ਮੀਨਾ ਯਾਦਵ ਕਦੇ ਭੋਜਪੁਰੀ, ਕਦੇ ਬੰਗਲਾ ਤੇ ਕਦੇ ਹਿੰਦੀ ਬੋਲਣ ਲੱਗਦੀ ਹਨ, ਉਹ ਇੱਕੋ ਵੇਲ਼ੇ ਤਿੰਨ ਜ਼ੁਬਾਨਾਂ ਬੋਲਦੀ ਹੋਈ; ਇੱਕ ਪਾਸੇ ਆਪਣੇ ਗਾਹਕਾਂ ਨਾਲ਼ ਗੱਲ ਕਰ ਰਹੀ ਹਨ, ਦੂਜੇ ਪਾਸੇ ਆਪਣੇ ਦੋਸਤਾਂ ਨਾਲ਼ ਤੇ ਕੁਝ ਰਾਹਗੀਰਾਂ ਨਾਲ਼ ਵੀ ਜੋ ਦੱਖਣੀ ਕੋਲਕਾਤਾ ਦੇ ਕੇਂਦਰ ਬਿੰਦੂ- ਲੇਕ ਮਾਰਕਿਟ ਦਾ ਰਾਹ ਪੁੱਛਣ ਆ ਗਏ ਹਨ। ਭਾਸ਼ਾ ਨੂੰ ਲੈ ਕੇ ਆਪਣੇ ਰੋਜ਼ਮੱਰਾ ਦੇ ਜੀਵਨ ਦਰਪੇਸ਼ ਦਿੱਕਤਾਂ ਬਾਰੇ ਗੱਲ ਕਰਦਿਆਂ ਉਹ ਕਹਿੰਦੀ ਹਨ,''ਕੋਲਕਾਤਾ 'ਚ ਇਹ ਕੋਈ ਦਿੱਕਤ ਨਹੀਂ।''

'' ਯੇ ਸਿਰਫ਼ ਕਹਨੇ ਕਾ ਬਾਤ ਹੈ ਕਿ ਬਿਹਾਰੀ ਲੋਕ ਬਿਹਾਰ ਮੇਂ ਰਹੇਗਾ। '' ਸੱਚਾਈ ਤਾਂ ਇਹ ਹੈ ਕਿ ਜਿੰਨੇ ਵੀ ਸਖ਼ਤ ਮਿਹਨਤ ਵਾਲ਼ੇ ਕੰਮ ਹਨ ਉਹ ਅਸੀਂ ਹੀ ਕਰਦੇ ਹਾਂ। ਇੱਥੋਂ ਦੇ ਘੁਮਿਆਰ, ਭਿਸ਼ਤੀ ਤੇ ਕੁਲੀ ਸਾਰੇ ਦੇ ਸਾਰੇ ਬਿਹਾਰੀ ਹੀ ਹਨ। ਸਾਡੀ ਮਿਹਨਤ ਦੀ ਤੁਲਨਾ ਬੰਗਾਲੀ ਵੱਲੋਂ ਵੇਚੀ ਜਾਂਦੀ ਚਾਹ ਨਾਲ਼ ਨਹੀਂ ਹੋ ਸਕਦੀ। ਤੁਸੀਂ ਨਿਊ ਮਾਰਕਿਟ, ਹਾਵੜਾ ਤੇ ਸਿਆਲਦਾਹ ਜਾਓ... ਤੁਸੀਂ ਦੇਖੋਗੇ ਕਿ ਉਹ ਬਿਹਾਰੀ ਹੀ ਹਨ ਜੋ ਭਾਰੇ ਤੋਂ ਭਾਰਾ ਵਜ਼ਨ ਚੁੱਕ ਰਹੇ ਹਨ। ਪਰ ਬਾਵਜੂਦ ਇਹਦੇ ਉਨ੍ਹਾਂ ਨੂੰ ਕੋਈ ਸਨਮਾਨ ਨਹੀਂ ਮਿਲ਼ਦਾ। ਬਿਹਾਰੀ ਹਰੇਕ ਨੂੰ ਬਾਬੂ ਕਹਿੰਦੇ ਹਨ... ਪਰ ਜਦੋਂ ਉਨ੍ਹਾਂ ਦੀ ਵਾਰੀ ਆਉਂਦੀ ਹੈ ਤਾਂ ਉਨ੍ਹਾਂ ਨੂੰ ਹੀਣਾ ਹੀ ਮੰਨਿਆ ਜਾਂਦਾ ਹੈ। ਅੰਬ ਦਾ ਗੁੱਦਾ ਬੰਗਾਲੀ ਬਾਬੂਆਂ ਦੇ ਹਿੱਸੇ ਆਉਂਦਾ ਹੈ ਤੇ ਸਾਡੇ ਹਿੱਸੇ ਗਿਟਕ ਹੀ ਆਉਂਦੀ ਹੈ,'' ਉਹ ਆਪਣੇ ਦਿਲ ਦੀ ਭੜਾਸ ਕੱਢਦਿਆਂ ਬੇਰੋਕ ਬੋਲਦੀ ਹਨ।

ਭਾਸ਼ਾ ਤੇ ਪਛਾਣ ਦੀ ਰਾਜਨੀਤੀ ਵਿਚਾਲੇ ਮੀਨਾ ਬੜੀ ਸਿਆਣਪ ਨਾਲ਼ ਕਦਮ ਕਦਮ ਅੱਗੇ ਵੱਧਦੀ ਜਾਂਦੀ ਹਨ।

''ਇੱਥੇ ਚੇਨੱਈ 'ਚ ਸਾਨੂੰ ਅੱਡ ਤਰ੍ਹਾਂ ਦੀਆਂ ਦਿੱਕਤਾਂ (ਸੰਚਾਰ ਸਬੰਧੀ) ਆਉਂਦੀਆਂ ਨੇ,'' ਗੱਲ ਜਾਰੀ ਰੱਖਦਿਆਂ ਮੀਨਾ ਕਹਿੰਦੀ ਹਨ,''ਉਹ ਹਿੰਦੀ ਜਾਂ ਭੋਜਪੁਰੀ ਵਿੱਚ ਜਵਾਬ ਨਹੀਂ ਦਿੰਦੇ। ਉਹ ਆਪਣੀ ਹੀ ਭਾਸ਼ਾ ਬੋਲਦੇ ਨੇ ਜੋ ਸਾਡੇ ਪੱਲੇ ਨਹੀਂ ਪੈਂਦੀ। ਪਰ ਇੱਥੇ ਇਹ ਗੱਲ ਨਹੀਂ।'' ਬਿਹਾਰ ਦੇ ਛਪਰਾ ਤੋਂ ਆਉਣ ਵਾਲ਼ੀ 45 ਸਾਲਾ ਮੀਨਾ ਇੱਥੇ ਛੱਲੀਆਂ ਵੇਚਣ ਦਾ ਕੰਮ ਕਰਦੀ ਹਨ। ਉਹ ਗੱਲ ਜਾਰੀ ਰੱਖਦਿਆਂ ਕਹਿੰਦੀ ਹਨ,''ਦੇਖੋ, ਬਿਹਾਰ ਦੀ ਕੋਈ ਇੱਕ ਭਾਸ਼ਾ ਨਹੀਂ। ਘਰੇ ਅਸੀਂ 3-4 ਭਾਸ਼ਾਵਾਂ ਬੋਲ ਹੀ ਲੈਂਦੇ ਹਾਂ। ਕਦੇ ਅਸੀਂ ਭੋਜਪੁਰੀ ਬੋਲਦੇ ਹਾਂ, ਕਦੇ ਹਿੰਦੀ ਤੇ ਕਦੇ ਦਰਭੰਗੀਆ (ਮੈਥਿਲੀ) ਤੇ ਕਦੇ-ਕਦਾਈਂ ਬੰਗਾਲੀ ਵੀ। ਪਰ ਦਰਭੰਗੀਆ ਬੋਲਦੇ ਵੇਲ਼ੇ ਸਾਨੂੰ ਵੱਧ ਸੌਖ ਹੁੰਦੀ ਹੈ।''

ਬਹੁ-ਭਾਸ਼ਾਈ ਹੋਣ ਦੇ ਬਾਵਜੂਦ ਇੰਨੀ ਅਸਾਨੀ ਨਾਲ਼ ਗੱਲਬਾਤ ਕਰਦਿਆਂ ਮੀਨਾ ਕਹਿੰਦੀ ਹਨ,''ਅਸੀਂ ਆਰਾਹ ਤੇ ਛਪਰਾ ਬੋਲੀ ਵੀ ਬੋਲਦੇ ਹਾਂ। ਕੋਈ ਦਿੱਕਤ ਨਹੀਂ, ਅਸੀਂ ਜਿਹੜੀ ਭਾਸ਼ਾ ਚਾਹੀਏ ਬੋਲ ਸਕਦੇ ਹਾਂ।'' ਇੰਨਾ ਹੀ ਨਹੀਂ ਇੰਨੀਆਂ ਭਾਸ਼ਾਵਾਂ ਦੀ ਜਾਣਕਾਰ ਹੋਣ ਦੇ ਬਾਵਜੂਦ ਵੀ ਉਹ ਇਸ ਗੱਲੋਂ ਖ਼ੁਦ ਨੂੰ ਇਸ ਧੋਖੇ ਵਿੱਚ ਨਹੀਂ ਰੱਖਣਾ ਚਾਹੁੰਦੀ ਕਿ ਇਸ ਗਿਆਨ ਦਾ ਉਨ੍ਹਾਂ ਦੇ ਬੇਮਿਸਾਲ ਹੁਨਰਾਂ ਨਾਲ਼ ਕੋਈ ਲੈਣਾ-ਦੇਣਾ ਹੈ।

PHOTO • Smita Khator

ਬਿਹਾਰ ਦੀ ਇੱਕ ਪ੍ਰਵਾਸੀ ਮੀਨਾ ਯਾਦਵ, ਦੱਖਣੀ ਕੋਲਕਾਤਾ ਦੀ ਲੇਕ ਮਾਰਕਿਟ ਇਲਾਕੇ ਵਿਖੇ ਛੱਲੀਆਂ ਵੇਚਦੀ ਹੈ, ਕੰਮ ਕਰਦੇ ਵੇਲ਼ੇ ਉਹ ਬੜੇ ਸੌਖ਼ਿਆਂ ਹੀ ਕਦੇ ਭੋਜਪੁਰੀ,ਕਦੇ ਬੰਗਾਲੀ, ਕਦੇ ਮੈਥਿਲੀ ਅਤੇ ਕਦੇ ਹਿੰਦੀ ਵਿੱਚ ਗੱਲਬਾਤ ਕਰ ਲੈਂਦੀ ਹਨ। ਉਹ ਆਰਾਹ ਅਤੇ ਛਪਰਾ ਬੋਲੀ ਵਿੱਚ ਵੀ ਗੱਲਬਾਤ ਕਰ ਸਕਦੀ ਹਨ

ਉਂਝ ਤਾਂ 'ਦੁਨੀਆ ਨੂੰ ਉਹਦੀ ਵੰਨ-ਸੁਵੰਨਤਾ ਵਿੱਚ ਪ੍ਰਗਟਾਉਣ ਦੇ ਤਰੀਕਿਆਂ ਦਾ ਜਸ਼ਨ ਮਨਾਉਣ' ਦੀ ਗੱਲ ਯੂਨੈਸਕੋ (ਜੋ ਅੰਤਰਰਾਸ਼ਟਰੀ ਸੰਸਾਰ ਭਾਸ਼ਾ ਦਿਵਸ ਦੀ ਮੇਜ਼ਬਾਨੀ ਕਰਦਾ ਹੈ) ਦੇ ਡਾਇਰੈਕਟਰ ਜਨਰਲ ਵਾਸਤੇ ਰਾਖਵੀਂ ਰੱਖੀ ਜਾਣੀ ਚਾਹੀਦੀ ਹੈ। ਜਿੱਥੋਂ ਤੱਕ ਮੀਨਾ ਦੀ ਗੱਲ ਰਹੀ, ਇਹ ਮਾਮਲਾ ਕਾਫ਼ੀ ਸਿੱਧ-ਪੱਧਰਾ ਹੈ। ਉਨ੍ਹਾਂ ਨੂੰ ਆਪਣੇ ਮਾਲਕਾਂ, ਆਪਣੇ ਗਾਹਕਾਂ, ਆਪਣੇ ਨੇੜਲੇ ਭਾਈਚਾਰਿਆਂ ਦੀਆਂ ਗੱਲਾਂ ਸਮਝਣ ਵਾਸਤੇ ਭਾਸ਼ਾ ਸਿੱਖਣ ਦੀ ਲੋੜ ਰਹਿੰਦੀ ਰਹੀ ਹੈ। ''ਇੰਨੀਆਂ ਭਾਸ਼ਾਵਾਂ ਜਾਣਨਾ ਚੰਗੀ ਗੱਲ ਹੋ ਸਕਦੀ ਆ ਪਰ ਸਾਨੂੰ ਤਾਂ ਆਪਣਾ ਵਜੂਦ ਬਚਾਈ ਰੱਖਣ ਤੇ ਜਿਊਂਦੇ ਬਚਣ ਵਾਸਤੇ ਇੰਨਾ ਕੁਝ ਸਿੱਖਣਾ ਪਿਆ,'' ਉਹ ਕਹਿੰਦੀ ਹਨ।

ਇਸ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮੌਕੇ, ਪਾਰੀ ਨੇ ਮੀਨਾ ਜਿਹੇ ਲੋਕਾਂ ਤੱਕ ਪਹੁੰਚ ਬਣਾਈ ਹੈ ਜੋ ਗ਼ਰੀਬ ਪ੍ਰਵਾਸੀ ਹਨ, ਉਹ ਲੋਕ ਜਿਨ੍ਹਾਂ ਨੂੰ ਆਪਣੇ ਹੀ ਦੇਸ਼ ਵਿੱਚ ਬੇਗ਼ਾਨਾ ਸਮਝਿਆ ਜਾਂਦਾ ਰਿਹਾ ਹੈ ਤੇ ਜਿਨ੍ਹਾਂ ਨੂੰ ਰੋਜ਼ੀ-ਰੋਟੀ ਦੀ ਭਾਲ਼ ਵਿੱਚ ਆਪੋ-ਆਪਣੀ ਮਾਤ-ਭਾਸ਼ਾ ਤਿਆਗ਼ਣੀ ਪਈ। ਅਸੀਂ ਉਨ੍ਹਾਂ ਦੇ ਭਾਸ਼ਾ ਸੰਸਾਰ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਹੈ, ਉਹ ਸੰਸਾਰ ਜਿਸ ਵਿੱਚ ਉਹ ਰਹਿੰਦੇ, ਖ਼ੁਦ ਨੂੰ ਸੰਭਾਲ਼ਦੇ ਤੇ ਕੁਝ ਨਵਾਂ ਸਿਰਜਦੇ ਹਨ; ਕਿਉਂਕਿ ਉਹ ਦੇਸ਼ ਦੇ ਅੱਡੋ-ਅੱਡ ਹਿੱਸਿਆਂ ਵਿੱਚ ਰਹਿੰਦੇ ਹਨ, ਇਸਲਈ ਸਾਡੇ ਲਈ ਇਹ ਵੱਧ ਮਹੱਤਵਪੂਰਨ ਹੋ ਜਾਂਦਾ ਹੈ।

ਪੂਨੇ ਵਿਖੇ ਰਹਿੰਦੇ ਇੱਕ ਪ੍ਰਵਾਸੀ ਮਜ਼ਦੂਰ, ਸ਼ੰਕਰ ਦਾਸ, ਜਦੋਂ ਅਸਾਮ ਦੇ ਕਚਰ ਜ਼ਿਲ੍ਹੇ ਦੇ ਬੋਰਖੋਲਾ ਬਲਾਕ ਵਿੱਚ ਪੈਂਦੇ ਆਪਣੇ ਘਰ ਵਾਪਸ ਮੁੜੇ ਤਾਂ ਉਨ੍ਹਾਂ ਨੂੰ ਅਜੀਬ ਜਿਹੀ ਚੁਣੌਤੀ ਨਾਲ਼ ਦੋ ਹੱਥ ਹੋ ਪਿਆ। ਆਪਣੇ ਪਿੰਡ ਜਰੇਲਟਾਲਾ ਵਿਖੇ ਰਹਿੰਦਿਆਂ ਉਨ੍ਹਾਂ ਦੇ ਬਚਪਨ ਦੇ ਦਿਨੀਂ ਆਲ਼ੇ-ਦੁਆਲ਼ੇ ਬੰਗਾਲੀ ਬੋਲਣ ਵਾਲ਼ੇ ਲੋਕਾਂ ਦਾ ਵਾਸ ਸੀ। ਇਸਲਈ ਉਨ੍ਹਾਂ ਨੇ ਕਦੇ ਅਸਾਮੀ ਸਿੱਖੀ ਹੀ ਨਹੀਂ ਜੋ ਕਿ ਰਾਜ ਦੀ ਸਰਕਾਰੀ ਭਾਸ਼ਾ ਹੈ। ਵੀਹ ਸਾਲ ਦੀ ਉਮਰੇ ਉਨ੍ਹਾਂ ਨੇ ਘਰ ਛੱਡਿਆ ਅਤੇ ਪੂਨੇ ਵਿੱਚ ਰਹਿੰਦਿਆਂ 15 ਸਾਲ ਬਿਤਾਏ। ਇਹੀ ਉਹ ਸਮਾਂ ਸੀ ਜਦੋਂ ਉਨ੍ਹਾਂ ਨੇ ਆਪਣੀ ਹਿੰਦੀ ਨੂੰ ਨਿਖਾਰਿਆ ਤੇ ਮਰਾਠੀ ਸਿੱਖੀ।

40 ਸਾਲਾ ਸ਼ੰਕਰ ਦੱਸਦੇ ਹਨ,''ਮੈਨੂੰ ਮਰਾਠੀ ਬੜੀ ਵਧੀਆ ਆਉਂਦੀ ਹੈ। ਮੈਂ ਸਾਰਾ ਪੂਨਾ ਘੁੰਮਿਆ ਹਾਂ। ਪਰ ਮੈਂ ਅਸਾਮੀ ਨਹੀਂ ਬੋਲ ਸਕਦਾ। ਸਮਝ ਤਾਂ ਫਿਰ ਵੀ ਲੈਂਦਾ ਹਾਂ ਪਰ ਬੋਲ ਨਹੀਂ ਪਾਉਂਦਾ।'' ਜਦੋਂ ਕੋਵਿਡ-19 ਦੀ ਮਾਰ ਵੱਜੀ ਅਤੇ ਪੂਨੇ ਦੀ ਵਰਕਸ਼ਾਪ ਵਿੱਚ ਮਜ਼ਦੂਰੀ ਕਰਦੇ ਸ਼ੰਕਰ ਦਾ ਕੰਮ ਖੁੱਸ ਗਿਆ ਤਾਂ ਉਨ੍ਹਾਂ ਨੂੰ ਅਖ਼ੀਰ ਅਸਾਮ ਮੁੜਨ ਨੂੰ ਮਜ਼ਬੂਰ ਹੋਣਾ ਪਿਆ। ਇੱਥੇ ਮੁੜ ਕੇ ਜਦੋਂ ਉਨ੍ਹਾਂ ਨੇ ਨੌਕਰੀ ਲੱਭਣੀ ਚਾਹੀ ਤਾਂ ਉਨ੍ਹਾਂ ਨੂੰ ਆਪਣੇ ਪਿੰਡ, ਜਰੇਲਟਾਲਾ ਵਿੱਚ ਕਿਤੇ ਕੋਈ ਨੌਕਰੀ ਨਾ ਮਿਲ਼ੀ। ਪਰ ਅਸਾਮੀ ਭਾਸ਼ਾ ਨਾ ਆਉਣ ਕਾਰਨ ਗੁਹਾਟੀ ਵਿੱਚ ਵੀ ਉਨ੍ਹਾਂ ਦੀ ਝੋਲ਼ੀ ਕੋਈ ਨੌਕਰੀ ਨਾ ਪਈ।

ਜਿੱਥੋਂ ਤੱਕ ਮੀਨਾ ਦੀ ਗੱਲ ਰਹੀ, ਇਹ ਮਾਮਲਾ ਕਾਫ਼ੀ ਸਿੱਧ-ਪੱਧਰਾ ਹੈ। 'ਇੰਨੀਆਂ ਭਾਸ਼ਾਵਾਂ ਜਾਣਨਾ ਚੰਗੀ ਗੱਲ ਹੋ ਸਕਦੀ ਆ ਪਰ ਸਾਨੂੰ ਤਾਂ ਆਪਣਾ ਵਜੂਦ ਬਚਾਈ ਰੱਖਣ ਤੇ ਜਿਊਂਦੇ ਬਚਣ ਵਾਸਤੇ ਇੰਨਾ ਕੁਝ ਸਿੱਖਣਾ ਪਿਆ,' ਉਹ ਕਹਿੰਦੀ ਹਨ

ਵੀਡਿਓ ਦੇਖੋ: ਬਿਹਾਰ ਦੀ ਮੀਨਾ ਯਾਦਵ ਅਤੇ ਝਾਰਖੰਡ ਦੇ ਪ੍ਰਫੁਲ ਸੂਰੀਨ ਆਪੋ-ਆਪਣੇ ਤਜ਼ਰਬਿਆਂ ਬਾਬਤ ਗੱਲ ਕਰਦੇ ਹੋਏ

''ਇੱਥੇ ਤਾਂ ਬੱਸ ਦੀ ਸਵਾਰੀ ਕਰਨੀ ਤੱਕ ਔਖ਼ੀ ਹੋ ਗਈ ਹੈ,'' ਉਹ ਕਹਿੰਦੇ ਹਨ,''ਮੈਂ ਪੂਨੇ ਮੁੜਨ ਦੀ ਸਲਾਹ ਬਣਾ ਰਿਹਾ ਹਾਂ। ਉੱਥੇ ਨਾਲ਼ੇ ਤਾਂ ਮੈਨੂੰ ਕੰਮ ਮਿਲ਼ ਜਾਊਗਾ ਤੇ ਨਾਲ਼ੇ ਭਾਸ਼ਾ ਦੀ ਸਮੱਸਿਆ ਦਾ ਨਿਪਟਾਰਾ ਵੀ ਹੋ ਜਾਊ।'' ਜੇ ਇੱਥੇ ਉਹ ਆਪਣੇ ਘਰ ਰਹਿੰਦੇ ਵੀ ਹਨ ਤਾਂ ਉਨ੍ਹਾਂ ਦਾ ਚੁੱਲ੍ਹਾ ਨਹੀਂ ਬਲ਼ਣਾ।

ਓਧਰ ਗੁਹਾਟੀ ਤੋਂ ਕਰੀਬ 2,000 ਕਿਲੋਮੀਟਰ ਦੂਰ, ਦੇਸ਼ ਦੀ ਰਾਜਧਾਨੀ ਵਿਖੇ 13 ਸਾਲਾ ਪ੍ਰਾਫੁਲ ਸੂਰੀਨ ਨੂੰ ਪੜ੍ਹਾਈ ਜਾਰੀ ਰੱਖਣ ਵਾਸਤੇ ਹਿੰਦੀ ਨੂੰ ਲੈ ਕੇ ਚੰਗਾ ਹੀ ਸੰਘਰਸ਼ ਕਰਨਾ ਪੈ ਰਿਹਾ ਹੈ। ਜਦੋਂ ਇੱਕ ਹਾਦਸੇ ਦੌਰਾਨ ਉਹਦੇ ਪਿਤਾ ਦੀ ਮੌਤ ਹੋ ਗਈ ਤਾਂ ਉਹਨੂੰ ਝਾਰਖੰਡ ਦੇ ਗੁਮਲਾ ਦੇ ਪਹਾਨਟੋਲੀ ਪਿੰਡ ਦਾ ਆਪਣਾ ਘਰ ਛੱਡ ਆਪਣੀ ਭੂਆ ਦੇ ਨਾਲ਼ 1,300 ਕਿਲੋਮੀਟਰ ਦੂਰ  ਸਥਿਤ ਨਵੀਂ ਦਿੱਲੀ ਦੇ ਮੁਨੀਰਕਾ ਪਿੰਡ ਆਉਣ ਲਈ ਮਜ਼ਬੂਰ ਕੀਤਾ ਗਿਆ। ''ਜਦੋਂ ਮੈਂ ਇੱਥੇ ਆਇਆ ਤਾਂ ਇਕਲਾਪੇ ਨੇ ਮੈਨੂੰ ਘੇਰ ਲਿਆ,'' ਉਹ ਕਹਿੰਦਾ ਹੈ,''ਇੱਥੇ ਕਿਸੇ ਨੂੰ ਮੁੰਦਰੀ ਭਾਸ਼ਾ ਸਮਝ ਨਾ ਆਉਂਦੀ। ਹਰ ਕੋਈ ਹਿੰਦੀ ਹੀ ਬੋਲਦਾ।''

ਹਾਲਾਂਕਿ ਆਪਣੇ ਪਿੰਡ ਦੇ ਸਕੂਲ ਵਿੱਚ ਉਹਨੇ ਹਿੰਦੀ ਤੇ ਅੰਗਰੇਜ਼ੀ ਵਰਣਮਾਲ਼ਾ ਦੇ ਕੁਝ ਅੱਖਰ ਜ਼ਰੂਰ ਸਿੱਖੇ ਸਨ ਪਰ ਆਪਣੇ ਮਨ ਦੀ ਗੱਲ ਸਮਝਾਉਣ ਲਈ ਉਹ ਕਾਫ਼ੀ ਨਾ ਰਹਿੰਦੇ। ਦਿੱਲੀ ਵਿਖੇ ਦੋ ਸਾਲ ਪੜ੍ਹਨ ਤੋਂ ਬਾਅਦ ਉਹਦੀ ਭੂਆ ਨੇ ਉਹਨੂੰ ਖ਼ਾਸ ਟਿਊਸ਼ਨ ਦਵਾਈ ਜਿਸ ਕਾਰਨ ਹੁਣ ''ਮੈਂ ਸਕੂਲੇ ਥੋੜ੍ਹੀ-ਬਹੁਤ ਹਿੰਦੀ ਬੋਲ ਲੈਂਦਾ ਹਾਂ ਤੇ ਆਪਣੇ ਦੋਸਤਾਂ ਨਾਲ਼ ਖੇਡਣ ਵੇਲ਼ੇ ਵੀ ਆਪਣੀ ਗੱਲ ਸਮਝਾ ਲੈਂਦਾ ਹਾਂ,'' ਉਹ ਕਹਿੰਦਾ ਹੈ,''ਪਰ ਘਰੇ ਮੈਂ ਆਪਣੀ ਭੂਆ ਨਾਲ਼ ਮੁੰਦਰੀ ਬੋਲਦਾ ਹਾਂ। ਇਹ ਮੇਰੀ ਮਾਂ ਬੋਲੀ ਹੈ।''

ਦਿੱਲੀ ਤੋਂ 1,100 ਕਿਲੋਮੀਟਰ ਦੂਰ ਪੈਂਦੇ ਛੱਤੀਸਗੜ੍ਹ ਦੀ 10 ਸਾਲਾ ਪ੍ਰੀਤੀ ਹੁਣ ਅੱਗੇ ਪੜ੍ਹਨਾ ਹੀ ਨਹੀਂ ਚਾਹੁੰਦੀ। ਉਹ ਆਪਣੇ ਮਾਪਿਆਂ ਨਾਲ਼ ਤਾਂ ਰਹਿੰਦੀ ਹੈ ਪਰ ਖ਼ੁਦ ਨੂੰ ਆਪਣੀ ਮਾਂ-ਬੋਲੀ ਤੋਂ ਬਹੁਤ ਦੂਰ ਮਹਿਸੂਸ ਕਰਦੀ ਹੈ।

40 ਸਾਲਾ ਲਤਾ ਭੋਈ ਤੇ ਉਨ੍ਹਾਂ ਦੇ ਪਤੀ 60 ਸਾਲਾ ਸੁਰੇਂਦਰ ਭੋਈ ਮਲੂਆ ਕੋਂਧ ਆਦਿਵਾਸੀ ਕਬੀਲੇ ਤੋਂ ਹਨ। ਉਹ ਉੜੀਸਾ ਦੇ ਕਲਾਹਾਂਡੀ ਦੇ ਪਿੰਡ ਕੇਂਡੂਪਾੜਾ ਤੋਂ ਇੱਥੇ ਰਾਏਪੁਰ ਕਿਸੇ ਨਿੱਜੀ ਫਾਰਮ ਹਾਊਸ ਦੀ ਦੇਖਰੇਖ ਕਰਨ ਲਈ ਆਏ ਸਨ। ਉਨ੍ਹਾਂ ਨੂੰ ਛੱਤੀਸਗੜ੍ਹੀ ਦਾ ਕੰਮਕਾਜ਼ੀ ਗਿਆਨ ਹੈ ਤੇ ਉਹ ਇੱਥੋਂ ਦੇ ਖੇਤ ਮਜ਼ਦੂਰਾਂ ਨਾਲ਼ ਗੱਲਬਾਤ ਕਰ ਸਕਦੇ ਹਨ। ''20 ਸਾਲ ਪਹਿਲਾਂ ਸਾਨੂੰ ਰੋਜ਼ੀਰੋਟੀ ਦੀ ਭਾਲ਼ ਹੀ ਇੱਥੇ ਖਿੱਚ ਲਿਆਈ,'' ਲਤਾ ਕਹਿੰਦੀ ਹਨ,''ਸਾਡੇ ਪਰਿਵਾਰ ਦੇ ਬਾਕੀ ਮੈਂਬਰ ਓੜੀਸਾ ਹੀ ਹਨ। ਹਰ ਕੋਈ ਉੜੀਆ ਬੋਲਦਾ ਹੈ। ਪਰ ਮੇਰੇ ਬੱਚੇ ਆਪਣੀ ਭਾਸ਼ਾ ਨਾ ਤਾਂ ਪੜ੍ਹ ਸਕਦੇ ਹਨ ਤੇ ਨਾ ਹੀ ਲਿਖ ਸਕਦੇ ਹਨ। ਉਹ ਸਿਰਫ਼ ਬੋਲ ਲੈਂਦੇ ਹਨ ਕਿਉਂਕਿ ਘਰੇ ਅਸੀਂ ਉੜੀਆ ਹੀ ਬੋਲਦੇ ਹਾਂ। ਉਂਝ ਤਾਂ ਮੈਂ ਖ਼ੁਦ ਵੀ ਉੜੀਆ ਪੜ੍ਹ ਜਾਂ ਲਿਖ ਨਹੀਂ ਸਕਦੀ। ਮੈਨੂੰ ਵੀ ਬੱਸ ਬੋਲਣੀ ਹੀ ਆਉਂਦੀ ਹੈ।'' ਉਨ੍ਹਾਂ ਦੀ ਛੋਟੀ ਧੀ, ਪ੍ਰੀਤੀ ਨੂੰ ਹਿੰਦੀ ਕਵਿਤਾਵਾਂ ਬੜੀਆਂ ਪਸੰਦ ਹਨ ਪਰ ਸਕੂਲ ਜਾਣਾ ਪਸੰਦ ਨਹੀਂ।

PHOTO • Pankaj Das
PHOTO • Nirmal Kumar Sahu
PHOTO • Nirmal Kumar Sahu

ਪੂਨੇ ਵਿੱਚ ਡੇਢ ਦਹਾਕਾ ਰਹਿਣ ਤੋਂ ਬਾਅਦ ਸ਼ੰਕਰ ਦਾਸ (ਖੱਬੇ) ਮਰਾਠੀ ਬੋਲ ਸਕਦੇ ਹਨ ਪਰ ਉਨ੍ਹਾਂ ਨੂੰ ਆਪਣੇ ਗ੍ਰਹਿ ਰਾਜ ਵਿੱਚ ਨੌਕਰੀ ਨਹੀਂ ਮਿਲ ਸਕਦੀ, ਕਿਉਂਕਿ ਉਹ ਆਸਾਮੀ ਨੂੰ ਨਹੀਂ ਜਾਣਦੇ। ਪ੍ਰੀਤੀ ਭੋਈ (ਵਿੱਚਕਾਰ) ਜੋ ਲਤਾ ਭੋਈ (ਸੱਜੇ) ਦੀ ਧੀ ਹੈ, ਓੜੀਸਾ ਤੋਂ ਪ੍ਰਵਾਸ ਕਰਕੇ ਛੱਤੀਸਗੜ੍ਹ ਆਏ ਹਨ। ਪ੍ਰੀਤੀ ਆਪਣੇ ਮੌਜੂਦਾ ਸਕੂਲ ਜਾਣਾ ਨਹੀਂ ਚਾਹੁੰਦੀ ਕਿਉਂਕਿ ਉਸਨੂੰ ਉਸਦੇ ਜਮਾਤੀਆਂ ਦੁਆਰਾ ਛੇੜਿਆ ਜਾ ਰਿਹਾ ਹੈ

''ਮੈਂ ਆਪਣੇ ਸਹਿਕਰਮੀਆਂ ਨਾਲ਼ ਤਾਂ ਜਿਵੇਂ ਕਿਵੇਂ ਛੱਤੀਸਗੜ੍ਹੀ ਬੋਲ ਲੈਂਦੀ ਹਾਂ। ਪਰ ਹੁਣ ਮੈਂ ਇੱਥੇ ਹੋਰ ਪੜ੍ਹਨਾ ਨਹੀਂ ਚਾਹੁੰਦੀ,''ਉਹ ਕਹਿੰਦੀ ਹੈ,''ਕਿਉਂਕਿ ਮੇਰੇ ਸਕੂਲ ਦੇ ਦੋਸਤ ਮੈਨੂੰ 'ਉੜੀਆ-ਧੁੜੀਆ' ਕਹਿ ਕੇ ਚਿੜ੍ਹਾਉਂਦੇ ਨੇ।'' ਛੱਤੀਸਗੜ੍ਹੀ ਵਿੱਚ ਧੁੜੀਆ ਸ਼ਬਦ ਗੈਰ-ਜ਼ਹਿਰੀਲੇ ਸੱਪਾਂ ਦੀ ਇੱਕ ਪ੍ਰਜਾਤੀ ਨੂੰ ਦਰਸਾਉਂਦਾ ਹੈ, ਜੋ ਸੁਭਾਅ ਪੱਖੋਂ ਕਾਫ਼ੀ ਡਰਪੋਕ ਹੁੰਦੀ ਹੈ। ਉਸ ਦੇ ਮਾਪੇ ਹੁਣ ਪ੍ਰੀਤੀ ਨੂੰ ਓੜੀਸਾ ਦੇ ਇੱਕ ਸਰਕਾਰੀ ਰਿਹਾਇਸ਼ੀ ਸਕੂਲ ਵਿੱਚ ਭੇਜਣਾ ਚਾਹੁੰਦੇ ਹਨ ਜੇ ਉਹ ਅਨੁਸੂਚਿਤ ਕਬੀਲੇ ਦੇ ਕੋਟੇ ਦੇ ਤਹਿਤ ਉਸ ਲਈ ਜਗ੍ਹਾ ਰਾਖਵੀਂ ਕਰ ਸਕੇ ਤਾਂ।

ਛੋਟੀ ਉਮਰੇ ਹੀ ਆਪਣੇ ਮਾਪਿਆਂ, ਸਰਜ਼ਮੀਨ ਤੇ ਆਪਣੀ ਭਾਸ਼ਾ ਤੋਂ ਅਲੱਗ-ਥਲੱਗ ਹੋ ਜਾਣਾ ਹੀ ਇਸ ਕਹਾਣੀ ਦੇ ਹਰ ਪ੍ਰਵਾਸੀ ਦੀ ਜੀਵਨ-ਗਾਥਾ ਹੈ।

21 ਸਾਲਾ ਨਾਗੇਂਦਰ ਨੇ ਜਦੋਂ ਰੋਜ਼ੀਰੋਟੀ ਦੀ ਭਾਲ਼ ਵਿੱਚ ਘਰੋਂ ਪੈਰ ਪੁੱਟਿਆ ਤਾਂ ਸਿਰਫ਼ 8 ਸਾਲ ਦੀ ਉਮਰੇ ਉਹਨੂੰ ਇੱਕ ਕਰੇਨ ਓਪਰੇਟਿੰਗ ਸਰਵਿਸ ਵਿਖੇ ਬਤੌਰ ਕਲੀਨਰ ਕੰਮ ਮਿਲ਼ਿਆ ਸੀ। ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਜ਼ਿਲ੍ਹੇ ਦੇ ਜਗਦੀਸ਼ਪੁਰ ਪਿੰਡ ਰਹਿਣ ਵਾਲ਼ਾ ਉਨ੍ਹਾਂ ਦਾ ਟੱਬਰ ਘਰੇ ਭੋਜਪੁਰੀ ਬੋਲਦਾ। ''ਇਹ ਹਿੰਦੀ ਨਾਲ਼ੋਂ ਬਿਲਕੁਲ ਮੁਖ਼ਤਲਿਫ਼ ਹੈ,'' ਉਹ ਦੱਸਦਿਆਂ ਕਹਿੰਦੇ ਹਨ,''ਜੇ ਅਸੀਂ ਗੱਲਬਾਤ ਸ਼ੁਰੂ ਕਰ ਦੇਈਏ ਤਾਂ ਤੁਸੀਂ ਸਮਝ ਨਹੀਂ ਪਾਓਗੇ।'' ਉਨ੍ਹਾਂ ਦੇ 'ਅਸੀਂ' ਕਹਿਣ ਤੋਂ  ਭਾਵ ਉਨ੍ਹਾਂ ਦੇ ਨਾਲ਼ ਰਹਿਣ ਵਾਲ਼ਿਆਂ, ਨਾਲ਼ ਕੰਮ ਕਰਨ ਵਾਲ਼ਿਆਂ ਤੋਂ ਹੈ ਜੋ ਉੱਤਰੀ ਬੰਗਲੌਰ ਦੀਆਂ ਇਮਾਰਤਾਂ ਨੂੰ ਰੰਗਣ ਦਾ ਕੰਮ ਕਰਦੇ ਹਨ। 26 ਸਾਲਾ ਅਲੀ, 18 ਸਾਲਾ ਮਨੀਸ਼ ਅਤੇ ਨਾਗੇਂਦਰ ਦੀ ਉਮਰ, ਪਿੰਡ, ਧਰਮ ਤੇ ਜਾਤ ਭਾਵੇਂ ਵੱਖ-ਵੱਖ ਹੋਣ ਪਰ ਉਨ੍ਹਾਂ ਦੀ ਮਾਂ-ਬੋਲੀ ਇੱਕੋ ਹੀ ਹੈ, ਭੋਜਪੁਰੀ।

ਗਭਰੇਟ ਉਮਰੇ ਹੀ ਉਨ੍ਹਾਂ ਨੇ ਆਪਣੇ ਘਰਾਂ ਤੇ ਭਾਸ਼ਾ ਨੂੰ ਪਿਛਾਂਹ ਛੱਡ ਦਿੱਤਾ। ''ਜੇ ਤੁਹਾਡੇ ਕੋਲ਼ ਹੁਨਰ ਨੇ ਤਾਂ ਤੁਹਾਨੂੰ ਕੋਈ ਦਿੱਕਤ ਨਹੀਂ,'' ਅਲੀ ਕਹਿੰਦੇ ਹਨ,''ਮੈਂ ਦਿੱਲੀ, ਮੁੰਬਈ, ਹੈਦਰਾਬਾਦ, ਇੱਥੋਂ ਤੱਕ ਸਾਊਦੀ ਅਰਬ ਵੀ ਰਹਿ ਚੁੱਕਿਆ ਹਾਂ। ਮੈਂ ਤੁਹਾਨੂੰ ਆਪਣਾ ਪਾਸਪੋਰਟ ਵੀ ਦਿਖਾ ਸਕਦਾ ਹਾਂ। ਉੱਥੇ ਮੈਂ ਅੰਗਰੇਜ਼ੀ ਤੇ ਹਿੰਦੀ ਬੋਲਦਾ ਰਿਹਾ।'' ਇਹ ਸਭ ਬੜੇ ਹੀ ਸਹਿਜ-ਸੁਭਾਅ ਤਰੀਕੇ ਨਾਲ਼ ਹੋਇਆ, ਨਾਗੇਂਦਰ ਖੋਲ੍ਹ ਕੇ ਦੱਸਦੇ ਹਨ। ''ਕੰਮ ਦੀ ਭਾਲ਼ ਵਿੱਚ ਅਸੀਂ ਕਿਤੇ ਵੀ ਚਲੇ ਜਾਂਦੇ ਹਾਂ। ਗਾਓਂ ਕਾ ਕੋਈ ਲੜਕਾ ਬੁਲਾ ਲੇਤਾ ਹੈ, ਹਮ ਆ ਜਾਤੇ ਹੈਂ, '' ਉਹ ਕਹਿੰਦੇ ਹਨ।

''ਉੱਥੇ ਅੰਕਲ ਜਿਹੇ ਵੀ ਕਈ ਲੋਕ ਹਨ,'' ਨਾਗੇਂਦਰ 57 ਸਾਲਾ ਸੁਬਰਮਨੀਅਮ ਵੱਲ ਇਸ਼ਾਰਾ ਕਰਦੇ ਹਨ, ਉਹ ਮਦੁਰਾਈ ਤੋਂ ਹਨ ਤੇ ਸਿਰਫ਼ ਤਮਿਲ ਜਾਣਦੇ ਹਨ। ''ਅਸੀਂ ਸੰਕੇਤਕ ਭਾਸ਼ਾ ਦੀ ਵਰਤੋਂ ਕਰਦੇ ਹਾਂ। ਜੇ ਅਸੀਂ ਉਨ੍ਹਾਂ (ਅੰਕਲ) ਨੂੰ ਕੁਝ ਵੀ ਦੱਸਣਾ ਹੋਵੇ ਤਾਂ ਅਸੀਂ ਤਰਖ਼ਾਣ ਨੂੰ ਦੱਸ ਦਿੰਦੇ ਹਾਂ ਤੇ ਉਹ ਅੰਕਲ ਤੱਕ ਗੱਲ ਪਹੁੰਚਾ ਦਿੰਦਾ ਹੈ। ਪਰ ਆਪਸ ਵਿੱਚ ਅਸੀਂ ਭੋਜਪੁਰੀ ਹੀ ਬੋਲਦੇ ਹਾਂ। ਸ਼ਾਮੀਂ ਜਦੋਂ ਮੈਂ ਆਪਣੇ ਕਮਰੇ ਵਿੱਚ ਜਾਂਦਾ ਹਾਂ, ਮੈਂ ਖਾਣਾ ਪਕਾਉਂਦੇ ਵੇਲ਼ੇ ਭੋਜਪੁਰੀ ਗੀਤ ਸੁਣਦਾ ਹਾਂ,'' ਉਹ ਕਹਿੰਦੇ ਹਨ ਤੇ ਆਪਣਾ ਪਸੰਦੀਦਾ ਗੀਤ ਸੁਣਨ ਵਾਸਤੇ ਆਪਣਾ ਮੋਬਾਇਲ ਬਾਹਰ ਖਿੱਚਦੇ ਹਨ।

PHOTO • Pratishtha Pandya
PHOTO • Pratishtha Pandya

ਨਾਗੇਂਦਰ ਸਿੰਘ (ਖੱਬੇ) ਅਤੇ ਅੱਬਾਸ ਅਲੀ (ਸੱਜੇ), ਜੋ ਉੱਤਰੀ ਬੰਗਲੌਰ ਵਿੱਚ ਇੱਕ ਇਮਾਰਤ 'ਤੇ ਪੇਟਿੰਗ ਕਰਦੇ ਹਨ, ਉਮਰ, ਪਿੰਡ ਅਤੇ ਧਰਮ ਦੇ ਹਿਸਾਬ ਨਾਲ਼ ਵੱਖ-ਵੱਖ ਹੋ ਸਕਦੇ ਹਨ, ਪਰ ਉਹ ਆਪਣੀ ਬੋਲੀ ਜਾਣ ਵਾਲੀ ਭਾਸ਼ਾ, ਭੋਜਪੁਰੀ ਨਾਲ਼ ਜੁੜੇ ਹੋਏ ਹਨ

PHOTO • Pratishtha Pandya
PHOTO • Pratishtha Pandya

ਖੱਬੇ: ਤਾਮਿਲਨਾਡੂ ਦੇ ਸੁਬਰਾਮਨੀਅਮ ਅਤੇ ਉੱਤਰ ਪ੍ਰਦੇਸ਼ ਦੇ ਮਨੀਸ਼ ਇੱਕ ਇਮਾਰਤ 'ਤੇ ਪੇਟਿੰਗ ਦਾ  ਕੰਮ ਕਰਦੇ ਹਨ। ਉਹ ਸੰਚਾਰ ਕਰਨ ਲਈ ਸੰਕੇਤਕ ਭਾਸ਼ਾ ਦੀ ਵਰਤੋਂ ਕਰਦੇ ਹਨ। ਸੱਜੇ: ਨਾਗੇਂਦਰ ਸਿੰਘ ਉਹ ਭੋਜਨ ਖਾ ਰਹੇ ਹਨ ਜੋ ਉਨ੍ਹਾਂ ਨੇ ਖੁਦ ਬਣਾਇਆ ਸੀ। ਪਰ ਉਹ ਅਜੇ ਵੀ ਖਾਂਦੇ ਵੇਲ਼ੇ ਆਪਣੇ ਪਿੰਡ ਦੇ ਸੁਆਦ ਨੂੰ ਯਾਦ ਕਰਦੇ ਹਨ

ਜਾਣਿਆ-ਪਛਾਣਿਆਂ ਭੋਜਨ, ਧੁਨਾਂ, ਤਿਓਹਾਰ, ਵਿਸ਼ਵਾਸਾਂ ਦਾ ਇੱਕ ਧੁੰਦਲਾ ਜਿਹਾ ਸਮੂਹ ਜਿਹਨੂੰ ਅਸੀਂ ਸਦਾ ਹੀ ਆਪਣੇ ਸੱਭਿਆਚਾਰ ਨਾਲ਼ ਜੋੜਦੇ ਆਏ ਹਾਂ, ਇੱਥੇ ਅਕਸਰ ਸਾਨੂੰ ਭਾਸ਼ਾਈ ਤਜ਼ਰਬਿਆਂ ਦੇ ਰੂਪ ਵਿੱਚ ਟਕਰਾ ਜਾਂਦਾ ਹੈ। ਇੰਝ, ਮਾਤ-ਭਾਸ਼ਾ ਦੇ ਸਵਾਲ ਨੂੰ ਲੈ ਕੇ ਜਦੋਂ ਪਾਰੀ ਨੇ ਇਨ੍ਹਾਂ ਲੋਕਾਂ ਤੋਂ ਉਨ੍ਹਾਂ ਦੀ ਮਾਂ-ਬੋਲੀ ਬਾਰੇ ਪੁੱਛਿਆ ਤਾਂ ਬਹੁਤਿਆਂ ਦੀ ਗੱਲਬਾਤ ਸੱਭਿਆਚਾਰ ਦੁਆਲ਼ੇ ਹੀ ਘੁੰਮਣ ਲੱਗੀ।

ਬਿਹਾਰ ਦੇ ਪਾਰਤਾਪੁਰ ਦੇ ਰਹਿਣ ਵਾਲ਼ੇ 39 ਸਾਲਾ ਬਸੰਤ ਮੁਖੀਆ ਦੋ ਦਹਾਕਿਆਂ ਤੋਂ ਮੁੰਬਈ ਵਿਖੇ ਘਰਾਂ ਦਾ ਕੰਮ ਕਰਦੇ ਰਹੇ ਹਨ, ਹੁਣ ਵੀ ਮੈਥਿਲੀ ਦਾ ਜ਼ਿਕਰ ਆਉਂਦਿਆਂ ਹੀ ਉਨ੍ਹਾਂ ਦੇ ਜ਼ਿਹਨ ਵਿੱਚ ਘਰ ਦੇ ਬਣੇ ਭੋਜਨ ਦੇ ਖ਼ਿਆਲ ਤੇ ਗੀਤ ਤੈਰਨ ਲੱਗਦੇ ਹਨ। ''ਮੈਨੂੰ ਸੱਤੂ (ਭੁੱਜੇ ਛੋਲਿਆਂ ਦਾ ਆਟਾ), ਚੂਰਾ ਤੇ ਪੋਹਾ ਬੜਾ ਪਸੰਦ ਹੈ,'' ਉਹ ਕਹਿੰਦੇ ਹਨ। ਵੈਸੇ ਤਾਂ ਉਨ੍ਹਾਂ ਨੂੰ ਇੱਥੇ ਮੁੰਬਈ ਵਿੱਚ ਕੁਝ ਕੁਝ ਪਕਵਾਨ ਮਿਲ਼ ਜਾਂਦੇ ਹਨ ਪਰ ''ਉਨ੍ਹਾਂ ਦਾ ਸੁਆਦ ਮੇਰੇ ਪਿੰਡ ਜਿਹਾ ਕਿੱਥੇ,'' ਇੰਨਾ ਕਹਿੰਦਿਆਂ ਹੀ ਬਸੰਤ ਖਾਣ-ਪੀਣ ਦੀਆਂ ਹੋਰ ਗੱਲਾਂ ਕਰਨ ਲੱਗਦੇ ਹਨ। ''ਸਾਡੇ ਦੇਸ ਤਾਂ ਅਸੀਂ ਹਰ ਸ਼ਨੀਵਾਰ ਦੁਪਹਿਰ ਵੇਲ਼ੇ ਖਿਚੜੀ ਖਾਂਦੇ ਹਾਂ ਤੇ ਸ਼ਾਮ ਵੇਲ਼ੇ ਭੁਜਾ। ਭੁਜਾ ਦਰਅਸਲ ਚਿੜਵੜੇ ਨੂੰ ਕਿਹਾ ਜਾਂਦਾ ਹੈ, ਜਿਸ ਵਿੱਚ ਭੁੱਜੀ ਮੂੰਗਫ਼ਲੀ ਤੇ ਭੁੱਜੇ ਕਾਲ਼ੇ ਛੋਲਿਆਂ ਵਿੱਚ ਪਿਆਜ਼, ਟਮਾਟਰ, ਹਰੀ ਮਿਰਚ, ਲੂਣ, ਸਰ੍ਹੋਂ ਦਾ ਤੇਲ ਤੇ ਹੋਰ ਮਸਾਲੇ ਪਾ ਕੇ ਤਿਆਰ ਕੀਤਾ ਜਾਂਦਾ ਹੈ। ਮੁੰਬਈ ਰਹਿੰਦਿਆਂ ਤਾਂ ਮੈਨੂੰ ਕਦੇ ਪਤਾ ਹੀ ਨਾ ਲੱਗਾ ਕਦੋਂ ਸ਼ਨੀਵਾਰ ਆਇਆ ਤੇ ਕਦੋਂ ਗਿਆ,'' ਉਹ ਕਹਿੰਦੇ ਹਨ ਤੇ ਇੱਕ ਉਦਾਸ ਮੁਸਕਾਨ ਉਨ੍ਹਾਂ ਦੇ ਚਿਹਰੇ ‘ਤੇ ਫਿਰ ਜਾਂਦੀ ਹੈ।

ਦੂਜੀ ਗੱਲ ਜੋ ਉਨ੍ਹਾਂ ਦੇ ਮਨ ਵਿੱਚ ਆਉਂਦੀ ਹੈ ਉਹ ਹੈ ਉਨ੍ਹਾਂ ਦੇ ਪਿੰਡ ਵਿਖੇ ਹੋਲੀ ਖੇਡਣ ਦਾ ਤਰੀਕਾ। "ਦੋਸਤਾਂ ਦੀ ਇੱਕ ਜੁੰਡਲੀ ਉਸ ਦਿਨ ਬਿਨਾਂ ਕਿਸੇ ਚੇਤਾਵਨੀ ਦੇ ਤੁਹਾਡੇ ਘਰ ਦਾਖਲ ਹੋ ਜਾਂਦੀ। ਅਸੀਂ ਰੰਗਾਂ ਨਾਲ਼, ਬੇਤਹਾਸ਼ਾ ਖੇਡਦੇ ਹੁੰਦੇ ਅਤੇ ਫਿਰ ਮਾਲਪੂਆ (ਹੋਲੀ 'ਤੇ ਸੂਜੀ, ਮੈਦਾ, ਖੰਡ ਅਤੇ ਦੁੱਧ ਤੋਂ ਬਣੀ ਇੱਕ ਵਿਸ਼ੇਸ਼ ਮਿਠਾਈ) ‘ਤੇ ਟੁੱਟ-ਟੁੱਟ ਪੈਂਦੇ। ਬਸੰਤ ਕਹਿੰਦੇ ਹਨ, "ਅਸੀਂ ਹੋਲੀ ਦਾ ਗੀਤ, ਫਗੂਆ ਗਾਉਂਦੇ।  ਜਦੋਂ ਉਹ ਸਾਡੇ ਨਾਲ਼ ਆਪਣੀ ਗੈਰ-ਦੇਸੀ ਜ਼ੁਬਾਨ ਵਿੱਚ ਗੱਲ ਕਰ ਰਹੇ ਹੁੰਦੇ ਹਨ ਤਾਂ ਉਨ੍ਹਾਂ ਦੇ ਜੱਦੀ ਸਥਾਨ ਦੀਆਂ ਤਸਵੀਰਾਂ ਸਾਡੇ ਸਾਹਵੇਂ ਜਿਉਂਦੀਆਂ ਹੋ ਜਾਂਦੀਆਂ ਹਨ।

ਉਹ ਅਫ਼ਸੋਸ ਨਾਲ਼ ਕਹਿੰਦੇ ਹਨ, "ਜਿਹੜੇ ਲੋਕ ਤੁਹਾਡੀ ਆਪਣੀ ਥਾਂ ਤੋਂ ਹੁੰਦੇ ਹਨ ਅਤੇ ਤੁਹਾਡੀ ਭਾਸ਼ਾ ਬੋਲਦੇ ਹਨ, ਉਨ੍ਹਾਂ ਨਾਲ਼ ਤਿਉਹਾਰ ਮਨਾਉਣ ਦੀ ਖੁਸ਼ੀ ਕੁਝ ਹੋਰ ਹੀ ਹੁੰਦੀ ਹੈ।''

ਓਧਰ ਅਲਾਹਾਬਾਦ ਦੇ ਪਿੰਡ ਅਮਿਲੌਟੀ ਦੇ ਰਹਿਣ ਵਾਲ਼ੇ ਰਾਜੂ (ਇੰਨਾ ਨਾਮ ਹੀ ਪਸੰਦ ਕਰਦੇ ਹਨ) ਹਨ ਜੋ ਕਰੀਬ 30 ਸਾਲ ਪਹਿਲਾਂ ਰੋਜ਼ੀਰੋਟੀ ਕਮਾਉਣ ਲਈ ਪੰਜਾਬ ਆਏ। ਅਹੀਰ ਭਾਈਚਾਰੇ ਨਾਲ਼ ਤਾਅਲੁੱਕ ਰੱਖਣ ਵਾਲ਼ੇ ਰਾਜੂ ਆਪਣੇ ਘਰ ਅਵਧੀ ਭਾਸ਼ਾ ਬੋਲਦੇ ਹਨ। ਜਦੋਂ ਉਹ ਅੰਮ੍ਰਿਤਸਰ ਪੁੱਜੇ ਤਾਂ ਉਨ੍ਹਾਂ ਨੂੰ ਪੰਜਾਬੀ ਬੋਲੀ ਸਮਝਣ ਵਿੱਚ ਖ਼ਾਸੀ ਸਮੱਸਿਆ ਆਈ। ''ਪਰ ਅੱਜ ਮੈਂ ਬੜੀ ਵਧੀਆ ਪੰਜਾਬੀ ਬੋਲ ਲੈਂਦਾ ਹਾਂ ਤੇ ਸਾਰੇ ਮੈਨੂੰ ਪਿਆਰ ਕਰਦੇ ਹਨ,'' ਇੱਕ ਮੁਸਕਾਨ ਨਾਲ਼ ਰਾਜੂ ਕਹਿੰਦੇ ਹਨ।

PHOTO • Swarn Kanta
PHOTO • Swarn Kanta

ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਮੁੰਬਈ ਵਿੱਚ ਇੱਕ ਘਰੇਲੂ ਸਹਾਇਕ ਵਜੋਂ ਕੰਮ ਕਰ ਰਹੇ ਬਸੰਤ ਮੁਖੀਆ ਨੂੰ ਆਪਣੇ ਪਿੰਡ ਦੀਆਂ ਆਵਾਜ਼ਾਂ ਅਤੇ ਗੀਤਾਂ ਦੀ ਯਾਦ ਆਉਂਦੀ ਹੈ। ਆਪਣੀ ਮਾਂ-ਬੋਲੀ ਮੈਥਿਲੀ ਦਾ ਜ਼ਿਕਰ ਆਉਂਦਿਆਂ ਹੀ ਉਨ੍ਹਾਂ ਦਾ ਮਨ ਘਰ ਦੇ ਖਾਣੇ ਦੀਆਂ ਯਾਦਾਂ ਨਾਲ਼ ਭਰ ਜਾਂਦਾ ਹੈ

PHOTO • Kamaljit Kaur
PHOTO • Kamaljit Kaur

ਅਲਾਹਾਬਾਦ ਦੇ ਅਮਿਲੌਟੀ ਦੇ ਰਹਿਣ ਵਾਲ਼ੇ ਰਾਜੂ, ਪੰਜਾਬ ਦੇ ਪੱਟੀ ਕਸਬੇ ਵਿੱਚ ਫਲ ਵੇਚਣ ਦਾ ਕੰਮ ਕਰਦੇ ਹਨ ਅਤੇ ਬੜੀ ਵਧੀਆ ਪੰਜਾਬੀ ਬੋਲ ਲੈਂਦੇ ਹਨ। ਉਹ ਉਹਨਾਂ ਤਿਉਹਾਰਾਂ ਨੂੰ ਯਾਦ ਕਰਦੇ ਹਨ ਜੋ ਉਹ ਆਪਣੇ ਪਿੰਡ ਵਿੱਚ ਮਨਾਉਂਦੇ ਰਹੇ ਹਨ

ਤਰਨ ਤਾਰਨ ਦੇ ਸ਼ਹਿਰ ਪੱਟੀ ਦੇ ਫਲ-ਵਿਕ੍ਰੇਤਾ ਰਾਜੂ ਤਿਓਹਾਰਾਂ ਮੌਕੇ ਬੜਾ ਇਕੱਲਾਪਣ ਮਹਿਸੂਸ ਕਰਦੇ ਹਨ। ਕੰਮ ਦਾ ਬੋਝ ਉਨ੍ਹਾਂ ਨੂੰ ਕਈ ਵਾਰੀਂ ਪਿੰਡ ਜਾਣ ਤੋਂ ਰੋਕੀ ਰੱਖਦਾ ਹੈ ਅਤੇ ''ਮੇਰੇ ਲਈ ਪਿੰਡ ਜਾ ਕੇ ਤਿਓਹਾਰ ਮਨਾ ਪਾਉਣਾ ਅਸੰਭਵ ਹੋ ਜਾਂਦਾ ਹੈ,'' ਉਹ ਹਿਰਖੇ ਮਨ ਨਾਲ਼ ਕਹਿੰਦੇ ਹਨ,''ਇੱਕ ਬੰਦਾ ਤਾਂ 100 ਲੋਕਾਂ ਦੇ ਤਿਓਹਾਰ ਵਿੱਚ ਸ਼ਾਮਲ ਹੋ ਸਕਦਾ ਹੁੰਦਾ ਹੈ ਪਰ ਦੱਸੋ ਦੋ-ਤਿੰਨ ਬੰਦਿਆਂ ਦੇ ਤਿਓਹਾਰ ਵਿੱਚ ਕੌਣ ਸ਼ਾਮਲ ਹੋਊਗਾ?''

ਦੇਸ਼ ਦੇ ਦੂਜੇ ਸਿਰੇ 'ਤੇ ਰਹਿੰਦੀ 38 ਸਾਲਾ ਸ਼ਬਾਨਾ ਸ਼ੇਖ, ਜੋ ਆਪਣੇ ਪਤੀ ਨਾਲ਼ ਕੰਮ ਦੀ ਭਾਲ ਵਿੱਚ ਰਾਜਸਥਾਨ ਤੋਂ ਕੇਰਲਾ ਆਈ ਹਨ, ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਕਹਿੰਦੀ ਹਨ,"ਅਸੀਂ ਆਪਣੇ ਪਿੰਡ ਵਿੱਚ ਆਪਣੇ ਤਿਉਹਾਰ ਮਨਾਉਂਦੇ ਹਾਂ ਅਤੇ ਅਜਿਹਾ ਕਰਨ ਵਿੱਚ ਕੋਈ ਸ਼ਰਮ ਦੀ ਗੱਲ ਨਹੀਂ ਹੈ। ਪਰ ਅਸੀਂ ਉਨ੍ਹਾਂ ਨੂੰ ਇੱਥੇ ਕੇਰਲ ਵਿੱਚ ਕਿਵੇਂ ਮਨਾ ਸਕਦੇ ਹਾਂ?" ਉਹ ਪੁੱਛਦੀ ਹੈ। "ਦੀਵਾਲੀ ਮੌਕੇ ਕੇਰਲ ਵਿੱਚ ਜ਼ਿਆਦਾ ਰੌਸ਼ਨੀ ਨਹੀਂ ਹੁੰਦੀ। ਪਰ ਰਾਜਸਥਾਨ ਵਿੱਚ ਰਹਿੰਦਿਆਂ ਤਿਓਹਾਰ ਮੌਕੇ ਅਸੀਂ ਮਿੱਟੀ ਦੇ ਦੀਵੇ ਜਗਾਉਂਦੇ ਹਾਂ। ਇਹ ਬਹੁਤ ਸੁੰਦਰ ਲੱਗਦਾ ਹੈ," ਉਹ ਕਹਿੰਦੀ ਹਨ। ਯਾਦਾਂ ਨਾਲ਼ ਉਨ੍ਹਾਂ ਦੀਆਂ ਅੱਖਾਂ ਚਮਕ ਉੱਠੀਆਂ।

ਜਿਸ ਕਿਸੇ ਪ੍ਰਵਾਸੀ ਨਾਲ਼ ਵੀ ਅਸੀਂ ਗੱਲ ਕੀਤੀ ਉਸ ਦੇ ਮਨ ਅੰਦਰ ਭਾਸ਼ਾ, ਸੱਭਿਆਚਾਰ ਅਤੇ ਯਾਦ ਵਿੱਚਲੇ ਉਸ ਇੱਕ ਤੰਦ ਨੂੰ ਪੀਚ ਜਿਹੀ ਆਈ ਹੋਈ ਜਾਪੀ। ਪਰ ਆਪਣੇ ਘਰਾਂ-ਪਰਿਵਾਰਾਂ ਤੋਂ ਦੂਰ ਇਨ੍ਹਾਂ ਬੀਹੜ ਇਲਾਕਿਆਂ ਵਿੱਚ ਰਹਿਣ ਵਾਲ਼ਿਆਂ ਨੇ ਵੀ ਆਪਣੇ-ਆਪ ਨੂੰ ਜ਼ਿੰਦਾ ਰੱਖਣ ਦੇ ਆਪਣੇ ਤਰੀਕੇ ਲੱਭੇ ਹੋਏ ਹਨ।

60 ਸਾਲਾ ਮਸ਼ਰੂ ਰਾਬਰੀ ਦਾ ਕੋਈ ਸਥਾਈ ਠਿਕਾਣਾ ਨਹੀਂ ਹੈ। ਕਦੇ ਤਾਂ ਉਹ ਨਾਗਪੁਰ, ਵਾਰਧਾ, ਚਾਂਦਰਾਪੁਰ ਹੁੰਦੇ ਹਨ ਜਾਂ ਯਵਤਮਾਲ ਦੇ ਕਿਸੇ ਮੈਦਾਨ ਵਿੱਚ। ਕੇਂਦਰੀ ਵਿਦਰਭ ਦੇ ਇਹ ਆਜੜੀ ਗੁਜਰਾਤ ਦੇ ਕੱਛ ਤੋਂ ਹਨ। "ਇਕ ਤਰ੍ਹਾਂ ਨਾਲ਼ ਮੈਂ ਵਰਹਾਦੀ ਹਾਂ," ਆਮ ਰਬਾੜੀ ਪਹਿਰਾਵੇ ਵਿੱਚ ਸਜੇ ਇਸ ਆਜੜੀ ਦਾ ਕਹਿਣਾ ਹੈ। ਉਨ੍ਹਾਂ ਦੇ ਇਸ ਪਹਿਰਾਵੇ ਵਿੱਚ ਉਪਰਲਾ ਝੱਗਾ, ਇਕ ਧੋਤੀ ਅਤੇ ਇਕ ਚਿੱਟੀ ਪੱਗ ਹੈ। ਅੱਜ ਉਹ ਵਿਦਰਭ ਦੇ ਸਥਾਨਕ ਸਭਿਆਚਾਰ ਤੇ ਭਾਸ਼ਾ ਵਿੱਚ ਮਿਲ਼-ਗੋਭਾ ਹੋਏ ਪਏ ਹਨ ਅਤੇ ਲੋੜ ਪੈਣ 'ਤੇ ਸਥਾਨਕ ਅਪਸ਼ਬਦਾਂ ਤੇ ਗਾਲ੍ਹਾਂ ਦਾ ਸਹਾਰਾ ਵੀ ਲੈ ਲੈਂਦੇ ਹਨ! ਅਤੇ ਫਿਰ ਵੀ ਉਨ੍ਹਾਂ ਨੇ ਆਪਣੀ ਧਰਤੀ ਦੀਆਂ ਪਰੰਪਰਾਵਾਂ ਅਤੇ ਸਭਿਆਚਾਰ ਨਾਲ਼ ਆਪਣੇ ਸਬੰਧਾਂ ਨੂੰ ਬਰਕਰਾਰ ਰੱਖਿਆ ਹੋਇਆ ਹੈ। ਉਨ੍ਹਾਂ ਦੇ ਊਠਾਂ ਦੀਆਂ ਪਿੱਠਾਂ 'ਤੇ ਮਾਲ਼-ਅਸਬਾਬ ਬੱਝਿਆ ਹੋਇਆ ਹੈ ਕਿਉਂਕਿ ਉਹ ਇੱਕ ਖੇਤ ਤੋਂ ਦੂਜੇ ਖੇਤਰ ਵਿੱਚ ਘੁੰਮਦੇ ਰਹਿੰਦੇ ਹਨ। ਹਾਂ ਇਸ ਦੌਰਾਨ ਉਹ ਲੋਕ ਕਹਾਣੀਆਂ, ਵਿਰਾਸਤ ਵਿੱਚ ਮਿਲੀ ਬੁੱਧੀ, ਗੀਤ, ਜਾਨਵਰਾਂ ਦੇ ਸੰਸਾਰ ਬਾਰੇ ਰਵਾਇਤੀ ਗਿਆਨ, ਵਾਤਾਵਰਣ ਅਤੇ ਹੋਰ ਗੱਲਾਂ ਨਾਲ਼ ਭਰਿਆ ਵਿਰਸਾ ਆਪਣੇ ਨਾਲ਼ ਲਈ ਫਿਰਦੇ ਰਹਿੰਦੇ ਹਨ।

PHOTO • Jaideep Hardikar
PHOTO • Rajeeve Chelanat

ਖੱਬੇ : ਕੱਛ ਦੇ ਰਹਿਣ ਵਾਲ਼ੇ ਮਸ਼ਰੂ ਰਬਾੜੀ ਵਿਦਰਭ ਦੇ ਕਪਾਹ ਦੇ ਖੇਤਾਂ ਵਿੱਚ ਰਹਿੰਦੇ ਹਨ ਅਤੇ ਆਪਣੇ ਆਪ ਨੂੰ ਵਰਹਾਦੀ ਕਹਿੰਦੇ ਹਨ। ਸੱਜੇ: ਰਾਜਸਥਾਨ ਦੀ ਸ਼ਬਾਨਾ ਸ਼ੇਖ (ਬਿਲਕੁਲ ਖੱਬੇ) ਅਤੇ ਆਪਣੇ ਪਤੀ, ਮੁਹੰਮਦ ਅਲਵਰ (ਸੱਜੇ) ਅਤੇ ਬੇਟੀ ਸਾਨੀਆ ਸ਼ੇਖ (ਮੱਧ) ਨਾਲ਼ ਕੇਰਲ ਵਿੱਚ ਰਹਿੰਦੀ ਹੈ। ਉਹ ਆਪਣੇ ਪਿੰਡ ਦੀਆਂ ਦੀਵਾਲੀ ਦੀਆਂ ਰੌਸ਼ਨੀਆਂ ਨੂੰ ਯਾਦ ਕਰਦੀ ਹਨ

ਝਾਰਖੰਡ ਦੇ ਇੱਕ ਖੁਦਾਈ ਅਪਰੇਟਰ (ਸੰਚਾਲਕ), 25 ਸਾਲਾ ਸ਼ਾਨਾਉੱਲਾ ਆਲਮ ਹੁਣ ਕਰਨਾਟਕ ਦੇ ਉਡੂਪੀ ਵਿਖੇ ਰਹਿੰਦੇ ਹਨ। ਉਹ ਇਕੱਲੇ ਹਨ ਜੋ ਕੰਮ ਦੇ ਸਮੇਂ ਦੌਰਾਨ ਚੰਗੀ ਹਿੰਦੀ ਬੋਲ ਲੈਂਦੇ ਹਨ। ਉਨ੍ਹਾਂ ਨੂੰ ਆਪਣੀ ਭਾਸ਼ਾ ਬੋਲਣ ਦਾ ਇੱਕੋ-ਇੱਕ ਮੌਕਾ ਸਿਰਫ਼ ਉਦੋਂ ਮਿਲ਼ਦਾ ਹੈ ਜਦੋਂ ਉਹ ਮੋਬਾਇਲ 'ਤੇ ਆਪਣੇ ਪਰਿਵਾਰਕ ਮੈਂਬਰਾਂ ਜਾਂ ਆਪਣੇ ਦੋਸਤਾਂ ਮਿਤਰਾਂ ਨਾਲ਼ ਗੱਲਬਾਤ ਕਰਦੇ ਹਨ। ਉਦੋਂ ਉਹ ਹਿੰਦੀ ਜਾਂ ਖੋਰਥਾ ਵਿੱਚ ਗੱਲ ਕਰਦੇ ਹਨ ਜੋ ਝਾਰਖੰਡ ਦੇ ਉੱਤਰੀ ਛੋਟਾਨਾਗਪੁਰ ਅਤੇ ਸੰਥਾਲ ਪਰਗਨਾ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਹੈ।

ਝਾਰਖੰਡ ਦੇ ਇੱਕ ਹੋਰ ਨੌਜਵਾਨ ਪ੍ਰਵਾਸੀ, 23 ਸਾਲਾ ਸੋਬਿਨ ਯਾਦਵ ਨੂੰ ਵੀ ਆਪਣੇ ਪਰਿਵਾਰ ਨਾਲ਼ ਰਾਬਤਾ ਕਰਨ ਲਈ ਤੇ ਆਪਣੀ ਭਾਸ਼ਾ ਬੋਲਣ ਲਈ ਮੋਬਾਈਲ 'ਤੇ ਨਿਰਭਰ ਰਹਿਣਾ ਪੈਂਦਾ ਹੈ। ਉਹ ਕੁਝ ਸਾਲ ਪਹਿਲਾਂ ਮਜਗਾਓਂ ਪਿੰਡ ਤੋਂ  ਚੇਨਈ ਚਲੇ ਗਏ ਸਨ, ਇਹ ਪਿੰਡ "ਕ੍ਰਿਕਟਰ ਧੋਨੀ ਦੇ ਘਰ ਤੋਂ ਲਗਭਗ 200 ਕਿਲੋਮੀਟਰ ਦੀ ਦੂਰੀ ਹੈ"। ਚੇਨਈ ਦੇ ਇਕ ਭੋਜਨਾਲੇ ਵਿੱਚ ਕੰਮ ਕਰਦਿਆਂ ਉਨ੍ਹਾਂ ਨੂੰ ਮੁਸ਼ਕਿਲ ਨਾਲ਼ ਹਿੰਦੀ ਬੋਲਣ ਦਾ ਮੌਕਾ ਮਿਲਦਾ ਹੈ। ਉਹ ਆਪਣੀ ਮਾਤ ਭਾਸ਼ਾ ਦੀ ਵਰਤੋਂ ਸਿਰਫ ਉਦੋਂ ਕਰਦੇ ਹਨ ਜਦੋਂ ਹਰ ਸ਼ਾਮ ਉਹ ਆਪਣੀ ਪਤਨੀ ਨਾਲ਼ ਫੋਨ 'ਤੇ ਗੱਲ ਕਰਦੇ ਹਨ। "ਮੈਂ ਆਪਣੇ ਮੋਬਾਇਲ ਫੋਨ 'ਤੇ ਹਿੰਦੀ ਵਿੱਚ ਡਬ ਕੀਤੀਆਂ ਤਮਿਲ ਫਿਲਮਾਂ ਵੀ ਦੇਖਦਾ ਹਾਂ। ਉਹ ਤਮਿਲ ਵਿੱਚ ਬੋਲਦਿਆਂ ਕਹਿੰਦੇ ਹਨ, "ਸੂਰੀਆ ਮੇਰੀ ਪਸੰਦੀਦਾ ਅਦਾਕਾਰ ਹੈ।''

"ਹਿੰਦੀ, ਉਰਦੂ, ਭੋਜਪੁਰੀ... ਕੋਈ ਵੀ ਭਾਸ਼ਾ ਏਥੇ ਕਦੇ ਵੀ ਕੰਮ ਨਹੀਂ ਕਰੇਗੀ। ਅੰਗਰੇਜ਼ੀ ਵੀ ਨਹੀਂ। ਸਿਰਫ਼ ਦਿਲ ਦੀ ਭਾਸ਼ਾ ਹੀ ਕੰਮ ਕਰਦੀ ਹੈ," ਵਿਨੋਦ ਕੁਮਾਰ ਕਹਿੰਦੇ ਹਨ। ਬਿਹਾਰ ਦੇ ਮੋਤੀਹਾਰੀ ਪਿੰਡ ਦੇ ਰਹਿਣ ਵਾਲ਼ੇ ਇਹ 53 ਸਾਲਾ ਰਾਜ ਮਿਸਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਪਟਨ ਬਲਾਕ ਵਿੱਚ ਸਾਜਿਦ ਗਨੀ ਦੀ ਰਸੋਈ ਵਿੱਚ ਦੁਪਹਿਰ ਦਾ ਖਾਣਾ ਖਾ ਰਹੇ ਹਨ। ਸਾਜਿਦ ਉਨ੍ਹਾਂ ਦਾ ਸਥਾਨਕ ਮਾਲਕ ਹੈ। "ਇੱਕ ਘਰ ਦਾ ਮਾਲਕ ਕਿਸੇ ਮਜ਼ਦੂਰ ਨਾਲ਼ ਬੈਠ ਕੇ ਖਾਣਾ ਖਾ ਰਿਹਾ ਹੋਵੇ – ਕੀ ਤੁਸੀਂ ਪਹਿਲਾਂ ਕਦੇ ਇਹ ਨਜ਼ਾਰਾ ਦੇਖਿਆ ਹੈ?" ਵਿਨੋਦ, ਸਾਜਿਦ ਵੱਲ ਇਸ਼ਾਰਾ ਕਰਦੇ ਹੋਏ ਸਾਨੂੰ ਪੁੱਛਦੇ ਹਨ। "ਮੈਨੂੰ ਨਹੀਂ ਲੱਗਦਾ ਕਿ ਉਨ੍ਹਾਂ ਨੂੰ ਮੇਰੀ ਜਾਤ ਦਾ ਕੋਈ ਇਲਮ ਵੀ ਹੈ। ਜੇ ਮੈਂ ਆਪਣੇ ਪਿੰਡ ਦੀ ਗੱਲ ਕਰਾਂ ਤਾਂ ਉੱਥੇ ਲੋਕ ਮੇਰਾ ਛੂਹਿਆ ਪਾਣੀ ਤੱਕ ਨਹੀਂ ਪੀਣਗੇ ਅਤੇ ਇੱਥੇ ਉਹ ਮੈਨੂੰ ਆਪਣੀ ਰਸੋਈ 'ਚੋਂ ਖਾਣਾ ਖੁਆ ਰਿਹਾ ਹੈ ਅਤੇ ਮੇਰੇ ਨਾਲ਼ ਬੈਠ ਖਾਣਾ ਖਾ ਰਿਹਾ ਹੈ।"

ਵਿਨੋਦ ਜਦੋਂ ਪਹਿਲੀ ਵਾਰ ਕੰਮ ਲਈ ਕਸ਼ਮੀਰ ਆਏ, ਇਸ ਗੱਲ ਨੂੰ ਹੁਣ 30 ਸਾਲ ਹੋ ਗਏ ਹਨ। ''1993 ਵਿੱਚ ਮੈਂ ਪਹਿਲੀ ਵਾਰ ਇੱਕ ਮਜ਼ਦੂਰ ਵਜੋਂ ਕਸ਼ਮੀਰ ਆਇਆ ਸਾਂ। ਮੈਨੂੰ ਕਸ਼ਮੀਰ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਸੀ। ਉਸ ਸਮੇਂ ਮੀਡੀਆ ਅੱਜ ਜਿਹਾ ਨਹੀਂ ਸੀ। ਜੇ ਅਖ਼ਬਾਰਾਂ ਵਿੱਚ ਕੁਝ ਜਾਣਕਾਰੀ ਵੀ ਹੁੰਦੀ ਤਾਂ ਵੀ ਮੈਨੂੰ ਕਿਵੇਂ ਪਤਾ ਲੱਗ ਸਕਦਾ ਸੀ? ਮੈਂ ਨਾ ਤਾਂ ਪੜ੍ਹ ਸਕਦਾ ਹਾਂ ਅਤੇ ਨਾ ਹੀ ਲਿਖ ਸਕਦਾ ਹਾਂ। ਜਦੋਂ ਵੀ ਸਾਨੂੰ ਕਿਸੇ ਠੇਕੇਦਾਰ ਦਾ ਫੋਨ ਆਉਂਦਾ ਸੀ, ਅਸੀਂ ਆਪਣੀ ਰੋਟੀ ਕਮਾਉਣ ਚਲੇ ਜਾਂਦੇ,'' ਉਹ ਕਹਿੰਦੇ ਹਨ।

PHOTO • Shankar N. Kenchanuru
PHOTO • Rajasangeethan

ਖੱਬੇ: ਝਾਰਖੰਡ ਦੇ ਰਹਿਣ ਵਾਲੇ ਸ਼ਾਨਾਉੱਲਾ ਆਲਮ, ਕਰਨਾਟਕ ਦੇ ਉਡੁਪੀ ਵਿਖੇ ਖੁਦਾਈ ਅਪਰੇਟਰ ਹਨ। ਉਹ ਸਿਰਫ਼ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ਼ ਗੱਲ ਕਰਦੇ ਸਮੇਂ ਫੋਨ 'ਤੇ ਹਿੰਦੀ ਜਾਂ ਖੋਰਥਾ ਵਿੱਚ ਬੋਲਦੇ ਹਨ। ਸੱਜੇ: ਸੋਬਿਨ ਯਾਦਵ, ਜੋ ਕਿ ਝਾਰਖੰਡ ਦੇ ਰਹਿਣ ਵਾਲ਼ੇ ਹਨ, ਭੋਜਨਾਲੇ ਵਿੱਚ ਕੰਮ ਕਰਨ ਦੌਰਾਨ ਤਮਿਲ ਬੋਲਦੇ ਹਨ ਅਤੇ ਆਪਣੀ ਪਤਨੀ ਨਾਲ਼ ਫੋਨ 'ਤੇ ਗੱਲ ਕਰਦੇ ਸਮੇਂ ਹਿੰਦੀ

ਆਪਣੇ ਸ਼ੁਰੂਆਤੀ ਦਿਨਾਂ ਨੂੰ ਯਾਦ ਕਰਦੇ ਹੋਏ ਉਹ ਕਹਿੰਦੇ ਹਨ, "ਉਦੋਂ ਮੇਰੀ ਨੌਕਰੀ ਅਨੰਤਨਾਗ ਜ਼ਿਲ੍ਹੇ ਵਿੱਚ ਸੀ ਤੇ ਜਿਸ ਦਿਨ ਅਸੀਂ ਪਹੁੰਚੇ, ਉਸ ਦਿਨ ਅਚਾਨਕ ਸਭ ਕੁਝ ਬੰਦ ਹੋ ਗਿਆ। ਕਈ ਦਿਨ ਮੈਂ ਬੇਰੁਜ਼ਗਾਰ ਫਿਰਦਾ ਰਿਹਾ, ਮੇਰੀ ਜੇਬ੍ਹ ਵਿੱਚ ਇੱਕ ਪੈਸਾ ਵੀ ਨਹੀਂ ਸੀ। ਪਰ ਇੱਥੋਂ ਦੇ ਪਿੰਡ ਵਾਸੀਆਂ ਨੇ ਮੇਰੀ, ਸਾਡੇ ਸਾਰਿਆਂ ਦੀ ਮਦਦ ਕੀਤੀ। ਸਾਡੇ ਵਿੱਚੋਂ 12 ਲੋਕ ਸਨ ਜੋ ਇਕੱਠੇ ਆਏ ਸਨ। ਉਨ੍ਹਾਂ ਨੇ ਸਾਨੂੰ ਖਾਣਾ ਖੁਆਇਆ। ਤੁਸੀਂ ਹੀ ਮੈਨੂੰ ਦੱਸੋ, ਧਰਤੀ ਉੱਤੇ ਅਜਿਹਾ ਕੌਣ ਹੈ ਜੋ ਬਿਨਾਂ ਕਿਸੇ ਗੁੱਝੇ ਮਨੋਰਥ ਦੇ ਇਸ ਤਰ੍ਹਾਂ ਦੀ ਮਦਦ ਕਰਦਾ ਹੈ?"  ਉਹ ਪੁੱਛਦੇ ਹਨ। ਜਦੋਂ ਵਿਨੋਦ ਬੋਲ ਰਹੇ ਹੁੰਦੇ ਹਨ ਤਾਂ ਉਨ੍ਹਾਂ ਵੱਲੋਂ ਮਨ੍ਹਾਂ ਕਰਨ ਦੇ ਬਾਵਜੂਦ ਵੀ ਸਾਜਿਦ ਉਨ੍ਹਾਂ ਦੇ ਇਨਕਾਰ ਨੂੰ ਨਜ਼ਰਅੰਦਾਜ਼ ਕਰਕੇ ਉਨ੍ਹਾਂ ਦੀ ਪਲੇਟ ਵਿੱਚ ਚਿਕਨ ਦਾ ਇੱਕ ਵਾਧੂ ਟੁਕੜਾ ਰੱਖਣ ਦੀ ਕੋਸ਼ਿਸ਼ ਕਰਦੇ ਜਾਂਦੇ ਹਨ।

ਵਿਨੋਦ ਅੱਗੇ ਕਹਿੰਦੇ ਹਨ, "ਮੈਨੂੰ ਕਸ਼ਮੀਰੀ ਦਾ ਇੱਕ ਵੀ ਸ਼ਬਦ ਸਮਝ ਨਹੀਂ ਆਉਂਦਾ। ਪਰ ਇੱਥੇ ਹਰ ਕੋਈ ਹਿੰਦੀ ਸਮਝਦਾ ਹੈ। ਇਸ ਗੱਲ ਨੇ ਹੁਣ ਤੱਕ ਵਧੀਆ ਕੰਮ ਕੀਤਾ ਹੈ।"

"ਭੋਜਪੁਰੀ (ਉਨ੍ਹਾਂ ਦੀ ਮਾਂ-ਬੋਲੀ) ਬਾਰੇ ਤੁਹਾਡਾ ਕੀ ਕਹਿਣਾ ਹੈ?'' ਅਸੀਂ ਉਨ੍ਹਾਂ ਨੂੰ ਪੁੱਛਦੇ ਹਾਂ।

ਉਹ ਜਵਾਬ ਦਿੰਦੇ ਹਨ, "ਇਸ ਬਾਰੇ ਕੀ ਕਹਾਂ? ਜਦੋਂ ਮੇਰੇ ਪਿੰਡੋਂ ਲੋਕ ਆਉਂਦੇ ਹਨ, ਤਾਂ ਅਸੀਂ ਭੋਜਪੁਰੀ ਵਿੱਚ ਗੱਲ ਕਰਦੇ ਹਾਂ। ਪਰ ਮੈਂ ਇੱਥੇ ਭੋਜਪੁਰੀ ਕਿਸ ਨਾਲ਼ ਬੋਲਾਂ? ਤੁਸੀਂ ਮੈਨੂੰ ਦੱਸੋ...? ਉਹ ਮੋੜਵਾ ਸਵਾਲ ਕਰਦੇ ਹਨ। ਫਿਰ ਉਹ ਮੁਸਕਰਾਉਂਦੇ ਹੋਏ ਅੱਗੇ ਕਹਿੰਦੇ ਹਨ, "ਮੈਂ ਸਾਜਿਦ ਭਾਈ ਨੂੰ ਥੋੜ੍ਹੀ-ਬਹੁਤ ਆਪਣੀ ਮਾਂ-ਬੋਲੀ ਸਿਖਾਈ ਹੈ। ਕਾ ਹੋ ਸਾਜਿਦਭਾਈ ? ਕੈਸਨ ਬਾਨੀ ? (ਦੱਸੋ ਸਾਜਿਦਭਾਈ? ਤੁਸੀਂ ਕਿਵੇਂ ਹੋ?]"

'' ਠੀਕ ਬਾ (ਮੈਂ ਬਿਲਕੁਲ ਠੀਕ ਹਾਂ), ਸਾਜਿਦ ਜਵਾਬ ਦਿੰਦੇ ਹਨ।

"ਕਿਤੇ-ਕਿਤੇ ਥੋੜ੍ਹੀ ਬਹੁਤ ਗ਼ਲਤੀ ਹੋ ਜਾਂਦੀ ਹੈ। ਪਰ ਅਗਲੀ ਵਾਰ ਮੇਰੇ ਭਾਈ ਤੁਸੀਂ ਇੱਥੇ ਸਾਡੇ ਕੋਲ਼ ਆਓਗੇ ਤਾਂ ਤੁਹਾਡੇ ਲਈ ਰਿਤੇਸ਼ [ਇੱਕ ਭੋਜਪੁਰੀ ਅਭਿਨੇਤਾ] ਦਾ ਇੱਕ ਗਾਣਾ ਗਾਵਾਂਗੇ!

ਇਹ ਕਹਾਣੀ ਦਿੱਲੀ ਦੇ ਮੁਹੰਮਦ ਕਮਰ ਤਬਰੇਜ਼; ਪੱਛਮੀ ਬੰਗਾਲ ਤੋਂ ਸਮਿਤਾ ਖਾਟੋਰ; ਕਰਨਾਟਕ ਤੋਂ ਪ੍ਰਤਿਸ਼ਠਾ ਪਾਂਡਿਆ ਅਤੇ ਸ਼ੰਕਰ ਐਨ. ਕੇਂਚਨੂਰ; ਕਸ਼ਮੀਰ ਤੋਂ ਦੇਵੇਸ਼; ਤਾਮਿਲਨਾਡੂ ਤੋਂ ਰਾਜਸੰਗੀਥਨ; ਛੱਤੀਸਗੜ੍ਹ ਤੋਂ ਨਿਰਮਲ ਕੁਮਾਰ ਸਾਹੂ; ਅਸਾਮ ਤੋਂ ਪੰਕਜ ਦਾਸ; ਕੇਰਲ ਤੋਂ ਰਾਜੀਵ ਚੇਲਾਨਤ; ਮਹਾਰਾਸ਼ਟਰ ਤੋਂ ਜੈਦੀਪ ਹਾਰਡੀਕਰ ਅਤੇ ਸਵਰਨ ਕਾਂਤਾ; ਪੰਜਾਬ ਤੋਂ ਕਮਲਜੀਤ ਕੌਰ ਵੱਲੋਂ ਰਿਪੋਰਟ ਕੀਤੀ ਗਈ ਹੈ; ਅਤੇ ਇਹਦਾ ਸੰਪਾਦਨ ਪ੍ਰਤਿਸ਼ਠਾ ਪਾਂਡਿਆ ਦੁਆਰਾ ਕੀਤਾ ਗਿਆ ਹੈ, ਸੰਪਾਦਨ ਕਰਨ ਵਿੱਚ ਮੇਧਾ ਕਾਲੇ, ਸਮਿਤਾ ਖਾਟੋਰ, ਜੋਸ਼ੂਆ ਬੋਧੀਨਤਰਾ ਅਤੇ ਸੰਵਿਤੀ ਅਈਅਰ ਵੱਲੋਂ ਮਦਦ ਕੀਤੀ ਗਈ ਹੈ। ਬਿਨਾਇਫ਼ਰ ਭਰੂਚਾ ਵੱਲੋਂ ਫੋਟੋ ਸੰਪਾਦਨ ਕੀਤਾ ਗਿਆ ਹੈ ਤੇ ਵੀਡੀਓ ਐਡੀਟਿੰਗ ਸ਼੍ਰੇਆ ਕਤਿਆਇਨੀ ਨੇ ਕੀਤੀ ਹੈ।

ਕਵਰ ਚਿਤਰਣ: ਲਬਨੀ ਜੰਗੀ

ਤਰਜਮਾ: ਕਮਲਜੀਤ ਕੌਰ

Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur