ਦਿੱਲੀ ਦੇ ਕਿਸੇ ਬਾਰੇ ਵਿੱਚ ਵਰਲਡ ਕੱਪ ਮੈਚ ਦੇਖਣ ਲਈ ਬੈਠੇ ਤਿੰਨ ਦੋਸਤ ਜਿੰਨੇ ਪੈਸਿਆਂ ਦੀ ਬੀਅਰ ਡਕਾਰ ਜਾਂਦੇ ਹਨ ਓਨੇ ਪੈਸੇ ਈਸ਼ਵਰੀ ਦਾ 17 ਮੈਂਬਰੀ ਟੱਬਰ ਪੂਰੇ ਮਹੀਨੇ ਵਿੱਚ ਕਮਾਉਂਦਾ ਹੈ। ਮੇਰਠ ਦੇ ਨੇੜੇ ਖੇਡਕੀ ਪਿੰਡ ਵਿੱਚ ਫੁੱਟਬਾਲ ਦੀ ਸਿਲਾਈ ਕਰਕੇ ਉਹ ਬਾਮੁਸ਼ਕਲ 1000 ਰੁਪਏ ਹੀ ਕਮਾ ਪਾਉਂਦੇ ਹਨ। ਹਰ ਰੋਜ਼ ਸਵੇਰੇ ਸਾਜਰੇ ਉੱਠ ਕੇ ਘਰ ਦੇ ਸਾਰੇ ਕੰਮ ਨਿਬੜੇਨ ਤੇ ਪੁਰਸ਼ਾਂ ਨੂੰ ਕੰਮੋ-ਕੰਮੀਂ ਭੇਜ ਕੇ ਘਰ ਦੀਆਂ ਔਰਤਾਂ ਅਤੇ ਵੱਡੇ ਬੱਚਿਆਂ ਦੀ 7 ਘੰਟਿਆਂ ਦੇ ਮਿਹਨਤ ਭਰੇ ਦਿਨ ਦੀ ਸ਼ੁਰੂਆਤ ਹੁੰਦੀ ਹੈ। ਉਮਰ ਦੇ 60 ਤੋਂ ਵੱਧ ਸਾਲ ਪਾਰ ਕਰਨ ਵਾਲ਼ੀ ਈਸ਼ਵਰੀ ਕਹਿੰਦੀ ਹਨ ਕਿ ਘਰ ਦੇ ਮਰਦਾਂ ਨੂੰ ਔਰਤਾਂ ਦੇ ਇਸ ਕੰਮ ਤੋਂ ਕੋਈ ਇਤਰਾਜ਼ ਨਹੀਂ ਹੈ, ਕਿਉਂਕਿ ਇਸ ਕੰਮ ਵਿੱਚ ਉਨ੍ਹਾਂ ਨੂੰ ਕੱਚਾ ਮਾਲ਼ ਲਿਆਉਣ ਤੇ ਬਣਿਆਂ ਮਾਲ਼ ਪਹੁੰਚਾਉਣ ਤੋਂ ਇਲਾਵਾ ਘਰੋਂ ਬਾਹਰ ਜਾਣ ਦੀ ਲੋੜ ਨਹੀਂ ਪੈਂਦੀ। ਸੰਪੱਤੀ ਦੇ ਨਾਮ 'ਤੇ ਪਰਿਵਾਰ ਕੋਲ਼ ਇੱਕ ਜੋਤ (ਜ਼ਮੀਨ ਦਾ ਟੁਕੜਾ) ਹੈ। ਫੁੱਟਬਾਲ ਸਿਊਣ ਦੇ ਕੰਮੀਂ ਲੱਗੇ ਮੇਰਠ ਦੇ ਆਸਪਾਸ ਦੇ 50 ਪਿੰਡਾਂ ਦੇ ਪਰਿਵਾਰਾਂ ਕੋਲ਼ ਇਸ ਕੰਮ ਤੋਂ ਇਲਾਵਾ ਵਾਧੂ ਆਮਦਨੀ ਦਾ ਹੋਰ ਕੋਈ ਵਸੀਲਾ ਨਹੀਂ ਹੈ।

ਈਸ਼ਵਰੀ ਦਾ ਪਰਿਵਾਰ ਦਲਿਤ ਭਾਈਚਾਰੇ ਨਾਲ਼ ਤਾਅਲੁੱਕ ਰੱਖਦਾ ਹੈ। ਮੇਰਠ ਦੇ ਨੇੜਲੇ ਪਿੰਡਾਂ ਦੇ ਇਹ ਫੁੱਟਬਾਲ਼ ਸਿਊਣ ਵਾਲ਼ੇ ਬਹੁਤੇਰੇ ਪਰਿਵਾਰ ਜਾਂ ਤਾਂ ਮੁਸਲਮਾਨ ਹਨ ਜਾਂ ਬੇਜ਼ਮੀਨੇ ਦਲਿਤ ਜੋ ਮਜ਼ੂਦਰੀ ਕਰਕੇ ਢਿੱਡ ਪਾਲ਼ਦੇ ਹਨ। ਇੱਕ ਵਿਅਕਤੀ ਸੱਤ ਘੰਟੇ ਲਗਾਤਾਰ ਕੰਮ ਕਰਕੇ 3 ਫੁੱਟਬਾਲ ਬਣਾ ਸਕਦਾ ਹੈ ਅਤੇ ਕੋਈ ਬੱਚਾ ਵੱਧ ਤੋਂ ਵੱਧ 2 ਬਣਾ ਲੈਂਦਾ ਹੈ। ਜੇ ਫੁੱਟਬਾਲ ਦਾ ਅਕਾਰ ਛੋਟਾ ਜਾਂ ਦਰਮਿਆਨਾਂ ਹੋਵੇ ਤਾਂ ਉਨ੍ਹਾਂ ਨੂੰ ਉਸ ਦੇ ਬਦਲੇ 3 ਰੁਪਏ ਹੀ ਮਿਲ਼ਦੇ ਹਨ ਅਤੇ ਵੱਡੇ ਫੁੱਟਬਾਲ ਬਦਲੇ 5 ਰੁਪਏ। ਦਿਨ ਦੇ ਅੱਠ ਬਣਾਉਣ ਵਾਲ਼ਾ ਇਹ ਛੇ ਮੈਂਬਰੀ ਪਰਿਵਾਰ ਮਹੀਨੇ ਦੇ 600 ਤੋਂ 900 ਰੁਪਏ ਤੋਂ ਵੱਧ ਪੈਸੇ ਕਮਾਉਣ ਦੀ ਉਮੀਦ ਨਹੀਂ ਕਰ ਪਾਉਂਦਾ। ਇਹ ਰਕਮ ਮੰਗ ਦੇ ਹਿਸਾਬ ਨਾਲ਼ ਬਦਲਦੀ ਰਹਿੰਦੀ ਹੈ। ਸਥਾਨਕ ਪਰਚੂਨ ਮੰਡੀ ਵਿੱਚ ਵੀ ਇਨ੍ਹਾਂ ਫੁੱਟਬਾਲਾਂ ਦੀ ਕੀਮਤ 100-300 ਰੁਪਏ ਲੱਗਦੀ ਹੈ। ਜੇ ਕੋਈ ਟਾਂਕਾ ਉਧੜ ਜਾਵੇ ਤਾਂ ਠੇਕੇਦਾਰ ਮੁਰੰਮਤ ਕਰਾਉਣ ਲਈ ਆਉਂਦੇ ਖਰਚ ਨੂੰ ਮਜ਼ਦੂਰ ਦੀ ਦਿਹਾੜੀ ਵਿੱਚੋਂ ਦੀ ਕੱਟ ਲੈਂਦਾ ਹੈ। ਬਲੈਡਰ ਪੈਂਚਰ ਹੋਣ ਦੀ ਸੂਰਤ ਵਿੱਚ ਫੁੱਟਬਾਲ ਦੀ ਪੂਰੀ ਦੀ ਪੂਰੀ ਰਕਮ ਸਿਊਣ ਵਾਲ਼ੇ ਕੋਲ਼ੋਂ ਵਸੂਲ ਕੀਤੀ ਜਾਂਦੀ ਹੈ।

ਕਿਹਾ ਜਾਂਦਾ ਹੈ ਕਿ ਫੁੱਟਬਾਲ ਬਣਾਉਣ ਦੇ ਮਾਮਲੇ ਵਿੱਚ ਭਾਰਤ ਦੂਸਰੇ ਨੰਬਰ 'ਤੇ ਅਤੇ ਪਾਕਿਸਤਾਨ ਪਹਿਲੇ ਨੰਬਰ 'ਤੇ ਹੈ। ਪਾਕਿਸਤਾਨ ਦੇ ਸਿਆਲਕੋਟ ਅਤੇ ਭਾਰਤ ਦੇ ਜਲੰਧਰ ਅਤੇ ਮੇਰਠ ਵਿਖੇ ਫੁੱਟਬਾਲ ਦਾ ਉਤਪਾਦਨ ਬੜੀ ਪ੍ਰਮੁਖਤਾ ਦੇ ਨਾਲ਼ ਕੀਤਾ ਜਾਂਦਾ ਹੈ। ਇਸ ਸਾਲ ਵਰਲਡ ਕੱਪ ਲਈ ਸਿਆਲਕੋਟ ਨੇ ਕਰੀਬ 5.5 ਕਰੋੜ ਫੁੱਟਬਾਲ ਜਰਮਨੀ ਨਿਰਯਾਤ ਕੀਤੇ ਹਨ; ਸਾਲ 2002 ਵਿੱਚ ਜਲੰਧਰ ਨੂੰ 'ਸਟਾਰ ਕੰਟ੍ਰੈਕਟ' ਮਿਲ਼ਿਆ ਸੀ। ਜਿਓਂ-ਜਿਓਂ ਵਰਲਡ ਕੱਪ ਕਾਰਨ ਫੁੱਟਬਾਲ ਦੀ ਮੰਗ ਵਿੱਚ ਤੇਜ਼ੀ ਆ ਰਹੀ ਹੈ, ਕੁਝ ਠੇਕੇਦਾਰ ਰੋਜ਼ਾਨਾ ਦੇ 25,000 ਫੁੱਟਬਾਲਾਂ ਦੀ ਮੰਗ ਕਰ ਰਹੇ ਹਨ। ਅਜਿਹੇ ਸਮੇਂ ਵੀ ਦਿਹਾੜੀ ਦੀ ਬਣਦੀ ਰਕਮ ਵਿੱਚ ਮਹਿਜ 50 ਪੈਸੇ ਦਾ ਹੀ ਵਾਧਾ ਕੀਤਾ ਗਿਆ। ਸੰਗਠਨ ਨਾ ਹੋਣ ਕਾਰਨ ਸੌਦੇਬਾਜ਼ੀ ਕਰਨ ਵਿੱਚ ਅਸਮਰੱਥ ਪਿੰਡ ਵਾਸੀ ਢਿੱਡ ਭਰਨ ਖ਼ਾਤਰ ਇੰਨੀ ਕੁ ਰਕਮ ਨੂੰ ਵੀ ਪ੍ਰਵਾਨ ਕਰ ਲੈਂਦੇ ਹਨ। ਜੇ ਉਹ ਇੰਨੇ ਪੈਸੇ 'ਤੇ ਕੰਮ ਕਰਨ ਤੋਂ ਮਨ੍ਹਾ ਵੀ ਕਰ ਦੇਣ ਤਾਂ ਵੀ ਇੰਨੇ ਪੈਸੇ 'ਤੇ ਕੰਮ ਕਰਨ ਵਾਲ਼ਿਆਂ ਦੀ ਕੋਈ ਘਾਟ ਨਹੀਂ। ਇੰਝ ਉਹ ਘੱਟੋਘੱਟ 'ਕੁਝ' ਤਾਂ ਕਮਾ ਹੀ ਰਹੇ ਹਨ।

ਫੁੱਟਬਾਲ ਬਣਾਉਣ ਵਾਲ਼ਿਆਂ ਦਾ ਗੜ੍ਹ ਕਹੇ ਜਾਣ ਵਾਲ਼ੇ ਸਿਸੋਲਾ ਦੀਆਂ ਭੀੜੀਆਂ ਗਲ਼ੀਆਂ ਤੇ ਛੋਟੇ-ਛੋਟੇ ਘਰਾਂ ਵਿੱਚ ਕਿਸੇ ਵੀ ਦਿਨ ਕਿਉਂ ਨਾ ਜਾਈਏ, ਉੱਥੇ ਕੰਮੀਂ ਲੱਗੇ ਬੱਚਿਆਂ ਤੇ ਔਰਤਾਂ ਦੀ ਸਿਰਫ਼ ਪਿੱਠਾਂ ਦੀ ਦਿਖਾਈ ਦੇਣਗੀਆਂ, ਰੰਗ-ਬਿਰੰਗੇ ਰਬੜਨੁਮਾ ਪੰਜਕੋਣੀ ਟੁਕੜਿਆਂ ਵਿੱਚੋਂ ਦੀ ਸੂਈਆਂ ਅੰਦਰ ਤੇ ਬਾਹਰ ਆਉਂਦੀਆਂ ਨਜ਼ਰੀ ਪੈਣਗੀਆਂ। ਕਿਸੇ ਦੀਆਂ ਉਂਗਲਾਂ ਕਿੰਨੀ ਵੀ ਫੁਰਤੀ ਨਾਲ਼ ਕਿਉਂ ਨਾ ਚੱਲਦੀਆਂ ਹੋਣ, ਅਕਸਰ ਸੂਈਆਂ ਚੁੱਭ ਹੀ ਜਾਂਦੀਆਂ ਹਨ ਜਾਂ ਕਈ ਵਾਰੀ ਸਿਲਾਈ ਲਈ ਵਰਤੇ ਜਾਂਦੇ ਰੇਸ਼ਮੀ ਧਾਗਿਆਂ ਨਾਲ਼ ਰਗੜ ਖਾ ਕੇ ਚੀਰੇ ਪੈ ਜਾਂਦੇ ਹਨ। ਇਸ ਤੋਂ ਇਲਾਵਾ, ਲੰਬੇ ਸਮੇਂ ਤੀਕਰ ਨੀਝ ਲਾਈ ਰੱਖਣ ਕਾਰਨ ਅੱਖਾਂ ਦੀ ਰੌਸ਼ਨੀ ਵੀ ਖਰਾਬ ਹੋਣਾ ਪੱਕੀ ਗੱਲ ਹੈ। ਸਥਾਨਕ ਕਾਰਕੁੰਨ ਸ਼ੇਰ ਮੁਹੰਮਦ ਖਾਨ ਦੱਸਦੇ ਹਨ,''ਕਿਉਂਕਿ ਉਨ੍ਹਾਂ ਨੂੰ ਕਦੇ ਕਿਸੇ ਨੇ ਵੀ ਢੰਗ ਨਾਲ਼ ਬੈਠਣ ਦੀ ਸਿਖਲਾਈ ਨਹੀਂ ਦਿੱਤੀ, ਸੋ ਸਮੇਂ ਦੇ ਨਾਲ਼ ਉਨ੍ਹਾਂ ਦੀ ਰੀੜ੍ਹ ਵਿੱਚ ਤਕਲੀਫ਼ ਰਹਿਣ ਲੱਗਦੀ ਹੈ।'' ਕੋਈ ਸਥਾਨਕ ਸਿਹਤ ਕੇਂਦਰ ਨਾ ਹੋਣ ਕਾਰਨ ਪਿੰਡ ਵਾਲ਼ੇ ਕੰਮ-ਚਲਾਊ ਘਰੇਲੂ ਨੁਸਖਿਆਂ 'ਤੇ ਹੀ ਨਿਰਭਰ ਰਹਿੰਦੇ ਹਨ। ਜੇ ਕੋਈ ਡਾਕਟਰ ਲੱਭ ਵੀ ਜਾਵੇ ਤਾਂ ਵੀ ਉਹ ਫ਼ੀਸ ਨਹੀਂ ਦੇ ਪਾਉਂਦੇ।

PHOTO • Shalini Singh

ਵਰਲਡ ਕੱਪ ਸੀਜ਼ਨ ਨੇ ਬੱਚਿਆਂ ਨੂੰ ਸਕੂਲ ਜਾਣੋਂ ਰੋਕੀ ਰੱਖਿਆ ਹੈ; ਫੁੱਟਬਾਲ ਦੀ ਵਧੀ ਹੋਈ ਮੰਗ ਨੇ ਗੇਂਦਾਂ ਸਿਊਣ ਲਈ ਉਨ੍ਹਾਂ ਨੂੰ ਲਗਾਤਾਰ ਸੂਈ ਚਲਾਉਂਦੇ ਰਹਿਣ ਲਈ ਮਜ਼ਬੂਰ ਕਰ ਦਿੱਤਾ ਹੈ, ਕਿਉਂਕਿ ਇਸੇ ਸਮੇਂ ਉਨ੍ਹਾਂ ਦੇ ਪਰਿਵਾਰ ਨੂੰ ਵਾਧੂ ਆਮਦਨੀ ਮਿਲ਼ੇਗੀ। ਖ਼ਾਨ ਕਹਿੰਦੇ ਹਨ ਕਿ ਪਿੰਡ ਵਿੱਚ ਸਿਰਫ਼ ਇੱਕੋ ਹੀ ਪ੍ਰਾਇਮਰੀ ਸਕੂਲ ਹੈ। ਪ੍ਰਾਈਵੇਟ ਸਕੂਲ ਦਾ ਇੱਕ ਮਹੀਨੇ ਦੀ ਫ਼ੀਸ ਤੇ ਕਿਤਾਬਾਂ ਦਾ ਖਰਚਾ ਮਿਲ਼ਾ ਕੇ 500 ਰੁਪਏ ਪ੍ਰਤੀ ਬੱਚਾ ਬਹਿੰਦਾ ਹੈ, ਜਿਹਨੂੰ ਪਿੰਡ ਵਾਲ਼ੇ ਝੱਲ ਨਹੀਂ ਸਕਦੇ। ਔਸਤਨ ਤਿੰਨ ਤੋਂ ਵੱਧ ਬੱਚਿਆਂ ਦੇ ਪਰਿਵਾਰ ਵਿੱਚ ਸਿੱਖਿਆ ਉਪਲਬਧ ਕਰਾ ਸਕਣਾ ਬਹੁਤ ਔਖੀ ਗੱਲ ਹੈ। ਇਸਲਈ, ਜ਼ਿਆਦਾਤਰ ਪਰਿਵਾਰਾਂ ਵਾਸਤੇ ਆਪਣੇ ਬੱਚਿਆਂ ਦਾ ਕੰਮ ਕਰਨਾ ਹੀ ਸਹੀ ਸਮਝਿਆ ਜਾਂਦਾ ਹੈ।

ਠੇਕੇਦਾਰ ਵੱਲੋਂ ਸੁਣਾਈ ਕਹਾਣੀ ਕੁਝ ਕੁ ਬਿਹਤਰ ਲੱਗਦੀ ਹੈ। 60 ਸਾਲਾ ਚੰਦਰਭਾਨ ਸਿਸੋਲਾ ਦੇ ਕੁਝ ਗਿਣੇ-ਚੁਣੇ ਠੇਕੇਦਾਰਾਂ ਵਿੱਚੋਂ ਹਨ। ਉਹ ਕਹਿੰਦੇ ਹਨ ਕਿ ਪ੍ਰਤੀ ਇਕਾਈ ਮਜ਼ਦੂਰੀ ਫੁੱਟਬਾਲ ਦੇ ਅਕਾਰ ਦੇ ਹਿਸਾਬ ਨਾਲ਼ ਤੈਅ ਹੁੰਦੀ ਹੈ: ਸਭ ਤੋਂ ਛੋਟੇ ਫੁੱਟਬਾਲ ਲਈ 4 ਰੁਪਏ ਅਤੇ ਵੱਡੇ ਫੁੱਟਬਾਲ ਲਈ 5.5 ਰੁਪਏ। ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਪਿੰਡ ਵਾਲ਼ਿਆਂ ਨੇ ਤਾਂ ਹੋਰ ਰਾਸ਼ੀ ਦੱਸੀ ਹੈ ਤਾਂ ਉਹ ਨਾਂਹ ਵਿੱਚ ਸਿਰ ਮਾਰਦੇ ਹਨ। ਚੰਦਰਭਾਨ ਵਰਗੇ ਠੇਕੇਦਾਰ ਸਿੰਥੇਟਿਕ ਫੁੱਟਬਾਲ ਬਣਾਉਣ ਦਾ ਸਮਾਨ ਰਬੜ ਫ਼ੈਕਟਰੀ ਤੋਂ ਚਾਦਰਾਂ ਦੇ ਰੂਪ ਵਿੱਚ 26 ਰੁਪਏ ਪ੍ਰਤੀ ਪੀਸ ਦੇ ਹਿਸਾਬ ਨਾਲ਼ ਖਰੀਦਦੇ ਹਨ। ਫਿਰ ਮਸ਼ੀਨ ਦੀ ਮਦਦ ਨਾਲ਼ ਇਹ ਚਾਦਰਾਂ ਪੰਜਕੋਣੀ ਟੁਕੜਿਆਂ ਵਿੱਚ ਕੱਟੀਆਂ ਜਾਂਦੀਆਂ ਹਨ। ਇੱਕ ਚਾਦਰ ਵਿੱਚੋਂ ਇੱਕ ਫੁੱਟਬਾਲ ਬਣਦੀ ਹੈ। ਇਸ ਵਿੱਚ ਧਾਗਾ 220/ਕਿਲੋ ਅਤੇ 3-4 ਰੁਪਏ ਮਜ਼ਦੂਰੀ ਦੇ ਜੋੜੀਏ ਤਾਂ ਇੱਕ ਫੁੱਟਬਾਲ ਬਣਾਉਣ ਮਗਰ 31-32 ਰੁਪਏ ਖਰਚਾ ਆਉਂਦਾ ਹੈ। ਅੱਖਾਂ ਚਰਾਉਂਦਿਆਂ ਚੰਦਰਭਾਨ ਕਹਿੰਦੇ ਹਨ ਕਿ ਉਹ ਡਿਸਟ੍ਰਿਬਿਊਟਰ ਨੂੰ ਵੱਧ ਤੋਂ ਵੱਧ 1 ਜਾਂ 2 ਰੁਪਏ ਦੇ ਮੁਨਾਫ਼ੇ 'ਤੇ ਫੁੱਟਬਾਲ ਵੇਚਦੇ ਹਨ। ਚੰਦਰਭਾਨ ਦਾਅਵਾ ਕਰਦਿਆਂ ਕਹਿੰਦੇ ਹਨ,''ਅਸੀਂ ਵੀ ਇੰਨੀ ਹੀ ਦਰ 'ਤੇ ਕੰਮ ਕੀਤਾ ਹੋਇਆ ਹੈ।'' ਮੁਦਰਾਸਫ਼ੀਤੀ ਦੀ ਗੱਲ ਆਉਂਦਿਆਂ ਹੀ ਉਹ ਬੁੜਬੁੜ ਕਰਨ ਲੱਗਦੇ ਹਨ।

ਕੰਮ ਵਿੱਚ ਗੜਬੜੀ ਹੋਣ ਦੀ ਸੂਰਤ ਵਿੱਚ ਪੈਸੇ ਕੱਟਣ ਅਤੇ ਤੈਅ ਮਜ਼ਦੂਰੀ ਨੂੰ ਨਾ ਮੰਨਣ ਵਾਲ਼ੇ ਦੂਸਰੇ ਮਜ਼ਦੂਰਾਂ ਤੋਂ ਕੰਮ ਕਰਵਾਉਣ ਦੀ ਧਮਕੀ ਦੇਣ ਦੇ ਸਵਾਲ 'ਤੇ ਚੰਦਰਭਾਨ ਦਾ ਕਹਿਣਾ ਹੈ ਕਿ ਉਹ ਨੁਕਸਾਨ ਦੀ ਪੂਰਤੀ ਆਪਣੇ ਪੱਲਿਓਂ ਕਰਦੇ ਹਨ; ਬਾਕੀ ਸਵਾਲਾਂ ਦੇ ਜਵਾਬ ਵਿੱਚ ਉਹ ਢਿੱਲਾ ਜਿਹਾ ਜਵਾਬ ਦਿੰਦਿਆਂ ਕਹਿੰਦੇ ਹਨ,''ਸਾਡੇ ਦੇਸ਼ ਵਿੱਚ ਇੰਨੀ ਬੇਰੁਜ਼ਗਾਰੀ ਹੈ; ਘੱਟੋ-ਘੱਟ ਅਸੀਂ ਉਨ੍ਹਾਂ ਨੂੰ ਕੁਝ ਤਾਂ ਕੰਮ ਦੇ ਹੀ ਰਹੇ ਹਾਂ ਤਾਂਕਿ ਉਹ ਆਪਣਾ ਦਾਲ-ਫੁਲਕਾ ਤੋਰ ਸਕਣ।'' ਚੰਦਰਭਨਾ ਦੇ ਦੋ ਬੱਚੇ ਹਨ; ਇੱਕ ਬੇਟਾ ਉਨ੍ਹਾਂ ਨਾਲ਼ ਕੰਮ ਕਰਾਉਂਦਾ ਹੈ ਤੇ ਦੂਸਰਾ ਕਾਲਜ ਜਾਂਦਾ ਹੈ। ਉਹ ਕਹਿੰਦੇ ਹਨ,''ਮੈਂ ਆਪਣੇ ਦੂਸਰੇ ਲੜਕੇ ਨੂੰ ਸਪਲਾਇਰ ਜਾਂ ਡਿਸਟ੍ਰਿਬਿਊਟਰ ਬਣਾਵਾਂਗਾ।''

ਗਲੋਬਲ ਮਾਰਚ ਅਗੇਂਸਟ ਚਾਇਲਡ ਲੇਬਰ ਇੱਕ ਅੰਤਰਰਾਸ਼ਟਰੀ ਅੰਦੋਲਨ ਹੈ, ਜੋ ਫੁੱਟਬਾਲ ਉਦਯੋਗ ਵਿੱਚੋਂ ਬਾਲ ਮਜ਼ਦੂਰੀ ਨੂੰ ਖ਼ਤਮ ਕਰਨ ਲਈ ਸੰਘਰਸ਼ ਵਿੱਚ ਸ਼ਾਮਲ ਰਿਹਾ ਹੈ। ਸਾਲ 2002 ਵਿੱਚ ਉਨ੍ਹਾਂ ਨੇ ਫੀਫਾ ਦੇ ਖੇਡ ਉਪਕਰਣ ਉਦਯੋਗ, ਖ਼ਾਸ ਕਰਕੇ ਫੁੱਟਬਾਲ ਨਿਰਮਾਣ ਇਕਾਈਆਂ ਵਿੱਚ ਕੰਮ ਕਰਨ ਵਾਲ਼ੇ ਬੱਚਿਆਂ ਦੀ ਮਾੜੀ-ਹਾਲਤ ਦੀ ਗੱਲ ਚੁੱਕਣ ਦੀ ਅਪੀਲ ਕੀਤੀ ਸੀ। ਫ਼ਲਸਰੂਪ ਫੀਫਾ ਨੇ ਭਾਰਤ ਅਤੇ ਪਾਕਿਸਤਾਨ ਨਿਰਮਾਣ ਪ੍ਰਕਿਰਿਆ ਦੀ ਨਿਗਰਾਨੀ ਲਈ ਖੇਡ ਉਪਕਰਣ ਉਦਯੋਗ ਦੇ ਵਰਲਡ ਫ਼ੈਡਰੇਸ਼ਨ ਆਫ਼ ਸਪੋਰਟ ਗੁਡਸ ਇੰਡਸਟ੍ਰੀ ਦੇ ਸਹਿਯੋਗ ਨਾਲ਼ ਇੱਕ ਕੋਡ ਆਫ਼ ਕੰਡਕਟ ਸ਼ੁਰੂ ਕੀਤਾ। ਗਲੋਬਲ ਮਾਰਚ ਮੁਤਾਬਕ, ਫੀਫਾ ਆਪਣੇ ਨਿਯਮਾਂ ਨੂੰ ਲਾਗੂ ਕਰਨ ਵਿੱਚ ਅਸਫ਼ਲ ਰਹੀ ਹੈ ਅਤੇ ਬਾਲ ਮਜ਼ਦੂਰੀ ਖ਼ਤਮ ਕਰਨ ਦੀ ਸਹੁੰ ਚੁੱਕਣ ਦੇ ਬਾਵਜੂਦ, ਲਗਭਕ 10,000 ਬੱਚੇ ਅੱਜ ਵੀ ਜਲੰਧਰ ਅਤੇ ਮੇਰਠ ਵਿਖੇ ਫੁੱਟਬਾਲ ਬਣਾਉਣ ਦਾ ਕੰਮ ਕਰਦੇ ਹਨ। ਗਲੋਬਲ ਮਾਰਚ ਦੇ ਪ੍ਰਧਾਨ ਕੈਲਾਸ਼ ਸਤਿਆਰਥੀ ਕਹਿੰਦੇ ਹਨ ਕਿ ਸਮੂਹ ਦੀ ਭਾਰਤੀ ਸ਼ਾਖਾ, ਬਚਪਨ ਬਚਾਓ ਅੰਦੋਲਨ ਮੇਰਠ ਦੇ ਜਾਣੀ ਖ਼ੁਰਦ ਬਲਾਕ ਦੇ 10 ਪਿੰਡਾਂ ਨੂੰ ਚਾਈਲਡ ਫ੍ਰੇਂਡਲੀ ਪਿੰਡ ਦੇ ਰੂਪ ਵਿੱਚ ਵਿਕਸਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਿੱਥੇ ਉਹ ਬੱਚਿਆਂ ਦਾ ਨਿਯਮਤ ਸਕੂਲ ਜਾਣਾ ਯਕੀਨੀ ਬਣਾਉਣਗੇ। ਦੌਰਾਲਾ ਬਲਾਕ ਦਾ ਪੋਹਲੀ ਪਿੰਡ ਇਸ ਯਤਨ ਵੱਲ ਇੱਕ ਪਹਿਲ (ਉਦਾਰਣ) ਵਾਂਗਰ ਪੇਸ਼ ਕੀਤਾ ਜਾਂਦਾ ਹੈ।

ਇਸੇ ਦੌਰਾਨ ਸਿਸੋਲਾ ਵਿਖੇ ਜੇਕਰ ਤੁਸੀਂ ਬੱਚਿਆਂ ਨੂੰ ਪੁੱਛੋ ਕਿ ਸਭ ਤੋਂ ਚੰਗਾ ਫੁੱਟਬਾਲਰ ਕੌਣ ਹੈ ਤਾਂ ਉਹ ਇਕੱਠਿਆਂ ਚੀਕ ਕੇ ਕਹਿੰਦੇ ਹਨ,''ਧੋਨੀ! ਸਚਿਨ!'' ਤੁਸੀਂ ਪੁੱਛੋ ਕਿ ਵਰਲਡ ਕੱਪ ਵਿੱਚ ਕਿਹੜੀ ਟੀਮ ਹਾਰੇਗੀ ਤਾਂ ਫ਼ੌਰਨ ਜਵਾਬ ਮਿਲ਼ਦਾ ਹੈ, ''ਪਾਕਿਸਤਾਨ!'' ਖ਼ਾਨ ਮੁਸਕਰਾਉਂਦਿਆਂ ਕਹਿੰਦੇ ਹਨ,''ਫੁੱਟਬਾਲ ਬਣਾਉਣ ਵਾਲ਼ੇ ਇਨ੍ਹਾਂ ਬੱਚਿਆਂ ਨੂੰ ਇੱਕੋ ਹੀ ਖੇਡ ਬਾਰੇ ਪਤਾ ਹੈ- ਕ੍ਰਿਕੇਟ।''

ਇਹ ਸਟੋਰੀ ਪਹਿਲੀ ਵਾਰ ਤਹਿਲਕਾ ਵਿੱਚ ਪ੍ਰਕਾਸ਼ਤ ਹੋਈ ਸੀ।

ਤਰਜਮਾ: ਕਮਲਜੀਤ ਕੌਰ

Shalini Singh

Shalini Singh is a founding trustee of the CounterMedia Trust that publishes PARI. A journalist based in Delhi, she writes on environment, gender and culture, and was a Nieman fellow for journalism at Harvard University, 2017-2018.

Other stories by Shalini Singh
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur