ਹੱਥਾਂ ਵਿੱਚ ਲਾਲ, ਪੀਲ਼ੇ, ਹਰੇ, ਚਿੱਟੇ ਅਤੇ ਕੇਸਰੀ ਰੰਗੇ ਝੰਡੇ ਉਹ ਚੁੱਕੀ ਸਟੇਜ ਦੇ ਮਗਰ ਚਲੇ ਗਏ। ਔਰਤਾਂ ਦਾ ਇੱਕ ਦਲ ਮਾਰਚ ਕਰਦਾ ਹੋਇਆ ਸਟੇਜ 'ਤੇ ਆਇਆ, ਉਨ੍ਹਾਂ ਸਾਰੀਆਂ ਦੇ ਸਿਰ ਹਰੀਆਂ ਚੁੰਨ੍ਹੀਆਂ ਨਾਲ਼ ਢੱਕੇ ਹੋਏ ਸਨ। ਟਰੈਕਟਰਾਂ 'ਤੇ ਸਵਾਰ ਪੁਰਸ਼ਾਂ ਦੀ ਇੱਕ ਟੁਕੜੀ ਅੱਗੇ ਆਈ ਅਤੇ ਉਨ੍ਹਾਂ ਦੇ ਸਿਰਾਂ 'ਤੇ ਸਲੇਟੀ ਅਤੇ ਨਾਭੀ ਰੰਗੀਆਂ, ਪੀਲ਼ੀਆਂ ਅਤੇ ਹਰੀਆਂ ਪੱਗਾਂ ਬੰਨ੍ਹੀਆਂ ਹੋਈਆਂ ਸਨ। ਪੂਰਾ ਦਿਨ ਕਈ ਜੱਥੇ ਆਪਣੇ ਮੋਢਿਆਂ 'ਤੇ ਝੰਡੇ ਰੱਖੀ ਸਟੇਜ ਮਗਰ ਆਉਂਦੇ ਜਾਂਦੇ ਰਹੇ ਅਤੇ ਹਰੇਕ ਰੰਗ ਇਓਂ ਲਿਸ਼ਕਦੇ ਜਿਓਂ ਮਹਾਂਕਾਵਿ ਕਵਿਤਾ ਦੇ ਛੰਦ ਹੋਣ।

ਪੂਰਾ ਵਰ੍ਹਾ ਬੀਤ ਗਿਆ ਜਦੋਂ 26 ਨਵੰਬਰ 2020 ਨੂੰ ਉਨ੍ਹਾਂ ਵਿੱਚੋਂ ਕਈ ਕਿਸਾਨ ਸੰਸਦ ਵਿੱਚ ਪਾਸ ਹੋਏ ਇਨ੍ਹਾਂ ਤਿੰਨੋਂ ਖੇਤੀ ਕਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ ਲੈ ਕੇ ਦਿੱਲੀ ਦੀਆਂ ਬਰੂਹਾਂ 'ਤੇ ਜਾ ਬੈਠੇ। ਆਪਣੇ ਪ੍ਰਦਰਸ਼ਨ ਦੀ ਵਰ੍ਹੇਗੰਢ ਨੂੰ ਚਿੰਨ੍ਹਿਤ ਕਰਨ ਲਈ, ਪਿਛਲੇ ਸ਼ੁੱਕਰਵਾਰ ਕਿਸਾਨਾਂ ਅਤੇ ਅੰਦੋਲਨ ਦੇ ਹਮਦਰਦਾਂ ਨੇ ਇੱਕ ਵਾਰ ਫਿਰ ਸਿੰਘੂ, ਟੀਕਰੀ ਅਤੇ ਗਾਜ਼ੀਪੁਰ ਦੇ ਕੋਨੇ ਕੋਨੇ ਨੂੰ ਭਰ ਦਿੱਤਾ।

ਇਹ ਦਿਨ ਸੀ ਜਿੱਤ ਦਾ ਹੰਝੂਆਂ ਦਾ, ਯਾਦਾਂ ਦਾ ਅਤੇ ਨਵੀਂਆਂ ਯੋਜਨਾਵਾਂ ਉਲੀਕਣ ਦਾ। ਅਜੇ ਇੱਕ ਲੜਾਈ ਜਿੱਤੀ ਗਈ ਹੈ, ਜੰਗ ਅਜੇ ਬਾਕੀ ਹੈ, 33 ਸਾਲਾ ਗੁਰਜੀਤ ਸਿੰਘ ਨੇ ਕਿਹਾ ਜੋ ਸਿੰਘੂ ਵਿਖੇ ਮੌਜੂਦ ਹਨ ਅਤੇ 19 ਨਵੰਬਰ ਨੂੰ ਵੀ ਮੌਜੂਦ ਸਨ ਜਦੋਂ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਸੀ ਕਿ ਤਿੰਨੋਂ ਕਨੂੰਨ ਰੱਦ ਕੀਤੇ ਜਾਣਗੇ। ਸਿੰਘ ਸਾਹਬ ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਦੀ ਜ਼ੀਰਾ ਤਹਿਸੀਲ ਦੇ ਪਿੰਡ ਅਰਾਈਆਂ ਵਿਖੇ 25 ਏਕੜ ਵਿੱਚ ਖੇਤੀ ਕਰਦੇ ਹਨ।

''ਬੇਸ਼ੱਕ ਇਹ ਜਿੱਤ ਲੋਕਾਂ ਦੀ ਜਿੱਤ ਹੈ। ਅਸਾਂ ਇੱਕ ਢੀਠ ਅਤੇ ਜ਼ਿੱਦੀ ਪ੍ਰਸ਼ਾਸਨ ਨੂੰ ਮਾਤ ਦਿੱਤੀ ਹੈ ਅਤੇ ਅਸੀਂ ਖ਼ੁਸ਼ ਹਾਂ,'' 45 ਸਾਲਾ ਗੁਰਜੀਤ ਸਿੰਘ ਅਜ਼ਾਦ ਨੇ ਕਿਹਾ ਅਤੇ ਉਹ ਵੀ ਉਸ ਦਿਨ ਸਿੰਘੂ ਵਿਖੇ ਹੀ ਸਨ। ਅਜ਼ਾਦ ਹੋਰਾਂ ਦਾ ਪਿੰਡ ਭੱਟੀਆਂ ਗੁਰਦਾਸਪੁਰ ਜ਼ਿਲ੍ਹੇ ਦੀ ਕਾਹਨੂੰਵਾਨ ਤਹਿਸੀਲ ਵਿੱਚ ਪੈਂਦਾਂ ਜਿੱਥੇ ਉਨ੍ਹਾਂ ਦੇ ਚਾਚਾ ਆਪਣੀ ਦੋ ਏਕੜ ਦੀ ਜ਼ਮੀਨ ਵਿੱਚ ਕਣਕ ਅਤੇ ਝੋਨੇ ਦੀ ਕਾਸ਼ਤ ਕਰਦੇ ਹਨ। ''ਇਸ ਲੜਾਈ ਦਾ ਆਗਾਜ਼ 26 ਨਵੰਬਰ (2020) ਨੂੰ ਨਹੀਂ ਹੋਇਆ। ਜਿਸ ਦਿਨ ਕਿਸਾਨਾਂ ਦਾ ਹਜ਼ੂਮ ਦਿੱਲੀ ਦੀਆਂ ਬਰੂਹਾਂ 'ਤੇ ਜਾ ਅੱਪੜਿਆ ਸੀ,'' ਉਹ ਨੇ ਕਿਹਾ ਅਤੇ ਗੱਲ ਜਾਰੀ ਰੱਖੀ। ''ਕਿਸਾਨਾਂ ਨੇ ਤਾਂ ਬੜੀ ਪਹਿਲਾਂ ਹੀ ਧਰਨੇ-ਮੁਜ਼ਾਹਰੇ ਕਰਨੇ ਸ਼ੁਰੂ ਕਰ ਦਿੱਤੇ ਸਨ ਜਦੋਂ ਇਹ ਬਿੱਲ ਕਨੂੰਨ ਬਣੇ ਸਨ। ਫਿਰ ਜਦੋਂ ਸਤੰਬਰ 2020 ਨੂੰ ਇਹ ਤਿੰਨੋਂ ਖੇਤੀ ਕਨੂੰਨ ਪਾਸ ਹੋ ਗਏ ਤਾਂ ਦਿੱਲੀ ਵੱਲ ਕੂਚ ਕਰਨ ਲਈ ਵੰਗਾਰਿਆ ਗਿਆ... ਬੱਸ ਇੱਕ ਵੰਗਾਰ ਅਤੇ ਉਸ 'ਤੇ ਫੁੱਲ ਚੜ੍ਹਾਏ।''

ਉਨ੍ਹਾਂ ਨੇ ਬੀਤੇ ਸਾਲ ਦੀ ਘਟਨਾਵਾਂ ਭਰੀ ਮਾਰਚ ਚੇਤੇ ਕੀਤੀ: ''ਜਿਓਂ ਹੀ ਅਸੀਂ ਰਾਜਧਾਨੀ ਵੱਲ ਨੂੰ ਵਧੇ, ਸਰਕਾਰ ਨੇ ਪਾਣੀ ਦੀਆਂ ਵਾਛੜਾਂ ਦਾ ਸਹਾਰਾ ਲਿਆ। ਉਨ੍ਹਾਂ ਨੇ ਟੋਏ ਪੁੱਟੇ। ਪਰ ਅਸੀਂ ਉਨ੍ਹਾਂ ਦੀਆਂ ਉੱਚੀਆਂ ਉੱਚੀਆਂ ਵਾੜਾ ਅਤੇ ਕੰਡਿਆਲ਼ੀਆਂ ਤਾਰਾਂ ਦੇ ਅੜਿੱਕੇ ਚੜ੍ਹਨ ਲਈ ਨਹੀਂ ਸਾਂ ਆ ਰਹੇ ਨਾ ਹੀ ਅਸੀਂ ਇੰਝ ਰੋਕਿਆਂ ਰੁਕਣ ਹੀ ਵਾਲ਼ੇ ਸਾਂ।'' (ਪਿਛਲੇ ਸਾਲ, 62 ਸਾਲਾ ਕਿਸਾਨ ਜੋਗਰਾਜ ਸਿੰਘ ਨੇ ਮੈਨੂੰ ਦੱਸਿਆ ਸੀ ਕਿ ਉਨ੍ਹਾਂ ਜਿਹੇ ਹੀ ਕਿਸਾਨ ਹਨ ਜਿਨ੍ਹਾਂ ਨੇ ਪੁਲਿਸ ਵਾਲ਼ਿਆਂ ਨੂੰ ਲੰਗਰ ਛਕਾਇਆ ਅਤੇ ਦੱਸਿਆ ਕਿ ਇਹ ਪੁਲਿਸ ਵਾਲ਼ੇ ਵੀ ਉਨ੍ਹਾਂ ਦੇ ਬੱਚਿਆਂ ਜਿਹੇ ਹੀ ਹਨ। ਉਨ੍ਹਾਂ ਨੇ ਇੱਥੋਂ ਤੱਕ ਵੀ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਲਾਠੀਆਂ ਨੂੰ ਵੀ 'ਖ਼ੁਰਾਕ' ਚਾਹੀਦੀ ਹੈ ਤਾਂ ਕਿਸਾਨਾਂ ਦੀਆਂ ਪਿੱਠਾਂ ਇਹ ਖ਼ੁਰਾਕ ਦੇਣ ਨੂੰ ਵੀ ਰਾਜ਼ੀ ਸਨ।)

PHOTO • Amir Malik

ਕਿਸਾਨ 26 ਨਵੰਬਰ ਨੂੰ ਆਪਣੇ ਜਸ਼ਨ ਦੌਰਾਨ ਵੀ ਓਨੇ ਹੀ ਸ਼ਾਂਤਮਈ ਸਨ ਜਿੰਨਾ ਕਿ ਔਂਕੜਾ ਮਾਰੇ ਇੱਕ ਸਾਲ ਦੌਰਾਨ ਰਹੇ। ਉਨ੍ਹਾਂ ਨੇ ਭੰਗੜਾ ਪਾਇਆ, ਗਾਣੇ ਗਾਏ ਅਤੇ ਲੱਡੂ ਵੰਡੇ

ਪਿਛਲੇ ਹਫ਼ਤੇ ਸਿੰਘੂ ਵਿਖੇ ਪਟਿਆਲਾ ਜ਼ਿਲ੍ਹੇ ਦੇ ਦੌਣ ਕਲਾਂ ਪਿੰਡ ਦੀ ਰਜਿੰਦਰ ਕੌਰ ਵੀ ਸਨ- ਉਹ ਧਰਨੇ ਦੀ ਥਾਂ 'ਤੇ 26 ਚੱਕਰ ਲਾ ਚੁੱਕੀ ਹਨ। 48 ਸਾਲਾ ਰਜਿੰਦਰ ਕੌਰ ਦਾ ਕਹਿਣਾ ਹੈ,''ਜਦੋਂ ਤੋਂ ਇਹ ਧਰਨਾ ਸ਼ੁਰੂ ਹੋਇਆ ਹੈ ਮੈਂ ਪਟਿਆਲੇ ਦੇ ਇੱਕ ਟੋਲ ਪਲਾਜ਼ਾ ਵਿਖੇ ਸੇਵਾ ਕਰਦੀ ਰਹੀ ਹਾਂ। ਮੈਂ ਇਹ ਦੇਖਦੀ ਹਾਂ ਕਿ ਕਿਸੇ ਕਿਸਾਨ  ਭਰਾ ਨੂੰ ਟੋਲ ਨਾ ਦੇਣਾ ਪਵੇ।'' ਰਜਿੰਦਰ ਕੌਰ ਦਾ ਪਰਿਵਾਰ ਪੰਜ ਏਕੜ ਵਿੱਚ ਖੇਤੀ ਕਰਦਾ ਹੈ। ''ਸਭ ਤੋਂ ਪਹਿਲਾਂ, ਉਨ੍ਹਾਂ ਨੇ (ਪ੍ਰਧਾਨ ਮੰਤਰੀ) ਕਨੂੰਨ ਲਾਗੂ ਕਰ ਦਿੱਤੇ। ਫਿਰ ਵਾਪਸ ਵੀ ਲੈ ਲਏ। ਇਸ ਦਰਮਿਆਨ ਸਾਨੂੰ (ਜਿਊਂਦੇ ਰਹਿਣ ਅਤੇ ਰੋਜ਼ੀ ਰੋਟੀ) ਵਾਸਤੇ ਕਿੰਨੇ ਜਫ਼ਰ ਜਾਲਣੇ ਪਏ। ਪਹਿਲੀ ਗੱਲ ਤਾਂ ਇਹ ਕਨੂੰਨ ਆਉਣੇ ਹੀ ਨਹੀਂ ਸਨ ਚਾਹੀਦੇ, ਜੇ ਉਨ੍ਹਾਂ ਨੇ ਇੰਝ ਕਰ ਵੀ ਦਿੱਤਾ ਸੀ ਤਾਂ ਛੇਤੀ ਤੋਂ ਛੇਤੀ ਵਾਪਸ ਲੈ ਲੈਣੇ ਚਾਹੀਦੇ ਸਨ।''

ਉਹ 12 ਮਹੀਨੇ ਵਿੱਚ ਜਦੋਂ ਪ੍ਰਧਾਨ ਮੰਤਰੀ ਕਨੂੰਨਾਂ ਨੂੰ ਰੱਦ ਕਰਨ ਨੂੰ ਤਿਆਰ ਨਹੀਂ ਸੀ, ਅਸੀਂ ਕਿਸਾਨਾਂ ਨੇ ਯਖ ਕਰ ਸੁੱਟਣ ਵਾਲ਼ੀਆਂ ਹਵਾਵਾਂ ਝੱਲੀਆਂ ਅਤੇ ਸਰਕਾਰ ਦੀ ਬੇਪਰਵਾਹੀ ਬਰਦਾਸ਼ਤ ਕੀਤੀ। ਉਨ੍ਹਾਂ ਨੇ ਲੂੰਹਦੀ ਧੁੱਪ ਦਾ ਮੁਕਾਬਲਾ ਕੀਤਾ, ਝੱਖੜਾਂ ਅੱਗੇ ਪੱਕੇ ਪੈਰੀਂ ਖੜ੍ਹੇ ਰਹੇ, ਤੂਫ਼ਾਨੀ ਮੀਂਹਾਂ ਨੇ ਉਨ੍ਹਾਂ ਦੇ ਤੰਬੂ ਉਖਾੜ ਸੁੱਟੇ। ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਰਹੀਆਂ ਕਿ ਬਾਜ ਆ ਜਾਓ ਨਹੀਂ ਤਾਂ ਪਾਣੀ ਅਤੇ ਬਿਜਲੀ ਦੀ ਸਪਲਾਈ ਕੱਟ ਦਿੱਤੀ ਜਾਵੇਗੀ। ਉਨ੍ਹਾਂ ਨੇ ਪਖ਼ਾਨਿਆਂ ਦੀ ਭਾਰੀ ਕਿੱਲਤ ਤੋਂ ਲੈ ਕੇ ਮਹਾਂਮਾਰੀ ਦੇ ਖ਼ਤਰੇ ਤੱਕ ਨੂੰ ਝੱਲ ਲਿਆ।

''ਸਰਕਾਰ ਚਾਹੁੰਦੀ ਸੀ ਕਿ ਅਸੀਂ ਥੱਕ ਜਾਈਏ ਅਤੇ ਘਰੋ-ਘਰੀ ਮੁੜ ਜਾਈਏ। ਅਸੀਂ ਨਾ ਤਾਂ ਥੱਕੇ ਅਤੇ ਨਾ ਹੀ ਮੁੜੇ,'' ਅਜ਼ਾਦ ਨੇ ਕਿਹਾ। ਜਿੱਥੇ ਕਿਸਾਨਾਂ ਨੇ ਪੱਕੇ-ਪੈਰੀਂ ਵਿਰੋਧ ਦਾ ਪ੍ਰਦਰਸ਼ਨ ਕਰਨਾ ਜਾਰੀ ਰੱਖਿਆ, ਉੱਥੇ ਹੀ ਮੁੱਖ-ਧਾਰਾ ਦੇ ਮੀਡਿਆ (ਕੁਝ ਵਰਗ) ਨੇ ਉਨ੍ਹਾਂ ਨੂੰ ਬਦਨਾਮ ਕਰਦਾ ਦਾ ਬੇੜਾ ਚੁੱਕੀ ਰੱਖਿਆ। ਅਜ਼ਾਦ, ਕਿਸਾਨਾਂ ਨੂੰ ਸਮਰਪਤ ਇੱਕ ਪ੍ਰਸਿੱਧ ਸੋਸ਼ਲ ਮੀਡਿਆ ਹੈਂਡਲ ਦੇ ਨਾਲ਼ ਸਵੈ-ਇੱਛਾ ਨਾਲ਼ ਜੁੜੇ ਹੋਏ ਹਨ। ਉਹ ਇਸ ਹੈਂਡਲ ਜ਼ਰੀਏ ਉਹ ਕਿਸਾਨਾਂ ਨੂੰ ਅਨਪੜ੍ਹ, ਖ਼ਾਲਿਸਤਾਨੀ ਕਹਿਣ ਵਾਲ਼ੇ ਮੀਡਿਆ ਤੰਤਰ ਦਾ ਮੁਕਾਬਲਾ ਵੀ ਕਰਦੇ ਹਨ। ''ਉਨ੍ਹਾਂ ਨੇ ਸਾਨੂੰ ਗੰਵਾਰ ਕਿਹਾ ਅਤੇ ਸਾਡੇ ਸੋਚਣ ਅਤੇ ਤਰਕ ਸ਼ਕਤੀ 'ਤੇ ਹਮਲਾ ਬੋਲਿਆ। ਮੈਂ ਇਸ ਚੁਣੌਤੀ ਨੂੰ ਕਬੂਲਿਆ ਅਤੇ ਉਨ੍ਹਾਂ ਮੂੰਹ-ਤੋੜਵੇਂ ਜਵਾਬ ਦਿੰਦਾ ਰਿਹਾ।''

ਗੁਰਜੀਤ ਸਿੰਘ ਕਹਿੰਦੇ ਹਨ,''ਇਸ ਅੰਦੋਲਨ ਨੇ ਸਾਨੂੰ ਬੜਾ ਕੁਝ ਸਿਖਾਇਆ ਹੈ। ਅਸੀਂ ਦੇਖ ਲਿਆ ਕਿ ਸੱਚ ਦੀ ਲੜਾਈ ਦਾ ਰਾਹ ਭਾਵੇਂ ਜਿੰਨਾ ਮਰਜ਼ੀ ਆਫ਼ਤਾਂ ਭਰਿਆ ਕਿਉਂ ਨਾ ਹੋਵੇ ਇਹ ਲੜਾਈ ਅਖ਼ੀਰ ਜਿੱਤੀ ਹੀ ਜਾਂਦੀ ਹੈ। ਇਸ ਅੰਦੋਲਨ ਨੇ ਦੇਸ਼ ਦੇ ਕਨੂੰਨ ਘਾੜ੍ਹਿਆਂ ਨੂੰ ਵੀ ਇੱਕ ਗੱਲ ਤਾਂ ਜ਼ਰੂਰ ਸਿਖਾਈ ਹੈ ਕਿ ਲੋਕਾਈ ਮੱਥੇ ਕੋਈ ਵੀ ਕਨੂੰਨ ਮੜ੍ਹਨ ਤੋਂ ਪਹਿਲਾਂ ਹਜ਼ਾਰ ਵਾਰ ਸੋਚੇ।''

ਸੁਖਦੇਵ ਸਿੰਘ ਨੇ ਕਿਹਾ,''ਅਸੀਂ ਜਿੱਤਣ ਲਈ ਆਏ ਸਾਂ ਜਿੱਤ ਕੇ ਹੀ ਮੁੜਾਂਗੇ।'' ਜੋ ਫ਼ਤਹਿਗੜ ਸਾਹਬ ਜ਼ਿਲ੍ਹੇ ਦੀ ਖ਼ਮਾਣੋਂ ਤਹਿਸੀਲ ਦੇ ਮੋਹਨ ਮਾਜਰਾ ਪਿੰਡ ਦੇ ਵਾਸੀ 47 ਸਾਲਾ ਕਿਸਾਨ ਹਨ ਅਤੇ ਜਿਨ੍ਹਾਂ ਦਾ ਖੱਬੀ ਲੱਤ 15 ਸਾਲ ਪਹਿਲਾਂ ਹੋਏ ਸੜਕ ਵਿੱਚ ਕੱਟੀ ਗਈ ਸੀ। ਸੁਖਦੇਵ ਸਿੰਘ ਅੱਗੇ ਕਹਿੰਦੇ ਹਨ,''ਐਲਾਨ  ਤੋਂ ਬਾਅਦ (ਰੱਦ ਕਰਨ ਦੇ) ਵੀ ਸਰਕਾਰ ਦੀ ਸੁਤਾ ਇਸੇ ਪਾਸੇ ਲੱਗੀ ਹੈ ਕਿ ਅਸੀਂ ਘਰ ਕਦੋਂ ਮੁੜਾਂਗੇ। ਅਸੀਂ ਵੀ ਉਦੋਂ ਤੀਕਰ ਵਾਪਸ ਨਹੀਂ ਮੁੜਾਂਗੇ ਜਦੋਂ ਤੱਕ ਕਿ ਕਨੂੰਨ ਵਾਪਸ ਲਏ ਜਾਣ ਦੀ ਸੰਸਦੀ ਕਾਰਵਾਈ ਪੂਰੀ ਨਹੀਂ ਹੋ ਜਾਂਦੀ ਅਤੇ ਬਿਜਲੀ (ਸੋਧ) ਬਿਲ, 2020 ਰੱਦ ਨਹੀਂ ਕਰ ਦਿੱਤਾ ਜਾਂਦਾ।''

ਕਿਸਾਨ 26 ਨਵੰਬਰ ਨੂੰ ਆਪਣੇ ਜਸ਼ਨ ਮਨਾਉਣ ਵਿੱਚ ਵੀ ਓਨੇ ਹੀ ਸ਼ਾਂਤਮਈ ਸਨ ਜਿੰਨੇ ਕਿ ਔਕੜਾਂ ਭਰੇ ਪਿਛਲੇ ਇੱਕ ਸਾਲ ਦੌਰਾਨ ਰਹੇ ਹਨ। ਉਹ ਖ਼ੁਸ਼ੀ ਵਿੱਚ ਨੱਚੇ, ਗਾਉਂਦੇ ਰਹੇ ਅਤੇ ਬੂੰਦੀ ਦੇ ਲੱਡੂ, ਬਰਫ਼ੀ ਅਤੇ ਕੇਲੇ ਵੰਡੇ। ਲੰਗਰ ਦੀ ਸੇਵਾ ਅਤੇ ਬਾਕੀ ਸੇਵਾਵਾਂ ਦਾ ਸਿਲਸਿਲਾ ਜਾਰੀ ਰਿਹਾ।

PHOTO • Amir Malik

ਇਸ ਇਤਿਹਾਸਕ ਦਿਨ ਮੌਕੇ ਧਰਨਾ ਸਥਲ ਵਿਖੇ ਅਪੜਨ ਲਈ ਦ੍ਰਿੜ 87 ਸਾਲਾ ਮੁਖ਼ਤਾਰ ਸਿੰਘ ਨੇ ਆਪਣੇ ਬੇਟੇ ਨੂੰ ਕਿਹਾ ਕਿ ਉਨ੍ਹਾਂ ਨੂੰ ਧਰਨਾ-ਸਥਲ ਲੈ ਤੁਰੇ ਤਾਂਕਿ ਫਿਰ ਉਹ ਸ਼ਾਂਤੀ ਨਾਲ਼ ਮਰ ਸਕੇ। ਦੇਖੋ ਉਹ ਆਪਣੇ ਪੋਤੇ ਦੇ ਨਾਲ਼ ਹਨ, ਨਾਲ਼ ਹਨ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਕਿਸਾਨ-ਕਵੀ ਦੇਵੀ ਸਿੰਘ ਵੀ ਹਨ

26 ਨਵੰਬਰ ਨੂੰ, ਸਿੰਘੂ ਅਤੇ ਟੀਕਰੀ ਸੀਮਾ 'ਤੇ ਵੱਖੋ-ਵੱਖ ਇਲਾਕਿਆਂ ਅਤੇ ਪੇਸ਼ਿਆਂ ਦੇ ਲੋਕਾਂ ਦਾ ਹੜ੍ਹ ਆ ਗਿਆ। ਇਹ ਲੋਕ ਉੱਥੇ ਮੌਜੂਦ ਕਿਸਾਨਾਂ ਨੂੰ ਵਧਾਈ ਦੇਣ ਆਏ ਸਨ। ਇਸ ਭੀੜ ਵਿੱਚ ਕਈ ਅੱਖਾਂ ਨਮ ਸਨ।

ਮੰਚ ਤੋਂ ਕਈ ਕਿਸਾਨ ਨੇਤਾ ਨਾਅਰੇ ਬੁਲੰਦ ਕਰਦੇ ਅਤੇ ਸਾਹਮਣੇ ਬੈਠੇ ਖੜ੍ਹੇ ਔਰਤਾਂ ਅਤੇ ਪੁਰਸ਼ ਬੜੇ ਫ਼ਖਰ ਨਾਲ਼ ਹਰ ਨਾਅਰੇ ਦਾ ਜਵਾਬ ਓਨੇ ਹੀ ਬੁਲੰਦ ਜੋਸ਼ ਨਾਲ਼ ਦਿੰਦੇ ਜਾਂਦੇ। ਮੰਚ ਤੋਂ ਭਾਸ਼ਣ ਦੇਣ ਵਾਲ਼ੇ ਹਰ ਕਿਸਾਨ ਨੇਤਾ ਨੇ 700 ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਜਿਨ੍ਹਾਂ ਨੇ ਸੰਘਰਸ਼ ਦੇ ਇਸ ਸਾਲ ਦੌਰਾਨ ਆਪਣੀਆਂ ਜਾਨਾਂ ਵਾਰੀਆਂ ਸਨ।

ਅਜ਼ਾਦ ਨੇ ਕਿਹਾ,''ਜੋ ਕਿਸਾਨ ਵਰ੍ਹੇਗੰਢ ਮਨਾਉਣ ਲਈ ਆਏ ਲੱਗਦੇ ਹਨ ਉਹ ਵੀ ਸਿਰਫ਼ ਜਿੱਤ ਦਾ ਜਸ਼ਨ ਮਨਾਉਣ ਨਹੀਂ ਆਏ ਸਗੋਂ ਸੰਘਰਸ਼ ਦੌਰਾਨ ਹੋਏ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵੀ ਆਏ ਸਨ।'' ਗੁਰਜੀਤ ਸਿੰਘ ਇਸ ਗੱਲ ਵਿੱਚ ਆਪਣੀ ਗੱਲ ਜੋੜਦਿਆਂ ਕਹਿੰਦੇ ਹਨ,''ਅਸੀਂ ਨਹੀਂ ਜਾਣਦੇ ਕਿ ਅਸੀਂ ਖ਼ੁਸ਼ ਹਾਂ ਜਾਂ ਉਦਾਸ। ਸਾਡੀਆਂ ਅੱਖਾਂ ਆਪਣਾ ਸਾਥ ਛੱਡ ਗਏ ਉਨ੍ਹਾਂ ਵੀਰਾਂ ਭੈਣਾਂ ਦੀ ਯਾਦ ਵਿੱਚ ਗਿੱਲੀਆਂ ਹਨ ਜੋ ਇਹ ਦਿਨ ਦੇਖ ਨਾ ਸਕੇ। ਅਸੀਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ।''

ਇਸ ਇਤਿਹਾਸਕ ਦਿਨ ਧਰਨਾ ਸਥਲ ਵਿਖੇ ਅਪੜਨ ਲਈ ਦ੍ਰਿੜ 87 ਸਾਲਾ ਇਹ ਬਜ਼ੁਰਗ, ਮੁਖ਼ਤਾਰ ਸਿੰਘ ਅੰਮ੍ਰਿਤਸਰ ਦੀ ਅਜਨਾਲਾ ਤਹਿਸੀਲ ਦੇ ਪਿੰਡ ਸੇਹੰਸਰਾ ਦੇ ਰਹਿਣ ਵਾਲ਼ੇ ਹਨ, ਜਿੱਥੇ ਉਨ੍ਹਾਂ ਦੀ 9 ਏਕੜ ਜ਼ਮੀਨ ਹੈ। ਉਹ ਬਾਮੁਸ਼ਕਲ ਹੀ ਤੁਰ ਪਾਉਂਦੇ ਹਨ ਅਤੇ ਘੱਟ ਹੀ ਬੋਲ ਸਕਦੇ ਹਨ। ਖੂੰਡੀ ਸਹਾਰੇ ਕੁੱਬੇ ਹੋ ਕੇ ਚੱਲਦੇ ਮੁਖਤਾਰ ਸਿੰਘ ਮਲ੍ਹਕੜੇ-ਮਲ੍ਹਕੜੇ ਮੰਚ ਵੱਲ ਨੂੰ ਵੱਧਦੇ ਹਨ। ਜਦੋਂ ਕਨੂੰਨਾਂ ਦੇ ਰੱਦ ਕੀਤਾ ਜਾਣ ਦਾ ਐਲਾਨ ਹੋਇਆ ਤਾਂ ਉਨ੍ਹਾਂ ਨੇ ਆਪਣੇ ਪੁੱਤ ਨੂੰ ਪੁੱਛਿਆ, ਸੁਖਦੇਵ (36 ਸਾਲ) ਕਿ ਉਹ ਉਨ੍ਹਾਂ ਨੂੰ ਆਪਣੇ ਕਿਸਾਨ ਭਰਾਵਾਂ ਕੋਲ਼ ਦਿੱਲੀ ਲਿਜਾ ਸਕਦਾ ਹੈ। ਉਨ੍ਹਾਂ ਨੇ ਸੁਖਦੇਵ ਨੂੰ ਅੱਗੇ ਕਿਹਾ ਕਿ ਉਨ੍ਹਾਂ ਨੇ ਸਾਰਾ ਜੀਵਨ ਕਿਸਾਨਾਂ (ਬਤੌਰ ਯੂਨੀਅਨ ਮੈਂਬਰ) ਦੀ ਭਲਾਈ ਵਾਸਤੇ ਕੰਮ ਕਰਦਿਆਂ ਬਿਤਾਇਆ ਹੈ ਅਤੇ ਉਨ੍ਹਾਂ ਅੰਦਰ ਧਰਨੇ ਦੀ ਥਾਂ 'ਤੇ ਪਹੁੰਚਣ ਦੀ ਖਵਾਇਸ਼ ਜਾਗੀ ਹੈ ਤਾਂਕਿ ਉਹ ਸੁੱਖ ਨਾਲ਼ ਮਰ ਸਕਣ।

ਬੇਹੱਦ ਔਕੜਾਂ ਭਰੇ ਦਿਨਾਂ ਅਤੇ ਲੰਮੇਰੀ ਹੁੰਦੀ ਉਡੀਕ ਵਿਚਾਲੇ ਗੁਰਦਾਸਪੁਰ ਦੇ ਬਟਾਲਾ ਬਲਾਕ ਦੇ ਹਰਚੋਵਾਲ ਪਿੰਡ ਦੇ 58 ਸਾਲਾ ਕਿਸਾਨ ਕੁਲਵੰਤ ਸਿੰਘ ਲਈ ਉਮੀਦ ਦੀ ਲਾਟ ਬਾਲ਼ੀ ਰੱਖਣਾ ਕਰੀਬ ਨਾਮੁਮਕਿਨ ਹੋ ਗਿਆ ਸੀ। ਉਹ ਇਸ ਦੁਚਿੱਤੀ ਵਿੱਚ ਡੁੱਬ ਜਾਂਦੇ ਸਨ ਕਿ ਤਿੰਨ ਖੇਤੀ ਕਨੂੰਨ ਰੱਦ ਕੀਤੇ ਜਾਣਗੇ ਵੀ ਜਾਂ ਨਹੀਂ। ਉਹ ਖ਼ੁਦ ਨੂੰ ਜੋਸ਼ ਵਿੱਚ ਰੱਖਣ ਲਈ ਕਹਿੰਦੇ- ਸਿਆਂ ਚੜ੍ਹਦੀ ਕਲਾਂ 'ਚ ਰਹਿ (ਉਮੀਦ ਅਤੇ ਭਰਪੂਰ ਜ਼ਿੰਦਗੀ ਜਿਊਣ ਦਾ ਸੰਦੇਹ ਦੇਣ ਵਾਲ਼ਾ ਪੰਜਾਬੀ ਮੁਹਾਵਰਾ)।

ਕਿਸਾਨਾਂ ਨੇ ਲਖੀਮਪੁਰ ਖੀਰੀ ਵਿੱਚ ਮਾਰੇ ਗਏ ਕਿਸਾਨਾਂ ਨੂੰ ਨਿਆ ਦਵਾਉਣ ਦੀ ਮੰਗ ਦੇ ਨਾਲ਼ ਨਾਲ਼ ਆਪਣੀ ਫ਼ਸਲਾਂ ਲਈ ਐੱਮਐੱਸਪੀ (ਘੱਟੋਘੱਟ ਸਮਰਥਨ ਮੁੱਲ) ਦਾ ਕਨੂੰਨੀ ਅਧਿਕਾਰ ਬਣਾਏ ਜਾਣ ਸਣੇ ਸਾਰੀਆਂ ਮੰਗਾਂ 'ਤੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਲਤਵੀ ਮੰਗਾਂ ਅਤੇ ਹੋਰ ਮੁੱਦਿਆਂ ਲਈ ਲੜਾਈ ਜਾਰੀ ਰਹੇਗੀ। ਇਨ੍ਹਾਂ ਸਾਰਿਆਂ ਦਰਮਿਆਨ, ਇੱਕ ਇਤਿਹਾਸਕ ਵਰ੍ਹਾ ਬੀਤ ਚੁੱਕਿਆ ਹੈ ਅਤੇ ਆਪਣੇ ਮਗਰ ਕਵੀ ਅੱਲਾਮਾ ਇਕਬਾਲ ਦੀ ਕਿਸਾਨਾਂ ਨੂੰ ਸਮਰਪਤ ਸਤਰਾਂ ਛੱਡ ਗਿਆ ਹੈ:

'' ਜਿਸ ਖੇਤ ਸੇ ਦਹਕਾਂ ਕੋ ਮਯੱਸਰ ਨਹੀਂ ਰੋਜ਼ੀ
ਉੱਸ ਖੇਤ ਕੇ ਹਰ ਖ਼ੋਸ਼ਾ-ਏ-ਗੁੰਦਮ ਨੂੰ ਜਲਾ ਦੋ ''

(''ਉਸ ਖੇਤ ਨੂੰ ਲੱਭੋ ਜੋ ਕਿਸਾਨਾਂ ਦੀ ਬੁਰਕੀ ਨਹੀਂ ਬਣਦ,
ਉਸ ਕਣਕ ਦੀ ਹਰ ਬੱਲੀ ਨੂੰ ਭੱਠੀ ਵਿੱਚ ਪਾਓ!'')

PHOTO • Amir Malik

ਇਹ ਦਿਨ ਵੱਖੋ ਵੱਖ ਪ੍ਰਦਰਸ਼ਨ ਸਥਲਾਂ- ਸਿੰਘੂ, ਟੀਕਰੀ ਅਤੇ ਗਾਜ਼ੀਪੁਰ ਵਿਖੇ ਮੌਜੂਦ ਬਜ਼ੁਰਗਾਂ ਅਤੇ ਨੌਜਵਾਨਾਂ ਸਾਰਿਆਂ ਲਈ ਸਾਂਝੀ ਜਿੱਤ ਅਤੇ ਯਾਦਾਂ ਭਰਿਆ ਦਿਨ ਸੀ


PHOTO • Amir Malik

ਇਸ ਕਿਸਾਨ ਵਾਂਗਰ ਕਈ ਹੋਰ ਲੋਕਾਂ ਨੇ ਵੀ ਟੀਕਰੀ ਵਿਖੇ ਸੰਯੁਕਤ ਕਿਸਾਨ ਮੋਰਚਾ ਦੇ ਮੰਚ ਦੇ ਨੇੜੇ ਇਸ ਇਤਿਹਾਸਕ ਪਲ ਨੂੰ ਆਪਣੇ ਦਿਲੋਂ ਕੈਮਰੇ ਵਿੱਚ ਕੈਦ ਕੀਤਾ


PHOTO • Amir Malik

ਮੰਚ ਤੋਂ ਭਾਸ਼ਣ ਦੇਣ ਵਾਲ਼ੇ ਹਰੇਕ ਵਿਅਕਤੀ ਨੇ 700 ਦੇ ਕਰੀਬ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ, ਜਿਨ੍ਹਾਂ ਨੇ ਸੰਘਰਸ਼ ਵਿੱਚ ਆਪਣੀ ਜਾਨ ਗੁਆਈ ਹੈ (ਟੀਕਰੀ ਤੋਂ ਖਿੱਚੀ ਫ਼ੋਟੋ)


PHOTO • Amir Malik

26 ਨਵੰਬਰ ਨੂੰ, ਸਿੰਘੂ ਅਤੇ ਟੀਕਰੀ ਬਾਰਡਰ ਵਿਖੇ ਵੱਖੋ-ਵੱਖ ਇਲਾਕਿਆਂ ਅਤੇ ਪੇਸ਼ਿਆਂ ਦੇ ਲੋਕਾਂ ਦਾ ਹੜ੍ਹ ਆ ਗਿਆ। ਇਹ ਲੋਕ ਉੱਥੇ ਮੌਜੂਦ ਕਿਸਾਨਾਂ ਨੂੰ ਵਧਾਈਆਂ ਦੇਣ ਆਏ ਸਨ। ਇਸ ਭੀੜ ਵਿੱਚ ਸਾਮਲ ਕਈ ਅੱਖਾਂ ਗਿੱਲੀਆਂ ਸਨ


PHOTO • Amir Malik

ਮੰਚ ਤੋਂ ਕਈ ਕਿਸਾਨ ਨੇਤਾ ਨਾਅਰੇ ਬੁਲੰਦ ਕਰਦੇ ਅਤੇ ਸਾਹਮਣੇ ਬੈਠੇ ਖੜ੍ਹੇ ਔਰਤਾਂ ਅਤੇ ਪੁਰਸ਼ ਬੜੇ ਫ਼ਖਰ ਨਾਲ਼ ਹਰ ਨਾਅਰੇ ਦਾ ਜਵਾਬ ਓਨੇ ਹੀ ਬੁਲੰਦ ਜੋਸ਼ ਨਾਲ਼ ਦਿੰਦੇ ਜਾਂਦੇ


During the difficult year, said Kulwant Singh, sometimes he was uncertain if the laws would be repealed:' Then, I would again struggle to regain optimism and tell myself – chardi kalan [remain hopeful].
PHOTO • Amir Malik
Victory signs at the Singhu border
PHOTO • Amir Malik

ਕੁਲਵੰਤ ਸਿੰਘ (ਖੱਬੇ) ਬੀਤੇ ਸਾਲ ਦੇ ਔਕੜਾਂ ਭਰੇ ਦਿਨਾਂ ਵਿੱਚ ਕਦੇ-ਕਦੇ ਦੁਚਿੱਤੀ ਵਿੱਚ ਆ ਜਾਂਦੇ ਸਨ ਕਿ ਤਿੰਨੋਂ ਖੇਤੀ ਕਨੂੰਨ ਰੱਦ ਹੋਣਗੇ ਵੀ ਜਾਂ ਨਹੀਂ। ' ਉਦੋਂ, ਮੈਂ ਖ਼ੁਦ ਨੂੰ ਸੰਘਰਸ਼ ਲਈ ਦੋਬਾਰਾ ਤਿਆਰ ਕਰਨ ਲਈ ਕਹਿੰਦਾਂ, ' ਚੜ੍ਹਦੀ ਕਲਾਂ ' ' ਚ ਰਹਿ ਸਿਆਂ। ਸੱਜੇ : ਸਿੰਘੂ ਵਿਖੇ ਜਿੱਤ ਦੀ ਖ਼ੁਸ਼ੀ


PHOTO • Amir Malik

ਸੁਖਵੇਵ ਸਿੰਘ ਨੇ ਕਿਹਾ, '' ਅਸੀਂ ਜਿੱਤਣ ਆਏ ਸਾਂ ਜਿੱਤੇ ਕੇ ਹੀ ਜਾਵਾਂਗੇ। '' ਉਨ੍ਹਾਂ ਦੀ ਖੱਬੀ ਲੱਤ ਕਰੀਬ 15 ਸਾਲ ਪਹਿਲਾਂ ਇੱਕ ਸੜਕ ਹਾਦਸੇ ਵਿੱਚ ਕੱਟੀ ਗਈ ਸੀ


PHOTO • Amir Malik

ਝੰਡੇ, ਮੰਚ ਤੋਂ ਬੁਲੰਦ ਹੁੰਦੇ ਭਾਸ਼ਣਾਂ, ਨਾਅਰਿਆਂ ਅਤੇ ਤਾੜੀਆਂ ਵਿਚਾਲੇ ਕੈਂਡੀ ਫ਼ਲਾਸ

PHOTO • Amir Malik

ਕਿਸਾਨਾਂ ਨੇ ਇਸ ਇਤਿਹਾਸਕ ਦਿਨ ਬੜੇ ਹੀ ਫਬਵੇਂ ਢੰਗ ਨਾਲ਼ ਤਸਵੀਰਾਂ ਖਿਚਾਈਆਂ


Also at Singhu last week was Rajinder Kaur (fourth from left, in a photo taken in Patiala) – she had come to the protest sites 26 times.
PHOTO • Jaskaran Singh
Gurjeet Singh Azad (photo from last year) said: 'The government wanted to tire us and thought that we would go. We did not'
PHOTO • Altaf Qadri
ਖੱਬੇ : ਪਿਛਲੇ ਹਫ਼ਤੇ ਸਿੰਘੂ ਵਿਖੇ ਰਜਿੰਦਰ ਕੌਰ ਵੀ ਮੌਜੂਦ ਸਨ। (ਪਟਿਆਲੇ ਤੋਂ ਲਈ ਗਈ ਇੱਕ ਤਸਵੀਰ ਵਿੱਚ ਖੱਬਿਓਂ ਚੌਥੀ) ਉਹ 26 ਵਾਰ ਅੰਦਲੋਨ ਦਾ ਚੱਕਰ ਲਾ ਚੁੱਕੀ ਹਨ। ਸੱਜੇ : ਗੁਰਜੀਤ ਸਿੰਘ ਅਜ਼ਾਦ (ਪਿਛਲੇ ਸਾਲ ਦੀ ਫ਼ੋਟੋ) ਨੇ ਕਿਹਾ, ' ਸਰਕਾਰ ਚਾਹੁੰਦੀ ਸੀ ਕਿ ਅਸੀਂ ਥੱਕ ਜਾਈਏ ਅਤੇ ਘਰੋ-ਘਰੀ ਮੁੜ ਜਾਈਏ। ਪਰ ਅਸੀਂ ਨਾ ਤਾਂ ਥੱਕੇ ਅਤੇ ਨਾ ਹੀ ਮੁੜੇ '


An engineer from Delhi who came to witness the celebrations.
PHOTO • Amir Malik
Devi Singh, a farmer and poet from Baragaon in Karnal, Haryana
PHOTO • Amir Malik

ਖੱਬੇ : ਦਿੱਲੀ ਦੇ ਇੱਕ ਇੰਜੀਨੀਅਰ ਇਸ ਇਤਿਹਾਸਕ ਪਲ ਦੇ ਗਵਾਹ ਬਣਨ ਆਏ ਸਨ। ਸੱਜੇ : ਹਰਿਆਣਾ ਦੇ ਕਰਨਾਲ ਦੇ ਬੜਾਗਾਓਂ ਦੇ ਇੱਕ ਕਿਸਾਨ ਅਤੇ ਕਵੀ ਦੇਵੀ ਸਿੰਘ


PHOTO • Amir Malik

ਇੱਕ ਕੰਧ ਜਿਸ ' ਤੇ ਲਿਖਿਆ ਹੈ ' ਸਾਮਰਾਜਵਾਦ ਦਾ ਨਾਸ ਹੋਵੇ ' ਦੇ ਅਰਾਮ ਕਰਨ ਬੈਠੇ ਕਿਸਾਨਾਂ ਦਾ ਸਮੂਹ


PHOTO • Amir Malik

ਧਰਨਾ ਸਥਲ ਦੀ ਸਫ਼ਾਈ ਲਈ, ਟਰੈਕਟਰ-ਟਰਾਲੀ ' ਤੇ ਕੇਲਿਆਂ ਦੇ ਛਿਲ਼ਕਿਆਂ ਨੂੰ ਲੱਦਦੀਆਂ ਮਹਿਲਾ ਕਰਮੀ


ਤਰਜਮਾ: ਕਮਲਜੀਤ ਕੌਰ

Amir Malik

Amir Malik is an independent journalist, and a 2022 PARI Fellow.

Other stories by Amir Malik
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur