2000 ਦੇ ਦਹਾਕੇ ਵਿੱਚ, ਮੁੱਖ ਧਾਰਾ ਦੇ ਪ੍ਰਕਾਸ਼ਨ ਦੀਆਂ ਨੌਕਰੀਆਂ ਵਿੱਚ ਲੱਗੇ ਲੋਕਾਂ ਨੂੰ ਸੌਂਪੇ ਗਏ ਕੰਮਾਂ ਵਿੱਚ ਆਮ ਆਦਮੀ ਦੀਆਂ ਮੁਸੀਬਤਾਂ ਪ੍ਰਤੀ ਅਵਾਜ਼ ਬੁਲੰਦ ਕਰਨਾ ਨਹੀਂ ਸਗੋਂ ਵ੍ਹਿਸਕੀ ਨਾਲ਼ ਖਾਣਾ ਖਾਣ ਤੇ ਪਾਲਤੂ ਜਾਨਵਰਾਂ ਦੀਆਂ ਜੋੜੀਆਂ ਬਣਾਉਣ ਜਿਹੇ ਵਿਸ਼ਿਆਂ ਦੇ ਇਰਦ-ਗਿਰਦ ਘੁੰਮਦੇ ਫਿਰਨਾ ਸੀ। ਜਿਹੜੇ ਲੋਕ ਆਪਣੇ ਵਿਚਾਰਾਂ ਨਾਲ਼ ਜੁੜੇ ਰਹਿੰਦੇ ਹਨ, ਉਨ੍ਹਾਂ ਨੂੰ ਅਕਸਰ 'ਝੋਲ਼ਾਵਾਲਾ' ਕਿਹਾ ਜਾਂਦਾ ਰਿਹਾ ਹੈ (ਇੱਕ ਅਜਿਹਾ ਵਿਅਕਤੀ ਜੋ ਆਪਣੇ ਮੋਢੇ 'ਤੇ ਝੋਲ਼ਾ ਲਮਕਾਉਂਦਾ ਹੈ, ਉੱਤਰੀ ਭਾਰਤ ਵਿਚ ਇਹ ਤਸਵੀਰ ਆਮ ਤੌਰ 'ਤੇ ਖੱਬੇਪੱਖੀ ਵਿਚਾਰਾਂ ਨਾਲ਼ ਜੁੜੇ ਹੋਣ ਵਾਲ਼ੇ ਵਿਅਕਤੀ ਦੀ ਹੁੰਦੀ ਹੈ ਅਤੇ ਇਨ੍ਹਾਂ ਸ਼ਬਦਾਂ ਦਾ ਇਸਤੇਮਾਲ ਉਹਨੂੰ ਨੀਵਾਂ ਦਿਖਾਉਣ ਲਈ ਕੀਤਾ ਜਾਂਦਾ ਹੈ)।

ਸੈਂਟਰ ਫ਼ਾਰ ਮੀਡੀਆ ਸਟੱਡੀਜ਼ ਦੁਆਰਾ 2014 ਵਿੱਚ ਕੀਤੇ ਗਏ ਇੱਕ ਅਧਿਐਨ ਦੇ ਅਨੁਸਾਰ, ਦੇਸ਼ ਦੀ 69 ਪ੍ਰਤੀਸ਼ਤ ਆਬਾਦੀ ਪੇਂਡੂ ਹੈ - ਜਿੱਥੇ 80.33 ਕਰੋੜ ਲੋਕ ਲਗਭਗ 800 ਭਾਸ਼ਾਵਾਂ ਬੋਲਦੇ ਹਨ- ਪਰ ਪ੍ਰਿੰਟ ਮੀਡੀਆ ਵਿੱਚ ਹੋਮਪੇਜ 'ਤੇ ਇਨ੍ਹਾਂ ਨੂੰ ਸਿਰਫ਼ 0.67 ਪ੍ਰਤੀਸ਼ਤ ਜਗ੍ਹਾ ਮਿਲ਼ਦੀ ਹੈ। ਰਾਸ਼ਟਰੀ ਅਖ਼ਬਾਰਾਂ ਦੇ ਮੁੱਖ ਪੰਨੇ 'ਤੇ ਲਗਭਗ 66 ਪ੍ਰਤੀਸ਼ਤ ਖ਼ਬਰਾਂ ਦਿੱਲੀ ਅਧਾਰਤ ਰਿਪੋਰਟਾਂ ਹੀ ਹੁੰਦੀਆਂ ਹਨ।

''ਆਪਣੇ 35 ਸਾਲਾਂ ਦੇ ਪੱਤਰਕਾਰੀ ਤਜ਼ਰਬੇ 'ਚ ਮੈਂ ਕਦੇ ਵੀ ਕੋਈ ਅਜਿਹਾ ਅਖ਼ਬਾਰ ਜਾਂ ਟੀਵੀ ਚੈਨਲ ਨਹੀਂ ਦੇਖਿਆ, ਜਿਸ ਕੋਲ਼ ਕਿਸਾਨ, ਮਜ਼ਦੂਰ ਅਤੇ ਹੋਰ ਮਹੱਤਵਪੂਰਨ ਸਮਾਜਿਕ ਖੇਤਰਾਂ ਦੀ ਰਿਪੋਰਟ ਕਰਨ ਵਾਲ਼ੇ ਰਿਪੋਰਟਰ ਹੋਣ। ਉਨ੍ਹਾਂ ਕੋਲ਼ ਬਾਲੀਵੁੱਡ, ਅਮੀਰ ਲੋਕਾਂ ਦੇ ਸਮਾਗਮਾਂ ਅਤੇ ਉਨ੍ਹਾਂ ਦੇ ਕਾਰੋਬਾਰਾਂ ਬਾਰੇ ਰਿਪੋਰਟ ਕਰਨ ਲਈ ਪੂਰੇ ਸਮੇਂ ਦੇ ਪੱਤਰਕਾਰ ਹਨ। ਪਰ ਖੇਤੀਬਾੜੀ ਅਤੇ ਕਿਰਤ ਬਾਰੇ ਰਿਪੋਰਟ ਕਰਨ ਲਈ ਕੋਈ ਪੱਤਰਕਾਰ ਨਹੀਂ ਹੋਵੇਗਾ। ਇਸੇ ਸੰਦਰਭ ਵਿੱਚੋਂ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ (ਪਾਰੀ) ਦੀ ਉਤਪਤੀ ਦਾ ਵਿਚਾਰ ਉੱਭਰਿਆ," ਪ੍ਰਸਿੱਧ ਪੱਤਰਕਾਰ ਅਤੇ ਪਾਰੀ ਦੇ ਸੰਸਥਾਪਕ-ਸੰਪਾਦਕ ਪਲਾਗੁੰਮੀ ਸਾਈਨਾਥ ਕਹਿੰਦੇ ਹਨ। ਪੇਂਡੂ ਰਿਪੋਰਟਿੰਗ ਦੇ 43 ਸਾਲਾਂ ਦੇ ਸਫ਼ਰ ਦੌਰਾਨ ਉਨ੍ਹਾਂ ਨੇ ਪੱਤਰਕਾਰੀ ਨਾਲ਼ ਸਬੰਧਤ 60 ਤੋਂ ਵੱਧ ਪੁਰਸਕਾਰ ਪ੍ਰਾਪਤ ਕੀਤੇ ਹਨ।

ਪਾਰੀ ਇੱਕ ਮਲਟੀਮੀਡੀਆ ਭੰਡਾਰ ਹੈ। ਇਹ ਇੱਕ ਜੀਵਤ ਰਸਾਲਾ ਹੈ ਅਤੇ ਜਨਤਾ ਦੇ ਰੋਜ਼ਾਨਾ ਜੀਵਨ ਨਾਲ਼ ਜੁੜੀ ਆਰਕਾਈਵ ਹੈ। ਕਾਊਂਟਰ ਮੀਡੀਆ ਟਰੱਸਟ ਦੁਆਰਾ ਸ਼ੁਰੂ ਕੀਤਾ ਗਿਆ ਇਹ ਆਰਕਾਈਵ ਦਸੰਬਰ 2014 ਵਿੱਚ 10-12 ਲੋਕਾਂ ਦੀ ਟੀਮ ਨਾਲ਼ ਸ਼ੁਰੂ ਕੀਤਾ ਗਿਆ ਸੀ। ਪੇਂਡੂ ਪੱਤਰਕਾਰੀ ਦੇ ਟੀਚੇ ਨਾਲ਼ ਸ਼ੁਰੂ ਕੀਤੇ ਗਏ ਇਸ ਮਲਟੀਮੀਡੀਆ ਪਲੇਟਫ਼ਾਰਮ ਵਿੱਚ ਅੱਜ ਪੇਂਡੂ ਭਾਰਤ 'ਤੇ ਅਧਿਕਾਰਤ ਰਿਪੋਰਟਾਂ, ਪੇਂਡੂ ਜੀਵਨ-ਜਾਂਚ, ਕਲਾ ਤੇ ਸਿਖਲਾਈ ਦੀ ਪਹਿਲਕਦਮੀ ਦੇ ਨਾਲ਼-ਨਾਲ਼ ਦੁਰਲੱਭ ਦਸਤਾਵੇਜਾਂ ਦੀ ਇੱਕ ਆਨਲਾਈਨ ਲਾਈਬ੍ਰੇਰੀ ਸ਼ਾਮਲ ਹੈ। ਪਾਰੀ, ਟੈਕਸਟ, ਫ਼ੋਟੋਆਂ, ਚਿੱਤਰਾਂ, ਆਡੀਓ, ਵੀਡੀਓ ਅਤੇ ਦਸਤਾਵੇਜ਼ਾਂ ਦੇ ਰੂਪ ਵਿੱਚ ਮੂਲ਼ ਫੀਲਡ ਰਿਪੋਰਟਾਂ ਬਣਾਉਂਦੀ ਹੈ ਜੋ ਆਮ ਭਾਰਤੀਆਂ ਦੇ ਜੀਵਨ ਨੂੰ ਕਵਰ ਕਰਦੇ ਹਨ ਅਤੇ ਕਿਰਤ, ਰੋਜ਼ੀ-ਰੋਟੀ, ਸ਼ਿਲਪਕਾਰੀ, ਸੰਕਟ, ਕਹਾਣੀਆਂ, ਗੀਤ ਅਤੇ ਹੋਰ ਬਹੁਤ ਕੁਝ ਕਵਰ ਕਰਦੀਆਂ ਹਨ।

PHOTO • Sanket Jain
PHOTO • Nithesh Mattu

ਪਾਰੀ ਸਭਿਆਚਾਰ ਦਾ ਭੰਡਾਰ ਵੀ ਹੈ: ਬੇਲਗਾਵੀ ਤੋਂ ਨਾਰਾਇਣ ਦੇਸਾਈ (ਖੱਬੇ) ਸਥਾਨਕ ਔਜ਼ਾਰਾਂ ਦੀ ਵਰਤੋਂ ਕਰਕੇ ਬਣਾਈ ਗਈ ਆਪਣੀ ਸ਼ਹਿਨਾਈ ਨਾਲ਼, ਅਤੇ ਤੱਟਵਰਤੀ ਕਰਨਾਟਕ ਤੋਂ ਪੀਲੀ ਵੇਸ਼ਾ ਵਾਲ਼ਾ ਲੋਕ ਨਾਚ (ਸੱਜੇ)

PHOTO • Sweta Daga
PHOTO • P. Sainath

ਅਰੁਣਾਚਲ ਪ੍ਰਦੇਸ਼ ਦੇ ਬਾਂਸ ਟੋਕਰੀ ਬੁਣਕਰਾਂ ਮਾਕੋ ਲਿੰਗੀ (ਖੱਬੇ) ਅਤੇ ਪੀ.ਸਾਈਨਾਥ ਦੀ ਲੜੀ 'ਵਿਜ਼ੀਬਲ ਵਰਕ, ਇਨਵਿਜ਼ੀਬਲ ਵੂਮੈਨ: ਏ ਲਾਈਫਟਾਈਮ ਬੈਂਡਿੰਗ' ਪੇਂਡੂ ਭਾਰਤ ਦੇ ਮਜ਼ਦੂਰਾਂ ਦੇ ਜੀਵਨ ਦੀ ਤਸਵੀਰ ਪੇਸ਼ ਕਰਦੀ ਹੈ

ਪਾਰੀ ਦੇ ਸੰਕਲਪ ਦੇ ਬੀਜ ਸਾਈਨਾਥ ਦੀਆਂ ਕਲਾਸਾਂ ਵਿੱਚ ਉੱਗਣ ਲੱਗੇ। ਉੱਥੇ, ਉਨ੍ਹਾਂ ਨੇ 35 ਸਾਲਾਂ ਤੱਕ 2,000 ਤੋਂ ਵੱਧ ਪੱਤਰਕਾਰਾਂ ਨੂੰ ਰਿਪੋਰਟਿੰਗ ਦੀ ਨੈਤਿਕਤਾ ਬਾਰੇ ਇੱਕ ਠੋਸ ਬੁਨਿਆਦੀ ਸਿਖਲਾਈ ਦੇ ਹੁਨਰ ਸਿਖਾਏ। ਇਸ ਸਿਖਲਾਈ ਨੇ ਮੇਰੇ ਸਮੇਤ ਚਾਹਵਾਨ ਪੱਤਰਕਾਰਾਂ ਨੂੰ ਅਸਮਾਨਤਾਵਾਂ ਅਤੇ ਅਨਿਆਂ ਦਾ ਸੰਦਰਭ ਦੇਖਣਾ ਸਿਖਾਇਆ ਅਤੇ ਇਹ ਵੀ ਸਿਖਾਇਆ ਕਿ ਆਪਣੀ ਜ਼ਮੀਰ ਨੂੰ ਨਜ਼ਰਅੰਦਾਜ਼ ਕੀਤੇ ਬਿਨਾਂ ਪੇਸ਼ੇਵਰ ਸੰਸਾਰ ਵਿੱਚ ਰਿਪੋਰਟ ਕਿਵੇਂ ਕਰਨੀ ਹੈ।

ਪਾਰੀ ਦੀ ਮੈਨੇਜਿੰਗ ਐਡੀਟਰ ਨਮਿਤਾ ਵਾਈਕਰ ਕਹਿੰਦੀ ਹਨ, "ਇੱਕ ਚੀਜ਼ ਜੋ ਸਾਲਾਂ ਤੋਂ ਸਥਿਰ ਰਹੀ ਹੈ - ਪੇਂਡੂ ਭਾਰਤ ਵਿੱਚ ਜੀਵਨ ਦੀਆਂ ਆਦਰਸ਼ਵਾਦੀ, ਦਿਲ ਨੂੰ ਛੂਹਣ ਵਾਲ਼ੀਆਂ ਕਹਾਣੀਆਂ ਜਿਨ੍ਹਾਂ ਨੇ ਸਾਡੀਆਂ ਨਜ਼ਰਾਂ ਖਿੱਚੀਆਂ।'' ਆਜ਼ਾਦੀ ਪਸੰਦ ਪੱਤਰਕਾਰਾਂ ਲਈ ਪਾਰੀ ਇੱਕ 'ਆਕਸੀਜਨ ਸਪਲਾਈ' ਬਣ ਗਈ ਹੈ ਜੋ ਉਨ੍ਹਾਂ ਨੂੰ ਮੁੱਖ ਧਾਰਾ ਦੀ ਪੱਤਰਕਾਰੀ ਦੇ ਪ੍ਰਦੂਸ਼ਿਤ ਮਾਹੌਲ ਤੋਂ ਮੁਕਤ ਕਰਦੀ ਹੈ।

ਵਿਸਾਰ ਦਿੱਤਿਆਂ ਦੀ ਆਰਕਾਈਵ

ਪਾਰੀ ਦੀਆਂ ਸਾਰੀਆਂ ਕਹਾਣੀਆਂ ਇੱਕ ਨਿਸ਼ਚਿਤ ਸਮੇਂ ਵਿੱਚ ਸੈੱਟ ਕੀਤੀਆਂ ਜਾਂਦੀਆਂ ਹਨ, ਪਰ ਆਖ਼ਰਕਾਰ ਅਸੀਂ ਪੱਤਰਕਾਰ ਹਾਂ, ਇਸਲਈ ਸਾਡੇ ਕੋਲ਼ੋਂ ਵੀ ਸਪੇਸ-ਟਾਈਮ ਪਾਰ ਹੋ ਜਾਂਦਾ ਹੈ। ਕਿਉਂਕਿ ਇਹ ਇੱਕ ਨਿਊਜ਼ ਵੈਬਸਾਈਟ ਨਹੀਂ ਹੈ, ਇਹ ਇੱਕ ਆਰਕਾਈਵ ਹੈ। ਸਾਈਨਾਥ ਕਹਿੰਦੇ ਹਨ, "ਹੁਣ ਤੋਂ 25 ਜਾਂ 50 ਸਾਲ ਬਾਅਦ, ਸਾਡੇ ਕੋਲ਼ ਪਾਰੀ ਦੇ ਡਾਟਾਬੇਸ ਤੋਂ ਇਲਾਵਾ ਇਹ ਜਾਣਨ ਦਾ ਹੋਰ ਕੋਈ ਸਾਧਨ ਬਾਕੀ ਨਹੀਂ ਰਹੇਗਾ ਕਿ ਪੇਂਡੂ ਭਾਰਤ ਵਿੱਚ ਲੋਕ ਕਿਵੇਂ ਰਹਿੰਦੇ ਤੇ ਕੰਮ ਕਰਦੇ ਸਨ।''

ਜੁਲਾਈ 2023 ਵਿੱਚ ਜਦੋਂ ਮੁੱਖ ਧਾਰਾ ਮੀਡੀਆ ਦਿੱਲੀ ਵਿੱਚ ਆਏ ਹੜ੍ਹ ਦੇ ਦ੍ਰਿਸ਼ਾਂ ਨਾਲ਼ ਸਰਾਬੋਰ ਸੀ, ਤਦ ਅਸੀਂ ਉਜਾੜੇ ਗਏ ਕਿਸਾਨਾਂ, ਉਨ੍ਹਾਂ ਦੇ ਘਰਾਂ ਦੇ ਮੁੜ-ਨਿਰਮਾਣ ਤੇ ਉਨ੍ਹਾਂ ਦੀ ਰੋਜ਼ੀਰੋਟੀ ਦੇ ਸੰਕਟ ਬਾਰੇ ਲਿਖ ਰਹੇ ਸਾਂ। ਆਮ ਲੋਕਾਂ ਦੀਆਂ ਜ਼ਿੰਦਗੀਆਂ ਤੇ ਉਨ੍ਹਾਂ ਦਾ ਤਾਣਾ-ਪੇਟਾ ਕਾਫ਼ੀ ਪੇਚੀਦਾ ਸੀ ਤੇ ਜੋ ਭਾਵਨਾਤਮਕ ਪੱਧਰ 'ਤੇ ਹੋਰ ਜ਼ਿਆਦਾ ਤਣਾਓ ਭਰੀ ਤੇ ਉਲਝਿਆ ਹੋਇਆ ਸੀ- ਸਾਡੀ ਰਿਪੋਰਟ ਦੇ ਕੇਂਦਰ ਵਿੱਚ ਉਹੀ ਸਨ। ਇਹ ਮਿਥਿਹਾਸ ਸਿਰ ਜਿਊਣ ਵਾਲ਼ੇ ਦੂਰ-ਦੁਰਾਡੇ ਦੇ ਲੋਕ ਨਹੀਂ ਸਨ। ਕੁਝ ਪੀੜ੍ਹੀ ਪਹਿਲਾਂ ਤੀਕਰ ਹਰ ਸ਼ਹਿਰੀ ਭਾਰਤੀ ਕਿਸੇ ਪਿੰਡ ਵਿੱਚ ਹੀ ਰਹਿੰਦਾ ਸੀ। ਪਾਰੀ ਦਾ ਉਦੇਸ਼ ਅਜਿਹੀਆਂ ਕਹਾਣੀਆਂ ਦੀ ਗਿਰੀ ਤੇ ਕਿਰਦਾਰਾਂ ਤੇ ਪਾਠਕਾਂ ਦਰਮਿਆਨ ਸੰਵੇਦਨਾ ਦੇ ਪੁਲ ਬੰਨ੍ਹਣਾ ਤੇ ਅੰਗਰੇਜ਼ੀ ਬੋਲਣ ਵਾਲ਼ੇ ਸ਼ਹਿਰੀ ਭਾਰਤੀਆਂ ਨੂੰ ਪਿੰਡਾਂ ਵਿੱਚ ਰਹਿਣ ਵਾਲ਼ੇ ਆਪਣੇ ਸਮੇਂ ਦੇ ਲੋਕਾਂ ਦੇ ਜੀਵਨ ਵਿੱਚ ਝਾਕਣ ਦੀ ਦ੍ਰਿਸ਼ਟੀ ਪ੍ਰਦਾਨ ਕਰਨਾ ਹੈ; ਤਾਂਕਿ ਹਿੰਦੀ ਪੜ੍ਹ ਸਕਣ ਵਾਲ਼ਾ ਇੱਕ ਕਿਸਾਨ ਦੇਸ਼ ਦੇ ਅੱਡੋ-ਅੱਡ ਹਿੱਸਿਆਂ ਦੇ ਕਿਸਾਨਾਂ ਬਾਰੇ ਜਾਣ ਸਕੇ; ਨੌਜਵਾਨ ਲੋਕ ਇਸ ਇਤਿਹਾਸ ਤੋਂ ਜਾਣੂ ਹੋ ਸਕਣ ਜੋ ਪਾਠਪੁਸਤਕ ਵਿੱਚ ਦਰਜ ਨਹੀਂ ਹੈ; ਤੇ ਖੋਜਾਰਥੀ ਉਨ੍ਹਾਂ ਸ਼ਿਲਪਕਲਾਵਾਂ ਤੇ ਰੋਜ਼ੀ-ਰੋਟੀ ਦੀਆਂ ਪੱਧਤੀਆਂ ਬਾਰੇ ਜਾਣ ਸਕਣ ਜਿਨ੍ਹਾਂ ਨੂੰ ਉਨ੍ਹਾਂ ਦੇ ਸਹਾਰੇ ਹੀ ਛੱਡ ਦਿੱਤਾ ਗਿਆ ਹੈ।

ਪਾਰੀ ਲਈ ਰਿਪੋਰਟਿੰਗ ਕਰਨ ਨੇ ਮੈਨੂੰ ਇੱਕ ਪੱਤਰਕਾਰ ਵਜੋਂ ਵਿਸ਼ੇ ਨੂੰ ਚੰਗੀ ਤਰ੍ਹਾਂ ਸਮਝਣ, ਚਿੰਨ੍ਹਤ ਕਰਨ ਅਤੇ ਇਸ ਦੇ ਵਿਕਾਸ ਦੀ ਜਾਂਚ ਕਰਨ ਦਾ ਵਧੇਰੇ ਮੌਕਾ ਦਿੱਤਾ ਨਾ ਕਿ ਪ੍ਰਸੰਗ ਅਤੇ ਉਦੇਸ਼ ਤੋਂ ਸੱਖਣੇ ਸਤਹੀ ਦ੍ਰਿਸ਼ਟੀਕੋਣ ਤੋਂ ਮੁੱਦਿਆਂ ਨੂੰ ਵੇਖਣਾ ਸਿਖਾਇਆ। ਪਰ ਪਾਰੀ ਵਿੱਚ ਕੰਮ ਕਰਦੇ ਹੋਏ ਅਤੇ ਪੂਰੇ ਭਾਰਤ ਵਿੱਚ ਜਲਵਾਯੂ ਤਬਦੀਲੀ ਦੀ ਲੜੀ ਲਈ ਖੋਜ ਕਰਦੇ ਹੋਏ, ਮੈਨੂੰ ਪਹਿਲੀ ਵਾਰ ਪਤਾ ਲੱਗਾ ਕਿ ਸਿਰਫ਼ 40 ਸਾਲ ਪਹਿਲਾਂ, ਮੇਰੇ ਘਰ ਤੋਂ ਸਿਰਫ਼ ਤਿੰਨ ਕਿਲੋਮੀਟਰ ਦੂਰ ਯਮੁਨਾ ਨਦੀ ਵਿੱਚ ਵੱਡੀ ਗਿਣਤੀ ਵਿੱਚ ਕੱਛੂਏ ਤੇ ਡਾਲਫਿਨ ਰਿਹਾ ਕਰਦੇ ਸਨ। ਮੈਂ ਦਿੱਲੀ ਗਜ਼ਟਿਅਰ (1912) ਦੀ ਪੜਤਾਲ ਕੀਤੀ, ਯਮੁਨਾ ਨਦੀ ਦੇ ਕੰਢੇ ਦੇ ਆਖ਼ਰੀ ਕਿਸਾਨਾਂ ਅਤੇ ਮਛੇਰਿਆਂ ਦੀ ਇੰਟਰਵਿਊ ਕੀਤੀ ਅਤੇ ਅਤੀਤ ਦੇ ਨਾਲ਼ ਵਰਤਮਾਨ ਦੀਆਂ ਤਾਰਾਂ ਜੋੜੀਆਂ, ਤਾਂਕਿ ਮੈਂ ਭਵਿੱਖ ਬਾਰੇ ਸਵਾਲ ਪੁੱਛ ਸਕਾਂ। ਮਹਾਂਮਾਰੀ ਤੋਂ ਬਾਅਦ, ਮੈਂ ਵਿਕਾਸ ਦੇ ਨਾਮ ਹੇਠ ਉਜਾੜੇ ਤੇ 2023 ਦੇ ਹੜ੍ਹਾਂ ਕਾਰਨ ਹੋਈ ਤਬਾਹੀ ਬਾਰੇ ਰਿਪੋਰਟ ਕਰਨ ਲਈ ਵਾਪਸ ਮੁੜੀ। ਇਸ ਤਰੀਕੇ ਨਾਲ਼ ਕੰਮ ਕਰਨ ਦੇ ਨਤੀਜੇ ਵਜੋਂ ਮੈਂ ਇਸ ਸਬੰਧ ਵਿੱਚ ਜੋ ਗਿਆਨ ਅਤੇ ਹੁਨਰ ਵਿਕਸਿਤ ਕੀਤੇ ਹਨ, ਉਨ੍ਹਾਂ ਨੇ ਮੈਨੂੰ 'ਪੈਰਾਸ਼ੂਟ ਰਿਪੋਰਟਿੰਗ' ਨਾ ਕਰਨ ਲਈ ਪ੍ਰੇਰਿਤ ਕੀਤਾ ਹੈ (ਭਾਵ, ਸਥਾਨਕ ਲੋਕਾਂ ਨਾਲ਼ ਗੱਲਬਾਤ ਕੀਤੇ ਬਿਨਾਂ ਕਿਸੇ ਆਫ਼ਤ ਦੀ ਰਿਪੋਰਟ ਕਰਨ ਲਈ ਭੱਜਣਾ)। ਇਹ ਇੱਕ ਪੱਤਰਕਾਰ ਵਜੋਂ ਮੇਰੀ ਸਿੱਖਿਆ ਦਾ ਵਿਸਥਾਰ ਕਰਦਾ ਹੈ, ਇਨ੍ਹਾਂ ਮੁੱਦਿਆਂ ਬਾਰੇ ਗੱਲ ਕਰਨ ਲਈ ਕੁਝ ਵਿਸ਼ਵਾਸ ਪੈਦਾ ਕਰਦਾ ਹੈ ਅਤੇ ਮੈਨੂੰ ਉਚਿਤ ਮੰਚਾਂ ਅਤੇ ਵਿਚਾਰ ਵਟਾਂਦਰੇ ਵਿੱਚ ਇਨ੍ਹਾਂ ਮੁੱਦਿਆਂ 'ਤੇ ਬੋਲਣ ਦੀ ਯੋਗਤਾ ਦਿੰਦਾ ਹੈ - ਇਸ ਤਰ੍ਹਾਂ ਚੀਜ਼ਾਂ ਨੂੰ ਵਧੇਰੇ ਵਿਆਪਕ ਰੂਪ ਵਿੱਚ ਵੇਖਣ ਦੇ ਯੋਗ ਬਣਾਉਂਦਾ ਹੈ।

PHOTO • People's Archive of Rural India
PHOTO • Shalini Singh

ਦਿੱਲੀ ਵਿੱਚ ਯਮੁਨਾ ਨਦੀ ਬਾਰੇ ਸ਼ਾਲਿਨੀ ਸਿੰਘ ਦੀਆਂ ਰਿਪੋਰਟਾਂ ਮੁੱਖ ਤੌਰ 'ਤੇ ਜਲਵਾਯੂ ਤਬਦੀਲੀ ਦੇ ਵਿਗਿਆਨ ਬਾਰੇ ਹਨ, ਪਰ ਇਹ ਰਿਪੋਰਟਾਂ ਜਲਵਾਯੂ ਤਬਦੀਲੀ ਤੋਂ ਪ੍ਰਭਾਵਿਤ ਲੋਕਾਂ ਦੀ ਆਵਾਜ਼ ਨੂੰ ਮਜ਼ਬੂਤੀ ਨਾਲ਼ ਗੂੰਜਣ ਦੀ ਥਾਂ ਦਿੰਦੀਆਂ ਹਨ

ਪਾਰੀ ਦੀਆਂ ਰਿਪੋਰਟਾਂ ਵਿੱਚ ਆਉਣ ਵਾਲ਼ੇ ਲੋਕ ਉਹ ਹਨ ਜੋ ਵੱਖ-ਵੱਖ ਪੱਧਰਾਂ ਅਤੇ ਪਰਤਾਂ 'ਤੇ ਆਰਥਿਕ ਅਤੇ ਸਮਾਜਿਕ ਮੁਸ਼ਕਲਾਂ ਦਾ ਅਨੁਭਵ ਕਰਦੇ ਹਨ। ਇਨਸਾਨ ਦਾ ਫਰਜ਼ ਬਣਦਾ ਹੈ ਕਿ ਉਹ ਇਨ੍ਹਾਂ ਲੋਕਾਂ ਦੀ ਜ਼ਿੰਦਗੀ ਸੁਣੇ। ਪਾਰੀ ਦੀਆਂ ਰਿਪੋਰਟਾਂ ਵਿੱਚ, ਇਹ ਉਹ ਲੋਕ ਹਨ ਜੋ ਆਪਣੀਆਂ ਕਹਾਣੀਆਂ ਦੱਸਦੇ ਹਨ। ਮੈਂ ਯਮੁਨਾ ਨਦੀ ਦੇ ਕਿਨਾਰੇ ਕਿਸਾਨਾਂ ਨਾਲ਼ ਗੱਲ ਕੀਤੀ ਅਤੇ ਉਨ੍ਹਾਂ ਨਾਲ਼ ਉਸ ਰਿਪੋਰਟ ਦਾ ਹਿੰਦੀ ਸੰਸਕਰਣ ਸਾਂਝਾ ਕੀਤਾ ਜੋ ਮੈਂ ਉਨ੍ਹਾਂ ਬਾਰੇ ਬਣਾਈ ਸੀ। ਮੈਨੂੰ ਉਨ੍ਹਾਂ ਦੀ ਫੀਡਬੈਕ ਵੀ ਮਿਲੀ। ਲੋਕਾਂ ਨੂੰ ਸਿਰਫ਼ ਇਸ ਲਈ ਸਾਡੇ ਕਰਜ਼ਦਾਰ ਹੋਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਅਸੀਂ ਪੱਤਰਕਾਰ ਹਾਂ ਅਤੇ ਅਸੀਂ ਉਨ੍ਹਾਂ ਦੀਆਂ ਕਹਾਣੀਆਂ ਲਿਖਦੇ ਹਾਂ; ਜੇ ਲੋਕ ਸਾਡੇ ਨਾਲ਼ ਆਪਣੀ ਜ਼ਿੰਦਗੀ ਬਾਰੇ ਖੁੱਲ੍ਹ ਕੇ ਗੱਲ ਕਰਨਾ ਚਾਹੁੰਦੇ ਹਨ, ਤਾਂ ਸਾਨੂੰ ਪਹਿਲਾਂ ਉਨ੍ਹਾਂ ਦਾ ਵਿਸ਼ਵਾਸ ਜਿੱਤਣਾ ਚਾਹੀਦਾ ਹੈ।

ਪੱਤਰਕਾਰੀ ਦੀ ਤਰ੍ਹਾਂ, ਕਲਾ ਵਿੱਚ ਸਮਾਜਿਕ ਖੇਤਰ 'ਤੇ ਚਾਨਣਾ ਪਾਉਣ ਅਤੇ ਸੰਵਾਦ ਦੇ ਮੌਕੇ ਪੈਦਾ ਕਰਨ ਦੀ ਸ਼ਕਤੀ ਹੈ। ਇਸੇ ਸੋਚ ਨਾਲ਼, ਪਾਰੀ ਰਚਨਾਤਮਕ ਲਿਖਤ 'ਤੇ ਜ਼ੋਰ ਦਿੰਦੀ ਹੈ। ਪਾਰੀ ਦੇ ਕਵਿਤਾ ਵਿਭਾਗ ਦੀ ਸੰਪਾਦਕ ਪ੍ਰਤਿਸ਼ਠਾ ਪਾਂਡਿਆ ਕਹਿੰਦੀ ਹਨ, "ਪਾਰੀ ਵਿੱਚ ਹਮੇਸ਼ਾਂ ਸਰਲ, ਡੂੰਘੀ, ਗੈਰ-ਰਵਾਇਤੀ ਕਵਿਤਾ ਲਈ ਜਗ੍ਹਾ ਰਹੀ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪੇਂਡੂ ਭਾਰਤ ਦੇ ਕੇਂਦਰ ਤੋਂ ਆਉਂਦੀਆਂ ਹਨ ਅਤੇ ਕਈ ਭਾਸ਼ਾਵਾਂ ਵਿੱਚ ਪ੍ਰਗਟ ਕੀਤੀਆਂ ਜਾਂਦੀਆਂ ਹਨ।'' ਇੱਕ ਪੱਤਰਕਾਰ ਹੋਣ ਦੇ ਨਾਤੇ, ਮੈਂ ਕਵਿਤਾ ਵੱਲ ਮੁੜਦੀ ਹਾਂ ਜਦੋਂ ਮੈਨੂੰ ਲੱਗਦਾ ਹੈ ਕਿ ਮੈਂ ਉਸ ਤਰੀਕੇ ਨਾਲ਼ ਕਹਾਣੀ ਨਹੀਂ ਦੱਸ ਪਾਉਂਦੀ ਜੋ ਮੈਂ ਰਿਪੋਰਟਿੰਗ ਦੀ ਭਾਸ਼ਾ ਵਿੱਚ ਦੱਸਣਾ ਚਾਹੁੰਦੀ ਹਾਂ।

ਲੋਕ-ਹਿੱਤ ਲਈ

ਪੱਤਰਕਾਰੀ ਲੋਕਤੰਤਰ ਲਈ ਇੱਕ ਸ਼ਰਤ ਹੈ; ਉਸ ਦਾ ਧਰਮ ਸੱਚ ਦਾ ਪਤਾ ਲਗਾਉਣਾ, ਸੰਪਾਦਨ ਦੇ ਮਿਆਰਾਂ ਨੂੰ ਕਾਇਮ ਰੱਖਣਾ ਅਤੇ ਅਧਿਕਾਰ ਦੇ ਵਿਰੁੱਧ ਸੱਚ ਦੱਸਣਾ ਹੈ - ਇਨ੍ਹਾਂ ਸਾਰਿਆਂ ਦਾ ਪੱਤਰਕਾਰੀ ਪ੍ਰਕਿਰਿਆ ਨਾਲ਼ ਅਟੁੱਟ ਸੰਬੰਧ ਹੈ. ਪਰ ਸੋਸ਼ਲ ਮੀਡੀਆ ਅਤੇ ਪੱਤਰਕਾਰੀ ਦੇ ਨਵੇਂ ਰੂਪਾਂ ਦੇ ਵਿੱਚਕਾਰ, ਇਹ ਬੁਨਿਆਦੀ ਸਿਧਾਂਤ ਅਲੋਪ ਹੋਣ ਜਾ ਰਹੇ ਹਨ। ਛੋਟੇ ਨਿਊਜ਼ ਸੰਗਠਨਾਂ ਅਤੇ ਸੁਤੰਤਰ ਪੱਤਰਕਾਰਾਂ ਕੋਲ ਹੁਣ ਆਪਣੀ ਆਵਾਜ਼ ਸੁਣਾਉਣ ਲਈ ਯੂਟਿਊਬ ਵਰਗੇ ਪਲੇਟਫ਼ਾਰਮ ਹਨ, ਪਰ ਬਹੁਤ ਸਾਰੇ ਅਜੇ ਵੀ ਜ਼ਮੀਨੀ ਰਿਪੋਰਟਿੰਗ, ਦਰਸ਼ਕਾਂ ਦੀ ਗਿਣਤੀ ਵਧਾਉਣ ਅਤੇ ਚੰਗੀ ਆਮਦਨੀ ਕਮਾਉਣ ਦੇ ਲਾਭਾਂ ਨੂੰ ਪੂਰਾ ਕਰਨ ਵਿੱਚ ਅਸਮਰੱਥ ਹਨ।

''ਪਾਰੀ ਅਤੇ ਇਸ ਦੇ ਪੱਤਰਕਾਰ ਲੋਕਤੰਤਰ ਦੇ ਚੌਥੇ ਥੰਮ੍ਹ ਦੀ ਰੱਖਿਆ ਕਰ ਰਹੇ ਹਨ, ਅਸੀਂ ਮਿਰਤ-ਉਲ-ਅਕਬਰ (ਸਮਾਜ ਸੁਧਾਰਕ ਰਾਜਾ ਰਾਮ ਮੋਹਨ ਰਾਏ ਦੁਆਰਾ ਸਥਾਪਿਤ ਅਖ਼ਬਾਰ, ਜਿਸ ਨੇ ਬ੍ਰਿਟਿਸ਼ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ ਸੀ), ਕੇਸਰੀ (1881 ਵਿੱਚ ਆਜ਼ਾਦੀ ਘੁਲਾਟੀਏ ਬਾਲ ਗੰਗਾਧਰ ਤਿਲਕ ਦੁਆਰਾ ਸਥਾਪਿਤ ਰਸਾਲੇ) ਅਤੇ ਆਜ਼ਾਦੀ ਸੰਗਰਾਮ ਦੌਰਾਨ ਹੋਰ ਰਸਾਲਿਆਂ ਦੀ ਵਿਰਾਸਤ ਨੂੰ ਜਾਰੀ ਰੱਖ ਰਹੇ ਹਾਂ। ਪਰ ਸਾਡੀ ਵਿੱਤੀ ਸਥਿਤੀ ਇੰਨੀ ਮਜ਼ਬੂਤ ਨਹੀਂ ਹੈ ਅਤੇ ਆਪਣੇ ਇਸ ਕੰਮ ਤੋਂ ਇਲਾਵਾ, ਅਸੀਂ ਆਪਣੀ ਕਮਾਈ ਦੀ ਪੂਰਤੀ ਲਈ ਕਿਤੇ ਹੋਰ ਛੋਟੇ-ਮੋਟੇ ਕੰਮ ਕਰਦੇ ਹਾਂ," ਪਾਰੀ ਦੇ ਤਕਨੀਕੀ ਸੰਪਾਦਕ ਸਿਧਾਰਥ ਅਡੇਲਕਰ ਕਹਿੰਦੇ ਹਨ।

PHOTO • Sanskriti Talwar
PHOTO • M. Palani Kumar

ਖੇਤੀਬਾੜੀ ਦੀਆਂ ਖ਼ਬਰਾਂ ਸਿਰਫ਼ ਖੇਤੀਬਾੜੀ ਮਸਲਿਆਂ ਬਾਰੇ ਹੀ ਨਹੀਂ ਹਨ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ (ਖੱਬੇ) ਵਿੱਚ ਬੇਜ਼ਮੀਨੇ ਦਲਿਤ ਖੇਤ ਮਜ਼ਦੂਰਾਂ ਦੇ ਬੱਚੇ ਛੋਟੀ ਉਮਰ ਤੋਂ ਹੀ ਖੇਤਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ। ਪਾਰੀ ਬਹੁਤ ਸਾਰੇ ਵਿਭਿੰਨ ਪੇਸ਼ਿਆਂ ਅਤੇ ਰੋਜ਼ੀ-ਰੋਟੀ ਦੇ ਵਸੀਲਿਆਂ 'ਤੇ ਰਿਪੋਰਟਾਂ ਅਤੇ ਫ਼ੋਟੋਆਂ ਪ੍ਰਕਾਸ਼ਤ ਕਰਦੀ ਹੈ। ਗੋਵਿੰਦੰਮਾ (ਸੱਜੇ) ਚੇਨਈ ਦੀ ਬਕਿੰਘਮ ਨਹਿਰ ਵਿੱਚ ਕੇਕੜਿਆਂ ਦੀ ਭਾਲ਼ ਵਿੱਚ ਤੁਰ ਰਹੀ ਹੈ

PHOTO • Ritayan Mukherjee
PHOTO • Shrirang Swarge

ਜਿਹੜੇ ਭਾਈਚਾਰੇ ਆਪਣੀ ਰੋਜ਼ੀ-ਰੋਟੀ ਲਈ ਜ਼ਮੀਨ 'ਤੇ ਨਿਰਭਰ ਕਰਦੇ ਹਨ, ਉਹ ਜਲਵਾਯੂ ਤਬਦੀਲੀ ਅਤੇ ਸਰਕਾਰ ਦੀਆਂ ਪੱਖਪਾਤੀ ਨੀਤੀਆਂ ਵਿਰੁੱਧ ਲੜ ਰਹੇ ਹਨ। ਚਾਂਗਪਾ ਲੋਕ (ਖੱਬੇ), ਲੱਦਾਖ ਵਿੱਚ ਕਸ਼ਮੀਰੀ ਕੱਪੜੇ ਬਣਾਉਣ ਵਾਲ਼ੇ ਅਤੇ ਮੁੰਬਈ ਵਿੱਚ ਆਦਿਵਾਸੀ ਜੰਗਲਾਤ ਅਧਿਕਾਰਾਂ ਦੀ ਮੰਗ ਨੂੰ ਲੈ ਕੇ ਮਾਰਚ ਕਰ ਰਹੇ ਹਨ

ਇੱਕ ਗੈਰ-ਮੁਨਾਫਾ ਪੱਤਰਕਾਰੀ ਸੰਗਠਨ ਹੋਣ ਦੇ ਨਾਤੇ, ਪਾਰੀ ਜਨਤਕ ਯੋਗਦਾਨ, ਵੱਖ-ਵੱਖ ਫਾਊਂਡੇਸ਼ਨਾਂ ਤੋਂ ਪ੍ਰੋਜੈਕਟ ਫੰਡ, ਸੀਆਰਐਸ ਫੰਡ, ਟਰੱਸਟਾਂ ਤੋਂ ਦਾਨ ਅਤੇ ਤਕਨਾਲੋਜੀ ਵਰਗੇ ਖੇਤਰਾਂ ਵਿੱਚ ਵਲੰਟੀਅਰਾਂ ਦੇ ਸਾਥ 'ਤੇ ਨਿਰਭਰ ਕਰਦੀ ਹੈ। ਪਾਰੀ ਨੂੰ ਪੱਤਰਕਾਰੀ ਦੇ ਖੇਤਰ ਵਿੱਚ ਉਸਦੇ ਯੋਗਦਾਨ ਲਈ ਪ੍ਰਾਪਤ 63 ਪੁਰਸਕਾਰਾਂ ਰਾਹੀਂ ਲਗਭਗ 5 ਲੱਖ ਰੁਪਏ ਵੀ ਮਿਲੇ ਹਨ। ਹਾਲਾਂਕਿ ਮੁੱਖ ਧਾਰਾ ਦਾ ਮੀਡੀਆ ਆਪਣੇ ਲਈ ਜਾਣਿਆ ਜਾਂਦਾ ਹੈ ਜੋ ਸਵੈ-ਪ੍ਰਚਾਰ ਅਤੇ ਸਵੈ-ਪ੍ਰੇਮ (ਨਾਰਸਿਜ਼ਮ) ਦੇ ਹੱਥਕੰਡਿਆਂ ਵਿੱਚ ਵਿਸ਼ਵਾਸ ਰੱਖਦਾ ਹੈ, ਅਤੇ ਸੱਤਾ ਦੇ ਗਲਿਆਰਿਆਂ ਵਿੱਚ ਪੇਸ਼ ਹੋਣ ਵਿੱਚ ਰੁੱਝਿਆ ਹੋਇਆ ਹੈ, ਪਾਰੀ ਕਿਸੇ ਵੀ ਕਿਸਮ ਦੇ ਇਸ਼ਤਿਹਾਰਬਾਜ਼ੀ ਦੀ ਆਗਿਆ ਨਹੀਂ ਦਿੰਦਾ ਜਾਂ ਕਿਸੇ ਵੀ ਵਿਅਕਤੀ ਜਾਂ ਸੰਸਥਾ ਤੋਂ ਵਿੱਤੀ ਸਹਾਇਤਾ ਸਵੀਕਾਰ ਨਹੀਂ ਕਰਦਾ ਜੋ ਇਸਦੇ ਕੰਮਕਾਜ ਅਤੇ ਉਦੇਸ਼ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਕਦਰਾਂ-ਕੀਮਤਾਂ ਦੇ ਮਾਮਲੇ ਵਿੱਚ, ਪਾਰੀ ਜਨਤਾ ਦੇ ਆਰਥਿਕ ਸਮਰਥਨ ਨਾਲ ਪੂਰੀ ਤਰ੍ਹਾਂ ਸਰਗਰਮ ਹੈ ਅਤੇ ਸਿਰਫ ਆਪਣੇ ਪਾਠਕਾਂ ਪ੍ਰਤੀ ਜਵਾਬਦੇਹ ਹੈ।

ਸਾਡੀ ਮੌਜੂਦਾ ਸਾਰੀ ਸਮੱਗਰੀ ਜਨਤਕ ਹੈ; ਭਾਵ, ਕਿਸੇ ਵੀ ਚੀਜ਼ ਲਈ ਭੁਗਤਾਨ ਕਰਨ ਦੀ ਜ਼ਰੂਰਤ ਨਹੀਂ ਹੈ ਅਤੇ ਕਿਸੇ ਵੀ ਟੈਕਸਟ, ਚਿੱਤਰ ਆਦਿ ਨੂੰ ਉਚਿਤ ਕ੍ਰੈਡਿਟ ਨਾਲ਼ ਮੁਫਤ ਵਿੱਚ ਦੁਬਾਰਾ ਪ੍ਰਕਾਸ਼ਤ ਕੀਤਾ ਜਾ ਸਕਦਾ ਹੈ। ਹਰੇਕ ਰਿਪੋਰਟ ਦਾ ਪਾਰੀ ਦੀ ਅਨੁਵਾਦ-ਟੀਮ, 'ਪਾਰੀਭਾਸ਼ਾ' ਦੁਆਰਾ ਅੰਗਰੇਜ਼ੀ ਸਮੇਤ 15 ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾਂਦਾ ਹੈ। ਪਾਰੀਭਾਸ਼ਾ ਦੀ ਸੰਪਾਕਦ ਸਮਿਤ ਖਟੋਰ ਕਹਿੰਦੀ ਹਨ,''ਭਾਸ਼ਾ ਵਿਭਿੰਨਤਾ ਦਾ ਸਾਧਨ ਹੈ। ਮੈਂ ਅਨੁਵਾਦ ਨੂੰ ਸਮਾਜਿਕ ਨਿਆਂ ਦੇ ਨਜ਼ਰੀਏ ਤੋਂ ਵੇਖਦੀ ਹਾਂ। ਭਾਰਤ ਇੱਕ ਬਹੁ-ਭਾਸ਼ਾਈ ਖੇਤਰ ਹੈ। ਅਨੁਵਾਦ ਰਾਹੀਂ ਗਿਆਨ ਫੈਲਾਉਣਾ ਸਾਡੀ ਜ਼ਿੰਮੇਵਾਰੀ ਹੈ। ਪਾਰੀ ਦੇ ਅਨੁਵਾਦ ਪ੍ਰੋਜੈਕਟ ਦਾ ਅਧਾਰ ਭਾਸ਼ਾ ਦਾ ਲੋਕਤੰਤਰੀਕਰਨ ਹੈ। ਅਸੀਂ ਦੁਨੀਆ ਦੇ ਸਭ ਤੋਂ ਗੁੰਝਲਦਾਰ ਅਤੇ ਵਿਭਿੰਨ ਭਾਸ਼ਾਈ ਪ੍ਰਦੇਸ਼ ਦੇ ਇੱਕ ਭਾਸ਼ਾ 'ਤੇ ਨਿਯੰਤਰਣ ਕਰਨ ਦੇ ਸਿਧਾਂਤ ਦੇ ਵਿਰੁੱਧ ਹਾਂ।''

ਪਾਰੀ ਦਾ ਇੱਕ ਹੋਰ ਟੀਚਾ ਹਰ ਉਮਰ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਸਵੈ-ਨਿਰਮਿਤ ਵਿਦਿਅਕ ਸਮੱਗਰੀ ਦਾ ਸੰਗ੍ਰਹਿ ਬਣਾਉਣਾ ਹੈ। ਪਾਰੀ ਦਾ ਸਿੱਖਿਆ ਵਿਭਾਗ ਸ਼ਹਿਰੀ ਖੇਤਰਾਂ ਵਿੱਚ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਨਾਲ਼ ਨਿਯਮਤ ਤੌਰ 'ਤੇ ਗੱਲਬਾਤ ਕਰਦਾ ਹੈ, ਉਨ੍ਹਾਂ ਨੂੰ ਸਿਖਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਇੱਕ ਸੱਚਾ ਗਲੋਬਲ ਨਾਗਰਿਕ ਬਣਨ ਦਾ ਮਤਲਬ ਨਾ ਸਿਰਫ਼ ਇੱਕ ਵਿਦੇਸ਼ੀ ਭਾਸ਼ਾ ਵਿੱਚ ਮੁਹਾਰਤ ਹਾਸਲ ਕਰਨਾ ਅਤੇ ਵਿਸ਼ਵ ਦੀਆਂ ਘਟਨਾਵਾਂ ਬਾਰੇ ਜਾਣਨਾ ਹੈ, ਬਲਕਿ ਘਰ ਤੋਂ 30-50-100 ਕਿਲੋਮੀਟਰ ਦੇ ਅੰਦਰ ਰਹਿਣ ਵਾਲ਼ੇ ਲੋਕਾਂ ਬਾਰੇ ਵੀ ਹੈ। ਜਿਹੜੇ ਲੋਕ ਦੂਜੀ ਭਾਰਤੀ ਭਾਸ਼ਾ ਬੋਲਦੇ ਹਨ, ਉਨ੍ਹਾਂ ਨੂੰ ਅਸਲੀਅਤ ਦੀ ਸਹੀ ਸਮਝ ਹੋਣੀ ਚਾਹੀਦੀ ਹੈ। "ਅਸੀਂ ਵਿਦਿਆਰਥੀ ਰਿਪੋਰਟਾਂ (ਪਾਰੀ ਵਿੱਚ ਪ੍ਰਕਾਸ਼ਿਤ) ਨੂੰ ਪਾਰੀ ਦੀ ਵਿਦਿਅਕ ਨੀਤੀ ਦੇ ਰੂਪ ਵਜੋਂ ਵੇਖਦੇ ਹਾਂ, ਜੋ ਤਜ਼ਰਬੇ ਦੇ ਗਿਆਨ 'ਤੇ ਅਧਾਰਤ ਹੈ, ਬੱਚਿਆਂ ਨੂੰ ਸਮਾਜ ਸੁਧਾਰ 'ਤੇ ਸਵਾਲ ਚੁੱਕਣਾ ਸਿਖਾਉਂਦੀ ਹੈ, ਉਨ੍ਹਾਂ ਨੂੰ ਸੋਚਣਾ ਸਿਖਾਉਂਦੀ ਹੈ: ਲੋਕਾਂ ਨੂੰ ਪਰਵਾਸ ਕਰਨ ਲਈ ਮਜ਼ਬੂਰ ਕਿਉਂ ਕੀਤਾ ਜਾਂਦਾ ਹੈ? ਚਾਹ ਦੇ ਬਾਗ ਵਿੱਚ ਔਰਤ ਕਾਮਿਆਂ ਲਈ ਨੇੜੇ ਪਖਾਨੇ ਦੀ ਸਹੂਲਤ ਕਿਉਂ ਨਹੀਂ ਹੈ? ਜਿਵੇਂ ਕਿ ਇੱਕ ਕਿਸ਼ੋਰ ਕੁੜੀ ਨੇ ਤਾਂ ਇੱਥੋਂ ਤੱਕ ਪੁੱਛ ਲਿਆ ਕਿ ਉਤਰਾਖੰਡ ਵਿੱਚ ਉਸ ਦੇ ਰਿਸ਼ਤੇਦਾਰ ਅਤੇ ਗੁਆਂਢੀ ਔਰਤਾਂ ਨੂੰ ਮਾਹਵਾਰੀ ਦੌਰਾਨ 'ਅਪਵਿੱਤਰ' ਕਿਉਂ ਮੰਨਦੇ ਹਨ? ਪਾਰੀ ਦੀ ਕਾਰਜਕਾਰੀ ਸੰਪਾਦਕ ਪ੍ਰੀਤੀ ਡੇਵਿਡ ਨੇ ਆਪਣੀ ਕਲਾਸ ਦੇ ਮੁੰਡਿਆਂ ਨੂੰ ਵੀ ਇਹੀ ਪੁੱਛਿਆ ਕਿ ਜੇਕਰ ਉਨ੍ਹਾਂ ਨਾਲ਼ ਵੀ ਇਹੀ ਸਲੂਕ ਹੋਵੇ ਤਾਂ ਉਨ੍ਹਾਂ ਨੂੰ ਕੈਸਾ ਲੱਗੇਗਾ।

ਪੇਂਡੂ ਭਾਰਤ ਲੋਕਾਂ, ਭਾਸ਼ਾਵਾਂ, ਰੋਜ਼ੀ-ਰੋਟੀ, ਕਲਾ ਰੂਪਾਂ ਅਤੇ ਹੋਰ ਬਹੁਤ ਕੁਝ ਦੀਆਂ ਬਹੁ-ਰੰਗੀ, ਬਹੁ-ਆਯਾਮੀ ਕਹਾਣੀਆਂ ਨਾਲ਼ ਭਰਿਆ ਹੋਇਆ ਹੈ। ਪਾਰੀ ਸਾਡੀ 'ਭਵਿੱਖ ਦੀ ਪਾਠ ਪੁਸਤਕ' ਹੈ ਜਿੱਥੇ ਲਗਾਤਾਰ ਬਦਲਦੀਆਂ, ਖ਼ਤਰੇ ਵਿੱਚ ਪਈਆਂ ਕਹਾਣੀਆਂ ਨੂੰ ਦਸਤਾਵੇਜ਼ਬੱਧ ਕੀਤਾ ਜਾ ਰਿਹਾ ਹੈ, ਇਕੱਤਰ ਕੀਤਾ ਜਾ ਰਿਹਾ ਹੈ, ਵੱਖ-ਵੱਖ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾ ਰਿਹਾ ਹੈ ਅਤੇ ਪੇਂਡੂ ਪੱਤਰਕਾਰੀ ਨੂੰ ਸਕੂਲਾਂ ਅਤੇ ਕਾਲਜਾਂ ਦੇ ਕਲਾਸਰੂਮਾਂ ਵਿੱਚ ਪਹੁੰਚਾਇਆ ਜਾ ਰਿਹਾ ਹੈ। ਅਡੇਲਕਰ ਕਹਿੰਦੇ ਹਨ ਕਿ ਪਾਰੀ ਦਾ ਟੀਚਾ ਇੱਕ ਦਿਨ ਭਾਰਤ ਦੇ 95 ਇਤਿਹਾਸਕ ਖੇਤਰਾਂ ਵਿੱਚ ਘੱਟੋ ਘੱਟ ਇੱਕ ਪਾਰੀ ਰਿਸਰਚ ਫੈਲੋ ਰੱਖਣਾ ਹੈ, ਤਾਂਕਿ ਉਹ ''ਜੁਝਾਰੂ ਅਤੇ ਸੰਘਰਸ਼ਸ਼ੀਲ ਆਮ ਲੋਕਾਂ ਦੀਆਂ ਜੀਵਨ ਕਹਾਣੀਆਂ ਸੁਣਾ ਸਕੇ, ਕਿਉਂਕਿ ਉਹ ਹੀ ਇਸ ਦੇਸ਼ ਦੀ ਆਤਮਾ ਤੇ ਦਿਲ ਹਨ।'' ਸਾਡੇ ਲਈ ਪਾਰੀ-ਵਾਰ ਸਿਰਫ਼ ਪੱਤਰਕਾਰਤਾ ਨਹੀਂ ਹੈ, ਸਗੋਂ ਸਾਡੇ ਜਿਊਂਦੇ ਰਹਿਣ ਦੀ ਪੱਧਤੀ ਹੈ, ਇਹ ਸਾਡੇ ਲਈ ਮਨੁੱਖ ਬਣੇ ਰਹਿਣ ਦਾ ਰਾਹ ਵੀ ਹੈ।

ਇਹ ਲੇਖ ਸਭ ਤੋਂ ਪਹਿਲਾਂ ਡਾਰਕ ਇਨ ' ਲਾਈਟ ਦੁਆਰਾ ਪੇਸ਼ ਕੀਤਾ ਜਾ ਚੁੱਕਿਆ ਹੈ ਤੇ ਮੂਲ਼ ਰੂਪ ਵਿੱਚ ਉਨ੍ਹਾਂ ਦੀ ਵੈੱਬਸਾਈਟ ' ਤੇ ਦਸੰਬਰ 2023 ਵਿੱਚ ਪ੍ਰਕਾਸ਼ਤ ਹੋਇਆ ਸੀ।

ਤਰਜਮਾ: ਕਮਲਜੀਤ ਕੌਰ

Shalini Singh

Shalini Singh is a founding trustee of the CounterMedia Trust that publishes PARI. A journalist based in Delhi, she writes on environment, gender and culture, and was a Nieman fellow for journalism at Harvard University, 2017-2018.

Other stories by Shalini Singh
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur