ਕਿਸੇ ਪਾਸੇ ਕੋਈ ਗੋਲ਼ੀਬਾਰੀ ਨਹੀਂ ਹੋਈ ਪਰ ਮੀਡੀਆ ਚੈਨਲਾਂ ਦੀਆਂ ਰੰਗ-ਬਿਰੰਗੀਆਂ ਪੱਟੀਆਂ 'ਤੇ ਚੱਲੀਆਂ ਇਨ੍ਹਾਂ ਸੁਰਖੀਆਂ ਨੇ ਗੱਲ ਨੂੰ ਕੋਈ ਹੋਰ ਹੀ ਮੋੜ ਦੇ ਦਿੱਤਾ- ''ਪੁਲਿਸ ਦੀ ਇੱਕ ਗੋਲ਼ੀ ਨਾਲ਼ ਕਿਸਾਨ ਦੀ ਮੌਤ।'' ਬਹਾਦਰ ਸ਼ਾਹ ਜਫ਼ਰ ਮਾਰਗ ਵਿਖੇ ਇਸ ਅਖੌਤੀ ''ਹੱਤਿਆ'' ਦੀ ਖ਼ਬਰ ਅੱਖ ਦੇ ਫਰੱਕੇ ਨਾਲ਼ ਸ਼ੋਸਲ ਮੀਡਿਆ 'ਤੇ ਵਾਇਰਲ ਹੋ ਗਈ। ਗੋਲ਼ੀ ਨਾਲ਼ ਮੌਤ ਹੋਈ ਹੀ ਨਹੀਂ ਸੀ। ਪਰ, ਇਸ ਅਫ਼ਵਾਹ ਨੇ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਦਿੱਲੀ ਦੇ ਪ੍ਰਸਿੱਧ ਇਨਕਮ ਟੈਕਸ ਦਫ਼ਤਰ (ਆਈਟੀਓ) ਜੰਕਸ਼ਨ ਵੱਲ ਜਾਣ ਵਾਲ਼ੇ ਪ੍ਰਦਰਸ਼ਨਕਾਰੀਆਂ ਦੇ ਉਨ੍ਹਾਂ ਵੱਖ ਹੋ ਗੁੱਟਾਂ ਦਰਮਿਆਨ ਵਹਿਮ ਅਤੇ ਅਰਾਜਕਤਾ ਫ਼ੈਲਾ ਦਿੱਤੀ। ਸੰਭਵ ਹੈ ਇਸੇ ਅਫ਼ਵਾਹ ਨੇ ਲਾਲ ਕਿਲ੍ਹੇ ਜਿਹੀਆਂ ਹੋਰਨਾਂ ਥਾਵਾਂ 'ਤੇ ਮੱਚੀ ਹਿੰਸਕ ਤੜਥੱਲੀ ਨੂੰ ਹੱਲ੍ਹਾਸ਼ੇਰੀ ਦਿੱਤੀ ਹੋਵੇਗੀ।

ਹਰ ਥਾਂ ਇਹੀ ਖ਼ਬਰ ਸੀ ਕਿ ਟਰੈਕਟਰ ਚਲਾਉਂਦੇ ਇੱਕ ਨੌਜਵਾਨ ਕਿਸਾਨ ਦੀ ਪੁਲਿਸ ਦੁਆਰਾ ਪੁਆਇੰਟ-ਬਲੈਂਕ ਰੇਂਜ ਨਾਲ਼ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜ਼ਾਹਰ ਹੈ ਕਿ ਸੋਸ਼ਲ ਮੀਡਿਆ 'ਤੇ ਇਸ ਫ਼ੈਲਦੀ ਖ਼ਬਰ ਦੀ ਪੜਚੋਲ਼ ਕਰਨੀ ਜ਼ਰੂਰੀ ਨਹੀਂ ਸਮਝੀ। ਛੇਤੀ ਹੀ ਇਹ ਖ਼ਬਰ ਟੀਵੀ ਚੈਨਲਾਂ ਵਿੱਚ ਵੀ ਚਲਾ ਦਿੱਤੀ ਗਈ। ਘਟਨਾ ਦੀ ਥਾਂ 'ਤੇ ਮੌਜੂਦ ਲੋਕ ਇਸ ਗੋਲ਼ੀਕਾਂਡ ਦੀ ਅਤੇ ਪੁਲਿਸ ਦੀਆਂ ਕਰਤੂਤਾਂ ਦੀ ਸਖ਼ਤ ਬੋਲਾਂ ਵਿੱਚ ਨਿਖੇਧੀ ਕਰ ਰਹੇ ਸਨ ਅਤੇ ਦੂਜੇ ਪਾਸੇ ਆਈਟੀਓ ਜੰਕਸ਼ਨ ਦੇ ਨੇੜੇ ਪ੍ਰਦਰਸ਼ਨਕਾਰੀ ਥਾਂ-ਥਾਂ ਫ਼ੈਲਦੇ ਜਾ ਰਹੇ ਸਨ।

ਦਰਅਸਲ, ਮ੍ਰਿਤਕ ਦੀ ਪਛਾਣ 45 ਸਾਲਾ ਨਵਨੀਤ ਸਿੰਘ ਦੇ ਰੂਪ ਵਿੱਚ ਕੀਤੀ ਗਈ, ਜਿਨ੍ਹਾਂ ਦੀ ਮੌਤ ਟਰੈਕਟਰ ਪਲਟਣ ਕਰਕੇ ਹੋਈ ਸੀ ਨਾ ਕਿ ਪੁਲਿਸ ਵੱਲੋਂ ਚਲਾਈ ਗੋਲ਼ੀ ਨਾਲ਼। ਜਦੋਂ ਤੀਕਰ ਇਹ ਖ਼ਬਰ ਪੁਸ਼ਟ ਹੋਈ ਉਦੋਂ ਤੱਕ ਇਸ ਖ਼ਬਰ ਦੇ ਨਾਲ਼-ਨਾਲ਼ ਲਾਲ ਕਿਲ੍ਹੇ ਵਿਖੇ ਹਿੰਸਾ ਦੀਆਂ ਖ਼ਬਰਾਂ ਨੇ ਕਿਸਾਨਾਂ ਦੀ ਉਸ ਵਿਸ਼ਾਲ ਟਰੈਕਟਰ ਰੈਲ਼ੀ 'ਤੇ ਆਪਣਾ ਅਸਰ ਛੱਡ ਦਿੱਤਾ, ਜੋ (ਰੈਲੀ) ਕਿ ਸੰਸਦ ਦੁਆਰਾ ਸਤੰਬਰ 2020 ਵਿੱਚ ਪਾਸ ਤਿੰਨੋਂ ਖੇਤੀ ਬਿੱਲਾਂ ਖ਼ਿਲਾਫ਼ ਹੋ ਰਹੀ ਸੀ।

ਅਫ਼ਸੋਸ, ਦਿਨ ਕਿੰਨਾ ਅੱਡ ਹੋ ਨਿਬੜਿਆ।

ਭਾਰਤ ਦੇ 72ਵੇਂ ਗਣਤੰਤਰ ਦਿਵਸ ਦੀ ਸ਼ੁਰੂਆਤ, ਧੁੰਦ ਅਤੇ ਠੰਡ ਤੋਂ ਬਾਅਦ ਤੇਜ਼ ਧੁੱਪ ਨਾਲ਼ ਨਿੱਘੇ ਦਿਨ ਵਜੋਂ ਹੋਈ। ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ਵਿਖੇ ਕਰੀਬ ਦੋ ਮਹੀਨਿਆਂ ਤੋਂ ਡਟੇ ਕਿਸਾਨ, ਤੈਅ ਰਸਤੇ 'ਤੇ ਸ਼ਾਂਤੀਮਈ ਤਰੀਕੇ ਨਾਲ਼ ਟਰੈਕਟਰ ਰੈਲੀ ਕੱਢ ਕੇ ਇਤਿਹਾਸ ਕਾਇਮ ਕਰਨ ਵਾਲ਼ੇ ਸਨ। ਦੁਪਹਿਰ ਤੱਕ ਰਾਜਪਥ 'ਤੇ ਸਰਕਾਰੀ ਪਰੇਡ ਖ਼ਤਮ ਹੋਣ ਤੋਂ ਬਾਅਦ, ਸਿੰਘੂ ਬਾਰਡਰ, ਟੀਕਰੀ ਬਾਰਡਰ ਅਤੇ ਗਾਜੀਪੁਰ ਬਾਰਡਰ ਵਿਖੇ ਰੈਲੀ ਸ਼ੁਰੂ ਹੋਣੀ ਸੀ।

ਇਹੀ ਪਰੇਡਾਂ ਦੇਸ਼ ਦੇ ਨਾਗਰਿਕਾਂ ਲਈ ਸਭ ਤੋਂ ਵਿਸ਼ਾਲ, ਸ਼ਾਨਦਾਰ ਗਣਤੰਤਰ ਦਿਵਸ ਸਮਾਰੋਹ ਸਾਬਤ ਹੋਣ ਵਾਲ਼ੀਆਂ ਸਨ ਅਤੇ ਹੋਈਆਂ ਵੀ। ਪਰ ਸ਼ਾਮ ਹੁੰਦੇ ਹੁੰਦੇ ਸ਼ਰਾਰਤੀ ਅਨਸਰਾਂ ਦੀਆਂ ਕਰਤੂਤਾਂ ਦੀਆਂ ਖ਼ਬਰਾਂ ਕਾਰਨ ਲੋਕਾਂ ਦਾ ਧਿਆਨ ਅਤੇ ਦਿਲਚਸਪੀ ਇਸ ਪਰੇਡ ਵਿੱਚੋਂ ਮੁੱਕਣ ਲੱਗੀ।

PHOTO • Shalini Singh

ਗਣਤੰਤਰ ਦਿਵਸ ਦੀ ਸਵੇਰ, ਭਾਰਤੀ ਕਿਸਾਨ ਯੂਨੀਅਨ ਦੇ ਯੋਗੇਸ਼ ਪ੍ਰਤਾਪ ਸਿੰਘ, ਚਿੱਲਾ ਬਾਰਡਰ (ਸਭ ਤੋਂ ਉਤਾਂਹ ਕਤਾਰ ਵਿੱਚ) ਵਿਖੇ ਕਿਸਾਨਾਂ ਦੇ ਇੱਕ ਸਮੂਹ ਨੂੰ ਸੰਬੋਧਤ ਕੀਤਾ। ਦੁਪਹਿਰ ਦੇ ਭੋਜਨ ਤੋਂ ਬਾਅਦ, ਸਮੂਹ ਟਰੈਕਟਰ ਪਰੇਡ ਲਈ ਰਵਾਨਾ ਹੁੰਦਾ ਹੋਇਆ (ਸਭ ਤੋਂ ਹੇਠਾਂ) ਅਤੇ ਭਾਰਤੀ ਕਿਸਾਨ ਯੂਨੀਅਨ ਦੇ ਉੱਤਰ ਪ੍ਰਦੇਸ਼ ਇਕਾਈ ਦੇ ਭਾਨੂ ਪ੍ਰਤਾਪ ਸਿੰਘ ਨੇ ਖ਼ੇਤੀ ਕੀਮਤਾਂ ਦੇ ਸਵਾਲ ਨੂੰ ਲੈ ਕੇ ਪਾਰੀ ( PARI ) ਨਾਲ਼ ਗੱਲਬਾਤ ਕੀਤੀ

ਸਾਡੇ ਦਿਨ ਦੀ ਸ਼ੁਰੂਆਤ ਦਿੱਲੀ ਅਤੇ ਉੱਤਰ ਪ੍ਰਦੇਸ਼ ਵਿਚਕਾਰ ਸਥਿਤ ਚਿੱਲਾ ਬਾਰਡਰ (ਗਾਜੀਪੁਰ ਦੇ ਕੋਲ਼) ਨਾਲ਼ ਹੋਈ। ਪ੍ਰਵੇਸ਼ ਮਾਰਗ 'ਤੇ ਲੱਗੇ ਬੈਰੀਕੇਡ ਥੋੜ੍ਹੇ ਕੁਝ ਵੱਖਰੇ ਸਨ: ਵਾਹਨਾਂ ਅਤੇ ਟੀਡੀਸੀ ਬੱਸਾਂ ਦੇ ਨਾਲ਼ ਨਾਲ਼ ਪੀਲੇ ਰੰਗੇ ਲੋਹੇ ਦੇ ਚਲਾਊ (ਚਲਾਇਮਾਨ) ਗੇਟਾਂ ਨੂੰ ਬਤੌਰ ਬੈਰੀਕੇਡ ਇਸਤੇਮਾਲ ਕੀਤਾ ਗਿਆ ਸੀ। ਚਿੱਲਾ ਬਾਰਡਰ ਵਿਖੇ ਚਿੱਟੇ ਅਤੇ ਹਰੇ ਰੰਗ ਦਾ ਇੱਕ ਵੱਡਾ ਤੰਬੂ ਲਾਇਆ ਗਿਆ ਸੀ ਜਿੱਥੇ ਕਿਸਾਨਾਂ ਦੇ ਸਮੂਹਾਂ ਨੂੰ ਉਨ੍ਹਾਂ ਦੇ ਆਗੂਆਂ ਦੁਆਰਾ, ਪੁਲਿਸ ਬਲਾਂ ਦੇ ਸਹਿਯੋਗ ਨਾਲ਼ ਨਿਰਧਾਰਤ ਕੀਤੇ ਗਏ ਮਾਰਗਾਂ (ਤੈਅ ਰੂਟਾਂ) 'ਤੇ ਹੀ ਚੱਲ ਦੀ ਗੁਜਾਰਿਸ਼ ਕੀਤੀ ਜਾ ਰਹੀ ਸੀ।

ਪ੍ਰਦਰਸ਼ਨਕਾਰੀਆਂ ਨੇ ਇੱਥੇ ਦਾਲ -ਚੌਲਾਂ ਦਾ ਸਧਾਰਣ ਲੰਗਰ ਛਕਿਆ, ਜੋ ਕਿ ਉਹ ਸਵੇਰੇ 4 ਵਜੇ ਉੱਠ ਕੇ ਤਿਆਰ ਕੀਤਾ ਗਿਆ ਸੀ। ਦੁਪਹਿਰ ਤੱਕ, ਕਿਸਾਨਾਂ ਦੇ ਸਮੂਹ ' ਭਾਰਤ ਮਾਤਾ ਕੀ ਜੈ, ਜੈ ਜਵਾਨ ਜੈ ਕਿਸਾਨ ' ਦੇ ਨਾਅਰੇ ਮਾਰਦੇ ਹੋਏ ਟਰੈਕਟਰਾਂ 'ਤੇ ਚੜ੍ਹਨ ਲੱਗੇ, ਜਦੋਂਕਿ ਪਿੱਛੇ ਮੱਧਮ ਅਵਾਜ਼ ਵਿੱਚ ਹਰਮਨ ਪਿਆਰੇ ਲੋਕ ਗੀਤ ਵੱਜਦੇ ਰਹੇ। ਇੱਕ ਲੰਬੀ ਕਤਾਰ ਵਿੱਚ ਤਾਇਨਾਤ ਪੁਲਿਸਕਰਮੀਆਂ ਅਤੇ ਚਿੱਟੇ ਰੰਗ ਦੇ ਡ੍ਰੋਨ ਕੈਮਰਿਆਂ ਦੀ ਨਿਗਰਾਨੀ ਹੇਠ ਟਰੈਕਟਰ ਤੈਅ ਰੂਟਾਂ: ਚਿੱਲਾ-ਦਿੱਲੀ-ਨੋਇਡਾ ਡਾਇਰੈਕਟ ਫਲਾਈਓਵਰ-ਦਾਦਰੀ-ਚਿੱਲਾ ਵੱਲ ਵਹੀਰਾਂ ਘੱਤਣ ਲੱਗੇ।

ਜਿਨ੍ਹਾਂ ਤਿੰਨ ਖੇਤੀ ਕਨੂੰਨਾਂ ਦੇ ਖ਼ਿਲਾਫ਼ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ: ਕਿਸਾਨ ਉਪਜ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸਰਲੀਕਰਣ) ਬਿੱਲ, 2020 ; ਕਿਸਾਨ (ਸ਼ਕਤੀਕਰਣ ਅਤੇ ਸੁਰੱਖਿਆ) ਕੀਮਤ ਭਰੋਸਾ ਅਤੇ ਖੇਤੀ ਸੇਵਾ 'ਤੇ ਕਰਾਰ ਬਿੱਲ, 2020 ; ਅਤੇ ਲਾਜ਼ਮੀ ਵਸਤਾਂ (ਸੋਧ) ਬਿੱਲ, 2020 । ਇਹੀ ਉਹ ਬਿੱਲ ਹਨ ਜਿਨ੍ਹਾਂ ਨੂੰ 5 ਜੂਨ, 2020 ਨੂੰ ਪੇਸ਼ ਕੀਤਾ ਗਿਆ ਸੀ ਅਤੇ ਫਿਰ 14 ਸਤੰਬਰ ਨੂੰ ਸੰਸਦ ਵਿਖੇ ਖੇਤੀ ਬਿੱਲਾਂ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਅਤੇ ਉਸੇ ਮਹੀਨੇ ਦੀ 20 ਤਰੀਕ ਆਉਂਦੇ-ਆਉਂਦੇ ਮੌਜੂਦਾ ਸਰਕਾਰ ਦੁਆਰਾ ਕਨੂੰਨੀ ਰੂਪ ਵਿੱਚ ਪਾਸ ਕਰਾ ਲਿਆ ਗਿਆ।

ਪ੍ਰਦਰਸ਼ਨਕਾਰੀ ਇਨ੍ਹਾਂ ਬਿੱਲਾਂ ਨੂੰ ਆਪਣੀ ਰੋਜ਼ੀਰੋਟੀ ਦੀ ਤਬਾਹੀ ਦੇ ਰੂਪ ਵਿੱਚ ਦੇਖਦੇ ਹਨ ਕਿਉਂਕਿ ਇਨ੍ਹਾਂ ਵਿੱਚੋਂ ਵੱਡੇ ਕਾਰਪੋਰੇਟ ਕੰਪਨੀਆਂ ਨੂੰ ਕਿਸਾਨਾਂ ਅਤੇ ਖੇਤੀ ਸਬੰਧੀ ਉਚੇਚੇ ਅਧਿਕਾਰ ਮਿਲ਼ਣਗੇ। ਇਸ ਪ੍ਰੋਵੀਜਨ ਦੀ ਅਲੋਚਨਾ ਇਸਲਈ ਵੀ ਕੀਤੀ ਜਾ ਰਹੀ ਹੈ ਕਿਉਂਕਿ ਇਹ ਕਨੂੰਨ ਸਾਰੇ ਭਾਰਤੀ ਨਾਗਰਿਕਾਂ ਵੱਲੋਂ ਬਣਦੀ ਕਨੂੰਨੀ ਕਾਰਵਾਈ ਦੇ ਅਧਿਕਾਰ ਨੂੰ ਖ਼ਤਮ ਕਰਦੇ ਹਨ ਸਗੋਂ ਭਾਰਤੀ ਸੰਵਿਧਾਨ ਦੀ ਧਾਰਾ 32 ਦਾ ਉਲੰਘਣ ਕਰਦੇ ਹਨ।

ਚਿੱਲਾ ਟਰੈਕਟਰ ਪਰੇਡ ਵਿੱਚ ਕੁਝ ਮਾੜਾ ਨਹੀਂ ਵਾਪਰਿਆ। ਇਹ ਜਲਦੀ ਹੀ ਮੁੱਕ ਗਈ ਅਤੇ ਇੱਕ ਘੰਟੇ ਦੇ ਅੰਦਰ ਸਾਰੇ ਲੋਕ ਵਾਪਸ ਪਰਤ ਆਏ। ਅਸੀਂ ਉਹਦੇ ਬਾਅਦ ਸਿੰਘੂ ਬਾਰਡਰ ਵੱਲ ਵੱਧਣਾ ਸ਼ੁਰੂ ਕੀਤਾ, ਜੋ ਇੱਥੋਂ ਕਰੀਬ 40 ਕਿਲੋਮੀਟਰ ਦੂਰ ਸੀ ਅਤੇ ਜਿੱਥੇ ਮੁੱਖ ਪਰੇਡ ਹੋਣੀ ਸੀ। ਅੱਧੇ ਰਸਤੇ ਵਿੱਚ, ਸਾਡੇ ਸਾਥੀਆਂ ਨੇ ਸੂਚਨਾ ਦਿੱਤੀ ਕਿ ਕਿਸਾਨਾਂ ਦੇ ਕੁਝ ਦਲ ਸਿੰਘੂ ਤੋਂ ਦਿੱਲੀ ਜਾਣ ਲਈ ਆਈਟੀਓ ਵੱਲ ਰਵਾਨਾ ਹੋਏ ਹਨ। ਕੁਝ ਅਸਧਾਰਣ ਵਾਪਰ ਰਿਹਾ ਸੀ। ਅਸੀਂ ਆਪਣੇ ਰਾਹ ਬਦਲਿਆ ਅਤੇ ਉਨ੍ਹਾਂ ਕੋਲ਼ ਜਾਣ ਲਈ ਅੱਗੇ ਵੱਧ ਗਏ। ਜਿਓਂ ਉਹ ਆਊਟਰ ਰਿੰਗ ਰੋਡ ਵੱਲੋਂ ਦੀ ਲੰਘੇ, ਵੱਡੀ ਗਿਣਤੀ ਵਿੱਚ ਦਿੱਲੀ ਵਾਸੀ ਸੜਕਾਂ ਕੰਢੇ ਖੜ੍ਹੇ ਹੋ ਗਏ ਅਤੇ ਹੱਥ ਹਿਲਾ-ਹਿਲਾ ਕੇ ਕਿਸਾਨਾਂ ਦਾ ਸਵਾਗਤ ਕਰਨ ਲੱਗੇ ਇੰਨਾ ਹੀ ਨਹੀਂ ਉਨ੍ਹਾਂ ਵਿੱਚੋਂ ਕੁਝ ਟਰੈਕਟਰਾਂ 'ਤੇ, ਕੁਝ ਮੋਟਰਸਾਈਕਲਾਂ ਅਤੇ ਕੁਝ ਕੁ ਕਾਰਾਂ 'ਤੇ ਵੀ ਸਵਾਰ ਸਨ। ਮਜ਼ਨੂ ਕਾ ਟਿੱਲਾ ਦੇ ਕੋਲ਼ ਕੁਝ ਮਹਿਰੂਨ ਰੰਗੇ ਕੱਪੜੇ ਪਾਈ ਬੋਧ-ਭਿਕਸ਼ੂ ਵੀ ਜ਼ੋਰ-ਸ਼ੋਰ ਨਾਲ਼ ਹੱਥ ਲਹਿਰਾਉਂਦੇ ਨਜ਼ਰੀਂ ਪਏ। ਕਾਰ ਵਿੱਚ ਆਪਣੇ ਪਰਿਵਾਰ ਨਾਲ਼ ਬੈਠੀ ਇੱਕ ਔਰਤ ਟ੍ਰੈਫ਼ਿਕ ਸਿੰਗਨਲ ਵਿਖੇ ਖੜ੍ਹੀ ਹੋ ਕੇ ਟਰੈਕਟਰ 'ਤੇ ਸਵਾਰ ਲੋਕਾਂ ਨੂੰ ਪਾਣੀ ਦੀਆਂ ਬੋਤਲਾਂ ਦੇ ਰਹੀ ਸੀ।

ਦੇਸ਼ ਵਿੱਚ ਅੰਨ ਪੈਦਾ ਕਰਨ ਵਿੱਚ ਮਦਦਗਾਰ ਇਨ੍ਹਾਂ ਭਾਰੀ ਟਰੈਕਟਾਂ ਦੇ ਵੱਡੇ-ਵੱਡੇ ਪਹੀਏ ਦੇਸ਼ ਦੀ ਰਾਜਧਾਨੀ ਦੀਆਂ ਸੜਕਾਂ 'ਤੇ ਘੁੰਮ ਰਹੇ ਸਨ- ਸ਼ਾਇਦ ਇੰਝ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਸੀ। ਇਹ ਇੱਕ ਸ਼ਕਤੀਸ਼ਾਲੀ, ਦਿਲ-ਵਲੂੰਧਰੂ, ਪ੍ਰਤੀਕਾਤਮਕ ਨਜ਼ਾਰਾ ਸੀ।

PHOTO • Shalini Singh

ਚਿੱਲਾ ਟਰੈਕਟਰ ਪਰੇਡ ਨੇ ਤੈਅ ਰੂਟ-ਚਿੱਲਾ-ਦਿੱਲੀ-ਨੋਇਡਾ ਡਾਇਰੈਕਟ ਫਲਾਈਓਵਰ-ਦਾਦਰੀ-ਚਿੱਲਾ- ਦਾ ਆਪਣਾ ਸਫ਼ਰ ਪੂਰਾ ਕੀਤਾ ਅਤੇ ਇੱਕ ਘੰਟੇ ਦੇ ਅੰਦਰ ਅੰਦਰ ਵਾਪਸ ਆ ਗਈ

PHOTO • Shalini Singh

ਆਈਟੀਓ ਜੰਕਸ਼ਨ ਵਿਖੇ ਗਾਜ਼ੀਪੁਰ, ਸਿੰਘੂ ਅਤੇ ਲਾਲ ਕਿਲ੍ਹੇ ਤੋਂ ਆ ਕੇ ਟਰੈਕਟਰ ਜਮ੍ਹਾ ਹੁੰਦੇ ਹੋਏ

ਅਚਾਨਕ, ਹਵਾ ਦਾ ਰੁਖ ਬਦਲ ਗਿਆ। ਸੁਣਨ ਵਿੱਚ ਆਇਆ ਕਿ ਕੁਝ ਪ੍ਰਦਰਸ਼ਨਕਾਰੀ ਗੁੱਟਾਂ ਵਿੱਚ ਫੁੱਟ ਪੈ ਗਈ ਹੈ ਅਤੇ ਉਹ ਬਿਨਾ ਸੂਚਨਾ ਦੇ ਲਾਲ ਕਿਲ੍ਹੇ ਵੱਲ ਵੱਧ ਗਏ। ਛੇਤੀ ਹੀ, ਅਫ਼ਵਾਹਾਂ ਫ਼ੈਲਣ ਲੱਗੀਆਂ ਕਿ ਇਸ ਇਤਿਹਾਸਕ ਯਾਦਗਾਰ ਵਿਖੇ ਧਾਰਮਿਕ ਝੰਡੇ ਲਹਿਰਾਏ ਗਏ ਹਨ ਫਿਰ ਹੌਲ਼ੀ-ਹੌਲ਼ੀ ਉੱਥੋਂ ਝੜਪਾਂ ਦੀਆਂ ਖ਼ਬਰਾਂ ਵੀ ਜ਼ੋਰ ਫੜ੍ਹਨ ਲੱਗੀਆਂ। ਸ਼ਰਾਰਤੀ ਅਨਸਰਾਂ ਦੇ ਇਨ੍ਹਾਂ ਧੜਿਆਂ ਦੇ ਇਸ ਤਮਾਸ਼ੇ ਨੇ ਇਹ ਯਕੀਨੀ ਬਣਾਇਆ ਕਿ ਕਿਵੇਂ ਨਾ ਕਿਵੇਂ ਕਰਕੇ ਮੀਡਿਆ ਅਤੇ ਜਨਤਾ ਦਾ ਧਿਆਨ ਪ੍ਰਮੁੱਖ ਮੁੱਦਿਆਂ ਵੱਲੋਂ ਭਟਕਾਉਣ ਦੇ ਨਾਲ਼ ਨਾਲ਼ ਟਰੈਕਟ ਪਰੇਡ ਵਾਸਤੇ ਵੀ ਉਨ੍ਹਾਂ ਦੇ ਮਨਾ ਵਿੱਚ ਕਿਰਕ ਪੈਦਾ ਕੀਤੀ ਜਾਵੇ।

ਲਾਲ ਕਿਲ੍ਹੇ ਤੋਂ ਬਾਹਰ ਆਏ ਇੱਕ ਸਾਥੀ ਨੇ ਸਾਨੂੰ ਦੁਪਹਿਰ 3:15 ਵਜੇ ਫ਼ੋਨ ਕੀਤਾ ਅਤੇ ਕਿਹਾ,''ਇੱਥੋਂ ਦੂਰ ਰਹੋ।'' ਉਹਨੂੰ (ਬਾਹਰ ਆਏ ਸਾਥੀ) ਕੁਝ ਸੱਟਾਂ ਲੱਗੀਆਂ ਸਨ, ਜਦੋਂ ਕੁਝ ਪ੍ਰਦਰਸ਼ਨਕਾਰੀ ਉਡੀਆਂ ਅਫ਼ਵਾਹਾਂ ਕਾਰਨ ਉਤੇਜਿਤ ਹੋ ਗਏ ਸਨ ਅਤੇ ਉਹਦੇ ਕੈਮਰੇ ਦਾ ਕਾਫ਼ੀ ਮਹਿੰਗਾ ਲੈਂਸ ਵੀ ਤੋੜ ਸੁੱਟਿਆ  ਸੀ। ਅਸੀਂ ਆਈਟੀਓ ਵੱਲ ਵੱਧਦੇ ਰਹੇ, ਜਿੱਥੇ ਗਾਜੀਪੁਰ, ਸਿੰਘੂ ਅਤੇ ਲਾਲ ਕਿਲ੍ਹੇ ਤੋਂ ਚੱਲ ਕੇ ਕੁਝ ਟਰੈਕਟ ਇਕੱਠਿਆਂ ਆ ਰਹੇ ਸਨ। ਥੋੜ੍ਹੀ ਹੀ ਦੇਰ ਵਿੱਚ ਪੁਲਿਸ ਹੈੱਡਕੁਆਰਟਰ ਦੇ ਆਸਪਾਸ ਦਾ ਇਲਾਕਾ ਟਰੈਕਟਰਾਂ ਅਤੇ ਲੋਕਾਂ ਦੇ ਹਜ਼ੂਮ ਨਾਲ਼ ਭਰ  ਗਿਆ।

ਪੰਜਾਬ ਦੇ ਗੁਰਦਾਸਪੁਰ ਤੋਂ ਆਏ ਤਿੰਨ ਲੋਕ ਗੁੱਸੇ ਵਿੱਚ ਸਨ: ''ਮੈਂ 22 ਜਨਵਰੀ ਨੂੰ ਆਪਣੇ ਟਰੈਕਟਰ 'ਤੇ ਸਵਾਰ ਹੋ ਕੇ ਸਿੰਘੂ ਆਇਆ ਸਾਂ। ਅੱਜ ਗਣਤੰਤਰ ਦਿਵਸ ਮੌਕੇ ਅਸੀਂ ਸਵੇਰੇ 4 ਵਜੇ ਤੋਂ ਜਾਗੇ ਹੋਏ ਹਾਂ। ਇਸ ਪਰੇਡ ਵਿੱਚ 2 ਲੱਖ ਤੋਂ ਵੱਧ ਟਰੈਕਟਰ ਪੁੱਜੇ ਹਨ। ਅਸੀਂ ਆਪਣਾ ਗਣਤੰਤਰ ਦਿਵਸ ਵੀ ਮਨਾ ਰਹੇ ਹਾਂ। ਇਨ੍ਹਾਂ ਕਨੂੰਨਾਂ ਦੇ ਆਉਣ ਨਾਲ਼ ਸਿਰਫ਼ ਕਾਰਪੋਰੇਟ ਕੰਪਨੀਆਂ ਨੂੰ ਹੀ ਫ਼ਾਇਦਾ ਹੋਵੇਗਾ, ਕਿਸਾਨਾਂ ਨੂੰ ਨਹੀਂ।'' ਇੰਝ ਜਾਪਿਆ ਜਿਵੇਂ ਉਹ ਸੱਚੇ ਮਨੋਂ ਇੱਕ ਵੱਡੀ ਅਤੇ ਜਾਇਜ਼ (ਮਾਨਤਾ ਪ੍ਰਾਪਤ) ਪਰੇਡ ਦਾ ਹਿੱਸਾ ਬਣਨ ਆਏ ਹਨ- ਜੋ ਪਰੇਡ ਸ਼ਾਂਤਮਈ ਤਰੀਕੇ ਨਾਲ਼ ਆਪਣੇ ਨਿਰਧਾਰਤ ਰੂਟ ਵੱਲ ਅੱਗੇ ਵੱਧ ਰਹੀ ਸੀ। ਕੁਝ ਅਜਿਹਾ ਸ਼ਸੋਪੰਜ ਦੂਸਰੀਆਂ ਥਾਵਾਂ ਦੇ ਪ੍ਰਦਰਸ਼ਨਕਾਰੀਆਂ ਵਿੱਚ ਵੀ ਦਿੱਸਿਆ।

ਪਰ ਕਈ ਅਜਿਹੇ ਪ੍ਰਦਰਸ਼ਨਕਾਰੀ ਵੀ ਸਨ, ਜੋ ਸੋਚ-ਸਮਝ ਕੇ ਦਿੱਲੀ ਵਿੱਚ ਵੜ੍ਹ ਗਏ ਅਤੇ ਕਿਸੇ ਵੀ ਭੰਬਲਭੂਸੇ ਦਾ ਸ਼ਿਕਾਰ ਨਹੀਂ ਸਨ। ਉਨ੍ਹਾਂ ਨੂੰ ਇਸ ਗੱਲ ਦਾ ਪੂਰਾ ਇਲਮ ਸੀ ਕਿ ਉਹ ਇੱਥੇ ਕਿਉਂ ਆਏ ਹਨ ਅਤੇ ਕੀ ਕਰ ਰਹੇ ਹਨ। ਜਿਨ੍ਹਾਂ ਕੋਲ਼ ਹੰਗਾਮੇ, ਹੁੜਦੰਗ ਅਤੇ ਭੰਨ-ਤੋੜ ਕਰਨ ਦਾ ਬਕਾਇਦਾ ਇੱਕ ਏਜੰਡਾ ਸੀ- ਅਤੇ ਉਨ੍ਹਾਂ ਨੂੰ ਪਤਾ ਸੀ ਕਿ ਉਨ੍ਹਾਂ ਦੇ ਕੰਮਾਂ ਰਾਹੀਂ ਅਸਧਾਰਣ ਰੂਪ ਨਾਲ਼ ਅਨੁਸ਼ਾਸਤ ਅਤੇ ਸ਼ਾਂਤਮਈ ਢੰਗ ਨਾਲ਼ ਚੱਲ ਰਹੀ ਰੈਲੀ ਨੂੰ ਨੁਕਸਾਨ ਹੋਵੇਗਾ, ਜਿਸ ਵਿੱਚ ਲੱਖਾਂ ਕਿਸਾਨ ਰਾਜਧਾਨੀ ਦੀਆਂ ਸੀਮਾਵਾਂ 'ਤੇ ਹਿੱਸਾ ਲੈ ਰਹੇ ਸਨ। ਉਨ੍ਹਾਂ ਵਿੱਚੋਂ ਕੁਝ ਨੇ ਮੈਨੂੰ ਕਿਹਾ: ''ਹਾਂ, ਚੰਗਾ ਹੋਇਆ ਜੋ ਲਾਲ ਕਿਲ੍ਹੇ 'ਤੇ ਝੰਡਾ ਲਹਿਰਾਇਆ ਗਿਆ। ਅਸੀਂ ਇਹਨੂੰ ਖ਼ੁਦ ਲਹਿਰਾਉਣਾ ਚਾਹੁੰਦੇ ਸਾਂ।'' ਉਨ੍ਹਾਂ ਨੇ ਮੈਨੂੰ ਆਪਣੇ ਕੋਲ਼ ਮੌਜੂਦ ਝੰਡੇ ਦਿਖਾਏ।

PHOTO • Shalini Singh

ਸਭ ਤੋਂ ਉਤਾਂਹ : ਗੁਰਦਾਸਪੁਰ ਤੋਂ ਆਏ ਤਿੰਨ ਵਿਅਕਤੀਆਂ ਦਾ ਕਹਿਣਾ ਹੈ, '' ਇਨ੍ਹਾਂ ਕਨੂੰਨਾਂ ਨਾਲ਼ ਸਿਰਫ਼ ਕਾਰਪੋਰੇਟਾਂ ਨੂੰ ਫ਼ਾਇਦਾ ਹੋਵੇਗਾ। ਸਭ ਤੋਂ ਉਤਾਂਹ ਸੱਜੇ : ਰਣਜੀਤ ਸਿੰਘ (ਵਿਚਕਾਰ) ਕਹਿੰਦੇ ਹਨ, ' ਅੱਜ ਦਾ ਗਣਤੰਤਰ ਦਿਵਸ ਇਤਿਹਾਸ ਵਿੱਚ ਦਰਜ ਹੋਵੇਗਾ। ' ਹੇਠਲੀ ਕਤਾਰ ਵਿੱਚ : ਆਈਟੀਓ ਇਲਾਕੇ ਵਿਖੇ ਟਰੈਕਟਰਾਂ ਅਤੇ ਪ੍ਰਦਰਸ਼ਨਕਾਰੀਆਂ ਦੀ ਭੀੜ ਸੀ, ਜਿਸ ਵਿੱਚ ਪਵਨਦੀਪ ਸਿੰਘ (ਕੇਸਰੀ ਕੱਪੜੇ ਪਾਈ) ਵੀ ਸ਼ਾਮਲ ਸਨ

26 ਸਾਲਾ ਪਵਨਦੀਪ ਸਿੰਘ ਕਹਿੰਦੇ ਹਨ''ਸਰਕਾਰ ' ਹਿੰਦੂ ਰਾਸ਼ਟਰ ' ਦੀ ਗੱਲ ਕਰਦੀ ਹੈ, ਜਿਵੇਂ ਇਸ ਦੇਸ਼ ਵਿੱਚ ਕੋਈ ਹੋਰ ਧਰਮ ਹੀ ਨਾ ਹੋਵੇ। ਅੱਜ ਲਾਲ ਕਿਲ੍ਹੇ 'ਤੇ ਝੰਡਾ ਲਹਿਰਾਇਆ ਜਾਣਾ, ਇਸ ਵਿਚਾਰ ਦੇ ਖ਼ਿਲਾਫ਼ ਇੱਕ ਚੁਣੌਤੀ ਸੀ।''

ਕੁਝ ਦੇ ਮਨਾਂ ਅੰਦਰਲੇ ਭੰਬਲਭੂਸੇ ਅਤੇ ਕਈਆਂ ਦੀ ਸ਼ੱਕੀ ਪ੍ਰਤੀਬੱਧਤਾ, ਅਰਾਜਕਤਾ ਦੇ ਬੂਹੇ ਖੋਲ੍ਹਦੀ ਰਹੀ ਸੀ।

45 ਸਾਲਾ ਰਣਜੀਤ ਸਿੰਘ ਸਾਨੂੰ ਦੱਸਦੇ ਹਨ,''ਅੱਜ ਦਾ ਗਣਤੰਤਰ ਦਿਵਸ ਇਤਿਹਾਸ ਵਿੱਚ ਦਰਜ਼ ਹੋਵੇਗਾ। ਆਉਣ ਵਾਲ਼ਾ ਸਮੇਂ ਵਿੱਚ ਲੋਕ ਇਸ ਟਰੈਕਟਰ ਪਰੇਡ ਨੂੰ ਚੇਤੇ ਰੱਖਣਗੇ।''

ਇਸੇ ਦੌਰਾਨ ਨਵਨੀਤ ਸਿੰਘ ਦਾ ਟਰੈਕਟਰ ਪਲ਼ਟ ਗਿਆ ਅਤੇ ਅਫ਼ਵਾਹਾਂ ਨੂੰ ਮੁੜ ਖੰਭ ਲੱਗ ਗਏ। ਉਨ੍ਹਾਂ ਦੀ ਮ੍ਰਿਤਕ-ਦੇਹ ਢੱਕੀ ਹੋਈ ਸੀ ਅਤੇ ਕੁਝ ਪ੍ਰਦਰਸ਼ਨਕਾਰੀਆਂ ਦਾ ਸਮੂਹ ਸ਼ੋਕ ਮਨਾਉਣ ਖਾਤਰ ਭੁੰਜੇ ਬੈਠੇ ਹੋਇਆ ਸੀ, ਜਦੋਂਕਿ ਪੁਲਿਸ ਕੁਝ ਮੀਟਰ ਦੂਰ ਹੀ ਉਨ੍ਹਾਂ ਦੇ ਨਜ਼ਰ ਰੱਖ ਰਹੀ ਸੀ।

ਪੰਜਾਬ ਦੇ ਬਿਲਾਸਪੁਰ ਨਿਵਾਸੀ, 20 ਸਾਲਾ ਰਵਨੀਤ ਸਿੰਘ ਦੇ ਪੈਰ ਵਿੱਚ ਵੀ ਗੋਲ਼ੀ ਲੱਗਣ ਦੀ ਅਫ਼ਵਾਹ ਉੱਡੀ ਸੀ। ਨਵਨੀਤ ਸਿੰਘ ਦੀ ਲਾਸ਼ ਦੇ ਨਾਲ਼ ਹੀ ਰਵਨੀਤ ਸਿੰਘ ਇੱਕ ਦੋਸਤ ਦੀ ਗੋਦ ਵਿੱਚ ਪਿਆ ਹੋਇਆ ਸੀ ਅਤੇ ਆਪਣੇ ਜ਼ਖ਼ਮ 'ਤੇ ਪੱਟੀ ਬੰਨ੍ਹਵਾ ਰਿਹਾ ਸੀ। ਉਨ੍ਹਾਂ ਨੇ ਮੀਡਿਆ ਨੂੰ ਸਾਫ਼-ਸਾਫ਼ ਦੱਸਿਆ ਕਿ ਕੋਈ ਗੋਲ਼ੀ ਨਹੀਂ ਮਾਰੀ ਗਈ। ਉਨ੍ਹਾਂ ਨੇ ਸਾਫ਼ ਕੀਤਾ ਕਿ ਜਦੋਂ ਪੁਲਿਸ ਨੇ ਆਈਟੀਓ ਦੇ ਕੋਲ਼ ਅੱਥਰੂ ਗੈਸ ਦੇ ਗੋਲ਼ੇ ਦਾਗ਼ੇ ਤਾਂ ਉਸ ਤੋਂ ਬਾਅਦ ਮੱਚੇ ਹੜਕੰਪ ਵਿੱਚ ਉਨ੍ਹਾਂ ਦੇ ਪੈਰ ਵਿੱਚ ਸੱਟ ਲੱਗੀ। ਪਰ ਉਨ੍ਹਾਂ ਦੀ ਅਵਾਜ਼ ਇੱਕ ਅਧਖੜ੍ਹ ਵਿਅਕਤੀ ਦੁਆਰਾ ਦਬਾ ਦਿੱਤੀ ਗਈ ਸੀ, ਜਿਹਨੇ ਸਾਰੇ ਕੈਮਰਾਮੈਨਾਂ ਨੂੰ ਚੇਤਾਵਨੀ ਦਿੰਦਿਆਂ ਪਿਛਾਂਹ ਹਟਣ ਲਈ ਕਿਹਾ ਕਿ ਜੇ ਉਹ ਸੱਚ ਨਹੀਂ ਦਿਖਾਉਣਾ ਚਾਹੁੰਦੇ ਤਾਂ ਸਾਨੂੰ ਪਰੇਸ਼ਾਨ ਵੀ ਨਾ ਕਰਨ।

ਆਈਟੀਓ ਦੇ ਕੋਲ਼, ਮੋਹਾਲੀ ਤੋਂ ਆਏ ਮਹਿਜ਼ 20 ਸਾਲਾ ਨੌਜਵਾਨ ਕਿਸਾਨਾਂ ਦਾ ਇੱਕ ਧੜਾ ਆਪਣੇ ਟਰੈਕਟ 'ਤੇ ਸਵਾਰ ਸੀ, ਜੋ ਆਪਣੇ ਗੁੱਟ ਦੇ ਨੇਤਾ ਦੇ ਹੁਕਮ ਦੀ ਉਡੀਕ ਕਰ ਰਿਹਾ ਸੀ ਕਿ ਅੱਗੇ ਕੀ ਕਰਨਾ ਹੈ। ਉਹ ਸਾਡੇ ਨਾਲ਼ ਗੱਲ ਕਰਨ ਤੋਂ ਕਤਰਾ ਰਹੇ ਸਨ ਉਹ ਪੁੱਛ ਰਹੇ ਸਨ ਕਿ ਕੀ ਅਸੀਂ ''ਆਈਬੀ'' ਵਾਲ਼ੇ ਹਾਂ। ਜਦੋਂ ਅਸੀਂ ਸਮਝਾਇਆ ਕਿ ਅਸੀਂ ਇੰਟੇਲੀਜੈਂਸ ਬਿਓਰੋ ਦੇ ਆਦਮੀ ਨਹੀਂ ਹਾਂ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਟਰੈਕਟਰ ਪਰੇਡ ਵਿੱਚ ਪੁਲਿਸ ਦੁਆਰਾ ਜੋ ਗੋਲ਼ੀ ਮਾਰੇ ਜਾਣ ਦੀ ਗੱਲ ਸੁਣੀ ਹੈ ਅਤੇ ਇਹ ਗ਼ਲਤ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਅੰਦੋਲਨ ਸ਼ਾਂਤਮਈ ਤਰੀਕੇ ਨਾਲ਼ ਚੱਲ ਰਿਹਾ ਸੀ, ਪਰ ਉਹਦੇ ਬਾਅਦ ਲੋਕਾਂ ਨੂੰ ਉਕਸਾਇਆ ਗਿਆ ਸੀ।

PHOTO • Shalini Singh

ਆਈਟੀਓ ਕੋਲ਼ ਟਰੈਕਟਕ ਪਲਟਣ ਨਾਲ਼ ਨਵਨੀਤ ਸਿੰਘ ਦੀ ਮੌਤ, ਸ਼ੋਕ ਮਨਾਉਣ ਲਈ ਜਮ੍ਹਾ ਹੋਇਆ ਹਜ਼ੂਮ

PHOTO • Shalini Singh

ਸ਼੍ਰੀਮਤੀ ਅੰਤਿਲ (ਖੱਬੇ) ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਨੂੰ ਸਾਡੀਆਂ ਮੰਗਾਂ ਮੰਨਣੀਆਂ ਹੀ ਪੈਣਗੀਆਂ। ਅਜੈ ਕੁਮਾਰ ਸਿਵਾਚ (ਐਨ ਸੱਜੇ) ਕਹਿੰਦੇ ਹਨ : ' ਮੈਂ ਸੈਨਿਕ ਅਤੇ ਕਿਸਾਨ, ਦੋਵੇਂ ਹੀ ਰਿਹਾਂ ਹਾਂ, ਪਰ ਮੈਂ ਸਦਾ ਇੱਕ ਕਿਸਾਨ ਹੀ ਰਹਾਂਗਾ '

ਉਨ੍ਹਾਂ ਨੇ ਸਾਨੂੰ ਦੱਸਿਆ,''ਸਰਕਾਰ ਨੂੰ ਕਿਸਾਨਾਂ ਨੂੰ ਮਾਰਨਾ ਨਹੀਂ ਚਾਹੀਦਾ, ਸਗੋਂ ਆਪਣੇ ਕਨੂੰਨਾਂ ਨੂੰ ਹੀ ਖ਼ਤਮ ਕਰ ਦੇਣਾ ਚਾਹੀਦਾ ਹੈ।'' ਉਨ੍ਹਾਂ ਨੇ ਫ਼ਖ਼ਰ ਨਾਲ਼ ਕਿਹਾ ਕਿ ''ਇਹ ਸ਼ਾਇਦ ਇਸ ਦੇਸ਼ ਦੇ ਇਤਿਹਾਸ ਦਾ ਸਭ ਤੋਂ ਲੰਬਾ ਵਿਰੋਧ-ਪ੍ਰਦਰਸ਼ਨ ਹੈ।''

ਅਸੀਂ ਅੱਗੇ ਵਧੇ, ਕਿਉਂਕਿ ਅਸੀਂ ਨਵਨੀਤ ਸਿੰਘ ਦੀ ਮੌਤ ਦੇ ਕਾਰਨ ਦਾ ਪਤਾ ਲਾਉਣਾ ਚਾਹੁੰਦੇ ਸਾਂ ਅਤੇ ਹੋਰ ਪ੍ਰਦਰਸ਼ਨਕਾਰੀਆਂ ਨਾਲ਼ ਗੱਲ ਕਰਨਾ ਲੋਚਦੇ ਸਾਂ। ਉੱਥੇ ਸਾਡੀ ਮੁਲਾਕਾਤ 45 ਸਾਲਾ ਅਜੇ ਕੁਮਾਰ ਸਿਵਾਚ ਨਾਲ਼ ਹੋਈ। ਮੂਲ਼ ਰੂਪ ਨਾਲ਼ ਉਤਰਾਖੰਡ ਦੇ ਬਾਜਪੁਰ ਦੇ ਨਿਵਾਸੀ ਸਵਾਚ ਪਹਿਲਾਂ ਸੈਨਾ ਵਿੱਚ ਸਨ ਅਤੇ ਹੁਣ ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਵਿੱਚ ਵੱਸ ਗਏ ਹਨ।

ਸਿਵਾਚ ਕਹਿੰਦੇ ਹਨ,''ਜੇ ਇਸ ਦੇਸ਼ ਵਿੱਚ ਖੇਤੀ ਬੰਦ ਹੋ ਜਾਂਦੀ ਹੈ ਤਾਂ ਸਰਕਾਰ ਵੀ ਬੰਦ ਹੋ ਜਾਵੇਗੀ। ਮੈਨੂੰ ਪੈਨਸ਼ਨ ਮਿਲ਼ਦੀ ਹੈ ਅਤੇ ਹੁਣ ਮੈਂ ਕਣਕ ਅਤੇ ਕਮਾਦ ਦੀ ਕਾਸ਼ਤ ਕਰਦਾ ਹਾਂ। ਮੈਂ ਕਰੀਬ 20 ਸਾਲਾਂ ਤੱਕ ਸੈਨਾ ਵਿੱਚ ਰਿਹਾ ਹਾਂ। ਖੇਤੀ ਦਾ ਕੰਮ ਕਰਨ ਤੋਂ ਪਹਿਲਾਂ ਮੈਂ ਜੰਮੂ-ਕਸ਼ਮੀਰ, ਰਾਜਸਥਾਨ, ਉੱਤਰਪ੍ਰਦੇਸ਼ ਅਤੇ ਲੱਦਾਖ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਹਨ। ਮੈਂ ਸੈਨਿਕ ਅਤੇ ਕਿਸਾਨ, ਦੋਵੇਂ ਹੀ ਹਾਂ, ਪਰ ਮੈਂ ਸਦਾ ਕਿਸਾਨ ਹੀ ਰਹਾਂਗਾ। ਅੱਜ ਮੇਰੇ ਲਈ ਇਹ ਇੱਕ ਅਹਿਮ ਦਿਨ ਹੈ, ਠੀਕ ਉਸੇ ਤਰ੍ਹਾਂ ਜਿਵੇਂ ਸਾਰਿਆਂ ਲਈ ਹੈ। ਅਸੀਂ ਦਿੱਲੀ ਦੇ ਅੰਦੋਲਨ ਵਿੱਚ ਹਿੱਸਾ ਲੈਣ ਲਈ, ਆਪਣੇ ਪਿੰਡ ਦੇ ਲੋਕਾਂ ਪਾਸੋਂ 60,000 ਰੁਪਏ ਇਕੱਠੇ ਕੀਤੇ ਸਨ।''

ਹਰਿਆਣਾ ਦੇ ਸੋਨੀਪਤ ਦੀ 48 ਸਾਲਾ ਸ਼੍ਰੀਮਤੀ ਅੰਤਿਲ ਨੇ ਆਪਣੀ ਗੂੜ੍ਹੇ ਹਰੇ ਰੰਗ ਦੀ ਪੱਗ ਨਾਲ਼ ਸਾਡਾ ਧਿਆਨ ਆਪਣੇ ਵੱਲ ਖਿੱਚਿਆ। ਮੱਕੀ, ਖੀਰਾ, ਆਲੂ ਅਤੇ ਗਾਜ਼ਰ ਦੀ ਖੇਤੀ ਕਰਨਕ ਵਾਲ਼ੀ ਸ਼੍ਰੀਮਤੀ ਅੰਤਿਲ ਪਿਛਲੇ ਦੋ ਮਹੀਨਿਆਂ ਤੋਂ ਅੰਦੋਲਨ ਵਿੱਚ ਹਿੱਸਾ ਲੈ ਰਹੀ ਹਨ ਅਤੇ ਸਿੰਘੂ ਤੋਂ ਘਰ ਅਤੇ ਘਰ ਤੋਂ ਸਿੰਘੂ ਆਉਣਾ-ਜਾਣਾ ਲੱਗਿਆ ਰਹਿੰਦਾ ਹੈ। ''ਜਦੋਂ ਮੈਂ ਸਿੰਘੂ ਬਾਰਡਰ 'ਤੇ ਹੋਵਾਂ ਤਾਂ ਮੇਰੇ ਪਤੀ ਸਾਡੀ 10 ਸਾਲਾ ਪੁੱਤ ਅਤੇ 17 ਸਾਲਾ ਧੀ ਦੀ ਦੇਖਭਾਲ਼ ਕਰਦੇ ਹਨ। ਗਣਤੰਤਰ ਦਿਵਸ ਮੌਕੇ ਅੱਜ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਇਕੱਠੇ ਹੋਏ ਹਨ। ਜੋ ਕੁਝ ਵੀ ਹੋਰ ਰਿਹਾ ਹੈ ਉਸ ਨਾਲ਼ ਸਾਰਿਆਂ ਨੂੰ ਨੁਕਸਾਨ ਪੁੱਜਣ ਵਾਲ਼ਾ ਹੈ। ਹਾਲ ਹੀ ਵਿੱਚ ਕਰੀਬ 200 ਕਿਸਾਨਾਂ ਦੀ ਜਾਨ ਜਾ ਚੁੱਕੀ ਹੈ, ਸਰਕਾਰ ਨੂੰ ਹੁਣ ਸਾਡੀ ਗੱਲ ਮੰਨਣੀ ਹੀ ਪਵੇਗੀ। ਇਨ੍ਹਾਂ ਸਾਰੇ ਖੇਤੀ ਬਿੱਲਾਂ ਨਾਲ਼ ਸਿਰਫ਼ ਅੰਬਾਨੀ ਅਤੇ ਅਡਾਨੀ ਨੂੰ ਹੀ ਫ਼ਾਇਦਾ ਹੋਵੇਗਾ, ਸਾਨੂੰ ਨਹੀਂ।''

ਜਿਵੇਂ ਜਿਵੇਂ ਸੂਰਜ ਢਲ਼ਣ ਲੱਗਿਆ, ਕੁਝ ਟਰੈਕਟ ਜੋ ਆਈਟੀਓ ਆਏ ਸਨ, ਵਾਪਸ ਉਨ੍ਹਾਂ ਸਰਹੱਦਾਂ ਵੱਲ ਮੁੜਨ ਲੱਗੇ ਜਿੱਥੋਂ ਉਹ ਰਵਾਨਾ ਹੋਏ ਸਨ। ਰਾਜਧਾਨੀ ਅਤੇ ਨੇੜੇ-ਤੇੜੇ ਦੇ ਇਲਾਕਿਆਂ ਵਿੱਚ ਰਹਿਣ ਵਾਲ਼ੇ ਲੋਕਾਂ ਨੇ ਇੱਕ ਵਿਸ਼ਾਲ, ਸ਼ਾਂਤਮਈ ਅਤੇ ਸ਼ਾਨਦਾਰ ਪਰੇਡ ਦੇ ਨਾਲ਼-ਨਾਲ਼ ਇੱਕ ਦੁਖਦਾਇਕ ਅਤੇ ਨਿੰਦਣਯੋਗ ਤਮਾਸ਼ਾ ਵੀ ਦੇਖਿਆ ਹੈ।

ਤਰਜਮਾ: ਕਮਲਜੀਤ ਕੌਰ

Shalini Singh

Shalini Singh is a founding trustee of the CounterMedia Trust that publishes PARI. A journalist based in Delhi, she writes on environment, gender and culture, and was a Nieman fellow for journalism at Harvard University, 2017-2018.

Other stories by Shalini Singh
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur