ਸ਼ੋਭਾ ਸਾਹਨੀ ਨੂੰ ਲੱਗਦਾ ਸੀ ਜਿਵੇਂ ਉਹ ਆਪਣੇ ਬੇਟੇ ਦੀ ਮੌਤ ਦਾ ਕਾਰਨ ਜਾਣਦੀ ਹਨ। ਪਰ ਸੱਤ ਮਹੀਨਿਆਂ ਬਾਅਦ, ਉਹ ਇੱਕ ਵਾਰ ਫਿਰ ਤੋਂ ਭੰਬਲਭੂਸੇ ਦਾ ਸ਼ਿਕਾਰ ਹੋ ਗਈ।

ਫਰਵਰੀ ਦੀ ਇੱਕ ਦੁਪਹਿਰ ਨੂੰ ਬ੍ਰਹਮਸਾਰੀ ਪਿੰਡ ਵਿਖੇ ਆਪਣੇ ਇੱਕ ਕਮਰੇ ਦੇ ਘਰ ਦੀਆਂ ਬਰੂਹਾਂ ਵਿੱਚ ਬੈਠਿਆਂ, 30 ਸਾਲਾ ਸ਼ੋਭਾ ਨੇ ਵਲ਼ੂੰਧਰੇ ਮਨ ਨਾਲ਼ ਚੇਤੇ ਕੀਤਾ ਕਿ ਕਿਵੇਂ ਉਨ੍ਹਾਂ ਦਾ 6 ਸਾਲਾ ਬੇਟਾ, ਅਯੂਸ਼ ਅਚਾਨਕ ਬੀਮਾਰ ਪੈ ਗਿਆ। “ਉਹਨੂੰ ਤਾਪ ਚੜ੍ਹ ਗਿਆ ਅਤੇ ਉਹਨੇ ਢਿੱਡ ਪੀੜ੍ਹ ਦੀ ਸ਼ਿਕਾਇਤ ਕੀਤੀ,” ਮਸਾਂ ਸੁਣੀਦੀਂ ਅਵਾਜ਼ ਵਿੱਚ ਸ਼ੋਭਾ ਨੇ ਕਿਹਾ।

ਜੁਲਾਈ 2021 ਦਾ ਵੇਲ਼ਾ ਸੀ ਜਦੋਂ ਮੀਂਹ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਗੋਰਖਪੁਰ ਦਾ ਇਹ ਪਿੰਡ ਮੀਂਹ ਦੇ ਪਾਣੀ ਨਾਲ਼ ਭਰ ਗਿਆ। ਇੱਥੇ ਹੜ੍ਹ ਆਉਣਾ ਕੋਈ ਅਸਧਾਰਣ ਗੱਲ ਨਹੀਂ ਸੀ। “ਇਹ ਹਰ ਸਾਲ ਹੁੰਦਾ ਹੈ। ਪਾਣੀ ਦੀ ਨਿਕਾਸੀ ਕਿਸੇ ਪਾਸਿਓਂ ਵੀ ਨਹੀਂ,” ਉਨ੍ਹਾਂ ਨੇ ਕਿਹਾ।

ਹਰ ਸਾਲ ਜਦੋਂ ਵੀ ਮੀਂਹ ਪੈਂਦਾ ਹੈ ਬ੍ਰਹਮਸਾਰੀ ਦਾ ਇਹੀ ਹਾਲ ਹੁੰਦਾ ਹੈ, ਇੱਥੇ ਮੀਂਹ ਦੇ ਪਾਣੀ ਵਿੱਚ ਗਾਵਾਂ ਦਾ ਗੋਹਾ ਅਤੇ ਇਨਸਾਨੀ ਮਲ਼-ਮੂਤਰ ਰਲ਼ ਜਾਂਦਾ ਹੈ ਕਿਉਂਕਿ ਇੱਥੇ ਸਾਰੇ ਖੁੱਲ੍ਹੇ ਵਿੱਚ ਜੰਗਲ-ਪਾਣੀ ਜਾਂਦੇ ਹਨ। ਕੂੜਾ ਰਲ਼ਿਆ ਇਹ ਅੰਤਾਂ ਦਾ ਗੰਦਾ ਪਾਣੀ ਪੂਰੇ ਪਿੰਡ ਵਿੱਚ ਘੁੰਮਦਾ ਰਹਿੰਦਾ ਹੈ। “ਪਾਣੀ ਅੰਦਰ ਮਰੇ ਹੋਏ ਕੀੜੇ-ਮਕੌੜੇ ਹੁੰਦੇ ਹਨ ਜਿਸ ‘ਤੇ ਮੱਛਰਾਂ ਦਾ ਬਸੇਰਾ ਹੁੰਦਾ ਹੈ। ਇਹ ਗੰਦਾ ਪਾਣੀ ਸਾਡੇ ਘਰਾਂ ਵਿੱਚ ਸਾਡੇ ਚੌਂਕੇ-ਚੁੱਲ੍ਹਿਆਂ ਤੱਕ ਅੱਪੜ ਜਾਂਦਾ ਹੈ। ਸਾਡੇ ਬੱਚੇ ਇਸੇ ਗੰਦੇ ਪਾਣੀ ਵਿੱਚ ਖੇਡਦੇ ਰਹਿੰਦੇ ਹਨ, ਅਸੀਂ ਜਿੰਨਾ ਮਰਜ਼ੀ ਰੋਕੀਏ ਉਹ ਨਹੀਂ ਰੁਕਦੇ। ਇੱਥੇ ਮਾਨਸੂਨ ਰੁੱਤੇ ਬਹੁਤ ਸਾਰੇ ਲੋਕੀਂ ਬੀਮਾਰ ਪੈਂਦੇ ਹਨ,” ਸ਼ੋਭਾ ਨੇ ਗੱਲ ਜਾਰੀ ਰੱਖਦਿਆਂ ਕਿਹਾ।

ਪਿਛਲੇ ਸਾਲ ਸ਼ੋਭਾ ਦੇ ਬੇਟੇ ਦੀ ਵਾਰੀ ਸੀ। “ਪਹਿਲਾਂ ਅਸੀਂ ਬਰਹਾਲਗੰਜ ਅਤੇ ਸਿਕਰੀਗੰਜ ਦੇ ਦੋ ਨਿੱਜੀ ਹਸਪਤਾਲਾਂ ਵਿੱਚ ਉਹਦਾ ਇਲਾਜ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਫ਼ਾਇਦਾ ਨਾ ਹੋਇਆ,” ਸ਼ੋਭਾ ਨੇ ਕਿਹਾ।

ਫਿਰ, ਜਦੋਂ ਇੱਕ ਹਫ਼ਤੇ ਤੀਕਰ ਵੀ ਬੁਖ਼ਾਰ ਨਾ ਲੱਥਾ ਤਾਂ ਸ਼ੋਭਾ ਨੇ ਅਯੂਸ਼ ਨੂੰ ਚੁੱਕਿਆ ਅਤੇ ਬੇਲਘਾਟ ਦੇ ਕਮਿਊਨਿਟੀ ਹੈਲਥ ਸੈਂਟਰ (ਸੀਐੱਚਸੀ) ਚਲੀ ਗਈ ਜੋ ਉਨ੍ਹਾਂ ਦੇ ਘਰੋਂ ਕੋਈ 7 ਕਿਲੋਮੀਟਰ ਦੀ ਵਾਟ ਹੈ। ਉੱਥੋਂ ਉਨ੍ਹਾਂ ਨੂੰ ਇੱਥੋਂ ਸਭ ਤੋਂ ਨੇੜੇ ਪੈਂਦੇ ਸ਼ਹਿਰ, ਗੋਰਖਪੁਰ ਦੇ ਬਾਬਾ ਰਾਘਵ ਦਾਸ ਮੈਡੀਕਲ ਕਾਲਜ (ਬੀਆਰਡੀ ਮੈਡੀਕਲ ਕਾਲਜ) ਰੈਫ਼ਰ ਕਰ ਦਿੱਤਾ ਜੋ ਬ੍ਰਹਮਸਾਰੀ ਤੋਂ 50 ਕਿਲੋਮੀਟਰ ਦੂਰ ਹੈ।

PHOTO • Parth M.N.

ਸ਼ੋਭਾ ਸਾਹਨੀ, ਗੋਰਖਪੁਰ ਜ਼ਿਲ੍ਹੇ ਦੇ ਬ੍ਰਹਮਸਾਰੀ ਪਿੰਡ ਵਿਖੇ ਆਪਣੇ ਘਰ ਦੇ ਬਾਹਰ ਲੱਗਾ ਨਲਕਾ ਚਲਾਉਂਦੀ ਹੋਈ

ਬੀਆਰਡੀ ਮੈਡੀਕਲ ਕਾਲਜ ਰਾਜ-ਸਰਕਾਰ ਦੁਆਰਾ ਸੰਚਾਲਤ ਅਜਿਹਾ ਮੈਡੀਕਲ ਕਾਲਜ ਅਤੇ ਹਸਪਤਾਲ ਹੈ ਜੋ ਤਿੰਨ ਰਾਜਾਂ ਦੇ ਮਰੀਜ਼ਾਂ ਲਈ ਇਕਲੌਤਾ ਦੇਖਭਾਲ਼ ਕੇਂਦਰ ਹੈ। ਇਹ ਇਕੱਲਾ ਹੀ ਪੂਰਬੀ ਉੱਤਰ ਪ੍ਰਦੇਸ਼, ਗੁਆਂਢੀ ਰਾਜ ਬਿਹਾਰ ਅਤੇ ਇੱਥੋਂ ਤੱਕ ਕਿ ਨੇਪਾਲ ਦੇ ਮਰੀਜ਼ਾਂ ਦੀ ਸੇਵਾ ਕਰਦਾ ਹੈ ਅਤੇ ਇਹ 5 ਕਰੋੜ ਦੀ ਅਬਾਦੀ ਨੂੰ ਕਵਰ (ਇਲਾਜ ਮੁਹੱਈਆ ਕਰਵਾਉਣ) ਕਰਨ ਦਾ ਦਾਅਵਾ ਕਰਦਾ ਹੈ। ਇਹੀ ਕਾਰਨ ਹੈ ਕਿ ਇਸ ਹਸਪਤਾਲ ਅਕਸਰ ਮਰੀਜ਼ਾਂ ਦਾ ਹਜ਼ੂਮ ਉਮੜਿਆ ਰਹਿੰਦਾ ਹੈ ਅਤੇ ਇੱਥੋਂ ਦੇ ਸਿਹਤ ਕਰਮੀ ਕੰਮ ਦੇ ਬੋਝ ਹੇਠ ਦੱਬੇ ਰਹਿੰਦੇ ਹਨ।

ਗੋਰਖਪੁਰ ਹਸਤਪਾਲ ਪਹੁੰਚਦਿਆਂ ਹੀ ਅਯੂਸ਼ ਨੂੰ ਦੌਰੇ ਪੈਣੇ ਸ਼ੁਰੂ ਹੋ ਗਏ। “ਡਾਕਟਰਾਂ ਨੇ ਸਾਨੂੰ ਦੱਸਿਆ ਉਹਨੂੰ ਇਨਸੇਫਲਾਈਟਿਸ (ਦਿਮਾਗ਼ੀ ਸੋਜ) ਬੀਮਾਰੀ ਹੋ ਗਈ ਸੀ,” ਸ਼ੋਭਾ ਨੇ ਸਿਸਕੀਆਂ ਭਰਦਿਆਂ ਕਿਹਾ। ਕਰੀਬ ਪੰਜ ਦਿਨਾਂ ਬਾਅਦ, 4 ਅਗਸਤ, 2021 ਨੂੰ ਉਹਦੀ ਮੌਤ ਹੋ ਗਈ। “ਮੇਰੇ ਪੁੱਤ ਨਾਲ਼ ਇੰਝ ਨਹੀਂ ਸੀ ਹੋਣਾ ਚਾਹੀਦਾ। ਮੇਰਾ ਪੁੱਤ ਬੜਾ ਲਾਇਕ ਬੱਚਾ ਸੀ,” ਇਹ ਆਖਦਿਆਂ ਹੀ ਉਹ ਫੁੱਟ-ਫੁੱਟ ਰੋਣ ਲੱਗੀ।

ਇਨਸੇਫਲਾਈਟਿਸ (ਦਿਮਾਗ਼ੀ ਸੋਜ) ਬੀਮਾਰੀ ਇਹ ਅਲਾਮਤ ਹੈ ਜੋ 1978 ਤੋਂ ਗੋਰਖਪੁਰ ਵਿੱਚ ਮੌਤ ਦਾ ਤਾਂਡਵ ਖੇਡਦੀ ਆਈ ਹੈ। ਇਹ ਉਹ ਸਮਾਂ ਸੀ ਜਦੋਂ ਜਪਾਨੀ ਇਨਸੇਫਲਾਈਟਿਸ (JE) ਦੀ ਮਹਾਂਮਾਰੀ ਫ਼ੈਲੀ ਸੀ। ਚਾਰ ਦਹਾਕਿਆਂ ਤੋਂ ਵੱਧ ਸਮੇਂ ਤੋਂ, ਐਕਿਊਟ ਇਨਸੇਫਲਾਈਟਿਸ ਸਿੰਡ੍ਰੋਮ (AES) ਬੀਮਾਰੀ ਦੇ ਬਾਰ-ਬਾਰ ਮੱਚਣ ਵਾਲ਼ੇ ਕਹਿਰ ਨੇ ਇਸ ਇਲਾਕੇ ਵਿੱਚ ਹਜ਼ਾਰਾਂ ਲੋਕਾਂ ਦੀ ਜਾਨ ਲੈ ਲਈ।

ਦਿਮਾਗ਼ੀ ਸੋਜਸ਼ ਨਾਲ਼ ਜੁੜੀ ਹਾਲਤ/ਬੀਮਾਰੀ ਸਮਝਣ ਲਈ ਇੱਕੋ ਪ੍ਰਚਲਤ ਸ਼ਬਦ AES (ਐਕਿਊਟ ਇਨਸੇਫਲਾਈਟਿਸ ਸਿੰਡ੍ਰੋਮ) ਹੈ ਜੋ ਭਾਰਤ ਅੰਦਰ ਇੱਕ ਗੰਭੀਰ ਜਨਤਕ ਸਿਹਤ ਸਮੱਸਿਆ ਹੈ। ਜਦੋਂ ਕਿ ਜਪਾਨੀ ਇਨਸੇਫਲਾਈਟਿਸ ਵਾਇਰਸ (ਜੇਈਵੀ), ਮੱਛਰਾਂ ਤੋਂ ਪੈਦਾ ਹੁੰਦਾ ਹੈ ਅਤੇ ਏਈਐੱਸ (AES) ਮਗਰਲਾ ਪ੍ਰਮੁੱਖ ਕਾਰਨ ਵੀ ਮੱਛਰ ਹੀ ਹੈ, ਇਸ ਬਿਮਾਰੀ ਦੀ ਐਟੀਓਲੋਜੀ (ਰੋਗ ਦੇ ਕਾਰਨਾਂ) ਵਿੱਚ ਕਈ ਕਿਸਮ ਦੇ ਵਾਈਰਸਾਂ ਤੋਂ ਇਲਾਵਾ ਬੈਕਟੀਰੀਆ, ਫੰਗੀ (ਉੱਲੀ) ਅਤੇ ਗ਼ੈਰ-ਸੰਕ੍ਰਮਕ ਕਣ ਵੀ ਕਾਰਨ ਵਜੋਂ ਸ਼ਾਮਲ ਹੁੰਦੇ ਹਨ।

ਇਸ ਬੀਮਾਰੀ ਦਾ ਮੁੱਖ ਲੱਛਣ ਤੇਜ਼ ਬੁਖਾਰ ਚੜ੍ਹਨ ਨਾਲ਼ ਸ਼ੁਰੂ ਹੁੰਦਾ ਹੈ ਫਿਰ ਮਾਨਸਿਕ ਹਾਲਤ ਵਿੱਚ ਤਬਦੀਲੀ (ਮਾਨਸਿਕ ਉਲਝਣ, ਭਟਕਣ, ਭੁਲੇਖਾ ਜਾਂ ਕੌਮਾ) ਆਉਂਦੀ ਹੈ ਅਤੇ ਦੌਰੇ ਪੈਣ ਲੱਗਦੇ ਹਨ। ਹਾਲਾਂਕਿ ਏਈਐੱਸ (AES) ਕਿਸੇ ਵੀ ਉਮਰ ਦੇ ਵਿਅਕਤੀ ਨੂੰ ਸਾਲ ਦੇ ਕਿਸੇ ਵੀ ਵੇਲ਼ੇ ਪ੍ਰਭਾਵਤ ਕਰ ਸਕਦੀ ਹੈ, ਵੈਸੇ ਇਹ ਆਮ ਤੌਰ ’ਤੇ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸ਼ਿਕਾਰ ਬਣਾਉਂਦੀ ਹੈ ਜਿਸ ਦਾ ਨਤੀਜਾ ਗੰਭੀਰ ਰੋਗ, ਅਪੰਗਤਾ ਅਤੇ ਮੌਤ ਦੇ ਰੂਪ ਵਿੱਚ ਨਿਕਲ਼ਦਾ ਹੈ। ਇਹ ਮਾਮਲੇ ਮਾਨਸੂਨ ਵਿੱਚ ਅਤੇ ਮਾਨਸੂਨ ਤੋਂ ਬਾਅਦ ਦੇ ਸਮੇਂ ਦੌਰਾਨ ਸਭ ਤੋਂ ਵੱਧ ਸਾਹਮਣੇ ਆਉਂਦੇ ਹਨ।

ਸਵੱਛਤਾ, ਸਾਫ਼-ਸਫ਼ਾਈ ਅਤੇ ਸਾਫ਼ ਪਾਣੀ ਦੀ ਘਾਟ ਵਾਲ਼ੇ ਇਲਾਕੇ ਇਸ ਬੀਮਾਰੀ ਲਈ ਸੰਵੇਦਨਸ਼ੀਲ ਮੰਨੇ ਜਾਂਦੇ ਹਨ।

ਜਿੱਥੋਂ ਤੱਕ ਬ੍ਰਹਮਸਾਰੀ ਦੀ ਗੱਲ ਹੈ ਇੱਥੇ ਹਰ ਤਰ੍ਹਾਂ ਦੀ ਘਾਟ ਮੌਜੂਦ ਹੈ।

PHOTO • Parth M.N.

ਹੜ੍ਹ ਦੇ ਮਲ਼ਬੇ (ਰਹਿੰਦ-ਖ਼ੂੰਹਦ) ਅਤੇ ਚਿੱਕੜ ਬ੍ਰਹਮਸਾਰੀ ਨੂੰ ਇਨਸੇਫਲਾਈਟਿਸ ਦੇ ਸੰਕ੍ਰਮਣਾਂ ਦੀ ਚਪੇਟ ਵਿੱਚ ਲਿਆਉਣ ਦਾ ਕਾਰਨ ਬਣਦੇ ਹਨ

ਇਹ ਯਕੀਨੀ ਬਣਾਉਣ ਲਈ ਕਿ ਵਾਕਿਆ ਅਯੂਸ਼ ਦੀ ਮੌਤ ਦਾ ਕਾਰਨ ਇਨਸੇਫਲਾਈਟਿਸ ਹੀ ਸੀ, ਅਸੀਂ ਬੀਆਰਡੀ ਮੈਡੀਕਲ ਹਸਪਤਾਲ ਵੱਲੋਂ ਜਾਰੀ ਉਹਦੀ ਮੌਤ ਦਾ ਸਰਟੀਫਿਕੇਟ ਦਿਖਾਏ ਜਾਣ ਲਈ ਕਿਹਾ। “ਉਹ ਮੇਰੇ ਦਿਓਰ ਕੋਲ਼ ਹੈ,” ਸ਼ੋਭਾ ਨੇ ਕਿਹਾ। “ਇਹ ਲਓ ਉਹਦਾ ਨੰਬਰ ਅਤੇ ਵੈੱਟਸਅਪ ‘ਤੇ ਭੇਜਣ ਲਈ ਕਹਿ ਦਿਓ।”

ਅਸੀਂ ਇੰਝ ਹੀ ਕੀਤਾ ਅਤੇ ਚੰਦ ਪਲਾਂ ਬਾਅਦ ਸਾਡੇ ਫ਼ੋਨ ‘ਤੇ ਮੈਸੇਜ ਆਇਆ। ਸਾਡੇ ਸਾਹਮਣੇ ਜੋ ਦਸਤਾਵੇਜ ਆਇਆ ਸੀ ਉਸ ਮੁਤਾਬਕ ਉਹ ਤੀਬਰ ਮੇਨਿਨਜਾਇਟਸ (ਦਿਮਾਗ਼ੀ ਬੁਖ਼ਾਰ) ਤੋਂ ਪੀੜਤ ਸੀ ਅਤੇ ਕਾਰਡੀਓਪਲਮੋਨਰੀ ਅਰੈਸਟ (ਦਿਲ ਫ਼ੇਲ੍ਹ ਹੋਣਾ) ਕਾਰਨ ਉਹਦੀ ਮੌਤ ਹੋਈ ਸੀ। “ਪਰ ਡਾਕਟਰ ਨੇ ਤਾਂ ਮੈਨੂੰ ਅਯੂਸ਼ ਦੇ ਇਨਸੇਫਲਾਈਟਿਸ ਰੋਗ ਦਾ ਇਲਾਜ ਕੀਤਾ ਜਾਣ ਬਾਰੇ ਕਿਹਾ ਸੀ,” ਸ਼ੋਭਾ ਨੇ ਕਿਹਾ, ਉਨ੍ਹਾਂ ਦੀ ਹੈਰਾਨੀ ਦੀ ਕੋਈ ਸੀਮਾ ਨਾ ਰਹੀ। “ਇਹ ਕਿਵੇਂ ਹੋ ਸਕਦਾ ਹੈ ਕਿ ਮੈਨੂੰ ਕੁਝ ਹੋਰ ਕਾਰਨ ਦੱਸਿਆ ਅਤੇ ਮੌਤ ਦੇ ਸਰਟੀਫ਼ਿਕੇਟ ਵਿੱਚ ਕੁਝ ਹੋਰ ਕਾਰਨ ਲਿਖ ਦਿੱਤਾ?”

*****

ਬਾਬਾ ਰਾਘਵ ਦਾਸ ਮੈਡੀਕਲ ਕਾਲਜ ਅਗਸਤ 2017 ਨੂੰ ਵੀ ਸੁਰਖੀਆਂ ਵਿੱਚ ਆਇਆ ਸੀ ਜਦੋਂ ਹਸਪਤਾਲ ਵਿੱਚ ਆਕਸੀਜਨ ਸਪਲਾਈ ਵਿਚਾਲੇ ਰੁੱਕ ਜਾਣ (10 ਅਗਸਤ ਨੂੰ) ਕਾਰਨ ਦੋ ਦਿਨਾਂ ਦੇ ਅੰਦਰ ਅੰਦਰ 30 ਬੱਚਿਆਂ ਦੀ ਮੌਤ ਹੋ ਗਈ ਸੀ। ਰਾਜ ਸਰਕਾਰ ਨੇ ਇਸ ਤ੍ਰਾਸਦੀ ਮਗਰ ਆਕਸੀਜਨ ਦੀ ਕਿੱਲਤ ਹੋਣ ਦੀ ਗੱਲ ਤੋਂ ਪੱਲਾ ਝਾੜ ਲਿਆ ਸੀ। ਆਪਣੀ ਗ਼ਲਤੀ ਮੰਨਣ ਦੀ ਬਜਾਇ, ਇਹਨੇ (ਹਸਤਪਾਲ) ਮੌਤਾਂ ਹੋਣ ਦੇ ਕਈ ਕੁਦਰਤੀ ਕਾਰਨ ਗਰਦਾਣ ਦਿੱਤੇ ਜਿਨ੍ਹਾਂ ਵਿੱਚ ਇਨਸੇਫਲਾਈਟਿਸ ਨੂੰ ਇਹ ਕਹਿੰਦਿਆਂ ਹੋਇਆਂ ਮੁੱਖ ਕਾਰਨ ਵਜੋਂ ਉਭਾਰਿਆ ਕਿ 7 ਤੋਂ 9 ਅਗਸਤ ਵਿਚਕਾਰ ਇਸੇ ਬੀਮਾਰੀ ਕਾਰਨ ਬੱਚਿਆਂ ਦੀ ਮੌਤ ਹੋਈ।

ਹਸਪਤਾਲ ਅੰਦਰ ਇੰਨੀਆਂ ਮੌਤਾਂ ਹੋਣੀਆਂ ਕੋਈ ਅਲੋਕਾਰੀ ਗੱਲ ਨਹੀਂ ਸੀ।

ਬੀਆਰਡੀ ਮੈਡੀਕਲ ਕਾਲਜ ਅੰਦਰ ਸਾਲ 2012 ਤੋਂ ਲੈ ਕੇ ਅਗਸਤ 2017 ਦੇ ਹਾਦਸੇ ਦਰਮਿਆਨ 3,000 ਵੱਧ ਬੱਚਿਆਂ ਦੀਆਂ ਮੌਤਾਂ ਹੋਈਆਂ। ਇਹ ਬੱਚੇ ਮਰਨ ਵਾਲ਼ੇ ਉਨ੍ਹਾਂ 50,000 ਬੱਚਿਆਂ ਵਿੱਚੋਂ ਹੀ ਸਨ ਜਿਨ੍ਹਾਂ ਦੀ ਮੌਤ ਇਸੇ ਹਸਪਤਾਲ ਵਿੱਚ ਜੇਈ (JE) ਜਾਂ ਏਈਐੱਸ (AES) ਕਾਰਨ ਹੋਈ ਸੀ ਅਤੇ ਉਹ ਵੀ ਉਸ ਤ੍ਰਾਸਦੀ ਤੋਂ ਪਹਿਲਾਂ ਦੇ ਤਿੰਨ ਦਹਾਕਿਆਂ ਦੇ ਅੰਦਰ ਅੰਦਰ। 2017 ਵਿੱਚ ਹੋਈਆਂ ਮੌਤਾਂ ਨੇ ਗੋਰਖਪੁਰ ਨੂੰ ਅਤੇ ਇਸ ਸਭ ਤੋਂ ਰੁੱਝੇ ਹਸਪਤਾਲ ਦੀ ਵਿਵਸਥਾ ਨੂੰ ਨਸ਼ਰ ਕੀਤਾ ਜੋ ਇਲਾਕੇ ਦੇ ਤਕਰੀਬਨ ਸਾਰੇ ਹੀ ਏਈਐੱਸ (AES) ਹੀ ਕੇਸਾਂ ਨੂੰ ਸੰਭਾਲ਼ਦਾ ਹੈ।

ਇਹ ਮਸਲਾ ਯੂਪੀ ਦੇ ਮੁੱਖਮੰਤਰੀ ਯੋਗੀ ਆਦਿਤਯਨਾਥ ਵਾਸਤੇ ਕਿਸੇ ਦੁਖਦੇ ਫ਼ੋੜੇ ਤੋਂ ਘੱਟ ਨਹੀਂ ਰਿਹਾ ਕਿਉਂਕਿ ਗੋਰਖਪੁਰ ਉਨ੍ਹਾਂ ਦਾ ਚੁਣਾਵੀ ਮੈਦਾਨ ਹੈ। ਸੀਐੱਮ ਬਣਨ ਤੋਂ ਪਹਿਲਾਂ ਉਨ੍ਹਾਂ ਨੇ 1998 ਤੋਂ ਲਗਾਤਾਰ ਪੰਜ ਵਾਰੀ ਗੋਰਖਪੁਰ ਸੰਸਦੀ ਹਲਕੇ ਦੀ ਨੁਮਾਇੰਦਗੀ ਕੀਤੀ ਸੀ।

ਰਾਜ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਰਾਜ ਦੇ ਮੁੱਖ ਮੰਤਰੀ ਨੇ 2017 ਦੀ ਤ੍ਰਾਸਦੀ ਤੋਂ ਬਾਅਦ ਇਨਸੇਫਲਾਈਟਿਸ ’ਤੇ ਕਾਬੂ ਪਾਏ ਜਾਣ ਲਈ ਨਿੱਜੀ ਤੌਰ ‘ਤੇ ਦਿਲਚਸਪੀ ਲਈ ਹੈ। “ਅਸੀਂ ਪੱਬਾਂ-ਭਾਰ ਹੋ ਕੇ ਮੱਛਰ ਮਾਰ ਦਵਾਈਆਂ ਦਾ ਛਿੜਕਾਅ ਕਰਵਾਇਆ, ਖ਼ਾਸ ਕਰਕੇ ਜਿਨ੍ਹਾਂ ਇਲਾਕਿਆਂ ਵਿੱਚ ਮੱਛਰ ਤੇਜ਼ੀ ਨਾਲ਼ ਫ਼ੈਲਦੇ ਹਨ,” ਗੋਰਖਪੁਰ ਦੇ ਮੁੱਖ ਮੈਡੀਕਲ ਅਫ਼ਸਰ (ਸੀਐੱਮਓ), ਡਾ. ਆਸੂਤੋਸ਼ ਦੂਬੇ ਨੇ ਕਿਹਾ। “ਹੁਣ ਅਸੀਂ ਅਪ੍ਰੈਲ ਤੋਂ ਹੀ ਟੀਕਾਕਰਨ (ਜੇਈ/JE ਨੂੰ ਕਾਬੂ ਕਰਨ ਲਈ) ਕਰਨਾ ਸ਼ੁਰੂ ਕਰ ਦਿੱਤਾ ਹੈ। ਪਹਿਲਾਂ ਇਹ ਜੂਨ ਜਾਂ ਜੁਲਾਈ ਵਿੱਚ ਹੁੰਦਾ ਸੀ, ਜੋ ਕਿ ਮਾਨਸੂਨ ਵਿੱਚ ਜ਼ਿਆਦਾ ਉੱਭਰਦੇ ਮਾਮਲਿਆਂ ਦੇ ਹਿਸਾਬ ਨਾਲ਼ ਕਾਫ਼ੀ ਲੇਟ ਹੋ ਜਾਂਦਾ ਸੀ।”

PHOTO • Parth M.N.

ਗੋਰਖਪੁਰ ਜ਼ਿਲ੍ਹੇ ਦਾ ਜ਼ਮੀਨਦੋਜ਼ ਪਾਣੀ ਗਾਵਾਂ ਦੇ ਗੋਹੇ ਅਤੇ ਮਲ਼-ਮੂਤਰ ਨਾਲ਼ ਗੰਦਾ ਹੋ ਜਾਂਦਾ ਹੈ ਅਤੇ ਕੂੜੇ ਦੇ ਮੱਛਰਾਂ ਤੋਂ ਹੋਣ ਵਾਲ਼ੇ ਸੰਕ੍ਰਮਣ ਲਈ ਜ਼ਿੰਮੇਦਾਰ ਹਨ

ਪਿਛਲੇ ਕੁਝ ਸਾਲਾਂ ਤੋਂ, ਸੀਐੱਮ ਆਦਿਤਯਨਾਥ ਨੇ ਇਸ ਗੱਲ ਦੇ ਹਵਾਲੇ ਦੇ ਦੇ ਕੇ ਬਿਆਨਬਾਜ਼ੀ ਕੀਤੀ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਰਾਜ ਅੰਦਰ ਏਈਐੱਸ (AES) ਨੂੰ ਕਾਬੂ ਕਰ ਲਿਆ ਹੈ। ਨੈਸ਼ਨਲ ਵੈਕਟਰ ਬੋਰਨ ਡਿਜ਼ੀਜ਼ ਕੰਟਰੋਲ ਪ੍ਰੋਗਰਾਮ ਦੇ ਡਾਇਰੈਕਟੋਰੇਟ ਦੁਆਰਾ ਪ੍ਰਕਾਸ਼ਤ ਡਾਟਾ ਵੀ ਇਨ੍ਹਾਂ ਦਾਅਵਿਆਂ ਦੇ ਸਮਰਥਨ ਵਿੱਚ ਭੁਗਤਦਾ ਹੈ।

ਉੱਤਰ ਪ੍ਰਦੇਸ਼ ਅੰਦਰ ਏਈਐੱਸ (AES) ਅਤੇ ਜੇਈ (JE) ਮਾਮਲਿਆਂ ਦੀ ਗਿਣਤੀ ਨੂੰ ਲੈ ਕੇ ਹੁੰਦੀ ਰਿਪੋਰਟਿੰਗ ਵਿੱਚ ਲਗਾਤਾਰ ਗਿਰਾਵਟ ਸਾਹਮਣੇ ਆਈ ਹੈ। 2017 ਵਿੱਚ ਉੱਤਰ ਪ੍ਰਦੇਸ਼ ਅੰਦਰ ਏਈਐੱਸ (AES) ਦੇ 4,742 ਮਾਮਲੇ ਦਰਜ ਕੀਤੇ ਗਏ ਜਿਨ੍ਹਾਂ ਵਿੱਚੋਂ 693 ਮਾਮਲੇ ਜੇਈ (JE) ਦੇ ਸਨ। ਕੁੱਲ ਮੌਤਾਂ 654 ਹੋਈਆਂ ਜਿਨ੍ਹਾਂ ਵਿੱਚੋਂ 93 ਜੇਈ (JE) ਕਾਰਨ ਹੋਈਆਂ।

ਰਾਜ ਅੰਦਰ 2020 ਵਿੱਚ ਏਈਐੱਸ (AES) ਦੇ 1,646 ਮਾਮਲੇ ਦਰਜ ਹੋਏ ਜਿਨ੍ਹਾਂ ਵਿੱਚੋਂ 83 ਮੌਤਾਂ ਹੋਈਆਂ। 2021 ਵਿੱਚ ਹਾਲਤ ਕੁਝ ਸੁਧਰੀ ਅਤੇ 1,657 ਮਾਮਲਿਆਂ ਵਿੱਚ 58 ਮੌਤਾਂ ਹੋਈਆਂ ਜਿਨ੍ਹਾਂ ਵਿੱਚੋਂ ਸਿਰਫ਼ 4 ਮੌਤਾਂ ਜੇਈ (JE) ਕਾਰਨ ਹੋਈਆਂ।

ਸਾਲ 2017 ਤੋਂ 2021 ਤੱਕ ਏਈਐੱਸ (AES) ਅਤੇ ਜੇਈ (JE) ਕਾਰਨ ਹੋਣ ਵਾਲ਼ੀਆਂ ਮੌਤਾਂ ਵਿੱਚ ਕ੍ਰਮਵਾਰ 91 ਅਤੇ 95 ਫ਼ੀਸਦ ਦੀ ਕਮੀ ਆਈ।

ਹਾਲੀਆ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਜਿੱਤ ਦਰਜ ਕਰਨ ਤੋਂ ਬਾਅਦ ਇੱਕ ਮਹੀਨੇ ਦੇ ਅੰਦਰ ਅੰਦਰ ਆਦਿਤਯਨਾਥ ਨੇ 2 ਅਪ੍ਰੈਲ 2022 ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਰਾਜ ਅੰਦਰੋਂ “ ਇਨਸੇਫਲਾਈਟਿਸ ਨੂੰ ਜੜ੍ਹੋਂ ਪੁੱਟਣ ” ਵਿੱਚ ਕਾਮਯਾਬ ਰਹੀ ਹੈ।

ਹਾਲਾਂਕਿ, ਅਯੂਸ਼ ਦੇ ਮਾਮਲੇ ਵਿੱਚ ਜਿਵੇਂ ਮੌਤ ਦੇ ਸਰਟੀਫ਼ਿਕੇਟ ’ਤੇ ਮੌਤ ਦੇ ਅਸਲ ਕਾਰਨ ਨੂੰ ਹੀ ਲੁਕਾ ਦਿੱਤਾ ਗਿਆ, ਉੱਥੇ, ਇਹ ਰੁਝਾਨ ਬੀਮਾਰੀ ਨੂੰ ਲੈ ਕੇ ਹੁੰਦੀ ਗ਼ਲਤ ਰਿਪੋਰਟਿੰਗ ਦਾ ਸੰਕੇਤ ਦਿੰਦਾ ਹੈ।

ਅਯੂਸ਼ ਇਨਸੇਫਲਾਈਟਿਸ ਨਾਲ਼ ਮਰਿਆ ਨਹੀਂ ਹੋ ਸਕਦਾ ਡਾ. ਸੁਰੇਂਦਰ ਕੁਮਾਰ ਨੇ ਕਿਹਾ ਜੋ ਕਿ ਬੇਲਘਾਟ ਬਲਾਕ ਦੇ ਸੀਐੱਚਸੀ ਵਿਖੇ ਇੰਚਾਰਜ ਹਨ, ਜਿੱਥੇ ਬ੍ਰਹਮਸਾਰੀ ਸਥਿਤ ਹੈ। “ਮੈਂ ਉਸ ਕੇਸ ਤੋਂ ਜਾਣੂ ਹਾਂ ਜਿਸ ਬਾਰੇ ਤੁਸੀਂ ਗੱਲ ਕਰ ਰਹੇ ਹੋ,” ਉਨ੍ਹਾਂ ਨੇ ਕਿਹਾ। “ਇਹ ਏਈਐੱਸ (AES) ਨਾਲ਼ ਹੋਈ ਮੌਤ ਨਹੀਂ ਸੀ। ਜੇ ਮੇਰੇ ਇਲਾਕੇ ਵਿੱਚੋਂ ਕੋਈ ਏਈਐੱਸ (AES) ਦਾ ਰੋਗੀ ਭਰਤੀ ਹੋਇਆ ਹੁੰਦਾ ਤਾਂ ਮੈਡੀਕਲ ਕਾਲਜ ਮੈਨੂੰ ਸੂਚਿਤ ਜ਼ਰੂਰ ਕਰਦਾ।”

ਬਾਬਾ ਰਾਘਵ ਦਾਸ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਗਣੇਸ਼ ਕੁਮਾਰ ਅਤੇ ਪਾਰੀ (PARI) ਦੀ ਜਦੋਂ ਫਰਵਰੀ ਵਿੱਚ ਮੁਲਾਕਾਤ ਹੋਈ ਤਾਂ ਉਨ੍ਹਾਂ ਨੇ ਬੇਲਘਾਟ ਸੀਐੱਚਸੀ ਦੇ ਇੰਚਾਰਜ ਦੀ ਗੱਲ ਦਾ ਖੰਡਨ ਕੀਤਾ। “ਤਕਨੀਕੀ ਤੌਰ ’ਤੇ ਦੇਖਿਆ ਜਾਵੇ ਤਾਂ ਮੇਨਿਨਜਾਇਟਸ (ਦਿਮਾਗ਼ੀ ਬੁਖ਼ਾਰ) ਰੋਗ ਵੀ ਏਈਐੱਸ (AES) ਦੇ ਤਹਿਤ ਹੀ ਆਉਂਦਾ ਹੈ। ਭਰਤੀ ਹੋਣ ਦੀ ਸੂਰਤ ਵਿੱਚ ਮਰੀਜ਼ ਨੂੰ ਏਈਐੱਸ (AES) ਨੰਬਰ ਦਿੱਤਾ ਜਾਂਦਾ ਹੈ,” ਉਨ੍ਹਾਂ ਨੂੰ ਗੱਲ ਖੋਲ੍ਹਦਿਆਂ ਕਿਹਾ।

ਅਸੀਂ ਉਨ੍ਹਾਂ ਨੂੰ ਅਯੂਸ਼ ਦੀ ਮੌਤ ਦਾ ਸਰਟੀਫ਼ਿਕੇਟ ਦਿਖਾਇਆ, ਜਿਸ ਵਿੱਚ ਉਹਨੂੰ ਮੇਨਿਨਜਾਇਟਸ ਹੋਣ ਦੀ ਗੱਲ ਲਿਖੀ ਗਈ ਸੀ। “ਉੱਥੇ ਏਈਐੱਸ (AES) ਦਾ ਕੋਈ ਨੰਬਰ ਨਹੀਂ ਹੈ ਜੋ ਕਿ ਹੋਣਾ ਚਾਹੀਦਾ ਹੈ,” ਮੈਡੀਕਲ ਕਾਲਜ ਦੇ ਹਸਪਤਾਲ ਵੱਲੋਂ ਜਾਰੀ ਇਸ ਦਸਤਾਵੇਜ਼ ਨੂੰ ਬੜੀ ਹੈਰਾਨੀ ਨਾਲ਼ ਦੇਖਦਿਆਂ ਗਣੇਸ਼ ਕੁਮਾਰ ਨੇ ਕਿਹਾ।

PHOTO • Parth M.N.

ਸਾਡੇ ਬੱਚੇ ਇਸੇ ਗੰਦੇ ਪਾਣੀ ਵਿੱਚ ਖੇਡਦੇ ਰਹਿੰਦੇ ਹਨ, ਅਸੀਂ ਜਿੰਨਾ ਮਰਜ਼ੀ ਰੋਕੀਏ ਉਹ ਨਹੀਂ ਰੁਕਦੇ, ਸ਼ੋਭਾ ਕਹਿੰਦੀ ਹਨ

ਏਈਐੱਸ (AES) ਦੇ ਮਰੀਜ਼ ਨੂੰ ਪਛਾਣਨਾ ਕੋਈ ਔਖ਼ਾ ਨਹੀਂ, ਡਾ. ਕਫ਼ੀਲ ਖਾਨ ਕਹਿੰਦੇ ਹਨ। “ਏਈਐੱਸ ਇੱਕ ਅਸਥਾਈ ਤਸ਼ਖ਼ੀਸ ਹੈ। ਜੇ ਕਿਸੇ ਮਰੀਜ਼ ਨੂੰ 15 ਦਿਨਾਂ (ਜਾਂ ਥੋੜ੍ਹੇ ਘੱਟ ਸਮੇਂ ਤੋਂ) ਤੋਂ ਬੁਖ਼ਾਰ ਹੈ ਅਤੇ ਉਸ ਅੰਦਰ ਕੋਈ ਦਿਮਾਗ਼ੀ ਬਦਲਾਅ (ਦੌਰੇ) ਦਿੱਸਦੇ ਹਨ ਤਾਂ ਤੁਸੀਂ ਉਹਨੂੰ ਏਈਐੱਸ (AES) ਨੰਬਰ ਦੇ ਸਕਦੇ ਹੋ। ਤੁਹਾਨੂੰ ਕੋਈ ਹੋਰ ਜਾਂਚ ਕਰਨ ਦੀ ਲੋੜ ਨਹੀਂ। ਅਗਸਤ 2017 ਦੀ ਤ੍ਰਾਸਦੀ ਤੱਕ ਅਸੀਂ ਇਸੇ ਤਰੀਕੇ ਨਾਲ਼ ਕੰਮ ਕੀਤਾ ਸੀ,” ਉਹ ਦੱਸਦੇ ਹਨ।

10 ਅਗਸਤ 2017 ਨੂੰ ਜਿਸ ਦਿਨ ਬੀਆਰਡੀ ਮੈਡੀਕਲ ਕਾਲਜ ਹਸਪਤਾਲ ਵਿਖੇ 23 ਬੱਚਿਆਂ ਦੀ ਮੌਤ ਹੁੰਦੀ ਹੈ, ਡਾ. ਖ਼ਾਨ ਡਿਊਟੀ ’ਤੇ ਸਨ। ਘਟਨਾ ਤੋਂ ਬਾਅਦ, ਉਨ੍ਹਾਂ ਦੇ ਸਿਰ ਡਿਊਟੀ ਵਿੱਚ ਅਣਗਹਿਲੀ ਕੀਤੇ ਜਾਣ ਦਾ ਦੋਸ਼ ਮੜ੍ਹਿਆ ਗਿਆ ਅਤੇ ਯੂਪੀ ਸਰਕਾਰ ਨੇ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ। ਉਨ੍ਹਾਂ ਨੂੰ ਫਿਰ ਮੈਡੀਕਲ ਅਣਗਹਿਲੀ ਵਾਸਤੇ ਗ੍ਰਿਫ਼ਤਾਰ ਕੀਤਾ ਗਿਆ ਅਤੇ ਹੋਰ ਵੀ ਕਈ ਦੋਸ਼ ਮੜ੍ਹੇ ਗਏ ਅਤੇ ਸੱਤ ਮਹੀਨਿਆਂ ਲਈ ਜੇਲ੍ਹ ਡੱਕ ਦਿੱਤਾ। ਅਪ੍ਰੈਲ 2018 ਨੂੰ ਉਹ ਕਿਤੇ ਜਾ ਕੇ ਜ਼ਮਾਨਤ ’ਤੇ ਰਿਹਾਅ ਹੋਏ।

ਉਨ੍ਹਾਂ ਦਾ ਮੰਨਣਾ ਹੈ ਕਿ 2017 ਦੇ ਦੁਖਾਂਤ ਤੋਂ ਬਾਅਦ ਉਨ੍ਹਾਂ ਨੂੰ ਬਲ਼ੀ ਦਾ ਬੱਕਰਾ ਬਣਾਇਆ ਗਿਆ। “ਮੈਨੂੰ ਮੇਰੀ ਨੌਕਰੀ ਤੋਂ ਵਾਂਝਿਆਂ ਕੀਤਾ ਜਾ ਰਿਹਾ ਹੈ ਕਿਉਂਕਿ ਹਸਪਤਾਲ ਡਾਟਾ (ਅੰਕੜਿਆਂ) ਨਾਲ਼ ਹੇਰਫੇਰ ਕਰ ਰਿਹਾ ਹੈ,” ਉਨ੍ਹਾਂ ਨੇ ਕਿਹਾ। ਯੂਪੀ ਸਰਕਾਰ ਨੇ ਨਵੰਬਰ 2021 ਨੂੰ ਬੀਆਰਡੀ ਵਿਖੇ ਬਾਲ ਰੋਗ ਇਲਾਜ ਬਾਰੇ ਉਨ੍ਹਾਂ ਵੱਲੋਂ ਦਿੱਤੇ ਭਾਸ਼ਣ ਕਾਰਨ ਉਨ੍ਹਾਂ ਦੀਆਂ ਸੇਵਾਵਾਂ ਨੂੰ ਖ਼ਤਮ ਕਰ ਦਿੱਤਾ। ਉਨ੍ਹਾਂ ਨੇ ਸਰਕਾਰ ਦੇ ਇਸ ਕਦਮ ਨੂੰ ਲੈ ਕੇ ਇਲਾਹਾਬਾਦ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ।

ਮਨ-ਮਰਜ਼ੀ ਮੁਤਾਬਕ ਸੰਖਿਆ ਦਿਖਾਉਣ ਦੇ ਮੱਦੇਨਜ਼ਰ ਏਈਐੱਸ ਦੇ ਮਾਮਲਿਆਂ ਨੂੰ ਐਕਿਊਟ ਫੇਬਰਾਇਲ ਇਲਨੈੱਸ/ਗੰਭੀਰ ਬੁਖ਼ਾਰ ਰੋਗ (AFI) ਦੇ ਰੂਪ ਵਿੱਚ ਸੂਚੀਬੱਧ ਕੀਤਾ ਜਾ ਰਿਹਾ ਹੈ, ਖ਼ਾਨ ਨੇ ਕਿਹਾ। “ਪਰ ਏਐੱਫਆਈ ਵਿੱਚ ਦਿਮਾਗ਼ ‘ਤੇ ਕੋਈ ਅਸਰ ਨਹੀਂ ਪੈਂਦਾ। ਇਹ ਸਿਰਫ਼ ਚੜ੍ਹਨ ਵਾਲ਼ਾ ਉੱਚ-ਬੁਖ਼ਾਰ ਹੁੰਦਾ ਹੈ।”

ਜ਼ਿਲ੍ਹੇ ਦੇ ਸੀਐੱਮਓ, ਆਸ਼ੂਤੋਸ਼ ਦੂਬੇ ਕਿਸੇ ਵੀ ਤਰ੍ਹਾਂ ਦੀ ਗ਼ਲਤ ਰਿਪੋਰਿਟੰਗ ਦਾ ਖੰਡਨ ਕਰਦੇ ਹਨ। “ਕੁਝ ਏਐੱਫ਼ਆਈ (AFI) ਮਾਮਲੇ ਏਈਐੱਸ (AES) ਬਣ ਸਕਦੇ ਹੁੰਦੇ ਹਨ,” ਉਨ੍ਹਾਂ ਨੇ ਕਿਹਾ। “ਇਹੀ ਕਾਰਨ ਹੈ ਕਿ ਪਹਿਲਾਂ ਮਾਮਲਿਆਂ ਦੀ ਪਹਿਲਾਂ ਜਾਂਚ ਕੀਤੀ ਜਾਂਦੀ ਹੈ ਅਤੇ ਉਸ ਮੁਤਾਬਕ ਅਗਲੀ ਕਾਰਵਾਈ ਹੁੰਦੀ ਹੈ। ਪਰ ਸਾਰੇ ਦੇ ਸਾਰੇ ਏਐੱਫ਼ਆਈ (AFI) ਮਾਮਲੇ ਏਈਐੱਸ (AES) ਨਹੀਂ ਹੁੰਦੇ।”

ਐਕਿਊਟ ਫੇਰਾਇਲ ਇਲਨੈਸ ਵਿਗੜ ਕੇ ਐਕਿਊਟ ਇਨਸੇਫਲਾਈਟਿਸ ਸਿੰਡ੍ਰੋਮ ਬਣ ਸਕਦਾ ਹੈ ਅਤੇ ਦੋਵਾਂ ਬੀਮਾਰੀਆਂ ਦੇ ਐਟੀਓਲਾਜੀ (ਰੋਗ ਦੇ ਕਾਰਨ) ਕੁਝ ਕੁਝ ਸਾਂਝੇ ਹੁੰਦੇ ਹਨ ਜਿਸ ਵਿੱਚ ਸਕ੍ਰਬ ਟਾਈਫਸ ਨਾਮਕ ਬੈਕਟੀਰੀਆ ਦੀ ਲਾਗ ਵੀ ਸ਼ਾਮਲ ਹੁੰਦੀ ਹੈ। ਇਸ ਲਾਗ ਨੂੰ ਹਾਲ ਹੀ ਵਿੱਚ ਗੋਰਖਪੁਰ ਇਲਾਕੇ ਅੰਦਰ ਏਈਐੱਸ ਪ੍ਰਕੋਪ ਦੇ ਪ੍ਰਮੁੱਖ ਕਾਰਨ ਵਜੋਂ ਪਛਾਣਿਆ ਗਿਆ ਹੈ- 2015 ਅਤੇ 2016 ਦੇ ਅਧਿਐਨਾਂ ਨੇ ਦੱਸਿਆ ਕਿ ਏਈਐੱਸ ਦੇ 60 ਫ਼ੀਸਦੀ ਤੋਂ ਵੱਧ ਮਾਮਲਿਆਂ ਲਈ ਸਕ੍ਰਬ ਟਾਈਫਸ ਜ਼ਿੰਮੇਦਾਰ ਸੀ।

ਇਹ 2019 ਵਿੱਚ ਜਾ ਕੇ ਕਿਤੇ ਹੋਇਆ ਜਦੋਂ ਬੀਆਰਡੀ ਮੈਡੀਕਲ ਕਾਲਜ ਨੇ ਏਐੱਫਆਈ ਨੂੰ ਇੱਕ ਵੱਖਰੀ ਬੀਮਾਰੀ ਦੀ ਸ਼੍ਰੇਣੀ ਵਜੋਂ ਟ੍ਰੈਕ ਕਰਨਾ ਸ਼ੁਰੂ ਕੀਤਾ। ਪਰ ਨਾ ਤਾਂ ਦੂਬੇ ਅਤੇ ਨਾ ਹੀ ਗਣੇਸ਼ ਕੁਮਾਰ ਇਨ੍ਹਾਂ ਨੰਬਰਾਂ ਬਾਰੇ ਜਾਣਕਾਰੀ ਦੇ ਰਹੇ ਸਨ।

PHOTO • Parth M.N.

ਸ਼ੋਭਾ ਨੂੰ ਦੱਸਿਆ ਗਿਆ ਸੀ ਕਿ ਉਹਦੇ ਬੇਟੇ ਅਯੂਸ਼ ਦਾ ਇਨਸੇਫਲਾਈਟਿਸ ਦਾ ਇਲਾਜ ਕੀਤਾ ਜਾ ਰਿਹਾ ਸੀ ਪਰ ਮੌਤ ਦਾ ਸਰਟੀਫ਼ਿਕੇਟ ਕੋਈ ਹੋਰ ਬੀਮਾਰੀ ਦੱਸੀ ਜਾਂਦਾ ਹੈ

ਏਈਐੱਸ ਦਾ ਮੁੱਖ ਲੱਛਣ ਤੇਜ਼ ਬੁਖਾਰ ਹੁੰਦਾ ਹੈ ਫਿਰ ਮਾਨਸਿਕ ਹਾਲਤ ਵਿੱਚ ਤਬਦੀਲੀ ਆਉਂਦੀ ਹੈ ਅਤੇ ਦੌਰੇ ਪੈਣ ਲੱਗਦੇ ਹਨ। ਹਾਲਾਂਕਿ ਇਹ ਬੀਮਾਰੀ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਸਾਲ ਦੇ ਕਿਸੇ ਵੀ ਵੇਲ਼ੇ ਪ੍ਰਭਾਵਤ ਕਰ ਸਕਦੀ ਹੈ, ਵੈਸੇ ਇਹ ਆਮ ਤੌਰ ’ਤੇ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸ਼ਿਕਾਰ ਬਣਾਉਂਦੀ ਹੈ

ਹਾਲਾਂਕਿ, ਪਾਰੀ (PARI) ਉਨ੍ਹਾਂ ਮਰੀਜ਼ਾਂ ਦੀ ਸੂਚੀ ਪ੍ਰਾਪਤ ਕਰਨ ਵਿੱਚ ਕਾਮਯਾਬ ਰਿਹਾ ਜਿਨ੍ਹਾਂ ਦਾ ਉਸ ਸਾਲ ਮੈਡੀਕਲ ਕਾਲਜ ਵਿੱਚ ਇਲਾਜ ਕੀਤਾ ਗਿਆ ਸੀ। ਏਈਐੱਸ ਅਤੇ ਜੇਈ ਵਾਂਗਰ ਸਭ ਤੋਂ ਵੱਧ ਮਰੀਜ ਬਰਸਾਤ ਦੇ ਮੌਸਮ ਵਿੱਚ ਹੀ ਭਰਤੀ ਹੋਏ। (ਡੇਂਗੂ, ਚਿਕਨਗੁਨਿਆ ਅਤੇ ਮਲੇਰੀਆ ਜਿਹੀਆਂ ਬੀਮਾਰੀਆਂ ਏਐੱਫ਼ਆਈ ਦਾ ਕਾਰਨ ਬਣਨ ਵਾਲ਼ੀਆਂ ਲਾਗਾਂ ਵਿੱਚੋਂ ਸਨ)। ਸਾਲ 2019 ਦੌਰਾਨ ਬੀਆਰਡੀ ਮੈਡੀਕਲ ਕਾਲਜ ਵਿਖੇ ਦਰਜ ਏਐੱਫ਼ਆਈ ਦੇ ਕੁੱਲ 1,711 ਮਾਮਲਿਆਂ ਵਿੱਚੋਂ 240 ਮਾਮਲੇ ਸਿਰਫ਼ ਅਗਸਤ ਮਹੀਨੇ ਵਿੱਚ ਦਰਜ ਕੀਤੇ ਗਏ ਸਨ, ਜਦੋਂਕਿ 683 ਅਤੇ 476 ਮਾਮਲੇ ਕ੍ਰਮਵਾਰ ਸਤੰਬਰ ਅਤੇ ਅਕਤੂਬਰ ਵਿੱਚ ਸਾਹਮਣੇ ਆਏ। ਪਰ ਸਾਲ ਦੇ ਪਹਿਲੇ ਛੇ ਮਹੀਨਿਆਂ ਵਿੱਚ ਅਜਿਹਾ ਇੱਕ ਵੀ ਮਰੀਜ਼ ਹਸਪਤਾਲ ਭਰਤੀ ਨਹੀਂ ਹੋਇਆ।

ਪੱਤਰਕਾਰ ਮਨੋਜ ਸਿੰਘ ਨੇ 2019 ਦੇ ਅੰਤ ਵਿੱਚ ਕੁਝ ਕੁ ਡਾਟਾ ਆਪਣੀ ਵੈੱਬਸਾਈਟ , ਗੋਰਖਪੁਰ ਨਿਊਜਲਾਈਨ ਵਿਖੇ ਪ੍ਰਕਾਸ਼ਤ ਕੀਤਾ ਸੀ। ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਬੀਆਰਡੀ ਮੈਡੀਕਲ ਕਾਲਜ ਵਿਖੇ ਇਨਸੇਫਲਾਈਟਿਸ ਬਾਰੇ ਰਿਪੋਰਟਿੰਗ ਕਰਦੇ ਆਏ ਸਿੰਘ ਨੇ ਕਿਹਾ,“ਜੇ ਹਸਪਤਾਲ ਕੋਲ਼ ਲੁਕਾਉਣ ਨੂੰ ਕੁਝ ਵੀ ਨਹੀਂ ਹੈ ਤਾਂ ਉਹ ਅੰਕੜੇ ਕਿਉਂ ਨਹੀਂ ਬਾਹਰ ਕੱਢਦੇ ਜਿਵੇਂ ਪਹਿਲਾਂ ਕੱਢਿਆ ਕਰਦੇ ਸਨ?” ਉਨ੍ਹਾਂ ਨੇ 2019 ਦੀ ਸੂਚੀ ਵਿੱਚ ਏਐੱਫਆਈ ਰੋਗੀਆਂ ਦੇ ਨਾਲ਼ ਸੂਚੀਬੱਧ ਕੀਤੇ ਗਏ 1,711 ਵਿੱਚੋਂ ਜੇਈ ਦੇ 288 ਮਾਮਲਿਆਂ ਵੱਲ ਵੀ ਇਸ਼ਾਰਾ ਕੀਤਾ।

ਹਾਲਾਂਕਿ ਯੂਪੀ ਅੰਦਰ ਉਸ ਸਾਲ ਸਿਰਫ਼ 235 ਜੇਈ ਮਾਮਲੇ ਹੀ ਦਰਜ ਕੀਤੇ ਦਿਖਾਏ ਗਏ।

“ਇਸ ਗੱਲ ਦੀ ਵੀ ਸੰਭਾਵਨਾ ਹੈ ਕਿ 288 ਮਰੀਜ਼ਾਂ (ਬੀਆਰਡੀ) ਵਿੱਚੋਂ ਕੁਝ ਯੂਪੀ ਦੇ ਨਾ ਹੋਣ, ਕਿਉਂਕਿ ਮੈਡੀਕਲ ਕਾਲਜ ਵਿੱਚ ਪੱਛਮੀ ਬਿਹਾਰ ਅਤੇ ਨੇਪਾਲ ਦੇ ਵੀ ਮਰੀਜ਼ ਆਉਂਦੇ ਹਨ,” ਸਿੰਘ ਨੇ ਕਿਹਾ। “ਪਰ ਬਹੁਤੇਰੇ ਮਾਮਲੇ ਇਸੇ ਰਾਜ (ਯੂਪੀ) ਤੋਂ ਆਉਂਦੇ ਹਨ। ਇਸਲਈ ਇਹ ਅੰਕੜੇ ਖ਼ਦਸ਼ੇ ਪੈਦਾ ਕਰਦੇ ਹਨ।”

ਬੀਆਰਡੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਗਣੇਸ਼ ਕੁਮਾਰ ਨੇ ਕਿਹਾ: “ਬਿਹਾਰ ਅਤੇ ਨੇਪਾਲ ਤੋਂ ਆਉਣ ਵਾਲ਼ੇ ਮਾਮਲਿਆਂ ਦੀ ਸਹੀ ਸਹੀ ਗਿਣਤੀ ਦੱਸਣਾ ਮੁਸ਼ਕਲ ਕੰਮ ਹੈ,” ਫਿਰ ਵੀ ਉਹ ਆਮ ਤੌਰ ’ਤੇ “10 ਫ਼ੀਸਦ ਤੋਂ ਵੱਧ ਨਹੀਂ ਹੁੰਦੇ।”

ਇਸ ਕਾਰਨ ਕਰਕੇ ਏਈਐੱਸ ਮਾਮਲਿਆਂ ਦੀ ਗ਼ਲਤ ਰਿਪੋਰਟਿੰਗ ਜਾਂ ਗ਼ਲਤ ਗਿਣਤੀ ਦੀਆਂ ਚਿੰਤਾਵਾਂ ਵੱਧ ਜ਼ਰੂਰ ਜਾਂਦੀਆਂ ਹਨ।

*****

PHOTO • Parth M.N.

ਸ਼ੋਭਾ ਆਪਣੇ ਛੋਟੇ ਪੁੱਤ ਕੁਨਾਲ ਦੇ ਨਾਲ਼। ਉਹ ਸਹਿਮੀ ਰਹਿੰਦੀ ਹਨ ਕਿ ਮਾਨਸੂਨ ਮਹੀਨਿਆਂ ਵਿੱਚ ਛੋਟੇ ਬੇਟੇ ਨੂੰ ਇਨਸੇਫਲਾਈਟਿਸ ਬੀਮਾਰੀ ਦਾ ਖ਼ਤਰਾ ਹੋ ਸਕਦਾ ਹੈ

ਏਈਐੱਸ ਮਾਮਲਿਆਂ ਨੂੰ ਏਐੱਫ਼ਆਈ ਸਮਝ ਕੇ ਇਲਾਜ ਕਰਨ ਦੇ ਦੂਰਗਾਮੀ ਨਤੀਜੇ ਭੁਗਤਣੇ ਪੈਣੇ ਹਨ। “ਏਈਐੱਸ ਅਤੇ ਏਐੱਫ਼ਆਈ ਇਲਾਜ ਵਿਚਾਲੇ ਸਭ ਤੋਂ ਵੱਡਾ ਫ਼ਰਕ ਹੈ ਮੈਨੀਟੋਲ ਨਾਮਕ ਦਵਾਈ, ਜੋ ਦਿਮਾਗ਼ ਦੀ ਸੋਜਸ਼ ਨੂੰ ਰੋਕਦੀ ਹੈ। ਜਿਸ ਵੇਲ਼ੇ ਇਸ ਦਵਾਈ ਦੀ ਵਰਤੋਂ ਕੀਤੀ ਜਾਂਦੀ ਹੈ, ਸਮਝੋ ਮਾਮਲਾ ਏਈਐੱਸ ਦਾ ਹੈ,” ਕਫ਼ੀਲ ਖ਼ਾਨ ਨੇ ਕਿਹਾ। “ਏਈਐੱਸ ਦੇ ਮਰੀਜ ਦਾ ਏਐੱਫ਼ਾਈ ਮਾਮਲੇ ਵਾਂਗਰ ਇਲਾਜ ਕੀਤੇ ਜਾਣ ਦਾ ਮਤਲਬ ਮੈਨੀਟੋਲ ਦਾ ਇਸਤੇਮਾਲ ਨਹੀਂ ਕਰਨਾ ਹੁੰਦਾ ਹੈ। ਜੇ ਲੋੜ ਪੈਣ ’ਤੇ ਤੁਸੀਂ ਇਹਦੀ ਵਰਤੋਂ ਨਹੀਂ ਕਰਦੇ ਤਾਂ ਸਮਝੋ ਕਿ ਜੇਕਰ ਬੱਚਾ ਜ਼ਿੰਦਾ ਰਹਿ ਵੀ ਗਿਆ ਤਾਂ ਬਾਕੀ ਦੀ ਰਹਿੰਦੀ ਜ਼ਿੰਦਗੀ ਅਪੰਗ ਰਹਿ ਕੇ ਗੁਜ਼ਾਰੇਗਾ।”

ਇਨਸੇਫਲਾਈਟਿਸ ਮਰੀਜ਼ ਦਾ ਪਰਿਵਾਰ ਬਗ਼ੈਰ ਏਈਐੱਸ ਦਾ ਨੰਬਰ ਦਿੱਤਿਆਂ ਸਰਕਾਰੀ ਮੁਆਵਜ਼ੇ ਦਾ ਬਿਨੈ ਨਹੀਂ ਕਰ ਸਕਦਾ। ਮੌਤ ਹੋ ਜਾਣ ਦੀ ਸੂਰਤ ਵਿੱਚ, ਪੀੜਤ ਪਰਿਵਾਰ ਰਾਜ ਸਰਕਾਰ ਪਾਸੋਂ 50,000 ਰੁਪਏ ਦਾ ਮੁਆਵਜ਼ਾ ਪਾਉਣ ਦਾ ਹੱਕਦਾਰ ਹੁੰਦਾ ਹੈ ਅਤੇ ਇਸ ਬੀਮਾਰੀ ਤੋਂ ਜੀਵਤ ਬਚੇ ਬੱਚੇ ਨੂੰ 1 ਲੱਖ ਰੁਪਿਆ ਮਿਲ਼ਦਾ ਹੈ ਕਿਉਂਕਿ ਉਹ ਇਨਸੇਫਲਾਈਟਿਸ ਜਿਹੀ ਬੀਮਾਰੀ ਦੇ ਅਸਰਾਤਾਂ ਦਾ ਲੰਬੇ ਸਮੇਂ ਤੱਕ ਸਾਹਮਣਾ ਕਰਦਾ ਹੈ।

ਏਈਐੱਸ ਬੀਮਾਰੀ ਮੁੱਖ ਰੂਪ ਨਾਲ਼ ਗ਼ਰੀਬ ਤਬਕੇ ਅਤੇ ਹਾਸ਼ੀਆਗਤ ਲੋਕਾਂ ਨੂੰ ਹੀ ਆਪਣਾ ਸ਼ਿਕਾਰ ਬਣਾਉਂਦਾ ਹੈ, ਜਿਨ੍ਹਾਂ ਨੂੰ ਮੁਆਵਜ਼ੇ ਦੀ ਸਖ਼ਤ ਲੋੜ ਹੁੰਦੀ ਹੈ।

ਸ਼ੋਭਾ ਉਨ੍ਹਾਂ ਵਿੱਚੋਂ ਇੱਕ ਹਨ।

ਅਯੂਸ਼ ਨੂੰ ਬੀਆਰਡੀ ਮੈਡੀਕਲ ਕਾਲਜ ਲਿਜਾਏ ਜਾਣ ਤੋਂ ਪਹਿਲਾਂ, ਸ਼ੋਭਾ ਨੇ ਦੋ ਵੱਖਰੇ ਵੱਖਰੇ ਨਿੱਜੀ ਹਸਪਤਾਲਾਂ ਵਿੱਚ ਕਰੀਬ 1 ਲੱਖ ਰੁਪਿਆ ਖਰਚਿਆ। “ਅਸੀਂ ਆਪਣੇ ਰਿਸ਼ਤੇਦਾਰਾਂ ਪਾਸੋਂ ਉਧਾਰ ਚੁੱਕਿਆ,” ਨਿਸ਼ਾਦ ਭਾਈਚਾਰੇ ਨਾਲ਼ ਤਾਅਲੁੱਕ ਰੱਖਣ ਵਾਲ਼ੀ ਸ਼ੋਭਾ ਨੇ ਕਿਹਾ, ਜੋ ਭਾਈਚਾਰਾ ਉੱਤਰ ਪ੍ਰਦੇਸ਼ ਦੇ ਪਿਛੜੇ ਵਰਗ ਵਜੋਂ ਸੂਚੀਬੱਧ ਹੈ। ਰਵੀ, ਉਨ੍ਹਾਂ ਦੇ ਪਤੀ, ਆਪਣੇ ਪਿੰਡ ਤੋਂ 75 ਕਿਲੋਮੀਟਰ ਦੂਰ ਆਜ਼ਮਗੜ੍ਹ ਜ਼ਿਲ੍ਹੇ ਦੇ ਮੁਬਾਰਕਪੁਰ ਕਸਬੇ ਵਿੱਚ ਕੱਪੜੇ ਦੀ ਛੋਟੀ ਜਿਹੀ ਹੱਟੀ ਚਲਾਉਂਦੇ ਹਨ। ਉਹ ਮਹੀਨੇ ਦਾ 4,000 ਰੁਪਏ ਕਮਾਉਂਦੇ ਹਨ।

ਜੇ ਅਯੂਸ਼ ਨੂੰ ਏਈਐੱਸ ਨੰਬਰ ਮਿਲ਼ਿਆ ਹੁੰਦਾ ਤਾਂ ਸ਼ੋਭਾ ਘੱਟੋ-ਘੱਟ ਆਪਣੇ ਦਿਓਰ ਦੇ 50,000 ਰੁਪਏ ਤਾਂ ਮੋੜ ਪਾਉਂਦੀ। “ਮੇਰੇ ਦਿਓਰ ਨੇ ਇਹ ਪੈਸੇ ਆਪਣੀ ਪੜ੍ਹਾਈ ਲਈ ਜੋੜੇ ਸਨ। ਅਸੀਂ ਉਹ ਪੈਸੇ ਵੀ ਖਰਚ ਲਏ।”

ਪਰਿਵਾਰ ਕੋਲ਼ ਇੱਕ ਏਕੜ ਤੋਂ ਘੱਟ ਜ਼ਮੀਨ ਹੈ, ਜਿੱਥੇ ਉਹ ਆਪਣੇ ਗੁਜ਼ਾਰੇ ਜੋਗੀ ਕਣਕ ਉਗਾਉਂਦੇ ਹਨ। “ਅਸੀਂ ਇੱਕ ਸਾਲ ਵਿੱਚ ਇੱਕੋ ਫ਼ਸਲ ਬੀਜਦੇ ਹਾਂ ਕਿਉਂਕਿ ਮਾਨਸੂਨ ਮੌਕੇ ਸਾਡੀ ਜ਼ਮੀਨ ਡੁੱਬ ਜਾਂਦੀ ਹੈ,” ਸ਼ੋਭਾ ਨੇ ਕਿਹਾ ਅਤੇ ਗੱਲਾਂ ਕਰਦੇ ਕਰਦੇ ਉਹ ਆਪਣੇ ਘਰ (ਬ੍ਰਹਮਸਾਰੀ ਵਿਖੇ) ਦੇ ਬਾਹਰ ਲੱਗਾ ਨਲਕਾ ਵੀ ਗੇੜੀ ਜਾਂਦੀ ਹਨ।

PHOTO • Parth M.N.
PHOTO • Parth M.N.

ਕਰਮਬੀਰ ਬੇਲਦਾਰ, ਬੇਲਘਾਟ ਗ੍ਰਾਮ ਪੰਚਾਇਤ ਵਿਖੇ ਆਪਣੇ ਘਰ ਦੇ ਬਾਹਰ। ਉਨ੍ਹਾਂ ਦੀ ਪੰਜ ਸਾਲਾ ਭਤੀਜੀ ਰੀਆ ਦੀ ਵੀ ਪਿਛਲੇ ਸਾਲ ਇਨਸੇਫਲਾਈਟਸ ਨਾਲ ਮੌਤ ਹੋ ਗਈ ਸੀ। ਮੌਤ ਦੇ ਸਰਟੀਫ਼ਿਕੇਟ ਵਿੱਚ ਭਾਵੇਂ ਇਨਸੇਫਲਾਈਟਸ ਦਾ ਜ਼ਿਕਰ ਤੱਕ ਨਾ ਕੀਤਾ ਜਾਵੇ ਪਰ ਬੱਚੇ ਤਾਂ ਹਰ ਆਉਂਦੇ ਸਾਲ ਮਰ ਰਹੇ ਹਨ

ਪਿੰਡ ਤੋਂ ਕਰੀਬ ਪੰਜ ਕਿਲੋਮੀਟਰ ਦੂਰ ਬੇਲਘਾਟ ਗ੍ਰਾਮ ਪੰਚਾਇਤ ਵਿਖੇ, 26 ਸਾਲਾ ਕਰਮਬੀਰ ਬੇਲਦਾਰ ਨੂੰ ਚੇਤੇ ਹੈ ਕਿ ਕਿਵੇਂ ਉਨ੍ਹਾਂ ਨੇ ਬੀਆਰਡੀ ਕਾਲਜ ਦੇ ਡਾਕਟਰਾਂ ਅੱਗੇ ਆਪਣੀ ਭਤੀਜੀ ਦੀ ਹਾਲਤ ਦੱਸੇ ਜਾਣ ਲਈ ਹਾੜੇ ਕੱਢੇ ਸਨ। ਪਰ ਕਿਤਿਓਂ ਕੋਈ ਜਵਾਬ ਨਾ ਮਿਲ਼ਿਆ- ਜੋ ਮਿਲ਼ਿਆ ਉਹ ਸੀ ਰੀਆ ਦੀ ਮੌਤ।

ਉਨ੍ਹਾਂ ਦੀ ਪੰਜ ਸਾਲਾ ਭਤੀਜੀ ਰੀਆ ਨੂੰ ਅਗਸਤ 2021 ਨੂੰ ਤਾਪ ਚੜ੍ਹਿਆ ਅਤੇ ਫਿਰ ਉਹਨੂੰ ਦੌਰੇ ਪੈਣ ਲੱਗੇ। “ਲੱਛਣ ਬਿਲਕੁਲ ਏਈਐੱਸ ਜਿਹੇ ਹੀ ਸਨ,” ਉਨ੍ਹਾਂ ਨੇ ਕਿਹਾ। “ਮਾਨਸੂਨ ਦਾ ਮੌਸਮ ਸੀ ਅਤੇ ਗੰਦਾ ਪਾਣੀ ਸਾਡੇ ਘਰ ਦੇ ਅੰਦਰ ਸਾਰੇ ਪਾਸੇ ਖਿਲਰਿਆ ਪਿਆ ਸੀ। ਅਸੀਂ ਉਹਨੂੰ ਫ਼ੌਰਨ ਸੀਐੱਚਸੀ ਲੈ ਗਏ, ਜਿੱਥੇ ਉਨ੍ਹਾਂ ਨੂੰ ਸਾਨੂੰ ਬੀਆਰਡੀ ਰੈਫਰ ਕਰ ਦਿੱਤਾ।”

ਰੀਆ ਨੂੰ ਹਸਤਪਾਲ ਦੇ ਬਾਲ ਰੋਗ ਵਾਰਡ ਵਿੱਚ ਭਰਤੀ ਕੀਤਾ ਗਿਆ ਸੀ। “ਅਸੀਂ ਡਾਕਟਰਾਂ ਨੂੰ ਪੁੱਛਿਆ ਕਿ ਕੀ ਹੋਇਆ ਹੈ, ਪਰ ਉਨ੍ਹਾਂ ਨੇ ਕਦੇ ਕੁਝ ਦੱਸਿਆ ਹੀ ਨਹੀਂ ਸੀ,” ਬੇਲਦਾਰ ਨੇ ਕਿਹਾ। “ਜਦੋਂ ਅਸੀਂ ਸਵਾਲ ਪੁੱਛਦੇ ਉਹ ਸਾਨੂੰ ਵਾਰਡ ਵਿੱਚੋਂ ਕੱਢ ਬਾਹਰ ਕਰਦੇ। ਇੱਕ ਸਟਾਫ਼ ਕਰਮੀ ਇੱਥੋਂ ਤੱਕ ਕਹਿੰਦਾ ਕਿ ਮੈਂ ਇਲਾਜ ਹੋਣ ਦੇਣਾ ਵੀ ਹੈ ਜਾਂ ਨਹੀਂ।”

ਭਰਤੀ ਹੋਣ ਦੇ ਇੱਕ ਦਿਨ ਬਾਅਦ ਰੀਆ ਦੀ ਮੌਤ ਹੋ ਗਈ। ਉਹਦੀ ਮੌਤ ਦਾ ਸਰਟੀਫ਼ਿਕੇਟ ਮੌਤ ਦਾ ਕਾਰਨ ‘ਸੈਪਟਿਕ ਸ਼ੌਕ ਕਰੱਸ਼ ਫੇਲਯਰ’ ਦੱਸਦਾ ਹੈ। “ਮੈਨੂੰ ਤਾਂ ਇਸ ਕਾਰਨ ਦਾ ਮਤਲਬ ਵੀ ਨਹੀਂ ਪਤਾ,” ਬੇਲਦਾਰ ਨੇ ਕਿਹਾ। “ਇੰਨੇ ਭੇਦ ਰੱਖਣ ਦਾ ਕੀ ਕਾਰਨ ਹੈ? ਮੌਤ ਦੇ ਸਰਟੀਫ਼ਿਕੇਟ ਵਿੱਚ ਕਿਤੇ ਵੀ ਇਨਸੇਫਲਾਈਟਸ ਦਾ ਜ਼ਿਕਰ ਤੱਕ ਨਹੀਂ, ਪਰ ਬੱਚੇ ਤਾਂ ਹਰ ਆਉਂਦੇ ਸਾਲ ਮਰ ਰਹੇ ਹਨ।”

ਇਹੀ ਡਰ ਹੁਣ ਸ਼ੋਭਾ ਨੂੰ ਸਤਾਉਂਦਾ ਹੈ।

ਅਯੂਸ਼ ਤਾਂ ਚਲਾ ਗਿਆ ਪਰ ਉਨ੍ਹਾਂ ਨੂੰ ਆਪਣੇ ਛੋਟੇ ਬੇਟਿਆਂ, ਰਾਜਵੀਰ (5 ਸਾਲਾ) ਅਤੇ ਕੁਨਾਲ (3 ਸਾਲਾ) ਦੀ ਫ਼ਿਕਰ ਸਤਾਉਂਦੀ ਹੈ। ਕੁਝ ਵੀ ਤਾਂ ਨਹੀਂ ਬਦਲਿਆ। ਮਾਨਸੂਨ ਰੁੱਤੇ ਉਨ੍ਹਾਂ ਦਾ ਪਿੰਡ ਅਜੇ ਵੀ ਜਿਲ੍ਹਣ ਬਣ ਜਾਂਦਾ ਹੈ-ਪਾਣੀ ਦੂਸ਼ਿਤ ਹੋ ਜਾਂਦਾ ਹੈ ਅਤੇ ਨਲਕਾ ਗੇੜ੍ਹ ਗੇੜ੍ਹ ਕੇ ਉਹ ਇਹੀ ਦੂਸ਼ਿਤ ਪਾਣੀ ਵਰਤਣ ਲਈ ਮਜ਼ਬੂਰ ਹਨ। ਜਿਨ੍ਹਾਂ ਹਾਲਾਤਾਂ ਨੇ ਅਯੂਸ਼ ਦੀ ਜਾਨ ਲਈ ਉਹੀ ਖ਼ਤਰਾ ਹੁਣ ਉਹਦੇ ਛੋਟੇ ਭਰਾਵਾਂ ਸਿਰ ਮੰਡਰਾ ਰਿਹਾ ਹੈ। ਫਿਰ ਨਤੀਜਾ ਕੀ ਨਿਕਲ਼ਣਾ ਹੈ ਇਹ ਸ਼ੋਭਾ ਕਿਸੇ ਹੋਰ ਨਾਲ਼ੋਂ ਬਿਹਤਰ ਜਾਣਦੀ ਹਨ।

ਪਾਰਥ ਐਮ. ਐਨ. ਠਾਕੁਰ ਫੈਮਿਲੀ ਫਾਊਂਡੇਸ਼ਨ ਤੋਂ ਪ੍ਰਾਪਤ ਸੁਤੰਤਰ ਪੱਤਰਕਾਰੀ ਗ੍ਰਾਂਟ ਰਾਹੀਂ ਜਨਤਕ ਸਿਹਤ ਅਤੇ ਨਾਗਰਿਕ ਆਜ਼ਾਦੀ ਬਾਰੇ ਲਿਖਦੇ ਹਨ। ਠਾਕੁਰ ਫੈਮਿਲੀ ਫਾਊਂਡੇਸ਼ਨ ਇਸ ਰਿਪੋਰਟ ਦੀ ਸਮੱਗਰੀ ’ਤੇ ਕੋਈ ਸੰਪਾਦਕੀ ਦਾਅਵਾ ਨਹੀਂ ਕਰਦੀ ਹੈ। .

ਤਰਜਮਾ: ਕਮਲਜੀਤ ਕੌਰ

Reporter : Parth M.N.

Parth M.N. is a 2017 PARI Fellow and an independent journalist reporting for various news websites. He loves cricket and travelling.

Other stories by Parth M.N.
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur