ਸੋਮਵਾਰ ਸਵੇਰੇ 7 ਵਜੇ ਦੇ ਕਰੀਬ ਤਵਾੜ ਭਰੀ ਗਰਮੀ ਵਿੱਚ ਵੰਦਨਾ ਕੋਲੀ ਅਤੇ ਗਾਇਤਰੀ ਪਾਟਿਲ ਭਾਰੇ ਮਨਾਂ ਨਾਲ਼ ਮੁੰਬਈ ਦੇ ਸਸੂਨ ਡੌਕ ਦੇ ਕੋਲ਼ ਜੇਟੀ 'ਤੇ ਮੱਛੀਆਂ ਲਿਆ ਰਹੀ ਬੇੜੀ ਦੀ ਉਡੀਕ ਕਰ ਰਹੀਆਂ ਹਨ।

ਉਹ ਉਸ ਸਵੇਰੇ ਕੋਲਾਬਾ ਦੇ ਕੋਲੀਵਾੜਾ ਇਲਾਕੇ ਵਿਖੇ ਪੈਂਦੇ ਆਪਣੇ ਘਰ ਤੋਂ ਤਕਰੀਬਨ 2 ਕਿਲੋਮੀਟਰ ਦੂਰ ਪੈਦਲ ਤੁਰ ਕੇ ਡੌਕ 'ਤੇ ਮੱਛੀਆਂ ਲੈਣ ਆਈਆਂ ਹਨ। ਹਫ਼ਤੇ ਵਿੱਚ 5 ਦਿਨ ਇਹੀ ਰੁਟੀਨ ਚੱਲਦੀ ਹੈ- ਤਾਜ਼ਾ ਮੱਛੀਆਂ ਖਰੀਦਣਾ ਤੇ ਉਹਨੂੰ ਗੁਆਂਢ ਦੀ ਮੰਡੀ ਵਿੱਚ ਵੇਚਣਾ (ਉਨ੍ਹਾਂ ਮੁਤਾਬਕ ਮੰਗਲਵਾਰ ਤੇ ਵੀਰਵਾਰ ਨੂੰ ਜ਼ਿਆਦਾਤਰ ਲੋਕੀਂ ਮੱਛੀ ਨਹੀਂ ਖਾਂਦੇ, ਇਸਲਈ ਉਨ੍ਹੀਂ ਦਿਨੀਂ ਵਿਕਰੀ ਘੱਟ ਹੁੰਦੀ ਹੈ)।

''ਐਤਵਾਰ ਨੂੰ ਕੰਮ ਵਾਧੂ ਰਿੜ੍ਹਦਾ ਹੈ, ਪਰ ਕੱਲ੍ਹ ਓਨਾ ਨਫ਼ਾ ਨਹੀਂ ਹੋਇਆ। ਮੈਨੂੰ ਕਿਸੇ ਤਰ੍ਹਾਂ ਉਸ ਨੁਕਸਾਨ ਦੀ ਪੂਰਤੀ ਕਰਨੀ ਪੈਣੀ ਹੈ ਨਹੀਂ ਤਾਂ ਇਸ ਹਫ਼ਤੇ ਦਾ ਰਾਸ਼ਨ ਨਹੀਂ ਲਿਆ ਜਾਣਾ,'' 53 ਸਾਲਾ ਵੰਦਨਾ ਦੱਸਦੀ ਹਨ। ਉਹ ਅਤੇ 51 ਸਾਲਾ ਗਾਇਤਰੀ, ਦੋਵੇਂ ਕੋਲੀ ਭਾਈਚਾਰੇ (ਮਹਾਰਾਸ਼ਟਰ ਦੇ ਪਿਛੜੇ ਵਰਗ ਵਜੋਂ ਸੂਚੀਬੱਧ) ਨਾਲ਼ ਤਾਅਲੁੱਕ ਰੱਖਦੀਆਂ ਹਨ ਤੇ ਪਿਛਲੇ 28 ਸਾਲਾਂ ਤੋਂ ਗੂੜ੍ਹੀਆਂ ਸਹੇਲੀਆਂ ਹਨ।

ਜੇਟੀ 'ਤੇ ਬੇੜੀਆਂ ਆਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ ਤੇ ਉੱਥੇ ਉਡੀਕ ਕਰ ਰਹੀਆਂ ਕਰੀਬ 40-50 ਔਰਤਾਂ ਮੱਛੀਆਂ ਦੀ ਬੋਲੀ ਲਾਉਣ ਵਾਲ਼ਿਆਂ, ਵਿਚੋਲੇ ਜੋ ਕਿ ਬੇੜੀ ਦੇ ਮਾਲਕਾਂ ਜਾਂ ਮਛੇਰਿਆਂ ਵਾਸਤੇ ਮੱਛੀਆਂ ਵੇਚਣ ਦਾ ਕੰਮ ਕਰਦੇ ਹਨ, ਦੇ ਕੋਲ਼ ਜਮ੍ਹਾਂ ਹੋਣ ਲੱਗੀਆਂ ਹਨ। ਵੰਦਨਾ ਬੋਲਦੀ ਹਨ,'' ਚਲ ਆਤਾ ਦੇ 200 ਮਧੇ ( ਚੱਲੋ, 200 ਰੁਪਏ ਵਿੱਚ ਦੇ)।'' ਝੀਂਗਿਆਂ ਦੇ ਛੋਟੀ ਜਿਹੀ ਖੇਪ ਬਦਲੇ 240 ਰੁਪਏ ਦਿੰਦੀ ਹਨ। 9 ਵਜੇ ਦੇ ਕਰੀਬ, ਜ਼ੋਰ-ਸ਼ੋਰ ਨਾਲ਼ ਸੌਦੇਬਾਜ਼ੀ ਹੋਣ ਤੋਂ ਬਾਅਦ ਉਨ੍ਹਾਂ ਨੇ ਤੇ ਗਾਇਤਰੀ ਨੇ ਪ੍ਰਾਨ, ਸ਼੍ਰਿੰਪ ਤੇ ਬੋਂਬਿਲ ਮੱਛੀਆਂ ਇਕੱਠੀਆਂ ਕਰ ਲਈਆਂ ਹਨ। ਜਿਸ ਦਿਨ ਖਰੀਦਦਾਰੀ ਹੋਣੀ ਹੁੰਦੀ ਹੈ ਉਹ ਕੀਮਤ ਦੇ ਹਿਸਾਬ ਨਾਲ਼ 7 ਤੋਂ 10 ਕਿਲੋ ਮੱਛੀਆਂ ਖਰੀਦ ਲੈਂਦੀਆਂ ਹਨ।

ਵੰਦਨਾ, ਗਾਇਤਰੀ ਨੂੰ ਸੈਨਤ ਮਾਰਦਿਆਂ: '' ਗੇਤਲਾ, ਨਿਘੂਯਾ (ਲੈ ਲਈਆਂ, ਚੱਲ ਚੱਲੀਏ)।''

ਇੱਥੇ ਔਰਤਾਂ ਚੈਕ-ਅਪ ਲਈ ਨਹੀਂ ਜਾਂਦੀਆਂ, ਦਿੱਕਤ ਹੋਣ 'ਤੇ ਬੱਸ ਪੀੜ੍ਹ ਦੀ ਗੋਲ਼ੀ ਖਾ ਲੈਂਦੀਆਂ ਹਨ। ਹਸਪਤਾਲ ਦਾ ਬਿੱਲ ਭਰਨ ਲਈ ਉਨ੍ਹਾਂ ਕੋਲ਼ ਪੈਸੇ ਨਹੀਂ ਹੁੰਦੇ ਤੇ ਕੋਵਿਡ ਕਾਰਨ ਉਨ੍ਹਾਂ ਨੂੰ ਡਾਕਟਰ ਕੋਲ਼ ਜਾਣ ਤੋਂ ਵੀ ਡਰ ਲੱਗਦਾ ਹੈ...'

ਵੀਡਿਓ ਦੇਖੋ: 'ਮਨ ਕਰਦਾ ਹੈ ਪਰਮਾਤਮਾ ਨੂੰ ਫਰਿਆਦ ਕਰਾਂ- ਸਾਡੇ ਲਈ ਘੱਟੋਘੱਟ ਇੱਕ ਦਿਨ ਤਾਂ ਵਧੀਆ ਚੜ੍ਹਾ ਦੇ'

''ਅਸੀਂ ਥੋੜ੍ਹੀ ਹੋਰ ਖਰੀਦਦਾਰੀ ਕੀਤੀ ਹੁੰਦੀ, ਪਰ ਕੀ ਕਰੀਏ ਕੋਵਿਡ ਨੇ ਸਾਡਾ ਕੰਮ ਹੀ ਠੱਪ ਕਰ ਸੁੱਟਿਆ ਹੈ,'' ਵੰਦਨਾ ਕਹਿੰਦੀ ਹਨ। (ਦੇਖੋ ਸਮੁੰਦਰੀ ਤੂਫ਼ਾਨ ਤੋਂ ਆਖ਼ਰ ਬਚਾਅ ਹੋਵੇ ਤਾਂ ਹੋਵੇ ਕਿਵੇਂ ) ਮੱਛੀਆਂ ਨਾਲ਼ ਭਰਿਆ ਨੀਲ਼ੇ ਰੰਗ ਦਾ ਟਬ ਸ਼ੇਲਕੇ ਦੇ ਸਿਰ 'ਤੇ ਟਿਕਾਉਂਦਿਆਂ ਵੰਦਨਾ ਅੱਗੇ ਕਹਿੰਦੀ ਹਨ,''ਲੋਕ ਵੀ ਹੁਣ ਸਾਡੇ ਕੋਲ਼ੋਂ ਓਨੀ ਖਰੀਦਦਾਰੀ ਨਹੀਂ ਕਰਦੇ।'' ਸਸੂਨ ਡੌਕ 'ਤੇ ਸੀਤਾ ਅਤੇ ਉਨ੍ਹਾਂ ਜਿਹੀਆਂ ਹੋਰ ਕੁੱਲੀ ਕੋਲਾਬਾ ਸਥਿਤ ਮੱਛੀ ਮੰਡੀ ਤੱਕ ਮੱਛੀਆਂ ਦਾ ਭਰਿਆ ਟਬ ਅਤੇ ਟੋਕਰੀ ਪਹੁੰਚਾਉਣ ਲਈ ਕਰੀਬ 40-50 ਰੁਪਏ ਤੱਕ ਲੈਂਦੇ ਹਨ। ਉਸ ਦਿਨ ਗਾਇਤਰੀ ਨੇ ਆਪਣੀ ਟੋਕਰੀ ਬਜ਼ਾਰ ਵੱਲੋਂ ਦੀ ਲੰਘ ਰਹੇ ਆਪਣੇ ਇੱਕ ਗੁਆਂਢੀ ਦੇ ਦੋਪਹੀਏ ਮਗਰ ਰਖਵਾ ਦਿੱਤੀ।

''ਪਹਿਲਾਂ-ਪਹਿਲ ਮੈਂ ਖੁਦ ਹੀ ਇੰਨਾ ਵਜ਼ਨ ਚੁੱਕ ਲਿਆ ਕਰਦੀ ਪਰ ਹੁਣ ਮੇਰੇ ਦਿਲ ਦਾ ਓਪਰੇਸ਼ਨ ਹੋਇਆ ਹੋਣ ਕਾਰਨ ਮੈਂ ਇੰਨਾ ਭਾਰ ਨਹੀਂ ਚੁੱਕ ਸਕਦੀ,'' ਵੰਦਨਾ ਕਹਿੰਦੀ ਹਨ। ਜਦੋਂ ਸੀਤਾ ਆਪਣੇ ਸਿਰ 'ਤੇ ਟਬ ਟਿਕਾ ਕੇ ਰਤਾ ਤਵਾਜ਼ਨ ਬਣਾ ਲੈਂਦੀ ਹਨ ਤਾਂ ਤਿੰਨੋਂ ਔਰਤਾਂ ਦੋ ਕਿਲੋਮੀਟਰ ਦੂਰ ਸਥਿਤ ਮੰਡੀ ਦੇ ਰਾਹ ਪੈਂਦੀਆਂ ਹਨ। ਰਸਤੇ ਵਿੱਚ ਉਹ ਸਿਰਫ਼ ਇੱਕੋ ਥਾਵੇਂ ਇੱਕ ਕੋਲਡ ਸਟੋਰੇਜ ਸ਼ਾਪ ਮੂਹਰੇ ਰੁਕਦੀਆਂ ਹਨ, ਜਿੱਥੇ ਵੰਦਨਾ 10 ਰੁਪਏ ਦੇ ਦੋ ਨੋਟ ਦੇ ਕੇ ਇੱਕ ਟੋਕਰੀ ਬਰਫ਼ ਦਾ ਚੂਰਾ ਲੈਂਦੀ ਹਨ।

ਦਸੰਬਰ 2018 ਵਿੱਚ ਵੰਦਨਾ ਦੀ ਐਂਜਿਓਪਲਾਸਟੀ ਹੋਈ ਸੀ। ਇੱਕ ਰਾਤ ਛਾਤੀ ਵਿੱਚ ਪੀੜ੍ਹ ਤੋਂ ਬਾਅਦ ਉਨ੍ਹਾਂ ਦੇ ਪਤੀ ਨੇ ਉਨ੍ਹਾਂ ਨੂੰ ਦੱਖਣੀ ਮੁੰਬਈ ਦੇ ਨਾਗਪਾੜਾ ਇਲਾਕੇ ਵਿੱਚ ਪੈਂਦੇ ਪ੍ਰਦੇਸ਼ ਦੇ ਇੱਕ ਸਰਕਾਰੀ ਹਸਪਤਾਲ, ਜੇ ਜੇ ਹਸਪਤਾਲ ਲੈ ਗਏ। ਉੱਥੇ ਪਰਿਵਾਰ ਨੂੰ ਦੱਸਿਆ ਗਿਆ ਕਿ ਵੰਦਨਾ ਨੂੰ ਦਿਲ ਦਾ ਦੌਰਾ ਪਿਆ ਹੈ। ਉਹ ਦੱਸਦੀ ਹਨ,''ਓਪਰੇਸ਼ਨ ਤੋਂ ਬਾਅਦ ਤੋਂ ਮੈਂ ਇੱਕ ਲੀਟਰ ਪਾਣੀ ਵੀ ਨਹੀਂ ਚੁੱਕ ਸਕਦੀ। ਝੁੱਕਣ ਜਾਂ ਕਿਸੇ ਵੀ ਭੱਜ-ਦੌੜ ਤੋਂ ਪਰੇਸ਼ਾਨੀ ਹੁੰਦੀ ਹੈ। ਸਿਹਤ ਖ਼ਰਾਬ ਹੋਣ ਦੇ ਬਾਵਜੂਦ ਵੀ ਮੈਨੂੰ ਆਪਣੇ ਪਰਿਵਾਰ ਨੂੰ ਪਾਲਣ ਲਈ ਕੰਮ ਕਰਨਾ ਪੈਂਦਾ ਹੈ।''

ਗਾਇਤਰੀ ਵੱਲ ਦੇਖਦਿਆਂ ਉਹ ਕਹਿੰਦੀ ਹਨ,''ਉਹ ਹਰ ਰੋਜ਼ ਟਿਫਿਨ ਲੈ ਕੇ ਹਸਪਤਾਲ ਆਉਂਦੀ। ਜਿੰਨਾ ਚਿਰ ਮੈਂ ਹਸਪਤਾਲ ਭਰਤੀ ਰਹੀ ਉਹ ਮੇਰੇ ਪਤੀ ਤੇ ਬੇਟੇ ਲਈ ਖਾਣਾ ਭੇਜਦੀ ਰਹੀ। ਇਹ ਗੱਲ ਬੜੀ ਰਾਹਤ-ਦੇਊ ਸੀ ਕਿ ਉਹ ਮੇਰੇ ਪਰਿਵਾਰ ਦਾ ਖਿਆਲ ਰੱਖ ਲਵੇਗੀ, ਬਿਲਕੁਲ ਓਵੇਂ ਹੀ ਜਿਵੇਂ ਉਹਦੇ ਮੁਸ਼ਕਲ ਸਮੇਂ ਵਿੱਚ ਮੈਂ ਉਹਦੇ ਪਰਿਵਾਰ ਦਾ ਖਿਆਲ ਰੱਖਿਆ ਸੀ। ਕਿਉਂਕਿ ਦੋਵਾਂ ਸਹੇਲੀਆਂ ਦੀ ਮਾਲੀ ਹਾਲਤ ਠੀਕ ਨਹੀਂ ਹੈ, ਸੋ ਅਸੀਂ ਇੱਕ-ਦੂਜੇ ਦੀ ਪੈਸੇ ਨਾਲ਼ ਮਦਦ ਨਹੀਂ ਕਰ ਸਕਦੀਆਂ, ਹਾਂ ਪਰ ਸਾਡੇ ਸਬੰਧ ਗੂੜ੍ਹੇ ਬਣੇ ਰਹੇ ਹਨ।''

Vandana Koli and Gayatri Patil waiting for the boats to come in at Sassoon Dock. Once they arrive, they will begin determined rounds of bargaining
PHOTO • Shraddha Agarwal
Vandana Koli and Gayatri Patil waiting for the boats to come in at Sassoon Dock. Once they arrive, they will begin determined rounds of bargaining
PHOTO • Shraddha Agarwal

ਵੰਦਨਾ ਕੋਲੀ ਅਤੇ ਗਾਇਤਰੀ ਪਾਟਿਲ ਸਸੂਨ ਡੌਕ 'ਤੇ ਬੇੜੀਆਂ ਆਉਣ ਦੀ ਉਡੀਕ ਵਿੱਚ। ਜਿਓਂ ਹੀ ਬੇੜੀਆਂ ਡੌਕ 'ਤੇ ਅਪੜਦੀਆਂ ਹਨ, ਉਵੇਂ ਹੀ ਸੌਦੇਬਾਜ਼ੀ ਕਰਦੀਆਂ ਉਨ੍ਹਾਂ ਦੀਆਂ ਅਵਾਜ਼ਾਂ ਕੰਨੀਂ ਪੈਂਦੀਆਂ ਹਨ

ਗਾਇਤਰੀ ਆਪਣੀ ਸਾੜੀ ਦਾ ਪੱਲਾ ਸਰਕਾ ਕੇ ਕਿਡਨੀ ਟ੍ਰਾਂਸਪਲਾਂਟ ਸਰਜਰੀ ਦਾ ਨਿਸ਼ਾਨ ਦਿਖਾਉਂਦੀ ਹਨ। ਉਹ ਦੱਸਦੀ ਹਨ,''ਮੇਰੀ ਧੀ ਨੂੰ ਕਿਡਨੀ ਚਾਹੀਦੀ ਸੀ ਤੇ ਪਰਮਾਤਮਾ ਦੀ ਬਖਸ਼ ਨਾਲ਼ ਮੇਰੀ ਕਿਡਨੀ ਉਹਦੇ ਅਨੁਕੂਲ ਰਹੀ। ਪਰ ਉਹਨੂੰ ਬੇਹੱਦ ਤਕਲੀਫ਼ 'ਚੋਂ ਲੰਘਣਾ ਪਿਆ। ਉਹ ਪੀੜ੍ਹ ਨਾਲ਼ ਰੋਣ ਲੱਗਦੀ।''

ਮਈ 2015 ਵਿੱਚ, ਗਾਇਤਰੀ ਦੀ 25 ਸਾਲਾ ਧੀ ਸ਼ਰੁਤਿਕਾ ਦੀ ਤਬੀਅਤ ਖ਼ਰਾਬ ਰਹਿਣ ਲੱਗੀ। ਉਨ੍ਹਾਂ ਦਾ ਪਰਿਵਾਰ ਇਲਾਜ ਲਈ ਕਦੇ ਇੱਧਰ ਕਦੇ ਉੱਧਰ ਖੁਆਰ ਹੁੰਦਾ ਰਿਹਾ ਪਰ ਬੁਖ਼ਾਰ ਬਾਰ-ਬਾਰ ਚੜ੍ਹ ਜਾਂਦਾ। ਉਨ੍ਹਾਂ ਦਾ ਚਿਹਰਾ ਕਾਲ਼ਾ ਫਿਰ ਗਿਆ ਤੇ ਪੈਰ ਵੀ ਸੁੱਜ ਗਏ। ਫਿਰ ਪਰਿਵਾਰ ਵਾਲ਼ੇ ਉਨ੍ਹਾਂ ਨੂੰ ਦੱਖਣੀ ਮੁੰਬਈ ਦੇ ਇੱਕ ਸਰਕਾਰੀ ਹਸਪਤਾਲ ਲੈ ਗਏ। ਸ਼ਰੁਤਿਕਾ ਦੱਸਦੀ ਹਨ ਕਿ ਉੱਥੇ ਵੀ ਢੁੱਕਵਾਂ ਇਲਾਜ ਨਾ ਮਿਲ਼ ਸਕਿਆ। ਉਹ ਗੱਲ ਜਾਰੀ ਰੱਖਦਿਆਂ ਅੱਗੇ ਕਹਿੰਦੀ ਹਨ,''ਮੈਂ ਪਹਿਲਾਂ ਤੋਂ ਹੀ ਕਾਫ਼ੀ ਬੀਮਾਰ ਸੀ ਇਸਲਈ ਬਾਬਾ ਨੇ ਹੋਰ ਖ਼ਤਰਾ ਨਾ ਲੈਣ ਦਾ ਫ਼ੈਸਲਾ ਕੀਤਾ। ਉਹਦੇ ਬਾਅਦ ਅਸੀਂ ਬੰਬੇ ਹਸਪਤਾਲ (ਨਿੱਜੀ) ਗਏ।'' ਉੱਥੇ ਸ਼ਰੁਤਿਕਾ ਤੇ ਉਨ੍ਹਾਂ ਦੇ ਮਾਪਿਆਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੀਆਂ ਦੋਵੇਂ ਕਿਡਨੀਆਂ ਫ਼ੇਲ੍ਹ ਹੋ ਗਈਆਂ ਹਨ ਤੇ ਕਿਡਨੀ ਟ੍ਰਾਂਸਪਲਾਂਟ ਕਰਨਾ ਬੇਹੱਦ ਜ਼ਰੂਰੀ ਹੈ।

10 ਦਿਨਾਂ ਤੱਕ ਹਸਪਤਾਲ ਭਰਤੀ ਰਹਿਣ ਅਤੇ ਫਿਰ ਸੰਕ੍ਰਮਣ ਦੇ ਖ਼ਤਰੇ ਨੂੰ ਘੱਟ ਕਰਨ ਦੇ ਮੱਦੇਨਜ਼ਰ 3 ਮਹੀਨਿਆਂ ਤੱਕ ਕੋਲੀਵਾੜਾ ਵਿਖੇ ਹੀ ਕਿਰਾਏ ਦੇ ਕਮਰੇ ਵਿੱਚ ਆਈਸੋਲਟ ਹੋ ਕੇ ਰਹਿਣਾ ਪਿਆ। ਅਖ਼ੀਰ ਪਰਿਵਾਰ ਦੇ ਸਾਹਮਣੇ 10 ਲੱਖ ਦਾ ਬਿੱਲ ਬਕਾਇਆ ਸੀ। ਸ਼ਰੁਤਿਕਾ ਦੱਸਦੀ ਹਨ,''ਮਾਂ ਤੇ ਬਾਬਾ ਨੂੰ ਹਰ ਜਾਣ-ਪਛਾਣ ਵਾਲ਼ੇ ਕੋਲ਼ੋਂ ਉਧਾਰ ਮੰਗਣਾ ਪਿਆ। ਮੈਂ ਡਾਇਲਸਿਸ 'ਤੇ ਸੀ। ਸਾਡੇ ਰਿਸ਼ਤੇਦਾਰਾਂ ਨੇ ਸਾਡੀ ਮਦਦ ਕੀਤੀ ਤੇ ਬਾਬਾ ਨੂੰ ਆਪਣੇ ਮਾਲਕਾਂ ਵਿੱਚੋਂ ਇੱਕ ਕੋਲ਼ੋਂ 3 ਲੱਖ ਦਾ ਕਰਜਾ ਮਿਲ਼ ਗਿਆ। ਪਰਿਵਾਰ ਨੂੰ ਇੱਕ ਐੱਨਜੀਓ ਪਾਸੋਂ ਵੀ ਥੋੜ੍ਹੀ ਬਹੁਤ ਆਰਥਿਕ ਮਦਦ ਮਿਲ਼ੀ। ਉਹ ਅੱਗੇ ਕਹਿੰਦੀ ਹਨ,''ਬਾਬਾ ਅਜੇ ਵੀ ਕਰਜੇ ਦੀਆਂ ਕਿਸ਼ਤਾਂ ਲਾਹ ਰਹੇ ਹਨ।''

ਸਰਜਰੀ ਤੋਂ ਬਾਅਦ ਸ਼ਰੁਤਿਕਾ ਅਤੇ ਗਾਇਤਰੀ ਦੋਵਾਂ ਨੂੰ ਹੀ ਡਾਕਟਰਾਂ ਨੇ ਵਜ਼ਨਦਾਰ ਚੀਜ਼ਾਂ ਨਾ ਚੁੱਕਣ ਲਈ ਕਿਹਾ ਹੈ। ਗਾਇਤਰੀ ਕਹਿੰਦੀ ਹਨ,''ਬਿਨਾ ਭਾਰ ਚੁੱਕਿਆਂ ਦੱਸੋਂ ਮੈਂ ਕੋਈ ਕੰਮ ਕਰ ਵੀ ਸਕਦੀ ਹਾਂ? ਮੈਨੂੰ ਅਜੇ ਵੀ ਹਰ ਮਹੀਨੇ ਆਪਣੀ ਧੀ ਦੀ ਦਵਾਈ ਦੇ ਪੈਸੇ ਦੇਣੇ ਪੈਂਦੇ ਹਨ। ਦਵਾਈਆਂ ਦਾ ਖਰਚਾ ਕੋਈ 5,000 ਰੁਪਏ ਤੱਕ ਆ ਜਾਂਦਾ ਹੈ। ਉਹ ਗੋਲ਼ੀ ਖਾਣਾ ਬੰਦ ਕਰ ਵੀ ਨਹੀਂ ਸਕਦੀ। ਇਹ ਸਾਰਾ ਕੁਝ ਬੜਾ ਤਕਲੀਫ਼ਦੇਹ ਹੈ। ਇੱਕ-ਇੱਕ ਪੈਸਾ ਜੋੜ ਕੇ ਬਚਤ ਕਰਨੀ ਪੈਂਦੀ ਹੈ। ਕਿਸੇ-ਕਿਸੇ ਦਿਨ ਮੇਰੀ ਪਿੱਠ ਤੇ ਪੈਰਾਂ 'ਚ ਬੜੀ ਪੀੜ੍ਹ ਰਹਿੰਦੀ ਹੈ ਪਰ ਇੰਝ ਸਿਰਫ਼ ਮੇਰੇ ਨਾਲ਼ ਹੀ ਨਹੀਂ ਹੁੰਦਾ। ਬਹੁਤੇਰੀਆਂ ਔਰਤਾਂ ਪੀੜ੍ਹ ਝੱਲਦੀਆਂ ਹੋਈਆਂ ਕਮਾਈ ਕਰਦੀਆਂ ਹਨ। ਇੱਥੋਂ ਤੱਕ ਕਿ ਵੰਦਨਾ ਦਾ ਵੀ ਓਪਰੇਸ਼ਨ ਹੋਇਆ ਸੀ।''

Left: Colaba Koliwada (left) is home to 800 families. Middle: Vandana at home in a lighter moment. Right: Gayatri gets emotional while talking about her daughter
PHOTO • Shraddha Agarwal
Left: Colaba Koliwada (left) is home to 800 families. Middle: Vandana at home in a lighter moment. Right: Gayatri gets emotional while talking about her daughter
PHOTO • Shraddha Agarwal
Left: Colaba Koliwada (left) is home to 800 families. Middle: Vandana at home in a lighter moment. Right: Gayatri gets emotional while talking about her daughter
PHOTO • Shraddha Agarwal

ਖੱਬੇ: ਕੋਲਾਬਾ ਦੇ ਕੋਲੀਵਾੜਾ ਵਿਖੇ ਤਕਰੀਬਨ 800 ਪਰਿਵਾਰ ਰਹਿੰਦੇ ਹਨ। ਵਿਚਕਾਰ: ਵੰਦਨਾ ਆਪਣੇ ਘਰ ਸਕੂਨ ਦੇ ਪਲ ਬਿਤਾਉਂਦੀ ਹੋਈ। ਸੱਜੇ:ਗਾਇਤਰੀ ਆਪਣੀ ਧੀ ਬਾਰੇ ਗੱਲ ਕਰਦਿਆਂ ਜ਼ਰਾ ਭਾਵੁਕ ਹੋ ਜਾਂਦੀ ਹਨ

ਗਾਇਤਰੀ ਅੱਗੇ ਦੱਸਦੀ ਹਨ,''ਇੱਥੇ (ਕੋਲੀਵਾੜਾ ਵਿਖੇ) ਔਰਤਾਂ ਚੈਕ-ਅਪ ਲਈ ਨਹੀਂ ਜਾਂਦੀਆਂ, ਦਿੱਕਤ ਹੋਵੇ ਤਾਂ ਬੱਸ ਪੀੜ੍ਹ ਦੀ ਗੋਲ਼ੀ ਖਾ ਲੈਂਦੀਆਂ ਹਨ। ਹਸਪਤਾਲ ਦਾ ਬਿੱਲ ਭਰਨ ਲਈ ਉਨ੍ਹਾਂ ਕੋਲ਼ ਪੈਸੇ ਨਹੀਂ ਤੇ ਕੋਵਿਡ ਕਾਰਨ ਉਨ੍ਹਾਂ ਨੂੰ ਡਾਕਟਰਾਂ ਕੋਲ਼ ਜਾਣ ਤੋਂ ਵੀ ਡਰ ਆਉਂਦਾ ਹੈ। ਕੋਲੀਵਾੜਾ ਵਿਖੇ ਇੱਕ ਛੋਟਾ-ਜਿਹਾ ਪ੍ਰਾਇਵੇਟ ਕਲੀਨਿਕ ਹੈ, ਜਿੱਥੇ ਹਮੇਸ਼ਾ ਭੀੜ ਲੱਗੀ ਰਹਿੰਦੀ ਹੈ ਤੇ ਪਿਛਲੇ ਸਾਲ ਤਾਲਾਬੰਦੀ ਦੌਰਾਨ ਉਹ ਵੀ ਬੰਦ ਪਿਆ ਰਿਹਾ। ਸਾਡੇ ਲੋਕਾਂ ਨੇ ਬੇਹੱਦ ਔਖ਼ੀਆਂ ਘੜੀਆਂ ਦਾ ਸਾਹਮਣਾ ਕੀਤਾ ਹੈ। ਲੋਕਾਂ ਨੂੰ ਇੰਝ ਜਾਪਦਾ ਹੈ ਜਿਵੇਂ ਕੋਲੀ ਭਾਈਚਾਰੇ ਦੇ ਲੋਕਾਂ ਕੋਲ਼ ਬੜਾ ਪੈਸਾ ਹੈ। ਪਰ ਸਾਡੇ ਭਾਈਚਾਰੇ ਵਿੱਚ ਵੀ ਗ਼ਰੀਬ ਲੋਕਾਂ ਦੀ ਭਰਮਾਰ ਹੈ। ਤਾਲਾਬੰਦੀ ਵੇਲ਼ੇ ਅਸੀਂ ਪਰਮਾਤਮਾ ਅੱਗੇ ਇਹੀ ਅਰਦਾਸ ਕਰ ਰਹੇ ਸਾਂ ਕਿ ਘੱਟੋ-ਘੱਟ ਇੱਕ ਦਿਨ ਤਾਂ ਸਕੂਨ ਮਿਲ਼ਣਾ ਚਾਹੀਦਾ ਹੈ। ਡੌਕ ਬੰਦ ਪਿਆ ਸੀ। ਸਾਡੇ ਘਰਾਂ ਵਿੱਚ ਆਲੂ-ਪਿਆਜ਼ ਤੱਕ ਨਹੀਂ ਸਨ, ਸੋ ਆਹ ਸੀ ਸਾਡੀ ਹਾਲਤ। ਅਸੀਂ ਦਾਲ ਖਾ-ਖਾ ਕੇ ਜ਼ਿੰਦਾ ਬਚੇ ਰਹੇ।''

ਬੇਹੱਦ ਭੀੜੀਆਂ ਗਲ਼ੀਆਂ ਅਤੇ ਗਲ਼ੀ ਦੇ ਦੋਵੇਂ ਪਾਸੀਂ ਇੱਕ ਜਾਂ ਦੋ ਮੰਜ਼ਲ ਦੀਆਂ ਇਮਾਰਤਾਂ ਵਾਲ਼ੇ ਉਨ੍ਹਾਂ ਦੇ ਇਲਾਕੇ ਵਿੱਚ 800 ਪਰਿਵਾਰ ਅਤੇ ਕਰੀਬ 4122 ਲੋਕ (ਮੈਰੀਨ ਫਿਸ਼ਰੀਜ਼ ਸੈਨਸਸ 2010 ਮੁਤਾਬਕ) ਰਹਿੰਦੇ ਹਨ। ਪਿਛਲੇ ਸਾਲ ਕੁਝ ਦਿਨਾਂ ਲਈ ਕੋਲਾਬਾ ਦੇ ਕੁਝ ਹਿੱਸਿਆਂ ਨੂੰ 'ਕੋਵਿਡ ਕੰਟੇਨਮੈਂਟ ਜ਼ੋਨ' ਐਲਾਨ ਦਿੱਤਾ ਗਿਆ ਸੀ। ਮਾਰਚ 2020 ਵਿੱਚ ਤਾਲਾਬੰਦੀ ਲੱਗਣ ਤੋਂ ਬਾਅਦ ਸ਼ੁਰੂਆਤ ਦੇ ਕੁਝ ਮਹੀਨਿਆਂ ਦੀਆਂ ਤਕਲੀਫ਼ਾਂ ਨੂੰ ਚੇਤੇ ਕਰਦਿਆਂ ਵੰਦਨਾ ਦੱਸਦੀ ਹਨ,''ਲੋਕਾਂ ਦੇ ਕੋਲੀਵਾੜਾ ਆਉਣ-ਜਾਣ 'ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਗਈ ਸੀ। ਇੱਥੋਂ ਤੱਕ ਕਿ ਜੋ ਲੋਕ ਸਾਡੇ ਤੱਕ ਰਾਸ਼ਨ ਵੀ ਪਹੁੰਚਾਉਣਾ ਚਾਹੁੰਦੇ ਸਨ, ਉਨ੍ਹਾਂ ਨੂੰ ਵੀ ਅੰਦਰ ਆਉਣ ਦੀ ਆਗਿਆ ਨਹੀਂ ਸੀ। ਉਹ ਬੜੀ ਮਾੜੀ ਘੜੀ ਸੀ। ਸਾਨੂੰ ਆਪਣੀ ਖ਼ੁਰਾਕ ਘਟਾਉਣੀ ਪਈ ਸੀ।''

ਉਹ ਅੱਗੇ ਦੱਸਦੀ ਹਨ ਕਿ ਮਾਰਕਿਟ ਖੁੱਲ੍ਹਣ ਤੋਂ ਬਾਅਦ ਵੀ ਉੱਥੇ ਕਾਫ਼ੀ ਸਾਰੇ ਪਰਿਵਾਰ ਸਬਜ਼ੀਆਂ ਨਹੀਂ ਖਰੀਦ ਸਕੇ, ਕਿਉਂਕਿ ਉਨ੍ਹਾਂ ਕੋਲ਼ ਨਾ ਕੋਈ ਕੰਮ ਸੀ ਤੇ ਨਾ ਹੀ ਪੈਸੇ। ਤਾਲਾਬੰਦੀ ਦੇ ਪਹਿਲਾਂ ਵੰਦਨਾ ਅਤੇ ਗਾਇਤਰੀ ਦੇ ਇੱਕ ਦਿਨ ਵਿੱਚ 500 ਰੁਪਏ ਦੀ ਆਮਦਨੀ ਹੋ ਜਾਂਦੀ ਸੀ। ਥੋੜ੍ਹਾ ਸਮਾਂ ਇੰਝ ਵੀ ਚੱਲਿਆ, ਜਦੋਂ ਕੋਈ ਆਮਦਨੀ ਨਾ ਹੋਈ, ਕਿਉਂਕਿ ਹਰ ਸਾਲ 21 ਮਈ ਤੋਂ 1 ਅਗਸਤ ਤੱਕ ਨਿਯਮ-ਕਾਇਦੇ ਮੁਤਾਬਕ ਮੱਛੀ ਫੜ੍ਹਨ ਅਤੇ ਵੇਚਣ ਨਾਲ਼ ਜੁੜੇ ਹਰ ਧੰਦੇ 'ਤੇ ਰੋਕ ਲਾ ਦਿੱਤੀ ਗਈ। ਉਸ ਤੋਂ ਬਾਅਦ, ਪਿਛਲੇ ਸਾਲ ਸਤੰਬਰ ਵਿੱਚ ਹਫ਼ਤੇ ਦੇ 5 ਦਿਨ ਕੰਮ ਬਦਲੇ 300 ਰੁਪਏ ਦਿਹਾੜੀ ਦੇ ਹਿਸਾਬ ਨਾਲ਼ ਕਮਾਈ ਹੁੰਦੀ ਆ ਰਹੀ ਹੈ।

At Sassoon Dock, Sita Shelke (left) and other porters charge Rs. 40-50 to carry baskets to the fish market in Colaba. That day, Gayatri (right) had sent her basket on the two-wheeler of a neighbour
PHOTO • Shraddha Agarwal
At Sassoon Dock, Sita Shelke (left) and other porters charge Rs. 40-50 to carry baskets to the fish market in Colaba. That day, Gayatri (right) had sent her basket on the two-wheeler of a neighbour
PHOTO • Shraddha Agarwal

ਸਸੂਨ ਡੌਕ 'ਤੇ ਸੀਤਾ ਸ਼ੇਲਕੇ ਅਤੇ ਹੋਰ ਕੁੱਲੀ ਕੋਲਾਬਾ ਸਥਿਤ ਮੱਛੀ ਮੰਡੀ ਤੱਕ ਟੋਕਰੀ ਪਹੁੰਚਾਉਣ ਬਦਲੇ 40-50 ਰੁਪਏ ਲੈਂਦੇ ਹਨ। ਉਸ ਦਿਨ, ਗਾਇਤਰੀ ਨੇ ਆਪਣੀ ਟੋਕਰੀ ਇੱਕ ਗੁਆਂਢੀ ਦੇ ਦੋਪਹੀਏ 'ਤੇ ਰੱਖ ਦਿੱਤੀ ਸੀ

ਅਸੀਂ ਸਵੇਰੇ 10.30 ਵਜੇ ਦੇ ਕਰੀਬ ਮੰਡੀ ਵੱਲ ਤੁਰਨ ਲੱਗਦੇ ਹਾਂ। ਜਿਓਂ ਹੀ ਅਸੀਂ ਉਸ ਥਾਂ ਦੇ ਨੇੜੇ ਪੁੱਜੇ ਜਿੱਥੇ ਦੋਵੇਂ ਸਹੇਲੀਆਂ ਆਪੋ-ਆਪਣਾ ਸਟਾਲ ਲਾਉਂਦੀਆਂ ਰਹੀਆਂ ਸਨ, ਉਨ੍ਹਾਂ ਦੀ ਮੁਲਾਕਾਤ ਗਾਇਤਰੀ ਦੀ ਪੁਰਾਣੀ ਮਾਲਕਨ ਨਾਲ਼ ਹੋ ਗਈ। ਉਹ ਉਨ੍ਹਾਂ ਨਾਲ਼ ਘਰੇਲੂ ਕੰਮਾਂ-ਕਾਰਾਂ ਦੀ ਉਪਲਬਧਤਾ ਬਾਰੇ ਪੁੱਛਣ ਲੱਗੀ ਤੇ ਫਿਰ ਰੋਜ਼ਮੱਰਾ ਦੇ ਖ਼ਰਚਿਆਂ ਨੂੰ ਲੈ ਕੇ ਗੱਲਾਂ ਛਿੜ ਪਈਆਂ। ਵੰਦਨਾ ਕਹਿੰਦੀ ਹਨ,''ਹਰ ਮਹੀਨੇ 6,000 ਰੁਪਏ ਘਰ ਦੇ ਕਿਰਾਏ ਵਜੋਂ ਦੇਣ ਤੋਂ ਇਲਾਵਾ, ਸਾਨੂੰ ਹਰ ਦਿਨ ਸਟਾਲ ਲਾਉਣ ਦੀ ਇਸ ਥਾਂ ਲਈ 200 ਰੁਪਏ ਵੀ ਦੇਣੇ ਪੈਂਦੇ ਹਨ। ਸਾਡੇ ਪਤੀਆਂ ਤੇ ਬੇਟਿਆਂ ਕੋਲ਼ ਵੀ ਕੋਈ ਕੰਮ ਨਹੀਂ।''

ਉਨ੍ਹਾਂ ਦੇ ਪਤੀ, 59 ਸਾਲਾ ਯਸ਼ਵੰਤ ਕੋਲੀ ਅਤੇ ਗਾਇਤਰੀ ਦੇ ਪਤੀ, 49 ਸਾਲਾ ਮਨੋਜ ਪਾਟਿਲ, ਦੋਵੇਂ ਸਸੂਨ ਡੌਕ 'ਤੇ ਮੱਛੀ ਫੜ੍ਹਨ ਵਾਲ਼ੇ ਜਾਲ਼ ਦੀ ਮੁਰੰਮਤ ਦਾ ਕੰਮ ਕਰਦੇ ਸਨ ਤੇ ਮਾਰਚ 2020 ਵਿੱਚ ਤਾਲਾਬੰਦੀ ਲਾਗੂ ਹੋਣ ਤੋਂ ਪਹਿਲਾਂ ਦਿਹਾੜੀ ਦੇ 200-300 ਰੁਪਏ ਕਮਾ ਲੈਂਦੇ ਸਨ। ਵੰਦਨਾ ਦੱਸਦੀ ਹਨ ਕਿ ਹੁਣ ਉਨ੍ਹਾਂ ਦੇ ਪਤੀ ਆਪਣਾ ਸਮਾਂ ਸ਼ਰਾਬ ਪੀਂਦੇ ਰਹਿੰਦੇ ਹਨ ਤੇ ਕੰਮ 'ਤੇ ਵਾਪਸ ਨਹੀਂ ਜਾਂਦੇ। ਪਿਛਲੇ ਸਾਲ ਜਨਵਰੀ ਵਿੱਚ ਗਾਇਤਰੀ ਦੇ ਪਤੀ ਦੀ ਖੱਬੀ ਬਾਂਹ ਜ਼ਖ਼ਮੀ ਹੋ ਗਈ ਸੀ ਤੇ ਉਹਦੇ ਬਾਅਦ ਤੋਂ ਹੀ ਉਹ ਜਾਲ਼ ਦੀ ਸਹੀ ਤਰ੍ਹਾਂ ਨਾਲ਼ ਮੁਰੰਮਤ ਨਹੀਂ ਕਰ ਪਾਉਂਦੇ।

ਵੰਦਨਾ ਤੇ ਗਾਇਤਰੀ ਦੇ ਬੇਟੇ- 34 ਸਾਲਾ ਕੁਨਾਲ ਅਤੇ 26 ਸਾਲਾ ਹਿਤੇਸ਼ ਇੱਕ ਫੂਡ ਡਿਲੀਵਰੀ ਕੰਪਨੀ ਵਾਸਤੇ ਡਿਲੀਵਰੀ ਦਾ ਕੰਮ ਕਰਦੇ ਸਨ ਤੇ ਮਹੀਨੇ ਦਾ 3000-4000 ਰੁਪਏ ਤੱਕ ਕਮਾ ਲੈਂਦੇ ਸਨ। ਪਰ ਤਾਲਾਬੰਦੀ ਦੌਰਾਨ ਉਨ੍ਹਾਂ ਦਾ ਕੰਮ ਖੁੱਸ ਗਿਆ ਤੇ ਉਹਦੇ ਬਾਅਦ ਤੋਂ ਹੀ ਉਹ ਬੇਰੁਜ਼ਗਾਰ ਹਨ। ਇਸ ਸਾਲ ਜੂਨ ਵਿੱਚ ਸ਼ਰੁਤਿਕਾ ਨੂੰ ਕੋਲਾਬਾ ਵਿਖੇ ਇੱਕ ਸ਼ੂ-ਸਟੋਰ ਵਿੱਚ ਕੰਮ ਮਿਲ਼ਿਆ ਤੇ ਹੁਣ ਉਨ੍ਹਾਂ ਨੂੰ 5,000 ਰੁਪਏ ਮਹੀਨਾ ਤਨਖ਼ਾਹ ਮਿਲ਼ ਰਹੀ ਹੈ।

It’s nearly 11 a.m. by the time they start calling out to customers: 'Ghe ga tai', 'Tai, ithe ye', "Ghe re, maaushi'
PHOTO • Shraddha Agarwal

ਸਵੇਰ ਦੇ 11 ਵਜੇ ਦੇ ਕਰੀਬ ਉਹ ਗਾਹਕਾਂ ਨੂੰ ਅਵਾਜ਼ ਲਾਉਣੀ ਸ਼ੁਰੂ ਕਰਦੀ ਹਨ: 'ਘੇ ਗਾ ਤਾਈ', 'ਤਾਈ ਇਥੇ ਯੇ', 'ਘੇ ਰੇ, ਮਾਊਸ਼ੀ'

ਜਦੋਂ ਅਸੀਂ ਮੰਡੀ ਪੁੱਜੇ ਤਾਂ ਵੰਦਨਾ ਨੇ ਸੀਤਾ ਨੂੰ ਮੱਛੀ ਢੋਅ ਕੇ ਲਿਆਉਣ ਬਦਲੇ ਪੈਸੇ ਦਿੱਤੇ ਤੇ ਨੇੜਿਓਂ ਲੰਘ ਰਹੇ ਇੱਕ ਆਦਮੀ ਦੀ ਮਦਦ ਨਾਲ਼ ਉਹਦੇ ਸਿਰ ਤੋਂ ਟੋਕਰੀ ਨੂੰ ਹੇਠਾਂ ਲੁਹਾਇਆ। ਉਹ ਥਰਮੋਕੋਲ ਦਾ ਇੱਕ ਪੁਰਾਣਾ ਤੇ ਵੱਡਾ-ਸਾਰਾ ਡੱਬਾ ਜ਼ਮੀਨ 'ਤੇ ਰੱਖਦੀ ਹੋਈ ਉਹਦੇ ਉੱਪਰ ਲੱਕੜ ਦਾ ਫੱਟਾ ਜਿਹਾ ਟਿਕਾ ਲੈਂਦੀ ਹਨ, ਜਿਸ 'ਤੇ ਉਹ ਮੱਛੀਆਂ ਟਿਕਾ ਦਿੰਦੀ ਹਨ। ਕਰੀਬ 11 ਵਜੇ ਉਹ ਗਾਹਕਾਂ ਨੂੰ ਅਵਾਜ਼ਾਂ ਮਾਰਨ ਲੱਗੀਆਂ ਹਨ: ਘੇ ਗਾ ਤਾਈ ' , ' ਤਾਈ ਇਥੇ ਯੇ ' , ' ਘੇ ਰੇ, ਮਾਊਸ਼ੀ। ''

ਗਾਇਤਰੀ ਵੀ ਆਪਣਾ ਸਟਾਲ ਲਾਉਂਦੀ ਹਨ ਤੇ ਖ਼ਰੀਦਦਾਰਾਂ ਦੀ ਰਾਹ ਦੇਖਦੀ ਹਨ। 1 ਵਜੇ ਕਰੀਬ ਉਨ੍ਹਾਂ ਨੇ ਕੋਲਾਬਾ ਦੇ ਕਿਸੇ ਘਰ ਕੰਮ ਕਰਨ ਵੀ ਜਾਣਾ ਹੈ। ਮੱਛੀ ਵੇਚਣ ਦੇ ਇਸ ਕੰਮ ਤੋਂ ਘੱਟ ਹੁੰਦੀ ਆਮਦਨੀ ਕਾਰਨ ਸਤੰਬਰ 2020 ਤੋਂ ਉਨ੍ਹਾਂ ਨੇ ਕੁਝ ਘਰਾਂ ਵਿੱਚ ਖਾਣਾ ਪਕਾਉਣ ਤੇ ਸਾਫ਼-ਸਫ਼ਾਈ ਦਾ ਕੰਮ ਸ਼ੁਰੂ ਕੀਤਾ ਹੈ, 5 ਘੰਟਿਆਂ ਦੇ ਇਸ ਕੰਮ ਬਦਲੇ ਉਨ੍ਹਾਂ ਨੂੰ 4,000 ਰੁਪਏ ਬਣਦੇ ਹਨ। ਉਹ ਵੰਦਨਾ ਨੂੰ ਆਪਣੇ ਸਟਾਲ 'ਤੇ ਨਜ਼ਰ ਰੱਖਣ ਲਈ ਕਹਿ ਜਾਂਦੀ ਹਨ।  ''ਤਾਲਾਬੰਦੀ ਦੌਰਾਨ ਇੱਕ ਮੈਡਮ ਨੇ ਮੈਨੂੰ ਕੰਮ ਬਦਲੇ ਇੱਕ ਪੈਸਾ ਤੱਕ ਨਹੀਂ ਦਿੱਤਾ। ਮੈਂ ਆਰਜ਼ੀ ਕੰਮ ਕਰਨ ਵਾਲ਼ੀ ਹਾਂ। ਪਰੇਸ਼ਾਨੀ ਹੋਣ ਕਾਰਨ ਮੈਨੂੰ ਇਹ ਕੰਮ ਕਰਨਾ ਪਿਆ।'' ਗੱਲ ਜਾਰੀ ਰੱਖਦਿਆਂ ਉਹ ਵੰਦਨਾ ਬਾਰੇ ਕਹਿੰਦੀ ਹਨ,''ਉਹ ਮੇਰੀਆਂ ਮੱਛੀਆਂ ਵੀ ਵੇਚ ਦਵੇਗੀ। ਅਸੀਂ ਇੰਝ ਹੀ ਇੱਕ-ਦੂਜੇ ਦੀ ਮਦਦ ਕਰਦੀਆਂ ਹਾਂ। ਜੇ ਉਹਦੇ ਘਰ ਚੌਲ਼ ਨਾ ਹੋਏ ਤਾਂ ਮੈਂ ਦਿਆਂਗੀ ਤੇ ਜੇ ਮੇਰੇ ਘਰ ਦਾਲ ਨਾ ਹੋਈ ਤਾਂ ਉਹ ਮੈਨੂੰ ਦਾਲ ਦੇਵੇਗੀ।''

ਵੰਦਨਾ ਤੇ ਗਾਇਤਰੀ ਦੋਵੇਂ ਹੀ ਪਿਛਲੇ 4 ਦਹਾਕਿਆਂ ਤੋਂ ਮੱਛੀ ਵੇਚਣ ਦਾ ਕੰਮ ਕਰਦੀਆਂ ਆਈਆਂ ਹਨ। ਗਾਇਤਰੀ ਸੈਂਟਰਲ ਮੁੰਬਈ ਦੇ ਕੋਲੀਵਾੜਾ ਸਥਿਤ ਮਝਾਗਾਓਂ ਵਿਖੇ ਵਧੀ-ਫੁਲੀ ਤੇ 28 ਸਾਲ ਪਹਿਲਾਂ ਵਿਆਹ ਕਰਾ ਕੇ ਕੋਲਾਬਾ ਚਲੀ ਗਈ, ਜਦੋਂਕਿ ਵੰਦਨਾ ਸ਼ੁਰੂ ਤੋਂ ਕੋਲਾਬਾ ਦੇ ਕੋਲੀਵਾੜਾ ਵਿਖੇ ਹੀ ਰਹਿੰਦੀ ਰਹੀ ਹਨ।

ਵੰਦਨਾ ਕਹਿੰਦੀ ਹਨ ਕਿ ਵੱਡੀਆਂ ਇਮਾਰਤਾਂ ਦੇ ਉਸਰ ਜਾਣ ਤੋਂ ਇਲਾਵਾ, ਆਂਢ-ਗੁਆਂਢ ਵਿੱਚ ਹੋਰ ਕੁਝ ਨਹੀਂ ਬਦਲਿਆ। ''ਮੈਂ ਇਨ੍ਹਾਂ ਭੀੜੀਆਂ ਗਲ਼ੀਆਂ 'ਚ ਹੀ ਪਲ਼ੀ ਹਾਂ। ਮੇਰੇ ਮਾਪੇ ਵੀ ਮੱਛੀ ਦਾ ਵਪਾਰ ਕਰਦੇ। ਮੈਂ ਆਪਣੀ ਤਾਉਮਰ ਹੱਡ-ਭੰਨ੍ਹਵੀਂ ਮਿਹਨਤ ਕੀਤੀ ਹੈ ਪਰ ਮੈਂ ਨਹੀਂ ਚਾਹੁੰਦੀ ਕਿ ਮੇਰੇ ਬੇਟੇ ਜਾਂ ਕੋਲੀ ਭਾਈਚਾਰੇ ਦੇ ਕਿਸੇ ਵੀ ਬੱਚੇ ਦਾ ਨਸੀਬ ਐਸਾ ਹੋਵੇ।''

ਤਰਜਮਾ: ਕਮਲਜੀਤ ਕੌਰ

Shraddha Agarwal

Shraddha Agarwal is a Reporter and Content Editor at the People’s Archive of Rural India.

Other stories by Shraddha Agarwal
Editor : Sharmila Joshi

Sharmila Joshi is former Executive Editor, People's Archive of Rural India, and a writer and occasional teacher.

Other stories by Sharmila Joshi
Translator : Kamaljit Kaur

Kamaljit Kaur is from Punjab and she is a freelance translator. Kamaljit has done her MA in Punjabi literature. She believes in a just and equitable world and works towards making it possible.

Other stories by Kamaljit Kaur