ਹਸਦੇਵ ਅਰੰਡ ਜੰਗਲ ਉੱਤਰ ਛੱਤੀਸਗੜ੍ਹ ਦੇ ਕੋਰਬਾ ਤੇ ਸਰਗੁਜਾ ਜ਼ਿਲ੍ਹਿਆਂ ਵਿੱਚ ਫੈਲਿਆ ਹੋਇਆ ਹੈ। ਇੱਥੇ ਮੱਧ ਭਾਰਤ ਦੇ ਸਭ ਤੋਂ ਚੰਗੇ ਜੰਗਲਾਂ ਦੇ ਜੁੜਵੇਂ ਖੰਡ ਪਾਏ ਜਾਂਦੇ ਹਨ ਅਤੇ ਬਾਰ੍ਹਾਮਾਸੀ ਜਲ ਸ੍ਰੋਤ, ਦੁਰਲਭ ਬਨਸਪਤੀਆਂ ਤੇ ਹਾਥੀ ਤੇ ਤੇਂਦੂਏ ਸਣੇ ਵੱਖ-ਵੱਖ ਜੰਗਲੀ ਜੀਵਾਂ ਦੀਆਂ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ।

ਪਰ ਇਹ ਖ਼ੁਸ਼ਹਾਲ ਵਾਤਾਵਰਣਕ ਤੰਤਰ ਖਤਰੇ ਵਿੱਚ ਵੀ ਹੈ, ਕਿਉਂਕਿ ਇੱਥੇ ਭਾਰੀ ਮਾਤਰਾ ਵਿੱਚ ਕੋਲ਼ੇ ਦੀਆਂ ਖਾਨਾਂ ਪਾਈਆਂ ਜਾਂਦੀਆਂ ਹਨ- ਹਸਦੇਵ ਅਰੰਡ ਕੋਲ਼ੇ ਦੀ ਖਾਨ, ਕੋਲ਼ਾ ਮੰਤਰਾਲੇ ਦੁਆਰਾ ਦਿੱਤੇ ਗਏ ਅੰਕੜਿਆਂ ਮੁਤਾਬਕ 1878 ਵਰਗ ਕਿਲੋਮੀਟਰ ਵਿੱਚ ਫੈਲੀ ਹੋਈ ਹੈ ਤੇ ਇੱਥੇ ਇੱਕ ਅਰਬ ਮੀਟ੍ਰਿਕ ਟਨ ਤੋਂ ਜ਼ਿਆਦਾ ਕੋਲ਼ਾ ਭੰਡਾਰ ਮੌਜੂਦ ਹੈ। ਇਹਦਾ 1502 ਵਰਗ ਕਿਲੋਮੀਟਰ ਇਲਾਕਾ ਜੰਗਲ ਹੇਠ ਆਉਂਦਾ ਹੈ।

ਕੇਂਦਰ ਸਰਕਾਰ ਦੀ ਪਿਛਲੇ ਕੁਝ ਹਫ਼ਤਿਆਂ ਤੋਂ ਤੇਜ਼ ਹੁੰਦੀਆਂ ਗਤੀਵਿਧੀਆਂ ਕਾਰਨ ਇਸ ਇਲਾਕੇ 'ਤੇ ਖ਼ਤਰਾ ਹੋਰ ਵੀ ਵੱਧ ਗਿਆ ਹੈ। ਕੋਲ਼ਾ ਮਾਈਨਿੰਗ ਕਰਨ ਦੀ ਜਲਦਬਾਜ਼ੀ ਤੇ ਭਾਈਚਾਰਿਆਂ ਦੀ ਭੂਮੀ ਕਬਜ਼ਾਉਣ ਦੀ ਕਾਰਵਾਈ ਦੀ ਗਤੀ ਵਧਾਈ ਜਾ ਰਹੀ ਹੈ।

ਹਾਲਾਂਕਿ ਰਾਜ ਸਭਾ ਵਿੱਚ ਵਿਵਾਦਗ੍ਰਸਤ ਕੋਲ਼ਾ ਮਾਈਨਿੰਗ ਬਿਲ ਪਾਸ ਨਹੀਂ ਹੋਇਆ ਸੀ, ਪਰ ਸਰਕਾਰ ਨੇ 24 ਦਸੰਬਰ 2014 ਨੂੰ ਫਿਰ ਤੋਂ ਇੱਕ ਆਰਡੀਨੈਂਸ ਜਾਰੀ ਕੀਤਾ , ਜਿਹਦੇ ਤਹਿਤ 90 ਤੋਂ ਵੱਧ ਕੋਲ਼ਾ ਬਲਾਕਾਂ ਵਿੱਚ ਭੂਮੀ ਅਤੇ ਵਣਾਂ ਦੀ ਨੀਲਾਮੀ ਹੋਵੇਗੀ ਤੇ ਦੂਸਰਾ, ਕੋਲ਼ੇ ਲਈ ਕਾਰੋਬਾਰੀ ਮਾਈਨਿੰਗ ਦੀ ਆਗਿਆ ਦਿੱਤੀ ਗਈ।

29 ਦਸੰਬਰ, 2014 ਨੂੰ ਇੱਕ ਹੋਰ ਆਰਡੀਨੈਂਸ ਦੁਆਰਾ ਭੂਮੀ ਕਬਜਾਉਣ ਬਦਲੇ ਢੁੱਕਵਾਂ ਮੁਆਵਜਾ ਅਤੇ ਪਾਰਦਰਸ਼ਤਾ ਦਾ ਅਧਿਕਾਰ, ਸੁਧਾਰ ਤੇ ਮੁੜ-ਵਸੇਬਾ ਐਕਟ, 2013 ਮੁਤਾਬਕ ਜਿਹੜੇ ਪ੍ਰਾਜੈਕਟਾਂ ਵਿੱਚ ਭੂਮੀ ਕਬਜਾਉਣ ਦੀ ਲੋੜ ਪੈਂਦੀ ਹੈ, ਜਿਨ੍ਹਾਂ ਵਿੱਚ ਪਾਵਰ ਪ੍ਰਾਜੈਕਟ ਵੀ ਸ਼ਾਮਲ ਹਨ, ਉਨ੍ਹਾਂ ਵਾਸਤੇ ਲੋਕ ਸੁਣਵਾਈ, ਸਹਿਮਤੀ ਅਤੇ ਸਮਾਜਿਕ ਅਸਰ ਦੇ ਮੁਲਾਂਕਣ ਜਿਹੀਆਂ ਸ਼ਰਤਾਂ ਪੇਤਲੀਆਂ ਕਰ ਦਿੱਤੀਆਂ ਗਈਆਂ ਹਨ।

ਖ਼ਬਰਾਂ ਦੀਆਂ ਰਿਪੋਰਟਾਂ ਤੇ ਸਰਕਾਰੀ ਦਸਤਾਵੇਜ ਇਸ ਗੱਲ ਵੱਲ ਇਸ਼ਾਰਾ ਕਰ ਰਹੇ ਹਨ ਕਿ ਸਰਕਾਰ ਵਾਤਾਵਰਣ ਤੇ ਆਦਿਵਾਸੀ ਲੋਕਾਂ ਨੂੰ ਦਿੱਤੀ ਗਈ ਸੁਰੱਖਿਆ, ਜਿਸ ਵਿੱਚ ਜੰਗਲਾਂ ਵਿੱਚ ਕੀਤੀ ਜਾਂਦੀ ਮਾਈਨਿੰਗ ਨੂੰ ਰੈਗੂਲੇਟ ਕੀਤਾ ਜਾਂਦਾ ਰਿਹਾ ਹੈ, ਉਨ੍ਹਾਂ ਨੂੰ ਕਮਜ਼ੋਰ ਕਰਕੇ, ਵਸੀਲਿਆਂ ਭਰੀ ਭੂਮੀ ਨੂੰ ਨਿਗਮਾਂ ਲਈ ਖੋਲਣਾ ਤੇ ਉਨ੍ਹਾਂ ਨੂੰ ਹਸਤਾਂਤਰਿਤ ਕਰਨਾ ਚਾਹੁੰਦੀ ਹੈ।

ਗੋਂਡ ਭਾਈਚਾਰੇ ਦੇ ਆਦਿਵਾਸੀ ਹਸਦੇਵ ਅਰੰਡ ਵਿੱਚ ਵੱਸੇ ਪਿੰਡ ਦੇ ਵਾਸੀ ਹਨ। ਉਹ ਵੀ ਇਨ੍ਹਾਂ ਗਤੀਵਿਧੀਆਂ ਨੂੰ ਲੈ ਬਹਿਸ ਕਰ ਰਹੇ ਹਨ, ਕਿਉਂਕਿ ਆਉਣ ਵਾਲ਼ੇ ਸਮੇਂ ਵਿੱਚ ਇਹ ਉਨ੍ਹਾਂ ਨੂੰ ਬਹੁਤ ਪ੍ਰਭਾਵਤ ਕਰਨ ਵਾਲ਼ੀਆਂ ਹਨ।

16 ਪਿੰਡ ਵਾਸੀਆਂ ਨੇ ਅੱਧ ਦਸੰਬਰ ਨੂੰ ਗ੍ਰਾਮ ਸਭਾਵਾਂ ਦਾ ਅਯੋਜਨ ਕੀਤਾ ਤੇ ਪ੍ਰਸਤਾਵ ਪਾਸ ਕੀਤਾ ਕਿ ਸਰਕਾਰ ਜੰਗਲਾਂ ਤੇ ਉਨ੍ਹਾਂ ਦੀ ਭੂਮੀ ਨੂੰ ਮਾਈਨਿੰਗ ਕੰਪਨੀਆਂ ਨੂੰ ਨੀਲਾਮ ਨਾ ਕਰੇ।

ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਸਰਕਾਰ ਪੇਸਾ ਤੇ ਜੰਗਲ ਅਧਿਕਾਰ ਐਕਟਾਂ ਨੂੰ ਲਾਗੂ ਕਰੇ। ਇਹ ਦੋ ਕਨੂੰਨ ਸਥਾਨਕ ਆਦਿਵਾਸੀਆਂ ਤੇ ਜੰਗਲ ਵਿੱਚ ਰਹਿਣ ਵਾਲ਼ੇ ਭਾਈਚਾਰਿਆਂ ਦੇ ਅਧਿਕਾਰਾਂ ਨੂੰ ਮਾਨਤਾ ਦਿੰਦੇ ਹਨ ਤੇ ਉਨ੍ਹਾਂ ਨੂੰ ਕੁਦਰਤੀ ਵਸੀਲਿਆਂ ਨਾਲ਼ ਸਬੰਧਤ ਫ਼ੈਸਲੇ ਲੈਣ ਦੀ ਪ੍ਰਕਿਰਿਆ ਵਿੱਚ ਸ਼ਾਮਲ ਹੋਣਾ ਵੀ ਲਾਜ਼ਮੀ ਕਰਦੇ ਹਨ, ਇਨ੍ਹਾਂ ਪ੍ਰਕਿਰਿਆਵਾਂ ਵਿੱਚ ਜੰਗਲਾਂ ਦੀ ਕਟਾਈ ਦੇ ਪ੍ਰਸਤਾਵ 'ਤੇ ਉਨ੍ਹਾਂ ਦੀ ਸਹਿਮਤੀ ਦੀ ਸ਼ਰਤ ਵੀ ਸ਼ਾਮਲ ਹੈ।

PHOTO • Chitrangada Choudhury

ਸਾਲ 2011 ਤੋਂ, ਅਡਾਨੀ ਮਾਈਨਿੰਗ ਪ੍ਰਾਈਵੇਟ, ਹਸਦੇਵ ਇਲਾਕੇ ਦੀ ਸਭ ਤੋਂ ਵੱਡੀ ਕੋਲ਼ਾ ਖੰਦਕ- ਪਰਸਾ ਈਸਟ ਤੇ ਕਾਂਤੇ ਬੇਸਨ ਕੋਲ ਬਲਾਕ- ਨੂੰ ਚਲਾ ਰਿਹਾ ਹੈ, ਜਿਹਨੇ ਪਿੰਡ ਵਾਸੀਆਂ ਦੇ ਜੰਗਲਾਂ ਤੇ ਖੇਤੀ ਜ਼ਮੀਨਾਂ ਨੂੰ ਬੰਜਰ ਬਣਾ ਦਿੱਤਾ ਹੈ। ਇਸ ਇਲਾਕੇ ਵਿੱਚ ਅਜੇ ਤੱਕ ਕੋਲ਼ੇ ਦੀਆਂ 30 ਖੰਦਕਾਂ ਨੂੰ ਪ੍ਰਸਤਾਵਤ ਕੀਤਾ ਗਿਆ ਹੈ

PHOTO • Chitrangada Choudhury

ਆਦਿਵਾਸੀ ਕਿਸਾਨ ਗੋਵਿੰਦ ਰਾਮ ਦੀ ਜ਼ਮੀਨ ਕਾਂਤੇ ਬੇਸਨ ਕੋਲ ਬਲਾਕ ਵਿੱਚ ਬਦਲ ਗਈ, ਪਰ ਉਹ ਮੁਸ਼ਕਲ ਹਾਲਾਤਾਂ ਵਿੱਚ ਇਹਦੇ ਕਿਨਾਰੇ ਰਹਿੰਦਿਆਂ ਹੋਇਆਂ ਮੁੜ-ਵਸੇਬੇ ਦੀ ਉਡੀਕ ਕਰ ਰਹੇ ਹਨ

PHOTO • Chitrangada Choudhury

2010 ਵਿੱਚ ਯੂਪੀਏ ਦੁਆਰਾ ਹੋਏ ਇੱਕ ਮੁਲਾਂਕਣ ਵਿੱਚ ਹਸਦੇਵ ਦੇ ਜੰਗਲਾਂ ਨੂੰ ' ਨੋ-ਗੋ ' ਜ਼ੋਨ ਦੇ ਤੌਰ ' ਤੇ ਵਰਗੀਕ੍ਰਿਤ ਕੀਤਾ ਗਿਆ ਸੀ, ਜਿਹਦਾ ਅਰਥ ਸੀ ਕਿ ਉੱਥੇ ਮਾਈਨਿੰਗ ਕਰਨਾ ਵਰਜਤ ਹੋਵੇਗਾ- ਪਰ ਇਹਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਇੱਥੇ ਪ੍ਰਸਤਾਵਤ ਐਲੀਫੈਂਟ (ਹਾਥੀ) ਰਿਜ਼ਰਵ ਨੂੰ ਅਨੁਸੂਚਿਤ ਨਹੀਂ ਕੀਤਾ ਗਿਆ, ਕਿਉਂਕਿ 2008 ਵਿੱਚ ਕੁਝ ਉਦਯੋਗਿਕ ਅਦਾਰਿਆਂ ਨੇ ਹਸਦੇਵ ਦੀ ਮਾਈਨਿੰਗ ਦੀਆਂ ਸੰਭਾਵਨਾਵਾਂ ਨੂੰ ਦੇਖ ਕੇ, ਮਾਈਨਿੰਗ ਦੀ ਪੈਰਵੀ ਕਰਨੀ ਸ਼ੁਰੂ ਕਰ ਦਿੱਤੀ ਸੀ

PHOTO • Chitrangada Choudhury

ਹਸਦੇਵ ਅਰੰਡ ਬਚਾਓ ਸੰਘਰਸ਼ ਸਮਿਤੀ ਇੱਕ ਗ੍ਰਾਮ ਪੱਧਰੀ ਅੰਦੋਲਨ ਹੈ, ਜੋ ਹਰ ਮਹੀਨੇ ਮਿਲ਼ ਕੇ ਸੰਰਖਣ ਦੇ ਦਾਅਪੇਚਾਂ ' ਤੇ ਚਰਚਾ ਕਰਦਾ ਹੈ। ਇੱਥੇ, ਪਿੰਡ ਦੇ ਲੋਕ ਹਾਲ ਹੀ ਵਿੱਚ ਜਾਰੀ ਕੀਤੇ ਗਏ ਕੋਲ਼ਾ ਬਲਾਕ ਆਰਡੀਨੈਂਸ ਅਤੇ ਜੰਗਲਾਂ ਤੇ ਉਨ੍ਹਾਂ ਦੇ ਜੀਵਨ ' ਤੇ ਪੈ ਰਹੇ ਇਹਦੇ ਉਲਟ ਅਸਰਾਤਾਂ ' ਤੇ ਚਰਚਾ ਕਰ ਰਹੇ ਹਨ

PHOTO • Chitrangada Choudhury

ਇੱਥੇ ਚੌਲ਼ਾਂ ਦੀ ਵਧੀਆ ਖੇਤੀ ਹੁੰਦੀ ਹੈ। ਸਥਾਨਕ ਰੋਜ਼ੀਰੋਟੀ ਦਾ ਸਬੰਧ, ਭੂਮੀ ਤੇ ਜੰਗਲਾਂ ਸਣੇ ਸਾਰੀ ਕੁਦਰਤੀ ਵਸੀਲਿਆਂ ਦੇ ਨਾਲ਼ ਬਹੁਤ ਡੂੰਘਾ ਜੁੜਿਆ ਹੈ

PHOTO • Chitrangada Choudhury

ਸਲਹੀ ਪਿੰਡ ਦੇ ਰਾਮਲਾਲ ਸਿੰਘ ਗੋਂਡ ਭਾਈਚਾਰੇ ਦੇ ਰਵਾਇਤੀ ਢੋਲ਼ ਵਜਾ ਰਹੇ ਹਨ - ਜੋ ਉਨ੍ਹਾਂ ਨੇ ਬੱਕਰੀ ਦੀ ਖੱਲ੍ਹ ਤੇ ਜੰਗਲਾਂ ਵਿੱਚ ਪਾਈਆਂ ਜਾਣ ਵਾਲ਼ੀਆਂ ਬੀਜਾ ਤੇ ਖੰਮਾਰ ਲੱਕੜਾਂ ਨਾਲ਼ ਬਣਾਇਆ ਹੈ

PHOTO • Chitrangada Choudhury

ਜੰਗਲ ਵਿੱਚ ਝੋਨੇ ਦੇ ਖੇਤ ਫੈਲੇ ਹੋਏ ਹਨ, ਜੋ ਇੱਥੋਂ ਦੀ ਮੁੱਖ ਫ਼ਸਲ ਹੋਣ ਦੇ ਨਾਲ਼ ਨਾਲ਼ ਸਥਾਨਕ ਲੋਕਾਂ ਨੂੰ ਅਨਾਜ ਸੁਰੱਖਿਆ ਪ੍ਰਦਾਨ ਕਰਦੀ ਹੈ ; ਅਤੇ ਪਸ਼ੂਆਂ ਲਈ ਲਾਜ਼ਮੀ ਚਰਾਂਦ ਵਜੋਂ ਵੀ ਕੰਮ ਕਰਦੀ ਹੈ

PHOTO • Chitrangada Choudhury

ਘਰਾਂ ਨੂੰ ਮੁੜਦੇ ਡੰਗਰ

PHOTO • Chitrangada Choudhury

ਜੰਗਲੀ ਉਤਪਾਦ ਸਥਾਨਕ ਨਿਵਾਸੀਆਂ ਲਈ ਖ਼ੁਰਾਕ ਤੇ ਆਮਦਨੀ ਦੋਵਾਂ ਦਾ ਸ੍ਰੋਤ ਹਨ। ਮਹਾ ਸਿੰਘ ਦੇ ਹਫ਼ਤਾਵਰੀ ਹਾਟ ਵਿੱਚ ਵੇਚਣ ਲਈ ਇੱਕ ਬੋਰੀ ਮਹੂਆ ਵੇਚਣ ਲਈ ਲਿਆਏ ਹਨ

PHOTO • Chitrangada Choudhury

ਜਨੈਵ ਮਝਵਾਰ, ਅਮਜੇਮ ਦੇ ਤੇਲ ਬੀਜ ਸੁਕਾ ਰਹੇ ਹਨ

PHOTO • Chitrangada Choudhury

ਗ੍ਰਾਮੀਣ ਫੂਲਬਾਈ ਨੇ ਰਾਤ ਦੇ ਖਾਣੇ ਲਈ ਖੁੰਕਡੀ (ਮਸ਼ਰੂਮ) ਇਕੱਠੇ ਕੀਤੇ ਹਨ

PHOTO • Chitrangada Choudhury

ਹਸਦੇਵ ਦੇ ਜੰਗਲ ਸਥਾਨਕ ਭਾਈਚਾਰਿਆਂ ਲਈ ਰੋਜ਼ਮੱਰਾ ਦੀਆਂ ਲੋੜੀਂਦੀਆਂ ਚੀਜ਼ਾਂ ਪਾਉਣ ਦਾ ਜ਼ਰੀਆ ਹਨ, ਜਿਵੇਂ ਕਿ ਜੰਗਲ ਦੀ ਲੱਕੜ ਦੇ ਘਾਹ ਆਦਿ

PHOTO • Chitrangada Choudhury

ਜੰਗਲਾਂ ਵਿੱਚ 30 ਤੋਂ ਵੱਧ ਤਰ੍ਹਾਂ ਦੀਆਂ ਵੰਨ-ਸੁਵੰਨੀਆਂ ਪ੍ਰਜਾਤੀਆਂ ਦਾ ਘਾਹ ਪਾਇਆ ਜਾਂਦਾ ਹੈ ਤੇ ਪਿੰਡ ਦੇ ਲੋਕ ਇਨ੍ਹਾਂ ਨਾਲ਼ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਬਣਾਉਂਦੇ ਹਨ, ਜਿਵੇਂ ਝਾੜੂ, ਰੱਸੀ, ਚਟਾਈ ਆਦਿ

PHOTO • Chitrangada Choudhury

ਕਿਸਾਨ, ਬਾਂਸ ਨਾਲ਼ ਝੋਨਾ ਚੁੱਕਣ ਦਾ ਜੁਗਾੜ ਲਈ ਖੜ੍ਹਾ

PHOTO • Chitrangada Choudhury

ਪਿੰਡ ਦੇ ਪਵਿੱਤਰ ਅਸਥਾਨ ਜਾਂ ਦੇਯੂਰ, ਰੁੱਖਾਂ ਰਾਹੀਂ ਹੀ ਚਿੰਨ੍ਹਿਤ ਕੀਤੇ ਜਾਂਦੇ ਹਨ- ਇੱਥੇ, ਪੁਜਾਰੀ ਤੇ ਪਿੰਡ ਵਾਸੀ ਪੂਜਾ ਕਰਦੇ ਹਨ

ਇਹ ਵੀ ਦੇਖੋ : Not Just A Coal Block - Gram Sabha Resolutions

ਤਰਜਮਾ: ਕਮਲਜੀਤ ਕੌਰ

Chitrangada Choudhury

Chitrangada Choudhury is an independent journalist.

Other stories by Chitrangada Choudhury
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur