ਤਨੂਬਾਈ ਗੋਵਿਲਕਰ ਦੇ ਇਸ ਪਾਠ ਵਿੱਚ ਗ਼ਲਤੀ ਸੋਧਣ ਦੀ ਕੋਈ ਗੁਜਾਇੰਸ਼ ਨਹੀਂ। ਹੱਥੀਂ ਸਿਊਤੇ ਜਾ ਰਹੇ ਇਨ੍ਹਾਂ ਮਹੀਨ ਤੋਪਿਆਂ ਵਿੱਚੋਂ ਕਿਸੇ ਇੱਕ ਤੋਪੇ ਨੂੰ ਸੋਧਣ ਦਾ ਮਤਲਬ ਹੋਇਆ 97,800 ਟਾਂਕਿਆਂ ਦੇ ਪੂਰੇ ਦੇ ਪੂਰੇ ਜਾਲ਼ ਨੂੰ ਉਧੇੜਨਾ ਅਤੇ ਦੋਬਾਰਾ ਸ਼ੁਰੂ ਕਰਨਾ।

''ਜੇ ਤੁਸੀਂ ਇੱਕ ਵੀ ਗ਼ਲਤੀ ਕਰਦੇ ਹੋ ਤਾਂ ਵਾਕਲ (ਰਜ਼ਾਈ) ਨੂੰ ਦੋਬਾਰਾ ਠੀਕ ਨਹੀਂ ਕਰ ਸਕਦੇ,'' ਆਪਣੀ ਕਲਾ ਵਿੱਚ ਇਸ ਮੁਹਾਰਤ ਦੇ (ਹੁਨਰਮੰਦਗੀ) ਲਾਜ਼ਮੀ ਹੋਣ ਬਾਰੇ ਗੱਲ ਕਰਦਿਆਂ 74 ਸਾਲਾ ਬਜ਼ੁਰਗ ਕਹਿੰਦੀ ਹਨ। ਹਾਲਾਂਕਿ, ਉਹ ਅਜਿਹੀ ਇੱਕ ਵੀ ਔਰਤ ਬਾਰੇ ਦੱਸ ਨਹੀਂ ਸਕੀ ਜਿਹਨੂੰ ਵਾਕਲ ਨੂੰ ਦਰੁੱਸਤ ਕਰਨ ਲਈ ਤੋਪਿਆਂ ਨੂੰ ਉਧੇੜਨਾ ਪਿਆ ਹੋਵੇ। '' ਏਕਦਾ ਸ਼ਿਕਲਾ ਕੀ ਚੂਕ ਹੋਤ ਨਾਹੀ (ਇੱਕ ਵਾਰ ਇਹ ਕਲਾ ਸਿੱਖਣ ਤੋਂ ਬਾਅਦ, ਗ਼ਲਤੀ ਦੀ ਕੋਈ ਗੁਜਾਇਸ਼ ਰਹਿੰਦੀ ਹੀ ਨਹੀਂ),'' ਮੁਸਕਰਾ ਕੇ ਉਹ ਕਹਿੰਦੀ ਹਨ।

ਆਪਣੇ ਚੇਤਿਆਂ ਵਿੱਚ ਕਦੇ ਵੀ ਉਨ੍ਹਾਂ ਨੇ ਇੰਨੀ ਸੂਖ਼ਮ ਕਲਾ ਸਿੱਖਣ ਬਾਰੇ ਨਹੀਂ ਸੋਚਿਆ ਸੀ। ਜ਼ਿੰਦਗੀ ਜਦੋਂ ਉਨ੍ਹਾਂ ਦੇ ਵਜੂਦ 'ਤੇ ਸਵਾਲ ਦਾਗ਼ਣ ਲੱਗੀ ਤਾਂ ਉਨ੍ਹਾਂ ਨੂੰ ਸੂਈ ਚੁੱਕਣੀ ਪਈ। '' ਪੋਟਾਨੇ ਸ਼ਿਕਾਵਲਾ ਮਾਲਾ (ਗ਼ਰੀਬੀ ਨੇ ਮੈਨੂੰ ਕਲਾ ਸਿਖਾਈ),'' ਆਪਣੇ ਜੀਵਨ ਦੇ ਸ਼ੁਰੂਆਤੀ ਦਹਾਕਿਆਂ ਨੂੰ ਚੇਤੇ ਕਰਦਿਆਂ ਉਹ ਬੜੀ ਦ੍ਰਿੜਤਾ ਨਾਲ਼ ਕਹਿੰਦੀ ਹਨ, ਜਦੋਂ ਉਹ ਮਹਿਜ 15 ਸਾਲ ਦੀ ਉਮਰੇ ਦੁਲਹਨ ਬਣੀ ਸਨ।

''ਜੋ ਸਮਾਂ ਬੱਚੇ ਦੇ ਸਕੂਲ ਜਾਣ ਦਾ ਹੁੰਦਾ ਹੈ, ਉਦੋਂ ਮੇਰੇ ਹੱਥਾਂ ਵਿੱਚ ਪੈਨ ਅਤੇ ਪੈਨਸਿਲ ਦੀ ਬਜਾਇ ਵਿੱਚ ਦਾਤੀ ਅਤੇ ਸੂਈ ਆ ਗਈ। ਦੱਸੋ ਮੈਂ ਸਕੂਲ ਜਾਂਦੀ ਜਾਂ ਢਿੱਡ ਪਾਲਣ ਲਈ ਇਹ ਹੁਨਰ ਸਿੱਖਦੀ?'' ਤਨੂਬਾਈ ਪੁੱਛਦੀ ਹਨ, ਉਨ੍ਹਾਂ ਨੂੰ ਪਿਆਰ ਨਾਲ਼ ਆਜੀ (ਦਾਦੀ) ਵਿੱਚ ਕਿਹਾ ਜਾਂਦਾ ਹੈ।

PHOTO • Sanket Jain

ਤਨੂਬਾਈ ਗੋਵਿਲਕਰ, ਜਿਨ੍ਹਾਂ ਨੂੰ ਪਿਆਰ ਨਾਲ਼ ਆਜੀ (ਦਾਦੀ) ਵੀ ਕਿਹਾ ਜਾਂਦਾ ਹੈ, ਵਾਕਲ ਨੂੰ ਸਿਊਂਦੀ ਹੋਈ। ਰਜ਼ਾਈ ' ਤੇ ਭਰੇ ਜਾਣ ਵਾਲ਼ੇ ਹਰੇਕ ਤੋਪੇ ਲਈ ਬਾਹਾਂ ਵਿੱਚ ਫ਼ੁਰਤੀ ਹੋਣੀ ਜ਼ਰੂਰੀ ਹੈ

PHOTO • Sanket Jain

ਠਿਗਲ ਨੂੰ ਸਿਊਣ ਲਈ, ਜੋ ਕਿ ਸਾੜੀ ਦੀ ਛੋਟੀ ਜਿਹੀ ਕਾਤਰ ਹੁੰਦੀ ਹੈ, ਹੁਨਰ ਦੀ ਲੋੜ ਪੈਂਦੀ ਹੈ। ਤਨੂਬਾਈ ਬਿਲਕੁਲ ਉਪਰਲੀ ਸਤ੍ਹਾ ' ਤੇ ਇੱਕ ਇੱਕ ਕਰਕੇ ਉਨ੍ਹਾਂ ਨੂੰ ਸਿਊਂਦੀ ਜਾਂਦੀ ਹਨ ਤਾਂਕਿ ਰੰਗਾਂ ਦੀ ਇਕਸਾਰਤਾ ਬਣੀ ਰਹਿ ਸਕੇ। ' ਵਾਕਲ ਦੀ ਸਿਲਾਈ ਵੇਲ਼ੇ ਇੱਕ ਮਿੰਟ ਦੀ ਕਾਹਲ ਜਾਂ ਗ਼ਲਤੀ ਸੌ ਕੋਹ ਪਿੱਛੇ ਲਿਆ ਸੁੱਟਦੀ ਹੈ। '

ਮਰਾਠਾ ਭਾਈਚਾਰੇ ਨਾਲ਼ ਤਾਅਲੁੱਕ ਵਾਲ਼ੀ ਤਨੂਬਾਈ ਅਤੇ ਉਨ੍ਹਾਂ ਦੇ ਮਰਹੂਮ ਪਤੀ, ਧਾਨਾਜੀ, ਖੇਤ ਮਜ਼ਦੂਰੀ ਕਰਿਆ ਕਰਦੇ ਸਨ ਅਤੇ ਬਾਮੁਸ਼ਕਲ ਹੀ ਗੁਜ਼ਾਰਾ ਚਲਾਇਆ ਕਰਦੇ। ਸਰਦੀਆਂ ਵਿੱਚ ਨਿੱਘ ਵਾਸਤੇ ਰਜ਼ਾਈ ਖ਼ਰੀਦਣਾ ਉਨ੍ਹਾਂ ਨੂੰ ਕਿਸੇ ਠਾਠ ਤੋਂ ਘੱਟ ਨਾ ਜਾਪਿਆ ਕਰਦਾ। ''ਦਰਅਸਲ ਰਜ਼ਾਈ ਖ਼ਰੀਦਣਾ ਸਾਡੇ ਵੱਸੋਂ ਬਾਹਰੀ ਗੱਲ ਸੀ,'' ਉਹ ਚੇਤੇ ਕਰਦੀ ਹਨ,''ਇਸਲਈ ਔਰਤਾਂ ਪੁਰਾਣੀਆਂ ਸਾੜੀਆਂ ਜੋੜ-ਜੂੜ ਕੇ ਰਜ਼ਾਈ ਬਣਾ ਲਿਆ ਕਰਦੀਆਂ।'' ਇਸਤਰ੍ਹਾਂ, ਖੇਤਾਂ ਵਿੱਚ ਪੂਰਾ ਦਿਨ ਖਪਣ ਤੋਂ ਬਾਅਦ, ਤਨੂਬਾਈ ਦੀਆਂ ਸ਼ਾਮਾਂ ਵਾਕਲ ਦੇ ਤੋਪੇ ਭਰਦਿਆਂ ਗੁਜ਼ਰਿਆ ਕਰਦੀਆਂ।

'' ਸ਼ੇਤਤ ਖੁਰਪਾ ਘੇਊਨ ਭਾਨਗਾਲੇਲਾ ਬਾਰਾ, ਪਾਨ ਹਾ ਧਾਂਡਾ ਨਾਕੋ (ਖੇਤਾਂ ਵਿੱਚ ਰੰਬੀ/ਦਾਤੀ ਨਾਲ਼ ਨਦੀਨ ਪੁੱਟਣਾ ਇਸ ਕੰਮ ਨਾਲ਼ੋਂ ਕਈ ਦਰਜੇ ਚੰਗਾ ਕੰਮ ਹੈ),'' ਉਹ ਕਹਿੰਦੀ ਹਨ। ਕਾਰਨ ਇਹ ਕਿ ਇੱਕ ਵਾਕਲ ਬਣਾਉਣ ਵੇਲ਼ੇ ਸੂਈ ਦੇ ਵਲ਼ੇਵੇਂਦਾਰ ਤੇਪੇ ਭਰਨ ਵਿੱਚ ਤੁਹਾਨੂੰ 120 ਦਿਨ ਜਾਂ ਕਹਿ ਲਵੋ ਕਰੀਬ 600 ਘੰਟੇ ਲੱਗਦੇ ਹਨ। ਉਸ ਦੌਰਾਨ ਲੱਕ ਦਾ ਟੁੱਟਣਾ ਅਤੇ ਅੱਖਾਂ 'ਤੇ ਪੈਂਦਾ ਵਜ਼ਨ ਹੋਰ ਗਹਿਰਾਉਂਦਾ ਜਾਂਦਾ ਹੈ, ਬੱਸ ਇਸ ਗੱਲ ਤੋਂ ਇਹ ਕਿਆਸ ਲਾਇਆ ਜਾ ਸਕਦਾ ਹੈ ਕਿ ਆਖ਼ਰ ਕਿਉਂ ਤਨੂਬਾਈ ਨੂੰ ਸੂਈ ਦੀ ਬਜਾਇ ਦਾਤੀ ਫੜ੍ਹਨਾ ਵੱਧ ਸੁਖਾਲਾ ਕੰਮ ਜਾਪਦਾ ਹੈ।

ਇਸ ਗੱਲ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਮਹਾਰਾਸ਼ਟਰ ਦੇ ਕੋਲ੍ਹਾਪੁਰ ਜ਼ਿਲ੍ਹੇ ਦੇ ਜੰਭਾਲੀ ਪਿੰਡ ਦੀ 4,963 ਦੀ ਅਬਾਦੀ (ਮਰਦਮਸ਼ੁਮਾਰੀ 2011) ਵਿੱਚੋਂ ਕਿਉਂ ਤਨੂਬਾਈ ਹੀ ਵਾਕਲ ਦੀ ਕਲਾ ਦੀ ਇਕਲੌਤੀ ਸਾਧਕ ਬਚੀ ਹਨ।

*****

ਵਾਕਲ (ਰਜ਼ਾਈ) ਬਣਾਉਣ ਵੱਲ ਪਹਿਲਾ ਕਦਮ ਹੁੰਦਾ ਹੈ ਸਾੜੀਆਂ ਨੂੰ ਸਾਵਧਾਨੀਪੂਰਵਕ ਇਕੱਠਿਆਂ ਕਰਨਾ, ਇੱਕ ਅਜਿਹੀ ਪ੍ਰਕਿਰਿਆ ਜਿਹਨੂੰ ਸਥਾਨਕ ਮਰਾਠੀ ਵਿੱਚ ਲੇਵਾ ਕਿਹਾ ਜਾਂਦਾ ਹੈ। ਇੱਕ ਵਾਕਲ ਬਣਾਉਣ ਲਈ ਕਿੰਨੀਆਂ ਸਾੜੀਆਂ ਲੋੜੀਂਦੀਆਂ ਹੁੰਦੀਆਂ ਹਨ, ਇਹ ਕਲਾਕਾਰ 'ਤੇ ਨਿਰਭਰ ਕਰਦਾ ਹੈ। ਔਰਤਾਂ ਸਮੇਂ ਦੇ ਹਿਸਾਬ ਨਾਲ਼ ਸਾੜੀਆਂ ਦੀ ਗਿਣਤੀ ਤੈਅ ਕਰਦੀਆਂ ਹਨ। ਤਨੂਬਾਈ ਆਪਣੀ ਨਵੀਂ ਵਾਕਲ ਬਣਾਉਣ ਲਈ ਨੌਂ ਸੂਤੀ ਜਾਂ ਨੌਵਾਰੀ (ਨੌਂ ਯਾਰਡ ਲੰਬੀਆਂ) ਸਾੜੀਆਂ ਦਾ ਇਸਤੇਮਾਲ ਕਰਦੀ ਹਨ।

ਪਹਿਲਾਂ, ਉਹ ਇੱਕ ਸਾੜੀ ਨੂੰ ਦੋ ਬਰਾਬਰ ਹਿੱਸਿਆਂ ਵਿੱਚ ਕੱਟ ਲੈਂਦੀ ਹਨ ਅਤੇ ਉਨ੍ਹਾਂ ਨੂੰ ਭੁੰਜੇ ਵਿਛਾ ਦਿੰਦੀ ਹਨ। ਫਿਰ ਉਹ ਦੋ ਸਾੜੀਆਂ ਲੈਂਦੀ ਹਨ ਅਤੇ ਉਨ੍ਹਾਂ ਨੂੰ ਵਿਚਕਾਰੋਂ ਮੋੜ ਕੇ ਪਹਿਲੀ ਵਿੱਛੀ ਤੈਅ ਦੇ ਉਪਰੋਂ ਦੀ ਇੱਕ ਹੋਰ ਪਰਤ ਵਿਛਾਉਂਦੀ ਹਨ। ਕੁੱਲ ਮਿਲ਼ਾ ਕੇ, ਉਹ ਅੱਠ ਸਾੜੀਆਂ ਨੂੰ ਤੈਅ-ਦਰ-ਤੈਅ ਰੱਖਦੀ ਜਾਂਦੀ ਹਨ। ਫਿਰ, ਉਹ ਕੱਚੇ ਤੋਪੇ ਦੀ ਮਦਦ ਨਾਲ਼, ਜੋ ਢਿੱਲਾ ਅਤੇ ਆਰਜ਼ੀ ਹੁੰਦਾ ਹੈ, ਇਨ੍ਹਾਂ ਨੌਂ ਸਾੜੀਆਂ ਨੂੰ ਆਪਸ ਵਿੱਚ ਜੋੜਦੀ ਹਨ, ਇਸ ਗੱਲ ਦਾ ਧਿਆਨ ਰੱਖਦੀ ਹੋਈ ਕਿ ਅਧਾਰ ਮਜ਼ਬੂਤ ਬਣਿਆ ਰਿਹਾ। ''ਜਿਓਂ ਜਿਓਂ ਤੁਸੀਂ ਵਾਕਲ ਸਿਊਂਦੇ ਜਾਂਦੇ ਹੋ, ਇਹ ਕੱਚੇ ਤੋਪੇ ਉਧੇੜ ਦਿੱਤੇ ਜਾਂਦੇ ਹਨ,'' ਉਹ ਦੱਸਦੀ ਹਨ।

PHOTO • Sanket Jain
PHOTO • Sanket Jain

ਖੱਬੇ : ਅਜੀ ਨੇ ਵਾਕਲ ਬਣਾਉਣ ਵੇਲ਼ੇ ਪੁਰਾਣੀਆਂ ਸਾੜੀਆਂ ਦੀ ਕਟਾਈ ਦੌਰਾਨ ਕਦੇ ਵੀ ਕਿਸੇ ਮਾਪਕ ਦੀ ਵਰਤੋਂ ਨਹੀਂ ਕੀਤੀ ; ਉਹ ਆਪਣੀਆਂ ਗਿੱਠਾਂ ਦੇ ਨਾਲ਼ ਹੀ ਮੋਟਾ-ਮੋਟੀ ਮਿਣਤੀ ਕਰ ਲੈਂਦੀ ਹਨ। ਸੱਜੇ : ਇੱਕ ਸਾੜੀ ਨੂੰ ਕੈਂਚੀ ਦੀ ਮਦਦ ਨਾਲ਼ ਵਿਚਾਲਿਓਂ ਕੱਟਿਆ ਜਾਂਦਾ ਹੈ ਅਤੇ ਫਿਰ ਤਨੂਬਾਈ ਕੱਪੜੇ ਦੀਆਂ ਇਨ੍ਹਾਂ ਨੌਂ ਤਹਿਆਂ ਨੂੰ ਇੱਕ-ਦੂਜੇ ਉੱਪਰ ਰੱਖਦੀ ਹਨ, ਜਿਹਨੂੰ ਕਿ ਲੇਵਾ ਕਿਹਾ ਜਾਂਦਾ ਹੈ

PHOTO • Sanket Jain

ਅਸ਼ਵਿਨੀ ਬਿਰੰਜਨੇ (ਖੱਬੇ), ਆਜੀ ਦੀ ਦੋਤਿਓਂ ਨੂੰਹ, ਵਾਕਲ ਬਣਾਉਣ ਵਿੱਚ ਉਨ੍ਹਾਂ ਦੀ ਮਦਦ ਕਰਦੀ ਹੋਈ

ਫਿਰ ਆਜੀ ਕਈ ਹੋਰ ਸਾੜੀਆਂ ਨੂੰ ਛੋਟੀਆਂ ਛੋਟੀਆਂ ਕਾਤਰਾਂ ਵਿੱਚ ਕੱਟਦੀ ਹਨ, ਜਿਨ੍ਹਾਂ ਨੂੰ ਠਿਗਲ, ਕਿਹਾ ਜਾਂਦਾ ਹੈ, ਜਿਨ੍ਹਾਂ ਕਾਤਰਾਂ ਨੂੰ ਇਹ ਉਹ ਬੜੇ ਕਰੀਨੇ ਨਾਲ਼ ਸਭ ਤੋਂ ਉਪਰਲੀ ਸਾੜੀ ਦੇ ਨਾਲ਼ ਜੋੜਦੀ ਜਾਂਦੀ ਹਨ ਤਾਂਕਿ ਇਨ੍ਹਾਂ ਕਾਤਰਾਂ ਦੇ ਰੰਗਾਂ ਦੀ ਇਕਰੂਪਤਾ ਅਤੇ ਇਕਸਾਰਤਾ ਬਣੀ ਰਹੇ। ''ਇਸ ਕੰਮ ਲਈ ਨਾ ਕੋਈ ਪੂਰਨੇ ਪਾਏ ਜਾਂਦੇ ਹਨ ਨਾ ਹੀ ਖਾਕੇ ਵਗੈਰਾ ਖਿੱਚੇ ਜਾਂਦੇ ਹਨ। ਤੁਸੀਂ ਬੱਸ ਠਿਗਲ (ਕਾਤਰਾਂ) ਚੁੱਕੀ ਜਾਓ ਅਤੇ ਤੋਪੇ ਭਰਦੇ ਜਾਓ,'' ਉਹ ਕਹਿੰਦੀ ਹਨ।

ਉਨ੍ਹਾਂ ਦਾ ਹਰੇਕ ਤੋਪਾ 5 mm ਦਾ ਹੁੰਦਾ ਹੈ ਅਤੇ ਸਾੜੀਆਂ ਦੇ ਐਨ ਕੰਨੀ ਤੋਂ ਸ਼ੁਰੂ ਹੁੰਦਾ ਹੈ; ਹਰੇਕ ਤੋਪੇ ਦੇ ਨਾਲ਼, ਵਾਕਲ ਭਾਰੀ ਹੁੰਦਾ ਚਲਾ ਜਾਂਦਾ ਹੈ ਅਤੇ ਹਰੇਕ ਤੋਪੇ ਨਾਲ਼ ਵਾਕਲ ਨੂੰ ਅਕਾਰ ਦੇਣ ਵਾਲ਼ੇ ਹੱਥਾਂ 'ਤੇ ਪੈਂਦਾ ਤਣਾਓ ਵੀ ਵੱਧਦਾ ਜਾਂਦਾ ਹੈ। ਇਹ ਇੱਕ ਵਾਕਲ ਦੀ ਸਿਲਾਈ ਵਾਸਤੇ ਕਰੀਬ 30 ਅੱਟੀਆਂ ਜਾਂ ਕਹਿ ਲਓ 150 ਮੀਟਰ (492 ਫੁੱਟ ਦੇ ਕਰੀਬ) ਚਿੱਟੇ ਸੂਤ ਦੀ ਅਤੇ ਕਈ ਗੰਧੂਈਆਂ ਦੀ ਲੋੜ ਪੈਂਦੀ ਹੈ। ਉਹ ਜੰਭਾਲੀ ਤੋਂ ਕੋਈ 12 ਕਿਲੋਮੀਟਰ ਦੂਰ ਇਛਾਲਕਰਨਜੀ ਦੇ ਬਜ਼ਾਰੋਂ ਸਾਰਾ ਸਮਾਨ ਖਰੀਦਦੀ ਹਨ ਜਿੱਥੇ ਸੂਤ ਦੀ ਇੱਕ ਅੱਟੀ 10 ਰੁਪਏ ਵਿੱਚ ਮਿਲ਼ਦੀ ਹੈ। ''ਪਹਿਲਾਂ-ਪਹਿਲ ਵਾਕਲ ਦੀ ਸਿਲਾਈ ਲਈ ਜਿੱਥੇ 10 ਰੁਪਏ ਦਾ ਧਾਗਾ ਕਾਫ਼ੀ ਹੋ ਜਾਇਆ ਕਰਦਾ; ਅੱਜ ਦੀ ਤਰੀਕ ਵਿੱਚ ਇਹਦੀ ਕੀਮਤ 300 ਰੁਪਏ ਤੋਂ ਟੱਪ ਗਈ ਹੈ,'' ਇਹ ਸ਼ਿਕਾਇਤ ਦੇ ਸੁਰ ਵਿੱਚ ਕਹਿੰਦੀ ਹਨ।

ਅਖ਼ੀਰਲੇ ਤੋਪੇ ਭਰਨ ਤੋਂ ਪਹਿਲਾਂ, ਆਜੀ ਬੜੇ ਪਿਆਰ ਨਾਲ਼ ਭਾਕਰੀ ਦਾ ਇੱਕ ਟੁਕੜਾ ਵਾਕਲ ਦੇ ਐਨ ਵਿਚਕਾਰ ਕਰਕੇ ਇਹਦੇ ਪੋਟ (ਢਿੱਡ) ਵਿੱਚ ਰੱਖ ਦਿੰਦੀ ਹਨ- ਇਹ ਰਜ਼ਾਈ ਵੱਲੋਂ ਦਿੱਤੇ ਜਾਣ ਵਾਲ਼ੇ ਨਿੱਘ ਦੇ ਚੁਕਾਏ ਅਹਿਸਾਨ ਦਾ ਰੂਪ ਹੈ- '' ਤਯਾਲਾ ਪਨ ਪੋਟ ਆਹੇ ਕੀ ਰੇ ਬਾਲਾ (ਰਜ਼ਾਈ ਦਾ ਵੀ ਢਿੱਡ ਹੁੰਦਾ ਹੈ, ਬੱਚਾ ਹੁੰਦਾ ਹੈ),'' ਉਨ੍ਹਾਂ ਦੇ ਮਮਤਾ ਭਰੇ ਬੋਲ ਗੂੰਜਦੇ ਹਨ।

ਜਦੋਂ ਵਾਕਲ ਦੀ ਸਿਲਾਈ ਪੂਰੀ ਹੋ ਜਾਂਦੀ ਹੈ ਤਾਂ ਸੋਹਣਾ ਲੱਗਣ ਵਾਸਤੇ ਉਹਦੇ ਚਾਰੇ ਕੋਨਿਆਂ 'ਤੇ ਕੱਪੜੇ ਦੇ ਚਾਰ ਤਿਕੋਣੇ ਲਾ ਦਿੱਤੇ ਜਾਂਦੇ ਹਨ ਜੋ ਕਿ ਇਨ੍ਹਾਂ ਵਾਕਲਾਂ ਦੀ ਵਿਲੱਖਣ ਪਛਾਣ ਤਾਂ ਬਣਦੇ ਹੀ ਹਨ, ਫਿਰ ਇਹੀ ਕੋਨੇ ਭਾਰੇ ਵਾਕਲ ਨੂੰ ਕੋਨਿਆਂ ਤੋਂ ਫੜ੍ਹ ਕੇ ਇੱਧਰ ਓਧਰ ਰੱਖਣ ਵਿੱਚ ਮਦਦ ਵੀ ਕਰਦੇ ਹਨ। 9 ਸਾੜੀਆਂ, 216 ਠਿਗਲ ਅਤੇ 97,800 ਟਾਂਕਿਆਂ ਕਾਰਨ ਇੱਕ ਵਾਕਲ ਦਾ ਭਾਰ 7 ਕਿਲੋ ਤੋਂ ਵੀ ਵੱਧ ਹੋ ਜਾਂਦਾ ਹੈ।

PHOTO • Sanket Jain
PHOTO • Sanket Jain

ਤਨੂਬਾਈ ਦੁਆਰਾ ਰਜ਼ਾਈ ਬਣਾਉਣ ਲਈ ਕਰੀਬ 30 ਸੂਤ ਅੱਟੀਆਂ (150 ਮੀਟਰ) ਚਿੱਟੇ ਸੂਤ ਅਤੇ ਗੰਧੂਈਆਂ ਦੀ ਵਰਤੋਂ ਕੀਤੀ ਜਾਂਦੀ ਹੈ

PHOTO • Sanket Jain
PHOTO • Sanket Jain

ਖੱਬੇ : ਉਹ ਕੰਢਿਆਂ ਦੀ ਮਜ਼ਬੂਤੀ ਨੂੰ ਬਰਕਰਾਰ ਰੱਖਣ ਲਈ ਬਰੀਕ ਤੋਪੇ ਲਾਉਣੇ ਸ਼ੁਰੂ ਕਰਦੀ ਹਨ। ਸੱਜੇ : ਕੰਮ ਮੁੱਕਣ ਤੋਂ ਪਹਿਲਾਂ, ਆਜੀ ਰਜਾਈ ਵਿੱਚ ਭਾਕਰੀ ਦਾ ਇੱਕ ਟੁਕੜਾ ਰੱਖ ਦਿੰਦੀ ਹਨ, ਇਹ ਰਜ਼ਾਈ ਵੱਲੋਂ ਦਿੱਤੇ ਜਾਣ ਵਾਲ਼ੇ ਨਿੱਘ ਦੇ ਚੁਕਾਏ ਅਹਿਸਾਨ ਦਾ ਰੂਪ ਹੈ

''ਇਸ ਵਾਕਲ ਨੂੰ ਬਣਾਉਣ ਵਿੱਚ ਚਾਰ ਮਹੀਨੇ ਲੱਗ ਗਏ,'' ਆਜੀ ਆਪਣੇ ਨਵੇਂ ਬਣਾਏ ਵਾਕਲ ਨੂੰ ਬੜੇ ਫ਼ਖ਼ਰ ਨਾਲ਼ ਦਿਖਾਉਂਦਿਆਂ ਕਹਿੰਦੀ ਹਨ, ਜੋ ਕਿ 6.8 x 6.5 ਫੁੱਟ ਦਾ ਵਾਕਲ ਹੈ ਅਤੇ ਉੱਚ ਕੋਟੀ ਦੀ ਖ਼ੂਬਸੂਰਤੀ ਦਾ ਇੱਕ ਨਮੂਨਾ ਵੀ ਹੈ। ਉਹ ਆਪਣੇ ਕੰਮ ਕਰਨ ਦੀ ਆਮ ਥਾਵੇਂ ਬੈਠੀ ਹਨ, ਜੋ ਕਿ ਉਨ੍ਹਾਂ ਦੇ ਵੱਡੇ ਬੇਟੇ ਪ੍ਰਭਾਕਰ ਦੇ ਪੱਕੇ ਘਰ ਦਾ ਬਰਾਂਡਾ ਹੈ। ਉਨ੍ਹਾਂ ਨੇ ਸਾਲਾਂ ਦੀ ਮਿਹਨਤ ਨਾਲ਼ ਇਸ ਥਾਂ ਨੂੰ ਰਜਨੀਗੰਧਾ ਅਤੇ ਕੋਲੀਅਸ ਜਿਹੇ ਫੁੱਲਾਂ ਨਾਲ਼ ਸਜਾਇਆ ਹੈ। ਉਹ ਜ਼ਮੀਨ, ਜਿਹਨੂੰ ਆਜੀ ਹਰ ਵਾਰੀ ਗਾਂ ਦੇ ਗੋਹੇ ਨਾਲ਼ ਲਿੰਬਦੀ ਹਨ, ਗਵਾਹ ਹੈ ਆਜੀ ਦੀ ਮਿਹਨਤਭਰੇ ਉਸ ਸਮੇਂ ਦਾ ਜੋ ਉਨ੍ਹਾਂ ਨੇ ਕੱਪੜਿਆਂ ਦੀਆਂ ਅਣਗਿਣਤ ਤਹਿਆਂ ਨੂੰ ਇੱਕ ਦੂਸਰੇ ਨਾਲ਼ ਜੋੜ-ਜੋੜ ਕੇ ਸਿਊਣ ਵਿੱਚ ਬੀਤਿਆ ਹੈ।

''ਇੱਕ ਵਾਕਲ ਨੂੰ ਧੋਣ ਲਈ ਘੱਟੋਘੱਟ ਚਾਰ ਲੋਕਾਂ ਦੀ ਲੋੜ ਪੈਂਦੀ ਹੈ। ਇਹ ਬੜਾ ਭਾਰੀ ਹੁੰਦਾ ਹੈ। ਇੱਕ ਵਾਕਲ ਨੂੰ ਸਾਲ ਵਿੱਚ ਤਿੰਨ ਵਾਰੀ ਧੋਇਆ ਜਾਂਦਾ ਹੈ-ਦੁਸ਼ਹਿਰੇ ਵੇਲ਼ੇ, ਨਵਯਾਚੀ ਪੂਨਮ (ਸੰਕ੍ਰਾਂਤੀ ਤਿਓਹਾਰ ਤੋਂ ਬਾਅਦ ਪਹਿਲੇ ਚੰਦ ਦੇ ਨਿਕਲ਼ਣ ਵੇਲ਼ੇ) ਦੇ ਦਿਨ ਅਤੇ ਪਿੰਡ ਦੇ ਮੇਲ਼ੇ ਵੇਲ਼ੇ। ਉਹ ਕਹਿੰਦੀ ਹਨ,''ਮੈਂ ਨਹੀਂ ਜਾਣਦੀ ਕਿ ਇਹ ਤਿੰਨ ਦਿਨ ਹੀ ਕਿਉਂ ਚੁਣੇ ਗਏ, ਪਰ ਇਹੀ ਪਰੰਪਰਾ ਹੈ।''

ਤਨੂਬਾਈ ਨੇ ਆਪਣੇ ਪੂਰੇ ਜੀਵਨ ਵਿੱਚ 30 ਵਾਕਲ ਬਣਾਏ ਹਨ ਅਤੇ ਇਸ ਸੂਖ਼ਮ ਅਤੇ ਨਿਰੰਤਰ ਮਿਹਨਤ ਦੀ ਮੰਗ ਕਰਦੀ ਕਲਾ ਨੂੰ ਆਪਣੇ ਜੀਵਨ ਦੇ 18,000 ਤੋਂ ਵੀ ਵੱਧ ਘੰਟੇ ਸਮਰਪਤ ਕੀਤੇ ਹਨ ਅਤੇ ਇਹ ਸਾਰਾ ਕੰਮ ਉਨ੍ਹਾਂ ਨੇ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਕੀਤਾ ਹੈ। ਆਪਣੇ ਜੀਵਨ ਦੇ ਕਰੀਬ ਕਰੀਬ ਸੱਠ ਸਾਲ ਉਨ੍ਹਾਂ ਨੇ ਕੁੱਲਵਕਤੀ ਖੇਤ ਮਜ਼ਦੂਰ ਵਜੋਂ ਕੰਮ ਕੀਤਾ ਅਤੇ ਦਿਨ ਦੇ 10-10 ਘੰਟੇ ਖੇਤਾਂ ਵਿੱਚ ਹੱਡਭੰਨ੍ਹਵੀਂ ਮਿਹਨਤ ਕੀਤੀ ਹੈ।

''ਇੰਨੀ ਮਿਹਨਤ ਕਰਨ ਦੇ ਬਾਵਜੂਦ, ਉਹ ਥੱਕਦੀ ਨਹੀਂ। ਜਦੋਂ ਕਦੇ ਉਨ੍ਹਾਂ ਕੋਲ਼ ਥੋੜ੍ਹੀ ਜਿਹੀ ਵੀ ਵਿਹਲ ਹੁੰਦੀ ਹੈ ਉਹ ਵਾਕਲ ਬਣਾਉਣ ਲੱਗ ਜਾਂਦੀ ਹਨ,'' ਉਨ੍ਹਾਂ ਦੀ ਧੀ, ਸਿੰਧੂ ਬਿਰੰਜੇ ਕਹਿੰਦੀ ਹਨ ਜਿਨ੍ਹਾਂ ਨੇ ਕਦੇ ਇਹ ਕਲਾ ਸਿੱਖੀ ਹੀ ਨਹੀਂ। ''ਸਾਡੇ ਵਿੱਚੋਂ ਕੋਈ ਵੀ ਉਨ੍ਹਾਂ ਦੇ ਕੰਮ ਦੀ ਬਰਾਬਰੀ ਨਹੀਂ ਕਰ ਸਕਦਾ। ਅਸੀਂ ਖ਼ੁਦ ਨੂੰ ਵਢਭਾਗੀਂ ਸਮਝਦੇ ਹਾਂ ਕਿ ਉਨ੍ਹਾਂ ਦਾ ਕੰਮ ਦੇਖਣਾ ਨਸੀਬ ਹੋਇਆ,'' ਤਨੂਬਾਈ ਦੀ ਵੱਡੀ ਨੂੰਹ ਲਤਾ ਗੱਲ ਜੋੜਦਿਆਂ ਕਹਿੰਦੀ ਹਨ।

PHOTO • Sanket Jain

ਤਨੂਬਾਈ ਕਹਿੰਦੀ ਹਨ ਕਿ ਉਹ ਬੰਦ ਅੱਖ ਨਾਲ਼ ਵੀ ਗੰਧੂਈ ਵਿੱਚ ਧਾਗਾ ਪਾ ਸਕਦੀ ਹਨ

PHOTO • Sanket Jain
PHOTO • Sanket Jain

ਖੱਬੇ : ਗੰਧੂਈ ਨਾਲ਼ ਇੰਨੇ ਤੋਪੇ ਭਰ ਭਰ ਕੇ ਉਨ੍ਹਾਂ ਦੀਆਂ ਬਾਹਾਂ ਅਤੇ ਮੋਢੇ ਜਕੜੇ ਜਾਂਦੇ ਹਨ। ' ਮੇਰੇ ਹੱਥ ਲੋਹੇ ਜਿਹੇ ਹੋ ਗਏ ਹਨ, ਇਸਲਈ ਗੰਧੂਈ ਨੂੰ ਚੁਭਦੀ ਨਹੀਂ।' ਸੱਜੇ : ਉਨ੍ਹਾਂ ਦੁਆਰਾ ਲਾਏ ਗਏ ਇਕਸਾਰ ਤੋਪੇ ਪੰਜ ਮਿਲੀਮੀਟਰ ਤੋਂ ਵੱਡੇ ਨਹੀਂ ਹੁੰਦੇ। ਇਹ ਤੋਪੇ ਕੱਪੜੇ ਦੀਆਂ ਪਰਤਾਂ ਨੂੰ ਜੋੜੀ ਰੱਖਦੇ ਹਨ ਅਤੇ ਹਰ ਤੋਪੇ ਨਾਲ਼ ਵਾਕਲ ਭਾਰਾ ਹੋਰ ਭਾਰਾ ਹੁੰਦਾ ਜਾਂਦਾ ਹੈ

ਸਿੰਧੂ ਦੀ 23 ਸਾਲਾ ਨੂੰਹ ਅਸ਼ਵਨੀ ਬਿਰੰਜੇ ਨੇ ਸਿਲਾਈ ਦੀ ਸਿਖਲਾਈ ਪੂਰੀ ਕਰ ਲਈ ਹੈ ਅਤੇ ਵਾਕਲ ਬਣਾਉਣ ਦੀ ਕਲਾ ਵੀ ਜਾਣਦੀ ਹਨ। ਉਹ ਦੱਸਦੀ ਹਨ,''ਪਰ ਮੈਂ ਮਸ਼ੀਨ ਦੀ ਮਦਦ ਨਾਲ਼ ਵਾਕਲ ਬਣਾਉਂਦੀ ਹਾਂ। ਪਰੰਪਰਾਗਤ ਵਿਧੀ ਨਾਲ਼ ਵਾਕਲ ਬਣਾਉਣਾ ਬੜੇ ਧੀਰਜ ਦੀ ਮੰਗ ਕਰਦਾ ਹੈ ਅਤੇ ਇਸ ਵਿੱਚ ਕਾਫ਼ੀ ਸਮਾਂ ਵਿੱਚ ਖੱਪਦਾ ਹੈ।'' ਹਾਲਾਂਕਿ, ਉਹ ਸਰੀਰਕ ਰੂਪ ਵਿੱਚ ਤੋੜ ਕੇ ਰੱਖ ਦੇਣ ਵਾਲ਼ੇ ਇਸ ਕੰਮ ਦੇ ਇਸ ਪੱਖ ਬਾਰੇ ਗੱਲ ਨਹੀਂ ਕਰਦੀ ਕਿ ਇਸ ਕੰਮ ਵਿੱਚ ਅੱਖਾਂ ਰਹਿ ਜਾਂਦੀਆਂ ਹਨ ਅਤੇ ਉਂਗਲਾਂ ਦੇ ਪੋਟੇ ਤੱਕ ਸੁੱਜ ਜਾਂਦੇ ਹਨ।

ਪਰ, ਤਨੂਬਾਈ ਨੂੰ ਇਨ੍ਹਾਂ ਦਿੱਕਤਾਂ ਨਾਲ਼ ਕੋਈ ਫ਼ਰਕ ਪੈਂਦਾ ਨਹੀਂ ਜਾਪਦਾ। ਉਹ ਹੱਸਦੀ ਹੋਈ ਕਹਿੰਦੀ ਹਨ,''ਮੇਰੇ ਹੱਥਾਂ ਨੂੰ ਹੁਣ ਆਦਤ ਪੈ ਚੁੱਕੀ ਹੈ। ਇਹ ਹੱਥ ਹੁਣ ਲੋਹਾ ਬਣ ਗਏ ਹਨ, ਕੋਈ ਗੰਧੂਈ ਚੁੱਭਦੀ ਨਹੀਂ,'' ਬੋਲਦੇ ਵੇਲ਼ੇ ਉਹ ਗੰਧੂਈ ਆਪਣੇ ਜੂੜੇ ਵਿੱਚ ਟੰਗ ਲੈਂਦੀ ਹਨ ਅਤੇ ਮੁਸਕਰਾਉਂਦਿਆਂ ਕਹਿੰਦੀ ਹਨ,''ਇਹ ਗੰਧੂਈ ਦੀ ਸੁਰੱਖਿਅਤ ਥਾਂ ਹੈ।''

ਇਹ ਪੁੱਛਣ 'ਤੇ ਕਿ ਅੱਜ ਦੀ ਪੀੜ੍ਹੀ (ਔਰਤਾਂ ਤੇ ਕੁੜੀਆਂ) ਇਸ ਕਲਾ ਨੂੰ ਸਿੱਖਣ ਵਿੱਚ ਰੁਚੀ ਕਿਉਂ ਨਹੀਂ ਲੈਂਦੀ, ਇਹ ਸੁਣ ਉਨ੍ਹਾਂ ਦਾ ਚਿਹਰਾ ਗੰਭੀਰ ਹੋ ਜਾਂਦਾ ਹੈ ਅਤੇ ਉਹ ਤਲਖ਼ੀ ਵਿੱਚ ਜਵਾਬ ਦਿੰਦੀ ਹਨ,'' ਚਿੰਦਯਾ ਫਾੜਾਯਲਾ ਕੋਨ ਯੇਣਾਰ ? ਕਿਤੀ ਪਗਾਰ ਦੇਣਾਰ ? (ਦੱਸੋ ਸਾੜੀਆਂ ਪਾੜਨ ਦਾ ਕੰਮ ਕੌਣ ਕਰੇ? ਇਸ ਕੰਮ ਬਦਲੇ ਉਨ੍ਹਾਂ ਨੂੰ ਪੈਸੇ ਹੀ ਕਿੰਨੇ ਮਿਲ਼ਣੇ ਹਨ?)''

ਨਵੀਂ ਪੀੜ੍ਹੀ ਦੇ ਲੋਕ ਬਜ਼ਾਰੋਂ ਮਸ਼ੀਨ ਨਾਲ਼ ਬਣੀਆਂ ਮੁਕਾਬਲਤਨ ਸਸਤੀਆਂ ਰਜ਼ਾਈਆਂ ਖਰੀਦਣਾ ਵੱਧ ਪਸੰਦ ਕਰਦੇ ਹਨ, ਉਹ ਸਮਝਾਉਂਦੀ ਹਨ। ''ਮੰਦਭਾਗੀਂ ਬੜੀਆਂ ਟਾਂਵੀਆਂ ਔਰਤਾਂ ਹੀ ਬਚੀਆਂ ਹਨ ਜੋ ਵਾਕਲ ਬਣਾਉਣ ਦੀ ਕਲਾ ਨੂੰ ਜਾਣਦੀਆਂ ਹਨ। ਜਿਨ੍ਹਾਂ ਨੂੰ ਇਸ ਕਲਾ ਪ੍ਰਤੀ ਥੋੜ੍ਹੀ-ਬਹੁਤ ਖਿੱਚ ਹੁੰਦੀ ਹੈ ਉਹ ਇਨ੍ਹਾਂ ਨੂੰ ਮਸ਼ੀਨਾਂ ਨਾਲ਼ ਸੁਆ ਲੈਂਦੀਆਂ ਹਨ। ਇਸ ਤਰੀਕੇ ਦੇ ਆਉਣ ਨਾਲ਼ ਵਾਕਲ ਬਣਾਉਣ ਦੇ ਮਾਅਨੇ ਹੀ ਬਦਲ ਗਏ ਹਨ ਪਰ ਸੱਚਾਈ ਤਾਂ ਇਹ ਹੈ ਕਿ ਸਮੇਂ ਦੇ ਨਾਲ਼ ਨਾਲ਼ ਚੀਜ਼ਾਂ ਬਦਲਦੀਆਂ ਹੀ ਹਨ,'' ਤਨੂਬਾਈ ਖੁੱਲ੍ਹ ਕੇ ਦੱਸਦੀ ਹਨ। ਉਨ੍ਹਾਂ ਮੁਤਾਬਕ ਔਰਤਾਂ ਹੁਣ ਪੁਰਾਣੀਆਂ ਸਾੜੀਆਂ ਦੀ ਬਜਾਇ ਨਵੀਂ ਸਾੜੀਆਂ ਨਾਲ਼ ਵਾਕਲ ਬਣਾਉਣਾ ਪਸੰਦ ਕਰਦੀਆਂ ਹਨ।

PHOTO • Sanket Jain
PHOTO • Sanket Jain

ਖੱਬੇ : ਤਨੂਬਾਈ ਠਿਗਲ ਦੀ ਸਿਲਾਈ ਵਾਸਤੇ ਤਹਿ ਕਰਕੇ ਰੱਖਣ ਤੋਂ ਪਹਿਲਾਂ ਗਿੱਠਾਂ ਨਾਲ਼ ਨਪਾਈ ਕਰਦੀ ਹੋਈ।  ਸੱਜੇ : ਉਨ੍ਹਾਂ ਨੇ ਆਪਣੇ ਜੀਵਨਕਾਲ ਵਿੱਚ 30 ਵਾਕਲ ਬਣਾਏ ਹਨ ਅਤੇ 18,000 ਤੋਂ ਜ਼ਿਆਦਾ ਘੰਟੇ ਇਸ ਕਲਾ ਨੂੰ ਸਮਰਪਤ ਕੀਤੇ ਹਨ

ਤਾਉਮਰ ਹੱਥੀਂ ਲੱਖਾਂ ਹੀ ਬਰੀਕ ਤੋਪੇ ਭਰਨ ਦੇ ਬਾਵਜੂਦ ਵੀ ਉਨ੍ਹਾਂ ਨੂੰ ਹਾਲੇ ਤੀਕਰ ਆਪਣੇ ਗੁਆਂਢੀ ਦਰਜੀ ਨਾਇਕ (ਆਜੀ ਨੂੰ ਪਹਿਲਾ ਨਾਮ ਚੇਤੇ ਨਹੀਂ) ਵੱਲੋਂ ਸੁਝਾਇਆ ਦੋਸਤਾਨਾ ਸੁਝਾਅ ਨਾ ਮੰਨਣ ਦਾ ਅਫ਼ਸੋਸ ਸਤਾਉਂਦਾ ਹੈ। ਉਹ ਚੇਤੇ ਕਰਦਿਆਂ ਕਹਿੰਦੀ ਹਨ,''ਉਹ ਅਕਸਰ ਮੈਨੂੰ ਸਿਲਾਈ ਸਿੱਖਣ ਲਈ ਕਹਿੰਦੇ ਰਹਿੰਦੇ ਸਨ। ਜੇ ਮੈਂ ਸਿਲਾਈ ਸਿੱਖ ਲਈ ਹੁੰਦੀ ਤਾਂ ਮੇਰਾ ਜੀਵਨ ਅਲੱਗ ਢੱਰੇ 'ਤੇ ਖੜ੍ਹਾ ਹੁੰਦਾ।'' ਜੋ ਵੀ ਹੋਇਆ ਪਰ ਇਹਦਾ ਮਤਲਬ ਇਹ ਨਹੀਂ ਕਿ ਜ਼ਿਆਦਾ ਮਿਹਨਤ ਲੱਗਣ ਵਾਲ਼ੇ ਇਸ ਕੰਮ ਨੂੰ ਉਹ ਪਿਆਰ ਨਹੀਂ ਕਰਦੀ।

ਹੈਰਾਨੀ ਦੀ ਗੱਲ ਦੇਖੋ ਕਿ ਤਨੂਬਾਈ ਨੇ ਆਪਣੀ ਪੂਰੀ ਜ਼ਿੰਦਗੀ ਇੱਕ ਵੀ ਵਾਕਲ ਨਹੀਂ ਵੇਚਿਆ ਹੋਣਾ। '' ਕਸ਼ਾਲਾ ਰੇ ਮੀ ਵਿਕੂ ਵਾਕਲ, ਬਾਲਾ (ਪੁੱਤਰਾ, ਮੈਂ ਭਲ਼ਾ ਵੇਚਾਂ ਹੀ ਕਿਉਂ)? ਕੋਈ ਇਹਦੀ ਕੀਮਤ ਹੀ ਕੀ ਦੇਣ ਲੱਗਾ?''

*****

ਹਾਲਾਂਕਿ, ਵਾਕਲ ਬਣਾਉਣ ਲਈ ਕੋਈ ਮਿੱਥਿਆ ਸਮਾਂ ਜਾਂ ਮੌਸਮ ਨਹੀਂ ਹੁੰਦਾ, ਪਰ ਇਹ ਸਿਲਾਈ ਫ਼ਸਲੀ-ਚੱਕਰ ਨਾਲ਼ ਜ਼ਰੂਰ ਜੁੜੀ ਹੋਈ ਹੈ; ਔਰਤਾਂ ਸਿਲਾਈ ਦਾ ਕੰਮ ਓਦੋਂ ਕਰਨਾ ਪਸੰਦ ਕਰਦੀਆਂ ਜਦੋਂ ਖੇਤਾਂ ਵਿੱਚ ਕੰਮ ਘੱਟ ਹੁੰਦਾ। ਇੰਝ ਦੇਖਿਆ ਜਾਵੇ ਤਾਂ ਵਾਕਲ ਸਿਊਣ ਦਾ ਸਮਾਂ ਫਰਵਰੀ ਤੋਂ ਲੈ ਕੇ ਜੂਨ ਤੱਕ ਹੁੰਦਾ ਹੈ। ਤਨੂਬਾਈ ਕਹਿੰਦੀ ਹਨ,'' ਮਨਾਲਾ ਯੋਇਲ ਤੇਵਹਾ ਕਰਾਯਚੰ (ਅਸੀਂ ਉਦੋਂ ਹੀ ਸਿਊਂਦੀਆਂ ਹਾਂ ਜਦੋਂ ਸਾਡਾ ਮਨ ਕਰਦਾ ਹੈ)।''

ਉਨ੍ਹਾਂ ਨੂੰ ਚੇਤੇ ਹੈ ਕਿ 1960ਵੇਂ ਤੱਕ ਕੋਲ੍ਹਾਪੁਰ ਦੀ ਗਡਹਿੰਗਲਜ ਤਾਲੁਕਾ ਵਿੱਚ ਉਨ੍ਹਾਂ ਦੇ ਪੁਰਾਣੇ ਪਿੰਡ ਵਿੱਚ ਵਾਕਲ ਘਰੋ-ਘਰੀ ਬਣਾਏ ਜਾਂਦੇ ਸਨ। ਮਹਾਰਾਸ਼ਟਰ ਦੇ ਦੂਸਰੇ ਹਿੱਸਿਆਂ ਵਿੱਚ ਉਹਨੂੰ ਗੋਧੜੀ ਕਿਹਾ ਜਾਂਦਾ ਹੈ। ''ਪਹਿਲਾਂ ਔਰਤਾਂ ਮਦਦ ਵਾਸਤੇ ਆਪਣੀਆਂ ਗੁਆਂਢਣਾਂ ਨੂੰ ਬੁਲਾਇਆ ਕਰਦੀਆਂ ਸਨ ਅਤੇ ਪੂਰੇ ਦਿਨ ਦੀ ਮਦਦ ਬਦਲੇ ਤਿੰਨ ਆਨੇ (ਮੁਦਰਾ ਦੀ ਇਕਾਈ) ਦਾ ਭੁਗਤਾਨ ਕਰਿਆ ਕਰਦੀਆਂ।'' ਉਹ ਦੱਸਦੀ ਹਨ ਕਿ ਜੇ ਚਾਰ ਔਰਤਾਂ ਰਲ਼ ਕੇ ਕੰਮ ਕਰਦੀਆਂ ਤਦ ਵੀ ਇੱਕ ਰਜ਼ਾਈ ਪੂਰੀ ਹੋਣ ਵਿੱਚ ਦੋ ਮਹੀਨੇ ਲੱਗ ਜਾਂਦੇ।

PHOTO • Sanket Jain

ਵਾਕਲ ਵਿੱਚ ਅਖ਼ੀਰਲੇ ਤੋਪੇ ਭਰਨੇ ਸਭ ਤੋਂ ਔਖ਼ੇ ਰਹਿੰਦੇ ਹਨ, ਕਿਉਂਕਿ ਉਦੋਂ ਤੱਕ ਵਾਕਲ ਕਾਫ਼ੀ ਭਾਰਾ ਹੋ ਚੁੱਕਿਆ ਹੁੰਦਾ ਹੈ

ਉਹ ਦੱਸਦੀ ਹਨ ਕਿ ਉਨ੍ਹੀਂ ਦਿਨੀਂ ਸਾੜੀਆਂ ਮਹਿੰਗੀਆਂ ਹੁੰਦੀਆਂ ਸਨ। ਇੱਕ ਸੂਤੀ ਸਾੜੀ 8 ਰੁਪਏ ਵਿੱਚ ਮਿਲ਼ਦੀ ਅਤੇ ਜੇ ਉਹ ਚੰਗੀ ਕਿਸਮ ਦੀ ਹੁੰਦੀ ਤਾਂ ਉਹਦੀ ਕੀਮਤ 16 ਰੁਪਏ ਤੱਕ ਹੋ ਸਕਦੀ ਹੁੰਦੀ। ਜੇ ਮਸਰ ਦੀ ਦਾਲ ਦੀ ਗੱਲ ਕਰੀਏ ਤਾਂ ਉਦੋਂ ਇੱਕ ਕਿਲੋ ਦਾਲ 12 ਆਨਿਆ ਵਿੱਚ ਮਿਲ਼ਿਆ ਕਰਦੀ ਅਤੇ ਆਜੀ ਖ਼ੁਦ ਵੀ ਪੂਰਾ ਦਿਨ ਖੇਤਾਂ ਵਿੱਚ ਲੋਕ-ਤੋੜ ਕੇ ਵੀ ਸਿਰਫ਼ 6 ਆਨੇ ਦਿਹਾੜੀ ਪਾਉਂਦੀ। ਸੋਲ੍ਹਾਂ ਆਨਿਆਂ ਦਾ ਇੱਕ ਰੁਪਿਆ ਹੁੰਦਾ ਸੀ।

''ਪੂਰਾ ਸਾਲ ਅਸੀਂ ਦੋ ਸਾੜੀਆਂ ਅਤੇ ਚਾਰ ਝੰਪਰ (ਬਲਾਊਜ਼) ਖਰੀਦ ਪਾਉਂਦੀਆਂ।'' ਸੋਚੋ ਤਾਂ ਜ਼ਰਾ ਇੱਕ ਵਾਕਲ ਬਣਾਉਣ ਲਈ ਕਿੰਨਾ ਲੰਬਾ ਸਮਾਂ ਉਡੀਕ ਕਰਨੀ ਪੈਂਦੀ। ਤਨੂਬਾਈ ਨੂੰ ਇਸ ਗੱਲ 'ਤੇ ਫ਼ਖ਼ਰ ਹੈ ਕਿ ਉਨ੍ਹਾਂ ਹੱਥੀਂ ਬਣਾਏ ਵਾਕਲ ਘੱਟੋ-ਘੱਟ 30 ਸਾਲ ਕਿੱਧਰੇ ਨਹੀਂ ਜਾਂਦੇ। ਤਨੂਬਾਈ ਦਾ ਇਹ ਦਾਅਵਾ ਸੂਖ਼ਮ ਕਲਾ ਦੇ ਇਸ ਹੁਨਰ ਵਿੱਚ ਸਾਲੋ-ਸਾਲ ਤੋਪੇ ਭਰਦੇ ਹੱਥਾਂ ਦੇ ਮੁਹਾਰਤ ਹਾਸਲ ਕਰ ਜਾਣ ਦੀ ਪੱਧਤੀ ਤੋਂ ਕੀਤਾ ਗਿਆ ਹੈ।

ਸਾਲ 1972-73 ਦੇ ਭਿਆਨਕ ਸੋਕੇ ਨਾਲ਼ ਕੋਈ 200 ਲੱਖ ਲੋਕ (ਮਹਾਰਾਸ਼ਟਰ ਦੀ 57 ਫ਼ੀਸਦੀ ਪੇਂਡੂ ਅਬਾਦੀ) ਬੁਰੀ ਤਰ੍ਹਾਂ ਪ੍ਰਭਾਵਤ ਹੋਈ। ਇਸ ਅਕਾਲ ਨੇ ਨੌਕੁਦ ਦੇ ਗੋਵਿਲਕਰਾਂ ਨੂੰ ਉੱਥੋਂ 90 ਕਿਲੋਮੀਟਰ ਦੂਰ ਕੋਲ੍ਹਾਪੁਰ ਦੀ ਸ਼ਿਰੋਲ ਤਾਲੁਕਾ ਵਿਖੇ ਪੈਂਦੇ ਜੰਭਾਲੀ ਪਿੰਡ ਲਿਆ ਵਸਾਇਆ। ''ਅਕਾਲ ਇੰਨਾ ਭਿਅੰਕਰ ਸੀ ਕਿ ਅੱਜ ਵੀ ਕੋਈ ਉਹਨੂੰ ਚੇਤੇ ਨਹੀਂ ਕਰਨਾ ਚਾਹੁੰਦਾ। ਅਸੀਂ ਕਈ ਕਈ ਰਾਤਾਂ ਫ਼ਾਕੇ ਕੱਟੇ,'' ਉਸ ਤ੍ਰਾਸਦੀ ਨੂੰ ਚੇਤੇ ਕਰਦਿਆਂ ਹੋਇਆਂ ਉਨ੍ਹਾਂ ਦੀਆਂ ਅੱਖਾਂ ਨਮ ਹੋ ਗਈਆਂ।

''ਨੌਕੁਦ ਦੇ ਇੱਕ ਬੰਦੇ ਨੂੰ ਜੰਭਾਲੀ ਵਿਖੇ ਕੋਈ ਕੰਮ ਮਿਲ਼ ਗਿਆ ਸੀ। ਇਸ ਖ਼ਬਰ ਨੂੰ ਸੁਣ ਬਗ਼ੈਰ ਕੁਝ ਸੋਚਿਆਂ ਪੂਰਾ ਪਿੰਡ ਹੀ ਨੌਕੁਦ ਤੋਂ ਜੰਭਾਲੀ ਪਲਾਇਨ ਕਰ ਗਿਆ,'' ਉਹ ਦੱਸਦੀ ਹਨ। ਜੰਭਾਲੀ ਜਾਣ ਤੋਂ ਪਹਿਲਾਂ ਉਨ੍ਹਾਂ ਦੇ ਪਤੀ (ਮਰਹੂਮ), ਧਾਨਾਜੀ ਪੱਥਰ ਤੋੜਨ ਅਤੇ ਸੜਕ ਬਣਾਉਣ ਦੀ ਮਜ਼ਦੂਰੀ ਕਰਿਆ ਕਰਦੇ ਸਨ। ਮਜ਼ਦੂਰੀ ਦੇ ਸਿਲਸਿਲੇ ਵਿੱਚ ਉਹ ਨੌਕੁਦ ਤੋਂ 160 ਕਿਲੋਮੀਟਰ ਦੂਰ ਗੋਆ ਤੱਕ ਘੁੰਮ ਆਏ ਸਨ।

ਜੰਭਾਲੀ ਵਿਖੇ ਆਜੀ ਉਨ੍ਹਾਂ 40 ਮਜ਼ਦੂਰਾਂ ਵਿੱਚੋਂ ਇੱਕ ਸਨ ਜਿਨ੍ਹਾਂ ਨੂੰ ਸਰਕਾਰ ਦੀ ਅਕਾਲ ਰਾਹਤ ਯੋਜਨਾ ਤਹਿਤ ਇੱਕ ਸੜਕ ਦੇ ਨਿਰਮਾਣ ਕਾਰਜ ਲਈ ਰੱਖਿਆ ਗਿਆ ਸੀ। ਉਨ੍ਹਾਂ ਨੂੰ ਭਲ਼ੀਭਾਂਤੀ ਚੇਤੇ ਹੈ,''ਸਾਨੂੰ 12 ਘੰਟਿਆਂ ਦੀ ਮਜ਼ਦੂਰੀ ਬਦਲੇ 1.5 ਰੁਪਏ ਦਿਹਾੜੀ ਮਿਲ਼ਦੀ ਸੀ।'' ਉਸੇ ਸਮੇਂ ਪਿੰਡ ਦੇ ਇੱਕ ਦਬੰਗ ਅਤੇ ਪੈਸੇ ਵਾਲ਼ੇ ਕਿਸਾਨ ਨੇ ਉਨ੍ਹਾਂ ਮਜ਼ਦੂਰਾਂ ਨੂੰ ਆਪਣੇ 16 ਏਕੜ ਦੇ ਫ਼ਾਰਮ ਵਿਖੇ 3 ਰੁਪਏ ਦਿਹਾੜੀ ਬਦਲੇ ਕੰਮ ਕਰਨ ਦਾ ਪ੍ਰਸਤਾਵ ਦਿੱਤਾ। ਉਦੋਂ ਤੋਂ ਤਨੂਬਾਈ ਨੇ ਇੱਕ ਖੇਤ ਮਜ਼ਦੂਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਮੂੰਗਫਲੀ, ਜਵਾਰ, ਕਣਕ, ਚੌਲ਼ ਦੇ ਨਾਲ਼ ਨਾਲ਼ ਚੀਕੂ, ਅੰਬ, ਅੰਗੂਰ, ਅਨਾਰ ਅਤੇ ਸੀਤਾਫਲ ਜਿਹੇ ਫਲ ਉਗਾਉਣ ਲੱਗੀ।

PHOTO • Sanket Jain
PHOTO • Sanket Jain

ਖੱਬੇ : ਇਸ ਧਾਗੇ ਨੂੰ ਕੱਟਣ ਦੀ ਦੇਰ ਹੈ ਆਜੀ ਦਾ ਵਾਕਲ ਤਿਆਰ ਹੈ। ਸੱਜੇ : ਸੱਜੇ ਮੋਢੇ ਦੀ ਦੋ ਵਾਰੀ ਸਰਜਰੀ ਹੋਣ ਅਤੇ ਲਗਾਤਾਰ ਰਹਿਣ ਵਾਲ਼ੀ ਪੀੜ੍ਹ ਦੇ ਬਾਵਜੂਦ ਉਨ੍ਹਾਂ ਨੇ ਰਜ਼ਾਈ ਬਣਾਉਣੀ ਬੰਦ ਨਹੀਂ ਕੀਤੀ

ਤੀਹ ਸਾਲਾਂ ਤੋਂ ਵੱਧ ਸਮੇਂ ਤੱਕ ਕੀਤੀ ਹੱਡਭੰਨ੍ਹਵੀਂ ਮਿਹਨਤ ਤੋਂ ਬਾਅਦ 2000 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਜਦੋਂ ਉਨ੍ਹਾਂ ਨੇ ਖੇਤ ਵਿਖੇ ਕੰਮ ਕਰਨਾ ਬੰਦ ਕੀਤਾ ਸੀ ਉਦੋਂ ਵੀ ਉਸ ਸਮੇਂ ਤਨਖ਼ਾਹ ਵਿੱਚ ਵਾਧੇ ਤੋਂ ਬਾਅਦ ਵੀ 10 ਘੰਟੇ ਕੰਮ ਦੇ ਬਦਲੇ ਉਨ੍ਹਾਂ ਨੂੰ ਸਿਰਫ਼ 160 ਰੁਪਏ ਦਿਹਾੜੀ ਹੀ ਮਿਲ਼ਦੀ। ਆਪਣੀ ਸਖ਼ਤ ਮਿਹਨਤ ਅਤੇ ਗ਼ਰੀਬੀ ਦੇ ਦਿਨਾਂ ਨੂੰ ਚੇਤੇ ਕਰਦੀ ਹੋਈ ਉਹ ਕਹਿੰਦੀ ਹਨ,'' ਕੋਂਦਾਚਾ ਧੋਂਡਾ ਖਾਲਾ ਪਨ ਮੁਲਾਨਾ ਕਧੀ ਮਗਾ ਠੇਲਵੋ ਨਾਹੀ (ਅਸੀਂ ਭੋਜਨ ਵਿੱਚ ਸੂੜਾ ਤੱਕ ਖਾਧਾ, ਪਰ ਬੱਚਿਆਂ ਨੂੰ ਕਦੇ ਤਕਲੀਫ਼ ਨਾ ਹੋਣ ਦਿੱਤੀ)।'' ਅਖ਼ੀਰ ਉਨ੍ਹਾਂ ਦੀ ਮਿਹਨਤ ਅਤੇ ਤਿਆਗ਼ ਨੂੰ ਬੂਰ ਪਿਆ। ਅੱਜ ਉਨ੍ਹਾਂ ਦਾ ਵੱਡਾ ਬੇਟਾ ਪ੍ਰਭਾਕਰ ਕਸਬੇ ਜੈਸਿੰਘਪੁਰ ਵਿਖੇ ਇੱਕ ਖਾਦ ਦੀ ਦੁਕਾਨ ਚਲਾਉਂਦੇ ਹਨ ਅਤੇ ਛੋਟਾ ਬੇਟਾ ਬਾਪੁਸੋ, ਜੰਭਾਲੀ ਦੇ ਇੱਕ  ਬੈਂਕ ਵਿੱਚ ਨੌਕਰੀ ਕਰਦੇ ਹਨ।

ਖੇਤਾਂ ਵਿੱਚ ਮਜ਼ਦੂਰੀ ਕਰਨ ਦਾ ਕੰਮ ਛੱਡਣ ਤੋਂ ਬਾਅਦ ਤਨੂਬਾਈ ਛੇਤੀ ਹੀ ਅਕੇਵੇਂ ਦਾ ਸ਼ਿਕਾਰ ਹੋਣ ਲੱਗੀ ਅਤੇ ਉਨ੍ਹਾਂ ਨੇ ਦੋਬਾਰਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਕਰੀਬ ਤਿੰਨ ਸਾਲ ਪਹਿਲਾਂ ਘਰੇ ਡਿੱਗਣ ਕਾਰਨ ਲੱਗੀ ਸੱਟ ਨੇ ਉਨ੍ਹਾਂ ਨੂੰ ਖੇਤ ਮਜ਼ਦੂਰੀ ਦੇ ਕੰਮ ਤੋਂ ਸੇਵਾਮੁਕਤ ਕਰਵਾ ਦਿੱਤਾ। ਉਹ ਕਹਿੰਦੀ ਹਨ,''ਸੱਜੇ ਮੋਢੇ ਦੇ ਹੋਏ ਦੋ ਓਪਰੇਸ਼ਨਾਂ ਅਤੇ ਛੇ ਮਹੀਨੇ ਤੱਕ ਹਸਪਤਾਲ ਵਿੱਚ ਭਰਤੀ ਰਹਿਣ ਬਾਅਦ ਵੀ ਮੇਰੀ ਪੀੜ੍ਹ ਪੂਰੀ ਤਰ੍ਹਾਂ ਠੀਕ ਨਾ ਹੋ ਪਾਈ।'' ਖ਼ੈਰ, ਇਹ ਪੀੜ੍ਹ ਵੀ ਉਨ੍ਹਾਂ ਨੂੰ ਆਪਣੇ ਪੋਤੇ ਸੰਪਤ ਬਿਰੰਜੇ ਲਈ ਨਵਾਂ ਵਾਕਲ ਤਿਆਰ ਕਰਨੋਂ ਨਾ ਰੋਕ ਪਾਈ।

ਮੋਢੇ ਵਿੱਚ ਪੈਂਦੀ ਚੁਭਕ ਦੇ ਬਾਵਜੂਦ, ਤਨੂਬਾਈ ਦੀ ਸਿਲਾਈ ਦਾ ਸਿਲਸਿਲਾ ਰੋਜ਼ ਸਵੇਰੇ 8 ਵਜੇ ਸ਼ੁਰੂ ਹੁੰਦਾ ਅਤੇ ਤਿਰਕਾਲੀਂ 6 ਵਜੇ ਤੱਕ ਚੱਲਦਾ ਰਹਿੰਦਾ। ਇਸ ਵਕਫ਼ੇ ਵਿੱਚ ਉਹ ਬਾਹਰ ਧੁੱਪੇ ਸੁਕਣੇ ਪਾਈ ਮੱਕੀ ਨੂੰ ਖਾਣ ਆਏ ਬਾਂਦਰਾਂ ਨੂੰ ਭਜਾਉਣ ਲਈ ਬਾਰ ਬਾਰ ਉੱਠਦੀ ਰਹਿੰਦੀ ਹਨ। ਉਹ ਕਹਿੰਦੀ ਹਨ,''ਬਾਂਦਰਾਂ ਨੂੰ ਮੱਕੀ ਖਾਣ ਤੋਂ ਰੋਕਣਾ ਮੈਨੂੰ ਚੰਗਾ ਤਾਂ ਨਹੀਂ ਲੱਗਦਾ ਪਰ ਕੀ ਕਰਾਂ ਮੇਰੇ ਪੋਤੇ ਰੂਦਰ ਨੂੰ ਮੱਕੀ ਬੇਹੱਦ ਪਸੰਦ ਹੈ।'' ਉਹ ਆਪਣੀਆਂ ਦੋਵਾਂ ਨੂੰਹਾਂ ਦੀ ਵੀ ਸ਼ੁਕਰਗੁਜ਼ਾਰ ਹਨ, ਕਿਉਂਕਿ ਉਨ੍ਹਾਂ ਨੇ ਆਜੀ ਦੇ ਇਸ ਸ਼ੌਂਕ ਨੂੰ ਪੂਰਿਆਂ ਕਰਨ ਦੀ ਸਦਾ ਹਮਾਇਤ ਹੀ ਕੀਤੀ ਹੈ। ''ਉਨ੍ਹਾਂ ਦੋਵਾਂ ਕਾਰਨ ਹੀ ਮੈਂ ਰਸੋਈ ਅਤੇ ਘਰ ਦੇ ਬਾਕੀ ਕੰਮਾਂ ਤੋਂ ਫ਼ਾਰਗ਼ ਹਾਂ।''

ਕਰੀਬ 74 ਸਾਲ ਦੀ ਉਮਰੇ ਵੀ ਤਨੂਬਾਈ ਆਪਣੀ ਗੰਧੂਈ ਦੇ ਜਾਦੂ ਨਾਲ਼ ਸਭ ਨੂੰ ਹੱਕਾ-ਬੱਕਾ ਕਰ ਸੁੱਟਦੀ ਹਨ। ਅੱਜ ਤੱਕ ਉਨ੍ਹਾਂ ਨੇ ਇੱਕ ਵੀ ਗ਼ਲਤ ਤੋਪਾ ਨਹੀਂ ਭਰਿਆ ਹੋਣਾ; ਉਨ੍ਹਾਂ ਦੀ ਨੀਝ ਪਹਿਲਾਂ ਵਾਂਗਰ ਹੀ ਕਾਇਮ ਹੈ। '' ਤਯਾਤ ਕਾਯ ਵਿਸਰਣਾਰ ? ਤਯਾਤ ਕਾਯ ਵਿਦਯਾ ਆਹੇ ? (ਇਸ ਕੰਮ ਵਿੱਚ ਭੁੱਲਣਵਾਲ਼ੀ ਗੱਲ ਹੀ ਕਿਹੜੀ ਹੈ? ਇਹ ਕੰਮ ਕਿਸੇ ਬਹੁਤੇ ਹੁਨਰ ਦੀ ਮੰਗ ਵੀ ਤਾਂ ਨਹੀਂ ਕਰਦਾ?)''

ਦੂਸਰਿਆਂ ਵਾਸਤੇ ਤਨੂਬਾਈ ਦੇ ਕੋਲ਼ ਬੱਸ ਇਹੀ ਇੱਕ ਮਸ਼ਵਰਾ ਹੈ: ''ਹਾਲਾਤ ਜੋ ਵੀ ਹੋਣ, ਨੇਹਮੀ ਪ੍ਰਮਾਣਿਕ ਰਹਵਾ (ਸੱਚਾਈ ਦਾ ਸਾਥ ਨਾ ਛੱਡੋ)।'' ਜਿਸ ਤਰੀਕੇ ਨਾਲ਼ ਉਹ ਇੱਕ ਗੰਧੂਈ ਦੇ ਸਹਾਰੇ ਵਾਕਲ ਦੀਆਂ ਕਈ ਤਹਿਆਂ ਨੂੰ ਜੋੜੀ ਰੱਖਦੀ ਹਨ, ਉਸੇ ਤਰ੍ਹਾਂ ਉਨ੍ਹਾਂ ਨੇ ਆਪਣੀ ਤਾਉਮਰ ਪਰਿਵਾਰ ਨੂੰ ਸਾਂਭੀ ਰੱਖਣ ਲੇਖੇ ਲਾ ਦਿੱਤੀ। '' ਪੂਰਨ ਆਯੂਸ਼ਯ ਮੀ ਸ਼ਿਵਤ ਗੇਲੇ (ਮੈਂ ਪੂਰਾ ਜੀਵਨ ਤੋਪੇ ਭਰਦਿਆਂ ਬਿਤਾ ਛੱਡਿਆ)।''

PHOTO • Sanket Jain

ਤਨੂਬਾਈ ਨੇ ਹਰ ਰੋਜ਼ ਕਰੀਬ 12 ਘੰਟੇ ਕੰਮ ਕਰਦਿਆਂ ਦੋ ਮਹੀਨਿਆਂ ਵਿੱਚ ਇਹ ਰਜ਼ਾਈ ਪੂਰੀ ਕਰ ਲਈ

PHOTO • Sanket Jain

9 ਸਾੜੀਆਂ, 216 ਠਿਗਲ ਅਤੇ 97,800 ਤੋਪਿਆਂ ਨਾਲ਼ ਤਿਆਰ ਇਹ 6.8 x 6.5 ਫੁੱਟੀ ਇਸ ਖ਼ੂਬਸੂਰਤ ਵਾਕਲ ਦਾ ਵਜ਼ਨ 7 ਕਿਲੋ ਤੋਂ ਵੱਧ ਹੈ

ਇਹ ਸਟੋਰੀ ਸੰਕੇਤ ਜੈਨ ਦੁਆਰਾ ਪੇਂਡੂ ਕਾਰੀਗਰਾਂ ' ਤੇ ਲਿਖੀਆਂ ਜਾ ਰਹੀਆਂ ਉਨ੍ਹਾਂ ਦੀਆਂ ਸਟੋਰੀਆਂ ਦੀ ਲੜੀ ਦਾ ਹਿੱਸਾ ਹੈ ਅਤੇ ਇਸ ਕੰਮ ਨੂੰ ਮ੍ਰੀਨਾਲਿਨੀ ਮੁਖਰਜੀ ਫ਼ਾਊਂਡੇਸ਼ਨ ਦਾ ਸਹਿਯੋਗ ਪ੍ਰਾਪਤ ਹੈ।

ਤਰਜਮਾ: ਕਮਲਜੀਤ ਕੌਰ

Reporter : Sanket Jain

Sanket Jain is a journalist based in Kolhapur, Maharashtra. He is a 2022 PARI Senior Fellow and a 2019 PARI Fellow.

Other stories by Sanket Jain
Editor : Sangeeta Menon

Sangeeta Menon is a Mumbai-based writer, editor and communications consultant.

Other stories by Sangeeta Menon
Photo Editor : Binaifer Bharucha

Binaifer Bharucha is a freelance photographer based in Mumbai, and Photo Editor at the People's Archive of Rural India.

Other stories by Binaifer Bharucha
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur