ਪੂਰੇ ਖੇਤਰ ਵਿੱਚ ਜਦੋਂ 47 ਡਿਗਰੀ ਸੈਲਸੀਅਸ ਦਾ ਪਾਰਾ ਕਹਿਰ ਵਰ੍ਹਾ ਰਿਹਾ ਹੁੰਦਾ ਹੈ, ਉਦੋਂ ਵੀ ਇੱਕ ਹਿੱਸਾ ਠੰਡਾ ਯਖ਼ ਹੁੰਦਾ ਹੈ। ਥੋੜ੍ਹੀ ਦੂਰ ਇੱਕ ਛੋਟੀ ਜਿਹੀ ਥਾਂ ਹੈ ਜਿਹਦਾ ਤਾਪਮਾਨ ਮਨਫ਼ੀ 13 ਡਿਗਰੀ ਰੱਖਿਆ ਜਾਂਦਾ ਹੈ। ਝੁਲ਼ਸਦੇ ਵਿਦਰਭ ਵਿਖੇ ਇਹ ਹੈ ਭਾਰਤ ਦਾ ਪਹਿਲਾ 'ਸਨੋਅਡੋਮ'। ਇੰਨਾ ਹੀ ਨਹੀਂ ਇਸ ਆਈਸ ਰਿੰਕ ਨੂੰ ਠੰਡਾ ਬਣਾਈ ਰੱਖਣ ਲਈ ਇੱਕ ਦਿਨ ਵਿੱਚ 4,000 ਰੁਪਏ ਦੀ ਬਿਜਲੀ ਦੀ ਲੋੜ ਹੁੰਦੀ ਹੈ।

ਨਾਗਪੁਰ (ਪੇਂਡੂ) ਜ਼ਿਲ੍ਹੇ ਦੇ ਬਾਜਾਰ ਗਾਓਂ ਗ੍ਰਾਮ ਪੰਚਾਇਤ ਵਿਖੇ ਪੈਂਦੇ ਫਨ ਐਂਡ ਫੂਡ ਵਿਲੇਜ ਵਾਟਰ ਐਂਡ ਅਮਿਊਜ਼ਮੈਂਟ ਪਾਰਕ ਵਿੱਚ ਤੁਹਾਡਾ ਸਵਾਗਤ ਹੈ। ਕੰਪਲੈਕਸ ਦੇ ਦਫਤਰ ਵਿੱਚ ਮਹਾਤਮਾ ਗਾਂਧੀ ਦੀ ਤਸਵੀਰ ਵਿਸ਼ਾਲ ਟੰਗੀ ਹੋਈ ਹੈ ਜੋ ਸੈਲਾਨੀਆਂ ਦਾ ਸਵਾਗਤ ਕਰ ਰਹੀ ਹੈ। ਇਹ ਪਾਰਕ ਤੁਹਾਨੂੰ ਹਰ ਰੋਜ਼ ਡਿਸਕੋ, ਆਈਸ ਸਕੇਟਿੰਗ, ਆਈਸ ਸਲਾਈਡਿੰਗ ਅਤੇ ਇੱਕ 'ਕਾਕਟੇਲ ਨਾਲ਼ ਭਰੀ ਹੋਈ ਬਾਰ' ਦਾ ਭਰੋਸਾ ਦਿਵਾਉਂਦਾ ਹੈ। 40 ਏਕੜ ਵਿੱਚ ਬਣੇ ਇਸ ਪਾਰਕ ਵਿੱਚ 18 ਤਰ੍ਹਾਂ ਦੀਆਂ ਵਾਟਰ ਸਲਾਈਡਾਂ ਅਤੇ ਗੇਮਾਂ ਹਨ। ਕਾਨਫਰੰਸਾਂ ਤੋਂ ਲੈ ਕੇ ਛੋਟੇ ਇਕੱਠਾਂ ਤੱਕ, ਤੁਹਾਨੂੰ ਇੱਥੇ ਵੰਨ-ਸੁਵੰਨੀਆਂ ਸੇਵਾਵਾਂ ਮਿਲ਼ਦੀਆਂ ਹਨ।

ਬਾਜਾਰ ਗਾਓਂ ਪਿੰਡ (ਆਬਾਦੀ 3,000) ਇੱਕ ਅਜਿਹਾ ਪਿੰਡ ਹੈ ਜੋ ਪਾਣੀ ਦੀ ਭਾਰੀ ਕਮੀ ਨਾਲ਼ ਜੂਝ ਰਿਹਾ ਹੈ। ਪਿੰਡ ਦੀ ਸਰਪੰਚ ਯਮੁਨਾਬਾਈ ਉਈਕੇ ਕਹਿੰਦੀ ਹੈ, "ਸਿਰਫ਼ ਘਰੇਲੂ ਲੋੜਾਂ ਲਈ ਪਾਣੀ ਲਿਆਉਣ ਲਈ ਔਰਤਾਂ ਨੂੰ ਹਰ ਰੋਜ਼ 15 ਕਿਲੋਮੀਟਰ ਪੈਦਲ ਚੱਲਣਾ ਪੈਂਦਾ ਹੈ। ਪਿੰਡ ਵਿੱਚ ਜੋ ਕੁਝ ਵੀ ਬਚਿਆ ਹੈ, ਉਹ ਇੱਕ ਜਨਤਕ ਖੂਹ ਹੈ। ਕਈ ਵਾਰ ਸਾਨੂੰ ਚਾਰ ਜਾਂ ਪੰਜ ਦਿਨਾਂ ਵਿੱਚ ਇੱਕ ਵਾਰੀਂ ਜਾਂ 10 ਦਿਨਾਂ ਵਿੱਚ ਇੱਕ ਵਾਰ ਪਾਣੀ ਮਿਲ਼ਦਾ ਹੈ।''

ਬਾਜਾਰ ਗਾਓਂ ਉਸ ਖੇਤਰ ਵਿੱਚ ਸਥਿਤ ਹੈ ਜਿਸਨੂੰ 2004 ਵਿੱਚ ਪਾਣੀ ਦੀ ਕਮੀ ਵਾਲ਼ੇ ਖੇਤਰ ਵਜੋਂ ਘੋਸ਼ਿਤ ਕੀਤਾ ਗਿਆ ਸੀ। ਮਈ ਤੱਕ, ਪਿੰਡ ਨੂੰ ਬਿਜਲੀ ਦੀ ਕਿੱਲਤ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਜੋ ਦਿਨ ਵਿੱਚ ਛੇ ਘੰਟੇ ਅਤੇ ਇਸ ਤੋਂ ਘੱਟ ਸਮੇਂ ਲਈ ਆਉਂਦੀ ਹੈ। ਇਹ ਦੋਵੇਂ ਸਮੱਸਿਆਵਾਂ ਜੀਵਨ ਦੇ ਸਾਰੇ ਖੇਤਰਾਂ ਨੂੰ ਪ੍ਰਭਾਵਿਤ ਕਰਦੀਆਂ ਹਨ, ਜਿਸ ਵਿੱਚ ਸਿਹਤ ਨਾਲ਼ ਜੁੜੇ ਮਸਲੇ ਅਤੇ ਇਮਤਿਹਾਨਾਂ ਦੀ ਤਿਆਰੀ ਕਰ ਰਹੇ ਬੱਚਿਆਂ ਦੀ ਜ਼ਿੰਦਗੀ ਸ਼ਾਮਲ ਹੈ। ਗਰਮੀਆਂ ਚ ਤਾਪਮਾਨ 47 ਡਿਗਰੀ ਤੱਕ ਪਹੁੰਚ ਜਾਂਦਾ ਹੈ, ਜਿਸ ਕਾਰਨ ਜ਼ਿਆਦਾ ਪ੍ਰੇਸ਼ਾਨੀ ਹੁੰਦੀ ਹੈ।

ਪੇਂਡੂ ਜੀਵਨ ਨਾਲ਼ ਜੁੜੇ ਅਜਿਹੇ ਸਖ਼ਤ ਨਿਯਮ ਫਨ ਐਂਡ ਫੂਡ ਵਿਲੇਜ 'ਤੇ ਲਾਗੂ ਨਹੀਂ ਹੁੰਦੇ। ਇਸ ਨਿੱਜੀ ਓਏਸਿਸ ਵਿੱਚ ਇੰਨਾ ਪਾਣੀ ਹੈ ਕਿ ਬਾਜਾਰ ਗਾਓਂ ਸੁਪਨਾ ਵੀ ਨਹੀਂ ਲੈ ਸਕਦਾ। ਬਿਜਲੀ ਇੱਕ ਮਿੰਟ ਵੀ ਨਹੀਂ ਜਾਂਦੀ। ਪਾਰਕ ਦੇ ਜਨਰਲ ਮੈਨੇਜਰ ਜਸਜੀਤ ਸਿੰਘ ਕਹਿੰਦੇ ਹਨ, "ਬਿਜਲੀ ਦੇ ਬਿੱਲ 'ਤੇ, ਅਸੀਂ ਮਹੀਨੇ ਦਾ ਔਸਤਨ 4 ਲੱਖ ਰੁਪਏ ਤਾਰਦੇ ਕਰਦੇ ਹਾਂ।''

The snowdome at the Fun & Food Village Water & Amusement Park in Bazargaon in Nagpur (Rural) district
PHOTO • P. Sainath
PHOTO • P. Sainath

ਖੱਬੇ ਪਾਸੇ: ਨਾਗਪੁਰ (ਦਿਹਾਤੀ) ਜ਼ਿਲ੍ਹੇ ਦੇ ਬਾਜਾਰ ਗਾਓਂ ਵਿਖੇ ਫਨ ਐਂਡ ਫੂਡ ਵਿਲੇਜ ਵਾਟਰ ਐਂਡ ਅਮਿਊਜ਼ਮੈਂਟ ਪਾਰਕ ਵਿੱਚ ਸਨੋਅਡੋਮ। ਸੱਜਾ: ਸਨੋਅਡੋਮ ਦੇ ਅੰਦਰਲਾ ਦ੍ਰਿਸ਼

ਪਾਰਕ ਦਾ ਮਾਸਿਕ ਬਿਜਲੀ ਬਿੱਲ ਲਗਭਗ ਯਮੁਨਾਬਾਈ ਦੀ ਗ੍ਰਾਮ ਪੰਚਾਇਤ ਦੇ ਸਾਲਾਨਾ ਮਾਲੀਏ ਦੇ ਬਰਾਬਰ ਹੈ। ਵਿਡੰਬਨਾ ਇਹ ਹੈ ਕਿ ਪਾਰਕ ਦੇ ਕਾਰਨ, ਪਿੰਡ ਦੇ ਬਿਜਲੀ ਸੰਕਟ ਵਿੱਚ ਥੋੜ੍ਹਾ ਸੁਧਾਰ ਹੋਇਆ ਹੈ। ਕਾਰਨ, ਦੋਵਾਂ ਦਾ ਇੱਕੋ ਸਾਂਝਾ ਸਬ-ਸਟੇਸ਼ਨ ਹੈ। ਮਈ ਮਹੀਨਾ ਪਾਰਕ ਲਈ ਸਭ ਤੋਂ ਉੱਤਮ ਸਮਾਂ ਹੁੰਦਾ ਹੈ। ਇਸੇ ਲਈ ਉਸ ਦੌਰਾਨ ਚੀਜ਼ਾਂ ਥੋੜ੍ਹੀਆਂ ਬਿਹਤਰ ਹੋ ਜਾਂਦੀਆਂ ਹਨ। ਗ੍ਰਾਮ ਪੰਚਾਇਤ ਦੇ ਮਾਲੀਏ ਵਿੱਚ ਪਾਰਕ ਦਾ ਯੋਗਦਾਨ 50,000 ਰੁਪਏ ਪ੍ਰਤੀ ਸਾਲ ਹੈ। ਇਹ ਪੈਸਾ ਫਨ ਐਂਡ ਫੂਡ ਵਿਲੇਜ ਪਾਰਕ ਵਿਖੇ ਰੋਜ਼ਾਨਾ ਦੀ ਆਮਦਨੀ ਦਾ ਲਗਭਗ ਅੱਧਾ ਹਿੱਸਾ ਬਣਦਾ ਹੈ, ਜਿੱਥੇ ਹਰ ਰੋਜ਼ 700 ਲੋਕ ਆਉਂਦੇ ਹਨ। ਪਾਰਕ ਦੇ 110 ਕਾਮਿਆਂ ਵਿੱਚੋਂ, ਕੇਵਲ 12 ਹੀ ਬਾਜਾਰ ਗਾਓਂ ਤੋਂ ਹਨ।

ਪਾਣੀ ਦੀ ਕਮੀ ਦਾ ਸਾਹਮਣਾ ਕਰ ਰਹੇ ਵਿਦਰਭ ਵਿੱਚ ਵਾਟਰ ਪਾਰਕਾਂ ਅਤੇ ਮਨੋਰੰਜਨ ਦੇ ਕੇਂਦਰਾਂ ਵਿੱਚ ਵਾਧਾ ਹੋ ਰਿਹਾ ਹੈ। ਬੁਲਧਾਨਾ ਦੇ ਸ਼ੇਗਾਓਂ ਵਿੱਚ, ਧਰਮ-ਅਧਾਰਤ ਟਰੱਸਟ ਇੱਕ 'ਮੈਡੀਟੇਸ਼ਨ ਸੈਂਟਰ ਐਂਡ ਐਂਟਰਟੇਨਮੈਂਟ ਪਾਰਕ' ਚਲਾਉਂਦਾ ਹੈ। ਇੱਕ 'ਮਨਸੂਈ ਝੀਲ' ਜਿਸਨੂੰ ਇਸਦੇ 30 ਏਕੜ ਦੇ ਦਾਇਰੇ ਵਿੱਚ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੋ ਇਸ ਗਰਮੀਆਂ ਵਿੱਚ ਸੁੱਕ ਗਈ। ਉਹ ਸੁੱਕੀ, ਪਰ ਇਸ ਕੋਸ਼ਿਸ਼ ਵਿੱਚ ਬਹੁਤ ਸਾਰਾ ਪਾਣੀ ਬਰਬਾਦ ਕਰਨ ਬਾਅਦ। ਇੱਥੇ ਦਾਖਲਾ ਫੀਸ 'ਦਾਨ' ਦੇ ਨਾਮ 'ਤੇ ਇਕੱਠੀ ਕੀਤੀ ਜਾਂਦੀ ਹੈ। ਯਵਤਮਾਲ ਵਿਖੇ, ਇੱਕ ਨਿੱਜੀ ਕੰਪਨੀ ਜਨਤਕ ਮਲਕੀਅਤ ਵਾਲ਼ੀ ਝੀਲ ਨੂੰ ਇੱਕ ਸੈਰ-ਸਪਾਟਾ ਸਥਾਨ ਵਜੋਂ ਵਰਤਦੀ ਹੈ। ਅਮਰਾਵਤੀ ਵਿੱਚ ਦੋ ਅਜਿਹੇ ਕੇਂਦਰ ਹਨ (ਜੋ ਹੁਣ ਸੁੱਕ ਗਏ ਹਨ)। ਨਾਗਪੁਰ ਦੇ ਅੰਦਰ ਅਤੇ ਆਸ ਪਾਸ ਕੁਝ ਹੋਰ ਥਾਵਾਂ ਵੀ ਹਨ।

ਯਾਦ ਰੱਖੋ, ਕਈ ਵਾਰ ਇਹ ਸਭ ਉਨ੍ਹਾਂ ਖੇਤਰਾਂ ਵਿੱਚ ਹੁੰਦਾ ਹੈ ਜਿੱਥੇ ਅਜਿਹੇ ਪਿੰਡ ਹੁੰਦੇ ਹਨ ਜਿੱਥੇ 15 ਦਿਨਾਂ ਵਿੱਚ ਸਿਰਫ਼ ਇੱਕ ਵਾਰ ਹੀ ਪਾਣੀ ਮਿਲ਼ਦਾ ਹੈ। ਇਸ ਤੋਂ ਇਲਾਵਾ ਇਹ ਇੱਕ ਅਜਿਹਾ ਇਲਾਕਾ ਵੀ ਹੈ, ਜਿੱਥੇ ਖੇਤੀ ਸੰਕਟ ਅੱਜ ਵੀ ਲਗਾਤਾਰ ਜਾਰੀ ਹੈ। ਮਹਾਰਾਸ਼ਟਰ ਰਾਜ ਵਿੱਚ, ਇਹ ਇਲਾਕਾ ਸਭ ਤੋਂ ਵੱਧ ਕਿਸਾਨ ਖੁਦਕੁਸ਼ੀਆਂ ਕਰਨ ਵਾਲ਼ੇ ਖੇਤਰਾਂ ਵਿੱਚੋਂ ਇੱਕ ਹੈ। ਨਾਗਪੁਰ ਦੇ ਪੱਤਰਕਾਰ ਜੈਦੀਪ ਹਾਰਡੀਕਰ ਕਹਿੰਦੇ ਹਨ, "ਦਹਾਕਿਆਂ ਤੋਂ, ਵਿਦਰਭ ਵਿੱਚ ਪੀਣ ਵਾਲ਼ੇ ਪਾਣੀ ਜਾਂ ਸਿੰਚਾਈ ਲਈ ਕੋਈ ਵੱਡਾ ਪ੍ਰੋਜੈਕਟ ਪੂਰਾ ਨਹੀਂ ਹੋਇਆ ਹੈ। ਜੈਦੀਪ ਸਾਲਾਂ ਤੋਂ ਉਸ ਖੇਤਰ ਬਾਰੇ ਲਿਖ ਰਹੇ ਹਨ।"

A religious trust runs a large Meditation Centre and Entertainment Park in Shegaon, Buldhana.  It tried to maintain a 30-acre artificial lake within its grounds. The water body soon ran dry but not before untold amounts of water were wasted on it
PHOTO • P. Sainath
A religious trust runs a large Meditation Centre and Entertainment Park in Shegaon, Buldhana.  It tried to maintain a 30-acre artificial lake within its grounds. The water body soon ran dry but not before untold amounts of water were wasted on it
PHOTO • P. Sainath

ਬੁਲਧਾਨਾ ਦੇ ਸ਼ੇਗਾਓਂ ਵਿੱਚ, ਧਰਮ-ਅਧਾਰਤ ਟਰੱਸਟ ਇੱਕ 'ਮੈਡੀਟੇਸ਼ਨ ਸੈਂਟਰ ਐਂਡ ਐਂਟਰਟੇਨਮੈਂਟ ਪਾਰਕ' ਚਲਾਉਂਦਾ ਹੈ। ਇੱਕ 'ਮਨਸੂਈ ਝੀਲ' ਜਿਸਨੂੰ ਇਸਦੇ 30 ਏਕੜ ਦੇ ਦਾਇਰੇ ਵਿੱਚ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੋ ਇਸ ਗਰਮੀਆਂ ਵਿੱਚ ਸੁੱਕ ਗਈ। ਉਹ ਸੁੱਕੀ, ਪਰ ਇਸ ਕੋਸ਼ਿਸ਼ ਵਿੱਚ ਬਹੁਤ ਸਾਰਾ ਪਾਣੀ ਬਰਬਾਦ ਕਰਨ ਬਾਅਦ

ਜਸਜੀਤ ਸਿੰਘ ਦੁਹਰਾਉਂਦਾ ਹੈ ਕਿ ਫਨ ਐਂਡ ਫੂਡ ਵਿਲੇਜ ਪਾਣੀ ਦੀ ਸੰਭਾਲ਼ ਕਰ ਰਿਹਾ ਹੈ। "ਅਸੀਂ ਉਸੇ ਪਾਣੀ ਦੀ ਮੁੜ ਵਰਤੋਂ ਕਰਨ ਲਈ ਅਤਿ-ਆਧੁਨਿਕ ਫਿਲਟਰ ਪਲਾਂਟਾਂ ਦੀ ਵਰਤੋਂ ਕਰ ਰਹੇ ਹਾਂ"। ਪਰ ਗਰਮੀ ਵਿੱਚ, ਵਾਸ਼ਪੀਕਰਨ ਬੜੀ ਤੇਜ਼ੀ ਨਾਲ਼ ਹੁੰਦਾ ਹੈ। ਪਾਣੀ ਦੀ ਵਰਤੋਂ ਸਿਰਫ਼ ਖੇਡ ਦੇ ਉਦੇਸ਼ਾਂ ਲਈ ਹੀ ਨਹੀਂ ਕੀਤੀ ਜਾਂਦੀ। ਸਾਰੇ ਪਾਰਕ ਬਗੀਚਿਆਂ, ਪਖਾਨਿਆਂ ਅਤੇ ਸੈਲਾਨੀਆਂ ਦੀ ਸਾਂਭ-ਸੰਭਾਲ 'ਤੇ ਵੱਡੀ ਮਾਤਰਾ ਵਿੱਚ ਪਾਣੀ ਖ਼ਰਚ ਕਰਦੇ ਹਨ।

ਬੁਲਧਾਨਾ ਦੇ ਵਿਨਾਇਕ ਗਾਇਕਵਾੜ ਕਹਿੰਦੇ ਹਨ, "ਪਾਣੀ ਅਤੇ ਦੌਲਤ ਦੀ ਵੱਡੇ ਪੱਧਰ 'ਤੇ ਦੁਰਵਰਤੋਂ ਹੋ ਰਹੀ ਹੈ।" ਉਹ ਜ਼ਿਲ੍ਹੇ ਵਿੱਚ ਇੱਕ ਕਿਸਾਨ ਅਤੇ ਕਿਸਾਨ ਸਭਾ ਦੇ ਨੇਤਾ ਹਨ।  ਉਹ ਬਹੁਤ ਨਾਰਾਜ਼ ਹਨ ਕਿ ਜਨਤਕ ਸੰਪੱਤੀ ਦੀ ਸ਼ਰੇਆਮ ਵਰਤੋਂ ਨਿੱਜੀ ਮੁਨਾਫਿਆਂ ਨੂੰ ਦੁੱਗਣਾ ਕਰਨ ਲਈ ਕੀਤੀ ਜਾ ਰਹੀ ਹੈ। "ਇਸ ਸਭ ਦੀ ਬਜਾਏ, ਉਨ੍ਹਾਂ ਨੂੰ ਲੋਕਾਂ ਦੀਆਂ ਪਾਣੀ ਸਬੰਧੀ ਬੁਨਿਆਦੀ ਲੋੜਾਂ ਨੂੰ ਪੂਰਾ ਕਰਨਾ ਚਾਹੀਦਾ ਹੈ।"

ਬਾਜਾਰ ਗਾਓਂ ਵਿਖੇ ਸਰਪੰਚ ਯਮੁਨਾਬਾਈ ਉਕੀ ਵੀ ਇਸ ਗੱਲ ਤੋਂ ਨਾਖੁਸ਼ ਹਨ। ਚਾਹੇ ਉਹ ਫਨ ਐਂਡ ਫੂਡ ਵਿਲੇਜ ਦਾ ਮਾਮਲਾ ਹੋਵੇ ਜਾਂ ਉਹਨਾਂ ਉਦਯੋਗਾਂ ਦਾ ਮਾਮਲਾ ਹੋਵੇ ਜੋ ਪਿੰਡ ਤੋਂ ਠੂੰਗਦੇ ਤਾਂ ਬੜਾ ਕੁਝ ਹਨ ਪਰ ਮੋੜਦੇ ਹਨ ਬਹੁਤ ਹੀ ਨਿਗੂਣਾ। "ਇਸ ਸਭ ਕਾਸੇ ਵਿੱਚ ਸਾਡੇ ਲਈ ਕੀ ਚੰਗਾ ਹੈ?" ਉਹ ਜਾਣਨਾ ਚਾਹੁੰਦੀ ਹੈ। ਆਪਣੇ ਪਿੰਡ ਲਈ ਲੋੜੀਂਦੇ ਆਮ ਸਰਕਾਰੀ ਪਾਣੀ ਪ੍ਰਾਜੈਕਟ ਨੂੰ ਪ੍ਰਾਪਤ ਕਰਨ ਲਈ ਵੀ ਪੰਚਾਇਤ ਨੂੰ ਇਹਦਾ 10 ਫ਼ੀਸਦ ਖਰਚਾ ਦੇਣਾ ਪੈਂਦਾ ਹੈ। ਇਹ ਲਗਭਗ ਸਾਢੇ ਚਾਰ ਲੱਖ ਰੁਪਏ ਬਣਦਾ ਹੈ। ''ਤਾਂ ਫਿਰ ਅਸੀਂ 45,000 ਰੁਪਏ ਕਿਵੇਂ ਦੇ ਸਕਦੇ ਹਾਂ? ਸਾਡੀ ਸਥਿਤੀ ਕੀ ਹੈ?" ਇਸ ਲਈ, ਜੇ ਕੋਈ ਪ੍ਰੋਜੈਕਟ ਆਉਂਦਾ ਵੀ ਹੈ ਤਾਂ ਉਸ ਨੂੰ ਠੇਕੇਦਾਰਾਂ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਉਹ ਪ੍ਰੋਜੈਕਟ ਦਾ ਨਿਰਮਾਣ ਦੇਖ ਸਕਦਾ ਹੈ। ਪਰ, ਲੰਬੇ ਸਮੇਂ ਵਿੱਚ, ਨਤੀਜੇ ਵਜੋਂ ਲਾਗਤਾਂ ਵਿੱਚ ਵਾਧਾ ਹੋਵੇਗਾ ਅਤੇ ਗ਼ਰੀਬ ਤੇ ਬੇਜ਼ਮੀਨੇ ਲੋਕਾਂ ਵਾਲ਼ੇ ਇਸ ਪਿੰਡ ਦੇ ਹਿੱਸੇ ਸਭ ਕੁਝ ਨਾਮਾਤਰ ਹੀ ਆਵੇਗਾ।

ਜਿਵੇਂ ਹੀ ਅਸੀਂ ਪਾਰਕ ਵਿਚਲੇ ਦਫ਼ਤਰ ਤੋਂ ਬਾਹਰ ਨਿਕਲੇ, ਗਾਂਧੀ ਜੀ ਦੇ ਚਿਹਰੇ 'ਤੇ ਮੁਸਕਾਨ ਸੀ, ਸ਼ਾਇਦ ਪਾਰਕਿੰਗ ਦੇ ਪਾਰ ਮੌਜੂਦ ‘ਸਨੋਅਡੋਮ’ ਵੱਲ ਦੇਖ ਕੇ। ਇਹ ਮੁਸਕਾਨ ਉਸ ਵਿਅਕਤੀ ਦੀ ਸੀ ਜਿਹਨੇ ਕਿਹਾ ਸੀ: "ਇੱਕ ਸਾਦਾ ਜੀਵਨ ਜੀਓ, ਤਾਂ ਕਿ ਦੂਸਰੇ ਲੋਕ ਸਾਦਾ ਜੀਵਨ ਬਤੀਤ ਕਰ ਸਕਣ।"

ਇਹ ਲੇਖ ਪਹਿਲੀ ਵਾਰ 22 ਜੂਨ, 2005 ਨੂੰ ਦਿ ਹਿੰਦੂ ਵਿੱਚ ਛਪਿਆ ਸੀ। ਉਸ ਸਮੇਂ ਪੀ.ਸਾਈਨਾਥ ਇਸ ਅਖ਼ਬਾਰ ਦੇ ਪੇਂਡੂ ਮਾਮਲਿਆਂ ਦੇ ਸੰਪਾਦਕ ਸਨ।

ਤਰਜਮਾ: ਕਮਲਜੀਤ ਕੌਰ

P. Sainath is Founder Editor, People's Archive of Rural India. He has been a rural reporter for decades and is the author of 'Everybody Loves a Good Drought' and 'The Last Heroes: Foot Soldiers of Indian Freedom'.

Other stories by P. Sainath
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur