23 ਸਾਲਾ ਭਾਰਤੀ ਕਾਸਤੇ ਲਈ ਸਭ ਤੋਂ ਮਹੱਤਵਪੂਰਨ ਗੱਲ ਉਨ੍ਹਾਂ ਦਾ ਪਰਿਵਾਰ ਹੈ। ਉਨ੍ਹਾਂ ਨੇ 10ਵੀਂ ਜਮਾਤ ਵਿੱਚ ਸਕੂਲ ਛੱਡ ਦਿੱਤਾ ਅਤੇ ਆਪਣੀਆਂ ਭੈਣਾਂ ਨੂੰ ਪੜ੍ਹਾਉਣ ਲਈ ਨੌਕਰੀ ਕਰ ਲਈ। ਉਨ੍ਹਾਂ ਨੇ ਮਹਿਸੂਸ ਕੀਤਾ ਕਿ ਜੇ ਉਹ ਕਿਸੇ ਕੰਪਨੀ ਵਿੱਚ ਦਫ਼ਤਰ ਸਹਾਇਕ ਵਜੋਂ ਕੰਮ ਕਰਕੇ ਕੁਝ ਪੈਸਾ ਕਮਾ ਲੈਂਦੀ ਹਨ, ਤਾਂ ਉਨ੍ਹਾਂ ਦੇ ਪਿਤਾ ਅਤੇ ਵੱਡਾ ਭਰਾ ਸੁੱਖ ਦਾ ਸਾਹ ਲੈ ਸਕਦੇ ਹਨ ਅਤੇ ਉਨ੍ਹਾਂ ਨੇ ਇਸ ਸੁਪਨੇ ਨੂੰ ਹਕੀਕੀ ਬਣਾਉਣ ਲਈ ਸਖ਼ਤ ਮਿਹਨਤ ਕੀਤੀ। ਉਨ੍ਹਾਂ ਦੇ ਦਿਮਾਗ਼ ਵਿੱਚ ਪਰਿਵਾਰ ਦੀ ਮਦਦ ਤੋਂ ਇਲਾਵਾ ਕੁਝ ਵੀ ਨਹੀਂ ਸੀ। ਪਰ ਇਹ ਸਭ ਸਿਰਫ਼ ਮਈ 2021 ਤੱਕ ਹੀ ਰਿਹਾ।

ਉਸ ਤੋਂ ਬਾਅਦ ਉਨ੍ਹਾਂ ਕੋਲ਼ ਖਿਆਲ ਰੱਖਣ ਲਈ ਕੋਈ ਪਰਿਵਾਰ ਬਚਿਆ ਹੀ ਨਹੀਂ।

13 ਮਈ, 2021 ਨੂੰ, ਭਾਰਤੀ ਦੇ ਪਰਿਵਾਰ ਦੇ ਪੰਜ ਮੈਂਬਰ ਮੱਧ ਪ੍ਰਦੇਸ਼ ਦੇ ਦੇਵਾਸ ਜ਼ਿਲ੍ਹੇ ਦੇ ਆਪਣੇ ਪਿੰਡ ਨੇਮਾਵਰ ਤੋਂ ਰਾਤੋ ਰਾਤ ਲਾਪਤਾ ਹੋ ਗਏ ਸਨ। ਇਨ੍ਹਾਂ ਵਿੱਚ ਉਨ੍ਹਾਂ ਦੀਆਂ ਭੈਣਾਂ ਰੁਪਾਲੀ (17), ਦਿਵਿਆ (12), ਮਾਂ ਮਮਤਾ (45) ਅਤੇ ਉਨ੍ਹਾਂ ਦੇ ਚਚੇਰੇ ਭੈਣ-ਭਰਾ ਪੂਜਾ (16) ਅਤੇ ਪਵਨ (14) ਸ਼ਾਮਲ ਹਨ। "ਮੈਂ ਉਨ੍ਹਾਂ ਵਿੱਚੋਂ ਕਿਸੇ ਨਾਲ਼ ਵੀ ਸੰਪਰਕ ਨਾ ਕਰ ਸਕੀ," ਉਹ ਕਹਿੰਦੀ ਹਨ। "ਜਦੋਂ ਉਹ ਇੱਕ ਦਿਨ ਬਾਅਦ ਵੀ ਘਰ ਨਾ ਪਰਤੇ, ਤਾਂ ਅਸੀਂ ਡਰ ਨਾਲ਼ ਕੰਬਣ ਲੱਗੇ।''

ਭਾਰਤੀ ਨੇ ਪੁਲਿਸ ਕੋਲ਼ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਪੁਲਿਸ ਨੇ ਲਾਪਤਾ ਲੋਕਾਂ ਦੀ ਜਾਂਚ ਸ਼ੁਰੂ ਕਰ ਦਿੱਤੀ।

ਇੱਕ ਦਿਨ ਦੋ ਅਤੇ ਤਿੰਨਾਂ ਵਿੱਚ ਬਦਲ ਗਿਆ ਪਰ ਪਰਿਵਾਰਕ ਮੈਂਬਰ ਵਾਪਸ ਨਾ ਆਏ। ਹਰ ਲੰਘਦੇ ਦਿਨ ਦੇ ਨਾਲ਼, ਪਰਿਵਾਰ ਦਾ ਨਾ ਮੁੜਨਾ ਕਿਤੇ ਨਾ ਕਿਤੇ ਡੂੰਘੇਰਾ ਤੇ ਅੰਨ੍ਹਾ ਖ਼ੂਹ ਜਾਪਣ ਲੱਗਿਆ। ਭਾਰਤੀ ਦਾ ਦੁੱਖ ਵੱਧਦਾ ਗਿਆ। ਘਰ ਦੀ ਖ਼ਾਮੋਸ਼ੀ ਭਿਆਨਕ ਹੁੰਦੀ ਚਲੀ ਗਈ।

ਉਨ੍ਹਾਂ ਦੀ ਚਿੰਤਾ ਦਿਨੋਂ-ਦਿਨ ਵੱਧਦੀ ਜਾ ਰਹੀ ਸੀ।

Five of Bharti's family went missing on the night of May 13, 2021 from their village, Nemawar in Madhya Pradesh’s Dewas district.
PHOTO • Parth M.N.

13 ਮਈ, 2021 ਨੂੰ, ਭਾਰਤੀ ਦੇ ਪਰਿਵਾਰ ਦੇ ਪੰਜ ਮੈਂਬਰ ਮੱਧ ਪ੍ਰਦੇਸ਼ ਦੇ ਦੇਵਾਸ ਜ਼ਿਲ੍ਹੇ ਦੇ ਆਪਣੇ ਪਿੰਡ ਨੇਮਾਵਰ ਤੋਂ ਰਾਤੋ ਰਾਤ ਲਾਪਤਾ ਹੋ ਗਏ ਸਨ

ਪੰਜਾਂ ਮੈਂਬਰਾਂ ਦੇ ਲਾਪਤਾ ਹੋਣ ਦੇ 49 ਦਿਨਾਂ ਬਾਅਦ, 29 ਜੂਨ 2021 ਨੂੰ ਪੁਲਿਸ ਦੀ ਭਾਲ਼ ਦਾ ਬੇਹੱਦ ਦੁਖਦ ਨਤੀਜਾ ਨਿਕਲ਼ਿਆ। ਪਿੰਡ ਦੇ ਹਾਵੀ ਰਾਜਪੂਤ ਭਾਈਚਾਰੇ ਦੇ ਪ੍ਰਭਾਵੀ ਮੈਂਬਰ ਸੁਰੇਂਦਰ ਚੌਹਾਨ ਦੇ ਖੇਤਾਂ ਵਿੱਚੋਂ ਪੰਜ ਦੱਬੀਆਂ ਲਾਸ਼ਾਂ ਕੱਢੀਆਂ ਗਈਆਂ ਸਨ। ਚੌਹਾਨ ਸੱਜੇ ਪੱਖੀ ਹਿੰਦੂ ਸੰਗਠਨਾਂ ਨਾਲ਼ ਜੁੜੇ ਹੋਏ ਹਨ ਅਤੇ ਹਲਕੇ ਤੋਂ ਭਾਜਪਾ ਵਿਧਾਇਕ ਆਸ਼ੀਸ਼ ਸ਼ਰਮਾ ਦੇ ਕਰੀਬੀ ਦੱਸੇ ਜਾਂਦੇ ਹਨ।

"ਸਾਨੂੰ ਕਿਤੇ ਨਾ ਕਿਤੇ ਅਜਿਹਾ ਕੁਝ ਹੋਣ ਦਾ ਡਰ ਤਾਂ ਸੀ, ਪਰ ਇਸ ਨੇ ਸਾਡੇ ਦਿਮਾਗ਼ 'ਤੇ ਡੂੰਘਾ ਜ਼ਖਮ ਛੱਡਿਐ," ਗੋਂਡ ਕਬੀਲੇ ਨਾਲ਼ ਸਬੰਧਤ ਭਾਰਤੀ ਕਹਿੰਦੀ ਹਨ। "ਮੈਂ ਇਹ ਨਹੀਂ ਦੱਸ ਸਕਦੀ ਕਿ ਰਾਤੋ-ਰਾਤ ਆਪਣੇ ਪਰਿਵਾਰ ਦੇ ਪੰਜ ਜੀਆਂ ਨੂੰ ਗੁਆਉਣਾ ਕਿਹੋ ਜਿਹਾ ਲੱਗਦੈ। ਅਸੀਂ ਸਾਰੇ ਕਿਸੇ ਚਮਤਕਾਰ ਦੀ ਉਮੀਦ ਵੀ ਕਰ ਰਹੇ ਸੀ।''

ਨੇਮਾਵਰ ਦੇ ਇਸ ਆਦਿਵਾਸੀ ਪਰਿਵਾਰ ਨੇ ਰਾਤੋ-ਰਾਤ ਆਪਣੇ ਪੰਜ ਮੈਂਬਰਾਂ ਨੂੰ ਗੁਆ ਦਿੱਤਾ।

ਪੁਲਿਸ ਨੇ ਕਤਲੇਆਮ ਦੇ ਸਬੰਧ ਵਿੱਚ ਸੁਰੇਂਦਰ ਅਤੇ ਉਨ੍ਹਾਂ ਦੇ ਛੇ ਹੋਰ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

*****

ਮੱਧ ਪ੍ਰਦੇਸ਼ ਵਿੱਚ ਆਦਿਵਾਸੀਆਂ ਦੀ ਕੁੱਲ ਆਬਾਦੀ ਲਗਭਗ 21 ਪ੍ਰਤੀਸ਼ਤ ਹੈ ਅਤੇ ਇਸ ਵਿੱਚ ਗੋਂਡ, ਭੀਲ ਅਤੇ ਸਹਾਰੀਆ ਕਬੀਲੇ ਸ਼ਾਮਲ ਹਨ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨ.ਸੀ.ਆਰ.ਬੀ.) ਦੁਆਰਾ ਪ੍ਰਕਾਸ਼ਤ ਕ੍ਰਾਈਮ ਇਨ ਇੰਡੀਆ 2021 ਰਿਪੋਰਟ ਅਨੁਸਾਰ, ਉਨ੍ਹਾਂ ਦੀ ਇੰਨੀ ਮਹੱਤਵਪੂਰਣ ਗਿਣਤੀ ਦੇ ਬਾਵਜੂਦ, ਉਹ ਉੱਥੇ ਸੁਰੱਖਿਅਤ ਨਹੀਂ ਹਨ: ਰਾਜ ਨੇ 2019-2021 ਦੇ ਵਿਚਕਾਰ ਅਨੁਸੂਚਿਤ ਕਬੀਲਿਆਂ ਵਿਰੁੱਧ ਸਭ ਤੋਂ ਵੱਧ ਅੱਤਿਆਚਾਰ ਵੇਖੇ ਹਨ।

ਸਾਲ 2019 'ਚ ਸੂਬੇ ਅੰਦਰ ਅਨੁਸੂਚਿਤ ਕਬੀਲਿਆਂ 'ਤੇ ਅੱਤਿਆਚਾਰ ਦੇ 1,922 ਮਾਮਲੇ ਸਾਹਮਣੇ ਆਏ ਸਨ। ਦੋ ਸਾਲ ਬਾਅਦ ਇਹ ਵੱਧ ਕੇ 2,627 ਹੋ ਗਏ। ਰਾਸ਼ਟਰੀ ਪੱਧਰ 'ਤੇ 16 ਪ੍ਰਤੀਸ਼ਤ ਦੇ ਮੁਕਾਬਲੇ 36 ਪ੍ਰਤੀਸ਼ਤ ਦਾ ਵਾਧਾ ਹੋਣਾ ਭਾਵ ਗਿਣਤੀ ਨਾਲ਼ੋਂ ਦੁੱਗਣਾ।

ਸਾਲ 2021 'ਚ ਭਾਰਤ 'ਚ ਅਨੁਸੂਚਿਤ ਕਬੀਲਿਆਂ 'ਤੇ ਅੱਤਿਆਚਾਰ ਦੇ ਕੁੱਲ 8,802 ਮਾਮਲੇ ਸਾਹਮਣੇ ਆਏ। ਇਸ 'ਚ ਮੱਧ ਪ੍ਰਦੇਸ਼ ਦੀ ਹਿੱਸੇਦਾਰੀ 30 ਫੀਸਦੀ ਰਹੀ ਜੋ ਅੱਤਿਆਚਾਰ ਦੇ ਕੁੱਲ 2,627 ਮਾਮਲੇ ਬਣਦੇ ਹਨ। ਹਾਲਾਂਕਿ ਰਾਸ਼ਟਰੀ ਪੱਧਰ 'ਤੇ ਵੱਡੇ ਮਾਮਲੇ ਹੀ ਸਾਹਮਣੇ ਆਉਂਦੇ ਹਨ, ਪਰ ਉਨ੍ਹਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਜੋ ਧਮਕੀਆਂ ਅਤੇ ਜ਼ੁਲਮਾ ਦਾ ਸਾਹਮਣਾ ਕਰਨਾ ਪੈਂਦਾ ਹੈ, ਉਨ੍ਹਾਂ ਦੀ ਰਿਪੋਰਟ ਨਹੀਂ ਕੀਤੀ ਜਾਂਦੀ।

'I can’t describe what it's like to lose five members of the family in one night,' says Bharti from a park in Indore.
PHOTO • Parth M.N.

ਇੰਦੌਰ ਪਾਰਕ ਦੀ ਭਾਰਤੀ ਕਹਿੰਦੀ ਹਨ, 'ਮੈਂ ਇਹ ਨਹੀਂ ਦੱਸ ਸਕਦੀ ਕਿ ਰਾਤੋ-ਰਾਤ ਇੱਕ ਪਰਿਵਾਰ ਦੇ ਪੰਜ ਮੈਂਬਰਾਂ ਨੂੰ ਗੁਆਉਣਾ ਕਿਹੋ ਜਿਹਾ ਹੁੰਦੈ'

ਜਾਗ੍ਰਿਤੀ ਆਦਿਵਾਸੀ ਦਲਿਤ ਸੰਗਠਨ (ਜੇਏਡੀਐਸ) ਦੀ ਨੇਤਾ ਮਾਧੁਰੀ ਕ੍ਰਿਸ਼ਨਾਸਵਾਮੀ ਨੇ ਕਿਹਾ, "ਮੱਧ ਪ੍ਰਦੇਸ਼ ਵਿੱਚ ਆਦਿਵਾਸੀ ਭਾਈਚਾਰਿਆਂ ਵਿਰੁੱਧ ਅਪਰਾਧਾਂ ਦੀ ਦਰ ਇੰਨੀ ਜ਼ਿਆਦਾ ਹੈ ਕਿ ਸਾਡੇ ਵਰਕਰ ਵੀ ਉਨ੍ਹਾਂ (ਹਰੇਕ) 'ਤੇ ਨਜ਼ਰ ਨਹੀਂ ਰੱਖ ਪਾਉਂਦੇ। ਉਹ ਕਹਿੰਦੇ ਹਨ, "ਮੁੱਖ ਗੱਲ ਇਹ ਹੈ ਕਿ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਸਿਆਸਤ ਨੂੰ ਜਗੀਰਦਾਰੀ ਸਮਝਣ ਵਾਲ਼ੇ ਨੇਤਾਵਾਂ ਦੇ ਇਲਾਕਿਆਂ ਵਿੱਚੋਂ ਹੀ ਕੁਝ ਹੈਰਾਨ ਕਰਨ ਵਾਲ਼ੇ ਮਾਮਲੇ ਸਾਹਮਣੇ ਆਏ ਹਨ।''

ਇਸੇ ਸਾਲ ਜੁਲਾਈ ਵਿੱਚ, ਪਰਵੇਸ਼ ਸ਼ੁਕਲਾ ਨਾਮ ਦੇ ਇੱਕ ਸ਼ਰਾਬੀ ਭਾਜਪਾ ਵਰਕਰ ਦਾ ਇੱਕ ਅਣਮਨੁੱਖੀ ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਉਹ ਇੱਕ ਆਦਿਵਾਸੀ ਵਿਅਕਤੀ 'ਤੇ ਪੇਸ਼ਾਬ ਕਰ ਰਿਹਾ ਸੀ। ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਜਦੋਂ ਤੱਕ ਕੋਈ ਵੀਡਿਓ ਨਸ਼ਰ ਨਹੀਂ ਹੁੰਦੀ, ਜੋ ਲੋਕਾਂ ਦੇ ਰੋਹ ਨੂੰ ਭੜਕਾ ਸਕਦੀ ਹੋਵੇ, ਓਨਾ ਚਿਰ ਪੁਲਿਸ ਵੀ ਕਾਰਵਾਈ ਨਹੀਂ ਕਰਦੀ। ਮਾਧੁਰੀ ਕ੍ਰਿਸ਼ਨਾਸਵਾਮੀ ਕਹਿੰਦੀ ਹਨ,"ਆਦਿਵਾਸੀਆਂ ਨੂੰ ਅਕਸਰ ਉਜਾੜ ਦਿੱਤਾ ਜਾਂਦਾ ਹੈ ਜਾਂ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ। ਇਹ ਕਦਨ ਉਨ੍ਹਾਂ ਨੂੰ ਹੋਰ ਵੀ ਕਮਜ਼ੋਰ ਬਣਾ ਦਿੰਦਾ ਹੈ। ਇਹ ਕਾਨੂੰਨ ਸੱਤਾਸੀਨ ਅਤੇ ਸ਼ਕਤੀਸ਼ਾਲੀ ਭਾਈਚਾਰਿਆਂ ਨੂੰ ਉਨ੍ਹਾਂ ਵਿਰੁੱਧ ਅੱਤਿਆਚਾਰ ਕਰਨ ਦੀ ਆਗਿਆ ਦਿੰਦੇ ਹਨ।''

ਨੇਮਾਵਰ ਵਿਖੇ ਸੁਰੇਂਦਰ ਵੱਲੋਂ ਭਾਰਤੀ ਦੇ ਪਰਿਵਾਰ ਦੇ ਕਤਲ ਦਾ ਮੁੱਖ ਕਾਰਨ ਕਥਿਤ ਤੌਰ 'ਤੇ ਉਨ੍ਹਾਂ ਦੀ ਭੈਣ ਰੁਪਾਲੀ ਨਾਲ਼ ਉਸਦੇ ਪ੍ਰੇਮ ਸਬੰਧ ਸੀ।

ਦੋਵੇਂ ਕੁਝ ਸਮਾਂ ਇੱਕ ਦੂਜੇ ਦੇ ਪਿਆਰ ਵਿੱਚ ਰਹੇ। ਪਰ ਉਨ੍ਹਾਂ ਦੇ ਰਿਸ਼ਤੇ ਵਿੱਚ ਕੁੜੱਤਣ ਓਦੋਂ ਪੈਦਾ ਹੋਈ ਜਦੋਂ ਰੁਪਾਲੀ ਨੂੰ ਪਤਾ ਲੱਗਿਆ ਕਿ ਸੁਰੇਂਦਰ ਕਿਸੇ ਹੋਰ ਨਾਲ਼ ਮੰਗਣੀ ਕਰ ਰਿਹਾ ਹੈ। "ਉਸ ਨੇ ਰੁਪਾਲੀ ਨਾਲ਼ ਵਾਅਦਾ ਕੀਤਾ ਸੀ ਕਿ ਉਹਦੇ 18 ਸਾਲ ਦੇ ਹੁੰਦਿਆਂ ਹੀ ਦੋਵੇਂ ਵਿਆਹ ਕਰ ਲੈਣਗੇ," ਭਾਰਤੀ ਦੱਸਦੀ ਹਨ। "ਪਰ ਅਸਲ ਵਿੱਚ ਤਾਂ ਉਹ ਉਸ ਨਾਲ਼ ਸਿਰਫ਼ ਸਰੀਰਕ ਸਬੰਧ ਹੀ ਬਣਾਉਣਾ ਚਾਹੁੰਦਾ ਸੀ। ਉਹਨੂੰ ਵਰਤ ਕੇ ਉਹਨੇ ਕਿਸੇ ਹੋਰ ਨਾਲ਼ ਵਿਆਹ ਕਰਨ ਦਾ ਫ਼ੈਸਲਾ ਕੀਤਾ।''

ਇਸ ਵਾਕਿਆ ਤੋਂ ਨਾਰਾਜ਼ ਰੁਪਾਲੀ ਨੇ ਸੋਸ਼ਲ ਮੀਡੀਆ 'ਤੇ ਇਸ ਮਾਮਲੇ ਦਾ ਖ਼ੁਲਾਸਾ ਕਰਨ ਦੀ ਧਮਕੀ ਦਿੱਤੀ। ਫਿਰ ਉਹਨੇ ਇੱਕ ਸ਼ਾਮ ਰੁਪਾਲੀ ਨੂੰ ਆਪਣੇ ਖੇਤ ਬੁਲਾਇਆ ਤਾਂ ਜੋ ਉਹ ਇਸ ਮਾਮਲੇ 'ਤੇ ਕਿਸੇ ਸਿੱਟੇ 'ਤੇ ਪਹੁੰਚ ਸਕੇ। ਪਵਨ ਵੀ ਉਸ ਦਿਨ ਰੁਪਾਲੀ ਨਾਲ਼ ਗਿਆ ਸੀ। ਪਰ ਉਸ ਨੂੰ ਕੁਝ ਦੂਰੀ 'ਤੇ ਸੁਰੇਂਦਰ ਦੇ ਇੱਕ ਦੋਸਤ ਨੇ ਰੋਕੀ ਰੱਖਿਆ। ਸੁਰੇਂਦਰ ਖੇਤ ਦੇ ਇੱਕ ਸੁੰਨਸਾਨ ਖੂੰਜੇ ਵਿੱਚ ਰੁਪਾਲੀ ਦੀ ਉਡੀਕ ਕਰ ਰਿਹਾ ਸੀ। ਜਿਵੇਂ ਹੀ ਉਹ ਉੱਥੇ ਪਹੁੰਚੀ ਉਸ ਨੇ ਕੁੜੀ ਦੇ ਸਿਰ 'ਤੇ ਲੋਹੇ ਦੀ ਰਾਡ ਨਾਲ਼ ਵਾਰ ਕੀਤਾ ਅਤੇ ਉਸ ਦੀ ਹੱਤਿਆ ਕਰ ਦਿੱਤੀ।

ਸੁਰੇਂਦਰ ਨੇ ਫਿਰ ਪਵਨ ਨੂੰ ਇੱਕ ਸੰਦੇਸ਼ ਭੇਜਿਆ ਕਿ ਰੁਪਾਲੀ ਨੇ ਆਪਣੇ-ਆਪ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਸੋ ਉਹਨੂੰ ਹਸਪਤਾਲ ਲਿਜਾਣਾ ਪੈਣਾ ਹੈ। ਉਹਨੇ ਪਵਨ ਨੂੰ ਰੁਪਾਲੀ ਦੀ ਮਾਂ ਅਤੇ ਭੈਣ ਨੂੰ ਲਿਆਉਣ ਲਈ ਵੀ  ਕਿਹਾ, ਜੋ ਉਸ ਸਮੇਂ ਆਪਣੇ ਘਰ ਮੌਜੂਦ ਸਨ। ਦਰਅਸਲ ਸੁਰੇਂਦਰ, ਰੁਪਾਲੀ ਦੇ ਪਰਿਵਾਰ ਦੇ ਹਰ ਉਸ ਜੀਅ ਨੂੰ ਮਾਰ ਮੁਕਾਉਣਾ ਚਾਹੁੰਦਾ ਸੀ ਜੋ ਉਹਦੀ ਤੇ ਰੁਪਾਲੀ ਦੀ ਮਿਲ਼ਣੀ ਬਾਰੇ ਜਾਣਦਾ ਸੀ। ਇੰਝ ਇੱਕ-ਇੱਕ ਕਰਕੇ ਸੁਰੇਂਦਰ ਨੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਮਾਰ ਦਿੱਤਾ ਅਤੇ ਉਨ੍ਹਾਂ ਨੂੰ ਆਪਣੇ ਹੀ ਖੇਤ ਵਿੱਚ ਦਫ਼ਨ ਵੀ ਕੀਤਾ। "ਕੀ ਮੇਰੇ ਪੂਰੇ ਪਰਿਵਾਰ ਨੂੰ ਮਾਰ ਮੁਕਾਉਣ ਪਿੱਛੇ ਇਹੀ ਕਾਰਨ ਸੀ?" ਭਾਰਤੀ ਪੁੱਛਦੀ ਹਨ।

From 2019 to 2021, there was a 36 per cent increase in atrocities against STs in Madhya Pradesh.
PHOTO • Parth M.N.

ਦੋ ਸਾਲਾਂ ਵਿੱਚ, ਮੱਧ ਪ੍ਰਦੇਸ਼ ਵਿੱਚ ਅਨੁਸੂਚਿਤ ਕਬੀਲਿਆਂ ਵਿਰੁੱਧ ਅੱਤਿਆਚਾਰਾਂ ਵਿੱਚ 36 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ, ਜੋ ਰਾਸ਼ਟਰੀ ਔਸਤ 16 ਪ੍ਰਤੀਸ਼ਤ ਤੋਂ ਦੁੱਗਣੇ ਤੋਂ ਵੀ ਵੱਧ ਹੈ

ਜਦੋਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਤਾਂ ਰੁਪਾਲੀ ਅਤੇ ਪੂਜਾ ਦੇ ਤਨ 'ਤੇ ਕੋਈ ਲੀੜਾ ਨਹੀਂ ਸੀ। "ਸਾਨੂੰ ਸ਼ੱਕ ਹੈ ਕਿ ਉਨ੍ਹਾਂ ਨੇ ਕਤਲ ਤੋਂ ਪਹਿਲਾਂ ਉਨ੍ਹਾਂ ਨਾਲ਼ ਬਲਾਤਕਾਰ ਕੀਤਾ ਗਿਆ," ਭਾਰਤੀ ਕਹਿੰਦੀ ਹਨ। "ਇਸ ਹਾਦਸੇ ਨੇ ਸਾਡੀ ਜ਼ਿੰਦਗੀ ਤਬਾਹ ਕਰ ਛੱਡੀ।''

ਐੱਨਸੀਆਰਬੀ ਦੇ ਤਾਜ਼ਾ ਅੰਕੜਿਆਂ ਮੁਤਾਬਕ ਮੱਧ ਪ੍ਰਦੇਸ਼ 'ਚ 2021 'ਚ ਬਲਾਤਕਾਰ ਦੀਆਂ 376 ਘਟਨਾਵਾਂ ਹੋਈਆਂ, ਜਿਨ੍ਹਾਂ 'ਚੋਂ 154 ਨਾਬਾਲਗਾਂ ਨਾਲ਼ ਹੋਏ। ਇਨ੍ਹਾਂ ਅੰਕੜਿਆਂ ਮੁਤਾਬਕ ਹਰੇਕ ਦਿਨ ਇੱਕ ਤੋਂ ਵੱਧ ਬਲਾਤਕਾਰ।

"ਪਹਿਲਾਂ ਵੀ ਅਸੀਂ ਕੋਈ ਬਹੁਤੀ ਸੁੱਖਾਂ ਭਰੀ ਜ਼ਿੰਦਗੀ ਤਾਂ ਨਹੀਂ ਜਿਊਂਦੇ ਸਾਂ ਪਰ ਅਸੀਂ ਹਰ ਤਕਲੀਫ਼ ਇੱਕ ਦੂਜੇ ਨਾਲ਼ ਸਾਂਝੀ ਜ਼ਰੂਰ ਕਰਦੇ," ਭਾਰਤੀ ਕਹਿੰਦੀ ਹਨ। "ਅਸੀਂ ਇੱਕ ਦੂਜੇ ਲਈ ਬਹੁਤ ਮਿਹਨਤ ਕੀਤੀ।''

*****

ਹਾਵੀ ਭਾਈਚਾਰੇ ਵੱਖ-ਵੱਖ ਕਾਰਨਾਂ ਕਰਕੇ ਕਬਾਇਲੀ ਭਾਈਚਾਰਿਆਂ 'ਤੇ ਅੱਤਿਆਚਾਰ ਕਰਦੇ ਹਨ। ਉਨ੍ਹਾਂ ਲਈ ਸਭ ਤੋਂ ਆਮ ਬਹਾਨਾ ਜ਼ਮੀਨੀ ਟਕਰਾਅ ਹੈ। ਜਦੋਂ ਕਬਾਇਲੀ ਲੋਕਾਂ ਨੂੰ ਸਰਕਾਰੀ ਜ਼ਮੀਨ ਮਿਲ਼ਦੀ ਹੈ, ਤਾਂ ਰੋਜ਼ੀ-ਰੋਟੀ ਲਈ ਉਨ੍ਹਾਂ ਦੀ ਜ਼ਿਮੀਂਦਾਰਾਂ 'ਤੇ ਨਿਰਭਰਤਾ ਘੱਟਦੀ ਜਾਂਦੀ ਰਹਿੰਦੀ ਹੈ। ਇਸਲਈ ਇਨ੍ਹਾਂ ਸ਼ਕਤੀਸ਼ਾਲੀ ਲੋਕਾਂ ਨੂੰ ਆਪਣਾ ਦਬਦਬਾ ਖ਼ਤਰੇ ਵਿੱਚ ਜਾਪਦਾ ਹੈ।

2002 ਵਿੱਚ, ਜਦੋਂ ਦਿਗਵਿਜੈ ਸਿੰਘ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸਨ, ਤਕਰੀਬਨ 3.5 ਲੱਖ ਬੇਜ਼ਮੀਨੇ ਦਲਿਤਾਂ ਅਤੇ ਆਦਿਵਾਸੀਆਂ ਨੂੰ ਉਨ੍ਹਾਂ ਦੇ ਸਸ਼ਕਤੀਕਰਨ ਲਈ ਜ਼ਮੀਨ ਦੀ ਮਾਲਕੀ ਦੇਣ ਦਾ ਵਾਅਦਾ ਕੀਤਾ ਗਿਆ ਸੀ। ਅਗਲੇ ਸਾਲਾਂ ਵਿੱਚ, ਉਨ੍ਹਾਂ ਵਿੱਚੋਂ ਕੁਝ ਨੂੰ ਲੋੜੀਂਦੇ ਕਾਗਜ਼ੀ ਦਸਤਾਵੇਜ਼ ਵੀ ਮਿਲ਼ ਗਏ। ਪਰ ਜ਼ਿਆਦਾਤਰ ਮਾਮਲਿਆਂ ਵਿੱਚ ਜ਼ਮੀਨ ਦੀ ਪ੍ਰਾਪਤੀ ਪ੍ਰਭਾਵਸ਼ਾਲੀ ਜਾਤੀ ਦੇ ਜ਼ਮੀਨ ਮਾਲਕਾਂ ਕੋਲ਼ ਹੀ ਰਹਿੰਦੀ ਹੈ।

ਕਈ ਵਾਰ ਜਦੋਂ ਹਾਸ਼ੀਏ 'ਤੇ ਰਹਿਣ ਵਾਲ਼ੇ ਭਾਈਚਾਰੇ ਆਪਣੇ ਅਧਿਕਾਰਾਂ ਦਾ ਦਾਅਵਾ ਕਰਦੇ ਹਨ, ਤਾਂ ਉਨ੍ਹਾਂ ਨੂੰ ਇਸ ਦੀ ਕੀਮਤ ਆਪਣੀ ਜ਼ਿੰਦਗੀ ਦੇ ਕੇ ਚੁਕਾਉਣੀ ਪੈਂਦੀ ਹੈ।

ਜੂਨ 2022 ਦੇ ਅਖੀਰ ਵਿੱਚ, ਪ੍ਰਸ਼ਾਸਨ ਗੁਨਾ ਜ਼ਿਲ੍ਹੇ ਦੀ ਰਾਮਪਿਆਰੀ ਸਹਿਰੀਆ ਦੇ ਧਨੋਰੀਆ ਪਿੰਡ ਉਨ੍ਹਾਂ ਦੀ ਜ਼ਮੀਨ ਦੀ ਨਿਸ਼ਾਨਦੇਹੀ ਕਰਨ ਪਹੁੰਚਿਆ। ਆਖ਼ਰਕਾਰ ਪ੍ਰਸ਼ਾਸਨ ਨੇ ਉਨ੍ਹਾਂ ਦੀ ਜ਼ਮੀਨ ਦੀਆਂ ਹੱਦਾਂ ਤੈਅ ਕਰ ਦਿੱਤੀਆਂ। ਇਹ ਸਾਹਰੀਆ ਆਦਿਵਾਸੀ ਪਰਿਵਾਰ ਪਿਛਲੇ ਦੋ ਦਹਾਕਿਆਂ ਤੋਂ ਆਪਣੇ ਹਿੱਸੇ ਦੀ ਜ਼ਮੀਨ ਪ੍ਰਾਪਤੀ ਲਈ ਸੰਘਰਸ਼ ਕਰ ਰਿਹਾ ਹੈ ਅਤੇ ਰਾਮਪਿਆਰੀ ਲਈ, ਇਹ ਜ਼ਮੀਨ ਪ੍ਰਾਪਤ ਕਰਨਾ ਉਨ੍ਹਾਂ ਦੀ ਜ਼ਿੰਦਗੀ ਦਾ ਸੁਪਨਾ ਸੀ।

ਪਰ ਜ਼ਮੀਨ ਪ੍ਰਭਾਵਸ਼ਾਲੀ ਧਾਕੜ ਅਤੇ ਬ੍ਰਾਹਮਣ ਭਾਈਚਾਰਿਆਂ ਦੇ ਦੋ ਪਰਿਵਾਰਾਂ ਨੂੰ ਮਿਲ਼ ਗਈ।

Jamnalal's family belongs to the Sahariya Adivasi tribe. He is seen here chopping soyabean in Dhanoriya.
PHOTO • Parth M.N.

ਜਮਨਾਲਾਲ ਦਾ ਪਰਿਵਾਰ ਸਹਾਰੀਆ ਆਦਿਵਾਸੀ ਕਬੀਲੇ ਨਾਲ਼ ਸਬੰਧਤ ਹੈ। ਤਸਵੀਰ ਵਿੱਚ ਉਹ ਧਨੋਰੀਆ ਵਿਖੇ ਸੋਇਆਬੀਨ ਕੱਟਦੇ ਹੋਏ ਦੇਖਿਆ ਜਾ ਸਕਦਾ ਹੈ

2 ਜੁਲਾਈ, 2022 ਨੂੰ, ਰਾਮਪਿਆਰੀ ਆਪਣੇ 3 ਏਕੜ ਖੇਤ ਦਾ ਦੌਰਾ ਕਰਨ ਲਈ ਰਵਾਨਾ ਹੋਈ। ਉਨ੍ਹਾਂ ਨੂੰ ਬੜਾ ਚਾਅ ਤੇ ਮਾਣ ਸੀ ਕਿ ਉਹ ਵੀ ਹੁਣ ਜ਼ਮੀਨ ਦੀ ਮਾਲਕ ਹਨ। ਜਦੋਂ ਉਹ ਉੱਥੇ ਟਹਿਲ ਰਹੀ ਸਨ ਤਾਂ ਉਨ੍ਹਾਂ ਨੇ ਦੋ ਸ਼ਕਤੀਸ਼ਾਲੀ ਭਾਈਚਾਰਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਆਪਣੇ ਖੇਤਾਂ ਵਿੱਚ ਟਰੈਕਟਰ ਚਲਾਉਂਦੇ ਦੇਖਿਆ। ਰਾਮਪਿਆਰੀ ਉਨ੍ਹਾਂ ਕੋਲ਼ ਗਈ ਅਤੇ ਉਨ੍ਹਾਂ ਨੂੰ ਇੰਝ ਕਰਨ ਤੋਂ ਰੋਕਣ ਲੱਗੀ। ਗੱਲ ਬਹਿਸ ਤੱਕ ਪਹੁੰਚ ਗਈ ਅਤੇ ਆਖ਼ਰਕਾਰ ਵਿਰੋਧੀ ਧਿਰ ਨੇ ਉਨ੍ਹਾਂ ਨੂੰ ਬੜਾ ਕੁੱਟਿਆ ਗਿਆ ਅਤੇ ਅੱਗ ਲਾ ਸਾੜ ਦਿੱਤਾ।

ਅਰਜੁਨ ਦੇ ਚਾਚਾ, 70 ਸਾਲਾ ਜਮਨਾਲਾਲ ਕਹਿੰਦੇ ਹਨ, "ਜਦੋਂ ਅਸੀਂ ਇਸ ਘਟਨਾ ਬਾਰੇ ਸੁਣਿਆ ਤਾਂ ਉਨ੍ਹਾਂ ਦੇ ਪਤੀ, ਅਰਜੁਨ ਖੇਤ ਵੱਲ ਨੂੰ ਭੱਜੇ ਅਤੇ ਆਪਣੀ ਪਤਨੀ ਨੂੰ ਸੜੀ ਹੋਈ ਹਾਲਤ ਵਿੱਚ ਪਾਇਆ। ਅਸੀਂ ਉਸ ਨੂੰ ਤੁਰੰਤ ਗੁਨਾ ਜ਼ਿਲ੍ਹਾ ਹਸਪਤਾਲ ਲੈ ਗਏ, ਜਿੱਥੋਂ ਉਨ੍ਹਾਂ ਦੀ ਹਾਲਤ ਨਾਜ਼ੁਕ ਦੇਖ ਉਸ ਨੂੰ ਭੋਪਾਲ ਭੇਜ ਦਿੱਤਾ ਗਿਆ।''

ਛੇ ਦਿਨ ਬਾਅਦ ਉਨ੍ਹਾਂ ਦੀ ਸੜਨ ਕਾਰਨ ਮੌਤ ਹੋ ਗਈ। ਉਸ ਸਮੇਂ ਉਨ੍ਹਾਂ ਦੀ ਉਮਰ ਸਿਰਫ਼ 46 ਸਾਲ ਸੀ। ਉਹ ਆਪਣੇ ਪਿੱਛੇ ਪਤੀ ਅਤੇ ਚਾਰ ਬੱਚਿਆਂ ਨੂੰ ਛੱਡ ਗਈ ਸਨ।

ਸਹਿਰੀਆ ਕਬੀਲੇ ਨਾਲ਼ ਸਬੰਧਤ ਇਹ ਪਰਿਵਾਰ ਮਜ਼ਦੂਰੀ ਕਰਕੇ ਰੋਜ਼ੀ-ਰੋਟੀ ਕਮਾਉਂਦਾ ਸੀ। "ਸਾਡੇ ਕੋਲ਼ ਆਮਦਨੀ ਦਾ ਕੋਈ ਹੋਰ ਸਰੋਤ ਨਹੀਂ ਸੀ," ਧਨੋਰੀਆ ਦੇ ਖੇਤਾਂ ਵਿੱਚ ਸੋਇਆਬੀਨ ਕੱਟਦੇ ਹੋਏ ਜਮਨਾਲਾਲ ਕਹਿੰਦੇ ਹਨ। ''ਅਸੀਂ ਉਮੀਦ ਕਰ ਰਹੇ ਸੀ ਕਿ ਜਦੋਂ ਸਾਨੂੰ ਆਪਣੀ ਜ਼ਮੀਨ ਮਿਲ਼ੇਗੀ ਤਾਂ ਅਸੀਂ ਘੱਟੋ ਘੱਟ ਆਪਣੀ ਘਰੇਲੂ ਵਰਤੋਂ ਜੋਗੀਆਂ ਫ਼ਸਲਾਂ ਉਗਾਉਣ ਦੇ ਯੋਗ ਤਾਂ ਹੋ ਹੀ ਜਾਵਾਂਗੇ।''

ਘਟਨਾ ਵਾਲ਼ੇ ਦਿਨ ਤੋਂ ਡਰ ਦੇ ਮਾਰੇ ਰਾਮਪਿਆਰੀ ਦਾ ਪਰਿਵਾਰ ਧਨੋਰੀਆ ਪਿੰਡ ਛੱਡ ਕੇ ਕਿਤੇ ਹੋਰ ਚਲਾ ਗਿਆ ਹੈ। ਪਿੰਡ 'ਚ ਰਹਿਣ ਵਾਲ਼ੇ ਜਮਨਾਲਾਲ ਨੇ ਉਨ੍ਹਾਂ ਦੇ ਟਿਕਾਣੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। "ਅਸੀਂ ਸਾਰੇ ਇਸ ਪਿੰਡ ਵਿੱਚ ਪੈਦਾ ਹੋਏ ਅਤੇ ਵੱਡੇ ਵੀ ਹੋਏ। ਪਰ ਇੱਥੇ ਮੈਂ ਇਕੱਲਾ ਹੀ ਮਰ ਜਾਵਾਂਗਾ। ਮੈਨੂੰ ਨਹੀਂ ਉਮੀਦ ਕਿ ਅਰਜੁਨ ਅਤੇ ਉਹਦਾ ਪਿਓ ਇੱਥੇ ਵਾਪਸ ਆਉਣਗੇ," ਉਹ ਕਹਿੰਦੇ ਹਨ।

ਰਾਮਪਿਆਰੀ ਕਤਲ ਕੇਸ ਦੇ ਸਬੰਧ ਵਿੱਚ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਦਖ਼ਲ ਦਿੱਤਾ ਅਤੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ।

Jamnalal continues to live and work there but Rampyari's family has left Dhanoriya. 'I don’t think Arjun [her husband] and his father will return,' he says
PHOTO • Parth M.N.
Jamnalal continues to live and work there but Rampyari's family has left Dhanoriya. 'I don’t think Arjun [her husband] and his father will return,' he says
PHOTO • Parth M.N.

ਜਮਨਾਲਾਲ ਪਿੰਡ ਵਿੱਚ ਰਹਿੰਦੇ ਅਤੇ ਕੰਮ ਕਰਦੇ ਹਨ, ਜਦੋਂ ਕਿ ਰਾਮਪਿਆਰੀ ਦਾ ਪਰਿਵਾਰ ਧਨੋਰੀਆ ਛੱਡ ਕੇ ਚਲਾ ਗਿਆ ਹੋਇਆ ਹੈ। 'ਮੈਨੂੰ ਨਹੀਂ ਉਮੀਦ ਕਿ ਅਰਜੁਨ ਅਤੇ ਉਹਦਾ ਪਿਓ ਇੱਥੇ ਵਾਪਸ ਆਉਣਗੇ,' ਉਹ ਕਹਿੰਦੇ ਹਨ

*****

ਆਮ ਤੌਰ 'ਤੇ, ਜਦੋਂ ਲੋਕ ਪਰੇਸ਼ਾਨ ਹੁੰਦੇ ਹਨ ਤਾਂ ਉਹ ਸਰਕਾਰੀ ਮਸ਼ੀਨਰੀ ਵੱਲ ਹੀ ਮੁੜਦੇ ਹਨ। ਪਰ ਚੈਨ ਸਿੰਘ ਦੇ ਮਾਮਲੇ ਵਿੱਚ ਸਰਕਾਰੀ ਮਸ਼ੀਨਰੀ ਨੇ ਹੀ ਉਹਨੂੰ ਮਾਰ ਮੁਕਾਇਆ।

ਅਗਸਤ 2022 ਵਿੱਚ, ਚੈਨ ਸਿੰਘ ਅਤੇ ਉਨ੍ਹਾਂ ਦਾ ਛੋਟਾ ਭਰਾ ਮਹੇਂਦਰ ਸਿੰਘ ਮੱਧ ਪ੍ਰਦੇਸ਼ ਦੇ ਵਿਦਿਸ਼ਾ ਜ਼ਿਲ੍ਹੇ ਦੇ ਰਾਏਪੁਰ ਪਿੰਡ ਨੇੜੇ ਜੰਗਲ ਵਿੱਚੋਂ ਦੀ ਬਾਈਕ 'ਤੇ ਸਵਾਰ ਹੋ ਆ ਰਹੇ ਸਨ। "ਮੈਨੂੰ ਘਰੇਲੂ ਵਰਤੋਂ ਲਈ ਕੁਝ ਲੱਕੜ ਦੀ ਲੋੜ ਸੀ। ਮੇਰਾ ਭਰਾ ਬਾਈਕ ਚਲਾ ਰਿਹਾ ਸੀ ਤੇ ਮੈਂ ਜਿਵੇਂ-ਕਿਵੇਂ ਬਾਲ਼ਣ ਨੂੰ ਫੜ੍ਹੀ ਮਗਰਲੀ ਸੀਟ 'ਤੇ ਬੈਠਾ ਹੋਇਆ ਸਾਂ," 20 ਸਾਲਾ ਮਹੇਂਦਰ ਕਹਿੰਦੇ ਹਨ।

ਰਾਏਪੁਰ, ਵਿਦਿਸ਼ਾ ਦੇ ਸੰਘਣੇ ਜੰਗਲ ਖੇਤਰਾਂ ਦੇ ਨੇੜੇ ਹੈ, ਜਿਸਦਾ ਮਤਲਬ ਹੈ ਕਿ ਸੂਰਜ ਡੁੱਬਣ ਤੋਂ ਬਾਅਦ ਇਹ ਖੇਤਰ ਹਨ੍ਹੇਰੇ ਵਿੱਚ ਡੁੱਬ ਜਾਂਦਾ ਹੈ। ਇੱਥੇ ਕੋਈ ਸਟਰੀਟ ਲਾਈਟਾਂ ਨਹੀਂ ਹਨ। ਭਰਾਵਾਂ ਨੂੰ ਇਸ ਬੀਹੜ ਰਸਤੇ ਥਾਣੀ ਜਾਣ ਵਾਸਤੇ ਆਪਣੀ ਬਾਈਕ ਦੀਆਂ ਹੈੱਡਲਾਈਟਾਂ ਦਾ ਹੀ ਆਸਰਾ ਸੀ।

ਭੀਲ ਕਬੀਲੇ ਨਾਲ਼ ਸਬੰਧਤ ਚੈਨ ਸਿੰਘ ਅਤੇ ਮਹੇਂਦਰ ਸਾਵਧਾਨੀ ਨਾਲ਼ ਜੰਗਲ ਖੇਤਰ ਵਿੱਚੋਂ ਲੰਘਦੀਆਂ ਸੜਕਾਂ ਪਾਰ ਕਰਕੇ ਮੁੱਖ ਸੜਕ 'ਤੇ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦੇ ਸਾਹਮਣੇ ਜੰਗਲਾਤ ਗਾਰਡਾਂ ਨਾਲ਼ ਭਰੀਆਂ ਦੋ ਜੀਪਾਂ ਸਨ। ਬਾਈਕ ਦੀਆਂ ਹੈੱਡਲਾਈਟਾਂ ਸਿੱਧੇ ਜੀਪਾਂ ਵੱਲ ਵੱਜ ਰਹੀਆਂ ਸਨ।

"ਜਿਓਂ ਹੀ ਮੇਰੇ ਭਰਾ ਨੇ ਉਨ੍ਹਾਂ ਨੂੰ ਦੇਖਿਆ, ਉਹਨੇ ਨੇ ਬਾਈਕ ਰੋਕ ਦਿੱਤੀ। ਪਰ ਉਨ੍ਹਾਂ ਵਿੱਚੋਂ ਇੱਕ ਗਾਰਡ ਨੇ ਸਾਡੇ ਵੱਲ ਗੋਲ਼ੀ ਦਾਗ਼ੀ। ਸਾਡੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਹਮਲਾਵਰ ਵਤੀਰਾ ਅਖ਼ਤਿਆਰ ਨਾ ਕੀਤਾ ਗਿਆ। ਅਸੀਂ ਸਿਰਫ਼ ਲੱਕੜ ਹੀ ਲਿਜਾ ਰਹੇ ਸਾਂ,'' ਮਹੇਂਦਰ ਕਹਿੰਦੇ ਹਨ।

ਚੈਨ ਸਿੰਘ (30) ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਹ ਬਾਈਕ ਤੋਂ ਕੰਟਰੋਲ ਗੁਆ ਬੈਠੇ ਅਤੇ ਡਿੱਗ ਪਏ। ਪਿੱਛੇ ਬੈਠੇ ਮਹੇਂਦਰ ਵੀ ਜ਼ਖਮੀ ਹੋ ਗਏ। ਉਨ੍ਹਾਂ ਨੇ ਜੋ ਲੱਕੜ ਇਕੱਠੀ ਕੀਤੀ ਸੀ, ਉਨ੍ਹਾਂ ਦੇ ਹੱਥੋਂ ਡਿੱਗ ਗਈ ਅਤੇ ਨਾਲ਼ ਹੀ ਬਾਈਕ ਵੀ ਆਣ ਡਿੱਗੀ। "ਉਸ ਸਮੇਂ, ਮੈਨੂੰ ਲੱਗਿਆ ਮੈਂ ਮਰਨ ਜਾ ਰਿਹਾ ਹਾਂ," ਮਹੇਂਦਰ ਕਹਿੰਦੇ ਹਨ। "ਮੈਨੂੰ ਜਾਪਿਆ ਜਿਓਂ ਮੈਂ ਸਵਰਗ ਵਿੱਚ ਤੈਰ ਰਿਹਾ ਹੋਵਾਂ," ਉਹ ਕਹਿੰਦੇ ਹਨ। ਉਨ੍ਹਾਂ ਨੂੰ ਸਿਰਫ਼ ਇੰਨਾ ਹੀ ਚੇਤਾ ਹੈ ਕਿ ਉਹ ਜਿਵੇਂ-ਕਿਵੇਂ ਹਸਪਤਾਲ ਪਹੁੰਚੇ।

Mahendra's (in the photo) brother Chain Singh was shot dead by a forest guard near their village Raipura of Vidisha district
PHOTO • Parth M.N.

ਮਹੇਂਦਰ ਦੇ ਵੱਡੇ ਭਰਾ ਚੈਨ ਸਿੰਘ ਦੀ ਵਿਦਿਸ਼ਾ ਜ਼ਿਲ੍ਹੇ ਦੇ ਰਾਏਪੁਰ ਪਿੰਡ ਨੇੜੇ ਜੰਗਲਾਤ ਗਾਰਡਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ

ਵਿਦਿਸ਼ਾ ਦੇ ਜ਼ਿਲ੍ਹਾ ਜੰਗਲਾਤ ਅਧਿਕਾਰੀ ਓਂਕਾਰ ਮਕੋਲੇ ਨੇ ਕਿਹਾ ਕਿ ਘਟਨਾ ਦੀ ਨਿਆਂਇਕ ਜਾਂਚ ਚੱਲ ਰਹੀ ਹੈ। ਉਨ੍ਹਾਂ ਕਿਹਾ,''ਦੋਸ਼ੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਪਰ ਫਿਲਹਾਲ ਉਹ ਸੇਵਾ 'ਚ ਵਾਪਸ ਆ ਗਿਆ ਹੈ। ਇੱਕ ਵਾਰ ਨਿਆਂਇਕ ਜਾਂਚ ਆਪਣੀ ਰਿਪੋਰਟ ਸੌਂਪ ਦੇਵੇ ਤਾਂ ਅਸੀਂ ਉਸੇ ਅਨੁਸਾਰ ਬਣਦੀ ਕਾਰਵਾਈ ਕਰਾਂਗੇ।''

ਮਹੇਂਦਰ ਨੂੰ ਖਦਸ਼ਾ ਹੈ ਕਿ ਉਨ੍ਹਾਂ ਦੇ ਵੱਡੇ ਭਰਾ ਨੂੰ ਗੋਲ਼ੀ ਮਾਰਨ ਵਾਲ਼ੇ ਰੇਂਜਰ 'ਤੇ ਦੋਸ਼ ਲਗਾਇਆ ਵੀ ਜਾਵੇਗਾ ਜਾਂ ਨਹੀਂ। ''ਮੈਨੂੰ ਉਮੀਦ ਹੈ ਕਿ ਉਨ੍ਹਾਂ ਨੇ ਜੋ ਕੀਤਾ ਹੈ ਉਸ ਲਈ ਉਨ੍ਹਾਂ ਨੂੰ ਸਜ਼ਾ ਮਿਲੇਗੀ। ਜੇ ਇੰਝ ਨਾ ਹੋਇਆ  ਤਾਂ ਸਮਾਜ ਨੂੰ ਕੀ ਸੰਦੇਸ਼ ਜਾਵੇਗਾ? ਇਹੀ ਨਾ ਕਿ ਕਿਸੇ ਆਦਿਵਾਸੀ ਨੂੰ ਮਾਰ ਦਿਓ ਕੁਝ ਨਹੀਂ ਹੋਣਾ, ਸਾਡੀ ਜ਼ਿੰਦਗੀ ਇੰਨੀ ਸਸਤੀ ਹੈ?" ਉਹ ਪੁੱਛਦੇ ਹਨ।

ਇਸ ਘਟਨਾ ਨੇ ਚੈਨ ਸਿੰਘ ਦੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਹ ਘਰ ਦੇ ਦੋ ਕਮਾਊ ਮੈਂਬਰਾਂ ਵਿੱਚੋਂ ਇੱਕ ਸਨ। ਦੂਜਾ, ਮਹੇਂਦਰ, ਇੱਕ ਸਾਲ ਬਾਅਦ ਵੀ ਲੰਗੜਾ ਕੇ ਤੁਰਦੇ ਹਨ। "ਮੇਰਾ ਭਰਾ ਚਲਾ ਗਿਆ। ਸੱਟ ਲੱਗਣ ਕਾਰਨ ਮੈਂ ਵੀ ਦਿਹਾੜੀ-ਧੱਪਾ ਨਹੀਂ ਲਾ ਪਾਉਂਦਾ," ਉਹ ਕਹਿੰਦੇ ਹਨ। "ਉਨ੍ਹਾਂ ਦੇ ਚਾਰ ਛੋਟੇ ਬੱਚਿਆਂ ਦੀ ਦੇਖਭਾਲ ਕੌਣ ਕਰੇਗਾ? ਸਾਡੇ ਕੋਲ਼ ਇੱਕ ਏਕੜ ਖੇਤ ਹੈ ਜਿੱਥੇ ਅਸੀਂ ਘਰੇਲੂ ਵਰਤੋਂ ਲਈ ਚਨਾ ਉਗਾਉਂਦੇ ਹਾਂ। ਪਰ ਸਾਡੀ ਕਮਾਈ ਇੱਕ ਸਾਲ ਤੋਂ ਵੱਧ ਸਮੇਂ ਤੋਂ ਲਗਭਗ ਜ਼ੀਰੋ ਰਹੀ ਹੈ।''

*****

ਭਾਰਤੀ ਵੀ ਘਟਨਾ ਵਾਲ਼ੇ ਦਿਨ ਤੋਂ ਇੱਕ ਪੈਸਾ ਵੀ ਨਹੀਂ ਕਮਾ ਸਕੀ ਹਨ।

ਕਤਲੇਆਮ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਿਤਾ ਮੋਹਨ ਲਾਲ ਅਤੇ ਵੱਡੇ ਭਰਾ ਸੰਤੋਸ਼ ਨਾਲ਼ ਪਿੰਡ ਛੱਡ ਦਿੱਤਾ। "ਸਾਡੇ ਕੋਲ਼ ਉੱਥੇ ਕੋਈ ਖੇਤੀ ਵਾਲ਼ੀ ਜ਼ਮੀਨ ਨਹੀਂ ਸੀ," ਭਾਰਤੀ ਕਹਿੰਦੀ ਹਨ, "ਸਾਡੇ ਕੋਲ਼ ਸਿਰਫ਼ ਆਪਣਾ ਪਰਿਵਾਰ ਸੀ। ਉਨ੍ਹਾਂ ਦੇ ਜਾਣ ਤੋਂ ਬਾਅਦ ਉੱਥੇ ਰਹਿਣ ਦਾ ਕੋਈ ਮਤਲਬ ਨਹੀਂ ਸੀ। ਜੇ ਅਸੀਂ ਉੱਥੇ ਰਹਿ ਵੀ ਜਾਂਦੇ ਤਾਂ ਉਨ੍ਹਾਂ ਦੀਆਂ ਯਾਦਾਂ ਘੁੰਮਦੀਆਂ ਰਹਿਣੀਆਂ ਸਨ। ਅਸੀਂ ਇਹ ਵੀ ਮਹਿਸੂਸ ਕੀਤਾ ਕਿ ਉੱਥੇ ਰਹਿਣਾ ਸੁਰੱਖਿਅਤ ਨਹੀਂ ਹੈ।''

Bharti's father and brother wanted to let go of the case and start afresh. 'Maybe they are scared. But I want to ensure the people who killed my family get punishment. How can I start afresh when there is no closure?' she says.
PHOTO • Parth M.N.

ਭਾਰਤੀ ਦੇ ਪਿਤਾ ਅਤੇ ਵੱਡੇ ਭਰਾ ਨੇ ਕੇਸ ਵਾਪਸ ਲੈਣ ਅਤੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਬਾਰੇ ਸੋਚਿਆ ਸੀ। 'ਸ਼ਾਇਦ ਉਹ ਡਰੇ ਹੋਏ ਹਨ। ਪਰ ਮੈਂ ਉਨ੍ਹਾਂ ਲੋਕਾਂ ਨੂੰ ਸਜ਼ਾ ਮਿਲ਼ਦੇ ਦੇਖਣਾ ਚਾਹੁੰਦੀ ਹਾਂ, ਜਿਨ੍ਹਾਂ ਨੇ ਮੇਰੇ ਪਰਿਵਾਰ ਨੂੰ ਮਾਰਿਆ। ਜਦੋਂ ਸਭ ਕੁਝ ਖਤਮ ਹੋਇਆ ਹੀ ਨਹੀਂ ਤਾਂ ਨਵੇਂ ਸਿਰੇ ਤੋਂ ਸ਼ੁਰੂਆਤ ਕਿਵੇਂ ਕਰ ਲਈਏ?' ਉਹ ਪੁੱਛਦੀ ਹਨ

ਉਦੋਂ ਤੋਂ ਹੀ ਭਾਰਤੀ ਦੇ ਮੋਹਨ ਲਾਲ ਅਤੇ ਸੰਤੋਸ਼ ਨਾਲ਼ ਮਤਭੇਦ ਚੱਲ ਰਹੇ ਹਨ। ਇਸੇ ਲਈ ਉਹ ਹੁਣ ਆਪਣੇ ਪਿਤਾ ਅਤੇ ਵੱਡੇ ਭਰਾ ਨਾਲ਼ ਨਹੀਂ ਰਹਿੰਦੀ। "ਮੈਂ ਇੰਦੌਰ ਵਿੱਚ ਆਪਣੇ ਰਿਸ਼ਤੇਦਾਰ ਦੇ ਘਰ ਰਹਿੰਦੀ ਸੀ," ਉਹ ਕਹਿੰਦੀ ਹਨ। ''ਮੇਰੇ ਪਿਤਾ ਅਤੇ ਵੱਡੇ ਭਰਾ ਨੇ ਕੇਸ ਵਾਪਸ ਲੈਣ ਅਤੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਬਾਰੇ ਸੋਚਿਆ ਸੀ। ਸ਼ਾਇਦ ਉਹ ਡਰੇ ਹੋਏ ਹਨ। ਪਰ ਮੈਂ ਉਨ੍ਹਾਂ ਲੋਕਾਂ ਨੂੰ ਸਜ਼ਾ ਮਿਲ਼ਦੇ ਦੇਖਣਾ ਚਾਹੁੰਦੀ ਹਾਂ, ਜਿਨ੍ਹਾਂ ਨੇ ਮੇਰੇ ਪਰਿਵਾਰ ਨੂੰ ਮਾਰਿਆ। ਜਦੋਂ ਸਭ ਕੁਝ ਖਤਮ ਹੋਇਆ ਹੀ ਨਹੀਂ ਤਾਂ ਨਵੇਂ ਸਿਰੇ ਤੋਂ ਸ਼ੁਰੂਆਤ ਕਿਵੇਂ ਕਰ ਲਈਏ?''

ਰੁਪਾਲੀ ਨੇ ਡਾਕਟਰ ਬਣਨ ਦਾ ਸੁਪਨਾ ਵੇਖਿਆ ਸੀ ਅਤੇ ਪਵਨ ਫੌਜ ਵਿੱਚ ਭਰਤੀ ਹੋਣਾ ਚਾਹੁੰਦਾ ਸੀ। ਭਾਰਤੀ, ਜਿਨ੍ਹਾਂ ਨੇ ਆਪਣੇ ਭੈਣ-ਭਰਾਵਾਂ ਦਾ ਢਿੱਡ ਭਰਨ ਲਈ ਭੀਖ ਤੱਕ ਮੰਗੀ ਸੀ, ਸਾਹਵੇਂ ਹੁਣ ਆਪਣਿਆਂ ਲਈ ਨਿਆ ਪ੍ਰਾਪਤ ਕਰਨ ਤੋਂ ਇਲਾਵਾ ਕੋਈ ਹੋਰ ਸੁਪਨਾ ਬਾਕੀ ਨਾ ਰਿਹਾ।

ਜਨਵਰੀ 2022 ਵਿੱਚ, ਉਨ੍ਹਾਂ ਨੇ ਨੇਮਾਵਰ ਤੋਂ ਭੋਪਾਲ ਤੱਕ ਪੈਦਲ 'ਨਿਆਂ ਯਾਤਰਾ' ਕੀਤੀ। ਇੱਕ ਹਫ਼ਤੇ ਤੱਕ ਚੱਲੀ 150 ਕਿਲੋਮੀਟਰ ਦੀ ਉਨ੍ਹਾਂ ਦੀ ਪੈਦਲ ਯਾਤਰਾ ਨੂੰ ਕਾਂਗਰਸ ਪਾਰਟੀ ਨੇ ਸਮਰਥਨ ਦਿੱਤਾ। ਮੋਹਨ ਲਾਲ ਅਤੇ ਸੰਤੋਸ਼ ਨੇ ਇਸ ਵਿੱਚ ਹਿੱਸਾ ਨਹੀਂ ਲਿਆ। "ਉਹ ਮੇਰੇ ਨਾਲ਼ ਬਹੁਤੀ ਗੱਲ ਨਹੀਂ ਕਰਦੇ," ਉਹ ਉਦਾਸ ਹੋ ਕੇ ਕਹਿੰਦੀ ਹਨ। "ਮੈਂ ਕੀ ਕਰ ਰਹੀ ਹਾਂ ਉਨ੍ਹਾਂ ਨੂੰ ਇਹਦੇ ਨਾਲ਼ ਵੀ ਕੋਈ ਮਤਲਬ ਨਹੀਂ।''

ਮੱਧ ਪ੍ਰਦੇਸ਼ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰ ਨੂੰ 41 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਇਹ ਰਕਮ ਤਿੰਨ ਹਿੱਸਿਆਂ ਵਿੱਚ ਵੰਡੀ ਗਈ ਹੈ- ਭਾਰਤੀ, ਮੋਹਨ ਲਾਲ ਅਤੇ ਸੰਤੋਸ਼ ਅਤੇ ਉਸਦੇ ਚਾਚੇ ਦਾ ਪਰਿਵਾਰ ਵਿਚਾਲੇ। ਉਹ ਹੁਣ ਇਸੇ ਪੈਸੇ ਨਾਲ਼ ਗੁਜ਼ਾਰਾ ਕਰ ਰਹੀ ਹਨ। ਉਨ੍ਹਾਂ ਨੂੰ ਆਪਣੀ ਨੌਕਰੀ ਗੁਆਉਣੀ ਪਈ ਕਿਉਂਕਿ ਉਹ ਕੰਮ 'ਤੇ ਧਿਆਨ ਕੇਂਦਰਿਤ ਨਹੀਂ ਕਰ ਸਕੀ। ਉਹ ਹੁਣ ਆਪਣੀ ਪੜ੍ਹਾਈ ਜਾਰੀ ਰੱਖਣ ਬਾਰੇ ਸੋਚ ਰਹੀ ਹਨ, ਜੋ ਉਨ੍ਹਾਂ ਨੂੰ ਆਪਣੇ ਪਰਿਵਾਰ ਦੀ ਦੇਖਭਾਲ਼ ਕਰਨ ਖ਼ਾਤਰ ਅੱਧ-ਵਿਚਾਲੇ ਛੱਡਣੀ ਪਈ ਸੀ। ਪਰ ਇਹ ਸਭ ਕੇਸ ਖਤਮ ਹੋਣ ਤੋਂ ਬਾਅਦ ਹੀ ਸੰਭਵ ਹੋਵੇਗਾ।

ਭਾਰਤੀ ਨੂੰ ਡਰ ਹੈ ਕਿ ਸੁਰੇਂਦਰ ਦੇ ਰਾਜਨੀਤਿਕ ਸਬੰਧਾਂ ਕਾਰਨ ਉਹਦੇ ਖਿਲਾਫ਼ ਕੇਸ ਕਮਜ਼ੋਰ ਹੋ ਸਕਦਾ ਹੈ। ਉਹ ਭਰੋਸੇਮੰਦ ਤੇ ਘੱਟ ਫ਼ੀਸ ਲੈ ਕੇ ਕੇਸ ਲੜਨ ਵਾਲ਼ੇ ਵਕੀਲਾਂ ਨਾਲ ਮੀਟਿੰਗਾਂ ਕਰ ਰਹੀ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਦੋਸ਼ੀ ਨੂੰ ਸਿਆਸੀ ਲਾਹਾ ਨਾ ਮਿਲ਼ੇ। ਪਿਛਲੇ ਦੋ ਸਾਲਾਂ ਵਿੱਚ, ਭਾਰਤੀ ਦੀ ਜ਼ਿੰਦਗੀ ਮੁਕੰਮਲ ਤੌਰ 'ਤੇ ਬਦਲ ਗਈ, ਜੋ ਨਹੀਂ ਬਦਲਿਆ ਉਹ ਹੈ: ਆਪਣੇ ਪਰਿਵਾਰ ਬਾਰੇ ਸੋਚਦੇ ਜਾਣਾ... ਸੋਚਦੇ ਜਾਣਾ।

ਤਰਜਮਾ: ਕਮਲਜੀਤ ਕੌਰ

Parth M.N.

Parth M.N. is a 2017 PARI Fellow and an independent journalist reporting for various news websites. He loves cricket and travelling.

Other stories by Parth M.N.
Editor : PARI Desk

PARI Desk is the nerve centre of our editorial work. The team works with reporters, researchers, photographers, filmmakers and translators located across the country. The Desk supports and manages the production and publication of text, video, audio and research reports published by PARI.

Other stories by PARI Desk
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur