"ਉਹ ਅੱਧੀ ਰਾਤ ਨੂੰ ਸਾਡੇ ਪਿੰਡ ਵਿੱਚ ਵੜ੍ਹੇ ਅਤੇ ਸਾਡੀਆਂ ਫ਼ਸਲਾਂ ਨੂੰ ਨਸ਼ਟ ਕਰ ਦਿੱਤਾ। ਰਾਤੋ-ਰਾਤ, ਉਨ੍ਹਾਂ ਨੇ ਸਾਡੇ ਤੋਂ ਸਾਡੀ ਜ਼ਮੀਨ ਖੋਹ ਲਈ ਅਤੇ ਉਸ 'ਤੇ ਝੌਂਪੜੀ ਉਸਾਰ ਲਈ," 48 ਸਾਲਾ ਅਨੁਸਾਯਾ ਕੁਮਾਰੇ ਨੇ ਦੱਸਿਆ ਕਿ ਕਿਵੇਂ, ਫਰਵਰੀ 2020 ਵਿੱਚ, ਉਨ੍ਹਾਂ ਦੇ ਪਰਿਵਾਰ ਨੇ ਮਹਾਰਾਸ਼ਟਰ ਨੇ ਨੰਦੇੜ ਜਿਲ੍ਹੇ ਦੇ ਸਰਖਣੀ ਪਿੰਡ ਵਿੱਚ ਆਪਣੇ ਅੱਠ ਏਕੜ ਖੇਤ ਦਾ ਇੱਕ ਵੱਡਾ ਹਿੱਸੇ ਤੋਂ ਹੱਥ ਧੋ ਲਿਆ।

ਅਨੁਸਾਯਾ, ਜਿਨ੍ਹਾਂ ਦਾ ਸਬੰਧ ਗੋਂਡ ਆਦਿਵਾਸੀ ਭਾਈਚਾਰੇ ਨਾਲ਼ ਹੈ, ਦਾ ਮੰਨਣਾ ਹੈ ਕਿ ਕੁਝ ਸਥਾਨਕ ਗ਼ੈਰ-ਆਦਿਵਾਸੀ ਵਪਾਰੀਆਂ ਅਤੇ ਕਾਰੋਬਾਰੀਆਂ ਨੇ ਉਨ੍ਹਾਂ ਦੇ ਪਰਿਵਾਰ ਦੀ ਜ਼ਮੀਨ ਚੋਰੀ ਕਰਨ ਲਈ ਗੁੰਡਿਆਂ ਨੂੰ ਇਸ ਕੰਮ 'ਤੇ ਲਗਾਇਆ ਸੀ। "ਇਨ੍ਹਾਂ ਲੋਕਾਂ ਨੇ ਝੂਠੇ ਦਸਤਾਵੇਜ ਬਣਾਏ ਅਤੇ ਗ਼ੈਰ-ਆਦਿਵਾਸੀ ਲੋਕਾਂ ਨੂੰ ਸਾਡੀ ਜ਼ਮੀਨ ਵੇਚ ਦਿੱਤੀ। ਸੱਤ ਬਾਰ੍ਹਾਂ (7/12; ਭੂਮੀ ਅਧਿਕਾਰਾਂ ਦਾ ਰਿਕਾਰਡ) ਹਾਲੇ ਤੀਕਰ ਸਾਡੇ ਨਾਂਅ ਹੇਠ ਹੈ।" ਉਨ੍ਹਾਂ ਦਾ ਪਰਿਵਾਰ ਜ਼ਮੀਨ 'ਤੇ ਨਰਮਾ, ਛੋਲੇ, ਅਰਹਰ ਅਤੇ ਕਣਕ ਦੀ ਕਾਸ਼ਤ ਕਰਦਾ ਹੈ।

"ਕੋਵਿਡ (ਤਾਲਾਬੰਦੀ) ਦੌਰਾਨ, ਅਸੀਂ ਆਪਣੀ ਥੋੜ੍ਹੀ-ਬਹੁਤ ਬਚੀ ਹੋਈ ਜ਼ਮੀਨ 'ਤੇ ਉਗਾਈਆਂ ਗਈਆਂ ਫ਼ਸਲਾਂ ਨਾਲ਼ ਹੀ ਡੰਗ ਟਪਾਇਆ। ਪਿਛਲੇ ਮਹੀਨੇ (ਦਸੰਬਰ 2020 ਵਿੱਚ), ਉਨ੍ਹਾਂ ਨੇ ਇਹ ਵੀ ਖੋਹ ਲਿਆ," ਅਨੁਸਾਯਾ ਨੇ ਕਿਹਾ, ਜੋ ਸਰਖਣੀ ਵਿੱਚ ਜ਼ਮੀਨ ਗੁਆਉਣ ਵਾਲ਼ੀ ਇਕੱਲੀ ਨਹੀਂ ਸਨ। 3,250 ਲੋਕਾਂ ਦੀ ਅਬਾਦੀ ਵਾਲ਼ੇ ਇਸ ਪਿੰਡ (ਮਰਦਮਸ਼ੁਮਾਰੀ 2011) ਵਿੱਚ, ਕਰੀਬ 900 ਆਦਿਵਾਸੀਆਂ ਵਿੱਚੋਂ 200 ਨੇ ਆਪਣੀ ਜ਼ਮੀਨ ਗੁਆ ਲਈ ਹੈ। ਉਹ ਇਹਦੇ ਵਿਰੋਧ ਵਿੱਚ ਹਰ ਦਿਨ ਲੋਕਲ ਗ੍ਰਾਮ ਪੰਚਾਇਤ ਦਫ਼ਤਰ ਦੇ ਬਾਹਰ ਜਨਵਰੀ ਦੀ ਸ਼ੁਰੂਆਤ ਤੋਂ ਹੀ ਬੈਠ ਰਹੇ ਹਨ।

"ਅਸੀਂ ਪੰਚਾਇਤ ਦਫ਼ਤਰ ਦੇ ਸਾਹਮਣੇ ਇੱਕ ਮਹੀਨੇ ਤੋਂ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ। ਸਾਡੇ ਪੈਰਾਂ ਵਿੱਚ ਪੀੜ੍ਹ ਨਿਕਲ਼ ਰਹੀ ਹੈ," ਅਨੁਸਾਯਾ ਨੇ ਆਪਣੇ ਦੋਵੇਂ ਹੱਥਾਂ ਨਾਲ਼ ਪੈਰਾਂ ਨੂੰ ਰਗੜਦਿਆਂ ਕਿਹਾ। 23 ਜਨਵਰੀ ਨੂੰ ਰਾਤ ਦੇ ਕਰੀਬ 9 ਵਜੇ ਸਨ ਅਤੇ ਉਨ੍ਹਾਂ ਨੇ ਥੋੜ੍ਹੀ ਦੇਰ ਪਹਿਲਾਂ ਹੀ ਰਾਤ ਦੀ ਰੋਟੀ ਵਿੱਚ ਬਾਜਰੇ ਦੀ ਰੋਟੀ ਅਤੇ ਲਸਣ ਦੀ ਚਟਣੀ ਖਾਧੀ। ਉਨ੍ਹਾਂ ਅਤੇ ਕੁਝ ਹੋਰ ਔਰਤਾਂ ਨੇ ਰਾਤ ਵੇਲ਼ੇ ਸੌਣ ਲਈ ਇਗਤਪੁਰੀ ਦੇ ਘੰਟਾਦੇਵੀ ਮੰਦਰ ਦੇ ਅੰਦਰ ਆਪਣੇ ਉੱਪਰ ਮੋਟੇ ਕੰਬਲ ਲੈ ਲਏ ਸਨ।

ਇਹ ਔਰਤਾਂ ਤਿੰਨੋਂ ਨਵੇਂ ਖੇਤੀ ਕਨੂੰਨਾਂ ਦੇ ਖ਼ਿਲਾਫ਼ ਪ੍ਰਦਰਸ਼ਨ ਕਰਨ ਨਾਸਿਕ ਤੋਂ ਮੁੰਬਈ ਜਾ ਰਹੇ ਵਾਹਨਾਂ ਦੇ ਜੱਥੇ (ਮਾਰਚ) ਦਾ ਹਿੱਸਾ ਸਨ। ਉਹ ਆਪਣੇ ਵੱਖ-ਵੱਖ ਸੰਘਰਸ਼ਾਂ ਨੂੰ ਉਜਾਗਰ ਕਰਨ ਲਈ ਵੀ ਉੱਥੇ ਜਾ ਰਹੀਆਂ ਸਨ।

PHOTO • Shraddha Agarwal

ਉਤਾਂਹ ਖੱਬੇ- ਨੰਦੇੜ ਜਿਲ੍ਹੇ ਦੇ ਸਰਖਣੀ ਪਿੰਡ ਦੀ ਅਨੁਸਾਯਾ ਕੁਮਾਰੇ (ਖੱਬੇ) ਅਤੇ ਸਰਜਾਬਾਈ ਆਦੇ (ਸੱਜੇ) ਉਤਾਂਹ ਸੱਜੇ- ਇਹ ਜੱਥਾ ਰਾਤ ਕੱਟਣ ਲਈ ਇਗਤਪੁਰੀ ਦੇ ਘੰਟਾਦੇਵੀ ਮੰਦਰ ਵਿੱਚ ਰੁਕਿਆ। ਹੇਠਾਂ- ਹਜ਼ਾਰਾਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੇ ਨਾਸਿਕ ਤੋਂ ਮੁੰਬਈ ਤੱਕ ਟੈਂਪੂ, ਜੀਪਾਂ ਅਤੇ ਪਿੱਕ-ਅਪ ਟਰੱਕਾਂ ਵਿੱਚ ਯਾਤਰਾ ਕੀਤੀ

22 ਜਨਵਰੀ ਦੀ ਦੁਪਹਿਰ ਨੂੰ, ਅਨੁਸਾਯਾ ਅਤੇ 49 ਹੋਰ ਆਦਿਵਾਸੀ ਕਿਨਵਟ ਤਾਲੁਕਾ ਵਿੱਚ ਸਥਿਤ ਆਪਣੇ ਪਿੰਡੋਂ ਜੀਪ ਅਤੇ ਟੈਂਪੂ 'ਤੇ ਸਵਾਰ ਹੋ ਕੇ ਰਵਾਨਾ ਹੋਏ ਸਨ। 540 ਕਿਲੋਮੀਟਰ ਦੀ ਯਾਤਰਾ 18 ਘੰਟਿਆਂ ਵਿੱਚ ਪੂਰੀ ਕਰਨ ਤੋਂ ਬਾਅਦ, ਉਹ ਅਗਲੀ ਸਵੇਰ 4:30 ਵਜੇ ਨਾਸਿਕ ਸ਼ਹਿਰ ਅੱਪੜੇ। ਉੱਥੇ ਉਹ ਉਨ੍ਹਾਂ ਹਜ਼ਾਰਾਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਨਾਲ਼ ਸ਼ਾਮਲ ਹੋ ਗਏ, ਜੋ 23 ਜਨਵਰੀ ਨੂੰ 180 ਕਿਲੋਮੀਟਰ ਦੂਰ, ਦੱਖਣ ਮੁੰਬਈ ਦੇ ਅਜ਼ਾਦ ਮੈਦਾਨ ਜਾਣ ਲਈ ਰਵਾਨਾ ਹੋਣ ਵਾਲ਼ੇ ਸਨ।

ਉਸ ਰਾਤ ਘੰਟਾਦੇਵੀ ਮੰਦਰ ਵਿੱਚ, ਸਰਖਣੀ ਦੀ ਸਰਜਾਬਾਈ ਆਦੇ ਨੂੰ ਥਕਾਵਟ ਵੀ ਸੀ। "ਮੇਰੀ ਪਿੱਠ ਅਤੇ ਪੈਰਾਂ ਵਿੱਚ ਪੀੜ੍ਹ ਹੋ ਰਹੀ ਹੈ। ਅਸੀਂ ਇਸ ਜੱਥੇ ਵਿੱਚ ਇਸ ਲਈ ਆਏ ਹਾਂ ਤਾਂਕਿ ਸਰਕਾਰ ਨੂੰ ਆਪਣੇ ਘਰ 'ਤੇ ਚੱਲ ਰਹੇ ਵਿਰੋਧ ਪ੍ਰਦਰਸ਼ਨ ਬਾਰੇ ਦੱਸ ਸਕੀਏ। ਅਸੀਂ ਇੱਕ ਮਹੀਨੇ ਤੋਂ ਆਪਣੀਆਂ ਜ਼ਮੀਨਾਂ ਦੇ ਲਈ ਲੜ ਰਹੇ ਹਾਂ। ਅਸੀਂ ਥੱਕ ਗਏ ਹਾਂ, ਪਰ ਅਸੀਂ ਆਪਣੀ ਭੂਮੀ ਅਧਿਕਾਰਾਂ ਲਈ ਆਪਣੀ ਮੌਤ ਤੱਕ ਲੜਾਂਗੇ," 53 ਸਾਲਾ ਸਰਜਾਬਾਈ ਨੇ ਕਿਹਾ, ਜਿਨ੍ਹਾਂ ਦਾ ਸਬੰਧ ਕੋਲਮ ਆਦਿਵਾਸੀ ਭਾਈਚਾਰੇ ਨਾਲ਼ ਹੈ।

ਉਹ ਅਤੇ ਉਨ੍ਹਾਂ ਦਾ ਪਰਿਵਾਰ ਆਪਣੀ ਤਿੰਨ ਏਕੜ ਜ਼ਮੀਨ 'ਤੇ ਅਰਹਰ ਅਤੇ ਸਬਜ਼ੀਆਂ ਉਗਾਉਂਦੇ ਸਨ। "ਉਨ੍ਹਾਂ ਨੇ ਸਾਡੀਆਂ ਫ਼ਸਲਾਂ ਨੂੰ ਤਬਾਹ ਕਰ ਦਿੱਤਾ ਅਤੇ ਝੌਂਪੜੀਆਂ ਬਣਾ ਦਿੱਤੀਆਂ। ਹਾਲਾਂਕਿ ਇਹ ਵਾਹੀਯੋਗ ਜ਼ਮੀਨ ਹੈ, ਪਰ ਉਨ੍ਹਾਂ ਨੇ ਇਹਨੂੰ ਗ਼ੈਰ-ਵਾਹੀਯੋਗ ਜ਼ਮੀਨ ਕਰਾਰ ਕਰਨ ਵਾਲ਼ੇ ਦਸਤਾਵੇਜ ਤਿਆਰ ਕਰ ਲਏ," ਉਨ੍ਹਾਂ ਨੇ ਦੱਸਿਆ।

ਸਰਖਣੀ ਦੇ ਆਦਿਵਾਸੀਆਂ ਦੇ ਕੋਲ਼ ਆਪਣੀ ਜ਼ਮੀਨ ਦੇ ਮਾਲਿਕਾਨੇ ਹੱਕ ਨੂੰ ਸਾਬਤ ਕਰਨ ਲਈ ਸਾਰੇ ਕਨੂੰਨੀ ਦਸਤਾਵੇਜ ਹਨ, ਸਰਜਾਬਾਈ ਨੇ ਕਿਹਾ। "ਕਨੂੰਨੀ ਰੂਪ ਨਾਲ਼ ਇਹ ਸਾਡੀ ਜ਼ਮੀਨ ਹੈ। ਅਸੀਂ ਨੰਦੇੜ ਦੇ ਕਲੈਕਟਰ ਨੂੰ ਨੋਟਿਸ ਦੇ ਦਿੱਤਾ ਹੈ ਅਤੇ ਕਿਨਵਟ ਦੇ ਤਹਿਸੀਲਦਾਰ ਨੂੰ ਸਾਰੇ ਦਸਤਾਵੇਜ ਪੇਸ਼ ਕਰ ਦਿੱਤੇ ਹਨ। 10 ਦਿਨਾਂ ਤੱਕ, ਉਹ (ਕਲੈਕਟਰ) ਪਿੰਡ ਦੇ ਮੁੱਦਿਆਂ ਨੂੰ ਸਮਝਣ ਲਈ ਵੀ ਨਹੀਂ ਆਇਆ। ਅਸੀਂ ਇੱਕ ਮਹੀਨੇ ਤੱਕ ਇੰਤਜਾਰ ਕੀਤਾ ਅਤੇ ਉਹਦੇ ਬਾਅਦ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ।"

"ਜੱਥੇ ਵਿੱਚ ਆਉਣ ਤੋਂ ਪਹਿਲਾਂ ਅਸੀਂ ਗ੍ਰਾਮ ਸੇਵਕ, ਤਹਿਸੀਲਦਾਰ ਅਤੇ ਕਲੈਕਟਰ ਨੂੰ ਆਪਣਾ ਸਹੁੰ ਪੱਤਰ ਦਿੱਤਾ ਸੀ," ਅਨੁਸਾਯਾ ਨੇ ਦੱਸਿਆ। ਸਹੁੰ ਪੱਤਰ ਵਿਚ, ਆਦਿਵਾਸੀ ਕਿਸਾਨਾਂ ਨੇ ਕਿਹਾ ਕਿ ਉਹ ਆਪਣੀ ਜ਼ਮੀਨ ਦੇ ਅਸਲੀ ਮਾਲਕ ਹਨ ਅਤੇ ਸਬੂਤ ਦੇ ਤੌਰ 'ਤੇ ਜ਼ਮੀਨ ਦੇ ਰਿਕਾਰਡ ਜਮਾ ਕੀਤੇ। "ਅਸੀਂ ਪੂਰਾ ਦਿਨ ( ਪੰਚਾਇਤ ਦਫ਼ਤਰ ) ਦੇ ਬਾਹਰ ਬੈਠੇ ਰਹੇ ਹਾਂ। ਅਸੀਂ ਉੱਥੇ ਹੀ ਖਾਣਾ ਖਾਂਦੇ ਅਤੇ ਸੌਂਦੇ ਰਹੇ ਹਾਂ ਅਤੇ ਸਿਰਫ਼ ਨਹਾਉਣ ਅਤੇ ਕੁਝ ਖਾਣ ਦਾ ਸਮਾਨ ਲਿਜਾਣ ਹੀ ਘਰ ਆਉਂਦੇ। ਅਸੀਂ ਪੁੱਛਣਾ ਚਾਹੁੰਦੇ ਹਾਂ, ਆਦਿਵਾਸੀਆਂ ਦੀਆਂ ਸਮੱਸਿਆਵਾਂ ਨੂੰ ਜਾਣਨ ਦੇ ਬਾਅਦ ਵੀ, ਕੀ ਉਹ ਅਜੇ ਵੀ ਗ਼ੈਰ-ਆਦਿਵਾਸੀ ਲੋਕਾਂ ਨੂੰ ਸਾਡੀਆਂ ਜ਼ਮੀਨਾਂ ਦੇ ਦੇਣਗੇ?" ਉਨ੍ਹਾਂ ਨੇ ਕਿਹਾ।

Farmers of Maharashtra sat in protest against the three new farm laws in Mumbai. The Adivasi farmers spoke up about their struggles at home
PHOTO • Sanket Jain
Farmers of Maharashtra sat in protest against the three new farm laws in Mumbai. The Adivasi farmers spoke up about their struggles at home
PHOTO • Riya Behl

ਮਹਾਰਾਸ਼ਟਰ ਦੇ ਕਿਸਾਨਾਂ ਨੇ ਤਿੰਨੋਂ ਨਵੇਂ ਕਨੂੰਨਾਂ ਖਿਲਾਫ਼ ਮੁੰਬਈ ਵਿੱਚ ਧਰਨਾ ਦਿੱਤਾ। ਆਦਿਵਾਸੀ ਕਿਸਾਨਾਂ ਨੇ ਘਰ ' ਤੇ ਆਪਣੇ ਸੰਘਰਸ਼ ਬਾਰੇ ਗੱਲ ਕੀਤੀ

24 ਜਨਵਰੀ ਨੂੰ ਅਜ਼ਾਦ ਮੈਦਾਨ ਪਹੁੰਚਣ 'ਤੇ, ਅਨੁਸਾਯਾ ਅਤੇ ਸਰਜਾਬਾਈ ਨੇ ਨਵੇਂ ਖੇਤੀ ਕਨੂੰਨਾਂ ਦੇ ਖ਼ਿਲਾਫ਼ ਸੰਯੁਕਤ ਸ਼ੇਤਕਰੀ ਕਾਮਗਾਰ ਮੋਰਚਾ ਦੁਆਰਾ 24-26 ਜਨਵਰੀ ਨੂੰ ਅਯੋਜਿਤ ਵਿਰੋਧ  ਪ੍ਰਦਰਸ਼ਨ ਵਿੱਚ ਹਿੱਸਾ ਲਿਆ। ਇਹਦੇ ਲਈ ਮਹਾਰਾਸ਼ਟਰ ਦੇ 21 ਜਿਲ੍ਹਿਆਂ ਦੇ ਕਿਸਾਨ ਮੁੰਬਈ ਆਏ ਸਨ। ਉਨ੍ਹਾਂ ਨੇ ਦਿੱਲੀ ਦੀਆਂ ਸਰਹੱਦਾਂ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਪ੍ਰਤੀ ਆਪਣੀ ਹਮਾਇਤ ਕੀਤੀ, ਜੋ 26 ਜਨਵਰੀ ਨੂੰ ਟਰੈਕਟਰ ਰੈਲੀ ਕੱਢ ਰਹੇ ਸਨ।

26 ਨਵੰਬਰ ਤੋਂ ਹੀ, ਦਿੱਲੀ ਦੀਆਂ ਬਰੂਹਾਂ 'ਤੇ ਲੱਖਾਂ ਕਿਸਾਨ, ਵਿਸ਼ੇਸ਼ ਰੂਪ ਨਾਲ਼ ਪੰਜਾਬ ਅਤੇ ਹਰਿਆਣਾ ਦੇ ਕਿਸਾਨ, ਤਿੰਨੋਂ ਖੇਤੀ ਕਨੂੰਨਾਂ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ ਜਿਨ੍ਹਾਂ ਨੂੰ ਕੇਂਦਰ ਸਰਕਾਰ ਨੇ ਸਭ ਤੋਂ ਪਹਿਲਾਂ 5 ਜੂਨ, 2020 ਨੂੰ ਆਰਡੀਨੈਂਸ ਦੇ ਰੂਪ ਵਿੱਚ ਪਾਸ ਕੀਤਾ, ਫਿਰ 14 ਸਤੰਬਰ ਨੂੰ ਸੰਸਦ ਵਿੱਚ ਖੇਤੀ ਬਿੱਲ ਦੇ ਰੂਪ ਵਿੱਚ ਪੇਸ਼ ਕੀਤਾ ਅਤੇ ਉਸੇ ਮਹੀਨੇ ਦੀ 20 ਤਰੀਖ ਨੂੰ ਕਾਹਲੀ ਤੋਂ ਕੰਮ ਲੈ ਕੇ ਕਨੂੰਨ ਵਿੱਚ ਬਦਲ ਦਿੱਤਾ।

ਇਹ ਤਿੰਨ ਖੇਤੀ ਕਨੂੰਨ ਹਨ: ਕਿਸਾਨ ਉਪਜ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸਰਲੀਕਰਣ) ਬਿੱਲ, 2020 ; ਕਿਸਾਨ (ਸ਼ਕਤੀਕਰਣ ਅਤੇ ਸੁਰੱਖਿਆ) ਕੀਮਤ ਭਰੋਸਾ ਅਤੇ ਖੇਤੀ ਸੇਵਾ 'ਤੇ ਕਰਾਰ ਬਿੱਲ, 2020 ; ਅਤੇ ਲਾਜ਼ਮੀ ਵਸਤਾਂ (ਸੋਧ) ਬਿੱਲ, 2020

ਸਾਰੇ ਕਿਸਾਨ ਇਨ੍ਹਾਂ ਕਨੂੰਨਾਂ ਨੂੰ ਆਪਣੀ ਆਜੀਵਿਕਾ ਦੇ ਲਈ ਤਬਾਹੀ ਦੇ ਰੂਪ ਵਿੱਚ ਦੇਖ ਰਹੇ ਹਨ ਕਿਉਂਕਿ ਇਹ ਕਨੂੰਨ ਵੱਡੇ ਕਾਰਪੋਰੇਟਾਂ ਨੂੰ ਕਿਸਾਨਾਂ ਅਤੇ ਖੇਤੀ 'ਤੇ ਜ਼ਿਆਦਾ ਹੱਕ ਪ੍ਰਦਾਨ ਕਰਦੇ ਹਨ। ਇਹ ਕਨੂੰਨ ਘੱਟੋ-ਘੱਟ ਸਮਰਥਨ ਮੁੱਲ (MSP), ਖੇਤੀ ਪੈਦਾਵਾਰ ਮਾਰਕੀਟਿੰਗ ਕਮੇਟੀਆਂ (APMCs), ਰਾਜ ਦੁਆਰਾ ਖਰੀਦ ਆਦਿ ਸਣੇ, ਕਿਸਾਨਾਂ ਦੀ ਸਹਾਇਤਾ ਕਰਨ ਵਾਲ਼ੇ ਮੁੱਖ ਰੂਪਾਂ ਨੂੰ ਵੀ ਕਮਜ਼ੋਰ ਕਰਦੇ ਹਨ। ਇਨ੍ਹਾਂ ਕਨੂੰਨਾਂ ਦੀ ਇਸਲਈ ਵੀ ਅਲੋਚਨਾ ਕੀਤੀ ਜਾ ਰਹੀ ਹੈ ਕਿਉਂਕਿ ਇਹ ਭਾਰਤ ਦੇ ਸੰਵਿਧਾਨ ਦੀ ਧਾਰਾ 32 ਨੂੰ ਕਮਜ਼ੋਰ ਕਰਦਿਆਂ ਸਾਰੇ ਨਾਗਰਿਕਾਂ ਦੇ ਕਨੂੰਨੀ ਉਪਚਾਰ ਅਧਿਕਾਰਾਂ ਨੂੰ ਅਯੋਗ ਕਰਨ ਕਰਦੇ ਹਨ।

ਸਰਖਣੀ ਦੇ ਆਦਿਵਾਸੀ ਕਿਸਾਨ ਜਿੱਥੇ ਇੱਕ ਪਾਸੇ ਮੁੰਬਈ ਵਿੱਚ ਆਪਣੇ ਸੰਘਰਸ਼ ਦੀ ਨੁਮਾਇੰਦਗੀ ਕਰ ਰਹੇ ਸਨ, ਉੱਥੇ ਲਗਭਗ 150 ਹੋਰ ਕਿਸਾਨ ਪੰਚਾਇਤ ਦਫ਼ਤਰ ਦੇ ਬਾਹਰ ਆਪਣੇ ਦਿਨ-ਰਾਤ ਦੇ ਵਿਰੋਧ ਪ੍ਰਦਰਸ਼ਨ ਨੂੰ ਜਾਰੀ ਰੱਖਣ ਲਈ ਉੱਥੇ ਹੀ ਰੁੱਕ ਗਏ। "ਅਸੀਂ ਆਦਿਵਾਸੀਆਂ ਦੀ ਅਵਾਜ਼ ਬੁਲੰਦ ਕਰਨ ਲਈ ਮੁੰਬਈ ਆਏ ਹਾਂ," ਅਨੁਸਾਯਾ ਨੇ ਕਿਹਾ। "ਅਤੇ ਨਿਆਂ ਮਿਲ਼ਣ ਤੱਕ ਅਸੀਂ ਆਪਣਾ ਵਿਰੋਧ ਪ੍ਰਦਰਸ਼ਨ ਜਾਰੀ ਰੱਖਾਂਗੇ।"

ਤਰਜਮਾ - ਕਮਲਜੀਤ ਕੌਰ

Shraddha Agarwal

Shraddha Agarwal is a Reporter and Content Editor at the People’s Archive of Rural India.

Other stories by Shraddha Agarwal
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur