ਮਾਨਸੂਨ ਦੀ ਪਹਿਲੀ ਫੁਹਾਰ ਸਾਨੀਆ ਮੁਲਾਨੀ ਨੂੰ ਉਨ੍ਹਾਂ ਦੇ ਜਨਮ ਦਿਹਾੜੇ ਨਾਲ਼ ਜੁੜੀ ਭਵਿੱਖਬਾਣੀ ਦੀ ਯਾਦ ਦਵਾ ਜਾਂਦੀ ਹੈ।

ਉਹ ਜੁਲਾਈ 2005 ਵਿੱਚ ਪੈਦਾ ਹੋਈ, ਉਸ ਜਾਨਲੇਵਾ ਹੜ੍ਹ ਤੋਂ ਠੀਕ ਇੱਕ ਹਫ਼ਤੇ ਬਾਅਦ, ਜਿਹਨੇ 1,000 ਲੋਕਾਂ ਦੀ ਜਾਨ ਲਈ ਤੇ ਮਹਾਰਾਸ਼ਟਰ ਦੇ 2 ਕਰੋੜ ਲੋਕਾਂ ਨੂੰ ਪ੍ਰਭਾਵਤ ਕੀਤਾ। ''ਉਹ ਹੜ੍ਹ ਦੌਰਾਨ ਪੈਦਾ ਹੋਈ; ਹੁਣ ਉਨ੍ਹਾਂ ਦੇ ਜੀਵਨ ਦਾ ਬਹੁਤੇਰਾ ਹਿੱਸਾ ਹੜ੍ਹਾਂ ਵਿੱਚ ਹੀ ਬੀਤੇਗਾ,'' ਲੋਕ ਗੱਲਾਂ ਕਰਿਆ ਕਰਦੇ ਤੇ ਉਹਦੇ ਮਾਪਿਆਂ ਨੂੰ ਦੱਸਦੇ।

ਜਦੋਂ ਜੁਲਾਈ 2022 ਦੇ ਪਹਿਲੇ ਹਫ਼ਤੇ ਤੇਜ਼ ਮੀਂਹ ਵਰ੍ਹਨ ਲੱਗਿਆ ਤਾਂ 17 ਸਾਲਾ ਸਾਨੀਆ ਨੂੰ ਉਹ ਘੜੀ ਦੋਬਾਰਾ ਚੇਤਾ ਆ ਗਈ। ਮਹਾਰਾਸ਼ਟਰ ਦੇ ਕੋਲ੍ਹਾਪੁਰ ਜ਼ਿਲ੍ਹੇ ਦੇ ਹਾਟਕਨੰਗਲੇ ਤਾਲੁਕਾ ਦੇ ਭੇਂਡਵੜੇ ਪਿੰਡ ਦੀ ਵਾਸੀ, ਸਾਨੀਆ ਕਹਿੰਦੀ ਹਨ,''ਜਦੋਂ ਕਦੇ ਵੀ ਮੈਂ ਸੁਣਦੀ ਹਾਂ ਪਾਨੀ ਵਾਧਤ ਚਾਲੇ (ਪਾਣੀ ਦਾ ਪੱਧਰ ਵੱਧ ਰਿਹਾ ਹੈ), ਮੈਨੂੰ ਹੜ੍ਹ ਦਾ ਡਰ ਸਤਾਉਣ ਲੱਗਦਾ ਹੈ।'' ਪਿੰਡ ਅਤੇ ਉਹਦੇ 4,686 ਬਾਸ਼ਿੰਦਿਆਂ ਨੇ 2019 ਵਿੱਚ ਆਏ ਦੋ ਜਾਨਲੇਵਾ ਹੜ੍ਹਾਂ ਦੀ ਮਾਰ ਨੂੰ ਝੱਲਿਆ ਹੈ।

ਸਾਨੀਆ ਚੇਤੇ ਕਰਦੀ ਹਨ,''ਅਗਸਤ 2019 ਦੇ ਹੜ੍ਹ ਦੌਰਾਨ ਮਹਿਜ 24 ਘੰਟਿਆਂ ਦੇ ਅੰਦਰ ਅੰਦਰ ਸਾਡੇ ਘਰਾਂ ਵਿੱਚ ਪਾਣੀ ਸੱਤ ਫੁੱਟ ਤੱਕ ਚੜ੍ਹ ਗਿਆ ਸੀ। ਘਰ ਅੰਦਰ ਪਾਣੀ ਵੜ੍ਹਨ ਤੋਂ ਐਨ ਪਹਿਲਾਂ ਕਿਸੇ ਨਾ ਕਿਸੇ ਤਰ੍ਹਾਂ ਮੁਲਾਨੀ ਪਰਿਵਾਰ ਬਚ ਨਿਕਲ਼ਣ ਵਿੱਚ ਕਾਮਯਾਬ ਤਾਂ ਰਿਹਾ ਪਰ ਉਹ ਹਾਦਸਾ ਸਾਨੀਆ ਨੂੰ ਡੂੰਘਾ ਸਦਮਾ ਦੇ ਗਿਆ।

ਜੁਲਾਈ 2021 ਵਿੱਚ ਉਨ੍ਹਾਂ ਦੇ ਪਿੰਡ ਹੜ੍ਹ ਨੇ ਦੋਬਾਰਾ ਦਸਤਕ ਦਿੱਤੀ। ਇਸ ਵਾਰੀਂ, ਪਰਿਵਾਰ ਤਿੰਨ ਹਫ਼ਤਿਆਂ ਲਈ ਪਿੰਡੋਂ ਬਾਹਰ ਬਣੇ ਹੜ੍ਹ ਰਾਹਤ ਕੈਂਪ ਵਿੱਚ ਚਲਾ ਗਿਆ ਤੇ ਪਿੰਡ ਦੇ ਅਧਿਕਾਰੀਆਂ ਵੱਲੋਂ ਇਸ ਥਾਂ ਨੂੰ ਦੋਬਾਰਾ ਸੁਰੱਖਿਅਤ ਮੰਨੇ ਜਾਣ ਤੋਂ ਬਾਅਦ ਹੀ ਘਰ ਪਰਤਿਆ।

ਸਾਲ 2019 ਦੇ ਹੜ੍ਹ ਤੋਂ ਬਾਅਦ ਤੋਂ ਹੀ ਤਾਈਕਵਾਂਡੋ ਚੈਂਪੀਅਨ ਸਾਨੀਆ ਦੇ ਬਲੈਕ ਬੈਲਟ ਹਾਸਲ ਦੀ ਸਿਖਲਾਈ ਨੂੰ ਡੂੰਘਾ ਝਟਕਾ ਲੱਗਾ। ਉਨ੍ਹਾਂ ਨੂੰ ਪਿਛਲੇ ਤਿੰਨ ਕੁ ਸਾਲਾਂ ਤੋਂ ਥਕਾਵਟ, ਬੇਚੈਨੀ, ਚਿੜਚਿੜੇਪਣ ਤੇ ਉੱਚ-ਤਣਾਓ ਦੇ ਦੌਰ 'ਚੋਂ ਲੰਘਣਾ ਪੈ ਰਿਹਾ ਹੈ। ''ਮੈਂ ਆਪਣੀ ਸਿਖਲਾਈ ਵੱਲ ਧਿਆਨ ਨਹੀਂ ਦੇ ਪਾਉਂਦੀ। ਹੁਣ ਮੇਰੀ ਸਿਖਲਾਈ ਮੀਂਹ 'ਤੇ ਨਿਰਭਰ ਰਹਿੰਦੀ ਹੈ,'' ਉਹ ਕਹਿੰਦੀ ਹਨ।

Saniya Mullani (centre), 17, prepares for a Taekwondo training session in Kolhapur’s Bhendavade village
PHOTO • Sanket Jain
The floods of 2019 and 2021, which devastated her village and her home, have left her deeply traumatised and unable to focus on her training
PHOTO • Sanket Jain

ਖੱਬੇ ਹੱਥ: 17 ਸਾਲਾ ਸਾਨੀਆ ਮੁਲਾਨੀ (ਵਿਚਕਾਰ), ਕੋਲ੍ਹਾਪੁਰ ਦੇ ਭੇਂਡਵੜੇ ਪਿੰਡ ਦੇ ਤਾਈਕਵਾਂਡੋ ਚੈਂਪੀਅਨਸ਼ਿਪ ਦੇ ਸਿਖਲਾਈ ਸ਼ੈਸਨ ਦੀ ਤਿਆਰੀ ਕੱਸਦੀ ਹੋਈ। ਸੱਜੇ: 2019 ਅਤੇ 2021 ਵਿੱਚ ਆਏ ਹੜ੍ਹਾਂ ਨੇ ਉਨ੍ਹਾਂ ਦਾ ਪਿੰਡ ਤੇ ਘਰ ਤਬਾਹ ਕਰ ਦਿੱਤੇ ਤੇ ਉਨ੍ਹਾਂ ਦੇ ਦਿਮਾਗ਼ ਨੂੰ ਡੂੰਘਾ ਸਦਮਾ ਲਾ ਗਏ ਤੇ ਹੁਣ ਉਹ ਆਪਣੀ ਸਿਖਲਾਈ 'ਤੇ ਧਿਆਨ ਨਹੀਂ ਲਾ ਪਾਉਂਦੀ

Young sportswomen from agrarian families are grappling with mental health issues linked to the various impacts of the climate crisis on their lives, including increased financial distress caused by crop loss, mounting debts, and lack of nutrition, among others
PHOTO • Sanket Jain

ਖੇਤੀ ਪਰਿਵਾਰਾਂ ਵਿੱਚੋਂ ਆਉਣ ਵਾਲ਼ੇ ਨੌਜਵਾਨ ਖਿਡਾਰੀ ਮਾਨਸਿਕ ਸਿਹਤ ਮਸਲਿਆਂ ਨਾਲ਼ ਜੂਝ ਰਹੇ ਹਨ, ਜਲਵਾਯੂ ਸੰਕਟ ਦੇ ਅਜਿਹੇ ਮਸਲੇ ਜੋ ਉਨ੍ਹਾਂ ਦੇ ਜੀਵਨ ਨਾਲ਼ ਜੁੜੇ ਹਨ ਜਿਨ੍ਹਾਂ ਵਿੱਚ ਫ਼ਸਲਾਂ ਦੇ ਨੁਕਸਾਨ ਕਾਰਨ ਪੈਦਾ ਹੋਇਆ ਵਿੱਤੀ ਸੰਕਟ,  ਕਰਜ਼ਿਆਂ ਦਾ ਬੋਝ ਤੇ ਪੋਸ਼ਣ ਦੀ ਘਾਟ ਆਦਿ ਸ਼ਾਮਲ ਹਨ

ਜਦੋਂ ਸਾਨੀਆ ਨੂੰ ਬੀਮਾਰੀ ਦੇ ਲੱਛਣ ਦਿੱਸਣੇ ਸ਼ੁਰੂ ਹੋਏ ਤਾਂ ਉਨ੍ਹਾਂ ਨੇ ਸੋਚਿਆ ਕਿ ਇਹ ਸਮੇਂ ਦੇ ਨਾਲ਼ ਰਾਜ਼ੀ ਹੋ ਜਾਵੇਗਾ। ਪਰ ਜਦੋਂ ਸਭ ਠੀਕ ਨਾ ਹੋਇਆ ਤਾਂ ਉਨ੍ਹਾਂ ਨੇ ਨਿੱਜੀ ਡਾਕਟਰ ਨਾਲ਼ ਸੰਪਰਕ ਕੀਤਾ। ਅਗਸਤ 2019 ਤੋਂ ਉਹ ਕਰੀਬ 20 ਵਾਰੀਂ ਡਾਕਟਰ ਕੋਲ਼ ਜਾ ਚੁੱਕੀ ਹਨ ਪਰ ਚੱਕਰ ਆਉਣ, ਥਕਾਵਟ ਹੋਣ ਤੇ ਸਰੀਰ ਦੁੱਖਣ, ਬਾਰ-ਬਾਰ ਬੁਖ਼ਾਰ ਚੜ੍ਹਨ , ਕੰਮ 'ਤੇ ਧਿਆਨ ਨਾ ਲੱਗਣ ਤੇ ਨਿਰੰਤਰ ''ਤਣਾਓ ਤੇ ਦਬਾਅ'' ਦੀ ਹਾਲਤ ਵਿੱਚ ਕੋਈ ਕਮੀ ਨਹੀਂ ਆਈ।

''ਹੁਣ ਤਾਂ ਡਾਕਟਰ ਕੋਲ਼ ਜਾਣਾ ਵੀ ਕਿਸੇ ਬੁਰੇ ਸੁਪਨੇ ਵਾਂਗਰ ਲੱਗਦਾ ਹੈ,'' ਉਹ ਕਹਿੰਦੀ ਹਨ। ''ਇੱਕ ਨਿੱਜੀ ਡਾਕਟਰ ਹਰ ਫ਼ੇਰੀ 100 ਰੁਪਏ ਲੈਂਦਾ ਹੈ; ਇਸ ਤੋਂ ਇਲਾਵਾ ਦਵਾਈਆਂ, ਅੱਡ-ਅੱਡ ਟੈਸਟਾਂ ਦੇ ਖਰਚੇ ਵੱਖਰੇ ਪੈਂਦੇ ਨੇ। ਜੇਕਰ ਕਿਤੇ ਡ੍ਰਿਪ (ਗਲੂਕੋਜ਼ ਦੀ ਬੋਤਲ) ਲਵਾਉਣੀ ਪੈ ਜਾਵੇ ਤਾਂ ਹਰੇਕ ਬੋਤਲ ਦੇ ਵੱਖਰੇ 500 ਰੁਪਏ ਲੱਗਦੇ ਨੇ,'' ਉਹ ਕਹਿੰਦੀ ਹਨ।

ਜਦੋਂ ਡਾਕਟਰ ਕੋਲ਼ੋਂ ਵੀ ਕੋਈ ਫ਼ਰਕ ਨਾ ਪਿਆ ਤਾਂ ਉਨ੍ਹਾਂ ਦੀ ਇੱਕ ਸਹੇਲੀ ਨੇ ਹੱਲ ਦਿੱਤਾ: '' ਗਾਪ ਟ੍ਰੇਨਿੰਗ ਕਾਰਯਚਾ (ਬੱਸ ਚੁੱਪ ਕਰਕੇ ਆਪਣੀ ਸਿਖਲਾਈ 'ਤੇ ਜਾਇਆ ਕਰ)।'' ਇਸ ਹੱਲ ਨੇ ਵੀ ਕੰਮ ਨਾ ਕੀਤਾ। ਜਦੋਂ ਉਨ੍ਹਾਂ ਨੇ ਡਾਕਟਰ ਨਾਲ਼ ਆਪਣੀ ਡਿੱਗਦੀ ਸਿਹਤ ਤੇ ਨਿਰਾਸ਼ਾ ਬਾਰੇ ਗੱਲ ਕੀਤੀ ਤਾਂ ਉਹਨੇ ਬੱਸ ਇੰਨਾ ਹੀ ਕਿਹਾ,''ਚਿੰਤਾ ਨਾ ਕਰ।'' ਸਾਨੀਆ ਵਾਸਤੇ ਡਾਕਟਰ ਦੀ ਸਲਾਹ ਮੰਨਣੀ ਕਾਫ਼ੀ ਮੁਸ਼ਕਲ ਸੀ, ਕਿਉਂਕਿ ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਅੱਗੇ ਮੀਂਹ ਦਾ ਮੌਸਮ ਕੇਹਾ ਰਹੇਗਾ ਤੇ ਇਹਦਾ ਉਨ੍ਹਾਂ ਦੇ ਪਰਿਵਾਰ 'ਤੇ ਕੀ ਅਸਰ ਪਵੇਗਾ।

ਸਾਨੀਆ ਦੇ ਪਿਤਾ, ਜਾਵੇਦ, ਜਿਨ੍ਹਾਂ ਕੋਲ਼ ਇੱਕ ਏਕੜ ਜ਼ਮੀਨ ਹੈ, ਨੇ 2019 ਤੇ 2021 ਦੇ ਹੜ੍ਹਾਂ ਦੌਰਾਨ ਕਰੀਬ 100,000 ਕਿਲੋ ਤੋਂ ਵੱਧ ਗੰਨੇ ਤੋਂ ਹੱਥ ਧੋ ਲਿਆ। 2022 ਵਿੱਚ ਫਿਰ ਤੋਂ ਵਰ੍ਹੇ ਤੇਜ਼ ਮੀਂਹ ਤੇ ਵਰਨਾ ਨਦੀਂ ਦੇ ਉਛਾਲ਼ ਨੇ ਉਨ੍ਹਾਂ ਦੀ ਬਹੁਤੇਰੀ ਉਪਜ ਮਲ਼ੀਆਮੇਟ ਕਰ ਦਿੱਤੀ।

''2019 ਦੇ ਹੜ੍ਹਾਂ ਤੋਂ ਬਾਅਦ ਇਸ ਗੱਲ ਦੀ ਕੋਈ ਗਰੰਟੀ ਰਹੀ ਹੀ ਨਹੀਂ ਕਿ ਤੁਸੀਂ ਜੋ ਬੀਜੋਗੇ ਉਹਦਾ ਫ਼ਲ ਕੱਟ ਵੀ ਸਕੋਗੇ। ਇੱਥੇ ਹਰ ਕਿਸਾਨ ਨੂੰ ਘੱਟੋਘੱਟ ਦੋ ਵਾਰ ਫ਼ਸਲ ਬੀਜਣੀ ਪੈਂਦੀ ਹੈ। ਇਸ ਕਦਮ ਨਾਲ਼ ਉਤਪਾਦਨ ਲਾਗਤ ਦੋਗੁਣੀ ਹੋ ਜਾਂਦੀ ਹੈ, ਪਰ ਵਾਢੀ ਤੋਂ ਬਾਅਦ ਵੀ ਬਹੁਤੀ ਵਾਰੀ ਹੱਥ ਸੱਖਣੇ ਹੀ ਰਹਿ ਜਾਂਦੇ ਹਨ। ਇਨ੍ਹਾਂ ਸਭ ਕਾਰਨਾਂ ਕਰਕੇ  ਖੇਤੀ-ਧੰਦਾ ਹੋਰ ਅਸਥਿਰ ਬਣ ਕੇ ਰਹਿ ਗਿਆ ਹੈ।

The floods of 2019 destroyed sugarcane fields (left) and harvested tomatoes (right) in Khochi, a village adjacent to Bhendavade in Kolhapur district
PHOTO • Sanket Jain
The floods of 2019 destroyed sugarcane fields (left) and harvested tomatoes (right) in Khochi, a village adjacent to Bhendavade in Kolhapur district
PHOTO • Sanket Jain

ਕੋਲ੍ਹਾਪੁਰ ਜ਼ਿਲ੍ਹੇ ਦੇ ਭੇਂਡਵੜੇ ਦੇ ਨਾਲ਼ ਲੱਗਦੇ ਪਿੰਡ ਵਿੱਚ 2019 ਦੇ ਹੜ੍ਹ ਨੇ ਖੇਤਾਂ ਵਿੱਚ ਖੜ੍ਹੀ ਕਮਾਦ ਦੀ ਫ਼ਸਲ (ਖੱਬੇ) ਤਬਾਹ ਕਰ ਸੁੱਟੀ ਅਤੇ ਟਮਾਟਰਾਂ (ਸੱਜੇ) ਦਾ ਵੀ ਇਹੀ ਹਾਲ ਹੋਇਆ

ਇਸ ਤੋਂ ਬਾਅਦ ਨਿੱਜੀ ਸ਼ਾਹੂਕਾਰਾਂ ਕੋਲ਼ੋਂ ਉੱਚੀਆਂ ਵਿਆਜ ਦਰਾਂ 'ਤੇ ਉਧਾਰੀ ਚੁੱਕਣੀ ਇੱਕ ਮਜ਼ਬੂਰੀ ਬਣ ਜਾਂਦਾ ਹੈ ਤੇ ਬੰਦਾ ਆਪਣਾ ਸਿਰ ਆਪ ਹੀ ਉੱਖਲੀ 'ਚ ਦੇ ਦਿੰਦਾ ਹੈ। ''ਜਿਓਂ ਮਹੀਨੇ ਦੀ ਕਿਸ਼ਤ ਤਾਰਨ ਦੀ ਤਰੀਕ ਨੇੜੇ ਆਉਂਦੀ ਜਾਂਦੀ ਹੈ, ਤੁਸੀਂ ਦੇਖੋਗੇ ਚਿੰਤਾ ਦੇ ਸਤਾਏ ਲੋਕੀਂ ਹਸਪਤਾਲ ਦੇ ਗੇੜੇ ਲਾਉਣ ਲੱਗਦੇ ਹਨ,'' ਸਾਨੀਆ ਅੱਗੇ ਕਹਿੰਦੀ ਹਨ।

ਵੱਧਦਾ ਜਾਂਦਾ ਕਰਜਾ ਤੇ ਕਿਸੇ ਹੋਰ ਹੜ੍ਹ ਦੇ ਆਉਣ ਦਾ ਖ਼ਦਸ਼ਾ ਹੀ ਸਾਨੀਆ ਨੂੰ ਚੱਤੋ ਪਹਿਰ ਚਿੰਤਾ ਵਿੱਚ ਡੋਬੀ ਰੱਖਦਾ ਹੈ। ਕੋਲ੍ਹਾਪੁਰ ਸਥਿਤ ਕਲੀਨਿਕਲ ਮਨੋਵਿਗਿਆਨੀ ਸ਼ਾਲਮਾਲੀ ਰਣਮਾਲੇ ਕਾਕੜੇ ਕਹਿੰਦੀ ਹਨ,''ਅਕਸਰ, ਕਿਸੇ ਕੁਦਰਤੀ ਆਫ਼ਤ ਦੇ ਆਉਣ ਬਾਅਦ, ਲੋਕੀਂ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਲੋੜੀਂਦੀ ਕੋਸ਼ਿਸ਼ ਕਰਨ ਦੇ ਸਮਰੱਥ ਨਹੀਂ ਰਹਿ ਜਾਂਦੇ। ਇਹ ਇਸਲਈ ਨਹੀਂ ਕਿ ਉਹ ਕਰਨਾ ਨਹੀਂ ਚਾਹੁੰਦੇ; ਉਹ ਸਮਰੱਥ ਰਹਿ ਹੀ ਨਹੀਂ ਜਾਂਦੇ।'' ਗੱਲ ਜਾਰੀ ਰੱਖਦਿਆਂ ਉਹ ਕਹਿੰਦੀ ਹਨ,''ਅਖ਼ੀਰ ਇਹ ਸਭ ਲਾਚਾਰੀ, ਨਿਰਾਸ਼ਾ ਤੇ ਗਮਗੀਨ ਭਾਵਨਾਵਾਂ ਦਾ ਕਾਰਨ ਬਣਦਾ ਹੈ ਫਿਰ ਉਨ੍ਹਾਂ ਦਾ ਸੁਭਾਅ ਪ੍ਰਭਾਵਤ ਹੋਣ ਲੱਗਦਾ ਹੈ ਤੇ ਚਿੰਤਾ ਉਨ੍ਹਾਂ ਦੇ ਮਨਾਂ ਵਿੱਚ ਘਰ ਕਰ ਜਾਂਦੀ ਹੈ।''

ਜਲਵਾਯੂ ਤਬਦੀਲੀ 'ਤੇ ਸੰਯੁਕਤ ਰਾਸ਼ਟਰ ਦੇ ਅੰਤਰ-ਸਰਕਾਰੀ ਪੈਨਲ (ਆਈਪੀਸੀਸੀ) ਨੇ ਪਹਿਲੀ ਵਾਰ ਇਸ ਗੱਲ ਨੂੰ ਉਜਾਗਰ ਕੀਤਾ ਹੈ ਕਿ ਜਲਵਾਯੂ ਤਬਦੀਲੀ ਲੋਕਾਂ ਦੀ ਮਾਨਸਿਕ ਸਿਹਤ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹਨ: ''ਅਧਿਐਨ ਵਿੱਚ ਸ਼ਾਮਲ ਸਾਰੇ ਖੇਤਰਾਂ ਵਿੱਚ ਆਲਮੀ ਤਪਸ਼ ਕਾਰਨ ਚਿੰਤਾ ਤੇ ਤਣਾਓ ਜਿਹੀਆਂ ਦਿਮਾਗ਼ੀ ਸਿਹਤ ਨਾਲ਼ ਜੁੜੀਆਂ ਚੁਣੌਤੀਆਂ ਵੱਧਦੀਆਂ ਜਾ ਰਹੀਆਂ ਹਨ। ਖ਼ਾਸ ਕਰਕੇ ਗਭਰੇਟ, ਬਜ਼ੁਰਗ ਅਤੇ ਪਹਿਲਾਂ ਤੋਂ ਬੀਮਾਰ ਚੱਲ ਰਹੇ ਲੋਕ ਇਸ ਤੋਂ ਵੱਧ ਪ੍ਰਭਾਵਤ ਹੋ ਰਹੇ ਹਨ।''

*****

18 ਸਾਲਾ ਐਸ਼ਵਰਿਆ ਬਿਰਾਜਦਾਰ ਨੇ 2021 ਦੇ ਹੜ੍ਹਾਂ ਦੇ ਨਾਲ਼ ਆਪਣੇ ਸੁਪਨਿਆਂ ਨੂੰ ਵੀ ਰੜ੍ਹਦੇ ਦੇਖਿਆ।

ਪਾਣੀ ਲੱਥਣ ਤੋਂ ਬਾਅਦ, ਭੇਂਡਵੜੇ ਦੀ ਇਸ ਦੌੜਾਕ ਤੇ ਤਾਈਕਵਾਂਡੋ ਚੈਪੀਅਨ ਨੇ ਆਪਣਾ ਘਰ ਸਾਫ਼ ਕਰਨ ਲਈ 15 ਦਿਨਾਂ ਵਿੱਚ 100 ਘੰਟੇ ਲਗਾਤਾਰ ਕੰਮ ਕੀਤਾ। ''ਸੜਾਂਦ ਤਾਂ ਕਦੇ ਗਈ ਹੀ ਨਹੀਂ; ਤੇ ਕੰਧਾਂ ਨੂੰ ਦੇਖ ਕੇ ਇੰਝ ਜਾਪਦਾ ਜਿਵੇਂ ਕਿਸੇ ਵੇਲ਼ੇ ਵੀ ਢੇਰ ਹੋ ਸਕਦੀਆਂ ਸਨ,'' ਉਹ ਕਹਿੰਦੀ ਹਨ।

ਜ਼ਿੰਦਗੀ ਨੂੰ ਮੁੜ ਪਟੜੀ 'ਤੇ ਆਉਣ ਲਈ ਸਾਨੂੰ ਕਰੀਬ 45 ਦਿਨ ਲੱਗੇ। ''ਜੇ ਤੁਸੀਂ ਇੱਕ ਦਿਨ ਵੀ ਟ੍ਰੇਨਿੰਗ ਨਹੀਂ ਲੈਂਦੇ, ਤੁਹਾਨੂੰ ਕੁਝ ਚੰਗਾ ਨਹੀਂ ਲੱਗਦਾ,'' ਉਹ ਦੱਸਦੀ ਹੈ। 45 ਦਿਨਾਂ ਤੱਕ ਟ੍ਰੇਨਿੰਗ ਨਾ ਲਏ ਹੋਣ ਦਾ ਮਤਲਬ ਨਿਕਲ਼ਦਾ ਹੈ ਕਿ ਤੁਹਾਨੂੰ ਹੁਣ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਣੀ ਸੀ। ''ਪਰ ਮੇਰੀ ਊਰਜਾ ਬਹੁਤ ਘੱਟ ਗਈ ਹੈ ਕਿਉਂਕਿ ਸਾਡੇ ਕੋਲ਼ੋਂ ਦੂਹਰੀ ਟ੍ਰੇਨਿੰਗ ਲੈਣ ਦੀ ਉਮੀਦ ਕੀਤੀ ਜਾਂਦੀ ਹੈ ਜਦੋਂਕਿ ਸਾਡੀ ਪਲੇਟ ਵਿੱਚ ਭੋਜਨ ਅੱਧਾ ਹੀ ਰਹਿ ਗਿਆ ਹੈ। ਇੰਝ ਸਾਡੀ ਸਿਹਤ ਡਿੱਗਦੀ ਜਾਂਦੀ ਹੈ ਤੇ ਤਣਾਓ ਦਾ ਕਾਰਨ ਬਣਦਾ ਹੈ,'' ਉਹ ਕਹਿੰਦੀ ਹਨ।

Sprinter and Taekwondo champion Aishwarya Birajdar (seated behind in the first photo) started experiencing heightened anxiety after the floods of 2021. She often skips her training sessions to help her family with chores on the farm and frequently makes do with one meal a day as the family struggles to make ends meet
PHOTO • Sanket Jain
Sprinter and Taekwondo champion Aishwarya Birajdar (seated behind in the first photo) started experiencing heightened anxiety after the floods of 2021. She often skips her training sessions to help her family with chores on the farm and frequently makes do with one meal a day as the family struggles to make ends meet
PHOTO • Sanket Jain

ਤੇਜ਼ ਦੌੜਾਕ ਅਤੇ ਤਾਈਕਵਾਂਡੋ ਚੈਂਪੀਅਨ ਐਸ਼ਵਰਿਆ ਬਿਰਾਜਦਾਰ (ਪਹਿਲੀ ਫੋ਼ਟੋ ਵਿੱਚ ਪਿਛਾਂਹ ਬੈਠੀ ਹੋਈ) ਨੂੰ 2021 ਦੇ ਹੜ੍ਹਾਂ ਤੋਂ ਬਾਅਦ ਉੱਚ-ਤਣਾਓ ਦੀ ਹਾਲਤ ਨੇ ਘੇਰਿਆ ਹੋਇਆ ਹੈ। ਖੇਤੀ ਦੇ ਕੰਮਾਂ ਵਿੱਚ ਪਰਿਵਾਰ ਦੀ ਮਦਦ ਕਰਨ ਲਈ ਉਹ ਟ੍ਰੇਨਿੰਗ ਸੈਸ਼ਨਾਂ 'ਤੇ ਨਹੀਂ ਜਾਂਦੀ ਤੇ ਪਰਿਵਾਰ ਆਪਣਾ ਗੁਜ਼ਰ-ਬਸਰ ਕਰਦਾ ਰਹੇ ਇਸ ਕਾਰਨ ਉਹ ਇੱਕੋ ਡੰਗ ਖਾਣਾ ਖਾਂਦੀ ਹਨ

ਹੜ੍ਹ ਦਾ ਪਾਣੀ ਲੱਥਣ ਤੋਂ ਬਾਅਦ, ਸਾਨੀਆ ਤੇ ਐਸ਼ਵਰਿਆ ਦੇ ਮਾਪਿਆਂ ਕੋਲ਼ ਅਗਲੇ ਤਿੰਨ ਮਹੀਨੇ ਕੋਈ ਕੰਮ ਨਾ ਰਿਹਾ ਕਿਉਂਕਿ ਪਿੰਡ ਮੁੜ ਪੈਰਾਂ 'ਤੇ ਹੋਣ ਲਈ ਜੱਦੋਜਹਿਦ ਕਰ ਰਿਹਾ ਸੀ। ਜਾਵੇਦ, ਜੋ ਖੇਤੀ ਵਿੱਚ ਘੱਟ ਹੁੰਦੀ ਜਾਂਦੀ ਆਮਦਨੀ ਕਾਰਨ ਉਹ ਮਿਸਤਰੀ ਵਜੋਂ ਵੀ ਕੰਮ ਕਰਦੇ ਹਨ, ਨੂੰ ਵੀ ਕਿਤੇ ਕੋਈ ਕੰਮ ਨਹੀਂ ਮਿਲ਼ਿਆ ਕਿਉਂਕਿ ਉਸਾਰੀਆਂ ਦਾ ਕੰਮ ਵੀ ਠੱਪ ਪੈ ਗਿਆ ਹੋਇਆ ਸੀ। ਖੇਤ ਪਾਣੀ ਵਿੱਚ ਡੁੱਬੇ ਹੋਏ ਸਨ ਜਿਸ ਕਾਰਨ ਐਸ਼ਵਰਿਆ ਦੇ ਮਾਪਿਆਂ ਨੂੰ, ਜੋ ਮੁਜ਼ਾਰੇ ਕਿਸਾਨ ਤੇ ਖੇਤ ਮਜ਼ਦੂਰ ਹਨ, ਵੀ ਇਹੀ ਕੁਝ ਝੱਲਣਾ ਪਿਆ।

ਸਿਰ 'ਤੇ ਖੜ੍ਹੇ ਕਰਜੇ ਤੇ ਵੱਧਦੇ ਵਿਆਜ ਦੀ ਜਿਲ੍ਹਣ ਨੂੰ ਧਿਆਨ ਵਿੱਚ ਰੱਖ ਕੇ ਪਰਿਵਾਰ ਨੂੰ ਮਜ਼ਬੂਰਨ ਭੋਜਨ ਵਿੱਚ ਕਟੌਤੀ ਕਰਨ ਜਿਹੇ ਤਰੀਕਿਆਂ ਦਾ ਸਹਾਰਾ ਲੈਣਾ ਪਿਆ। ਐਸ਼ਵਰਿਆ ਤੇ ਸਾਨੀਆ ਨੇ ਚਾਰ ਮਹੀਨਿਆਂ ਤੱਕ ਸਿਰਫ਼ ਇੱਕੋ ਡੰਗ ਖਾਣਾ ਖਾ ਕੇ ਗੁਜ਼ਾਰਾ ਕੀਤਾ ਤੇ ਕਈ ਵਾਰੀਂ ਤਾਂ ਇੱਕ ਡੰਗ ਵੀ ਨਾ ਮਿਲ਼ਦਾ।

ਇਨ੍ਹਾਂ ਨੌਜਵਾਨ ਮਹਿਲਾ-ਖਿਡਾਰੀਆਂ ਨੂੰ ਇਹ ਤੱਕ ਨਹੀਂ ਚੇਤੇ ਕਿ ਉਨ੍ਹਾਂ ਨੇ ਆਪਣੇ ਮਾਪਿਆਂ ਦੀ ਮਦਦ ਖ਼ਾਤਰ ਕਿੰਨੀਆਂ ਰਾਤਾਂ ਖਾਲੀ ਢਿੱਡ ਕੱਟੀਆਂ ਹਨ। ਇਨ੍ਹਾਂ ਫ਼ਾਕਿਆਂ ਨੇ ਉਨ੍ਹਾਂ ਦੀ ਸਿਖਲਾਈ ਤੇ ਪ੍ਰਦਰਸ਼ਨ ਨੂੰ ਪ੍ਰਭਾਵਤ ਕੀਤਾ। ''ਮੇਰਾ ਸਰੀਰ ਹੁਣ ਕਠੋਰ ਕਸਰਤ ਨਹੀਂ ਕਰ ਪਾਉਂਦਾ,'' ਸਾਨੀਆ ਕਹਿੰਦੀ ਹਨ।

ਜਦੋਂ ਸਾਨੀਆ ਤੇ ਐਸ਼ਵਰਿਆ ਨੂੰ ਪਹਿਲੀ ਦਫ਼ਾ ਤਣਾਓ ਮਹਿਸੂਸ ਹੋਇਆ ਤਾਂ ਉਨ੍ਹਾਂ ਨੇ ਇਸਨੂੰ ਬਹੁਤੀ ਗੰਭੀਰਤਾ ਨਾਲ਼ ਨਾ ਲਿਆ- ਜਦੋਂ ਤੱਕ ਕਿ ਉਨ੍ਹਾਂ ਨੂੰ ਇਹ ਅਹਿਸਾਸ ਨਹੀਂ ਹੋ ਗਿਆ ਕਿ ਹੋਰ ਖਿਡਾਰੀਆਂ ਅੰਦਰ ਇਹ ਸਮੱਸਿਆ ਕਿਤੇ ਵੱਧ ਮੌਜੂਦ ਸੀ। ''ਹੜ੍ਹ-ਪ੍ਰਭਾਵਤ ਸਾਡੇ ਸਾਰੇ ਦੋਸਤ ਇੱਕੋ ਜਿਹੇ ਹੀ ਲੱਛਣਾਂ ਬਾਰੇ ਗੱਲ ਕਰਦੇ,'' ਐਸ਼ਵਰਿਆ ਕਹਿੰਦੀ ਹਨ। ''ਇਉਂ ਲੱਗਦਾ ਜਿਵੇਂ ਮੈਨੂੰ ਡੂੰਘੇ ਤਣਾਓ ਨੇ ਘੇਰ ਲਿਆ ਹੋਵੇ, ਬਹੁਤਾ ਸਮਾਂ ਮੈਂ ਉਦਾਸੀਨ ਰਹਿੰਦੀ ਹਾਂ,'' ਸਾਨੀਆ ਗੱਲ ਪੂਰੀ ਕਰਦੀ ਹਨ।

ਹਾਟਕਨੰਗਲੇ ਦੇ ਤਾਲੁਕਾ ਸਿਹਤ ਅਧਿਕਾਰੀ, ਡਾ. ਪ੍ਰਸਾਦ ਦਾਤਾਰ ਕਹਿੰਦੇ ਹਨ,''2020 ਤੋਂ ਬਾਅਦ ਹੀ ਅਸੀਂ ਦੇਖਿਆ ਹੈ ਕਿ ਪਹਿਲਾ ਮੀਂਹ (ਕਈ ਵਾਰੀਂ ਜੂਨ) ਆਉਂਦਿਆਂ ਹੀ ਲੋਕਾਂ ਅੰਦਰ ਹੜ੍ਹ ਦਾ ਸਹਿਮ ਛਾ ਗਿਆ। ਇਹ ਜਾਣਦੇ ਹੋਏ ਵੀ ਕਿ ਹੜ੍ਹਾਂ ਦਾ ਕੋਈ ਹੱਲ ਹੀ ਨਹੀਂ, ਲੋਕ-ਮਨਾਂ ਅੰਦਰਲਾ ਡਰ ਵੱਧਦਾ ਜਾਂਦਾ ਰਹਿੰਦਾ ਹੈ ਤੇ ਅਖ਼ੀਰ ਗੰਭੀਰ ਬੀਮਾਰੀਆਂ ਦਾ ਸਬਬ ਬਣਦਾ ਹੈ ਤੇ ਲੋਕਾਂ ਦੀ ਮਾਨਸਿਕ ਸਿਹਤ ਨੂੰ ਪ੍ਰਭਾਵਤ ਕਰਦਾ ਹੈ।''

2021 ਤੱਕ ਕਰੀਬ ਇੱਕ ਦਹਾਕੇ ਤੱਕ ਸ਼ਿਰੋਲ ਤਾਲੁਕਾ ਦੇ 54 ਪਿੰਡਾਂ ਦੀ ਸੇਵਾ ਕਰਨ ਵਾਲ਼ੇ ਡਾ. ਪ੍ਰਸਾਦ ਨੇ ਹੜ੍ਹ ਪ੍ਰਭਾਵਤ ਇਲਾਕਿਆਂ ਵਿੱਚ ਸਿਹਤ ਸੇਵਾ ਪ੍ਰੋਗਰਾਮ ਲਾਗੂ ਕੀਤੇ। ''ਕਈ ਮਾਮਲਿਆਂ ਵਿੱਚ (ਹੜ੍ਹਾਂ ਤੋਂ ਬਾਅਦ) ਲੋਕਾਂ ਅੰਦਰ ਮਾਨਸਿਕ ਤਣਾਅ ਇੰਨਾ ਜ਼ਿਆਦਾ ਹੈ ਕਿ ਉਨ੍ਹਾਂ ਵਿੱਚੋਂ ਕਈ ਹਾਈਪਰਟੈਨਸ਼ਨ ਜਾਂ ਮਾਨਸਿਕ ਬਿਮਾਰੀ ਦੇ ਸ਼ਿਕਾਰ ਹੋ ਗਏ ਹਨ।''

Shirol was one of the worst affected talukas in Kolhapur during the floods of 2019 and 2021
PHOTO • Sanket Jain

ਸਾਲ 2019 ਤੇ 2021 ਵਿੱਚ ਆਏ ਹੜ੍ਹ ਦੌਰਾਨ ਸ਼ਿਰੋਲ, ਕੋਲ੍ਹਾਪੁਰ ਦੀ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਤਾਲੁਕਾਵਾਂ ਵਿੱਚੋਂ ਇੱਕ ਸੀ

Flood water in the village of Udgaon in Kolhapur’s Shirol taluka . Incessant and heavy rains mean that the fields remain submerged and inaccessible for several days, making it impossible to carry out any work
PHOTO • Sanket Jain

ਕੋਲ੍ਹਾਪੁਰ ਦੀ ਸ਼ਿਰੋਲ ਤਾਲੁਕਾ ਦੇ ਓਦਗਾਓਂ ਵਿੱਚ ਹੜ੍ਹ ਦਾ ਪਾਣੀ। ਨਿਰੰਤਰ ਪੈਣ ਵਾਲ਼ੇ ਤੇਜ਼ ਮੀਂਹ ਦਾ ਮਤਲਬ ਹੈ ਕਿ ਕਈ ਦਿਨਾਂ ਤੱਕ ਖੇਤਾਂ ਦਾ ਡੁੱਬੇ ਰਹਿਣਾ ਜਿਸ ਕਾਰਨ ਲੰਬੇ ਸਮੇਂ ਤੀਕਰ ਜ਼ਮੀਨ ਖੇਤੀ ਲਾਇਕ ਰਹਿੰਦੀ ਨਹੀਂ, ਸੋ ਕੋਈ ਵੀ ਕੰਮ ਕਰਨਾ ਅਸੰਭਵ ਬਣਿਆ ਰਹਿੰਦਾ ਹੈ

ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ ਦੇ ਅੰਕੜਿਆਂ ਮੁਤਾਬਕ, ਸਾਲ 2015 ਤੋਂ 2019 ਦਰਮਿਆਨ ਕੋਲ੍ਹਾਪੁਰ ਜ਼ਿਲ੍ਹੇ ਵਿੱਚ ਬਾਲਗ਼ ਔਰਤਾਂ (15-49 ਸਾਲ) ਵਿੱਚ ਉੱਚ ਲਹੂ-ਦਬਾਅ (ਹਾਈਪਰਟੈਨਸ਼ਨ) ਮਾਮਲਿਆਂ ਵਿੱਚ 72 ਫ਼ੀਸਦ ਤੱਕ ਦਾ ਵਾਧਾ ਹੋਇਆ ਹੈ। ਕਰਨਾਟਕ ਦੇ ਕੋਡਾਗੂ ਜ਼ਿਲ੍ਹੇ ਵਿੱਚ 2018 ਦੇ ਹੜ੍ਹ ਤੋਂ ਪ੍ਰਭਾਵਤ ਹੋਏ 171 ਲੋਕਾਂ 'ਤੇ ਕੀਤੇ ਗਏ ਇੱਕ ਅਧਿਐਨ ਵਿੱਚ ਦੇਖਿਆ ਗਿਆ ਕਿ 66.7 ਪ੍ਰਤੀਸ਼ਤ ਲੋਕਾਂ ਵਿੱਚ ਨਿਰਾਸ਼ਾ, ਸੋਮੈਟਿਕ ਡਿਸਆਰਡਰ (ਦਿਲ ਕਮਜ਼ੋਰ ਪੈ ਜਾਣਾ), ਨਸ਼ੀਲੀ ਪਦਾਰਥਾਂ ਦੀ ਆਦਤ ਲੱਗਣਾ, ਨੀਂਦ ਨਾ ਆਉਣ ਜਿਹੀਆਂ ਸਮੱਸਿਆਵਾਂ ਤੇ ਤਣਾਓ ਦੇ ਲੱਛਣ ਦਿੱਸੇ ਸਨ।

ਇੱਕ ਹੋਰ ਅਧਿਐਨ ਵਿੱਚ ਇਹ ਤੱਥ ਸਾਹਮਣੇ ਆਇਆ ਹੈ ਕਿ ਤਮਿਲਨਾਡੂ ਦੇ ਚੇਨੱਈ ਤੇ ਕੁਡਲੌਰ ਵਿੱਚ ਦਸੰਬਰ 2015 ਵਿੱਚ ਆਏ ਹੜ੍ਹ ਕਾਰਨ ਪ੍ਰਭਾਵਤ 45.29 ਪ੍ਰਤੀਸ਼ਤ ਲੋਕ ਮਾਨਸਿਕ ਰੋਗ ਤੋਂ ਪੀੜਤ ਦੇਖੇ ਗਏ ਸਨ; ਸਰਵੇਖਣ ਵਿੱਚ ਸ਼ਾਮਲ 223 ਵਿੱਚੋਂ 101 ਲੋਕ ਅਵਸਾਦਗ੍ਰਸਤ ਪਾਏ ਗਏ।

ਵਿਸ਼ਾਲ ਚਵਾਨ, ਜੋ ਭੇਂਡਵੜੇ ਵਿੱਚ 30 ਤਾਈਕਵਾਂਡੋ ਵਿਦਿਆਰਥੀਆਂ ਨੂੰ ਟ੍ਰੇਨਿੰਗ ਦਿੰਦੇ ਹਨ, ਨੇ ਵੀ ਨੌਜਵਾਨ ਖਿਡਾਰੀਆਂ ਦੀ ਮਾਨਸਿਕ ਸਿਹਤ 'ਤੇ ਇਸ ਤਰ੍ਹਾਂ ਦੇ ਪ੍ਰਭਾਵਾਂ ਦੀ ਪੁਸ਼ਟੀ ਕੀਤੀ ਹੈ। ''ਸਾਲ 2019 ਤੋਂ ਬਾਅਦ ਤੋਂ, ਕਾਫ਼ੀ ਸਾਰੇ ਵਿਦਿਆਰਥੀਆਂ ਨੇ ਇਨ੍ਹਾਂ ਹਾਲਾਤਾਂ ਕਾਰਨ ਖੇਡਣਾ ਹੀ ਛੱਡ ਦਿੱਤਾ ਹੈ।'' ਉਨ੍ਹਾਂ ਪਾਸੋਂ ਟ੍ਰੇਨਿੰਗ ਲੈਣ ਵਾਲ਼ੀ ਐਸ਼ਵਰਿਆ ਵੀ ਐਥਲੈਟਿਕਸ ਅਤੇ ਮਾਰਸ਼ਲ ਆਰਟ ਨੂੰ ਕਰੀਅਰ ਵਜੋਂ ਅਪਣਾਉਣ ਦੀ ਯੋਜਨਾ 'ਤੇ ਮੁੜ-ਮੁੜ ਵਿਚਾਰ ਕਰ ਰਹੀ ਹੈ।

ਸਾਲ 2019 ਦੇ ਹੜ੍ਹ ਤੋਂ ਪਹਿਲਾਂ, ਐਸ਼ਵਰਿਆ ਨੇ ਚਾਰ ਏਕੜ ਵਿੱਚ ਕਮਾਦ ਦੀ ਖੇਤੀ ਕਰਨ ਵਿੱਚ ਪਰਿਵਾਰ ਦੀ ਮਦਦ ਕੀਤੀ ਸੀ। ਉਹ ਕਹਿੰਦੀ ਹਨ,''24 ਘੰਟਿਆਂ ਦੇ ਅੰਦਰ ਹੜ੍ਹ ਦਾ ਪਾਣੀ ਗੰਨੇ ਦੇ ਖੇਤਾਂ ਵਿੱਚ ਵੜ੍ਹ ਗਿਆ ਤੇ ਫ਼ਸਲ ਪੂਰੀ ਤਰ੍ਹਾਂ ਨਾਲ਼ ਬਰਬਾਦ ਹੋ ਗਈ।''

ਉਨ੍ਹਾਂ ਦੇ ਮਾਪੇ ਮੁਜ਼ਾਰੇ ਕਿਸਾਨ ਹਨ ਤੇ ਉਨ੍ਹਾਂ ਨੂੰ ਆਪਣੀ ਉਪਜ ਦਾ 75 ਫ਼ੀਸਦ ਹਿੱਸਾ ਭੂ-ਮਾਲਕ ਨੂੰ ਦੇਣਾ ਪੈਂਦਾ ਹੈ। ਉਨ੍ਹਾਂ ਦੇ 47 ਸਾਲਾ ਪਿਤਾ ਰਾਓਸਾਹਬ ਕਹਿੰਦੇ ਹਨ,''ਸਰਕਾਰ ਨੇ 2019 ਤੇ 2021 ਦੇ ਹੜ੍ਹ ਤੋਂ ਬਾਅਦ ਕੋਈ ਮੁਆਵਜ਼ਾ ਨਹੀਂ ਦਿੱਤਾ; ਜੇ ਕੋਈ ਮੁਆਵਜ਼ਾ ਮਿਲ਼ਿਆ ਵੀ ਹੁੰਦਾ ਤਾਂ ਉਹ ਵੀ ਭੂ-ਮਾਲਕ ਦੀ ਜੇਬ੍ਹ ਵਿੱਚ ਹੀ ਜਾਣਾ ਸੀ।''

2019 ਦੇ ਹੜ੍ਹ (ਇਕੱਲੇ) ਵਿੱਚ ਉਨ੍ਹਾਂ ਦਾ 240,000 ਕਿਲੋ ਤੋਂ ਵੱਧ ਗੰਨਾ ਤਬਾਹ ਹੋ ਗਿਆ, ਜਿਹਦੀ ਕੀਮਤ ਕਰੀਬ 7.2 ਲੱਖ ਰੁਪਏ ਸੀ। ਹੁਣ ਰਾਓਸਾਹਬ ਅਤੇ ਉਨ੍ਹਾਂ ਦੀ 40 ਸਾਲਾ ਪਤਨੀ ਸ਼ਾਰਦਾ ਖੇਤ ਮਜ਼ਦੂਰੀ ਕਰਨ ਨੂੰ ਮਜ਼ਬੂਰ ਹਨ। ਅਕਸਰ ਐਸ਼ਵਰਿਆ ਵੀ ਕੰਮਕਾਰ ਵਿੱਚ ਉਨ੍ਹਾਂ ਦੀ ਮਦਦ ਕਰਨ ਲਈ ਦਿਨ ਵਿੱਚ ਦੋ ਵਾਰੀਂਆਂ ਮੱਝਾਂ/ਗਾਵਾਂ ਚੋਂਦੀ ਹਨ। ਸ਼ਾਰਦਾ ਕਹਿੰਦੀ ਹਨ,''ਹੜ੍ਹ ਤੋਂ ਬਾਅਦ ਘੱਟੋਘੱਟ ਚਾਰ ਮਹੀਨਿਆਂ ਤੱਕ ਕੋਈ ਕੰਮ ਨਹੀਂ ਮਿਲ਼ਦਾ, ਕਿਉਂਕਿ ਖੇਤ ਡੁੱਬੇ ਹੁੰਦੇ ਹਨ ਤੇ ਮਿੱਟੀ ਨੂੰ ਦੋਬਾਰਾ ਜਰਖੇਜ਼ ਹੁੰਦਿਆਂ ਸਮਾਂ ਲੱਗ ਜਾਂਦਾ ਹੈ।''

Aishwarya, who has to help her tenant-farmer parents on the fields as they struggle to stay afloat, is now considering giving up her plan of pursuing a career in sports
PHOTO • Sanket Jain

ਐਸ਼ਵਰਿਆ, ਆਪਣੇ ਮੁਜ਼ਾਰੇ ਕਿਸਾਨ ਮਾਪਿਆਂ ਦੀ ਮਦਦ ਕਰਨ ਲਈ ਖੇਤਾਂ ਵਿੱਚ ਕੰਮ ਕਰਦੀ ਹਨ ਕਿਉਂਕਿ ਉਹ ਤਾਂ ਪਹਿਲਾਂ ਹੀ ਆਪਣੇ ਵਜੂਦ ਦੀ ਲੜਾਈ ਲੜ ਰਹੇ ਹਨ। ਹੁਣ ਉਹ ਖੇਡ ਨੂੰ  ਕਰੀਅਰ ਵਜੋਂ ਅਪਣਾਉਣ ਦੀ ਯੋਜਨਾ 'ਤੇ ਮੁੜ-ਮੁੜ ਵਿਚਾਰ ਕਰ ਰਹੀ ਹਨ

Along with training for Taekwondo and focussing on her academics, Aishwarya spends several hours in the fields to help her family
PHOTO • Sanket Jain
With the floods destroying over 240,000 kilos of sugarcane worth Rs 7.2 lakhs in 2019 alone, Aishwarya's parents Sharada and Raosaheb are forced to double up as agricultural labourers
PHOTO • Sanket Jain

ਖੱਬੇ: ਤਾਈਕਵਾਂਡੋ ਦੀ ਟ੍ਰੇਨਿੰਗ ਤੇ ਆਪਣੀ ਪੜ੍ਹਾਈ 'ਤੇ ਧਿਆਨ ਕੇਂਦਰਤ ਕਰਨ ਦੇ ਨਾਲ਼-ਨਾਲ਼, ਐਸ਼ਵਰਿਆ ਆਪਣੇ ਪਰਿਵਾਰ ਦੀ ਮਦਦ ਵਾਸਤੇ ਕਈ ਘੰਟੇ ਖੇਤਾਂ ਵਿੱਚ ਕੰਮ ਕਰਦੀ ਹਨ। ਸੱਜੇ: 2019 ਦੇ ਹੜ੍ਹ (ਇਕੱਲੇ) ਵਿੱਚ ਉਨ੍ਹਾਂ ਦਾ 240,000 ਕਿਲੋ ਤੋਂ ਵੱਧ ਗੰਨਾ ਤਬਾਹ ਹੋ ਗਿਆ, ਜਿਹਦੀ ਕੀਮਤ ਕਰੀਬ 7.2 ਲੱਖ ਰੁਪਏ ਸੀ, ਜਿਸ ਕਾਰਨ ਹੁਣ ਐਸ਼ਵਰਿਆ ਦੇ ਮਾਪੇ, ਸ਼ਾਰਦਾ ਤੇ ਰਾਓਸਾਹਬ ਬਤੌਰ ਖੇਤ ਮਜ਼ਦੂਰ ਕੰਮ ਕਰਨ ਨੂੰ ਮਜ਼ਬੂਰ ਹਨ

ਇਵੇਂ ਹੀ, ਸਾਲ 2021 ਹੜ੍ਹ ਦੌਰਾਨ ਰਾਓਸਾਹਬ ਨੂੰ 600 ਕਿਲੋ ਤੋਂ ਵੱਧ ਸੋਇਆਬੀਨ ਦੇ ਹੋਏ ਨੁਕਸਾਨ ਨੂੰ ਝੱਲਣਾ ਪਿਆ, ਜਿਹਦੀ ਕੀਮਤ 42,000 ਰੁਪਏ ਸੀ। ਘਰ ਦੇ ਅਜਿਹੇ ਹਾਲਾਤ ਦੇਖ ਕੇ ਐਸ਼ਵਰਿਆ ਖੇਡਾਂ ਨੂੰ ਆਪਣਾ ਕਰੀਅਰ ਬਣਾਉਣ ਦੇ ਵਿਚਾਰ ਨੂੰ ਲੈ ਕੇ ਦੁਚਿੱਤੀ ਵਿੱਚ ਘਿਰ ਗਈ ਹੈ। ਉਹ ਕਹਿੰਦੀ ਹਨ,''ਹੁਣ ਮੈਂ ਪੁਲਿਸ ਦੀ ਭਰਤੀ ਪ੍ਰੀਖਿਆ ਲਈ ਬਿਨੈ ਕਰਨ ਦਾ ਵਿਚਾਰ ਬਣਾ ਰਹੀ ਹਾਂ। ਖੇਡਾਂ ਦੀ ਦੁਨੀਆ ਵਿੱਚ ਕਰੀਅਰ ਬਣਾਉਣ ਨੂੰ ਉਮੀਦ ਵਜੋਂ ਦੇਖਣਾ ਖ਼ਤਰੇ ਭਰਿਆ ਕਦਮ ਹੈ, ਖ਼ਾਸਕਰਕੇ ਜਲਵਾਯੂ ਵਿੱਚ ਆਉਂਦੀਆਂ ਅਜਿਹੀਆਂ ਤਬਦੀਲੀਆਂ ਤਾਂ ਇਹੀ ਇਸ਼ਾਰਾ ਕਰਦੀਆਂ ਹਨ।''

''ਮੇਰੀ ਟ੍ਰੇਨਿੰਗ ਸਿੱਧੇ ਤੌਰ 'ਤੇ ਖੇਤਾਂ ਨਾਲ਼ ਜੁੜੀ ਹੋਈ ਹੈ,'' ਉਹ ਅੱਗੇ ਕਹਿੰਦੀ ਹਨ। ਜਲਵਾਯੂ ਤਬਦੀਲੀ ਦੀਆਂ ਘਟਨਾਵਾਂ ਕਾਰਨ ਡੂੰਘੇਰੇ ਹੁੰਦੇ ਖੇਤੀ ਸੰਕਟ ਤੇ ਉਨ੍ਹਾਂ ਦੇ ਪਰਿਵਾਰ ਦੀ ਰੋਜ਼ੀਰੋਟੀ 'ਤੇ ਵੱਧਦੇ ਖਤਰੇ ਤੇ ਜੀਵਨ-ਬਸਰ ਕਰਨ ਲਈ ਦਰਪੇਸ਼ ਆਉਂਦੀਆਂ ਮੁਸ਼ਕਲਾਂ ਕਾਰਨ, ਖੇਡ ਦੀ ਦੁਨੀਆ ਵਿੱਚ ਕਰੀਅਰ ਬਣਾਉਣ ਨੂੰ ਲੈ ਕੇ ਐਸ਼ਵਰਿਆ ਦਾ ਖ਼ਦਸ਼ਿਆਂ ਵਿੱਚ ਘਿਰੀ ਹੋਣਾ ਸਮਝ ਆਉਂਦਾ ਹੈ।

ਕੋਲ੍ਹਾਪੁਰ ਦੀ ਆਜਰੀ ਤਾਲੁਕਾ ਦੇ ਪੇਠੇਵਾੜੀ ਪਿੰਡ ਦੇ ਖੇਡ ਕੋਚ (ਸਪੋਰਟ ਕੋਚ) ਪਾਂਡੂਰੰਗ ਟੇਰਾਸੇ ਕਹਿੰਦੇ ਹਨ,''ਕਿਸੇ ਵੀ (ਜਲਵਾਯੂ) ਆਫ਼ਤ ਦੌਰਾਨ, ਮਹਿਲਾ ਐਥਲੀਟ ਸਭ ਤੋਂ ਵੱਧ ਪ੍ਰਭਾਵਤ ਹੁੰਦੀਆਂ ਹਨ। ਕਈ ਪਰਿਵਾਰ ਧੀਆਂ ਨੂੰ ਖੇਡਣ ਦੇਣ ਦੇ ਹੱਕ ਵਿੱਚ ਨਹੀਂ ਹੁੰਦੇ ਤੇ ਅਜਿਹੇ ਹਾਲਾਤਾਂ ਵਿੱਚ ਜਦੋਂ ਕੁੜੀਆਂ ਕੁਝ ਦਿਨਾਂ ਵਾਸਤੇ ਹੀ ਸਹੀ ਟ੍ਰੇਨਿੰਗ ਜਾਣਾ ਬੰਦ ਕਰਦੀਆਂ ਹਨ ਤਾਂ ਪਰਿਵਾਰ ਉਨ੍ਹਾਂ ਨੂੰ ਖੇਡਣਾ ਛੱਡ ਕੇ ਕਮਾਈ ਕਰਨ ਲਈ ਜ਼ੋਰ ਪਾਉਂਦੇ ਹਨ। ਇਸੇ ਕਾਰਨ ਕਰਕੇ ਉਨ੍ਹਾਂ ਦੀ ਮਾਨਸਿਕ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ।''

ਇਹ ਸਵਾਲ ਪੁੱਛੇ ਜਾਣ 'ਤੇ ਕਿ ਇਨ੍ਹਾਂ ਨੌਜਵਾਨ ਖਿਡਾਰੀਆਂ ਦੀ ਮਦਦ ਲਈ ਕੀ ਕੀਤਾ ਜਾ ਸਕਦਾ ਹੈ, ਕਲੀਨਿਕਲ ਸਾਈਕੋਲਾਜਿਸਟ ਕਾਕੜੇ ਕਹਿੰਦੇ ਹਨ,''ਪਹਿਲਾ ਕਦਮ ਇਹ ਹੋ ਸਕਦਾ ਹੈ ਕਿ ਅਸੀਂ ਉਨ੍ਹਾਂ ਦੇ ਮਨ ਦੀ ਸੁਣੀਏਂ ਤੇ ਉਨ੍ਹਾਂ ਨੂੰ ਆਪਣੀਆਂ ਭਾਵਨਾਵਾਂ ਨੂੰ ਖੋਲ੍ਹ ਕੇ ਦੱਸਣ ਦੇਈਏ, ਜੋ ਸਾਡੀ ਸਿਸਟਮਿਕ ਥੇਰੈਪੀ ਜਾਂ ਗ੍ਰੀਫ਼ ਕਾਊਂਸਲਿੰਗ ਦਾ ਹਿੱਸਾ ਹੈ। ਜਿਨ੍ਹਾਂ ਲੋਕਾਂ ਨੂੰ ਆਪਣੀਆਂ ਮੁਸ਼ਕਲਾਂ, ਜੀਵਨ ਦੀਆਂ ਪੇਚਦਗੀਆਂ ਨੂੰ ਸਾਂਝਾ ਕਰਨ ਦਾ ਮੌਕਾ ਮਿਲ਼ਦਾ ਹੈ ਤਾਂ ਉਹ ਰਾਹਤ ਮਹਿਸੂਸ ਕਰਦੇ ਹਨ, ਕਿਉਂਕਿ ਉਨ੍ਹਾਂ ਨੂੰ ਮਿਲ਼ਿਆ ਪ੍ਰਾਇਮਰੀ ਸੰਭਾਲ਼ ਗਰੁੱਪ ਦਾ ਸਹਾਰਾ ਇਲਾਜ ਲਈ ਮਦਦਗਾਰ ਸਾਬਤ ਹੁੰਦਾ ਹੈ।'' ਭਾਵੇਂਕਿ ਸੱਚਾਈ ਇਹ ਹੈ ਕਿ ਸਿਹਤ ਦੇ ਖੇਤਰ ਵਿੱਚ ਵਸੀਲਿਆਂ ਦੀ ਘਾਟ, ਬੁਨਿਆਦੀ ਢਾਂਚੇ ਦੀ ਘਾਟ ਤੇ ਇਲਾਜ ਲਾਗਤ ਵਧੇਰੇ ਆਉਣ ਕਾਰਨ ਕਰੋੜਾਂ ਭਾਰਤੀਆਂ ਨੂੰ ਮਾਨਸਿਕ ਸਬੰਧੀ ਸੁਵਿਧਾਵਾਂ ਤੇ ਦੇਖਰੇਖ ਨਹੀਂ ਮਿਲ਼ ਪਾਉਂਦੀ ਹੈ।

*****

ਸਾਲ 2019 ਦੇ ਹੜ੍ਹ ਤੋਂ ਬਾਅਦ, ਲੰਬੀ ਦੂਰੀ ਦੀ ਦੌੜਾਕ ਸੋਨਾਲੀ ਕਾਂਬਲੇ ਦੇ ਸੁਪਨਿਆਂ ਨੂੰ ਡੂੰਘੀ ਮਾਰ ਵੱਜੀ। ਉਹਦੇ ਮਾਪੇ ਬੇਜ਼ਮੀਨੇ ਖੇਤ ਮਜ਼ਦੂਰ ਹਨ ਤੇ ਪੈਸਿਆਂ ਦੀ ਤੰਗੀ ਨਾਲ਼ ਜੂਝਦੇ ਇਸ ਪਰਿਵਾਰ ਨੂੰ ਜੀਵਨ-ਬਸਰ ਕਰਨ ਵਾਸਤੇ ਸੋਨਾਲੀ ਦੀ ਮਦਦ ਦੀ ਲੋੜ ਪੈ ਗਈ।

ਉਨ੍ਹਾਂ ਦੇ ਪਿਤਾ ਕਹਿੰਦੇ ਹਨ,''ਸਾਡੇ ਤਿੰਨਾਂ ਦੇ ਕੰਮ ਕਰਨ ਦੇ ਬਾਵਜੂਦ ਵੀ ਸਾਡਾ ਗੁਜ਼ਾਰਾ ਨਹੀਂ ਚੱਲ ਪਾ ਰਿਹਾ।'' ਲਗਾਤਾਰ ਪੈਂਦੇ ਮੀਂਹ ਕਾਰਨ ਖੇਤਾਂ ਵਿੱਚ ਪਾਣੀ ਭਰ ਜਾਂਦਾ ਹੈ ਤੇ ਲੰਬੇ ਸਮੇਂ ਤੀਕਰ ਜ਼ਮੀਨ ਖੇਤੀ ਲਾਇਕ ਰਹਿੰਦੀ ਨਹੀਂ, ਜਿਸ ਕਾਰਨ ਦਿਹਾੜੀਆਂ ਟੁੱਟਣ ਲੱਗਦੀਆਂ ਹਨ ਤੇ ਇਸਲਈ ਖੇਤ ਮਜ਼ਦੂਰੀ ਕਰਨ ਵਾਲ਼ੇ ਪਰਿਵਾਰਾਂ ਦੀ ਆਮਦਨੀ ਤੇਜ਼ੀ ਨਾਲ਼ ਡਿੱਗਣ ਲੱਗਦੀ ਹੈ।

Athletes running 10 kilometres as part of their training in Maharashtra’s flood-affected Ghalwad village
PHOTO • Sanket Jain
An athlete carrying a 200-kilo tyre for her workout
PHOTO • Sanket Jain

ਖੱਬੇ: ਮਹਾਰਾਸ਼ਟਰ ਦੇ ਹੜ੍ਹ ਪ੍ਰਭਾਵਤ ਪਿੰਡ ਘਲਵਾੜ ਵਿਖੇ ਆਪਣੀ ਟ੍ਰੇਨਿੰਗ ਦੌਰਾਨ, ਖਿਡਾਰਨਾਂ 10 ਕਿਲੋਮੀਟਰ ਦੀ ਦੌੜ ਲਾ ਰਹੀਆਂ ਹਨ। ਸੱਜੇ: ਕਸਰਤ ਵਾਸਤੇ 200 ਕਿਲੋ ਦਾ ਟਾਇਰ ਚੁੱਕੀ ਤੁਰ ਰਹੀ ਇੱਕ ਐਥਲੀਟ

Athletes in Kolhapur's Ghalwad village working out to build their strength and endurance. Several ASHA workers in the region confirm that a growing number of young sportspersons are suffering from stress and anxiety related to frequent floods and heavy rains
PHOTO • Sanket Jain
Athletes in Kolhapur's Ghalwad village working out to build their strength and endurance. Several ASHA workers in the region confirm that a growing number of young sportspersons are suffering from stress and anxiety related to frequent floods and heavy rains
PHOTO • Sanket Jain

ਕੋਲ੍ਹਾਪੁਰ ਦੇ ਘਲਵਾੜ ਪਿੰਡ ਦੇ ਐਥਲੀਟ ਆਪਣੀ ਤਾਕਤ ਤੇ ਸਹਿਣਸ਼ਕਤੀ ਵਧਾਉਣ ਵਾਲ਼ੀਆਂ ਕਸਰਤਾਂ ਕਰ ਰਹੀਆਂ ਹਨ। ਇਲਾਕੇ ਵਿੱਚ ਸਰਗਰਮ ਕਈ ਆਸ਼ਾ ਵਰਕਰਾਂ ਇਸ ਗੱਲ ਦੀ ਪੁਸ਼ਟੀ ਕਰਦੀਆਂ ਹਨ ਕਿ ਹੜ੍ਹ ਤੇ ਤੇਜ਼ ਮੀਂਹ ਕਾਰਨ ਤਣਾਓ ਤੇ ਅਵਸਾਦ ਤੋਂ ਪੀੜਤ ਨੌਜਵਾਨ ਖਿਡਾਰੀਆਂ ਦੀ ਗਿਣਤੀ ਵੱਧ ਰਹੀ ਹੈ

ਸ਼ਿਰੋਲ ਤਾਲੁਕਾ ਦੇ ਘਲਵਾੜ ਪਿੰਡ ਵਿੱਚ, ਜਿੱਥੇ ਕਾਂਬਲੇ ਪਰਿਵਾਰ ਰਹਿੰਦਾ ਹੈ, ਔਰਤਾਂ ਨੂੰ ਸੱਤ ਘੰਟਿਆਂ ਦੀ ਦਿਹਾੜੀ ਬਦਲੇ 200 ਰੁਪਏ ਤੇ ਪੁਰਸ਼ਾਂ ਨੂੰ 250 ਰੁਪਏ ਮਿਲ਼ਦੇ ਹਨ। 21 ਸਾਲਾ ਸੋਨਾਲੀ ਕਹਿੰਦੀ ਹਨ,''ਇੰਨੇ ਪੈਸਿਆਂ ਨਾਲ਼ ਪਰਿਵਾਰ ਦਾ ਗੁਜ਼ਾਰਾ ਹੀ ਬੜੀ ਮੁਸ਼ਕਲ ਹੋ ਪਾਉਂਦਾ ਹੈ, ਖੇਡ ਨਾਲ਼ ਜੁੜੇ ਉਪਕਰਣ ਖ਼ਰੀਦ ਸਕਣਾ ਤੇ ਟ੍ਰੇਨਿੰਗ ਲਈ ਪੈਸੇ ਦੇ ਸਕਣਾ ਤਾਂ ਦੂਰ ਦੀ ਗੱਲ ਹੈ।''

ਸਾਲ 2021 ਦੇ ਹੜ੍ਹ ਨੇ ਕਾਂਬਲੇ ਪਰਿਵਾਰ ਦੀਆਂ ਮੁਸ਼ਕਲਾਂ ਨੂੰ ਹੋਰ ਵਧਾ ਦਿੱਤਾ ਹੈ ਤੇ ਸੋਨਾਲੀ ਨੂੰ ਡੂੰਘੇ ਮਾਨਸਿਕ ਅਵਸਾਦ ਵਿੱਚ ਧੱਕ ਦਿੱਤਾ ਹੈ। ਸੋਨਾਲੀ ਚੇਤੇ ਕਰਦਿਆਂ ਦੱਸਦੀ ਹਨ,''ਸਾਲ 2021 ਵਿੱਚ, ਸਿਰਫ਼ 24 ਘੰਟਿਆਂ ਦੇ ਅੰਦਰ ਅੰਦਰ ਸਾਡਾ ਘਰ ਡੁੱਬ ਗਿਆ। ਅਸੀਂ ਜਿਵੇਂ-ਕਿਵੇਂ ਉਸ ਸਾਲ ਹੜ੍ਹ ਦੇ ਪਾਣੀ ਤੋਂ ਬੱਚ ਗਏ। ਪਰ, ਹੁਣ ਜਦੋਂ ਵੀ ਮੈਂ ਪਾਣੀ ਦੇ ਪੱਧਰ ਨੂੰ ਵੱਧਦਿਆਂ ਦੇਖਦੀ ਹਾਂ, ਤਾਂ ਇੱਕ ਡਹਿਲ ਨਾਲ਼ ਹੀ ਮੇਰਾ ਸਰੀਰ ਦੁਖਣ ਲੱਗਦਾ ਹੈ ਕਿ ਕਿਤੇ ਦੋਬਾਰਾ ਹੜ੍ਹ ਨਾ ਆ ਜਾਵੇ।''

ਸੋਨਾਲੀ ਦੀ ਮਾਂ ਸ਼ੁਭਾਂਗੀ ਦੱਸਦੀ ਹਨ ਕਿ ਜਦੋਂ 2022 ਦੇ ਜੁਲਾਈ ਮਹੀਨੇ ਮੀਂਹ ਪੈਣਾ ਸ਼ੁਰੂ ਹੋਇਆ ਤਾਂ ਪਿੰਡ ਵਾਲ਼ੇ ਇਹ ਸੋਚ ਕੇ ਸਹਿਮ ਗਏ ਕਿ ਕਿਤੇ ਕ੍ਰਿਸ਼ਨਾ ਨਦੀ ਵਿੱਚ ਹੜ੍ਹ ਨਾ ਆ ਜਾਵੇ। ਸੋਨਾਲੀ ਨੇ ਆਪਣੇ ਰੋਜ਼ਾਨਾ ਦੇ 150 ਮਿੰਟ ਚੱਲਣ ਵਾਲ਼ੀ ਟ੍ਰੇਨਿੰਗ ਸੈਸ਼ਨ ਜਾਣਾ ਛੱਡ ਦਿੱਤਾ ਤੇ ਹੜ੍ਹ ਤੋਂ ਬਚਣ ਦੀ ਤਿਆਰੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੂੰ ਬਹੁਤ ਜ਼ਿਆਦਾ ਤਣਾਓ ਹੋਣ ਲੱਗਿਆ ਤੇ ਡਾਕਟਰ ਕੋਲ਼ ਜਾਣਾ ਪਿਆ।

ਡਾ. ਪ੍ਰਸਾਦ ਕਹਿੰਦੇ ਹਨ,''ਜਦੋਂ ਪਾਣੀ ਵੱਧਣਾ ਸ਼ੁਰੂ ਹੁੰਦਾ ਹੈ ਤਾਂ ਕਈ ਲੋਕ ਇਸ ਦੁਚਿੱਤੀ ਵਿੱਚ ਪੈ ਜਾਂਦੇ ਹਨ ਕਿ ਆਪਣਾ ਘਰ ਛੱਡ ਕੇ ਜਾਈਏ ਜਾਂ ਨਹੀਂ। ਇਨ੍ਹਾਂ ਕਸੂਤੇ ਹਾਲਾਤਾਂ ਨੂੰ ਸਮਝਣ ਤੇ ਫ਼ੈਸਲਾ ਲੈਣ ਵਿੱਚ ਅਸਮਰੱਥ ਹੋਣ ਦਾਰਨ ਉਨ੍ਹਾਂ ਨੂੰ ਤਣਾਓ ਦਾ ਸਾਹਮਣਾ ਕਰਨਾ ਪੈਂਦਾ ਹੈ।''

ਹਾਲਾਂਕਿ, ਪਾਣੀ ਲੱਥਦਿਆਂ ਹੀ ਸੋਨਾਲੀ ਕੁਝ ਸੁਰਖ਼ਰੂ ਹੋ ਜਾਂਦੀ ਹਨ। ਉਹ ਦੱਸਦੀ ਹਨ,''ਲਗਾਤਾਰ ਟ੍ਰੇਨਿੰਗ ਨਾ ਕਰ ਸਕਣ ਦਾ ਮਤਲਬ ਹੈ ਕਿ ਮੈਂ ਹੋਰਨਾਂ ਖਿਡਾਰਨਾਂ ਦਾ ਮੁਕਾਬਲਾ ਨਹੀਂ ਕਰ ਸਕਦੀ, ਜਿਸ ਕਾਰਨ ਵੀ ਮੈਨੂੰ ਤਣਾਅ ਹੋਣ ਲੱਗਦਾ।''

ਕੋਲ੍ਹਾਪੁਰ ਦੇ ਪਿੰਡਾਂ ਦੀਆਂ ਕਈ ਆਸ਼ਾ (ਮਾਨਤਾ ਪ੍ਰਾਪਤ ਸਮਾਜਿਕ ਸਿਹਤ ਕਰਮੀ) ਵਰਕਰ ਇਸ ਗੱਲ ਦੀ ਪੁਸ਼ਟੀ ਕਰਦੀਆਂ ਹਨ ਕਿ ਹੜ੍ਹ ਕਾਰਨ ਸਥਾਨਕ ਨੌਜਵਾਨ ਐਥਲੀਟਾਂ ਅੰਦਰ ਅਵਸਾਦ ਰਹਿਣ ਲੱਗਿਆ ਹੈ। ਘਲਵਾੜ ਦੀ ਇੱਕ ਆਸ਼ਾ ਵਰਕਰ ਕਲਪਨਾ ਕਮਲਾਕਰ ਕਹਿੰਦੀ ਹਨ,''ਉਹ ਲਾਚਾਰ ਤੇ ਨਿਰਾਸ਼ ਮਹਿਸੂਸ ਕਰਦੀਆਂ ਹਨ ਤੇ ਮੀਂਹ ਦੇ ਬਦਲਦੇ ਪੈਟਰਨ ਨਾਲ਼ ਹਾਲਤ ਹੋਰ ਮਾੜੀ ਹੁੰਦੀ ਜਾ ਰਹੀ ਹੈ।''

With the financial losses caused by the floods and her farmer father finding it difficult to find work, Saniya (left) often has no choice but to skip a meal or starve altogether. This has affected her fitness and performance as her body can no longer handle rigorous workouts
PHOTO • Sanket Jain
With the financial losses caused by the floods and her farmer father finding it difficult to find work, Saniya (left) often has no choice but to skip a meal or starve altogether. This has affected her fitness and performance as her body can no longer handle rigorous workouts
PHOTO • Sanket Jain

ਹੜ੍ਹ ਕਾਰਨ ਪਰਿਵਾਰ ਨੂੰ ਹੋਏ ਆਰਥਿਕ ਨੁਕਸਾਨ ਤੇ ਕਿਸਾਨ ਪਿਤਾ ਨੂੰ ਕੋਈ ਕੰਮ ਨਾ ਮਿਲ਼ ਸਕਣ ਕਾਰਨ, ਸਾਨੀਆ (ਖੱਬੇ) ਨੂੰ ਕਈ ਵਾਰੀਂ ਇੱਕ ਡੰਗ ਹੀ ਭੋਜਨ ਮਿਲ਼ਦਾ ਹੈ ਤੇ ਕਈ ਵਾਰੀਂ ਉਹ ਵੀ ਨਹੀਂ ਮਿਲ਼ਦਾ। ਉਨ੍ਹਾਂ ਦਾ ਸਰੀਰ ਕਮਜ਼ੋਰ ਪੈ ਗਿਆ ਹੈ ਤੇ ਉਹ ਕਠੋਰ ਕਸਰਤ ਨਹੀਂ ਕਰ ਪਾਉਂਦੀ, ਜਿਸ ਕਾਰਨ ਉਨ੍ਹਾਂ ਦੀ ਫਿਟਨੈੱਸ ਤੇ ਪ੍ਰਦਰਸ਼ਨ ' ਤੇ ਅਸਰ ਪੈਂਦਾ ਹੈ

ਐਸ਼ਵਰਿਆ, ਸਾਨੀਆ ਤੇ ਸੋਨਾਲੀ ਕਿਸਾਨ ਪਰਿਵਾਰਾਂ ਤੋਂ ਆਉਂਦੀਆਂ ਹਨ, ਮੀਂਹ ਨਾਲ਼ ਹੀ ਇਨ੍ਹਾਂ ਦੀ ਕਿਸਮਤ ਜਾਂ ਬਦਕਿਸਮਤੀ ਜੁੜੀ ਹੋਈ ਹੈ। ਇਨ੍ਹਾਂ ਪਰਿਵਾਰਾਂ ਨੇ ਸਾਲ 2022 ਦੀਆਂ ਗਰਮੀਆਂ ਵਿੱਚ ਗੰਨੇ ਦੀ ਖੇਤੀ ਕੀਤੀ ਸੀ।

ਭਾਰਤ ਦੇ ਕਈ ਹਿੱਸਿਆਂ ਵਿੱਚ ਇਸ ਸਾਲ ਮਾਨਸੂਨ ਵਿੱਚ ਦੇਰੀ ਦੇਖੀ ਗਈ। ਐਸ਼ਵਰਿਆ ਕਹਿੰਦੀ ਹਨ,''ਮਾਨਸੂਨ ਵਿੱਚ ਹੋਈ ਦੇਰੀ ਕਾਰਨ ਵੀ ਸਾਡੀ ਫ਼ਸਲ ਬਚੀ ਰਹੀ।'' ਪਰ, ਜੁਲਾਈ ਵਿੱਚ ਮੀਂਹ ਦੀ ਡਾਵਾਂਡੋਲ ਰਹੀ ਹਾਲਤ ਨੇ ਪੂਰੀ ਫ਼ਸਲ ਤਬਾਹ ਕਰ ਸੁੱਟੀ, ਸੋ ਪਰਿਵਾਰ ਕਰਜੇ ਵਿੱਚ ਡੁੱਬ ਗਿਆ। (ਇਹ ਵੀ ਪੜ੍ਹੋ: ਕਦੇ ਮੀਂਹ ਕਦੇ ਸੋਕਾ , ਕੁਦਰਤ ਦਾ ਵਿਗੜਿਆ ਸੰਤੁਲਨ )

ਸਾਲ 1953 ਤੋਂ ਲੈ ਕੇ 2020 ਦਰਮਿਆਨ, ਹੜ੍ਹ ਨੇ 2,200 ਮਿਲੀਅਨ ਭਾਰਤੀਆਂ ਨੂੰ ਪ੍ਰਭਾਵਤ ਕੀਤਾ, ਜੋ ਯੁਨਾਈਟੇਡ ਸਟੇਟ ਦੀ ਅਬਾਦੀ ਦਾ ਕਰੀਬ 6.5 ਗੁਣਾ ਹੈ। ਇਸ ਦੌਰਾਨ  437,150 ਰੁਪਏ ਦਾ ਨੁਕਸਾਨ ਹੋਇਆ ਹੈ। ਪਿਛਲੇ ਦੋ ਦਹਾਕਿਆਂ (2000-2019) ਵਿੱਚ ਭਾਰਤ ਅੰਦਰ ਹਰ ਸਾਲ ਔਸਤਨ 17 ਵਾਰ ਹੜ੍ਹ ਆਇਆ ਹੈ, ਜਿਸ ਕਾਰਨ ਉਹ ਚੀਨ ਤੋਂ ਬਾਅਦ ਦੁਨੀਆ ਦਾ ਸਭ ਤੋਂ ਵੱਧ ਹੜ੍ਹ ਪ੍ਰਭਾਵਤ ਦੇਸ਼ ਬਣ ਗਿਆ।

ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ, ਮਹਾਰਾਸ਼ਟਰ ਦੇ ਕਈ ਹਿੱਸਿਆਂ, ਖ਼ਾਸ ਕਰਕੇ ਕੋਲ੍ਹਾਪੁਰ ਵਿੱਚ ਮੀਂਹ ਵਿੱਚ ਤੀਬਰਤਾ ਤੇ ਡਾਵਾਂਡੋਲਤਾ ਆਈ ਹੈ। ਇਸ ਸਾਲ ਅਕਤੂਬਰ ਵਿੱਚ ਹੀ ਰਾਜ ਦੇ 22 ਜ਼ਿਲ੍ਹਿਆਂ ਦਾ 7.5 ਲੱਖ ਹੈਕਟੇਅਰ ਹਿੱਸਾ ਕੁਦਰਤੀ ਆਫ਼ਤਾਂ ਤੋਂ ਪ੍ਰਭਾਵਤ ਰਿਹਾ ਸੀ। ਇਸ ਇਲਾਕੇ ਵਿੱਚ ਖੇਤੀ ਫ਼ਸਲਾਂ, ਬਾਗ਼ (ਫਲਾਂ ਦੇ) ਤੇ ਸਬਜ਼ੀਆਂ ਦੇ ਖੇਤ ਸ਼ਾਮਲ ਹਨ। ਰਾਜ ਦੇ ਖੇਤੀ ਵਿਭਾਗ ਮੁਤਾਬਕ, ਸਾਲ 2022 ਵਿੱਚ ਮਹਾਰਾਸ਼ਟਰ ਵਿੱਚ 28 ਅਕਤੂਬਰ ਤੱਕ 1,288 ਮਿਮੀ ਮੀਂਹ ਪਿਆ- ਯਾਨਿ ਔਸਤ ਮੀਂਹ ਦਾ 120.5 ਪ੍ਰਤੀਸ਼ਤ ਤੇ ਇਸ ਵਿੱਚੋਂ 1,068 ਮਿਮੀ ਮੀਂਹ ਜੂਨ ਤੇ ਅਕਤੂਬਰ ਦਰਮਿਆਨ ਪਿਆ।

A villager watches rescue operations in Ghalwad village after the July 2021 floods
PHOTO • Sanket Jain

ਜੁਲਾਈ 2021 ਵਿੱਚ ਆਏ ਹੜ੍ਹ ਤੋਂ ਬਾਅਦ ਘਲਵਾੜ ਪਿੰਡ ਵਿੱਚ ਚੱਲ ਰਹੇ ਰਾਹਤ ਅਭਿਆਨ ਨੂੰ ਦੇਖਦਾ ਪਿੰਡ ਦਾ ਵਿਅਕਤੀ

ਪੂਨੇ ਅਧਾਰਤ ਭਾਰਤੀ ਊਸ਼ਣਕਟੀਬੰਦੀ ਮੌਸਮ ਵਿਗਿਆਨ ਸੰਸਥਾ (ਆਈਆਈਟੀਐੱਮ) ਦੇ ਜਲਵਾਯੂ ਵਿਗਿਆਨਕ ਤੇ ਆਈਪੀਸੀਸੀ ਰਿਪੋਰਟ ਦੇ ਯੋਗਦਾਨਕਰਤਾ ਰੌਕਸੀ ਕੌਲ ਕਹਿੰਦੇ ਹਨ,''ਮਾਨਸੂਨ ਦੌਰਾਨ, ਅਸੀਂ ਲੰਬੇ ਵਕਫ਼ੇ ਵਾਲ਼ੇ ਖ਼ੁਸ਼ਕ ਮੌਸਮ ਦੇ ਨਾਲ਼ ਛੋਟੇ ਵਕਫ਼ੇ ਵਿੱਚ ਹੀ ਵਿਤੋਂਵੱਧ ਮੀਂਹ ਪੈਦਾ ਦੇਖ ਰਹੇ ਹਾਂ। ਇਸਲਈ, ਜਦੋਂ ਮੀਂਹ ਪੈਂਦਾ ਹੈ ਤਾਂ ਥੋੜ੍ਹੇ ਸਮੇਂ ਅੰਦਰ ਹੀ ਕਾਫ਼ੀ ਸਾਰੀ ਨਮੀ ਛੱਡ ਦਿੱਤੀ ਜਾਂਦੀ ਹੈ।'' ਉਨ੍ਹਾਂ ਮੁਤਾਬਕ, ਇਸ ਕਾਰਨ ਕਰਕੇ ਬਾਰ-ਬਾਰ ਬੱਦਲ ਫਟਣ ਅਤੇ ਅਚਾਨਕ ਹੜ੍ਹ ਆਉਣ ਦੀ ਸਮੱਸਿਆ ਪੈਦਾ ਹੋ ਰਹੀ ਹੈ। ਉਹ ਅੱਗੇ ਦੱਸਦੇ ਹਨ,''ਕਿਉਂਕਿ ਅਸੀਂ ਊਸ਼ਣਕਟੀਬੰਦੀ ਇਲਾਕਿਆਂ ਵਿੱਚ ਰਹਿੰਦੇ ਹਾਂ, ਇਸਲਈ ਜਲਵਾਯੂ ਤਬਦੀਲੀ ਨਾਲ਼ ਜੁੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਰ ਵੱਧਦੀਆਂ ਜਾਣਗੀਆਂ। ਸਾਨੂੰ ਬੇਹੱਦ ਚੌਕੰਨੇ ਰਹਿਣਾ ਪਵੇਗਾ ਤੇ ਛੇਤੀ ਹੀ ਇਹਦਾ ਹੱਲ ਵੀ ਤਲਾਸ਼ਣ ਦੀ ਦਿਸ਼ਾ ਵਿੱਚ ਕੰਮ ਕਰਨਾ ਪਵੇਗਾ, ਕਿਉਂਕਿ ਇਹਦਾ ਸਭ ਤੋਂ ਪਹਿਲਾ ਅਸਰ ਸਾਡੇ 'ਤੇ ਹੀ ਪੈ ਰਿਹਾ ਹੈ।''

ਇਸ ਤੋਂ ਇਲਾਵਾ, ਇੱਕ ਵੱਡੀ ਸਮੱਸਿਆ ਵੱਲ ਇਸ਼ਾਰਾ ਕਰਨਾ ਬੇਹੱਦ ਜ਼ਰੂਰੀ ਹੈ: ਹੈਲਥ ਕੇਅਰ (ਸਿਹਤ ਸੇਵਾ) ਨਾਲ਼ ਜੁੜੇ ਅਜਿਹੇ ਅੰਕੜਿਆਂ ਦੀ ਕਾਫ਼ੀ ਘਾਟ ਹੈ ਜੋ ਇਸ ਇਲਾਕੇ ਵਿੱਚ ਵੱਧਦੀਆਂ ਬੀਮਾਰੀਆਂ ਨੂੰ ਜਲਵਾਯੂ ਤਬਦੀਲੀ ਨਾਲ਼ ਜੋੜ ਪਾਉਂਦਾ ਹੋਵੇ। ਇਸ ਕਾਰਨ ਕਰਕੇ, ਜਲਵਾਯੂ ਸੰਕਟ ਤੋਂ ਪ੍ਰਭਾਵਤ ਅਣਗਿਣਤ ਲੋਕਾਂ ਨੂੰ ਜਨਤਕ ਨੀਤੀਆਂ ਦੇ ਫ਼ੈਸਲੇ ਵੇਲ਼ੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ, ਜਦੋਂਕਿ ਇਹ ਨੀਤੀਆਂ ਸਮਾਜ ਦੇ ਸਭ ਤੋਂ ਕਮਜ਼ੋਰ ਤਬਕਿਆਂ ਦੇ ਲੋਕਾਂ ਨੂੰ ਲਾਭ ਪਹੁੰਚਾਉਣ ਦੇ ਇਰਾਤੇ ਨਾਲ਼ ਬਣਾਈਆਂ ਜਾਂਦੀਆਂ ਹਨ।

ਸੋਨਾਲੀ ਕਹਿੰਦੀ ਹਨ,''ਮੇਰਾ ਸੁਪਨਾ ਹੈ ਕਿ ਮੈਂ ਐਥਲੀਟ ਬਣਾਂ, ਪਰ ਜਦੋਂ ਤੁਸੀਂ ਗ਼ਰੀਬ ਹੁੰਦੇ ਹੋ ਤਾਂ ਤੁਹਾਡੇ ਕੋਲ਼ ਸੀਮਤ ਵਿਕਲਪ ਹੁੰਦੇ ਹਨ ਤੇ ਜ਼ਿੰਦਗੀ ਤੁਹਾਨੂੰ ਇਨ੍ਹਾਂ ਵਿੱਚੋਂ ਕਿਸੇ ਇੱਕ ਵਿਕਲਪ ਨੂੰ ਵੀ ਚੁਣਨ ਦਾ ਮੌਕਾ ਨਹੀਂ ਦਿੰਦੀ।'' ਜਿਓਂ ਜਿਓਂ ਦੁਨੀਆ ਜਲਵਾਯੂ ਸੰਕਟ ਵਿੱਚ ਫਸਦੀ ਚਲੀ ਜਾਵੇਗੀ, ਮੀਂਹ ਦਾ ਪੈਟਰਨ ਬਦਲਦਾ ਰਹੇਗਾ ਤੇ ਸਾਨੀਆ, ਐਸ਼ਵਰਿਆ ਤੇ ਸੋਨਾਲੀ ਦੇ ਕੋਲ਼ ਮੌਜੂਦ ਵਿਕਲਪ ਹੋਰ ਸੁੰਗੜਦੇ ਚਲੇ ਜਾਣਗੇ।

ਸਾਨੀਆ ਕਹਿੰਦੀ ਹਨ,''ਮੈਂ ਹੜ੍ਹ ਦੌਰਾਨ ਪੈਦਾ ਹੋਈ ਸਾਂ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਨੂੰ ਆਪਣਾ ਪੂਰਾ ਜੀਵਨ ਹੜ੍ਹ ਵਿਚਾਲੇ ਹੀ ਗੁਜ਼ਾਰਨਾ ਪਵੇਗਾ।''

ਇਹ ਸਟੋਰੀ ਉਸ ਕੜੀ ਦਾ ਹਿੱਸਾ ਹੈ ਜਿਹਨੂੰ ਇੰਟਰਨਿਊਜ ਦੇ ਅਰਥ ਜਰਨਲਿਜ਼ਮ ਨੈਟਵਰਕ ਦਾ ਸਹਿਯੋਗ ਪ੍ਰਾਪਤ ਹੈ। ਇਹ ਸਹਿਯੋਗ ਇੰਡੀਪੈਂਡਟ ਜਰਨਲਿਜ਼ਮ ਗ੍ਰਾਂਟ ਦੇ ਰੂਪ ਵਿੱਚ ਰਿਪੋਰਟਰ ਨੂੰ ਹਾਸਲ ਹੋਇਆ ਹੈ।

ਤਰਜਮਾ: ਕਮਲਜੀਤ ਕੌਰ

Sanket Jain

Sanket Jain is a journalist based in Kolhapur, Maharashtra. He is a 2022 PARI Senior Fellow and a 2019 PARI Fellow.

Other stories by Sanket Jain
Editor : Sangeeta Menon

Sangeeta Menon is a Mumbai-based writer, editor and communications consultant.

Other stories by Sangeeta Menon
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur