''ਅੱਜ ਤੁਸੀਂ ਦੁਕਾਨ ਤੋਂ ਹਰ ਸ਼ੈਅ ਖਰੀਦ ਸਕਦੇ ਹੋ। ਪਰ, ਧਾਰਮਿਕ ਰਿਵਾਜਾਂ ਵਿੱਚ ਇਸਤੇਮਾਲ ਹੋਣ ਵਾਲ਼ੇ ਮਿੱਟੀ ਦੇ ਭਾਂਡੇ ਸਿਰਫ਼ ਸਾਡੇ ਭਾਈਚਾਰੇ ਭਾਵ ਕੋਟਾ ਕਬੀਲੇ ਦੀਆਂ ਔਰਤਾਂ ਦੁਆਰਾ ਹੀ ਬਣਾਏ ਜਾਂਦੇ ਹਨ,'' ਸੁਗੀ ਰਾਧਾਕ੍ਰਿਸ਼ਨ ਕਹਿੰਦੀ ਹਨ। ਉਹ 63 ਸਾਲਾਂ ਦੀ ਹਨ ਤੇ ਆਦਿਵਾਸੀ ਬਸਤੀ ਤਿਰੂਚਿਗੜੀ, ਜਿਹਨੂੰ ਉਹ 'ਤਿਰਚਕਾੜ' ਕਹਿੰਦੀ ਹਨ, ਦੀ ਔਰਤ ਘੁਮਿਆਰਾਂ ਦੀ ਇੱਕ ਲੰਬੀ ਕਤਾਰ ਵਿੱਚੋਂ ਇੱਕ ਹਨ- ਕੋਟਾ ਲੋਕ ਆਪਣੀਆਂ ਬਸਤੀਆਂ ਨੂੰ ਥੋੜ੍ਹਾ ਅੱਡ ਨਾਮ ਲੈ ਕੇ ਸੱਦਦੇ ਹਨ। ਇਹ ਬਸਤੀ ਤਮਿਲਨਾਡੂ ਦੇ ਨੀਲਗਿਰੀ ਜ਼ਿਲ੍ਹੇ ਦੇ ਕੋਟਾਗਿਰੀ ਸ਼ਹਿਰ ਦੇ ਨੇੜੇ ਉਧਗਮੰਡਲਮ ਤਾਲੁਕਾ ਵਿਖੇ ਪੈਂਦੀ ਹੈ।

ਘਰੇ, ਸੁਗੀ ਆਮ ਤੌਰ 'ਤੇ ਕੋਟਾ ਔਰਤਾਂ ਦੀ ਰਵਾਇਤੀ ਪੁਸ਼ਾਕ ਵਿੱਚ ਚਿੱਟੀ ਚਾਦਰ (ਜਿਹਨੂੰ ਕੋਟਾ ਭਾਸ਼ਾ ਵਿੱਚ ਦੁਪਿਟ ਕਹਿੰਦੇ ਹਨ) ਅਤੇ ਇੱਕ ਚਿੱਟੀ ਸ਼ਾਲ ਹੀ ਪਹਿਨਦੀ ਹਨ, ਜਿਹਨੂੰ ਵਰਾਦ ਕਿਹਾ ਜਾਂਦਾ ਹੈ। ਕੋਟਾਗਿਰੀ ਅਤੇ ਹੋਰ ਸ਼ਹਿਰਾਂ ਵਿੱਚ ਕੰਮ ਕਰਦੇ ਸਮੇਂ, ਤਿਰੂਚਿਗੜੀ ਦੀਆਂ ਔਰਤਾਂ ਤੇ ਪੁਰਸ਼ ਸਦਾ ਰਵਾਇਤੀ ਕੱਪੜੇ ਨਹੀਂ ਪਾਉਂਦੇ, ਜੋ ਕੱਪੜੇ ਉਹ ਆਪਣੀ ਬਸਤੀ ਵਿਖੇ ਪਾਉਂਦੇ ਹਨ। ਸੁਗੀ ਨੇ ਤੇਲ ਲੱਗੇ ਆਪਣੇ ਵਾਲ਼ਾਂ ਨੂੰ ਵਲੇਵਾਂ ਪਾ ਕੇ ਲੇਟਵਾਂ (ਚਪਟਾ) ਜੂੜਾ ਬਣਾਇਆ ਹੋਇਆ ਹੈ, ਵਾਲ਼ ਬੰਨ੍ਹਣ ਦਾ ਇਹ ਤਰੀਕਾ ਉਨ੍ਹਾਂ ਦੇ ਭਾਈਚਾਰੇ ਦਾ ਹੈ। ਉਹ ਆਪਣੇ ਘਰ ਨਾਲ਼ ਲੱਗਦੇ ਇੱਕ ਛੋਟੇ ਜਿਹੇ ਕਮਰੇ ਵਿੱਚ ਸਾਡਾ ਸੁਆਗਤ ਕਰਦੀ ਹਨ ਜਿੱਥੇ ਉਨ੍ਹਾਂ ਵੱਲੋਂ ਮਿੱਟੀ ਦੇ ਭਾਂਡੇ ਬਣਾਏ ਜਾਂਦੇ ਹਨ।

''ਭਾਂਡੇ ਬਣਾਉਣ ਦੇ ਤਰੀਕੇ ਨੂੰ 'ਸਿਖਾਉਣ' ਦਾ ਕੋਈ ਰਸਮੀ ਢੰਗ ਨਹੀਂ ਹੈ। ਮੈਂ ਆਪਣੀ ਦਾਦੀ ਦੇ ਕੰਮ ਕਰਦੇ ਹੱਥਾਂ ਨੂੰ ਦੇਖਿਆ ਹੈ। ਵੇਲ਼ਣਾਕਾਰ ਭਾਂਡਿਆਂ ਨੂੰ ਗੋਲ਼ਾਕਾਰ ਬਣਾਉਣ ਲਈ ਬਾਹਰੀ ਪਰਤ 'ਤੇ ਲੱਕੜ ਨਾਲ਼ ਘੰਟਿਆਂ-ਬੱਧੀ ਥਪੇੜੇ ਮਾਰਨੇ ਪੈਂਦੇ ਹਨ, ਜਦੋਂਕਿ ਅੰਦਰਲੇ ਪਾਸਿਓਂ ਇੱਕ ਗੋਲ਼ ਪੱਥਰ ਦੀ ਸਹਾਇਤਾ ਨਾਲ਼ ਲਗਾਤਾਰ ਰਗੜਦੇ ਵੀ ਰਹਿਣਾ ਪੈਂਦਾ ਹੈ। ਇੰਝ ਕਰਨ ਨਾਲ਼ ਮਿੱਟੀ ਦੇ ਛੇਕ ਮੁੱਕਣ ਲੱਗਦੇ ਹਨ ਪਰ ਪੱਥਰ ਤੇ ਥਾਪ ਦਾ ਇਕਸਾਰ ਚੱਲਣਾ ਲਾਜ਼ਮੀ ਹੈ ਤਾਂਕਿ ਨਮੀ ਸੁੱਕਣ ਕਾਰਨ ਤ੍ਰੇੜਾਂ ਨਾ ਉੱਭਰ ਆਉਣ। ਇਹੋ ਜਿਹੇ ਭਾਂਡੇ ਵਿੱਚ ਬਹੁਤ ਹੀ ਲਜੀਜ਼ ਚੌਲ਼ ਬਣਦੇ ਹਨ। ਅਸੀਂ ਸਾਂਭਰ ਬਣਾਉਣ ਲਈ ਘੁੱਟਵੇਂ ਮੂੰਹ ਵਾਲ਼ੇ ਭਾਂਡੇ ਦਾ ਇਸਤੇਮਾਲ ਕਰਦੇ ਹਾਂ। ਇਹ ਬੜਾ ਸੁਆਦੀ ਬਣਦਾ ਹੈ, ਤੁਹਾਨੂੰ ਵੀ ਜ਼ਰੂਰ ਖਾਣਾ ਚਾਹੀਦਾ ਹੈ।''

PHOTO • Priti David
PHOTO • Priti David
PHOTO • Priti David

63 ਸਾਲਾ ਸੁਗੀ ਰਾਧਾਕ੍ਰਿਸ਼ਨਨ, ਜੋ ਤਿਰੂਚਿਗੜੀ ਵਿਖੇ ਮਹਿਲਾ ਘੁਮਿਆਰਾਂ ਦੀ ਇੱਕ ਲੰਬੀ ਕਤਾਰ ਵਿੱਚੋਂ ਇੱਕ ਹਨ, ਦੱਸਦੀ ਹਨ ਕਿ ਉਨ੍ਹਾਂ ਨੇ ਇਹ ਕਲਾ ਆਪਣੀ ਦਾਦੀ ਪਾਸੋਂ ਸਿੱਖੀ ਹੈ

ਦੱਖਣ ਭਾਰਤ ਦੇ ਨੀਲਗਿਰੀ ਪਹਾੜਾਂ ਵਿੱਚ, ਸਿਰਫ਼ ਕੋਟਾ ਕਬੀਲੇ ਦੀਆਂ ਔਰਤਾਂ ਹੀ ਮਿੱਟੀ ਦੇ ਭਾਂਡੇ ਬਣਾਉਣ ਦੇ ਕੰਮੇਂ ਲੱਗੀਆਂ ਹੋਈਆਂ ਹਨ। ਉਨ੍ਹਾਂ ਦੀ ਗਿਣਤੀ ਘੱਟ ਹੈ- ਮਰਦਮਸ਼ੁਮਾਰੀ (2011) ਮੁਤਾਬਕ, ਨੀਲਗਿਰੀ ਜ਼ਿਲ੍ਹੇ ਦੇ 102 ਘਰਾਂ ਵਿੱਚ ਸਿਰਫ਼ 308 ਕੋਟਾ ਲੋਕ ਹੀ ਬਚੇ ਹਨ। ਹਾਲਾਂਕਿ, ਭਾਈਚਾਰੇ ਦੇ ਬਜ਼ੁਰਗ ਇਸ ਗਿਣਤੀ ਨੂੰ ਸਹੀ ਨਹੀਂ ਮੰਨਦੇ, ਉਨ੍ਹਾਂ ਦਾ ਕਹਿਣਾ ਹੈ ਕਿ ਉਹ 3,000 ਹਨ (ਅਤੇ ਉਨ੍ਹਾਂ ਨੇ ਢੁੱਕਵਾਂ ਸਰਵੇਖਣ ਕੀਤੇ ਜਾਣ ਲਈ ਜ਼ਿਲ੍ਹਾ ਕਲੈਕਟਰ ਕੋਲ਼ ਅਪੀਲ ਕੀਤੀ ਹੈ)।

ਬਸਤੀ ਦੇ ਨੇੜੇ ਸਥਿਤ ਮੈਦਾਨ ਤੋਂ ਮਿੱਟੀ ਪੁੱਟਣ ਦੇ ਰਸਮੀ ਤਰੀਕੇ ਤੋਂ ਲੈ ਕੇ ਇਹਨੂੰ ਗੁੰਨ੍ਹਣ ਅਤੇ ਅਕਾਰ ਦੇਣ, ਬਰਾਬਰ ਕਰਨ ਅਤੇ ਪਕਾਉਣ ਤੱਕ, ਘੁਮਿਆਰ ਦੇ ਚਾਕ ਸਾਰਾ ਕੰਮ ਔਰਤਾਂ ਹੀ ਕਰਦੀਆਂ ਹਨ। ਪੁਰਸ਼ ਵੱਧ ਤੋਂ ਵੱਧ ਲੋੜ ਪੈਣ 'ਤੇ ਸਿਰਫ਼ ਚਾਕ ਨੂੰ ਹੀ ਠੀਕ ਕਰਦੇ ਹਨ। ਅਤੀਤ ਵਿੱਚ, ਔਰਤਾਂ ਨੇ ਨਾ ਸਿਰਫ਼ ਧਾਰਮਿਕ ਉਦੇਸ਼ਾਂ ਲਈ ਹੀ ਭਾਂਡੇ ਬਣਾਏ, ਸਗੋਂ ਰੋਜ਼ਾਨਾ ਭੋਜਨ ਪਕਾਉਣ ਵਾਲ਼ੇ ਭਾਂਡਿਆਂ ਦੇ ਨਾਲ਼ ਨਾਲ਼ ਪਾਣੀ ਤੇ ਅਨਾਜ ਦੇ ਭੰਡਾਰਣ ਲਈ, ਮਿੱਟੀ ਦੇ ਦੀਵੇ ਤੇ ਪਾਈਪ ਤੱਕ ਸਾਰਾ ਕੁਝ ਮਿੱਟੀ ਨਾਲ਼ ਬਣਾਇਆ। ਮੈਦਾਨੀ ਇਲਾਕਿਆਂ ਤੋਂ ਸਟੇਨਲੈਸ ਸਟੀਲ ਅਤੇ ਪਲਾਸਟਿਕ ਆਉਣ ਤੋਂ ਪਹਿਲਾਂ, ਇੱਥੋਂ ਦੀਆਂ ਪਹਾੜੀਆਂ ਵਿੱਚ ਰਹਿਣ ਵਾਲ਼ੇ ਲੋਕ ਕੋਟਾ ਔਰਤਾਂ ਦੁਆਰਾ ਬਣਾਏ ਗਏ ਮਿੱਟੀ ਦੇ ਭਾਂਡੇ ਹੀ ਇਸਤੇਮਾਲ ਕਰਦੇ ਸਨ।

ਇੱਕ ਅਜਿਹੇ ਦੇਸ਼ ਵਿੱਚ ਜਿੱਥੇ ਭਾਂਡੇ ਬਣਾਉਣ ਦਾ ਕੰਮ ਆਮ ਤੌਰ 'ਤੇ ਪੁਰਸ਼ ਕਰਦੇ ਹਨ, ਉੱਥੇ ਔਰਤ ਘੁਮਿਆਰ ਹੋਣਾ ਅਲੋਕਾਰੀ ਗੱਲ ਹੈ। ਔਰਤ ਦੇ ਘੁਮਿਆਰ ਹੋਣ ਬਾਰੇ ਹੋਰਨਾਂ ਦਸਤਾਵੇਜਾਂ ਵਿੱਚ ਅਜਿਹੀਆਂ ਮਿਸਾਲਾਂ ਘੱਟ ਹੀ ਮਿਲ਼ਦੀਆਂ ਹਨ। ਮਦਰਾਸ ਡਿਸਟ੍ਰਿਕ (ਜ਼ਿਲ੍ਹਾ) ਗਜੇਟਿਅਰ , 1908, 'ਦਿ ਨੀਲਗਿਰੀਜ' ਖੰਡ ਵਿੱਚ, ਕੋਟਾ ਬਾਰੇ ਕਹਿੰਦਾ ਹੈ,''...ਉਹ ਹੁਣ ਹੋਰਨਾਂ ਪਹਾੜੀ ਲੋਕਾਂ ਵਾਸਤੇ ਸੰਗੀਤਾਕਾਰਾਂ ਅਤੇ ਕਾਰੀਗਰਾਂ ਦੇ ਰੂਪ ਵਿੱਚ ਕੰਮ ਕਰਦੇ ਹਨ, ਇਹ ਪੁਰਸ਼ ਸੁਨਿਆਰੇ, ਲੁਹਾਰ, ਤਰਖਾਣ, ਚਮੜੇ ਦਾ ਕੰਮ ਕਰਨ ਵਾਲ਼ੇ ਮਜ਼ਦੂਰ ਹਨ ਅਤੇ ਔਰਤਾਂ ਚਾਕ ਘੁਮਾ ਘੁਮਾ ਕੇ ਭਾਂਡੇ ਬਣਾਉਂਦੀਆਂ ਹਨ।''

''ਸਿਰਫ਼ ਸਾਡੀਆਂ ਔਰਤਾਂ ਹੀ ਮਿੱਟੀ ਦੇ ਭਾਂਡੇ ਬਣਾ ਸਕਦੀਆਂ ਹਨ,'' ਭਾਈਚਾਰੇ ਦੇ ਇੱਕ ਬਜ਼ੁਰਗ ਅਤੇ ਬੈਂਕ ਆਫ਼ ਇੰਡੀਆ ਦੇ ਸੇਵਾ-ਮੁਕਤ ਮੈਨੇਜਰ, 65 ਸਾਲਾ ਮੰਗਲੀ ਸ਼ਨਮੁਗਮ ਪੁਸ਼ਟੀ ਕਰਦੇ ਹਨ, ਉਹ ਖ਼ੁਕਦ ਪੁਡੂ ਕੋਟਾਗਿਰੀ ਦੀ ਕੋਟਾ ਬਸਤੀ ਵਿੱਚ ਵਾਪਸ ਮੁੜ ਆਏ ਹਨ। ''ਜੇ ਸਾਡੇ ਪਿੰਡ ਵਿੱਚ ਕੋਈ ਘੁਮਿਆਰ ਨਾ ਹੋਵੇ ਤਾਂ ਸਾਨੂੰ ਆਪਣੀ ਸਹਾਇਤਾ ਵਾਸਤੇ ਦੂਜੇ ਪਿੰਡ ਦੀ ਕਿਸੇ ਔਰਤ ਨੂੰ ਬੁਲਾਉਣਾ ਪੈਂਦਾ ਹੈ।''

ਕੋਟਾ ਸੱਭਿਆਚਾਰ ਵਿੱਚ ਮਿੱਟੀ ਦੇ ਭਾਂਡੇ ਬਣਾਉਣ ਤੇ ਧਰਮ ਦਾ ਗੂੜ੍ਹਾ ਰਲੇਵਾਂ ਹੈ। ਮਿੱਟੀ ਪੁੱਟਣ ਦਾ ਕੰਮ, ਉਨ੍ਹਾਂ ਦੇ ਦੇਵਤਾ ਕਮਤਰਾਯਾ ਅਤੇ ਉਨ੍ਹਾਂ ਦੀ ਪਤਨੀ ਅਯਾਨੁਰ ਨੂੰ ਸਮਰਪਤ 50 ਦਿਨੀਂ ਸਲਾਨਾ ਤਿਓਹਾਰ ਦੇ ਰੂਪ ਵਿੱਚ ਸ਼ੁਰੂ ਹੁੰਦਾ ਹੈ। ਸੁਗੀ ਨੇ ਪਿਛਲੇ ਸਾਲ ਦੇ ਤਿਓਹਾਰ ਦੌਰਾਨ ਲਗਭਗ 100 ਭਾਂਡੇ ਬਣਾਏ ਸਨ। ''ਇਹ ਦਸੰਬਰ/ਜਨਵਰੀ ਵਿੱਚ ਮੱਸਿਆ ਤੋਂ ਪਹਿਲਾਂ ਸੋਮਵਾਰ ਤੋਂ ਸ਼ੁਰੂ ਹੁੰਦਾ ਹੈ,'' ਉਹ ਦੱਸਦੀ ਹਨ। ''ਪ੍ਰਧਾਨ ਪੁਜਾਰੀ ਅਤੇ ਉਨ੍ਹਾਂ ਦੀ ਪਤਨੀ ਲੋਕਾਂ ਦੀ ਭੀੜ ਨੂੰ ਲੈ ਉਸ ਥਾਂ ਲੈ ਜਾਂਦੇ ਹਨ ਜਿੱਥੋਂ ਮਿੱਟੀ ਪੁੱਟੀ ਜਾਂਦੀ ਹੈ। ਸੰਗੀਤਕਾਰ ਕੋਲੇ (ਬੰਸਰੀ), ਟੱਪਿਟ ਅਤੇ ਡੋਬਰ (ਢੋਲ਼) ਅਤੇ ਕੋਬ (ਬਿਗੁਲ) ਨਾਲ਼ ਇੱਕ ਖ਼ਾਸ ਧੁਨ ਕੱਢੀ ਜਾਂਦੀ ਹੈ, ਜਿਹਦਾ ਨਾਮ ਹੈ ' ਮੰਨ ਏਟ ਕੋਡ ' (ਮਿੱਟੀ ਲੈ ਜਾਓ)। ਪਹਿਲਾਂ ਕਰਪਮੰਨ (ਕਾਲ਼ੀ ਮਿੱਟੀ) ਅਤੇ ਫਿਰ ਅਵਾਰਮੰਨ (ਭੂਰੀ ਮਿੱਟੀ) ਪੁੱਟੀ ਜਾਂਦੀ ਹੈ। ਅਗਲੇ ਚਾਰ ਮਹੀਨੇ ਭਾਂਡੇ ਬਣਾਉਣ ਵਿੱਚ ਲੱਗ ਜਾਂਦੇ ਹਨ- ਸਰਦੀਆਂ ਦੀ ਧੁੱਪ ਤੇ ਹਵਾ ਉਨ੍ਹਾਂ ਨੂੰ ਤੇਜ਼ੀ ਨਾਲ਼ ਸੁੱਕਣ ਵਿੱਚ ਮਦਦ ਕਰਦੇ ਹਨ।''

PHOTO • Priti David
PHOTO • Priti David

ਸਰਦੀਆਂ ਵਿੱਚ, ਔਰਤਾਂ ਮਿੱਟੀ ਦੇ ਸੈਂਕੜੇ ਹੀ ਭਾਂਡੇ ਬਣਾਉਂਦੀਆਂ ਹਨ- ਉਹ ਮਿੱਟੀ ਪੁੱਟਦੀਆਂ ਹਨ, ਗੁੰਨ੍ਹਦੀਆਂ ਹਨ, ਅਕਾਰ ਦਿੰਦੀਆਂ ਤੇ ਫਿਰ ਉਨ੍ਹਾਂ ਨੂੰ ਭੱਠੀ ਵਿੱਚ ਪਕਾਉਂਦੀਆਂ ਹਨ- ਜਦੋਂਕਿ ਪੁਰਸ਼ ਚਾਕ ਨੂੰ ਠੀਕ ਕਰਨ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕਰਦੇ

ਇਸੇ ਅਧਿਆਤਮਕ ਸਬੰਧ ਕਾਰਨ, ਸਮੇਂ ਦੇ ਬਦਲਣ ਦੇ ਬਾਵਜੂਦ, ਮਿੱਟੀ ਦੇ ਭਾਂਡੇ ਬਣਾਉਣ ਦਾ ਸ਼ਿਲਪ ਕੋਟਾ ਬਸਤੀਆਂ ਵਿਖੇ ਅੱਜ ਤੱਕ ਜੀਵਤ ਹੈ। ''ਅੱਜ, ਸਾਡੇ ਭਾਈਚਾਰੇ ਦੇ ਛੋਟੇ ਬੱਚੇ ਅੰਗਰੇਜ਼ੀ ਮਾਧਿਅਮ ਦੇ ਸਕੂਲਾਂ ਵਿੱਚ ਪੜ੍ਹਨ ਲਈ ਬੜੀ ਦੂਰ ਜਾਂਦੇ ਹਨ। ਉਨ੍ਹਾਂ ਕੋਲ਼ ਇਨ੍ਹਾਂ ਚੀਜ਼ਾਂ ਨੂੰ ਦੇਖਣ ਜਾਂ ਸਿੱਖਣ ਦਾ ਸਮਾਂ ਹੀ ਕਿੱਥੇ ਹੈ? ਹਾਲਾਂਕਿ, ਤਿਓਹਾਰ ਦੇ ਸਮੇਂ ਸਾਲ ਵਿੱਚ ਇੱਕ ਵਾਰ, ਪਿੰਡ ਦੀਆਂ ਸਾਰੀਆਂ ਔਰਤਾਂ ਨੂੰ ਇਕੱਠਿਆਂ ਬਹਿ ਕੇ ਇਹ ਕਰਨਾ ਚਾਹੀਦਾ ਹੈ,'' ਸੁਗੀ ਕਹਿੰਦੀ ਹਨ। ਇਹ ਸਮਾਂ ਕੁੜੀਆਂ ਲਈ ਇਸ ਸ਼ਿਲਪ ਨੂੰ ਸਿੱਖਣ ਦਾ ਬਿਹਤਰ ਸਮਾਂ ਵੀ ਹੁੰਦਾ ਹੈ।

ਕੋਟਾਗਿਰੀ ਵਿੱਚ ਕੰਮ ਕਰ ਰਹੇ ਕੁਝ ਗ਼ੈਰ-ਲਾਭਕਾਰੀ ਸੰਗਠਨ, ਕੋਟਾ ਮਿੱਟੀ ਦੇ ਕੰਮਾਂ ਨੂੰ ਮੁੜ-ਸੁਰਜੀਤ ਕਰਨ ਵਿੱਚ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਨੀਲਗਿਰੀ ਆਦਿਵਾਸੀ ਕਲਿਆਣ ਸੰਘ ਨੇ ਸਾਲ 2016-2017 ਵਿੱਚ ਕੋਟਾ ਔਰਤਾਂ ਦੁਆਰਾ ਬਣਾਈਆਂ ਗਈਆਂ ਕਰੀਬ 40,000 ਮੁੱਲ ਦੀਆਂ ਕਲਾਕ੍ਰਿਤੀਆਂ ਨੂੰ ਵੇਚਣ ਵਿੱਚ ਮਦਦ ਕੀਤੀ। ਉਨ੍ਹਾਂ ਦਾ ਮੰਨਣਾ ਹੈ ਕਿ ਜੇ ਸਰਕਾਰ ਸੱਤ ਕੋਟਾ ਬਸਤੀਆਂ ਵਿੱਚੋਂ ਹਰੇਕ ਲਈ ਇੱਕ ਮਿੱਟੀ-ਮਿਸ਼ਰਣ (ਰਲ਼ਾਉਣ) ਵਾਲ਼ੀ ਮਸ਼ੀਨ ਦਾ ਪੈਸਾ ਦੇ ਦਿੰਦੀ ਹੈ ਤਾਂ ਇਸ ਨਾਲ਼ ਆਮਦਨੀ ਹੋਰ ਚੰਗੀ ਹੋ ਸਕਦੀ ਹੈ। ਸੁਗੀ ਕਹਿੰਦੀ ਹਨ ਕਿ ਮਿਸ਼ਰਣ ਮਸ਼ੀਨ, ਅਸਲ ਵਿੱਚ ਮਿੱਟੀ ਨੂੰ ਸਖ਼ਤ ਕਰਕੇ ਗੁੰਨ੍ਹਣ ਵਿੱਚ ਮਦਦ ਕਰੇਗੀ। ਪਰ, ਉਹ ਇਹ ਵੀ ਕਹਿੰਦੀ ਹਨ,''ਅਸੀਂ ਸਿਰਫ਼ ਦਸੰਬਰ ਤੋਂ ਮਾਰਚ ਤੱਕ ਹੀ ਕੰਮ ਕਰ ਸਕਦੇ ਹਾਂ। ਮਿੱਟੀ ਸਾਲ ਦੇ ਬਾਕੀ ਦਿਨਾਂ ਵਿੱਚ ਚੰਗੀ ਤਰ੍ਹਾਂ ਨਾਲ਼ ਸੁੱਕ ਨਹੀਂ ਪਾਉਂਦੀ। ਮਸ਼ੀਨ ਇਹਨੂੰ ਬਦਲ ਨਹੀਂ ਸਕਦੀ।''

ਕੀ-ਸਟੋਨ ਫਾਊਂਡੇਸ਼ਨ ਦੀ ਨਿਰਦੇਸ਼ਕਾ, ਸਨੇਹਲਤਾ ਨਾਥ ਕਹਿੰਦੀ ਹਨ ਕਿ ਕੋਟਾ ਮਿੱਟੀ ਦੇ ਭਾਂਡਿਆਂ ਨੂੰ ਮੁੜ-ਸੁਰਜੀਤ ਕਰਨਾ ਸੌਖਾ ਕੰਮ ਨਹੀਂ ਹੈ, ਇਹ ਫਾਊਂਡੇਸ਼ਨ ਵਾਤਾਵਰਣ ਵਿਕਾਸ ਨੂੰ ਲੈ ਕੇ ਆਦਿਵਾਸੀਆਂ ਦੇ ਨਾਲ਼ ਰਲ਼ ਕੇ ਕੰਮ ਕਰ ਰਹੀ ਹੈ। ''ਸਾਨੂੰ ਉਮੀਦ ਸੀ ਕਿ ਇਹ ਭਾਈਚਾਰਾ ਆਪਣੀ ਸ਼ਿਲਪ ਨੂੰ ਅੱਗੇ ਤੋਰਨ ਵਿੱਚ ਵੱਧ ਰੁਚੀ ਲਵੇਗਾ। ਪਰ, ਔਰਤਾਂ ਚਾਹੁੰਦੀਆਂ ਹਨ ਕਿ ਇਹ ਧਾਰਮਿਕ ਪ੍ਰੋਗਰਾਮਾਂ ਲਈ ਹੀ ਬਣਿਆ ਰਹੇ। ਮੈਨੂੰ ਜਾਪਦਾ ਹੈ ਕਿ ਔਰਤਾਂ ਦੀ ਨੌਜਵਾਨ ਪੀੜ੍ਹੀ ਦੇ ਨਾਲ਼ ਇਸ ਸ਼ਿਲਪ ਨੂੰ ਮੁੜ ਤੋਂ ਜਿਊਂਦਾ ਕਰਨਾ ਚੰਗਾ ਰਹੇਗਾ। ਗਲੋਜਿੰਗ ਦੁਆਰਾ ਇਹਦਾ ਆਧੁਨਿਕੀਕਰਣ ਵੀ ਕੀਤਾ ਜਾ ਸਕਦਾ ਹੈ, ਜਿਵੇਂ ਕਿ ਅਸੀਂ ਯਤਨ ਕੀਤਾ ਸੀ ਅਤੇ ਆਧੁਨਿਕ ਉਪਯੋਗਤਾ ਵਾਲ਼ੇ ਸਮਾਨ ਵੀ ਬਣਾਏ ਜਾ ਸਕਦੇ ਹਨ।''

ਸੁਗੀ, ਜੋ ਆਪਣੇ ਪਤੀ, ਬੇਟੇ ਅਤੇ ਪਰਿਵਾਰ ਦੇ ਨਾਲ਼ ਰਹਿੰਦੀ ਹਨ, ਕਹਿੰਦੀ ਹਨ ਕਿ ਉਹ ਕੀ-ਸਟੋਨ ਫਾਊਂਡੇਸ਼ਨ ਨੂੰ ਅਤੇ ਜੋ ਸੰਗਠਨ ਇਹਨੂੰ ਬਜ਼ਾਰ ਤੱਕ ਪਹੁੰਚਾਉਂਦਾ ਹੈ, ਜਿਵੇਂ ਕਿ ਟ੍ਰਾਈਫੇਡ (ਭਾਰਤ ਦਾ ਆਦਿਵਾਸੀ ਸਹਿਕਾਰੀ ਮਾਰਕੀਟਿੰਗ ਵਿਕਾਸ ਸੰਘ), ਨੂੰ ਇੱਕ ਭਾਂਡਾ 100 ਰੁਪਏ ਤੋਂ 250 ਰੁਪਏ ਤੱਕ ਵੇਚ ਸਕਦੀ ਹਨ। ਕੁਝ ਸਮਾਂ, ਪਹਿਲਾਂ, ਉਨ੍ਹਾਂ ਨੇ ਕੁਝ ਸਹਾਇਕ ਔਰਤਾਂ ਦੇ ਨਾਲ਼ ਵਿਕਰੀ ਵਾਸਤੇ 200 ਭਾਂਡੇ ਬਣਾਏ ਅਤੇ ਕਮਾਈ ਸਾਂਝੀ ਕੀਤੀ। ਪਰ ਉਨ੍ਹਾਂ ਦੇ ਪਰਿਵਾਰ ਅਤੇ ਬਸਤੀ ਵਿੱਚ ਰਹਿਣ ਵਾਲ਼ੀਆਂ ਹੋਰ ਔਰਤਾਂ ਦੀ ਆਮਦਨੀ ਦਾ ਵੱਡਾ ਸ੍ਰੋਤ ਖੇਤੀ ਹੀ ਹੈ ਅਤੇ ਉਹ ਪੈਸਾ ਹੈ ਜੋ ਇਹ ਲੋਕ ਕੋਟਾਗਿਰੀ ਅਤੇ ਹੋਰਨਾਂ ਸ਼ਹਿਰਾਂ ਵਿੱਚ ਕੰਮ ਕਰਕੇ ਕਮਾਉਂਦੇ ਹਨ।

ਮੁੱਖ ਰੂਪ ਨਾਲ਼ ਅਧਿਆਤਮਕ ਇਸ ਸ਼ਿਲਪ ਦਾ ਵਪਾਰੀਕਰਨ ਜਾਂ 'ਆਧੁਨਿਕੀਕਰਨ' ਕੋਟਾ ਦੇ ਆਰਥਿਕ ਲਾਭ ਲਈ ਕੀਤਾ ਜਾਣਾ ਚਾਹੀਦਾ ਹੈ ਜਾਂ ਨਹੀਂ, ਇਹ ਇੱਕ ਪੇਚੀਦਾ ਸਵਾਲ ਹੈ। ''ਇਹ ਕਦੇ ਵਪਾਰ ਨਹੀਂ ਸੀ,'' ਸ਼ਨਸੁਗਮ ਕਹਿੰਦੇ ਹਨ। ''ਪਰ ਜੇ ਕਿਸੇ ਨੇ (ਕਿਸੇ ਦੂਸਰੇ ਕਬੀਲੇ ਤੋਂ) ਭਾਂਡੇ ਬਣਾਉਣ ਲਈ ਸਾਨੂੰ ਬੇਨਤੀ ਕੀਤੀ ਤਾਂ ਅਸੀਂ ਉਨ੍ਹਾਂ ਲਈ ਭਾਂਡੇ ਬਣਾਏ ਅਤੇ ਉਨ੍ਹਾਂ ਨੇ ਬਦਲੇ ਵਿੱਚ ਸਾਨੂੰ ਕੁਝ ਅਨਾਜ ਦੇ ਦਿੱਤਾ। ਖਰੀਦਦਾਰ ਅਤੇ ਵਿਕ੍ਰੇਤਾ ਦੀਆਂ ਲੋੜਾਂ ਦੇ ਅਧਾਰ 'ਤੇ ਬਦਲੇ ਦਾ ਮੁੱਲ ਅੱਡ-ਅੱਡ ਰਿਹਾ।''

PHOTO • Priti David
PHOTO • Priti David

ਭਾਈਚਾਰੇ ਦੇ ਬਜ਼ੁਰਗ ਮੰਗਲੀ ਸ਼ਨਮੁਗਮ (ਖੱਬੇ) ਅਤੇ ਰਾਜੂ ਲਕਮਣ (ਸੱਜੇ) ਭਾਂਡੇ ਬਣਾਉਣ ਦੀ ਰਵਾਇਤੀ ਅਯਾਮ 'ਤੇ ਜ਼ੋਰ ਦਿੰਦੇ ਹਨ, ਪਰ ਉਹ ਭਾਂਡਿਆਂ ਦੇ ਸੰਭਾਵਤ ਆਰਥਿਕ ਮੁੱਲ ਨੂੰ ਵੀ ਦੇਖ ਰਹੇ ਹਨ

ਸੁਗੀ ਲਈ, ਰੀਤਾਂ ਦਾ ਮਹੱਤਵ ਸਭ ਤੋਂ ਉੱਪਰ ਹੈ। ਫਿਰ ਵੀ, ਵਾਧੂ ਆਮਦਨੀ ਕੰਮ ਆਉਂਦੀ ਹੈ। ਸ਼ਨਸੁਗਮ ਕਹਿੰਦੇ ਹਨ,''ਧਾਰਮਿਕ ਮਾਮਲੇ ਵਿੱਚ ਬਹਿਸਬਾਜ਼ੀ ਨਹੀਂ ਹੁੰਦੀ। ਦੂਸਰੇ ਪਾਸੇ ਸਰਲ ਅਰਥਸ਼ਾਸਤਰ ਹੈ। ਜੇ ਉਹ ਹਰ ਮਹੀਨੇ ਭਾਂਡਿਆਂ ਦੇ ਉਤਪਾਦਾਂ ਦੀ ਵਿਕਰੀ ਤੋਂ ਕਾਫ਼ੀ ਪੈਸਾ ਕਮਾ ਸਕਦੇ ਹਨ ਤਾਂ ਸਾਡੀਆਂ ਔਰਤਾਂ ਨੂੰ ਵਾਧੂ ਆਮਦਨੀ ਕਮਾਉਣ ਵਿੱਚ ਖ਼ੁਸ਼ੀ ਹੋਵੇਗੀ। ਅੱਜ ਤਾਂ ਹਰ ਵਾਧੂ ਆਮਦਨੀ ਦਾ ਸਵਾਗਤ ਹੈ।''

ਭਾਈਚਾਰੇ ਦੇ ਹੋਰ ਮੈਂਬਰ ਇਸ ਨਾਲ਼ ਸਹਿਮਤ ਹਨ। ਪੁਜਾਰੀ ਰਾਜੂ ਲਕਸ਼ਮਣਾ, ਜੋ ਸਟੇਟ ਬੈਂਕ ਆਫ਼ ਇੰਡੀਆ ਵਿੱਚ 28 ਸਾਲਾਂ ਤੱਕ ਡਿਪਟੀ ਮੈਨੇਜਰ ਦੇ ਰੂਪ ਵਿੱਚ ਕੰਮ ਕਰਨ ਤੋਂ ਬਾਅਦ, ਧਾਰਮਿਕ ਲਗਾਓ ਦੇ ਕਾਰਨ ਪੁਡੂ ਕੋਟਾਗਿਰੀ ਮੁੜ ਆਏ ਸਨ, ਕਹਿੰਦੇ ਹਨ,''ਵਪਾਰੀਕਰਨ ਹੁੰਦਾ ਹੈ ਜਾਂ ਨਹੀਂ, ਸਾਨੂੰ ਇਸ ਨਾਲ਼ ਕੋਈ ਲੈਣਾ-ਦੇਣਾ ਨਹੀਂ ਹੈ। ਕੋਟਾ ਆਦਿਵਾਸੀਆਂ ਨੇ ਕਿਸੇ ਦੀ ਸਹਾਇਤਾ ਤੋਂ ਬਗ਼ੈਰ, ਸਦਾ ਆਪਣੀਆਂ ਲੋੜਾਂ ਨੂੰ ਪੂਰਿਆਂ ਕੀਤਾ ਹੈ। ਸਾਨੂੰ ਆਪਣੀਆਂ ਰਸਮਾਂ ਲਈ ਮਿੱਟੀ ਦੇ ਭਾਂਡੇ ਚਾਹੀਦੇ ਹਨ ਤੇ ਇਸ ਉਦੇਸ਼ ਦੀ ਪੂਰਤੀ ਲਈ ਅਸੀਂ ਕੰਮ ਜਾਰੀ ਰੱਖਾਂਗੇ। ਹੋਰ ਕੁਝ ਵੀ ਅਹਿਮ ਨਹੀਂ।''

ਲੇਖਿਕਾ ਕੀ-ਸਟੋਨ ਫਾਊਂਡੇਸ਼ਨ ਦੀ ਐੱਨ. ਸੈਲਵੀ ਅਤੇ ਪਰਮਨਾਥਨ ਅਰਵਿੰਦ ਅਤੇ ਐੱਨਏਡਬਲਿਊ ਦੇ ਬੀ.ਕੇ. ਪੁਸ਼ਪ ਕੁਮਾਰ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਨ, ਜਿਨ੍ਹਾਂ ਨੇ ਅਨੁਵਾਦ ਵਿੱਚ ਉਨ੍ਹਾਂ ਦੀ ਮਦਦ ਕੀਤੀ।

ਤਰਜਮਾ: ਕਮਲਜੀਤ ਕੌਰ

Priti David

Priti David is the Executive Editor of PARI. She writes on forests, Adivasis and livelihoods. Priti also leads the Education section of PARI and works with schools and colleges to bring rural issues into the classroom and curriculum.

Other stories by Priti David
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur