ਇਹ ਸਟੋਰੀ ਜਲਵਾਯੂ ਤਬਦੀਲੀ 'ਤੇ ਅਧਾਰਤ ਪਾਰੀ ਦੀ ਉਸ ਲੜੀ ਦਾ ਹਿੱਸਾ ਹੈ ਜਿਹਨੇ ਵਾਤਾਵਰਣ ਸਬੰਧੀ ਰਿਪੋਰਟਿੰਗ ਦੀ ਸ਼੍ਰੇਣੀ ਵਿੱਚ ਸਾਲ 2019 ਦਾ ਰਾਮਨਾਥ ਗੋਇਨਕਾ ਪੁਰਸਕਾਰ ਜਿੱਤਿਆ।

''ਸਵੇਰ ਦੇ 11 ਵੱਜ ਕੇ 40 ਮਿੰਟ ਹੋ ਚੁੱਕੇ ਹਨ, ਇਸਲਈ ਹੁਣ ਵਾਰੀ ਹੈ ਹਵਾ ਦੀ ਗਤੀ ਦੀ ਤਾਜ਼ਾ ਹਾਲਤ ਬਾਰੇ ਦੱਸਣ ਦੀ,'' ਕਡਲ ਓਸਈ ਰੇਡਿਓ ਸਟੇਸ਼ਨ ਦੇ ਏ. ਯਸ਼ਵੰਤ ਦੀ ਅਵਾਜ਼ ਗੂੰਜਦੀ ਹੈ। ''ਬੀਤੇ ਇੱਕ ਹਫ਼ਤੇ ਜਾਂ ਇੱਕ ਮਹੀਨੇ ਤੋਂ ਕਚਾਨ ਕਾਥੂ (ਦੱਖਣੀ ਹਵਾ) ਕਾਫ਼ੀ ਤੀਬਰ ਸੀ। ਉਹਦਾ ਵੇਗ 40 ਤੋਂ 60 ਸੀ (ਕਿਲੋਮੀਟਰ ਪ੍ਰਤੀ ਘੰਟਾ)। ਅੱਜ ਦੀ ਹਵਾ ਨੇ ਜਿਵੇਂ ਮਛੇਰਿਆਂ ਦੀ ਮਦਦ ਕਰਨ ਬਾਰੇ ਸੋਚ ਲਿਆ ਹੋਵੇ ਅਤੇ ਉਹਦੀ ਗਤੀ ਘੱਟ ਹੋ ਕੇ 15 (ਕਿਲੋਮੀਟਰ ਪ੍ਰਤੀ ਘੰਟਾ) ਪਹੁੰਚ ਗਈ ਹੈ।''

ਤਮਿਲਨਾਡੂ ਦੇ ਰਾਮਨਾਥਪੁਰਮ ਜ਼ਿਲ੍ਹੇ ਦੇ ਪਾਮਬਨ ਦੀਪ ਦੇ ਮਛੇਰਿਆਂ ਲਈ ਇਹ ਚੰਗੀ ਖ਼ਬਰ ਹੈ। ''ਇਹਦਾ ਮਤਲਬ ਹੈ ਕਿ ਉਹ ਬਿਨਾ ਕਿਸੇ ਡਰੋਂ ਸਮੁੰਦਰ ਵਿੱਚ ਜਾ ਸਕਦੇ ਹਨ,'' ਯਸ਼ਵੰਤ ਦੱਸਦੇ ਹਨ ਜੋ ਖ਼ੁਦ ਇੱਕ ਮਛੇਰੇ ਹਨ। ਉਹ ਇਸ ਇਲਾਕੇ ਵਿੱਚ ਚੱਲਣ ਵਾਲ਼ੇ ਭਾਈਚਾਰੇ ਦੇ ਇੱਕ ਗੁਆਂਢੀ ਰੇਡਿਓ ਸਟੇਸ਼ਨ, ਕਡਲ ਓਸਈ (ਸਮੁੰਦਰ ਦੀ ਅਵਾਜ਼) ਵਿੱਚ ਰੇਡਿਓ ਜੌਕੀ ਵੀ ਹਨ।

ਖ਼ੂਨਦਾਨ ਨੂੰ ਲੈ ਕੇ ਇੱਕ ਵਿਸ਼ੇਸ਼ ਪ੍ਰਸਾਰਣ ਸ਼ੁਰੂ ਕਰਨ ਵਾਸਤੇ, ਯਸ਼ਵੰਤ ਮੌਸਮ ਦੀ ਰਿਪੋਰਟ ਨਾਲ਼ ਜੁੜੀ ਗੱਲ ਇੰਝ ਖਤਮ ਕਰਦੇ ਹਨ: ''ਤਾਪਮਾਨ 32 ਡਿਗਰੀ ਸੈਲਸੀਅਸ 'ਤੇ ਅੱਪੜ ਚੁੱਕਿਆ ਹੈ। ਇਸਲਈ ਲੋੜੀਂਦੀ ਮਾਤਰਾ ਵਿੱਚ ਪਾਣੀ ਪੀਂਦੇ ਰਹੋ ਅਤੇ ਧੁੱਪੇ ਨਾ ਜਾਓ।''

ਇਹ ਇੱਕ ਲੋੜੀਂਦੀ ਸਾਵਧਾਨੀ ਹੈ ਕਿਉਂਕਿ ਪਾਮਬਨ ਵਿੱਚ ਹੁਣ 1996 ਦੇ ਮੁਕਾਬਲੇ ਜਿਹੜੇ ਸਾਲ ਯਸ਼ਵੰਤ ਪੈਦਾ ਹੋਏ ਸਨ ਕਿਤੇ ਵੱਧ ਗਰਮ ਦਿਨ ਦੇਖਣ ਨੂੰ ਮਿਲ਼ ਰਹੇ ਹਨ। ਉਦੋਂ, ਇਸ ਦੀਪ 'ਤੇ ਇੱਕ ਸਾਲ ਵਿੱਚ ਘੱਟੋ ਘੱਟ 162 ਦਿਨ ਅਜਿਹੇ ਹੁੰਦੇ ਸਨ ਜਦੋਂ ਤਾਪਮਾਨ 32 ਡਿਗਰੀ ਸੈਲਸੀਅਸ ਦੇ ਨਿਸ਼ਾਨ ਨੂੰ ਛੂੰਹਦਾ ਸੀ ਜਾਂ ਉਹਦੇ ਪਾਰ ਪਹੁੰਚ ਜਾਂਦਾ ਸੀ। ਮਛੇਰਾ (ਕੁੱਲਵਕਤੀ) ਕੰਮ ਕਰਨ ਵਾਲ਼ੇ ਉਨ੍ਹਾਂ ਦੇ ਪਿਤਾ ਐਂਥਨੀ ਸਾਮੀ ਵਾਸ, ਜਦੋਂ 1973 ਵਿੱਚ ਪੈਦਾ ਹੋਏ ਸਨ ਤਾਂ ਇੰਨੀ ਗਰਮੀ ਸਾਲ ਦੇ 125 ਦਿਨਾਂ ਤੋਂ ਵੱਧ ਨਹੀਂ ਪੈਂਦੀ ਹੁੰਦੀ। ਪਰ ਅੱਜ, ਉਨ੍ਹਾਂ ਗਰਮ ਦਿਨਾਂ ਦੀ ਗਿਣਤੀ ਸਾਲ ਦੇ 125 ਦਿਨਾਂ ਦੀ ਬਜਾਇ 180 ਦਿਨ ਹੋ ਚੁੱਕੀ ਹੈ। ਜਲਵਾਯੂ ਤਬਦੀਲੀ ਅਤੇ ਆਲਮੀ ਤਪਸ਼ (ਗਲੋਬਲ ਵਾਰਮਿੰਗ) 'ਤੇ ਇੱਕ ਇੰਟਰੈਕਟਿਵ ਉਪਕਰਣ ਨਾਲ਼ ਕੀਤੀ ਗਈ ਗਣਨਾ ਦਾ ਦਾਅਵਾ ਹੈ ਜੋ ਇਸ ਸਾਲ ਜੁਲਾਈ ਵਿੱਚ ਨਿਊਯਾਰਕ ਟਾਈਮਸ ਦੁਆਰਾ ਆਨਲਾਈਨ ਪੋਸਟ ਕੀਤਾ ਗਿਆ ਸੀ।

ਇਸਲਈ ਯਸ਼ਵੰਤ ਅਤੇ ਉਨ੍ਹਾਂ ਦੇ ਸਹਿਯੋਗੀ ਨਾ ਸਿਰਫ਼ ਮੌਸਮ ਨੂੰ, ਸਗੋਂ ਜਲਵਾਯੂ ਦੇ ਵੱਡੇ ਮੁੱਦੇ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦੇ ਪਿਤਾ ਅਤੇ ਹੋਰ ਮਛੇਰੇ ਜਿਨ੍ਹਾਂ ਦੀ ਅਸਲੀ ਸੰਖਿਆ (ਇਸ ਦੀਪ ਦੇ ਦੋ ਮੁੱਖ ਸ਼ਹਿਰ ਪਾਮਬਨ ਅਤੇ ਰਾਮੇਸ਼ਵਰਮ ਵਿੱਚ) 83,000 ਦੇ ਕਰੀਬ ਹੈ। ਉਨ੍ਹਾਂ ਵੱਲੋਂ ਇਸ ਉਮੀਦ ਨਾਲ਼ ਦੇਖ ਰਹੇ ਹਨ ਕਿ ਉਹ ਇਨ੍ਹਾਂ ਤਬਦੀਲੀਆਂ ਦਾ ਸਹੀ ਅਰਥ ਸਮਝਾਉਣਗੇ।

PHOTO • A. Yashwanth
PHOTO • Kadal Osai

ਆਰਜੇ ( ਰੇਡਿਓ ਜੌਕੀ) ਯਸ਼ਵੰਤ, ਆਪਣੇ ਪਿਤਾ ਐਂਥਨੀ ਸਾਮੀ ਅਤੇ ਉਨ੍ਹਾਂ ਦੀ ਬੇੜੀ (ਸੱਜੇ) ਦੇ ਨਾਲ਼: 'ਪਹਿਲਾਂ-ਪਹਿਲ ਬਾਹਰ ਨਿਕਲ਼ਣ ਤੋਂ ਪਹਿਲਾਂ ਅਸੀਂ ਹਵਾਵਾਂ ਅਤੇ ਮੌਸਮ ਦੀ ਅੰਦਾਜ਼ਾ ਲਾ ਲਿਆ ਕਰਦੇ ਸਾਂ। ਪਰ ਅੱਜ ਦੀ ਘੜੀ ਸਾਡਾ ਅੰਦਾਜ਼ਾ ਸਹੀ ਨਹੀਂ ਨਿਕ਼ਲਦਾ'

''ਮੈਂ ਕਰੀਬ 10 ਸਾਲ ਦੀ ਉਮਰ ਤੋਂ ਮੱਛੀਆਂ ਫੜ੍ਹ ਰਿਹਾ ਹਾਂ,'' ਐਂਥਨੀ ਸਾਮੀ ਕਹਿੰਦੇ ਹਨ। ''ਸਮੁੰਦਰ ਦੇ ਸੁਭਾਅ ਵਿੱਚ ਵੱਡੀ ਤਬਦੀਲੀ (ਉਦੋਂ ਦੇ ਮੁਕਾਬਲੇ) ਆਈ ਹੈ। ਪਹਿਲਾਂ-ਪਹਿਲਾਂ ਬਾਹਰ ਨਿਕਲ਼ਣ ਤੋਂ ਪਹਿਲਾਂ ਅਸੀਂ ਹਵਾਵਾਂ ਅਤੇ ਮੌਸਮ ਦੀ ਅੰਦਾਜ਼ਾ ਲਾ ਲਿਆ ਕਰਦੇ ਸਾਂ। ਪਰ ਅੱਜ ਦੀ ਘੜੀ ਸਾਡਾ ਅੰਦਾਜ਼ਾ ਸਹੀ ਨਹੀਂ ਨਿਕ਼ਲਦਾ। ਤਬਦੀਲੀਆਂ ਇੰਨੀਆਂ ਪ੍ਰਚੰਡ ਹਨ ਕਿ ਸਾਡੀ ਜਾਣਕਾਰੀ ਨੂੰ ਗ਼ਲਤ ਸਾਬਤ ਕਰਦੀਆਂ ਜਾਂਦੀਆਂ ਹਨ। ਪਹਿਲਾਂ, ਜਦੋਂ ਅਸੀਂ ਸਮੁੰਦਰ ਅੰਦਰ ਜਾਂਦੇ ਸੀ ਤਾਂ ਕਦੇ ਇੰਨੀ ਤਪਸ਼ ਨਹੀਂ ਸੀ ਹੁੰਦੀ ਪਰ ਅੱਜ ਦੀ ਗਰਮੀ ਸਾਡੇ ਲਈ ਨਵੀਂਆਂ ਚੁਣੌਤੀਆਂ ਖੜ੍ਹੀਆਂ ਕਰ ਰਹੀ ਹੈ।''

ਕਦੀ-ਕਦਾਈਂ ਉਹ ਸਮੁੰਦਰ ਜਿਸ ਬਾਰੇ ਸਾਮੀ ਗੱਲ ਕਰਦੇ ਹਨ, ਮਾਰੂ ਹੋ ਜਾਂਦਾ ਹੈ। ਜਿਵੇਂ ਇਸ ਸਾਲ 4 ਜੁਲਾਈ ਦੀ ਗੱਲ ਕਰਦੇ ਹਾਂ। ਉਸ ਦਿਨ ਯਸ਼ਵੰਤ ਆਪਣੇ ਪਿਤਾ ਦੀ ਬੇੜੀ 'ਤੇ ਸਵਾਰ ਹੋ ਕੇ ਮੱਛੀਆਂ ਫੜ੍ਹਨ (ਜੋ ਅਕਸਰ ਸਮਾਂ ਮਿਲ਼ਣ 'ਤੇ ਹੀ ਮੱਛੀਆਂ ਫੜ੍ਹਦੇ ਹਨ) ਗਏ ਅਤੇ ਰਾਤੀਂ 9 ਵਜੇ ਇਹ ਖ਼ਬਰ ਲੈ ਕੇ ਵਾਪਸ ਮੁੜੇ ਕਿ ਖ਼ਰਾਬ ਮੌਸਮ ਕਾਰਨ 4 ਜਣੇ ਸਮੁੰਦਰ ਵਿੱਚ ਰਸਤਾ ਭਟਕ ਗਏ ਹਨ। ਉਸ ਸਮੇਂ ਕਡਲ ਓਸਾਈ ਬੰਦ ਹੋ ਚੁੱਕਿਆ ਸੀ। ਇਹਦਾ ਪ੍ਰਸਾਰਣ ਸਮਾਂ ਸਵੇਰੇ 7 ਵਜੇ ਤੋਂ ਸ਼ਾਮੀਂ 6 ਵਜੇ ਹੀ ਹੁੰਦਾ ਹੈ ਪਰ ਬਾਵਜੂਦ ਇਹਦੇ ਆਰਜੇ (ਰੇਡਿਓ ਜੌਕੀ) ਰੇਡਿਓ  'ਤੇ ਆਏ ਅਤੇ ਸੁਚੇਤ ਕਰਨ ਦੇ ਲਹਿਜੇ ਵਿੱਚ ਪ੍ਰਸਾਰਣ ਸ਼ੁਰੂ ਕੀਤਾ ਅਤੇ ਕਿਹਾ ਕਿ ਕੁਝ ਮਛੇਰੇ ਬਿਪਤਾ ਵਿੱਚ ਫਸੇ ਹੋਏ ਹਨ। ''ਆਰਜੇ ਸਦਾ ਸਾਡੇ ਲਈ ਤਿਆਰ ਹੁੰਦਾ ਹੈ ਉਦੋਂ ਵੀ ਜਦੋਂ ਪ੍ਰਸਾਰਣ ਸਮਾਂ ਲੰਘ ਚੁੱਕਿਆ ਹੋਵੇ,'' ਰੇਡਿਓ ਸਟੇਸ਼ਨ ਦੀ ਪ੍ਰਮੁੱਖ ਗਾਇਤਰੀ ਓਸਮਾਨ ਕਹਿੰਦੀ ਹਨ ਅਤੇ ਬਾਕੀ ਦੇ ਕਰਮਚਾਰੀ ਆਸਪਾਸ ਹੀ ਰਹਿੰਦੇ ਹਨ। ''ਇਸਲਈ ਸੰਕਟ ਦੀ ਘੜੀ ਵਿੱਚ ਅਸੀਂ ਕਦੇ ਵੀ ਕਿਸੇ ਵੀ ਸਮੇਂ ਪ੍ਰਸਾਰਣ ਕਰ ਸਕਦੇ ਹੁੰਦੇ ਹਾਂ।'' ਉਸ ਦਿਨ ਕਡਲ ਓਸਾਈ ਦੇ ਕਰਮਚਾਰੀਆਂ ਨੇ ਪੁਲਿਸ, ਤਟ-ਰੱਖਿਅਕ, ਜਨਤਾ ਅਤੇ ਹੋਰਨਾਂ ਮਛੇਰਿਆਂ ਨੂੰ ਸੁਚੇਤ ਕਰਨ ਲਈ ਯਕੀਨੋ-ਬਾਹਰੀ ਤਰੀਕੇ ਨਾਲ਼ ਕੰਮ ਕੀਤਾ।

ਬਾਅਦ ਵਿੱਚ ਕਈ ਰਾਤਾਂ ਜਾਗਦੇ ਰਹਿਣ ਤੋਂ ਬਾਅਦ ਵੀ ਸਿਰਫ਼ ਦੋ ਲੋਕਾਂ ਨੂੰ ਹੀ ਬਚਾਇਆ ਜਾ ਸਕਿਆ। ''ਉਨ੍ਹਾਂ ਨੇ ਇੱਕ ਨੁਕਸਾਨੀ ਵੱਲਮ (ਦੇਸੀ ਕਿਸ਼ਤੀ) ਨੂੰ ਫੜ੍ਹਿਆ ਹੋਇਆ ਸੀ। ਕਿਸ਼ਤੀ ਨੂੰ ਫੜ੍ਹੀ ਰੱਖਣ ਕਾਰਨ ਬਾਕੀ ਦੋ ਜਣਿਆਂ ਦੇ ਹੱਥਾਂ ਵਿੱਚ ਪੀੜ ਹੋਣ ਲੱਗ ਪਈ ਅਤੇ ਉਨ੍ਹਾਂ ਦੀ ਕਿਸ਼ਤੀ ਤੋਂ ਪਕੜ ਢਿੱਲੀ ਹੁੰਦੀ ਚਲੀ ਗਈ,'' ਗਾਇਤਰੀ ਕਹਿੰਦੀ ਹਨ। ਵਿਦਾ ਹੁੰਦੇ ਵੇਲ਼ੇ ਉਨ੍ਹਾਂ ਨੇ ਆਪਣੇ ਦੋ ਸਾਥੀਆਂ ਨੂੰ ਕਿਹਾ ਕਿ ਉਹ ਉਨ੍ਹਾਂ ਦੇ ਪਰਿਵਾਰਾਂ ਤੀਕਰ ਪਿਆਰ ਦਾ ਸੁਨੇਹਾ ਪਹੁੰਚਾ ਦੇਣ ਅਤੇ ਸਮਝਾ ਦੇਣ ਕਿ ਬਹੁਤੀ ਦੇਰ ਤੱਕ ਕਿਸ਼ਤੀ ਨੂੰ ਫੜ੍ਹੀ ਨਾ ਰੱਖ ਸਕੇ। 10 ਜੁਲਾਈ ਨੂੰ ਉਨ੍ਹਾਂ ਦੀਆਂ ਲਾਸ਼ਾਂ ਲਹਿਰਾਂ ਦੇ ਨਾਲ਼ ਕੰਢੇ 'ਤੇ ਪਹੁੰਚ ਗਈਆਂ।

''ਹੁਣ ਹਾਲਾਤ ਪਹਿਲਾਂ ਜਿਹੇ ਨਹੀਂ ਰਹੇ,'' 54 ਸਾਲਾ ਏ.ਕੇ. ਸੇਸੁਰਾਜ ਜਾਂ 'ਕੈਪਟਨ ਰਾਜ' ਕਹਿੰਦੇ ਹਨ, ਜਿਨ੍ਹਾਂ ਨੇ ਇਹ ਉਪਾਧੀ ਆਪਣੀ ਬੇੜੀ ਦੇ ਨਾਮ ਕਾਰਨ ਹਾਸਲ ਕੀਤੀ ਹੈ। ਉਹ ਦੱਸਦੇ ਹਨ ਕਿ ਨੌ ਸਾਲ ਦੀ ਉਮਰੇ ਜਦੋਂ ਉਨ੍ਹਾਂ ਨੇ ਸਮੁੰਦਰ ਵਿੱਚ ਜਾਣਾ ਸ਼ੁਰੂ ਕੀਤਾ ਤਾਂ ਉਸ ਸਮੇਂ ''ਸਮੁੰਦਰ ਦਾ ਸੁਭਾਅ ਦੋਸਤਾਨਾ ਹੁੰਦਾ ਸੀ। ਸਾਨੂੰ ਪਤਾ ਹੁੰਦਾ ਸੀ ਕਿ ਕਿੰਨੀ ਕੁ ਮੱਛੀ ਹੱਥ ਲੱਗੇਗੀ ਅਤੇ ਮੌਸਮ ਕੈਸਾ ਰਹੇਗਾ। ਅੱਜ ਇਹ ਦੋਵੇਂ ਕਿਆਸ ਲਾਉਣੇ ਮੁਸ਼ਕਲ ਹਨ।''

ਵੀਡਿਓ ਦੇਖੋ: 'ਕੈਪਟਨ ਰਾਜ ' ਅੰਬਾ ਗੀਤ ਗਾਉਂਦੇ ਹੋਏ

'ਹੁਣ ਹਾਲਾਤ ਪਹਿਲਾਂ ਜਿਹੇ ਨਹੀਂ ਰਹੇ', 54 ਸਾਲਾ ਏ.ਕੇ. ਸੇਸੁਰਾਜ ਜਾਂ 'ਕੈਪਟਨ ਰਾਜ' ਕਹਿੰਦੇ ਹਨ। ਉਹ ਦੱਸਦੇ ਹਨ ਕਿ 'ਸਮੁੰਦਰ ਦਾ ਸੁਭਾਅ ਦੋਸਤਾਨਾ ਹੁੰਦਾ ਸੀ... ਸਾਨੂੰ ਪਤਾ ਰਹਿੰਦਾ ਸੀ ਕਿ ਕਿੰਨੀ ਕੁ ਮੱਛੀ ਹੱਥ ਲੱਗੇਗੀ ਅਤੇ ਮੌਸਮ ਕੈਸਾ ਰਹੇਗਾ। ਅੱਜ ਇਹ ਦੋਵੇਂ ਕਿਆਸ ਲਾਉਣੇ ਮੁਸ਼ਕਲ ਹਨ'

ਰਾਜ ਇਨ੍ਹਾਂ ਆਈਆਂ ਤਬਦੀਲੀਆਂ ਕਾਰਨ ਬੌਂਦਲੇ ਹੋਏ ਹਨ, ਪਰ ਕਡਲ ਓਸਾਈ ਦੇ ਕੋਲ਼ ਅਧੂਰੇ ਹੀ ਸਹੀ ਪਰ ਉਨ੍ਹਾਂ ਵਾਸਤੇ ਕੁਝ ਜਵਾਬ ਤਾਂ ਹਨ। ਗ਼ੈਰ-ਸਰਕਾਰੀ ਸੰਗਠਨ, ਨੇਸੱਕਰੰਗਲ ਵੱਲੋਂ 15 ਅਗਸਤ 2016 ਨੂੰ ਲਾਂਚ ਕੀਤੇ ਜਾਣ ਬਾਅਦ ਤੋਂ ਹੀ ਇਹ ਸਟੇਸ਼ਨ ਸਮੁੰਦਰੀ, ਮੌਸਮ ਦੇ ਉਤਰਾਅ-ਚੜ੍ਹਾਅ ਅਤੇ ਜਲਵਾਯੂ ਤਬਦੀਲੀਆਂ ਨੂੰ ਲੈ ਕੇ ਪ੍ਰੋਗਰਾਮ ਚਲਾਉਂਦਾ ਆ ਰਿਹਾ ਹੈ।

'' ਕਡਲ ਓਸਾਈ ਇੱਕ ਦੈਨਿਕ ਪ੍ਰੋਗਰਾਮ ਚਲਾਉਂਦਾ ਹੈ, ਜਿਹਦਾ ਨਾਮ ਹੈ ਸਮੁਥਿਰਮ ਪਜ਼ਾਗੁ (ਸਮੁੰਦਰ ਨੂੰ ਜਾਣੋ),'' ਗਾਇਤਰੀ ਕਹਿੰਦੀ ਹਨ। ''ਇਹਦਾ ਉਦੇਸ ਸਮੁੰਦਰਾਂ ਦਾ ਸੰਰਖਣ ਹੈ। ਅਸੀਂ ਜਾਣਦੇ ਹਾਂ ਕਿ ਇਸ ਨਾਲ਼ ਜੁੜੇ ਵੱਡੇ ਮੁੱਦੇ ਭਾਈਚਾਰੇ 'ਤੇ ਦੂਰਗਾਮੀ ਅਸਰ ਪਾਉਣਗੇ। ਸਮੁਥਿਰਮ ਪਜ਼ਾਗੁ ਜਲਵਾਯੂ ਤਬਦੀਲੀ 'ਤੇ ਗੱਲਬਾਤ ਨੂੰ ਜਾਰੀ ਰੱਖਣ ਦੀ ਸਾਡੀ ਇੱਕ ਕੋਸ਼ਿਸ਼ ਹੈ। ਅਸੀਂ ਸਮੁੰਦਰੀ ਸਿਹਤ ਲਈ ਹਾਨੀਕਾਰਕ ਕੰਮਾਂ ਅਤੇ ਉਨ੍ਹਾਂ ਤੋਂ ਬਚਣ ਬਾਰੇ ਗੱਲ ਕਰਦੇ ਹਾਂ (ਉਦਾਹਰਣ ਲਈ, ਜਹਾਜਾਂ ਰਾਹੀਂ ਵੱਧ ਤੋਂ ਵੱਧ ਮੱਛੀਆਂ ਦਾ ਫੜ੍ਹਿਆ ਜਾਣਾ ਜਾਂ ਡੀਜ਼ਲ ਅਤੇ ਪੈਟਰੋਲ ਨਾਲ਼ ਪਾਣੀ ਦਾ ਪ੍ਰਦੂਸ਼ਿਤ ਹੋਣਾ)। ਪ੍ਰੋਗਰਾਮ ਦੌਰਾਨ ਸਾਡੇ ਕੋਲ਼ ਲੋਕਾਂ ਦੇ ਫ਼ੋਨ ਆਉਂਦੇ ਹਨ, ਜੋ ਖ਼ੁਦ ਆਪਣੇ ਤਜ਼ਰਬੇ ਸਾਂਝੇ ਕਰਦੇ ਹਨ। ਕਦੇ-ਕਦਾਈਂ ਉਹ ਆਪਣੀਆਂ ਗ਼ਲਤੀਆਂ ਬਾਰੇ ਦੱਸਦੇ ਹਨ ਅਤੇ ਵਾਅਦਾ ਕਰਦੇ ਹਨ ਕਿ ਉਨ੍ਹਾਂ ਨੂੰ ਨਾ ਦਹੁਰਾਉਣ ਦਾ।''

''ਆਪਣੀ ਸ਼ੁਰੂਆਤ ਤੋਂ ਹੀ, ਕਡਲ ਓਸਾਈ ਦੀ ਟੀਮ ਸਾਡੇ ਸੰਪਰਕ ਵਿੱਚ ਰਹੀ ਹੈ,'' ਕ੍ਰਿਸਟੀ ਲੀਮਾ ਕਹਿੰਦੀ ਹਨ, ਜੋ ਐੱਮ.ਐੱਸ. ਸਵਾਮੀਨਾਥਨ ਰਿਸਰਚ ਫਾਊਂਡੇਸ਼ਨ (MSSRF), ਚੇਨੱਈ ਵਿਖੇ ਸੰਚਾਰ ਪ੍ਰਬੰਧਕ ਹਨ। ਇਹ ਸੰਸਥਾ ਇਸ ਰੇਡਿਓ ਸਟੇਸ਼ਨ ਦੀ ਸਹਾਇਤਾ ਕਰਦੀ ਹੈ। ''ਉਹ ਆਪਣੇ ਪ੍ਰੋਗਰਾਮਾਂ ਵਿੱਚ ਸਾਡੇ ਮਾਹਰਾਂ ਨੂੰ ਬੁਲਾਉਂਦੇ ਰਹਿੰਦੇ ਹਨ। ਪਰ ਮਈ ਤੋਂ, ਅਸੀਂ ਜਲਵਾਯੂ ਤਬਦੀਬੀ ਬਾਰੇ ਜਾਗਰੂਕਤਾ ਫ਼ੈਲਾਉਣ ਲਈ ਵੀ ਉਨ੍ਹਾਂ ਦੇ ਨਾਲ਼ ਰਲ਼ ਕੇ ਕੰਮ ਕੀਤਾ ਹੈ। ਕਡਲ ਓਸਾਈ ਦੇ ਮਾਧਿਅਮ ਨਾਲ਼ ਇੰਝ ਕਰਨਾ ਸੌਖਾ ਹੈ ਕਿਉਂਕਿ ਕਮਿਊਨਿਟੀ ਰੇਡਿਓ ਦੇ ਰੂਪ ਵਿੱਚ ਉਹ ਪਾਮਬਨ ਵਿੱਚ ਪਹਿਲਾਂ ਤੋਂ ਹੀ ਕਾਫ਼ੀ ਮਕਬੂਲ ਹਨ।''

ਇਸ ਰੇਡਿਓ ਸਟੇਸ਼ਨ ਨੇ ' ਕਡਲ ਓਰੂ ਅਥਿਸਯਮ, ਅਦਈ ਕਾਪਦੁ ਨਮ ਅਵਸਿਯਮ ' ' (ਸਮੁੰਦਰ ਇੱਕ ਅਜੂਬਾ ਹੈ, ਸਾਨੂੰ ਇਹਦੀ ਰੱਖਿਆ ਕਰਨੀ ਚਾਹੀਦੀ ਹੈ) ਸਿਰਲੇਖ ਹੇਠ, ਮਈ ਅਤੇ ਜੂਨ ਵਿੱਚ ਖ਼ਾਸ ਰੂਪ ਨਾਲ਼ ਜਲਵਾਯੂ ਤਬਦੀਲੀ ਦੇ ਮੁੱਦਿਆਂ 'ਤੇ ਚਾਰ ਐਪੀਸੋਡ ਪ੍ਰਸਾਰਤ ਕੀਤੇ। MSSRF ਦੀ ਤਟੀ ਪ੍ਰਣਾਲੀ ਖੋਜ ਇਕਾਈ ਦੇ ਮਾਹਰ, ਇਹਦੀ ਪ੍ਰਧਾਨਗੀ ਵੀ ਸੈਲਵਮ ਦੀ ਅਗਵਾਈ ਵਿੱਚ ਇਨ੍ਹਾਂ ਐਪੀਸੋਡ ਵਿੱਚ ਸ਼ਾਮਲ ਹੋਇਆ। ''ਅਜਿਹੇ ਪ੍ਰੋਗਰਾਮ ਬੇਹੱਦ ਅਹਿਮ ਹਨ ਕਿਉਂਕਿ ਜਦੋਂ ਅਸੀਂ ਜਲਵਾਯੂ ਤਬਦੀਲੀ ਬਾਰੇ ਗੱਲ ਕਰਦੇ ਹਾਂ ਤਾਂ ਇੰਝ ਅਸੀਂ ਮਾਹਰਾਂ ਦੇ ਪੱਧਰ 'ਤੇ ਜਾ ਕੇ ਕਰਦੇ ਹਾਂ,'' ਸੈਲਵਮ ਦਾ ਕਹਿਣਾ ਹੈ। ''ਇਹਦੇ ਬਾਰੇ ਜ਼ਮੀਨੀ ਪੱਧਰ 'ਤੇ ਚਰਚਾ ਕਰਨ ਦੀ ਲੋੜ ਹੈ, ਉਨ੍ਹਾਂ ਲੋਕਾਂ ਵਿਚਾਲੇ ਜਾ ਕੇ ਜੋ ਅਸਲ ਵਿੱਚ ਰੋਜ਼ਮੱਰਾ ਦੇ ਜੀਵਨ ਵਿੱਚ ਇਨ੍ਹਾਂ ਪ੍ਰਭਾਵਾਂ ਨੂੰ ਝੱਲ ਰਹੇ ਹਨ।''

PHOTO • Kavitha Muralidharan
PHOTO • Kadal Osai

ਖੱਬੇ : ਪਾਮਬਨ ਮਾਰਗ ' ਤੇ ਕਡਲ ਓਸਾਈ ਦਾ ਦਫ਼ਤਰ, ਜਿੱਥੇ ਵੱਡੇ ਪੱਧਰ ' ਤੇ ਮੱਛੀਆਂ ਦਾ ਕਾਰੋਬਾਰ ਹੁੰਦਾ ਹੈ। ਸੱਜੇ : ਸਟੇਸ਼ਨ ਦੇ 11 ਕਰਮਚਾਰੀਆਂ ਵਿੱਚੋਂ ਇੱਕ ਡੀ ਰੇਡੀਮਾਰ ਜੋ ਅੱਜ ਵੀ ਸਮੁੰਦਰ ਵਿੱਚ ਜਾਂਦੇ ਹਨ

10 ਮਈ ਨੂੰ ਪ੍ਰਸਾਰਤ ਇੱਕ ਐਪੀਸੋਡ ਨੇ ਪਾਮਬਨ ਦੇ ਲੋਕਾਂ ਨੂੰ ਆਪਣੇ ਦੀਪ 'ਤੇ ਹੋ ਰਹੇ ਵੱਡੇ ਬਦਲਾਵਾਂ ਨੂੰ ਬੇਹਤਰ ਢੰਗ ਨਾਲ਼ ਸਮਝਣ ਵਿੱਚ ਮਦਦ ਕੀਤੀ। ਦੋ ਦਹਾਕੇ ਪਹਿਲਾਂ ਤੱਕ, ਘੱਟੋ-ਘੱਟ 100 ਪਰਿਵਾਰ, 2065 ਮੀਟਰ ਲੰਬੇ ਪਾਮਬਨ ਪੁਲ ਦੇ ਨੇੜੇ ਰਹਿੰਦੇ ਸਨ ਜੋ ਰਾਮੇਸ਼ਵਰਮ ਸ਼ਹਿਰ ਨੂੰ ਭਾਰਤ ਦੀ ਮੁੱਖ ਜ਼ਮੀਨ ਨਾਲ਼ ਜੋੜਦਾ ਹੈ। ਪਰ ਸਮੁੰਦਰ ਦੇ ਵੱਧਦੇ ਪੱਧਰ ਨੇ ਉਨ੍ਹਾਂ ਨੂੰ ਇਸ ਥਾਂ ਨੂੰ ਛੱਡ ਕੇ ਦੂਸਰੀਆਂ ਥਾਵਾਂ 'ਤੇ ਜਾਣ ਦੇ ਲਈ ਮਜ਼ਬੂਰ ਕੀਤਾ। ਐਪੀਸੋਡ ਵਿੱਚ, ਸੈਲਵਮ ਸਰੋਤਿਆਂ ਨੂੰ ਸਮਝਾਉਂਦੇ ਹਨ ਕਿ ਜਲਵਾਯੂ ਤਬਦੀਲੀਆਂ ਇਸ ਤਰ੍ਹਾਂ ਦੇ ਵਿਸਥਾਪਨ ਵਿੱਚ ਕਿਵੇਂ ਤੇਜ਼ੀ ਲਿਆ ਰਹੀਆਂ ਹਨ।

ਨਾ ਤਾਂ ਮਾਹਰਾਂ ਨਾ ਹੀ ਮਛੇਰਿਆਂ ਨੇ ਇਸ ਮੁੱਦੇ ਨੂੰ ਸਰਲ ਬਣਾਉਣ ਦਾ ਯਤਨ ਕੀਤਾ ਅਤੇ ਨਾ ਹੀ ਸਟੇਸ਼ਨ ਦੇ ਰਿਪੋਰਟਰਾਂ ਨੇ। ਉਹ ਇਨ੍ਹਾਂ ਪਰਿਵਰਤਨਾਂ ਵਾਸਤੇ ਜ਼ਿੰਮੇਦਾਰ ਕੋਈ ਇੱਕ ਘਟਨਾ ਜਾਂ ਕੋਈ ਇੱਕ ਕਾਰਨ ਦੱਸਣ ਵਿੱਚ ਨਾਕਾਮ ਰਹੇ। ਪਰ ਉਹ ਇਸ ਸੰਕਟ ਨੂੰ ਫ਼ੈਲਾਉਣ ਵਿੱਚ ਮਾਨਵ ਗਤੀਵਿਧੀ ਦੀ ਭੂਮਿਕਾ ਵੱਲ ਜ਼ਰੂਰ ਇਸ਼ਾਰਾ ਕਰਦੇ ਹਨ। ਕਡਲ ਓਸਾਈ ਦੀ ਕੋਸ਼ਿਸ਼ ਹੈ ਕਿ ਉਹ ਇਨ੍ਹਾਂ ਸਵਾਲਾਂ ਦਾ ਜਵਾਬ ਲੱਭਣ ਵਿੱਚ ਇਸ ਭਾਈਚਾਰੇ ਦੀ ਅਗਵਾਈ ਕਰਨ, ਉਨ੍ਹਾਂ ਨੂੰ ਖ਼ੋਜ ਦੀ ਦੁਨੀਆ ਵਿੱਚ ਲੈ ਜਾਵੇ।

''ਪਾਮਬਨ ਇੱਕ ਟਾਪੂ-ਕੇਂਦਰਤ ਈਕੋਸਿਸਟਮ ਹੈ ਸੋ ਘੱਟ ਸੁਰੱਖਿਅਤ ਹੈ,'' ਸੈਲਵਮ ਕਹਿੰਦੇ ਹਨ। ''ਪਰ ਰੇਤ ਦੇ ਟਿੱਲਿਆਂ ਦੀ ਮੌਜੂਦਗੀ ਦੀਪ ਨੂੰ ਜਲਵਾਯੂ ਦੇ ਕੁਝ ਪ੍ਰਭਾਵਾਂ ਤੋਂ ਬਚਾਉਂਦੀ ਹੈ। ਇਸ ਤੋਂ ਇਲਾਵਾ, ਇਹ ਦੀਪ ਸ਼੍ਰੀਲੰਕਾ ਤਟ ਦੇ ਚੱਕਰਵਾਤਾਂ ਤੋਂ ਕੁਝ ਹੱਦ ਤੱਕ ਸੁਰੱਖਿਅਤ ਹੈ,'' ਉਹ ਦੱਸਦੇ ਹਨ।

ਪਰ ਸਮੁੰਦਰੀ ਧਨ ਦੀ ਹਾਨੀ ਇੱਕ ਸੱਚਾਈ ਬਣੀ ਹੋਈ ਹੈ, ਜਿਹਦੇ ਮਗਰ ਜਲਵਾਯੂ ਅਤੇ ਗ਼ੈਰ-ਜਲਵਾਯੂ ਕਾਰਕਾਂ ਦਾ ਹੱਥ ਹੈ, ਉਹ ਅੱਗੇ ਕਹਿੰਦੇ ਹਨ। ਮੁੱਖ ਰੂਪ ਨਾਲ਼ ਜਹਾਜਾਂ ਰਾਹੀਂ ਵੱਧ ਤੋਂ ਵੱਧ ਫੜ੍ਹੀ ਜਾਣ ਕਾਰਨ ਹੁਣ ਮੱਛੀਆਂ (ਸ਼ਿਕਾਰ) ਵਿੱਚ ਕਮੀ ਆ ਚੁੱਕੀ ਹੈ। ਸਮੁੰਦਰ ਦੇ ਗਰਮ ਹੋਣ ਕਾਰਨ ਮੱਛੀਆਂ ਹੁਣ ਉਪਰਲੇ ਪਾਣੀ ਨਹੀਂ ਆਉਂਦੀਆਂ।

PHOTO • Kadal Osai
PHOTO • Kavitha Muralidharan

ਖੱਬੇ : ਐੱਮ. ਸੈਲਾਸ ਉਨ੍ਹਾਂ ਔਰਤਾਂ ਦਾ ਇੰਟਰਵਿਊ ਲੈ ਰਹੀ ਹਨ ਜੋ ਉਨ੍ਹਾਂ ਵਾਂਗਰ, ਪਾਮਬਨ ਦੀਪ ਦੇ ਮਛੇਰੇ ਭਾਈਚਾਰੇ ਤੋਂ ਹਨ। ਸੱਜੇ : ਰੇਡਿਓ ਸਟੇਸ਼ਨ ਦੀ ਪ੍ਰਮੁੱਖ ਗਾਇਤਰੀ ਓਸਮਾਨ ਭਾਈਚਾਰਕ ਮੰਚ ਵਾਸਤੇ ਸਪੱਸ਼ਟ ਦਿਸ਼ਾ ਲੈ ਕੇ ਆਈ ਹਨ

'' ਊਰਲ, ਸਿਰਾ, ਵੇਲਕੰਬਨ ... ਜਿਹੀਆਂ ਪ੍ਰਜਾਤੀਆਂ ਹੁਣ ਪੂਰੀ ਤਰ੍ਹਾਂ ਅਲੋਪ ਹੋ ਚੁੱਕੀਆਂ ਹਨ,'' ਮਛੇਰਾ ਭਾਈਚਾਰੇ ਨਾਲ਼ ਤਾਅਲੁਕ ਰੱਖਣ ਵਾਲ਼ੀ ਅਤੇ ਕਡਲ ਓਸਾਈ ਦੀ ਆਰਜੇ, ਬੀ ਮਧੂਮਿਤੀ ਨੇ 24 ਮਈ ਨੂੰ ਪ੍ਰਸਾਰਤ ਇੱਕ ਐਪੀਸੋਡ ਵਿੱਚ ਦੱਸਿਆ। '' ਪਾਲ ਸੁਰਾ, ਕਲਵੇਤੀ, ਕੋਬਨ ਸੁਰਾ ਜਿਹੀਆਂ ਕੁਝ ਪ੍ਰਜਾਤੀਆਂ ਅਜੇ ਵੀ ਮੌਜੂਦ ਹਨ ਪਰ ਉਨ੍ਹਾਂ ਦੀ ਸੰਖਿਆ ਬਹੁਤ ਘੱਟ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਕੇਰਲ ਵਿੱਚ ਕਿਸੇ ਜ਼ਮਾਨੇ ਵਿੱਚ ਬਹੁਤਾਤ ਵਿੱਚ ਪਾਈਆਂ ਜਾਣ ਵਾਲ਼ੀ ਮਾਥੀ ਮੱਛੀ, ਹੁਣ ਸਾਡੇ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਮੌਜੂਦ ਹਨ।''

ਓਸੇ ਐਪੀਸੋਡ ਵਿੱਚ ਇੱਕ ਹੋਰ ਬਜ਼ੁਰਗ ਔਰਤ, ਲੀਨਾ (ਪੂਰਾ ਨਾਮ ਪਤਾ ਨਹੀਂ) ਕਹਿੰਦੀ ਹਨ ਕਿ ਇੱਕ ਹੋਰ ਪ੍ਰਜਾਤੀ, ਮੰਡਇਕਲਗੁ , ਜੋ ਕਰੀਬ ਦੋ ਦਹਾਕੇ ਪਹਿਲਾਂ ਇੱਥੇ ਟਨਾਂ ਦੇ ਟਨ ਹੋਇਆ ਕਰਦੀ ਸਨ, ਹੁਣ ਅਲੋਪ ਹੋ ਚੁੱਕੀ ਹੈ। ਉਹ ਦੱਸਦੀ ਹਨ ਕਿ ਕਿਵੇਂ ਉਨ੍ਹਾਂ ਦੀ ਇੱਕ ਪੀੜ੍ਹੀ ਨੇ ਉਸ ਮੱਛੀ ਦਾ ਮੂੰਹ ਖੋਲ੍ਹ ਕੇ ਉਹਦੇ ਆਂਡੇ ਕੱਡੇ ਅਤੇ ਖਾ ਗਈ। ਇਹ ਇੱਕ ਅਜਿਹੀ ਧਾਰਨਾ ਹੈ ਜਿਹਨੂੰ ਐੱਮ. ਸੈਲਾਸ ਜਿਹੀਆਂ ਘੱਟ ਉਮਰ ਦੀਆਂ ਔਰਤਾਂ, ਜੋ ਖ਼ੁਦ ਉਸੇ ਭਾਈਚਾਰੇ ਨਾਲ਼ ਤਾਅਲੁੱਕ ਰੱਖਦੀ ਹਨ(ਅਤੇ ਇੱਕ ਕੁੱਲਵਕਤੀ ਕਡਲ ਓਸਾਈ ਐਂਕਰ ਅਤੇ ਨਿਰਮਾਤਾ ਹਨ, ਜਿਨ੍ਹਾਂ ਕੋਲ਼ ਐੱਮਕਾਮ ਡੀ ਡਿਗਰੀ ਹੈ) ਠੀਕ ਤਰ੍ਹਂ ਸਮਝ ਨਹੀਂ ਸਕਦੀ।

''1980 ਦੇ ਦਹਾਕੇ ਤੱਕ, ਅਸੀਂ ਟਨਾਂ ਵਿੱਚ ਕੱਟਈ, ਸੀਲਾ, ਕੋਂਬਨ ਸੁਰਾ ਅਤੇ ਹੋਰ ਵੀ ਅਜਿਹੀਆਂ ਕਈ ਪ੍ਰਜਾਤੀਆਂ ਦੀਆਂ ਮੱਛੀਆਂ ਪ੍ਰਾਪਤ ਕਰਿਆ/ਫੜ੍ਹਿਆ ਕਰਦੇ ਸਾਂ,'' ਲੀਨਾ ਕਹਿੰਦੀ ਹਨ। ''ਅੱਜ ਅਸੀਂ ਉਨ੍ਹਾਂ ਮੱਛੀਆਂ ਨੂੰ ਡਿਸਕਵਰੀ ਚੈਨਲ 'ਤੇ ਭਾਲ਼ ਰਹੇ ਹਾਂ। ਮੇਰੇ ਦਾਦਾ-ਪੜਦਾਦਾ (ਜਿਨ੍ਹਾਂ ਨੇ ਗ਼ੈਰ-ਮਸ਼ੀਨੀਕ੍ਰਿਤ ਦੇਸੀ ਬੇੜੀਆਂ ਦਾ ਇਸਤੇਮਾਲ ਕੀਤਾ) ਕਿਹਾ ਕਰਦੇ ਸਨ ਕਿ ਇੰਜਣ ਦੀ ਅਵਾਜ਼ ਨਾਲ਼ ਮੱਛੀਆਂ ਦੂਰ ਭੱਜਦੀਆਂ ਹਨ ਅਤੇ ਪੈਟਰੋਲ ਅਤੇ ਡੀਜ਼ਲ ਨੇ ਪਾਣੀ ਨੂੰ ਜ਼ਹਿਰੀਲਾ ਕਰ ਦਿੱਤਾ ਹੈ ਅਤੇ ਮੱਛੀਆਂ ਦਾ ਸਵਾਦ ਵੀ ਬਦਲ ਦਿੱਤਾ ਹੈ।'' ਉਹ ਚੇਤੇ ਕਰਦੇ ਹਨ ਕਿ ਉਨ੍ਹੀਂ ਦਿਨੀਂ ਔਰਤਾਂ ਵੀ ਸਮੁੰਦਰ ਦੇ ਕੰਢਿਓਂ ਅੰਦਰ ਵੜ੍ਹ ਜਾਂਦੀਆਂ ਅਤੇ ਜਾਲ ਸੁੱਟ ਕੇ ਮੱਛੀਆਂ ਫੜ੍ਹ ਲਿਆ ਕਰਦੀਆਂ। ਹੁਣ ਕਿਉਂਕਿ ਕੰਢੇ 'ਤੇ ਮੱਛੀਆਂ ਹੁੰਦੀਆਂ ਹੀ ਨਹੀਂ, ਇਸਲਈ ਔਰਤਾਂ ਨੇ ਵੀ ਸਮੁੰਦਰ ਵਿੱਚ ਜਾਣਾ ਘੱਟ ਕਰ ਦਿੱਤਾ ਹੈ।

17 ਮਈ ਦੇ ਇੱਕ ਐਪੀਸੋਡ ਵਿੱਚ ਮੱਛੀ ਫੜ੍ਹਨ ਦੇ ਪਰੰਪਰਾਗਤ ਤਰੀਕੇ ਅਤੇ ਨਵੀਆਂ ਤਕਨੀਕਾਂ 'ਤੇ ਚਰਚਾ ਕੀਤੀ ਗਈ ਅਤੇ ਸਮੁੰਦਰੀ ਜੀਵਨ ਦੇ ਸੰਰਖਣ ਵਾਸਤੇ ਦੋਵਾਂ ਨੂੰ ਕਿਵੇਂ ਜੋੜਿਆ ਜਾਵੇ। ''ਮਛੇਰਿਆਂ ਨੂੰ ਇਸ ਗੱਲ ਵਾਸਤੇ ਪ੍ਰੋਤਸਾਹਤ ਕੀਤਾ ਜਾਂਦਾ ਹੈ ਕਿ ਉਹ ਤਟਾਂ 'ਤੇ ਪਿੰਜਰੇ ਰੱਖਣ ਅਤੇ ਮੱਛੀਆਂ ਦਾ ਪ੍ਰਜਨਨ ਕਰਾਉਣ। ਸਰਕਾਰ ਇਸ 'ਪਿੰਜਰਾ ਕਲਚਰ' ਦਾ ਸਮਰਥਨ ਕਰ ਰਹੀ ਹੈ ਕਿਉਂਕਿ ਇਹ ਕਲਚਰ ਖ਼ਤਮ ਹੁੰਦੀ ਸਮੁੰਦਰੀ ਸੰਪਦਾ ਦੇ ਮਸਲਿਆਂ ਨਾਲ਼ ਜੁੜਿਆ ਹੋਇਆ ਹੈ,'' ਗਾਇਤਰੀ ਕਹਿੰਦੀ ਹਨ।

PHOTO • Kadal Osai

ਮਛੇਰਿਆਂ ਦੀ ਗੱਲ ਕਰਦੀ ਗੂੰਜ

ਪਾਮਬਨ ਦੇ 28 ਸਾਲਾ ਮਛੇਰੇ, ਐਟਨੀ ਇਨੀਗੋ ਇਹਨੂੰ ਅਜ਼ਮਾਉਣ ਦੇ ਇਛੁੱਕ ਹਨ। ''ਪਹਿਲਾਂ, ਜੇਕਰ ਡਯੂਗਾਂਗ (ਸਮੁੰਦਰੀ ਥਣਧਾਰੀ) ਸਾਡੇ ਹੱਥ ਲੱਗ ਜਾਂਦੇ ਤਾਂ ਅਸੀਂ ਉਨ੍ਹਾਂ ਨੂੰ ਸਮੁੰਦਰ ਵਿੱਚ ਵਾਪਸ ਨਾ ਛੱਡਦੇ। ਪਰ ਕਡਲ ਓਸਾਈ 'ਤੇ ਪ੍ਰਸਾਰਤ ਹੁੰਦੇ ਇੱਕ ਪ੍ਰੋਗਰਾਮ ਤੋਂ ਸੁਣ ਕੇ ਸਾਨੂੰ ਪਤਾ ਚੱਲਿਆ ਕਿ ਜਲਵਾਯੂ ਤਬਦੀਲੀ ਅਥੇ ਮਨੁੱਖੀ ਕਿਰਿਆ ਨੇ ਉਨ੍ਹਾਂ ਨੂੰ ਕਿਵੇਂ ਅਲੋਪ ਹੋਣ ਦੀ ਹਾਲਤ ਵਿੱਚ ਪਹੁੰਚਾ ਦਿੱਤਾ ਹੈ। ਅਸੀਂ ਉਨ੍ਹਾਂ ਨੂੰ ਸਮੁੰਦਰ ਵਿੱਚ ਵਾਪਸ ਛੱਡਣ ਵਾਸਤੇ ਆਪਣੇ ਮਹਿੰਗੇ ਜਾਲ਼ਾਂ ਨੂੰ ਕਟਣ ਤੱਕ ਲਈ ਤਿਆਰ  ਹਾਂ ਅਤੇ ਇਹੀ ਕੁਝ ਅਸੀਂ ਕਛੂਏ ਨਾਲ਼ ਵੀ ਕਰਦੇ ਹਾਂ।''

''ਜੇਕਰ ਸਾਡੇ ਕੋਲ਼ ਆ ਕੇ ਕੋਈ ਮਾਹਰ ਇਹ ਦੱਸਦਾ ਹੈ ਕਿ ਜਲਵਾਯੂ ਤਬਦੀਲੀ ਮੱਛੀਆਂ ਨੂੰ ਕਿਵੇਂ ਪ੍ਰਭਾਵਤ ਕਰ ਰਹੀ ਹੈ। ਉਸੇ ਸਮੇਂ ਕੁਝ ਤਜ਼ਰਬੇਕਾਰ ਮਛੇਰੇ ਸਾਡੇ ਨਾਲ਼ ਆ ਬਹਿੰਦੇ ਹਨ ਤੇ ਸਾਨੂੰ ਦੱਸਦੇ ਹਨ ਕਿ ਇਸ ਗੱਲ ਵਿੱਚ ਕਿੰਨੀ ਸੱਚਾਈ ਹੈ,''ਗਾਇਤਰੀ ਕਹਿੰਦੀ ਹਨ।

''ਅਸੀਂ ਮੱਛੀਆਂ ਦੇ ਗਾਇਬ ਹੋਣ ਲਈ ਦੇਵਤਾਵਾਂ ਅਤੇ ਕੁਦਰਤ ਨੂੰ ਦੋਸ਼ੀ ਮੰਨਿਆ। ਆਪਣਾ ਪ੍ਰੋਗਰਾਮਾਂ/ਸ਼ੋਆਂ ਦੁਆਰਾ ਅਸੀਂ ਮਹਿਸੂਸ ਕੀਤਾ ਕਿ ਇਹ ਨਿਰੋਲ ਸਾਡੀ ਤੇ ਸਿਰਫ਼ ਸਾਡੀ ਗ਼ਲਤੀ ਹੈ,'' ਸੈਲਾਸ ਕਹਿੰਦੀ ਹਨ। ਕਡਲ ਓਸਾਈ ਦੇ ਸਾਰੇ ਕਰਮਚਾਰੀ, ਉਨ੍ਹਾਂ ਵਾਂਗਰ ਹੀ ਮਛੇਰੇ ਭਾਈਚਾਰੇ ਨਾਲ਼ ਤਾਅਲੁੱਕ ਰੱਖਦੇ ਹਨ, ਸਿਰਫ਼ ਗਾਇਤਰੀ ਹੀ ਹੋਰ ਜਾਤੀ ਦੀ ਹਨ। ਉਹ ਇੱਕ ਯੋਗ ਸਾਊਂਡ ਇੰਜੀਨੀਅਰ ਹਨ ਜੋ ਡੇਢ ਸਾਲ ਪਹਿਲਾਂ ਉਨ੍ਹਾਂ ਦੇ ਨਾਲ਼ ਸ਼ਾਮਲ ਹੋਈ ਸਨ ਅਤੇ ਇਸ ਭਾਈਚਾਰਕ ਮੰਚ ਲਈ ਇੱਕ ਸਪੱਸ਼ਟ ਦਿਸ਼ਾ ਅਤੇ ਉਦੇਸ਼ ਲੈ ਕੇ ਆਈ।

ਕਡਲ ਓਸਾਈ ਦਾ ਸਧਾਰਣ ਜਿਹਾ ਦਫ਼ਤਰ ਪਾਮਬਨ ਦੀ ਗਲ਼ੀ 'ਤੇ ਸਥਿਤ ਹੈ ਜਿੱਥੇ ਵੱਡੀ ਮਾਤਰਾ ਵਿੱਚ ਮੱਛੀਆਂ ਦਾ ਕਾਰੋਬਾਰ ਹੁੰਦਾ ਹੈ। ਬੋਰਡ 'ਤੇ ਨੀਲ ਰੰਗ ਨਾਲ਼ ਇਹਦਾ ਨਾਮ ਲਿਖਿਆ ਹੈ- ਨਮਦੁ ਮੰਨੇਟ੍ਰਤੁੱਕਾਨ ਵਾਨੋਲੀ (ਸਾਡੇ ਵਿਕਾਸ ਦਾ ਰੇਡਿਓ)। ਦਫ਼ਤਰ ਦੇ ਅੰਦਰ ਆਧੁਨਿਕ ਰਿਕਾਰਡਿੰਗ ਸਟੂਡਿਓ ਦੇ ਨਾਲ਼ ਐੱਫਐੱਮ ਸਟੇਸ਼ਨ ਹੈ। ਉਨ੍ਹਾਂ ਕੋਲ਼ ਬੱਚਿਆਂ, ਔਰਤਾਂ ਅਤੇ ਮਛੇਰਿਆਂ ਵਾਸਤੇ ਅਲੱਗ-ਅਲੱਗ ਪ੍ਰੋਗਰਾਮ ਹਨ ਅਤੇ ਕਦੇ-ਕਦੇ ਉਹ ਸਮੁੰਦਰ ਵਿੱਚ ਜਾਣ ਵਾਲ਼ੇ ਮਛੇਰਿਆਂ ਵਾਸਤੇ ਅੰਬਾ ਗਾਣਾ ਵਜਾਉਂਦੇ ਰਹਿੰਦੇ ਹਨ। ਰੇਡਿਓ ਸਟੇਸ਼ਨ ਦੇ ਕੁੱਲ 11 ਕਰਮਚਾਰੀਆਂ ਵਿੱਚੋਂ ਸਿਰਫ਼ ਯਸ਼ਵੰਤ ਅਤੇ ਡੀ. ਰੇਡੀਮਰ ਅਜੇ ਵੀ ਸਮੁੰਦਰ ਵਿੱਚ ਜਾਂਦੇ ਹਨ।

ਯਸ਼ਵੰਤ ਦਾ ਪਰਿਵਾਰ ਕਈ ਸਾਲ ਪਹਿਲਾਂ ਤੁਤੁਕੁੜੀ ਤੋਂ ਪਾਮਬਨ ਆ ਗਿਆ ਸੀ। ''ਉੱਥੇ ਮੱਛੀਆਂ ਪਾਲਣਾ ਕੋਈ ਫ਼ਾਇਦੇ ਦਾ ਸੌਦਾ ਨਹੀਂ ਰਹਿ ਗਿਆ ਸੀ,'' ਉਹ ਦੱਸਦੇ ਹਨ। ''ਮੇਰੇ ਪਿਤਾ ਵਾਸਤੇ ਕਾਫ਼ੀ ਮਾਤਰਾ ਵਿੱਚ ਮੱਛੀਆਂ ਫੜ੍ਹਨਾ ਮੁਸ਼ਕਲ ਹੋ ਰਿਹਾ ਸੀ।'' ਰਾਮੇਸ਼ਵਰਮ ਮੁਕਾਬਲਨ ਬੇਹਤਰ ਸੀ, ਪਰ ''ਕੁਝ ਸਾਲਾਂ ਬਾਅਦ ਇੱਥੇ ਵੀ ਮੱਛੀਆਂ ਘੱਟ ਹੋਣ ਲੱਗੀਆਂ।'' ਕਡਲ ਓਸਈ ਨੇ ਉਨ੍ਹਾਂ ਨੂੰ ਮਹਿਸੂਸ ਕਰਾਇਆ ਕਿ ਇਹ ''ਦੂਜਿਆਂ ਦੁਆਰਾ ਕੀਤੇ ਗਏ 'ਕਾਲ਼ੇ ਜਾਦੂ' ਦਾ ਨਤੀਜਾ ਨਹੀਂ ਹੈ ਸਗੋਂ ਸ਼ਾਇਦ ਉਸ 'ਕਾਲ਼ੇ ਜਾਦੂ' ਦਾ ਨਤੀਜਾ ਹੈ ਜੋ ਖ਼ੁਦ ਅਸੀਂ ਇਸ ਵਾਤਾਵਰਣ 'ਤੇ ਕੀਤਾ ਹੋਇਆ ਹੈ।''

ਉਹ ਫ਼ਾਇਦੇ ਨਾਲ਼ ਜੁੜੀ ਸਨਕ ਤੋਂ ਚਿੰਤਤ ਹਨ। ''ਕੁਝ ਬਜ਼ੁਰਗਾਂ ਦਾ ਅਜੇ ਵੀ ਇਹ ਮੰਨਣਾ ਹੈ ਕਿ ਉਹ ਇਸਲਈ ਗ਼ਰੀਬ ਹਨ ਕਿਉਂਕਿ ਉਨ੍ਹਾਂ ਦੇ ਪੁਰਖਿਆਂ ਨੇ ਮੱਛੀਆਂ ਫੜ੍ਹਨ ਦੇ ਮਾਮਲੇ ਵਿੱਚ ਬਹੁਤਾ ਕੁਝ ਨਹੀਂ ਕੀਤਾ। ਉਹ ਵੱਧ ਤੋਂ ਵੱਧ ਲਾਭ ਕਮਾਉਣ ਦੀ ਕੋਸ਼ਿਸ਼ ਕਰਦੇ ਹਨ ਜਿਸ ਕਰਕੇ ਸਮੁੰਦਰ ਦੀ ਲੁੱਟ/ਸ਼ੋਸ਼ਣ ਵੱਧਦਾ ਜਾਂਦਾ ਹੈ। ਸਾਡੇ ਵਿੱਚੋਂ ਕੁਝ ਨੌਜਵਾਨ ਹੁਣ ਇਹਦੇ ਖ਼ਤਰਿਆਂ ਤੋਂ ਵਾਕਫ਼ ਹਨ ਇਸਲਈ ਅਸੀਂ ਉਸ 'ਕਾਲ਼ੇ ਜਾਦੂ' ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕ ਰਹੇ ਹਾਂ।''

ਉਹ ਫ਼ਾਇਦੇ ਨਾਲ਼ ਜੁੜੀ ਸਨਕ ਤੋਂ ਚਿੰਤਤ ਹਨ। 'ਕੁਝ ਬਜ਼ੁਰਗਾਂ ਦਾ ਅਜੇ ਵੀ ਇਹ ਮੰਨਣਾ ਹੈ ਕਿ ਉਹ ਇਸਲਈ ਗ਼ਰੀਬ ਹਨ ਕਿਉਂਕਿ ਉਨ੍ਹਾਂ ਦੇ ਪੁਰਖਿਆਂ ਨੇ ਮੱਛੀਆਂ ਫੜ੍ਹਨ ਦੇ ਮਾਮਲੇ ਵਿੱਚ ਬਹੁਤਾ ਕੁਝ ਨਹੀਂ ਕੀਤਾ... ਉਹ ਵੱਧ ਤੋਂ ਵੱਧ ਲਾਭ ਕਮਾਉਣ ਦੀ ਕੋਸ਼ਿਸ਼ ਕਰਦੇ ਹਨ ਜਿਸ ਕਰਕੇ ਸਮੁੰਦਰ ਦੀ ਲੁੱਟ/ਸ਼ੋਸ਼ਣ ਵੱਧਦਾ ਜਾਂਦਾ ਹੈ'

ਵੀਡਿਓ ਦੇਖੋ : ਆਰਜੇ ਯਸ਼ਵੰਤ ਪਾਮਬਨ ਦੇ ਮੌਸਮ ਦੀ ਸੂਚਨਾ ਦਿੰਦੇ ਹੋਏ

ਫਿਰ ਵੀ, ਇਸ ਵਿਸ਼ਾਲ ਭਾਈਚਾਰੇ ਦਾ ਪਰੰਪਰਾਗਤ ਗਿਆਨ ਸਿੱਖਣ ਦਾ ਇੱਕ ਖ਼ੁਸ਼ਹਾਲ ਵਸੀਲਾ ਬਣਿਆ ਹੋਇਆ ਹੈ। ''ਮਾਹਰ ਅਕਸਰ ਇੰਝ ਹੀ ਤਾਂ ਕਰਦੇ ਹਨ। ਉਹ ਉਸ ਗਿਆਨ ਨੂੰ ਪ੍ਰਮਾਣਤ ਕਰਦੇ ਹਨ ਅਤੇ ਚੇਤੇ ਦਵਾਉਂਦੇ ਹਨ ਕਿ ਸਾਨੂੰ ਇਹਨੂੰ ਕਿਉਂ ਇਸਤੇਮਾਲ ਕਰਨਾ ਚਾਹੀਦਾ ਹੈ। ਸਾਡਾ ਰੇਡਿਓ ਸਟੇਸ਼ਨ ਪਰੰਪਰਾਗਤ ਗਿਆਨ ਨੂੰ ਇੱਕ ਮਹੱਤਵਪੂਰਨ ਮੰਚ ਪ੍ਰਦਾਨ ਕਰਦਾ ਹੈ। ਬਦਲੇ ਵਿੱਚ, ਸਾਡਾ ਭਾਈਚਾਰਾ ਸਾਡੇ ਵੱਲੋਂ ਪ੍ਰਸਾਰਣ 'ਤੇ ਦਿੱਤੀ ਗਈ ਮੁਹਾਰਤ ਦਾ ਉਪਯੋਗ ਕਰਦਾ ਹੈ,'' ਮਧੁਮਿਤਾ ਕਹਿੰਦੀ ਹਨ।

ਪਾਮਬਨ ਕੰਟਰੀ ਬੋਟਸ ਫਿਸ਼ਰਮੈਨ ਐਸੋਸ਼ੀਏਸ਼ਨ ਪਾਮਬਨ ਦੇ ਪ੍ਰਧਾਨ, ਐੱਸਪੀ ਰਾਇੱਪਨ ਇਸ ਗੱਲ ਨਾਲ਼ ਸਹਿਮਤ ਹਨ। ''ਅਸੀਂ ਸਦਾ ਤੋਂ ਸਮੁੰਦਰੀ ਜੀਵਨ ਦੀ ਹੱਦੋਂ ਵੱਧ ਹੁੰਦੀ ਲੁੱਟ ਅਤੇ ਦਰਪੇਸ਼ ਖ਼ਤਰਿਆਂ ਦੀ ਗੱਲ ਕੀਤੀ ਹੈ। ਕਡਲ ਓਸਾਈ ਦੁਆਰਾ ਮਛੇਰਿਆਂ ਵਿਚਾਲੇ ਫ਼ੈਲਾਈ ਗਈ ਜਾਗਰੂਕਤਾ ਜ਼ਿਆਦਾ ਪ੍ਰਭਾਵੀ ਹੈ, ਸਾਡੇ ਲੋਕ ਹੁਣ ਡਯੂਗਾਂਗ ਜਾਂ ਕਛੂਏ ਨੂੰ ਬਚਾਉਣ ਲਈ ਕਦੇ-ਕਦੇ ਮਹਿੰਗਾ/ਬਾਹਰਲਾ ਜਾਲ ਵੀ ਕੱਟ ਦਿੰਦੇ ਹਨ।'' ਸੈਲਾਸ ਅਤੇ ਮਧੂਮਿਤਾ ਨੂੰ ਉਮੀਦ ਹੈ ਕਿ ਉਨ੍ਹਾਂ ਦਾ ਰੇਡਿਓ ਸਟੇਸ਼ਨ, ਸ਼ਾਇਦ ਇੱਕ ਦਿਨ ਮੰਡਇਕਲਗੁ ਨੂੰ ਵੀ ਦੀਪ ਦੇ ਪਾਣੀਆਂ ਵਿੱਚ ਵਾਪਸ ਲਿਆਉਣ ਵਿੱਚ ਸਹਾਈ ਹੋਵੇਗਾ।

ਬਹੁਤੇਰੇ ਭਾਈਚਾਰਕ ਰੇਡਿਓ ਸਟੇਸ਼ਨਾਂ ਵਾਂਗਰ ਹੀ, ਇਹਦਾ ਪ੍ਰਸਾਰਣ ਵੀ 15 ਕਿਲੋਮੀਟਰ ਤੋਂ ਬਹੁਤਾ ਦੂਰ ਨਹੀਂ ਪਹੁੰਚਦਾ। ਪਰ ਪਾਮਬਨ ਵਿੱਚ ਲੋਕਾਂ ਨੇ ਕਡਲ ਓਸਾਈ ਨੂੰ ਹੱਸ ਕੇ ਗਲ਼ੇ ਲਾ ਲਿਆ ਹੈ- ''ਅਤੇ ਸਾਨੂੰ ਸਰੋਤਿਆਂ ਪਾਸੋਂ ਇੱਕ ਦਿਨ ਵਿੱਚ 10 ਚਿੱਠੀਆਂ ਮਿਲ਼ਦੀਆਂ ਹਨ,'' ਗਾਇਤਰੀ ਕਹਿੰਦੀ ਹਨ। ''ਅਸੀਂ ਜਦੋਂ ਸ਼ੁਰੂਆਤ ਕੀਤੀ ਸੀ ਤਾਂ ਲੋਕਾਂ ਨੂੰ ਹੈਰਾਨੀ ਹੋਈ ਸੀ ਕਿ ਅਸੀਂ ਕੌਣ ਹਾਂ ਅਤੇ ਕਿਹੜੇ ਵਿਕਾਸ ਬਾਰੇ ਗੱਲ ਕਰ ਰਹੇ ਹਾਂ। ਹੁਣ ਉਹ ਸਾਡੇ 'ਤੇ  ਭਰੋਸਾ ਕਰਦੇ ਹਨ।''

ਇਹ ਸਿਰਫ਼ ਜਲਵਾਯੂ ਹੀ ਜਿਸ ਅੰਦਰ ਉਹ ਆਪਣਾ ਯਕੀਨ ਗੁਆ ਰਹੇ ਹਨ।

ਕਵਰ ਫ਼ੋਟੋ : ਪਾਮਬਨ ਵਿੱਚ 8 ਜੂਨ ਨੂੰ ਸੰਯੁਕਤ ਰਾਸ਼ਟਰ ਦੇ ਵਿਸ਼ਵ ਮਹਾਂਸਾਗਰੀ ਦਿਵਸ ਸਮਾਰੋਹ ਮੌਕੇ ਬੱਚਿਆਂ ਦੇ ਹੱਥ ਵਿੱਚ ਇੱਕ ਬੋਰਡ ਹੈ, ਜਿਸ ' ਤੇ ਲਿਖਿਆ ਹੈ ਕਡਲ ਓਸਾਈ (ਫ਼ੋਟੋ ਕਡਲ ਓਸਾਈ)

ਜਲਵਾਯੂ ਤਬਦੀਲੀ ਨੂੰ ਲੈ ਕੇ ਪਾਰੀ ( PARI ) ਦੀ ਰਾਸ਼ਟਰ-ਵਿਆਪੀ ਰਿਪੋਰਟਿੰਗ, ਆਮ ਲੋਕਾਂ ਦੀਆਂ ਅਵਾਜ਼ਾਂ ਅਤੇ ਜੀਵਨ ਦੇ ਤਜ਼ਰਬਿਆਂ ਜ਼ਰੀਏ ਉਸ ਘਟਨਾ ਨੂੰ ਰਿਕਾਰਡ ਕਰਨ ਲਈ UNDP ਦਾ ਸਮਰਥਨ ਪ੍ਰਾਪਤ ਪਹਿਲ ਦਾ ਇੱਕ ਹਿੱਸਾ ਹੈ।

ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ? ਕ੍ਰਿਪਾ ਕਰਕੇ [email protected] ਲਿਖੋ ਅਤੇ ਉਹਦੀ ਇੱਕ ਪ੍ਰਤੀ [email protected] ਨੂੰ ਭੇਜ ਦਿਓ।

ਤਰਜਮਾ: ਕਮਲਜੀਤ ਕੌਰ

Reporter : Kavitha Muralidharan

Kavitha Muralidharan is a Chennai-based independent journalist and translator. She was earlier the editor of 'India Today' (Tamil) and prior to that headed the reporting section of 'The Hindu' (Tamil). She is a PARI volunteer.

Other stories by Kavitha Muralidharan

P. Sainath is Founder Editor, People's Archive of Rural India. He has been a rural reporter for decades and is the author of 'Everybody Loves a Good Drought' and 'The Last Heroes: Foot Soldiers of Indian Freedom'.

Other stories by P. Sainath

P. Sainath is Founder Editor, People's Archive of Rural India. He has been a rural reporter for decades and is the author of 'Everybody Loves a Good Drought' and 'The Last Heroes: Foot Soldiers of Indian Freedom'.

Other stories by P. Sainath
Series Editors : Sharmila Joshi

Sharmila Joshi is former Executive Editor, People's Archive of Rural India, and a writer and occasional teacher.

Other stories by Sharmila Joshi
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur