ਇੱਕ ਵਿਅਕਤੀ ਆਪਣੀ ਸੱਤ ਸਾਲਾ ਧੀ ਦੇ ਨਾਲ਼ ਪੰਧੜਪੁਰ ਵੱਲ ਪੈਦਲ ਤੁਰਦਾ ਜਾ ਰਿਹਾ ਹੈ, ਉਨ੍ਹਾਂ ਦੀ ਯਾਤਰਾ ਉਸ ਤੀਰਥ ਵੱਲ ਹੈ ਜਿੱਥੇ ਹਰ ਸਾਲ ਅਸ਼ਾਧੀ ਵਾੜੀ ਤਿਓਹਾਰ ਬੜੀ ਸ਼ਰਧਾ ਤੇ ਧੂਮਧਾਮ ਨਾਲ਼ ਮਨਾਇਆ ਜਾਂਦਾ ਹੈ, ਜਿੱਥੇ ਰਾਜ ਭਰ 'ਚੋਂ ਹਜ਼ਾਰਾਂ-ਹਜ਼ਾਰ ਸ਼ਰਧਾਲੂ ਭਗਵਾਨ ਵਿਠੱਲ ਦੇ ਮੰਦਰ ਆਉਂਦੇ ਹਨ। ਰਸਤੇ ਵਿੱਚ ਉਹ ਲਾਤੂਰ ਦੇ ਪਿੰਡ ਮਹਿਸ਼ਗਾਓਂ ਰੁਕਣ ਦਾ ਫੈਸਲਾ ਕਰਦੇ ਹਨ। ਤਿਰਕਾਲਾਂ ਘਿਰਦਿਆਂ ਹੀ ਕੀਰਤਨ ਦੀਆਂ ਧੁਨਾਂ ਹਵਾ ਵਿੱਚ ਤੈਰਨ ਲੱਗਦੀਆਂ ਹਨ। ਛੋਟੀ ਬੱਚੀ ਘੰਟੀਆਂ ਦੀ ਖਣਖਣਾਹਟ ਸੁਣ ਆਪਣੇ ਪਿਤਾ ਨੂੰ ਪ੍ਰੋਗਰਾਮ ਵੱਲ ਜਾਣ ਦੀ ਜਿੱਦ ਕਰਨ ਲੱਗਦੀ ਹੈ।

ਉਹਦਾ ਪਿਤਾ ਥੋੜ੍ਹਾ ਝਿਜਕਦਾ ਹੈ। ''ਇੱਥੋਂ ਦੇ ਲੋਕੀਂ ਸਾਡੇ ਜਿਹੇ ਮਹਾਰ ਤੇ ਮੰਗ ਲੋਕਾਂ ਨੂੰ ਛੂੰਹਦੇ ਵੀ ਨਹੀਂ,'' ਉਹਨੇ ਧੀ ਨੂੰ ਸਮਝਾਉਣ ਦੇ ਲਹਿਜੇ ਵਿੱਚ ਕਹਿਣਾ ਸ਼ੁਰੂ ਕੀਤਾ। ''ਉਨ੍ਹਾਂ ਦੀ ਨਜ਼ਰ ਵਿੱਚ ਸਾਡੀ ਕੋਈ ਕੀਮਤ ਨਹੀਂ। ਉਹ ਸਾਨੂੰ ਅੰਦਰ ਨਹੀਂ ਵੜ੍ਹਨ ਦੇਣਗੇ।'' ਪਰ ਧੀ ਮੰਨਣ ਨੂੰ ਤਿਆਰ ਨਹੀਂ ਹੁੰਦੀ। ਅਖੀਰ ਪਿਤਾ ਇਸ ਸ਼ਰਤ ਨਾਲ਼ ਧੀ ਦੀ ਗੱਲ ਮੰਨ ਲੈਂਦਾ ਹੈ ਕਿ ਉਹ ਦੂਰ ਖੜ੍ਹੇ ਰਹਿ ਕੇ ਪ੍ਰਦਰਸ਼ਨ ਦੇਖਣਗੇ। ਛਣਕਣਿਆਂ ਦੀ ਅਵਾਜ਼ ਦਾ ਪਿੱਛਾ ਕਰਦੇ-ਕਰਦੇ ਉਹ ਪੰਡਾਲ ਵਿੱਚ ਪਹੁੰਚ ਜਾਂਦੇ ਹਨ। ਉਹ ਦੋਵੇਂ ਕੀ ਦੇਖਦੇ ਹਨ ਕਿ ਕੀਰਤਨ ਕਰਨ ਵਿੱਚ ਲੀਨ ਮਹਾਰਾਜ ਖੰਜੀਰੀ ਵਜਾ ਰਹੇ ਹਨ। ਛੇਤੀ ਹੀ ਛੋਟੀ ਬੱਚੀ ਸਟੇਜ 'ਤੇ ਜਾਣ ਨੂੰ ਬੇਚੈਨ ਹੋ ਉੱਠਦੀ ਹੈ। ਯਕਦਮ ਬਗੈਰ ਦੱਸੇ ਉਹ ਸਟੇਜ ਵੱਲ ਛੂਟ ਵੱਟ ਜਾਂਦੀ ਹੈ।

''ਮੈਂ ਇੱਕ ਭਾਰੂਦ (ਸਮਾਜਿਕ ਗਿਆਨ ਲਈ ਰਚੇ ਗੀਤਾਂ ਵਿੱਚ ਹਾਸੇ ਤੇ ਵਿਅੰਗ ਦਾ ਪ੍ਰਾਚੀਨ ਕਵਿਤਾ ਰੂਪ) ਗਾਉਣਾ ਚਾਹੁੰਦੀ ਹਾਂ,'' ਉਹ ਸਟੇਜ 'ਤੇ ਕੀਰਤਨ ਕਰਨ ਵਾਲ਼ੇ ਸੰਤ ਨੂੰ ਕਹਿੰਦੀ ਹੈ। ਦਰਸ਼ਕ ਸੁੰਨ੍ਹ ਹੋ ਜਾਂਦੇ ਹਨ। ਪਰ ਮਹਾਰਾਜ ਉਹਨੂੰ ਗਾਉਣ ਦੀ ਆਗਿਆ ਦਿੰਦਾ ਹੈ। ਅਗਲੇ ਕੁਝ ਪਲਾਂ ਲਈ ਸਟੇਜ ਛੋਟੀ ਲੜਕੀ ਹਵਾਲ਼ੇ ਹੋ ਜਾਂਦਾ ਹੈ, ਲੈਅ ਵਾਸਤੇ ਧਾਤੂ ਦਾ ਘੜਾ ਵਜਾਉਂਦਿਆਂ ਉਹ ਗੀਤ ਪੇਸ਼ ਕਰਨ ਲੱਗਦੀ ਹੈ ਜੋ ਉਸੇ ਮਹਾਰਾਜ ਦੁਆਰਾ ਲਿਖਿਆ ਤੇ ਕੰਪੋਜ਼ ਕੀਤਾ ਗਿਆ ਹੁੰਦਾ ਹੈ।

माझा रहाट गं साजनी
गावू चौघी जनी
माझ्या रहाटाचा कणा
मला चौघी जनी सुना

ਖੂਹ ‘ਤੇ ਹਰਟ ਨੇ ਪਿਆਰੀ,
ਆਓ ਚਾਰੇ ਰਲ਼ ਗਾਈਏ ਇਓਂ
ਹਰਟ ਹੋਵੇ ਤੇ ਇਹਦੀ ਰੱਸੀ
ਹੋਵਣ ਮੇਰੀਆਂ ਚਾਰੇ ਨੂੰਹਾਂ ਜਿਓਂ

ਬੱਚੀ ਦੀ ਗਾਇਕੀ ਤੋਂ ਪ੍ਰਭਾਵਿਤ ਹੋ ਕੇ ਸੰਤ ਨੇ ਖੰਜੀਰੀ ਉਸ ਨੂੰ ਸੌਂਪਦਿਆਂ ਕਿਹਾ,"ਮੇਰਾ ਅਸ਼ੀਰਵਾਦ ਸਦਾ ਤੇਰੇ ਨਾਲ਼ ਰਹੇਗਾ। ਤੂੰ ਆਪਣੀ ਗਾਇਕੀ ਨਾਲ਼ ਇਸ ਦੁਨੀਆ ਦਾ ਹਨ੍ਹੇਰਾ ਦੂਰ ਕਰੇਂਗੀ।''

ਮੀਰਾ ਉਮਾਪ ਦੀ ਰਵਾਇਤੀ ਭਾਰੂਦ ਗਾਉਂਦਿਆਂ ਵੀਡੀਓ ਦੇਖੋ, ਜੋ ਵਿਅੰਗ ਅਤੇ ਰੂਪਕਾਂ ਦੀ ਵਰਤੋਂ ਲਈ ਜਾਣੀ ਜਾਂਦੀ ਹੈ, ਜਿਸ ਦੀਆਂ ਬਹੁਤ ਸਾਰੀਆਂ ਵਿਆਖਿਆਵਾਂ ਹਨ

ਇਹ 1975 ਦੀ ਗੱਲ ਹੈ। ਤੁਕਾਡੋਜੀ ਮਹਾਰਾਜ ਪੇਂਡੂ ਜੀਵਨ ਦੇ ਮਾੜੇ ਰੀਤੀ-ਰਿਵਾਜਾਂ ਅਤੇ ਖਤਰਿਆਂ ਅਤੇ ਅੱਗੇ ਵਧਣ ਦੇ ਰਸਤੇ ਬਾਰੇ ਪਿੰਡ ਦੇ ਗੀਤ ਵਿੱਚ ਸੰਕਲਿਤ ਆਪਣੀਆਂ ਕਵਿਤਾਵਾਂ ਲਈ ਜਾਣੇ ਜਾਂਦੇ ਸਨ। ਹੁਣ 50 ਸਾਲ ਬਾਅਦ ਵੀ ਉਹੀ ਛੋਟੀ ਬੱਚੀ ਆਪਣੀ ਪੇਸ਼ਕਾਰੀ ਨਾਲ਼ ਸਟੇਜ 'ਤੇ ਅੱਗ ਲਾ ਦਿੰਦੀ ਹੈ। ਨੌਵਾਰੀ ਸੂਤੀ ਸਾੜੀ ਪਹਿਨੀ, ਮੱਥੇ 'ਤੇ ਇੱਕ ਵੱਡੀ ਬਿੰਦੀ ਲਾਈ, ਖੱਬੇ ਹੱਥ ਵਿੱਚ ਦਿਮਾੜੀ ਨਾਂ ਦਾ ਇੱਕ ਛੋਟਾ ਜਿਹਾ ਸਾਜ਼ ਫੜ੍ਹੀ, ਮੀਰਾ ਉਮਾਪ ਭੀਮ ਗੀਤ ਗਾਉਂਦੀ ਹੈ, ਜਦੋਂ ਕਿ ਉਸਦੇ ਸੱਜੇ ਹੱਥ ਦੀਆਂ ਉਂਗਲਾਂ ਚਮੜੀ ਦੇ ਪਰਦੇ/ਝਿੱਲੀ 'ਤੇ ਤਾਲਬੱਧ ਅਤੇ ਜੋਸ਼ ਨਾਲ਼ ਨੱਚਦੀਆਂ ਹਨ; ਉਹਦੇ ਹੱਥੀਂ ਕੱਚ ਦੀਆਂ ਵੰਞਾਂ ਉਸ ਸਾਜ਼ ਦੇ ਕਿਨਾਰੇ ਬੰਨ੍ਹੀਆਂ ਘੰਟੀਆਂ ਨਾਲ਼ ਸੁਰ ਮਿਲਾਉਂਦੀਆਂ ਜਾਪਦੀਆਂ ਹਨ ਜੋ ਉਹ ਲੈਅ ਪੈਦਾ ਕਰਨ ਲਈ ਵਜਾ ਰਹੀ ਹੁੰਦੀ ਹੈ। ਯਕਦਮ ਹਰ ਸ਼ੈਅ ਜੀਵੰਤ ਹੋ ਉੱਠਦੀ ਹੈ।

खातो तुपात पोळी भीमा तुझ्यामुळे
डोईवरची
गेली मोळी भीमा तुझ्यामुळे
काल
माझी माय बाजारी जाऊन
जरीची
घेती चोळी भीमा तुझ्यामुळे
साखर
दुधात टाकून काजू दुधात खातो
भिकेची
गेली झोळी भीमा तुझ्यामुळे

ਭੀਮ ਬੱਸ ਤੇਰੇ ਕਰਕੇ ਹੀ, ਮੈਂ ਰੋਟੀਆਂ ਪਈ ਚੋਪੜ ਕੇ ਖਾਵਾਂ
ਭੀਮ ਬੱਸ ਤੇਰੇ ਕਰਕੇ ਹੀ, ਹੁਣ ਮੈਂ ਬਾਲਣ ਨਾ ਢੋਹਵਾਂ
ਮਾਂ ਕੱਲ੍ਹ ਬਜ਼ਾਰ ਗਈ ਸੀ
ਤੇ ਖਰੀਦ ਲਿਆਈ ਜ਼ਰੀ ਦੀ ਚੋਲੀ, ਭੀਮ ਬੱਸ ਤੇਰੇ ਕਰਕੇ
ਭੀਮ ਬੱਸ ਤੇਰੇ ਕਰਕੇ ਹੀ ਮੈਂ ਖੰਡ ਰਲ਼ੇ ਦੁੱਧ ਨਾਲ਼ ਕਾਜੂ ਪਈ ਖਾਵਾਂ
ਭੀਮ ਬੱਸ ਤੇਰੇ ਕਰਕੇ ਹੀ ਮੈਂ ਭੀਖ ਦਾ ਭਾਂਡਾ ਹੈ ਲਾਂਭੇ ਰੱਖ ਸਕੀ

*****

ਮੀਰਾਬਾਈ ਨੂੰ ਆਪਣੇ ਜਨਮ ਦੀ ਤਾਰੀਕ ਤਾਂ ਪਤਾ ਨਹੀਂ, ਪਰ ਵਰ੍ਹਾ 1965 ਸੀ ਇੰਨਾ ਜ਼ਰੂਰ ਚੇਤਾ ਹੈ। ਉਨ੍ਹਾਂ ਦਾ ਜਨਮ ਮਹਾਰਾਸ਼ਟਰ ਦੇ ਅੰਤਰਵਾਲ਼ੀ ਪਿੰਡ ਦੇ ਇੱਕ ਗਰੀਬ ਮਤੰਗ ਪਰਿਵਾਰ ਵਿੱਚ ਹੋਇਆ ਸੀ। ਰਾਜ ਵਿੱਚ ਅਨੁਸੂਚਿਤ ਜਾਤੀਆਂ ਵਜੋਂ ਪਛਾਣੇ ਗਏ ਮਤੰਗਾਂ ਨੂੰ ਇਤਿਹਾਸਕ ਤੌਰ 'ਤੇ 'ਅਛੂਤ' ਮੰਨਿਆ ਜਾਂਦਾ ਰਿਹਾ ਹੈ। ਜਾਤੀ ਕ੍ਰਮ ਵਿੱਚ, ਇਨ੍ਹਾਂ ਲੋਕਾਂ ਦਾ ਸਥਾਨ ਸਭ ਤੋਂ ਹੇਠਾਂ ਆਉਂਦਾ ਹੈ।

ਮੀਰਾ ਦੇ ਪਿਤਾ, ਵਾਮਨਰਾਓ ਅਤੇ ਮਾਂ ਰੇਸਮਾਬਾਈ ਭਜਨ ਤੇ ਅਭੰਗ ਗਾਉਂਦਿਆਂ ਤੇ ਭੀਖ ਮੰਗਦਿਆਂ ਬੀਡ ਜ਼ਿਲ੍ਹੇ ਦੇ ਇੱਕ ਪਿੰਡ ਤੋਂ ਦੂਜੇ ਪਿੰਡ ਘੁੰਮਦੇ ਰਹਿੰਦੇ। ਭਾਈਚਾਰੇ ਵਿੱਚ, ਲੋਕਾਂ ਨੂੰ 'ਗੁਰੂ ਘਰਾਣਾ' ਨਾਲ਼ ਜੁੜੇ ਪਰਿਵਾਰ ਵਜੋਂ ਸਤਿਕਾਰ ਦਿੱਤਾ ਜਾਂਦਾ ਸੀ। ਦਲਿਤ ਭਾਈਚਾਰੇ ਵਿੱਚ ਅਜਿਹਾ ਪਰਿਵਾਰ ਬਹੁਤ ਹੀ ਸਤਿਕਾਰਯੋਗ ਮੰਨਿਆ ਜਾਂਦਾ ਹੈ ਜਿਸ ਨੂੰ ਗਾਉਣ ਦੀ ਕਲਾ ਦਾ ਗਿਆਨ ਅਤੇ ਸਿੱਖਿਆ ਦਾ ਇਲਮ ਹੋਵੇ। ਭਾਵੇਂ ਮੀਰਾਬਾਈ ਨੇ ਸਕੂਲ ਦਾ ਚਿਹਰਾ ਨਹੀਂ ਦੇਖਿਆ, ਪਰ ਉਸ ਕੋਲ਼ ਆਪਣੇ ਮਾਪਿਆਂ ਦੇ ਭਜਨਾਂ ਅਤੇ ਕੀਰਤਨਾਂ ਦਾ ਅਮੀਰ ਭੰਡਾਰ ਸੀ।

PHOTO • Vikas Sontate

ਮੀਰਾ ਉਮਾਪ ਮਹਾਰਾਸ਼ਟਰ ਦੀ ਇਕਲੌਤੀ ਮਹਿਲਾ ਸ਼ਾਹੀਰ ਹਨ ਜੋ ਦਿਮਾੜੀ ਅਤੇ ਖੰਜੀਰੀ ਵਜਾ ਕੇ ਗੀਤ ਗਾਉਂਦੀ ਹਨ। ਉਨ੍ਹਾਂ ਕੋਲ਼ ਰਵਾਇਤੀ ਤੌਰ 'ਤੇ ਸਿਰਫ਼ ਮਰਦਾਂ ਦੁਆਰਾ ਵਜਾਏ ਜਾਣ ਵਾਲ਼ੇ ਸਾਜ਼ ਵਜਾਉਣ ਦਾ ਸ਼ਾਨਦਾਰ ਹੁਨਰ ਹੈ

ਪਤੀ-ਪਤਨੀ ਨੂੰ ਆਪਣੇ ਅੱਠ ਬੱਚਿਆਂ - ਪੰਜ ਧੀਆਂ ਅਤੇ ਤਿੰਨ ਪੁੱਤਾਂ ਦਾ ਪਾਲਣ ਪੋਸ਼ਣ ਕਰਨਾ ਬਹੁਤ ਮੁਸ਼ਕਲ ਹੋ ਰਿਹਾ ਸੀ। ਬੱਚਿਆਂ ਵਿੱਚੋਂ ਸਭ ਤੋਂ ਵੱਡੀ ਮੀਰਾਬਾਈ ਸੱਤ ਸਾਲ ਦੀ ਉਮਰ ਵਿੱਚ ਆਪਣੇ ਮਾਪਿਆਂ ਨਾਲ਼ ਗਾਉਣ ਜਾਂਦੀ ਸੀ। ਵਾਮਨਰਾਓ ਏਕਤਾਰੀ ਅਤੇ ਉਨ੍ਹਾਂ ਦੇ ਛੋਟੇ ਭਰਾ ਭਾਊਰਾਓ ਦਿਮਾੜੀ ਵਜਾਉਂਦੇ। "ਮੇਰੇ ਪਿਤਾ ਅਤੇ ਚਾਚਾ ਦੋਵੇਂ ਇਕੱਠੇ ਭੀਖ ਮੰਗਦੇ ਸਨ," ਉਹ ਸਾਨੂੰ ਆਪਣੇ ਗਾਉਣ ਦੀ ਯਾਤਰਾ ਦੀ ਕਹਾਣੀ ਦੱਸਦੀ ਹਨ। "ਇੱਕ ਵਾਰ, ਸਵੇਰ ਦੀ ਭਿੱਖਿਆ ਨੂੰ ਵੰਡਣ ਲੱਗਿਆਂ ਦੋਵਾਂ ਵਿਚਾਲੇ ਐਸਾ ਝਗੜਾ ਹੋਇਆ ਕਿ ਦੋਵਾਂ ਦੇ ਰਾਹ ਅੱਡ-ਅੱਡ ਹੋ ਗਏ।''

ਉਸ ਦਿਨ ਤੋਂ ਬਾਅਦ, ਉਨ੍ਹਾਂ ਦਾ ਚਾਚਾ ਬੁਲਦਾਨਾ ਚਲਾ ਗਿਆ ਅਤੇ ਉਨ੍ਹਾਂ ਦੇ ਪਿਤਾ ਨੇ ਆਪਣੀ ਧੀ ਨੂੰ ਆਪਣੇ ਨਾਲ਼ ਲੈ ਜਾਣਾ ਸ਼ੁਰੂ ਕਰ ਦਿੱਤਾ। ਮੀਰਾ ਆਪਣੀ ਕੋਮਲ ਆਵਾਜ਼ ਨਾਲ਼ ਆਪਣੇ ਪਿਤਾ ਦੇ ਮਗਰ-ਮਗਰ ਗਾਇਆ ਕਰਦੀ। ਉਸਨੇ ਗਾਉਂਦੇ ਹੋਏ ਬਹੁਤ ਸਾਰੇ ਭਗਤੀ ਗੀਤ ਸਿੱਖੇ। "ਮੇਰੇ ਪਿਤਾ ਨੂੰ ਹਮੇਸ਼ਾਂ ਵਿਸ਼ਵਾਸ ਸੀ ਕਿ ਮੈਂ ਇੱਕ ਦਿਨ ਗਾਇਕਾ ਬਣਾਂਗੀ," ਉਹ ਕਹਿੰਦੀ ਹਨ।

ਫਿਰ ਜਦੋਂ ਉਹ ਪਸ਼ੂ ਚਰਾਉਣ ਜਾਇਆ ਕਰਦੀ ਤਾਂ ਉਸੇ ਵੇਲ਼ੇ ਉਨ੍ਹਾਂ ਨੇ ਦਿਮਾੜੀ ਵਜਾਉਣੀ ਸਿੱਖਣੀ ਸ਼ੁਰੂ ਕੀਤੀ। "ਜਦੋਂ ਮੈਂ ਛੋਟੀ ਸਾਂ,ਧਾਤੂ ਦੇ ਭਾਂਡੇ ਹੀ ਮੇਰੇ ਸਾਜ਼ ਹੁੰਦੇ। ਪਾਣੀ ਲਿਆਉਣ ਜਾਂਦੇ ਸਮੇਂ, ਮੇਰੀਆਂ ਉਂਗਲਾਂ ਕਲਸ਼ੀ 'ਤੇ ਵੱਜਦੀਆਂ ਹੀ ਰਹਿੰਦੀਆਂ। ਇਹ ਮੇਰੀ ਆਦਤ ਬਣ ਗਈ। ਇਸ ਤਰ੍ਹਾਂ ਮੈਂ ਜ਼ਿੰਦਗੀ ਵਿੱਚ ਸਭ ਕੁਝ ਸਿੱਖਿਆ, ਬਗੈਰ ਸਕੂਲ ਜਾਇਆਂ ਬੱਸ ਕੰਮ-ਕਾਰ ਕਰਦੇ ਵੇਲ਼ੇ" ਮੀਰਾਬਾਈ ਕਹਿੰਦੀ ਹਨ।

ਘਰ ਦੇ ਆਲ਼ੇ-ਦੁਆਲ਼ੇ ਬਹੁਤ ਸਾਰੀਆਂ ਭਜਨ ਮੰਡਲੀਆਂ ਸਨ। ਮੀਰਾਬਾਈ ਵੀ ਟੀਮਾਂ ਵਿੱਚ ਸ਼ਾਮਲ ਹੋ ਗਈ। ਉਸ ਨੇ ਵੀ ਉਨ੍ਹਾਂ ਨਾਲ਼ ਭਜਨ ਗਾਉਣੇ ਸ਼ੁਰੂ ਕਰ ਦਿੱਤੇ।

राम नाही सीतेच्या तोलाचा
राम बाई हलक्या दिलाचा

ਰਾਮ ਨਹੀਓਂ ਸੀ ਸੀਤਾ ਦੇ ਕਾਬਲ
ਵੱਡਾ ਨਹੀਂ ਸੀ ਰਾਮ ਦਾ ਦਿਲ

"ਮੈਂ ਕਦੇ ਸਕੂਲ ਨਹੀਂ ਗਈ ਪਰ ਮੈਨੂੰ ਮੂੰਹ-ਜ਼ੁਬਾਨੀ 40 ਵੱਖ-ਵੱਖ ਰਾਮਾਇਣਾਂ ਪਤਾ ਹਨ। ਸ਼ਰਵਣ ਬਾਲਾ, ਮਹਾਭਾਰਤ ਦੇ ਪਾਂਡਵਾਂ ਦੀ ਕਹਾਣੀ ਅਤੇ ਕਬੀਰਾਂ ਦੇ ਸੈਂਕੜੇ ਦੋਹੇ ਵੀ ਮੇਰੇ ਦਿਮਾਗ਼ ਅੰਦਰ ਪਏ ਹਨ। ਹਰ ਚੀਜ਼ ਮੇਰੇ ਦਿਮਾਗ ਵਿੱਚ ਛਾਪੀ ਹੋਈ ਹੈ," ਉਹ ਕਹਿੰਦੀ ਹਨ। ਉਨ੍ਹਾਂ ਦੇ ਅਨੁਸਾਰ ਰਾਮਾਇਣ ਕੋਈ ਕਹਾਣੀ ਨਹੀਂ ਹੈ ਇਹ ਤਾਂ ਲੋਕਾਂ ਦੁਆਰਾ ਉਨ੍ਹਾਂ ਦੇ ਸੱਭਿਆਚਾਰ, ਵਿਸ਼ਵ ਦ੍ਰਿਸ਼ਟੀਕੋਣ ਅਤੇ ਨਿਰੀਖਣਾਂ ਦੇ ਅਨੁਸਾਰ ਘੜ੍ਹੀ ਗਈ ਗਾਥਾ ਹੈ। ਬਹੁਤ ਸਾਰੇ ਭਾਈਚਾਰਿਆਂ ਦੁਆਰਾ ਦਰਪੇਸ਼ ਇਤਿਹਾਸਕ ਚੁਣੌਤੀਆਂ ਅਤੇ ਨੁਕਸਾਨਾਂ ਨੇ ਇਨ੍ਹਾਂ ਮਹਾਂਕਾਵਾਂ ਵਿੱਚ ਤਬਦੀਲੀਆਂ ਲਿਆਂਦੀਆਂ ਹਨ। ਇਨ੍ਹਾਂ ਦੇ ਪਾਤਰ ਇਕੋ ਜਿਹੇ ਹਨ ਪਰ ਕਹਾਣੀਆਂ ਬਹੁ-ਰੰਗੀ ਅਤੇ ਬਹੁਪੱਖੀ ਹਨ।

ਮੀਰਾਬਾਈ ਵੀ ਇਸ ਨੂੰ ਸਥਿਤੀ ਦੇ ਅਨੁਸਾਰ ਪੇਸ਼ ਕਰਦੀ ਹਨ। ਉਨ੍ਹਾਂ ਦੀ ਕਹਾਣੀ ਉੱਚ ਜਾਤੀਆਂ ਨਾਲ਼ੋਂ ਵੱਖਰੀ ਹੈ। ਉਨ੍ਹਾਂ ਦੀ ਰਾਮਾਇਣ ਦੇ ਕੇਂਦਰ ਵਿੱਚ ਇੱਕ ਦਲਿਤ ਹੈ, ਇੱਕ ਔਰਤ ਹੈ। ਰਾਮ ਨੇ ਸੀਤਾ ਨੂੰ ਜਲਾਵਤਨ ਵਿੱਚ ਇਕੱਲਿਆਂ ਕਿਉਂ ਛੱਡ ਦਿੱਤਾ? ਉਸਨੇ ਸ਼ੰਭੂਕਾ ਅਤੇ ਵਲੀ ਨੂੰ ਕਿਉਂ ਮਾਰਿਆ? ਇਸ ਤਰ੍ਹਾਂ ਉਹ ਆਪਣੀਆਂ ਕਹਾਣੀਆਂ ਪੇਸ਼ ਕਰਦੀ ਹੋਈ ਅਤੇ ਮਹਾਂਕਾਵਿ ਦੀਆਂ ਪ੍ਰਸਿੱਧ ਕਹਾਣੀਆਂ ਦੀ ਤਰਕਸੰਗਤ ਵਿਆਖਿਆ ਕਰਦੇ ਹੋਏ ਆਪਣੇ ਦਰਸ਼ਕਾਂ ਦੇ ਸਾਹਮਣੇ ਬਹੁਤ ਸਾਰੇ ਸਵਾਲ ਪੁੱਛਦੀ ਹਨ। "ਮੈਂ ਇਨ੍ਹਾਂ ਕਹਾਣੀਆਂ ਨੂੰ ਪੇਸ਼ ਕਰਨ ਵੇਲ਼ੇ ਹਾਸੇ-ਮਜ਼ਾਕ ਦਾ ਸਹਾਰਾ ਵੀ ਲੈਂਦੀ ਹਾਂ," ਉਹ ਕਹਿੰਦੇ ਹਨ।

PHOTO • Ramdas Unhale
PHOTO • Labani Jangi

ਖੱਬੇ: ਮੀਰਾ ਉਮਾਪ ਸੱਤ ਸਾਲ ਦੀ ਉਮਰੇ ਇੱਕ ਪ੍ਰਦਰਸ਼ਨ ਦੌਰਾਨ ਸੰਤ ਕਵੀ ਟੁਕਡੋਜੀ ਮਹਾਰਾਜ ਦੁਆਰਾ ਤੋਹਫ਼ੇ ਵਜੋਂ ਦਿੱਤੀ ਗਈ ਖੰਜੀਰੀ ਨਾਲ਼। ਸੱਜੇ: ਦਿਮਾੜੀ ਤੋਂ ਇਲਾਵਾ, ਲੱਕੜ ਦਾ ਛੱਲਾ/ਗੋਲ਼ਾਕਾਰ ਤੇ ਅਤੇ ਚਮੜੇ ਦੇ ਪਰਦੇ ਤੋਂ ਬਣਿਆ ਇੱਕ ਛੋਟਾ ਜਿਹਾ ਥਪਕੀ ਸਾਜ਼ ਵੀ ਮੀਰਾਬਾਈ ਵਜਾਉਂਦੀ ਹਨ। ਦਿਮਾੜੀ ਦੇ ਉਲਟ ਖੰਜੀਰੀ ਵਿੱਚ ਬਾਹਰੀ ਰਿੰਗ ਵਿੱਚ ਵਾਧੂ ਧਾਤੂ ਦੇ ਛਣਕਣੇ ਜਾਂ ਘੁੰਗਰੂ ਲੱਗੇ ਹੁੰਦੇ ਹਨ। ਲੋਕ ਕਲਾਕਾਰ ਦੇਵਤਿਆਂ ਦੀਆਂ ਕਹਾਣੀਆਂ ਸੁਣਾਉਂਦੇ ਸਮੇਂ ਇਸ ਦੀ ਵਰਤੋਂ ਕਰਦੇ ਹਨ ਅਤੇ ਉਨ੍ਹਾਂ ਦੀ ਪੂਜਾ ਦਾ ਇੱਕ ਜ਼ਰੂਰੀ ਹਿੱਸਾ ਮੰਨਿਆ ਜਾਂਦਾ ਹੈ

ਸੰਗੀਤ ਦੀ ਡੂੰਘੀ ਭਾਵਨਾ ਅਤੇ ਤਕਨੀਕ ਅਤੇ ਪੇਸ਼ਕਾਰੀ ਦੀ ਬਿਹਤਰ ਸਮਝ ਦੇ ਨਾਲ਼, ਮੀਰਾਬਾਈ ਦੇ ਸੰਗੀਤ ਨੇ ਆਪਣਾ ਇੱਕ ਉੱਚ ਪੱਧਰ ਲੱਭ ਲਿਆ ਹੈ। ਪ੍ਰਭਾਵਸ਼ਾਲੀ ਸੰਤ ਕਵੀ ਅਤੇ ਸੁਧਾਰਕ ਤੁਕਾਡੋਜੀ ਮਹਾਰਾਜ ਦੇ ਨਕਸ਼ੇ ਕਦਮਾਂ ਅਤੇ ਸ਼ੈਲੀ 'ਤੇ ਚੱਲਦੇ ਹੋਏ, ਵਿਦਰਭ ਅਤੇ ਮਰਾਠਵਾੜਾ ਵਿੱਚ ਜਿਨ੍ਹਾਂ ਦੇ ਵੱਡੀ ਗਿਣਤੀ ਵਿੱਚ ਪੈਰੋਕਾਰ ਹਨ, ਮੀਰਾਬਾਈ ਨੇ ਖੁਦ ਵੀ ਕਈ ਉਚਾਈਆਂ ਨੂੰ ਛੂਹਿਆ ਹੈ।

ਤੁਕਾਡੋਜੀ ਮਹਾਰਾਜ ਆਪਣੇ ਕੀਰਤਨ ਪ੍ਰਦਰਸ਼ਨਾਂ ਵਿੱਚ ਖੰਜੀਰੀ ਵਜਾਉਂਦੇ ਸਨ। ਉਨ੍ਹਾਂ ਦਾ ਚੇਲਾ ਸੱਤਿਆਪਾਲ ਚਿੰਚੋਲੀਕਰ ਸਪਤ-ਖੰਜੀਰੀ ਵਜਾਉਂਦਾ ਹੈ, ਜਿਸ ਵਿੱਚ ਸੱਤ ਖੰਜੀਰੀਆਂ ਵੱਖ-ਵੱਖ ਧੁਨ ਅਤੇ ਆਵਾਜ਼ਾਂ ਕੱਢਦੀਆਂ ਹਨ। ਸਾਂਗਲੀ ਦੇ ਦੇਵਾਨੰਦ ਮਾਲੀ ਅਤੇ ਸਤਾਰਾ ਦੇ ਮਲਾਰੀ ਗਜਭਰੇ ਨੇ ਵੀ ਇਹੀ ਸਾਜ਼ ਵਜਾਇਆ। ਪਰ ਮੀਰਾਬਾਈ ਉਮਾਪ ਇਕਲੌਤੀ ਔਰਤ ਹਨ ਜੋ ਇਸ ਤਰੀਕੇ ਨਾਲ਼ ਖੰਜੀਰੀ ਵਜਾਉਂਦੀ ਹਨ ਅਤੇ ਇਹੀ ਹੁਨਰ ਉਨ੍ਹਾਂ ਨੂੰ ਦੂਜਿਆਂ ਤੋਂ ਵੱਖਰਾ ਬਣਾਉਂਦਾ ਹੈ।

ਲਾਤੂਰ ਦੇ ਸ਼ਾਹੀਰ ਰਤਨਾਕਰ ਕੁਲਕਰਨੀ, ਜੋ ਗੀਤ ਲਿਖਣ ਤੋਂ ਇਲਾਵਾ ਦਾਫ (ਜ਼ਿਆਦਾਤਰ ਸ਼ਾਹੀਰਾਂ ਦੁਆਰਾ ਵਰਤਿਆ ਜਾਣ ਵਾਲ਼ਾ ਸਾਜ਼) ਵਜਾਉਂਦੇ ਸਨ, ਨੇ ਇੱਕ ਵਾਰ ਮੀਰਾਬਾਈ ਨੂੰ ਬਹੁਤ ਹੁਨਰ ਨਾਲ਼ ਖੰਜੀਰੀ ਵਜਾਉਂਦੇ ਅਤੇ ਸੁਰੀਲੇ ਗਾਉਂਦੇ ਹੋਏ ਦੇਖਿਆ ਸੀ। ਫਿਰ ਉਨ੍ਹਾਂ ਨੇ ਮੀਰਾ ਨੂੰ ਸ਼ਾਹੀਰੀ (ਸਮਾਜਿਕ ਗਿਆਨ ਦੇ ਗੀਤ) ਗਾਉਣ ਲਈ ਪ੍ਰੇਰਿਤ ਕਰਨ ਦਾ ਫੈਸਲਾ ਕੀਤਾ। ਇੰਝ ਮੀਰਾਬਾਈ ਨੇ ਸ਼ਾਹੀਰੀ ਵਿੱਚ ਪ੍ਰਵੇਸ਼ ਕੀਤਾ ਜਦੋਂ ਉਹ 20 ਸਾਲ ਦੀ ਸਨ ਅਤੇ ਬੀਡ ਜ਼ਿਲ੍ਹੇ ਵਿੱਚ ਸਰਕਾਰੀ ਸਮਾਗਮਾਂ ਵਿੱਚ ਪ੍ਰਦਰਸ਼ਨ ਕਰਦੀ ਸਨ।

"ਮੈਨੂੰ ਸਾਰੀਆਂ ਧਾਰਮਿਕ ਲਿਖਤਾਂ ਮੂੰਹ-ਜ਼ੁਬਾਨੀ ਯਾਦ ਸਨ। ਕਥਾ , ਸਪਤਾਹ , ਰਾਮਾਇਣ, ਮਹਾਭਾਰਤ, ਸੱਤਿਆਵਾਨ ਅਤੇ ਸਾਵਿਤਰੀ ਦੀ ਕਹਾਣੀ, ਮਹਾਦੇਵ ਦੇ ਸਾਰੇ ਗੀਤ ਅਤੇ ਕਹਾਣੀਆਂ ਅਤੇ ਪੁਰਾਣ ਮੈਨੂੰ ਰਟੇ ਹੋਏ ਸਨ," ਉਹ ਕਹਿੰਦੀ ਹਨ। ''ਮੈਂ ਉਨ੍ਹਾਂ ਦੀ ਵਿਆਖਿਆ ਕਰਦੀ, ਉਨ੍ਹਾਂ ਨੂੰ ਗਾਉਂਦੀ ਅਤੇ ਰਾਜ ਦੇ ਹਰ ਕੋਨੇ ਵਿੱਚ ਪੇਸ਼ ਕਰਦੀ ਰਹੀ। ਪਰ ਇਸ ਨੇ ਮੈਨੂੰ ਕਦੇ ਵੀ ਸੁਰਖਰੂ ਨਾ ਕੀਤਾ ਤੇ ਨਾ ਹੀ ਸੰਤੁਸ਼ਟੀ ਦੀ ਭਾਵਨਾ ਹੀ ਦਿੱਤੀ। ਇਨ੍ਹਾਂ ਗੀਤਾਂ ਨੇ ਸੁਣਨ ਵਾਲ਼ੇ ਲੋਕਾਂ ਨੂੰ ਕੋਈ ਨਵਾਂ ਰਸਤਾ ਨਹੀਂ ਦਿਖਾਇਆ।''

ਬੁੱਧ, ਫੂਲੇ, ਸ਼ਾਹੂ, ਅੰਬੇਡਕਰ, ਤੁਕਾਡੋਜੀ ਮਹਾਰਾਜ ਅਤੇ ਗਡਗੇ ਬਾਬਾ ਨੇ ਬਹੁਜਨ ਭਾਈਚਾਰਿਆਂ ਦੀਆਂ ਸਮਾਜਿਕ ਸਮੱਸਿਆਵਾਂ ਅਤੇ ਬੇਚੈਨੀ ਬਾਰੇ ਗੱਲ ਕੀਤੀ, ਜਿਸ ਨੇ ਮੀਰਾਬਾਈ ਦੇ ਦਿਲ ਨੂੰ ਛੂਹ ਲਿਆ। "ਵਿਜੇ ਕੁਮਾਰ ਗਵਈ ਨੇ ਮੈਨੂੰ ਪਹਿਲਾ ਭੀਮ ਗੀਤ ਸਿਖਾਇਆ। ਪਹਿਲੀ ਵਾਰ ਮੈਂ ਵਾਮਨ ਦਾਦਾ ਕੜਦਕ ਦਾ ਗਾਣਾ ਗਾਇਆ ਸੀ," ਮੀਰਾਬਾਈ ਯਾਦ ਕਰਦੀ ਹਨ।

पाणी वाढ गं माय, पाणी वाढ गं
लयी नाही मागत भर माझं इवलंसं गाडगं
पाणी वाढ गं माय, पाणी वाढ गं

ਮੈਨੂੰ ਪਾਣੀ ਦੇ ਦੇ, ਸਹੇਲੀ, ਮੈਨੂੰ ਪਾਣੀ ਦੇ ਦੇ
ਬਹੁਤਾ ਨਈਂਓਂ ਮੰਗਦੀ, ਬੱਸ ਇੱਕ ਕੁੱਜਾ ਭਰਦੇ ਮੇਰਾ
ਮੈਨੂੰ ਪਾਣੀ ਦੇ ਦੇ, ਸਹੇਲੀ, ਮੈਨੂੰ ਪਾਣੀ ਦੇ ਦੇ

"ਉਸ ਦਿਨ ਤੋਂ, ਮੈਂ ਪੋਥੀ ਪੁਰਾਣ (ਕਿਤਾਬੀ ਗਿਆਨ) ਦੇ ਸਾਰੇ ਗੀਤ ਗਾਉਣੇ ਬੰਦ ਕਰ ਦਿੱਤੇ ਅਤੇ ਭੀਮ ਗੀਤ ਗਾਉਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਨੇ ਬਾਬਾ ਸਾਹਿਬ ਅੰਬੇਡਕਰ ਦੀ ਜਨਮ ਸ਼ਤਾਬਦੀ ਦਾ ਸਾਲ 1991 ਭੀਮ ਗੀਤਾਂ ਨੂੰ ਸਮਰਪਿਤ ਕਰ ਦਿੱਤਾ।  ਉਹ ਅਜਿਹੇ ਭੀਮ ਗੀਤ ਗਾਉਂਦੀ ਜੋ ਬਾਬਾ ਸਾਹਿਬ ਦਾ ਧੰਨਵਾਦ ਕਰਦੇ ਹੋਏ ਆਪਣਾ ਸੰਦੇਸ਼ ਫੈਲਾਉਂਦੇ ਸਨ। ਸ਼ਾਹੀਰ ਮੀਰਾਬਾਈ ਕਹਿੰਦੀ ਹਨ, "ਲੋਕਾਂ ਨੇ ਇਸ ਨੂੰ ਪਸੰਦ ਕੀਤਾ ਅਤੇ ਬਹੁਤ ਉਤਸ਼ਾਹ ਨਾਲ਼ ਜਵਾਬ ਦਿੱਤਾ।''

ਮੀਰਾ ਉਮਾਪ ਦੀ ਆਵਾਜ਼ ਵਿੱਚ ਭੀਮ ਗੀਤ ਸੁਣੋ

ਸ਼ਾਹੀਰ ਫਾਰਸੀ ਸ਼ਬਦ 'ਸ਼ਾਇਰ' ਜਾਂ 'ਸ਼ੇਰ' ਤੋਂ ਲਿਆ ਗਿਆ ਹੈ। ਮਹਾਰਾਸ਼ਟਰ ਦੇ ਪੇਂਡੂ ਖੇਤਰਾਂ ਵਿੱਚ, ਸ਼ਾਹੀਰਾਂ ਨੇ ਪੋਵਾੜਾ ਵਜੋਂ ਜਾਣੇ ਜਾਂਦੇ ਸ਼ਾਸਕਾਂ ਦੀ ਮਹਿਮਾ ਕਰਦੇ ਗੀਤ ਲਿਖੇ ਅਤੇ ਗਾਏ ਹਨ। ਖੰਜੀਰੀ ਨਾਲ਼ ਆਤਮਾਰਾਮ ਸਾਲਵੇ , ਹਾਰਮੋਨੀਅਮ ਨਾਲ਼ ਦਾਦੂ ਸਾਲਵੇ ਅਤੇ ਇਕਤਾਰਾ ਨਾਲ਼ ਕਡੂਬਾਈ ਖੈਰਾਤ ਨੇ ਆਪਣੇ ਗੀਤਾਂ ਰਾਹੀਂ ਦਲਿਤ ਚੇਤਨਾ ਪੈਦਾ ਕੀਤੀ ਹੈ। ਮੀਰਾਬਾਈ ਆਪਣੀ ਦਿਮਾੜੀ ਦੇ ਨਾਲ਼ ਅਜਿਹੇ ਗੀਤ ਗਾਉਣ ਵਾਲ਼ੀਆਂ ਮਹਾਰਾਸ਼ਟਰ ਦੀਆਂ ਕੁਝ ਕੁ ਵਿਰਲੀਆਂ ਮਹਿਲਾ ਸ਼ਾਹੀਰਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਈ। ਉਦੋਂ ਤੱਕ ਦਿਮਾੜੀ ਨੂੰ ਯੁੱਧ ਦਾ ਸਾਜ਼ ਮੰਨਿਆ ਜਾਂਦਾ ਸੀ, ਜੋ ਸਿਰਫ਼ ਮਰਦਾਂ ਦੁਆਰਾ ਵਜਾਇਆ ਜਾਂਦਾ ਸੀ। ਮੀਰਾਬਾਈ ਨੇ ਦਿਮਾੜੀ ਵਜਾ ਕੇ ਪੁਰਾਣੀ ਪਰੰਪਰਾ ਨੂੰ ਖਤਮ ਕਰ ਦਿੱਤਾ।

ਉਨ੍ਹਾਂ ਨੂੰ ਸਾਜ਼ ਵਜਾਉਂਦੇ ਅਤੇ ਗਾਉਂਦੇ ਸੁਣਨਾ ਇੱਕ ਵੱਖਰਾ ਹੀ ਅਹਿਸਾਸ ਹੁੰਦਾ ਹੈ। ਉਹ ਸਾਜ਼ ਦੇ ਵੱਖ-ਵੱਖ ਹਿੱਸਿਆਂ 'ਤੇ ਆਪਣੀਆਂ ਉਂਗਲਾਂ ਨਾਲ਼ ਥਪਕੀ ਦਿੰਦਿਆਂ ਵੱਖ-ਵੱਖ ਧੁਨਾ ਕੱਢ ਪੋਵਾੜਾ, ਕੀਰਤਨ, ਭਜਨ ਆਦਿ ਗਾਉਂਦੀ ਹਨ। ਉਨ੍ਹਾਂ ਦੀ ਗਾਇਕੀ ਹੌਲ਼ੀ-ਹੌਲ਼ੀ ਰਫ਼ਤਾਰ ਫੜ੍ਹਦੀ ਜਾਂਦੀ ਹੈ ਤੇ ਤੁਹਾਡੀਆਂ ਡੂੰਘਾਣਾਂ ਵਿੱਚ ਲੱਥ ਜਾਂਦੀ ਹੈ। ਇਹ ਹੁਨਰ ਉਨ੍ਹਾਂ ਦੇ ਸਮਰਪਣ ਤੋਂ ਪੈਦਾ ਹੁੰਦਾ ਹੈ, ਅਜਿਹਾ ਸਮਰਪਣ ਜਿਹਨੇ ਖੰਜੀਰੀ ਅਤੇ ਦਿਮਾੜੀ ਵਰਗੇ ਸਾਜ਼ਾਂ ਦੀ ਕਲਾ ਬਚਾ ਰੱਖਿਆ ਹੈ।

ਮੀਰਾਬਾਈ ਉਨ੍ਹਾਂ ਕੁਝ ਮਹਿਲਾ ਸ਼ਾਹੀਰਾਂ ਵਿੱਚੋਂ ਇੱਕ ਹਨ ਜੋ ਭਾਰੂਦ ਸ਼ੈਲੀ ਗਾਉਂਦੀਆਂ ਹਨ, ਜੋ ਮਹਾਰਾਸ਼ਟਰ ਦੇ ਬਹੁਤ ਸਾਰੇ ਸੰਤ ਕਵੀਆਂ ਦੁਆਰਾ ਵਰਤੀ ਜਾਂਦੀ ਇੱਕ ਲੋਕ ਧਾਰਾ ਹੈ। ਭਾਰੂਦ ਸ਼ੈਲੀ ਦੀਆਂ ਦੋ ਕਿਸਮਾਂ ਹਨ - ਭਜਨੀ ਭਾਰੂਦ ਜੋ ਧਰਮ ਅਤੇ ਅਧਿਆਤਮਿਕਤਾ ਦੇ ਦੁਆਲੇ ਘੁੰਮਦੀ ਹੈ ਅਤੇ ਸੋਨਗੀ ਭਾਰੂਦ ਜਿੱਥੇ ਮਰਦ ਔਰਤਾਂ ਦੇ ਕੱਪੜੇ ਪਹਿਨਦੇ ਹਨ ਅਤੇ ਸਟੇਜ 'ਤੇ ਪ੍ਰਦਰਸ਼ਨ ਕਰਦੇ ਹਨ। ਆਮ ਤੌਰ 'ਤੇ ਮਰਦ ਇਤਿਹਾਸਕ ਅਤੇ ਸਮਾਜਿਕ ਵਿਸ਼ਿਆਂ 'ਤੇ ਪੋਵਾੜਾ ਅਤੇ ਭਾਰੂਦ ਗਾਉਂਦੇ ਹਨ। ਪਰ ਮੀਰਾਬਾਈ ਨੇ ਇਸ ਵੰਡ ਨੂੰ ਚੁਣੌਤੀ ਦਿੱਤੀ ਅਤੇ ਸਾਰੇ ਕਲਾ ਰੂਪਾਂ ਨੂੰ ਉਸੇ ਜੋਸ਼ ਅਤੇ ਤਾਕਤ ਨਾਲ਼ ਪ੍ਰਦਰਸ਼ਿਤ ਕਰਨਾ ਸ਼ੁਰੂ ਕਰ ਦਿੱਤਾ। ਦਰਅਸਲ, ਉਨ੍ਹਾਂ ਦੀ ਆਵਾਜ਼ ਕੁਝ ਹੋਰ ਮਰਦ ਗਾਇਕਾਂ ਨਾਲ਼ੋਂ ਵਧੇਰੇ ਪ੍ਰਸਿੱਧ ਹੈ।

ਦਿਮਾੜੀ, ਗੀਤ, ਡਰਾਮਾ ਅਤੇ ਪ੍ਰਦਰਸ਼ਨ ਜੋ ਦਰਸ਼ਕਾਂ ਨੂੰ ਸੰਦੇਸ਼ ਦਿੰਦੇ ਹਨ, ਮੀਰਾਬਾਈ ਲਈ ਮਨੋਰੰਜਨ ਤੋਂ ਪਰ੍ਹੇ ਵੀ ਬੜੇ ਮਾਇਨੇ ਰੱਖਦੇ ਹਨ।

*****

ਇਸ ਦੇਸ਼ ਵਿੱਚ ਕਲਾ ਆਪਣੇ ਸਿਰਜਣਹਾਰ ਦੀ ਜਾਤ ਨਾਲ਼ ਬਹੁਤ ਨੇੜਿਓਂ ਜੁੜੀ ਹੋਈ ਹੈ ਅਤੇ ਇਸਦੀ ਉੱਤਮਤਾ ਦਾ ਨਿਰਣਾ ਇਸ ਦੇ ਅਧਾਰ ਤੇ ਕੀਤਾ ਜਾਂਦਾ ਹੈ। ਸੰਗੀਤ ਅਤੇ ਹੋਰ ਕਲਾਵਾਂ ਇੱਥੇ ਜਾਤ ਤੋਂ ਬਾਅਦ ਸਿੱਖੀਆਂ ਜਾਂਦੀਆਂ ਹਨ। ਕੀ ਗ਼ੈਰ-ਦਲਿਤ, ਗ਼ੈਰ-ਬਹੁਜਨ ਇਨ੍ਹਾਂ ਸਾਜ਼ਾਂ ਲਈ ਧੁਨੀ ਤੇ ਸੰਕੇਤ ਪੱਧਤੀ ਅਤੇ ਪਾਲਣਾ ਕਰਨ ਦੇ ਯੋਗ ਹੋਣਗੇ ਅਤੇ ਇਹਨਾਂ ਨੂੰ ਵਜਾਉਣਾ ਸਿੱਖ ਸਕਣਗੇ? ਅਤੇ, ਭਾਵੇਂ ਬਾਹਰੀ ਲੋਕ ਦਿਮਾੜੀ ਜਾਂ ਸੰਬਲ ਜਾਂ ਜੰਬਰੂਕ ਵਜਾਉਣ ਦੀ ਕੋਸ਼ਿਸ਼ ਕਰਦੇ ਹਨ, ਇਸ ਲਈ ਕੋਈ ਲੋੜੀਂਦਾ ਧੁਨੀਕੋਡ ਟੈਕਸਟ ਉਪਲਬਧ ਨਹੀਂ ਹੈ.

ਮੁੰਬਈ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੇ ਵਿਦਿਆਰਥੀ ਖੰਜੀਰੀ ਅਤੇ ਦਿਮਾੜੀ ਵਜਾਉਣਾ ਸਿੱਖ ਰਹੇ ਹਨ। ਪ੍ਰਸਿੱਧ ਕਲਾਕਾਰ ਕ੍ਰਿਸ਼ਨਾ ਮੁਸਲੇ ਅਤੇ ਵਿਜੇ ਚਵਾਨ ਨੇ ਇਨ੍ਹਾਂ ਸਾਜ਼ਾਂ ਲਈ ਧੁਨੀ ਤੇ ਸੰਕੇਤ ਪੱਧਤੀ ਤਿਆਰ ਕੀਤੀ ਹੈ। ਪਰ ਯੂਨੀਵਰਸਿਟੀ ਦੀ ਲੋਕ-ਕਲਾ ਅਕਾਦਮੀ ਦੇ ਨਿਰਦੇਸ਼ਕ ਗਣੇਸ਼ ਚੰਦਨਾਸ਼ਿਵੇ ਕਹਿੰਦੇ ਹਨ ਕਿ ਇਸ ਦੀਆਂ ਆਪਣੀਆਂ ਚੁਣੌਤੀਆਂ ਹਨ।

PHOTO • Medha Kale
PHOTO • Ramdas Unhale

ਖੱਬੇ: ਗਣੇਸ਼ ਚੰਦਨਸ਼ਿਵ, ਡਾਇਰੈਕਟਰ, ਲੋਕ ਕਲਾ ਅਕਾਦਮੀ, ਮੁੰਬਈ ਯੂਨੀਵਰਸਿਟੀ। ਉਹ ਮੰਨਦੇ ਹਨ ਕਿ ਨਾ ਤਾਂ ਦਿਮਾੜੀ ਅਤੇ ਨਾ ਹੀ ਸੰਬਲ ਦਾ ਆਪਣਾ ਕੋਈ ਸੰਗੀਤ ਵਿਗਿਆਨ ਹੈ। 'ਕਿਸੇ ਨੇ ਵੀ ਧੁਨੀ ਤੇ ਸੰਕੇਤ ਪੱਧਤੀ ਨਹੀਂ ਲਿਖੀ ਜਾਂ ਕਲਾਸੀਕਲ ਸਾਜ਼ ਦਾ ਦਰਜਾ ਦੇਣ ਲਈ ਲੋੜੀਂਦਾ "ਵਿਗਿਆਨ" ਨਹੀਂ ਬਣਾਇਆ ਹੈ,' ਉਹ ਕਹਿੰਦੇ ਹਨ। ਸੱਜੇ: ਮੀਰਾਬਾਈ ਨੇ ਇਸ ਦੇ ਸੰਗੀਤ ਦੇ ਕਿਸੇ ਵਿਗਿਆਨ, ਸਵਰ ਜਾਂ ਵਿਆਕਰਣ ਨੂੰ ਜਾਣੇ ਬਿਨਾਂ ਸਾਜ਼ ਦਾ ਗਿਆਨ ਪ੍ਰਾਪਤ ਕੀਤਾ ਹੈ

"ਤੁਸੀਂ ਦਿਮਾੜੀ, ਸੰਬਲ ਜਾਂ ਖੰਜੀਰੀ ਨੂੰ ਉਸ ਤਰ੍ਹਾਂ ਨਹੀਂ ਸਿਖਾ ਸਕਦੇ ਜਿਵੇਂ ਤੁਸੀਂ ਹੋਰ ਕਲਾਸੀਕਲ ਸਾਜ਼ ਸਿਖਾਉਂਦੇ ਹੋ," ਉਹ ਕਹਿੰਦੇ ਹਨ। "ਤਬਲਾ ਇਸ ਤਰੀਕੇ ਨਾਲ਼ ਸਿਖਾਇਆ ਜਾਂ ਸਿੱਖਿਆ ਜਾ ਸਕਦਾ ਹੈ ਕਿਉਂਕਿ ਅਸੀਂ ਉਸ ਸਾਜ਼ 'ਤੇ ਧੁਨੀ/ਤਾਲ ਤੇ ਸੰਕੇਤ ਪੱਧਤੀ ਲਗਾ ਸਕਦੇ ਹਾਂ। ਲੋਕਾਂ ਨੇ ਦਿਮਾੜੀ ਜਾਂ ਸੰਬਲ ਸਿਖਾਉਣ ਲਈ ਇਸੇ ਤਰ੍ਹਾਂ ਦੇ ਧੁਨੀ ਤੇ ਸੰਕੇਤ ਪੱਧਤੀ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਇਨ੍ਹਾਂ ਵਿੱਚੋਂ ਕਿਸੇ ਵੀ ਸਾਜ਼ ਦਾ ਆਪਣਾ ਸੰਗੀਤ ਵਿਗਿਆਨ ਨਹੀਂ ਹੈ। ਕਿਸੇ ਨੇ ਵੀ ਉਹ ਧੁਨੀ ਤੇ ਸੰਕੇਤ ਪੱਧਤੀ ਨਹੀਂ ਲਿਖੀ ਜੋ ਇਸ ਨੂੰ ਕਲਾਸੀਕਲ ਸਾਜ਼ ਦਾ ਦਰਜਾ ਦਿੰਦੇ ਹੋਣ ਜਾਂ 'ਵਿਗਿਆਨ' ਦੀ ਸਿਰਜਣਾ ਨਹੀਂ ਕਰਦੇ।

ਮੀਰਾਬਾਈ ਨੇ ਇਹਦੇ ਸੰਗੀਤ ਦੇ ਕਿਸੇ ਵਿਗਿਆਨ, ਸਵਰ ਤਕਨੀਕ ਜਾਂ ਵਿਆਕਰਣ ਨੂੰ ਜਾਣੇ ਬਿਨਾਂ ਦਿਮਾੜੀ ਅਤੇ ਖੰਜੀਰੀ ਵਿੱਚ ਮੁਹਾਰਤ ਹਾਸਲ ਕੀਤੀ ਹੈ। ਸਿੱਖਦੇ ਸਮੇਂ ਉਨ੍ਹਾਂ ਨੂੰ ਧਾ ਜਾਂ ਤਾ ਬਾਰੇ ਕੁਝ ਵੀ ਪਤਾ ਨਹੀਂ ਸੀ। ਪਰ ਤਾਲ ਅਤੇ ਸੁਰਾਂ ਵਿੱਚ ਉਨ੍ਹਾਂ ਦੀ ਗਤੀ ਅਤੇ ਸੰਪੂਰਨਤਾ ਕਿਸੇ ਵੀ ਸ਼ਾਹਕਾਰ ਕਲਾਕਾਰ ਨਾਲ਼ ਮੇਲ ਖਾਂਦੀ ਹੈ। ਇਹ ਸਾਜ਼ ਉਨ੍ਹਾਂ ਨਾਲ਼ ਜਿਓਂ ਜੁੜ ਗਿਆ। ਲੋਕ-ਕਲਾ ਅਕਾਦਮੀ ਵਿੱਚ ਕੋਈ ਵੀ ਦਿਮਾੜੀ ਵਜਾਉਣ ਵਿੱਚ ਮੀਰਾਬਾਈ ਦੇ ਹੁਨਰ ਦੀ ਤੁਲਨਾ ਨਹੀਂ ਕਰ ਸਕਦਾ।

ਜਿਵੇਂ-ਜਿਵੇਂ ਬਹੁਜਨ ਜਾਤੀਆਂ ਮੱਧ ਵਰਗ ਵਿੱਚ ਆਉਂਦੀਆਂ ਜਾਂਦੀਆਂ ਹਨ, ਉਹ ਆਪਣੀ ਰਵਾਇਤੀ ਕਲਾ ਅਤੇ ਪ੍ਰਗਟਾਵੇ ਗੁਆ ਰਹੀਆਂ ਹਨ। ਸਿੱਖਿਆ ਅਤੇ ਕੰਮ ਲਈ ਸ਼ਹਿਰਾਂ ਵੱਲ ਪਰਵਾਸ ਕਰਦੇ ਹੋਏ, ਉਹ ਆਪਣੇ ਰਵਾਇਤੀ ਕਿੱਤਿਆਂ ਅਤੇ ਸਬੰਧਤ ਕਲਾ ਰੂਪਾਂ ਦਾ ਪ੍ਰਬੰਧਨ ਨਹੀਂ ਕਰ ਰਹੇ ਹਨ। ਇਨ੍ਹਾਂ ਕਲਾ ਰੂਪਾਂ ਦੀ ਉਤਪਤੀ ਅਤੇ ਅਭਿਆਸ ਦੇ ਇਤਿਹਾਸਕ ਅਤੇ ਭੂਗੋਲਿਕ ਪ੍ਰਸੰਗਾਂ ਨੂੰ ਸਮਝਣ ਲਈ ਇਨ੍ਹਾਂ ਕਲਾ ਰੂਪਾਂ ਨੂੰ ਦਸਤਾਵੇਜ਼ਬੱਧ ਕਰਨ ਦੀ ਸਖ਼ਤ ਲੋੜ ਹੈ; ਸਾਡੇ ਸਾਹਮਣੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਦੇਣਾ ਵੀ ਜ਼ਰੂਰੀ ਹੈ। ਉਦਾਹਰਣ ਵਜੋਂ, ਕੀ ਜਾਤੀ ਟਕਰਾਅ ਦੇ ਤੱਤ, ਹੋਰ ਸੰਘਰਸ਼ ਉਨ੍ਹਾਂ ਦੇ ਪ੍ਰਗਟਾਵੇ ਵਿੱਚ ਝਲਕਦੇ ਹਨ? ਜੇ ਹਾਂ, ਤਾਂ ਇਹ ਕਿਹੜੇ ਰੂਪਾਂ ਵਿੱਚ ਪ੍ਰਗਟ ਕੀਤੇ ਜਾਂਦੇ ਹਨ? ਜਦੋਂ ਇਨ੍ਹਾਂ ਪੈਟਰਨਾਂ ਨੂੰ ਅਕਾਦਮਿਕ ਤੌਰ 'ਤੇ ਦੇਖਿਆ ਜਾਂਦਾ ਹੈ ਤਾਂ ਨਾ ਤਾਂ ਯੂਨੀਵਰਸਿਟੀਆਂ ਅਤੇ ਨਾ ਹੀ ਵਿਦਿਅਕ ਸੰਸਥਾਵਾਂ ਅਜਿਹਾ ਦ੍ਰਿਸ਼ਟੀਕੋਣ ਦਿਖਾਉਂਦੀਆਂ ਹਨ।

ਹਰ ਜਾਤੀ ਦੀ ਇੱਕ ਵਿਸ਼ੇਸ਼ ਲੋਕ ਕਲਾ ਹੁੰਦੀ ਹੈ ਅਤੇ ਉਨ੍ਹਾਂ ਵਿੱਚ ਵਿਭਿੰਨਤਾ ਵੀ ਬਹੁਤ ਜ਼ਿਆਦਾ ਹੁੰਦੀ ਹੈ। ਇਨ੍ਹਾਂ ਵਿੱਚ ਦੌਲਤ ਅਤੇ ਵਿਰਾਸਤ ਦਾ ਅਧਿਐਨ ਕਰਨ ਅਤੇ ਸਟੋਰ ਕਰਨ ਲਈ ਇੱਕ ਸਮਰਪਿਤ ਖੋਜ ਕੇਂਦਰ ਦੀ ਅਸਲ ਲੋੜ ਹੈ। ਹਾਲਾਂਕਿ, ਇਹ ਕਿਸੇ ਗੈਰ-ਬ੍ਰਾਹਮਣ ਅੰਦੋਲਨ ਦੇ ਏਜੰਡੇ 'ਤੇ ਨਹੀਂ ਹੈ। ਪਰ ਮੀਰਾਬਾਈ ਇਸ ਤਸਵੀਰ ਨੂੰ ਬਦਲਣਾ ਚਾਹੁੰਦੀ ਹਨ। "ਮੈਂ ਇੱਕ ਸੰਸਥਾ ਸ਼ੁਰੂ ਕਰਨਾ ਚਾਹੁੰਦੀ ਹਾਂ ਜਿੱਥੇ ਨੌਜਵਾਨ ਖੰਜੀਰੀ, ਏਕਤਾਰੀ ਅਤੇ ਢੋਲਕੀ ਸਿੱਖ ਸਕਣ," ਉਹ ਕਹਿੰਦੀ ਹਨ।

ਇਸ ਕੰਮ ਲਈ ਉਨ੍ਹਾਂ ਨੂੰ ਸਰਕਾਰੀ ਪੱਧਰ 'ਤੇ ਕੋਈ ਸਹਾਇਤਾ ਨਹੀਂ ਮਿਲੀ ਹੈ। ਕੀ ਉਨ੍ਹਾਂ ਨੇ ਸਰਕਾਰ ਨੂੰ ਕਦੇ ਅਪੀਲ ਕੀਤੀ ਹੈ? "ਕੀ ਮੈਨੂੰ ਪੜ੍ਹਨਾ ਅਤੇ ਲਿਖਣਾ ਆਉਂਦਾ ਹੈ?" ਉਹ ਪੁੱਛਦੀ ਹਨ। ਉਨ੍ਹਾਂ ਕਿਹਾ ਕਿ ਜਦੋਂ ਮੈਂ ਸਮਾਗਮ 'ਚ ਜਾਂਦੀ ਹਾਂ ਤਾਂ ਜੇਕਰ ਉੱਥੇ ਕੋਈ ਸਰਕਾਰੀ ਅਧਿਕਾਰੀ ਹੁੰਦਾ ਹੈ ਤਾਂ ਮੈਂ ਉਨ੍ਹਾਂ ਨੂੰ ਅਪੀਲ ਕਰਦੀ ਹਾਂ ਕਿ ਉਹ ਇਸ ਸੁਪਨੇ ਨੂੰ ਪੂਰਾ ਕਰਨ 'ਚ ਮੇਰੀ ਮਦਦ ਕਰਨ। ਪਰ ਕੀ ਤੁਸੀਂ ਸੋਚਦੇ ਹੋ ਕਿ ਸਰਕਾਰ ਗਰੀਬ ਲੋਕਾਂ ਦੀ ਇਸ ਕਲਾ ਦਾ ਸਤਿਕਾਰ ਕਰਦੀ ਹੈ?''

PHOTO • Labani Jangi
PHOTO • Labani Jangi

ਡਾਫ, ਥਪਕੀ ਸਾਜ਼ ਜੋ ਸ਼ਾਹੀਰਾਂ ਦੁਆਰਾ ਪੋਵਾੜਾ (ਮਹਿਮਾ ਦੇ ਗੀਤ) ਪੇਸ਼ ਕਰਨ ਅਤੇ ਤੁਨ ਤੁਨ, ਇੱਕ ਤਾਰਾ ਸਾਜ਼, ਜਿਸਦੀ ਵਰਤੋਂ ਗੋਂਧਾਲੀ (ਭਾਈਚਾਰੇ) ਦੁਆਰਾ 'ਭਵਾਨੀ ਆਈ' (ਤੁਲਜਾ ਭਵਾਨੀ) ਦਾ ਆਸ਼ੀਰਵਾਦ ਲੈਣ ਲਈ ਕੀਤੀ ਜਾਂਦੀ ਹੈ। ਸੱਜੇ: ਕਿੰਗਰੀ, ਇੱਕ ਤਾਰਾ ਸਾਜ਼ ਜੋ ਬਿਨਾਂ ਪਾਲਿਸ਼ ਕੀਤੇ ਭਾਂਡੇ ਦਾ ਇੱਕ ਗੂੰਜ ਪੈਦਾ ਕਰਦਾ (ਰੇਜੋਨੇਟਰ) ਡੱਬਾ ਸੀ ਜੋ ਡਾਕਲਵਾਰ ਭਾਈਚਾਰੇ ਨਾਲ਼ ਸਬੰਧਤ ਹੈ। ਇਹਨੂੰ ਇੱਕ ਡੰਡੀ ਨਾਲ਼ ਵਜਾਇਆ ਜਾਂਦਾ ਹੈ। ਇੱਕ ਹੋਰ ਕਿਸਮ ਦੀ ਕਿੰਗਰੀ ਵਿੱਚ ਤਿੰਨ ਰੇਜੋਨੇਟਰ ਹੁੰਦੀਆਂ ਹਨ ਅਤੇ ਇਸ ਵਿੱਚ ਧੁਨ ਕੱਢਣ ਅਤੇ ਵਜਣ ਲਈ ਲੱਕੜ ਦਾ ਮੋਰ ਹੁੰਦਾ ਹੈ

PHOTO • Labani Jangi
PHOTO • Labani Jangi

ਖੱਬੇ: ਸੰਬਲ ਸਾਜ਼ ਦੀ ਵਰਤੋਂ ਦੇਵੀਆਂ ਦੀ ਪੂਜਾ ਵਿੱਚ ਗੋਂਧਾਲ ਨਾਮਕ ਰਸਮ ਵਿੱਚ ਕੀਤੀ ਜਾਂਦੀ ਹੈ। ਇਨ੍ਹਾਂ ਵਿੱਚ ਚਮੜੀ ਦਾ ਪਰਦਾ/ਝਿੱਲੀ ਦੇ ਨਾਲ਼ ਇੱਕ ਪਾਸੇ ਤੋਂ ਜੁੜੇ ਦੋ ਲੱਕੜ ਦੇ ਡਰੱਮ ਹੁੰਦੇ ਹਨ। ਇਹ ਸਾਜ਼ ਲੱਕੜ ਦੀਆਂ ਦੋ ਡੰਡੀਆਂ ਨਾਲ਼ ਵਜਾਇਆ ਜਾਂਦਾ ਹੈ, ਜਿਨ੍ਹਾਂ ਦੇ ਸਿਰੇ ਵਕਰ-ਅਕਾਰੀ ਹੁੰਦੇ ਹਨ। ਇਹ ਗੋਂਧਾਲੀਆਂ ਦੁਆਰਾ ਵਜਾਇਆ ਜਾਂਦਾ ਹੈ। ਸੱਜੇ: ਹਲਗੀ ਇੱਕ ਢੋਲ ਹੈ ਜਿਸ ਵਿੱਚ ਮੰਗ ਭਾਈਚਾਰੇ ਦੇ ਆਦਮੀ ਤਿਉਹਾਰਾਂ, ਵਿਆਹ ਦੇ ਜਲੂਸਾਂ ਅਤੇ ਮੰਦਰਾਂ ਅਤੇ ਦਰਗਾਹਾਂ ਵਿੱਚ ਹੋਰ ਰਸਮਾਂ ਦੌਰਾਨ ਵਜਾਉਂਦੇ ਹਨ

*****

ਇਸ ਸਭ ਦੇ ਬਾਵਜੂਦ ਸਰਕਾਰ ਨੇ ਮੀਰਾਬਾਈ ਨੂੰ ਸੱਦਾ ਦਿੱਤਾ ਹੈ। ਜਦੋਂ ਮੀਰਾਬਾਈ ਦੀ ਸ਼ਾਹੀਰੀ ਅਤੇ ਗਾਇਕੀ ਨੇ ਵੱਡੇ ਦਰਸ਼ਕਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ਼ ਆਕਰਸ਼ਿਤ ਕਰਨਾ ਸ਼ੁਰੂ ਕੀਤਾ, ਤਾਂ ਮਹਾਰਾਸ਼ਟਰ ਸਰਕਾਰ ਨੇ ਉਨ੍ਹਾਂ ਨੂੰ ਕਈ ਜਾਗਰੂਕਤਾ ਪ੍ਰੋਗਰਾਮਾਂ ਅਤੇ ਮੁਹਿੰਮਾਂ ਵਿੱਚ ਯੋਗਦਾਨ ਪਾਉਣ ਲਈ ਕਿਹਾ। ਇਸ ਮੰਤਵ ਲਈ, ਉਨ੍ਹਾਂ ਨੇ ਸਿਹਤ, ਨਸ਼ਾ ਛੁਡਾਊ, ਦਾਜ ਦੀ ਮਨਾਹੀ ਅਤੇ ਸ਼ਰਾਬ ਦੀ ਮਨਾਹੀ ਵਰਗੇ ਵਿਸ਼ਿਆਂ 'ਤੇ ਲੋਕ ਸੰਗੀਤ ਦੇ ਤੱਤਾਂ ਨਾਲ਼ ਛੋਟੇ ਨਾਟਕ ਪੇਸ਼ ਕਰਦਿਆਂ ਰਾਜ ਭਰ ਦਾ ਦੌਰਾ ਕੀਤਾ।

बाई दारुड्या भेटलाय नवरा
माझं नशीब फुटलंय गं
चोळी अंगात नाही माझ्या
लुगडं फाटलंय गं

ਪਤੀ ਮੇਰਾ ਨਸ਼ੇ ਦਾ ਆਦੀ
ਮੇਰੀ ਕਿਸਮਤ ਹੀ ਆ ਫੁੱਟੀ
ਨਾ ਬਲਾਊਜ ਲਈ ਜੁੜਿਆ ਕੱਪੜਾ
ਸਾੜੀ ਵੀ ਹੋ ਗਈ ਲੀਰੋ-ਲੀਰ।

ਨਸ਼ਾ ਛੁਡਾਉਣ ਬਾਰੇ ਉਨ੍ਹਾਂ ਦੇ ਜਾਗਰੂਕਤਾ ਪ੍ਰੋਗਰਾਮਾਂ ਨੇ ਉਨ੍ਹਾਂ ਨੂੰ ਮਹਾਰਾਸ਼ਟਰ ਸਰਕਾਰ ਤੋਂ ਨਸ਼ਾ ਛੁਡਾਊ ਸੇਵਾ ਪੁਰਸਕਾਰ ਦਿਵਾਇਆ ਹੈ। ਉਨ੍ਹਾਂ ਨੂੰ ਆਲ ਇੰਡੀਆ ਰੇਡੀਓ ਅਤੇ ਦੂਰਦਰਸ਼ਨ 'ਤੇ ਪ੍ਰਦਰਸ਼ਨ ਕਰਨ ਲਈ ਸੱਦਾ ਦਿੱਤਾ ਗਿਆ ਸੀ।

*****

ਪਰ ਇਨ੍ਹਾਂ ਸਾਰੇ ਚੰਗੇ ਕੰਮਾਂ ਦੇ ਬਾਵਜੂਦ, ਮੀਰਾਬਾਈ ਲਈ ਜ਼ਿੰਦਗੀ ਮੁਸ਼ਕਲ ਹੈ। "ਮੈਂ ਬੇਘਰ ਤੇ ਬੇਸਹਾਰਾ ਸਾਂ, ਮਦਦ ਕਰਨ ਵਾਲ਼ਾ ਕੋਈ ਨਹੀਂ ਸੀ," ਉਹ ਆਪਣੀ ਹਾਲੀਆ ਤ੍ਰਾਸਦੀ ਦੀ ਕਹਾਣੀ ਸੁਣਾਉਂਦੇ ਹੋਏ ਕਹਿੰਦੀ ਹਨ। "ਤਾਲਾਬੰਦੀ [2020] ਦੌਰਾਨ, ਸ਼ਾਰਟ ਸਰਕਟ ਕਾਰਨ ਮੇਰੇ ਘਰ ਵਿੱਚ ਅੱਗ ਲੱਗ ਗਈ। ਅਸੀਂ ਨਿਰਾਸ਼ਾ ਵਿੱਚ ਡੁੱਬ ਗਏ ਕਿਉਂਕਿ ਸਾਡੇ ਕੋਲ਼ ਉਸ ਘਰ ਨੂੰ ਵੇਚਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ। ਅਸੀਂ ਸੜਕ 'ਤੇ ਆ ਗਏ। ਬਹੁਤ ਸਾਰੇ ਅੰਬੇਡਕਰਵਾਦੀ ਪੈਰੋਕਾਰਾਂ ਨੇ ਇਸ ਘਰ ਨੂੰ ਬਣਾਉਣ ਵਿੱਚ ਮੇਰੀ ਮਦਦ ਕੀਤੀ," ਆਪਣੇ ਨਵੇਂ ਘਰ ਵੱਲ ਇਸ਼ਾਰਾ ਕਰਦੇ ਹੋਏ ਉਹ ਕਹਿੰਦੀ ਹਨ, ਜਿੱਥੇ ਅਸੀਂ ਬੈਠੇ ਹਾਂ।

PHOTO • Ramdas Unhale
PHOTO • Ramdas Unhale

ਸ਼ਾਹੀਰ ਮੀਰਾ ਉਮਾਪ, ਇੱਕ ਲੋਕ ਕਲਾਕਾਰ ਅਤੇ ਅਦਾਕਾਰ, ਜਿਨ੍ਹਾਂ ਨੇ ਕਈ ਇਨਾਮ ਅਤੇ ਪੁਰਸਕਾਰ ਜਿੱਤੇ ਹਨ, ਸੰਘਰਸ਼ ਦੀ ਜ਼ਿੰਦਗੀ ਜੀ ਰਹੀ ਹਨ। ਇੱਥੇ ਛਤਰਪਤੀ ਸੰਭਾਜੀ ਨਗਰ ਦੇ ਚਿਕਲਥਾਨਾ ਵਿੱਚ ਉਨ੍ਹਾਂ ਦੇ ਛੋਟੇ ਜਿਹੇ ਟੀਨ ਘਰ ਦੀਆਂ ਤਸਵੀਰਾਂ ਹਨ

ਇਹ ਇੱਕ ਕਲਾਕਾਰ ਦੀ ਮੌਜੂਦਾ ਸਥਿਤੀ ਹੈ ਜਿਸ ਨੇ ਅੰਨਾਭਾਊ ਸਾਠੇ, ਬਾਲ ਗੰਧਰਵ ਅਤੇ ਲਕਸ਼ਮੀਬਾਈ ਕੋਲ਼ਹਾਪੁਰਕਰ ਵਰਗੇ ਕਈ ਦਿੱਗਜ਼ਾਂ ਦੇ ਨਾਮ 'ਤੇ ਕਈ ਵੱਕਾਰੀ ਪੁਰਸਕਾਰ ਪ੍ਰਾਪਤ ਕੀਤੇ ਹਨ। ਮਹਾਰਾਸ਼ਟਰ ਸਰਕਾਰ ਨੇ ਉਨ੍ਹਾਂ ਨੂੰ ਸੱਭਿਆਚਾਰਕ ਯੋਗਦਾਨ ਲਈ ਰਾਜ ਪੁਰਸਕਾਰ ਨਾਲ਼ ਸਨਮਾਨਿਤ ਕੀਤਾ। ਇਹ ਪੁਰਸਕਾਰ ਕਦੇ ਉਨ੍ਹਾਂ ਦੇ ਘਰ ਦੀਆਂ ਕੰਧਾਂ ਨੂੰ ਸਜਾਉਂਦੇ ਰਹੇ ਸਨ।

"ਉਹ ਸਿਰਫ਼ ਤੁਹਾਡੀਆਂ ਅੱਖਾਂ ਨੂੰ ਸਕੂਨ ਦਿੰਦੇ ਹਨ," ਮੀਰਾਬਾਈ ਆਪਣੀਆਂ ਹੰਝੂ ਭਰੀਆਂ ਅੱਖਾਂ ਨਾਲ਼ ਕਹਿੰਦੀ ਹਨ। "ਕੀ ਉਨ੍ਹਾਂ ਨੂੰ ਦੇਖ ਕੇ ਤੁਹਾਡਾ ਪੇਟ ਭਰ ਜਾਂਦਾ ਹੈ? ਕੋਰੋਨਾ ਦੌਰਾਨ ਅਸੀਂ ਭੁੱਖੇ ਮਰੇ ਹਾਂ। ਉਸ ਸਮੇਂ ਮੈਨੂੰ ਖਾਣਾ ਪਕਾਉਣ ਲਈ ਇਨ੍ਹਾਂ ਪੁਰਸਕਾਰਾਂ ਨੂੰ ਚੁੱਲ੍ਹੇ ਵਿੱਚ ਬਾਲਣਾ ਪਿਆ। ਭੁੱਖ ਇਨ੍ਹਾਂ ਪੁਰਸਕਾਰਾਂ ਨਾਲ਼ੋਂ ਵਧੇਰੇ ਮਜ਼ਬੂਤ ਹੈ," ਉਹ ਕਹਿੰਦੀ ਹਨ।

ਮਾਨਤਾ ਪ੍ਰਾਪਤ ਹੋਵੇ ਜਾਂ ਨਾ ਹੋਵੇ, ਮੀਰਾਬਾਈ ਨੇ ਮਨੁੱਖਤਾ, ਪਿਆਰ ਅਤੇ ਦਇਆ ਦਾ ਸੰਦੇਸ਼ ਫੈਲਾਉਣ ਲਈ ਮਹਾਨ ਸੁਧਾਰਕਾਂ ਦੇ ਮਾਰਗ 'ਤੇ ਚੱਲਦੇ ਹੋਏ ਆਪਣੀ ਕਲਾ ਨੂੰ ਅਟੁੱਟ ਸ਼ਰਧਾ ਨਾਲ਼ ਅੱਗੇ ਵਧਾਇਆ ਹੈ। ਉਹ ਫਿਰਕੂ ਅਤੇ ਵੰਡਪਾਊ ਅੱਗ ਨੂੰ ਬੁਝਾਉਣ ਲਈ ਆਪਣੀ ਕਲਾ ਅਤੇ ਪ੍ਰਦਰਸ਼ਨ ਦੀ ਵਰਤੋਂ ਕਰ ਰਹੀ ਹਨ। "ਮੈਂ ਆਪਣੀ ਕਲਾ ਵੇਚਣਾ ਨਹੀਂ ਚਾਹੁੰਦੀ," ਉਹ ਕਹਿੰਦੀ ਹਨ। " ਸੰਭਲਾਲੀ ਤਾਰ ਥੀ ਕਾਲਾ ਆਹੇ , ਨਹੀਂ ਤਰ ਬਾਲਾ ਆਹੇ (ਜੇ ਕੋਈ ਮੰਨੇ ਤਾਂ ਇਹ ਸਾਜ਼ ਇੱਕ ਕਲਾ ਹੈ। ਨਹੀਂ ਤਾਂ ਸਿਰਫ਼ ਕੋੜਾ ਬਣ ਕੇ ਰਹਿ ਜਾਂਦੀ ਹੈ)।

ਮੈਂ ਇਹ ਸੁਨਿਸ਼ਚਿਤ ਕੀਤਾ ਹੈ ਕਿ ਮੇਰੀ ਕਲਾ ਆਪਣੀ ਪ੍ਰਸੰਗਿਕਤਾ ਨਾ ਗੁਆਵੇ। ਪਿਛਲੇ 40 ਸਾਲਾਂ ਤੋਂ, ਮੈਂ ਇਸ ਦੇਸ਼ ਦੇ ਵੱਖ-ਵੱਖ ਕੋਨਿਆਂ ਦੀ ਯਾਤਰਾ ਕੀਤੀ ਹੈ ਅਤੇ ਕਬੀਰ, ਤੁਕਾਰਾਮ, ਤੁਕਾਡੋਜੀ ਮਹਾਰਾਜ ਅਤੇ ਫੂਲੇ-ਅੰਬੇਡਕਰ ਦੇ ਸੰਦੇਸਾਂ ਨੂੰ ਫੈਲਾਇਆ ਹੈ। ਮੈਂ ਉਨ੍ਹਾਂ ਦੇ ਗੀਤ ਗਾ ਰਹੀ ਹਾਂ ਅਤੇ ਉਨ੍ਹਾਂ ਦੀ ਵਿਰਾਸਤ ਮੇਰੇ ਪ੍ਰਦਰਸ਼ਨਾਂ ਰਾਹੀਂ ਜੀਵਿਤ ਹੁੰਦੀ ਰਹੀ ਹੈ।

''ਮੈਂ ਆਪਣੇ ਆਖਰੀ ਸਾਹ ਤੱਕ ਭੀਮ ਗੀਤ ਗਾਉਂਦੀ ਰਹਾਂਗੀ। ਇਹੀ ਮੇਰੀ ਜ਼ਿੰਦਗੀ ਦਾ ਅੰਤ ਹੋਵੇਗਾ ਅਤੇ ਇਹ ਸੋਚ ਮੈਨੂੰ ਅਥਾਹ ਸੰਤੁਸ਼ਟੀ ਦਿੰਦੀ ਹੈ।''

ਇਹ ਵੀਡੀਓ 'ਪ੍ਰਭਾਵਸ਼ਾਲੀ ਸ਼ਾਹੀਰ, ਮਰਾਠਵਾੜਾ ਦੇ ਬਿਰਤਾਂਤ ' ਸਿਰਲੇਖ ਵਾਲ਼ੇ ਉਸ ਸੰਗ੍ਰਹਿ ਦਾ ਹਿੱਸਾ ਹੈ, ਜੋ ਪੀਪਲਜ਼ ਆਰਕਾਈਵ ਆਫ ਰੂਰਲ ਇੰਡੀਆ ਦੇ ਸਹਿਯੋਗ ਨਾਲ਼ ਇੰਡੀਆ ਫਾਊਂਡੇਸ਼ਨ ਫਾਰ ਦਿ ਆਰਟਸ ਦੁਆਰਾ ਆਪਣੀ ਆਰਕਾਈਵਜ਼ ਐਂਡ ਮਿਊਜ਼ੀਅਮ ਪ੍ਰੋਗਰਾਮ ਦੇ ਤਹਿਤ ਲਾਗੂ ਕੀਤਾ ਗਿਆ ਇੱਕ ਪ੍ਰੋਜੈਕਟ ਹੈ। ਇਹ ਗੇਟੇ-ਇੰਸਟੀਟਿਊਟ/ਮੈਕਸ ਮੂਲਰ ਭਵਨ ਨਵੀਂ ਦਿੱਲੀ ਦੇ ਅੰਸ਼ਕ ਸਮਰਥਨ ਨਾਲ਼ ਹੀ ਸੰਭਵ ਹੋਇਆ ਹੈ।

ਪੰਜਾਬੀ ਤਰਜਮਾ: ਕਮਲਜੀਤ ਕੌਰ

Keshav Waghmare

Keshav Waghmare is a writer and researcher based in Pune, Maharashtra. He is a founder member of the Dalit Adivasi Adhikar Andolan (DAAA), formed in 2012, and has been documenting the Marathwada communities for several years.

Other stories by Keshav Waghmare
Editor : Medha Kale

Medha Kale is based in Pune and has worked in the field of women and health. She is the Translations Editor, Marathi, at the People’s Archive of Rural India.

Other stories by Medha Kale
Editor : Pratishtha Pandya

Pratishtha Pandya is a Senior Editor at PARI where she leads PARI's creative writing section. She is also a member of the PARIBhasha team and translates and edits stories in Gujarati. Pratishtha is a published poet working in Gujarati and English.

Other stories by Pratishtha Pandya
Illustrations : Labani Jangi

Labani Jangi is a 2020 PARI Fellow, and a self-taught painter based in West Bengal's Nadia district. She is working towards a PhD on labour migrations at the Centre for Studies in Social Sciences, Kolkata.

Other stories by Labani Jangi
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur