ਬਾਲਾ ਸਾਹਿਬ ਲੋਂਢੇ ਨੇ ਕਦੇ ਨਹੀਂ ਸੋਚਿਆ ਸੀ ਕਿ 20 ਸਾਲ ਪਹਿਲਾਂ ਲਿਆ ਗਿਆ ਫ਼ੈਸਲਾ ਉਨ੍ਹਾਂ ਦੇ ਅੱਜ ਨੂੰ ਇੰਝ ਘੇਰ ਲਵੇਗਾ। ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਕਸਬੇ ਫੁਰਸੁੰਗੀ ਵਿੱਚ ਇੱਕ ਛੋਟੇ ਕਿਸਾਨ ਪਰਿਵਾਰ ਵਿੱਚ ਪੈਦਾ ਹੋਏ, ਲੋਂਢੇ ਨੇ ਸਭ ਤੋਂ ਪਹਿਲਾਂ ਆਪਣੇ ਖੇਤ ਵਿੱਚ ਕੰਮ ਕਰਨਾ ਸ਼ੁਰੂ ਕੀਤਾ, ਜਿੱਥੇ ਉਹ ਮੁੱਖ ਤੌਰ 'ਤੇ ਕਪਾਹ ਉਗਾਉਂਦੇ ਸਨ। ਜਦੋਂ ਉਹ 18 ਸਾਲਾਂ ਦੇ ਹੋਏ, ਤਾਂ ਉਨ੍ਹਾਂ ਨੇ ਕੁਝ ਵਾਧੂ ਆਮਦਨੀ ਲਈ ਬਤੌਰ ਡਰਾਈਵਰ ਕੰਮ ਕਰਨ ਦਾ ਫ਼ੈਸਲਾ ਕੀਤਾ।

"ਇੱਕ ਦੋਸਤ ਨੇ ਮੈਨੂੰ ਇੱਕ ਮੁਸਲਿਮ ਪਰਿਵਾਰ ਨਾਲ਼ ਮਿਲ਼ਵਾਇਆ ਜੋ ਪਸ਼ੂਆਂ ਦੀ ਢੋਆ-ਢੁਆਈ ਦਾ ਕਾਰੋਬਾਰ ਕਰਦਾ ਸੀ," 48 ਸਾਲਾ ਬਾਲਾ ਕਹਿੰਦੇ ਹਨ। "ਉਨ੍ਹਾਂ ਨੂੰ ਇੱਕ ਡਰਾਈਵਰ ਦੀ ਲੋੜ ਸੀ, ਮੈਨੂੰ ਉੱਥੇ ਨੌਕਰੀ ਮਿਲ਼ ਗਈ।''

ਇਸ ਉੱਦਮੀ ਨੌਜਵਾਨ, ਲੋਂਢੇ ਨੇ ਕਾਰੋਬਾਰ ਦਾ ਨੇੜਿਓਂ ਅਧਿਐਨ ਕੀਤਾ। ਲਗਭਗ ਇੱਕ ਦਹਾਕਾ ਬੀਤਦੇ-ਬੀਤਦੇ ਲੋਂਢੇ ਨੂੰ ਜਾਪਿਆ ਜਿਵੇਂ ਉਹਨੇ ਕੰਮ ਕਰਨਾ ਸਿੱਖ ਲਿਆ ਸੀ ਅਤੇ ਕੁਝ ਪੈਸੇ ਵੀ ਬਚਾ ਲਏ ਸਨ।

"ਮੈਂ 8 ਲੱਖ ਰੁਪਏ ਵਿੱਚ ਇੱਕ ਸੈਕੰਡ ਹੈਂਡ ਟਰੱਕ ਖਰੀਦਿਆ ਅਤੇ ਅਜੇ ਵੀ ਸਾਡੇ ਹੱਥ ਵਿੱਚ 2 ਲੱਖ ਰੁਪਏ ਦੀ ਪੂੰਜੀ ਬਚੀ ਰਹਿ ਗਈ," ਉਹ ਕਹਿੰਦੇ ਹਨ। "10 ਸਾਲਾਂ ਵਿੱਚ, ਮੇਰਾ ਬਾਜ਼ਾਰ ਦੇ ਕਿਸਾਨਾਂ ਅਤੇ ਵਪਾਰੀਆਂ ਨਾਲ਼ ਵੀ ਚੰਗਾ ਸੰਪਰਕ ਰਿਹਾ।''

ਲੋਂਢੇ ਦੇ ਕਾਰੋਬਾਰ ਨੇ ਉਨ੍ਹਾਂ ਦੀ ਬਾਂਹ ਫੜ੍ਹ ਲਈ। ਇਹ ਉਹ ਕਾਰੋਬਾਰ ਸੀ ਜਿਸ ਨੇ ਉਨ੍ਹਾਂ ਨੂੰ ਉਸ ਸਮੇਂ ਬਚਾਇਆ ਜਦੋਂ ਫਸਲਾਂ ਦੀਆਂ ਕੀਮਤਾਂ ਵਿੱਚ ਗਿਰਾਵਟ, ਮਹਿੰਗਾਈ ਅਤੇ ਜਲਵਾਯੂ ਪਰਿਵਰਤਨ ਕਾਰਨ ਉਨ੍ਹਾਂ ਦੇ ਪੰਜ ਏਕੜ ਖੇਤਾਂ ਨੂੰ ਨੁਕਸਾਨ ਹੋਇਆ ਸੀ।

ਉਨ੍ਹਾਂ ਦਾ ਕੰਮ ਸਧਾਰਨ ਸੀ। ਉਨ੍ਹਾਂ ਦਾ ਕੰਮ ਸੀ ਉਨ੍ਹਾਂ ਕਿਸਾਨਾਂ ਤੋਂ ਪਸ਼ੂ ਖਰੀਦਣਾ ਸੀ ਜੋ ਪਿੰਡ ਦੀਆਂ ਹਫ਼ਤਾਵਾਰੀ ਮੰਡੀਆਂ ਵਿੱਚ ਪਸ਼ੂ ਵੇਚਣਾ ਚਾਹੁੰਦੇ ਸਨ, ਫਿਰ ਉਨ੍ਹਾਂ ਖਰੀਦੇ ਪਸ਼ੂਆਂ ਨੂੰ ਬੁੱਚੜਖਾਨੇ ਜਾਂ ਕਿਸਾਨਾਂ ਨੂੰ ਵੇਚਣਾ ਜੋ ਪਸ਼ੂ ਰੱਖਣਾ ਚਾਹੁੰਦੇ ਸਨ। ਕਮਿਸ਼ਨ ਮੁਨਾਫੇ ਵਜੋਂ ਉਪਲਬਧ ਸੀ। ਕਾਰੋਬਾਰ ਸ਼ੁਰੂ ਕਰਨ ਦੇ ਲਗਭਗ ਇੱਕ ਦਹਾਕੇ ਬਾਅਦ, 2014 ਵਿੱਚ, ਉਨ੍ਹਾਂ ਨੇ ਆਪਣੇ ਕਾਰੋਬਾਰ ਦਾ ਵਿਸਥਾਰ ਕਰਨ ਦਾ ਫ਼ੈਸਲਾ ਕੀਤਾ ਅਤੇ ਇੱਕ ਹੋਰ ਟਰੱਕ ਖਰੀਦਿਆ।

ਪੈਟਰੋਲ ਦੀ ਲਾਗਤ, ਵਾਹਨ ਦੇ ਰੱਖ-ਰਖਾਅ ਦੀ ਲਾਗਤ ਅਤੇ ਡਰਾਈਵਰ ਦੀ ਤਨਖਾਹ ਦਾ ਭੁਗਤਾਨ ਕਰਨ ਤੋਂ ਬਾਅਦ, ਉਸ ਸਮੇਂ ਉਨ੍ਹਾਂ ਦੀ ਔਸਤ ਮਾਸਿਕ ਆਮਦਨ ਲਗਭਗ 1 ਲੱਖ ਰੁਪਏ ਸੀ। ਇਹ ਤੱਥ ਕਿ ਉਹ ਮੁਸਲਿਮ ਕੁਰੈਸ਼ੀ ਭਾਈਚਾਰੇ ਦੇ ਦਬਦਬੇ ਵਾਲ਼ੇ ਇਸ ਕਾਰੋਬਾਰ ਵਿੱਚ ਸ਼ਾਮਲ ਕੁਝ ਹਿੰਦੂਆਂ ਵਿੱਚੋਂ ਇੱਕ ਸਨ, ਨੇ ਇੱਥੇ ਉਨ੍ਹਾਂ ਦੇ ਕਾਰੋਬਾਰ ਵਿੱਚ ਕੋਈ ਰੁਕਾਵਟ ਨਹੀਂ ਪਾਈ। "ਉਹ ਮੇਰੇ ਨਾਲ਼ ਉਦਾਰ ਸਨ, ਆਪਣੇ ਸੰਪਰਕਾਂ ਅਤੇ ਸੁਝਾਵਾਂ ਨੂੰ ਸਾਂਝਾ ਕਰਦੇ ਸਨ," ਉਹ ਕਹਿੰਦੇ ਹਨ। "ਮੈਂ ਸੋਚਿਆ ਮੈਨੂੰ ਜ਼ਿੰਦਗੀ ਵਿੱਚ ਇੱਕ ਜਗ੍ਹਾ ਮਿਲ਼ ਗਈ ਹੈ।''

PHOTO • Parth M.N.

ਬਾਬਾ ਸਾਹਿਬ ਲੋਂਢੇ , ਜੋ ਇੱਕ ਕਿਸਾਨ ਸਨ , ਨੇ ਬਾਅਦ ਵਿੱਚ ਇੱਕ ਸਫ਼ਲ ਪਸ਼ੂ ਢੋਆ-ਢੁਆਈ ਦਾ ਕਾਰੋਬਾਰ ਚਲਾਇਆ। ਪਰ 2014 ਵਿੱਚ ਭਾਰਤੀ ਜਨਤਾ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ , ਮਹਾਰਾਸ਼ਟਰ ਵਿੱਚ ਗਊ ਰੱਖਿਆ ਵਧਣੀ ਸ਼ੁਰੂ ਹੋ ਗਈ ਅਤੇ ਲੋਂਢੇ ਦਾ ਕਾਰੋਬਾਰ ਢਹਿ - ਢੇਰੀ ਹੋ ਗਿਆ। ਇਸ ਸਮੇਂ ਉਹ ਆਪਣੀ ਅਤੇ ਡਰਾਈਵਰਾਂ ਦੀ ਸੁਰੱਖਿਆ ਬਾਰੇ ਚਿੰਤਤ ਹਨ

ਪਰ 2014 ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਸੱਤਾ ਵਿੱਚ ਆਈ ਅਤੇ ਗਊ ਰੱਖਿਆ ਦਾ ਕੰਮ ਤੇਜ਼ ਹੋਣ ਲੱਗਾ। ਗਊ ਰੱਖਿਅਕਾਂ ਦੀ ਹਿੰਸਾ ਪੂਰੇ ਭਾਰਤ ਵਿੱਚ ਭੀੜ-ਅਧਾਰਤ ਬੇਰਹਿਮੀ ਦਾ ਦੂਜਾ ਨਾਮ ਬਣੀ ਹੋਈ ਹੈ। ਇਸ ਵਿੱਚ ਹਿੰਦੂ ਰਾਸ਼ਟਰਵਾਦੀਆਂ ਵੱਲੋਂ ਗਊ-ਰੱਖਿਆ ਦੇ ਨਾਮ 'ਤੇ ਗੈਰ-ਹਿੰਦੂਆਂ, ਮੁੱਖ ਤੌਰ 'ਤੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣ ਵਾਲ਼ੇ ਹਮਲੇ ਵੀ ਸ਼ਾਮਲ ਹਨ।

ਨਿਊਯਾਰਕ ਸਥਿਤ ਮਨੁੱਖੀ ਅਧਿਕਾਰ ਸਮੂਹ ਹਿਊਮਨ ਰਾਈਟਸ ਵਾਚ ਮੁਤਾਬਕ ਮਈ 2015 ਤੋਂ ਦਸੰਬਰ 2018 ਦਰਮਿਆਨ ਭਾਰਤ 'ਚ ਗਊ-ਮਾਸ ਨਾਲ਼ ਜੁੜੇ 100 ਹਮਲੇ ਕੀਤੇ ਗਏ ਸਨ, ਜਿਨ੍ਹਾਂ 'ਚ 280 ਲੋਕ ਜ਼ਖਮੀ ਹੋਏ ਅਤੇ 44 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ ਬਹੁਤੇਰੇ ਮੁਸਲਮਾਨ ਸਨ।

2017 ਵਿੱਚ, ਇੱਕ ਡਾਟਾ ਵੈੱਬਸਾਈਟ ਇੰਡੀਆਸਪੇਂਡ ਨੇ 2010 ਤੋਂ ਗਊ ਨਾਲ਼ ਸਬੰਧਤ ਹੋਈ ਹਿੰਸਾ ਦੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕੀਤਾ। ਇਸ ਵਿੱਚ ਕਿਹਾ ਗਿਆ ਹੈ ਕਿ ਅਜਿਹੇ ਮਾਮਲਿਆਂ ਵਿੱਚ ਮਾਰੇ ਗਏ ਲੋਕਾਂ ਵਿੱਚੋਂ 86 ਫੀਸਦੀ ਮੁਸਲਮਾਨ ਸਨ ਅਤੇ 97 ਫੀਸਦੀ ਹਮਲੇ ਮੋਦੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਹੋਏ। ਇਸ ਤੋਂ ਬਾਅਦ ਵੈੱਬਸਾਈਟ ਨੇ ਆਪਣਾ ਇਹ ਟਰੈਕਰ ਨੂੰ ਹਟਾ ਦਿੱਤਾ।

ਲੋਂਢੇ ਦਾ ਕਹਿਣਾ ਹੈ ਕਿ ਅਜਿਹੀ ਹਿੰਸਾ, ਜਿਸ ਵਿੱਚ ਲੋਕਾਂ ਦੀ ਜਾਨ ਨੂੰ ਖਤਰਾ ਸ਼ਾਮਲ ਹੈ, ਪਿਛਲੇ ਤਿੰਨ ਸਾਲਾਂ ਵਿੱਚ ਵਧੀ ਹੈ। ਇੱਕ ਸਮੇਂ ਇੱਕ ਲੱਖ ਰੁਪਏ ਪ੍ਰਤੀ ਮਹੀਨਾ ਕਮਾ ਰਹੇ ਇਸ ਵਿਅਕਤੀ ਨੂੰ ਪਿਛਲੇ ਤਿੰਨ ਸਾਲਾਂ ਵਿੱਚ 30 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਹ ਆਪਣੀ ਅਤੇ ਆਪਣੇ ਵਾਹਨਾਂ ਦੇ ਡਰਾਈਵਰਾਂ ਦੀ ਸਰੀਰਕ ਸੁਰੱਖਿਆ ਬਾਰੇ ਵੀ ਚਿੰਤਤ ਹਨ।

"ਇਹ ਕਿਸੇ ਡਰਾਉਣੇ ਸੁਪਨੇ ਜਿਹਾ ਹੈ," ਉਹ ਕਹਿੰਦੇ ਹਨ।

*****

21 ਸਤੰਬਰ, 2023 ਨੂੰ, ਲੋਂਢੇ ਦੇ ਦੋ ਟਰੱਕ 16-16 ਮੱਝਾਂ ਲੈ ਕੇ ਪੁਣੇ ਦੇ ਇੱਕ ਛੋਟੇ ਜਿਹੇ ਕਸਬੇ ਕਟਰਾਜ ਦੇ ਨੇੜੇ ਇੱਕ ਬਾਜ਼ਾਰ ਜਾ ਰਹੇ ਸਨ ਜਦੋਂ ਗਊ ਰੱਖਿਅਕਾਂ ਨੇ ਉਨ੍ਹਾਂ ਨੂੰ ਰੋਕ ਲਿਆ।

ਮਹਾਰਾਸ਼ਟਰ 1976 ਤੋਂ ਗਊ ਹੱਤਿਆ 'ਤੇ ਪਾਬੰਦੀ ਲਗਾ ਰਿਹਾ ਹੈ। ਪਰ 2015 ਵਿੱਚ ਤਤਕਾਲੀ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਇਸ ਵਿੱਚ ਬਲਦਾਂ ਅਤੇ ਸਾਨ੍ਹਾਂ (ਸੰਢਿਆਂ) ਨੂੰ ਵੀ ਜੋੜ ਦਿੱਤਾ। ਲੋਂਢੇ ਦੇ ਟਰੱਕ ਵਿੱਚ ਲਿਜਾਈਆਂ ਜਾਣ ਵਾਲ਼ੀਆਂ ਮੱਝਾਂ ਪਾਬੰਦੀ ਦੇ ਘੇਰੇ ਵਿੱਚ ਨਹੀਂ ਆਉਂਦੀਆਂ।

"ਹਾਲਾਂਕਿ, ਦੋਵਾਂ ਡਰਾਈਵਰਾਂ 'ਤੇ ਹਮਲਾ ਕੀਤਾ ਗਿਆ, ਥੱਪੜ ਮਾਰੇ ਗਏ ਅਤੇ ਗਾਲ੍ਹਾਂ ਕੱਢੀਆਂ ਗਈਆਂ," ਲੋਂਢੇ ਕਹਿੰਦੇ ਹਨ। ''ਇੱਕ ਹਿੰਦੂ ਸੀ ਅਤੇ ਦੂਜਾ ਮੁਸਲਮਾਨ। ਮੇਰੇ ਕੋਲ਼ ਲੋੜੀਂਦੀਆਂ ਸਾਰੀਆਂ ਕਾਨੂੰਨੀ ਇਜਾਜ਼ਤਾਂ ਮੌਜੂਦ ਸਨ। ਹਾਲਾਂਕਿ, ਮੇਰੇ ਵਾਹਨਾਂ ਨੂੰ ਜ਼ਬਤ ਕਰ ਲਿਆ ਗਿਆ ਅਤੇ ਥਾਣੇ ਲਿਜਾਇਆ ਗਿਆ।''

PHOTO • Parth M.N.

"ਪਸ਼ੂਆਂ ਨੂੰ ਲਿਜਾਣ ਵਾਲ਼ਾ ਟਰੱਕ ਚਲਾਉਣਾ ਕਿਸੇ ਦੀ ਜਾਨ ਨੂੰ ਖਤਰੇ ਵਿੱਚ ਪਾਉਣ ਵਰਗਾ ਹੈ। ਇਹ ਬਹੁਤ ਤਣਾਅਪੂਰਨ ਕੰਮ ਹੈ। ਇਸ ਗੁੰਡਾ ਰਾਜ ਨੇ ਪੇਂਡੂ ਆਰਥਿਕਤਾ ਨੂੰ ਤਬਾਹ ਕਰ ਦਿੱਤਾ ਹੈ। ਕਾਨੂੰਨ ਵਿਵਸਥਾ ਨੂੰ ਭੰਗ ਕਰਨ ਵਾਲ਼ਿਆਂ ਨੂੰ ਹੀ ਬਚਾਇਆ ਜਾ ਰਿਹਾ ਹੈ

ਪੁਣੇ ਸਿਟੀ ਪੁਲਿਸ ਨੇ ਲੋਂਢੇ ਅਤੇ ਉਨ੍ਹਾਂ ਦੇ ਦੋ ਡਰਾਈਵਰਾਂ ਵਿਰੁੱਧ ਜਾਨਵਰਾਂ ਨਾਲ਼ ਬੇਰਹਿਮੀ ਦੀ ਰੋਕਥਾਮ ਐਕਟ, 1960 ਦੇ ਤਹਿਤ ਮਾਮਲਾ ਦਰਜ ਕੀਤਾ ਹੈ। "ਗਊ ਰੱਖਿਅਕ ਹਮਲਾਵਰ ਹਨ ਅਤੇ ਪੁਲਿਸ ਕਦੇ ਉਨ੍ਹਾਂ ਨੂੰ ਰੋਕਦੀ ਵੀ ਨਹੀਂ," ਲੋਂਢੇ ਕਹਿੰਦੇ ਹਨ। "ਇਹ ਸਿਰਫ਼ ਪਰੇਸ਼ਾਨੀ ਦੀ ਰਣਨੀਤੀ ਹੈ।''

ਲੋਂਢੇ ਦੇ ਪਸ਼ੂਆਂ ਨੂੰ ਪੁਣੇ ਦੇ ਮਾਵਲ ਤਾਲੁਕਾ ਦੇ ਧਮਾਨੇ ਪਿੰਡ ਦੀ ਗਊਸ਼ਾਲਾ ਵਿੱਚ ਤਬਦੀਲ ਕਰ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਮਜ਼ਬੂਰੀਵੱਸ ਇਹ (ਕਾਨੂੰਨੀ) ਰਸਤਾ ਅਪਣਾਉਣਾ ਪਿਆ। ਲਗਭਗ 6.5 ਲੱਖ ਰੁਪਏ ਦਾਅ 'ਤੇ ਲੱਗੇ ਸਨ। ਉਨ੍ਹਾਂ ਨੂੰ ਹਰ ਪਾਸੇ ਭੱਜਨੱਸ ਕਰਨੀ ਪਈ ਤੇ ਚੰਗੇ ਵਕੀਲਾਂ ਨਾਲ਼ ਸਲਾਹ-ਮਸ਼ਵਰਾ ਵੀ ਕਰਨਾ ਪਿਆ।

ਦੋ ਮਹੀਨੇ ਬਾਅਦ, 24 ਨਵੰਬਰ, 2023 ਨੂੰ ਪੁਣੇ ਦੀ ਇੱਕ ਸੈਸ਼ਨ ਕੋਰਟ, ਸ਼ਿਵਾਜੀ ਨਗਰ ਨੇ ਆਪਣਾ ਫ਼ੈਸਲਾ ਸੁਣਾਇਆ। ਲੋਂਢੇ ਨੇ ਸੁੱਖ ਦਾ ਸਾਹ ਲਿਆ ਜਦੋਂ ਜੱਜ ਨੇ ਗਊ ਰੱਖਿਅਕਾਂ ਨੂੰ ਪਸ਼ੂ ਵਾਪਸ ਕਰਨ ਦਾ ਆਦੇਸ਼ ਦਿੱਤਾ। ਪੁਲਿਸ ਸਟੇਸ਼ਨ ਨੂੰ ਆਦੇਸ਼ ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।

ਬਦਕਿਸਮਤੀ ਨਾਲ਼, ਰਾਹਤ ਦਾ ਇਹ ਸਮਾਂ ਬਹੁਤੀ ਦੇਰ ਨਾ ਰਿਹਾ। ਅਦਾਲਤ ਦੇ ਆਦੇਸ਼ ਦੇ ਪੰਜ ਮਹੀਨੇ ਬੀਤਣ ਬਾਅਦ ਵੀ ਅੱਜ ਤੱਕ ਉਨ੍ਹਾਂ ਨੂੰ ਆਪਣੇ ਪਸ਼ੂ ਵਾਪਸ ਨਹੀਂ ਮਿਲ਼ੇ।

"ਅਦਾਲਤ ਦੇ ਆਦੇਸ਼ ਦੇ ਦੋ ਦਿਨ ਬਾਅਦ, ਮੈਨੂੰ ਪੁਲਿਸ ਤੋਂ ਆਪਣੇ ਟਰੱਕ ਵਾਪਸ ਮਿਲ਼ ਗਏ," ਉਹ ਕਹਿੰਦੇ ਹਨ। "ਕਿਉਂਕਿ ਬਿਨਾ ਟਰੱਕਾਂ ਦੇ ਮੈਨੂੰ ਉਸ ਸਮੇਂ ਦੌਰਾਨ ਕੋਈ ਕੰਮ ਨਹੀਂ ਸੀ ਮਿਲ਼ ਸਕਦਾ। ਪਰ ਇਸ ਤੋਂ ਬਾਅਦ ਜੋ ਹੋਇਆ ਉਹ ਹੋਰ ਵੀ ਨਿਰਾਸ਼ਾਜਨਕ ਸੀ।''

"ਅਦਾਲਤ ਦੇ ਆਦੇਸ਼ ਤੋਂ ਬਾਅਦ ਮੈਨੂੰ ਟਰੱਕ ਵਾਪਸ ਮਿਲ਼ ਗਏ। ਪਰ ਉਸ ਤੋਂ ਬਾਅਦ ਵਾਰੀ ਆਈ ਬੇਹੱਦ ਨਿਰਾਸ਼ਾਜਨਕ ਦੌਰ ਦੀ," ਲੋਂਢੇ ਯਾਦ ਕਰਦੇ ਹਨ। ਉਹ ਆਪਣੇ ਪਸ਼ੂਆਂ ਨੂੰ ਵਾਪਸ ਲੈਣ ਲਈ ਸੰਤ ਤੁਕਾਰਾਮ ਮਹਾਰਾਜ ਗਊਸ਼ਾਲਾ ਗਏ, ਪਰ ਗਊਸ਼ਾਲਾ ਦੇ ਇੰਚਾਰਜ ਰੂਪੇਸ਼ ਗਰਾਡੇ ਨੇ ਉਨ੍ਹਾਂ ਨੂੰ ਅਗਲੇ ਦਿਨ ਆਉਣ ਲਈ ਕਿਹਾ।

ਇਸ ਤੋਂ ਬਾਅਦ ਭਾਵੇਂ ਉਹ ਕਿੰਨੀ ਵਾਰ ਗਊਸ਼ਾਲਾ ਜਾਂਦੇ ਰਹੇ ਪਰ ਹਰ ਵਾਰੀਂ ਨਵੇਂ-ਨਵੇਂ ਬਹਾਨੇ ਹੀ ਮਿਲੇ, ਗਾਰਾਡੇ ਕਦੇ ਡਾਕਟਰਾਂ ਦੇ ਨਾ ਹੋਣ ਦਾ ਹਵਾਲ਼ਾ ਦਿੰਦੇ ਤੇ ਕਹਿੰਦੇ ਰਿਹਾਈ ਤੋਂ ਪਹਿਲਾਂ ਜਾਨਵਰਾਂ ਦੀ ਜਾਂਚ ਕਰਨੀ ਜ਼ਰੂਰੀ ਸੀ। ਕੁਝ ਦਿਨਾਂ ਬਾਅਦ, ਇੰਚਾਰਜ ਵਿਅਕਤੀ ਨੇ ਸੁਪਰੀਮ ਕੋਰਟ ਤੋਂ ਸਟੇਅ ਆਰਡਰ ਪ੍ਰਾਪਤ ਕੀਤਾ ਜਿੱਥੇ ਸੈਸ਼ਨ ਕੋਰਟ ਦੇ ਫ਼ੈਸਲੇ ਨੂੰ ਰੱਦ ਕਰ ਦਿੱਤਾ ਗਿਆ। ਇਸ ਤੋਂ ਇਹ ਸਪੱਸ਼ਟ ਹੋ ਗਿਆ ਕਿ ਗਾਰਾਡੇ ਪਸ਼ੂਆਂ ਨੂੰ ਵਾਪਸ ਨਾ ਕਰਨ ਦੀ ਸੂਰਤ ਵਿੱਚ ਸਿਰਫ਼ ਸਮਾਂ ਹੀ ਲੈਣਾ ਚਾਹ ਰਹੇ ਸਨ, ਲੋਂਢੇ ਕਹਿੰਦੇ ਹਨ।  "ਪਰ ਪੁਲਿਸ ਉਨ੍ਹਾਂ ਦੀ ਹਰ ਗੱਲ 'ਤੇ ਸਿਰ ਹਿਲਾ ਛੱਡਦੀ। ਕਾਮੇਡੀ ਨਾਟਕ ਚੱਲ ਰਿਹਾ ਸੀ।''

ਪੁਣੇ ਅਤੇ ਇਸ ਦੇ ਆਲ਼ੇ-ਦੁਆਲ਼ੇ ਦੇ ਕੁਰੈਸ਼ੀ ਭਾਈਚਾਰੇ ਨਾਲ਼ ਗੱਲਬਾਤ ਤੋਂ ਪਤਾ ਲੱਗਦਾ ਹੈ ਕਿ ਇਹ ਕੋਈ ਅਲੋਕਾਰੀ ਘਟਨਾ ਨਹੀਂ ਹੈ, ਇਹ ਗਊ ਰੱਖਿਅਕਾਂ ਦੀ ਰਣਨੀਤੀ ਹੈ। ਕਈ ਵਪਾਰੀਆਂ ਨੂੰ ਵੀ ਇਸੇ ਤਰ੍ਹਾਂ ਦਾ ਨੁਕਸਾਨ ਹੋਇਆ ਹੈ। ਗਊ ਰੱਖਿਅਕਾਂ ਦੀ ਦਲੀਲ ਹੈ ਕਿ ਉਹ ਸਿਰਫ਼ ਚਿੰਤਾ ਕਾਰਨ ਪਸ਼ੂਆਂ ਨੂੰ ਵਾਪਸ ਦੇਣ ਤੋਂ ਰੋਕਦੇ ਹਨ, ਜਦੋਂ ਕਿ ਕੁਰੈਸ਼ੀ ਭਾਈਚਾਰਾ ਉਨ੍ਹਾਂ ਦੀ ਇਸ 'ਚਿੰਤਾ' ਨੂੰ ਮਹਿਜ ਸ਼ੱਕ ਦੀ ਨਜ਼ਰ ਨਾਲ਼ ਦੇਖਦਾ ਹੈ।

PHOTO • Parth M.N.

' ਮੇਰੇ ਬਹੁਤ ਸਾਰੇ ਸਾਥੀਆਂ ਨੇ ਗਊ ਰੱਖਿਅਕਾਂ ਦੇ ਪਸ਼ੂਆਂ ਨੂੰ ਜ਼ਬਤ ਕਰਨ ਤੋਂ ਬਾਅਦ ਪਸ਼ੂਆਂ ਨੂੰ ਗਾਇਬ ਹੁੰਦੇ ਦੇਖਿਆ ਹੈ। ਕੀ ਉਹ ਉਨ੍ਹਾਂ ਨੂੰ ਦੁਬਾਰਾ ਵੇਚ ਰਹੇ ਹਨ ? ਕੀ ਕੋਈ ਰੈਕੇਟ ਚੱਲ ਰਿਹਾ ਹੈ ? ' ਸਮੀਰ ਕੁਰੈਸ਼ੀ ਪੁੱਛਦੇ ਹਨ। 2023 ਵਿੱਚ , ਉਨ੍ਹਾਂ ਦੇ ਪਸ਼ੂਆਂ ਨੂੰ ਜ਼ਬਤ ਕਰ ਲਿਆ ਗਿਆ ਸੀ ਅਤੇ ਉਨ੍ਹਾਂ ਨੂੰ ਉਹ ਕਦੇ ਵਾਪਸ ਨਾ ਮਿਲ਼ੇ

"ਜੇ ਇਹ ਗਊ ਰੱਖਿਅਕ ਪਸ਼ੂਆਂ ਬਾਰੇ ਇੰਨੇ ਚਿੰਤਤ ਹਨ, ਤਾਂ ਕਿਸਾਨਾਂ ਨੂੰ ਨਿਸ਼ਾਨਾ ਕਿਉਂ ਨਹੀਂ ਬਣਾਇਆ ਜਾ ਰਿਹਾ?" ਪੁਣੇ ਦੇ ਇੱਕ ਵਪਾਰੀ, 52 ਸਾਲਾ ਸਮੀਰ ਕੁਰੈਸ਼ੀ ਪੁੱਛਦੇ ਹਨ। "ਉਹ ਅਸਲ ਵਿੱਚ ਪਸ਼ੂਆਂ ਨੂੰ ਵੇਚਦੇ ਹਨ। ਅਸੀਂ ਤਾਂ ਸਿਰਫ਼ ਉਨ੍ਹਾਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਜਾਂਦੇ ਹਾਂ। ਇਸ ਪਿੱਛੇ ਅਸਲ ਮਕਸਦ ਮੁਸਲਮਾਨਾਂ ਦਾ ਸ਼ਿਕਾਰ ਕਰਨਾ ਹੀ ਹੈ।''

2023 ਵਿੱਚ ਵੀ ਅਜਿਹਾ ਹੀ ਹੋਇਆ ਸੀ ਜਦੋਂ ਸਮੀਰ ਦੇ ਟਰੱਕ ਨੂੰ ਰੋਕਿਆ ਗਿਆ ਸੀ। ਇੱਕ ਮਹੀਨੇ ਬਾਅਦ, ਅਦਾਲਤ ਦੇ ਆਦੇਸ਼ ਨਾਲ਼, ਉਹ ਆਪਣੀ ਗੱਡੀ ਵਾਪਸ ਲੈਣ ਲਈ ਪੁਰੰਧਰ ਤਾਲੁਕਾ ਦੇ ਝੇਂਡੇਵਾੜੀ ਪਿੰਡ ਵਿਖੇ ਗਊਸ਼ਾਲਾ ਗਏ।

"ਪਰ ਜਦੋਂ ਮੈਂ ਮੌਕੇ 'ਤੇ ਪਹੁੰਚਿਆ, ਉੱਥੇ ਮੈਨੂੰ ਮੇਰਾ ਕੋਈ ਪਸ਼ੂ ਨਾ ਦਿੱਸਿਆ," ਸਮੀਰ ਕਹਿੰਦੇ ਹਨ। "ਮੇਰੇ ਕੋਲ਼ ਪੰਜ ਮੱਝਾਂ ਅਤੇ 11ਵੱਛੇ ਸਨ ਜਿਨ੍ਹਾਂ ਦੀ ਕੀਮਤ 1.6 ਲੱਖ ਰੁਪਏ ਸੀ।''

ਸ਼ਾਮੀਂ 4 ਤੋਂ ਰਾਤ 11 ਵਜੇ ਤੱਕ ਭਾਵ ਸੱਤ ਘੰਟੇ ਸਮੀਰ ਧੀਰਜ ਨਾਲ਼ ਇੰਤਜ਼ਾਰ ਕਰਦੇ ਰਹੇ ਕਿ ਕੋਈ ਆਵੇਗਾ ਅਤੇ ਉਨ੍ਹਾਂ ਦੇ ਗੁੰਮ ਹੋਏ ਪਸ਼ੂਆਂ ਬਾਰੇ ਦੱਸੇਗਾ। ਅਖੀਰ, ਪੁਲਿਸ ਅਧਿਕਾਰੀ ਨੇ ਉਨ੍ਹਾਂ ਨੂੰ ਅਗਲੇ ਦਿਨ ਵਾਪਸ ਆਉਣ ਲਈ ਮਜ਼ਬੂਰ ਕੀਤਾ। "ਪੁਲਿਸ ਉਨ੍ਹਾਂ ਨੂੰ ਸਵਾਲ ਪੁੱਛਣ ਤੋਂ ਡਰਦੀ ਹੈ," ਸਮੀਰ ਕਹਿੰਦੇ ਹਨ। "ਅਗਲੇ ਦਿਨ ਜਦੋਂ ਮੈਂ ਦੋਬਾਰਾ ਆਇਆ, ਗਊ ਰੱਖਿਅਕਾਂ ਨੇ ਸਟੇਅ ਆਰਡਰ ਤਿਆਰ ਕਰ ਲਿਆ ਹੋਇਆ ਸੀ।''

ਮਾਨਸਿਕ ਤਣਾਅ ਦੇ ਬਾਵਜੂਦ, ਸਮੀਰ ਨੇ ਅਦਾਲਤ ਵਿੱਚ ਕੇਸ ਲੜਨਾ ਬੰਦ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਉਨ੍ਹਾਂ ਨੂੰ ਪਸ਼ੂਆਂ ਦੀ ਕੀਮਤ ਤੋਂ ਵੱਧ ਪੈਸਾ ਖਰਚ ਕਰਨਾ ਪਵੇਗਾ। "ਪਰ ਮੈਂ ਜਾਣਨਾ ਚਾਹੁੰਦਾ ਹਾਂ ਕਿ ਇੱਕ ਵਾਰ ਜਦੋਂ ਉਹ ਸਾਡੇ ਕੋਲੋਂ ਪਸ਼ੂ ਫੜ੍ਹ ਲੈਂਦੇ ਹਨ ਤਾਂ ਉਹ ਖੁਦ ਪਸ਼ੂਆਂ ਨਾਲ਼ ਕਰਦੇ ਕੀ ਹਨ?" ਉਹ ਪੁੱਛਦੇ ਹਨ। "ਮੇਰੇ ਪਸ਼ੂ ਕਿੱਥੇ ਸਨ? ਮੈਂ ਇਕੱਲਾ ਨਹੀਂ ਹਾਂ ਜਿਸ ਨੇ ਇਸ ਵੱਲ ਧਿਆਨ ਦਿੱਤਾ ਹੈ। ਮੇਰੇ ਬਹੁਤ ਸਾਰੇ ਸਾਥੀਆਂ ਨੇ ਗਊ ਰੱਖਿਅਕਾਂ ਦੁਆਰਾ ਜ਼ਬਤ ਕੀਤੇ ਜਾਣ ਤੋਂ ਬਾਅਦ ਪਸ਼ੂਆਂ ਨੂੰ ਇੰਝ ਗਾਇਬ ਹੁੰਦੇ ਦੇਖਿਆ ਹੈ। ਕੀ ਉਹ ਉਨ੍ਹਾਂ ਨੂੰ ਦੁਬਾਰਾ ਵੇਚ ਰਹੇ ਹਨ? ਕੀ ਇਹ ਕਿਸੇ ਰੈਕੇਟ ਦਾ ਹਿੱਸਾ ਹੋ ਸਕਦਾ ਹੈ?" ਉਹ ਪੁੱਛਦੇ ਹਨ।

ਵਪਾਰੀਆਂ ਦਾ ਕਹਿਣਾ ਹੈ ਕਿ ਕੁਝ ਮਾਮਲਿਆਂ 'ਚ ਜਦੋਂ ਗਊ ਰੱਖਿਅਕ ਪਸ਼ੂਆਂ ਨੂੰ ਛੱਡਦੇ ਵੀ ਹਨ ਤਾਂ ਉਹ ਅਦਾਲਤੀ ਕੇਸ ਦੀ ਮਿਆਦ ਦੌਰਾਨ ਪਸ਼ੂਆਂ ਦੀ ਕੀਤੀ ਦੇਖਭਾਲ਼ ਬਦਲੇ ਮੁਆਵਜ਼ੇ ਦੀ ਮੰਗ ਕਰਦੇ ਹਨ। ਪੁਣੇ ਦੇ ਇੱਕ ਹੋਰ ਵਪਾਰੀ, 28 ਸਾਲਾ ਸ਼ਾਹਨਵਾਜ਼ ਕੁਰੈਸ਼ੀ ਕਹਿੰਦੇ ਹਨ ਕਿ ਗਊ ਰੱਖਿਅਕ ਹਰੇਕ ਜਾਨਵਰ ਲਈ ਪ੍ਰਤੀ ਦਿਨ 50 ਰੁਪਏ ਮੰਗਦੇ ਹਨ। "ਇਸਦਾ ਮਤਲਬ ਹੈ, ਜੇ ਉਹ ਕੁਝ ਮਹੀਨਿਆਂ ਲਈ 15 ਜਾਨਵਰਾਂ ਦੀ ਦੇਖਭਾਲ਼ ਕਰਦੇ ਹਨ, ਤਾਂ ਸਾਨੂੰ ਉਨ੍ਹਾਂ ਨੂੰ ਵਾਪਸ ਲਿਆਉਣ ਲਈ 45,000 ਰੁਪਏ ਦੇਣੇ ਪੈਣਗੇ," ਉਹ ਕਹਿੰਦੇ ਹਨ। "ਅਸੀਂ ਸਾਲਾਂ ਤੋਂ ਇਸ ਕਾਰੋਬਾਰ ਵਿੱਚ ਹਾਂ। ਇਹ ਬੇਤੁਕੀ ਰਕਮ ਹੈ ਅਤੇ ਇੱਕ ਕਿਸਮ ਦੀ ਫਿਰੌਤੀ ਹੀ ਹੈ।''

PHOTO • Parth M.N.

ਸ਼ਾਹਨਵਾਜ਼ ਕੁਰੈਸ਼ੀ ਕਹਿੰਦੇ ਹਨ , ' ਕੁਝ ਮਾਮਲਿਆਂ ਵਿੱਚ , ਜਦੋਂ ਗਊ ਰੱਖਿਅਕ ਪਸ਼ੂਆਂ ਨੂੰ ਛੱਡਦੇ ਹਨ , ਤਾਂ ਉਹ ਅਦਾਲਤੀ ਕੇਸ ਦੀ ਮਿਆਦ ਦੌਰਾਨ ਪਸ਼ੂਆਂ ਦੀ ਕੀਤੀ ਦੇਖਭਾਲ਼ ਬਦਲੇ ਮੁਆਵਜ਼ੇ ਦੀ ਮੰਗ ਕਰਦੇ ਹਨ '

ਪੁਣੇ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਕਸਬੇ ਸਸਵਦ ਵਿੱਚ, 14 ਸਾਲਾ ਸੁਮਿਤ ਗਾਵਡੇ ਨੇ ਪਸ਼ੂਆਂ ਨੂੰ ਲਿਜਾ ਰਹੇ ਇੱਕ ਟਰੱਕ ਡਰਾਈਵਰ 'ਤੇ ਹਮਲਾ ਹੁੰਦੇ ਦੇਖਿਆ। ਇਹ ਘਟਨਾ 2014 ਦੀ ਹੈ।

"ਮੈਨੂੰ ਚੇਤਾ ਹੈ, ਮੈਂ ਬੜਾ ਰੋਮਾਂਚਿਤ ਹੋਇਆ ਸਾਂ ਤੇ ਮੈਂ ਵੀ ਕੁਝ ਅਜਿਹਾ ਹੀ ਕਰਨਾ ਚਾਹੁੰਦਾ ਸੀ," ਗਵਾਡੇ ਕਹਿੰਦੇ ਹਨ।

ਪੱਛਮੀ ਮਹਾਰਾਸ਼ਟਰ ਦੀ ਉਹ ਪੱਟੀ ਜਿਸ ਵਿੱਚ ਪੁਣੇ ਜ਼ਿਲ੍ਹਾ ਪੈਂਦਾ ਹੈ, 88 ਸਾਲਾ ਕੱਟੜਪੰਥੀ ਹਿੰਦੂ ਰਾਸ਼ਟਰਵਾਦੀ , ਸੰਭਾਜੀ ਭਿਡੇ ਬਹੁਤ ਮਸ਼ਹੂਰ ਹਨ। ਉਨ੍ਹਾਂ ਦਾ ਨੌਜਵਾਨ ਮੁੰਡਿਆਂ ਦਾ ਬ੍ਰੇਨਵਾਸ਼ ਕਰਨ ਦਾ ਇਤਿਹਾਸ ਰਿਹਾ ਹੈ ਅਤੇ ਉਨ੍ਹਾਂ ਨੇ ਮੁਸਲਿਮ ਵਿਰੋਧੀ ਭਾਵਨਾਵਾਂ ਨੂੰ ਹੋਰ ਭੜਕਾਉਣ ਲਈ ਸਾਬਕਾ ਯੋਧੇ ਰਾਜਾ ਸ਼ਿਵਾਜੀ ਦੀ ਵਿਰਾਸਤ ਦੀ ਦੁਰਵਰਤੋਂ ਕੀਤੀ ਹੈ।

"ਮੈਂ ਉਨ੍ਹਾਂ ਦੇ ਭਾਸ਼ਣਾਂ ਵਿੱਚ ਸ਼ਾਮਲ ਹੋਇਆ ਜਿੱਥੇ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਸ਼ਿਵਾਜੀ ਨੇ ਮੁਗਲਾਂ ਨੂੰ ਹਰਾਇਆ, ਜੋ ਮੁਸਲਮਾਨ ਸਨ," ਗਾਵਡੇ ਕਹਿੰਦੇ ਹਨ। "ਉਨ੍ਹਾਂ ਨੇ ਲੋਕਾਂ ਨੂੰ ਹਿੰਦੂ ਧਰਮ ਅਤੇ ਆਪਣੀ ਰੱਖਿਆ ਕਰਨ ਦੀ ਜ਼ਰੂਰਤ ਬਾਰੇ ਜਾਗਰੂਕ ਕੀਤਾ।''

14 ਸਾਲਾ ਇਸ ਉਤਸੁਕ ਮੁੰਡੇ ਲਈ ਭੀਡੇ ਦੇ ਭਾਸ਼ਣ ਊਰਜਾਵਾਨ ਸਨ।  ਗਾਵਡੇ ਦਾ ਕਹਿਣਾ ਹੈ ਕਿ ਗਊ ਰੱਖਿਆ ਨੂੰ ਨੇੜਿਓਂ ਦੇਖਣਾ ਦਿਲਚਸਪ ਹੈ। ਉਹ ਭਿਡੇ ਦੁਆਰਾ ਸਥਾਪਿਤ ਸ਼ਿਵ ਪ੍ਰਤਿਸ਼ਠਨ ਹਿੰਦੁਸਤਾਨ ਸੰਗਠਨ ਦੇ ਨੇਤਾ ਪੰਡਿਤ ਮੋਦਕ ਦੇ ਸੰਪਰਕ ਵਿੱਚ ਆਇਆ।

ਸਾਸਵਦ ਦੇ ਰਹਿਣ ਵਾਲ਼ੇ ਮੋਦਕ ਪੁਣੇ ਦੇ ਪ੍ਰਮੁੱਖ ਹਿੰਦੂ ਰਾਸ਼ਟਰਵਾਦੀ ਨੇਤਾ ਹਨ ਅਤੇ ਇਸ ਸਮੇਂ ਭਾਜਪਾ ਨਾਲ਼ ਨੇੜਿਓਂ ਜੁੜੇ ਹੋਏ ਹਨ। ਸਸਵਾਡ ਅਤੇ ਇਸ ਦੇ ਆਲ਼ੇ-ਦੁਆਲ਼ੇ ਦੇ ਗਊ ਰੱਖਿਅਕ ਮੋਦਕ ਦੇ ਤਹਿਤ ਕੰਮ ਕਰਦੇ ਹਨ।

ਗਾਵਡੇ ਹੁਣ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਮੋਦਕ ਲਈ ਕੰਮ ਕਰਦੇ ਰਹੇ ਹਨ ਅਤੇ ਇਸ ਮਕਸਦ ਲਈ ਪੂਰੀ ਤਰ੍ਹਾਂ ਵਚਨਬੱਧ ਹਨ। "ਸਾਡਾ ਪਹਿਰਾ (ਗਾਰਡ) ਰਾਤ 10:30 ਵਜੇ ਸ਼ੁਰੂ ਹੁੰਦਾ ਹੈ ਅਤੇ ਸਵੇਰੇ 4 ਵਜੇ ਤੱਕ ਜਾਰੀ ਰਹਿੰਦਾ ਹੈ," ਉਹ ਕਹਿੰਦੇ ਹਨ। ਉਨ੍ਹਾਂ ਕਿਹਾ ਕਿ ਜੇ ਕੋਈ ਸ਼ੱਕੀ ਵਾਹਨ ਲੱਗੇ ਤਾਂ ਅਸੀਂ ਨੂੰ ਰੋਕ ਲੈਂਦੇ ਹਾਂ। ਅਸੀਂ ਡਰਾਈਵਰ ਤੋਂ ਪੁੱਛਗਿੱਛ ਕਰਦੇ ਹਾਂ ਤੇ ਉਸ ਨੂੰ ਥਾਣੇ ਲੈ ਜਾਂਦੇ ਹਾਂ। ਪੁਲਿਸ ਹਮੇਸ਼ਾ ਸਾਡਾ ਸਹਿਯੋਗ ਵੀ ਕਰਦੀ ਹੈ।''

ਗਾਵਡੇ ਦਿਨ ਵੇਲੇ ਰਾਜ ਮਿਸਤਰੀ ਦਾ ਕੰਮ ਕਰਦੇ ਹਨ, ਪਰ ਕਹਿੰਦੇ ਹਨ ਕਿ ਜਦੋਂ ਤੋਂ ਉਹ "ਗਊ ਰੱਖਿਅਕ" ਬਣੇ ਹਨ, ਉਨ੍ਹਾਂ ਦੇ ਆਲ਼ੇ-ਦੁਆਲ਼ੇ ਦੇ ਲੋਕਾਂ ਨੇ ਉਨ੍ਹਾਂ ਨਾਲ਼ ਆਦਰ ਨਾਲ਼ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਹੈ। "ਮੈਂ ਇਹ ਪੈਸੇ ਲਈ ਨਹੀਂ ਕਰਦਾ," ਉਹ ਸਪੱਸ਼ਟ ਕਰਦੇ ਹਨ। "ਅਸੀਂ ਆਪਣੀ ਜਾਨ ਜੋਖਮ ਵਿੱਚ ਪਾਉਂਦੇ ਹਾਂ ਅਤੇ ਸਾਡੇ ਆਲ਼ੇ-ਦੁਆਲ਼ੇ ਦੇ ਹਿੰਦੂ ਇਸ ਨੂੰ ਸਵੀਕਾਰ ਕਰਦੇ ਹਨ।''

ਗਾਵਡੇ ਦਾ ਕਹਿਣਾ ਹੈ ਕਿ ਇਕੱਲੇ ਪੁਰੰਦਰਾ ਵਿੱਚ ਹੀ ਲਗਭਗ 150 ਗਊ ਰੱਖਿਅਕ ਹਨ, ਜਿੱਥੇ ਸਸਵਾੜ ਪਿੰਡ ਪੈਂਦਾ ਹੈ। "ਸਾਡੇ ਲੋਕ ਸਾਰੇ ਪਿੰਡਾਂ ਨਾਲ਼ ਜੁੜੇ ਹੋਏ ਹਨ," ਉਹ ਕਹਿੰਦੇ ਹਨ। "ਭਾਵੇਂ ਉਹ ਪਹਿਰੇਦਾਰੀ ਵਿੱਚ ਹਿੱਸਾ ਲੈਣ ਦੇ ਯੋਗ ਨਾ ਹੋਣ, ਪਰ ਜਦੋਂ ਵੀ ਉਹ ਕੋਈ ਸ਼ੱਕੀ ਵਾਹਨ ਦੇਖਦੇ ਹਨ ਤਾਂ ਸੂਚਿਤ ਕਰਦੇ ਹਨ।''

PHOTO • Parth M.N.

ਗਊ ਰੱਖਿਅਕ ਹਰੇਕ ਜਾਨਵਰ ਨੂੰ ਦਿੱਤੀ ਖੁਰਾਕ ਬਦਲੇ 50 ਰੁਪਏ/ਦਿਨ ਮੰਗਦੇ ਹਨ। ' ਇਸਦਾ ਮਤਲਬ ਇਹ ਹੈ ਕਿ ਜੇ ਕੁਝ ਮਹੀਨਿਆਂ ਲਈ 15 ਪਸ਼ੂਆਂ ਦੀ ਦੇਖਭਾਲ਼ ਕੀਤੀ ਗਈ ਹੋਵੇ , ਤਾਂ ਸਾਨੂੰ ਉਨ੍ਹਾਂ ਨੂੰ ਵਾਪਸ ਲਿਆਉਣ ਲਈ 45,000 ਰੁਪਏ ਦੇਣੇ ਪੈਣਗੇ , ' ਉਹ ਕਹਿੰਦੇ ਹਨ। ' ਅਸੀਂ ਸਾਲਾਂ ਤੋਂ ਇਸੇ ਕਾਰੋਬਾਰ ਵਿੱਚ ਹਾਂ। ਇਹ ਬੇਤੁਕੀ ਰਕਮ ਹੈ ਅਤੇ ਇੱਕ ਕਿਸਮ ਦੀ ਫਿਰੌਤੀ ਹੀ ਹੈ , ' ਸ਼ਾਹਨਵਾਜ਼ ਕਹਿੰਦੇ ਹਨ

ਗਊਆਂ ਪੇਂਡੂ ਆਰਥਿਕਤਾ ਦਾ ਕੇਂਦਰ ਬਿੰਦੂ ਹਨ। ਦਹਾਕਿਆਂ ਤੋਂ, ਪਸ਼ੂ ਕਿਸਾਨਾਂ ਲਈ ਬੀਮਾ ਰਹੇ ਹਨ- ਚਾਹੇ ਉਨ੍ਹਾਂ ਲਈ ਵਿਆਹ-ਸ਼ਾਦੀ, ਦਵਾ-ਦਾਰੂ ਲਈ ਜਾਂ ਆਉਣ ਵਾਲ਼ੇ ਫਸਲੀ ਸੀਜ਼ਨ ਲਈ ਤੁਰੰਤ ਪੂੰਜੀ ਇਕੱਠੀ ਕਰਨ ਦੀ ਗੱਲ ਹੋਵੇ, ਉਹ ਲੋੜ ਪੈਣ 'ਤੇ ਆਪਣੇ ਪਸ਼ੂ ਵੇਚ ਦਿੰਦੇ ਹਨ।

ਪਰ ਗਊ ਰੱਖਿਅਕ ਸਮੂਹਾਂ ਦੇ ਵਿਸ਼ਾਲ ਨੈੱਟਵਰਕ ਨੇ ਇਸ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ। ਜਿਵੇਂ-ਜਿਵੇਂ ਹਰ ਸਾਲ ਲੰਘਦਾ ਹੈ, ਉਨ੍ਹਾਂ ਦੀਆਂ ਗਤੀਵਿਧੀਆਂ ਵਧੇਰੇ ਤੀਬਰ ਹੁੰਦੀਆਂ ਜਾਂਦੀਆਂ ਹਨ, ਉਨ੍ਹਾਂ ਦੀ ਗਿਣਤੀ ਤੇਜੀ ਨਾਲ਼ ਵਧਦੀ ਜਾਂਦੀ ਹੈ। ਇਸ ਸਮੇਂ ਸ਼ਿਵ ਪ੍ਰਤਿਸ਼ਠਨ ਹਿੰਦੁਸਤਾਨ ਤੋਂ ਇਲਾਵਾ ਘੱਟੋ-ਘੱਟ ਚਾਰ ਹਿੰਦੂ ਰਾਸ਼ਟਰਵਾਦੀ ਸਮੂਹ - ਬਜਰੰਗ ਦਲ, ਹਿੰਦੂ ਰਾਸ਼ਟਰ ਸੈਨਾ, ਸਮਸਤਾ ਹਿੰਦੂ ਅਘਾੜੀ ਅਤੇ ਹੋਈ ਹਿੰਦੂ ਸੈਨਾ - ਸਾਰੇ ਪੁਣੇ ਜ਼ਿਲ੍ਹੇ ਵਿੱਚ ਖੂਨੀ ਹਿੰਸਾ ਦਾ ਇਤਿਹਾਸ ਰੱਖਦੇ ਹਨ।

"ਜ਼ਮੀਨੀ ਪੱਧਰ ਦੇ ਸਾਰੇ ਵਰਕਰ ਇੱਕ ਦੂਜੇ ਲਈ ਕੰਮ ਕਰਦੇ ਹਨ," ਗਾਵਡੇ ਕਹਿੰਦੇ ਹਨ। "ਇਸ ਦਾ ਢਾਂਚਾ ਗੁੰਝਲਦਾਰ ਹੈ। ਅਸੀਂ ਇਕ-ਦੂਜੇ ਦੀ ਮਦਦ ਕਰਦੇ ਹਾਂ ਕਿਉਂਕਿ ਸਾਡਾ ਮਕਸਦ ਇਕੋ ਹੈ।''

ਇਕੱਲੇ ਪੁਰੰਧਰਾ ਵਿੱਚ, ਗਾਵਡੇ ਕਹਿੰਦੇ ਹਨ, ਉਹ ਮਹੀਨੇ ਵਿੱਚ ਲਗਭਗ ਪੰਜ ਸ਼ੱਕੀ ਵਾਹਨਾਂ ਨੂੰ ਰੋਕਦੇ ਹਨ। ਅਜਿਹੇ ਅੱਡ-ਅੱਡ ਸਮੂਹਾਂ ਦੇ ਮੈਂਬਰ ਪੁਣੇ ਦੇ ਘੱਟੋ ਘੱਟ ਸੱਤ ਤਾਲੁਕਾਵਾਂ ਵਿੱਚ ਸਰਗਰਮ ਹਨ। ਇਸਦਾ ਮਤਲਬ ਹੈ ਪ੍ਰਤੀ ਮਹੀਨਾ 35 ਵਾਹਨ ਜਾਂ ਪ੍ਰਤੀ ਸਾਲ 400 ਵਾਹਨ।

ਗਣਨਾ ਦੀ ਜਾਂਚ ਹੁੰਦੀ ਹੈ।

ਪੁਣੇ ਵਿੱਚ ਕੁਰੈਸ਼ੀ ਭਾਈਚਾਰੇ ਦੇ ਸੀਨੀਅਰ ਮੈਂਬਰਾਂ ਦਾ ਅਨੁਮਾਨ ਹੈ ਕਿ 2023 ਵਿੱਚ ਉਨ੍ਹਾਂ ਦੇ ਲਗਭਗ 400-450 ਵਾਹਨ ਜ਼ਬਤ ਕੀਤੇ ਗਏ ਸਨ - ਹਰੇਕ ਵਿੱਚ ਘੱਟੋ ਘੱਟ 2 ਲੱਖ ਰੁਪਏ ਦੇ ਪਸ਼ੂ ਸਨ। ਰੂੜੀਵਾਦੀ ਅਨੁਮਾਨਾਂ ਅਨੁਸਾਰ, ਗਊ ਰੱਖਿਅਕਾਂ ਨੇ ਮਹਾਰਾਸ਼ਟਰ ਦੇ 36 ਜ਼ਿਲ੍ਹਿਆਂ ਵਿੱਚੋਂ ਸਿਰਫ਼ ਇੱਕ ਵਿੱਚ 8 ਕਰੋੜ ਰੁਪਏ ਦਾ ਨੁਕਸਾਨ ਕੀਤਾ ਹੈ, ਜਿਸ ਨਾਲ਼ ਕੁਰੈਸ਼ੀ ਭਾਈਚਾਰਾ ਆਪਣੀ ਰੋਜ਼ੀ-ਰੋਟੀ ਛੱਡਣ ਬਾਰੇ ਸੋਚ ਰਿਹਾ ਹੈ।

"ਅਸੀਂ ਕਦੇ ਵੀ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਹੀਂ ਲੈਂਦੇ," ਗਾਵਡੇ ਕਹਿੰਦੇ ਹਨ। ''ਅਸੀਂ ਹਮੇਸ਼ਾ ਕਾਨੂੰਨ ਦੀ ਪਾਲਣਾ ਕਰਦੇ ਹਾਂ।''

ਪਰ ਗਊ ਰੱਖਿਅਕਾਂ ਦੇ ਗੁੱਸੇ ਦਾ ਸ਼ਿਕਾਰ ਹੋਏ ਵਾਹਨਾਂ ਦੇ ਡਰਾਈਵਰ ਇੱਕ ਵੱਖਰੀ ਕਹਾਣੀ ਬਿਆਨ ਕਰਦੇ ਹਨ।

*****

ਸਾਲ 2023 ਦੀ ਸ਼ੁਰੂਆਤ 'ਚ ਸ਼ਬੀਰ ਮੌਲਾਨਾ ਦੀ 25 ਮੱਝਾਂ ਨੂੰ ਲੈ ਕੇ ਜਾ ਰਹੀ ਗੱਡੀ ਨੂੰ ਗਊ ਰੱਖਿਅਕਾਂ ਨੇ ਸਸਵਾੜ ਇਲਾਕੇ 'ਚ ਰੋਕ ਲਿਆ ਸੀ। ਉਹ ਅਜੇ ਵੀ ਉਸ ਰਾਤ ਨੂੰ ਯਾਦ ਕਰਦਿਆਂ ਸਹਿਮ ਜਾਂਦੇ ਹਨ।

"ਮੈਂ ਸੋਚਿਆ ਕਿ ਉਸ ਰਾਤ ਮੈਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਜਾਵੇਗਾ,'' ਪੁਣੇ ਤੋਂ ਦੋ ਘੰਟੇ ਉੱਤਰ ਵਿੱਚ, ਸਤਾਰਾ ਜ਼ਿਲ੍ਹੇ ਦੇ ਭਦਾਲੇ ਪਿੰਡ ਦੇ ਵਸਨੀਕ 43 ਸਾਲਾ ਮੌਲਾਨਾ ਕਹਿੰਦੇ ਹਨ। "ਉਸ ਦਿਨ ਮੇਰੇ ਨਾਲ਼ ਬਦਸਲੂਕੀ ਕੀਤੀ ਗਈ ਅਤੇ ਬੁਰੀ ਤਰ੍ਹਾਂ ਕੁੱਟਿਆ ਗਿਆ। ਮੈਂ ਉਨ੍ਹਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਕਿ ਮੈਂ ਸਿਰਫ਼ ਡਰਾਈਵਰ ਹਾਂ, ਪਰ ਕੋਈ ਫਾਇਦਾ ਨਹੀਂ ਹੋਇਆ।''

PHOTO • Parth M.N.

ਸਾਲ 2023 ' ਸ਼ਬੀਰ ਮੌਲਾਨਾ ਦੀਆਂ ਗੱਡੀਆਂ ਨੂੰ ਰੋਕ ਕੇ ਉਨ੍ਹਾਂ ਨੂੰ ਕੁੱਟਿਆ ਗਿਆ। ਹੁਣ , ਜਦੋਂ ਵੀ ਮੌਲਾਨਾ ਘਰੋਂ ਬਾਹਰ ਨਿਕਲਦੇ ਹਨ , ਉਨ੍ਹਾਂ ਦੀ ਪਤਨੀ ਸਮੀਨਾ ਹਰ ਅੱਧੇ ਘੰਟੇ ਬਾਅਦ ਫੋਨ ਕਰਦੀ ਰਹਿੰਦੀ ਹੈ ਤਾਂ ਜੋ ਪਤਾ ਚੱਲ ਸਕੇ ਕਿ ਉਸਦਾ ਪਤੀ ਜ਼ਿੰਦਾ ਵੀ ਹੈ ਜਾਂ ਨਹੀਂ। ' ਮੈਂ ਇਹ ਨੌਕਰੀ ਛੱਡਣੀ ਚਾਹੁੰਦਾ ਹਾਂ , ਪਰ ਮੈਂ ਆਪਣੀ ਸਾਰੀ ਜ਼ਿੰਦਗੀ ਇਹੀ ਕੰਮ ਕੀਤਾ ਹੈ। ਮੈਨੂੰ ਘਰ ਚਲਾਉਣ ਲਈ ਪੈਸੇ ਦੀ ਲੋੜ ਹੈ , ' ਮੌਲਾਨਾ ਕਹਿੰਦੇ ਹਨ

ਜ਼ਖਮੀ ਮੌਲਾਨਾ ਨੂੰ ਥਾਣੇ ਲਿਜਾਇਆ ਗਿਆ ਜਿੱਥੇ ਉਨ੍ਹਾਂ  'ਤੇ ਪਸ਼ੂ ਕਰੂਰਤਾ ਐਕਟ ਤਹਿਤ ਦੋਸ਼ ਲਗਾਏ ਗਏ ਅਤੇ ਉਨ੍ਹਾਂ 'ਤੇ ਮਾਮਲਾ ਦਰਜ ਕੀਤਾ ਗਿਆ। ਜਿਨ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਕੁੱਟਿਆ, ਉਨ੍ਹਾਂ ਨੂੰ ਕੁਝ ਨਹੀਂ ਮਿਲ਼ਿਆ। "ਗਊ ਰੱਖਿਅਕਾਂ ਨੇ ਮੇਰੀ ਗੱਡੀ ਵਿੱਚੋਂ 20,000 ਰੁਪਏ ਵੀ ਲੁੱਟ ਲਏ," ਉਹ ਕਹਿੰਦੇ ਹਨ। "ਮੈਂ ਪੁਲਿਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਸ਼ੁਰੂ ਵਿੱਚ, ਉਨ੍ਹਾਂ ਨੇ ਮੇਰੀ ਗੱਲ ਸੁਣੀ। ਪਰ ਫਿਰ ਪੰਡਿਤ ਮੋਦਕ ਆਪਣੀ ਕਾਰ ਵਿੱਚ ਆਏ। ਉਸ ਤੋਂ ਬਾਅਦ ਪੁਲਿਸ ਪੂਰੀ ਤਰ੍ਹਾਂ ਉਨ੍ਹਾਂ ਦੇ ਕੰਟਰੋਲ ਵਿੱਚ ਸੀ।''

ਮੌਲਾਨੀ, ਜੋ ਹਰ ਮਹੀਨੇ 15,000 ਰੁਪਏ ਕਮਾਉਂਦੇ ਹਨ, ਇੱਕ ਮਹੀਨੇ ਬਾਅਦ ਆਪਣੇ ਮਾਲਕ ਦੀ ਗੱਡੀ ਵਾਪਸ ਲੈਣ ਵਿੱਚ ਸਫਲ ਹੋ ਗਏ, ਪਰ ਪਸ਼ੂ ਅਜੇ ਵੀ ਗਊ ਰੱਖਿਅਕਾਂ ਕੋਲ਼ ਹਨ। "ਜੇ ਅਸੀਂ ਕੁਝ ਗ਼ੈਰ-ਕਾਨੂੰਨੀ ਕੀਤਾ ਹੈ, ਤਾਂ ਪੁਲਿਸ ਸਾਨੂੰ ਸਜ਼ਾ ਦੇਵੇ," ਉਹ ਕਹਿੰਦੇ ਹਨ। "ਉਨ੍ਹਾਂ ਨੂੰ ਸਾਨੂੰ ਸੜਕਾਂ 'ਤੇ ਕੁੱਟਣ ਦਾ ਅਧਿਕਾਰ ਕਿਸਨੇ ਦਿੱਤਾ?"

ਜਦੋਂ ਵੀ ਮੌਲਾਨਾ ਆਪਣੇ ਘਰੋਂ ਬਾਹਰ ਨਿਕਲਦੇ ਹਨ ਤਾਂ ਉਨ੍ਹਾਂ ਦੀ 40 ਸਾਲਾ ਪਤਨੀ ਸਮੀਨਾ ਸੌਂ ਨਹੀਂ ਪਾਉਂਦੀ। ਉਹ ਹਰ ਅੱਧੇ ਘੰਟੇ ਬਾਅਦ ਆਪਣੇ ਪਤੀ ਨੂੰ ਫੋਨ ਕਰਦੀ ਰਹਿੰਦੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਜ਼ਿੰਦਾ ਹੈ। "ਤੁਸੀਂ ਉਸ ਨੂੰ ਦੋਸ਼ ਨਹੀਂ ਦੇ ਸਕਦੇ," ਉਹ ਕਹਿੰਦੇ ਹਨ। "ਮੈਂ ਇਹ ਨੌਕਰੀ ਛੱਡਣੀ ਚਾਹੁੰਦਾ ਹਾਂ, ਪਰ ਮੈਂ ਆਪਣੀ ਸਾਰੀ ਜ਼ਿੰਦਗੀ ਇਹੀ ਕੰਮ ਕੀਤਾ ਹੈ। ਮੇਰੇ ਦੋ ਬੱਚੇ ਅਤੇ ਇੱਕ ਬਿਮਾਰ ਮਾਂ ਹੈ। ਮੈਨੂੰ ਘਰ ਚਲਾਉਣ ਲਈ ਪੈਸੇ ਦੀ ਲੋੜ ਹੈ।''

ਮੌਲਾਨਾ ਵਰਗੇ ਕਈ ਮਾਮਲਿਆਂ ਨੂੰ ਸੰਭਾਲਣ ਵਾਲ਼ੇ ਸਤਾਰਾ ਦੇ ਵਕੀਲ ਸਰਫਰਾਜ਼ ਸਈਦ ਦਾ ਕਹਿਣਾ ਹੈ ਕਿ ਗਊ ਰੱਖਿਅਕ ਨਿਯਮਿਤ ਤੌਰ 'ਤੇ ਵਾਹਨਾਂ ਤੋਂ ਪੈਸੇ ਲੁੱਟਦੇ ਹਨ ਅਤੇ ਡਰਾਈਵਰਾਂ ਨੂੰ ਬੇਰਹਿਮੀ ਨਾਲ਼ ਕੁੱਟਦੇ ਹਨ। "ਪਰ ਐੱਫਆਈਆਰ ਵਿੱਚ ਅਜਿਹਾ ਕੁਝ ਦਰਜ ਨਹੀਂ ਹੁੰਦਾ," ਉਹ ਕਹਿੰਦੇ ਹਨ। "ਪਸ਼ੂਆਂ ਦੀ ਢੋਆ-ਢੁਆਈ ਇੱਕ ਪੁਰਾਣਾ ਕਾਰੋਬਾਰ ਹੈ ਅਤੇ ਸਾਡੇ ਪੱਛਮੀ ਮਹਾਰਾਸ਼ਟਰ ਖੇਤਰ ਦੇ ਬਾਜ਼ਾਰ ਇਸ ਕੰਮ ਲਈ ਮਸ਼ਹੂਰ ਹਨ। ਉਨ੍ਹਾਂ ਲਈ ਡਰਾਈਵਰਾਂ ਨੂੰ ਲੱਭਣਾ ਅਤੇ ਪਰੇਸ਼ਾਨ ਕਰਨਾ ਮੁਸ਼ਕਲ ਨਹੀਂ ਹੈ ਕਿਉਂਕਿ ਉਹ ਸਾਰੇ ਇੱਕੋ ਹਾਈਵੇਅ 'ਤੇ ਯਾਤਰਾ ਕਰਦੇ ਹਨ।''

ਲੋਂਢੇ ਦਾ ਕਹਿਣਾ ਹੈ ਕਿ ਕੰਮ ਕਰਨ ਲਈ ਡਰਾਈਵਰਾਂ ਨੂੰ ਲੱਭਣਾ ਮੁਸ਼ਕਲ ਹੈ। "ਜ਼ਿਆਦਾਤਰ ਲੋਕ ਦਿਹਾੜੀ ਦੇ ਕੰਮ ਨੂੰ ਤਰਜੀਹ ਦਿੰਦੇ ਹਨ, ਭਾਵੇਂ ਕਿ ਤਨਖਾਹ ਘੱਟ ਹੈ ਅਤੇ ਕੰਮ ਵੀ ਘੱਟ ਹੈ," ਉਹ ਕਹਿੰਦੇ ਹਨ। "ਪਸ਼ੂਆਂ ਨਾਲ਼ ਵਾਹਨ ਚਲਾਉਣਾ ਆਪਣੀ ਜਾਨ ਜੋਖਮ ਵਿੱਚ ਪਾਉਣ ਵਰਗਾ ਹੈ। ਇਹ ਬਹੁਤ ਤਣਾਅ ਭਰਿਆ ਕੰਮ ਹੈ। ਇਸ ਗੁੰਡਾਰਾਜ ਨੇ ਪੇਂਡੂ ਆਰਥਿਕਤਾ ਨੂੰ ਤਬਾਹ ਕਰ ਦਿੱਤਾ ਹੈ।''

ਉਹ ਕਹਿੰਦੇ ਹਨ ਕਿ ਇਹੀ ਕਾਰਨ ਹੈ ਕਿ ਅੱਜ ਕਿਸਾਨਾਂ ਨੂੰ ਪਸ਼ੂ ਵੇਚਣ ਬਦਲੇ ਘੱਟ ਪੈਸਾ ਮਿਲ਼ ਰਿਹਾ ਹੈ। ਵਪਾਰੀਆਂ ਦਾ ਪੈਸਾ ਡੁੱਬ ਰਿਹਾ ਹੈ ਅਤੇ ਡਰਾਈਵਰਾਂ ਦੀ ਘਾਟ ਪਹਿਲਾਂ ਹੀ ਡੁੱਬ ਰਹੇ ਇਸ ਕਾਰੋਬਾਰ ਨੂੰ ਹੋਰ ਡੋਬ ਰਹੀ ਹੈ।''

''ਵਿਕਾਸ ਵੀ ਕਾਨੂੰਨ ਵਿਵਸਥਾ ਭੰਗ ਕਰਨ ਵਾਲ਼ਿਆਂ ਦਾ ਹੀ ਹੋਇਆ ਹੈ।''

ਪੰਜਾਬੀ ਤਰਜਮਾ: ਕਮਲਜੀਤ ਕੌਰ

Parth M.N.

Parth M.N. is a 2017 PARI Fellow and an independent journalist reporting for various news websites. He loves cricket and travelling.

Other stories by Parth M.N.
Editor : PARI Desk

PARI Desk is the nerve centre of our editorial work. The team works with reporters, researchers, photographers, filmmakers and translators located across the country. The Desk supports and manages the production and publication of text, video, audio and research reports published by PARI.

Other stories by PARI Desk
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur