਸਾਜ਼ਾਂ ਨਾਲ਼ੋਂ ਕਾਫ਼ੀ ਸਰਲ ਹੈ। ਕੱਦੂ, ਲੱਕੜ, ਬਾਂਸ ਅਤੇ ਧਾਗਾ ਅਸਾਨੀ ਨਾਲ਼ ਮਿਲ ਜਾਂਦੇ ਹਨ। ਕੱਦੂ ਨੂੰ ਸਭ ਤੋਂ ਵਧੀਆ ਗੂੰਜ ਪੈਦਾ ਕਰਨ ਵਾਲ਼ਾ ਮੰਨਿਆ ਜਾਂਦਾ ਹੈ। ਇਹ ਅਫਰੀਕੀ ਯੰਤਰਾਂ ਵਿੱਚ ਵੀ ਵਿਆਪਕ ਤੌਰ 'ਤੇ ਵਰਤਿਆ ਜਾਂਦਾ ਹੈ। ਇੱਕਤਾਰੀ ਅਸਲ ਨੋਟ ਅਤੇ ਅਸਲ ਤਾਲ ਵੀ ਪ੍ਰਦਾਨ ਕਰਦੀ ਹੈ। ਗਾਇਕ ਆਪਣੀ ਆਵਾਜ਼ ਨੂੰ ਟਿਊਨ ਕਰ ਸਕਦੇ ਹਨ ਅਤੇ ਗੀਤ ਨੂੰ ਧੁਨੀ ਦੀ ਗਤੀ ਦੇ ਸਕਦਾ ਹੈ। ਇਹ ਇੱਕ ਪ੍ਰਾਚੀਨ, ਸਥਾਨਕ ਸਾਜ਼ ਹੈ। ਸ਼ੁਰੂ ਵਿੱਚ ਧਾਗਾ (ਤੰਦ) ਜਾਨਵਰਾਂ ਦੀ ਚਮੜੀ ਦੀ ਅੰਦਰੂਨੀ ਰੇਸ਼ੇਦਾਰ ਪਰਤ ਤੋਂ ਬਣਾਈ ਗਈ ਸੀ। ਕਰਨਾਟਕ ਵਿੱਚ, ਚਮੜੇ ਦੇ ਧਾਗੇ ਵਾਲ਼ੀ ਇੱਕਤਾਰੀ ਅਜੇ ਵੀ ਯੱਲਮਾ ਪੂਜਾ ਵਿੱਚ ਵਜਾਈ ਜਾਂਦੀ ਹੈ। ਇਸ ਨੂੰ ਜ਼ੁੰਬਰੁਕ ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਅਸੀਂ ਕਹਿ ਸਕਦੇ ਹਾਂ ਕਿ ਪਹਿਲਾ ਨੋਟ ਅਤੇ ਪਹਿਲੀ ਤਾਲ ਉਦੋਂ ਬਣਾਈ ਗਈ ਸੀ ਜਦੋਂ ਚਮੜੇ ਦੀ ਇੱਕ ਸਟ੍ਰਿੰਗ ਚਮੜੇ ਦੀ ਇੱਕ ਡਿਸਕ ਨਾਲ਼ ਹੋਈ ਰਗੜ ਤੋਂ ਬਾਅਦ ਗੂੰਜੀਂ ਸੀ ਅਤੇ ਇਹ ਪਹਿਲਾ ਸੰਗੀਤਕ ਸਾਜ਼ ਸੀ। ਖੇਤੀਬਾੜੀ ਸਮਾਜ ਵਿੱਚ ਧਾਤ ਦੀ ਖੋਜ ਤੋਂ ਬਾਅਦ ਧਾਤ ਦੀਆਂ ਤਾਰਾਂ ਦੀ ਵਰਤੋਂ ਕੀਤੀ ਗਈ ਸੀ। ਦੁਨੀਆ ਭਰ ਵਿੱਚ, ਬਹੁਤ ਸਾਰੇ ਸਿੰਗਲ-ਸਟਰਿੰਗ ਸਾਜ਼ਾਂ ਦੀ ਕਾਢ ਕੱਢੀ ਗਈ ਸੀ ਅਤੇ ਵਜਾਈ ਗਈ ਸੀ। ਗਲ਼ੀਆਂ ਦੇ ਸੰਗੀਤਕਾਰਾਂ ਅਤੇ ਘੁਮਿਆਰਾਂ ਦੁਆਰਾ ਬਣਾਏ ਅਤੇ ਵਜਾਏ ਗਏ ਸਾਜ਼ ਵੀ ਉਨ੍ਹਾਂ ਦੇ ਜੀਵਨ ਢੰਗ ਨਾਲ਼ ਨੇੜਿਓਂ ਜੁੜੇ ਹੋਏ ਸਨ।

ਇਹ ਮੰਨਿਆ ਜਾਂਦਾ ਹੈ ਕਿ ਭਾਰਤ ਵਿੱਚ ਭਗਤੀ ਲਹਿਰ ਦੇ ਸੰਤਾਂ ਅਤੇ ਕਵੀਆਂ ਦੁਆਰਾ ਇੱਕਤਾਰੀ ਦੀ ਵਿਆਪਕ ਤੌਰ 'ਤੇ ਵਰਤੋਂ ਕੀਤੀ ਗਈ ਸੀ। ਪਰ, ਇਤਿਹਾਸਕ ਤੌਰ 'ਤੇ, ਇਹ ਪੂਰੀ ਤਰ੍ਹਾਂ ਸੱਚ ਨਹੀਂ ਹੈ। ਅਸੀਂ ਜਾਣਦੇ ਹਾਂ ਕਿ ਕਬੀਰ, ਮੀਰਾਬਾਈ ਅਤੇ ਕੁਝ ਸੂਫੀ ਸੰਤ ਗਾਇਨ ਕਰਦੇ ਸਮੇਂ ਇੱਕਤਾਰੀ ਦੀ ਵਰਤੋਂ ਕਰਦੇ ਸਨ, ਪਰ ਮਹਾਰਾਸ਼ਟਰ ਵਿੱਚ ਨਾਮਦੇਵ ਤੋਂ ਤੁਕਾਰਾਮ ਤੱਕ ਬਹੁਤ ਸਾਰੇ ਕਵੀ-ਸੰਤਾਂ ਨੇ ਤਾਲ (ਤਾਲ), ਚਿੱਪਲੀ (ਧਾਤੂ ਦੇ ਛੱਲਿਆਂ ਵਾਲ਼ੀ ਲੱਕੜ ਦੀ ਥਾਲ਼ੀ) ਅਤੇ ਮ੍ਰਿਦੰਗਮ ਦੀ ਵਰਤੋਂ ਕੀਤੀ ਗਈ ਸੀ। ਬਹੁਤ ਸਾਰੇ ਚਿੱਤਰਾਂ ਵਿੱਚ ਸੰਤਾਂ ਦੇ ਹੱਥਾਂ ਵਿੱਚ ਵੀਨਾ ਫੜ੍ਹੀ ਦਿਖਾਇਆ ਗਿਆ ਹੈ।

ਮਰਾਠੀ ਵਿਸ਼ਵਕੋਸ਼ ਵਿੱਚ ਕਿਹਾ ਗਿਆ ਹੈ, "ਵੀਨਾ ਇੱਕ ਪ੍ਰਾਚੀਨ ਤਾਰ ਵਾਲ਼ਾ ਸਾਜ਼ ਹੈ ਜੋ ਭਾਰਤੀ ਸੰਗੀਤ ਵਿੱਚ ਵਰਤਿਆ ਜਾਂਦਾ ਹੈ। ਇਹ ਵੈਦਿਕ ਮੰਤਰਾਂ ਦਾ ਪਾਠ ਕਰਦੇ ਸਮੇਂ ਸੁਰਾਂ ਦੀ ਗਿਣਤੀ ਕਰਨ ਲਈ ਵਰਤਿਆ ਜਾਂਦਾ ਸੀ। ਜਦੋਂ ਕਿ ਅਸੀਂ ਨਾਮਦੇਵ ਅਤੇ ਤੁਕਾਰਾਮ ਵਰਗੇ ਸੰਤਾਂ ਦੀਆਂ ਤਸਵੀਰਾਂ ਵਿੱਚ ਇਸ ਨੂੰ ਵੇਖਦੇ ਹਾਂ, ਸਾਨੂੰ ਤੁਕਾਰਾਮ ਦੁਆਰਾ ਲਿਖੇ ਕਿਸੇ ਵੀ ਅਭੰਗਾਂ ਵਿੱਚ ਇਸ ਦਾ ਜ਼ਿਕਰ ਨਹੀਂ ਮਿਲਦਾ। ਪਰ ਸਾਨੂੰ ਹੋਰ ਸਾਜ਼ਾਂ ਦੇ ਕਈ ਹਵਾਲ਼ੇ ਮਿਲਦੇ ਹਨ: ਤਾਲ, ਚਿਪਲੀ ਅਤੇ ਮ੍ਰਿਦੰਗ।

ਅਸੀਂ ਕਹਿ ਸਕਦੇ ਹਾਂ ਕਿ ਸੰਤ ਤੁਕਾਰਾਮ ਦੀ ਵੀਨਾ ਫੜ੍ਹੀ ਤਸਵੀਰ ਬ੍ਰਾਹਮਣਵਾਦੀ ਨਜ਼ਰੀਏ ਦਾ ਸੰਕੇਤ ਦਿੰਦੀ ਹੈ।

ਵੀਡੀਓ ਦੇਖੋ: 'ਵਾਮਨਦਾਦਾ ਦੀ ਪ੍ਰਤਿਭਾ ਦਾ ਮੁਕਾਬਲਾ ਕਰਨਾ ਕਿਸੇ ਵਾਸਤੇ ਸੰਭਵ ਨਹੀਂ'

ਬ੍ਰਾਹਮਣਵਾਦੀ ਸੋਚ ਨੇ ਹਮੇਸ਼ਾਂ ਅਜਿਹੇ ਤੱਤਾਂ ਨੂੰ ਆਪਣੇ ਕਬਜ਼ੇ ਵਿੱਚ ਲਿਆ ਜੋ ਲੋਕਾਂ ਦੇ ਰੋਜ਼ਾਨਾ ਜੀਵਨ ਦਾ ਹਿੱਸਾ ਹਨ। ਇਸ ਤਰ੍ਹਾਂ ਜਨ-ਸਮੂਹ ਦੇ ਦੇਵੀ-ਦੇਵਤਿਆਂ, ਸਭਿਆਚਾਰਕ ਵਿਹਾਰਾਂ ਅਤੇ ਹੋਰ ਸੰਵੇਦਨਾਵਾਂ ਨੂੰ ਬ੍ਰਾਹਮਣਵਾਦੀ ਪਰੰਪਰਾ ਅਧੀਨ ਦ੍ਰਿੜ ਕਰਵਾਇਆ ਜਾਂਦਾ ਹੈ, ਇਸ ਤਰ੍ਹਾਂ ਕਰਨ ਨਾਲ਼ ਉਨ੍ਹਾਂ ਦਾ ਮੂਲ ਰੂਪ ਅਤੇ ਚਰਿੱਤਰ ਬਦਲ ਜਾਂਦਾ ਹੈ। ਜਦੋਂ ਅੰਗਰੇਜ਼ਾਂ ਨੇ ਭਾਰਤ 'ਤੇ ਕਬਜ਼ਾ ਕਰ ਲਿਆ ਤਾਂ ਪੇਸ਼ਵਾ ਦੇ ਪਤਨ ਤੋਂ ਬਾਅਦ ਬ੍ਰਾਹਮਣਵਾਦੀ ਪ੍ਰਣਾਲੀ ਨੇ ਆਪਣੀ ਤਾਕਤ ਗੁਆ ਦਿੱਤੀ। ਸਮਾਜ ਵਿੱਚ ਉਸ ਰੁਤਬੇ ਦੇ ਨੁਕਸਾਨ ਦੀ ਪੂਰਤੀ ਲਈ ਬ੍ਰਾਹਮਣਾਂ ਨੇ ਸਭਿਆਚਾਰਕ ਖੇਤਰ ਵਿੱਚ ਆਪਣਾ ਰਾਜ ਕਾਇਮ ਕੀਤਾ ਅਤੇ, ਇਸ ਪ੍ਰਕਿਰਿਆ ਵਿੱਚ, ਮਜ਼ਦੂਰ ਜਮਾਤਾਂ ਨਾਲ਼ ਸਬੰਧਤ ਬਹੁਤ ਸਾਰੇ ਕਲਾ ਰੂਪਾਂ ਅਤੇ ਸੰਗੀਤਕ ਸਾਜ਼ਾਂ ਨੂੰ ਇਨ੍ਹਾਂ ਉੱਭਰ ਰਹੇ ਸਭਿਆਚਾਰਕ ਸ਼ਕਤੀ ਕੇਂਦਰਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ।

ਮਜ਼ਦੂਰ ਜਮਾਤ ਨੇ ਇਨ੍ਹਾਂ ਕਲਾਵਾਂ ਅਤੇ ਸਾਜ਼ਾਂ ਉਤੇ ਆਪਣੀ ਮਲਕੀਅਤ ਅਤੇ ਸਹੀ ਨਿਯੰਤਰਣ ਗੁਆ ਲਿਆ ਅਤੇ ਅਖ਼ੀਰ ਵਿੱਚ ਇਨ੍ਹਾਂ ਨੂੰ ਸਿਰਜਣ ਵਾਲ਼ੇ ਲੋਕਾਂ ਨੂੰ ਕਲਾ ਅਤੇ ਸੰਗੀਤ ਦੇ ਖੇਤਰਾਂ ਵਿੱਚੋਂ ਬਾਹਰ ਹੁੰਦੇ ਜਾਣਾ ਪਿਆ ।

ਵਾਰਕਰੀ ਪਰੰਪਰਾ ਵਿੱਚ ਵਰਤਿਆ ਜਾਣ ਵਾਲ਼ਾ ਮ੍ਰਿਦੰਗ ਚਮੜੇ ਦਾ ਬਣਿਆ ਇੱਕ ਦ੍ਰਾਵਿੜ ਸਾਜ਼ ਹੈ, ਜਿਸ ਨੂੰ ਦੱਖਣੀ ਭਾਰਤ ਦੇ ਅਛੂਤਾਂ ਦੁਆਰਾ ਬਣਾਇਆ ਗਿਆ ਹੈ। ਦੂਜੇ ਪਾਸੇ, ਵੀਨਾ, ਜੋ ਭਗਵਤ ਪਰੰਪਰਾ ਨਾਲ਼ ਸਬੰਧਤ ਹੈ, ਜ਼ਿਆਦਾਤਰ ਉੱਤਰ ਭਾਰਤ ਵਿੱਚ ਅਪਣਾਈ ਜਾਂਦੀ ਹੈ। ਇਹ ਸੰਭਵ ਹੈ ਕਿ ਇਨ੍ਹਾਂ ਸਮੂਹਾਂ ਨੇ ਵਾਰਕਾਰੀ ਸੰਪ੍ਰਦਾਇ ਨੂੰ ਵੀਣਾ ਤੋਂ ਜਾਣੂ ਕਰਵਾਇਆ ਹੋਵੇ। ਇੱਕਤਾਰੀ, ਸੰਬਲ, ਟਿਮਕੀ, ਤੁਨਤੁਨਾ ਅਤੇ ਕਿੰਗਰੀ ਭਾਰਤ ਦੇ ਵਾਂਝੇ ਅਤੇ ਦੱਬੇ-ਕੁਚਲੇ ਭਾਈਚਾਰਿਆਂ ਦੁਆਰਾ ਬਣਾਏ ਗਏ ਸਾਜ਼ ਹਨ। ਵੀਨਾ, ਸੰਤੂਰ ਅਤੇ ਸਾਰੰਗੀ - ਸ਼ਾਸਤਰੀ ਸੰਗੀਤ ਵਿੱਚ ਵਰਤੇ ਜਾਣ ਵਾਲ਼ੇ ਇਹ ਫ਼ਾਰਸੀ ਸਾਜ਼ ਸਿਲਕ ਰੂਟ ਰਾਹੀਂ ਭਾਰਤ ਆਏ। ਸਭ ਤੋਂ ਮਸ਼ਹੂਰ ਵੀਨਾ ਕਲਾਕਾਰ ਪਾਕਿਸਤਾਨ ਵਿੱਚ ਹਨ ਅਤੇ ਭਾਰਤੀ ਸ਼ਾਸਤਰੀ ਸੰਗੀਤ ਦੀ ਪਰੰਪਰਾ ਉੱਥੇ ਸੁਰੱਖਿਅਤ ਹੱਥਾਂ ਵਿੱਚ ਹੈ। ਪਾਕਿਸਤਾਨ ਦੇ ਕਵੇਟਾ ਵਿੱਚ ਬਹੁਤ ਸਾਰੇ ਕਲਾਕਾਰ ਹਨ ਜੋ ਵੀਨਾ ਅਤੇ ਸੰਤੂਰ ਵਰਗੇ ਸਾਜ਼ ਬਣਾਉਂਦੇ ਹਨ, ਜੋ ਮੁੱਖ ਤੌਰ 'ਤੇ ਬ੍ਰਾਹਮਣਵਾਦੀ ਸ਼ਾਸਤਰੀ ਸੰਗੀਤ ਵਿੱਚ ਵਰਤੇ ਜਾਂਦੇ ਹਨ। ਭਾਰਤ ਵਿੱਚ, ਇਹ ਕਾਨਪੁਰ, ਅਜਮੇਰ ਅਤੇ ਮਿਰਾਜ ਵਿੱਚ ਮੁਸਲਿਮ ਕਾਰੀਗਰਾਂ ਦੁਆਰਾ ਬਣਾਏ ਜਾਂਦੇ ਹਨ।

ਸਾਡੇ ਦੇਸ਼ ਦੇ ਦੱਬੇ-ਕੁਚਲੇ ਅਤੇ ਹਾਸ਼ੀਏ 'ਤੇ ਪਏ ਭਾਈਚਾਰਿਆਂ ਨੇ ਅਸਲ ਵਿੱਚ ਚਮੜੇ ਦੇ ਔਜ਼ਾਰ ਅਤੇ ਕਈ ਤਾਰਾਂ ਵਾਲ਼ੇ ਯੰਤਰ ਤਿਆਰ ਕੀਤੇ। ਇਹ ਬ੍ਰਾਹਮਣੀ ਪਰੰਪਰਾ ਦੇ ਸੰਗੀਤ ਅਤੇ ਕਲਾਵਾਂ ਦੇ ਉਨ੍ਹਾਂ ਦੇ ਸਭਿਆਚਾਰਕ ਵਿਕਲਪ ਸਨ। ਬ੍ਰਾਹਮਣ ਸਭਿਆਚਾਰਕ ਜੀਵਨ 'ਤੇ ਰਾਜ ਕਰਨ ਲਈ ਸ਼ਾਸਤਰੀ ਸੰਗੀਤ ਅਤੇ ਨਾਚ ਦੀ ਵਰਤੋਂ ਕਰਦੇ ਸਨ।

*****

ਕਡੂਬਾਈ ਵੱਲੋਂ ਇੱਕਤਾਰੀ ਨਾਲ਼ ਗਾਏ ਗੀਤ ਬਹੁਤ ਹੀ ਸੁੰਦਰ ਹਨ। ਸਾਜ਼ ਉਨ੍ਹਾਂ ਦੀ ਆਵਾਜ਼ ਅੰਦਰਲੀ ਡੂੰਘਾਈ ਨੂੰ ਹੋਰ ਡੂੰਘਾਣਾਂ ਬਖ਼ਸ਼ਦਾ ਹੈ।

ਵਿਲਾਸ ਘੋਗਰੇ, ਪ੍ਰਹਿਲਾਦ ਸ਼ਿੰਦੇ, ਵਿਸ਼ਨੂੰ ਸ਼ਿੰਦੇ ਅਤੇ ਕਡੂਬਾਈ ਖਰਾਤ ਵਰਗੇ ਅੰਬੇਦਕਰਵਾਦੀ ਸ਼ਾਹੀਰਾਂ ਨੇ ਗਲ਼ੀ-ਮੁਹੱਲਿਆਂ ਤੇ ਘਰ ਘਰ ਜਾ ਕੇ ਆਪਣੀ ਇੱਕਤਾਰੀ ਵਜਾ ਵਜਾ ਕੇ ਅੰਬੇਦਕਰ ਦੇ ਗੀਤ ਗਾਏ ਹਨ। ਦੁਨੀਆ ਭਰ ਦੇ ਘੁੰਮਤਰੂ ਗਾਇਕਾਂ ਦਾ ਇਹ ਸਾਜ਼, ਇੱਕਤਾਰੀ ਹਮੇਸ਼ਾ ਉਨ੍ਹਾਂ ਦੇ ਨਾਲ਼ ਤੁਰਦਾ ਫਿਰਦਾ ਰਹਿੰਦਾ ਹੈ।

ਵੀਡੀਓ ਦੇਖੋ: 'ਮੈਂ ਵਹਿਮਾਂ-ਭਰਮਾਂ ਤੋਂ ਛੁਟਕਾਰਾ ਪਾ ਲਿਆ'

ਜਿਵੇਂ ਇੱਕਤਾਰੀ ਅਛੂਤਾਂ ਦੇ ਸੰਗੀਤ ਜਗਤ ਦਾ ਇੱਕ ਅਨਿੱਖੜਵਾਂ ਅੰਗ ਹੈ, ਉਸੇ ਤਰ੍ਹਾਂ ਇਹ ਉਨ੍ਹਾਂ ਦੇ ਅਧਿਆਤਮਕ ਵਿਕਾਸ ਵਿੱਚ ਬਹੁਤ ਮਹੱਤਵਪੂਰਨ ਸਾਧਨ ਰਿਹਾ ਹੈ। ਜਿਵੇਂ ਜਿਵੇਂ ਵਿਗਿਆਨ ਦਾ ਵਿਕਾਸ ਹੋਇਆ ਅਤੇ ਨਵੇਂ ਸਾਜ਼ਾਂ ਦੀ ਸ਼ੁਰੂਆਤ ਹੋਈ, ਲੋਕ ਪਰੰਪਰਾਵਾਂ ਅਤੇ ਲੋਕ ਸਾਜ਼ਾਂ ਜਿਵੇਂ ਕਿ ਇੱਕਤਾਰੀ ਨੂੰ ਬਦਲ ਦਿੱਤਾ ਗਿਆ। ਕਡੂਬਾਈ ਸ਼ਾਇਦ ਆਖਰੀ ਕਲਾਕਾਰ ਹੋ ਸਕਦੀ ਹਨ ਜਿਨ੍ਹਾਂ ਨੇ ਆਪਣੇ ਹੱਥ ਵਿੱਚ ਇੱਕਤਾਰੀ ਫੜ੍ਹ ਕੇ ਪੇਸ਼ਕਾਰੀ ਕੀਤੀ ਹੋਵੇ। ਅਜੋਕੇ ਸਮੇਂ ਵਿੱਚ, ਅੰਬੇਦਕਰੀ ਗਾਇਕਾਂ ਵਿਚਾਲੇ ਬ੍ਰਾਹਮਣਵਾਦੀ ਅਤੇ ਆਧੁਨਿਕ ਸਾਜ਼ਾਂ ਦੀ ਵਰਤੋਂ ਦਾ ਪ੍ਰਚਲਨ ਵਧਿਆ ਹੈ ਤੇ ਇੱਕਤਾਰੀ ਨੂੰ ਤਿਆਗਣ ਦਾ ਵੀ।

ਅੰਬੇਦਕਰ ਬਾਰੇ ਨਵੇਂ ਗੀਤਾਂ ਨੂੰ ਪ੍ਰਸਿੱਧ ਮਰਾਠੀ ਗੀਤਾਂ ਦੀਆਂ ਧੁਨਾਂ ਦੇ ਅਨੁਕੂਲ ਬਣਾਇਆ ਜਾ ਰਿਹਾ ਹੈ ਜਿਵੇਂ ਕਿ ' ਵਾਟ ਮਾਝੀ ਬਘਟੋਈ ਰਿਕਸ਼ਾਵਾਲ਼ਾ ' ('ਰਿਕਸ਼ਾਵਾਲ਼ਾ ਮੇਰਾ ਇੰਤਜ਼ਾਰ ਕਰ ਰਿਹਾ ਹੈ')। ਅਜਿਹਾ ਨਹੀਂ ਹੈ ਕਿ ਤੁਹਾਨੂੰ ਆਧੁਨਿਕ ਸੰਗੀਤ ਜਾਂ ਸਾਜ਼ਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਪਰ ਇਸਦਾ ਪ੍ਰਯੋਗ ਸੰਗੀਤ ਸ਼ੈਲੀ ਦੇ ਅਨੁਰੂਪ ਹੋਣਾ ਚਾਹੀਦਾ ਹੈ। ਕੀ ਗੀਤ ਰਾਹੀਂ ਦਿੱਤਾ ਜਾਣ ਵਾਲ਼ਾ ਸੁਨੇਹਾ ਆਪਣੀ ਮੰਜ਼ਲ ਪਾ ਗਿਆ ਹੈ? ਕੀ ਇਹ ਲੋਕਾਂ ਤੱਕ ਪਹੁੰਚ ਰਿਹਾ ਹੈ? ਕੀ ਜੋ ਗਾਇਆ ਜਾ ਰਿਹਾ ਹੈ ਉਹਦਾ ਮਤਲਬ ਲੋਕਾਂ ਤੱਕ ਜਾ ਰਿਹਾ ਹੈ? ਇਹ ਅਸਲੀ ਸਵਾਲ ਹਨ। ਮਨੁੱਖੀ ਸਮਾਜ ਵਿੱਚ ਆਧੁਨਿਕ ਸਾਜ਼ਾਂ ਦੀ ਸਿਰਜਣਾ ਕੀਤੀ ਜਾਂਦੀ ਹੈ ਅਤੇ ਇਹਨਾਂ ਦੀ ਵਰਤੋਂ ਸਾਡੇ ਸੰਗੀਤ ਦੇ ਵਿਕਾਸ ਲਈ ਕੀਤੀ ਜਾਣੀ ਚਾਹੀਦੀ ਹੈ। ਪਰ ਅੰਬੇਦਕਰ ਦੇ ਗਾਣਿਆਂ ਨੂੰ ਫਿਲਮੀ ਧੁਨਾਂ ਨਾਲ਼ ਮਿਲਾਇਆ ਜਾ ਰਿਹਾ ਹੈ। ਉਹ ਉੱਚੀ ਆਵਾਜ਼ ਵਾਲ਼ੇ, ਸ਼ੋਰ-ਸ਼ਰਾਬੇ ਵਾਲ਼ੇ ਅਤੇ ਖਰ੍ਹਵੇ ਹੁੰਦੇ ਹਨ। ਇਨ੍ਹਾਂ ਗੀਤਾਂ ਵਿੱਚ ਪਛਾਣ ਦੇ ਦਾਅਵੇ ਤੋਂ ਇਲਾਵਾ ਅੰਬੇਦਕਰ ਦਾ ਕੋਈ ਡੂੰਘਾ ਫ਼ਲਸਫ਼ਾ ਨਹੀਂ ਹੈ। ਅਚੇਤ ਪ੍ਰਯੋਗ ਅਤੇ ਦਰਸ਼ਨ ਦੀ ਸਮਝ ਹੀ ਲੋਕਾਂ ਨੂੰ ਨੱਚਣ ਲਈ ਮਜ਼ਬੂਰ ਕਰਦੀ ਹੈ। ਉਹ ਲੋਕ ਮਨਾਂ ਅੰਦਰ ਬਹੁਤੀ ਦੇਰ ਟਿਕੇ ਨਹੀਂ ਰਹਿੰਦੇ ਅਤੇ ਲੋਕਾਂ ਦੀ ਸਮੂਹਿਕ ਯਾਦਦਾਸ਼ਤ ਦਾ ਹਿੱਸਾ ਨਹੀਂ ਬਣਦੇ।

ਕਡੂਬਾਈ ਦੀ ਆਵਾਜ਼ ਵਿੱਚ ਹਜ਼ਾਰਾਂ ਸਾਲਾਂ ਦੀ ਗੁਲਾਮੀ ਦੀ ਮੁਖ਼ਾਲਿਫ਼ਤ ਸ਼ਾਮਲ ਸੀ। ਉਹ ਉਨ੍ਹਾਂ ਲੋਕਾਂ ਦੀ ਗਾਇਕਾ ਹਨ ਜਿਨ੍ਹਾਂ ਨੇ ਬਹੁਤ ਜ਼ਿਆਦਾ ਗ਼ਰੀਬੀ ਅਤੇ ਮੁਸੀਬਤਾਂ ਭਰੀ ਹਯਾਤੀ ਹੰਢਾਈ ਹੈ। ਉਨ੍ਹਾਂ ਦੇ ਗੀਤ ਸਾਨੂੰ ਜਾਤ ਅਤੇ ਧਰਮ ਦੇ ਨਾਮ 'ਤੇ ਫ਼ੈਲੇ ਜ਼ਹਿਰ ਤੋਂ ਜਾਣੂ ਕਰਵਾਉਂਦੇ ਹਨ। ਉਹ ਸਮਾਜਿਕ ਬੇਰਹਿਮੀ ਤੇ ਛੂਆ-ਛੂਤ ਜਿਹੇ ਅਣਮਨੁੱਖੀ ਕਾਰਿਆਂ ਤੋਂ ਜਾਣੂ ਕਰਵਾਉਂਦੇ ਹਨ। ਆਪਣੀ ਇੱਕਤਾਰੀ ਨਾਲ਼ ਉਹ ਆਪਣੇ ਪਰਿਵਾਰ ਅਤੇ ਭਾਈਚਾਰੇ ਦੀ ਅਮੀਰ ਵਿਰਾਸਤ ਦੇ ਵਾਹਕ ਬਣੇ ਰਹਿੰਦੇ ਹੈ। ਉਨ੍ਹਾਂ ਦੀ ਇੱਕਤਾਰੀ ਦੀ ਗੂੰਜ ਸਾਡੇ ਦਿਲਾਂ ਨੂੰ ਛੂਹ ਲੈਂਦੀ ਹੈ।

मह्या भिमाने माय सोन्याने भरली ओटी
किंवा
माझ्या भीमाच्या नावाचं
कुंकू लावील रमाने
अशी मधुर, मंजुळ वाणी
माझ्या रमाईची कहाणी

ਮੇਰੇ ਭੀਮ ਨੇ ਮੇਰਾ ਜੀਵਨ ਖ਼ੁਸ਼ਹਾਲ ਬਣਾ ਦਿੱਤਾ
ਮੇਰੇ ਭੀਮ ਦੇ ਨਾਂਅ 'ਤੇ
ਰਮਾ ਨੇ ਲਾਇਆ ਸੰਦੂਰ
ਐਸੀ ਸੁਰੀਲੀ ਤੇ ਮਿੱਠੀ ਅਵਾਜ਼
ਇਹੀ ਮੇਰੀ ਰਮਾਈ ਦੀ ਕਹਾਣੀ ਹੈ

ਇਸ ਗੀਤ ਰਾਹੀਂ ਹਰ ਕੋਈ ਵਿਅਕਤੀ ਅੰਬੇਡਕਰ ਦੇ ਫ਼ਲਸਫ਼ੇ ਨੂੰ ਆਸਾਨੀ ਨਾਲ਼ ਸਮਝ ਸਕਦਾ ਹੈ। ਇਹ ਗੀਤ ਅੰਬੇਡਕਰ ਦਾ ਧੰਨਵਾਦ ਕਰਦਾ ਹੈ। ਰੋਜ਼ਮੱਰਾ ਦੇ ਜੀਵਨ-ਸੰਘਰਸ਼ਾਂ, ਦਰਦਾਂ ਤੇ ਡੂੰਘੀ ਰੂਹਾਨੀਅਤ ਦਾ ਪ੍ਰਗਟਾਵਾ ਕਰਦਾ ਹੈ... ਤੇ ਨਾਲ਼ ਹੀ ਜ਼ਿੰਦਗੀ ਦੀ ਡੂੰਘੀ ਸਮਝ ਵੀ। ਸਿਰਫ਼  ਕੁਝ ਕੁ ਲੋਕ ਹੀ ਹਨ ਜੋ ਇਸ ਢਾਂਚੇ ਦੇ ਖ਼ਿਲਾਫ਼ ਆਪਣੀ ਅਵਾਜ਼ ਚੁੱਕਦੇ ਹਨ। ਜਿੱਥੇ ਇੱਕ ਪਾਸੇ ਉਹ ਸਥਾਪਤ ਸਮਾਜਿਕ ਮਾਨਤਾਵਾਂ ਦਾ ਵਿਰੋਧ ਕਰਦੇ ਹਨ, ਉੱਥੇ ਹੀ ਦੂਜੇ ਪਾਸੇ ਉਹ ਆਪਣੀਆਂ ਆਵਾਜ਼ਾਂ ਅਤੇ ਸਾਜ਼ਾਂ ਰਾਹੀਂ ਸਾਡੇ ਇਤਿਹਾਸ ਦੀ ਯਾਦਾਂ ਨੂੰ ਜੀਉਂਦਾ ਰੱਖਦੇ ਹਨ। ਕਡੂਬਾਈ ਉਨ੍ਹਾਂ ਵਿੱਚੋਂ ਇੱਕ ਹਨ।

ਇਹ ਲਿਖਤ ਮੂਲ਼ ਰੂਪ ਵਿੱਚ ਮਰਾਠੀ ਵਿੱਚ ਲਿਖੀ ਗਈ ਸੀ।

ਇਹ ਮਲਟੀਮੀਡੀਆ ਸਟੋਰੀ, ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਦੇ ਸਹਿਯੋਗ ਨਾਲ਼ ਇੰਡੀਆ ਫਾਊਂਡੇਸ਼ਨ ਫ਼ਾਰ ਆਰਟਸ ਵੱਲੋਂ ਆਰਕਾਈਵ ਐਂਡ ਮਿਊਜ਼ੀਅਮ ਪ੍ਰੋਗਰਾਮ ਤਹਿਤ ਚਲਾਏ ਜਾ ਰਹੇ ਇੱਕ ਪ੍ਰੋਜੈਕਟ 'ਇੰਫਲੂਇੰਸ਼ੀਅਲ ਸ਼ਾਹੀਰਸ, ਨੈਰੇਟਿਵਸ ਫ਼ਰਾਮ ਮਰਾਠਵਾੜਾ' ਦਾ ਇੱਕ ਹਿੱਸਾ ਹੈ। ਇਸ ਪ੍ਰੋਜੈਕਟ ਨੂੰ ਨਵੀਂ ਦਿੱਲੀ ਸਥਿਤ ਗੇਟੇ ਸੰਸਥਾ (ਮੈਕਸ ਮੂਲਰ ਭਵਨ) ਵੱਲੋਂ ਵੀ ਅੰਸ਼ਕ ਸਹਿਯੋਗ ਪ੍ਰਾਪਤ ਹੋਇਆ ਹੈ।

ਤਰਜਮਾ: ਕਮਲਜੀਤ ਕੌਰ

Keshav Waghmare

Keshav Waghmare is a writer and researcher based in Pune, Maharashtra. He is a founder member of the Dalit Adivasi Adhikar Andolan (DAAA), formed in 2012, and has been documenting the Marathwada communities for several years.

Other stories by Keshav Waghmare
Illustration : Labani Jangi

Labani Jangi is a 2020 PARI Fellow, and a self-taught painter based in West Bengal's Nadia district. She is working towards a PhD on labour migrations at the Centre for Studies in Social Sciences, Kolkata.

Other stories by Labani Jangi
Editor : Vinutha Mallya

Vinutha Mallya is a journalist and editor. She was formerly Editorial Chief at People's Archive of Rural India.

Other stories by Vinutha Mallya
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur