ਲਕਸ਼ਮੀ 'ਇੰਦਰਾ' ਪਾਂਡਾ ਨੇ ਭੁਵਨੇਸ਼ਵਰ ਦੇ ਗਣਤੰਤਰ ਦਿਵਸ ਸਮਾਰੋਹ ਅਤੇ ਉਹਦੇ ਬਾਅਦ ਰਾਜਭਵਨ ਵਿੱਚ ਓੜੀਸਾ ਦੇ ਰਾਜਪਾਲ ਅਤੇ ਉਨ੍ਹਾਂ ਦੀ ਪਤਨੀ ਦੁਆਰਾ ਇਕੱਠੇ ਚਾਹ ਪੀਣ ਦੇ ਸੱਦੇ (ਦੋਵੇਂ ਸੱਦਿਆਂ) ਨੂੰ ਪ੍ਰਵਾਨ ਨਾ ਕੀਤਾ। ਇਸ ਸੱਦੇ ਦੇ ਨਾਲ਼ ਉਨ੍ਹਾਂ ਦੀ ਕਾਰ 'ਪਾਰਕਿੰਗ ਪਾਸ' ਵੀ ਨੱਥੀ ਸੀ। ਪਰ ਲਕਸ਼ਮੀ ਨੇ ਜਵਾਬ ਦੇਣਾ ਵੀ ਜ਼ਰੂਰੀ ਨਾ ਸਮਝਿਆ। ਨਾ ਹੀ ਉਹ ਉਨ੍ਹਾਂ ਦੇ ਗਣਤੰਤਰ ਦਿਵਸ ਸਮਾਰੋਹ ਵਿੱਚ ਸ਼ਾਮਲ ਹੀ ਹੋਈ।

ਲਕਸ਼ਮੀ ਪਾਂਡਾ ਦੇ ਕੋਲ਼ ਕਾਰ ਨਹੀਂ ਹੈ। ਉਹ ਕੋਰਾਪੁਟ ਜਿਲ੍ਹੇ ਦੇ ਜਯਪੋਰ ਕਸਬੇ ਦੀ ਇੱਕ ਚਾਲ ਵਿੱਚ ਬਣੇ ਇਕ ਛੋਟੇ ਜਿਹੇ ਕਮਰੇ ਵਿੱਚ ਰਹਿੰਦੀ ਹਨ। ਇਸ ਗਲੀਚ ਝੁੱਗੀ-ਬਸਤੀ ਵਿੱਚ ਉਨ੍ਹਾਂ ਨੇ ਆਪਣੀ ਜਿੰਦਗੀ ਦੇ ਦੋ ਦਹਾਕੇ ਗੁਜਾਰ ਦਿੱਤੇ। ਪਿਛਲੇ ਸਾਲ ਉਹ ਅਜ਼ਾਦੀ ਦਿਹਾੜੇ ਸਮਾਰੋਹ ਵਿੱਚ ਸ਼ਰੀਕ ਹੋਈ ਸਨ, ਕਿਉਂਕਿ ਉਦੋਂ ਉਨ੍ਹਾਂ ਦੇ ਸ਼ੁੱਭਚਿੰਤਕਾਂ ਨੇ ਉਨ੍ਹਾਂ ਲਈ ਰੇਲਵੇ ਟਿਕਟ ਦਾ ਬੰਦੋਬਸਤ ਕਰ ਦਿੱਤਾ ਸੀ। ਇਸ ਸਾਲ ਉਨ੍ਹਾਂ ਦੇ ਕੋਲ਼ ਇੰਨੇ ਪੈਸੇ ਹੀ ਨਹੀਂ ਹਨ ਕਿ ਉਹ ਉੱਥੇ ਜਾ ਸਕਣ। ਉਹ ਸਾਨੂੰ ਆਪਣਾ ਸੱਦਾ ਪੱਤਰ ਅਤੇ ਪਾਰਕਿੰਗ ਪਾਸ ਦਿਖਾਉਂਦਿਆਂ ਹੱਸਦੀ ਹਨ। ਉਨ੍ਹਾਂ ਨੇ ਸਿਰਫ਼ ਇੱਕੋ ਵਾਰ ਹੀ ਕਾਰ ਨੂੰ ਨੇੜਿਓਂ ਦੇਖਿਆ: ''ਮੇਰੇ ਮਰਹੂਮ ਪਤੀ ਚਾਰ ਦਹਾਕੇ ਪਹਿਲਾਂ ਇੱਕ ਡਰਾਈਵਰ ਸਨ।'' ਇੰਡੀਅਨ ਨੈਸ਼ਨਲ ਆਰਮੀ (ਆਈਐੱਨਏ) ਦੀ ਇਸ ਮਹਿਲਾ ਸਿਪਾਹੀ ਦੇ ਕੋਲ਼ ਆਪਣੀ ਛਪੀ ਹੋਈ ਇੱਕ ਤਸਵੀਰ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੇ ਹੱਥਾਂ ਵਿੱਚ ਰਾਈਫਲ ਫੜ੍ਹੀ ਹੋਈ ਹੈ।

Laxmi Panda outside her home
PHOTO • P. Sainath

ਵਿਸਾਰੀ ਜਾ ਚੁੱਕੀ ਇੱਕ ਵਿਰਾਂਗਣ ਕੋਰਾਪੁਟ, ਓੜੀਸਾ ਦੀ ਇੱਕ ਖਸਤਾ ਹਾਲਤ ਝੁੱਗੀ ਬਸਤੀ ਵਿੱਚ ਉਨ੍ਹਾਂ ਦਾ ਘਰ ਹੈ

ਲਕਸ਼ਮੀ ਉਨ੍ਹਾਂ ਅਣਗਿਣਤ ਗ੍ਰਾਮੀਣ ਭਾਰਤੀਆਂ ਵਿੱਚੋਂ ਇੱਕ ਹਨ, ਜੋ ਦੇਸ਼ ਨੂੰ ਅਜ਼ਾਦ ਕਰਾਉਣ ਦੀ ਲੜਾਈ ਲੜੀ। ਆਮ ਲੋਕ ਜੋ ਪ੍ਰਸਿੱਧ ਹੋਣ ਲਈ ਨੇਤਾ, ਮੰਤਰੀ ਜਾਂ ਰਾਜਪਾਲ ਬਣਨ ਨਹੀਂ ਗਏ। ਉਹ ਈਮਾਨਦਾਰ ਲੋਕ ਸਨ, ਜਿਨ੍ਹਾਂ ਨੇ ਵੱਡੀਆਂ ਕੁਰਬਾਨੀਆਂ ਦਿੱਤੀਆਂ ਅਤੇ ਜਦੋਂ ਦੇਸ਼ ਅਜ਼ਾਦ ਹੋ ਗਿਆ ਤਾਂ ਆਪਣੇ ਦੈਨਿਕ ਜੀਵਨ ਵੱਲ ਮੁੜ ਗਏ। ਦੇਸ਼ ਜਦੋਂ ਅਜ਼ਾਦੀ ਦੀ 60ਵੀਂ ਵਰ੍ਹੇਗੰਢ ਮਨਾ ਰਿਹਾ ਹੈ, ਇਸ ਪੀੜ੍ਹੀ ਦੇ ਬਹੁਤੇਰੇ ਲੋਕ ਇਸ ਦੁਨੀਆ ਤੋਂ ਜਾ ਚੁੱਕੇ ਹਨ। ਬਾਕੀ ਜੋ ਬਚੇ ਹਨ, ਉਹ ਵੀ 80 ਜਾਂ 90 ਦੀ ਉਮਰ ਪਾਰ ਕਰ ਚੁੱਕੇ ਹਨ ਅਤੇ ਕੁਝ ਜਾਂ ਤਾਂ ਬੀਮਾਰ ਨੇ ਜਾਂ ਪਰੇਸ਼ਾਨੀ ਵਿੱਚ ਹਨ। (ਉਮਰ ਦੇ ਲਿਹਾਜੋਂ ਲਕਸ਼ਮੀ ਖੁਦ ਇੱਕ ਅਪਵਾਦ ਹਨ। ਉਹ ਲਗਭਗ 13 ਸਾਲ ਦੀ ਉਮਰ ਵਿੱਚ ਹੀ ਆਈਐੱਨਏ ਵਿੱਚ ਸ਼ਾਮਲ ਹੋਏ ਸਨ ਅਤੇ ਹੁਣ  ਉਹ 80 ਸਾਲ ਦੀ ਹੋਣ ਵਾਲ਼ੀ ਹਨ।) ਅਜ਼ਾਦੀ ਘੁਲਾਟੀਆਂ ਦੀ ਗਿਣਤੀ ਤੇਜੀ ਨਾਲ਼ ਘੱਟਦੀ ਜਾ ਰਹੀ ਹੈ।

ਓੜੀਸਾ ਰਾਜ ਲਕਸ਼ਮੀ ਪਾਂਡਾ ਨੂੰ ਇੱਕ ਅਜ਼ਾਦੀ ਘੁਲਾਟੀਏ ਦੇ ਰੂਪ ਵਿੱਚ ਪ੍ਰਵਾਨ ਕਰਦਾ ਹੈ, ਜਿਹਦੇ ਰੂਪ ਵਿੱਚ ਉਨ੍ਹਾਂ ਨੂੰ 700 ਰੁਪਏ ਮਹੀਨੇ ਦੀ ਮਾਮੂਲੀ ਜਿਹੀ ਪੈਨਸ਼ਨ ਮਿਲ਼ਦੀ ਹੈ। ਪਿਛਲੇ ਸਾਲ ਇਸ ਵਿੱਚ 300 ਰੁਪਏ ਦਾ ਵਾਧਾ ਕੀਤਾ ਗਿਆ। ਹਾਲਾਂਕਿ, ਕਈ ਵਰ੍ਹਿਆਂ ਤੱਕ ਕੋਈ ਨਹੀਂ ਜਾਣਦਾ ਸੀ ਕਿ ਉਨ੍ਹਾਂ ਦਾ ਪੈਸਾ ਭੇਜਿਆ ਕਿੱਥੇ ਜਾਵੇ। ਪਰ ਕੇਂਦਰ ਉਨ੍ਹਾਂ ਨੂੰ ਹਾਲੇ ਵੀ ਅਜ਼ਾਦੀ ਘੁਲਾਟੀਆ ਨਹੀਂ ਮੰਨਦਾ, ਹਾਲਾਂਕਿ ਉਸ ਸਮੇਂ ਦੇ ਐੱਨਆਈਏ ਦੇ ਕਈ ਮੈਂਬਰ ਉਨ੍ਹਾਂ ਦੇ ਇਸ ਦਾਅਵੇ ਦੀ ਪੁਸ਼ਟੀ ਕਰ ਚੁੱਕੇ ਹਨ। ''ਦਿੱਲੀ ਵਿੱਚ ਉਨ੍ਹਾਂ ਨੇ ਮੈਨੂੰ ਕਿਹਾ ਕਿ ਮੈਂ ਜੇਲ੍ਹ ਨਹੀਂ ਗਈ ਸੀ,'' ਉਹ ਦੱਸਦੀ ਹਨ। ''ਅਤੇ ਇਹ ਸਹੀ ਹੈ ਕਿ ਮੈਂ ਜੇਲ੍ਹ ਨਹੀਂ ਗਈ। ਪਰ ਆਈਐੱਨਏ ਦੇ ਹੋਰ ਵੀ ਕਈ ਸੈਨਿਕ ਜੇਲ੍ਹ ਨਹੀਂ ਗਏ। ਤਾਂ ਕੀ ਇਹਦਾ ਮਤਲਬ ਇਹ ਹੈ ਕਿ ਅਸੀਂ ਅਜ਼ਾਦੀ ਦੀ ਲੜਾਈ ਲੜੀ ਹੀ ਨਹੀਂ? ਆਪਣੀ ਪੈਨਸ਼ਨ ਖਾਤਰ ਮੈਂ ਝੂਠ ਕਿਉਂ ਬੋਲਾਂ?''

ਲਕਸ਼ਮੀ, ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਇੰਡੀਅਨ ਨੈਸ਼ਨਲ ਆਰਮੀ ਦੇ ਸਭ ਤੋਂ ਘੱਟ ਉਮਰ ਦੇ ਮੈਂਬਰਾਂ ਵਿੱਚੋਂ ਇੱਕ ਸਨ। ਓੜੀਸਾ ਦੀ ਸ਼ਾਇਦ ਇਕਲੌਤੀ ਮਹਿਲਾ, ਜਿਨ੍ਹਾਂ ਨੇ ਆਈਐੱਨਏ ਵਿੱਚ ਆਪਣਾ ਨਾਮ ਲਿਖਵਾਇਆ ਅਤੇ ਬਰਮਾ ਦੇ ਇਹਦੇ ਖੇਮੇ ਵਿੱਚ ਸ਼ਾਮਲ ਹੋਈ। ਜਾਹਰ ਹੈ, ਉਹ ਇਕਲੌਤੀ ਜੀਵਤ ਮਹਿਲਾ ਹਨ। ਉਹ ਕਹਿੰਦੀ ਹਨ ਕਿ ਬੋਸ ਨੇ ਖੁਦ ਉਨ੍ਹਾਂ ਨੂੰ 'ਇੰਦਰਾ' ਨਾਮ ਦਿੱਤਾ ਸੀ, ਤਾਂਕਿ ਉਸ ਸਮੇਂ ਉਨ੍ਹਾਂ ਦੀ ਸਭ ਤੋਂ ਪ੍ਰਸਿੱਧ (ਕਪਤਾਨ) ਲਕਸ਼ਮੀ ਸਹਿਗਲ ਨੂੰ ਲੈ ਕੇ ਕੋਈ ਦਿੱਕਤ ਨਾ ਆਵੇ। ''ਉਨ੍ਹਾਂ ਨੇ ਮੈਨੂੰ ਕਿਹਾ ਸੀ,'ਇਸ ਕੈਂਪ ਵਿੱਚ, ਤੂੰ ਇੰਦਰਾ ਹੈਂ'। ਉਦੋਂ ਮੇਰੀ ਸਮਝ ਇੰਨੀ ਡੂੰਘੀ ਨਹੀਂ ਸੀ। ਪਰ ਉਸ ਤੋਂ ਬਾਅਦ, ਲੋਕ ਮੈਨੂੰ ਇੰਦਰਾ ਨਾਮ ਨਾਲ਼ ਸੱਦਣ ਲੱਗੇ।''

Laxmi Panda

' ਸਾਡੇ ਵਿੱਚੋਂ ਆਈਐੱਨਏ ਦੇ ਕਈ ਲੋਕ ਜੇਲ੍ਹ ਨਹੀਂ ਗਏ। ਤਾਂ ਕੀ ਇਹਦਾ ਮਤਲਬ ਇਹ ਹੈ ਕਿ ਅਸੀਂ ਅਜ਼ਾਦੀ ਦੀ ਲੜਾਈ ਲੜੀ ਹੀ ਨਹੀਂ ?'

ਲਕਸ਼ਮੀ ਦੇ ਮਾਪੇ ਬਰਮਾ ਵਿੱਚ ਰੇਲਵੇ ਵਿੱਚ ਕੰਮ ਕਰਨ ਦੌਰਾਨ ਅੰਗਰੇਜ਼ਾਂ ਦੁਆਰਾ ਅਚਨਚੇਤ ਕੀਤੀ ਗਈ ਬੰਬਾਰੀ ਵਿੱਚ ਮਾਰੇ ਗਏ। ਉਹਦੇ ਬਾਅਦ ''ਵਿੱਚ ਅੰਗਰੇਜ਼ਾਂ ਨਾਲ਼ ਲੜਨਾ ਚਾਹੁੰਦੀ ਸੀ। ਆਈਐੱਨਏ ਵਿੱਚ ਮੇਰੇ ਸੀਨੀਅਰ ਓੜੀਆ ਦੋਸਤ ਮੈਨੂੰ ਕਿਸੇ ਵੀ ਚੀਜ਼ ਵਿੱਚ ਸ਼ਾਮਲ ਕਰਨੋਂ ਝਿਜਕਦੇ ਸਨ। ਉਹ ਕਹਿੰਦੇ ਸਨ ਕਿ ਮੈਂ ਬਹੁਤ ਛੋਟੀ ਹਾਂ। ਮੈਂ ਉਨ੍ਹਾਂ ਨੂੰ ਹੱਥ ਜੋੜ ਕੇ ਕਹਿੰਦੀ ਕਿ ਮੈਨੂੰ ਵੀ ਕੰਮ ਕਰਨ ਦੇਣ, ਫਿਰ ਭਾਵੇਂ ਉਹ ਕੰਮ ਛੋਟਾ ਹੀ ਕਿਉਂ ਨਾ ਹੋਵੇ। ਮੇਰੇ ਭਰਾ ਨਕੁਲ ਰਥ ਵੀ ਇੱਕ ਮੈਂਬਰ ਸਨ, ਉਹ ਯੁੱਧ ਦੌਰਾਨ ਕਿਤੇ ਗਾਇਬ ਹੋ ਗਏ। ਕਈ ਸਾਲਾਂ ਬਾਅਦ, ਕਿਸੇ ਨੇ ਮੈਨੂੰ ਦੱਸਿਆ ਕਿ ਉਹ ਵਾਪਸ ਆ ਚੁੱਕੇ ਹਨ ਅਤੇ ਉਨ੍ਹਾਂ ਨੇ ਇੰਡੀਅਨ ਆਰਮੀ ਜੁਆਇਨ ਕਰ ਲਈ ਹੈ ਅਤੇ ਹੁਣ ਉਹ ਕਸ਼ਮੀਰ ਵਿੱਚ ਹਨ, ਪਰ ਮੈਂ ਇਹਦੀ ਪੁਸ਼ਟੀ ਕਿਵੇਂ ਕਰਦੀ? ਖੈਰ, ਇਹ ਤਾਂ ਅੱਧੀ ਸਦੀ ਪਹਿਲਾਂ ਦੀ ਗੱਲ ਸੀ।

''ਕੈਂਪ ਅੰਦਰ ਮੇਰੀ ਮੁਲਾਕਾਤ ਲੈਫਟੀਨੈਂਟ ਜਾਨਕੀ ਦੇ ਨਾਲ਼ ਹੋਈ, ਇਹਦੇ ਇਲਾਵਾ ਮੈਂ ਉੱਥੇ ਲਕਸ਼ਮੀ ਸਹਿਗਲ, ਗੌਰੀ ਅਤੇ ਆਈਐੱਨਏ ਦੇ ਹੋਰ ਪ੍ਰਸਿੱਧ ਸੈਨਾਨੀਆਂ ਨੂੰ ਦੇਖਿਆ,''ਉਹ ਦੱਸਦੀ ਹਨ। ਯੁੱਧ ਦੇ ਅੰਤਮ ਦਿਨਾਂ ਵਿੱਚ ਅਸੀਂ ਸਿੰਗਾਪੁਰ ਗਏ,'' ਉਹ ਚੇਤੇ ਕਰਦਿਆਂ ਕਹਿੰਦੀ ਹਨ, ''ਮੇਰੇ ਵਿਚਾਰ ਨਾਲ਼, ਬਹਾਦਰ ਗੇਟ ਦੇ ਨਾਲ਼।'' ਉੱਥੇ ਉਹ ਆਈਐੱਨਏ ਦੇ ਤਮਿਲ ਦੋਸਤਾਂ ਦੇ ਨਾਲ਼ ਰੁਕੀ ਤੇ ਉਨ੍ਹਾਂ ਦੀ ਭਾਸ਼ਾ ਦੇ ਕੁਝ ਸ਼ਬਦ ਵੀ ਸਿੱਖੇ।

ਆਪਣੀ ਗੱਲ ਨੂੰ ਸਾਬਤ ਕਰਨ ਦੇ ਮੱਦੇਨਜ਼ਰ ਉਹ ਸਾਨੂੰ ਤਮਿਲ ਵਿੱਚ ਆਪਣਾ ਨਾਮ ''ਇੰਦਰਾ'' ਲਿਖ ਕੇ ਦਿਖਾਉਂਦੀ ਹਨ ਅਤੇ ਬੜੇ ਫ਼ਖਰ ਨਾਲ਼ ਆਈਐੱਨਏ ਦੇ ਗਾਣ ਦੀ ਪਹਿਲੀ ਸਤਰ: '' ਕਦਮ ਕਦਮ ਬੜਾਏ ਜਾ, ਖੁਸ਼ੀ ਕੇ ਗੀਤ ਗਾਏ ਜਾ। ਯੇ ਜ਼ਿੰਦਗੀ ਹੈ ਕੌਮ ਕੀ, ਤੂੰ ਕੌਮ ਪੇ ਲੁਟਾਏ ਜਾ '' ਗੁਣਗੁਣਾਉਂਦੀ ਹਨ।

ਆਈਐੱਨਏ ਦੀ ਵਰਦੀ ਵਿੱਚ ਲੈਸ ਅਤੇ ਰਾਈਫਲ ਫੜ੍ਹੀ ਆਪਣੀ ਫੋਟੋ ਬਾਰੇ ਉਹ ਕਹਿੰਦੀ ਹਨ ਕਿ ਇਹ ''ਇਹ ਯੁੱਧ ਤੋਂ ਬਾਅਦ ਖਿੱਚੀ ਗਈ ਸੀ, ਜਦੋਂ ਅਸੀਂ ਦੋਬਾਰਾ ਇੱਕ ਦੂਸਰੇ ਨਾਲ਼ ਮਿਲ਼ੇ ਸਾਂ ਅਤੇ ਜਦੋਂ ਅਸੀਂ ਸੈਨਾ-ਭੰਗ ਕਰ ਰਹੇ ਸਾਂ।'' ਛੇਤੀ ਹੀ, ''ਬ੍ਰਹਮਪੁਰ ਵਿੱਚ 1951 ਵਿੱਚ ਕਾਗੇਸ਼ਵਰ ਪਾਂਡਾ ਨਾਲ਼ ਮੇਰਾ ਵਿਆਹ ਹੋ ਗਿਆ ਅਤੇ ਵੱਡੀ ਗਿਣਤੀ ਵਿੱਚ ਓੜੀਆ ਐੱਨਆਈਏ ਮੈਂਬਰ ਮੇਰੇ ਵਿਆਹ ਵਿੱਚ ਸ਼ਾਮਲ ਹੋਏ।''

ਆਈਐੱਨਏ ਦੇ ਪੁਰਾਣੇ ਸਾਥੀਆਂ ਦੀ ਯਾਦ ਉਨ੍ਹਾਂ ਨੂੰ ਬੜਾ ਸਤਾਉਂਦੀ ਹੈ। ''ਮੈਨੂੰ ਉਨ੍ਹਾਂ ਦੀ ਬੜੀ ਯਾਦ ਆਉਂਦੀ ਹੈ। ਉਨ੍ਹਾਂ ਵੀ ਯਾਦ ਆਉਂਦੀ ਹੈ ਜਿਨ੍ਹਾਂ ਨੂੰ ਮੈਂ ਬਹੁਤਾ ਨਹੀਂ ਜਾਣਦੀ ਸੀ, ਮੇਰੀ ਇੱਛਾ ਹੈ ਕਿ ਮੈਂ ਉਨ੍ਹਾਂ ਨੂੰ ਦੋਬਾਰਾ ਮਿਲਾਂ। ਇੱਕ ਵਾਰ ਮੈਂ ਸੁਣਿਆ ਕਿ ਲਕਸ਼ਮੀ ਸਹਿਗਲ ਕਟਕ ਵਿੱਚ ਭਾਸ਼ਣ ਦੇ ਰਹੀ ਹਨ, ਪਰ ਮੇਰੇ ਕੋਲ਼ ਉੱਥੇ ਜਾਣ ਲਈ ਪੈਸੇ ਨਹੀਂ ਸਨ। ਮੇਰੀ ਇੱਛਾ ਸੀ ਕਿ ਘੱਟ ਤੋਂ ਘੱਟ ਇੱਕ ਵਾਰ ਉਨ੍ਹਾਂ ਨੂੰ ਜ਼ਰੂਰ ਮਿਲਾਂ। ਕਾਨਪੁਰ ਵਿੱਚ ਉਦੋਂ ਮੈਨੂੰ ਸਿਰਫ਼ ਇੱਕ ਵਾਰ ਜਾਣ ਦਾ ਮੌਕਾ ਮਿਲ਼ਿਆ ਸੀ, ਪਰ ਉਸ ਵੇਲ਼ੇ ਮੈਂ ਬੀਮਾਰ ਪੈ ਗਈ ਸੀ। ਹੁਣ ਉਹ ਮੌਕਾ ਦੋਬਾਰਾ ਕਿੱਥੇ ਮਿਲ਼ਣਾ?''

1950 ਦੇ ਦਹਾਕੇ ਵਿੱਚ, ਉਨ੍ਹਾਂ ਦੇ ਪਤੀ ਨੂ ਡਰਾਈਵਰੀ ਲਾਈਸੈਂਸ ਮਿਲ਼ਿਆ ''ਅਤੇ ਅਸੀਂ ਹੀਰਾਕੁੰਡ ਨੇੜੇ ਕੁਝ ਕੁ ਸਾਲ ਕੰਮ ਕੀਤਾ। ਉਸ ਸਮੇਂ, ਮੈਂ ਖੁਸ਼ ਸਾਂ ਅਤੇ ਮੈਨੂੰ ਆਪਣੇ ਜੀਵਨ ਬਸਰ ਕਰਨ ਵਾਸਤੇ ਮਜ਼ਦੂਰੀ ਨਹੀਂ ਕਰਨੀ ਪੈਂਦੀ ਸੀ। ਪਰ, 1976 ਵਿੱਚ ਉਨ੍ਹਾਂ ਦੀ ਮੌਤ ਹੋ ਗਈ ਅਤੇ ਮੇਰੀਆਂ ਪਰੇਸ਼ਾਨੀਆਂ ਸ਼ੁਰੂ ਹੋ ਗਈਆਂ।''

ਲਕਸ਼ਮੀ ਨੇ ਕਈ ਤਰ੍ਹਾਂ ਦੇ ਕੰਮ ਕੀਤੇ ਜਿਨ੍ਹਾਂ ਵਿੱਚ ਸਟੋਰ ਸਹਾਇਕ, ਮਜ਼ਦੂਰੀ ਅਤੇ ਘਰੇਲੂ ਨੌਕਰਾਣੀ ਦਾ ਕੰਮ ਵੀ ਸ਼ਾਮਲ ਸੀ। ਇਨ੍ਹਾਂ ਕੰਮਾਂ ਦੇ ਬਦਲੇ ਉਨ੍ਹਾਂ ਨੂੰ ਸਦਾ ਬੜੀ ਘੱਟ ਮਜ਼ਦੂਰੀ ਮਿਲ਼ੀ। ਉਨ੍ਹਾਂ ਦੇ ਬੇਟੇ ਨੂੰ ਸ਼ਰਾਬ ਦੀ ਮਾੜੀ ਆਦਤ ਲੱਗ ਗਈ। ਇਸ ਬੇਟੇ ਦੇ ਕਈ ਬੱਚੇ ਸਨ ਅਤੇ ਸਾਰੇ ਹੀ ਬੀਮਾਰ ਰਹਿੰਦੇ ਸਨ।

Laxmi Panda showing her old photos
PHOTO • P. Sainath

ਲਕਸ਼ਮੀ ਪਾਂਡਾ ਆਈਐੱਨਏ ਵਰਦੀ ਵਿੱਚ ਲੈਸ ਅਤੇ ਰਾਈਫਲ ਚੁੱਕੀ ਆਪਣੀ ਫੋਟੋ ਸਾਨੂੰ ਦਿਖਾਉਂਦੀ ਹਨ

''ਮੈਂ ਕਦੇ ਕੁਝ ਨਹੀਂ ਮੰਗਿਆ,'' ਉਹ ਕਹਿੰਦੀ ਹਨ। ''ਮੈਂ ਆਪਣੇ ਦੇਸ਼ ਲਈ ਲੜਾਈ ਲੜੀ ਨਾ ਕਿ ਕਿਸੇ ਪੁਰਸਕਾਰ ਲਈ। ਮੈਂ ਆਪਣੇ ਪਰਿਵਾਰ ਲਈ ਵੀ ਕੁਝ ਨਹੀਂ ਮੰਗਿਆ। ਪਰ ਹੁਣ, ਜੀਵਨ ਦੇ ਇਸ ਅੰਤਮ ਅਧਿਆਇ ਵਿੱਚ ਮੈਨੂੰ ਉਮੀਦ ਹੈ ਕਿ ਘੱਟ ਤੋਂ ਘੱਟ ਮੇਰੀ ਕੁਰਬਾਨੀ ਨੂੰ ਹੀ ਪ੍ਰਵਾਨ ਕਰ ਲਿਆ ਜਾਵੇ।''

ਖ਼ਰਾਬ ਸਿਹਤ ਅਤੇ ਗ਼ਰੀਬੀ ਨੇ ਕੁਝ ਸਾਲ ਪਹਿਲਾਂ ਉਨ੍ਹਾਂ ਦਾ ਲੱਕ ਦੂਹਰਾ ਕਰ ਛੱਡਿਆ। ਲੋਕਾਂ ਨੂੰ ਇਸ ਬਾਰੇ ਉਦੋਂ ਪਤਾ ਚੱਲਿਆ ਜਦੋਂ ਜਯਪੋਰ ਦੇ ਇੱਕ ਨੌਜਵਾਨ ਪੱਤਰਕਾਰ, ਪਰੇਸ਼ ਰਥ ਨੇ ਪਹਿਲੀ ਵਾਰ ਇਹ ਕਹਾਣੀ ਲਿਖੀ। ਰਥ ਉਨ੍ਹਾਂ ਨੂੰ ਖਸਤਾ ਹਾਲਤ ਝੌਂਪੜੀ ਵਿੱਚੋਂ ਇੱਕ ਕਮਰੇ ਵਿੱਚ ਲੈ ਆਏ ਅਤੇ ਸਾਰਾ ਖਰਚਾ ਖੁਦ ਝੱਲਿਆ ਅਤੇ ਉਨ੍ਹਾਂ ਦੀ ਇਲਾਜ ਵੀ ਕਰਵਾਇਆ। ਬੀਮਾਰੀ ਕਾਰਨ ਪਾਂਡਾ ਨੂੰ ਹਾਲ ਹੀ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਉਹ ਆਪਣੇ ਬੇਟੇ ਦੇ ਘਰ ਹਨ, ਹਾਲਾਂਕਿ ਬੇਟੇ ਦੀ ਸ਼ਰਾਬ ਦੀ ਆਦਤ ਹਾਲੇ ਵੀ ਛੁੱਟੀ ਨਹੀਂ ਹੈ। ਰਥ ਦੇ ਬਾਅਦ ਕਈ ਹੋਰ ਲੋਕਾਂ ਨੇ ਸਟੋਰੀ ਕਵਰ ਕੀਤੀ। ਇੱਕ ਵਾਰ ਤਾਂ ਰਾਸ਼ਟਰੀ ਰਸਾਲੇ ਨੇ ਲਕਸ਼ਮੀ ਨੂੰ ਆਪਣੇ ਮੈਗਜੀਨ ਦੇ ਕਵਰ 'ਤੇ ਵੀ ਛਾਪਿਆ ਸੀ।

''ਅਸੀਂ ਜਦੋਂ ਪਹਿਲੀ ਸਟੋਰੀ ਕਵਰ ਕੀਤੀ, ਤਾਂ ਉਨ੍ਹਾਂ ਲਈ ਥੋੜ੍ਹੀ ਬਹੁਤ ਮਦਦ ਆਉਣ ਲੱਗੀ,'' ਰਥ ਕਹਿੰਦੇ ਹਨ। ''ਕੋਰਾਪੁਟ ਦੀ ਤਤਕਾਲੀ ਕਲੈਕਟਰ, ਊਸ਼ਾ ਪਾਧੀ ਨੇ ਹਮਦਰਦੀ ਦਿਖਾਈ। ਰੈਡ ਕ੍ਰਾਸ ਕੋਸ਼ ਤੋਂ ਉਨ੍ਹਾਂ ਨੇ ਇਲਾਜ ਵਾਸਤੇ ਲਕਸ਼ਮੀ ਨੂੰ 10,000 ਰੁਪਏ ਦਵਾਏ। ਨਾਲ਼ ਉਨ੍ਹਾਂ ਨੇ ਲਕਸ਼ਮੀ ਨੂੰ ਸਰਕਾਰੀ ਜ਼ਮੀਨ ਦਾ ਇੱਕ ਟੁਕੜਾ ਦੇਣ ਦਾ ਵਾਅਦਾ ਕੀਤਾ। ਪਰ ਟ੍ਰਾਂਸਫਰ ਹੋਣ 'ਤੇ ਪਾਧੀ ਨੇ ਜਿਲ੍ਹਾ ਛੱਡ ਦਿੱਤਾ। ਬੰਗਾਲ ਦੇ ਵੀ ਕੁਝ ਲੋਕਾਂ ਨੇ ਉਨ੍ਹਾਂ ਨੂੰ ਪੈਸੇ ਭੇਜੇ।'' ਹਾਲਾਂਕਿ, ਕੁਝ ਦਿਨਾਂ ਬਾਦ ਇਹ ਸਿਲਸਿਲਾ ਮੁੱਕ ਗਿਆ ਅਤੇ ਉਹ ਦੋਬਾਰਾ ਖ਼ਸਤਾਹਾਲ ਜੀਵਨ ਜੀਊਣ ਲਈ ਮਜ਼ਬੂਰ ਹੋ ਗਈ। ''ਫਿਰ ਵੀ ਇਹ ਸਿਰਫ਼ ਪੈਸਿਆਂ ਦਾ ਮਸਲਾ ਨਹੀਂ ਹੈ,'' ਰਥ ਕਹਿੰਦੇ ਹਨ। ''ਜੇਕਰ ਉਨ੍ਹਾਂ ਨੂੰ ਕੇਂਦਰੀ ਪੈਨਸ਼ਲ ਵੀ ਮਿਲ਼ਣ ਲੱਗੇ ਤਾਂ ਉਹ ਕਿੰਨੇ ਸਾਲ ਤੱਕ ਇਹਦਾ ਮਜਾ ਲੈ ਪਾਵੇਗੀ? ਇਹ ਤਾਂ ਉਨ੍ਹਾਂ ਲਈ ਫ਼ਖ਼ਰ ਅਤੇ ਸਨਮਾਨ ਦੀ ਗੱਲ ਹੈ। ਪਰ, ਕੇਂਦਰ ਸਰਕਾਰ ਨੇ ਹੁਣ ਤੱਕ ਕੋਈ ਜਵਾਬ ਨਹੀਂ ਦਿੱਤਾ।''

ਕਾਫੀ ਸੰਘਰਸ਼ ਤੋਂ ਬਾਅਦ ਪਿਛਲੇ ਸਾਲ ਦੇ ਅੰਤ ਵਿੱਚ ਲਕਸ਼ਮੀ ਨੂੰ ਪਾਣਜਿਆਗੁਡਾ ਪਿੰਡ ਵਿੱਚ ਸਰਕਾਰੀ ਜ਼ਮੀਨ ਦਾ ਇੱਕ ਟੁਕੜਾ ਦਿੱਤਾ ਗਿਆ। ਪਰ ਉਹ ਅਜੇ ਵੀ ਇਸੇ ਗੱਲ ਦੀ ਉਡੀਕ ਵਿੱਚ ਉਮੀਦ ਲਾਈ ਬੈਠੀ ਹਨ ਕਿ ਸਰਕਾਰੀ ਯੋਜਨਾ ਦੇ ਤਹਿਤ ਇਸ ਜ਼ਮੀਨ 'ਤੇ ਉਨ੍ਹਾਂ ਨੂੰ ਇੱਕ ਘਰ ਬਣਾ ਕੇ ਦਿੱਤਾ ਜਾਵੇ। ਫਿਲਹਾਲ ਲਈ, ਰਥ ਨੇ ਉਨ੍ਹਾਂ ਦੀ ਪੁਰਾਣੀ ਝੌਂਪੜੀ ਦੇ ਨਾਲ਼ ਇੱਕ ਚੰਗਾ ਕਮਰਾ ਬਣਾਉਣ ਵਿੱਚ ਮਾਇਕ ਸਹਾਇਤਾ ਦਿੱਤੀ ਹੈ, ਜਿੱਥੇ ਛੇਤੀ ਹੀ ਉਨ੍ਹਾਂ ਦੇ ਚਲੇ ਜਾਣ ਦੀ ਉਮੀਦ ਹੈ।

ਸਥਾਨਕ ਲੋਕਾਂ ਵਿੱਚ ਉਨ੍ਹਾਂ ਨੂੰ ਬਹੁਤ ਘੱਟ ਹੀ ਜਾਣਦੇ ਹਨ। ਕੁਝ ਸੰਗਠਨ ਉਨ੍ਹਾਂ ਦੇ ਮਾਮਲੇ ਨੂੰ ਅੱਗੇ ਵਧਾਉਣ ਲਈ ਅੱਗੇ ਆਏ ਹਨ। ''ਕੱਲ੍ਹ,'' ਉਨ੍ਹਾਂ ਨੇ ਮੈਨੂੰ 14 ਅਗਸਤ ਨੂੰ ਦੱਸਿਆ,''ਮੈਂ ਇੱਥੇ ਦੀਪਤੀ ਸਕੂਲ ਵਿੱਚ ਝੰਡਾ ਲਹਿਰਾਵਾਂਗੀ। ਉਨ੍ਹਾਂ ਨੇ ਮੈਨੂੰ ਬੇਨਤੀ ਕੀਤੀ ਹੈ।'' ਉਨ੍ਹਾਂ ਨੂੰ ਇਸ ਗੱਲ 'ਤੇ ਮਾਣ ਹੈ, ਪਰ ਉਹ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਹਨ ਕਿ ਉਨ੍ਹਾਂ ਕੋਲ਼ ''ਸਮਾਰੋਹ ਵਿੱਚ ਪਾਉਣ ਲਈ ਕੋਈ ਚੰਗੀ ਸਾੜੀ ਤੱਕ ਨਹੀਂ ਹੈ।''

ਇਸੇ ਦਰਮਿਆਨ, ਆਈਐੱਨਏ ਦੀ ਬਜ਼ੁਰਗ ਸਿਪਾਹੀ ਆਪਣੀ ਅਗਲੀ ਲੜਾਈ ਦੀ ਤਿਆਰੀ ਕਰ ਰਹੀ ਹਨ। ''ਨੇਤਾਜੀ ਨੇ ਕਿਹਾ ਸੀ 'ਦਿੱਲੀ ਚੱਲੋ'। 15 ਅਗਸਤ ਦੇ ਬਾਅਦ ਇੰਝ ਹੀ ਕਰਾਂਗੀ, ਜੇਕਰ ਕੇਂਦਰ ਸਰਕਾਰ ਨੇ ਉਦੋਂ ਤੱਕ ਮੈਨੂੰ ਅਜ਼ਾਦੀ ਘੁਲਾਟੀਏ ਵਜੋਂ ਪ੍ਰਵਾਨ ਨਾ ਕੀਤਾ ਤਾਂ ਮੈਂ ਸੰਸਦ ਦੇ ਮੂਹਰੇ ਧਰਨੇ 'ਤੇ ਬਹਿ ਜਾਊਂਗੀ,'' ਬਜ਼ੁਰਗ ਮਹਿਲਾ ਕਹਿੰਦੀ ਹਨ। '' ਦਿੱਲੀ ਚੱਲੋ , ਹੁਣ ਅਗਲਾ ਕਦਮ ਉੱਥੇ ਜਾ ਕੇ ਹੀ ਚੁਕਾਂਗੀ।''

ਅਤੇ ਉਹ ਇੰਝ ਹੀ ਕਰੇਗੀ, ਸ਼ਾਇਦ ਛੇ ਦਹਾਕਿਆਂ ਦੇ ਦੇਰੀ ਨਾਲ਼। ਪਰ ਦਿਲ ਵਿੱਚ ਉਮੀਦ ਪਾਲੀ। ਜਿਵੇਂ ਕਿ ਉਹ ਗਾਉਂਦੀ ਹਨ,'' ਕਦਮ, ਕਦਮ, ਬੜਾਏ ਜਾ... ''

ਤਸਵੀਰਾਂ : ਪੀ. ਸਾਈਨਾਥ

پی سائی ناتھ ’پیپلز آرکائیو آف رورل انڈیا‘ کے بانی ایڈیٹر ہیں۔ وہ کئی دہائیوں تک دیہی ہندوستان کے رپورٹر رہے اور Everybody Loves a Good Drought اور The Last Heroes: Foot Soldiers of Indian Freedom کے مصنف ہیں۔

کے ذریعہ دیگر اسٹوریز پی۔ سائی ناتھ
Translator : Kamaljit Kaur

کمل جیت کور پنجاب کی رہنے والی ہیں اور ایک آزاد ترجمہ نگار ہیں۔ انہوں نے پنجابی ادب میں ایم کیا ہے۔ کمل جیت برابری اور انصاف کی دنیا میں یقین رکھتی ہیں، اور اسے ممکن بنانے کے لیے کوشاں ہیں۔

کے ذریعہ دیگر اسٹوریز Kamaljit Kaur