''ਅੱਜ ਤੱਕ ਕਿਸੇ ਨੇ ਮੇਰੀ ਇੰਟਰਵਿਊ ਨਹੀਂ ਲਈ। ਅੱਜ ਤਾਂ ਮੈਂ ਸਭ ਕੁਝ ਦੱਸਾਂਗੀ...''

ਉਨ੍ਹਾਂ ਦੇ 'ਸਭ ਕੁਝ' ਕਹਿਣ ਤੋਂ ਭਾਵ ਹੈ ਮੁੰਬਈ ਦੇ ਖਾਰ ਵੈਸਟ ਇਲਾਕੇ ਵਿੱਚ 70 ਸਾਲਾਂ ਤੋਂ ਕਈ ਘਰਾਂ ਦੇ ਪਖ਼ਾਨੇ ਸਾਫ਼ ਕਰਨ, ਝਾੜੂ-ਪੋਚਾ ਮਾਰਨ ਅਤੇ ਧੁਆਈ ਕਰਨ ਤੋਂ ਹੈ, ਜੋ ਕੰਮ ਉਨ੍ਹਾਂ ਆਪਣੇ ਹੱਥੀਂ ਕੀਤੇ। ਭਟੇਰੀ ਸਰਬਜੀਤ ਲੋਹਟ ਨੂੰ 1980ਵਿਆਂ ਤੋਂ ਲੈ ਕੇ 1990 ਦੇ ਸ਼ੁਰੂ ਤੱਕ, 15-16 ਘਰਾਂ ਵਾਲ਼ੀ ਇੱਕ ਪੂਰੀ ਬਿਲਡਿੰਗ ਦੀ ਸਫ਼ਾਈ ਕਰਨ ਬਦਲੇ ਮਹੀਨੇ ਦੇ ਸਿਰਫ਼ 50 ਰੁਪਏ ਮਿਲ਼ਦੇ ਸਨ। ਨਿਗੂਣੇ ਪੈਸਿਆਂ ਦੇ ਨਾਲ਼ ਹੀ ਇਨ੍ਹਾਂ ਘਰਾਂ ਦੀ ਜੂਠ ਜਾਂ ਬਚਿਆ ਹੋਇਆ ਖਾਣਾ ਵੀ ਮਿਲ਼ਦਾ ਸੀ।

''ਮੇਰਾ ਨਾਮ ਭਟੇਰੀ ਦੇਵੀ ਹੈ। ਮੈਂ ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੇ ਸਾਂਘੀ ਪਿੰਡ ਦੀ ਰਹਿਣ ਵਾਲ਼ੀ ਹਾਂ। ਮੈਨੂੰ ਇੰਨਾ ਨਹੀਂ ਚੇਤੇ ਕਿ ਮੈਂ ਮੁੰਬਈ ਕਦੋਂ ਆਈ, ਪਰ ਉਦੋਂ ਮੈਂ ਸੱਜ-ਵਿਆਹੀ ਸਾਂ। ਸੱਸ ਨੇ ਸਾਡੇ ਇੱਕ ਰਿਸ਼ਤੇਦਾਰ ਦੇ ਬਦਲੇ ਮੈਨੂੰ ਕੰਮ 'ਤੇ ਲੁਆ ਦਿੱਤਾ। ਕੁਝ ਸਾਲਾਂ ਬਾਅਦ ਮੇਰੇ ਪਤੀ (ਵੀ ਇੱਕ ਸਫ਼ਾਈਕਰਮੀ) ਦੀ ਮੌਤ ਹੋ ਗਈ ਉਦੋਂ ਮੇਰਾ ਬੇਟਾ ਸਿਰਫ਼ ਦੋ-ਤਿੰਨ ਸਾਲ ਦਾ ਸੀ। ਉਹ ਦਾਦਰ ਵਿਖੇ ਕੰਮ ਕਰਿਆ ਕਰਦੇ ਸਨ ਅਤੇ ਲੋਕਲ ਟ੍ਰੇਨ ਰਾਹੀਂ ਸਫ਼ਰ ਕਰਦੇ ਸਨ। ਇੱਕ ਦਿਨ ਰੇਲ ਅੰਦਰ ਭੀੜ ਹੋਣ ਕਾਰਨ ਉਹ ਬੂਹੇ 'ਤੇ ਖੜ੍ਹੇ ਸਨ ਅਤੇ ਬਿਜਲੀ ਦੇ ਇੱਕ ਖੰਭੇ ਨਾਲ਼ ਟਕਰਾ ਗਏ ਅਤੇ ਥਾਏਂ ਹੀ ਉਨ੍ਹਾਂ ਦੀ ਮੌਤ ਹੋ ਗਈ।''

ਹਾਦਸੇ ਨੂੰ ਹੋਇਆਂ ਕਈ ਦਹਾਕੇ ਬੀਤ ਚੁੱਕੇ ਹਨ, ਪਰ ਉਨ੍ਹਾਂ ਦੀਆਂ ਅੱਖਾਂ ਅੱਜ ਵੀ ਦਰਦ ਬਿਆਨ ਕਰ ਰਹੀਆਂ ਹਨ। ਭਟੇਰੀ ਦੇਵੀ ਨੇ ਡੂੰਘਾ ਸਾਹ ਭਰਿਆ। ਉਹ ਮੁੰਬਈ ਦੇ ਬਾਂਦਰਾ ਈਸਟ ਇਲਾਕੇ ਦੇ ਬਾਲਮੀਕੀ ਨਗਰ ਵਿਖੇ ਰਹਿੰਦੀ ਹਨ। ਉਨ੍ਹਾਂ ਦੇ ਆਧਾਰ ਕਾਰਡ ਮੁਤਾਬਕ ਉਨ੍ਹਾਂ ਦਾ ਜਨਮ 1932 ਵਿੱਚ ਹੋਇਆ ਜਿਸ ਮੁਤਾਬਕ ਉਨ੍ਹਾਂ ਦੀ ਉਮਰ 86 ਸਾਲ ਹੈ। ਪਰ ਉਨ੍ਹਾਂ ਦੇ ਝੁਰੜਾਏ ਚਿਹਰੇ ਨੂੰ ਦੇਖ ਕੇ ਉਹ 90 ਸਾਲ ਤੋਂ ਵੱਧ ਉਮਰ ਦੀ ਜਾਪਦੀ ਹਨ- ਇਹੀ ਉਨ੍ਹਾਂ ਦਾ ਵੀ ਮੰਨਣਾ ਹੈ। ਉਨ੍ਹਾਂ ਦਾ ਬੇਟਾ ਹਰੀਸ਼, ਜੋ ਆਪਣੀ ਉਮਰ ਦੇ 70ਵੇਂ ਸਾਲ ਵਿੱਚ ਹਨ, ਇਸੇ ਸਾਲ 30 ਜੂਨ ਨੂੰ ਉਨ੍ਹਾਂ ਦੀ ਵੀ ਮੌਤ ਹੋ ਗਈ। ਭਟੇਰੀ ਦਾ ਵਿਆਹ 12-13 ਸਾਲ ਦੀ ਛੋਟੀ ਜਿਹੀ ਉਮਰੇ ਹੀ ਹੋ ਗਿਆ ਸੀ, ਜਿਹਦੇ ਬਾਅਦ ਉਹ ਆਪਣੇ ਪਤੀ ਸਰਬਜੀਤ ਲੋਹਟ ਦੇ ਨਾਲ਼ ਮੁੰਬਈ ਆ ਗਈ ਸਨ।

ਹਰਿਆਣੇ ਤੋਂ ਆ ਕੇ ਉਨ੍ਹਾਂ ਦਾ ਪੂਰੇ ਦਾ ਪੂਰਾ ਟੱਬਰ ਮੁੰਬਈ ਹੀ ਵੱਸ ਗਿਆ ਸੀ। ਕਰੀਬ ਕਰੀਬ ਸਾਰੇ ਹੀ ਜਣੇ ਸਾਫ਼-ਸਫ਼ਾਈ ਦੇ ਕੰਮਾਂ ਵਿੱਚ ਲੱਗੇ ਹੋਏ ਸਨ ਅਤੇ ਪ੍ਰਾਈਵੇਟ ਨੌਕਰੀਆਂ ਹੀ ਕਰਦੇ ਸਨ। ਇਸ ਪੂਰੇ ਮੁਹੱਲੇ ਦੇ ਬਹੁਤੇਰੇ ਲੋਕੀਂ, ਭਟੇਰੀ ਵਾਂਗਰ ਹੀ, ਬਾਲਮੀਕੀ ਸਮਾਜ ਨਾਲ਼ ਤਾਅਲੁੱਕ ਰੱਖਦੇ ਹਨ, ਜੋ ਵੱਖੋ-ਵੱਖਰੇ ਦੌਰ ਵਿੱਚ ਕੰਮ ਦੀ ਭਾਲ ਵਿੱਚ ਹਰਿਆਣੇ ਤੋਂ ਪ੍ਰਵਾਸ ਕਰਕੇ ਮੁੰਬਈ ਆਏ। ਭਟੇਰੀ ਵਾਂਗਰ ਹੀ ਉਹ ਸਾਰੇ ਘਰੇ ਹਰਿਆਣਵੀ ਹੀ ਬੋਲਦੇ ਹਨ। ਪੂਰੇ ਮੁੰਬਈ ਵਿਖੇ ਸਾਫ਼-ਸਫ਼ਾਈ ਕਰਨ ਵਾਲ਼ੀਆਂ ਬਾਲਮੀਕੀ ਬਸਤੀਆਂ ਖ਼ਾਸ ਤੌਰ 'ਤੇ ਭਾਂਡੁਪ ਟੈਂਕ ਰੋਡ, ਡੋਂਬਿਵਲੀ, ਮਾਟੁੰਗਾ ਲੇਬਰ ਕੈਂਪ, ਵਿਕ੍ਰੋਲੀ ਅਤੇ ਚੇਂਬੂਰ ਵਿਖੇ ਰਹਿਣ ਵਾਲ਼ੇ ਦੇ ਬਾਸ਼ਿੰਦੇ ਹਰਿਆਣੇ ਤੋਂ ਆਏ ਹਨ।

ਇਹ ਜਾਤੀ ਸਾਫ਼-ਸਫ਼ਾਈ ਦੀ ਜਿਲ੍ਹਣ ਵਿੱਚ ਹੀ ਕਿਉਂ ਫਸੀ ਹੋਈ ਹੈ? 'ਇਹ ਕਿਸਮਤ ਦੀਆਂ ਤੰਦਾਂ ਹਨ। ਸਾਡੇ ਭਾਈਚਾਰੇ ਦੇ ਜ਼ੁੰਮੇ ਇਹੀ ਕੰਮ ਪਿਆ ਹੈ, ਇਸਲਈ ਹਰ ਕੋਈ ਇਹੀ ਕੰਮ ਕਰਦਾ ਹੈ,' ਭਟੇਰੀ ਦੇਵੀ ਕਹਿੰਦੀ ਹਨ

ਵੀਡਿਓ ਦੇਖੋ : ਭਟੇਰੀ ਦੇਵੀ ਆਪਣੇ ਜੀਵਨ ਦੀ ਕਹਾਣੀ ਸੁਣਾ ਰਹੀ ਹਨ

ਇਨ੍ਹਾਂ ਜਾਤੀ ਸਮੂਹਾਂ ਨਾਲ਼ ਤਾਅਲੁੱਕ ਰੱਖਣ ਵਾਲ਼ੇ ਲੋਕਾਂ ਦਾ ਪਲਾਇਨ ਪੂਰੇ ਭਾਰਤ ਵਿੱਚ ਇੱਕੋ ਜਿਹਾ ਹੈ ਅਤੇ ਇਹ ਲੋਕ ਹਰ ਥਾਂ ਇੱਕੋ ਜਿਹੀਆਂ ਬਸਤੀਆਂ ਵਿੱਚ ਇਕੱਠਿਆਂ ਹੀ ਰਹਿੰਦੇ ਹਨ। ਇਹ ਹਾਲ ਇਸ ਜਾਤੀ ਨਾਲ਼ ਜੁੜੇ ਕੰਮਾਂ ਦਾ ਵੀ ਹੈ ਜੋ ਪੀੜ੍ਹੀਆਂ ਤੋਂ ਇਸੇ ਬਾਲਮੀਕੀ ਸਮਾਜ ਦੁਆਰਾ ਮੁੰਬਈ ਵਿਖੇ ਜਾਂ ਹੋਰ ਕਿਸੇ ਵੀ ਥਾਵੇਂ ਕੀਤਾ ਜਾ ਰਿਹਾ ਹੈ। ਗੰਦਗੀ ਢੋਹਣ ਅਤੇ ਸਾਫ਼-ਸਫ਼ਾਈ ਕਰਨ ਦਾ ਇਹ ਇੱਕ ਅਜਿਹਾ ਪੱਖ ਹੈ ਜੋ ਸ਼ਹਿਰ ਦੀ ਚਕਾਚੌਂਦ ਭਰੀ ਜ਼ਿੰਦਗੀ ਵਿੱਚ ਕਿਤੇ ਲੁਕ ਜਾਂਦਾ ਹੈ।

ਸਾਲਾਂਬੱਧੀ ਝੁੱਕ ਕੇ ਕੰਮ ਕਰਨ ਨਾਲ਼ ਭਟੇਰੀ ਦੇ ਕੁੱਬ ਪੈ ਗਿਆ ਹੈ। ਹਾਲਾਂਕਿ ਉਨ੍ਹਾਂ ਨੂੰ ਦੇਖ ਕੇ ਇੰਝ ਨਹੀਂ ਲੱਗਦਾ ਜਿਵੇਂ ਉਨ੍ਹਾਂ ਨੂੰ ਆਪਣੇ ਜੀਵਨ ਦੀ ਹਾਲਤ ਨੂੰ ਲੈ ਕੇ ਕੋਈ ਬਹੁਤੀ ਚਿੰਤਾ ਹੈ। ਅਸੀਂ ਜਦੋਂ ਮੁੰਬਈ ਵਿਖੇ ਮੁਲਾਕਾਤ ਲਈ ਉਨ੍ਹਾਂ ਦੇ ਘਰ ਗਏ ਤਾਂ ਉਹ ਬੜੇ ਉਤਸ਼ਾਹ ਨਾਲ਼ ਆਪਣੀ ਕਹਾਣੀ ਸੁਣਾਉਣ ਲੱਗੀ। ਘਰ ਦੇ ਕਿਸੇ ਵੀ ਮੈਂਬਰ ਨੇ ਭਟੇਰੀ ਨੂੰ ਪਹਿਲਾਂ ਕਦੇ ਇੰਝ ਖੁੱਲ੍ਹ ਕੇ ਬੋਲਦਿਆਂ ਨਹੀਂ ਸੁਣਿਆ ਸੀ ਇਸਲਈ ਉਹ ਸਾਰੇ ਹੱਕੇ-ਬੱਕੇ ਰਹਿ ਗਏ। ਉਦੋਂ ਹੀ ਭਟੇਰੀ ਨੇ ਉਨ੍ਹਾਂ ਵੱਲ ਮੁਖ਼ਾਤਬ ਹੋ ਕੇ ਕਿਹਾ ਕਿ ਪਹਿਲਾਂ ਕਦੇ ਕਿਸੇ ਨੇ ਉਨ੍ਹਾਂ ਦੀ ਇੰਟਰਵਿਊ ਵੀ ਤਾਂ ਨਹੀਂ ਲਈ ਅਤੇ ਹੁਣ ਉਹ ਖੁੱਲ੍ਹ ਕੇ ਬੋਲਣਾ ਚਾਹੁੰਦੀ ਹਨ।

ਭਟੇਰੀ ਨੇ ਦੋਬਾਰਾ ਬੋਲਣਾ ਸ਼ੁਰੂ ਕੀਤਾ। ਆਪਣੇ ਪਤੀ ਦੀ ਮੌਤ ਬਾਰੇ ਬੋਲਿਆਂ ਉਹ ਕਾਫ਼ੀ ਦੁਖੀ ਹੋ ਗਈ: ''ਉਹ ਮੇਰੇ ਜੀਵਨ ਦਾ ਬੜਾ ਮੁਸ਼ਕਲ ਦੌਰ ਸੀ। ਮੇਰਾ ਜੇਠ ਅਤੇ ਦਿਓਰ ਵੀ ਇੱਕੋ ਘਰ ਵਿੱਚ ਰਹਿੰਦੇ ਸਨ। ਉਸ ਸਮੇਂ ਮੈਂ ਕਮਾਈ ਕਰਦੀ ਸਾਂ। ਮੇਰੇ ਸਹੁਰਾ ਪਰਿਵਾਰ ਅਕਸਰ ਮੇਰਾ ਕੁਟਾਪਾ ਚਾੜ੍ਹਿਆ ਕਰਦਾ। ਉਹ ਮੇਰੇ 'ਤੇ ਕਿਸੇ ਇੱਕ ਨਾਲ਼ (ਜੇਠ ਜਾਂ ਦਿਓਰ) ਵਿਆਹ ਕਰਨ ਦਾ ਦਬਾਅ ਬਣਾਉਣ ਲੱਗੇ। ਮੈਂ ਸਾਫ਼ ਨਾਂਹ ਕਰ ਦਿੱਤੀ। ਮੇਰੇ ਕੋਲ਼ ਇੱਕ ਬੇਟਾ ਹੈ ਅਤੇ ਮੈਂ ਉਸੇ ਸਹਾਰੇ ਆਪਣੀ ਜ਼ਿੰਦਗੀ ਕੱਟ ਲਵਾਂਗੀ। ਮੈਂ ਜਾਣਦੀ ਸਾਂ ਕਿ ਜੇਕਰ ਮੈਂ ਦੋਵਾਂ ਵਿੱਚੋਂ ਕਿਸੇ ਇੱਕ ਨਾਲ਼ ਵੀ ਵਿਆਹ ਕਰ ਲਿਆ ਤਾਂ ਕੋਈ ਮੇਰੀ ਇੱਜ਼ਤ ਨਹੀਂ ਕਰੇਗਾ। ਮੈਂ ਖ਼ੁਦ ਲਈ ਕਮਾਈ ਕੀਤੀ, ਆਪਣੇ ਬੇਟੇ ਨੂੰ ਪਾਲ਼ਿਆ ਅਤੇ ਆਪਣਾ ਮਾਣ-ਸਨਮਾਨ ਬਚਾਈ ਰੱਖਿਆ। ਅੱਜ ਮੈਂ ਆਪਣੇ ਜੀਵਨ ਵਿੱਚ ਬਹੁਤ ਖ਼ੁਸ਼ ਹਾਂ।'' (ਕੁਝ ਜਾਤਾਂ ਅਤੇ ਭਾਈਚਾਰਿਆਂ ਅੰਦਰ, ਵਿਧਵਾ ਦਾ ਵਿਆਹ ਉਹਦੇ ਮਰਹੂਮ ਪਤੀ ਦੇ ਛੋਟੇ ਜਾਂ ਵੱਡੇ ਭਰਾ ਨਾਲ਼ ਕਰ ਦਿੱਤਾ ਜਾਂਦਾ ਹੈ)।

''ਜਦੋਂ ਮੇਰਾ ਵਿਆਹ ਹੋਇਆ, ਮੈਂ ਆਪਣੇ ਪਤੀ, ਸੱਸ-ਸਹੁਰੇ ਅਤੇ ਦਿਓਰ ਦੇ ਨਾਲ਼ ਇੱਥੇ ਰਹਿਣ ਆਈ ਸਾਂ। ਸ਼ੁਰੂ ਸ਼ੁਰੂ ਵਿੱਚ ਅਸੀਂ ਖਾਰ ਵਿਖੇ ਰਹਿੰਦੇ ਸਾਂ, ਜਿੱਥੇ ਖਟਿਕ ਲੋਕ (ਵੀ ਦਲਿਤ ਭਾਈਚਾਰਾ ਹੈ) ਰਹਿੰਦੇ ਹਨ।''

Bhateri Devi standing outside
PHOTO • Bhasha Singh
The entrance to Valmiki Nagar where Bhateri Devi Lives
PHOTO • Bhasha Singh

ਭਟੇਰੀ ਦੇਵੀ ਵਿਆਹ ਤੋਂ ਬਾਅਦ ਮੁੰਬਈ ਦੇ ਬਾਲਮੀਕੀ ਨਗਰ (ਖੱਬੇ ਵਿਖੇ ਰਹਿਣ ਆ ਗਈ। ਇੱਥੇ (ਮੁੰਬਈ) 15-16 ਘਰਾਂ ਦੀ ਸਫ਼ਾਈ ਬਦਲੇ ਉਨ੍ਹਾਂ ਨੂੰ ਮਹੀਨੇ ਦੇ ਸਿਰਫ਼ 50 ਰੁਪਏ ਮਿਲ਼ਦੇ

''ਮੈਂ ਤਾਉਮਰ ਖਾਰ ਵਿਖੇ ਹੀ ਕੰਮ ਕੀਤਾ। ਉਨ੍ਹੀਂ ਦਿਨੀਂ, ਇੱਥੇ ਦੋ-ਚਾਰ ਇਮਾਰਤਾਂ ਹੀ ਹੋਇਆ ਕਰਦੀਆਂ ਸਨ। ਉਦੋਂ ਮੁੰਬਈ ਖੁੱਲ੍ਹੀ ਜਿਹੀ ਅਤੇ ਖਾਲੀ ਜਿਹੀ ਥਾਂ ਹੋਇਆ ਕਰਦੀ ਸੀ।'' ਭਟੇਰੀ ਨੂੰ ਨਾ ਤਾਂ ਆਪਣੀ ਤਨਖ਼ਾਹ ਚੇਤੇ ਹੈ ਨਾ ਹੀ ਉਸ ਵੇਲ਼ੇ ਮਿਲ਼ਦੇ ਪਿਆਜ਼, ਟਮਾਟਰਾਂ ਅਤੇ ਲੀੜੇ-ਲੱਤੇ ਦੇ ਭਾਅ ਹੀ ਚੇਤੇ ਹਨ। ਘਰ ਦੀ ਹਰ ਚੀਜ਼, ਉਨ੍ਹਾਂ ਦੀ ਕਮਾਈ ਅਤੇ ਹਰ ਖਰਚੇ 'ਤੇ ਸੱਸ ਦਾ ਕੰਟਰੋਲ ਹੋਇਆ ਕਰਦਾ। ਭਟੇਰੀ ਨੂੰ ਆਪਣੀ ਹੀ ਕਮਾਈ ਵਿੱਚੋਂ ਇੱਕ ਪੈਸਾ ਨਾ ਮਿਲ਼ਦਾ।

ਭਟੇਰੀ ਦਾ ਪੂਰਾ ਜੀਵਨ ਖਾਰ ਦੀ ਉਸੇ ਇਮਾਰਤ ਦੇ ਆਲ਼ੇ-ਦੁਆਲ਼ੇ ਹੀ ਘੁੰਮਦਾ ਰਿਹਾ, ਜਿੱਥੇ ਉਹ ਪਖਾਨਾ ਸਾਫ਼ ਕਰਨ ਅਤੇ ਝਾੜੂ-ਪੋਚਾ ਲਾਉਣ ਜਾਇਆ ਕਰਦੀ ਸਨ। 80 ਸਾਲ ਦੀ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੇ ਆਪਣਾ ਕੰਮ ਨਾ ਛੱਡਿਆ। ਉਨ੍ਹਾਂ ਦੀ ਪੋਤਿਓਂ ਨੂੰਹ, 37 ਸਾਲਾ ਤਨੂ ਲੋਹਾਟ ਦੱਸਦੀ ਹਨ,''ਬੜੀ ਲੜਾਈ ਅਤੇ ਬਹਿਸ-ਮੁਬਾਹਿਸੇ ਤੋਂ ਬਾਅਦ ਕਿਤੇ ਜਾ ਕੇ ਮੇਰੀ ਦਾਦੀ-ਸੱਸ ਦਾ ਕੰਮ ਕਿਸੇ ਹੋਰ ਨੂੰ ਸੌਂਪਿਆ ਗਿਆ। ਅੱਜ ਵੀ ਸਾਡੇ ਲੱਖ ਮਨ੍ਹਾਂ ਕਰਨ ਦੇ ਬਾਵਜੂਦ ਉਹ ਖਾਰ ਵੈਸਟ ਦੇ ਲੋਕਾਂ ਨੂੰ ਮਿਲ਼ਣ ਚਲੀ ਜਾਂਦੀ ਹਨ।''

ਸੰਜੈ ਨੇ ਕੁਝ ਦਿਨਾਂ ਤੀਕਰ ਗਟਰ ਦੀ ਸਫ਼ਾਈ ਕਰਨ ਦਾ ਕੰਮ ਕੀਤਾ, ਪਰ ਲੀਵਰ ਦੀ ਬੀਮਾਰੀ ਹੋਣ 'ਤੇ ਕੰਮ ਛੱਡ ਦਿੱਤਾ। ਜਦੋਂ ਇਸ ਕਹਾਣੀ ਦੇ ਲੇਖਕ ਅਤੇ ਭਟੇਰੀ ਦੀ ਮੁਲਾਕਾਤ ਹੋਈ ਤਦ ਸੰਜੈ ਹਸਪਤਾਲੋਂ ਇਲਾਜ ਕਰਾ ਕੇ ਵਾਪਸ ਘਰ ਮੁੜੇ ਸਨ। ਪਰ, ਦੋ ਮਹੀਨਿਆਂ ਦੇ ਅੰਦਰ ਅੰਦਰ ਲੀਵਰ ਫੇਲ੍ਹ ਹੋਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ, ਉਸ ਵੇਲ਼ੇ ਉਨ੍ਹਾਂ ਦੀ ਉਮਰ 40 ਸਾਲ ਸੀ। ਸੰਜੈ ਇੱਕ ਖ਼ੁਸ਼-ਮਿਜਾਜ ਵਿਅਕਤੀ ਸਨ ਅਤੇ ਮਰਨ ਤੋਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਸਾਨੂੰ ਦੱਸਿਆ ਸੀ: ''ਬਚਪਨ ਤੋਂ ਹੀ ਮੈਂ ਆਪਣੀ ਦਾਦੀ ਨੂੰ ਝਾੜੂ ਮਾਰਦਿਆਂ ਅਤੇ ਗਟਰ ਸਾਫ਼ ਕਰਦਿਆਂ ਦੇਖਿਆ ਹੈ। ਉਨ੍ਹਾਂ ਦੀ ਬਦੌਲਤ ਹੀ ਅੱਜ ਅਸੀਂ ਜਿਊਂਦੇ ਹਾਂ। ਉਨ੍ਹਾਂ ਨੇ ਸਾਨੂੰ ਪਾਲ਼ਿਆ ਅਤੇ ਸਾਨੂੰ ਗੰਦਗੀ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ। ਉਹ ਸ਼ੁਰੂ ਤੋਂ ਮਿਹਨਤੀ ਰਹੀ ਸਨ।''

Granddaughter-in-law Tanu, wife of Bhateri Devi's deceased grandson Sanjay, with Sachi 11, Sara 8 and Saina 5. They are standing underneath the a garlanded poster of Bhateri Devi’s son, Sanjay’s father.
PHOTO • Bhasha Singh

ਭਟੇਰੀ ਦੇਵੀ ਦੀ ਪੋਤਰਿਓਂ ਨੂੰਹ ਤਨੂ ਲੋਹਾਟ, ਸਾਚੀ (11 ਸਾਲ), ਸਾਰਾ (8 ਸਾਲ) ਅਤੇ ਸਾਇਨਾ (5 ਸਾਲ) ਦੇ ਨਾਲ਼ ਇੱਕ ਹੋਡਿੰਗ ਦੇ ਹੇਠਾਂ ਖੜ੍ਹੀ ਹੋ ਕੇ ਆਪਣੇ ਸਹੁਰੇ ਨੂੰ ਸ਼ਰਧਾਂਜਲੀ ਦੇ ਰਹੀ ਹਨ

''ਮੇਰੇ ਪਿਤਾ ਸ਼ੁਰੂ ਵਿੱਚ ਆਟੋ ਰਿਕਸ਼ਾ ਚਲਾਇਆ ਕਰਦੇ। ਬਾਅਦ ਵਿੱਚ, ਉਨ੍ਹਾਂ ਨੇ ਕੰਮ ਛੱਡ ਦਿੱਤਾ ਅਤੇ ਘਰੇ ਬੈਠ ਗਏ। ਇਸ ਤੋਂ ਬਾਅਦ ਉਨ੍ਹਾਂ ਨੂੰ ਸਚਿਵਾਲਯ (ਰਾਜ ਸਕੱਤਰੇਤ) ਵਿਖੇ ਸਫ਼ਾਈਕਰਮੀ ਵਜੋਂ ਕੰਮ ਮਿਲ਼ ਗਿਆ, ਪਰ ਉੱਥੇ ਜਾਤੀ ਨੂੰ ਲੈ ਕੇ ਇੱਕ ਸਮੱਸਿਆ ਖੜ੍ਹੀ ਹੋ ਗਈ। ਕਿਸੇ ਨੇ ਜਾਤੀਸੂਚਕ ਟਿੱਪਣੀ ਕਰ ਦਿੱਤੀ, ਜਿਸ ਤੋਂ ਬਾਅਦ ਝਗੜਾ ਸ਼ੁਰੂ ਹੋਇਆ ਅਤੇ ਫਿਰ ਉਨ੍ਹਾਂ ਨੂੰ ਕੰਮ ਤੋਂ ਬਾਹਰ ਕੱਢ ਦਿੱਤਾ ਗਿਆ। ਬੱਸ ਉਦੋਂ ਤੋਂ ਲੈ ਕੇ ਆਪਣੀ ਮੌਤ ਤੀਕਰ ਉਹ ਘਰੇ ਹੀ ਰਹੇ।''

''ਜਦੋਂ ਮੈਂ ਬੱਚਾ ਸਾਂ, ਦਾਦੀ ਦੱਸਦੀ ਹਨ ਕਿ ਸੱਤ ਮੰਜ਼ਲਾ ਪੂਰੀ ਇਮਾਰਤ ਨੂੰ ਸਾਫ ਕਰਨ ਬਦਲੇ ਉਨ੍ਹਾਂ ਨੂੰ 50 ਰੁਪਏ ਮਿਲ਼ਦੇ ਸਨ। ਪੂਰੀ ਇਮਾਰਤ ਵਿੱਚ 15-16 ਘਰ ਹੁੰਦੇ ਸਨ, ਉਹ ਸਾਰੇ ਰਲ਼ ਕੇ ਇੰਨੇ ਪੈਸੇ ਦਿਆ ਕਰਦੇ। ਘਰ ਦਾ ਖਰਚਾ ਕਿਵੇਂ ਚੱਲਦਾ ਸੀ, ਮੈਂ ਤੁਹਾਨੂੰ ਦੱਸਦਾ ਹਾਂ। ਜਿਨ੍ਹਾਂ ਘਰਾਂ ਦਾ ਉਹ ਕੰਮ ਕਰਦੀ ਸਨ, ਉੱਥੇ ਅਮੀਰ ਲੋਕ ਰਿਹਾ ਕਰਦੇ ਸਨ, ਜੋ ਆਪਣਾ ਬਚਿਆ ਅਤੇ ਜੂਠਾ ਖਾਣਾ ਉਨ੍ਹਾਂ ਨੂੰ ਦੇ ਦਿੰਦੇ। ਫਿਰ ਅਸੀਂ ਕਈ ਦਿਨਾਂ ਤੱਕ ਉਹੀ ਖਾਣਾ ਖਾਇਆ ਕਰਦੇ। ਪਿਛਲੇ ਕੁਝ ਸਮੇਂ ਪਹਿਲਾਂ ਹੀ ਦਾਦੀ ਨੇ ਮਹੀਨੇ ਦੇ 4,000 ਰੁਪਏ ਕਮਾਉਣੇ ਸ਼ੁਰੂ ਕੀਤੇ ਸਨ।''

ਭਟੇਰੀ ਵਾਸਤੇ ਇਹ ਬਿਪਤਾਵਾਂ ਮਾਰਿਆ ਸਾਲ ਰਿਹਾ। ਪਿਤਾ (ਭਟੇਰੀ ਦਾ ਬੇਟਾ) ਦੀ ਮੌਤ ਤੋਂ ਬਾਅਦ ਸੰਜੈ ਦੀ ਮੌਤ ਹੋਈ। ਭਟੇਰੀ ਦਾ ਦੁੱਖ ਬਹੁਤ ਵੱਡਾ ਸੀ।

ਸਾਲਾਂਬੱਧੀ ਕੀਤੀ ਆਪਣੀ ਮਜ਼ਦੂਰੀ ਬਾਰੇ ਗੱਲ ਕਰਦਿਆਂ ਉਹ ਖ਼ੁਸ਼ ਜਾਪ ਰਹੀ ਹਨ। ''ਮੇਰਾ ਮਨ ਕੰਮ ਵਿੱਚ ਲੱਗਾ ਰਹਿੰਦਾ। ਕੰਮ ਕਰਨ ਵਾਲ਼ੇ ਸਾਰੇ ਲੋਕ ਅਸੀਂ ਇਕੱਠਿਆਂ ਕੰਮ 'ਤੇ ਜਾਂਦੇ, ਗੱਪਾਂ ਮਾਰਦੇ, ਆਪਣੀਆਂ ਮੁਸ਼ਕਲਾਂ ਸਾਂਝੀਆਂ ਕਰਿਆ ਕਰਦੇ। ਥੋੜ੍ਹਾ ਚਿਰ ਹੀ ਸਹੀ ਘਰ ਦੀ ਕਲੇਸ਼ ਤੋਂ ਦੂਰ ਰਹਿੰਦੇ। ਕੰਮ ਵੀ ਅਜਿਹਾ ਸੀ ਕਿ ਇੱਕ ਵੀ ਛੁੱਟੀ ਨਾ ਮਿਲ਼ਦੀ, ਇਹੀ ਕਾਰਨ ਸੀ ਕਿ ਮੈਂ ਕਦੇ ਪਿੰਡ ਵਾਪਸ ਨਾ ਜਾ ਸਕੀ। ਪਰ ਤਾਉਮਰ ਉਹੀ ਲੀੜੇ ਪਾਏ ਜੋ ਉੱਥੋਂ ਨਾਲ਼ ਲਿਆਈ ਸਾਂ।'' ਅੱਜ ਵੀ, ਉਹ ਭਾਸ਼ਾ ਅਤੇ ਪੋਸ਼ਾਕ ਵਿੱਚ ਠੇਠ ਹਰਿਆਣਵੀਂ ਹਨ।

ਪੂਰੀ ਉਮਰ ਇੱਕੋ ਹੀ ਕੰਮ ਵਿੱਚ ਗੁਜ਼ਾਰ ਦੇਣ ਬਾਅਦ ਵੀ, ਭਟੇਰੀ ਨੂੰ ਇਹ ਨਹੀਂ ਪਤਾ ਕਿ ਆਖ਼ਰ ਉਹ ਦੋਸ਼ੀ ਮੰਨੇ ਤਾਂ ਕੀਹਨੂੰ ਮੰਨੇ। ਉਹ ਕਿਸੇ ਪ੍ਰਤੀ ਵੀ ਗੁੱਸੇ ਦਾ ਇਜ਼ਹਾਰ ਨਹੀਂ ਕਰਦੀ। ''ਇਹ ਕਿਸਮਤ ਦੀਆਂ ਤੰਦਾਂ ਹਨ। ਇਹੀ ਕੰਮ ਸਾਡੇ ਭਾਈਚਾਰੇ ਦੇ ਜੁੰਮੇ ਲੱਗਾ ਹੈ ਸੋ ਅਸੀਂ ਇਹੀ ਕੰਮ ਕਰਦੇ ਹਾਂ।'' ਬੱਸ ਇਸੇ ਹੌਂਸਲੇ ਨਾਲ਼ ਹੀ ਭਟੇਰੀ ਅਤੇ ਉਨ੍ਹਾਂ ਜਿਹੀਆਂ ਲੱਖਾਂ ਔਰਤਾਂ ਇਸ ਅਣਮਨੁੱਖੀ ਕਾਰੇ ਅਤੇ ਗੰਦਗੀ ਭਰੇ ਕੰਮ ਨੂੰ ਕਰਦੀਆਂ ਜਾਂਦੀਆਂ ਹਨ।

ਤਾਂ ਫਿਰ ਉਨ੍ਹਾਂ ਦੀ ਜਾਤੀ ਦੇ ਲੋਕ ਇਸੇ ਕੰਮ ਵਿੱਚ ਹੀ ਕਿਉਂ ਫਸ ਕੇ ਰਹਿ ਗਏ ਹਨ? ਭਟੇਰੀ ਇਹਦਾ ਜਵਾਬ ਬੜੀ ਮਸੂਮੀਅਤ ਨਾਲ਼ ਦਿੰਦੀ ਹਨ: ''ਮੈਨੂੰ ਇਹਦਾ ਜਵਾਬ ਤਾਂ ਨਹੀਂ ਪਤਾ... ਪਰ ਸਾਰੇ ਲੋਕ ਇਹੀ ਕੰਮ ਕਰਦੇ ਹਨ ਇਸਲਈ ਮੈਂ ਵੀ ਕਰ ਰਹੀ ਹਾਂ। ਲਗਾਤਾਰ ਝਾੜੂ ਫੜ੍ਹੀ ਰੱਖਣ ਨਾਲ਼ ਮੇਰੇ ਗੁੱਟ ਦੀ ਹੱਡੀ ਭਾਵੇਂ ਮੁੜ ਗਈ ਹੋਵੇ ਪਰ ਇਸ ਕੰਮ ਬਦਲੇ ਮੈਨੂੰ ਕੋਈ ਪੈਨਸ਼ਨ ਨਹੀਂ ਮਿਲ਼ੀ। ਸਾਡੇ ਕੋਲ਼ ਗਰੀਬੋਂ ਵਾਲ਼ਾ (ਬੀਪੀਐੱਲ) ਕਾਰਡ ਤੱਕ ਨਹੀਂ ਹੈ।''

''ਪਰ ਮੈਂ ਖ਼ੁਸ਼ ਹਾਂ, ਮੈਨੂੰ ਖਾਣ ਲਈ ਚੰਗਾ ਭੋਜਨ ਮਿਲ਼ਦਾ ਹੈ। ਇੱਕ ਗੱਲ ਹੋਰ, ਇਸ ਗੱਲੋਂ ਮੈਂ ਬੜੀ ਸੰਤੁਸ਼ਟ ਹਾਂ ਕਿ ਤਾਉਮਰ ਮੈਂ ਮਿਹਨਤ ਦੀ ਕਮਾਈ ਹੀ ਖਾਧੀ ਹੈ। ਘਰੋਂ ਬਾਹਰ ਜਾ ਕੇ ਖੁੱਲ੍ਹੀ ਹਵਾ ਵਿੱਚ ਸਾਹ ਵੀ ਲਿਆ। ਮੈਨੂੰ ਬਾਹਰ ਘੁੰਮਣਾ ਪਸੰਦ ਹੈ। ਮੈਂ ਕੰਮ ਕਰਨਾ ਬੰਦ ਹੀ ਨਹੀਂ ਕੀਤਾ ਅਤੇ ਮਨ ਬਹਿਲਾਉਣ ਵਾਸਤੇ ਬੀੜੀ ਪੀਂਦੀ ਰਹੀ।''

ਇੰਨਾ ਕਹਿ ਉਹ ਹੱਸਣ ਲੱਗਦੀ ਹਨ ਅਤੇ ਉਨ੍ਹਾਂ ਦੇ ਟੁੱਟੇ ਦੰਦਾਂ ਵਿੱਚੋਂ ਦੀ ਬਾਹਰ ਆਉਂਦੀ ਇਹ ਮੁਸਕਾਨ ਉਨ੍ਹਾਂ ਦੇ ਸਾਰੇ ਦੁੱਖਾਂ 'ਤੇ ਭਾਰੀ ਪੈ ਜਾਂਦੀ ਹੈ।

ਤਰਜਮਾ: ਕਮਲਜੀਤ ਕੌਰ

Bhasha Singh

Bhasha Singh is an independent journalist and writer, and 2017 PARI Fellow. Her book on manual scavenging, ‘Adrishya Bharat’, (Hindi) was published in 2012 (‘Unseen’ in English, 2014) by Penguin. Her journalism has focused on agrarian distress in north India, the politics and ground realities of nuclear plants, and the Dalit, gender and minority rights.

Other stories by Bhasha Singh
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur