ਉਸ ਨੂੰ ਇਸ ਗੱਲ ਨਾਲ਼ ਰਤਾ ਵੀ ਫ਼ਰਕ ਨਹੀਂ ਪਿਆ ਕਿ ਪੁਲਿਸ ਸਟੇਸ਼ਨ ਦੇ ਐਨ ਸਾਹਮਣੇ ਹੀ ਆਪਣੀ ਪਤਨੀ ਨੂੰ ਕੁਟਾਪਾ ਚਾੜ੍ਹੀ ਜਾ ਰਿਹਾ ਸੀ ਹੌਸਾਬਾਈ ਪਾਟਿਲ ਦਾ ਸ਼ਰਾਬੀ ਪਤੀ ਉਨ੍ਹਾਂ ਨੂੰ ਜਾਨਵਰਾਂ ਵਾਂਗ ਮਾਰਨ ਲੱਗਿਆ। ''ਕੁਟਾਪੇ ਕਰਕੇ ਮੇਰਾ ਲੱਕ ਪੀੜ੍ਹ ਨਾਲ਼ ਟੁੱਟਣ ਲੱਗਿਆ,'' ਉਹ ਚੇਤੇ ਕਰਦੀ ਹਨ। ''ਇਹ ਸਾਰਾ ਕੁਝ ਭਵਾਨੀ ਨਗਰ (ਸਾਂਗਲੀ ਵਿਖੇ) ਦੇ ਛੋਟੇ ਪੁਲਿਸ ਥਾਣੇ ਦੇ ਸਾਹਮਣੇ ਵਾਪਰ ਰਿਹਾ ਸੀ।'' ਪਰ ਉਸ ਵੇਲ਼ੇ ਥਾਣੇ ਦੇ ਕੁੱਲ ਚਾਰ ਪੁਲਿਸਕਰਮੀਆਂ ਵਿੱਚੋਂ ਸਿਰਫ਼ ਦੋ ਹੀ ਮੌਜੂਦ ਸਨ। ''ਦੋ ਦੁਪਹਿਰ ਦਾ ਭੋਜਨ ਖਾਣ ਬਾਹਰ ਗਏ ਹੋਏ ਸਨ।'' ਇਹਦੇ ਬਾਅਦ ਉਨ੍ਹਾਂ ਦੇ ਸ਼ਰਾਬੀ ਪਤੀ ਨੇ ''ਇੱਕ ਵੱਡਾ ਸਾਰਾ ਪੱਥਰ ਚੁੱਕਿਆ। 'ਹੁਣ ਮੈਂ ਤੈਨੂੰ ਇਸੇ ਪੱਥਰ ਨਾਲ਼ ਮਾਰ ਸੁੱਟਾਂਗਾ,' ਉਹ ਚੀਕਿਆ।''

ਇਹ ਸਭ ਦੇਖ ਕੇ ਥਾਣੇ ਅੰਦਰ ਮੌਜੂਦ ਦੋਵੇਂ ਪੁਲਿਸਕਰਮੀ ਬਾਹਰ ਨਿਕਲ਼ੇ। ''ਉਨ੍ਹਾਂ ਨੇ ਸਾਡਾ ਝਗੜਾ ਬੰਦ ਕਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ।'' ਉਦੋਂ ਹੀ, ਹੌਸਾਬਾਈ ਉੱਥੇ ਮੌਜੂਦ ਆਪਣੇ ਭਰਾ ਦੇ ਸਾਹਮਣੇ ਹਾੜੇ ਕੱਢਣ ਲੱਗੀ ਕਿ ਉਹ ਆਪਣੇ ਲੜਾਕੇ ਪਤੀ ਦੇ ਘਰ ਵਾਪਸ ਨਹੀਂ ਜਾਣਾ ਚਾਹੁੰਦੀ। ''ਮੈਂ ਕਿਹਾ ਕਿ ਮੈਂ ਨਹੀਂ ਜਾਊਂਗੀ, ਨਹੀਂ ਜਾਊਂਗੀ। ਮੈਂ ਇੱਥੇ ਹੀ ਰਹਾਂਗੀ, ਤੂੰ ਮੈਨੂੰ ਆਪਣੇ ਘਰ ਦੇ ਨਾਲ਼ ਲੱਗਦੀ ਇੱਕ ਛੋਟੀ ਜਿਹੀ ਥਾਂ ਦੇ ਦੇ। ਆਪਣੇ ਪਤੀ ਦੇ ਨਾਲ਼ ਜਾ ਕੇ ਮਰਨ ਦੀ ਬਜਾਇ, ਮੈਂ ਇੱਥੇ ਰਹਿ ਕੇ ਜੋ ਕੁਝ ਵੀ ਮੈਨੂੰ ਮਿਲ਼ੇਗਾ ਉਸੇ 'ਤੇ ਜਿਊਂ ਲਵਾਂਗੀ... ਮੈਂ ਉਹਦੀ ਹੋਰ ਕੁੱਟ ਨਹੀਂ ਖਾ ਸਕਦੀ।'' ਪਰ, ਉਨ੍ਹਾਂ ਦੇ ਭਰਾ ਨੇ ਆਪਣੀ ਭੈਣ ਦੀ ਇੱਕ ਗੱਲ ਨਾ ਸੁਣੀ।

ਪੁਲਿਸਕਰਮੀਆਂ ਨੇ ਪਤੀ-ਪਤਨੀ ਨੂੰ ਕਾਫੀ ਦੇਰ ਤੱਕ ਸਮਝਾਇਆ। ਫਿਰ ਅੰਤ ਵਿੱਚ ਉਨ੍ਹਾਂ ਦੋਵਾਂ ਨੂੰ ਉਨ੍ਹਾਂ ਦੇ ਪਿੰਡ ਜਾਣ ਵਾਲ਼ੀ ਗੱਡੀ ਵਿੱਚ ਬਿਠਾ ਦਿੱਤਾ। ''ਉਨ੍ਹਾਂ ਨੇ ਸਾਡੇ ਲਈ ਟਿਕਟਾਂ ਖਰੀਦੀਆਂ ਅਤੇ ਮੈਨੂੰ ਫੜ੍ਹਾ ਦਿੱਤੀਆਂ। ਉਨ੍ਹਾਂ ਨੇ ਮੇਰੇ ਪਤੀ ਨੂੰ ਕਿਹਾ-ਜੇਕਰ ਤੂੰ ਚਾਹੁੰਦਾ ਹੈਂ ਕਿ ਤੇਰੀ ਪਤਨੀ ਤੇਰੇ ਨਾਲ਼ ਰਹੇ, ਤਾਂ ਉਹਦੇ ਨਾਲ਼ ਬੰਦਿਆਂ ਵਾਂਗ ਸਲੂਕ ਕਰ, ਉਹਦਾ ਧਿਆਨ ਰੱਖ। ਲੜਾਈ-ਝਗੜਾ ਨਾ ਕਰੋ।''

ਇਸੇ ਦਰਮਿਆਨ, ਹੌਸਾਬਾਈ ਦੇ ਸਾਥੀਆਂ ਨੇ ਪੁਲਿਸ ਸਟੇਸ਼ਨ ਨੂੰ ਲੁੱਟ ਲਿਆ, ਉੱਥੇ ਰੱਖੀਆਂ ਚਾਰੋ ਰਾਈਫ਼ਲਾਂ ਚੁੱਕ ਲਿਆਏ; ਹੌਸਾਬਾਈ, ਉਨ੍ਹਾਂ ਦੇ ਨਕਲੀ 'ਪਤੀ' ਅਤੇ 'ਭਰਾ' ਨੇ ਪੁਲਿਸ ਦਾ ਧਿਆਨ ਭਟਕਾਉਣ ਲਈ ਇਹ ਸਾਰਾ ਨਾਟਕ ਕੀਤਾ ਸੀ। ਇਹ 1943 ਦੀ ਗੱਲ ਹੈ, ਉਹ 17 ਸਾਲ ਦੀ ਸਨ, ਉਨ੍ਹਾਂ ਦੇ ਵਿਆਹ ਨੂੰ ਤਿੰਨ ਸਾਲ ਹੋ ਚੁੱਕੇ ਸਨ ਅਤੇ ਉਨ੍ਹਾਂ ਨੇ ਆਪਣੇ ਛੋਟੇ ਬੇਟੇ, ਸੁਭਾਸ਼ ਨੂੰ ਆਪਣੀ ਇੱਕ ਚਾਚੀ ਦੇ ਘਰ ਛੱਡਿਆ ਤਾਂ ਕਿ ਉਹ ਬ੍ਰਿਟਿਸ਼-ਰਾਜ ਵਿਰੋਧੀ ਮਿਸ਼ਨ ਨੂੰ ਨੇਪਰੇ ਚਾੜ੍ਹ ਸਕਣ। ਇਸ ਘਟਨਾ ਨੂੰ ਲਗਭਗ 74 ਸਾਲ ਬੀਤ ਚੁੱਕੇ ਹਨ, ਪਰ ਉਨ੍ਹਾਂ ਨੂੰ ਹਾਲੇ ਵੀ ਗੁੱਸਾ ਆ ਰਿਹਾ ਹੈ ਕਿ ਆਪਣੇ ਝਗੜੇ ਨੂੰ ਅਸਲੀ ਦਿਖਾਉਣ ਖਾਤਰ ਉਨ੍ਹਾਂ ਦੇ ਨਕਲੀ ਪਤੀ ਨੇ ਉਨ੍ਹਾਂ ਨੂੰ ਕੁਝ ਜਿਆਦਾ ਹੀ ਜ਼ੋਰ ਨਾਲ਼ ਕੁੱਟ ਦਿੱਤਾ। ਹੁਣ ਉਹ 91 ਸਾਲ ਦੀ ਹਨ ਅਤੇ ਸਾਨੂੰ ਆਪਣੀ ਇਹ ਕਹਾਣੀ ਮਹਾਰਾਸ਼ਟਰ ਦੇ ਸਾਂਗਲੀ ਜਿਲ੍ਹੇ ਦੇ ਵੀਟਾ ਵਿੱਚ ਸੁਣਾ ਰਹੀ ਹਨ,''ਮੇਰੀਆਂ ਅੱਖਾਂ ਅਤੇ ਕੰਨ (ਉਮਰ ਦੇ ਇਸ ਪੜਾਅ ਵਿੱਚ) ਮੇਰਾ ਸਾਥ ਨਹੀਂ ਦੇ ਰਹੇ ਹਨ, ਪਰ ਸਾਰਾ ਕੁਝ ਮੈਂ ਖੁਦ ਹੀ ਦੱਸਾਂਗੀ।''

ਵੀਡਿਓ ਦੇਖੋ : ਹੌਸਾ ਤਾਈ ਇੱਕ ਨਿਡਰ ਅਜ਼ਾਦੀ ਘੁਲਾਟੀਏ ਦੇ ਰੂਪ ਵਿੱਚ ਆਪਣੀ ਜੀਵਨ ਗਾਥਾ ਸੁਣਾ ਰਹੀ ਹਨ

'ਮੈਂ ਡੱਬੇ 'ਤੇ ਸੌਂ ਨਹੀਂ ਸਕਦੀ ਸਾਂ, ਕਿਉਂਕਿ ਇੰਝ ਕਰਨ ਨਾਲ਼ ਉਹ ਡੁੱਬ ਸਕਦਾ ਸੀ। ਮੈਂ ਖੂਹ ਵਿੱਚ ਤਾਂ ਤੈਰ ਸਕਦੀ ਸਾਂ ਪਰ ਇਸ ਨਦੀ ਦਾ ਵਹਾਓ ਕੁਝ ਜ਼ਿਆਦਾ ਹੀ ਤੇਜ਼ ਸੀ। ਮਾਂਡੋਵੀ ਕੋਈ ਛੋਟੀ ਨਦੀ ਨਹੀਂ ਹੈ'

ਹੌਸਾਬਾਈ ਪਾਟਿਲ ਨੇ ਇਸ ਦੇਸ਼ ਦੀ ਅਜ਼ਾਦੀ ਦੀ ਲੜਾਈ ਲੜੀ। ਉਹ ਅਤੇ ਉਸ ਨਾਟਕ ਵਿੱਚ ਸ਼ਾਮਲ ਉਨ੍ਹਾਂ ਦੇ ਸਾਥੀ ਕਲਾਕਾਰ ਤੂਫਾਨ ਸੈਨਾ ਦੇ ਮੈਂਬਰ ਸਨ। ਇਹ ਸੈਨਾ ਸਤਾਰਾ ਦੀ ਪ੍ਰਤੀ ਸਰਕਾਰ ਜਾਂ ਭੂਮੀਗਤ ਸਰਕਾਰ ਦੀ  ਹਥਿਆਰਬੰਦ ਸ਼ਾਖਾ ਸੀ, ਜਿਹਨੇ 1943 ਵਿੱਚ ਹੀ ਬ੍ਰਿਟਿਸ਼ ਸ਼ਾਸਨ ਪਾਸੋਂ ਅਜ਼ਾਦੀ ਦਾ ਐਲਾਨ ਕਰ ਦਿੱਤਾ ਸੀ। ਪ੍ਰਤੀ ਸਰਕਾਰ ਇੱਕ ਅਜਿਹੀ ਸਰਕਾਰ ਸੀ, ਜਿਹਦਾ ਨਿਯੰਤਰਣ ਕਰੀਬ 600 (ਜਾਂ ਉਸ ਤੋਂ ਵੱਧ) ਪਿੰਡਾਂ 'ਤੇ ਸੀ, ਜਦੋਂਕਿ ਇਹਦਾ ਹੈੱਡਕੁਆਰਟਰ ਕੁੰਡਲ ਵਿੱਚ ਸੀ। ਹੌਸਾਬਾਈ ਦੇ ਪਿਤਾ, ਨਾਟਾ ਪਾਟਿਲ, ਪ੍ਰਤੀ ਸਰਕਾਰ ਦੇ ਮਹਾਨ ਪ੍ਰਮੁੱਖ ਸਨ।

ਹੌਸਾਬਾਈ (ਜਿਨ੍ਹਾਂ ਨੂੰ ਅਕਸਰ ਹੌਸਾ ਤਾਈ ਕਿਹਾ ਜਾਂਦਾ ਹੈ; ਮਰਾਠੀ ਭਾਸ਼ਾ ਵਿੱਚ ਵੱਡੀ ਭੈਣ ਨੂੰ ਆਦਰ ਵਜੋਂ 'ਤਾਈ' ਕਹਿੰਦੇ ਹਨ।), 1943 ਤੋਂ 1946 ਦਰਮਿਆਨ ਇਨਕਲਾਬੀਆਂ ਦੀ ਉਸ ਟੀਮ ਦਾ ਹਿੱਸਾ ਸਨ, ਜਿਨ੍ਹਾਂ ਨੇ ਬ੍ਰਿਟਿਸ਼ ਰੇਲਾਂ 'ਤੇ ਹਮਲੇ ਕੀਤੇ, ਪੁਲਿਸ ਦੇ ਹਥਿਆਰਾਂ ਨੂੰ ਲੁੱਟਿਆ ਅਤੇ ਡਾਕ ਬੰਗਲਿਆਂ ਨੂੰ ਅੱਗ ਹਵਾਲੇ ਕੀਤਾ। (ਉਸ ਜ਼ਮਾਨੇ ਵਿੱਚ ਇਹ ਡਾਕਘਰ, ਸਰਕਾਰੀ ਯਾਤਰੂਆਂ ਲਈ ਅਰਾਮ ਘਰ ਅਤੇ ਇੱਥੋਂ ਤੱਕ ਕਿ ਕਦੇ-ਕਦਾਈਂ ਅਸਥਾਈ ਅਦਾਲਤਾਂ ਦਾ ਵੀ ਕੰਮ ਕਰਿਆ ਕਰਦੇ ਸਨ)। 1944 ਵਿੱਚ ਉਨ੍ਹਾਂ ਨੇ ਗੋਆ ਵਿਚਲੀ ਭੂਮੀਗਤ ਕਾਰਵਾਈ ਵਿੱਚ ਵੀ ਹਿੱਸਾ ਲਿਆ ਜੋ ਉਸ ਸਮੇਂ ਪੁਰਤਗਾਲੀ ਸ਼ਾਸਨ ਦੇ ਅਧੀਨ ਸੀ ਅਤੇ ਅੱਧੀ ਰਾਤ ਨੂੰ ਲੱਕੜ ਦੇ ਡੱਬੇ 'ਤੇ ਬਹਿ ਕੇ ਮਾਂਡੋਵੀ ਨਦੀ ਨੂੰ ਪਾਰ ਕੀਤਾ, ਉਦੋਂ ਉਨ੍ਹਾਂ ਦੇ ਸਾਥੀ ਉਨ੍ਹਾਂ ਦੇ ਨਾਲ਼ ਤੈਰ ਰਹੇ ਸਨ। ਪਰ, ਉਹ ਜ਼ੋਰ ਦਿੰਦੀ ਹਨ,''ਮੈਂ (ਆਪਣੇ ਮੌਸੇਰੇ ਭਰਾ) ਬਾਪੂ ਲਾਡ ਦੇ ਨਾਲ਼ ਰਲ਼ ਕੇ ਅਜ਼ਾਦੀ ਦੇ ਘੋਲ਼ ਵਿੱਚ ਬੜਾ ਛੋਟਾ ਕੰਮ ਕੀਤਾ ਸੀ। ਮੈਂ ਕੁਝ ਵੀ ਵੱਡਾ ਜਾਂ ਮਹਾਨ ਕੰਮ ਨਹੀਂ ਕੀਤਾ।''

''ਜਦੋਂ ਮੈਂ ਤਿੰਨ ਸਾਲਾਂ ਦੀ ਸਾਂ ਤਾਂ ਮੇਰੀ ਮਾਂ ਦੀ ਮੌਤ ਹੋ ਗਈ,'' ਉਹ ਦੱਸਦੀ ਹਨ। ''ਉਸ ਸਮੇਂ ਮੇਰੇ ਪਿਤਾ ਅਜ਼ਾਦੀ ਘੋਲ਼ ਤੋਂ ਪ੍ਰੇਰਿਤ ਹੋ ਚੁੱਕੇ ਸਨ। ਇਸ ਤੋਂ ਪਹਿਲਾਂ ਵੀ, ਉਹ ਜਿਓਤੀਬਾ ਫੂਲੇ ਦੇ ਆਦਰਸ਼ਾਂ ਤੋਂ ਪ੍ਰਭਾਵਤ ਸਨ। ਅਤੇ ਬਾਅਦ ਵਿੱਚ, ਮਹਾਤਮਾ ਗਾਂਧੀ ਤੋਂ ਵੀ ਪ੍ਰਭਾਵਤ ਰਹੇ। ਉਨ੍ਹਾਂ ਨੇ ਤਲਾਤੀ (ਪਿੰਡ ਦਾ ਖਜਾਨਚੀ) ਦੀ ਆਪਣੀ ਨੌਕਰੀ ਛੱਡ ਦਿੱਤੀ ਅਤੇ (ਕੁੱਲਵਕਤੀ ਰੂਪ ਵਿੱਚ) ਅਜ਼ਾਦੀ ਘੋਲ਼ ਵਿੱਚ ਸ਼ਾਮਲ ਹੋ ਗਏ... ਮਕਸਦ ਸੀ, ਸਾਡੀ ਆਪਣੀ ਸਰਕਾਰ ਬਣਾਉਣਾ ਅਤੇ ਬ੍ਰਿਟਿਸ਼ ਸਰਕਾਰ ਨੂੰ (ਭਾਰੀ) ਨੁਕਸਾਨ ਪਹੁੰਚਾਉਣਾ, ਤਾਂਕਿ ਅਸੀਂ ਉਸ ਤੋਂ ਛੁਟਕਾਰਾ ਪਾ ਸਕੀਏ।''

ਨਾਨਾ ਪਾਟਿਲ ਅਤੇ ਉਨ੍ਹਾਂ ਦੇ ਸਹਿਯੋਗੀਆਂ ਖਿਲਾਫ਼ ਵਾਰੰਟ ਜਾਰੀ ਹੋ ਗਿਆ। ''ਉਨ੍ਹਾਂ ਨੂੰ ਆਪਣਾ ਕੰਮ ਭੂਮੀਗਤ ਰਹਿ ਕੇ ਕਰਨਾ ਪਿਆ।'' ਨਾਨਾ ਪਾਟਿਲ ਇੱਕ ਪਿੰਡ ਤੋਂ ਦੂਸਰੇ ਪਿੰਡ ਜਾਂਦੇ ਅਤੇ ਆਪਣੇ ਜੋਰਦਾਰ ਭਾਸ਼ਣਾਂ ਰਾਹੀਂ ਲੋਕਾਂ ਨੂੰ ਬਗਾਵਤ ਕਰਨ ਲਈ ਪ੍ਰੇਰਿਤ ਕਰਦੇ। ''ਉਹ (ਇਸ ਤੋਂ ਬਾਅਦ) ਦੋਬਾਰਾ ਭੂਮੀਗਤ ਹੋ ਜਾਂਦੇ। ਉਨ੍ਹਾਂ ਦੇ ਨਾਲ਼ ਕਰੀਬ 500 ਲੋਕ ਸਨ ਅਤੇ ਉਨ੍ਹਾਂ ਸਾਰਿਆਂ ਦੇ ਨਾਮ 'ਤੇ ਵਰੰਟ ਜਾਰੀ ਹੋ ਚੁੱਕਾ ਸੀ।''

A photograph of Colonel Jagannathrao Bhosle (left) & Krantisingh Veer Nana Patil
Hausabai and her father Nana Patil

ਖੱਬੇ : 1940 ਦੇ ਦਹਾਕੇ ਦੀ ਇੱਕ ਤਸਵੀਰ ਵਿੱਚ ਹੌਸਾ ਤਾਈ ਦੇ ਪਿਤਾ ਨਾਨਾ ਪਾਟਿਲ ' ਅਜ਼ਾਦ ਹਿੰਦ ਫੌਜ ' (ਜੋ ਨੇਤਾਜੀ ਸੁਭਾਸ਼ ਚੰਦਰਬੋਸ ਤੋਂ ਪ੍ਰੇਰਿਤ ਹੋ ਕੇ ਬਣਾਈ ਗਈ ਸੀ) ਦੇ ਕਰਨਲ ਜਗਨਨਾਥ ਰਾਓ ਭੋਸਲੇ (ਵਰਦੀ ਵਿੱਚ) ਦੇ ਨਾਲ਼। ਸੱਜੇ : ਅਜ਼ਾਦੀ ਤੋਂ ਬਾਦ ਕਿਸੇ ਸਮੇਂ ਖਿੱਚੀ ਗਈ ਫੋਟੋ ਵਿੱਚ ਹੌਸਾਬਾਈ ਆਪਣੀਆਂ ਜੇਠਾਣੀਆਂ ਯਸ਼ੋਦਾਬਾਈ (ਖੱਬੇ) ਅਤੇ ਰਾਥਾਬਾਈ (ਵਿਚਕਾਰ) ਦੇ ਨਾਲ਼

ਇਸ ਜ਼ੁਰੱਅਤ ਲਈ ਉਨ੍ਹਾਂ ਨੂੰ ਮੁੱਲ ਤਾਰਨਾ ਪਿਆ। ਅੰਗਰੇਜ਼ਾਂ ਨੇ ਨਾਨਾ ਪਾਟਿਲ ਦੇ ਖੇਤ ਅਤੇ ਸੰਪੱਤੀ ਨੂੰ ਜ਼ਬਤ ਕਰ ਲਿਆ। ਉਹ ਤਾਂ ਭੂਮੀਗਤ ਹੋ ਗਏ ਸਨ- ਪਰ ਉਨ੍ਹਾਂ ਦੇ ਪਰਿਵਾਰ ਨੂੰ ਬੜਾ ਕੁਝ ਝੱਲਣਾ ਪਿਆ।

''ਸਰਕਾਰ ਨੇ ਉਦੋਂ ਸਾਡੇ ਘਰ ਨੂੰ ਸੀਲ ਕਰ ਦਿੱਤਾ। ਜਦੋਂ ਉਹ ਆਏ, ਅਸੀਂ ਖਾਣਾ ਪਕਾ ਰਹੇ ਸਾਂ- ਅੱਗ 'ਤੇ ਭਾਕਰੀ ਅਤੇ ਬਤਾਊਂ ਰੱਖੇ ਹੋਏ ਸਨ। ਸਾਡੇ ਲਈ ਸਿਰਫ਼ ਇੱਕੋ ਕਮਰਾ ਹੀ ਬਚਿਆ। ਉੱਥੇ ਮੇਰੀ ਦਾਦੀ, ਮੈਂ, ਮੇਰੀ ਚਾਚੀ... ਕਈ ਜਣੇ ਮਿਲ਼਼ ਕੇ ਰਹਿੰਦੇ ਸਾਂ।''

ਅੰਗਰੇਜ਼ਾਂ ਨੇ ਹੌਸਾਬਾਈ ਦੇ ਪਰਿਵਾਰ ਦੀ ਜ਼ਬਤ ਕੀਤੀਆਂ ਗਈਆਂ ਸੰਪੱਤੀਆਂ ਨੂੰ ਨੀਲਾਮ ਕਰਨ ਦੀ ਕੋਸ਼ਿਸ਼ ਕੀਤੀ, ਪਰ ਕੋਈ ਖ਼ਰੀਦਦਾਰ ਸਾਹਮਣੇ ਨਾ ਆਇਆ। ਜਿਵੇਂ ਕਿ ਉਹ ਚੇਤਾ ਕਰਦੀ ਹਨ: ''ਹਰ ਦਿਨ ਸਵੇਰੇ-ਸ਼ਾਮ ਇੱਕ ਦਵੰਡੀ- ਪਿੰਡ ਵਿੱਚ ਅਵਾਜ਼ ਦੇਣ ਵਾਲ਼ਾ ਆਉਂਦਾ ਅਤੇ ਅਵਾਜ਼ ਮਾਰਦਾ: 'ਨਾਨਾ ਪਾਟਿਲ ਦੇ ਖੇਤ ਦੀ ਨੀਲਾਮੀ ਹੋਣੀ ਹੈ।' ਪਰ ਲੋਕ ਕਹਿੰਦੇ ਹਨ ਅਸੀਂ ਨਾਨਾ ਦਾ ਖੇਤ ਕਿਉਂ ਲਈਏ?  ਉਨ੍ਹਾਂ ਨੇ ਨਾ ਤਾਂ ਕਿਸੇ ਨੂੰ ਲੁੱਟਿਆ ਹੈ ਅਤੇ ਨਾ ਹੀ ਕਿਸੇ ਨੂੰ ਮਾਰਿਆ ਹੈ।''

ਪਰ, ''ਅਸੀਂ ਉਸ ਖੇਤ ਨੂੰ ਵਾਹ ਨਹੀਂ ਸਕਦੇ ਸਾਂ... (ਇਸਲਈ) ਅਸੀਂ ਜਿਊਂਦੇ ਰਹਿਣ ਲਈ ਕੋਈ ਨਾ ਕੋਈ ਰੋਜ਼ਗਾਰ ਤਾਂ ਕਰਨਾ ਹੀ ਸੀ। ਤੁਸੀਂ ਸਮਝ ਰਹੇ ਹੋ ਨਾ ਕਿ ਰੋਜ਼ਗਾਰ ਤੋਂ ਮੇਰਾ ਕੀ ਮਤਲਬ ਹੈ? ਇਹਦਾ ਮਤਲਬ ਹੈ ਕਿ ਸਾਨੂੰ ਦੂਸਰਿਆਂ ਦੇ ਕੋਲ਼ ਕੰਮ ਕਰਨਾ ਪਿਆ।'' ਪਰ ਉਨ੍ਹਾਂ ਨੂੰ ਡਰ ਸੀ ਕਿ ਅੰਗਰੇਜ਼ ਉਨ੍ਹਾਂ ਤੋਂ ਬਦਲਾ ਲੈਣਗੇ। ''ਇਸਲਈ ਸਾਨੂੰ ਪਿੰਡ ਵਿੱਚ ਕੋਈ ਕੰਮ ਨਹੀਂ ਮਿਲ਼ਦਾ ਸੀ।'' ਫਿਰ, ਇੱਕ ਮਾਮਾ ਨੇ ਉਨ੍ਹਾਂ ਨੂੰ ਬਲਦਾਂ ਦੀ ਇੱਕ ਜੋੜੀ ਅਤੇ ਇੱਕ ਗੱਡਾ ਦਿੱਤਾ। ''ਤਾਂਕਿ ਸਾਨੂੰ ਆਪਣੇ ਗੱਡੇ ਨੂੰ ਕਿਰਾਏ 'ਤੇ ਦੇ ਕੇ ਕੁਝ ਪੈਸੇ ਕਮਾ ਸਕਣ।''

''ਅਸੀਂ ਗੁੜ, ਮੂੰਗਫਲੀ, ਜਵਾਰ ਦੀ ਢੁਆਈ ਕਰਦੇ। ਜੇਕਰ ਗੱਡਾ ਯੇਡੇ ਮਛਿੰਦਰਾ (ਨਾਨਾ ਦਾ ਪਿੰਡ) ਤੋਂ ਕਰੀਬ 12 ਕਿਲੋਮੀਟਰ ਦੂਰ, ਟਕਾਰੀ ਪਿੰਡ ਜਾਂਦੀ ਤਾਂ ਸਾਨੂੰ 3 ਰੁਪਏ ਮਿਲ਼ਦੇ। ਜੇਕਰ ਕਰਾਡ (20 ਕਿਲੋਮੀਟਰ ਤੋਂ ਵੱਧ ਦੂਰ) ਤੱਕ ਜਾਂਦੀ ਤਾਂ 5 ਰੁਪਏ ਮਿਲ਼ਦੇ। ਬੱਸ ਇਹੀ ਸਭ ਕੁਝ (ਅਸੀਂ ਕਿਰਾਏ ਤੋਂ ਇੰਨਾ ਹੀ ਕਮਾਇਆ) ਸੀ।''

Yashodabai (left), Radhabai (mid) and Hausatai. They are her sisters in law
PHOTO • Shreya Katyayini

ਹੌਸਾ ਤਾਈ ਨੂੰ ਜਾਪਦਾ ਹੈ ਕਿ ਅਜ਼ਾਦੀ ਦੇ ਘੋਲ਼ ਵਿੱਚ ਉਨ੍ਹਾਂ ਨੇ ' ਕੁਝ ਛੋਟੇ-ਮੋਟੇ ਕੰਮ ' ਕੀਤੇ ਸਨ

''ਮੇਰੀ ਦਾਦੀ ਖੇਤਾਂ ਵਿੱਚ ਕੁਝ ਨਾ ਕੁਝ ਪੁੱਟਦੀ। ਮੇਰੀ ਚਾਚੀ ਅਤੇ ਮੈਂ ਬਲਦਾਂ ਨੂੰ ਖੁਆਉਂਦੇ। ਸਾਡਾ ਗੱਡਾ (ਅਤੇ ਜੀਵਨ) ਉਨ੍ਹਾਂ 'ਤੇ ਹੀ ਨਿਰਭਰ ਸੀ, ਇਸਲਈ ਸਾਨੂੰ ਇਨ੍ਹਾਂ ਡੰਗਰਾਂ ਨੂੰ ਚੰਗੀ ਤਰ੍ਹਾਂ ਖੁਆਉਣਾ ਪੈਂਦਾ। ਪਿੰਡ ਦੇ ਲੋਕ ਸਾਡੇ ਨਾਲ਼ ਗੱਲ ਨਹੀਂ ਕਰਦੇ ਸਨ। ਦੁਕਾਨਦਾਰ ਸਾਨੂੰ ਇਹ ਕਹਿੰਦਿਆਂ ਲੂਣ ਤੱਕ ਨਾ ਦਿੰਦਾ 'ਕਿਤੇ ਹੋਰ ਲਓ'। ਕਦੇ ਕਦਾਈਂ ਅਸੀਂ ਲੋਕਾਂ ਲਈ ਦਾਣੇ ਝਾੜਣ ਜਾਂਦੇ, ਭਾਵੇਂ ਉਹ ਸਾਨੂੰ ਬੁਲਾਉਂਦੇ ਨਹੀਂ ਸਨ ਪਰ ਫਿਰ ਵੀ ਅਸੀਂ ਉਮੀਦ ਨਾਲ਼ ਚਲੇ ਜਾਂਦੇ ਕਿ ਰਾਤ ਨੂੰ ਕੁਝ ਖਾਣ ਨੂੰ ਮਿਲ਼ ਜਾਊਗਾ। ਸਾਨੂੰ ਅੰਬਰਾਚਯਾ ਡੋਡਯਾ (ਭਾਰਤੀ ਅੰਜੀਰ) ਮਿਲ਼ਦਾ ਜਿਹਨੂੰ ਰਿੰਨ੍ਹ ਕੇ ਸ਼ੋਰਬਾ ਬਣਾਉਂਦੇ।''

ਭੂਮੀਗਤ ਹੋਣ ਤੋਂ ਬਾਅਦ ਹੌਸਾਬਾਈ ਦਾ ਮੁੱਖ ਕੰਮ ਸੀ ਖੁਫੀਆ ਜਾਣਕਾਰੀ ਇਕੱਠੀ ਕਰਨਾ। ਉਨ੍ਹਾਂ ਨੇ ਅਤੇ ਹੋਰਨਾ ਦੂਸਰੇ ਲੋਕਾਂ ਨੇ ਵਾਂਗੀ (ਜੋ ਕਿ ਹੁਣ ਸਤਾਰਾ ਜਿਲ੍ਹੇ ਵਿੱਚ ਹੈ) ਵਰਗੇ ਹਮਲਿਆਂ ਲਈ ਮਹੱਤਵਪੂਰਨ ਜਾਣਕਾਰੀ ਇਕੱਠੀ ਕੀਤੀ, ਉੱਥੇ ਇੱਕ ਡਾਕ ਬੰਗਲੇ ਨੂੰ ਸਾੜ ਦਿੱਤਾ ਗਿਆ। ''ਉਨ੍ਹਾਂ ਨੂੰ ਇਹ ਪਤਾ ਲਗਾਉਣਾ ਹੁੰਦਾ ਸੀ ਕਿ ਕਿੰਨੇ ਪੁਲਿਸਕਰਮੀ ਹਨ, ਉਹ ਕਦੋਂ ਆਉਂਦੇ ਹਨ ਅਤੇ ਕਦੋਂ ਜਾਂਦੇ ਹਨ,'' ਉਨ੍ਹਾਂ ਦੇ ਬੇਟੇ, ਵਕੀਲ ਸੁਭਾਸ਼ ਪਾਟਿਲ ਦੱਸਦੇ ਹਨ। ''ਬੰਗਲਿਆਂ ਨੂੰ ਸਾੜਨ ਦਾ ਕੰਮ ਦੂਸਰਿਆਂ ਨੇ ਕੀਤਾ ਸੀ।'' ਉਸ ਇਲਾਕੇ ਵਿੱਚ ਕਾਫੀ ਜਣੇ ਸਨ। ''ਉਨ੍ਹਾਂ ਨੇ ਸਾਰਿਆਂ ਨੂੰ ਫੂਕ ਦਿੱਤਾ,'' ਉਹ ਕਹਿੰਦੇ ਹਨ।

ਜੋ ਲੋਕ ਭੂਮੀਗਤ ਸਨ, ਕੀ ਉਨ੍ਹਾਂ ਵਿੱਚ ਹੌਸਾਬਾਈ ਵਰਗੀਆਂ ਹੋਰ ਔਰਤਾਂ ਵੀ ਸਨ? ਹਾਂ, ਉਹ ਕਹਿੰਦੀ ਹਨ। ''ਸ਼ਾਲੂਤਾਈ (ਅਧਿਆਪਕ ਦੀ ਪਤਨੀ), ਲੀਲਾਤਾਈ ਪਾਟਿਲ, ਲਕਸ਼ਮੀਬਾਈ ਨਾਇਕਵਾੜੀ, ਰਾਜਮਤੀ ਪਾਟਿਲ- ਇਹ ਕੁਝ ਔਰਤਾਂ ਵੀ ਸਨ।''

ਹੌਸਾਬਾਈ ਨੇ ਇਨ੍ਹਾਂ ਵਿੱਚੋਂ ਕਈ ਸਾਹਸਿਕ ਕਾਰਨਾਮੇ 'ਸ਼ੇਲਰ ਮਾਮਾ' ਅਤੇ ਮਹਾਨ ਇਨਕਲਾਬੀ ਜੀ.ਡੀ. ਬਾਪੂ ਦੇ ਨਾਲ਼ ਰਲ਼ ਕੇ ਨੇਪਰੇ ਚਾੜ੍ਹੇ। 'ਸ਼ੇਲਰ ਮਾਮਾ' ਉਨ੍ਹਾਂ ਦੇ ਸਾਥੀ ਕ੍ਰਿਸ਼ਨਾ ਸੌਲੰਕੀ ਦਾ ਉਪਨਾਮ ਸੀ। (ਅਸਲੀ ਸ਼ੇਲਰ ਮਾਮਾ 17ਵੀਂ ਸਦੀ ਦੇ ਮਸ਼ਹੂਰ ਮਰਾਠਾ ਯੋਧਾ ਸਨ)।

ਪ੍ਰਤੀ ਸਰਕਾਰ ਅਤੇ ਤੂਫਾਨ ਸੈਨਾ ਦੇ ਚੋਟੀ ਦੇ ਨੇਤਾਵਾਂ ਵਿੱਚੋਂ ਇੱਕ ਸਨ, ਬਾਪੂ ਲਾਡ ''ਮੇਰੇ ਭਰਾ ਸਨ, ਮੇਰੀ ਮਾਸੀ ਦੇ ਬੇਟੇ,'' ਉਹ ਦੱਸਦੀ ਹਨ। ''ਬਾਪੂ ਮੈਨੂੰ ਸਦਾ ਸੁਨੇਹਾ ਭੇਜਦੇ- 'ਘਰੇ ਨਾ ਬੈਠੀ ਰਹੀਂ!' ਅਸੀਂ ਦੋਵੇਂ ਭੈਣ-ਭਰਾ ਦੇ ਰੂਪ ਵਿੱਚ ਕੰਮ ਕਰੇ ਸਾਂ, ਪਰ ਲੋਕ ਸ਼ੱਕ ਕਰਨ ਦਾ ਕੋਈ ਮੌਕਾ ਨਾ ਛੱਡਦੇ। ਪਰ ਮੇਰੇ ਪਤੀ ਜਾਣਦੇ ਸਨ ਕਿ ਬਾਪੂ ਅਤੇ ਮੈਂ ਭੈਣ-ਭਰਾ ਹਾਂ ਅਤੇ ਪਤੀ ਦੇ ਨਾਂਅ ਵੀ ਇੱਕ ਵਾਰੰਟ ਜਾਰੀ ਕੀਤਾ ਗਿਆ ਸੀ। ਅਸੀਂ ਜਦੋਂ ਗੋਆ ਗਏ ਤਾਂ ਸਿਰਫ਼ ਬਾਪੂ ਅਤੇ ਮੈਂ ਨਾਲ਼ ਸਾਂ।''

ਗੋਆ 'ਚੋਂ ਇੱਕ ਸਾਥੀ ਨੂੰ ਰਿਹਾਅ ਕਰਾਉਣ ਸੀ, ਜਿਨ੍ਹਾਂ ਨੂੰ ਉੱਥੋਂ ਦੀ ਸਤਾਰਾ ਸੈਨਾ ਲਈ ਹਥਿਆਰ ਲਿਆਉਂਦੇ ਵੇਲ਼ੇ ਪੁਰਤਗਾਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ''ਤਾਂ, ਇੱਕ ਕਾਰਕੁੰਨ ਸਨ ਬਾਲ ਜੋਸ਼ੀ, ਜਿਨ੍ਹਾਂ ਨੇ ਹਥਿਆਰ ਲਿਆਉਂਦੇ ਵੇਲ਼ੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਨ੍ਹਾਂ ਨੂੰ ਫਾਂਸੀ ਹੋ ਸਕਦੀ ਸੀ। ਬਾਪੂ  ਨੇ ਕਿਹਾ,'ਅਸੀਂ ਜਦੋਂ ਤੱਕ ਉਨ੍ਹਾਂ ਨੂੰ ਮੁਕਤ ਨਹੀਂ ਕਰਾ ਲੈਂਦੇ, ਉਦੋਂ ਤੱਕ ਵਾਪਸ ਨਹੀਂ ਮੁੜ ਸਕਦੇ।''

Hausatai and her family
PHOTO • Namita Waikar
Hausatai (left) and Gopal Gandhi
PHOTO • Shreya Katyayini

ਹੌਸਾਤਾਈ ਪਿਛਲੇ ਸਾਲ ਆਪਣੇ ਪਰਿਵਾਰ ਦੇ ਨਾਲ਼ (ਸੱਜੇ) ਅਤੇ ਪੱਛਮ ਬੰਗਾਲ ਦੇ ਸਾਬਕਾ ਰਾਜਪਾਲ ਅਤੇ ਮਹਾਤਮਾ ਗਾਂਧੀ ਦੇ ਪੋਤੇ- ਗੋਪਾਲ ਗਾਂਧੀ ਦੇ ਨਾਲ਼, ਜੋ ਉਨ੍ਹਾਂ ਨੂੰ ਅਤੇ ਕਈ ਹੋਰ ਅਜ਼ਾਦੀ ਘੁਲਾਟੀਆਂ ਨੂੰ ਸਨਮਾਨਤ ਕਰਨ ਲਈ ਜੂਨ 2017 ਵਿੱਚ ਕੁੰਡਲ ਆਏ ਸਨ

ਹੌਸਾਬਾਈ ਨੇ ਜੋਸ਼ੀ ਦੀ 'ਭੈਣ' ਬਣ ਕੇ ਜੇਲ੍ਹ ਵਿੱਚ ਉਨ੍ਹਾਂ ਨਾਲ਼ ਮੁਲਾਕਾਤ ਕੀਤੀ। ਫਰਾਰ ਹੋਣ ਦੀ ਯੋਜਨਾ ਦੇ ਨਾਲ਼ ''ਜੋ ਇੱਕ (ਛੋਟੇ) ਰੁਕੇ 'ਤੇ ਲਿਖਿਆ ਸੀ, ਜਿਹਨੂੰ ਮੈਂ ਆਪਣੇ ਜੂੜੇ ਵਿੱਚ ਲੁਕਾ ਲਿਆ ਸੀ।'' ਹਾਲਾਂਕਿ, ਉਨ੍ਹਾਂ ਨੂੰ ਸੈਨਾ ਵਾਸਤੇ ਉਹ ਹਥਿਆਰ ਵੀ ਲਿਜਾਣੇ ਸਨ, ਜੋ ਪੁਲਿਸ ਦੇ ਹੱਥ ਨਹੀਂ ਲੱਗੇ ਸਨ। ਵਾਪਸ ਮੁੜਨਾ ਖਤਰੇ ਤੋਂ ਖਾਲੀ ਨਹੀਂ ਸੀ।

''ਸਾਰੇ ਪੁਲਿਸ ਵਾਲ਼ੇ ਮੈਨੂੰ ਦੇਖ ਚੁੱਕੇ ਸਨ ਅਤੇ ਮੈਨੂੰ ਪਛਾਣ ਲੈਂਦੇ।'' ਇਸਲਈ ਉਨ੍ਹਾਂ ਨੇ ਰੇਲਵੇ ਦੀ ਯਾਤਰਾ ਦੀ ਬਜਾਇ ਸੜਕ ਰਾਹੀਂ ਜਾਣ ਦਾ ਫੈਸਲਾ ਕੀਤਾ। ''ਪਰ ਮਾਂਡੋਵੀ ਨਦੀ ਵਿੱਚ ਕੋਈ ਬੇੜੀ ਨਹੀਂ ਸੀ, ਮੱਛੀ ਫੜ੍ਹਨ ਵਾਲ਼ੀ ਛੋਟੀ ਬੇੜੀ ਤੱਕ ਨਹੀਂ ਸੀ। ਅਜਿਹੇ ਮੌਕੇ ਸਾਨੂੰ ਪਤਾ ਸੀ ਕ ਸਾਨੂੰ ਤੈਰ ਕੇ ਪਾਰ ਜਾਣਾ ਪਵੇਗਾ। ਵਰਨਾ ਅਸੀਂ ਗ੍ਰਿਫ਼ਤਾਰ ਹੋ ਸਕਦੇ ਹਾਂ। ਪਰ ਉਸ ਪਾਰ ਜਾਈਏ ਕਿਵੇਂ? ਅਚਾਨਕ ਇੱਕ ਡੱਬਾ (ਸਾਨੂੰ ਮਿਲ਼ਿਆ) ਦਿੱਸਿਆ, ਜੋ ਮੱਛੀ ਫੜ੍ਹਨ ਵਾਲ਼ੇ ਜਾਲ਼ ਦੇ ਅੰਦਰ ਰੱਖਿਆ ਸੀ।'' ਉਸ ਡੱਬੇ ਦੇ ਉੱਪਰ ਢਿੱਡ-ਪਰਨੇ ਲੰਮੇ ਪੈ ਕੇ ਉਨ੍ਹਾਂ ਨੇ ਅੱਧੀ ਰਾਤ ਨੂੰ ਉਹ ਨਦੀ ਪਾਰ ਕੀਤੀ, ਜਦੋਂਕਿ ਉਨ੍ਹਾਂ ਦੀ ਮਦਦ ਵਾਸਤੇ ਉਨ੍ਹਾਂ ਦੇ ਸਾਥੀ ਨਾਲ਼-ਨਾਲ਼ ਤੈਰਦੇ ਰਹੇ।

''ਮੈਂ ਡੱਬੇ 'ਤੇ ਸੌਂ ਨਹੀਂ ਸਕਦੀ ਸਾਂ, ਕਿਉਂਕਿ ਇੰਝ ਕਰਨ ਨਾਲ਼ ਉਹ ਡੁੱਬ ਸਕਦਾ ਸੀ। ਮੈਂ ਖੂਹ ਵਿੱਚ ਤਾਂ ਤੈਰ ਸਕਦੀ ਸਾਂ, ਪਰ ਇਸ ਨਦੀ ਦਾ ਵਹਾਓ ਕੁਝ ਤੇਜ਼ ਸੀ। ਮਾਂਡੋਵੀ ਕੋਈ ਛੋਟੀ ਨਹੀਂ ਨਹੀਂ ਹੈ। ਦੂਸਰੇ ਲੋਕ (ਸਾਡੇ ਦਲ ਦੇ) ਤੈਰ ਰਹੇ ਸਨ... ਉਨ੍ਹਾਂ ਨੇ ਸੁੱਕੇ ਕੱਪੜੇ ਆਪਣੇ ਸਿਰਾਂ 'ਤੇ ਬੰਨ੍ਹ ਲਏ-ਤਾਂਕਿ ਬਾਦ ਵਿੱਚ ਪਾਏ ਜਾ ਸਕਣ।'' ਅਤੇ ਸੋ ਇੰਝ ਉਨ੍ਹਾਂ ਨਦੀ ਪਾਰ ਕੀਤੀ।

''ਫਿਰ ਅਸੀਂ ਜੰਗਲ ਵਿੱਚ ਤੁਰਦੇ ਰਹੇ... ਦੋ ਦਿਨਾਂ ਤੱਕ। ਕਿਸੇ ਤਰ੍ਹਾਂ, ਸਾਨੂੰ ਜੰਗਲ ਤੋਂ ਬਾਹਰ ਨਿਕਲ਼ਣ ਦਾ ਰਾਹ ਲੱਭਿਆ। ਘਰ ਵਾਪਸ ਆਉਣ ਵਿੱਚ ਸਾਨੂੰ 15 ਦਿਨ ਲੱਗੇ।''

ਬਾਪੂ ਅਤੇ ਹੌਸਾਬਾਈ ਹਥਿਆਰ ਆਪਣੇ ਨਾਲ਼ ਲੈ ਕੇ ਨਹੀਂ ਆਏ, ਸਗੋਂ ਉਨ੍ਹਾਂ ਨੇ ਇਹਨੂੰ ਲਿਆਉਣ ਦਾ ਬੰਦੋਬਸਤ ਕਰ ਦਿੱਤਾ। ਜੋਸ਼ ਕਈ ਦਿਨਾਂ ਬਾਅਦ ਜੇਲ੍ਹ ਵਿੱਚੋਂ ਫਰਾਰ ਹੋਣ ਵਿੱਚ ਸਫ਼ਲ ਰਹੇ।

ਪਾਰੀ (PARI) ਟੀਮ ਜਦੋਂ ਆਪਣਾ ਸਮਾਨ ਸਮੇਟਣ ਲੱਗੀ ਤਾਂ ਹੌਸਾਬਾਈ ਨੇ ਆਪਣੀਆਂ ਚਮਕਦੀਆਂ ਅੱਖਾਂ ਨਾਲ਼ ਸਾਨੂੰ ਪੁੱਛਿਆ: "ਤਾਂ, ਫਿਰ ਦੱਸੋ, ਤੁਸੀਂ ਮੈਨੂੰ ਆਪਣੇ ਨਾਲ਼ ਲਿਜਾ ਰਹੇ ਹੋ ਨਾ?"

''ਪਰ ਕਿੱਥੇ, ਹੌਸਾਬਾਈ?''

''ਤੁਹਾਡੇ ਸਾਰਿਆਂ ਦੇ ਨਾਲ਼ ਕੰਮ ਕਰਨ ਲਈ,'' ਉਹ ਹੱਸਦਿਆਂ ਕਹਿੰਦੀ ਹਨ।

ਤਰਜਮਾ: ਕਮਲਜੀਤ ਕੌਰ

P. Sainath is Founder Editor, People's Archive of Rural India. He has been a rural reporter for decades and is the author of 'Everybody Loves a Good Drought' and 'The Last Heroes: Foot Soldiers of Indian Freedom'.

Other stories by P. Sainath
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur