ਜਿਸ ਦਿਨ ਸਿੱਦੂ ਗਵਾਡੇ ਨੇ ਸਕੂਲ ਵਿੱਚ ਦਾਖ਼ਲਾ ਲੈਣ ਦਾ ਫ਼ੈਸਲਾ ਕੀਤਾ, ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਨੂੰ 50 ਭੇਡਾਂ ਫੜ੍ਹਾ ਦਿੱਤੀਆਂ ਅਤੇ ਚਰਾਉਣ ਲਈ ਕਿਹਾ। ਪਰਿਵਾਰ ਦੇ ਬਹੁਤੇ ਮੈਂਬਰਾਂ ਅਤੇ ਦੋਸਤਾਂ ਵਾਂਗ, ਉਨ੍ਹਾਂ ਤੋਂ ਵੀ ਇਹੀ ਉਮੀਦ ਕੀਤੀ ਜਾਂਦੀ ਸੀ ਕਿ ਉਹ ਛੋਟੇ ਹੁੰਦਿਆਂ ਹੀ ਆਜੜੀ ਦੇ ਆਪਣੇ ਜੱਦੀ ਕਿੱਤੇ ਨੂੰ ਜਾਰੀ ਰੱਖਣਗੇ। ਇਸਲਈ ਉਨ੍ਹਾਂ ਨੇ ਕਦੇ ਸਕੂਲ ਦਾ ਮੂੰਹ ਤੱਕ ਨਾ ਦੇਖਿਆ।

ਗਵਾਡੇ ਧਨਗਰ ਭਾਈਚਾਰੇ ਨਾਲ਼ ਸਬੰਧਤ ਹਨ। ਬੱਕਰੀ ਅਤੇ ਭੇਡ ਪਾਲਣ ਵਿੱਚ ਲੱਗੇ ਇਸ ਭਾਈਚਾਰੇ ਨੂੰ ਮਹਾਰਾਸ਼ਟਰ ਵਿੱਚ ਇੱਕ ਖਾਨਾਬਦੋਸ਼ ਕਬੀਲੇ ਵਜੋਂ ਸੂਚੀਬੱਧ ਕੀਤਾ ਗਿਆ ਹੈ। ਉਹ ਛੇ ਮਹੀਨੇ ਜਾਂ ਕਈ ਵਾਰ ਇਸ ਤੋਂ ਵੱਧ ਸਮੇਂ ਲਈ ਘਰੋਂ ਦੂਰ ਰਹਿੰਦੇ ਹਨ ਅਤੇ ਪਸ਼ੂ ਪਾਲਣ ਵਿੱਚ ਲੱਗੇ ਰਹਿੰਦੇ ਹਨ।

ਇੱਕ ਵਾਰੀਂ ਉਹ ਆਪਣੇ ਪਿੰਡੋਂ ਲਗਭਗ ਸੌ ਕਿਲੋਮੀਟਰ ਦੂਰ ਉੱਤਰੀ ਕਰਨਾਟਕ ਦੇ ਕਰਾਡਾਗਾ ਵਿੱਚ ਭੇਡਾਂ ਚਰਾ ਰਹੇ ਹੁੰਦੇ ਹਨ ਕਿ ਉਨ੍ਹਾਂ ਦੀ ਨਜ਼ਰ ਇੱਕ ਹੋਰ ਆਜੜੀ 'ਤੇ ਪੈਂਦੀ ਹੈ ਜੋ ਇੱਕ ਧਾਗੇ ਨਾਲ਼ ਇੱਕ ਚੱਕਰਾਕਾਰ ਜਿਹਾ ਕੁਝ ਬੁਣ ਰਿਹਾ ਹੁੰਦਾ ਹੈ। "ਮੈਨੂੰ ਇਹ ਬਹੁਤ ਦਿਲਚਸਪ ਲੱਗਿਆ," ਉਹ ਦੱਸਦੇ ਹਨ ਕਿ ਕਿਵੇਂ ਉਹ ਧਨਗਰ ਬਜ਼ੁਰਗ ਆਜੜੀ ਜਾਲ਼ੀ (ਗੋਲਾਕਾਰ ਥੈਲੇ) ਬੁਣਨ ਰਿਹਾ ਸੀ। ਜਿਸ ਜਾਲ਼ੀ ਨੂੰ ਬੁਣਨਾ ਬੜੇ ਹੁਨਰ ਦੀ ਗੱਲ ਸੀ ਤੇ ਜਿਓਂ-ਜਿਓਂ ਉਨ੍ਹਾਂ ਦੀ ਜਾਲ਼ੀ ਮੁਕੰਮਲ ਹੁੰਦੀ ਗਈ ਉਹਦਾ ਰੰਗ ਭੂਰਾ ਹੁੰਦਾ ਚਲਾ ਗਿਆ।

ਉਸ ਯਾਤਰਾ ਦੌਰਾਨ ਉਨ੍ਹਾਂ ਨੇ ਜੋ ਦੇਖਿਆ ਉਹ ਉਨ੍ਹਾਂ ਦੇ ਜ਼ਿਹਨ ਵਿੱਚ ਕੁਝ ਇਓਂ ਵੱਸਿਆ ਕਿ ਉਨ੍ਹਾਂ ਦੀ ਬੁਣਾਈ ਦੇ ਅਗਲੇਰੇ 74 ਸਾਲ ਦੀ ਯਾਤਰਾ ਦੀ ਪੁਲਾਂਘ ਤੈਅ ਹੋ ਗਈ ਜੋ ਅੱਜ ਵੀ ਜਾਰੀ ਹੈ।

ਜਾਲ਼ੀ ਇੱਕ ਗੋਲਾਕਾਰ ਥੈਲਾ ਹੁੰਦਾ ਹੈ ਜੋ ਸੂਤ ਤੋਂ ਬੁਣਿਆ ਜਾਂਦਾ ਹੈ ਅਤੇ ਇੱਕ ਗੁਥਲੇ ਵਜੋਂ ਵਰਤਿਆ ਜਾਂਦਾ ਹੈ। ਸਿੱਦੂ ਗਵਾਡੇ ਕਹਿੰਦੇ ਹਨ, "ਹਰ ਧਨਗਰ ਆਪਣੀ ਯਾਤਰਾ [ਭੇਡਾਂ ਚਰਾਉਣ ਵਾਲੀ] ਦੌਰਾਨ ਇਹ ਥੈਲੇ ਆਪਣੇ ਨਾਲ਼ ਲੈ ਕੇ ਜਾਂਦੇ ਹਨ। ਅਸੀਂ ਇਸ ਥੈਲੇ ਵਿੱਚ ਘੱਟੋ-ਘੱਟ ਦਸ ਭਾਖੜੀਆਂ (ਰੋਟੀਆਂ) ਅਤੇ ਇੱਕ ਜੋੜਾ ਕੱਪੜੇ ਰੱਖ ਸਕਦੇ ਹਾਂ। ਜ਼ਿਆਦਾਤਰ ਧਨਗਰ ਸੁਪਾਰੀ ਦੇ ਪੱਤੇ ਅਤੇ ਤੰਬਾਕੂ, ਚੂਨਾ (ਚੂਨਾ) ਵੀ ਰੱਖਦੇ ਹਨ।''

ਜੇ ਇਸ ਜਾਲ਼ੀ ਦੀ ਲੋੜੀਂਦੀ ਸ਼ਿਲਪਕਾਰੀ ਦੀ ਗੱਲ ਕਰੀਏ ਤਾਂ ਲਗਭਗ ਸਾਰੇ ਥੈਲੇ ਇੱਕੋ ਆਕਾਰ ਦੇ ਹੁੰਦੇ ਹਨ, ਪਰ ਪਸ਼ੂ ਪਾਲਕ ਇਸ ਨੂੰ ਬੁਣਦੇ ਸਮੇਂ ਕਿਸੇ ਵੀ ਪੈਮਾਨੇ/ਮਾਪਦੰਡ ਦੀ ਵਰਤੋਂ ਨਹੀਂ ਕਰਦੇ। "ਇਹ ਇੱਕ ਗਿੱਠ ਅਤੇ ਚਾਰ ਉਂਗਲਾਂ ਉੱਚੀ ਹੋਣੀ ਚਾਹੀਦੀ ਹੈ," ਸਿੱਦੂ ਗਵਾਡੇ ਕਹਿੰਦੇ ਹਨ। ਉਨ੍ਹਾਂ ਦੁਆਰਾ ਬਣਾਈ ਗਈ ਹਰ ਜਾਲ਼ੀ 10 ਸਾਲਾਂ ਤੱਕ ਚੱਲਦੀ ਹੈ। "ਬੱਸ ਇਹਨੂੰ ਮੀਂਹ ਵਿੱਚ ਭਿੱਜਣੋਂ ਬਚਾਉਣਾ ਹੁੰਦਾ ਹੈ, ਬਾਕੀ ਚੂਹੇ ਇਹਨੂੰ ਬੜੇ ਚਾਅ ਨਾਲ਼ ਕੁਤਰਦੇ ਹਨ। ਇਸਲਈ ਇਸ ਥੈਲੇ ਦੀ ਥੋੜ੍ਹੀ ਵੱਧ ਸੰਭਾਲ਼ ਕਰਨੀ ਪੈਂਦੀ ਹੈ।''

Siddu Gavade, a Dhangar shepherd, learnt to weave jalis by watching another, older Dhangar. These days Siddu spends time farming; he quit the ancestral occupation of rearing sheep and goats a while ago
PHOTO • Sanket Jain
Siddu Gavade, a Dhangar shepherd, learnt to weave jalis by watching another, older Dhangar. These days Siddu spends time farming; he quit the ancestral occupation of rearing sheep and goats a while ago
PHOTO • Sanket Jain

ਇਸ ਧਨਗਰ ਆਜੜੀ, ਸਿੱਦੂ ਗਵਾਡੇ ਨੇ ਇੱਕ ਬਜ਼ੁਰਗ ਧਨਗਰ ਨੂੰ ਜਾਲ਼ੀ ਬੁਣਦੇ ਵੇਖਿਆ ਅਤੇ ਦੇਖ ਕੇ ਹੀ ਬੁਣਨਾ ਵੀ ਸਿੱਖ ਲਿਆ। ਸਿੱਦੂ ਗਵਾਡੇ ਇਸ ਸਮੇਂ ਖੇਤੀਬਾੜੀ ਗਤੀਵਿਧੀਆਂ ਵਿੱਚ ਲੱਗੇ ਹੋਏ ਹਨ; ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਭੇਡ ਪਾਲਣ ਦਾ ਆਪਣਾ ਰਵਾਇਤੀ ਕਿੱਤਾ ਛੱਡ ਦਿੱਤਾ ਸੀ

Siddu shows how he measures the jali using his palm and four fingers (left); he doesn't need a measure to get the dimensions right. A bag (right) that has been chewed by rodents
PHOTO • Sanket Jain
Siddu shows how he measures the jali using his palm and four fingers (left); he doesn't need a measure to get the dimensions right. A bag (right) that has been chewed by rodents
PHOTO • Sanket Jain

ਸਿੱਦੂ ਗਵਾਡੇ (ਖੱਬੇ) ਆਪਣੀ ਗਿੱਠ ਅਤੇ ਚਾਰ ਉਂਗਲਾਂ ਨਾਲ਼ ਜਾਲ਼ੀ ਦਾ ਮਾਪ ਦਿਖਾਉਂਦੇ ਹੋਏ; ਉਨ੍ਹਾਂ ਨੂੰ ਸਹੀ ਆਕਾਰ ਵਿੱਚ ਬੁਣਨ ਲਈ ਕਿਸੇ ਮਾਪਦੰਡ ਦੀ ਲੋੜ ਨਹੀਂ ਹੈ। ਥੈਲਾ (ਸੱਜੇ) ਜਿਸ ਨੂੰ ਚੂਹੇ ਕੁਤਰ ਗਏ

ਮੌਜੂਦਾ ਸਮੇਂ ਕਰਾਡਗਾ ਵਿਖੇ ਸਿੱਦੂ ਗਵਾਡੇ ਹੀ ਇੱਕਲੌਤੇ ਕਾਸ਼ਤਕਾਰ ਹਨ ਜੋ ਸੂਤੀ ਧਾਗੇ ਦੀ ਵਰਤੋਂ ਕਰਕੇ ਜਾਲ਼ੀ ਬਣਾ ਸਕਦੇ ਹਨ। "ਕੰਨੜ ਵਿੱਚ, ਇਸ ਨੂੰ ਜਾਲਗੀ ਕਿਹਾ ਜਾਂਦਾ ਹੈ," ਉਹ ਕਹਿੰਦੇ ਹਨ। ਕਰਾਡਗਾ ਮਹਾਰਾਸ਼ਟਰ-ਕਰਨਾਟਕ ਸਰਹੱਦ 'ਤੇ ਸਥਿਤ ਹੈ। ਇਹ ਬੇਲਗਾਵੀ ਜ਼ਿਲ੍ਹੇ ਦੇ ਚਿਕਕੋਡੀ ਤਾਲੁਕਾ ਵਿੱਚ ਪੈਂਦਾ ਹੈ। ਪਿੰਡ ਵਿੱਚ ਲਗਭਗ 9,000 ਲੋਕ ਹਨ ਜੋ ਕੰਨੜ ਅਤੇ ਮਰਾਠੀ ਬੋਲਦੇ ਹਨ।

ਬਚਪਨ 'ਚ ਸਿੱਦੂ ਗਵਾਡੇ ਸੂਤ ਲੱਦੇ ਟਰੱਕਾਂ ਦੇ ਆਉਣ ਦਾ ਇੰਤਜ਼ਾਰ ਕਰਿਆ ਕਰਦੇ। "ਤੇਜ਼ ਹਵਾਵਾਂ ਕਾਰਨ, ਚੱਲਦੇ ਟਰੱਕਾਂ ਵਿੱਚੋਂ ਸੂਤ ਉੱਡ-ਉੱਡ ਬਾਹਰ ਡਿੱਗਦਾ ਰਹਿੰਦਾ ਤੇ ਮੈਂ ਉਨ੍ਹਾਂ ਨੂੰ ਚੁੱਕ ਲਿਆ ਕਰਦਾ," ਉਹ ਦੱਸਦੇ ਹਨ। ਗੰਢਾਂ ਬਣਾਉਣ ਲਈ ਉਹ ਸੂਤ ਨਾਲ਼ ਖੇਡਾਂ ਖੇਡਿਆ ਕਰਦੇ। ''ਮੈਨੂੰ ਇਹ ਹੁਨਰ ਕਿਸੇ ਨੇ ਨਹੀਂ ਸਿਖਾਇਆ। ਮੈਂ ਇਹਨੂੰ ਮਹਾਤਾਰਾ (ਬਜ਼ੁਰਗ) ਧਨਗਰ ਤੋਂ ਹੀ ਸਿੱਖਿਆ ਹੈ।''

ਪਹਿਲੇ ਸਾਲ ਵਿੱਚ, ਸਿੱਦੂ ਗਵਾਡੇ ਨੇ ਧਾਗੇ ਨਾਲ਼ ਸਿਰਫ਼ ਕੁੰਡਾ ਹੀ ਬਣਾਇਆ ਅਤੇ ਕਈ ਕੋਸ਼ਿਸ਼ਾਂ ਕਰ ਕਰਕੇ ਗੰਢ ਬਣਾਉਣੀ ਸਿੱਖੀ। "ਆਪਣੀਆਂ ਭੇਡਾਂ ਅਤੇ ਕੁੱਤੇ ਨਾਲ਼ ਹਜ਼ਾਰਾਂ ਮੀਲ ਪੈਦਲ ਚੱਲਦਿਆਂ ਆਖ਼ਰਕਾਰ ਮੈਂ ਇਹ ਗੁੰਝਲਦਾਰ ਬੁਣਾਈ ਸਿੱਖ ਹੀ ਲਈ," ਉਹ ਕਹਿੰਦੇ ਹਨ। "ਇਸ ਕਲਾ ਦਾ ਮੁੱਖ ਹੁਨਰ ਪਹਿਲਾਂ ਇੱਕ ਕੁੰਡਾ ਬਣਾਉਣਾ ਅਤੇ ਉਸੇ ਆਕਾਰ ਨੂੰ ਹੀ ਬਰਕਰਾਰ ਰੱਖਣਾ ਹੈ ਜਦੋਂ ਤੱਕ ਕਿ ਪੂਰੀ ਜਾਲ਼ੀ ਤਿਆਰ ਨਹੀਂ ਹੋ ਜਾਂਦੀ," ਕਾਰੀਗਰ ਕਹਿੰਦੇ ਹਨ, ਜੋ ਆਪਣੀ ਬੁਣਾਈ ਲਈ ਕੁੰਡਾ ਬਣਾਉਣ ਵਾਲ਼ੀ ਕਿਸੇ ਸੂਈ ਦੀ ਵਰਤੋਂ ਨਹੀਂ ਕਰਦੇ।

ਪਤਲੇ ਧਾਗੇ ਨਾਲ਼ ਗੰਢ ਮਾਰਨੀ ਬਹੁਤ ਔਖ਼ੀ ਹੈ। ਇਸ ਲਈ ਸਿੱਦੂ ਸਭ ਤੋਂ ਪਹਿਲਾਂ ਧਾਗੇ ਨੂੰ ਮੋਟਾ ਕਰਦੇ ਹਨ। ਇਸ ਦੇ ਲਈ ਉਹ ਇੱਕ ਵੱਡੀ ਪੂਲੀ ਵਿੱਚੋਂ 20 ਫੁੱਟ ਲੰਬਾ ਧਾਗਾ ਲੈਂਦੇ ਹਨ। ਫਿਰ ਉਹ ਤੇਜ਼ੀ ਨਾਲ਼ ਇਸ ਧਾਗੇ ਨੂੰ ਲੱਕੜ ਦੇ ਇੱਕ ਗੋਲ਼ਾਕਾਰ ਸੰਦ ਦੁਆਲ਼ੇ ਲਪੇਟਣ ਲੱਗਦੇ ਹਨ ਜਿਹਨੂੰ ਉਹ ਮਰਾਠੀ ਵਿੱਚ ਤਕਲੀ ਜਾਂ ਭੰਗੜੀ ਕਹਿੰਦੇ ਹਨ। ਤਕਲੀ ਲੱਕੜ ਦਾ ਇੱਕ ਔਜ਼ਾਰ ਹੈ ਜਿਸ ਦੇ ਦੋਵੇਂ ਪਾਸੇ ਮਸ਼ਰੂਮ ਵਰਗੇ ਗੁੰਬਦ ਜਿਹੇ ਹੁੰਦੇ ਹਨ।

ਫਿਰ ਉਹ ਆਪਣੀ ਸੱਜੀ ਲੱਤ ਦੇ ਹੇਠਾਂ 50 ਸਾਲਾ ਬਬੂਲ (ਜੌਲੀ) ਲੱਕੜ ਦੀ ਤਕਲੀ ਰੱਖਦੇ ਹਨ ਅਤੇ ਇਸ ਦੇ ਦੁਆਲ਼ੇ ਧਾਗੇ ਨੂੰ ਤੇਜ਼ੀ ਨਾਲ਼ ਲਪੇਟਦੇ ਹਨ। ਇੱਕ ਪਲ ਵੀ ਰੁਕੇ ਬਿਨਾਂ, ਉਹ ਆਪਣੇ ਖੱਬੇ ਹੱਥ ਨਾਲ਼ ਤਕਲੀ ਨੂੰ ਫੜ੍ਹਦੇ ਹਨ ਅਤੇ ਉਸ ਵਿੱਚੋਂ ਧਾਗਾ ਖਿੱਚਦੇ ਜਾਂਦੇ ਹਨ। "ਇਹ ਧਾਗੇ ਨੂੰ ਮੋਟਾ ਕਰਨ ਦਾ ਰਵਾਇਤੀ ਤਰੀਕਾ ਹੈ," ਉਨ੍ਹਾਂ ਨੇ ਕਿਹਾ। ਉਨ੍ਹਾਂ ਨੂੰ 20 ਫੁੱਟ ਦੇ ਪਤਲੇ ਧਾਗੇ ਨੂੰ ਲਪੇਟਣ ਵਿੱਚ ਦੋ ਘੰਟੇ ਲੱਗਦੇ ਹਨ।

ਸਿੱਦੂ ਗਵਾਡੇ ਅਜੇ ਵੀ ਇਸ ਪੁਰਾਣੀ ਪ੍ਰਥਾ ਨਾਲ਼ ਹੀ ਜੁੜੇ ਹੋਏ ਹਨ ਕਿਉਂਕਿ ਮੋਟਾ ਧਾਗਾ ਮਹਿੰਗਾ ਹੈ। " ਤੀਨ ਪਦਰ ਚਾ ਕਰਾਵਾ ਲਗਤੇ [ਤਿੰਨ ਪਰਤਾਂ (ਰੇਸ਼ਿਆਂ) ਨੂੰ ਜੋੜ ਕੇ ਧਾਗਾ ਬਣਾਉਣਾ ਪੈਂਦਾ ਹੈ]।" ਪਰ ਲੱਤ ਅਤੇ ਤਕਲੀ ਵਿਚਕਾਰ ਪੈਦਾ ਹੋਣ ਵਾਲ਼ੀ ਰਗੜ ਕਾਰਨ ਉਨ੍ਹਾਂ ਦੀ ਲੱਤ 'ਤੇ ਸੋਜਸ਼ ਹੋ ਜਾਂਦੀ ਹੈ, " ਮਗ ਕਾਈ ਹੋਤੇ , ਦੋਂ ਦਿਵਸ ਆਰਾਮ ਕਰਾਈਚਾ [ਫਿਰ ਕੀ ਹੋਇਆ? ਤੁਸੀਂ ਦੋ ਦਿਨ ਆਰਾਮ ਕਰ ਲਓ],'' ਉਹ ਹੱਸਦੇ ਹੋਏ ਕਹਿੰਦੇ ਹਨ।

Siddu uses cotton thread to make the jali . He wraps around 20 feet of thread around the wooden takli , which he rotates against his leg to effectively roll and thicken the thread. The repeated friction is abrasive and inflames the skin
PHOTO • Sanket Jain
Siddu uses cotton thread to make the jali . He wraps around 20 feet of thread around the wooden takli , which he rotates against his leg to effectively roll and thicken the thread. The repeated friction is abrasive and inflames the skin
PHOTO • Sanket Jain

ਸਿੱਦੂ ਗਵਾਡੇ ਜਾਲ਼ੀ ਬਣਾਉਣ ਲਈ ਸੂਤੀ ਧਾਗੇ ਦੀ ਵਰਤੋਂ ਕਰਦੇ ਹਨ। ਉਹ ਧਾਗੇ ਨੂੰ ਮੋਟਾ ਕਰਨ ਲਈ ਤਕਲੀ ਦੀ ਵਰਤੋਂ ਕਰਦੇ ਹਨ ਤੇ ਧਾਗੇ ਨੂੰ ਆਪਣੀ ਲੱਤ ਨਾਲ਼ ਰਗੜਦੇ ਹੋਏ ਵਲ਼ਦੇ ਹਨ। ਇੰਝ ਵਾਰ-ਵਾਰ ਘੁਮਾਉਣ ਨਾਲ਼ ਉਨ੍ਹਾਂ ਦੀ ਲੱਤ 'ਤੇ ਸੋਜਸ਼ ਹੁੰਦੀ ਹੈ

There is a particular way to hold the takli and Siddu has mastered it over the years: 'In case it's not held properly, the thread doesn't become thick'
PHOTO • Sanket Jain

ਤਕਲੀ ਫੜ੍ਹਨ ਦੀ ਇੱਕ ਸ਼ੈਲੀ ਹੈ, ਜਿਸ ਨੂੰ ਸਿੱਦੂ ਗਵਾਡੇ ਨੇ ਆਪਣੇ ਕਈ ਸਾਲਾਂ ਦੇ ਤਜ਼ਰਬੇ ਨਾਲ਼ ਸਿੱਖਿਆ ਹੈ। 'ਜੇ ਇਸ ਨੂੰ ਸਹੀ ਢੰਗ ਨਾਲ਼ ਨਾ ਫੜ੍ਹਿਆ ਜਾਵੇ ਤਾਂ ਧਾਗਾ ਮੋਟਾ ਨਹੀਂ ਹੋਵੇਗਾ'

ਸਿੱਦੂ ਗਵਾਡੇ ਕਹਿੰਦੇ ਹਨ ਕਿ ਹੁਣ ਤਕਲੀ ਪ੍ਰਾਪਤ ਕਰਨਾ ਮੁਸ਼ਕਲ ਹੈ। "ਅੱਜ ਦੇ ਨੌਜਵਾਨ ਤਰਖਾਣ ਇਸ ਨੂੰ ਬਣਾਉਣਾ ਨਹੀਂ ਜਾਣਦੇ। ਉਨ੍ਹਾਂ ਨੇ 1970 ਵਿੱਚ 50 ਰੁਪਏ ਵਿੱਚ ਇਸ ਨੂੰ ਪਿੰਡ ਦੇ ਇੱਕ ਤਰਖਾਣ ਕੋਲ਼ੋਂ ਖਰੀਦਿਆ ਸੀ। ਉਸ ਸਮੇਂ, ਇੱਕ ਕਿਲੋ ਵਧੀਆ ਚੌਲ਼ਾਂ ਦੀ ਕੀਮਤ ਸਿਰਫ਼ ਇੱਕ ਰੁਪਿਆ ਸੀ।

ਉਹ ਇੱਕ ਜਾਲ਼ੀ ਬਣਾਉਣ ਲਈ ਦੋ ਕਿਲੋਗ੍ਰਾਮ ਧਾਗਾ ਖਰੀਦਦੇ ਹਨ। ਇਹ ਤੋਲ ਧਾਗੇ ਦੀ ਮੋਟਾਈ ਅਤੇ ਘਣਤਾ 'ਤੇ ਨਿਰਭਰ ਕਰਦਾ ਹੈ। ਕੁਝ ਸਾਲ ਪਹਿਲਾਂ ਤੱਕ, ਉਹ ਆਪਣੇ ਪਿੰਡ ਤੋਂ ਨੌਂ ਕਿਲੋਮੀਟਰ ਦੂਰ ਪੈਂਦੇ ਮਹਾਰਾਸ਼ਟਰ ਦੇ ਰੇਂਡਲ ਪਿੰਡ ਜਾਂਦੇ ਤੇ ਧਾਗਾ ਖਰੀਦਦੇ। "ਹੁਣ ਸਾਨੂੰ ਆਪਣੇ ਪਿੰਡੋਂ ਹੀ ਤਿਆਰ ਧਾਗੇ ਮਿਲ਼ਦੇ ਹਨ। ਧਾਗੇ ਦੀ ਗੁਣਵੱਤਾ 'ਤੇ ਨਿਰਭਰ ਕਰਦੇ ਹੋਏ, ਧਾਗੇ ਦੀ ਕੀਮਤ 80-100 ਰੁਪਏ/ਕਿਲੋ ਤੱਕ ਹੁੰਦੀ ਹੈ," ਉਹ ਯਾਦ ਕਰਦੇ ਹੋਏ ਕਹਿੰਦੇ ਹਨ ਕਿ 90ਵਿਆਂ ਦੇ ਅਖ਼ੀਰ ਤੱਕ, ਇਹੀ ਧਾਗਾ 20 ਰੁਪਏ/ਕਿਲੋ ਦੇ ਹਿਸਾਬ ਨਾਲ਼ ਮਿਲ਼ਦਾ ਹੁੰਦਾ ਸੀ। ਉਸ ਸਮੇਂ ਉਹ ਲਗਭਗ ਦੋ ਕਿਲੋਗ੍ਰਾਮ ਧਾਗਾ ਖਰੀਦਿਆ ਕਰਦੇ।

ਹਾਲਾਂਕਿ ਬੁਣਾਈ ਦੀ ਕਲਾ ਰਵਾਇਤੀ ਤੌਰ 'ਤੇ ਮਰਦਾਂ ਦੇ ਹੱਥਾਂ ਵਿੱਚ ਹੀ ਰਹੀ ਹੈ, ਪਰ ਇੱਕ ਸਮਾਂ ਸੀ ਜਦੋਂ ਉਨ੍ਹਾਂ ਦੀ ਮਰਹੂਮ ਪਤਨੀ, ਮਾਇਆਵਾ ਧਾਗੇ ਨੂੰ ਮੋਟਾ ਕਰਿਆ ਕਰਦੀ ਸਨ, ਸਿੱਦੂ ਗਵਾਡੇ ਕਹਿੰਦੇ ਹਨ। "ਉਹ ਇੱਕ ਸ਼ਾਨਦਾਰ ਕਾਰੀਗਰ ਸੀ," ਉਹ ਆਪਣੀ ਪਤਨੀ ਨੂੰ ਯਾਦ ਕਰਦੇ ਹਨ। ਮਾਇਆਵਾ ਦੀ 2016 ਵਿੱਚ ਗੁਰਦੇ ਫੇਲ੍ਹ ਹੋਣ ਕਾਰਨ ਮੌਤ ਹੋ ਗਈ ਸੀ। "ਉਹਨੂੰ ਸਹੀ ਇਲਾਜ ਨਹੀਂ ਮਿਲ਼ਿਆ। ਅਸੀਂ ਉਹਦੇ ਦਮੇ ਦੀ ਦਵਾਈ ਲਈ ਪਰ ਇਸ ਦੇ ਮਾੜੇ ਪ੍ਰਭਾਵਾਂ ਕਾਰਨ ਉਹਦੇ ਗੁਰਦੇ ਫੇਲ੍ਹ ਹੋ ਗਏ।''

ਸਿੱਦੂ ਗਵਾਡੇ ਕਹਿੰਦੇ ਹਨ ਕਿ ਉਨ੍ਹਾਂ ਦੀ ਮਰਹੂਮ ਪਤਨੀ ਵਾਂਗਰ ਕਈ ਔਰਤਾਂ ਭੇਡਾਂ ਦੀ ਉੱਨ ਲਾਹੁਣ ਅਤੇ ਉੱਨ ਕੱਤਣ ਦੀਆਂ ਮਾਹਰ ਹੁੰਦੀਆਂ ਹਨ। ਫਿਰ ਧਨਗਰ ਇਹ ਧਾਗਾ ਸੰਗਰ ਭਾਈਚਾਰੇ ਨੂੰ ਦੇ ਦਿੰਦੇ ਹਨ ਜੋ ਪੈਡਲਾਂ ਨਾਲ਼ ਚੱਲਣ ਵਾਲ਼ੀਆਂ ਟੋਇਆ ਅੰਦਰ ਜੋੜੀਆਂ ਖੱਡੀਆਂ 'ਤੇ ਘੋਂਗੜੀ (ਕੰਬਲ) ਬਣਾਉਂਦੇ ਹਨ।

ਸਿੱਦੂ ਗਵਾਡੇ ਲੋੜ ਅਤੇ ਮਿਲ਼ੇ ਸਮੇਂ ਦੇ ਅਧਾਰ 'ਤੇ ਧਾਗੇ ਨੂੰ ਮੋਟਾ ਕਰਦੇ ਹਨ। ਇਸ ਤੋਂ ਬਾਅਦ ਇਸ ਕੰਮ ਦੀ ਸਭ ਤੋਂ ਗੁੰਝਲਦਾਰ ਪ੍ਰਕਿਰਿਆ, ਹੱਥ-ਬੁਣਾਈ ਸ਼ੁਰੂ ਹੁੰਦੀ ਹੈ। ਇਸ ਪੜਾਅ 'ਤੇ, ਉਹ ਧਾਗੇ ਨੂੰ ਘੁਮਾ ਕੇ ਕੁੰਡੇ ਬਣਾਉਂਦੇ ਹੋਏ ਉਨ੍ਹਾਂ ਨਾਲ਼ ਖਿਸਕਵੀਂ ਗੰਢ ਮਾਰਦੇ ਹੋਏ ਬੁਣਨਾ ਸ਼ੁਰੂ ਕਰਦੇ ਹਨ। ਉਹ ਇੱਕ ਥੈਲੇ ਨੂੰ ਬਣਾਉਣ ਲਈ 25 ਧਾਗਿਆਂ ਦੇ ਕੁੰਡੇ ਬਣਾਉਂਦੇ ਹਨ ਅਤੇ ਉਨ੍ਹਾਂ ਨੂੰ ਬਰਾਬਰ ਦੂਰੀ 'ਤੇ ਰੱਖਦੇ ਹਨ।

PHOTO • Sanket Jain
Right: Every knot Siddu makes is equal in size. Even a slight error means the jali won't look as good.
PHOTO • Sanket Jain

ਖੱਬੇ: 50 ਸਾਲ ਪਹਿਲਾਂ ਬਬੂਲ (ਕਿੱਕਰ) ਲੱਕੜ ਤੋਂ ਬਣੀ ਤਕਲੀ ਦੀ ਕੀਮਤ 50 ਕਿਲੋ ਚੌਲ਼ਾਂ ਜਿੰਨੀ ਸੀ। ਪਰ ਅੱਜ ਇੱਥੇ ਕੋਈ ਤਰਖਾਣ ਨਹੀਂ ਬਚਿਆ ਹੈ ਜੋ ਇਸ ਨੂੰ ਬਣਾ ਸਕੇ। ਸੱਜੇ: ਸਿੱਦੂ ਗਵਾਡੇ ਦੁਆਰਾ ਮਾਰੀ ਗਈ ਹਰ ਗੰਢ ਬਰਾਬਰ ਆਕਾਰ ਦੀ ਹੁੰਦੀ ਹੈ। ਜੇ ਇਸ ਵਿੱਚ ਕੋਈ ਛੋਟੀ ਜਿਹੀ ਗ਼ਲਤੀ ਵੀ ਹੋ ਜਾਂਦੀ ਹੈ, ਤਾਂ ਜਾਲ਼ੀ ਚੰਗੀ ਨਹੀਂ ਲੱਗੇਗੀ

"ਇਨ੍ਹਾਂ ਵਿੱਚੋਂ ਸਭ ਤੋਂ ਔਖਾ ਕੰਮ ਸ਼ੁਰੂਆਤੀ ਕੁੰਡਾ (ਗੋਲ਼ਾਕਾਰ) ਬਣਾਉਣਾ ਹੈ," ਉਹ ਕਹਿੰਦੇ ਹਨ, ਇਹ ਦੱਸਦੇ ਹੋਏ ਕਿ ਪਿੰਡ ਦੇ 2-3 ਧਨਗਰ ਜਾਲ਼ੀ ਬਣਾਉਣਾ ਜਾਣਦੇ ਹਨ। "ਪਰ ਉਹ ਵੀ ਇਹਦੀ ਬੁਨਿਆਦ, ਭਾਵ ਗੋਲ਼ਾਕਾਰ ਕੁੰਡਿਆਂ ਨਾਲ਼ ਢਾਂਚਾ ਬਣਾਉਣ ਲਈ ਸੰਘਰਸ਼ ਕਰਦੇ ਹਨ। ਇਸ ਲਈ ਉਨ੍ਹਾਂ ਨੇ ਹੁਣ ਇਸ ਨੂੰ ਬਣਾਉਣਾ ਬੰਦ ਕਰ ਦਿੱਤਾ ਹੈ।''

ਇਸ ਗੋਲ਼ਾਕਾਰ ਢਾਂਚੇ ਨੂੰ ਬਣਾਉਣ ਵਿੱਚ ਸਿੱਦੂ ਗਵਾਡੇ ਨੂੰ 14 ਘੰਟੇ ਲੱਗਦੇ ਹਨ। "ਜੇ ਛੋਟੀ ਜਿਹੀ ਗ਼ਲਤੀ ਵੀ ਹੋ ਜਾਵੇ ਤਾਂ ਸਾਰਾ ਕੀਤਾ ਕਰਾਇਆ ਉਧੇੜਨਾ ਪੈਂਦਾ ਹੈ।" ਜੇ ਜਾਲ਼ੀ ਬਣਾਉਣ ਲਈ ਦਿਨ ਵਿੱਚ ਤਿੰਨ ਘੰਟੇ ਕੰਮ ਕੀਤਾ ਜਾਵੇ ਤਾਂ ਵੀ ਇਹਨੂੰ ਪੂਰਾ ਹੋਣ ਵਿੱਚ 20 ਦਿਨ ਲੱਗਦੇ ਹਨ। ਉਹ 60 ਘੰਟਿਆਂ ਵਿੱਚ 300 ਫੁੱਟ ਲੰਬੀ ਰੱਸੀ ਬੁਣਦੇ ਹਨ, ਉਹ ਵੀ ਬਰਾਬਰ-ਬਰਾਬਰ ਗੰਢਾਂ ਮਾਰਦੇ ਹੋਏ। ਸਿੱਦੂ ਗਵਾਡੇ ਹੁਣ ਖੇਤੀ ਕਰਦਿਆਂ ਅੱਛਾ-ਖ਼ਾਸਾ ਸਾਰਾ ਸਮਾਂ ਬਿਤਾਉਂਦੇ ਹਨ, ਇਸ ਲਈ ਉਨ੍ਹਾਂ ਨੂੰ ਜਾਲ਼ੀ ਬੁਣਨ ਲਈ ਸਮਾਂ ਕੱਢਣਾ ਪੈਂਦਾ ਹੈ। ਪਿਛਲੇ ਸੱਤ ਦਹਾਕਿਆਂ ਵਿੱਚ, ਉਨ੍ਹਾਂ ਨੇ ਆਪਣੇ ਧਨਗਰ ਸਾਥੀਆਂ ਲਈ 100 ਜਾਲ਼ੀਆਂ ਬਣਾਈਆਂ ਹਨ। ਇਸਦਾ ਮਤਲਬ ਇਹ ਹੈ ਕਿ ਉਨ੍ਹਾਂ ਨੇ ਕਲਾ ਵਿੱਚ ਮੁਹਾਰਤ ਹਾਸਲ ਕਰਨ ਲਈ 6,000 ਤੋਂ ਵੱਧ ਘੰਟੇ ਸਮਰਪਿਤ ਕੀਤੇ ਹਨ।

ਸਿੱਦੂ ਗਵਾਡੇ ਨੂੰ ਪਿੰਡ ਦੇ ਲੋਕ ਪਿਆਰ ਨਾਲ਼ ਪਾਟਕਰ ਮਹਾਤਾਰਾ (ਦਸਤਾਰਧਾਰੀ ਬਜ਼ੁਰਗ) ਕਹਿੰਦੇ ਹਨ - ਉਹ ਹਰ ਰੋਜ਼ ਪਗੜੀ ਪਹਿਨਦੇ ਹਨ।

ਉਮਰ ਦੇ ਇਸ ਪੜਾਅ ਦੇ ਬਾਵਜੂਦ, ਉਹ ਪਿਛਲੇ ਨੌਂ ਸਾਲਾਂ ਤੋਂ 350 ਕਿਲੋਮੀਟਰ ਦੂਰ, ਵਿਠੋਬਾ ਮੰਦਰ ਵੱਲ ਪੈਦਲ ਜਾ ਰਹੇ ਹਨ। ਮਹਾਰਾਸ਼ਟਰ ਦੇ ਸੋਲਾਪੁਰ ਜ਼ਿਲ੍ਹੇ ਦੇ ਪੰਧਰਪੁਰ ਕਸਬੇ ਵਿੱਚ ਸਥਿਤ ਇਹ ਮੰਦਰ ਵਾਰੀ/ਵਾੜੀ ਨਾਮਕ ਆਪਣੀ ਪੈਦਲ ਯਾਤਰਾ ਲਈ ਪ੍ਰਸਿੱਧ ਹੈ। ਮਹਾਰਾਸ਼ਟਰ ਅਤੇ ਉੱਤਰੀ ਕਰਨਾਟਕ ਦੇ ਕੁਝ ਜ਼ਿਲ੍ਹਿਆਂ ਦੇ ਲੋਕ ਆਸ਼ਾਧ (ਜੂਨ/ਜੁਲਾਈ) ਅਤੇ ਕਾਰਤਿਕਾ (ਦੀਵਾਲੀ ਤੋਂ ਬਾਅਦ ਅਕਤੂਬਰ ਅਤੇ ਨਵੰਬਰ ਵਿਚਕਾਰ) ਦੌਰਾਨ ਜੱਥਿਆਂ ਵਿੱਚ ਮੰਦਰ ਜਾਂਦੇ ਹਨ। ਰਸਤੇ ਵਿੱਚ, ਉਹ ਅਭੰਗ ਨਾਮਕ ਭਗਤੀ ਰਚਨਾਵਾਂ ਗਾਉਂਦੇ ਜਾਂਦੇ ਹਨ, ਜੋ ਤੁਕਾਰਾਮ, ਦਿਆਨੇਸ਼ਵਰ ਅਤੇ ਨਾਮਦੇਵ ਸੰਤਾਂ ਦੁਆਰਾ ਰਚਿਤ ਹਨ।

"ਮੈਂ ਗੱਡੀ ਵਿੱਚ ਨਹੀਂ ਜਾਂਦਾ। ਵਿਠੋਬਾ ਆਹੇ ਮਜਿਆਸੋਬਤ। ਕਹੀਹੀ ਹੋਥ ਨਹੀਂ [ਵਿਠੋਬਾ ਮੇਰੇ ਨਾਲ਼ ਹੈ, ਇਸ ਲਈ ਮੈਨੂੰ ਕੁਝ ਨਹੀਂ ਹੋਵੇਗਾ]," ਉਹ ਕਹਿੰਦੇ ਹਨ। ਪੰਧਰਪੁਰ ਦੇ ਵਿਠਲ-ਰੁਕਮਣੀ ਮੰਦਰ ਪਹੁੰਚਣ ਵਿੱਚ ਉਨ੍ਹਾਂ ਨੂੰ 12 ਦਿਨ ਲੱਗ ਜਾਂਦੇ ਹਨ। ਜਿਓਂ ਹੀ ਉਹ ਆਰਾਮ ਕਰਨ ਲਈ ਕਿਤੇ ਵੀ ਰੁਕਦੇ ਹਨ ਤਾਂ ਉਹ ਸੂਤੀ ਧਾਗੇ ਕੱਢ ਕੇ ਕੁੰਡੇ ਪਾਉਣ ਵਿੱਚ ਰੁੱਝ ਜਾਂਦੇ ਹਨ।

ਸਿੱਦੂ ਗਵਾਡੇ ਦੇ ਪਿਤਾ ਮਰਹੂਮ ਬਾਲੂ ਵੀ ਜਾਲ਼ੀਆਂ ਬਣਾਉਂਦੇ ਸਨ। ਹੁਣ ਜਦੋਂ ਜਾਲ਼ੀ ਬੁਣਨ ਵਾਲ਼ੇ ਵਿਰਲੇ ਹੀ ਬਚੇ ਹਨ, ਧਨਗਰਾ ਨੇ ਕੱਪੜੇ ਦੇ ਥੈਲੇ ਖਰੀਦਣੇ ਸ਼ੁਰੂ ਕਰ ਦਿੱਤੇ ਹਨ। ਸਿੱਦੂ ਗਵਾਡੇ ਕਹਿੰਦੇ ਹਨ, "ਸਰੋਤਾਂ ਅਤੇ ਸਮੇਂ ਨੂੰ ਦੇਖਦੇ ਹੋਏ, ਇਸ ਕਲਾ ਨੂੰ ਅੱਗੇ ਵਧਾਉਣਾ ਮਹਿੰਗਾ ਹੈ।'' ਜੇ ਉਹ ਜਾਲ਼ੀ ਬਣਾਉਣ ਲਈ ਲੋੜੀਂਦੇ ਧਾਗੇ 'ਤੇ 200 ਰੁਪਏ ਖਰਚ ਕਰਦੇ ਹਨ, ਤਾਂ ਇੱਕ ਜਾਲ਼ੀ ਮਸਾਂ ਹੀ 250-300 ਰੁਪਏ ਵਿੱਚ ਵੇਚੀ ਜਾਂਦੀ ਹੈ। "ਕਹੀਹੀ ਉਪਯੋਗ ਨਹੀਂ [ਕੋਈ ਫਾਇਦਾ ਨਹੀਂ]," ਉਹ ਆਪਣਾ ਤਜਰਬਾ ਸਾਂਝਾ ਕਰਦੇ ਹੋਏ ਕਹਿੰਦੇ ਹਨ।

'The most difficult part is starting and making the loops in a circular form,' says Siddu. Making these loops requires a lot of patience and focus
PHOTO • Sanket Jain
'The most difficult part is starting and making the loops in a circular form,' says Siddu. Making these loops requires a lot of patience and focus
PHOTO • Sanket Jain

ਸਿੱਦੂ ਗਵਾਡੇ ਕਹਿੰਦੇ ਹਨ, 'ਸਭ ਤੋਂ ਮੁਸ਼ਕਲ ਕੰਮ ਸ਼ੁਰੂਆਤੀ ਪੜਾਅ ਦਾ ਸਰਕੂਲਰ ਢਾਂਚਾ ਬਣਾਉਣਾ ਹੈ। ਇਨ੍ਹਾਂ ਕੁੰਡਿਆਂ ਨੂੰ ਪਾਉਣ ਲਈ ਬਹੁਤ ਸਬਰ ਅਤੇ ਧਿਆਨ ਦੀ ਲੋੜ ਹੁੰਦੀ ਹੈ'

Left: After spending over seven decades mastering the art, Siddu is renowned for making symmetrical jalis and ensuring every loop and knot is of the same size.
PHOTO • Sanket Jain
Right: He shows the beginning stages of making a jali and the final object.
PHOTO • Sanket Jain

ਖੱਬੇ: ਸਿੱਦੂ ਗਵਾਡੇ ਨੇ ਆਪਣੇ ਸੱਤ ਦਹਾਕਿਆਂ ਦੇ ਤਜ਼ਰਬੇ ਕਾਰਨ ਇਕਸਾਰ ਜਾਲ਼ੀ ਬਣਾਉਣ ਵਿੱਚ ਵੱਡਾ ਨਾਮ ਕਮਾਇਆ ਹੈ। ਸੱਜੇ: ਉਹ ਜਾਲ਼ੀ ਬਣਾਉਣ ਦਾ ਪਹਿਲਾ ਕਦਮ ਅਤੇ ਅੰਤਿਮ ਉਤਪਾਦ ਦਿਖਾ ਰਹੇ ਹਨ

ਉਨ੍ਹਾਂ ਦੇ ਤਿੰਨ ਪੁੱਤਰ ਅਤੇ ਇੱਕ ਧੀ ਹੈ। 50 ਸਾਲਾ ਮਲੱਪਾ ਅਤੇ 35 ਕੁ ਸਾਲਾ ਕਲੱਪਾ ਨੇ ਭੇਡਾਂ ਪਾਲਣੀਆਂ ਛੱਡ ਦਿੱਤੀਆਂ ਹਨ ਤੇ ਹੁਣ ਆਪੋ-ਆਪਣੀ ਇੱਕ-ਇੱਕ ਏਕੜ ਜ਼ਮੀਨ 'ਤੇ ਖੇਤੀ ਕਰਦੇ ਹਨ। ਜਦੋਂਕਿ ਕਿ 45 ਸਾਲਾ ਬਾਲੂ ਕਿਸਾਨ ਵੀ ਹਨ ਅਤੇ 50 ਭੇਡਾਂ ਨੂੰ ਪਾਲਣ ਤੇ ਚਰਾਉਣ ਲਈ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਵੀ ਚਲੇ ਜਾਂਦੇ ਹਨ। ਉਨ੍ਹਾਂ ਦੀ ਬੇਟੀ 30 ਸਾਲਾ ਸ਼ਾਨਾ ਘਰ-ਬਾਰ ਸਾਂਭਦੀ ਹਨ।

ਉਨ੍ਹਾਂ ਦੇ ਕਿਸੇ ਵੀ ਪੁੱਤਰ ਨੇ ਇਹ ਹੁਨਰ ਨਹੀਂ ਸਿੱਖਿਆ। "ਸ਼ਿਕੀ ਵੀ ਨਹੀਂ , ਤਿਆਨਾ ਜਮਾਤ ਪਾਨ ਨਹੀਂ , ਆਨੀ ਤਿਆਨੀ ਡੋਸਕਾ ਪਾਨ ਘਾਟਲਾ ਨਹੀਂ [ਉਨ੍ਹਾਂ ਨੇ ਕਦੇ ਨਹੀਂ ਸਿੱਖਿਆ, ਉਨ੍ਹਾਂ ਨੇ ਇਸ ਦੀ ਕੋਸ਼ਿਸ਼ ਵੀ ਨਹੀਂ ਕੀਤੀ, ਉਨ੍ਹਾਂ ਨੇ ਇਸ ਦੀ ਪਰਵਾਹ ਵੀ ਨਹੀਂ ਕੀਤੀ]," ਉਹ ਇੱਕੋ ਸਾਹ ਬੋਲਦੇ ਜਾਂਦੇ ਹਨ। ਲੋਕ ਉਨ੍ਹਾਂ ਦੇ ਕੰਮ ਨੂੰ ਧਿਆਨ ਨਾਲ਼ ਦੇਖਦੇ ਹਨ, ਪਰ ਉਨ੍ਹਾਂ ਵਿੱਚੋਂ ਕੋਈ ਵੀ ਇਸ ਨੂੰ ਸਿੱਖਣ ਨਹੀਂ ਆਇਆ, ਉਹ ਕਹਿੰਦੇ ਹਨ।

ਕੁੰਡਾ ਪਾਉਣਾ ਆਸਾਨ ਜ਼ਰੂਰ ਜਾਪਦਾ ਹੈ ਪਰ ਇਸ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਹਨ, ਜਿਸ ਕਾਰਨ ਕਈ ਵਾਰ ਸਿੱਦੂ ਗਵਾਡੇ ਥੱਕ ਵੀ ਜਾਂਦੇ ਹਨ। "ਹਤਾਲਾ ਮੁੰਗਿਆ ਯੇਤਾਤ [ਸੂਈ ਚੁੱਭਣ ਵਰਗਾ ਮਹਿਸੂਸ ਹੁੰਦਾ ਹੈ]," ਉਹ ਕਹਿੰਦੇ ਹਨ। ਇਸ ਕੰਮ ਕਾਰਨ ਉਹ ਪਿੱਠ ਦਰਦ ਅਤੇ ਅੱਖਾਂ ਦੀ ਥਕਾਵਟ ਤੋਂ ਵੀ ਪੀੜਤ ਹਨ। ਕੁਝ ਸਾਲ ਪਹਿਲਾਂ ਉਨ੍ਹਾਂ ਦੀਆਂ ਦੋਵਾਂ ਅੱਖਾਂ ਦੇ ਮੋਤੀਆਬਿੰਦ ਦੀ ਸਰਜਰੀ ਹੋਈ ਸੀ। ਹੁਣ ਉਹ ਐਨਕਾਂ ਲਾਉਂਦੇ ਹਨ। ਇਸ ਨੇ ਉਨ੍ਹਾਂ ਦੇ ਕੰਮ ਦੀ ਚਾਲ਼ ਨੂੰ ਭਾਵੇਂ ਮੱਠੀ ਕਰ ਦਿੱਤਾ ਹੋਵੇ ਪਰ ਇਸ ਕਲਾ ਨੂੰ ਜ਼ਿੰਦਾ ਰੱਖਣ ਦਾ ਉਨ੍ਹਾਂ ਦਾ ਦ੍ਰਿੜ  ਇਰਾਦਾ ਬਰਕਰਾਰ ਹੈ।

ਜਨਵਰੀ 2022 'ਚ ਗ੍ਰਾਸ ਐਂਡ ਫੋਰੇਜ ਸਾਇੰਸ ਜਰਨਲ 'ਚ ਪ੍ਰਕਾਸ਼ਿਤ ਇੱਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ 'ਚ ਚਾਰੇ ਦੀ ਕਮੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਹਰੇ ਚਾਰੇ ਦੇ ਨਾਲ਼-ਨਾਲ਼ ਖ਼ੁਰਾਕੀ ਫ਼ਸਲ ਦਾ ਸੁੱਕਾ ਚਾਰਾ ਵੀ ਉਪਲਬਧ ਨਹੀਂ ਹੈ। ਇਸ ਨਾਲ਼ ਭਾਰਤ ਵਿੱਚ ਚਾਰੇ ਦੀ ਭਾਰੀ ਕਮੀ ਹੋ ਗਈ ਹੈ।

ਚਾਰੇ ਦੀ ਘਾਟ ਹੋਣਾ ਉਨ੍ਹਾਂ ਕਾਰਨਾਂ ਵਿੱਚ ਇੱਕ ਕਾਰਨ ਹੈ ਕਿ ਪਿੰਡ ਦੇ ਧਨਗਰਾਂ ਨੇ ਬੱਕਰੀ ਅਤੇ ਭੇਡਾਂ ਪਾਲਣਾ ਛੱਡ ਦਿੱਤਾ ਹੈ। "ਅਸੀਂ ਪਿਛਲੇ 5-7 ਸਾਲਾਂ ਵਿੱਚ ਬਹੁਤ ਸਾਰੀਆਂ ਭੇਡਾਂ ਅਤੇ ਬੱਕਰੀਆਂ ਦੀ ਮੌਤ ਦਰਜ ਕੀਤੀ ਹੈ। ਇਹਦੇ ਮਗਰਲੇ ਕਾਰਨ ਕਿਸਾਨਾਂ ਦੁਆਰਾ ਵਰਤੇ ਜਾਂਦੇ ਅਤਿ ਜ਼ਹਿਰੀਲੇ ਨਦੀਨ-ਨਾਸ਼ਕ ਅਤੇ ਕੀਟਨਾਸ਼ਕ ਹਨ," ਉਹ ਕਹਿੰਦੇ ਹਨ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਅਨੁਸਾਰ, ਕਰਨਾਟਕ ਦੇ ਕਿਸਾਨਾਂ ਨੇ 2022-23 ਵਿੱਚ 1,669 ਮੀਟ੍ਰਿਕ ਟਨ ਰਸਾਇਣਕ ਕੀਟਨਾਸ਼ਕਾਂ ਦੀ ਵਰਤੋਂ ਕੀਤੀ। ਸਾਲ 2018-19 'ਚ ਇਹ 1,524 ਮੀਟ੍ਰਿਕ ਟਨ ਸੀ।

Left: Siddu's wife, the late Mayavva, had mastered the skill of shearing sheep and making woolen threads.
PHOTO • Sanket Jain
Right: Siddu spends time with his grandson in their house in Karadaga village, Belagavi.
PHOTO • Sanket Jain

ਖੱਬੇ: ਸਿੱਦੂ ਗਵਾਡੇ ਦੀ ਮਰਹੂਮ ਪਤਨੀ, ਮਾਇਆਵਾ, ਭੇਡਾਂ ਦੀ ਉੱਨ ਲਾਹੁਣ ਅਤੇ ਉੱਨ ਕੱਟਣ ਵਿੱਚ ਮਾਹਰ ਸੀ। ਸੱਜੇ: ਸਿੱਦੂ ਗਵਾਡੇ ਕਰਡਾਗਾ ਵਿਖੇ ਆਪਣੇ ਘਰ ਵਿੱਚ ਆਪਣੇ ਪੋਤੇ ਨਾਲ਼ ਖੇਡਣ ਵਿੱਚ ਸਮਾਂ ਬਿਤਾਉਂਦੇ ਹਨ

The shepherd proudly shows us the jali which took him about 60 hours to make.
PHOTO • Sanket Jain

ਬਜ਼ੁਰਗ ਆਜੜੀ ਬੜੇ ਮਾਣ ਨਾਲ਼ ਆਪਣੇ ਦੁਆਰਾ ਬੁਣੀ ਜਾਲ਼ੀ ਦਿਖਾਉਂਦੇ ਹੋਏ ਜਿਸ ਨੂੰ ਬੁਣਨ ਵਿੱਚ ਉਹ ਆਪਣੇ 60 ਘੰਟੇ ਬਿਤਾਉਂਦੇ ਹਨ

ਭੇਡਾਂ ਨੂੰ ਪਾਲਣ ਦੀ ਲਾਗਤ ਵੀ ਵੱਧ ਗਈ ਹੈ, ਉਹ ਕਹਿੰਦੇ ਹਨ। ਇਸ ਤੋਂ ਇਲਾਵਾ ਮੈਡੀਕਲ ਖਰਚੇ ਵੀ ਹੁੰਦੇ ਹਨ। "ਹਰ ਸਾਲ, ਇੱਕ ਪਸ਼ੂ-ਪਾਲਕ ਆਪਣੇ ਪਸ਼ੂਆਂ ਲਈ ਦਵਾਈਆਂ ਅਤੇ ਟੀਕਿਆਂ 'ਤੇ ਘੱਟੋ ਘੱਟ 20,000 ਰੁਪਏ ਖਰਚ ਕਰਦਾ ਹੈ ਕਿਉਂਕਿ ਬੱਕਰੀਆਂ ਅਤੇ ਭੇਡਾਂ ਵਾਰ-ਵਾਰ ਬਿਮਾਰ ਹੋ ਜਾਂਦੀਆਂ ਹਨ।''

ਉਹ ਕਹਿੰਦੇ ਹਨ ਕਿ ਹਰੇਕ ਭੇਡ ਨੂੰ ਸਾਲ ਵਿੱਚ ਛੇ ਟੀਕੇ ਲਗਾਏ ਜਾਣੇ ਚਾਹੀਦੇ ਹਨ। "ਅਸੀਂ ਕੁਝ ਪੈਸੇ ਤਾਂ ਹੀ ਵਟ ਸਕਦੇ ਹਾਂ ਜੇ ਭੇਡਾਂ ਬੱਚ ਪਾਉਣ ਤਾਂ। ਇਸ ਤੋਂ ਇਲਾਵਾ, ਇਸ ਖੇਤਰ ਦੇ ਕਿਸਾਨ ਹੁਣ ਹਰੇਕ ਇੱਕ ਇੰਚ ਜ਼ਮੀਨ 'ਤੇ ਗੰਨੇ ਦੀ ਕਾਸ਼ਤ ਕਰ ਰਹੇ ਹਨ। 2021-22 ਵਿੱਚ ਭਾਰਤ ਅੰਦਰ 500 ਮਿਲੀਅਨ ਮੀਟ੍ਰਿਕ ਟਨ ਗੰਨੇ ਦੀ ਕਾਸ਼ਤ ਕੀਤੀ, ਜਿਸ ਨਾਲ਼ ਇਹ ਵਿਸ਼ਵ ਦਾ ਸਭ ਤੋਂ ਵੱਡਾ ਗੰਨਾ ਉਤਪਾਦਕ ਅਤੇ ਖਪਤਕਾਰ ਬਣ ਗਿਆ।

ਸਿੱਦੂ ਗਵਾਡੇ ਨੇ ਦੋ ਦਹਾਕੇ ਪਹਿਲਾਂ ਬੱਕਰੀਆਂ ਅਤੇ ਭੇਡਾਂ ਪਾਲਣੀਆਂ ਬੰਦ ਕਰ ਦਿੱਤੀਆਂ ਤੇ 50 ਦੇ ਕਰੀਬ ਡੰਗਰ ਆਪਣੇ ਪੁੱਤਾਂ ਵਿੱਚ ਵੰਡ ਦਿੱਤੇ। ਉਹ ਕਹਿੰਦੇ ਹਨ ਕਿ ਮਾਨਸੂਨ ਵਿੱਚ ਹੋਈ ਦੇਰੀ ਨਾਲ਼ ਬਾਰਸ਼ ਨੇ ਫ਼ਸਲੀ ਚੱਕਰ ਨੂੰ ਪ੍ਰਭਾਵਿਤ ਕੀਤਾ ਹੈ। "ਇਸ ਸਾਲ, ਜੂਨ ਤੋਂ ਜੁਲਾਈ ਦੇ ਅੱਧ ਤੱਕ, ਮੇਰਾ ਖੇਤ ਪਾਣੀ ਦੀ ਘਾਟ ਕਾਰਨ ਖਾਲੀ ਪਿਆ ਰਿਹਾ। ਫਿਰ ਮੇਰੇ ਗੁਆਂਢੀਆਂ ਨੇ ਮੇਰੀ ਮਦਦ ਕੀਤੀ ਤੇ ਜਿਵੇਂ-ਕਿਵੇਂ ਮੈਂ ਮੂੰਗਫਲੀ ਉਗਾਈ।''

ਉਨ੍ਹਾਂ ਦਾ ਕਹਿਣਾ ਹੈ ਕਿ ਵੱਧਦੀ ਗਰਮੀ ਅਤੇ ਮੀਂਹ ਦੀ ਕਮੀ ਕਾਰਨ ਖੇਤੀ ਕਰਨਾ ਹੁਣ ਮੁਸ਼ਕਲ ਹੋ ਰਿਹਾ ਹੈ। "ਪਹਿਲਾਂ, ਮਾਪੇ ਆਪਣੇ ਬੱਚਿਆਂ ਨੂੰ ਬੱਕਰੀਆਂ ਅਤੇ ਭੇਡਾਂ (ਜਾਇਦਾਦ ਵਜੋਂ) ਦਿੰਦੇ ਸਨ। ਪਰ ਹੁਣ ਸਮਾਂ ਬਦਲ ਗਿਆ ਹੈ। ਹੁਣ ਭਾਵੇਂ ਕੋਈ ਮੁਫ਼ਤ ਵੀ ਦੇਵੇ ਤਾਂ ਵੀ ਕੋਈ ਉਨ੍ਹਾਂ ਨੂੰ ਪਾਲਣਾ ਨਹੀਂ ਚਾਹੁੰਦਾ।''

ਇਹ ਰਿਪੋਰਟ ਸੰਕੇਤ ਜੈਨ ਦੀ ਪੇਂਡੂ ਕਾਰੀਗਰਾਂ ਬਾਰੇ ਲੜੀ ਦਾ ਹਿੱਸਾ ਹੈ ਅਤੇ ਮ੍ਰਿਣਾਲਿਨੀ ਮੁਖਰਜੀ ਫਾਊਂਡੇਸ਼ਨ ਦੁਆਰਾ ਸਹਾਇਤਾ ਪ੍ਰਾਪਤ ਹੈ।

ਤਰਜਮਾ: ਕਮਲਜੀਤ ਕੌਰ

Sanket Jain

Sanket Jain is a journalist based in Kolhapur, Maharashtra. He is a 2022 PARI Senior Fellow and a 2019 PARI Fellow.

Other stories by Sanket Jain
Editor : PARI Team
Photo Editor : Binaifer Bharucha

Binaifer Bharucha is a freelance photographer based in Mumbai, and Photo Editor at the People's Archive of Rural India.

Other stories by Binaifer Bharucha
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur