ਦਿਲੀਪ ਕੋਲੀ ਵਾਸਤੇ ਬੀਤੇ ਕੁਝ ਸਾਲ ਬਿਪਤਾ ਮਾਰੇ ਰਹੇ, ਜਿਸ ਵਿੱਚ ਚੱਕਰਵਾਤ, ਮੱਛੀਆਂ ਦੀ ਗਿਣਤੀ ਵਿੱਚ ਆਈ ਗਿਰਾਵਟ, ਘੱਟ ਹੁੰਦੀ ਵਿਕਰੀ ਸ਼ਾਮਲ ਹੈ। ਪਰ, ਮਾਰਚ 2020 ਦੀ ਤਾਲਾਬੰਦੀ ਇਨ੍ਹਾਂ ਸਾਰੀਆਂ ਬਿਪਤਾਵਾਂ ਵਿੱਚੋਂ ਸਭ ਤੋਂ ਮੁਸ਼ਕਲ ਦੌਰ ਸਾਬਤ ਹੋਈ।

''ਅਸੀਂ ਅਤੀਤ ਵਿੱਚ ਜੋ ਵੀ ਪਰੇਸ਼ਾਨੀਆਂ ਝੱਲੀਆਂ, ਉਹ ਪਿਛਲੇ ਸਾਲ ਦੀ ਤੁਲਨਾ ਵਿੱਚ ਅੱਧੀਆਂ ਸਨ,'' 50 ਸਾਲਾ ਮਛੇਰੇ ਦਿਲੀਪ ਕਹਿੰਦੇ ਹਨ ਜੋ ਦੱਖਣੀ ਮੁੰਬਈ ਦੇ ਕੋਲਾਬਾ ਇਲਾਕੇ ਸਥਿਤ ਕੋਲੀਵਾੜਾ ਤੋਂ ਹਨ। ''ਲੋਕ ਮੱਛੀ ਫੜ੍ਹਨ ਲਈ ਤਿਆਰ ਸਨ, ਮੱਛੀ ਖਾਣ ਵਾਲ਼ੇ ਲੋਕ ਵੀ ਸਨ, ਪਰ ਮੱਛੀ ਦੀ ਵਿਕਰੀ ਨਹੀਂ ਹੋ ਰਹੀ ਸਨ (ਤਾਲਾਬੰਦੀ ਕਾਰਨ ਕਰਕੇ, ਸਤੰਬਰ 2020 ਤੱਕ)। ਬਜ਼ਾਰ ਬੰਦ ਸਨ ਤੇ ਸਾਨੂੰ ਆਪਣੀਆਂ ਫੜ੍ਹੀਆਂ ਹੋਈਆਂ ਮੱਛੀਆਂ ਵਾਪਸ ਸਮੁੰਦਰ ਵਿੱਚ ਸੁੱਟਣੀਆਂ ਪਈਆਂ।

ਦਿਲੀਪ, ਦੱਖਣੀ ਮੁੰਬਈ ਦੇ ਸੂਸਨ ਡੌਕ 'ਤੇ ਕਰੀਬ 35 ਸਾਲਾਂ ਤੋਂ ਕੰਮ ਕਰ ਰਹੇ ਹਨ। ਉਹ ਤਿੰਨ ਬੇੜੀਆਂ ਦੇ ਮਾਲਕ ਹਨ ਤੇ 8-10 ਮਛੇਰਿਆਂ ਨੂੰ ਕੰਮ 'ਤੇ ਰੱਖਿਆ ਹੈ। ਉਹ ਕਹਿੰਦੇ ਹਨ,''ਤਾਲਾਬੰਦੀ ਦੌਰਾਨ ਅਸੀਂ ਕਿਸੇ ਤਰ੍ਹਾਂ ਆਪਣੇ ਰਾਸ਼ਨ ਦਾ ਜੁਗਾੜ ਕਰ ਲਿਆ ਸੀ, ਪਰ ਹੋਰ ਗ਼ਰੀਬ ਕੋਲੀ ਮਛੇਰਿਆਂ ਦੇ ਕੋਲ਼ ਖਾਣਾ ਜਾਂ ਪੈਸੇ ਤੱਕ ਨਹੀਂ ਸਨ।''

ਮਛੇਰੇ ਆਪਣੇ ਕੰਮ ਦੀ ਸ਼ੁਰੂਆਤ ਸਵੇਰੇ 4 ਵਜੇ ਕਰਦੇ ਹਨ, ਜਦੋਂ ਮਾਨਸੂਨ ਹੁੰਦਾ ਹੈ ਤਾਂ ਉਹ ਸਮੁੰਦਰ ਦੇ ਅੰਦਰ ਬਹੁਤੀ ਦੂਰ ਨਹੀਂ ਜਾਂਦੇ ਤੇ ਤਟ ਦੇ ਨੇੜੇ-ਤੇੜੇ ਹੀ 40-40 ਮਿੰਟਾਂ (ਇੱਕ ਚੱਕਰ ਲਾਉਣ ਵਿੱਚ 40 ਮਿੰਟ ਲੱਗਦੇ ਹਨ) ਦੇ ਕਈ ਚੱਕਰ ਲਾਉਂਦੇ ਹਨ। ਜਦੋਂ ਲਹਿਰਾਂ ਦਾ ਵਹਿਣ ਕੁਝ ਘਟਣ ਲੱਗਦਾ ਹੈ ਤਾਂ ਉਹ ਕਰੀਬ ਇੱਕ ਘੰਟੇ ਤੱਕ ਅਰਾਮ ਕਰਦੇ ਹਨ ਤੇ ਫਿਰ ਸਮੁੰਦਰ ਵਿੱਚ ਵਾਪਸ ਮੁੜ ਜਾਂਦੇ ਹਨ। ਦਿਲੀਪ ਕਹਿੰਦੇ ਹਨ,''ਅਸੀਂ ਸਵੇਰੇ ਜਲਦੀ ਕੰਮ ਸ਼ੁਰੂ ਕਰਦੇ ਹਾਂ ਤੇ ਦੁਪਹਿਰ 2 ਜਾਂ 3 ਵਜੇ ਤੱਕ ਖ਼ਤਮ ਕਰ ਦਿੰਦੇ ਹਾਂ। ਅਸੀਂ ਚੰਨ ਨੂੰ ਦੇਖ ਕੇ ਜਵਾਰ ਦੇ ਘਟਣ-ਵਧਣ ਦਾ ਪਤਾ ਲਾਉਂਦੇ ਹਾਂ। ਜਦੋਂ ਲਹਿਰਾਂ ਮੱਠੀਆਂ ਹੋਣ ਜਾਂ ਬਹੁਤ ਤੀਬਰ ਹੋਣ ਤਾਂ ਅਸੀਂ ਮੱਛੀ ਫੜ੍ਹਨ ਨਹੀਂ ਜਾਂਦੇ।''

ਉਨ੍ਹਾਂ ਦੀ ਬੇੜੀ 'ਤੇ ਕੰਮ ਕਰਨ ਵਾਲ਼ੇ ਕੁਝ ਮਛੇਰੇ, ਜੋ ਕੋਲੀ ਭਾਈਚਾਰੇ ਨਾਲ਼ ਤਾਅਲੁੱਕ ਰੱਖਦੇ ਹਨ, ਰਾਇਗੜ ਜ਼ਿਲ੍ਹੇ ਦੀ ਤਾਲਾ ਤਾਲੁਕਾ ਦੇ 1,040 ਦੀ ਵਸੋਂ (ਮਰਦਮਸ਼ੁਮਾਰੀ 2011) ਵਾਲ਼ੇ ਪਿੰਡ 'ਵਾਸ਼ੀ ਹਵੇਲੀ' ਤੋਂ ਦੱਖਣ ਮੁੰਬਈ ਵਿਖੇ ਸਥਿਤ ਸਸੂਨ ਡਾਕ ਤੱਕ ਕਰੀਬ 150 ਕਿਲੋਮੀਟਰ ਦਾ ਸਫ਼ਰ ਟ੍ਰੇਨ ਜਾਂ ਸਵਾਰੀ ਗੱਡੀ ਰਾਹੀਂ ਤੈਅ ਕਰਦੇ ਹਨ। ਉਹ ਜੂਨ ਤੋਂ ਅਗਸਤ, ਗਣਪਤੀ ਉਤਸਵ ਸ਼ੁਰੂ ਹੋਣ ਤੋਂ ਪਹਿਲਾਂ ਤੱਕ ਕੰਮ ਕਰਦੇ ਹਨ। ਬਾਕੀ ਮਹੀਨੇ ਉਹ ਮਹਾਰਾਸ਼ਟਰ ਦੇ ਹੋਰਨਾਂ ਤਟੀ ਹਿੱਸਿਆਂ ਵਿੱਚ ਘੁੰਮਦੇ ਹਨ- ਖ਼ਾਸ ਕਰਕੇ ਰਤਨਾਗਿਰੀ ਅਤੇ ਰਾਇਗੜ ਜ਼ਿਲ੍ਹਿਆਂ ਵਿੱਚ- ਤੇ ਕਿਸੇ ਹੋਰ ਦੀਆਂ ਬੇੜੀਆਂ 'ਤੇ ਕੰਮ ਕਰਕੇ ਮਹੀਨੇ ਦਾ 10,000-12,000 ਰੁਪਏ ਕਮਾਉਂਦੇ ਹਨ।

PHOTO • Shraddha Agarwal

ਰਾਇਗੜ ਜ਼ਿਲ੍ਹੇ ਦੇ ਪਿੰਡ ਵਾਸ਼ੀ ਹਵੇਲੀ, ਜਿੱਥੇ ਮੁੱਖ ਤੌਰ ' ਤੇ ਮੱਛੀ ਫੜ੍ਹਨ ਦਾ ਕੰਮ ਹੁੰਦਾ ਹੈ, ਦੇ ਕੋਲੀ ਮਛੇਰੇ ਮਾਨਸੂਨ ਦੇ ਮਹੀਨਿਆਂ ਦੌਰਾਨ ਸਸੂਨ ਡਾਕ ' ਤੇ ਕੰਮ ਕਰਦੇ ਹਨ। ਕਈ ਲੋਕ ਇੱਥੇ ਮੌਸਮੀ ਬੰਬਿਲ (ਬੰਬੇ ਡਕ) ਲਈ ਆਉਂਦੇ ਹਨ। ਉਹ ਆਪਣੇ ਦਿਨ ਦੀ ਸ਼ੁਰੂਆਤ ਤੜਕੇ 4 ਵਜੇ ਕਰਦੇ ਹਨ ਤੇ ਦੁਪਹਿਰ 2 ਜਾਂ 3 ਵਜੇ ਤੱਕ ਕੰਮ ਮੁਕਾ ਲੈਂਦੇ ਹਨ

ਹਾਲਾਂਕਿ, ਡੂੰਘੇ ਸਮੁੰਦਰੀ ਜਾ ਕੇ ਮੱਛੀ ਫੜ੍ਹਨ ਦਾ ਕੰਮ ਮਈ ਦੇ ਅਖ਼ੀਰ ਤੋਂ ਲੈ ਕੇ ਅਗਸਤ ਦੀ ਸ਼ੁਰੂਆਤ ਤੱਕ ਵਰਜਿਤ ਹੁੰਦਾ ਹੈ, ਦਿਲੀਪ ਦੱਸਦੇ ਹਨ,''ਇੱਥੇ ਕ੍ਰੀਕ ਫਿਸ਼ਿੰਗ (ਡਾਲ ਨੈਟਾਂ ਨਾਲ਼) ਦੀ ਇਜਾਜ਼ਤ ਰਹਿੰਦੀ ਹਨ। ਅਸੀਂ ਇਹ ਕੰਮ ਸਾਲਾਂ ਤੋਂ ਕਰ ਰਹੇ ਹਾਂ। ਸਾਡਾ ਕੋਲਾਬਾ ਕ੍ਰੀਕ, ਬੰਬਿਲ (ਬੰਬੇ ਡਕ) ਲਈ ਮਸ਼ਹੂਰ ਹੈ ਤੇ ਇਹ ਮੱਛੀ ਇੱਥੇ ਸਿਰਫ਼ ਜੂਨ ਤੇ ਜੁਲਾਈ ਵਿੱਚ ਆਉਂਦੀ ਹੈ। ਮਹਾਰਾਸ਼ਟਰ ਦੇ ਛੋਟੇ-ਛੋਟੇ ਪਿੰਡਾਂ ਦੇ ਮਛੇਰੇ ਸਾਡੇ ਬੰਬੇ ਡਕ ਲਈ ਇੱਥੇ ਆਉਂਦੇ ਹਨ। 2-3 ਮਹੀਨਿਆਂ ਲਈ ਉਹ ਕੋਲਾਬਾ ਨੂੰ ਆਪਣਾ ਘਰ ਬਣਾ ਲੈਂਦੇ ਹਨ। ਇਹ ਚੰਗਾ ਕਾਰੋਬਾਰ ਹੈ।''

ਵਾਸ਼ੀ ਹਵੇਲੀ ਪਿੰਡ ਦੇ ਪ੍ਰਿਯਲ ਦੁਰੀ ਕਹਿੰਦੇ ਹਨ ਕਿ ਸਸੂਨ ਡਾਕ ਵਿਖੇ ਇਨ੍ਹਾਂ ਮਹੀਨਿਆਂ ਦੌਰਾਨ, ਉਹ ਤੇ ਹੋਰ ਮਛੇਰੇ ਹਿੱਸੇਦਾਰੀ (ਪ੍ਰਤੀਸ਼ਤ ਅਧਾਰਤ) ਦੇ ਅਧਾਰ ਤੇ ਕੰਮ ਕਰਦੇ ਹਨ। ਉਹ ਕਹਿੰਦੇ ਹਨ,''ਮੱਛੀ ਫੜ੍ਹਨ ਤੋਂ ਇੱਕ ਦਿਨ ਦੇ ਹੋਣ ਵਾਲ਼ੇ ਫ਼ਾਇਦੇ ਦਾ ਅੱਧਾ ਹਿੱਸਾ ਬੇੜੀ ਮਾਲਕ ਨੂੰ ਚਲਾ ਜਾਂਦਾ ਹੈ ਤੇ ਬਾਕੀ ਹਿੱਸਾ ਸਾਡੇ ਦਰਮਿਆਨ ਵੰਡਿਆ ਜਾਂਦਾ ਹੈ।'' ਪ੍ਰਿਯਲ ਨੇ ਪਿਛਲੇ ਸਾਲ ਤਿੰਨ ਮਹੀਨਿਆਂ ਦੇ ਵਕਫ਼ੇ ਵਿੱਚ ਆਪਣੇ ਪਿਤਾ ਨੂੰ ਕੋਵਿਡ ਹੋਣ ਕਾਰਨ ਅਤੇ ਮਾਂ ਨੂੰ ਲਯੂਕੀਮਿਆ ਕਾਰਨ ਗੁਆ ਲਿਆ। 27 ਸਾਲ ਦੇ ਪ੍ਰਿਯਲ ਨੇ ਆਪਣੀ 12ਵੀਂ ਦੀ ਪੜ੍ਹਾਈ ਵੀ ਵਿਚਾਲੇ ਹੀ ਛੱਡ ਦਿੱਤੀ, ਕਿਉਂਕਿ ਉਨ੍ਹਾਂ ਮੁਤਾਬਕ,''ਸਾਨੂੰ ਆਈ (ਮਾਂ) ਦੇ ਇਲਾਜ ਲਈ ਪੈਸੇ ਚਾਹੀਦੇ ਸਨ'' ਤੇ ਉਹ ਪਿਛਲੇ 10 ਸਾਲਾਂ ਤੋਂ ਮੱਛੀ ਫੜ੍ਹ ਰਹੇ ਹਨ।

''ਮਾਨਸੂਨ ਦੌਰਾਨ ਅਸੀਂ ਇੱਕ ਦਿਨ ਵਿੱਚ ਲਗਭਗ 700 ਰੁਪਏ ਕਮਾਉਂਦੇ ਹਾਂ, ਪਰ ਪਿਛਲੇ ਸਾਲ ਅਸੀਂ ਇੱਕ ਦਿਨ ਵਿੱਚ ਬਾਮੁਸ਼ਕਲ 50 ਰੁਪਏ ਕਮਾਏ ਸਨ। ਅਸੀਂ ਕੋਵਿਡ ਕਾਰਨ ਪੂਰਾ ਇੱਕ ਸਾਲ ਘਰੇ ਬੈਠੇ ਰਹੇ,'' ਉਨ੍ਹਾਂ ਨੇ ਕਿਹਾ। ਕੋਈ ਕੰਮ ਨਾ ਹੋਣ ਕਾਰਨ, ਵਾਸ਼ੀ ਹਵੇਲੀ ਪਿੰਡ ਦੇ ਮਛੇਰੇ ਅਤੇ ਉਨ੍ਹਾਂ ਦੇ ਪਰਿਵਾਰ ਕੋਲ਼ ਮਈ 2020 ਤੱਕ ਰਾਸ਼ਨ ਮੁੱਕਣਾ ਸ਼ੁਰੂ ਹੋ ਗਿਆ ਸੀ। ਪ੍ਰਿਯਲ ਦੱਸਦੇ ਹਨ,''ਅਸੀਂ ਨੇੜਲੇ ਨਾਲ਼ੇ ਵਿੱਚੋਂ ਜੋ ਮੱਛੀਆਂ ਫੜ੍ਹੀਆਂ ਸਨ ਉਸ ਨਾਲ਼ ਹੀ ਆਪਣਾ ਢਿੱਡ ਭਰਿਆ, ਪਰ ਚੱਕਰਵਾਤ (ਨਿਰਸਗ) ਤੋਂ ਬਾਅਦ, ਅਸੀਂ ਮੁਸ਼ਕਲ ਹੀ ਖਾਣਾ ਤੇ ਸਾਫ਼ ਪਾਣੀ ਇਕੱਠਾ ਕਰ ਸਕੇ। ਅਸੀਂ ਇੰਨਾ ਮਾੜਾ ਸਮਾਂ ਕਦੇ ਨਹੀਂ ਦੇਖਿਆ ਜਿੰਨਾ ਸਾਲ 2020 ਦੌਰਾਨ ਹੰਢਾਇਆ।''

3 ਜੂਨ, 2020 ਨੂੰ ਚੱਕਰਵਾਤ ਨਿਰਸਗ ਨੇ ਮਹਾਰਾਸ਼ਟਰ ਦੇ ਤਟੀ ਜ਼ਿਲ੍ਹਿਆਂ ਵਿੱਚ ਦਸਤਕ ਦੇ ਦਿੱਤੀ ਸੀ। ਪ੍ਰਿਯਲ ਕਹਿੰਦੇ ਹਨ,''ਸਾਡੇ ਕੋਲ਼ ਇੱਕ ਮਹੀਨੇ ਤੱਕ ਬਿਜਲੀ ਜਾਂ ਫ਼ੋਨ ਦਾ ਕੁਨੈਕਸ਼ਨ ਨਹੀਂ ਸੀ। ਸਾਡੇ ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਤੇ ਸਾਨੂੰ ਸਰਕਾਰ ਵੱਲੋਂ ਕੋਈ ਮੁਆਵਜ਼ਾ ਵੀ ਨਹੀਂ ਮਿਲ਼ਿਆ।'' ਉਨ੍ਹਾਂ ਨੇ ਦੋਸਤਾਂ ਕੋਲ਼ੋਂ 40,000 ਰੁਪਏ ਘਰ ਦੀ ਮੁਰੰਮਤ ਲਈ ਉਧਾਰ ਲੈਣੇ ਪਏ, ਜਿਸ ਵਿੱਚ ਉਹ ਅਤੇ ਉਨ੍ਹਾਂ ਦੇ ਵੱਡੇ ਭਰਾ ਚੰਦਰਕਾਤ (ਇਹ ਵੀ ਮਛੇਰੇ) ਰਹਿੰਦੇ ਹਨ।

Dilip Koli holding a crab: “During a crisis, farmers at least get some compensation from the government. But fishermen don’t get anything even though farmers and fishermen are both like brothers.”
PHOTO • Shraddha Agarwal
Dilip Koli holding a crab: “During a crisis, farmers at least get some compensation from the government. But fishermen don’t get anything even though farmers and fishermen are both like brothers.”
PHOTO • Shraddha Agarwal

ਕੇਕੜਾ ਫੜ੍ਹੀ ਦਿਲੀਪ ਕੋਲੀ : ' ਕਿਸੇ ਸੰਕਟ ਦੌਰਾਨ, ਕਿਸਾਨਾਂ ਨੂੰ ਘੱਟੋ-ਘੱਟ ਸਰਕਾਰ ਵੱਲੋਂ ਕੁਝ ਮੁਆਵਜ਼ਾ ਤਾਂ ਮਿਲ਼ਦਾ ਹੈ। ਪਰ, ਮਛੇਰਿਆਂ ਨੂੰ ਕੁਝ ਨਹੀਂ ਮਿਲ਼ਦਾ, ਜਦੋਂਕਿ ਕਿਸਾਨ ਅਤੇ ਮਛੇਰੇ ਦੋਵੇਂ ਭਰਾ ਹੁੰਦੇ ਹਨ '

ਇਹਦੇ ਬਾਅਦ ਫਿਰ 14 ਮਈ 2021 ਨੂੰ ਚੱਕਰਵਾਤ ਤਾਊਤੇ ਆ ਗਿਆ। ਦਿਲੀਪ, ਜਿਨ੍ਹਾਂ ਦੇ ਤਿੰਨੋਂ ਬੇਟੇ ਵੀ ਮਛੇਰੇ ਹੀ ਹਨ ਤੇ ਉਨ੍ਹਾਂ ਦੀ ਪਤਨੀ, 49 ਸਾਲਾ ਭਾਰਤੀ, ਸਸੂਨ ਡਾਕ ਵਿਖੇ ਥੋਕ ਦੇ ਭਾਅ ਮੱਛੀਆਂ ਵੇਚਦੀ ਹਨ। (ਦੇਖੋ Koli women: fish, friendship and fighting spirit )। ਗੱਲ ਤੋਰਦਿਆਂ ਕਹਿੰਦੇ ਹਨ,''ਸਾਡੀਆਂ ਬੇੜੀਆਂ ਉੱਚੀਆਂ ਲਹਿਰਾਂ ਨਾਲ਼ ਟਕਰਾ ਕੇ ਬਰਬਾਦ ਹੋ ਗਈਆਂ, ਅਸੀਂ ਲੱਖਾਂ ਰੁਪਏ ਹੇਠ ਆ ਗਏ। ਸਰਕਾਰ ਸੋਚਦੀ ਹੈ ਸਾਨੂੰ ਸਿਰਫ਼ ਕੁਝ ਹਜ਼ਾਰ ਰੁਪਏ ਦੇ ਕੇ, ਦੂਸਰਿਆਂ ਦੀਆਂ ਨਜ਼ਰਾਂ ਵਿੱਚ ਚੰਗੀ ਬਣ ਜਾਵੇ। ਇਸ ਗੱਲ ਨੂੰ ਲੈ ਕੇ ਮਛੇਰੇ ਹਾਲੇ ਵੀ ਗੁੱਸੇ ਵਿੱਚ ਹਨ। ਸਰਕਾਰ ਉਂਝ ਵੀ ਸਾਡੇ, ਯਾਨਿਕ ਕੋਲੀ ਮਛੇਰਿਆਂ ਲਈ ਕੁਝ ਨਹੀਂ ਕਰਦੀ, ਪਰ ਅਜਿਹੇ ਚੱਕਰਵਾਤਾਂ ਦੌਰਾਨ ਸਾਨੂੰ ਪੂਰਾ ਮੁਆਵਜ਼ਾ ਮਿਲ਼ਣਾ ਚਾਹੀਦਾ ਹੈ।''

ਇਨ੍ਹਾਂ ਰੁਕਾਵਟਾਂ ਤੋਂ ਇਲਾਵਾ, ਮੱਛੀ ਫੜ੍ਹਨ ਦੇ ਕੰਮ ਵਿੱਚ ਵੀ ਲਗਾਤਾਰ ਗਿਰਾਵਟ ਆ ਰਹੀ ਹੈ। ਦਿਲੀਪ ਕਹਿੰਦੇ ਹਨ,''ਜਦੋਂ ਮੈਂ ਛੋਟਾ ਹੁੰਦਾ ਸਾਂ, ਤਦ ਮੱਛੀ ਦੀ ਕੀਮਤ ਘੱਟ ਸੀ, ਪਰ ਡੀਜ਼ਲ (ਬੇੜੀ ਲਈ) ਦੀ ਕੀਮਤ ਵੀ 20 ਰੁਪਏ ਪ੍ਰਤੀ ਲੀਟਰ ਹੀ ਸੀ। ਹੁਣ ਡੀਜ਼ਲ 100 ਰੁਪਏ ਦੇ ਕਰੀਬ ਪਹੁੰਚ ਗਿਆ ਹੈ ਤੇ ਫੜ੍ਹੀਆਂ ਜਾਣ ਵਾਲ਼ੀਆਂ ਮੱਛੀਆਂ ਦੀ ਗਿਣਤੀ ਵੀ ਘੱਟ ਰਹੀ ਹੈ।''

ਉਹ ਕਹਿੰਦੇ ਹਨ ਕਿ ਮਛੇਰਿਆਂ ਦੇ ਜਾਲ਼ ਵਿੱਚ ਸੁਰਮਈ, ਪਾਮਫ੍ਰੇਟ ਅਤੇ ਸਾਰਡਿਨ ਜਿਹੀਆਂ ਘੱਟ ਪਸੰਦ ਕੀਤੀਆਂ ਜਾਣ ਵਾਲ਼ੀਆਂ ਮੱਛੀਆਂ ਫਸਦੀਆਂ ਹਨ। ਸੈਂਟਰਲ ਮੈਰੀਨ ਫਿਸ਼ਰੀਸ ਰਿਸਰਚ ਇੰਸਟੀਚਿਊਟ (ਕੇਂਦਰੀ ਸਮੁੰਦਰੀ ਮੱਛੀਆਂ ਖੋਜ ਸੰਸਥਾ) ਮੁਤਾਬਕ, 2019 ਵਿੱਚ, ਮਹਾਰਾਸ਼ਟਰ ਦੇ ਤਟ ਵਿਖੇ ਫੜ੍ਹ ਕੇ ਲਿਆਂਦੀਆਂ ਜਾਣ ਵਾਲ਼ੀਆਂ ਮੱਛੀਆਂ ਦੀ ਗਿਣਤੀ (ਬੰਦਰਗਾਹਾਂ 'ਤੇ ਲਿਆਂਦੀਆਂ ਜਾਣ ਵਾਲ਼ੀਆਂ ਮੱਛੀਆਂ) ਵਿੱਚ ਪਿਛਲੇ ਸਾਲ ਦੇ ਮੁਕਾਬਲੇ 32 ਫ਼ੀਸਦੀ ਗਿਰਾਵਟ ਆਈ ਸੀ। ਰਿਪੋਰਟ ਵਿੱਚ ਇਸ ਗਿਰਾਵਟ ਦਾ ਅਧਾਰ ਉਸ ਸਾਲ ਭਾਰਤ ਤੇ ਉਹਦੇ ਨੇੜੇ-ਤੇੜੇ ਆਏ ਚੱਕਰਵਾਤੀ ਤੂਫ਼ਾਨਾਂ ਨੂੰ ਦੱਸਿਆ ਗਿਆ ਹੈ ਜਿਨ੍ਹਾਂ ਵਿੱਚ ਛੇ ਬੇਹੱਦ ਗੰਭੀਰ ਚੱਕਰਵਾਤ ਆਏ ਸਨ।

''ਸਾਡੀ ਰੋਜ਼ੀਰੋਟੀ ਪੂਰੀ ਤਰ੍ਹਾਂ ਨਾਲ਼ ਕੁਦਰਤ ਸਿਰ ਟਿਕੀ ਹੈ। ਜੇ ਕੁਦਰਤ ਸਾਡੇ ਪ੍ਰਤੀ ਚੰਗਾ ਵਤੀਰਾ ਨਹੀਂ ਰੱਖੇਗੀ ਤਾਂ ਸਾਡਾ ਕੰਮ ਤੇ ਜੀਵਨ ਦੋਵੇਂ ਮੁੱਕ ਜਾਣਗੇ,'' ਦਿਲੀਪ ਕਹਿੰਦੇ ਹਨ।

ਇਸ ਸਭ ਦੇ ਉੱਪਰੋਂ, ਕੋਵਿਡ-19 ਮਹਾਂਮਾਰੀ ਆਉਣ ਕਾਰਨ, ਸਸੂਨ ਡਾਕ ਦੇ ਮਛੇਰੇ ਇਸ ਤੂਫ਼ਾਨ ਦਾ ਵੀ ਟਾਕਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

PHOTO • Shraddha Agarwal

40 ਮਿੰਟਾਂ ਦੀ ਰਾਊਂਡ ਟ੍ਰਿਪ ਵਿੱਚ, ਮਛੇਰੇ ਮਾਨਸੂਨ ਦੇ ਮਹੀਨਿਆਂ ਵਿੱਚ ਕਰੀਬ 400-500 ਕਿਲੋਗ੍ਰਾਮ ਮੱਛੀਆਂ ਫੜ੍ਹਦੇ ਹਨ ਤੇ 10-12 ਘੰਟਿਆਂ ਦੇ ਅੰਦਰ ਅਜਿਹੀਆਂ ਕਈ ਫੇਰੀਆਂ (ਯਾਤਰਾਵਾਂ) ਲਾਉਂਦੇ ਹਨ

PHOTO • Shraddha Agarwal

ਮਛੇਰਿਆਂ ਦਾ ਕਹਿਣਾ ਹੈ ਕਿ ਜੈਲੀਫਿਸ਼ ਨੂੰ ਵਾਪਸ ਸਮੁੰਦਰ ਵਿੱਚ ਸੁੱਟ ਦਿੱਤਾ ਜਾਂਦਾ ਹੈ, ਕਿਉਂਕਿ ਇਹ ਬਦਬੂਦਾਰ ਹੁੰਦੀ ਹੈ ਤੇ ਭਾਰਤ ਵਿੱਚ ਸ਼ਾਇਦ ਹੀ ਕੋਈ ਬਾਸ਼ਿੰਦਾ ਅਜਿਹੇ ਜੀਵ ਖਾਂਦਾ ਹੋਣਾ

PHOTO • Shraddha Agarwal

34 ਸਾਲਾ ਰਾਮਨਾਥ ਕੋਲੀ, ਜੋ 10 ਸਾਲ ਤੋਂ ਵੱਧ ਸਮੇਂ ਤੋਂ ਮੱਛੀ ਫੜ੍ਹ ਰਹੇ ਹਨ, ਜਾਲ਼ ਵਿੱਚ ਫਸੇ ਇੱਕ ਸਮੁੰਦਰੀ ਸੱਪ ਨੂੰ ਫੜ੍ਹੀ ਖੜ੍ਹੇ ਹਨ। ਉਹ ਕਹਿੰਦੇ ਹਨ, ' ਸਾਨੂੰ ਦਿਨ-ਰਾਤ ਕੰਮ ਕਰਨਾ ਪੈਂਦਾ ਹੈ। ਕੰਮ ਕਰਨ ਦਾ ਨਾ ਕੋਈ ਬੱਝਿਆ ਸਮਾਂ ਹੈ ਤੇ ਨਾ ਕੋਈ ਤੈਅ ਆਮਦਨੀ ਹੀ ਨਹੀਂ ਹੈ '

PHOTO • Shraddha Agarwal

49 ਸਾਲਾ ਨਰਾਇਣ ਪਾਟਿਲ ਦੀਆਂ ਤਿੰਨ ਧੀਆਂ ਤੇ ਇੱਕ ਬੇਟਾ ਹੈ, ਜੋ ਵਾਸ਼ੀ ਹਵੇਲੀ ਪਿੰਡ ਦੇ ਸਥਾਨਕ ਜ਼ਿਲ੍ਹਾ ਪਰਿਸ਼ਦ ਸਕੂਲ ਵਿੱਚ ਪੜ੍ਹਦੇ ਹਨ, ਜਦੋਂਕਿ ਉਨ੍ਹਾਂ ਦੀ ਪਤਨੀ ਇੱਕ ਹਾਊਸ ਵਾਈਫ ਹੈ। ਕਰੀਬ 20 ਸਾਲਾਂ ਤੋਂ ਮੱਛੀਆਂ ਫੜ੍ਹ ਰਹੇ ਹਨ ਤੇ ਦੱਸਦੇ ਹਨ, ' ਮੈਂ ਕਦੇ ਨਹੀਂ ਚਾਹੁੰਦਾ ਕਿ ਮੇਰੇ ਬੱਚੇ ਵੀ ਇਹੀ ਕੰਮ ਕਰਨ'

PHOTO • Shraddha Agarwal

ਮਛੇਰੇ ਇੱਕ ਵੱਡੀ ਖੇਪ ਦੀ ਤਲਾਸ਼ ਵਿੱਚ, ਸਮੁੰਦਰ ਵਿੱਚ ਆਪਣੇ ਅਗਲੇ ਪੜਾਅ ਵੱਲ ਵੱਧਦੇ ਹੋਏ

PHOTO • Shraddha Agarwal

ਰਾਮਨਾਥ ਕੋਲੀ, ਪਾਣੀ ਅੰਦਰ ਗੋਤਾ ਲਾਉਂਦੇ ਹੋਏ ਤੇ ਜਾਲ਼ ਨੂੰ ਅੱਧ ਵਿਚਾਲਿਓਂ ਵੰਡ ਲੈਂਦੇ ਹਨ ਤਾਂ ਕਿ ਮੱਛੀਆਂ ਦਾ ਵਜ਼ਨ ਬਰਾਬਰ ਰੂਪ ਵਿੱਚ ਵੰਡਿਆ ਜਾ ਸਕੇ ਅਤੇ ਜਾਲ਼ ਨੂੰ ਵਾਪਸ ਬੇੜੀ ਤੱਕ ਖਿੱਚ ਲਿਆਉਣਾ ਰਤਾ ਸੁਖਾਲਾ ਰਹੇ

PHOTO • Shraddha Agarwal

ਮੱਛੀਆਂ ਨਾਲ਼ ਭਰੇ ਜਾਲ਼ ਨੂੰ ਪਾਣੀ ਵਿੱਚੋਂ ਖਿੱਚਣ ਲਈ ਪੂਰੇ ਦਲ ਨੂੰ ਤਾਕਤ ਲਾਉਣ ਦੀ ਲੋੜ ਪੈਂਦੀ ਹੈ

PHOTO • Shraddha Agarwal

ਉਹ ਮੱਛੀਆਂ ਨਾਲ਼ ਭਰੇ ਜਾਲ਼ ਨੂੰ ਬੇੜੀ ਦੇ ਇੱਕ ਕੋਨੇ ਵਿੱਚ ਖਾਲੀ ਕਰ ਦਿੰਦੇ ਹਨ

PHOTO • Shraddha Agarwal

ਇੱਕ ਹੋਰ ਬੇੜੀ ਵਿੱਚ ਸਵਾਰ ਛੋਟੇ ਮੁੰਡੇ, ਮਛੇਰਿਆਂ ਨੂੰ ਹੱਥ ਹਿਲਾਉਂਦੇ ਹੋਏ ਨੇੜਿਓਂ ਦੀ ਲੰਘਦੇ ਹਨ

PHOTO • Shraddha Agarwal

ਸਮੁੰਦਰ ਤਟ ਤੋਂ ਨੇੜੇ-ਤੇੜੇ ਇੱਕ ਚੱਕਰ ਕੱਟਣ ਵਿੱਚ ਲਗਭਗ 40 ਮਿੰਟ ਦਾ ਸਮਾਂ ਲੱਗਦਾ ਹੈ। ਇੱਕ ਵਾਰ ਜਦੋਂ ਬੇੜੀ ਜੇਟੀ ' ਤੇ ਵਾਪਸ ਮੁੜਦੀ ਹੈ ,ਤਾਂ ਉਸ ਥਾਵੇਂ ਖਰੀਦਦਾਰ ਉਨ੍ਹਾਂ ਦੀ ਉਡੀਕ ਕਰ ਰਹੇ ਹੁੰਦੇ ਹਨ ਉੱਥੇ ਕੁਝ ਮਛੇਰੇ ਹੇਠਾਂ ਉੱਤਰ ਜਾਂਦੇ ਹਨ ਤੇ ਬੇੜੀ ਵਿੱਚ ਮੌਜੂਦ ਹੋਰ ਮਛੇਰਿਆਂ ਨੂੰ ਪਲਾਸਟਿਕ ਦੀਆਂ ਟੋਕਰੀਆਂ ਫੜ੍ਹਾਉਣ ਲੱਗਦੇ ਹਨ

PHOTO • Shraddha Agarwal

26 ਸਾਲਾ ਗੌਰਵ ਕੋਲੀ ਦਾ ਕਹਿਣਾ ਹੈ ਕਿ ਉਹ ਸਦਾ ਤੋਂ ਇੱਕ ਮਛੇਰਾ ਬਣਨਾ ਚਾਹੁੰਦੇ ਸਨ। ਉਨ੍ਹਾਂ ਨੇ 12ਵੀਂ ਤੱਕ ਪੜ੍ਹਾਈ ਕੀਤੀ ਹੈ ਤੇ ਉਹਦੇ ਬਾਅਦ ਤੋਂ ਆਪਣੇ ਪਿਤਾ ਦਿਲੀਪ ਕੋਲੀ ਦੇ ਨਾਲ਼ ਕੰਮ ਕਰ ਰਹੇ ਹਨ

PHOTO • Shraddha Agarwal

19 ਸਾਲ ਦੇ ਹਰਸ਼ਦ ਕੋਲੀ (ਪੀਲ਼ੀ-ਟੀ ਸ਼ਰਟ ਪਾਈ) ਨੇ ਤਿੰਨ ਸਾਲ ਪਹਿਲਾਂ 10ਵੀਂ ਦੀ ਪੜ੍ਹਾਈ ਪੂਰੀ ਕੀਤੀ ਤੇ ਉਦੋਂ ਤੋਂ ਮੱਛੀ ਫੜ੍ਹਨ ਦਾ ਕੰਮ ਕਰ ਰਹੇ ਹਨ। ਉਨ੍ਹਾਂ ਦੇ ਪਰਿਵਾਰ ਦੇ ਕੋਲ਼ ਵਾਸ਼ੀ ਹਵੇਲੀ ਪਿੰਡ ਵਿੱਚ ਇੱਕ ਬੇੜੀ ਹੈ, ਪਰ ਉਹ ਕਹਿੰਦੇ ਹਨ, ' ਉੱਥੇ ਕੋਈ ਗਾਹਕ ਨਹੀਂ ਮਿਲ਼ਦਾ ਇਸਲਈ ਮੈਂ ਇੱਥੇ (ਮੁੰਬਈ) ਕੰਮ ਕਰਨ ਆਉਂਦਾ ਹਾਂ '

PHOTO • Shraddha Agarwal

ਮੱਛੀ-ਖਰੀਦਦਾਰ ਤੇ ਵੇਚਣ ਵਾਲ਼ੇ ਲੋਕ ਜੇਟੀ ਦੇ ਕੋਲ਼ ਖੜ੍ਹੇ ਹੋ ਕੇ, ਮੱਛੀਆਂ ਲਈ ਆਉਂਦੀਆਂ ਬੇੜੀਆਂ ਦਾ ਬੇਸਬਰੀ ਨਾਲ਼ ਉਡੀਕ ਕਰਦੇ ਹਨ

PHOTO • Shraddha Agarwal

ਮੱਛੀ ਵੇਚਣ ਵਾਲ਼ਿਆਂ ਨੇ ਬਰਫ਼ ਵਿੱਚ ਅੱਡ-ਅੱਡ ਕਿਸਮ ਦੀਆਂ ਮੱਛੀਆਂ ਸਾਂਭੀਆਂ ਹੋਈਆਂ ਹਨ

PHOTO • Shraddha Agarwal

ਮੱਛੀ ਵੇਚਣ ਵਾਲ਼ੇ ਕੁਝ ਲੋਕ ਥੋਕ ਖਰੀਦਦਾਰਾਂ ਦੀ ਭਾਲ਼ ਵਿੱਚ ਪਾਲਘਰ ਜ਼ਿਲ੍ਹੇ ਤੋਂ ਇੱਥੇ ਆਏ ਹਨ

PHOTO • Shraddha Agarwal

ਸਸੂਨ ਡਾਕ ਵਿੱਚ ਇੱਕ ਖੁੱਲ੍ਹੀ ਥਾਵੇਂ, ਮਹਿਲਾ ਮਛੇਰਾ ਤਾਜ਼ੇ ਕੋਲਿਮ (ਛੋਟੇ-ਝੀਂਗੇ) ਨੂੰ ਧੁੱਪੇ ਸੁੱਕਣੇ ਪਾਉਂਦੀ ਹੋਈ

PHOTO • Shraddha Agarwal

ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਕੁਸ਼ਲ ਮਜ਼ਦੂਰ, ਜੂਨ ਤੋਂ ਅਗਸਤ ਦਰਮਿਆਨ ਮੁੰਬਈ ਦੇ ਸਸੂਨ ਡਾਕ ਆਉਂਦੇ ਹਨ ਤੇ ਮੱਛੀ ਦੇ ਜਾਲ਼ ਦੀ ਮੁਰੰਮਤ ਦਾ ਕੰਮ ਕਰਕੇ ਦਿਹਾੜੀ ਦਾ 500-600 ਰੁਪਏ ਕਮਾਉਂਦੇ ਹਨ

PHOTO • Shraddha Agarwal

ਕੋਵਿਡ-19 ਮਹਾਂਮਾਰੀ ਫੈਲਣ ਤੋਂ ਪਹਿਲਾਂ, ਸਸੂਨ ਡਾਕ ਵਿਖੇ ਤੜਕੇ 4 ਵਜੇ ਤੋਂ ਹੀ ਮਛੇਰਿਆਂ, ਮੱਛੀ ਵੇਚਣ ਵਾਲ਼ਿਆਂ, ਬੇੜੀ ਚਲਾਉਣ ਵਾਲ਼ਿਆਂ ਤੇ ਹੋਰ ਮਜ਼ਦੂਰਾਂ ਦੀ ਚਹਿਲ-ਪਹਿਲੀ ਸ਼ੁਰੂ ਹੋ ਜਾਂਦੀ ਸੀ। ਮਾਰਚ 2020 ਵਿੱਚ ਲਾਗੂ ਹੋਏ ਤਾਲਾਬੰਦੀ ਤੋਂ ਬਾਅਦ, ਇੱਥੇ ਬਾਮੁਸ਼ਕਲ ਕੋਈ ਭੀੜ ਦੇਖੀ ਗਈ ਹੈ

ਤਰਜਮਾ: ਕਮਲਜੀਤ ਕੌਰ

Shraddha Agarwal

Shraddha Agarwal is a Reporter and Content Editor at the People’s Archive of Rural India.

Other stories by Shraddha Agarwal
Editor : Sharmila Joshi

Sharmila Joshi is former Executive Editor, People's Archive of Rural India, and a writer and occasional teacher.

Other stories by Sharmila Joshi
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur