''ਪਰਚੀ ਵਾਲ਼ਾ ਵੇਲ਼ਾ ਸਹੀ ਸੀ। ਮਸ਼ੀਨ ਦੇ ਆਉਣ ਨਾਲ਼ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਕਿਹੜਾ ਬਟਨ ਦਬਾਇਆ ਜਾ ਰਿਹਾ ਹੈ ਤੇ ਵੋਟ ਜਾ ਕਿਹਨੂੰ ਰਹੀ ਹੈ!''

ਇਸਲਈ ਬੇਸ਼ੱਕ ਕਲਮੂਦੀਨ ਅੰਸਾਰੀ ਨੂੰ ਈਵੀਐੱਮ (ਇਲੈਕਟ੍ਰਾਨਿਕ ਵੋਟਿੰਗ ਮਸ਼ੀਨ) ਨਾਲ਼ੋਂ ਬੈਲਟ ਪੇਪਰ ਨਾਲ਼ ਵੋਟ ਦੇਣਾ ਵੱਧ ਭਰੋਸੇਯੋਗ ਲੱਗਦਾ ਹੈ।  ਪਲਾਮੂ ਦੇ ਪਿੰਡ ਕੁਮਨੀ ਦਾ ਇਹ 52 ਸਾਲਾ ਕਿਸਾਨ ਇਸ ਸਮੇਂ ਸਥਾਨਕ ਮਵੇਸ਼ੀ ਮੰਡੀ ਵਿਖੇ ਮੌਜੂਦ ਹੈ ਤੇ ਅਪ੍ਰੈਲ ਦੀ ਲੂੰਹਦੀ ਧੁੱਪ ਤੋਂ ਬਚਾਅ ਕਰਨ ਲਈ ਆਪਣੇ ਸਿਰ ਦੁਆਲ਼ੇ ਚਿੱਟਾ ਗਮਛਾ ਬੰਨ੍ਹਿਆ ਹੋਇਆ ਹੈ। ਮਹੀਨ ਜਾਂ ਮੋਟਾ ਸੂਤੀ ਕੱਪੜਾ, ਜੋ ਬਤੌਰ ਤੌਲ਼ੀਆ, ਸਕਾਰਫ਼ ਇੱਥੋਂ ਤੱਕ ਕਿ ਪਰਨੇ ਵਜੋਂ ਵੀ ਇਸਤੇਮਾਲ ਕੀਤਾ ਜਾਂਦਾ। ਗਮਛਾ ਵੀ ਅੱਡੋ-ਅੱਡ ਤਰੀਕੇ ਦਾ ਪਹਿਰਾਵਾ ਬਣਨ ਦੀ ਸਲਾਹੀਅਤ ਰੱਖਦਾ ਹੈ। ਉਹ ਇਸ ਹਫ਼ਤੇਵਾਰੀ ਲੱਗਦੀ ਮੰਡੀ ਵਿੱਚ ਆਪਣਾ ਬਲ਼ਦ ਵੇਚਣ ਲਈ 13 ਕਿਲੋਮੀਟਰ ਦਾ ਪੈਂਡਾ ਮਾਰ ਕੇ ਪਹੁੰਚਿਆ ਹੈ। ''ਸਾਨੂੰ ਪੈਸੇ ਚਾਹੀਦੇ ਹਨ,'' ਉਹ ਕਹਿੰਦੇ ਹਨ।

ਪਿਛਲੇ ਸਾਲ (2023) ਵਿੱਚ ਉਨ੍ਹਾਂ ਦੀ ਝੋਨੇ ਦੇ ਫ਼ਸਲ ਪੂਰੀ ਤਰ੍ਹਾਂ  ਬਰਬਾਦ ਹੋ ਗਈ। ਹਾੜ੍ਹੀ ਦੌਰਾਨ ਉਨ੍ਹਾਂ ਨੇ ਸਰ੍ਹੋਂ ਬੀਜੀ ਪਰ ਉਹ ਵੀ ਕੀੜਿਆਂ ਨੇ ਨਿਗਲ਼ ਲਈ। ''ਸਾਡੇ ਹੱਥ ਸਿਰਫ਼ 2.5 ਕੁਵਿੰਟਲ ਹੀ ਝਾੜ ਲੱਗਾ ਤੇ ਜੋ ਵੱਟਿਆ ਉਹ ਵੀ ਕਰਜੇ ਲਾਹੁਣ ਵਿੱਚ ਚਲਾ ਗਿਆ,'' ਕਲਮੂਦੀਨ ਕਹਿੰਦੇ ਹਨ।

ਕਲਮੂਦੀਨ ਚਾਰ ਵਿਘੇ (ਕਰੀਬ ਤਿੰਨ ਕਿੱਲੇ) ਵਿੱਚ ਕਾਸ਼ਤ ਕਰਦੇ ਹਨ ਤੇ ਸ਼ਾਹੂਕਾਰਾਂ ਕੋਲ਼ੋਂ ਚੁੱਕੇ ਕਰਜੇ ਨੇ ਉਨ੍ਹਾਂ ਦਾ ਲੱਕ ਦੂਹਰਾ ਕੀਤਾ ਹੋਇਆ ਹੈ। ਕਰਜੇ ਦੇ ਹਰ ਸੌ ਰੁਪਈਏ ਮਗਰ ਹਰ ਮਹੀਨੇ ਪੰਜ ਰੁਪਏ ਵਿਆਜ ਦੇਣ ਵਾਲ਼ਾ ਇਹ ਕਿਸਾਨ ਹਿਰਖੇ ਮਨ ਨਾਲ਼ ਕਹਿੰਦਾ ਹੈ, '' ਬਹੁਤ ਪੈਸਾ ਲੇ ਲੇਵਾ ਲੇ (ਸਾਰਾ ਪੈਸਾ ਉਹੀ ਹੂੰਝ ਲਿਜਾਂਦੇ ਹਨ)। ਮੈਂ 16,000 ਰੁਪਏ ਦਾ ਕਰਜਾ ਲਿਆ ਜੋ ਹੁਣ 20,000 ਬਣ ਚੁੱਕਿਆ ਹੈ, ਮੈਂ ਬਾਮੁਸ਼ਕਲ ਹਾਲੇ 5,000 ਰੁਪਏ ਹੀ ਮੋੜੇ ਹਨ।'' Bottom of Form

ਹੁਣ ਉਨ੍ਹਾਂ ਦਰਪੇਸ਼ ਬਲਦ ਵੇਚਣ ਦਾ ਇੱਕੋ ਇੱਕ ਵਿਕਲਪ ਬਚਿਆ ਹੈ। "ਇਸੀਲੀਏ ਕਿਸਾਨ ਚੁਰਮੁਰਾ ਜਾਤਾ ਹੈ। ਖੇਤੀ ਕੀਏ ਕੀ ਬੈਲ਼ ਬੇਚਾ ਗਯਾ [ਇਹੀ ਕਾਰਨ ਹੈ ਕਿ ਕਿਸਾਨ ਮੁਸੀਬਤਾਂ ਵਿੱਚ ਫਸਿਆ ਰਹਿੰਦਾ ਹੈ। ਮੈਂ ਖੇਤੀ ਕੀਤੀ ਪਰ ਬਲ਼ਦ ਵੇਚਣਾ ਪਿਆ)," ਕਲਮੂਦੀਨ ਕਹਿੰਦੇ ਹਨ, ਜਿਨ੍ਹਾਂ ਨੇ 2023 ਵਿੱਚ ਮੀਂਹ ਪੈਣ ਦੀ ਉਮੀਦ ਪਾਲ਼ੀ ਰੱਖੀ ਸੀ।

PHOTO • Ashwini Kumar Shukla

ਪਲਾਮੂ ਦੇ ਪਿੰਡ ਕੁਮਨੀ ਦੇ ਕਿਸਾਨ ਕਲਮੂਦੀਨ ਅੰਸਾਰੀ ਆਪਣੇ ਬਲਦ ਵੇਚਣ ਲਈ 13 ਕਿਲੋਮੀਟਰ ਪੈਦਲ ਚੱਲ ਕੇ ਪੱਥਰ ਦੇ ਹਫ਼ਤਾਵਾਰੀ ਪਸ਼ੂ ਮੇਲੇ ਤੱਕ ਪਹੁੰਚੇ ਹਨ। ਮੀਂਹ ਦੀ ਕਮੀ ਅਤੇ ਕੀੜਿਆਂ ਦੇ ਹਮਲਿਆਂ ਨੇ ਪਿਛਲੇ ਸਾਲ ਉਨ੍ਹਾਂ ਦੀ ਝੋਨੇ ਦੀ ਫ਼ਸਲ ਨੂੰ ਤਬਾਹ ਕਰ ਸੁੱਟਿਆ ਉਹ ਇਸ ਸਮੇਂ ਭਾਰੀ ਕਰਜ਼ੇ ਵਿੱਚ ਡੁੱਬੇ  ਹੋਏ ਹਨ

ਝਾਰਖੰਡ ਰਾਜ ਵਿੱਚ, 70 ਪ੍ਰਤੀਸ਼ਤ ਕਿਸਾਨਾਂ ਕੋਲ਼ ਇੱਕ ਹੈਕਟੇਅਰ ਤੋਂ ਵੀ ਘੱਟ ਜ਼ਮੀਨ ਹੈ। ਲਗਭਗ ਸਾਰੀ ( 92 ਪ੍ਰਤੀਸ਼ਤ ) ਵਾਹੀਯੋਗ ਜ਼ਮੀਨ ਬਾਰਸ਼ 'ਤੇ ਨਿਰਭਰ ਹੈ, ਖੂਹ ਸਿੰਚਾਈ ਦੀਆਂ ਜ਼ਰੂਰਤਾਂ ਦਾ ਸਿਰਫ਼ ਇੱਕ ਤਿਹਾਈ ( 33 ਪ੍ਰਤੀਸ਼ਤ ) ਹੀ ਪੂਰਾ ਕਰਦੇ ਹਨ। ਕਲਮੂਦੀਨ ਵਰਗੇ ਛੋਟੇ ਕਿਸਾਨਾਂ ਨੂੰ ਖੇਤੀ ਖੇਤਰ ਵਿੱਚ ਬਣੇ ਰਹਿਣ ਲਈ ਬੀਜ ਅਤੇ ਖਾਦਾਂ ਲਈ ਕਰਜ਼ਾ ਲੈਣਾ ਪੈ ਰਿਹਾ ਹੈ।

ਹੁਣ ਉਨ੍ਹਾਂ ਨੇ ਫੈਸਲਾ ਕੀਤਾ ਹੈ ਕਿ 2024 ਦੀਆਂ ਆਮ ਚੋਣਾਂ 'ਚ ਜੋ ਕੋਈ ਵੀ ਉਨ੍ਹਾਂ ਦੇ ਪਿੰਡ ਵਿੱਚ ਸਿੰਚਾਈ ਦਾ ਢੁੱਕਵਾਂ ਬੰਦੋਬਸਤ ਕਰਦਾ ਹੈ, ਵੋਟ ਵੀ ਉਹਨੂੰ ਹੀ ਮਿਲ਼ੇਗੀ। ਨਵੀਂ ਦਿੱਲੀ ਤੋਂ 1,000 ਕਿਲੋਮੀਟਰ ਦੂਰ ਵੱਸੇ ਇਸ ਕਿਸਾਨ ਜੋ ਬਗ਼ੈਰ ਟੀਵੀ ਅਤੇ ਮੋਬਾਇਲ ਫ਼ੋਨ ਦੇ ਰਹਿ ਰਹੇ ਹਨ, ਦਾ ਕਹਿਣਾ ਹੈ ਉਹ ਚੁਣਾਵੀ ਚੰਦੇ ਬਾਰੇ ਕਿਸੇ ਵੀ ਰਾਸ਼ਟਰੀ ਪੱਧਰ ਦੀ ਖ਼ਬਰ ਬਾਰੇ ਕੁਝ ਨਹੀਂ ਜਾਣਦੇ।

ਬਜ਼ਾਰ ਵਿੱਚ ਵੱਖ-ਵੱਖ ਗਾਹਕਾਂ ਨਾਲ਼ ਲਗਭਗ ਤਿੰਨ ਘੰਟੇ ਸੌਦੇਬਾਜੀ ਕਰਨ ਤੋਂ ਬਾਅਦ, ਕਲਮੂਦੀਨ ਨੂੰ ਆਖ਼ਰਕਾਰ ਆਪਣਾ ਬਲਦ 5,000 ਰੁਪਏ ਵਿੱਚ ਹੀ ਵੇਚਣਾ ਪਿਆ ਜਦੋਂਕਿ ਉਨ੍ਹਾਂ ਨੂੰ ਉਮੀਦ 7,000 ਰੁਪਏ ਦੀ ਸੀ।

ਆਪਣਾ ਬਲਦ ਵੇਚਣ ਤੋਂ ਬਾਅਦ ਕਲਮੂਦੀਨ ਦੇ ਕੋਲ਼ ਹੁਣ ਦੋ ਗਾਵਾਂ ਤੇ ਇੱਕ ਵੱਛਾ ਹੀ ਰਹਿ ਗਏ ਹਨ। ਉਨ੍ਹਾਂ ਨੂੰ ਭਰੋਸਾ ਹੈ ਕਿ ਉਨ੍ਹਾਂ ਦੇ ਸਹਾਰੇ ਉਹ ਸੱਤ ਲੋਕਾਂ ਦੇ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰ ਲੈਣਗੇ। "ਅਸੀਂ ਉਸੇ ਨੂੰ ਵੋਟ ਦਿਆਂਗੇ ਜੋ ਕਿਸਾਨਾਂ ਲਈ ਕੁਝ ਕਰੇਗਾ," ਉਹ ਦ੍ਰਿੜਤਾ ਨਾਲ਼ ਕਹਿੰਦੇ ਹਨ।

ਰਾਜ ਲਗਾਤਾਰ ਗੰਭੀਰ ਸੋਕੇ ਤੋਂ ਪ੍ਰਭਾਵਿਤ ਰਿਹਾ ਹੈ: 2022 ਵਿੱਚ, ਲਗਭਗ ਪੂਰੇ ਰਾਜ - 226 ਬਲਾਕਾਂ - ਨੂੰ ਸੋਕਾ ਪ੍ਰਭਾਵਿਤ ਐਲਾਨਿਆ ਗਿਆ ਸੀ। ਅਗਲੇ ਸਾਲ (2023) 158 ਬਲਾਕਾਂ ਨੂੰ ਸੋਕੇ ਦਾ ਸਾਹਮਣਾ ਕਰਨਾ ਪਿਆ।

PHOTO • Ashwini Kumar Shukla

ਝਾਰਖੰਡ, ਜਿੱਥੇ ਲਗਭਗ ਸਾਰੀ ਵਾਹੀਯੋਗ ਜ਼ਮੀਨ ਬਾਰਸ਼ 'ਤੇ ਹੀ ਨਿਰਭਰ ਕਰਦੀ ਹੈ, 2022 ਅਤੇ 2023 ਵਿੱਚ ਲਗਾਤਾਰ ਸੋਕੇ ਦੀ ਮਾਰ ਝੱਲ ਰਿਹਾ ਹੈ। ਖੂਹ ਸਿੰਚਾਈ ਲੋੜਾਂ ਦਾ ਸਿਰਫ਼ ਇੱਕ ਤਿਹਾਈ ਹਿੱਸਾ ਪੂਰਾ ਕਰਦੇ ਹਨ। ਇਸ ਲਈ, ਅਸੀਂ ਉਸੇ ਨੂੰ ਵੋਟ ਦਿਆਂਗੇ ਜੋ ਕਿਸਾਨਾਂ ਲਈ ਕੁਝ ਕਰੇਗਾ ਤੇ ਪਿੰਡ ਵਿੱਚ ਸਿੰਚਾਈ ਦਾ ਢੁਕਵਾਂ ਬੰਦੋਬਸਤ ਕਰੇਗਾ

ਪਲਾਮੂ ਜ਼ਿਲ੍ਹੇ ਦੇ ਸਾਰੇ 20 ਬਲਾਕਾਂ ਵਿੱਚ ਪਿਛਲੇ ਸਾਲ ਔਸਤ ਨਾਲ਼ੋਂ ਕਾਫ਼ੀ ਘੱਟ ਮੀਂਹ ਪਿਆ, ਇਸਲਈ ਰਾਜ ਦੁਆਰਾ ਹਰ ਕਿਸਾਨ-ਪਰਿਵਾਰ ਲਈ ਐਲਾਨੀ ਗਈ ਰਾਹਤ-ਰਾਸ਼ੀ-3,500 ਰੁਪਏ- ਇੱਥੇ ਆਮ ਚੋਣਾਂ ਦਾ ਮੁੱਖ ਮੁੱਦਾ ਹੈ, ਕਿਉਂਕਿ ਬਹੁਤੇਰੇ ਪਰਿਵਾਰਾਂ ਨੂੰ ਅਜੇ ਇਹ ਰਾਸ਼ੀ ਮਿਲ਼ੀ ਤੱਕ ਨਹੀਂ ਹੈ। ''ਮੈਂ ਸੋਕਾ ਰਾਹਤ ਫਾਰਮ ਭਰਨ ਲਈ ਪੈਸੇ ਦਿੱਤੇ ਸਨ। ਮੈਂ ਇੱਕ ਸਾਲ (2022) 300 ਰੁਪਏ ਤੇ ਅਗਲੇ ਸਾਲ (2023) 500 ਰੁਪਏ ਦਿੱਤੇ ਸਨ। ਪਰ ਮੈਨੂੰ ਹਾਲੇ ਤੀਕਰ ਇੱਕ ਨਵਾਂ ਪੈਸਾ ਤੱਕ ਨਹੀਂ ਮਿਲ਼ਿਆ,'' ਸੋਨਾ ਦੇਵੀ ਕਹਿੰਦੀ ਹਨ।

ਦੁਪਹਿਰ ਦਾ ਵੇਲ਼ਾ ਹੋ ਗਿਆ ਹੈ ਤੇ ਝਾਰਖੰਡ ਦੇ ਬਰਾਂਵ ਪਿੰਡ ਵਿਖੇ ਤਾਪਮਾਨ 37 ਡਿਗਰੀ ਸੈਲਸੀਅਸ ਦੇ ਕਰੀਬ ਪਹੁੰਚ ਚੁੱਕਿਆ ਹੈ। ਕਰੀਬ 50 ਸਾਲਾ ਸੋਨਾ ਦੇਵੀ ਇੱਕ ਛੈਣੀ ਤੇ ਹਥੌੜੇ ਨਾਲ਼ ਸੱਟਾਂ ਮਾਰ-ਮਾਰ ਕੇ ਲੱਕੜਾਂ ਚੀਰ ਰਹੀ ਹਨ। ਇਹ ਲੱਕੜਾਂ ਖਾਣਾ ਪਕਾਉਣ ਦੇ ਕੰਮ ਆਉਣਗੀਆਂ। ਪਿਛਲੇ ਸਾਲ ਪਤੀ ਕਮਲੇਸ਼ ਭੁਇਆਂ ਦੇ ਲਕਵੇ ਦਾ ਸ਼ਿਕਾਰ ਹੋਣ ਬਾਅਦ ਇਹ ਕੰਮ ਵੀ ਸੋਨਾ ਦੇਵੀ ਨੂੰ ਹੀ ਕਰਨਾ ਪੈਂਦਾ ਹੈ। ਪਤੀ-ਪਤਨੀ ਭੁਇਆਂ ਦਲਿਤ ਭਾਈਚਾਰੇ ਨਾਲ਼ ਤਾਅਲੁੱਕ ਰੱਖਦੇ ਹਨ ਤੇ ਆਪਣੀ ਰੋਜ਼ੀ-ਰੋਟੀ ਵਾਸਤੇ ਮੁੱਖ ਰੂਪ ਨਾਲ਼ ਖੇਤੀ 'ਤੇ ਹੀ ਨਿਰਭਰ ਹਨ।

ਕਮਲੇਸ਼ ਦੱਸਦੇ ਹਨ ਕਿ ਉਨ੍ਹਾਂ ਨੇ ਮੌਜੂਦਾ ਵਿਧਾਇਕ ਅਲੋਕ ਚੌਰਸਿਆ ਵਾਸਤੇ 2014 ਵਿੱਚ ਚੁਣਾਵੀ ਪ੍ਰਚਾਰ ਕੀਤਾ ਸੀ ਤੇ ਉਨ੍ਹਾਂ ਦੇ ਚੁਣਾਵੀ ਅਭਿਆਨ ਲਈ 6,000 ਰੁਪਏ ਤੋਂ ਵੱਧ ਦਾ ਚੰਦਾ ਇਕੱਠਾ ਕੀਤਾ। ਪਰ ''ਪਿਛਲੇ 10 ਸਾਲਾਂ ਵਿੱਚ ਵਿਧਾਇਕ ਇੱਕ ਵਾਰ ਵੀ ਸਾਡੇ ਇਲਾਕੇ ਵਿੱਚ ਆਇਆ ਤੱਕ ਨਹੀਂ।''

ਦੋ ਕਮਰਿਆਂ ਦਾ ਇਹ ਕੱਚਾ ਘਰ ਉਨ੍ਹਾਂ ਦੀ 15 ਕੱਠਾ (ਕਰੀਬ ਅੱਧਾ ਕਿੱਲਾ) ਜ਼ਮੀਨ ਦੀ ਨਿਗਰਾਨੀ ਕਰਦਾ ਹੋਇਆ ਜਾਪਦਾ ਹੈ। ''ਪਿਛਲੇ ਦੋ ਸਾਲਾਂ ਤੋਂ ਅਸੀਂ ਖੇਤੀ ਦੇ ਨਾਮ 'ਤੇ ਕੁਝ ਨਹੀਂ ਕੀਤਾ। ਪਿਛਲੇ ਸਾਲ (2022), ਮੀਂਹ ਬਿਲਕੁਲ ਵੀ ਨਹੀਂ ਪਿਆ। ਇਸ ਸਾਲ (2023) ਵੀ ਨਾਮਾਤਰ ਹੀ ਮੀਂਹ ਪਿਆ, ਪਰ ਝੋਨੇ ਦੇ ਪੌਦੇ ਠੀਕ ਤਰ੍ਹਾਂ ਵਧੇ-ਫੁੱਲੇ ਨਾ,'' ਸੋਨਾ ਦੱਸਦੀ ਹਨ।

ਜਦੋਂ ਇਸ ਰਿਪੋਰਟਰ ਨੇ ਉਨ੍ਹਾਂ ਨੂੰ ਆਮ ਚੋਣਾਂ ਬਾਰੇ ਸਵਾਲ ਪੁੱਛਿਆ, ਤਾਂ ਉਨ੍ਹਾਂ ਨੇ ਅਜੀਬ ਢੰਗ ਨਾਲ਼ ਮੋੜਵਾਂ ਸਵਾਲ ਕੀਤਾ: "ਸਾਡੀ ਪਰਵਾਹ ਕੌਣ ਕਰਦਾ ਹੈ? ਵੋਟਿੰਗ ਦੇ ਸਮੇਂ ਹੀ ਉਹ (ਸਿਆਸਤਦਾਨ) ਸਾਡੇ ਕੋਲ਼ ਆਉਂਦੇ ਹਨ ਅਤੇ ਸਾਨੂੰ ਦੀਦੀ , ਭਈਆ ਅਤੇ ਚਾਚਾ ਕਹਿ ਕੇ ਲੁਭਾਉਣ ਦੀ ਕੋਸ਼ਿਸ਼ ਕਰਦੇ ਹਨ। ਸੋਨਾ ਦੇ ਸਿਰ ਲਗਾਤਾਰ ਦੋ ਸਾਲਾਂ ਤੋਂ ਪਏ ਸੋਕੇ ਕਾਰਨ 30,000 ਰੁਪਏ ਦਾ ਕਰਜ਼ਾ ਹੈ ਅਤੇ ਉਨ੍ਹਾਂ ਦੇ ਪਤੀ ਦੇ ਇਲਾਜ ਦੇ ਖਰਚੇ ਨੇ ਕਰਜੇ ਵਿੱਚ ਹੋਰ ਵਾਧਾ ਕੀਤਾ। ''ਅਸੀਂ ਉਸੇ ਪਾਰਟੀ ਨੂੰ ਵੋਟ ਦਿਆਂਗੇ ਜੋ ਸਾਡੀ ਮਦਦ ਕਰੇਗੀ।''

ਇਸ ਰਿਪੋਰਟਰ ਨੂੰ ਦੇਖ ਕੇ, ਉਹ ਕਹਿੰਦੀ ਹਨ, "ਜੇ ਤੁਸੀਂ ਉਨ੍ਹਾਂ (ਨੇਤਾਵਾਂ) ਨੂੰ ਮਿਲ਼ਣ ਜਾਓਗੇ, ਤਾਂ ਉਹ ਤੁਹਾਨੂੰ ਬੈਠਣ ਲਈ ਕੁਰਸੀ ਦੇਣਗੇ। ਅਤੇ ਸਾਨੂੰ! ਸਾਨੂੰ ਉਹ ਬਾਹਰ ਉਡੀਕ ਕਰਨ ਲਈ ਕਹਿਣਗੇ।''

PHOTO • Ashwini Kumar Shukla
PHOTO • Ashwini Kumar Shukla

ਪਲਾਮੂ ਦੇ ਚਿਆਨਕੀ ਪਿੰਡ (ਖੱਬੇ) ਵਿੱਚ ਸਿੰਚਾਈ ਦੀ ਘਾਟ ਕਾਰਨ ਖਾਲੀ ਪਏ ਖੇਤ। ਇੱਥੇ ਕਿਸਾਨ ਹਾੜ੍ਹੀ ਦੇ ਸੀਜ਼ਨ ਵਿੱਚ ਕਣਕ ਦੀ ਕਾਸ਼ਤ ਕਰਦੇ ਸਨ, ਪਰ ਹੁਣ ਖੂਹਾਂ ਦੇ ਸੁੱਕਣ ਕਾਰਨ ਉਨ੍ਹਾਂ ਨੂੰ ਪੀਣ ਵਾਲ਼ਾ ਪਾਣੀ ਤੱਕ ਨਹੀਂ ਮਿਲ਼ ਰਿਹਾ। ਤਿੰਨ ਸਾਲ ਪਹਿਲਾਂ ਬਣਾਈ ਗਈ ਇੱਕ ਨਹਿਰ (ਸੱਜੇ) ਇਸ ਦੇ ਨਿਰਮਾਣ ਤੋਂ ਬਾਅਦ ਸੁੱਕੀ ਹੋਈ ਹੈ

PHOTO • Ashwini Kumar Shukla
PHOTO • Ashwini Kumar Shukla

ਪਲਾਮੂ ਦੇ ਬਰਾਓਂ ਪਿੰਡ ਦੀ ਸੋਨਾ ਦੇਵੀ ਨੇ 2023 ਵਿੱਚ ਸੋਕਾ ਰਾਹਤ ਲਈ ਅਰਜ਼ੀ ਭਰੀ ਸੀ, ਜਿਸ ਦੇ ਬਦਲੇ ਉਨ੍ਹਾਂ ਨੂੰ ਮੁਆਵਜ਼ਾ ਮਿਲ਼ਣਾ ਸੀ। ਪਰ ਅਜੇ ਤੱਕ ਉਨ੍ਹਾਂ ਨੂੰ ਇੱਕ ਪੈਸਾ ਵੀ ਨਹੀਂ ਮਿਲ਼ਿਆ ਹੈ। 'ਪਿਛਲੇ ਸਾਲ [2022], ਮੀਂਹ ਦੀ ਇੱਕ ਬੂੰਦ ਵੀ ਨਹੀਂ ਪਈ,' ਉਹ ਕਹਿੰਦੀ ਹਨ। ਸੱਜੇ: ਨਾਲ਼ ਰਹਿਣ ਵਾਲ਼ੀ ਮਾਲਤੀ ਦੇਵੀ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਘਰ ਮਿਲ਼ਿਆ। 'ਅਸੀਂ ਇਸ ਮੁੱਦੇ 'ਤੇ ਪਿੰਡ ਦੀਆਂ ਹੋਰ ਔਰਤਾਂ ਨਾਲ਼ ਵਿਚਾਰ-ਵਟਾਂਦਰਾ ਕਰਾਂਗੇ ਅਤੇ ਫਿਰ ਇੱਕ ਸਮੂਹਿਕ ਸਿੱਟੇ 'ਤੇ ਪਹੁੰਚਾਂਗੇ ਕਿ ਕਿਸ ਨੂੰ ਵੋਟ ਦੇਣੀ ਹੈ,' ਉਹ ਕਹਿੰਦੀ ਹਨ

ਸੋਨਾ ਦੇ ਨਾਲ਼ ਰਹਿਣ ਵਾਲ਼ੀ 45 ਸਾਲਾ ਮਾਲਤੀ ਦੇਵੀ ਵੀ ਇੱਕ ਕਿਸਾਨ ਹਨ। ਉਨ੍ਹਾਂ ਕੋਲ਼ ਇੱਕ ਬੀਘਾ (ਇੱਕ ਕਿੱਲੇ ਤੋਂ ਵੀ ਘੱਟ) ਜ਼ਮੀਨ ਹੈ ਅਤੇ ਉਹ ਖੇਤ ਮਜ਼ਦੂਰ ਵਜੋਂ ਵੀ ਕੰਮ ਕਰਦੀ ਹਨ। "ਸਾਨੂੰ ਆਪਣੀ ਜ਼ਮੀਨ [ਇੱਕ ਬੀਘਾ] ਤੋਂ ਇਲਾਵਾ, ਬਟਈਆ [ਮੁਜ਼ਾਰੇਦਾਰੀ] ਰਾਹੀਂ ਦੂਜਿਆਂ ਦੀ ਜ਼ਮੀਨ ਤੋਂ ਘੱਟੋ ਘੱਟ 15 ਕੁਇੰਟਲ ਚੌਲ਼ ਮਿਲ਼ਦਾ ਸੀ। ਇਸ ਸਾਲ, ਅਸੀਂ ਆਲੂ ਦੀ ਬਿਜਾਈ ਕੀਤੀ, ਪਰ ਉਪਜ ਮੰਡੀ ਵੇਚਣ ਲਈ ਕਾਫ਼ੀ ਨਹੀਂ ਹੋਈ," ਉਹ ਕਹਿੰਦੀ ਹਨ।

ਹਾਲਾਂਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਮਕਾਨ ਮਿਲ਼ਣ 'ਤੇ ਖੁਸ਼ ਉਨ੍ਹਾਂ ਦਾ ਕਹਿਣਾ ਹੈ ਕਿ ਮਕਾਨ ਅਲਾਟ ਹੋਣ ਕਾਰਨ ਉਨ੍ਹਾਂ ਨੇ ਆਪਣਾ ਵੋਟ ਮੋਦੀ ਨੂੰ ਦੇਣ ਦਾ ਫੈਸਲਾ ਕੀਤਾ ਹੈ, ਜਦੋਂ ਕਿ ਪਹਿਲਾਂ ਉਹ ਆਪਣੀ ਵੋਟ ਕਾਂਗਰਸ ਦੇ ਚੋਣ ਨਿਸ਼ਾਨ ਪੰਜਾ ਛਾਪ ਨੂੰ ਦਿੰਦੀ ਆਈ ਸਨ। "ਅਸੀਂ ਇਸ ਬਾਰੇ ਪਿੰਡ ਦੀਆਂ ਹੋਰ ਔਰਤਾਂ ਨਾਲ਼ ਵਿਚਾਰ-ਵਟਾਂਦਰਾ ਕਰਾਂਗੇ ਅਤੇ ਉਸ ਤੋਂ ਬਾਅਦ ਹੀ ਇੱਕ ਸਮੂਹਿਕ ਸਿੱਟੇ 'ਤੇ ਪਹੁੰਚਾਂਗੇ ਕਿ ਵੋਟ ਕਿਸ ਨੂੰ ਦੇਣੀ ਹੈ। ਸਾਡੇ ਵਿੱਚੋਂ ਕਈਆਂ ਨੂੰ ਹੈਂਡ ਪੰਪ (ਨਲ਼ਕੇ) ਦੀ ਲੋੜ ਹੈ, ਕਈਆਂ ਨੂੰ ਖੂਹ ਦੀ ਲੋੜ ਹੈ ਤੇ ਕਈਆਂ ਨੂੰ ਰਹਿਣ ਲਈ ਕਲੋਨੀ ਦੀ ਲੋੜ ਹੈ। ਅਸੀਂ ਉਸੇ ਨੂੰ ਵੋਟ ਦਿਆਂਗੇ ਜੋ ਇਨ੍ਹਾਂ ਜ਼ਰੂਰਤਾਂ ਨੂੰ ਪੂਰਾ ਕਰੇਗਾ," ਉਹ ਕਹਿੰਦੀ ਹਨ।

*****

"ਦਾਲਾਂ, ਕਣਕ, ਚੌਲ਼, ਸਾਰੀਆਂ ਚੀਜ਼ਾਂ ਮਹਿੰਗੀਆਂ ਹਨ," ਪਲਾਮੂ ਦੇ ਚਿਆਨਕੀ ਪਿੰਡ ਦੀ ਆਸ਼ਾ ਦੇਵੀ ਕਹਿੰਦੀ ਹਨ। ਇਸ ਜੋੜੇ ਦੇ ਛੇ ਬੱਚੇ ਹਨ, ਦੋਵਾਂ ਦੀ ਉਮਰ ਤੀਹ ਸਾਲ ਤੋਂ ਵੱਧ ਹੈ; ਪਤੀ ਸੰਜੇ ਸਿੰਘ ਲਗਭਗ 35 ਸਾਲਾਂ ਦੇ ਹਨ ਅਤੇ ਇੱਕ ਮਜ਼ਦੂਰ ਵਜੋਂ ਕੰਮ ਕਰਦੇ ਹਨ। ਇਹ ਪਰਿਵਾਰ ਚੇਰੋ ਆਦਿਵਾਸੀ ਭਾਈਚਾਰੇ ਨਾਲ਼ ਸਬੰਧਤ ਹੈ, ਜੋ ਝਾਰਖੰਡ ਵਿੱਚ ਰਹਿਣ ਵਾਲ਼ੇ 32 ਕਬਾਇਲੀ ਭਾਈਚਾਰਿਆਂ ਵਿੱਚੋਂ ਇੱਕ ਹੈ। "ਜਦੋਂ ਖੇਤੀ ਚੰਗੀ ਹੁੰਦੀ ਸੀ, ਤਾਂ ਸਾਨੂੰ ਇੱਕ ਸੀਜ਼ਨ ਵਿੱਚ ਲੋੜੀਂਦਾ ਅਨਾਜ ਮਿਲ਼ ਜਾਇਆ ਕਰਦਾ ਜੋ ਦੋ ਸਾਲਾਂ ਤੱਕ ਚੱਲਦਾ ਰਹਿੰਦਾ। ਹੁਣ ਉਹੀ ਚੀਜ਼ਾਂ ਸਾਨੂੰ ਖਰੀਦਣੀਆਂ ਪੈਂਦੀਆਂ ਹਨ," ਉਹ ਕਹਿੰਦੀ ਹਨ।

ਇਹ ਪੁੱਛੇ ਜਾਣ 'ਤੇ ਕਿ ਕੀ ਉਹ ਮਹਿੰਗਾਈ ਅਤੇ ਭੁੱਖਮਰੀ ਵਰਗੇ ਮੁੱਦਿਆਂ ਨੂੰ ਧਿਆਨ 'ਚ ਰੱਖ ਕੇ ਵੋਟ ਪਾਉਣਗੇ, ਆਸ਼ਾ ਦੇਵੀ ਨੇ ਜਵਾਬ ਦਿੱਤਾ, " ਲੋਕ ਕਹਤਾ ਹੈ ਬੜੀ ਮਹਿੰਗਾਈ ਹੈ ਕੁਝ ਨਹੀਂ ਕਰ ਰਹੇ ਹੈਂ ਮੋਦੀ ਜੀ। ਜਨਰਲ ਹਮਲੋਗ ਤੋ ਉਸੀ ਕੋ ਅਭੀ ਭੀ ਚੁਣ ਰਹੇ ਹੈਂ ,'' ਬੜੀ ਦ੍ਰਿੜਤਾ ਨਾਲ਼ ਉਨ੍ਹਾਂ ਜਵਾਬ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਉਹ ਸਿਰਫ਼ ਇੱਕੋ ਬੱਚੇ ਨੂੰ ਨਿੱਜੀ ਸਕੂਲ ਵਿਚ ਭੇਜ ਪਾਏ ਹਨ, ਜਿੱਥੇ ਉਨ੍ਹਾਂ ਨੂੰ 1,600 ਰੁਪਏ ਫੀਸ ਭਰਨੀ ਪੈਂਦੀ ਹੈ।

2019 ਦੀਆਂ ਆਮ ਚੋਣਾਂ 'ਚ ਭਾਰਤੀ ਜਨਤਾ ਪਾਰਟੀ ਦੇ ਵਿਸ਼ਨੂੰ ਦਿਆਲ ਰਾਮ ਨੇ ਕੁੱਲ ਵੋਟਾਂ ਦਾ 62 ਫੀਸਦੀ ਆਪਣੇ ਵੱਲ ਕਰ ਜਿੱਤ ਹਾਸਲ ਕੀਤੀ ਸੀ। ਉਨ੍ਹਾਂ ਨੇ ਰਾਸ਼ਟਰੀ ਜਨਤਾ ਦਲ ਦੇ ਘੁਰਾਨ ਰਾਮ ਨੂੰ ਹਰਾਇਆ। ਇਸ ਸਾਲ ਵੀ ਵਿਸ਼ਨੂੰ ਦਿਆਲ ਰਾਮ ਭਾਜਪਾ ਦੇ ਉਮੀਦਵਾਰ ਹਨ, ਜਦੋਂ ਕਿ ਰਾਸ਼ਟਰੀ ਜਨਤਾ ਦਲ ਨੇ ਅਜੇ ਆਪਣੇ ਉਮੀਦਵਾਰ ਦਾ ਫੈਸਲਾ ਨਹੀਂ ਕੀਤਾ ਹੈ। ਇਸ ਹਲਕੇ ਵਿੱਚ ਕੁੱਲ ਵੋਟਰਾਂ ਦੀ ਗਿਣਤੀ 18 ਲੱਖ ਤੋਂ ਵੱਧ ਹੈ।

ਮਹਿੰਗਾਈ ਤੋਂ ਇਲਾਵਾ ਸੋਕਾ ਇਸ ਖੇਤਰ ਦੀ ਸਭ ਤੋਂ ਵੱਡੀ ਸਮੱਸਿਆ ਹੈ। "ਇੱਥੋਂ ਦੇ ਲੋਕਾਂ ਨੂੰ ਪੀਣ ਵਾਲ਼ੇ ਪਾਣੀ ਬਾਰੇ ਵੀ ਸੋਚਣਾ ਪੈਂਦਾ ਹੈ। ਪਿੰਡਾਂ ਦੇ ਜ਼ਿਆਦਾਤਰ ਖੂਹ ਸੁੱਕ ਗਏ ਹਨ। ਇੱਥੋਂ ਤੱਕ ਕਿ ਨਲ਼ਕੇ ਨੂੰ ਵੀ ਬਾਰ-ਬਾਰ ਗੇੜਦੇ ਰਹਿਣ ਨਾਲ਼ ਹੀ ਪਾਣੀ ਨਿਕਲ਼ਦਾ ਹੈ ਅਤੇ ਉਹ ਵੀ ਬਹੁਤ ਘੱਟ," ਆਸ਼ਾ ਦੇਵੀ ਕਹਿੰਦੀ ਹਨ, "ਨਹਿਰ ਬਣਨ ਤੋਂ ਬਾਅਦ ਇਸ ਵਿੱਚ ਪਾਣੀ ਨਹੀਂ ਆਇਆ ਹੈ।''

PHOTO • Ashwini Kumar Shukla
PHOTO • Ashwini Kumar Shukla

ਖੱਬੇ: ਚਿਆਨਕੀ ਵਿਖੇ ਆਸ਼ਾ ਦੇਵੀ ਪਿੰਡ ਵਿੱਚ ਕਰਿਆਨੇ ਦੀ ਦੁਕਾਨ ਚਲਾਉਂਦੀ ਹਨ, ਜਦੋਂ ਕਿ ਉਨ੍ਹਾਂ ਦਾ ਪਤੀ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਦਾ ਹੈ। 'ਦਾਲਾਂ, ਕਣਕ, ਚੌਲ਼, ਸਭ ਕੁਝ ਤਾਂ ਮਹਿੰਗਾ ਹੋ ਗਿਆ ਹੈ,' ਉਹ ਕਹਿੰਦੀ ਹਨ। ਸੱਜੇ: ਬਰਾਓਂ ਦਾ ਇੱਕ ਕਿਸਾਨ ਸੁਰੇਂਦਰ ਚੌਧਰੀ ਆਪਣੀ ਗਾਂ ਵੇਚਣ ਲਈ ਪਸ਼ੂ ਮੰਡੀ ਵਿੱਚ ਆਇਆ ਹੈ

PHOTO • Ashwini Kumar Shukla
PHOTO • Ashwini Kumar Shukla

ਚਿਆਨਕੀ ਦੇ ਰਹਿਣ ਵਾਲ਼ੇ ਅਮਰੀਕਾ ਸਿੰਘ ਨੂੰ ਪਿਛਲੇ ਦੋ ਸਾਲਾਂ 'ਚ ਤਿੰਨ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਸਾਲ ਉਨ੍ਹਾਂ ਦਾ ਖੂਹ (ਸੱਜੇ) ਸੁੱਕਿਆ ਪਿਆ ਹੈ। 'ਕਿਸਾਨਾਂ ਦੀ ਪਰਵਾਹ ਕੌਣ ਕਰਦਾ ਹੈ? ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਨੇ ਵਾਜਬ ਕੀਮਤਾਂ ਦੀ ਮੰਗ ਨੂੰ ਲੈ ਕੇ ਕਿੰਨਾ ਵਿਰੋਧ ਪ੍ਰਦਰਸ਼ਨ ਕੀਤਾ, ਪਰ ਕੁਝ ਵੀ ਨਹੀਂ ਬਦਲਿਆ,' ਉਹ ਕਹਿੰਦੇ ਹਨ

ਉਨ੍ਹਾਂ ਦੇ ਗੁਆਂਢੀ ਅਮਰੀਕਾ ਸਿੰਘ, ਜੋ ਉਨ੍ਹਾਂ ਦੇ ਆਪਣੇ ਕਬਾਇਲੀ ਭਾਈਚਾਰੇ ਦੇ ਮੈਂਬਰ ਹਨ, ਨੂੰ ਪਿਛਲੇ ਦੋ ਸਾਲਾਂ ਵਿੱਚ 3 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। "ਪਹਿਲਾਂ, ਜੇ ਕੋਈ ਹੋਰ ਫ਼ਸਲ ਨਾ ਉਗਦੀ ਤਾਂ ਵੀ ਅਸੀਂ ਸਬਜ਼ੀਆਂ ਉਗਾ ਲੈਂਦੇ ਹੁੰਦੇ ਸਾਂ," ਉਹ ਕਹਿੰਦੇ ਹਨ। ''ਪਰ ਇਸ ਸਾਲ ਮੇਰਾ ਖੂਹ ਪੂਰੀ ਤਰ੍ਹਾਂ ਸੁੱਕ ਗਿਆ ਹੈ।''

ਪਲਾਮੂ ਦੇ ਕਈ ਹੋਰ ਕਿਸਾਨਾਂ ਵਾਂਗ, ਅਮਰੀਕਾ ਸਿੰਘ ਵੀ ਪਾਣੀ ਦੀ ਕਮੀ ਨੂੰ ਇਸ ਖੇਤਰ ਦੀ ਸਭ ਤੋਂ ਵੱਡੀ ਸਮੱਸਿਆ ਦੱਸਦੇ ਹਨ। "ਪਾਣੀ ਦੀ ਅਣਹੋਂਦ ਵਿੱਚ ਖੇਤੀ ਕਰਨ ਦਾ ਕੋਈ ਮਤਲਬ ਨਹੀਂ ਹੈ। ਖੂਹ ਦੇ ਪਾਣੀ ਨਾਲ਼ ਅਸੀਂ ਕਿੰਨੀ ਕੁ ਖੇਤੀ ਕਰ ਸਕਦੇ ਹਾਂ!"

ਇਹ ਮੰਨਿਆ ਜਾਂਦਾ ਸੀ ਕਿ ਉੱਤਰੀ ਕੋਇਲ ਨਦੀ 'ਤੇ ਮੰਡਲ ਡੈਮ ਮਦਦਗਾਰ ਰਹੇਗਾ। ''ਨੇਤਾ ਸਿਰਫ਼ ਵਾਅਦੇ ਹੀ ਕਰਦੇ ਹਨ। ਸਾਲ 2019 'ਚ ਮੋਦੀ ਨੇ ਕਿਹਾ ਸੀ ਕਿ ਮੰਡਲ ਡੈਮ 'ਚ ਗੇਟ ਲਗਾਇਆ ਜਾਵੇਗਾ। ਜੇ ਇਹ ਸਥਾਪਤ ਕੀਤਾ ਗਿਆ ਹੁੰਦਾ, ਤਾਂ ਪਾਣੀ ਦੀ ਸਪਲਾਈ ਹੋ ਜਾਣੀ ਸੀ," ਅਮਰੀਕ ਸਿੰਘ ਕਹਿੰਦੇ ਹਨ। "ਤੁਸੀਂ ਦੇਖੋ ਕਿ ਕਿਵੇਂ ਕਿਸਾਨਾਂ ਨੇ ਵਾਜਬ ਕੀਮਤਾਂ ਦੀ ਮੰਗ ਨੂੰ ਲੈ ਕੇ ਅੰਦੋਲਨ ਕੀਤਾ! ਪਰ ਉਨ੍ਹਾਂ ਦੀ ਪਰਵਾਹ ਕੌਣ ਕਰਦਾ ਹੈ? ਕੁਝ ਵੀ ਨਹੀਂ ਬਦਲਿਆ। ਸਰਕਾਰ ਅਡਾਨੀ ਅਤੇ ਅੰਬਾਨੀ ਦੇ ਹਿੱਤਾਂ ਨੂੰ ਲੈ ਕੇ ਚਿੰਤਤ ਹੈ। ਉਹ ਉਨ੍ਹਾਂ ਦੇ ਕਰਜ਼ੇ ਮੁਆਫ਼ ਕਰ ਰਹੀ ਹੈ। ਕਿਸਾਨਾਂ ਬਾਰੇ ਕੌਣ ਸੋਚੇਗਾ?"

"ਦੇਖੋ, ਹੁਣ ਭਾਜਪਾ ਦੀ ਸਰਕਾਰ ਹੈ। ਸਾਨੂੰ ਜੋ ਕੁਝ ਵੀ ਮਿਲ਼ ਰਿਹਾ ਹੈ, ਉਨ੍ਹਾਂ ਦੀ ਵਜ੍ਹਾ ਨਾਲ਼ ਹੀ ਮਿਲ਼ ਰਿਹਾ ਹੈ। ਜੇ ਉਨ੍ਹਾਂ ਨੇ ਕੁਝ ਨਹੀਂ ਕੀਤਾ, ਤਾਂ ਦੂਜੀ ਧਿਰ ਨੇ ਵੀ ਕਿਹੜਾ ਕੁਝ ਕੀਤਾ?" ਕਿਸਾਨ ਸੁਰੇਂਦਰ ਕਹਿੰਦੇ ਹਨ। ਉਹ ਚੁਣਾਵੀਂ ਬਾਂਡ ਅਤੇ ਬੇਰੁਜ਼ਗਾਰੀ ਦੇ ਮੁੱਦੇ ਨੂੰ ਬੇਲੋੜਾ ਦੱਸਦਿਆਂ ਕਹਿੰਦੇ ਹਨ, "ਇਹ ਵੱਡੇ ਲੋਕਾਂ ਦੀਆਂ ਸਮੱਸਿਆਵਾਂ ਹਨ। ਅਸੀਂ ਇੰਨੇ ਪੜ੍ਹੇ-ਲਿਖੇ ਨਹੀਂ ਹਾਂ... ਸਾਡੇ ਲਈ ਸਭ ਤੋਂ ਵੱਡੀ ਸਮੱਸਿਆ ਹੈ ਪਲਾਮੂ ਜ਼ਿਲ੍ਹੇ ਦਾ ਸੋਕਾ। ਇੱਥੇ ਕਿਸਾਨ ਪਾਣੀ ਲਈ ਭਟਕ ਰਹੇ ਹਨ।''

ਸੁਰੇਂਦਰ ਕੋਲ਼ ਪਲਾਮੂ ਦੇ ਬਰਾਓਂ ਪਿੰਡ ਵਿੱਚ ਪੰਜ ਬੀਘਾ (3.5 ਕਿੱਲੇ) ਖੇਤ ਹਨ ਜੋ ਖੇਤੀ ਲਈ ਮੀਂਹ 'ਤੇ ਨਿਰਭਰ ਕਰਦੇ ਹਨ। "ਲੋਕ ਭੁੰਜੇ ਬਹਿ ਜੂਆ ਖੇਡਦੇ ਹਨ। ਸਾਡੇ ਲਈ ਖੇਤੀ ਕਰਨਾ ਹੀ ਕਿਸੇ ਜੂਏ ਤੋਂ ਘੱਟ ਨਹੀਂ।''

ਪੰਜਾਬੀ ਤਰਜਮਾ: ਕਮਲਜੀਤ ਕੌਰ

Ashwini Kumar Shukla

Ashwini Kumar Shukla is a freelance journalist based in Jharkhand and a graduate of the Indian Institute of Mass Communication (2018-2019), New Delhi. He is a PARI-MMF fellow for 2023.

Other stories by Ashwini Kumar Shukla
Editor : Priti David

Priti David is the Executive Editor of PARI. She writes on forests, Adivasis and livelihoods. Priti also leads the Education section of PARI and works with schools and colleges to bring rural issues into the classroom and curriculum.

Other stories by Priti David
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur