ਉੱਤਰੀ ਮੁੰਬਈ ਦੇ ਮਧ ਦੀਪ ‘ਤੇ ਸਥਿਤ ਡੋਂਗਰਪਾੜਾ ਇੱਕ ਗਾਓਥਨ (ਬਸਤੀ) ਹੈ। ਇੱਥੇ ਕੋਲੀ ਭਾਈਚਾਰੇ ਦੇ ਮਛੇਰਿਆਂ ਦੇ ਕਰੀਬ 40-45 ਪਰਿਵਾਰ ਰਹਿੰਦੇ ਹਨ। ਉਹ ਇਕੱਠਿਆਂ ਮਿਲ਼ ਕੇ ਖਾਲਾ (ਮੱਛੀਆਂ ਸੁਕਾਉਣ ਦਾ ਇੱਕ ਮੈਦਾਨ) ਦਾ ਕੰਮ ਕਰਦੇ ਹਨ। ਮਧ ਵਿਖੇ ਅਜਿਹੇ ਬਹੁਤ ਸਾਰੇ ਮੈਦਾਨ ਮਿਲ਼ ਜਾਂਦੇ ਹਨ।

ਹਰ ਕੋਲੀ ਪਰਿਵਾਰ ਕਰੀਬ 5-10 ਮਜ਼ਦੂਰਾਂ ਨੂੰ ਕੰਮ ‘ਤੇ ਰੱਖਦਾ ਹੈ, ਜਿਨ੍ਹਾਂ ਵਿੱਚੋਂ ਕਈ ਮਜ਼ਦੂਰ ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼, ਮਹਾਰਾਸ਼ਟਰ ਅਤੇ ਹੋਰਨਾਂ ਰਾਜਾਂ ਤੋਂ ਆਏ ਹੁੰਦੇ ਹਨ। ਪ੍ਰਵਾਸੀ ਮਜ਼ਦੂਰ ਹਰ ਸਾਲ ਸਤੰਬਰ ਤੋਂ ਜੂਨ ਦੇ ਸਮੇਂ ਵਿਚਾਲੇ ਮੁੰਬਈ ਆਉਂਦੇ ਹਨ। ਉਹ ਅੱਠ ਮਹੀਨੇ ਕੋਲੀਆਂ ਵਾਸਤੇ ਠੇਕੇ ‘ਤੇ ਕੰਮ ਕਰਦੇ ਹਨ ਅਤੇ ਕਰੀਬ 65-75,000 ਰੁਪਏ ਕਮਾਉਂਦੇ ਹਨ।

ਪੁਰਸ਼ ਮਜ਼ਦੂਰ ਆਮ ਤੌਰ ‘ਤੇ ਸਾਂਝੇ ਕਮਰੇ ਵਿੱਚ ਰਹਿੰਦੇ ਹਨ। ਅਕਸਰ ਇੱਕ ਕਮਰੇ ਵਿੱਚ 4-5 ਆਦਮੀ ਰਹਿ ਜਾਂਦੇ ਹਨ ਜੋ ਉਨ੍ਹਾਂ ਨੂੰ ਕੋਲੀ ਪਰਿਵਾਰਾਂ ਵੱਲ਼ੋਂ ਦਿੱਤੇ ਜਾਂਦੇ ਹਨ। ਇੱਥੇ ਕੰਮ ਕਰਨ ਆਈਆਂ ਬਹੁਤੇਰੀਆਂ ਔਰਤਾਂ ਆਂਧਰਾ ਪ੍ਰਦੇਸ਼ ਤੋਂ ਆਉਂਦੀਆਂ ਹਨ; ਉਹ ਆਪਣੇ ਬੱਚਿਆਂ ਸਣੇ ਪੂਰੇ ਪਰਿਵਾਰ ਦੇ ਨਾਲ਼ ਆਉਂਦੀਆਂ ਹਨ। ਉਨ੍ਹਾਂ ਨੂੰ ਮਾਲਕ ਦੀ ਜ਼ਮੀਨ ‘ਤੇ ਰਹਿਣ ਲਈ ਵੱਖਰੀ ਥਾਂ ਦਿੱਤੀ ਜਾਂਦੀ ਹੈ ਤੇ ਮਹੀਨੇ ਦਾ 700 ਰੁਪਿਆ ਕਿਰਾਇਆ ਲਿਆ ਜਾਂਦਾ ਹੈ।

PHOTO • Shreya Katyayini

ਰੰਗੰਮਾ (ਸੱਜੇ ਹੱਥ ; ਉਹ ਸਿਰਫ਼ ਆਪਣਾ ਇੰਨਾ ਕੁ ਨਾਮ ਲਿਆ ਜਾਣਾ ਪਸੰਦ ਕਰਦੀ ਹਨ) ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲ੍ਹੇ ਦੇ ਮੰਤ੍ਰਿਕੀ ਪਿੰਡ ਦੀ ਰਹਿਣ ਵਾਲ਼ੀ ਹਨ। ਉਹ ਤੇਲਗੂ ਤੋਂ ਇਲਾਵਾ, ਮਰਾਠੀ ਅਤੇ ਹਿੰਦੀ ਵੀ ਬੇਰੋਕ ਬੋਲ ਲੈਂਦੀ ਹਨ। ਉਹ ਆਪਣੇ ਪਤੀ ਤੇ ਪਰਿਵਾਰ ਦੇ  ਹੋਰਨਾਂ ਮੈਂਬਰਾਂ ਦੇ ਨਾਲ਼ ਪਿਛਲੇ 20 ਸਾਲਾਂ ਤੋਂ ਮਧ ਆ ਰਹੀ ਹਨ। ਸਿਰਫ਼ ਉਨ੍ਹਾਂ ਦਾ ਅਧਿਆਪਕ ਬੇਟਾ ਹੀ ਮਗਰ ਪਿੰਡ ਰਹਿੰਦਾ ਹੈ। ਉਹ ਹਿੰਦੀ ਵਿੱਚ ਕਹਿੰਦੀ ਹਨ, ਵਹਾਂ ਬਾਰਿਸ਼ ਨਹੀਂ ਹੋਤੀ, ਇਸੀ ਲਿਏ ਖੇਤੀ ਭੀ ਸੰਭਵ ਨਹੀਂ ਹੋ ਪਾਤੀ। ਇਸੀ ਵਜਾ ਸੇ ਹਮ ਯਹਾਂ ਕਾਮ ਕਰਨ ਕੇ ਲਿਏ ਆਤੇ ਹੈਂ

PHOTO • Shreya Katyayini

ਸੁਰੇਸ਼ ਰਾਜਕ ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ ਦੇ ਧਰਮਪੁਰ ਪਿੰਡ ਦੇ ਰਹਿਣ ਵਾਲ਼ੇ ਹਨ। ਉਹ ਠਾਣੇ ਦੇ ਡੋਂਬੀਵਲੀ ਵਿਖੇ ਪਿਛਲੇ ਸੱਥ ਸਾਲਾਂ ਤੋਂ ਪੇਂਟ (ਰੋਗਣ) ਦੇ ਇੱਕ ਕਾਰਖ਼ਾਨੇ ਵਿੱਚ ਕੰਮ ਕਰ ਰਹੇ ਸਨ ਅਤੇ ਕੁਝ ਕੁ ਮਹੀਨੇ ਪਹਿਲਾਂ ਹੀ ਮਧ ਆਏ ਹਨ। ਸਾਲਾਂ ਤੋਂ ਸਾਡੇ ਪਿੰਡ ਦੇ ਲੋਕ ਇੱਥੇ ਆਉਂਦੇ ਰਹੇ ਹਨ। ਇੱਥੇ ਕੰਮ ਵੀ ਸਹੀ ਹੈ ਤੇ ਪੈਸਾ ਵੀ ਚੰਗਾ ਮਿਲ਼ ਜਾਂਦਾ ਹੈ

PHOTO • Shreya Katyayini

ਗਿਆਨ ਚੰਦ ਮੌਰਿਆ (ਖੱਬੇ) ਵੀ ਧਰਮਪੁਰ ਦੇ ਹਨ। ਸਾਲ 2016 ਵਿੱਚ ਡੋਂਗਰਪਾੜਾ ਆਉਣ ਤੋਂ ਪਹਿਲਾਂ, ਉਹ ਸੈਂਟ੍ਰਲ ਮੁੰਬਈ ਦੇ ਸਾਤ ਰਾਸਤਾ ਵਿਖੇ ਲੱਕੜ ਦੇ ਇੱਕ ਕਾਰਖ਼ਾਨੇ ਵਿੱਚ ਕੰਮ ਕਰਿਆ ਕਰਦੇ ਸਨ। ਮਧ ਵਿਖੇ ਉਸੇ ਪਿੰਡ ਦੇ ਹੋਰ ਵੀ ਕਈ ਲੋਕ ਹਨ- ਸੂਬੇਦਾਰ ਗੌਤਮ (ਵਿਚਕਾਰ) ਪਿਛਲੇ ਪੰਜ ਸਾਲਾਂ ਤੋਂ ਇੱਥੇ ਆ ਰਹੇ ਹਨ, ਧੀਰਜ ਵਿਸ਼ਵਕਰਮਾ (ਸੱਜੇ) 20 ਸਾਲ ਦੇ ਹਨ ਅਤੇ ਅਜੇ ਪੜ੍ਹਾਈ ਕਰ ਰਹੇ ਹਨ, ਪੇਪਰ ਦੇਣ ਲਈ ਕਦੇ-ਕਦੇ ਜੌਨਪੁਰ ਵਾਪਸ ਚਲੇ ਜਾਂਦੇ ਹਨ

PHOTO • Shreya Katyayini

ਨਵਕਾ (ਮਾਲਕ) ਵੱਡੀਆਂ ਬੇੜੀਆਂ ਵਿੱਚ ਜਾਂਦੇ ਹਨ ਤੇ ਪੂਰੀ ਪੂਰੀ ਰਾਤ ਮੱਛੀਆਂ ਫੜ੍ਹਦੇ ਹਨ , ਸੁਰੇਸ਼ ਕਹਿੰਦੇ ਹਨ। ਤੜਕੇ 3-4 ਵਜੇ  ਸਾਨੂੰ ਵਾਇਰਲੈਸ ਵਾਕੀ ਸੁਣ ਕੇ ਪਤਾ ਲੱਗਦਾ ਹੈ ਕਿ ਬੇੜੀ ਵਾਪਸ ਆ ਗਈ ਹੈ।  ਫਿਰ ਅਸੀਂ ਛੋਟੀ ਬੇੜੀ ਵਿੱਚ ਸਵਾਰ ਹੋ ਕੇ ਨਿਕਲ਼ਦੇ ਹਾਂ ਤੇ ਫੜ੍ਹੀਆਂ ਹੋਈਆਂ ਮੱਛੀਆਂ ਨੂੰ ਕੰਢੇ ਲੈ ਆਉਂਦੇ ਹਾਂ... ਸਾਡੇ ਪਿੰਡ ਦਾ ਕੋਈ ਵੀ ਬਾਸ਼ਿੰਦਾ ਮੱਛੀ ਫੜ੍ਹਨ ਜਾਣਾ ਪਸੰਦ ਨਹੀਂ ਕਰਦਾ। ਸਮੁੰਦਰ (ਇੰਨੀ ਡੂੰਘਾਈ) ਸਾਨੂੰ ਬੀਮਾਰ ਕਰ ਦਿੰਦਾ ਹੈ। ਇਹ ਕੰਮ ਨਕਵਾ ਵਾਸਤੇ ਹੀ ਸਹੀ ਹੈ

ਰੰਗੰਮਾ ਦਾ ਕੰਮ ਮੱਛੀਆਂ ਦੇ ਆਉਣ ਤੋਂ ਬਾਅਦ ਸ਼ੁਰੂ ਹੁੰਦਾ ਹੈ। ਉਹ ਮੈਨੂੰ ਇੱਕ ਟੋਕਰੀ ਦਿਖਾਉਂਦਿਆਂ ਕਹਿੰਦੀ ਹਨ, ਦੇਖੋ, ਇਸ ਢੇਰ ਵਿੱਚ ਹੀ ਸਾਰਾ ਕੁਝ ਹੈ, ਛੋਟੀਆਂ ਮੱਛੀਆਂ ਤੋਂ ਲੈ ਕੇ ਝੀਂਗੇ ਤੱਕ ਤੇ ਕੂੜਾ ਵੀ ਇਸੇ ਵਿੱਚ ਹੀ ਹੈ। ਅਸੀਂ ਇਨ੍ਹਾਂ ਨੂੰ ਅੱਡ ਕਰ ਦਿੰਦੇ ਹਾਂ। ਬਾਅਦ ਦੁਪਹਿਰ ਤੱਕ, ਜਾਵਲਾ (ਛੋਟਾ ਝੀਂਗਾ), ਜਿਹਨੂੰ ਸੁੱਕਣ ਲਈ ਫੈਲਾ ਦਿੱਤਾ ਗਿਆ ਸੀ, ਹਲਕੇ ਗੁਲਾਬੀ ਰੰਗ ਦਾ ਹੋ ਚੁੱਕਿਆ ਸੀ

ਖਾਲਾ ਵਿੱਚ ਕੰਮ ਕਰਨ ਵਾਲ਼ਿਆਂ ਵਿੱਚ ਲਤਾ ਕੋਲੀ (ਖੱਬੇ) ਅਤੇ ਰੇਸ਼ਮਾ ਕੋਲੀ (ਵਿਚਕਾਰ) ਵੀ ਸ਼ਾਮਲ ਹਨ। ਕੋਲੀ ਆਪਣੇ ਮਜ਼ਦੂਰਾਂ ਨੂੰ ਨੌਕਰ ਕਹਿੰਦੇ ਹਨ। ਇਨ੍ਹਾਂ ਵਿੱਚੋਂ ਇੱਕ ਮਰਿਯੱਪਾ ਭਾਰਤੀ (ਸੱਜੇ) ਹਨ, ਜੋ ਮੰਤ੍ਰਿਕੀ ਪਿੰਡ ਦੀ ਵਾਸੀ ਹਨ। ਰੇਸ਼ਮਾ ਦੱਸਦੀ ਹਨ, ਸਾਡੇ ਪਰਿਵਾਰ ਨੇ 10 ਪ੍ਰਵਾਸੀ ਮਜ਼ਦੂਰਾਂ ਨੂੰ ਕੰਮ ਤੇ ਰੱਖਿਆ ਹੈ। ਅਸੀਂ (ਕੋਲੀ) ਅਤੇ ਉਹ ਇੱਕੋ ਜਿਹੀ ਹੀ ਕੰਮ ਕਰਦੇ ਹਾਂ। ਉਹ ਕਹਿੰਦੀ ਹਨ ਕਿ ਪ੍ਰਵਾਸੀ ਮਜ਼ਦੂਰਾਂ ਦੀ ਲੋੜ ਪੈਂਦੀ ਹੈ ਕਿਉਂਕਿ ਕੋਲੀਆਂ ਵਿੱਚ ਕੰਮ ਕਰਨ ਵਾਲ਼ੇ ਲੋਕ ਬਹੁਤ ਹੀ ਘੱਟ ਬਚੇ ਹਨ, ਕਿਉਂਕਿ ਉਨ੍ਹਾਂ ਦੇ ਬੱਚਿਆਂ ਨੇ ਪੇਸ਼ਾ ਬਦਲ ਲਿਆ ਹੈ

PHOTO • Shreya Katyayini

ਮਹਿਲਾਵਾਂ ਤੇ ਪੁਰਸ਼ ਰਲ਼ ਕੇ, ਜਦੋਂ ਮੱਛੀਆਂ ਅਤੇ ਝੀਂਗਿਆਂ ਨੂੰ ਅੱਡ ਕਰ ਚੁੱਕੇ ਹੁੰਦੇ ਹਨ ਤਦ ਉਨ੍ਹਾਂ ਨੂੰ ਬਰਫ਼ ਦੇ ਨਾਲ਼ ਪੈਕ ਕਰ ਦਿੱਤਾ ਜਾਂਦਾ ਹੈ ਤੇ ਉੱਤਰੀ ਮੁੰਬਈ ਦੇ ਮਲਾਡ ਦੀ ਮੱਛੀ ਮੰਡੀ ਵਿੱਚ ਭੇਜ ਦਿੱਤਾ ਜਾਂਦਾ ਹੈ। ਕੁਝ ਮੱਛੀਆਂ ਨੂੰ ਧੁੱਪੇ ਸੁਕਣੇ ਪਾ ਦਿੱਤਾ ਜਾਂਦਾ ਹੈ। ਅੱਧੇ ਦਿਨ ਬਾਅਦ ਉਨ੍ਹਾਂ ਨੂੰ ਉਲਟਾਇਆ-ਪੁਲਟਾਇਆ ਜਾਂਦਾ ਹੈ, ਤਾਂਕਿ ਉਹ ਪੂਰੀ ਤਰ੍ਹਾਂ ਸੁੱਕ ਸਕਣ

ਮੰਤ੍ਰਿਕੀ ਪਿੰਡ ਦੇ ਹੀ ਰਹਿਣ ਵਾਲ਼ੇ ਦਨੇਰ ਗਾਂਡਲ, ਸਾਰੀਆਂ ਮੱਛੀਆਂ ਨੂੰ ਧੋਂਦੇ ਹਨ, ਜੋ ਬਾਅਦ ਵਿੱਚ ਜਾਂ ਤਾਂ ਤਾਜ਼ੀਆਂ-ਤਾਜ਼ੀਆਂ ਹੀ ਵੇਚੀਆਂ ਜਾਣਗੀਆਂ ਜਾਂ ਪਹਿਲਾਂ ਸੁਕਾਈਆਂ ਜਾਣਗੀਆਂ

ਕੁਝ ਮਜ਼ਦੂਰ ਬੰਬੇ ਡਕ ਵਜੋਂ ਮਸ਼ਹੂਰ ਬੋਂਬਿਲ ਨੂੰ- ਦੋ ਮੱਛੀਆਂ ਦੇ ਜਬਾੜਿਆਂ ਨੂੰ ਆਪਸ ਵਿੱਚ ਬੰਨ੍ਹ ਕੇ ਅਤੇ ਉਨ੍ਹਾਂ ਨੂੰ ਇੱਕ ਵਲਾਂਡ (ਬਾਂਸ ਦਾ ਫਰੇਮ) ਤੇ ਲਮਕਾ ਕੇ ਸੁਕਾਉਂਦੇ ਹਨ। ਇਨ੍ਹਾਂ ਫਰੇਮਾਂ ਦਾ ਮੂੰਹ ਪੂਰਬ ਅਤੇ ਪੱਛਮ ਦਿਸ਼ਾ ਵੱਲ ਕੀਤਾ ਜਾਂਦਾ ਹੈ ਤਾਂਕਿ ਇਨ੍ਹਾਂ ਨੂੰ ਦੋਵੇਂ ਪਾਸਿਓਂ ਬਰਾਬਰ ਧੁੱਪ ਲੱਗ ਸਕੇ

ਕਾਵਾਂ ਨੂੰ ਡਰਾਉਣ ਲਈ ਫਰੇਮ ਤੇ ਕਾਲ਼ੇ ਲਿਫ਼ਾਫੇ ਬੰਨ੍ਹ ਦਿੱਤੇ ਜਾਂਦੇ ਹਨ ਤਾਂਕਿ ਇਹ  ਲਿਫ਼ਾਫੇ ਵੀ ਕਾਂ ਹੀ ਜਾਪਣ। ਪਰ, ਇਹ ਤਰੀਕਾ ਕਦੇ-ਕਦਾਈਂ ਹੀ ਕੰਮ ਆਉਂਦਾ ਹੈ

ਜਦੋਂ ਚੁਗਾਈ ਅਤੇ ਸੁੱਕਣ ਦਾ ਕੰਮ ਪੂਰਾ ਹੋ ਜਾਂਦਾ ਹੈ ਤਾਂ ਮੱਛੀ ਫੜ੍ਹਨ ਵਾਲ਼ੇ ਜਾਲ਼ ਨੂੰ ਮੁਰੰਮਤ ਕਰਨ ਜਿਹੇ ਹੋਰ ਕੰਮ ਹੀ ਬਾਕੀ ਬਚੇ ਰਹਿ ਜਾਂਦੇ ਹਨ। ਖਾਲਾ ਦੇ ਸਭ ਤੋਂ ਸੀਨੀਅਰ ਅਤੇ ਸਨਮਾਨਤ ਕੋਲੀ, 51 ਸਾਲਾ ਡੋਮਿਨਿਕ ਕੋਲੀ ਨੇ ਛੇ ਮਜ਼ਦੂਰਾਂ ਨੂੰ ਕੰਮ ਤੇ ਰੱਖਿਆ ਹੈ। ਉਹ ਆਪਣੇ ਮਜ਼ਦੂਰਾਂ ਦੇ ਨਾਲ਼ ਹਰ ਕੰਮ ਰਲ਼ ਕੇ ਕਰਦੇ ਹਨ ; ਜਿਵੇਂ ਬੇੜੀ ਚਲਾਉਣੀ, ਮੱਛੀ ਫੜ੍ਹਨਾ, ਉਨ੍ਹਾਂ ਨੂੰ ਸੁਕਾਉਣਾ ਅਤੇ ਜਾਲ਼ ਦੀ ਮੁਰੰਮਤ ਕਰਨਾ। ਉਹ ਅਤੇ ਡੋਂਗਰਪਾੜਾ ਦੇ ਹੋਰ ਕੋਲੀ ਪਰਿਵਾਰਾਂ ਨੇ ਆਪਣੇ ਜਾਲ਼ ਦੀ ਮੁਰੰਮਤ ਕਰਨ ਲਈ ਅਬਦੁੱਲ ਰੱਜਾਕ ਸੋਲਕਰ (ਉਤਾਂਹ) ਨੂੰ ਇੱਕ ਦਿਨ ਦੇ ਕੰਮ ਤੇ ਰੱਖਿਆ ਹੈ। ਸੋਲਕਰ ਜਾਲ਼ ਬੁਣਨ ਦਾ ਕੰਮ ਕਰਦੇ ਹਨ। ਸੋਲਕਰ, ਮਹਾਰਾਸ਼ਟਰ ਦੇ ਰਤਨਾਗਿਰੀ ਜ਼ਿਲ੍ਹੇ ਦੇ ਰਾਜਪੁਰ ਤਾਲੁਕਾ ਦੇ ਰਹਿਣ ਵਾਲ਼ੇ ਹਨ। ਉਹ ਕਹਿੰਦੇ ਹਨ, ਮੇਰੇ ਪਿਤਾ ਜਾਲ਼ ਦੀ ਬੁਣਾਈ ਕਰਦੇ ਸਨ ਅਤੇ ਹੁਣ ਮੈਂ ਵੀ ਇਹੀ ਕਰ ਰਿਹਾ ਹਾਂ। ਮੈਂ ਦਿਹਾੜੀ ਤੇ ਕੰਮ ਕਰਦਾ ਹਾਂ। ਅੱਜ ਮੈਂ ਇੱਥੇ ਕੰਮ ਕਰ ਰਿਹਾ ਹਾਂ, ਕੱਲ੍ਹ ਨੂੰ ਕਿਤੇ ਹੋਰ ਹੋਵਾਂਗਾ

ਸੁਕਣ-ਸੁਕਾਉਣ ਦੇ ਜਿਹੜੇ ਮੈਦਾਨ ਵਿੱਚ ਇਹ ਸਾਰਾ ਕੰਮ ਚੱਲ ਰਿਹਾ ਹੈ, ਓਧਰ ਦੂਸਰੇ ਲੋਕ ਆਪਣੇ ਕੰਮਾਂ ਵਿੱਚ ਰੁਝੇ ਹੋਏ ਹਨ ; ਭੁੱਖੇ ਕਾਂ, ਕੁੱਤੇ ਅਤੇ ਸਾਰਸ ਪੂਰਾ ਦਿਨ ਖਾਲਾ ਵਿੱਚ ਹੀ ਚੱਕਰ ਕੱਟਦੇ ਰਹਿੰਦੇ ਹਨ। ਮੱਛੀਆਂ ਦੀ ਤੇਜ਼ ਮੁਸ਼ਕ ਉਨ੍ਹਾਂ ਨੂੰ ਖਿੱਚ ਲਿਆਉਂਦੀ ਹੈ ਤੇ ਉਹ ਕੁਝ ਨਾ ਕੁਝ ਖਾਣ ਲਈ ਬੇਸਬਰੇ ਹੋਏ ਦਿੱਸਦੇ ਹਨ

ਤਰਜਮਾ: ਕਮਲਜੀਤ ਕੌਰ

Shreya Katyayini

Shreya Katyayini is a filmmaker and Senior Video Editor at the People's Archive of Rural India. She also illustrates for PARI.

Other stories by Shreya Katyayini
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur