''ਸਿਰਫ਼ ਇਸਲਈ ਕਿ ਅਸੀਂ ਜਿਸਮ ਵੇਚਦੀਆਂ ਹਾਂ, ਉਹ ਸਾਡੇ ਜਿਸਮਾਂ ਨੂੰ ਮੁਦਰਾ ਹੀ ਸਮਝ ਲੈਂਦੇ ਨੇ,'' 30 ਸਾਲਾ ਮੀਰਾ ਕਹਿੰਦੀ ਹਨ ਜੋ 2012 ਵਿੱਚ ਉੱਤਰ ਪ੍ਰਦੇਸ਼ ਦੇ ਫਾਰੂਖਾਬਾਦ ਤੋਂ ਦਿੱਲੀ ਆਈ ਸਨ। ਦਿਲ ਦੇ ਦੌਰੇ ਨਾਲ਼ ਅਚਾਨਕ ਹੋਈ ਪਤੀ ਦੀ ਮੌਤ ਤੋਂ ਬਾਅਦ ਤਿੰਨ ਬੱਚਿਆਂ ਦੇ ਪਾਲਣ-ਪੋਸ਼ਣ ਦੀ ਜ਼ਿੰਮੇਦਾਰੀ ਉਨ੍ਹਾਂ ਸਿਰ ਆਣ ਪਈ। ਪਰ ਹੁਣ ਉਹ ਇਸ ਜਿਲ੍ਹਣ  ਭਰੀ ਜ਼ਿੰਦਗੀ ਤੋਂ ਗੁੱਸੇ ਹਨ ਅਤੇ ਖ਼ਫ਼ਾ ਵੀ।

''ਬੱਸ ਇਹੀ ਕੁਝ ਤਾਂ ਉਹ ਭਾਲ਼ਦੇ ਹਨ ਦਵਾਈ ਦਵਾਉਣਾ ਤਾਂ ਬੱਸ ਬਹਾਨਾ ਹੈ।'' 39 ਸਾਲਾ ਅਮਿਤਾ ਚੇਤੇ ਕਰਦਿਆਂ ਮੱਥੇ ‘ਤੇ ਤਿਊੜੀ ਚਾੜ੍ਹ ਲੈਂਦੀ ਹਨ ਅਤੇ ਹਸਪਤਾਲ ਦੇ ਵਾਰਡ ਸਹਾਇਕਾਂ ਦੀ ਨਕਲ਼ ਕਰਦਿਆਂ ਆਪਣੇ ਅੰਗਾਂ ਨੂੰ ਹੱਥ ਲਾ ਲਾ ਕੇ ਦੱਸਦੀ ਹਨ ਜਿਸ ਤਰੀਕੇ ਨਾਲ਼ ਉਹ ਛੂੰਹਦੇ ਹਨ। ਉਹ ਇੱਕ ਵਾਰ ਫਿਰ ਅਪਮਾਨ ਝੱਲਣ ਲਈ ਜ਼ੇਰਾ ਕੱਢਦੀ ਹਨ ਅਤੇ ਜਾਂਚ ਕਰਾਉਣ ਲਈ ਸਰਕਾਰੀ ਹਸਪਤਾਲ ਦਾ ਰਾਹ ਫੜ੍ਹਦੀ ਹਨ।

''ਜਦੋਂ ਕਦੇ ਅਸੀਂ ਐੱਚਆਈਵੀ ਜਾਂਚ ਲਈ ਜਾਂਦੀਆਂ ਹਾਂ, ਜੇ ਕਿਤੇ ਉਨ੍ਹਾਂ ਨੂੰ ਪਤਾ ਲੱਗ ਜਾਵੇ ਕਿ ਅਸੀਂ ਸੈਕਸ ਵਰਕਰਾਂ ਹਾਂ ਤਾਂ ਮਦਦ ਕਰਨ ਦੀ ਪੇਸ਼ਕਸ਼ ਕਰਦੇ ਹਨ। ' ਪੀਛੇ ਸੇ ਆ ਜਾਨਾ, ਦਵਾਈ ਦਿਲਵਾ ਦੂੰਗਾ, ' ਉਹ ਦਾਅਵਾ ਕਰਦੇ ਹਨ। ਫਿਰ ਸਾਡੇ ਇੱਧਰ ਓਧਰ ਹੱਥ ਲਾਉਣ ਦੇ ਮੌਕੇ ਦੀ ਭਾਲ਼ਦੇ ਰਹਿੰਦੇ ਹਨ।'' ਜਿਵੇਂ ਕਿ 45 ਸਾਲਾ ਕੁਸਮ ਕਹਿੰਦੀ ਹਨ ਅਤੇ ਨਾਲ਼ ਹੀ ਆਲ ਇੰਡੀਆ ਨੈਟਵਰਕ ਆਫ਼ ਸੈਕਸ ਵਰਕਰਸ (AINSW) ਨਾਲ਼ ਹੋਏ ਸਮਝੌਤੇ ਵਿਚਲੀਆਂ ਕਈ ਸਹਿਮਤੀਆਂ ਬਾਰੇ ਗੱਲ ਕਰਦੀ ਹਨ ਜੋ ਸਮਝੌਤਾ AINSW ਦੇ ਸਾਬਕਾ ਪ੍ਰਧਾਨ ਨਾਲ਼ ਹੋਇਆ ਸੀ, ਇਹ 16 ਰਾਜਾਂ ਦੇ ਭਾਈਚਾਰਕ ਸੰਗਠਨਾਂ ਦਾ ਫੈਡਰੇਸ਼ਨ ਹੈ ਅਤੇ ਇਹ ਦੇਸ਼ ਦੀਆਂ 4.5 ਲੱਖ ਸੈਕਸ ਵਰਕਰਾਂ ਦੀ ਨੁਮਾਇੰਦਗੀ ਕਰਦਾ ਹੈ।

ਦਿੱਲੀ ਦੇ ਉੱਤਰ ਪੱਛਮੀ ਇਲਾਕੇ ਰੋਹਿਨੀ ਵਿਖੇ ਪੈਂਦੀ ਇੱਕ ਸਮੁਦਾਇਕ ਬਸੇਰੇ ਵਿਖੇ ਪਾਰੀ ਇਨ੍ਹਾਂ ਸੈਕਸ ਵਰਕਰਾਂ ਦੇ ਇੱਕ ਸਮੂਹ ਨਾਲ਼ ਮੁਲਾਕਾਤ ਕਰਦੀ ਹੈ, ਮਹਾਂਮਾਰੀ ਕਾਰਨ ਉਨ੍ਹਾਂ ਵਿੱਚੋਂ ਜ਼ਿਆਦਾਤਰ ਔਰਤਾਂ ਕੋਲ਼ ਕੰਮ ਨਹੀਂ ਰਿਹਾ। ਸਿਆਲ ਦੀ ਇੱਕ ਦੁਪਹਿਰ ਨੂੰ ਧੁੱਪੇ ਬੈਠੀਆਂ ਇਹ ਔਰਤਾਂ ਆਪਸ ਵਿੱਚ ਘਰ ਦੀ ਬਣੀ ਰੋਟੀ, ਸਬਜ਼ੀ ਅਤੇ ਦਾਲ ਵਗੈਰਾ ਸਾਂਝੀ ਕਰ ਰਹੀਆਂ ਹਨ।

Sex workers sharing a meal at a community shelter in Delhi's North West district. Many have been out of work due to the pandemic
PHOTO • Shalini Singh

ਦਿੱਲੀ ਦੇ ਉੱਤਰ-ਪੱਛਮੀ ਇਲਾਕੇ ਦੇ ਸਮੁਦਾਇਕ ਬਸੇਰੇ ਵਿਖੇ ਸੈਕਸ ਵਰਕਰਾਂ ਆਪਸ ਵਿੱਚ ਰੋਟੀ ਸਾਂਝੀ ਕਰਦੀਆਂ ਹੋਈਆਂ। ਮਹਾਂਮਾਰੀ ਨੇ ਕਈਆਂ ਕੋਲ਼ੋਂ ਕੰਮ ਖੋਹ ਲਿਆ

ਸਿੰਗਲ ਸੈਕਸ ਵਰਕਰਾਂ ਲਈ ਸਿਹਤ ਸੇਵਾ ਤੱਕ ਪਹੁੰਚ ਬਣਾਉਣੀ ਬਹੁਤ ਹੀ ਮੁਸ਼ਕਲ ਹੈ, ਮੀਰਾ ਦੱਸਦੀ ਹਨ।

''ਇਨ੍ਹਾਂ ਬੰਦਿਆਂ ਨੇ ਮੈਨੂੰ ਦੁਪਹਿਰੇ 2 ਵਜੇ ਤੋਂ ਬਾਅਦ ਹਸਪਤਾਲ ਵਾਪਸ ਆਉਣ ਨੂੰ ਕਿਹਾ ਹੈ। 'ਮੈਂ ਤੇਰਾ ਕੰਮ ਕਰਾ ਦਿਆਂਗਾ,' ਉਹ ਕਹਿੰਦੇ ਹਨ। ਪਰ ਉਹ ਮੁਫ਼ਤ ਵਿੱਚ ਕੁਝ ਨਹੀਂ ਕਰਦਾ। ਵਾਰਡ ਸਹਾਇਕ ਜੋ ਹਮਨੇ ਸੋਚਾ ਡਾਕਟਰ ਥੇ, ਉਨਕੇ ਸਾਥ ਫਰੀ ਮੇਂ ਭੀ ਸੈਕਸ ਕਿਯਾ ਤਾਕਿ ਦਵਾਈ ਮਿਲ ਜਾਏ। ਕਈ ਵਾਰੀ ਸਾਡੇ ਕੋਲ਼ ਇਸ ਤੋਂ ਬਿਨਾ ਹੋਰ ਕੋਈ ਚਾਰਾ ਹੀ ਨਹੀਂ ਹੁੰਦਾ ਤੇ ਸਾਨੂੰ ਸਮਝੌਤਾ ਕਰਨਾ ਪੈਂਦਾ ਹੈ। ਅਸੀਂ ਹਮੇਸ਼ਾ ਲੰਬੀ ਕਤਾਰ ਵਿੱਚ ਨਹੀਂ ਲੱਗ ਸਕਦੀਆਂ। ਸਾਡੇ ਕੋਲ਼ ਸਮਾਂ ਵੀ ਖੁੱਲ੍ਹਾ ਨਹੀਂ ਹੁੰਦਾ, ਖ਼ਾਸ ਕਰਕੇ ਜਦੋਂ ਅਸੀਂ ਕਿਸੇ ਗਾਹਕ ਨੂੰ ਮਿਲ਼ਣਾ ਹੁੰਦਾ ਹੈ ਅਤੇ ਜਦੋਂ ਉਹਨੇ ਸਮਾਂ ਆਪਣੀ ਸੁਵਿਧਾ ਮੁਤਾਬਕ ਤੈਅ ਕੀਤਾ ਹੁੰਦਾ ਹੈ। ਸਾਡੇ ਕੋਲ਼ ਇੱਕੋ ਹੀ ਰਾਹ ਹੈ ਜਾਂ ਤਾਂ ਅਸੀਂ ਇਲਾਜ ਕਰਾ ਲਈਏ ਜਾਂ ਭੁੱਖੀਆਂ ਮਰ ਜਾਈਏ,'' ਮੀਰਾ ਗੱਲ ਜਾਰੀ ਰੱਖਦੀ ਹਨ, ਉਨ੍ਹਾਂ ਦੀਆਂ ਅੱਖਾਂ ਅੱਗ ਵਰ੍ਹਾਉਣ ਲੱਗਦੀਆਂ ਹਨ ਅਤੇ ਸੁਰ ਤਿੱਖੀ ਹੋ ਜਾਂਦੀ ਹੈ। ''ਜੇ ਮੈਂ ਕੁਝ ਵੀ ਕਿਹਾ ਜਾਂ ਵਿਰੋਧੀ ਸੁਰ ਕੱਢੀ ਤਾਂ ਸਾਨੂੰ ਸੈਕਸ ਵਰਕਰ ਕਹਿ ਕੇ ਕਲੰਕਿਤ ਕੀਤਾ ਜਾਂਦਾ ਹੈ। ਫਿਰ ਕੀ ਹੋਵੇਗਾ... ਬਾਕੀ ਦੇ ਬੂਹੇ ਵੀ ਬੰਦ ਹੋ ਜਾਣਗੇ।''

ਇਲਾਕੇ ਦੇ ਦੋ ਸਰਕਾਰੀ ਹਸਪਤਾਲਾਂ ਵਿਖੇ ਹਰ ਰੋਜ਼ ਨੇੜਲੀਆਂ ਸੈਕਸ ਵਰਕਰਾਂ ਵਾਸਤੇ ਵੱਖਰਾ ਇੱਕ ਘੰਟੇ ਦਾ ਸਮਾਂ (12:30 ਤੋਂ 1:30 ਵਜੇ) ਕੱਢਿਆ ਜਾਂਦਾ ਹੈ। ਇਹ ਇੱਕ ਘੰਟਾ ਸੈਕਸ ਵਰਕਰਾਂ ਲਈ ਐੱਚਆਈਵੀ ਜਾਂਚ ਜਾਂ ਕਿਸੇ ਵੀ ਤਰ੍ਹਾਂ ਦੇ ਯੌਨ ਸੰਕ੍ਰਮਣ ਲਾਗਾਂ (ਐੱਸਟੀਆਈ) ਦੀ ਜਾਂਚ ਲਈ ਰਾਖਵਾਂ ਰੱਖਿਆ ਗਿਆ ਹੈ, ਇਨ੍ਹਾਂ ਦੋ ਹਸਪਤਾਲਾਂ ਨੇ ਵੀ ਇਹ ਸੁਵਿਧਾ ਕਈ ਐੱਨਜੀਓ ਵਰਕਰਾਂ ਵੱਲੋਂ ਕੀਤੀਆਂ ਗਈਆਂ ਬੇਨਤੀਆਂ ਤੋਂ ਬਾਅਦ ਹੀ ਦਿੱਤੀ ਹੈ।

''ਸੈਕਸ ਵਰਕਰਾਂ ਆਮ ਜਨਤਾ ਦੇ ਨਾਲ਼ ਲੰਬੀ ਕਤਾਰ ਵਿੱਚ ਨਹੀਂ ਲੱਗ ਸਕਦੀਆਂ ਅਤੇ ਇੰਝ ਇਲਾਜ ਅਤੇ ਜਾਂਚ ਵਾਸਤੇ ਕਾਫ਼ੀ ਜ਼ਿਆਦਾ ਸਮਾਂ ਖੱਪਦਾ ਹੈ,'' ਰਜਨੀ ਤਿਵਾੜੀ ਕਹਿੰਦੀ ਹਨ, ਜੋ ਕਿ ਦਿੱਲੀ ਅਧਾਰਤ ਸੈਕਸ ਵਰਕਰਾਂ ਲਈ ਕੰਮ ਕਰਨ ਵਾਲ਼ੀ ਇੱਕ ਐੱਨਜੀਓ ਸਵੇਰਾ ਦੀ ਵਲੰਟੀਅਰ ਹਨ। ਜੇ ਕੋਈ ਗਾਹਕ ਉਨ੍ਹਾਂ ਨੂੰ ਉਸ ਵੇਲ਼ੇ ਫ਼ੋਨ ਕਰੇ ਜਦੋਂ ਉਹ ਲਾਈਨ ਵਿੱਚ ਲੱਗੀਆਂ ਹੋਣ ਤਾਂ ਉਨ੍ਹਾਂ ਨੂੰ ਲਾਈਨ ਛੱਡਣੀ ਪੈਂਦੀ ਹੈ।

ਉਸ ਤੈਅ ਇੱਕ ਘੰਟੇ ਦੌਰਾਨ ਵੀ ਡਾਕਟਰ ਕੋਲ਼ ਜਾਣਾ ਕਈ ਵਾਰੀਂ ਮੁਸ਼ਕਲ ਬਣਿਆ ਰਹਿੰਦਾ ਹੈ, ਤਿਵਾੜੀ ਕਹਿੰਦੀ ਹਨ। ਇਹ ਤਾਂਥ ਉਨ੍ਹਾਂ ਦੀ ਸਿਹਤ ਸੰਭਾਲ਼ ਦਰਪੇਸ਼ ਚੁਣੌਤੀ ਦੀ ਸ਼ੁਰੂਆਤ ਭਰ ਹੈ।

ਡਾਕਟਰ ਤਾਂ ਉਨ੍ਹਾਂ ਨੂੰ ਸਿਰਫ਼ ਐੱਸਟੀਆਈ ਕਿੱਟਾਂ ਹੀ ਦਿੰਦੇ ਹਨ ਜਿਨ੍ਹਾਂ ਅੰਦਰ ਸਰਕਾਰੀ ਹਸਪਤਾਲ ਦੇ ਡਾਕਟਰਾਂ ਵੱਲੋਂ ਸੁਝਾਈਆਂ ਦਵਾਈਆਂ ਵਗੈਰਾ ਸ਼ਾਮਲ ਹੁੰਦੀਆਂ ਹਨ। ਐੱਚਆਈਵੀ ਅਤੇ ਸਿਫ਼ਲਿਸ ਜਾਂਚ ਕਿੱਟਾਂ ਤਾਂ ਦਿੱਲੀ ਸਟੇਟ ਏਡਜ਼ ਕੰਟਰੋਲ ਸੋਸਾਇਟੀ ਵੱਲੋਂ ਵਿੱਤੀ ਸਹਾਇਤਾ ਪ੍ਰਾਪਤ ਸਵੇਰਾ ਵਰਗੀ ਐੱਨਜੀਓ ਵੱਲੋਂ ਇਨ੍ਹਾਂ ਸੈਕਸ ਵਰਕਰਾਂ ਨੂੰ ਵੰਡੀਆਂ ਜਾਂਦੀਆਂ ਹਨ।

A room at the office of an NGO, where a visiting doctor gives sex workers medical advice and information about safe sex practices
PHOTO • Shalini Singh
A room at the office of an NGO, where a visiting doctor gives sex workers medical advice and information about safe sex practices
PHOTO • Shalini Singh

ਇੱਕ ਐੱਨਜੀਓ ਦੇ ਦਫ਼ਤਰ ਦਾ ਇੱਕ ਕਮਰਾ, ਜਿੱਥੇ ਆਉਣ ਵਾਲ਼ਾ ਡਾਕਟਰ ਇਨ੍ਹਾਂ ਸੈਕਸ ਵਰਕਰਾਂ ਨੂੰ ਮੈਡੀਕਲ ਸਲਾਹ ਦੇ ਨਾਲ਼ ਨਾਲ਼ ਸੁਰੱਖਿਅਤ ਸੈਕਸ ਬਾਰੇ ਜਾਣਕਾਰੀ ਦਿੰਦਾ ਹੈ

''ਸੈਕਸ ਵਰਕਰਾਂ ਹੋਰ ਵੀ ਕਈ ਤਰ੍ਹਾਂ ਦੇ ਰੋਗ ਜਿਵੇਂ ਬੁਖ਼ਾਰ, ਛਾਤੀ ਵਿੱਚ ਦਰਦ ਅਤੇ ਸ਼ੂਗਰ ਆਦਿ ਲੱਗਣ ਦੇ ਖ਼ਤਰੇ ਮੰਡਰਾਉਂਦੇ ਰਹਿੰਦੇ ਹਨ। ਵਾਰਡ ਸਹਾਇਕਾਂ ਨੂੰ ਜਿਵੇਂ ਹੀ ਇਨ੍ਹਾਂ ਔਰਤਾਂ ਦੇ ਸੈਕਸ ਵਰਕਰ ਹੋਣ ਬਾਰੇ ਪਤਾ ਚੱਲਦਾ ਹੈ ਅਤੇ ਫਿਰ ਉਨ੍ਹਾਂ ਵੱਲੋਂ ਇਨ੍ਹਾਂ ਦਾ ਸ਼ੋਸ਼ਣ ਕਰਨਾ ਕੋਈ ਹੈਰਾਨੀ ਦੀ ਗੱਲ ਨਹੀਂ,'' ਉਹ ਬਾਕੀ ਸੈਕਸ ਵਰਕਰਾਂ ਵੱਲੋਂ ਦੱਸੀਆਂ ਗੱਲਾਂ ਦੀ ਪੁਸ਼ਟੀ ਕਰਦਿਆਂ ਕਹਿੰਦੀ ਹਨ।

ਪੁਰਸ਼ ਸਟਾਫ਼ ਕਰਮੀਆਂ ਵਾਸਤੇ ਔਰਤ ਰੋਗੀਆਂ ਵਿੱਚੋਂ ਸੈਕਸ ਵਰਕਰਾਂ ਦੀ ਪਛਾਣ ਕਰਨੀ ਸੌਖ਼ੀ ਹੋ ਸਕਦੀ ਹੈ।

ਸਮੁਦਾਇਕ ਬਸੇਰਾ ਜਿੱਥੇ ਇਹ ਔਰਤਾਂ ਆਪਸ ਵਿੱਚ ਮਿਲ਼ਦੀਆਂ ਹਨ, ਹਸਪਤਾਲ ਤੋਂ ਬਹੁਤੀ ਦੂਰ ਨਹੀਂ। ਮਹਾਂਮਾਰੀ ਤੋਂ ਪਹਿਲਾਂ, ਜਦੋਂ ਅਮਿਤਾ ਦੇ ਗਾਹਕ ਉਨ੍ਹਾਂ ਨੂੰ ਹਸਪਤਾਲ ਦੇ ਗੇਟ ਮੂੰਹਰਿਓਂ ਗੱਡੀ ਵਿੱਚ ਬਿਠਾ ਕੇ ਲੈ ਜਾਂਦੇ ਤਾਂ ਪੁਰਸ਼ ਸਟਾਫ਼ ਬਿਟਰ-ਬਿਟਰ ਦੇਖਦਾ ਰਹਿੰਦਾ ਸੀ।

''ਸੁਰੱਖਿਆ ਕਰਮੀਆਂ ਤੱਕ ਨੂੰ ਵੀ ਉਨ੍ਹਾਂ ਦੇ ਸੈਕਸ ਵਰਕਰ ਹੋਣ ਬਾਰੇ ਪਤਾ ਚੱਲ ਜਾਂਦਾ ਹੈ ਜਦੋਂ ਉਹ ਕੁਝ ਔਰਤਾਂ ਨੂੰ ਐੱਚਆਈਵੀ ਜਾਂਚ ਲਈ ਖ਼ਾਸ ਪਰਚੀ ਫੜ੍ਹੀ ਅੰਦਰ ਆਉਂਦਿਆਂ ਦੇਖਦੇ ਹਨ। ਫਿਰ ਜਦੋਂ ਅਸੀਂ ਜਾਂਚ ਲਈ ਜਾਂਦੀਆਂ ਹਾਂ ਤਾਂ ਉਹ ਸਾਨੂੰ ਪਛਾਣ ਕੇ ਇੱਕ ਦੂਸਰੇ ਨੂੰ ਦੱਸਦੇ ਹਨ। ਉਸ ਸਮੇਂ, ਸਾਨੂੰ ਕਿਸੇ ਅਜਿਹੇ ਗਾਹਕ ਦੀ ਲੋੜ ਹੁੰਦੀ ਹੈ ਜੋ ਸਾਨੂੰ ਬਗ਼ੈਰ ਲਾਈਨ ਵਿੱਚ ਲੱਗਿਆਂ ਡਾਕਟਰ ਨੂੰ ਦਿਖਾਉਣ ਲੈ ਜਾਵੇ,'' ਅਮਿਤਾ ਕਹਿੰਦੀ ਹਨ। ਦਰਅਸਲ, ਡਾਕਟਰੀ ਸਲਾਹ, ਇਲਾਜ ਅਤੇ ਦਵਾਈਆਂ ਵਾਸਤੇ ਕਤਾਰਾਂ ਅੱਡੋ-ਅੱਡ ਹੁੰਦੀਆਂ ਹਨ।

ਦੋ ਦਹਾਕੇ ਪਹਿਲਾਂ ਪਤੀ ਵੱਲੋਂ ਛੱਡੇ ਜਾਣ ਤੋਂ ਬਾਅਦ ਅਮਿਤਾ ਆਪਣੇ ਦੋ ਬੇਟਿਆਂ ਅਤੇ ਇੱਕ ਬੇਟੀ ਨਾਲ਼ ਪਟਨਾ ਤੋਂ ਦਿੱਲੀ ਆ ਗਈ। ਇਹ ਉਹ ਦੌਰ ਸੀ ਜਦੋਂ ਉਨ੍ਹਾਂ ਨੇ ਇੱਕ ਫ਼ੈਕਟਰੀ ਵਿੱਚ ਬਤੌਰ ਮਜ਼ਦੂਰ ਕੰਮ ਕੀਤਾ ਅਤੇ ਬਦਲੇ ਵਿੱਚ ਪੈਸਾ ਦੇਣ ਤੋਂ ਮਨ੍ਹਾ ਕਰ ਦਿੱਤਾ ਗਿਆ, ਫਿਰ ਇੱਕ ਸਹੇਲੀ ਨੇ ਉਨ੍ਹਾਂ ਨੂੰ ਸੈਕਸ ਧੰਦੇ ਬਾਰੇ ਦੱਸਿਆ। ''ਮੈਂ ਕਈ ਦਿਨ ਰੋਂਦੀ ਰਹੀ ਕਿ ਮੈਂ ਇਹ ਕੰਮ ਨਹੀਂ ਕਰਨਾ, ਪਰ 2007 ਦੇ ਸਮੇਂ ਵਿੱਚ 600 ਰੁਪਏ ਦਿਹਾੜੀ ਛੋਟੀ ਗੱਲ ਨਹੀਂ ਸੀ- ਇੰਨੇ ਪੈਸੇ ਨਾਲ਼ ਮੈਂ 10 ਦਿਨ ਖਾ-ਪੀ ਸਕਦੀ ਸਾਂ।''

ਅਮਿਤਾ, ਮੀਰਾ ਅਤੇ ਬਾਕੀ ਹੋਰਨਾਂ ਦੀ ਗੱਲਬਾਤ ਸੁਣ ਕੇ ਇਹ ਸਮਝਣਾ ਬੜਾ ਸੌਖ਼ਾ ਹੈ ਕਿ ਸੈਕਸ ਵਰਕਰਾਂ ਨੂੰ ਪੈਰ-ਪੈਰ ‘ਤੇ ਕਲੰਕ ਝੱਲਣੇ ਪੈਂਦੇ ਹਨ ਜੋ ਸਿਹਤ-ਸੰਭਾਲ਼ ਤੱਕ ਉਨ੍ਹਾਂ ਦੀ ਪਹੁੰਚ ਨੂੰ ਸੀਮਤ ਕਰਦੇ ਹਨ। ਨੈਸ਼ਨਲ ਨੈੱਟਵਰਕ ਆਫ਼ ਸੈਕਸ ਵਰਕਰ ਦੇ ਤਹਿਤ ਵਕਾਲਤ ਕਰਨ ਵਾਲ਼ੇ ਸਮੂਹਾਂ ਅਤੇ ਸੈਕਸ ਵਰਕਰਾਂ ਦੇ ਸਮੂਹਾਂ ਦੁਆਰਾ ਸੰਕਲਿਤ, 2 014 ਦੀ ਇੱਕ ਰਿਪੋਰਟ ਜਿਹਦਾ ਸਿਰਲੇਖ ਸਟੇਟਸ ਆਫ਼ ਵੂਮਨ ਇੰਨ ਸੈਕਸ ਵਰਕ ਇੰਨ ਇੰਡੀਆ ਦਰਸਾਉਂਦੀ ਹੈ ਕਿ ਇਹੀ ਕਾਰਨ ਹੈ ਕਿ ਉਹ ਹਸਪਤਾਲਾਂ ਵਿੱਚ ਆਪਣੇ ਪੇਸ਼ੇ ਦਾ ਖ਼ੁਲਾਸਾ ਕਰਨ ਤੋਂ ਬੱਚਦੀਆਂ ਹਨ। ''ਔਰਤ ਸੈਕਸ ਵਰਕਰਾਂ ਨੂੰ ਅਪਮਾਨਿਤ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਅਲੋਚਨਾ ਕੀਤੀ ਜਾਂਦੀ ਹੈ, ਇੰਨਾ ਹੀ ਨਹੀਂ ਉਨ੍ਹਾਂ ਨੂੰ ਲੋੜੋਂ ਵੱਧ ਸਮਾਂ ਉਡੀਕ ਕਰਵਾਈ ਜਾਂਦੀ ਹੈ ਅਤੇ ਚੰਗੀ ਤਰ੍ਹਾਂ ਜਾਂਚ-ਪੜਤਾਲ਼ ਵੀ ਨਹੀਂ ਕੀਤੀ ਜਾਂਦੀ ਅਤੇ ਜ਼ਬਰਨ ਐੱਚਆਈਵੀ ਜਾਂਚ ਕਰਾਈ ਜਾਂਦੀ ਹੈ, ਨਿੱਜੀ ਹਸਪਤਾਲਾਂ ਵਿਖੇ ਵਾਧੂ ਪੈਸੇ ਵਸੂਲੇ ਜਾਂਦੇ ਹਨ ਅਤੇ ਪ੍ਰਸਵ ਦੀ ਹਾਲਤ ਵਿੱਚ ਮੈਡੀਕਲ ਸੇਵਾਵਾਂ ਦੇਣ ਤੋਂ ਮਨ੍ਹਾ ਕੀਤਾ ਜਾਂਦਾ ਹੈ; ਅਤੇ ਉਨ੍ਹਾਂ ਦੀ ਨਿੱਜਤਾ ਦਾ ਉਲੰਘਣ ਕੀਤਾ ਜਾਂਦਾ ਹੈ,'' ਰਿਪੋਰਟ ਕਹਿੰਦੀ ਹੈ।

Left: An informative chart for sex workers. Right: At the community shelter, an illustrated handmade poster of their experiences
PHOTO • Shalini Singh
Right: At the community shelter, an illustrated handmade poster of their experiences
PHOTO • Shalini Singh

ਖੱਬੇ : ਸੈਕਸ ਵਰਕਰਾਂ ਲਈ ਜਾਣਕਾਰੀ ਦਿੰਦਾ ਇੱਕ ਚਾਰਟ। ਸੱਜੇ : ਸਮੁਦਾਇਕ ਬਸੇਰੇ ਵਿਖੇ, ਔਰਤਾਂ ਦੇ ਤਜ਼ਰਬਿਆਂ ਨੂੰ ਦਰਸਾਉਂਦਾ ਹੱਥੀਂ ਤਿਆਰ ਚਿੱਤਰ

ਅਮਿਤਾ ਦੇ ਤਜ਼ਰਬੇ ਰਿਪੋਰਟ ਦੇ ਨਤੀਜਿਆਂ ਨੂੰ ਦਰਸਾਉਂਦੇ ਹਨ। ''ਅਸੀਂ ਬਹੁਤ ਵੱਡੀ ਬੀਮਾਰੀ ਜਾਂ ਗਰਭਪਾਤ ਦੀ ਸੂਰਤ ਵਿੱਚ ਜਾਂ ਜਦੋਂ ਅਸੀਂ ਕਿਸੇ ਬੀਮਾਰੀ ਦਾ ਇਲਾਜ ਕਰਾ ਕਰਾ ਕੇ ਥੱਕ ਜਾਂਦੀਆਂ ਹੋਈਏ ਤਾਂ ਹੀ ਕਿਸੇ ਵੱਡੇ ਹਸਪਤਾਲ ਜਾਂਦੀਆਂ ਹਾਂ। ਬਾਕੀ ਛੋਟੀਆਂ ਮੋਟੀਆਂ ਦਿੱਕਤਾਂ ਵਾਸਤੇ ਅਸੀਂ ਝੋਲ਼ਾ ਛਾਪ ਡਾਕਟਰਾਂ ਕੋਲ਼ ਹੀ ਜਾਈਦਾ ਹੈ। ਜੇ ਉਨ੍ਹਾਂ ਨੂੰ ਪਤਾ ਚੱਲ ਜਾਵੇ ਕਿ ਅਸੀਂ ਧੰਦਾ ਕਰਨ ਵਾਲ਼ੀਆਂ ਹਾਂ ਤਾਂ ਉਹ ਵੀ ਕੋਈ ਨਾ ਕੋਈ ਫ਼ਾਇਦਾ ਚੁੱਕਣ ਦੀ ਕੋਸ਼ਿਸ਼ ਕਰਦਾ ਹੀ ਹੈ,'' ਉਹ ਕਹਿੰਦੀ ਹਨ।

ਕੁਸੁਮ ਇਹ ਵੀ ਕਹਿੰਦੀ ਹਨ ਕਿ ਮਿਲ਼ਣ ਵਾਲ਼ਾ ਕੋਈ ਵੀ ਵਿਅਕਤੀ ਉਨ੍ਹਾਂ ਨੂੰ ਮਾਣ-ਸਨਮਾਨ ਨਹੀਂ ਦਿੰਦਾ। ਜਿਓਂ ਹੀ ਉਨ੍ਹਾਂ ਦਾ ਪੇਸ਼ਾ ਨਸ਼ਰ ਹੁੰਦਾ ਹੈ, ਸ਼ੋਸ਼ਣ ਸ਼ੁਰੂ ਹੋਣ ਲੱਗਦਾ ਹੈ। ਫਿਰ ਭਾਵੇਂ ਸੈਕਸ ਨਹੀਂ ਤਾਂ ਇੱਕ ਪਲ ਦੀ ਹੀ ਸਹੀ ਸੰਤੁਸ਼ਟੀ ਲੈਣ ਦੀ ਗੱਲ ਹੋਵੇ ਜਾਂ ਫਿਰ ਸਾਡਾ ਅਪਮਾਨ ਕਰਕੇ ਸਕੂਨ ਹਾਸਲ ਕਰਨਾ ਹੋਵੇ। '' ਬੱਸ ਕਿਸੀ ਤਰ੍ਹਾਂ ਬਾਡੀ ਟਚ ਕਰਨਾ ਹੈ ਉਨਕੋ। ''

ਇਸ ਸਭ ਛੇੜਖਾਨੀ ਦਾ ਨਤੀਜਾ ਇਹ ਨਿਕਲ਼ਦਾ ਹੈ ਕਿ ਸੈਕਸ ਵਰਕਰ ਨੂੰ ਸਿਹਤ ਸਬੰਧੀ ਇਲਾਜ ਕਰਾਉਣ ਵਾਸਤੇ ਮਨਾਉਣਾ ਪੈਂਦਾ ਹੈ, ਸੁਮਨ ਕੁਮਾਰ ਬਿਸਵਾਸ ਕਹਿੰਦੇ ਹਨ ਜੋ ਰੋਹਿਨੀ-ਅਧਾਰਤ ਡਾਕਟਰ ਹਨ ਜੋ ਐੱਨਜੀਓ ਦੇ ਆਫ਼ਿਸ ਵਿੱਚ ਸੈਕਸ ਵਰਕਰਾਂ ਨੂੰ ਮਿਲ਼ਦੇ ਹਨ। ਉਹ ਕੰਡੋਮ ਵੰਡਦੇ ਹਨ ਅਤੇ ਔਰਤਾਂ ਨੂੰ ਮੈਡੀਕਲ ਸਲਾਹ ਦਿੰਦੇ ਹਨ।

ਕੋਵਿਡ-19 ਮਹਾਂਮਾਰੀ ਨੇ ਸੈਕਸ ਵਰਕਰਾਂ ਖ਼ਿਲਾਫ਼ ਤੁਅੱਸਬਾਂ ਨੂੰ ਹੋਰ ਤਿਖੇਰਾ ਕਰ ਦਿੱਤਾ ਹੈ ਜਿਸ ਕਾਰਨ ਉਨ੍ਹਾਂ ਦਾ ਵੱਧ ਸ਼ੋਸ਼ਣ ਹੋਣ ਲੱਗਿਆ ਹੈ।

''ਸੈਕਸ ਵਰਕਰਾਂ ਨਾਲ਼ ਵੀ ਅਛੂਤਾਂ ਵਾਂਗ ਵਰਤਾਓ ਕੀਤਾ ਜਾਂਦਾ ਹੈ,'' AINSW ਦੇ ਮੌਜੂਦਾ ਪ੍ਰਧਾਨ, ਪੁਤੁਲ ਸਿੰਘ ਕਹਿੰਦੇ ਹਨ। ''ਕਦੇ ਉਨ੍ਹਾਂ ਨੂੰ ਰਾਸ਼ਨ ਦੀ ਲਾਈਨ ਵਿੱਚੋਂ ਕੱਢ ਦਿੱਤਾ ਜਾਂਦਾ ਹੈ ਅਤੇ ਕਦੇ ਅਧਾਰ ਕਾਰਡ ਲਈ ਸਤਾਇਆ ਜਾਂਦਾ ਹੈ। ਸਾਡੀ ਇੱਕ ਭੈਣ ਦੀ ਗਰਭਅਵਸਥਾ ਕਾਫ਼ੀ ਗੁੰਝਲਦਾਰ ਹੋ ਗਈ ਸੀ ਪਰ ਐਂਬੂਲੈਂਸ ਨੇ ਆਉਣ ਤੋਂ ਮਨ੍ਹਾ ਕਰ ਦਿੱਤਾ ਕਿਉਂਕਿ ਉਹ ਕੁਝ ਕੁ ਕਿਲੋਮੀਟਰ ਜਾਣ ਲਈ 5,000 ਰੁਪਏ ਤੋਂ ਵੱਧ ਪੈਸੇ ਭਾਲ਼ਦੇ ਸਨ। ਅਸੀਂ ਜਿਵੇਂ ਕਿਵੇਂ ਕਰਕੇ ਉਨ੍ਹਾਂ ਨੂੰ ਹਸਪਤਾਲ ਲੈ ਕੇ ਗਏ, ਪਰ ਅੱਗੋਂ ਹਸਪਤਾਲ ਸਟਾਫ਼ ਨੇ ਉਨ੍ਹਾਂ ਦਾ ਇਲਾਜ ਕਰਨ ਤੋਂ ਮਨ੍ਹਾ ਕਰ ਦਿੱਤਾ ਅਤੇ ਵੰਨ-ਸੁਵੰਨੇ ਬਹਾਨੇ ਬਣਾਉਣ ਲੱਗੇ। ਜੇ ਇੱਕ ਡਾਕਟਰ ਉਹਨੂੰ ਦੇਖਣ ਲਈ ਰਾਜ਼ੀ ਹੋਇਆਂ ਹੀ ਤਾਂ ਮਰੀਜ਼ ਤੋਂ ਕੁਝ ਦੂਰੀ ਬਣਾ ਕੇ ਖੜ੍ਹਾ ਰਿਹਾ।'' ਸਿੰਘ ਕਹਿੰਦੇ ਹਨ ਭਾਵੇਂ ਕਿ ਫਿਰ ਅਸੀਂ ਮਰੀਜ਼ ਨੂੰ ਕਿਸੇ ਨਿੱਜੀ ਕਲੀਨਿਕ ਲੈ ਗਏ ਪਰ ਬੱਚਾ ਨਹੀਂ ਬਚਿਆ।

****

Pinki was left with a scar after a client-turned-lover tried to slit her throat. She didn't seek medical attention for fear of bringing on a police case.
PHOTO • Shalini Singh
A poster demanding social schemes and government identification documents for sex workers
PHOTO • Shalini Singh

ਖੱਬੇ : ਪਿੰਕੀ ਨੂੰ ਉਸ ਨਿਸ਼ਾਨ ਨਾਲ਼ ਜੀਣਾ ਪੈ ਰਿਹਾ ਹੈ ਜੋ ਗਾਹਕ ਬਣੇ ਪ੍ਰੇਮੀ ਨੇ ਈਰਖਾ ਵੱਸ ਪੈ ਕੇ ਉਨ੍ਹਾਂ ਦਾ ਗਲ਼ਾ ਵੱਢ ਕੇ ਦਿੱਤਾ ਸੀ। ਉਨ੍ਹਾਂ ਨੇ ਪੁਲਿਸ ਕੇਸ ਬਣਨ ਦੇ ਡਰੋਂ ਇਲਾਜ ਹੀ ਨਹੀਂ ਕਰਾਇਆ। ਸੱਜੇ : ਸੈਕਸ ਵਰਕਰਾਂ ਲਈ ਸਮਾਜਿਕ ਯੋਜਨਾਵਾਂ ਅਤੇ ਸਰਕਾਰੀ ਪਛਾਣ ਪੱਤਰਾਂ ਦੀ ਮੰਗ ਕਰਦਾ ਇੱਕ ਪੋਸਟਰ

ਸਿਹਤ ਸੰਭਾਲ਼ ਦੀ ਗੱਲ ਕਰੀਏ ਤਾਂ ਹਸਪਤਾਲ ਭਾਵੇਂ ਨਿੱਜੀ ਹੋਵੇ ਜਾਂ ਸਰਕਾਰੀ, ਸੱਚਿਓ ਗੁੰਲਝਦਾਰ ਚੋਣ ਹੈ। ''ਨਿੱਜੀ ਹਸਪਤਾਲ ਵਿਖੇ, ਅਸੀਂ ਡਾਕਟਰ ਨੂੰ ਆਪਣੀ ਇੱਜ਼ਤ ਦਿੱਤੇ  ਬਗ਼ੈਰ ਮਿਲ਼ ਸਕਦੇ ਹਾਂ,'' ਅਮਿਤਾ ਕਹਿੰਦੀ ਹਨ। ਪਰ ਇਨ੍ਹੀਂ ਥਾਵੀਂ ਇਲਾਜ ਹੀ ਬੜਾ ਮਹਿੰਗਾ ਹੈ। ਮਿਸਾਲ ਵਜੋਂ, ਨਿੱਜੀ ਹਸਪਤਾਲ ਵਿਖੇ ਗਰਭਪਾਤ ਕਰਾਉਣ ਲਈ ਤਿੰਨ ਗੁਣਾ ਜਾਂ ਘੱਟੋਘੱਟ 15,000 ਰੁਪਏ ਦਾ ਖ਼ਰਚਾ ਆਉਂਦਾ ਹੈ।

ਸਰਕਾਰੀ ਹਸਪਤਾਲਾਂ ਵਿੱਚ ਇੱਕ ਹੋਰ ਸਮੱਸਿਆ ਪੇਸ਼ ਆਉਂਦੀ ਹੈ ਉਹ ਹੈ ਕਾਗ਼ਜ਼ਾਤ ਪੂਰੇ ਨਾ ਹੋਣਾ।

28 ਸਾਲਾ ਪਿੰਕੀ, ਆਪਣੇ ਮੂੰਹ ਤੋਂ ਮਾਸਕ ਲਾਹੁੰਦੀ ਹਨ ਅਤੇ ਆਪਣੇ ਗਲ਼ੇ 'ਤੇ ਭੱਦਾ ਜਿਹਾ ਨਿਸ਼ਾਨ ਦਿਖਾਉਂਦੀ ਹੋਈ ਦੱਸਦੀ ਹਨ ਕਿ ਇੱਕ ਗਾਹਕ ਜੋ ਪ੍ਰੇਮੀ ਬਣ ਗਿਆ ਉਹਨੇ ਈਰਖਾ ਦੇ ਮਾਰੇ ਉਹਦਾ ਗਲ਼ਾ ਵੱਢਣ ਦੀ ਕੋਸ਼ਿਸ਼ ਕੀਤੀ।  ''ਲੱਖਾਂ ਹੀ ਸਵਾਲ ਪੁੱਛੇ ਜਾਣੇ ਸਨ, ਸਾਡੀ ਪਛਾਣ ਨਸ਼ਰ ਕੀਤੀ ਜਾਣੀ ਸੀ ਅਤੇ ਇੱਕ ਪੁਲਿਸ ਕੇਸ ਸਾਡੇ ਸਿਰ ਮੜ੍ਹ ਦਿੱਤਾ ਜਾਣਾ ਸੀ। ਬਾਕੀ ਰਹੀ ਗੱਲ ਕਾਗ਼ਜ਼ਾਤਾਂ ਦੀ ਤਾਂ ਜਦੋਂ ਵੀ ਅਸੀਂ ਪਿੰਡੋਂ ਸ਼ਹਿਰ ਆਉਂਦੇ ਹਾਂ ਤਾਂ ਇਹ ਜ਼ਰੂਰੀ ਨਹੀਂ ਕਿ ਆਪਣਾ ਰਾਸ਼ਨ ਕਾਰਡ ਜਾਂ ਹੋਰ ਦਸਤਾਵੇਜ ਨਾਲ਼ ਹੀ ਚੁੱਕੀ ਲਿਆਈਏ,'' ਉਹ ਆਪਣੀ ਗੱਲਬਾਤ ਰਾਹੀਂ ਸਪੱਸ਼ਟ ਕਰਨਾ ਚਾਹੁੰਦੀ ਹਨ ਕਿ ਆਖ਼ਰ ਉਹ ਸਰਕਾਰੀ ਹਸਪਤਾਲ ਕਿਉਂ ਨਹੀਂ ਜਾ ਪਾਉਂਦੀਆਂ।

ਭਾਰਤੀ ਔਰਤਾਂ ਦੀ ਸਿਹਤ ਸਬੰਧੀ ਮਾਰਚ 2007 ਦੇ ਚਾਰਟਰ ਵਿੱਚ ਕਿਹਾ ਗਿਆ ਕਿ ''ਸੈਕਸ ਵਰਕਰਾਂ ਨੂੰ ਜਨਤਾ ਦੀ ਸਿਹਤ ਲਈ ਖ਼ਤਰੇ'' ਵਜੋਂ ਦੇਖਿਆ ਜਾਂਦਾ ਹੈ। ਇੱਕ ਦਹਾਕੇ ਬਾਅਦ, ਰਾਜਧਾਨੀ ਸ਼ਹਿਰ ਵਿੱਚ ਥੋੜ੍ਹਾ-ਬਹੁਤ ਬਦਲਾਅ ਆਇਆ ਹੈ। ਪਰ ਮਹਾਂਮਾਰੀ ਦੀ ਮਾਰ ਨੇ ਇਨ੍ਹਾਂ ਸੈਕਸ ਵਰਕਰਾਂ ਦਾ ਜਿਊਣਾ ਮੁਹਾਲ ਕਰ ਛੱਡਿਆ ਹੈ।

ਅਕਤੂਬਰ 2020 ਵਿੱਚ, ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਕੋਵਿਡ-19 ਦੇ ਸੰਦਰਭ ਵਿੱਚ ਔਰਤਾਂ ਦੇ ਹੱਕਾਂ ਨੂੰ ਲੈ ਕੇ ਇੱਕ ਐਡਵਾਇਜ਼ਰੀ ਜਾਰੀ ਕੀਤੀ। ਇਸ ਵਿੱਚ ਦੱਸਿਆ ਗਿਆ ਹੈ ਕਿ ਸੈਕਸ ਵਰਕਰਾਂ ਨਾਲ਼ ਹੁੰਦਾ ਪੱਖਪਾਤ ਹੋਰ ਤਿੱਖਾ ਹੋ ਗਿਆ ਹੈ, ਉਨ੍ਹਾਂ ਦੀ ਰੋਜ਼ੀਰੋਟੀ ਨੂੰ ਲੱਤ ਵੱਜ ਗਈ, ਜੋ ਵੀ ਔਰਤਾਂ ਐੱਚਆਈਵੀ ਪੌਜ਼ੀਟਿਵ ਸਨ ਉਹ ਐਂਟੀ-ਰੇਟਰੋਵਾਇਰਲ ਥੈਰੇਪੀ ਤੱਕ ਪਹੁੰਚ ਬਣਾਉਣ ਵਿੱਚ ਅਸਮਰੱਥ ਰਹੀਆਂ ਅਤੇ ਜੋ ਕਿਸੇ ਨੇ ਵੀ ਸਰਕਾਰੀ ਭਲਾਈ ਸਕੀਮ ਹੇਠ ਇਲਾਜ ਕਰਾਉਣਾ ਵੀ ਚਾਹੁੰਦੀਆਂ ਸਨ ਉੱਥੇ ਕਾਗ਼ਜ਼ਾਤਾਂ ਦਾ ਮਸਲਾ ਖੜ੍ਹਾ ਰਹਿੰਦਾ। ਆਖ਼ਰਕਾਰ, ਐੱਨਐੱਚਆਰਸੀ ਨੇ ਸੈਕਸ ਵਰਕਰਾਂ ਬਾਬਤ ਆਪਣੇ ਬਿਆਨ ਨੂੰ ਥੋੜ੍ਹਾ ਸੋਧਿਆ ਹੈ ਅਤੇ ਉਨ੍ਹਾਂ ਨੂੰ ਗ਼ੈਰ-ਰਸਮੀ ਵਰਕਰਾਂ ਵਜੋਂ ਪਛਾਣ ਦਿੱਤੇ ਜਾਣ ਨੂੰ ਪ੍ਰਮੁਖ ਸਲਾਹ ਵਜੋਂ ਬਿਆਨਿਆ ਤਾਂਕਿ ਉਨ੍ਹਾਂ ਨੂੰ ਮਜ਼ਦੂਰਾਂ ਵਾਲ਼ੇ ਲਾਭ ਅਤੇ ਕਲਿਆਣਕਾਰੀ ਯੋਜਨਾਵਾਂ ਦਾ ਲਾਭ ਮਿਲ਼ ਸਕੇ। ਇਹਨੇ ਇਹ ਵੀ ਮੰਗ ਕੀਤੀ ਕਿ ਸੈਕਸ ਵਰਕਰਾਂ ਨੂੰ ਇਨਸਾਨ ਹੋਣ ਨਾਤੇ ਰਾਹਤ ਪ੍ਰਦਾਨ ਕੀਤੀ ਜਾਵੇ।

At the NGO office, posters and charts provide information to the women. Condoms are also distributed there
PHOTO • Shalini Singh
At the NGO office, posters and charts provide information to the women. Condoms are also distributed there
PHOTO • Shalini Singh

ਐੱਨਜੀਓ ਦੇ ਦਫ਼ਤਰ ਵਿਖੇ, ਔਰਤਾਂ ਨੂੰ ਜਾਣਕਾਰੀ ਪ੍ਰਦਾਨ ਕਰਦੇ ਪੋਸਟਰ ਅਤੇ ਚਾਰਟ। ਇੱਥੇ ਕੰਡੋਮ ਵੀ ਵੰਡੇ ਜਾਂਦੇ ਹਨ

''ਕੋਵਿਡ ਦੌਰਾਨ ਹਾਲਾਤ ਬਦ ਤੋਂ ਬਦਤਰ ਹੋ ਗਏ, ਜਦੋਂ ਸਰਕਾਰੀ ਹਸਪਤਾਲ ਵਾਲ਼ਿਆਂ ਨੇ ਸੈਕਸ ਵਰਕਰਾਂ ਨੂੰ ਕਿਹਾ 'ਅਸੀਂ ਤੁਹਾਨੂੰ ਨਹੀਂ ਛੂਹਾਂਗੇ ਕਿਉਂਕਿ ਤੁਹਾਡੇ ਤੋਂ ਵਾਇਰਸ ਫ਼ੈਲ ਸਕਦਾ ਹੈ।' ਇਸਲਈ ਉਨ੍ਹਾਂ ਨੂੰ ਦਵਾਈ ਦੇਣ ਤੋਂ ਅਤੇ ਜਾਂਚ ਕੀਤੇ ਜਾਣ ਤੋਂ ਮਨ੍ਹਾ ਕਰ ਦਿੱਤਾ ਜਾਂਦਾ,'' ਸਨੇਹਾ ਮੁਖਰਜੀ ਕਹਿੰਦੀ ਹਨ, ਜੋ ਦਿੱਲੀ ਅਧਾਰਤ ਹਿਊਮਨ ਰਾਈਟਸ ਲਾਅ ਨੈੱਟਵਰਕ (ਮਨੁੱਖੀ ਅਧਿਕਾਰ ਕਨੂੰਨ ਨੈੱਟਵਰਕ) ਦੀ ਵਕੀਲ ਹਨ। ਟਰੈਫਿਕਿੰਗ ਇਨ ਪਰਸਨਜ਼ ਬਿੱਲ, 2021 ਦਾ ਮਸੌਦਾ ਸਾਰੀਆਂ ਸੈਕਸ ਵਰਕਰਾਂ ਨੂੰ ਤਸਕਰੀ ਦਾ ਸ਼ਿਕਾਰ ਮੰਨਦਾ ਹੈ, ਮੁਖ਼ਰਜੀ ਦਾ ਇਹ ਵੀ ਮੰਨਣਾ ਹੈ ਕਿ ਇੱਕ ਵਾਰ ਕਨੂੰਨ ਲਾਗੂ ਹੋਣ ਤੋਂ ਬਾਅਦ ਇਨ੍ਹਾਂ ਔਰਤਾਂ ਲਈ ਸੈਕਸ ਵਰਕਰਾਂ ਵਜੋਂ ਕੰਮ ਕਰਨ ਦੀਆਂ ਸ਼ਰਤਾਂ ਹੋਰ ਮੁਸ਼ਕਲ ਹੋ ਜਾਣਗੀਆਂ। ਉਹ ਸਾਵਧਾਨ ਕਰਦਿਆਂ ਕਹਿੰਦੀ ਹਨ ਕਿ ਹੋ ਸਕਦਾ ਹੈ ਕਿ ਇਹ ਸੈਕਸ ਵਰਕਰਾਂ ਨੂੰ ਸਿਹਤ-ਸੰਭਾਲ਼ ਤੋਂ ਹੋਰ ਦੂਰ ਕਰ ਦੇਵੇ।

2020 ਤੋਂ ਪਹਿਲਾਂ, ਇੱਕ ਜਾਂ ਦੋ ਗਾਹਕ ਆਉਣ ਨਾਲ਼ ਇੱਕ ਸੈਕਸ ਵਰਕਰ ਦੀ 200-400 ਰੁਪਏ ਦਿਹਾੜੀ ਬਣ ਜਾਂਦੀ ਸੀ ਅਤੇ ਮਹੀਨੇ ਦੇ 6,000-8,000 ਰੁਪਏ ਬਣ ਸਕਦੇ ਹੁੰਦੇ ਸਨ। ਪਰ ਜਿਓਂ ਹੀ ਦੇਸ਼ ਵਿੱਚ ਪਹਿਲੀ ਕੋਵਿਡ-19 ਤਾਲਾਬੰਦੀ ਲੱਗੀ, ਮਹੀਨਿਆਂ ਬੱਧੀ ਕੋਈ ਗਾਹਕ ਨਾ ਆਇਆ, ਗ਼ੈਰ-ਰਸਮੀ ਮਜ਼ਦੂਰ ਵਾਂਗ ਇਨ੍ਹਾਂ ਸੈਕਸ ਵਰਕਰਾਂ ਨੂੰ ਵੀ ਦਾਨ 'ਤੇ ਟੇਕ ਰੱਖਣੀ ਪਈ। ਖਾਣਾ ਤਾਂ ਫਿਰ ਵੀ ਭਾਵੇਂ ਮਿਲ਼ਦਾ ਰਿਹਾ ਸੀ, ਪਰ ਦਵਾਈਆਂ ਮਿਲ਼ਣਾ ਤਾਂ ਆਪਣੇ ਆਪ ਵਿੱਚ ਸਵਾਲ ਬਣ ਕੇ ਰਹਿ ਗਿਆ।

''ਮਾਰਚ 2021 ਵਿੱਚ ਰਾਸ਼ਨ ਮਿਲ਼ਣਾ ਵੀ ਬੰਦ ਹੋ ਗਿਆ। ਸਰਕਾਰ ਨੇ ਸੈਕਸ ਵਰਕਰਾਂ ਦੀ ਮਦਦ ਵਾਸਤੇ ਕੋਈ ਯੋਜਨਾ ਨਹੀਂ ਲਿਆਂਦੀ,'' AINSW ਦੇ ਕੋਆਰਡੀਨੇਟਰ, ਅਮਿਤ ਕੁਮਾਰ ਕਹਿੰਦੇ ਹਨ। ''ਮਹਾਂਮਾਰੀ ਦੇ ਇਨ੍ਹਾਂ ਦੋ ਸਾਲਾਂ ਵਿੱਚ ਉਹ ਗਾਹਕ ਲੱਭਣ ਲਈ ਸੰਘਰਸ਼ ਕਰਦੀਆਂ ਰਹੀਆਂ ਹਨ। ਭੋਜਨ ਦੀ ਕਿੱਲਤ ਦੇ ਨਾਲ਼ ਨਾਲ਼ ਉਹ ਦਿਮਾਗ਼ੀ ਪਰੇਸ਼ਾਨੀਆਂ ਨਾਲ਼ ਵੀ ਜੂਝਦੀਆਂ ਰਹੀਆਂ ਹਨ। ਕਿਉਂਕਿ ਰੋਜ਼ੀਰੋਟੀ ਦੇ ਲਾਲੇ ਤਾਂ ਪਏ ਰਹਿੰਦੇ, ਸਮੇਂ ਦੇ ਨਾਲ਼ ਨਾਲ਼ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਉਨ੍ਹਾਂ ਦੇ ਕੰਮਾਂ ਬਾਰੇ ਪਤਾ ਚੱਲਦਾ ਰਿਹਾ।

ਸੈਕਸ ਵਰਕਰਾਂ ਦੇ ਨੈੱਟਵਰਕ ਨੂੰ ਦਰਸਾਉਂਦੀ 2014 ਦੀ ਇੱਕ ਰਿਪੋਰਟ ਮੁਤਾਬਕ ਭਾਰਤ ਅੰਦਰ 800,000 ਤੋਂ ਵੱਧ ਸੈਕਸ ਵਰਕਰਾਂ ਸਨ। ਤਿਵਾੜੀ ਦੱਸਦੇ ਹਨ ਇਸ ਕੁੱਲ ਗਿਣਤੀ ਵਿੱਚੋਂ ਮੋਟਾ-ਮੋਟੀ 30,000 ਸਿਰਫ਼ ਦਿੱਲੀ ਵਿਖੇ ਰਹਿੰਦੀਆਂ ਹਨ। ਰਾਜਧਾਨੀ ਵਿੱਚ ਕਰੀਬ 30 ਐੱਨਜੀਓ ਹਨ ਜੋ ਇਨ੍ਹਾਂ ਦੀ ਨਿਰੰਤਰ ਜਾਂਚ ਕਰਾਉਂਦੀਆਂ ਹਨ ਅਤੇ ਹਰੇਕ (ਐੱਨਜੀਓ) 1000 ਸੈਕਸ ਵਰਕਰਾਂ ਲਈ ਜਾਂਚ ਦਾ ਕੰਮ ਕਰਦੀ ਹੈ। ਇਹ ਔਰਤਾਂ ਖ਼ੁਦ ਨੂੰ ਦਿਹਾੜੀ ਮਜ਼ਦੂਰ ਵਜੋਂ ਦੇਖਦੀਆਂ ਹਨ। ''ਅਸੀਂ ਇਸ ਕੰਮ ਨੂੰ ਸੈਕਸ ਵਰਕ ਕਹਿੰਦੇ ਹਾਂ ਨਾ ਕਿ ਵੇਸ਼ਵਾਗਮਨੀ। ਮੈਂ ਰੋਜ਼ ਕਮਾਉਂਦੀ ਹਾਂ ਅਤੇ ਰੋਜ਼ ਖਾਂਦੀ ਹਾਂ। ਮੇਰਾ ਕੰਮ ਤੈਅ ਹੈ। ਮੈਂ ਰੋਜ਼ ਦੇ ਇੱਕ ਜਾਂ ਦੋ ਗਾਹਕ ਲੈਂਦੀ ਹਾਂ ਅਤੇ ਹਰੇਕ ਮੈਨੂੰ 200-300 ਰੁਪਏ ਦਿੰਦਾ ਹੈ,'' 34 ਸਾਲਾ ਰਾਣੀ ਕਹਿੰਦੀ ਹਨ ਜੋ ਯੂਪੀ ਦੇ ਬੁਦਾਯੂੰ ਜ਼ਿਲ੍ਹੇ ਦੀ ਇੱਕ ਵਿਧਵਾ ਹਨ।

There are nearly 30,000 sex workers in Delhi, and about 30 not-for-profit organisations provide them with information and support
PHOTO • Shalini Singh
PHOTO • Shalini Singh

ਦਿੱਲੀ ਵਿੱਚ ਕਰੀਬ 30,000 ਸੈਕਸ ਵਰਕਰਾਂ ਹਨ ਅਤੇ 30 ਦੇ ਕਰੀਬ ਐੱਨਜੀਓ ਉਨ੍ਹਾਂ ਨੂੰ  ਸਿਹਤ ਸਬੰਧੀ ਸੂਚਨਾ ਦੇਣ ਦੇ ਨਾਲ਼ ਨਾਲ਼ ਹਮਾਇਤ ਵੀ ਕਰਦੀਆਂ ਹਨ

ਆਮਦਨੀ ਦਾ ਇਹ ਵਸੀਲਾ ਉਨ੍ਹਾਂ ਦੀ ਪਛਾਣ ਦਾ ਸਿਰਫ਼ ਛੋਟਾ ਜਿਹਾ ਹਿੱਸਾ ਹੈ। ''ਇਹ ਚੇਤੇ ਰੱਖਣਾ ਵੱਧ ਅਹਿਮ ਹੈ ਕਿ ਇਹ ਸੈਕਸ ਵਰਕਰਾਂ ਇਕੱਲੀਆਂ ਔਰਤਾਂ ਹਨ, ਇਕੱਲੀਆਂ ਮਾਵਾਂ ਹਨ, ਦਲਿਤ ਹਨ, ਅਨਪੜ੍ਹ ਹਨ, ਪ੍ਰਵਾਸੀ ਔਰਤਾਂ ਆਦਿ ਕੁਝ ਵੀ ਹੋ ਸਕਦੀਆਂ ਹਨ, ਇਸਲਈ ਸੈਕਸ ਵਰਕਰ ਵਜੋਂ ਉਨ੍ਹਾਂ ਦੀ ਪਛਾਣ ਤੋਂ ਛੁੱਟ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਆਖ਼ਰ ਉਨ੍ਹਾਂ ਨੇ ਇਹ ਪੇਸ਼ਾ ਕਿਉਂ ਚੁਣਿਆ,'' ਮਨਜੀਮਾ ਭੱਟਾਚਾਰਿਆ ਕਹਿੰਦੀ ਹਨ ਜੋ ਮੁੰਬਈ ਅਧਾਰਤ ਕਾਰਕੁੰਨ ਅਤੇ ਨਾਰੀਵਾਦੀ ਵਿਚਾਰਕ ਹਨ। ਉਨ੍ਹਾਂ ਨੇ ਇੰਟੀਮੇਟ ਸਿਟੀ ਨਾਮਕ ਕਿਤਾਬ ਵੀ ਲਿਖੀ ਹੈ, ਇਹ ਕਿਤਾਬ ਸੰਸਾਰੀਕਰਨ ਅਤੇ ਤਕਨੀਕਾਂ ਦੇ ਆਉਣ ਨਾਲ਼ ਸੈਕਸ ਦੇ ਇਸ ਕਾਰੋਬਾਰ 'ਤੇ ਪਏ ਪ੍ਰਭਾਵਾਂ ਨੂੰ ਉਜਾਗਰ ਕਰਦੀ ਹੈ। ''ਕਈ ਮਾਮਲਿਆਂ ਵਿੱਚ ਔਰਤਾਂ ਆਪਣਾ ਗੁਜ਼ਾਰਾ ਚਲਾਉਣ ਲਈ ਕਈ ਤਰੀਕੇ ਦੇ ਗ਼ੈਰ-ਰਸਮੀ ਕੰਮ ਕਰਦੀਆਂ ਹਨ:  ਇੱਕ ਸਮੇਂ ਘਰਾਂ ਦੇ ਕੰਮ, ਦੂਸਰੇ ਸਮੇਂ ਸੈਕਸ ਦਾ ਕੰਮ ਅਤੇ ਤੀਸਰੇ ਸਮੇਂ ਨਿਰਮਾਣ ਥਾਵਾਂ ਜਾਂ ਕਾਰਖ਼ਾਨਿਆਂ ਦਾ ਕੰਮ,'' ਕਿਤਾਬ ਵਿੱਚ ਉਹ ਲਿਖਦੀ ਹਨ।

ਸੈਕਸ ਦਾ ਇਹ ਧੰਦਾ ਆਪਣੇ ਨਾਲ਼ ਕਈ ਅਨਿਸ਼ਚਤਾਵਾਂ ਨੂੰ ਲਿਆਉਂਦਾ ਹੈ। ''ਜੇ ਅਸੀਂ ਇਸ ਕੰਮ ਲਈ ਕਿਸੇ ਹੋਰ ਦਾ ਘਰ ਵਰਤੀਏ ਤਾਂ ਉਹ ਬੰਦਾ ਵੀ ਕੁਝ ਕਮਿਸ਼ਨ ਭਾਲ਼ਦਾ ਹੈ। ਜੇ ਗਾਹਕ ਮੇਰਾ ਹੋਵੇ ਤਾਂ ਮੈਂ ਮਹੀਨੇ ਦਾ 200-300 ਰੁਪਿਆ ਕਿਰਾਏ ਵਜੋਂ ਦੇ ਦਿੰਦੀ ਹਾਂ। ਪਰ ਜੇ ਗਾਹਕ ਦੀਦੀ (ਘਰ ਦੀ ਮਾਲਕਣ) ਦਾ ਹੋਵੇ ਤਾਂ ਮੈਨੂੰ ਉਹਨੂੰ ਇੱਕ ਨਿਰਧਾਰਤ ਰਾਸ਼ੀ ਦੇਣੀ ਪੈਂਦੀ ਹੈ,'' ਰਾਣੀ ਕਹਿੰਦੀ ਹਨ।

ਉਹ ਮੈਨੂੰ ਇੱਕ ਅਜਿਹੇ ਅਪਾਰਟਮੈਂਟ ਲੈ ਜਾਂਦੀ ਹੈ ਜਿੱਥੇ ਮਾਲਕ, ਇਹ ਗੱਲ ਤਸਦੀਕ ਕਰਨ ਤੋਂ ਬਾਅਦ ਕਿ ਅਸੀਂ ਉਹਦੀ ਪਛਾਣ ਦਾ ਖ਼ੁਲਾਸਾ ਕਰਕੇ ਉਨ੍ਹਾਂ ਦੇ ਇਸ ਬੰਦੋਬਸਤ (ਵਿਵਸਥਾ) ਨੂੰ ਖ਼ਤਰੇ ਵਿੱਚ ਨਹੀਂ ਪਾਵਾਂਗੇ, ਸਾਨੂੰ ਅਲਾਟ ਕੀਤਾ ਕਮਰਾ ਦਿਖਾਉਂਦੀ ਹੈ। ਇੱਥੇ ਇੱਕ ਬੈੱਡ, ਇੱਕ ਸ਼ੀਸ਼ਾ, ਭਾਰਤੀ ਦੇਵਤਿਆਂ ਦੀਆਂ ਤਸਵੀਰਾਂ ਅਤੇ ਗਰਮੀਆਂ ਵਾਸਤੇ ਪੁਰਾਣਾ ਕੂਲਰ ਪਿਆ ਹੋਇਆ ਹੈ। ਦੋ ਜੁਆਨ ਔਰਤਾਂ ਬੈੱਡ 'ਤੇ ਬੈਠੀਆਂ ਹਨ ਅਤੇ ਆਪੋ-ਆਪਣੇ ਮੋਬਾਇਲ ਫ਼ੋਨ ਵਿੱਚ ਰੁਝੀਆਂ ਹਨ। ਬਾਲਕਾਨੀ ਵਿੱਚ ਸਿਗਰੇਟ ਪੀ ਰਹੇ ਦੋਵੇਂ ਆਦਮੀ ਸਾਨੂੰ ਦੇਖ ਅੱਖਾਂ ਫੇਰ ਲੈਂਦੇ ਹਨ।

'ਦੁਨੀਆ ਦੇ ਸਭ ਤੋਂ ਪੁਰਾਣੇ ਇਸ ਪੇਸ਼ੇ' ਅੰਦਰ ਚੋਣ (ਚੁਆਇਸ) ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਖ਼ਾਸ ਕਰਕੇ ਜਿੱਥੇ ਦੇਹ ਇੱਕ ਆਰਥਿਕ ਵਸੀਲਾ ਰਹੀ ਹੋਵੇ ਅਤੇ ਇਤਿਹਾਸ ਦੇ ਪੰਨੇ 'ਤੇ ਵੀ ਜਿਹਦਾ ਜਵਾਬ ਮਿਲ਼ਣਾ ਕਿਸੇ ਗੁੰਝਲ ਤੋਂ ਘੱਟ ਨਾ ਰਿਹਾ ਹੋਵੇ। ਜਦੋਂ ਚੋਣ ਨੂੰ ਚੰਗਾ ਜਾਂ ਨੈਤਿਕ ਨਾ ਸਮਝਿਆ ਜਾਂਦਾ ਹੋਵੇ ਤਾਂ ਇਸ ਪੇਸ਼ੇ ਦੀ ਚੋਣ ਦਾ ਦਾਅਵਾ ਕਰਨਾ ਵੀ ਔਖ਼ਾ ਹੁੰਦਾ ਹੈ, ਭੱਟਾਚਾਰਿਆ ਧਿਆਨ ਦਵਾਉਂਦੀ ਹਨ। ''ਕਿਹੜੀ ਔਰਤ ਹੈ ਜੋ ਖ਼ੁਦ ਨੂੰ ਇੱਕ ਅਜਿਹੀ ਔਰਤ ਵਜੋਂ ਜਾਣੀ ਜਾਣਾ ਪਸੰਦ ਕਰੇਗੀ ਜੋ ਸੈਕਸ ਦਾ ਕੰਮ ਕਰਦੀ ਹੋਵੇ? ਇਹਦੇ ਨਾਲ਼ ਮੇਲ਼ ਖਾਂਦੀ ਗੱਲ ਇਹ ਹੋ ਸਕਦੀ ਹੈ ਜਿਵੇਂ ਕੁੜੀਆਂ ਕਦੇ ਵੀ ਸਿੱਧਾ ਤੇ ਸਪੱਸ਼ਟ ਨਹੀਂ ਦੱਸਦੀਆਂ ਕਿ ਉਨ੍ਹਾਂ ਨੇ ਆਪਣੇ ਪ੍ਰੇਮੀ ਜਾਂ ਸਾਥੀ ਨਾਲ਼ ਸੈਕਸ ਕਰਨ ਲਈ ਸਹਿਮਤੀ ਦਿੱਤੀ ਹੈ ਕਿਉਂਕਿ ਇਹ ਗੱਲ ਉਨ੍ਹਾਂ ਨੂੰ 'ਬੁਰੀਆਂ' ਕੁੜੀਆਂ ਦੇ ਰੂਪ ਪੇਸ਼ ਕਰਦੀ ਹੈ।

ਇੱਧਰ, ਰਾਣੀ ਇਸ ਗੱਲੋਂ ਹੈਰਾਨ ਹਨ ਕਿ ਉਹ ਆਪਣੇ ਵੱਡੇ ਹੋ ਰਹੇ ਬੱਚਿਆਂ ਨੂੰ ਕੀ ਦੱਸੇਗੀ ਕਿ ਉਨ੍ਹਾਂ ਦੀ ਮਾਂ ਉਨ੍ਹਾਂ ਦੇ ਖਾਣੇ, ਘਰ, ਸਕੂਲ ਦੀ ਫ਼ੀਸ ਅਤੇ ਦਵਾ-ਦਾਰੂ ਦੀਆਂ ਜ਼ਰੂਰਤਾਂ ਕਿਵੇਂ ਪੂਰੀਆਂ ਕਰਦੀ ਹੈ।

ਕਹਾਣੀ ਵਿਚਲੀਆਂ ਸੈਕਸ ਵਰਕਰਾਂ ਦੇ ਨਾਮ ਬਦਲ ਦਿੱਤੇ ਗਏ ਹਨ ਤਾਂਕਿ ਉਨ੍ਹਾਂ ਦੀ ਨਿੱਜਤਾ ਬਰਕਰਾਰ ਰਹੇ।

ਪਾਰੀ ( PARI ) ਅਤੇ ਕਾਊਂਟਰਮੀਡੀਆ ਟ੍ਰਸਟ ਵੱਲੋਂ ਗ੍ਰਾਮੀਣ ਭਾਰਤ ਦੀਆਂ ਕਿਸ਼ੋਰੀਆਂ ਅਤੇ ਨੌਜਵਾਨ ਔਰਤਾਂ ' ਤੇ ਰਿਪੋਰਟਿੰਗ ਦੀ ਯੋਜਨਾ ਪਾਪੁਲੇਸ਼ਨ ਫਾਊਂਡੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ਼ ਇੱਕ ਪਹਿਲ ਦਾ ਹਿੱਸਾ ਹੈ , ਤਾਂਕਿ ਆਮ ਲੌਕਾਂ ਦੀਆਂ ਅਵਾਜਾਂ ਅਤੇ ਉਨ੍ਹਾਂ ਦੇ ਜਿਊਂਦੇ ਤਜ਼ਰਬਿਆਂ ਦੇ ਜ਼ਰੀਏ ਇਨ੍ਹਾਂ ਮਹੱਤਵਪੂਰਨ ਪਰ ਹਾਸ਼ੀਏ ' ਤੇ ਧੱਕੇ ਸਮੂਹਾਂ ਦੀ ਹਾਲਤ ਦਾ ਪਤਾ ਲਾਇਆ ਜਾ ਸਕੇ।

ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ? ਕ੍ਰਿਪਾ ਕਰਕੇ [email protected] ਲਿਖੋ ਅਤੇ ਉਹਦੀ ਇੱਕ ਪ੍ਰਤੀ [email protected] ਨੂੰ ਭੇਜ ਦਿਓ।

ਤਰਜਮਾ: ਕਮਲਜੀਤ ਕੌਰ

Shalini Singh

Shalini Singh is a founding trustee of the CounterMedia Trust that publishes PARI. A journalist based in Delhi, she writes on environment, gender and culture, and was a Nieman fellow for journalism at Harvard University, 2017-2018.

Other stories by Shalini Singh
Illustration : Priyanka Borar

Priyanka Borar is a new media artist experimenting with technology to discover new forms of meaning and expression. She likes to design experiences for learning and play. As much as she enjoys juggling with interactive media she feels at home with the traditional pen and paper.

Other stories by Priyanka Borar
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur