ਰਾਤ ਦੇ 2 ਵੱਜੇ ਸਨ। ਚਾਰੇ ਪਾਸੇ ਸੰਘਣਾ ਹਨ੍ਹੇਰਾ ਸੀ ਅਤੇ ਅਸੀਂ ਤਮਿਲਨਾਡੂ ਦੇ ਰਾਮਨਾਥਪੁਰਮ ਜ਼ਿਲ੍ਹੇ (ਅਕਸਰ ਬੋਲਚਾਲ ਦੀ ਭਾਸ਼ਾ ਵਿੱਚ ਰਾਮਨਾਦ ਕਿਹਾ ਜਾਂਦਾ ਹੈ) ਦੀ 'ਮਸ਼ੀਨੀਕ੍ਰਿਤ ਬੇੜੀ' ਵਜੋਂ ਜਾਣੀ ਜਾਂਦੀ ਬੇੜੀ 'ਤੇ ਸਵਾਰ ਹੋ ਸਮੁੰਦਰ ਵੱਲ ਨੂੰ ਕੂਚ ਕੀਤਾ।

ਇਹ 'ਮਸ਼ੀਨੀਕ੍ਰਿਤ ਬੇੜੀ' ਪੂਰੀ ਤਰ੍ਹਾਂ ਨਾਲ਼ ਖ਼ਸਤਾ-ਹਾਲਤ ਅਤੇ ਕੁਝ ਹੱਦ ਤੱਕ ਇੱਕ ਪ੍ਰਾਚੀਨ ਜਹਾਜ਼ ਸੀ, ਜਿਹਨੂੰ ਲੀਲੈਂਡ ਬੱਸ ਇੰਜਣ (1964 ਵਿੱਚ ਇੰਜਣ 'ਤੇ ਰੋਕ ਲਾ ਦਿੱਤੀ ਗਈ ਸੀ, ਪਰ ਕੁਝ ਸੋਧਾਂ ਦੇ ਨਾਲ਼ ਇਹਨੂੰ ਮੱਛੀ ਫੜ੍ਹਨ ਵਾਸਤੇ ਮੁੜ ਵਰਤਿਆ ਗਿਆ ਸੀ- ਅਤੇ ਇਹ ਉਦੋਂ ਤੋਂ ਵਰਤੋਂ ਵਿੱਚ ਸੀ ਜਦੋਂ ਮੈਂ 1993 ਵਿੱਚ ਇਸ ਯਾਤਰਾ ਦੀ ਸ਼ੁਰੂਆਤ ਕੀਤੀ ਸੀ) ਨਾਲ਼ ਫਿੱਟ ਕੀਤਾ ਗਿਆ ਸੀ। ਨਾਲ਼ ਦੇ ਮਛੇਰੇ, ਜੋ ਇਸੇ ਇਲਾਕੇ ਦੇ ਸਨ, ਜਾਣਦੇ ਸਨ ਅਸੀਂ ਕਿੱਥੇ ਹਾਂ, ਸਿਰਫ਼ ਮੈਂ ਹੀ ਅਣਜਾਣ ਸਾਂ। ਜਿੰਨਾ ਕੁ ਮੈਂ ਸਮਝ ਪਾਇਆ ਸ਼ਾਇਦ ਅਸੀਂ ਬੰਗਾਲ ਦੀ ਖਾੜੀ ਦੇ ਆਸਪਾਸ ਸਾਂ।

ਅਸੀਂ ਕੋਈ 16 ਘੰਟਿਆਂ ਤੋਂ ਸਮੁੰਦਰ ਵਿੱਚ ਸਾਂ, ਹਾਲਾਂਕਿ ਕੁਝ ਥਾਵਾਂ 'ਤੇ ਲਹਿਰਾਂ ਉੱਚੀਆਂ-ਨੀਵੀਆਂ ਹੁੰਦੀਆਂ ਰਹੀਆਂ। ਪਰ ਬਾਵਜੂਦ ਇਹਦੇ ਸਾਡੀ ਬੇੜੀ ਵਿੱਚ ਸਵਾਰ ਟੀਮ ਦੇ ਪੰਜੋ ਚਿਹਰਿਆਂ 'ਤੇ ਮੁਸਕਾਨ ਨਾ ਰੁਕੀ। ਉਨ੍ਹਾਂ ਸਾਰਿਆਂ ਦੇ ਉਪਨਾਮ 'ਫਰਨਾਡੋ' ਹਨ ਜੋ ਕਿ ਮੱਛੀਆਂ ਫੜ੍ਹਨ ਵਾਲ਼ੇ ਭਾਈਚਾਰਿਆਂ ਵਿਚਾਲੇ ਇਹ ਕਾਫ਼ੀ ਆਮ ਹੈ।

ਇਸ 'ਮਸ਼ੀਨੀਕ੍ਰਿਤ ਬੇੜੀ' ਵਿੱਚ ਰੌਸ਼ਨੀ ਦਾ ਕੋਈ ਪ੍ਰਬੰਧ ਨਹੀਂ ਸੀ, ਸਿਰਫ਼ ਕੱਪੜੇ ਦੇ ਇੱਕ ਟੁਕੜੇ ਤੋਂ ਇਲਾਵਾ, ਜਿਹਨੂੰ ਤੂੰਬਾ ਬਣਾ ਕੇ ਮਿੱਟੀ ਦੇ ਤੇਲ ਵਿੱਚ ਭਿਓਂ ਕੇ ਸੋਟੀ ਸਹਾਰੇ ਬੰਨ੍ਹ ਕੇ ਜਲਾ ਦਿੱਤਾ ਗਿਆ ਸੀ। ਸੋਟੀ ਦਾ ਇੱਕ ਸਿਰਾ ਕਿਸੇ ਇੱਕ ਫਰਨਾਡੋ ਦੇ ਹੱਥ ਵਿੱਚ ਸੀ। ਪਰ ਮੇਰੀ ਚਿੰਤਾ ਦਾ ਵਿਸ਼ਾ ਕੁਝ ਹੋਰ ਹੀ ਸੀ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਇਸ ਹਨ੍ਹੇਰੇ ਵਿੱਚ ਤਸਵੀਰਾਂ ਕਿਵੇਂ ਲਵਾਂ?

ਮੱਛੀ ਨੇ ਮੇਰੀ ਸਮੱਸਿਆ ਹੱਲ ਕਰ ਦਿੱਤੀ।

ਉਨ੍ਹਾਂ ਨੇ ਫਾਸਫਰੇਸੰਸ (ਮੈਨੂੰ ਪਤਾ ਨਹੀਂ ਕਿ ਉਹ ਹੋਰ ਕੀ ਹੋ ਸਕਦਾ ਹੈ) ਨਾਲ਼ ਲਿਸ਼ਕਦਾ ਹੋਇਆ ਜਾਲ਼ ਕੱਢਿਆ ਅਤੇ ਬੇੜੀ ਦਾ ਉਹ ਹਿੱਸਾ ਰੌਸ਼ਨੀ ਨਾਲ਼ ਭਰ ਗਿਆ। ਬਾਕੀ ਦਾ ਕੰਮ ਫ਼ਲੈਸ਼ ਨਾਲ਼ ਸਰ ਗਿਆ। ਮੈਂ ਫ਼ਲੈਸ਼ (ਇੱਕ ਅਜਿਹੀ ਐਕਸੇਸਰੀ ਜੋ ਕਦੇ ਮੈਨੂੰ ਪਸੰਦ ਨਹੀਂ ਆਈ) ਦਾ ਇਸਤੇਮਾਲ ਕੀਤੇ ਬਗ਼ੈਰ ਵੀ ਕੁਝ ਤਸਵੀਰਾਂ ਲਈਆਂ।

ਇੱਕ ਘੰਟੇ ਬਾਅਦ, ਮੈਨੂੰ ਖਾਣ ਨੂੰ ਮੱਛੀ ਦਿੱਤੀ ਗਈ। ਇਸ ਤੋਂ ਤਾਜ਼ੀ ਮੱਛੀ ਮੈਂ ਪੂਰੀ ਜ਼ਿੰਦਗੀ ਵਿੱਚ ਨਹੀਂ ਸੀ ਖਾਧੀ। ਇੱਕ ਵੱਡੇ ਅਤੇ ਕਾਫ਼ੀ ਪੁਰਾਣੇ ਪੀਪੇ ਅੰਦਰ ਛੇਕ ਕਰਕੇ ਇਹਨੂੰ ਰਿੰਨ੍ਹਿਆ ਗਿਆ ਸੀ। ਪੀਪੇ ਦੇ ਹੇਠਾਂ ਅਤੇ ਅੰਦਰ ਉਨ੍ਹਾਂ ਨੇ ਕੋਈ ਹੀਲਾ-ਵਸੀਲਾ ਕਰਕੇ ਅੱਗ ਬਾਲ਼ੀ। ਅਸੀਂ ਦੋ ਦਿਨਾਂ ਲਈ ਇਸ ਸਮੁੰਦਰੀ ਯਾਤਰਾ 'ਤੇ ਸਾਂ। ਇਹ ਅਜਿਹੀਆਂ ਤਿੰਨ ਯਾਤਰਾਵਾਂ ਵਿੱਚੋਂ ਇੱਕ ਸੀ ਜੋ ਮੈਂ 1993 ਵਿੱਚ ਰਾਮਨਾਡ ਦੇ ਸਮੁੰਦਰ ਤਟ 'ਤੇ ਕੀਤੀ ਸੀ। ਪੁਰਾਣੇ ਉਪਕਰਣ ਅਤੇ ਕਸੂਤੇ ਹਾਲਾਤਾਂ ਦੇ ਬਾਵਜੂਦ ਵੀ ਮਛੇਰੇ ਜੋਸ਼ ਅਤੇ ਬੜੀ ਨਿਪੁੰਨਤਾ ਨਾਲ਼ ਕੰਮ ਕਰ ਰਹੇ ਸਨ।

Out on a two-night trip with fishermen off the coast of Ramnad district in Tamil Nadu, who toil, as they put it, 'to make someone else a millionaire'
PHOTO • P. Sainath

ਇਸ ਦੌਰਾਨ, ਦੋ ਵਾਰ ਸਾਨੂੰ ਤਟ-ਰੱਖਿਅਕਾਂ ਨੇ ਰੋਕਿਆ ਅਤੇ ਸਾਡੀ ਜਾਂਚ ਕੀਤੀ। ਉਹ ਲਿੱਟੇ (LTTE) ਦਾ ਦੌਰ ਸੀ ਅਤੇ ਸ਼੍ਰੀਲੰਕਾ ਬੱਸ ਹੁਣ ਕੁਝ ਹੀ ਕਿਲੋਮੀਟਰ ਦੂਰ ਸੀ। ਤਟ-ਰੱਖਿਅਕ ਬਲ ਨੇ ਅਣਮਣੇ ਮਨ ਨਾਲ਼ ਮੇਰੇ ਪ੍ਰਮਾਣ ਪੱਤਰ ਦੇਖਣੇ ਪ੍ਰਵਾਨ ਕੀਤੇ- ਜਿਸ ਅੰਦਰ ਰਾਮਨਾਡ ਦੇ ਕੁਲੈਕਟਰ ਦਾ ਇੱਕ ਪੱਤਰ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਉਹ ਸੰਤੁਸ਼ਟ ਹਨ ਕਿ ਮੈਂ ਇੱਕ ਪ੍ਰਮਾਣਕ (ਸੱਚਾ) ਪੱਤਰਕਾਰ ਹਾਂ।

ਇਸ ਤਟ 'ਤੇ ਕੰਮ ਕਰਨ ਵਾਲ਼ੇ ਬਹੁਤੇਰੇ ਮਛੇਰੇ ਕਰਜ਼ੇ ਵਿੱਚ ਡੁੱਬੇ ਪਏ ਹਨ ਅਤੇ ਬੜੀ ਘੱਟ ਮਜ਼ਦੂਰੀ 'ਤੇ ਕੰਮ ਕਰਦੇ ਹਨ, ਜੋ ਮਜ਼ਦੂਰੀ ਨਕਦੀ ਅਤੇ ਉਪਜ ਦੇ ਰਲ਼ੇ-ਮਿਲ਼ੇ ਰੂਪ 'ਤੇ ਅਧਾਰਤ ਹੁੰਦੀ ਹੈ। ਉਨ੍ਹਾਂ ਵਿੱਚੋਂ ਸਭ ਤੋਂ ਜ਼ਿਆਦਾ ਪੜ੍ਹੇ-ਲਿਖੇ ਇਨਸਾਨ ਨੇ ਛੇਵੀਂ ਜਮਾਤ ਤੱਕ ਪੜ੍ਹਾਈ ਕੀਤੀ ਸੀ। ਉਹ ਜਿੰਨਾ ਖ਼ਤਰਾ ਮੁੱਲ ਲੈਂਦੇ ਹਨ, ਉਹਦੇ ਬਦਲੇ ਉਨ੍ਹਾਂ ਨੂੰ ਬਹੁਤ ਹੀ ਘੱਟ ਮਿਹਨਤਾਨਾ ਮਿਲ਼ਦਾ ਹੈ; ਮਿਸਾਲ ਵਜੋਂ ਜਿਹੜੇ ਝੀਂਗੇ ਉਹ ਫੜ੍ਹਦੇ ਹਨ, ਜਪਾਨ ਵਿੱਚ ਉਨ੍ਹਾਂ ਨੂੰ ਬੜਾ ਕੀਮਤੀ ਮੰਨਿਆ ਜਾਂਦਾ ਹੈ। ਬੜੀ ਅਜੀਬ ਗੱਲ ਹੈ ਕਿ ਜਿਸ ਤਰ੍ਹਾਂ ਦੀ ਬੇੜੀ ਵਿੱਚ ਇਹ ਲੋਕ ਕੰਮ ਕਰਦੇ ਹਨ, ਉਨ੍ਹਾਂ ਵਿੱਚੋਂ ਮੱਛੀ ਫੜ੍ਹਨ ਵਾਲ਼ੇ ਦੂਸਰੇ, ਪਰੰਪਰਾਗਤ ਗ਼ੈਰ-ਮਸ਼ੀਨੀਕ੍ਰਿਤ ਜਹਾਜ਼ਾਂ ਜਾਂ ਉਨ੍ਹਾਂ ਦੇਸੀ ਬੇੜੀਆਂ ਵਾਲ਼ੇ ਮਛੇਰਿਆਂ ਦੀ ਮਾਲ਼ੀ ਹਾਲਤ ਵਿੱਚ ਬਹੁਤਾ ਫ਼ਰਕ ਨਹੀਂ ਜਿਨ੍ਹਾਂ ਨਾਲ਼ ਕਦੇ-ਕਦਾਈਂ ਉਨ੍ਹਾਂ ਦਾ ਸਾਹਮਣਾ ਹੋ ਜਾਂਦਾ ਹੈ।

ਦੋਵਾਂ ਬੇੜੀਆਂ ਦੇ ਮਛੇਰੇ ਗ਼ਰੀਬ ਹਨ ਅਤੇ ਉਨ੍ਹਾਂ ਵਿੱਚੋਂ ਕੋਈ ਵਿਰਲਾ ਹੀ ਹੈ ਜਿਸ ਕੋਲ਼ ਆਪਣੀ ਬੇੜੀ ਹੈ। 'ਮਸ਼ੀਨੀਕ੍ਰਿਤ' ਬੇੜੀ ਦੀ ਤਾਂ ਗੱਲ ਹੀ ਛੱਡੋ। ਅਸੀਂ ਸਵੇਰੇ-ਸਾਜਰੇ ਸਮੁੰਦਰ ਵਿੱਚ ਇੱਕ ਹੋਰ ਚੱਕਰ ਲਾਇਆ ਅਤੇ ਫਿਰ ਕੰਢੇ ਵੱਲ ਚੱਲ ਪਏ। ਸਾਰੇ 'ਫਰਨਾਡੋ' ਮੁਸਕਰਾ ਰਹੇ ਸਨ। ਇਸ ਵਾਰ ਇਹ ਮੁਸਕਾਨ ਕੁਝ ਜ਼ਿਆਦਾ ਹੀ ਚੌੜੀ ਸੀ ਜੋ ਸ਼ਾਇਦ ਮੇਰੇ ਹੱਕੇ-ਬੱਕੇ ਚਿਹਰੇ ਵੱਲ ਦੇਖ ਕੇ ਆਈ ਸੀ, ਚਿਹਰੇ ਦਾ ਇਹ ਭਾਵ ਜੋ ਉਨ੍ਹਾਂ ਦੇ ਵਜੂਦ ਦੇ ਆਰਥਿਕ ਪੱਖ ਨੂੰ ਸਮਝਣ ਦੀ ਇੱਕ ਕੋਸ਼ਿਸ਼ ਕਾਰਨ ਉਭਰ ਆਇਆ ਸੀ।

ਕਿਸੇ ਇੱਕ ਨੇ ਕਿਹਾ: ''ਬੜੀ ਸਧਾਰਣ ਗੱਲ ਹੈ। ਅਸੀਂ ਕੰਮ ਕਰਦੇ ਹਾਂ ਤਾਂ ਕਿ ਕੋਈ ਕਰੋੜਪਤੀ ਬਣ ਸਕੇ।''


ਇਸ ਸਟੋਰੀ ਦਾ ਇੱਕ ਛੋਟਾ ਵਰਜ਼ਨ 19 ਜਨਵਰੀ, 1996 ਨੂੰ ਦਿ ਹਿੰਦੂ ਬਿਜਨੈੱਸਲਾਈ ' ਵਿੱਚ ਪ੍ਰਕਾਸ਼ਤ ਹੋਇਆ ਸੀ।

ਤਰਜਮਾ: ਕਮਲਜੀਤ ਕੌਰ

P. Sainath is Founder Editor, People's Archive of Rural India. He has been a rural reporter for decades and is the author of 'Everybody Loves a Good Drought' and 'The Last Heroes: Foot Soldiers of Indian Freedom'.

Other stories by P. Sainath
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur