ਦਕਸ਼ੀਨਾ ਕੰਨੜ ਜ਼ਿਲ੍ਹੇ ਦੀ ਇਸ ਬੇਲਤਾਂਗੜੀ ਤਾਲੁਕਾ ਦੀਆਂ ਇਨ੍ਹਾਂ ਹਰੀਆਂ-ਭਰੀਆਂ ਪਹਾੜੀਆਂ ਵਿੱਚ ਹੁਣ ਗਾਵਾਂ ਦੇ ਗਲ਼ੇ ਦੀਆਂ ਟੱਲੀਆਂ ਦੀ ਅਵਾਜ਼ ਘੱਟ ਹੀ ਸੁਣਨ ਨੂੰ ਮਿਲ਼ਦੀ ਹੈ। ''ਹੁਣ ਇਹ ਟੱਲੀਆਂ ਕੋਈ ਵੀ ਨਹੀਂ ਬਣਾਉਂਦਾ,'' ਹੁਕਰੱਪਾ ਕਹਿੰਦੇ ਹਨ। ਪਰ ਜਿਸ ਟੱਲੀ ਬਾਰੇ ਉਹ ਗੱਲ ਕਰ ਰਹੇ ਹਨ ਉਹ ਟੱਲੀ ਕੋਈ ਸਧਾਰਣ ਘੰਟੀ ਨਹੀਂ ਹੈ। ਉਨ੍ਹਾਂ ਦੇ ਪਿੰਡ ਸ਼ਿਬਾਜੇ ਵਿਖੇ ਡੰਗਰਾਂ ਦੇ ਗਲ਼ੇ ਵਿੱਚ ਬੱਝੀਆਂ ਟੱਲੀਆਂ ਧਾਤੂ ਦੀਆਂ ਨਹੀਂ ਹੁੰਦੀਆਂ- ਸਗੋਂ ਬਾਂਸ ਤੋਂ ਬਣਾਈਆਂ ਗਈਆਂ ਹੁੰਦੀਆਂ ਹਨ ਅਤੇ ਪਿਛਲੇ ਕੁਝ ਸਾਲਾਂ ਤੋਂ ਸੁਪਾਰੀ ਦੇ ਕਿਸਾਨ, ਹੁਕਰੱਪਾ ਜੋ ਆਪਣੀ ਉਮਰ ਦੇ 70ਵਿਆਂ ਵਿੱਚ ਹਨ, ਅਨੋਖੀ ਕਿਸਮ ਦੀਆਂ ਟੱਲੀਆਂ ਬਣਾਉਂਦੇ ਆ ਰਹੇ ਹਨ।

''ਪਹਿਲਾਂ ਮੈਂ ਡੰਗਰ ਚਾਰਿਆ ਕਰਦਾ ਸਾਂ,'' ਹੁਕਰੱਪਾ ਕਹਿੰਦੇ ਹਨ। ''ਕਦੇ ਕਦੇ ਅਸੀਂ ਚਰਨ ਗਈਆਂ ਗਾਵਾਂ ਨੂੰ ਲੱਭ ਨਾ ਪਾਉਂਦੇ ਅਤੇ ਉਦੋਂ ਹੀ ਸਾਨੂੰ ਉਨ੍ਹਾਂ ਦੇ ਗਲ਼ੇ ਵਿੱਚ ਬਾਂਸ ਦੀਆਂ ਟੱਲੀਆਂ ਬੰਨ੍ਹਣ ਦਾ ਵਿਚਾਰ ਆਇਆ।'' ਟੱਲੀਆਂ ਦੀ ਅਵਾਜ਼ ਨਾਲ਼ ਗਾਵਾਂ ਨੂੰ ਲੱਭਣਾ ਸੁਖ਼ਾਲਾ ਹੋ ਜਾਂਦਾ ਅਤੇ ਜੋ ਗਾਵਾਂ ਪਹਾੜੀਆਂ ਵਿੱਚ ਗੁਆਚ ਗਈਆਂ ਹੁੰਦੀਆਂ ਜਾਂ ਹੋਰਨਾਂ ਦੇ ਖੇਤਾਂ ਵਿੱਚ ਵੜ੍ਹ ਗਈਆਂ ਹੁੰਦੀਆਂ, ਉਨ੍ਹਾਂ ਤੱਕ ਪਹੁੰਚਣਾ ਸੌਖ਼ਾ ਹੋ ਜਾਂਦਾ। ਉਦੋਂ ਹੀ ਪਿੰਡ ਦੇ ਇੱਕ ਬਜ਼ੁਰਗ ਵਿਅਕਤੀ ਨੇ ਉਨ੍ਹਾਂ ਨੂੰ ਟੱਲੀਆਂ ਬਣਾਉਣ ਦੀ ਕਲ਼ਾ ਸਿਖਾਈ ਅਤੇ ਉਨ੍ਹਾਂ ਨੇ ਖ਼ੁਦ ਕੁਝ ਟੱਲੀਆਂ ਬਣਾ ਕੇ ਦਿਖਾਈਆਂ। ਸਮੇਂ ਦੇ ਨਾਲ਼ ਹੁਕਰੱਪਾ ਵੰਨ-ਸੁਵੰਨੀਆਂ ਟੱਲੀਆਂ ਬਣਾਉਣੀਆਂ ਸਿੱਖ ਗਏ। ਕੰਮ ਮਦਦਗਾਰ ਤਾਂ ਬਣਿਆਂ ਕਿਉਂਕਿ ਉਦੋਂ ਬਾਂਸ ਮਿਲ਼ਣੇ ਸੁਖ਼ਾਲ਼ੇ ਸਨ ਇਸਲਈ ਕੋਈ ਸਮੱਸਿਆ ਨਹੀਂ ਹੋਈ। ਉਨ੍ਹਾਂ ਦਾ ਪਿੰਡ ਬੇਲਤਾਂਗੜੀ ਕੁਦ੍ਰੇਮੁਖ ਨੈਸ਼ਨਲ ਪਾਰਕ ਵਿੱਚ ਪੈਂਦਾ ਹੈ ਜੋ ਕਰਨਾਟਕ ਦਾ ਪੱਛਮੀ ਭਾਗ ਹੈ ਅਤੇ ਉੱਥੇ ਤਿੰਨ ਕਿਸਮਾਂ ਦੇ ਬਾਂਸ ਪਾਏ ਜਾਂਦੇ ਹਨ।

ਹੁਕਰੱਪਾ ਤੁਲੁ ਭਾਸ਼ਾ ਬੋਲਦੇ ਹਨ। ਇਸ ਭਾਸ਼ਾ ਵਿੱਚ ਬਾਂਸ ਦੀ ਇਸ ਘੰਟੀ ਨੂੰ ‘ਮੋਂਟੇ’ ਕਿਹਾ ਜਾਂਦਾ ਹੈ। ਇਸ ਘੰਟੀ ਦਾ ਸ਼ਿਬਾਜ਼ੇ ਵਿਖੇ ਵਿਸ਼ੇਸ਼ ਥਾਂ ਹੈ। ਇੱਥੇ ਦੇਵੀ ਦੁਰਗਾ ਦੇ ਮੰਦਰ ਵਿਖੇ ਇਸ ਘੰਟੀ ਨੂੰ ਦੇਵੀ ਨੂੰ ਚੜ੍ਹਾਉਣ ਦੀ ਪਰੰਪਰਾ ਹੈ। ਮੰਦਰ ਦੇ ਅੰਦਰ ‘ਮੋਂਟੇਟਾਡਕਾ’ ਕਿਹਾ ਜਾਂਦਾ ਹੈ। ਭਗਤ ਆਪਣੇ ਡੰਗਰਾਂ ਦੀ ਰੱਖਿਆ ਵਾਸਤੇ ਅਰਦਾਸ ਕਰਦੇ ਹਨ ਅਤੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਪਾਉਂਦੇ ਹਨ। ਕੁਝ ਲੋਕ ਆਪਣੀਆਂ ਟੱਲੀਆਂ ਹੁਕਰੱਪਾ ਹੱਥੋਂ ਬਣਵਾਉਂਦੇ ਹਨ। “ਲੋਕ ਇਹਨੂੰ ਹਰਕੇ ਵਾਸਤੇ ਖਰੀਦਦੇ ਹਨ। ਜਦੋਂ ਗਾਂ ਸੂਵੇ ਨਾ ਤਾਂ ਉਹ ਦੇਵੀ ਨੂ ਚੜ੍ਹਾਵਾ ਚੜ੍ਹਾਉਂਦੇ ਹਨ,” ਉਹ ਕਹਿੰਦੇ ਹਨ।  “ਉਹ ਇੱਕ ਘੰਟੀ ਬਦਲੇ 50 ਰੁਪਏ ਤੱਕ ਦਿੰਦੇ ਹਨ। ਵੱਡੀ ਘੰਟੀ 70 ਰੁਪਏ ਵਿੱਚ ਵਿਕਦੀ ਹੈ।”

ਵੀਡਿਓ ਦੇਖੋ : ਸ਼ਿਬਾਜੇ ਦੀ ਗਾਵਾਂ ਦੀ ਘੰਟੀ ਬਣਾਉਣ ਵਾਲ਼ੇ

ਖੇਤੀ ਸ਼ੁਰੂ ਕਰਨ ਅਤੇ ਬਾਂਸ ਦੀਆਂ ਟੱਲੀਆਂ ਬਣਾਉਣੀਆਂ ਸ਼ੁਰੂ ਕਰਨ ਤੋਂ ਪਹਿਲਾਂ ਹੁਕਰੱਪਾ ਡੰਗਰ ਚਰਾਉਂਦੇ ਸਨ। ਇਹੀ ਉਨ੍ਹਾਂ ਦੀ ਰੋਜ਼ੀ-ਰੋਟੀ ਦਾ ਵਸੀਲਾ ਸੀ। ਉਨ੍ਹਾਂ ਨੇ ਆਪਣੇ ਵੱਡੇ ਭਰਾ ਨਾਲ਼ ਰਲ਼ ਕੇ ਪਿੰਡ ਦੇ ਹੋਰਨਾਂ ਲੋਕਾਂ ਦੀਆਂ ਗਾਵਾਂ ਨੂੰ ਚਰਾਉਣ ਦਾ ਕੰਮ ਕੀਤਾ। “ਸਾਡੇ ਕੋਲ਼ ਆਪਣੀ ਕੋਈ ਜ਼ਮੀਨ ਨਹੀਂ ਸੀ। ਸਾਡਾ 10 ਜਣਿਆਂ ਦਾ ਟੱਬਰ ਸੀ, ਫਿਰ ਵੀ ਕਦੇ ਵੀ ਰੱਜਵੀਂ ਰੋਟੀ ਨਸੀਬ ਨਾ ਹੋਈ। ਮੇਰੇ ਪਿਤਾ ਬਤੌਰ ਮਜ਼ਦੂਰ ਕੰਮ ਕਰਦੇ ਅਤੇ ਮੇਰੀ ਵੱਡੀ ਭੈਣ ਵੀ ਨਾਲ਼ ਜਾਇਆ ਕਰਦੀ,” ਉਹ ਕਹਿੰਦੇ ਹਨ। ਬਾਅਦ ਵਿੱਚ, ਪਿੰਡ ਦੇ ਇੱਕ ਜ਼ਿੰਮੀਂਦਾਰ ਨੇ ਉਨ੍ਹਾਂ ਨੂੰ ਜ਼ਮੀਨ ਦਾ ਇੱਕ ਟੁਕੜਾ ਪੱਟੇ 'ਤੇ ਦੇ ਦਿੱਤਾ। ਉੱਥੇ ਉਨ੍ਹਾਂ ਨੇ ਸੁਪਾਰੀ ਦੀ ਖੇਤੀ ਸ਼ੁਰੂ ਕੀਤੀ। “ਬਤੌਰ ਕਿਰਾਇਆ ਉਨ੍ਹਾਂ ਨੂੰ ਹਿੱਸਾ ਦਿੱਤਾ ਗਿਆ। ਇੰਝ ਅਸੀਂ 10 ਸਾਲ ਕੀਤਾ। ਜਦੋਂ 1970 ਵਿੱਚ ਇੰਦਰਾ ਗਾਂਧੀ ਨੇ ਭੂ-ਸੁਧਾਰ ਕੀਤਾ ਤਾਂ ਸਾਨੂੰ ਜ਼ਮੀਨ ਦੀ ਮਾਲਕ ਮਿਲ਼ ਗਈ,” ਉਹ ਕਹਿੰਦੇ।

ਡੰਗਰਾਂ ਦੀਆਂ ਇਨ੍ਹਾਂ ਟੱਲੀਆਂ ਤੋਂ ਕੋਈ ਬਹੁਤੀ ਆਮਦਨੀ ਨਹੀਂ ਹੁੰਦੀ। “ਹੁਣ ਬਾਂਸ ਦੀਆਂ ਟੱਲੀਆਂ ਬਣਾਉਣ ਦਾ ਕੰਮ ਕੋਈ ਵੀ ਨਹੀਂ ਕਰਦਾ। ਮੇਰੇ ਬੱਚਿਆਂ ਨੇ ਵੀ ਇਹ ਕਲਾ ਨਹੀਂ ਸਿੱਖੀ। ਬਾਕੀ ਹੁਣ ਬਾਂਸ ਵੀ ਸੁਖਾਲੇ ਨਹੀਂ ਮਿਲ਼ਦੇ ਕਿਉਂਕਿ ਉਹ ਮਰ ਰਹੇ ਹਨ। ਅੱਜਕੱਲ੍ਹ ਬਾਂਸ ਲੱਭਣ ਵਾਸਤੇ ਤੁਹਾਨੂੰ 7-8 ਮੀਲ ਦੀ ਦੂਰੀ ਤੈਅ ਕਰਨੀ ਪੈਂਦੀ ਹੈ ਅਤੇ ਖ਼ਦਸ਼ੇ ਇਹ ਵੀ ਹਨ ਕੀ ਆਉਣ ਵਾਲ਼ੇ ਸਮੇਂ ਵਿੱਚ ਬਾਂਸ ਮਿਲ਼ੇਗਾ ਵੀ ਜਾਂ ਨਹੀਂ, ” ਹੁਕਰੱਪਾ ਕਹਿੰਦੇ ਹਨ।

ਪਰ ਹੁਕਰੱਪਾ ਦੇ ਕੁਸ਼ਲ ਹੱਥ ਜੋ ਇਸ ਚੀੜੇ ਘਾਹ (ਬਾਂਸ) ਨੂੰ ਕੱਟਦੇ ਅਤੇ ਬੜੇ ਸਲੀਕੇ ਨਾਲ਼ ਟੁਕੜਿਆਂ ਵਿੱਚ ਕੱਟਦੇ ਹਨ, ਫਿਰ ਇਨ੍ਹਾਂ ਨੂੰ ਮਨ-ਚਾਹਿਆ ਅਕਾਰ ਦਿੰਦੇ ਹਨ, ਉਨ੍ਹਾਂ ਕਾਰਨ ਹੀ ਅੱਜ ਸ਼ਿਬਾਜੇ ਵਿਖੇ ਟੱਲੀਆਂ ਦੀ ਖਣਕ ਜ਼ਿਊਂਦੀ ਹੈ। ਇਨ੍ਹਾਂ ਟੱਲੀਆਂ ਦੀ ਅਵਾਜ਼ ਅੱਜ ਵੀ ਬੇਤਲਾਂਗੜੀ ਜੰਗਲਾਂ ਵਿੱਚ ਗੂੰਜਦੀ ਹੈ।

ਤਰਜਮਾ: ਕਮਲਜੀਤ ਕੌਰ

Reporter : Vittala Malekudiya

Vittala Malekudiya is a journalist and 2017 PARI Fellow. A resident of Kuthlur village in Kudremukh National Park, in Beltangadi taluk of Dakshina Kannada district, he belongs to the Malekudiya community, a forest-dwelling tribe. He has an MA in Journalism and Mass Communication from Mangalore University and currently works in the Bengaluru office of the Kannada daily ‘Prajavani’.

Other stories by Vittala Malekudiya
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur