“ਚੌਦਾਂ, ਸੋਲ੍ਹਾਂ, ਅਠ੍ਹਾਰਾਂ...” ਖਾਂਡੂ ਮਾਨੇ ਕੱਚੀਆਂ ਇੱਟਾਂ ਦੀ ਗਿਣਤੀ ਪੂਰੀ ਕਰਦੇ ਹੋਏ ਉਨ੍ਹਾਂ ਨੂੰ ਅੱਠਿਆ ਦੀ ਪਿੱਠ ‘ਤੇ ਬੱਝੀ ਬੋਰੀ ਅੰਦਰ ਰੱਖੀ ਜਾਂਦੇ ਹਨ। ਜਦੋਂ ਉਹ 36 ਇੱਟਾਂ ਲੱਦ ਲੈਂਦੇ ਹਨ ਤਾਂ ਗਧੇ ਨੂੰ ਹਦਾਇਤ ਕਰਦੇ ਹਨ: “ ਚਲਾ...ਫਰਰਰਰ... ਫਰਰਰਰ... ” ਅੱਠਿਆ ਅਤੇ ਦੋ ਹੋਰ ਇੱਟਾਂ ਲੱਦੇ ਗਧੇ ਭੱਠੀ ਵੱਲ ਤੁਰਨ ਲੱਗਦੇ ਹਨ ਜੋ ਇੱਥੋਂ ਮਸਾਂ ਹੀ 50 ਮੀਟਰ ਦੂਰ ਹੈ, ਜਿੱਥੇ ਇਨ੍ਹਾਂ ਇੱਟਾਂ ਨੂੰ ਲਾਹਿਆ ਅਤੇ ਫਿਰ ਪਕਾਇਆ ਜਾਣਾ ਹੈ।

“ਬੱਸ ਇੱਕ ਘੰਟਾ ਹੋਰ ਫਿਰ ਅਸੀਂ ਅਰਾਮ ਕਰਾਂਗੇ,” ਖਾਂਡੂ ਕਹਿੰਦੇ ਹਨ। ਪਰ ਅਜੇ ਤਾਂ ਸਵੇਰ ਦੇ ਸਿਰਫ਼ 9 ਹੀ ਵੱਜੇ ਹਨ! ਸਾਡੇ ਚਿਹਰਿਆਂ ਦੀ ਉਲਝਣ ਦੇਖ ਉਹ ਕਹਿੰਦੇ ਹਨ: “ਅਸੀਂ ਰਾਤੀਂ 1 ਵਜੇ ਕੰਮ ਸ਼ੁਰੂ ਕੀਤਾ ਸੀ ਅਤੇ ਸਾਡੀ ਸ਼ਿਫ਼ਟ ਸਵੇਰੇ 10 ਵਜੇ ਖ਼ਤਮ ਹੁੰਦੀ ਹੈ। ਰਾਤਭਰ ਹੀ ਅਸਾਚ ਚਾਲੂ ਆਹੇ (ਪੂਰੀ ਰਾਤ ਅਸੀਂ ਇਹੀ ਕੰਮ ਕੀਤਾ ਹੈ)।”

ਖਾਂਡੂ ਦੇ ਚਾਰੇ ਗਧੇ ਖਾਲੀ ਹੋਈਆਂ ਬੋਰੀਆਂ ਲਈ ਭੱਠੀ ਤੋਂ ਵਾਪਸ ਮੁੜ ਆਉਂਦੇ ਹਨ। ਫਿਰ ਦੋਬਾਰਾ ਉਹੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ: “ਚੌਦਾਂ, ਸੋਲ੍ਹਾਂ, ਅਠ੍ਹਾਰਾਂ...”

ਫਿਰ, ਅਚਾਨਕ, “ਰੁਕੋ...” ਦੀ ਅਵਾਜ ਸਾਡੇ ਕੰਨੀ ਪੈਂਦੀ ਹੈ। ਉਹ ਆਪਣੇ ਗਧੇ ਨੂੰ ਹਿੰਦੀ ਵਿੱਚ ਹਦਾਇਤ ਕਰਦੇ ਹਨ। “ਸਾਡੇ ਇਲਾਕੇ ਦੇ ਗਧੇ ਮਰਾਠੀ ਸਮਝਦੇ ਹਨ, ਪਰ ਇਹ ਵਾਲ਼ਾ ਨਹੀਂ ਸਮਝਦਾ। ਉਹ ਰਾਜਸਥਾਨ ਤੋਂ ਆਇਆ ਹੈ। ਇਸ ਨਾਲ਼ ਸਾਨੂੰ ਹਿੰਦੀ ਬੋਲਣੀ ਪੈਂਦੀ ਹੈ, ਉਹ ਕਹਿੰਦੇ ਹਨ ਠਹਾਕਾ ਲਾਉਂਦੇ ਹਨ। ਫਿਰ ਸਾਨੂੰ ਸਾਬਤ ਕਰਨ ਲਈ ਕਹਿੰਦੇ ਹਨ: ਰੁਕੋ । ਗਧਾ ਰੁੱਕ ਜਾਂਦਾ ਹੈ। ਚਲੋ । ਉਹ ਤੁਰਨ ਲੱਗਦਾ ਹੈ।

ਖਾਂਡੂ ਦਾ ਆਪਣੇ ਚਾਰ ਪੈਰਾਂ ਵਾਲ਼ੇ ਇਸ ਦੋਸਤ ’ਤੇ ਫ਼ਖਰ ਦੇਖਿਆਂ ਹੀ ਬਣਦਾ ਹੈ। “ਲਿੰਬੂ ਅਤੇ ਪਾਂਧਰਿਆ ਦੋਵੇਂ ਚਰਨ ਗਏ ਹੋਏ ਹਨ ਅਤੇ ਉਨ੍ਹਾਂ ਦੇ ਨਾਲ਼ ਮੇਰੀ ਅਜ਼ੀਜ਼, ਬੁਲੇਟ ਵੀ ਗਈ ਹੋਈ ਹੈ। ਉਹ ਲੰਬੀ, ਸੋਹਣੀ ਅਤੇ ਬੜੀ ਫੁਰਤੀਲੀ ਗਧੀ ਹੈ!”

PHOTO • Ritayan Mukherjee

ਖਾਂਡੂ ਮਾਨੇ, ਸਾਂਗਲੀ ਸ਼ਹਿਰ ਦੇ ਬਾਹਰਵਾਰ ਪੈਂਦੇ ਸਾਂਗਲੀਵਾੜੀ ਦੇ ਜੋਤੀਬਾ ਇਲਾਕੇ ਦੇ ਨੇੜੇ ਇੱਕ ਇੱਟ ਭੱਠੇ ਵਿਖੇ ਅੱਠਿਆ ਦੀ ਪਿੱਠ ਤੇ ਇੱਟਾਂ ਲੱਦਦੇ ਹੋਏ

PHOTO • Ritayan Mukherjee
PHOTO • Ritayan Mukherjee

ਖੱਬੇ : ਕਰਨਾਟਕ ਦੇ ਬੇਲਗਾਮ ਜ਼ਿਲ੍ਹੇ ਦੀ ਅਥਨੀ ਤਾਲੁਕਾ ਦੇ ਜੋਤੀਬਾ ਮੰਦਰ ਦੇ ਕੋਲ਼ ਸਥਿਤ ਭੱਠੇ ਤੇ ਵਿਲਾਸ ਕੁਡਚੀ ਅਤੇ ਰਵੀ ਕੁਡਚੀ ਗੰਨੇ ਦੇ ਫੋਕ ਦੇ ਭਰੇ ਟੋਕਰਿਆਂ ਨੂੰ ਚੁੱਕਦੇ ਹੋਏ, ਜਿਹਦੀ ਵਰਤੋਂ ਭੱਠੀ ਮਘਾਉਣ ਲਈ ਕੀਤੀ ਜਾਂਦੀ ਹੈ। ਸੱਜੇ : ਇੱਟਾਂ ਦਾ ਭਾਰ ਲੈ ਕੇ ਇੱਕ ਚੱਕਰ ਲਾਉਣ ਬਾਅਦ ਹੋਰ ਇੱਟਾਂ ਲਿਆਉਣ ਲਈ ਪਰਤ ਰਹੇ ਗਧੇ

ਅਸੀਂ ਉਨ੍ਹਾਂ (ਖਾਂਡੂ) ਨੂੰ ਸਾਂਗਲੀਵਾੜੀ ਨੇੜਲੇ ਇੱਟ-ਭੱਠੇ ’ਤੇ ਮਿਲ਼ੇ, ਜੋ ਮਹਾਰਾਸ਼ਟਰ ਦੇ ਸਾਂਗਲੀ ਸ਼ਹਿਰ ਦੇ ਬਾਹਰਵਾਰ ਸਥਿਤ ਹੈ। ਜੋਤੀਬਾ ਮੰਦਰ ਦੇ ਨੇੜੇ-ਤੇੜੇ ਦਾ ਇਲਾਕਾ ਇੱਟ-ਭੱਠਿਆਂ ਨਾਲ਼ ਭਰਿਆ ਪਿਆ ਹੈ- 25 ਭੱਠੇ ਤਾਂ ਅਸੀਂ ਖ਼ੁਦ ਗਿਣੇ।

ਭੱਠਾ ਤਪਾਉਣ ਵਿੱਚ ਵਰਤੀਂਦੇ ਗੰਨੇ ਦੇ ਫ਼ੋਕ ਦੀ ਮਿੱਠੀ-ਮਿੱਠੀ ਖ਼ੁਸ਼ਬੂ ਭੱਠੇ ਦੀ ਚਿਮਨੀ ਵਿੱਚੋਂ ਨਿਕਲ਼ਦੇ ਧੂੰਏਂ ਨਾਲ਼ ਰਲ਼ ਕੇ ਸਵੇਰ ਦੀ ਹਵਾ ਵਿੱਚ ਤੈਰਨ ਲੱਗਦੀ ਹੈ। ਹਰੇਕ ਭੱਠੇ ’ਤੇ, ਅਸੀਂ ਘੜੀ ਦੀ ਸੂਈ ਵਾਂਗਰ ਕੰਮੀਂ ਲੱਗੇ ਬੰਦੇ, ਔਰਤਾਂ, ਬੱਚੇ ਅਤੇ ਗਧੇ ਦੇਖੇ। ਕਈ ਮਿੱਟੀ ਗੁੰਨ੍ਹਣ ਵਾਲ਼ੇ, ਬਾਕੀ ਇੱਟਾਂ ਥੱਪਣ ਵਾਲ਼ੇ; ਕਈ ਕੱਚੀਆਂ ਇੱਟਾਂ ਲੱਦਣ ਵਾਲ਼ੇ ਅਤੇ ਕੁਝ ਇੱਟਾਂ ਲਾਹੁਣ ਅਤੇ ਚੱਠਾ ਲਾਉਣ ਵਾਲ਼ੇ।

ਗਧੇ ਆਉਂਦੇ ਹਨ ਗਧੇ ਜਾਂਦੇ ਹਨ, ਦੋ...ਚਾਰ...ਛੇ ਦੀਆਂ ਢਾਣੀਆਂ ਬਣਾਈ।

“ਅਸੀਂ ਪੀੜ੍ਹੀਆਂ ਤੋਂ ਗਧੇ ਪਾਲ਼ਦੇ ਆਏ ਹਾਂ। ਪਹਿਲਾਂ ਮੇਰੇ ਦਾਦਾ-ਦਾਦੀ ਨੇ, ਫਿਰ ਮੇਰੇ ਮਾਪਿਆਂ ਨੇ ਅਤੇ ਹੁਣ ਮੈਂ,” ਖਾਂਡੂ ਕਹਿੰਦੇ ਹਨ। ਸਾਂਗਲੀ ਸ਼ਹਿਰ ਤੋਂ ਕਰੀਬ 150 ਕਿਲੋਮੀਟਰ ਦੂਰ ਪੈਂਦੇ ਸੋਲ੍ਹਾਪੁਰ ਜ਼ਿਲ੍ਹੇ ਦੇ ਪਾਂਧਰਪੁਰ ਬਲਾਕ ਦੇ ਰਹਿਣ ਵਾਲ਼ੇ ਖਾਂਡੂ, ਉਨ੍ਹਾਂ ਦਾ ਪਰਿਵਾਰ ਅਤੇ ਉਨ੍ਹਾਂ ਦੇ ਗਧੇ ਹਰ ਸਾਲ ਭੱਠਿਆਂ ਦੇ ਸੀਜ਼ਨ (ਨਵੰਬਰ-ਦਸੰਬਰ ਤੋਂ ਅ੍ਰਪੈਲ-ਮਈ) ਦੌਰਾਨ ਆਪਣੇ ਪਿੰਡ ਵੇਲਾਪੁਰ ਤੋਂ ਸਾਂਗਲੀ ਪ੍ਰਵਾਸ ਕਰਦੇ ਹਨ।

ਸਾਡਾ ਧਿਆਨ ਖਾਂਡੂ ਦੀ ਪਤਨੀ ਮਾਧੁਰੀ ਵੱਲ ਪੈਂਦਾ ਹੈ ਜੋ ਭੱਠੀ ਨੇੜੇ ਖੜ੍ਹੀ, ਗਧਿਆਂ ਦੀ ਪਿੱਠ ‘ਤੇ ਲੱਦੀਆਂ ਕੱਚੀਆਂ ਇੱਟਾਂ ਲਾਹੁਣ ਅਤੇ ਉਨ੍ਹਾਂ ਦਾ ਚੱਠਾ ਲਾਉਣ ਵਿੱਚ ਰੁਝੀ ਹੋਈ ਹਨ। ਇਸ ਪਤੀ-ਪਤਨੀ ਦੀਆਂ ਧੀਆਂ ਕਲਿਆਣੀ, ਸ਼ਰਧਾ ਅਤੇ ਸ਼੍ਰਾਵਨੀ, ਜਿਨ੍ਹਾਂ ਦੀ ਉਮਰ 9 ਤੋਂ 13 ਦਰਮਿਆਨ ਹੈ, ਗਧਿਆਂ ਦੇ ਨਾਲ਼ ਨਾਲ਼ ਤੁਰਦੀਆਂ ਹੋਈਆਂ ਮੰਜ਼ਲ ‘ਤੇ ਅਪੜਨ ਲਈ ਉਨ੍ਹਾਂ ਦੀ ਅਗਵਾਈ ਕਰ ਰਹੀਆਂ ਹਨ। ਕੁੜੀਆਂ ਦਾ ਭਰਾ, ਜੋ ਸ਼ਾਇਦ 4-5 ਸਾਲ ਦਾ ਹੈ, ਆਪਣੇ ਪਿਤਾ ਦੇ ਕੋਲ਼ ਬੈਠਾ ਚਾਹ ਬਿਸਕੁਟ ਖਾ ਰਿਹਾ ਹੈ।

PHOTO • Ritayan Mukherjee
PHOTO • Ritayan Mukherjee

ਖੱਬੇ : ਮਾਧੁਰੀ ਮਾਨੇ ਲਾਹੀਆਂ ਗਈਆਂ ਇੱਟਾਂ ਦੀ ਇੱਕ ਜੋੜੀ ਇੱਕ ਮਜ਼ਦੂਰ ਵੱਲ ਸੁੱਟਦੀ ਹੋਈ, ਜੋ ਫਿਰ ਬੋਚੀਆਂ ਇੱਟਾਂ ਨੂੰ ਚੱਠਿਆਂ ਵਿੱਚ ਚਿਣੀ ਜਾਂਦਾ ਹੈ। ਸੱਜੇ : ਮਾਧੁਰੀ ਅਤੇ ਉਨ੍ਹਾਂ ਦੇ ਬੱਚੇ ਇੱਟ  ਭੱਠੇ ਵਿਖੇ ਬਣੀ ਭੀੜੀ ਜਿਹੀ ਕੋਠੜੀ ਵਿੱਚ। ਇਸ ਆਰਜੀ ਢਾਂਚੇ ਦੀ ਛੱਤ ਟੀਨ ਦੀ ਹੈ ਅਤੇ ਕੰਧਾਂ ਢਿਲ਼ੇ-ਢਾਲ਼ੇ ਤਰੀਕੇ ਨਾਲ ਟਿਕਾਈਆਂ ਇੱਟਾਂ ਸਹਾਰੇ ਖੜ੍ਹੀਆਂ ਹਨ। ਇੱਥੇ ਪਖ਼ਾਨੇ ਦੀ ਕੋਈ ਸੁਵਿਧਾ ਨਹੀਂ ਹੈ ਅਤੇ ਨਾ ਹੀ ਦਿਨ ਵੇਲੇ ਕੋਈ ਬਿਜਲੀ ਹੀ ਆਉਂਦੀ ਹੈ

“ਸ਼੍ਰਾਵਨੀ ਅਤੇ ਸ਼ਰਧਾ ਸਾਂਗਲੀ ਵਿਖੇ ਇੱਕ ਰਹਾਇਸ਼ੀ ਸਕੂਲ ਵਿੱਚ ਪੜ੍ਹਦੀਆਂ ਹਨ ਪਰ ਮਦਦ ਵਾਸਤੇ ਅਸੀਂ ਉਨ੍ਹਾਂ ਨੂੰ ਇੱਥੇ ਬੁਲਾ ਲਿਆ,” ਮਾਧੁਰੀ ਕਹਿੰਦੇ ਹਨ ਅਤੇ ਗੱਲਬਾਤ ਦੌਰਾਨ ਉਹ ਦੋ-ਦੋ ਇੱਟਾਂ ਇੱਕੋ ਵੇਲ਼ੇ ਦੂਜੇ ਹੱਥ ਫੜ੍ਹਾਈ ਵੀ ਜਾਂਦੀ ਹਨ। “ਅਸੀਂ ਇੱਕ ਜੋੜੀ (ਪਤੀ-ਪਤਨੀ) ਨੂੰ ਇਸ ਕੰਮ ਵਿੱਚ ਮਦਦ ਵਾਸਤੇ ਰੱਖਿਆ। ਉਨ੍ਹਾਂ ਨੇ 80,000 ਰੁਪਏ ਪੇਸ਼ਗੀ ਰਕਮ ਲਈ ਅਤੇ ਫਰਾਰ ਹੋ ਗਏ। ਹੁਣ ਅਗਲੇ ਦੋ ਮਹੀਨਿਆਂ ਤੀਕਰ ਅਸੀਂ ਖ਼ੁਦ ਹੀ ਇਹ ਪੂਰਾ ਕੰਮ ਮੁਕੰਮਲ ਕਰਨਾ ਹੈ,” ਉਹ ਕਹਿੰਦੀ ਹਨ ਅਤੇ ਕਾਹਲੀ ਦੇਣੀ ਦੋਬਾਰਾ ਕੰਮੇ ਲੱਗ ਜਾਂਦੀ ਹਨ।

ਮਾਧੁਰੀ ਵੱਲੋਂ ਲਾਹੀ ਅਤੇ ਫੜ੍ਹਾਈ ਜਾਣ ਵਾਲ਼ੀ ਹਰੇਕ ਇੱਟ 2 ਕਿਲੋ ਦੀ ਹੈ। ਉਹ ਇਨ੍ਹਾਂ ਇੱਟਾਂ ਨੂੰ ਚੁੱਕ ਕੇ ਦੂਜੇ ਕਾਮੇ ਵੱਲ ਨੂੰ ਸੁੱਟਦੀ ਜਾਂਦੀ ਹਨ ਜੋ ਇੱਟਾਂ ਦੇ ਚੱਠੇ ‘ਤੇ ਖੜ੍ਹਾ ਹੁੰਦਾ ਹੈ।

“ਦੱਸ, ਬਾਰ੍ਹਾਂ, ਚੌਦ੍ਹਾਂ...” ਉਹ ਗਿਣੀ ਜਾਂਦਾ ਹੈ ਅਤੇ ਹੇਠਾਂ ਤੋਂ ਉਤਾਂਹ ਸੁੱਟੀ ਜਾਂਦੀ ਇੱਟ ਨੂੰ ਮਲ੍ਹਕੜੇ ਜਿਹੇ ਫੜ੍ਹਨ ਵਾਸਤੇ ਰਤਾ ਕੁ ਝੁੱਕਦਾ ਹੈ ਅਤੇ ਹੱਥ ਆਈਆਂ ਇੱਟਾਂ ਨੂੰ ਚੱਠੇ ਵਿੱਚ ਚਿਣੀ ਜਾਂਦਾ ਹੈ ਜਿੱਥੇ ਉਹ ਭੱਠੀ ਵੀ ਭਖਣ ਨੂੰ ਤਿਆਰ ਹਨ।

*****

ਹਰ ਰੋਜ਼, ਅੱਧੀ ਰਾਤ ਤੋਂ ਸ਼ੁਰੂ ਕਰਕੇ ਸਵੇਰ ਦੇ 10 ਵਜੇ ਤੱਕ ਖਾਂਡੂ, ਮਾਧੁਰੀ ਅਤੇ ਉਨ੍ਹਾਂ ਦੇ ਬੱਚੇ ਰਲ਼ ਕੇ 15,000 ਇੱਟਾਂ ਨੂੰ ਲੱਦਦੇ ਅਤੇ ਲਾਹੁੰਦੇ ਹਨ। ਇਹ ਪੂਰਾ ਕੰਮ ਉਨ੍ਹਾਂ ਦੇ 13 ਗਧਿਆਂ ਦੁਆਰਾ ਕੀਤਾ ਜਾਂਦਾ ਹੈ, ਹਰੇਕ ਗਧਾ ਇੱਕ ਦਿਨ ‘ਚ ਕਰੀਬ 2,300 ਕਿਲੋ ਭਾਰ ਚੁੱਕਦਾ ਹੈ। ਡੰਗਰਾਂ ਦੇ ਇਹ ਝੁੰਡ ਰੋਜ਼ ਕਰੀਬ 12 ਕਿਲੋਮੀਟਰ ਦਾ ਸਫ਼ਰ ਕਰਦੇ ਹਨ।

ਖਾਂਡੂ ਦਾ ਪਰਿਵਾਰ 1000 ਇੱਟਾਂ ਨੂੰ ਭੱਠੀ ਤੱਕ ਪਹੁੰਚਾਉਣ ਬਦਲੇ 200 ਰੁਪਏ ਕਮਾਉਂਦੇ ਹਨ। ਇਹ ਰਾਸ਼ੀ ਉਨ੍ਹਾਂ ਵੱਲੋਂ ਭੱਠਾ ਮਾਲਕ ਤੋਂ ਛੇ ਮਹੀਨਿਆਂ ਵਾਸਤੇ ਲਈ ਪੇਸ਼ਗੀ ਰਕਮ ਵਿੱਚ ਐਡਜੈਸਟ (ਕੱਟ) ਕਰ ਲਈ ਜਾਂਦੀ ਹੈ।  ਬੀਤੇ ਸੀਜ਼ਨ ਦੌਰਾਨ ਖਾਂਡੂ ਅਤੇ ਮਾਧੁਰੀ ਨੂੰ 20,000 ਰੁਪਏ ਪ੍ਰਤੀ ਗਧੇ ਦੇ ਹਿਸਾਬ ਨਾਲ਼ ਪੇਸ਼ਗੀ ਵਜੋਂ 2.6 ਲੱਖ ਰੁਪਏ ਮਿਲ਼ੇ।

PHOTO • Ritayan Mukherjee

ਮਾਧੁਰੀ ਅਤੇ ਉਨ੍ਹਾਂ ਦੇ ਪਤੀ ਖਾਂਡੂ (ਪੀਲ਼ੀ ਕਮੀਜ਼ ਪਾਈ) ਆਪਣੇ ਗਧਿਆਂ ਤੋਂ ਇੱਟਾਂ ਲਾਹੁੰਦੇ ਹੋਏ ਅਤੇ ਚੱਠਾ ਲਾਉਣ ਵਾਲ਼ੇ ਨੂੰ ਫੜ੍ਹਾਉਂਦੇ ਹੋਏ

“ਆਮ ਤੌਰ ‘ਤੇ ਪ੍ਰਤੀ ਡੰਗਰ ਅਸੀਂ 20,000 ਰੁਪਏ ਦਾ ਹਿਸਾਬ ਲਾਉਂਦੇ ਹਾਂ,” ਪੁਸ਼ਟੀ ਕਰਦਿਆਂ ਵਿਕਾਸ ਕੁੰਭਰ ਕਹਿੰਦੇ ਹਨ ਜਿਨ੍ਹਾਂ ਦੀ ਉਮਰ 22-23 ਸਾਲ ਦੇ ਕਰੀਬ ਹੈ ਅਤੇ  ਸਾਂਗਲੀ ਤੋਂ 75 ਕਿਲੋਮੀਟਰ ਦੂਰ ਕੋਲ੍ਹਾਪੁਰ ਵਿਖੇ ਦੋ ਭੱਠਿਆਂ ਦੇ ਮਾਲਕ ਹਨ। “ਸਾਰੀ ਅਦਾਇਗੀ (ਆਜੜੀ ਨੂੰ) ਪੇਸ਼ਗੀ ਹੀ ਹੋਈ ਹੈ,” ਉਹ ਕਹਿੰਦੇ ਹਨ। ਜਿੰਨੇ ਵੱਧ ਗਧੇ, ਓਨਾ ਹੀ ਵੱਧ ਪੇਸ਼ਗੀ।

ਹਿਸਾਬ-ਕਿਤਾਬ ਦਾ ਅੰਤਮ ਨਿਪਟਾਰਾ ਛੇ ਮਹੀਨਿਆਂ ਦੌਰਾਨ ਸਾਂਭੀਆਂ (ਪਹੁੰਚਾਈਆਂ) ਗਈਆਂ ਕੁੱਲ ਇੱਟਾਂ ਵਿੱਚੋਂ ਅਦਾ ਕੀਤੀ ਪੇਸ਼ਗੀ ਅਤੇ ਹੋਰ ਖਰਚੇ ਘਟਾ ਕੇ ਹੁੰਦਾ ਹੈ। “ਅਸੀਂ ਉਨ੍ਹਾਂ ਵੱਲੋਂ ਹਫ਼ਤੇਵਾਰੀ ਕਰਿਆਨੇ ਦੇ ਸਮਾਨ (ਪ੍ਰਤੀ ਪਰਿਵਾਰ 200-250 ਰੁਪਏ) ਲਈ ਲਏ ਪੈਸੇ ਅਤੇ ਹੋਰਨਾਂ ਖਰਚਿਆਂ ਦਾ ਹਿਸਾਬ-ਕਿਤਾਬ ਰੱਖਦੇ ਹਾਂ,” ਵਿਕਾਸ ਕਹਿੰਦੇ ਹਨ। ਜੇਕਰ ਕੋਈ ਆਜੜੀ ਪੇਸ਼ਗੀ ਰਕਮ ਮੁਤਾਬਕ ਕੰਮ ਨਹੀਂ ਕਰਦਾ ਤਾਂ ਅਸੀਂ ਉਸ ਪੇਸ਼ਗੀ ਰੂਪੀ ਕਰਜੇ ਨੂੰ ਅਗਲੇ ਸੀਜ਼ਨ ਵਿੱਚ ਜੋੜ ਦਿੰਦੇ ਹਾਂ, ਉਹ ਗੱਲ ਪੂਰੀ ਕਰਦੇ ਹਨ। ਖਾਂਡੂ ਅਤੇ ਮਾਧੁਰੀ ਜਿਹੇ ਕਈ ਲੋਕ ਪੈਣ ਵਾਲ਼ੀ ਲੋੜ ਦੇ ਹਿਸਾਬ ਨਾਲ਼ ਪੇਸ਼ਗੀ ਰਾਸ਼ੀ ਦਾ ਇੱਕ ਹਿੱਸਾ ਲਾਂਭੇ ਰੱਖ ਦਿੰਦੇ ਹਨ।

*****

ਇਲਾਕੇ ਅੰਦਰ ਜਾਨਵਰਾਂ ਦੀ ਕਲਿਆਣਕਾਰੀ ਸੰਸਥਾ, ਐਨੀਮਲ ਰਾਹਤ ਦੇ ਫ਼ੀਲਡ ਅਫ਼ਸਰ ਕਹਿੰਦੇ ਹਨ,“ਸਾਂਗਲੀ ਜ਼ਿਲ੍ਹੇ ਦੇ ਪਾਲੁਸ ਅਤੇ ਮਾਇਸਾਲ ਦਰਮਿਆਨ ਕੋਈ 450 ਇੱਟ-ਭੱਠੇ ਹਨ, ਜੋ ਕ੍ਰਿਸ਼ਨਾ ਨਦੀ ਦੇ ਕੰਢੇ ‘ਤੇ ਉਸਰੇ ਹੋਏ ਹਨ।” ਸਾਂਗਲੀਵਾੜੀ ਇਸ ਨਦੀ ਦੇ ਤਟ ਦੇ ਵਿਚਕਾਰ ਪੈਂਦੀ ਹੈ ਅਤੇ 80-85 ਕਿਲੋਮੀਟਰ ਤੱਕ ਫੈਲੀ ਹੋਈ ਹੈ। “ਇਨ੍ਹਾਂ ਭੱਠਿਆਂ ‘ਤੇ ਕਰੀਬ 4,000 ਗਧੇ ਕੰਮ ਕਰਦੇ ਹਨ,” ਉਨ੍ਹਾਂ ਦੇ ਸਹਿਯੋਗੀ ਦਾ ਕਹਿਣਾ ਹੈ। ਇਹ ਦੋਵੇਂ ਇੱਕ ਟੀਮ ਬਣਾ ਕੇ ਗਧਿਆਂ ਦੀ ਸਿਹਤ ਦੀ ਨਿਰੰਤਰ ਜਾਂਚ ਕਰਨ ਨਿਕਲ਼ੇ ਹਨ। ਉਨ੍ਹਾਂ ਦੀ ਸੰਸਥਾ ਐਮਰਜੈਂਸੀ ਐਂਬੂਲੈਂਸ ਸੇਵਾ ਵੀ ਚਲਾਉਂਦੀ ਹੈ ਅਤੇ ਜਾਨਵਰਾਂ ਦੀ ਨਾਜ਼ੁਕ ਹਾਲਤ ਹੋਣ ਦੀ ਸਥਿਤੀ ਵਿੱਚ ਦੇਖਭਾਲ਼ ਪ੍ਰਦਾਨ ਕਰਦੀ ਹੈ।

ਜਿਓਂ ਦਿਹਾੜੀ ਮੁੱਕਦੀ ਹੈ, ਅਸੀਂ ਕਈ ਗਧਿਆਂ ਨੂੰ ਨਦੀ ਦੇ ਨੇੜੇ ਬਣੇ ਜੋਤੀਬਾ ਮੰਦਰ ਵੱਲ ਛੂਟਾਂ ਵੱਟੀ ਜਾਂਦੇ ਦੇਖਦੇ ਹਾਂ। ਨੌਜਵਾਨ ਪੁਰਸ਼ ਆਜੜੀ ਆਪਣੇ ਮੋਟਰਸਾਈਕਲਾਂ ਅਤੇ ਸਾਈਕਲਾਂ ‘ਤੇ ਸਵਾਰ ਹੋ ਕੇ ਚਰਨ ਲਈ ਭੱਜਦੇ ਇਨ੍ਹਾਂ ਗਧਿਆਂ ਦੇ ਨਾਲ਼ ਨਾਲ਼ ਜਾਂਦੇ ਹਨ। ਜ਼ਿਆਦਾਤਰ ਜਾਨਵਰ ਇਲਾਕੇ ਦੇ ਕੂੜੇ ਦੇ ਢੇਰਾਂ ਵਿੱਚੋਂ ਖਾਣ-ਪੀਣ ਦਾ ਸਮਾਨ ਖਾਂਦੇ ਹਨ ਅਤੇ ਜਿਓਂ ਤਿਰਕਾਲਾਂ ਪੈਂਦੀਆਂ ਹਨ ਆਜੜੀ ਉਨ੍ਹਾਂ ਨੂੰ ਘੱਤ ਲਿਆਉਂਦੇ ਹਨ।

PHOTO • Ritayan Mukherjee
PHOTO • Ritayan Mukherjee

ਖੱਬੇ : ਗਧਿਆਂ ਦੇ ਇੱਜੜ ਨੂੰ ਉਨ੍ਹਾਂ ਦੇ ਆਜੜੀਆਂ ਦੁਆਰਾ ਚਰਾਏ ਜਾਣ ਲਈ ਲਿਜਾਇਆ ਜਾਂਦਾ ਹੋਇਆ,  ਆਜੜੀ ਜੋ ਮੋਟਰਸਾਈਕਲਾਂ ਰਾਹੀਂ ਜਾਨਵਰਾਂ ਦਾ ਪਿੱਛਾ ਕਰ ਰਹੇ ਹਨ। ਸੱਜੇ : ਆਜੜੀਆਂ ਦੀ ਮਦਦ ਕਰਨ ਵਾਲ਼ੀ ਐੱਨਜੀਓ ਦਾ ਇੱਕ ਕਰਮੀ ਜਗੂ ਮਾਨੇ ਦੇ ਇੱਕ ਗਧੇ ਨੂੰ ਟੀਕਾ ਲਾਉਂਦਾ ਹੋਇਆ

“ਅਸੀਂ ਹਰ ਸਾਲ ਆਪਣੇ ਪਸ਼ੂਆਂ ਨੂੰ ਘਾਹ ਅਤੇ ਕਡਬਾ ਚਰਨ ਦੇਣ ਵਾਸਤੇ ਦੋ ਗੁੰਠਾ (ਕਰੀਬ 0.05 ਏਕੜ) ਪੈਲ਼ੀ ਕਿਰਾਏ ‘ਤੇ ਲੈਂਦੇ ਹਾਂ,” 45 ਸਾਲਾ ਜਨਾਬਾਈ ਮਾਨੇ ਕਹਿੰਦੀ ਹਨ। ਛੇ ਮਹੀਨਿਆਂ ਦਾ ਕਿਰਾਇਆ ਕੋਈ 2,000 ਰੁਪਏ ਬਣਦਾ ਹੈ। “ਪਰ ਦੇਖੋ ਨਾ, ਸਾਡੀ ਹਯਾਤੀ ਉਨ੍ਹਾਂ ਸਿਰ ਹੀ ਤਾਂ ਚੱਲਦੀ ਹੈ। ਜੇ ਉਨ੍ਹਾਂ ਨੂੰ ਭੋਜਨ ਨਾ ਮਿਲ਼ਿਆ ਤਾਂ ਸਾਡਾ ਢਿੱਡ ਕਿਵੇਂ ਭਰੂ?”

ਟੀਨ ਦੀ ਛੱਤ ਵਾਲ਼ੇ ਆਪਣੇ ਘਰ ਦੇ ਅੰਦਰ ਬੈਠੀ ਜਨਾਬਾਈ ਨੇ ਸਾਡੇ ਨਾਲ਼ ਗੱਲਾਂ ਕਰਦੇ ਕਰਦੇ ਆਪਣਾ ਦੁਪਹਿਰ ਦਾ ਖਾਣਾ ਵੀ ਖਾ ਲਿਆ। ਊਬੜ-ਖਾਬੜ ਇੱਟਾਂ ਟਿਕਾ ਕੇ ਖੜ੍ਹੀਆਂ ਕੀਤੀਆਂ ਕੰਧਾਂ ਵਾਲ਼ੇ ਘਰ ਦਾ ਫ਼ਰਸ਼ ਕੱਚਾ ਹੈ ਜਿਸ ‘ਤੇ ਗੋਹੇ ਦਾ ਪੋਚਾ ਫੇਰਿਆ ਹੋਇਆ ਹੈ। ਉਹ ਸਾਨੂੰ ਪਲਾਸਟਿਕ ਦੀ ਚਟਾਈ ‘ਤੇ ਬੈਠਣ ਲਈ ਜ਼ੋਰ ਪਾਉਂਦੀ ਹਨ। “ਅਸੀਂ ਫਲਤਨ (ਜ਼ਿਲ੍ਹਾ ਸਤਾਰਾ) ਦੇ ਵਾਸੀ ਹਾਂ ਪਰ ਉੱਥੇ ਰਹਿੰਦਿਆਂ ਮੇਰੇ ਗਧਿਆਂ ਗੋਚਰਾ ਕੋਈ ਕੰਮ ਨਹੀਂ ਮਿਲ਼ਦਾ। ਇਸਲਈ ਅਸੀਂ ਪਿਛਲੇ 10-12 ਸਾਲਾਂ ਤੋਂ ਸਾਂਗਲੀ ਵਿਖੇ ਹੀ ਕੰਮ ਕਰਦੇ ਆ ਰਹੇ ਹਾਂ। ਜਿਥਾ ਤਯਾਂਨਾ ਕਾਮ, ਤਿਥੇ ਆਮਹੀ (ਜਿੱਥੇ ਕੰਮ ਮਿਲ਼ਦਾ ਉੱਥੇ ਚਲੇ ਜਾਈਦਾ),” ਉਹ ਕਹਿੰਦੀ ਹਨ, ਉਨ੍ਹਾਂ ਦਾ ਸੱਤ ਮੈਂਬਰੀ ਟੱਬਰ ਪੂਰਾ ਸਾਲ ਸਾਂਗਲੀ ਵਿਖੇ ਹੀ ਰਹਿੰਦਾ ਹੈ, ਖਾਂਡੂ ਅਤੇ ਉਨ੍ਹਾਂ ਦੇ ਟੱਬਰ ਵਾਂਗ ਪ੍ਰਵਾਸ ਨਹੀਂ ਕਰਦਾ ਰਹਿੰਦਾ।

ਅਜੇ ਹੁਣ ਜਿਹੇ ਹੀ ਜਨਾਬਾਈ ਅਤੇ ਉਨ੍ਹਾਂ ਦੇ ਪਰਿਵਾਰ ਨੇ ਸਾਂਗਲੀ ਪਿੰਡ ਦੇ ਬਾਹਰਵਾਰ 2.5 ਗੁੰਠਾ (ਕਰੀਬ 0.6 ਏਕੜ) ਜ਼ਮੀਨ ਖ਼ਰੀਦੀ। “ਬਾਰ ਬਾਰ ਆਉਣ ਵਾਲ਼ੇ ਹੜ੍ਹ ਮੇਰੇ ਪਸ਼ੂਆਂ ਵਾਸਤੇ ਬੜੇ ਮਾੜੇ ਹਨ। ਅਸੀਂ ਪਹਾੜੀ ਵਾਲ਼ੇ ਪਾਸੇ ਜ਼ਮੀਨ ਖ਼ਰੀਦ ਲਈ ਹੈ। ਉੱਥੇ ਅਸੀਂ ਘਰ ਬਣਾਵਾਂਗੇ ਜਿੱਥੇ ਹੇਠਾਂ ਗਧੇ ਰੱਖਾਂਗੇ ਅਤੇ ਅਸੀਂ ਪਹਿਲੀ ਮੰਜ਼ਲ ‘ਤੇ ਖ਼ੁਦ ਰਹਾਂਗੇ,” ਉਹ ਕਹਿੰਦੀ ਹਨ ਯਕਦਮ ਉਨ੍ਹਾਂ ਦਾ ਪੋਤਾ ਆਉਂਦਾ ਹੈ ਅਤੇ ਆਪਣੀ ਦਾਦੀ ਦੀ ਗੋਦੀ ਵਿੱਚ ਬਹਿ ਜਾਂਦਾ ਹੈ, ਉਹ ਬੜਾ ਖ਼ੁਸ਼ ਜਾਪ ਰਿਹਾ ਹੈ। ਉਹ ਬੱਕਰੀਆਂ ਵੀ ਪਾਲ਼ਦੀ ਹਨ; ਚਾਰੇ ਦੀ ਉਡੀਕ ਕਰਦੀਆਂ ਬੱਕਰੀਆਂ ਦੀ ਮੈਂ...ਮੈਂ... ਸਾਡੇ ਕੰਨੀਂ ਪਈ। “ਮੇਰੀ ਭੈਣ ਨੇ ਮੈਨੂੰ ਤੋਹਫ਼ੇ ਵਿੱਚ ਬੱਕਰੀ ਦਿੱਤੀ। ਹੁਣ ਮੇਰੇ ਕੋਲ਼ 10 ਬੱਕਰੀਆਂ ਹਨ,” ਖ਼ੁਸ਼ਨੁਮਾ ਲਹਿਜੇ ਵਿੱਚ ਜਨਾਬਾਈ ਕਹਿੰਦੀ ਹਨ।

“ਅੱਜ ਦੀ ਤਰੀਕ ਵਿੱਚ ਗਧੇ ਪਾਲ਼ਣਾ ਦਿਨੋ-ਦਿਨ ਔਖ਼ੇ ਤੋਂ ਔਖ਼ੇਰਾ ਹੁੰਦਾ ਜਾਂਦਾ ਹੈ। ਸਾਡੇ ਕੋਲ਼ 40 ਗਧੇ ਹੁੰਦੇ ਸਨ। ਉਨ੍ਹਾਂ ਵਿੱਚ ਇੱਕ ਗੁਜਰਾਤ ਦਾ ਸੀ ਜੋ ਦਿਲ ਦੇ ਦੌਰੇ ਕਾਰਨ ਮਾਰਿਆ ਗਿਆ। ਅਸੀਂ ਉਹਨੂੰ ਬਚਾ ਨਾ ਸਕੇ,” ਉਹ ਕਹਿੰਦੀ ਹਨ। ਹੁਣ ਉਨ੍ਹਾਂ ਕੋਲ਼ 28 ਗਧੇ ਹਨ। ਸਾਂਗਲੀ ਦਾ ਇੱਕ ਡੰਗਰ ਡਾਕਟਰ ਹਰ ਛੇ ਮਹੀਨੇ ਵਿੱਚ ਇੱਕ ਜਾਂ ਦੋ ਵਾਰੀਂ ਡੰਗਰਾਂ ਨੂੰ ਦੇਖਣ ਆਉਂਦਾ ਹੈ। ਪਰ ਸਿਰਫ਼ ਪਿਛਲੇ ਇੱਕ ਮਹੀਨੇ ਵਿੱਚ ਹੀ ਪਰਿਵਾਰ ਦੇ ਚਾਰ ਗਧੇ ਮਰ ਗਏ ਜਿਨ੍ਹਾਂ ਵਿੱਚੋਂ ਤਿੰਨਾਂ ਨੇ ਚਰਨ ਦੌਰਾਨ ਕੋਈ ਜ਼ਹਿਰੀਲੀ ਚੀਜ਼ ਨਿਗ਼ਲ ਲਈ ਅਤੇ ਚੌਥੇ ਦਾ ਐਕਸੀਡੈਂਟ ਹੋ ਗਿਆ। “ਮੇਰੇ ਮਾਪਿਆਂ ਦੀ ਪੀੜ੍ਹੀ ਦੇ ਲੋਕਾਂ ਨੂੰ ਕਈ ਜੜ੍ਹੀ-ਬੂਟੀਆਂ ਦਾ ਇਲਮ ਹੁੰਦਾ ਸੀ। ਪਰ ਸਾਨੂੰ ਅਜਿਹਾ ਇਲਮ ਨਹੀਂ,” ਜਨਾਬਾਈ ਕਹਿੰਦੀ ਹਨ। “ਹੁਣ ਤਾਂ ਅਸੀਂ ਚੁੱਪ ਕਰਕੇ ਦੁਕਾਨ ‘ਤੇ ਜਾਈਦਾ ਅਤੇ ਦਵਾਈ ਖਰੀਦ ਲਿਆਈਦੀ ਹੈ।”

PHOTO • Ritayan Mukherjee
PHOTO • Ritayan Mukherjee

ਖੱਬੇ : ਸਾਂਗਲੀ ਵਿਖੇ ਜਨਾਬਾਈ ਮਾਨੇ ਅਤੇ ਉਨ੍ਹਾਂ ਦੇ ਪਰਿਵਾਰ ਕੋਲ਼ 28 ਗਧੇ ਹਨ। ਅੱਜ ਦੀ ਤਰੀਕ ਵਿੱਚ ਗਧੇ ਪਾਲ਼ਣਾ ਦਿਨੋ-ਦਿਨ ਔਖ਼ੇ ਤੋਂ ਔਖ਼ੇਰਾ ਹੁੰਦਾ ਜਾਂਦਾ ਹੈ । ਸੱਜੇ : ਉਨ੍ਹਾਂ ਦਾ ਬੇਟਾ ਸੋਮਨਾਥ ਮਾਨੇ ਦਿਨ ਦੇ ਕੰਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਗਧਿਆਂ ਦੀ ਜਾਂਚ ਕਰਦੇ ਹੋਏ

*****

ਮਹਾਰਾਸ਼ਟਰ ਵਿੱਚ ਕੈਕਾਡੀ, ਬੇਲਦਾਰ, ਕੁੰਭਾਰ (ਘੁਮਿਆਰ) ਅਤੇ ਵਦਰ ਭਾਈਚਾਰਿਆਂ ਦੁਆਰਾ ਗਧਿਆਂ ਨੂੰ ਪਾਲ਼ਿਆ-ਪੋਸਿਆ ਅਤੇ ਚਰਾਉਣ ਦਾ ਕੰਮ ਕੀਤਾ ਜਾਂਦਾ ਹੈ। ਕੈਕਾਡੀ ਭਾਈਚਾਰਾ- ਜਿਸ ਨਾਲ਼ ਖਾਂਡੂ, ਮਾਧੁਰੀ ਅਤੇ ਜਨਾਬਾਈ ਤਾਅਲੁੱਕ ਰੱਖਦੇ ਹਨ- ਜੋ ਇੱਕ ਅਜਿਹਾ ਖ਼ਾਨਾਬਦੋਸ਼ ਕਬੀਲਾ ਹੈ ਜਿਹਨੂੰ ਬ੍ਰਿਟਿਸ਼ਾਂ ਦੁਆਰਾ ‘ਅਪਰਾਧੀ’ ਗਰਦਾਨਿਆ ਗਿਆ ਸੀ। 1952 ਵਿੱਚ ਬਸਤੀਵਾਦੀ ਅਪਰਾਧੀ ਕਬੀਲਾ ਐਕਟ ਦੇ ਰੱਦ ਹੋਣ ਤੋਂ ਬਾਅਦ ਇਨ੍ਹਾਂ ਨੂੰ ‘ਵਿਮੁਕਤ’ ਕਰ ਦਿੱਤਾ ਗਿਆ ਸੀ, ਪਰ ਅੱਜ ਤੱਕ ਇਹ ਇਸੇ ਕਲੰਕ ਨਾਲ਼ ਜੀਅ ਰਹੇ ਹਨ ਅਤੇ ਸਮਾਜ ਇਨ੍ਹਾਂ ਨੂੰ ਸ਼ੱਕ ਦੀ ਨਜ਼ਰ ਨਾਲ਼ ਦੇਖਦਾ ਹੈ। ਪਰੰਪਰਾਗਤ ਤੌਰ ‘ਤੇ, ਕੈਕਾਡੀ ਟੋਕਰੀਆਂ ਅਤੇ ਝਾੜੂ ਬਣਾਉਣ ਦਾ ਕੰਮ ਕਰਦੇ ਹਨ। ਵਿਦਰਭਾ ਇਲਾਕੇ ਦੇ ਅੱਠ ਜ਼ਿਲ੍ਹਿਆਂ ਨੂੰ ਛੱਡ ਕੇ ਮਹਾਰਾਸ਼ਟਰ ਦੇ ਬਹੁਤੇਰੇ ਹਿੱਸਿਆਂ ਵਿੱਚ ਇਹ ਭਾਈਚਾਰਾ ਹੁਣ ਵਿਮੁਕਤ ਜਾਤੀ ਵਜੋਂ ਸੂਚੀਬੱਧ ਹੈ। ਵਿਦਰਭ ਵਿਖੇ ਇਹਨੂੰ ਪਿਛੜੇ ਜਾਤੀ ਵਜੋਂ ਸੂਚੀਬੱਧ ਕੀਤਾ ਗਿਆ ਹੈ।

ਪਸ਼ੂਆਂ ਦੇ ਰੂਪ ਵਿੱਚ ਗਧੇ ਪਾਲਣ ਵਾਲ਼ੇ ਕੈਕਾਡੀ ਭਾਈਚਾਰੇ ਦੇ ਬਹੁਤੇਰੇ ਲੋਕੀਂ ਆਪਣੇ ਪਸ਼ੂ ਪੂਨੇ ਜ਼ਿਲ੍ਹੇ ਦੇ ਜੇਜੁਰੀ ਜਾਂ ਅਹਿਮਦਨਗਰ ਜ਼ਿਲ੍ਹੇ ਦੇ ਮਢੀ ਤੋਂ ਖ਼ਰੀਦਦੇ ਹਨ। ਕੁਝ ਲੋਕੀਂ ਗੁਜਰਾਤ ਅਤੇ ਰਾਜਸਥਾਨ ਦੀ ਗਧਿਆਂ ਦੀ ਲੱਗਣ ਵਾਲ਼ੀ ਮੰਡੀ ਵੀ ਜਾਂਦੇ ਹਨ। ਜਨਾਬਾਈ ਕਹਿੰਦੀ ਹਨ,“ਗਧਿਆਂ ਦੀ ਇੱਕ ਜੋੜੀ 60,000 ਤੋਂ 120,000 ਰੁਪਏ ਵਿੱਚ ਮਿਲ਼ਦੀ ਹੈ,” ਉਹ ਅੱਗੇ ਦੱਸਦੀ ਹਨ। “ਵੈਸੇ ਜਿਹੜੇ ਗਧੇ ਦੰਦੋਂ-ਰਹਿਤ (ਭਾਵ ਛੋਟੇ ਬੱਚੇ) ਹੁੰਦੇ ਹਨ ਉਹ ਵੱਧ ਮਹਿੰਗੇ ਹੁੰਦੇ ਹਨ,” ਇਸ ਗੱਲ਼ ਤੋਂ ਉਨ੍ਹਾਂ ਦਾ ਭਾਵ ਗਧਿਆਂ ਦੀ ਉਮਰ ਤੋਂ ਹੈ। ਗਧੇ ਦੇ ਕੁਝ ਦੰਦ ਉਹਦੇ ਜਨਮ ਤੋਂ ਥੋੜ੍ਹੇ ਕੁ ਹਫ਼ਤਿਆਂ ਬਾਅਦ ਹੀ ਦਿੱਸਣ ਲੱਗਦੇ ਹਨ, ਪਰ ਛੇਤੀ ਹੀ ਇਹ ਦੰਦ ਵੀ ਡਿੱਗ ਜਾਂਦੇ ਹਨ ਅਤੇ ਉਹਦੀ ਥਾਂ ‘ਤੇ ਨਵੇਂ ਅਤੇ ਪੱਕੇ ਦੰਦ ਆ ਜਾਂਦੇ ਹਨ ਜੋ ਪ੍ਰਕਿਰਿਆ ਕਿ ਗਧੇ ਦੀ ਪੰਜ ਸਾਲ ਦੀ ਉਮਰੇ ਹੁੰਦੀ ਹੈ।

ਹਾਲਾਂਕਿ, ਪਿਛਲੇ ਦਹਾਕੇ ਤੋਂ ਭਾਰਤੀ ਗਧਿਆਂ ਦੀ ਅਬਾਦੀ ਵਿੱਚ ਤੇਜ਼ੀ ਨਾਲ਼ ਗਿਰਾਵਟ ਦੇਖੀ ਗਈ ਹੈ। 2012 ਤੋਂ 2019 ਦਰਮਿਆਨ ਉਨ੍ਹਾਂ ਦੀ ਗਿਣਤੀ ਵਿੱਚ 61.2 ਫ਼ੀਸਦ ਕਮੀ ਦਰਜ ਕੀਤੀ ਗਈ ਹੈ ਜੋ ਕਿ 2012 ਵਿੱਚ ਪਸ਼ੂਆਂ ਦੀ ਹੋਈ ਮਰਦਮਸ਼ੁਮਾਰੀ ਵੇਲ਼ੇ 3.2 ਲੱਖ ਸੀ ਅਤੇ ਸਾਲ 2019 ਆਉਂਦੇ ਆਉਂਦੇ ਘੱਟ ਕੇ 1.2 ਲੱਖ ਰਹਿ ਗਈ। ਜੇ ਗਧਿਆਂ ਦੀ ਅਬਾਦੀ ਦੀ ਗੱਲ ਕਰੀਏ ਤਾਂ ਮਹਾਰਾਸ਼ਟਰ ਦੂਜੇ ਨੰਬਰ ‘ਤੇ ਹੈ, ਉੱਥੇ 2019 ਦੀ ਗਣਨਾ ਮੁਤਾਬਕ ਗਧਿਆਂ ਦੀ ਕੁੱਲ ਗਿਣਤੀ 17,572 ਦਰਜ ਕੀਤੀ ਗਈ, ਜੋ ਕਿ 2012 ਦੇ ਮੁਕਾਬਲੇ 40 ਫ਼ੀਸਦ ਘੱਟ ਸੀ।

ਤੇਜ਼ੀ ਨਾਲ਼ ਆਈ ਇਸ ਗਿਰਾਵਟ ਨੇ ਬਰੂਕ ਇੰਡੀਆ ਨੇ ਪੱਤਰਕਾਰ ਸ਼ਰਤ ਕੇ. ਵਰਮਾ ਨੂੰ ਖ਼ੋਜੀ ਕਿਸਮ ਦਾ ਪੜਤਾਲ਼ੀ ਅਧਿਐਨ ਕਰਨ ਲਈ ਹੱਲ੍ਹਾਸ਼ੇਰੀ ਦਿੱਤੀ, ਬਰੂਕ ਜੋ ਕਿ ਮੁਨਾਫ਼ਾ ਰਹਿਤ ਪਸ਼ੂ ਕਲਿਆਣਕਾਰੀ ਸੰਸਥਾ ਹੈ। ਉਨ੍ਹਾਂ ਦੇ ਅਧਿਐਨ ਨੇ ਇਸ ਗਿਰਾਵਟ ਵਾਸਤੇ ਕਈ ਕਾਰਨਾਂ ਨੂੰ ਜ਼ਿੰਮੇਦਾਰ ਦੱਸਿਆ-ਪਸ਼ੂਆਂ ਦੇ ਉਪਯੋਗ ਵਿੱਚ ਆਈ ਕਮੀ, ਉਨ੍ਹਾਂ ਦਾ ਪਾਲਣ-ਪੋਸ਼ਣ ਕਰਨ ਵਾਲ਼ੇ ਭਾਈਚਾਰਿਆਂ ਦੁਆਰਾ ਕਾਰੋਬਾਰ ਪਰਿਵਰਤਨ, ਆਵਾਜਾਈ ਦੀ ਅਧੁਨਿਕ ਪ੍ਰਣਾਲੀ ਦਾ ਵਿਕਾਸ, ਚਰਾਂਦਾਂ ਵਾਸਤੇ ਸੁੰਗੜਦੀਆਂ ਜ਼ਮੀਨਾਂ, ਪਸ਼ੂਆਂ ਦੀ ਗ਼ੈਰ-ਕਨੂੰਨੀ ਹਤਿਆ ਅਤੇ ਪਸ਼ੂਆਂ ਦੀ ਚੋਰੀ।

PHOTO • Ritayan Mukherjee
PHOTO • Ritayan Mukherjee

ਖੱਬੇ : ਇੱਕ ਆਜੜੀ ਆਪਣੇ ਗਧੇ ਨੂੰ ਪਿਆਰ ਕਰਦਾ ਹੋਇਆ। ਸੱਜੇ : ਮਿਰਾਜ ਕਸਬੇ ਦੇ ਲਕਸ਼ਮੀ ਇਲਾਕੇ ਵਿਖੇ ਸਥਿਤ ਇੱਕ ਭੱਠੇ ਤੇ ਇੱਟਾਂ ਲਾਹੁੰਦਾ ਇੱਕ ਮਜ਼ਦੂਰ

“ਦੱਖਣੀ ਰਾਜਾਂ ਵਿੱਚ, ਖਾਸਕਰਕੇ ਆਂਧਰਾ ਪ੍ਰਦੇਸ਼ ਦੇ ਗੁੰਟੂਰ ਇਲਾਕਿਆਂ ਵਿੱਚ ਗਧੇ ਦੇ ਮਾਸ ਦੀ ਕਾਫ਼ੀ ਮੰਗ ਹੈ,” ਡਾ. ਸੁਰਜੀਤ ਪਵਾਰ ਕਹਿੰਦੇ ਹਨ ਜੋ ਸਾਂਗਲੀ ਦੇ ਬਰੂਕ ਇੰਡੀਆ ਪ੍ਰੋਗਰਾਮ ਦੇ ਕੋਆਰਡੀਨੇਟਰ ਹਨ। ਵਰਮਾ ਦਾ ਅਧਿਐਨ ਦੱਸਦਾ ਹੈ ਕਿ ਆਂਧਰਾ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਅੰਦਰ ਮਾਸ ਵਾਸਤੇ ਅੰਨ੍ਹੇਵਾਹ ਗਧਿਆਂ ਦੇ ਕਤਲ ਹੋ ਰਹੇ ਹਨ। ਸਸਤਾ ਹੋਣ ਤੋਂ ਇਲਾਵਾ, ਇਸ ਮਾਸ ਅੰਦਰ ਕਈ ਬੀਮਾਰੀਆਂ ਦੇ ਇਲਾਜੀ ਗੁਣ ਹੋਣ ਬਾਰੇ ਮਾਨਤਾ ਹੈ ਅਤੇ ਇਹ ਪੁਰਸ਼ਾਂ ਅੰਦਰ ਤਾਕਤ ਨੂੰ ਵੀ ਵਧਾਉਂਦਾ ਹੈ।

ਪਵਾਰ ਇੱਕ ਗੱਲ ਹੋਰ ਜੋੜਦੇ ਹਨ ਕਿ ਗਧਿਆਂ ਦੀ ਚਮੜੀ ਨੂੰ ਤਸਕਰੀ ਕਰਕੇ ਚੀਨ ਭੇਜਿਆ ਜਾਂਦਾ ਹੈ। ਚੀਨ ਦੀ ਇੱਕ ਪਰੰਪਰਾਗਤ ਦਵਾਈ ‘ਇਜਿਆਓ’ ਵਿੱਚ ਇਹ ਤੱਤ ਬਹੁਤਾਤ ਵਿੱਚ ਇਸਤੇਮਾਲ ਹੁੰਦਾ ਹੈ ਅਤੇ ਇਸੇ ਲਈ ਇਹਦੀ ਇੰਨੀ ਵੱਧ ਮੰਗ ਹੈ। ਬਰੂਕ ਇੰਡੀਆ ਦੁਆਰਾ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਗਧਿਆਂ ਦੇ ਗ਼ੈਰ-ਕਨੂੰਨੀ ਕਤਲ ਅਤੇ ਗਧਿਆਂ ਦੀ ਚੋਰੀ ਵਿੱਚ ਸਬੰਧ ਦੱਸਿਆ ਗਿਆ ਹੈ। ਇਸ ਤੋਂ ਇਹ ਨਤੀਜਾ ਨਿਕਲ਼ਦਾ ਹੈ ਕਿ ਗਧਿਆਂ ਦੀ ਚਮੜੀ ਦੇ ਗ਼ੈਰ-ਕਨੂੰਨੀ ਕਾਰੋਬਾਰ ਵਿੱਚ ਵਾਧੇ ਦਾ ਮੁੱਖ ਕਾਰਨ ਚੀਨ ਵਿੱਚ ਇਹਦੀ ਵੱਧਦੀ ਮੰਗ ਹੈ। ਇਨ੍ਹਾਂ ਸਾਰੇ ਕਾਰਨਾਂ ਕਰਕੇ ਇਹ ਪਸ਼ੂ ਭਾਰਤ ਵਿੱਚ ਤੇਜ਼ੀ ਨਾਲ਼ ਅਲੋਪ ਹੋਣ ਵੱਲ ਨੂੰ ਜਾ ਰਹੇ ਹਨ।

*****

ਬਾਬਾਸਾਹੇਬ ਬਬਨ ਮਾਨੇ (45 ਸਾਲ) ਛੇ ਸਾਲ ਪਹਿਲਾਂ ਆਪਣੇ ਸਾਰੇ 10 ਗਧਿਆਂ ਨੂੰ ਚੋਰੀ ਵਿੱਚ ਗੁਆ ਬੈਠੇ ਸਨ। “ਉਹਦੇ ਬਾਅਦ ਹੀ ਮੈਂ ਇੱਟ ਮਜ਼ਦੂਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਹੁਣ ਪਹਿਲਾਂ ਦੇ ਮੁਕਾਬਲੇ ਵਿੱਚ ਮੇਰੀ ਆਮਦਨੀ ਬੜੀ ਘੱਟ ਹੋ ਗਈ ਹੈ।” ਗਧਿਆਂ ਦੇ ਮਾਲਕ ਹਰੇਕ 1,000 ਇੱਟਾਂ ਨੂੰ ਲੱਦਣ-ਲਾਹੁਣ ਦੇ ਬਦਲੇ ਰੋਜ਼ 200 ਰੁਪਏ ਕਮਾਉਂਦੇ ਹਨ, ਜਦੋਂਕਿ ਢੋਆ-ਢੁਆਈ ਕਰਨ ਵਾਲ਼ੇ ਮਜ਼ਦੂਰ ਸਿਰਫ਼ 180 ਰੁਪਏ ਹੀ ਕਮਾ ਪਾਉਂਦੇ ਹਨ। ਗਧਾ ਮਾਲਿਕਾਂ ਨੂੰ 20 ਰੁਪਏ ਵੱਧ ਇਸ ਵਾਸਤੇ ਦਿੱਤੇ ਜਾਂਦੇ ਹਨ ਕਿ ਉਹ ਪਸ਼ੂਆਂ ਨੂੰ ਚਾਰਾ ਖੁਆ ਸਕਣ। ਇਹ ਗੱਲ ਸਾਨੂੰ ਮਾਧੁਰੀ ਨੇ ਦੱਸੀ ਸੀ। ਅਸੀਂ ਬਾਬਾਸਾਹੇਬ ਨਾਲ਼ ਇੱਕ ਭੱਠੇ ‘ਤੇ ਮਿਲ਼ੇ, ਜੋ ਸਾਂਗਲੀਵਾੜੀ ਤੋਂ ਕੋਈ 12 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਮਿਰਾਜ ਕਸਬੇ ਦੇ ਲਕਸ਼ਮੀ ਮੰਦਰ ਇਲਾਕੇ ਦੇ ਕੋਲ਼ ਸਥਿਤ ਸੀ। ਚੋਰੀ ਦੀ ਇੱਕ ਵਾਰਦਾਤ ਨੂੰ ਚੇਤੇ ਕਰਦਿਆਂ ਕਹਿੰਦੇ ਹਨ,“ਇੱਕ ਵਾਰ ਮਹੈਸਾਲ ਫਾਟਾ ਵਿਖੇ ਇੱਕ ਵਪਾਰੀ ਦੇ 20 ਗਧੇ ਚੋਰੀ ਹੋ ਗਏ।” ਇਹ ਘਟਨਾ ਉਸ ਭੱਠੇ ਤੋਂ ਮਹਿਜ਼ 10 ਕਿਲੋਮੀਟਰ ਦੂਰ ਵਾਪਰੀ। “ਮੈਨੂੰ ਲੱਗਦਾ ਹੈ ਜਿਵੇਂ ਉਨ੍ਹਾਂ ਨੇ ਗਧਿਆਂ ਨੂੰ ਨਸ਼ੀਲੀ ਦਵਾਈ ਖੁਆ/ਪਿਆ ਦਿੱਤੀ ਸੀ ਅਤੇ ਕਿਸੇ ਵੱਡੀ ਗੱਡੀ ਵਿੱਚ ਲੱਦ ਕੇ ਫਰਾਰ ਹੋ ਗਏ।” ਦੋ ਸਾਲ ਪਹਿਲਾਂ ਜਨਾਬਾਈ ਦੇ ਗਧਿਆਂ ਵਿੱਚੋਂ ਸੱਤ ਦੀ ਚੋਰੀ ਉਸ ਸਮੇਂ ਹੋਈ ਜਦੋਂ ਉਹ ਚਰਨ ਲਈ ਖੇਤਾਂ ਵਿੱਚ ਗਏ ਸਨ।

ਸਾਂਗਲੀ, ਸੋਲ੍ਹਾਪੁਰ, ਬੀਡ ਅਤੇ ਮਹਾਰਾਸ਼ਟਰ ਦੇ ਦੂਸਰੇ ਜ਼ਿਲ੍ਹਿਆਂ ਵਿੱਚ ਗਧਿਆਂ ਦੀ ਚੋਰੀ ਦੀਆਂ ਵਾਰਦਾਤਾਂ ਤੇਜ਼ੀ ਨਾਲ਼ ਵਧੀਆਂ ਹਨ। ਇਸ ਨਾਲ਼ ਮਹਾਰਾਸ਼ਟਰ ਦੇ ਪਸ਼ੂ-ਪਾਲਕਾਂ ਦੀਆਂ ਆਰਥਿਕ ਮੁਸ਼ਕਲਾਂ ਵਧੀਆਂ ਹਨ। ਬਾਬਾਸਾਹੇਬ ਅਤੇ ਜਨਾਬਾਈ ਅਜਿਹੇ ਪਸ਼ੂ-ਪਾਲਕ ਹਨ ਜਿਨ੍ਹਾਂ ਦੀ ਕਮਾਈ ਗਧਿਆਂ ਸਿਰ ਹੀ ਨਿਰਭਰ ਹੈ। ਮਿਰਾਜ ਵਿਖੇ ਇੱਟ-ਭੱਠੇ ‘ਤੇ ਕੰਮ ਕਰਨ ਵਾਲ਼ੇ ਜਗੂ ਮਾਨੇ ਕਹਿੰਦੇ ਹਨ,“ਚੋਰਾਂ ਨੇ ਮੇਰੇ ਝੁੰਡ ਵਿੱਚੋਂ ਪੰਜ ਗਧੇ ਚੋਰੀ ਕਰ ਲਏ।” ਇਸ ਨਾਲ਼ ਉਨ੍ਹਾਂ ਨੂੰ ਕਰੀਬ 2 ਲੱਖ ਰੁਪਏ ਦਾ ਨੁਕਸਾਨ ਹੋਇਆ ਸੀ। ਉਹ ਪੁੱਛਦੇ ਹਨ,“ਮੈਂ ਇਸ ਨੁਕਸਾਨ ਦੀ ਪੂਰਤੀ ਕਿਵੇਂ ਕਰੂੰਗਾ?”

PHOTO • Ritayan Mukherjee
PHOTO • Ritayan Mukherjee

ਖੱਬੇ : ਬਾਬੂ ਵਿਠੁਲ ਜਾਧਵ (ਪੀਲ਼ੀ ਕਮੀਜ਼ ਵਿੱਚ) ਮਿਰਾਜ ਵਿੱਚ ਇੱਕ ਭੱਠੇ ਤੇ ਇੱਟਾਂ ਦੇ ਚੱਠੇ ਤੇ ਬੈਠੇ ਸੁਸਤਾ ਰਹੇ ਹਨ। ਸੱਜੇ : ਕੈਕਾਡੀ ਭਾਈਚਾਰੇ ਦਾ ਇੱਕ 13 ਸਾਲਾ ਲੜਕਾ ਰਮੇਸ਼ ਮਾਨੇ, ਘਾਹ ਅਤੇ ਸੁੱਕੀਆਂ ਨਾੜਾਂ ਨਾਲ਼ ਭਰੇ ਇੱਕ ਖੇਤ ਵਿੱਚ ਆਪਣੇ ਗਧਿਆਂ ਨੂੰ ਚਰਦਿਆਂ ਦੇਖਦਾ ਹੋਇਆ

ਉਂਝ ਪਵਾਰ ਨੂੰ ਇਹੀ ਜਾਪਦਾ ਕਿ ਸ਼ਾਇਦ ਪਸ਼ੂ-ਪਾਲਕ ਵੀ ਆਪਣੀ ਹਾਲਤ ਨੂੰ ਲੈ ਕੇ ਰਤਾ ਲਾਪਰਵਾਹ ਹਨ। ਉਹ ਆਪਣੇ ਗਧਿਆਂ ਦੀਆਂ ਟੋਲੀਆਂ ਨੂੰ ਪੂਰਾ ਦਿਨ ਚਰਨ ਲਈ ਬਾਹਰ ਖੁੱਲ੍ਹਾ ਛੱਡ ਦਿੰਦੇ ਹਨ ਅਤੇ ਉਨ੍ਹਾਂ ‘ਤੇ ਕੋਈ ਨਿਗਰਾਨੀ ਨਹੀਂ ਰੱਖਦਾ। “ਉਨ੍ਹਾਂ ਦੀ ਸੁਰੱਖਿਆ ਦਾ ਕੋਈ ਬੰਦੋਬਸਤ ਨਹੀਂ ਹੁੰਦਾ। ਉਹ ਸਿਰਫ਼ ਭੱਠੇ ‘ਤੇ ਕੰਮ ਕਰਨ ਵੇਲ਼ੇ ਹੀ ਆਪਣੇ ਗਧਿਆਂ ਨੂੰ ਵਾਪਸ ਲਿਆਉਂਦੇ ਹਨ। ਇਹੀ ਉਹ ਸਮਾਂ ਹੁੰਦਾ ਹੈ ਜਦੋਂ ਕੁਝ ਨਾ ਕੁਝ ਗ਼ਲਤ ਵਾਪਰਦਾ ਹੈ ਅਤੇ ਚੋਰ ਕਿਸੇ ਲਾਪਰਵਾਹੀ ਨੂੰ ਤਾੜ ਲੈਂਦੇ ਹਨ।”

ਬਾਬਾਸਾਹੇਬ ਨਾਲ਼ ਗੱਲਬਾਤ ਦੌਰਾਨ ਸਾਡਾ ਧਿਆਨ ਬਾਬੂ ਵਿਠੱਲ ਜਾਧਵ ਵੱਲ ਪੈਂਦਾ ਹੈ ਜੋ ਆਪਣੇ ਚਾਰ ਗਧਿਆਂ ਤੋਂ ਇੱਟਾਂ ਲਾਹ ਰਹੇ ਹਨ। 60 ਸਾਲਾ ਬਾਬੂ ਵੀ ਕੈਕਾਡੀ ਭਾਈਚਾਰੇ ਨਾਲ਼ ਤਾਅਲੁੱਕ ਰੱਖਦੇ ਹਨ ਅਤੇ ਪਿਛਲੇ 25 ਸਾਲਾਂ ਤੋਂ ਇੱਟ-ਭੱਠੇ ‘ਤੇ ਕੰਮ ਕਰ ਰਹੇ ਹਨ। ਮੂਲ਼ ਰੂਪ ਵਿੱਚ ਉਹ ਸੋਲ੍ਹਾਪੁਰ ਜ਼ਿਲ੍ਹੇ ਦੇ ਮੋਹੋਲ ਬਲਾਕ ਦੇ ਪਾਟਕੁਲ ਨਾਲ਼ ਸਬੰਧ ਰੱਖਣ ਵਾਲ਼ੇ ਬਾਬੂ ਸਾਲ ਦੇ ਛੇ ਮਹੀਨਿਆਂ ਵਾਸਤੇ ਮਿਰਾਜ ਆ ਜਾਂਦੇ ਹਨ। ਉਹ ਥੱਕੇ ਹੋਏ ਜਾਪਦੇ ਹਨ ਅਤੇ ਸੁਸਤਾਉਣ ਲਈ ਬਹਿ ਜਾਂਦੇ ਹਨ। ਸਵੇਰ ਦੇ ਕੋਈ 9 ਵਜੇ ਦਾ ਸਮਾਂ ਹੈ। ਉਹ ਬਾਬਾਸਾਹੇਬ ਅਤੇ ਦੋ ਔਰਤ ਮਜ਼ੂਦਰਾਂ ਨਾਲ਼ ਹਾਸਾ-ਠੱਠਾ ਕਰਨ ਲੱਗਦੇ ਹਨ। ਹੁਣ ਬਾਬੂ ਦੇ ਅਰਾਮ ਕਰਨ ਦੀ ਵਾਰੀ ਹੈ ਕਿਉਂਕਿ ਉਨ੍ਹਾਂ ਦੀ ਪਤਨੀ ਨੇ ਮੋਰਚਾ ਸਾਂਭ ਲਿਆ ਹੈ। ਉਨ੍ਹਾਂ ਕੋਲ਼ ਛੇ ਗਧੇ ਹਨ ਅਤੇ ਉਹ ਸਾਰੇ ਥੱਕੇ ਹੋਏ ਅਤੇ ਕਮਜ਼ੋਰ ਜਾਪਦੇ ਹਨ। ਸ਼ਾਇਦ ਵਿਤੋਂਵੱਧ ਕੰਮ ਲਏ ਜਾਣ ਕਾਰਨ। ਦੋ ਗਧਿਆਂ ਦੇ ਪੈਰ ਵੀ ਫੱਟੜ ਹਨ। ਉਨ੍ਹਾਂ ਨੇ ਅਜੇ ਕੁਝ ਘੰਟੇ ਹੋਰ ਕੰਮ ਕਰਨਾ ਹੈ ਫਿਰ ਉਨ੍ਹਾਂ ਦੀ ਦਿਹਾੜੀ ਖ਼ਤਮ ਹੋਵੇਗੀ।

ਉਨ੍ਹਾਂ ਨੂੰ ਮਹੀਨੇ ਵਿੱਚ ਸਿਰਫ਼ ਇੱਕ ਦਿਨ- ਮੱਸਿਆ ਦੇ ਦਿਨ ਹੀ ਛੁੱਟੀ ਮਿਲ਼ਦੀ ਹੈ। ਇਸਲਈ ਹਰ ਕੋਈ ਅਕੇਵੇਂ ਦਾ ਮਾਰਿਆ ਜਾਪ ਰਿਹਾ ਹੈ। ਜੋਤੀਬਾ ਮੰਦਰ ਵਿਖੇ ਆਈ ਮਾਧੁਰੀ ਦੱਸਦੀ ਹਨ,“ਜੇ ਅਸੀਂ ਛੁੱਟੀ ਲਵਾਂਗੇ ਤਾਂ ਇੱਟਾਂ ਨੂੰ ਪਕਾਉਣ ਵਾਸਤੇ ਭੱਠਿਆਂ ਤੀਕਰ ਕੌਣ ਲਿਜਾਵੇਗਾ?  ਜੇ ਅਸੀਂ ਸੁੱਕ ਚੁੱਕੀਆਂ ਇੱਟਾਂ ਨਹੀਂ ਢੋਵਾਂਗੇ ਤਾਂ ਦੱਸੋ ਨਵੀਂਆਂ ਇੱਟਾਂ ਕਿੱਥੇ ਰੱਖਾਂਗੇ। ਇਸਲਈ ਸਾਡਾ ਛੁੱਟੀ ਕਰਨਾ ਸੰਭਵ ਨਹੀਂ। ਛੇ ਮਹੀਨਿਆਂ ਦੇ ਇਸ ਸੀਜ਼ਨ ਦੌਰਾਨ ਸਾਨੂੰ ਸਿਰਫ਼ ਮੱਸਿਆ ਦੇ ਦਿਨ ਛੁੱਟੀ ਮਿਲ਼ਦੀ ਹੈ।” ਮੱਸਿਆ ਦੇ ਦਿਨ ਭੱਠੇ ਇਸਲਈ ਬੰਦ ਰਹਿੰਦੇ ਹਨ ਕਿਉਂਕਿ ਉਹ ਅਸ਼ੁੱਭ ਦਿਨ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ, ਮਜ਼ਦੂਰਾਂ ਅਤੇ ਗਧਿਆਂ ਨੂੰ ਹਿੰਦੂ ਤਿਓਹਾਰਾਂ ਦੇ ਮੌਕੇ ‘ਤੇ ਸਿਰਫ਼ ਤਿੰਨ ਦਿਨ ਛੁੱਟੀਆਂ ਮਿਲ਼ਦੀਆਂ ਹਨ: ਸ਼ਿਵਰਾਤਰੀ, ਸ਼ਿਮਗਾ (ਬਾਕੀ ਭਾਰਤ ਵਿੱਚ ਹੋਲੀ) ਅਤੇ ਗੁਡੀ ਪਾਡਵਾ (ਰਵਾਇਤੀ ਨਵਾਂ ਸਾਲ) ਦੇ ਦਿਨ।

ਦੁਪਹਿਰ ਵੇਲ਼ੇ ਤੱਕ ਵੱਧ ਤੋਂ ਵੱਧ ਮਜ਼ਦੂਰ ਭੱਠੇ ਦੇ ਨੇੜੇ ਬਣੇ ਆਪਣੇ ਆਰਜੀ ਘਰਾਂ ਵਿੱਚ ਮੁੜ ਜਾਂਦੇ ਹਨ। ਸ਼੍ਰਾਵਨੀ ਅਤੇ ਸ਼ਰਧਾ ਨੇੜੇ ਹੀ ਨਲ਼ਕੇ ‘ਤੇ ਕੱਪੜੇ ਧੋਣ ਗਈਆਂ ਹਨ। ਖਾਂਡੂ ਮਾਨੇ ਆਪਣੇ ਗਧਿਆਂ ਨੂੰ ਚਰਾਉਣ ਨਿਕਲ਼ ਗਏ ਹਨ। ਮਾਧੁਰੀ ਹੁਣ ਪਰਿਵਾਰ ਦੇ ਵਾਸਤੇ ਖਾਣਾ ਪਕਾਵੇਗੀ। ਉਹ ਖਾਣਾ ਖਾਣ ਤੋਂ ਬਾਅਦ ਭਿਆਨਕ ਗਰਮੀ ਦੇ ਬਾਵਜੂਦ ਰਤਾ ਕੁ ਅਰਾਮ ਕਰ ਲੈਣਗੇ। ਅੱਜ ਲਈ ਭੱਠਾ ਬੰਦ ਹੋ ਚੁੱਕਿਆ ਹੈ। ਮਾਧੁਰੂ ਦੱਸਦੀ ਹਨ,“ਸਾਨੂੰ ਠੀਕ-ਠਾਕ ਕਮਾਈ ਹੋ ਜਾਂਦੀ ਹੈ, ਸਾਨੂੰ ਰੱਜਵਾਂ ਭੋਜਨ ਵੀ ਮਿਲ਼ ਜਾਂਦਾ ਹੈ। ਪਰ ਜੋ ਨਹੀਂ ਮਿਲ਼ਦਾ ਉਹ ਹੈ ਨੀਂਦ...”

ਰਿਤਾਇਨ ਮੁਖਰਜੀ ਪੂਰੇ ਦੇਸ਼ ਵਿੱਚ ਘੁੰਮ-ਫਿਰ ਕੇ ਖ਼ਾਨਾਬਦੋਸ਼ ਆਜੜੀ ਭਾਈਚਾਰਿਆਂ ਤੇ ਕੇਂਦਰਤ ਰਿਪੋਰਟਿੰਗ ਕਰਦੇ ਹਨ। ਇਹਦੇ ਲਈ ਉਨ੍ਹਾਂ ਨੂੰ ਸੈਂਟਰ ਫ਼ਾਰ ਪੇਸਟੋਰਲਿਜ਼ਮ ਪਾਸੋਂ ਇੱਕ ਸੁਤੰਤਰ ਯਾਤਰਾ ਗ੍ਰਾਂਟ ਮਿਲ਼ੀ ਹੋਈ ਹੈ। ਸੈਂਟਰ ਫ਼ਾਰ ਪੇਸਟੋਰਲਿਜ਼ਮ ਨੇ ਇਸ ਰਿਪੋਰਟੇਜ ਦੇ ਕਨਟੈਂਟ ਤੇ ਕੋਈ ਸੰਪਾਦਕੀ ਨਿਯੰਤਰਣ ਨਹੀਂ ਰੱਖਿਆ ਹੈ।

ਤਰਜਮਾ: ਕਮਲਜੀਤ ਕੌਰ

Photographs : Ritayan Mukherjee

Ritayan Mukherjee is a Kolkata-based photographer and a PARI Senior Fellow. He is working on a long-term project that documents the lives of pastoral and nomadic communities in India.

Other stories by Ritayan Mukherjee
Text : Medha Kale

Medha Kale is based in Pune and has worked in the field of women and health. She is the Translations Editor, Marathi, at the People’s Archive of Rural India.

Other stories by Medha Kale
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur