ਆਪਣੇ ਸਾਈਕਲ 'ਤੇ ਸਵਾਰ ਸਮੀਰੂਦੀਨ ਸ਼ੇਖ ਨੂੰ ਅਕਸਰ ਅਹਿਮਦਾਬਾਦ ਦੀਆਂ ਭੀੜ-ਭੜੱਕੇ ਵਾਲ਼ੀਆਂ ਪੁਰਾਣੀਆਂ ਸੜਕਾਂ 'ਤੇ ਆਉਂਦੇ-ਜਾਂਦੇ ਦੇਖਿਆ ਜਾ ਸਕਦਾ ਹੈ। ਜੁਹਾਪੁਰਾ ਦੀ ਫ਼ਤਿਹਵਾੜੀ ਵਿਖੇ ਆਪਣੇ ਘਰੋਂ ਤਾਜ਼ ਇੰਵੇਲਪਸ, ਜਿੱਥੇ ਉਹ ਕੰਮ ਕਰਦੇ ਹਨ, ਦੀ 13 ਕਿਲੋਮੀਟਰ ਦੀ ਇੱਕ ਪਾਸੇ ਦੀ ਦੂਰੀ ਤੈਅ ਕਰਨ ਵਿੱਚ ਉਨ੍ਹਾਂ ਇੱਕ ਘੰਟਾ ਲੱਗ ਜਾਂਦਾ ਹੈ। ''ਮੈਂ ਆਪਣਾ ਮੋਟਰਸਾਈਕਲ ਨਹੀਂ ਚਲਾ ਸਕਦਾ ਕਿਉਂਕਿ ਮੈਂ ਪੈਟਰੋਲ ਦਾ ਖ਼ਰਚਾ ਨਹੀਂ ਚੁੱਕ ਸਕਦਾ,'' 36 ਸਾਲਾ ਸਮੀਰੂਦੀਨ ਆਪਣਾ ਸਾਈਕਲ ਖੜ੍ਹਾ ਕਰਦਿਆਂ ਆਪਣੀ ਮਸਾਂ-ਸੁਣੀਂਦੀ ਅਵਾਜ਼ ਵਿੱਚ ਕਹਿੰਦੇ ਹਨ।

ਉਨ੍ਹਾਂ ਦੇ ਦਿਨ ਦੀ ਸ਼ੁਰੂਆਤ ਤੇ ਸਮਾਪਤੀ 10 x 20 ਫੁਟੇ ਇੱਕ ਕਮਰੇ ਵਿੱਚ ਕੰਮ ਕਰਦਿਆਂ ਹੁੰਦੀ ਹੈ, ਇਹ ਕਮਰਾ ਸ਼ਾਪਿੰਗ ਕੰਪਲੈਕਸ ਦੀ ਬੇਸਮੈਂਟ ਵਿੱਚ ਹੈ। ਸ਼ਹਿਰ ਦਾ ਇਹ ਇਲਾਕਾ ਖੜਿਆ ਕਹਾਉਂਦਾ ਹੈ। ਉਨ੍ਹਾਂ ਦੇ ਨਾਲ਼ ਲਿਫ਼ਾਫ਼ਾ ਬਣਾਉਣ ਵਾਲ਼ੇ ਹੋਰ 10 ਕਾਰੀਗਰ ਵੀ ਪੂਰਾ ਦਿਨ ਇਸੇ ਕੰਮ ਵਿੱਚ ਲੱਗੇ ਰਹਿੰਦੇ ਹਨ। ਉਨ੍ਹਾਂ ਵੱਲ਼ੋਂ ਇਕੱਲਿਆਂ ਇੱਕ ਦਿਨ ਵਿੱਚ ਬਣਾਏ ਸਭ ਤੋਂ ਵੱਧ ਲਿਫ਼ਾਫ਼ਿਆਂ ਦੀ ਗਿਣਤੀ 6,000 ਤੋਂ 7,000 ਹੈ।

ਸਮੀਰੂਦੀਨ ਦੱਸਦੇ ਹਨ ਕਿ ਲਿਫ਼ਾਫ਼ਾ ਬਣਾਉਣਾ ਓਨਾ ਵੀ ਸੁਖ਼ਾਲਾ ਕੰਮ ਨਹੀਂ ਹੈ ਜਿੰਨਾ ਕਿ ਜਾਪਦਾ ਹੈ। ''ਇਸ ਕੰਮ ਦੀ ਬਾਰੀਕੀ ਨੂੰ ਸਿੱਖਣ ਵਿੱਚ ਸਾਲ ਤੋਂ ਦੋ ਸਾਲ ਦਾ ਸਮਾਂ ਲੱਗ ਹੀ ਜਾਂਦਾ ਹੈ,'' ਉਹ ਕਹਿੰਦੇ ਹਨ,''ਤੁਸੀਂ ਆਪਣਾ ਮਿਹਨਤਾਨਾ ਆਪ ਤੈਅ ਕਰਨ ਵਾਲ਼ੇ ਇੱਕ ਸੁਤੰਤਰ ਕਾਰੀਗਰ ਓਦੋਂ ਤੀਕਰ ਨਹੀਂ ਬਣ ਸਕਦੇ, ਜਦੋਂ ਤੱਕ ਕਿ ਤੁਹਾਡਾ ਉਸਤਾਦ (ਕੋਈ ਬਜ਼ੁਰਗ ਤੇ ਅਨੁਭਵੀ ਕਾਰੀਗਰ) ਤੁਹਾਡੇ ਕੰਮ ਦੀ ਗੁਣਵੱਤਾ ਨੂੰ ਪ੍ਰਵਾਨ ਨਹੀਂ ਕਰ ਲੈਂਦਾ ਤੇ ਉਸ ਕੰਮ 'ਤੇ ਆਪਣੀ ਮੋਹਰ ਨਹੀਂ ਲਾ ਦਿੰਦਾ।''

ਕੰਮ ਦੀ ਗੁਣਵੱਤਾ ਹੋਰ ਕੁਝ ਨਹੀਂ ਕੰਮ ਦੀ ਤੇਜ਼ੀ, ਸਫ਼ਾਈ, ਮੁਹਾਰਤ ਤੇ ਸਹੀ ਸੰਦਾਂ ਦੇ ਇਸਤੇਮਾਲ ਦੇ ਸੰਤੁਲਨ ਨੂੰ ਬਣਾਈ ਰੱਖਣਾ ਹੈ। ਕਟਿੰਗ ਤੇ ਪੰਚਿੰਗ ਕਰਨ ਵਾਲ਼ੀਆਂ ਦੋ ਮਸ਼ੀਨਾਂ ਨੂੰ ਛੱਡ ਕੇ ਵਰਕਸ਼ਾਪ ਵਿੱਚ ਬਾਕੀ ਸਾਰੇ ਕੰਮ ਹੱਥੀਂ ਕੀਤੇ ਜਾਂਦੇ ਹਨ।

ਇਹ ਮਸ਼ੀਨਾਂ ਜ਼ਿਆਦਾਤਰ ਕਰਕੇ ਵਰਕਸ਼ਾਪ ਮਾਲਕਾਂ ਵੱਲੋਂ ਚਲਾਈਆਂ ਜਾਂਦੀਆਂ ਹਨ। ਸਭ ਤੋਂ ਪਹਿਲਾਂ ਕਾਗ਼ਜ਼ ਦੀਆਂ ਵੱਡੀਆਂ ਚਾਦਰਾਂ ਨਿਰਧਾਰਤ ਛੋਟੇ ਟੁਕੜਿਆਂ 'ਚ ਕੱਟੀਆਂ ਜਾਂਦੀਆਂ ਹਨ। ਉਸ ਤੋਂ ਬਾਅਦ ਖ਼ਾਸ ਤਰੀਕੇ ਨਾਲ਼ ਬਣੇ ਠੱਪੇ (ਸਾਂਚੇ) ਦੀ ਮਦਦ ਨਾਲ਼ ਕਾਗ਼ਜ਼ ਦੇ ਉਨ੍ਹਾਂ ਟੁਕੜਿਆਂ ਨੂੰ ਅੱਡ-ਅੱਡ ਅਕਾਰਾਂ ਵਿੱਚ ਮੋੜਿਆ ਜਾਂਦਾ ਹੈ। ਕਾਰੀਗਰ ਉਨ੍ਹਾਂ ਟੁਕੜਿਆਂ ਨੂੰ ਗਿਣਦੇ ਹਨ ਤੇ ਇੱਕੋ ਹੀਲੇ ਸੌ ਕਾਗ਼ਜ਼ਾਂ ਦੇ ਟੁਕੜਿਆਂ ਨੂੰ ਮੋੜਨ, ਚਿਪਕਾਉਣ, ਸੀਲ ਕਰਨ ਤੇ ਫਿਰ ਪੈਕ ਕਰਨ ਦਾ ਕੰਮ ਕਰਦੇ ਹਨ।

Left: Sameeruddin Shaikh cycling through the old city to Taj Envelopes in Khadia.
PHOTO • Umesh Solanki
Right: Craftsmen at work, sitting on the floor at Taj Envelopes’ workshop in the basement of a shopping complex
PHOTO • Umesh Solanki

ਖੱਬੇ ਪਾਸੇ : ਸਮੀਰੂਦੀਨ ਸ਼ੇਖ ਆਪਣੇ ਸਾਈਕਲ ' ਤੇ ਸਵਾਰ ਹੋ ਪੁਰਾਣੇ ਸ਼ਹਿਰ ਤੋਂ ਹੁੰਦੇ ਹੋਏ ਖੜਿਆ ਦੇ ਤਾਜ ਇੰਵੇਲਪਸ ਜਾਂਦੇ ਹੋਏ। ਸੱਜੇ ਪਾਸੇ : ਇੱਕ ਸ਼ਾਪਿੰਗ ਕੰਪਲੈਕਸ ਦੀ ਬੇਸਮੈਂਟ ਵਿੱਚ ਸਥਿਤ ਤਾਜ ਇੰਵੇਲਪਸ ਦੇ ਫ਼ਰਸ਼ ' ਤੇ ਬੈਠੇ ਕਾਰੀਗਰ ਆਪੋ-ਆਪਣੇ ਕੰਮ ਲੱਗੇ ਹੋਏ

ਲਿਫ਼ਾਫ਼ਾ ਬਣਾਉਣ ਦੀ ਪੂਰੀ ਪ੍ਰਕਿਰਿਆ ਹੱਥਾਂ ਦੀ ਬਾਰੀਕ ਕਾਰੀਗਰੀ ਦੀ ਮੰਗ ਕਰਦੀ ਹੈ ਲਿਫ਼ਾਫ਼ੇ ਦੇ ਹਰ ਹਿੱਸੇ ਦਾ ਅੱਡ ਨਾਮ ਹੁੰਦਾ ਹੈ ਜਿਵੇਂ ਮਾਥੂ (ਸਭ ਤੋਂ ਉਪਰਲੇ ਹਿੱਸੇ ਨੂੰ), ਪੇਂਦੀ (ਹੇਠਲੇ ਫ਼ਲੈਪ ਨੂੰ), ਢਾਪਾ (ਇੱਕ ਪਾਸੇ ਵਾਲ਼ੀ ਫ਼ਲੈਪ ਜਿੱਥੇ ਗੂੰਦ ਲਾਈ ਜਾਂਦੀ ਹੈ) ਖੋਲਾ (ਉਹ ਬੰਨਾ ਜੋ ਗੂੰਦ ਲੱਗੇ ਪਾਸੇ ਨਾਲ਼ ਜੋੜਿਆ ਜਾਂਦਾ ਹੈ)। ਬਣਾਏ ਜਾਣ ਦੀ ਹਰ ਪ੍ਰਕਿਰਿਆ ਤੇ ਹਰ ਪੜਾਅ ਦਾ ਵੀ ਅੱਡੋ-ਅੱਡ ਨਾਮ ਹੁੰਦਾ ਹੈ ਤੇ ਜਿਨ੍ਹਾਂ ਦੀ ਬਕਾਇਦਗੀ ਨਾਲ਼ ਪਾਲਣਾ ਵੀ ਹੁੰਦੀ ਹੈ। ਸੰਦਾਂ ਨੂੰ ਵੀ ਬੜੀ ਸੰਭਾਲ਼ ਤੇ ਪੂਰੀ ਸਮਝਦਾਰੀ ਨਾਲ਼ ਵਰਤਣਾ ਹੁੰਦਾ ਹੈ, ਨਹੀਂ ਤਾਂ ਥੋੜ੍ਹੀ ਜਿਹੀ ਲਾਪਰਵਾਹੀ ਗੰਭੀਰ ਸੱਟ ਦਾ ਸਬਬ ਬਣ ਜਾਂਦੀ ਹੈ।

ਜਦੋਂ ਪਾਸੇ ਵਾਲ਼ੇ ਫ਼ਲੈਪ ਮੋੜੇ ਜਾਂਦੇ ਹਨ ਤਾਂ ਕਾਰੀਗਰ ਪਹਿਲਾਂ ਆਪਣੀਆਂ ਮੁੱਠੀਆਂ ਤੇ ਫਿਰ ਪੱਥਰ ਨਾਮ ਦੇ ਸੰਦ ਦੀ ਵਰਤੋਂ ਕਰਦੇ ਹਨ, ਤਾਂਕਿ ਕਾਗ਼ਜ਼ ਦੀ ਮੋੜਾਈ ਵੇਲ਼ੇ ਕਰੀਜ਼ ਜਿਹੀ ਬਣ ਸਕੇ। ਕਦੇ ਇਹ 'ਫੋਲਡਿੰਗ ਸਟੋਨ' ਗ੍ਰਾਈਡਿੰਗ/ਪੀਸਣ ਵਾਲ਼ੇ ਸਟੋਨ ਨਾਲ਼ ਬਣਾਏ ਜਾਂਦੇ ਸਨ ਪਰ ਹੁਣ ਕਾਰੀਗਰ ਲੋਹੇ ਦੇ ਭਾਰੇ ਜਿਹੇ ਸਲੈਬ ਦੀ ਵਰਤੋਂ ਕਰਦੇ ਹਨ। ''ਜਦੋਂ ਮੈਂ ਕੰਮ ਸਿੱਖ ਰਿਹਾ ਸਾਂ ਤਦ ਪੱਥਰ ਨੇ ਮੇਰੀ ਉਂਗਲ ਪੀਹ ਦਿੱਤੀ,'' 51 ਸਾਲਾ ਅਬਦੁਲ ਮੁੱਤਲਿਬ ਅਨਸਾਰੀ ਦੱਸਦੇ ਹਨ,''ਉਂਗਲ 'ਚੋਂ ਖ਼ੂਨ ਦੀ ਧਤੀਰੀ ਨਿਕਲ਼ੀ ਤੇ ਨੇੜਲੀ ਕੰਧ ਭਰ ਗਈ। ਉਦੋਂ ਮੇਰੇ ਉਸਤਾਦ ਨੇ ਮੈਨੂੰ ਸਿੱਖਿਆ ਦਿੱਤੀ ਕਿ ਜੇ ਮੈਂ ਉਮਦਾ ਕਾਰੀਗਰ ਬਣਨਾ ਚਾਹੁੰਦਾ ਹਾਂ ਤਾਂ ਮੈਨੂੰ ਸੰਦਾਂ 'ਤੇ ਤਾਕਤ ਲਾਉਣ ਦੀ ਬਜਾਇ ਤਕਨੀਕ ਨੂੰ ਸਮਝਣਾ ਤੇ ਫਿਰ ਇਸਤੇਮਾਲ ਵਿੱਚ ਲਿਆਉਣਾ ਹੋਵੇਗਾ।''

'ਸਟੋਨ' ਦਾ ਵਜ਼ਨ ਕਰੀਬ ਇੱਕ ਕਿਲੋਗ੍ਰਾਮ ਹੁੰਦਾ ਹੈ। ਅਬਦੁੱਲ ਦੱਸਦੇ ਹਨ,''ਇੱਕ ਸਧਾਰਣ ਲਿਫ਼ਾਫ਼ਾ ਬਣਾਉਣ ਵੇਲ਼ੇ ਤੁਹਾਨੂੰ ਇਹਨੂੰ ਚਾਰ ਤੋਂ ਪੰਜ ਵਾਰੀਂ ਇਸਤੇਮਾਲ ਕਰਨਾ ਪੈਂਦਾ ਹੈ। ਕਾਗ਼ਜ਼ ਦੀ ਮੋਟਾਈ ਦੇ ਹਿਸਾਬ ਨਾਲ਼ ਤੁਹਾਨੂੰ ਤਕਨੀਕ ਬਦਲਣੀ ਪੈਂਦੀ ਹੈ। ਤੁਸਾਂ ਕਿੰਨਾ ਉੱਚਾ 'ਸਟੋਨ' ਚੁੱਕਣਾ ਹੈ, ਇਹਦੇ ਨਾਲ਼ ਕਿੰਨੀ ਜ਼ੋਰ ਦੀ ਸੱਟ ਮਾਰਨੀ ਹੈ ਤੇ ਕਿੰਨੀ ਵਾਰੀਂ ਮਾਰਨੀ ਹੈ- ਇਹ ਸਾਰਾ ਕੁਝ ਤੁਸੀਂ ਕਰਦੇ-ਕਰਦੇ ਸਿੱਖਦੇ ਜਾਂਦੇ ਹੋ, 52 ਸਾਲਾ ਅਬਦੁਲ ਗਫ਼ਾਰ ਅੰਸਾਰੀ ਕਹਿੰਦੇ ਹਨ। ''ਇਸ ਪੂਰੀ ਪ੍ਰਕਿਰਿਆ ਵਿੱਚ ਇੱਕੋ ਲਿਫ਼ਾਫ਼ਾ ਸਾਡੇ ਹੱਥਾਂ ਵਿੱਚੋਂ ਦੀ ਕੋਈ 16-17 ਵਾਰੀਂ ਲੰਘਦਾ ਹੈ। ਸੋ ਹਰ ਰੋਜ਼ ਆਪਣੀਆਂ ਉਂਗਲਾਂ ਦੇ ਚੀਰੇ ਜਾਣ ਦਾ ਖ਼ਤਰਾ ਵੱਧਦਾ ਜਾਂਦਾ ਹੈ। ਜੇ ਕਿਤੇ ਗੂੰਦ ਤੁਹਾਡੇ ਚੀਰੇ ਨੂੰ ਛੂਹ ਵੀ ਗਈ ਤਾਂ ਬੜਾ ਤੇਜ਼ ਸਾੜ ਪੈਂਦਾ ਹੈ,'' ਉਹ ਅੱਗੇ ਦੱਸਦੇ ਹਨ।

ਲਿਫ਼ਾਫ਼ਾ ਬਣਾਉਣ ਵਾਲ਼ੇ 64 ਸਾਲਾ ਮੁਸਤੰਸਿਰ ਉਜੈਨੀ ਦੱਸਦੇ ਹਨ ਕਿ ਜੇ ਕਿਤੇ ਚੀਰਾ ਪੈ ਵੀ ਜਾਵੇ ਤਾਂ ਸਾਨੂੰ ਕੋਕਮ ਦਾ ਤੇਲ ਲਾਉਣਾ ਪੈਂਦਾ ਹੈ। ਕੁਝ ਦੂਸਰੇ ਲੋਕੀਂ ਰਾਹਤ ਵਾਸਤੇ ਵੈਸਲੀਨ ਜਾਂ ਨਾਰੀਅਲ ਤੇਲ ਵੀ ਲਾ ਲੈਂਦੇ ਹਨ। ਇਸ ਕੰਮ ਦੀਆਂ ਚੁਣੌਤੀਆਂ ਲਿਫ਼ਾਫ਼ਾ ਬਣਾਉਣ ਲਈ ਵਰਤੋਂ ਵਿੱਚ ਆਉਣ ਵਾਲ਼ੇ ਕਾਗ਼ਜ਼ ਨਾਲ਼ ਜੁੜੀਆਂ ਹੋਈਆਂ ਹਨ। ''ਕਈ ਵਾਰੀਂ ਜਦੋਂ ਸਾਨੂੰ ਜ਼ਿਆਦਾ ਸਖ਼ਤ ਮਾਲ਼ (120 ਜੀਐੱਸਐੱਮ ਦਾ ਆਰਟ ਪੇਪਰ) ਮਿਲ਼ਦਾ ਹੈ ਤਾਂ ਸਾਡੇ ਹੱਥ ਅਕਸਰ ਜ਼ਖ਼ਮੀ ਹੋ ਜਾਂਦੇ ਹਨ। ਰਾਹਤ ਪਾਉਣ ਵਾਸਤੇ ਮੈਂ ਉਂਗਲਾਂ ਨੂੰ ਕੋਸੇ ਲੂਣੇ ਪਾਣੀ ਵਿੱਚ ਡੁਬੋ ਲੈਂਦਾ ਹਾਂ,''ਸੋਨਲ ਇੰਵੇਲਪਸ ਵਿੱਚ ਕੰਮ ਕਰਨ ਵਾਲ਼ੇ ਮੁਹੰਮਦ ਆਸਿਫ਼ ਕਹਿੰਦੇ ਹਨ। ਸਮੀਰੂਦੀਨ ਸ਼ੇਖ ਉਨ੍ਹਾਂ ਦੀਆਂ ਗੱਲਾਂ ਨਾਲ਼ ਸਹਿਮਤ ਹੁੰਦੇ ਹੋਏ ਕਹਿੰਦੇ ਹਨ,''ਮੌਸਮ ਠੰਡਾ ਹੋਣ ਨਾਲ਼ ਸਾਡੇ ਹੱਥਾਂ ਦੀ ਪੀੜ੍ਹ ਜਾਗ ਜਾਂਦੀ ਹੈ। ਤਦ ਮੈਂ ਵੀ ਕੋਸੇ ਪਾਣੀ ਵਿੱਚ ਹੱਥ ਡੁਬੋ ਕੇ ਰਾਹਤ ਪਾਉਂਦਾ ਹਾਂ।''

Left: Mohammad Asif Shaikh at Sonal Envelopes hitting the 'stone' on dhapa to create a fold.
PHOTO • Umesh Solanki
Right: Mustansir Ujjaini applying warm kokum oil on his sore hands
PHOTO • Umesh Solanki

ਖੱਬੇ ਪਾਸੇ : ਸੋਨਲ ਇੰਵੇਲਪਸ ਦੇ ਮੁਹੰਮਦ ਆਸਿਫ਼ ਸ਼ੇਖ ਢਾਪਾ ' ਤੇ ਕਾਗ਼ਜ਼ ਨੂੰ ਮੋੜਨ ਲਈ ' ਸਟੋਨ ' ਨਾਲ਼ ਠੋਕ ਰਹੇ ਹਨ। ਸੱਜੇ ਪਾਸੇ : ਮੁਸਤੰਸਿਰ ਉਜੈਨੀ ਆਪਣੇ ਹੱਥਾਂ ਦੇ ਜ਼ਖ਼ਮਾਂ ' ਤੇ ਕੋਕਮ ਦਾ ਕੋਸਾ ਤੇਲ ਲਾ ਰਹੇ ਹਨ

ਇਸ ਕੰਮ ਵੇਲ਼ੇ ਕਾਰੀਗਰਾਂ ਨੂੰ ਘੰਟਿਆਂ-ਬੱਧੀ ਫ਼ਰਸ਼ 'ਤੇ ਬੈਠੇ ਰਹਿਣਾ ਪੈਂਦਾ ਹੈ। ਸਮੀਰੂਦੀਨ ਕਹਿੰਦੇ ਹਨ,''ਅਸੀਂ ਕੰਮ ਕਰਨ ਵਾਸਤੇ ਸਵੇਰੇ 9:30 ਵਜੇ ਜਦੋਂ ਇੱਕ ਵਾਰੀਂ ਬੈਠ ਗਏ ਤਾਂ ਫਿਰ ਇੱਕ ਵਜੇ ਸਿਰਫ਼ ਦੁਪਿਹਰ ਦੀ ਰੋਟੀ ਖਾਣ ਹੀ ਉੱਠਦੇ ਹਾਂ। ਮੇਰਾ ਲੱਕ ਟੁੱਟਣ ਲੱਗਦਾ ਹੈ। ਕੰਮ ਮੁੱਕਣ 'ਤੇ ਜਦੋਂ ਉੱਠੀਏ ਤਾਂ ਵੀ ਪੀੜ੍ਹ ਨਹੀਂ ਜਾਂਦੀ।'' ਲੰਬੇ ਸਮੇਂ ਤੱਕ ਬੈਠੇ ਰਹਿਣ ਕਾਰਨ ਉਨ੍ਹਾਂ ਦੇ ਗਿੱਟਿਆਂ 'ਤੇ ਕਾਲਸ (ਮੋਟੀ ਚਮੜੀ ਦੀ ਪਰਤ) ਉੱਭਰ ਆਇਆ ਹੈ। ''ਹਰ ਕਿਸੇ ਨੂੰ ਇਹ ਸਮੱਸਿਆ ਆਉਂਦੀ ਹੀ ਹੈ,'' ਉਹ ਕਹਿੰਦੇ ਹਨ। ਇਹ ਗੱਲ ਉਹ ਸ਼ਾਇਦ ਇਸਲਈ ਵੀ ਕਹਿ ਰਹੇ ਹਨ ਕਿ ਹਰ ਇੱਕ ਕਾਰੀਗਰ ਨੂੰ ਫ਼ਰਸ਼ 'ਤੇ ਚੌਂਕੜੀ ਮਾਰ ਕੇ ਬੈਠਣਾ ਪੈਂਦਾ ਹੈ। ਉਹ ਅੱਗੇ ਕਹਿੰਦੇ ਹਨ,''ਜੇ ਮੈਂ ਆਪਣੇ ਪੈਰਾਂ ਦੀ ਪਰਵਾਹ ਕਰਨ ਲੱਗਾਂ ਤਾਂ ਮੇਰਾ ਲੱਕ ਟੁੱਟਣ ਲੱਗਦਾ ਹੈ।''

ਚੀਰਿਆਂ, ਅਕੜਾਅ, ਸਾੜ ਤੇ ਪੀੜ੍ਹ ਤੋਂ ਪੀੜਤ ਹੋਣ ਬਾਅਦ ਵੀ ਇਸ ਕੰਮ ਤੋਂ ਹੋਣ ਵਾਲ਼ੀ ਆਮਦਨੀ ਨਿਗੂਣੀ ਹੈ। ਕਰੀਬ 33 ਸਾਲ ਦੇ ਮੋਹਸਿਨ ਖ਼ਾਨ ਪਠਾਨ ਵਾਸਤੇ ਇਹ ਚਿੰਤਾ ਦਾ ਵਿਸ਼ਾ ਹੈ। ਉਹ ਕਹਿੰਦੇ ਹਨ,''ਮੇਰਾ ਪਰਿਵਾਰ ਸਿਰਫ਼ ਮੇਰੀ ਹੀ ਕਮਾਈ 'ਤੇ ਨਿਰਭਰ ਹੈ। ਘਰ ਦਾ ਕਿਰਾਇਆ ਹੀ 6,000 ਰੁਪਏ ਹੈ। ਦਿਹਾੜੀ ਦੇ ਮੇਰੇ 50 ਰੁਪਏ ਚਾਹ ਨਾਸ਼ਤੇ 'ਤੇ ਅਤੇ ਹੋਰ 60 ਰੁਪਏ ਆਟੋ ਦੇ ਕਿਰਾਏ 'ਤੇ ਖ਼ਰਚ ਹੋ ਜਾਂਦੇ ਹਨ।'' ਉਨ੍ਹਾਂ ਦੀ ਚਾਰ ਸਾਲਾ ਬੇਟੀ ਨੂੰ ਅਜੇ ਹੁਣੇ ਜਿਹੇ ਹੀ ਅੰਗਰੇਜ਼ੀ ਮੀਡੀਅਮ ਸਕੂਲ ਵਿੱਚ ਦਾਖ਼ਲਾ ਮਿਲ਼ਿਆ ਹੈ। ''ਉਹਦੇ ਸਕੂਲ ਦੀ ਸਲਾਨਾ ਫ਼ੀਸ 10,000 ਰੁਪਏ ਹੈ,'' ਚਿੰਤਾ ਭਰੀ ਅਵਾਜ਼ ਵਿੱਚ ਉਹ ਕਹਿੰਦੇ ਹਨ ਤੇ ਯਕਦਮ ਲਿਫ਼ਾਫ਼ੇ ਬਣਾਉਣ ਵਿੱਚ ਲੱਗ ਜਾਂਦੇ ਹਨ।

ਸਮੀਰੂਦੀਨ ਦੇ ਛੇ ਮੈਂਬਰੀ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ, ਤਿੰਨ ਬੱਚੇ ਤੇ ਬਜ਼ੁਰਗ ਪਿਤਾ ਹਨ। ਉਹ ਕਹਿੰਦੇ ਹਨ,''ਬੱਚੇ ਹੁਣ ਵੱਡੇ ਹੋਣ ਲੱਗੇ ਹਨ ਤੇ ਲਿਫ਼ਾਫ਼ਾ ਬਣਾਉਣ ਦੇ ਇਸ ਕੰਮ ਤੋਂ ਮੈਨੂੰ ਬਹੁਤੀ ਕਮਾਈ ਨਹੀਂ ਹੋ ਪਾਉਂਦੀ। ਮੈਂ ਜਿਵੇਂ-ਕਿਵੇਂ ਕਰਕੇ ਆਪਣਾ ਪਰਿਵਾਰ ਪਾਲ਼ ਰਿਹਾ ਹਾਂ, ਪਰ ਬਚਤ ਕੁਝ ਨਹੀਂ ਹੋ ਪਾਉਂਦੀ।'' ਉਹ ਆਮਦਨੀ ਵਧਾਉਣ ਵਾਸਤੇ ਵਿਕਲਪਿਕ ਕੰਮਾਂ ਦੀ ਤਲਾਸ਼ ਕਰ ਰਹੇ ਹਨ ਤੇ ਆਟੋ ਦੇ ਲਾਈਸੈਂਸ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ ਤਾਂਕਿ ਉਹ ਆਟੋ ਖਰੀਦ ਕੇ ਥੋੜ੍ਹੀ ਬਿਹਤਰ ਕਮਾਈ ਕਰ ਸਕਣ। ਉਹ ਦੱਸਦੇ ਹਨ,''ਲਿਫ਼ਾਫ਼ੇ ਦੇ ਕੰਮ ਵਿੱਚ ਆਮਦਨੀ ਤੈਅ ਨਹੀਂ ਹੈ। ਜਿਸ ਦਿਨ ਕੰਮ ਨਹੀਂ ਮਿਲ਼ਦਾ ਉਸ ਦਿਨ ਅਸੀਂ ਦੁਪਹਿਰੇ 2 ਜਾਂ 3 ਵਜੇ ਵਿਹਲੇ ਹੋ ਜਾਂਦੇ ਹਾਂ। ਅਸੀਂ ਸਾਰੇ ਕਮਿਸ਼ਨ 'ਤੇ ਕੰਮ ਕਰਨ ਵਾਲ਼ੇ ਕਾਮੇ ਹਾਂ, ਸਾਡੀ ਕੋਈ ਤੈਅ ਤਨਖ਼ਾਹ ਨਹੀਂ ਹੈ।''

Workers sit in this same position for most of their working hours. Sameeruddin Shaikh (left) showing calluses on his ankle due to continuously sitting with one leg folded under him.
PHOTO • Umesh Solanki
Mustansir Ujjaini (right) and two others working, seated on the floor
PHOTO • Umesh Solanki

ਆਪਣੇ ਕੰਮ ਦੇ ਜ਼ਿਆਦਾਤਰ ਘੰਟੇ ਕਾਰੀਗਰ ਇੱਕੋ ਮੁਦਰਾ ਵਿੱਚ ਬੈਠੇ ਰਹਿੰਦੇ ਹਨ। ਸਮੀਰੂਦੀਨ ਸ਼ੇਖ (ਖੱਬੇ) ਤਾਜ ਇੰਵੇਲਪਸ ਵਿੱਚ ਆਪਣੇ ਸੱਜੇ ਗਿੱਟੇ ਦੇ ਕਾਲਸ ਦਿਖਾ ਰਹੇ ਹਨ, ਜੋ ਉਨ੍ਹਾਂ ਨੂੰ ਚੌਂਕੜੀ ਮਾਰਨ ਤੇ ਇੱਕ ਪੈਰ ' ਤੇ ਵੀ ਵੱਧ ਭਾਰ ਪਾਈ ਰੱਖਣ ਕਾਰਨ ਉਭਰਿਆ ਹੈ। ਮੁਸਤੰਸਿਰ ਉਜੈਨੀ (ਸੱਜੇ) ਅਤੇ ਦੋ ਹੋਰ ਕਾਰੀਗਰ ਫ਼ਰਸ਼ ' ਤੇ ਬੈਠੇ ਕੰਮ ਕਰਦੇ ਹੋਏ

ਲਿਫ਼ਾਫ਼ਾ ਕਾਰੀਗਰਾਂ ਦੀ ਇੱਕ ਯੂਨੀਅਨ 1988 ਵਿੱਚ ਸਥਾਪਤ ਕੀਤੀ ਗਈ ਸੀ। ਇਹ ਯੂਨੀਅਨ ਕਦੇ ਸਰਗਰਮ ਰਹਿੰਦੀ ਸੀ, ਕਦੇ ਸੁਸਤ ਤੇ ਅਖ਼ੀਰ ਇੱਕ ਦਿਨ ਭੰਗ ਹੋ ਗਈ। ਕਿਸੇ ਕਾਰੀਗਰ ਨੂੰ ਯੂਨੀਅਨ ਦੇ ਭੰਗ ਹੋਣ ਦੀ ਸਹੀ ਤਰੀਕ ਤਾਂ ਨਹੀਂ ਪਤਾ, ਪਰ ਦੱਸਦੇ ਹਨ ਕਿ ਕੁਝ ਸਾਲ ਬਾਅਦ ਉਨ੍ਹਾਂ ਵਿੱਚੋਂ ਕੁਝ ਕੁ ਲੋਕਾਂ ਨੇ ਸੰਗਠਨ ਨੂੰ ਮੁੜ-ਸੁਰਜੀਤ ਕੀਤਾ ਜ਼ਰੂਰ ਸੀ। ਉਦੋਂ ਸੰਗਠਨ ਦਾ ਵਰਕਸ਼ਾਪ ਮਾਲਕਾਂ ਨਾਲ਼ ਇਹ ਤੈਅ ਹੋਇਆ ਕਿ ਮਹਿੰਗਾਈ ਵਧਣ ਅਤੇ ਕੰਮ ਦੇ ਅਨੁਪਾਤ ਵਿੱਚ ਬੋਨਸ ਤੇ ਛੁੱਟੀ ਅਤੇ ਸਲਾਨਾ ਵਾਧੇ ਦੇ ਰੂਪ ਵਿੱਚ ਕਾਰੀਗਰਾਂ ਦੀ ਮਜ਼ਦੂਰੀ ਵਿੱਚ 10 ਫ਼ੀਸਦ ਦਾ ਵਾਧਾ ਕੀਤਾ ਜਾਵੇਗਾ।

ਅਹਿਮਦਾਬਾਦ ਦੇ ਇਸ ਉਦਯੋਗ ਵਿੱਚ ਪੁਰਸ਼ਾਂ ਦਾ ਮੁਕੰਮਲ ਦਬਦਬਾ ਰਹਿੰਦਾ ਹੈ- ਇੱਥੇ ਸਿਰਫ਼ ਇੱਕੋ ਹੀ ਮਹਿਲਾ ਕਾਰੀਗਰ ਹੈ ਜੋ ਲਿਫ਼ਾਫ਼ੇ ਬਣਾਉਣ ਦਾ ਕੰਮ ਕਰਦੀ ਹੈ।

ਮਿਹਨਤਾਨਾ ਹਫ਼ਤੇ ਦੇ ਹਿਸਾਬ ਨਾਲ਼ ਦਿੱਤਾ ਜਾਂਦਾ ਹੈ ਜੋ ਇੰਨੇ ਸਮੇਂ ਵਿੱਚ ਬਣਾਏ ਲਿਫ਼ਾਫ਼ਿਆਂ ਦੀ ਗਿਣਤੀ, ਉਨ੍ਹਾਂ ਦੇ ਅਕਾਰ ਤੇ ਮੋਟਾਈ ਅਨੁਸਾਰ ਤੈਅ ਹੁੰਦਾ ਹੈ। ਸਧਾਰਣ ਕਾਗ਼ਜ਼ ਨਾਲ਼ ਬਣਾਏ ਗਏ 1,000 ਲਿਫ਼ਾਫ਼ਿਆਂ ਬਦਲੇ ਕਾਰੀਗਰਾਂ ਨੂੰ ਕਰੀਬ 350 ਰੁਪਏ ਮਿਲ਼ਦੇ ਹਨ, ਜਦੋਂਕਿ ਆਰਟ ਪੇਪਰ ਨਾਲ਼ ਬਣਾਏ ਗਏ ਲਿਫ਼ਾਫ਼ਿਆਂ ਦੀ ਮਜ਼ਦੂਰੀ 489 ਰੁਪਏ ਹੁੰਦੀ ਹੈ। ਇੱਕ ਕਾਰੀਗਰ ਦਿਹਾੜੀ ਦੇ 2,000 ਤੋਂ ਲੈ ਕੇ 6,000 ਲਿਫ਼ਾਫ਼ੇ ਬਣਾ ਲੈਂਦਾ ਹੈ। ਇਹ ਗਿਣਤੀ ਲਿਫ਼ਾਫ਼ਿਆਂ ਦੀਆਂ ਕਿਸਮਾਂ, ਬਣਾਉਣ ਦੀ ਰਫ਼ਤਾਰ ਤੇ ਅੱਡ-ਅੱਡ ਸੀਜ਼ਨਾਂ ਵਿੱਚ ਹੋਣ ਵਾਲ਼ੀ ਮੰਗ 'ਤੇ ਨਿਰਭਰ ਹੁੰਦੀ ਹੈ।

ਦਫ਼ਤਰਾਂ ਵਿੱਚ ਵਰਤੀਂਦਾ 11 x 5 ਇੰਚ ਅਕਾਰ ਵਾਲ਼ਾ ਇੱਕ ਲਿਫ਼ਾਫ਼ਾ, ਜਿਹਦਾ ਵਜ਼ਨ 100 ਜੀਐੱਸਐੱਮ (ਗ੍ਰਾਮ ਪ੍ਰਤੀ ਵਰਗ ਮੀਟਰ) ਹੁੰਦਾ ਹੈ, ਪੰਜ ਰੁਪਏ ਵਿੱਚ ਵਿਕਦਾ ਹੈ।

ਕਾਰੀਗਰਾਂ ਨੂੰ 100 ਜੀਐੱਸਐੱਮ ਗੁਣਵੱਤਾ ਵਾਲ਼ੇ 1,000 ਲਿਫ਼ਾਫ਼ਿਆਂ ਬਦਲੇ 100 ਰੁਪਏ ਦਿਹਾੜੀ ਮਿਲ਼ਦਾ ਹੈ। ਦੂਜੇ ਸ਼ਬਦਾਂ ਵਿੱਚ ਕਹੀਏ ਤਾਂ ਕਾਰੀਗਰਾਂ ਨੂੰ ਲਿਫ਼ਾਫ਼ੇ ਦੀ ਬਜ਼ਾਰ ਕੀਮਤ ਦੇ ਪੰਜਾਹਵੇਂ ਹਿੱਸੇ ਬਰਾਬਰ ਮਜ਼ਦੂਰੀ ਮਿਲ਼ਦੀ ਹੈ।

100 ਰੁਪਏ ਕਮਾਉਣ ਵਾਸਤੇ ਇੱਕ ਕਾਰੀਗਰ ਨੂੰ ਦੋ ਘੰਟੇ ਸਖ਼ਤ ਮਿਹਨਤ ਕਰਨੀ ਪੈਂਦੀ ਹੈ।

S. K. Sheikh the owner of Taj Envelopes arranging the die on the rectangle sheets before cutting the paper in the machine
PHOTO • Umesh Solanki

ਤਾਜ ਇੰਵੇਲਪਸ ਦੇ ਮਾਲਕ ਐੱਸ.ਕੇ.ਸ਼ੇਖ ਮਸ਼ੀਨ ਰਾਹੀਂ ਕਟਾਈ ਤੋਂ ਪਹਿਲਾਂ ਕਾਗ਼ਜ਼ਾਂ ਦੇ ਆਇਤਾਕਾਰ ਦੱਥਿਆਂ ' ਤੇ ਸਾਂਚੇ ਨੂੰ ਟਿਕਾ ਰਹੇ ਹਨ


Maqbul Ahmad Jamaluddin Shaikh a worker at Om Traders operating the punching machine that cuts sheets of paper to a size and shape of ready for folding. Most workshop owners handle the cutting and punching machines themselves
PHOTO • Umesh Solanki

ਓਮ ਟ੍ਰੇਡਰਸ ਵਿਖੇ ਕੰਮ ਕਰਨ ਵਾਲ਼ੇ ਇੱਕ ਕਾਰੀਗਰ ਮਕਬੂਲ ਜਮਾਲੂਦੀਨ ਸ਼ੇਖ ਸਾਂਚੇ ਦੇ ਅਕਾਰ ਅਤੇ ਪ੍ਰਕਾਰ ਮੁਤਾਬਕ ਕਾਗ਼ਜ਼ਾਂ ਨੂੰ ਪੰਚਿਗ ਮਸ਼ੀਨ ' ਤੇ ਕੱਟ ਰਹੇ ਹਨ। ਇਸ ਤੋਂ ਬਾਅਦ, ਕੱਟੇ ਹੋਏ ਕਾਗ਼ਜ਼ਾਂ ਨੂੰ ਅਕਾਰ ਤੇ ਨਿਸ਼ਚਿਤ ਥਾਵਾਂ ਤੋਂ ਮੋੜਿਆ ਜਾਣਾ ਹੈ। ਜ਼ਿਆਦਾਤਰ ਵਰਕਸ਼ਾਪ ਮਾਲਕ ਕਟਿੰਗ ਤੇ ਪੰਚਿੰਗ ਮਸ਼ੀਨਾਂ ਨੂੰ ਖ਼ੁਦ ਚਲਾਉਂਦੇ ਹਨ


Different shapes and sizes of metal frames (called a die) are used in the punching machines
PHOTO • Umesh Solanki

ਪੰਚਿੰਗ ਮਸ਼ੀਨਾਂ ਵਿੱਚ ਅੱਡ-ਅੱਡ ਅਕਾਰ ਤੇ ਪ੍ਰਕਾਰ ਦੇ ਧਾਤੂ ਫ੍ਰੇਮ (ਸਾਂਚੇ) ਇਸਤੇਮਾਲ ਵਿੱਚ ਲਿਆਂਦੇ ਜਾਂਦੇ ਹਨ


Artisans at Om Traders counting the sheets and getting piles of 100 each ready to be folded
PHOTO • Umesh Solanki

ਓਮ ਟ੍ਰੇਡਰਸ ਦੇ ਕਾਰੀਗਰ ਕਾਗ਼ਜ਼ ਦੀਆਂ ਤਹਿਆਂ ਨੂੰ ਮੋੜਨ ਤੋਂ ਪਹਿਲਾਂ ਉਨ੍ਹਾਂ ਦੀ ਗਿਣਤੀ ਮਾਰ ਕੇ ਬੰਡਲ ਬਣਾ ਰਹੇ ਹਨ। ਇੱਕ ਬੰਡਲ ਵਿੱਚ ਕੱਟੇ ਹੋਏ ਕਾਗ਼ਜ਼ ਦੇ 100 ਟੁਕੜੇ ਹੁੰਦੇ ਹਨ


Workers begin by folding the envelope sheets to give them shape. Each flap is identified by its distinctive name – mathu (top flap), pendi (bottom flap), dhapa (right flap, where the glue will be applied), khola (let flap). Bhikbhai Rawal of Taj Envelopes is folding pendi of a large envelope to hold an x-ray
PHOTO • Umesh Solanki

ਕਾਰੀਗਰ ਕੰਮ ਦੀ ਸ਼ੁਰੂਆਤ ਲਿਫ਼ਾਫ਼ੇ ਦੇ ਕਾਗ਼ਜ਼ ਨੂੰ ਮਰੋੜ ਕੇ ਤੇ ਅਕਾਰ ਦੇਣ ਤੋਂ ਸ਼ੁਰੂ ਕਰਦੇ ਹਨ। ਹਰੇਕ ਫਲੈਪ ਆਪਣੇ ਖ਼ਾਸ ਨਾਮ ਤੋਂ ਪਛਾਣਿਆ ਜਾਂਦਾ ਹੈ ਜਿਵੇਂ ਮਾਥੂ (ਸਭ ਤੋਂ ਉਪਰਲੇ ਹਿੱਸੇ ਨੂੰ), ਪੇਂਦੀ (ਹੇਠਲੇ ਫ਼ਲੈਪ ਨੂੰ), ਢਾਪਾ (ਇੱਕ ਪਾਸੇ ਵਾਲ਼ੀ ਫ਼ਲੈਪ ਜਿੱਥੇ ਗੂੰਦ ਲਾਈ ਜਾਂਦੀ ਹੈ) ਖੋਲਾ (ਉਹ ਬੰਨਾ ਜੋ ਗੂੰਦ ਲੱਗੇ ਪਾਸੇ ਨਾਲ਼ ਜੋੜਿਆ ਜਾਂਦਾ ਹੈ) ਤਾਜ ਇੰਵੇਲਪਸ ਦੇ ਭੀਖਾਭਾਈ ਰਾਵਲ ਐਕਸ-ਰੇਅ ਲਈ ਬਣੇ ਇੱਕ ਵੱਡੇ ਲਿਫ਼ਾਫ਼ੇ ਦੀ ਪੇਂਦੀ ਨੂੰ ਮੋੜ ਰਹੇ ਹਨ


Abdul Majeed Abdul Karim Sheikh (left) and Yusuf Khan Chotukhan Pathan of Sameer envelopes are using their side of their palms on the folded dhapa and pendi to make a sharp crease
PHOTO • Umesh Solanki

ਸਮੀਰ ਇੰਵੇਲਪਸ ਦੇ ਅਬਦੁਲ ਮਜੀਦ ਕਰੀਮ ਸ਼ੇਖ (ਖੱਬੇ) ਅਤੇ ਯੁਸੂਫ਼ ਖਾਨ ਛੋਟੂਖਾਨ ਪਠਾਨ ਆਪਣੀਆਂ ਤਲ਼ੀਆਂ ਦਾ ਮੁੱਠਾ ਬਣਾ ਕੇ ਮੁੜੇ ਹੋਏ ਢਾਪਾ ਤੇ ਪੇਂਦੀ ਦੀ ਕਰੀਜ਼ ਬਣਾ ਰਹੇ ਹਨ


Mohammad Ilyas Shaikh of Dhruv Envelopes, using his fist on the side flap. He works on 100 envelopes at a time and needs to repeat the same action some 16 times leaving the sides of his palm sore
PHOTO • Umesh Solanki

ਧਰੁਵ ਇੰਵੇਲਪਸ ਦੇ ਮੁਹੰਮਦ ਇਲਿਯਾਸ ਸ਼ੇਖ, ਪਾਸੇ ਦੇ ਫਲੈਪਾਂ ਨੂੰ ਆਪਣੀਆਂ ਮੁੱਠੀਆਂ ਨਾਲ਼ ਠੋਕਦੇ ਹੋਏ। ਉਹ ਇੱਕੋ ਵੇਲ਼ੇ 100 ਲਿਫ਼ਾਫ਼ਿਆਂ ਨੂੰ ਤਿਆਰ ਕਰਨ ਕਦਾ ਕੰਮ ਕਰਦੇ ਹਨ ਤੇ ਇੱਕ ਲਿਫ਼ਾਫ਼ੇ ' ਤੇ ਕਰੀਬ 16 ਵਾਰ ਠੁਕਾਈ ਕਰਨੀ ਪੈਂਦੀ ਹੈ। ਇੰਝ ਕਰਨ ਨਾਲ਼ ਉਨ੍ਹਾਂ ਦੀਆਂ ਤਲ਼ੀਆਂ ਦੇ ਬੰਨੇ ਸੁੱਜ ਜਾਂਦੇ ਹਨ


Abdul Ghaffar Gulabbhai Mansuri at Taj Envelopes uses mal todvano patthar (a folding stone) on the bottom flap. The ‘stone’ is actually a piece of iron weighing about a kilogram and a half and is an essential tool in the process
PHOTO • Umesh Solanki

ਤਾਜ ਇੰਵੇਲਪਸ ਦੇ ਅਬਦੁਲ ਗੱਫ਼ਾਰ ਗੁਲਾਬਭਾਈ ਮੰਸੂਰੀ ਹੇਠਲੇ ਫਲੈਪ 'ਤੇ ਮਾਲ ਤੋੜਵਾਨੋ ਪੱਥਰ (ਫੋਲਡਿੰਗ ਸਟੋਨ) ਦਾ ਇਸਤੇਮਾਲ ਕਰਦੇ ਹੋਏ। ਇਹ 'ਸਟੋਨ' ਅਸਲ ਵਿੱਚ ਲੋਹੇ ਦਾ ਇੱਕ ਟੁਕੜਾ ਹੁੰਦਾ ਹੈ, ਜਿਹਦਾ ਵਜ਼ਨ ਇੱਕ ਕਿਲੋਗ੍ਰਾਮ ਦੇ ਕਰੀਬ ਹੁੰਦਾ ਹੈ। ਇਹ ਕਾਰੀਗਰਾਂ ਲਈ ਲੋੜੀਂਦਾ ਸੰਦ ਹੈ


Craftsmen use a wooden tool, known as silas to pull the right side of the stack of envelopes into a slide, making it easy to apply glue
PHOTO • Umesh Solanki

ਲਿਫ਼ਾਫ਼ਿਆਂ ਦੇ ਸੱਜੇ ਪਾਸੇ ਸੌਖੇ ਤਰੀਕੇ ਨਾਲ਼ ਗੂੰਦ ਲਾਈ ਜਾ ਸਕਣ ਵਾਸਤੇ ਫਲੈਪ ਨੂੰ ਅੰਦਰਲੇ ਪਾਸੇ ਖਿਸਕਾਇਆ ਜਾਂਦਾ ਹੈ। ਇਹਦੇ ਵਾਸਤੇ ਲੱਕੜ ਦੇ ਸੰਦ ਦੀ ਵਰਤੋਂ ਕੀਤੀ ਜਾਂਦੀ ਹੈ ਜਿਹਨੂੰ ਸਿਲਾਸ ਕਹਿੰਦੇ ਹਨ

Abdul Muttalib Mohammad Ibrahim Ansari at Taj Envelopes is applying lai (a glue made from either refined flour or tamarind seed) on the covers using a putlo , a little bundle-like tool made using thin strips of cloth tied inside a piece of rexine
PHOTO • Umesh Solanki

ਤਾਜ ਇੰਵੇਲਪਸ ਵਿੱਚ ਅਬਦੁਲ ਮੁੱਤਲਿਬ ਮੁਹੰਮਦ ਇਬਰਾਹਿਮ ਅੰਸਾਰੀ, ਕਵਰ 'ਤੇ ਇੱਕ ਪੁਤਲੋ ਦੀ ਮਦਦ ਨਾਲ਼ ਲਾਈ (ਅਰਾਰੋਟ ਜਾਂ ਇਮਲੀ ਦੇ ਬੀਜਾਂ ਤੋਂ ਤਿਆਰ ਗੂੰਦ) ਲਾ ਰਹੇ ਹਨ। ਪੁਤਲੋ ਇੱਕ ਛੋਟਾ ਜਿਹਾ ਬੰਡਲਨੁਮਾ ਸੰਦ ਹੁੰਦਾ ਹੈ ਜਿਸ ਵਿੱਚ ਰੈਕਸੀਨ ਦੇ ਇੱਕ ਟੁਕੜੇ ਅੰਦਰ ਲੀਰਾਂ ਭਰੀਆਂ ਜਾਂਦੀਆਂ ਹਨ


Sameeruddin Shaikh applying paste to dhapa , the right flap of the envelope paper. He works on 100 envelopes at a time
PHOTO • Umesh Solanki

ਸਮੀਰੂਦੀਨ ਸ਼ੇਖ, ਲਿਫ਼ਾਫ਼ੇ ਦੇ ਕਾਗ਼ਜ਼ ਦੇ ਸੱਜੇ ਫਲੈਪ (ਢਾਪਾ) 'ਤੇ ਪੇਸਟ ਲਾਉਂਦੇ ਹੋਏ। ਜ਼ਿਆਦਾਤਰ ਕਾਰੀਗਰਾਂ ਵਾਂਗਰ ਉਹ ਵੀ ਇੱਕੋ ਸਮੇਂ 100 ਲਿਫ਼ਾਫ਼ਿਆਂ 'ਤੇ ਕੰਮ ਕਰਦੇ ਹਨ


Bhikhabhai Rawal at Taj Envelopes folds the papers to paste the glued right flap on khola , the left flap
PHOTO • Umesh Solanki

ਤਾਜ ਇੰਵੇਲਪਸ ਵਿਖੇ ਭੀਖਾਭਾਈ ਰਾਵਲ ਲਾਈ ਲੱਗੇ ਸੱਜੇ ਫਲੈਪ ਨੂੰ ਖੱਬੇ ਫਲੈਪ (ਖੋਲਾ) ਨਾਲ਼ ਚਿਪਕਾਉਣ ਲਈ ਮੋੜਦੇ ਹੋਏ


Mohammad Ilyas Shaikh at Dhruv Envelope seals the bottom of the cover by fixing the glued pendi
PHOTO • Umesh Solanki

ਮੁਹੰਮਦ ਇਲਿਯਾਸ ਸ਼ੇਖ ਧਰੁਵ ਇੰਵੇਲਪਸ ਵਿਖੇ ਕਵਰ ਦੇ ਹੇਠਲੇ ਹਿੱਸੇ (ਪੇਂਦੀ) 'ਤੇ ਲਾਈ ਲਾ ਕੇ ਸੀਲ ਕਰਦੇ ਹੋਏ


Artisans at Om Traders taking a break for lunch. This is the only time in the day that they stop working
PHOTO • Umesh Solanki

ਓਮ ਟ੍ਰੇਡਰਸ ਦੇ ਕਾਰੀਗਰ ਇਕੱਠਿਆਂ ਬੈਠ ਦੁਪਹਿਰ ਦਾ ਖਾਣਾ ਖਾ ਰਹੇ ਹਨ। ਇਹੀ ਉਹ ਸਮਾਂ ਹੁੰਦਾ ਹੈ ਜਦੋਂ ਉਨ੍ਹਾਂ ਨੂੰ ਆਪੋ-ਆਪਣੇ ਲੰਬੇ ਤੇ ਅਕਾਊ ਕੰਮ ਤੋਂ ਥੋੜ੍ਹੀ ਰਾਹਤ ਮਿਲ਼ਦੀ ਹੈ


Abdul Muttalib Mohammad Ibrahim Ansari shows a large-size lamination cover that he has been making at Taj Envelopes
PHOTO • Umesh Solanki

ਤਾਜ ਇੰਵੇਲਪਸ ਵਿੱਚ ਕੰਮ ਕਰਨ ਵਾਲ਼ੇ ਅਬਦੁਲ ਮੁੱਤਲਿਬ ਮੁਹੰਮਦ ਇਬਰਾਹਿਮ ਅੰਸਾਰੀ ਇੱਕ ਵੱਡੇ ਅਕਾਰ ਦਾ ਲੈਮੀਨੇਸ਼ਨ ਕਵਰ ਦਿਖਾਉਂਦੇ ਹੋਏ ਜਿਹਨੂੰ ਉਹ ਆਪ ਤਿਆਰ ਕਰ ਰਹੇ ਹਨ


An average worker takes about six to seven minutes to get 100 envelopes ready. Shardaben Rawal(left) has been making the envelopes for the last 34 years. She learnt it while working with her husband Mangaldas Rawal (right)
PHOTO • Umesh Solanki

ਇੱਕ ਔਸਤਨ ਕਾਰੀਗਰ ਨੂੰ 100 ਲਿਫ਼ਾਫ਼ੇ ਤਿਆਰ ਕਰਨ ਵਿੱਚ ਛੇ ਤੋਂ ਸੱਤ ਮਿੰਟ ਲੱਗਦੇ ਹਨ। ਸ਼ਾਰਦਾਬੇਨ ਰਾਵਲ (ਖੱਬੇ) ਪਿਛਲੇ 34 ਸਾਲਾਂ ਤੋਂ ਲਿਫ਼ਾਫ਼ੇ ਬਣਾਉਣ ਦੇ ਕੰਮ ਵਿੱਚ ਲੱਗੀ ਹਨ। ਉਨ੍ਹਾਂ ਨੇ ਇਹ ਕਾਰੀਗਰੀ ਆਪਣੇ ਪਤੀ ਮੰਗਲਦਾਸ ਰਾਵਲ (ਸੱਜੇ) ਨਾਲ਼ ਕੰਮ ਕਰਦਿਆਂ ਸਿੱਖੀ


An envelope goes through 16 rounds in the hands of a worker during the entire process and the chances of getting your fingers cut, are high. Kaleem Sheikh shows his injured thumb
PHOTO • Umesh Solanki

ਇੱਕ ਲਿਫ਼ਾਫ਼ਾ ਬਣਨ ਦੀ ਆਪਣੀ ਪ੍ਰਕਿਰਿਆ ਦੌਰਾਨ ਸੋਲ੍ਹਾਂ ਵਾਰੀਂ ਕਾਰੀਗਰ ਦੇ ਹੱਥਾਂ ਵਿੱਚੋਂ ਦੀ ਗੁਜਰਦਾ ਹੈ। ਅਜਿਹੇ ਮੌਕੇ ਉਂਗਲਾਂ 'ਤੇ ਚੀਰੇ ਪੈਣ ਦੇ ਖ਼ਤਰੇ ਵੱਧ ਜਾਂਦੇ ਹਨ। ਕਲੀਮ ਸ਼ੇਖ ਆਪਣਾ ਕੱਟਿਆ ਅੰਗੂਠਾ ਦਿਖਾ ਰਹੇ ਹਨ


When the lai (handmade glue) touches the injured fingers they burn and pain. Kaleem Shaikh of Dhruv Envelopes shows his recent injuries
PHOTO • Umesh Solanki

ਜਦੋਂ ਕਦੇ ਲਾਈ (ਖ਼ੁਦ ਤਿਆਰ ਕੀਤੀ ਗੂੰਦ) ਇਨ੍ਹਾਂ ਚੀਰਿਆਂ 'ਤੇ ਲੱਗ ਜਾਂਦੀ ਹੈ ਤਾਂ ਬੜਾ ਸਾੜ ਪੈਂਦਾ ਹੈ। ਧਰੁਵ ਇੰਵੇਲਪਸ ਦੇ ਕਲੀਮ ਸ਼ੇਖ ਆਪਣੇ ਹੱਥ 'ਤੇ ਪਏ ਚੀਰੇ ਤੇ ਫੱਟ ਦਿਖਾ ਰਹੇ ਹਨ, ਜੋ ਅਜੇ ਅੱਲ੍ਹੇ ਹਨ


Hanif Khan Bismillah Khan Pathan at Taj Envelopes stacks the covers with open flaps according to their sizes
PHOTO • Umesh Solanki

ਤਾਜ ਇੰਵੇਲਪਸ ਵਿਖੇ ਹਨੀਫ਼ ਖਾਨ ਬਿਸਮਿਲਾਹ ਖਾਨ ਪਠਾਨ ਖੁੱਲ੍ਹੇ ਹੋਏ ਫਲੈਪਾਂ ਨਾਲ਼ ਕਵਰ ਦੇ ਢੇਰ ਨੂੰ ਤਰਤੀਬਬੱਧ ਕਰ ਰਹੇ ਹਨ। ਇਹ ਢੇਰ ਲਿਫ਼ਾਫ਼ਿਆਂ ਦੇ ਅਕਾਰ ਅਤੇ ਗਿਣਤੀ ਮੁਤਾਬਕ ਬਣਾਏ ਜਾਂਦੇ ਹਨ


Mohammad Hanif Nurgani Shaikh closes the mouth of the envelope by folding the top flap. He is the current president of the envelope workers union
PHOTO • Umesh Solanki

ਮੁਹੰਮਦ ਹਨੀਫ਼ ਨੂਰਗਨੀ ਸੇਖ ਉਪਰਲੇ ਫਲੈਪਾਂ ਨੂੰ ਮਰੋੜ ਕੇ ਲਿਫ਼ਾਫ਼ਿਆਂ ਦਾ ਮੂੰਹ ਬੰਦ ਕਰ ਰਹੇ ਹਨ। ਉਹ ਇੰਵੇਲਪਸ ਵਰਕਰਸ ਯੂਨੀਅਨ ਦੇ ਮੌਜੂਦਾ ਪ੍ਰਧਾਨ ਵੀ ਹਨ


The finished envelopes are packed in bundles of hundred each by Hanif Pathan
PHOTO • Umesh Solanki

ਤਿਆਰ ਹੋ ਚੁੱਕੇ ਲਿਫ਼ਾਫ਼ਿਆਂ ਨੂੰ ਸੌ-ਸੌ ਦੇ ਬੰਡਲਾਂ ਵਿੱਚ ਪੈਕ ਕਰਦੇ ਹੋਏ ਹਨੀਫ਼ ਪਠਾਨ


Shardaben Rawal placing the envelopes in a box. Other than her, there is not a single woman working in any of the 35 envelope workshops in Ahmedabad
PHOTO • Umesh Solanki

ਲਿਫ਼ਾਫ਼ਿਆਂ ਨੂੰ ਡੱਬਾ-ਬੰਦ ਕਰਦੀ ਸ਼ਾਰਧਾਬੇਨ ਰਾਵਲ। ਉਨ੍ਹਾਂ ਤੋਂ ਇਲਾਵਾ ਹੋਰ ਕੋਈ ਦੂਸਰੀ ਮਹਿਲਾ ਕਾਰੀਗਰ ਅਹਿਮਦਾਬਾਦ ਦੀਆਂ ਇਨ੍ਹਾਂ 35 ਵਰਕਸ਼ਾਪਾਂ ਵਿੱਚ ਕਿਤੇ ਵੀ ਕੰਮ ਨਹੀਂ ਕਰਦੀ


The Rawal couple giving a report on their work to Jietendra Rawal, the owner of Dhruv Envelopes. They will be paid on Saturday for the week
PHOTO • Umesh Solanki

ਰਾਵਲ ਪਤੀ-ਪਤਨੀ ਆਪਣੇ ਕੰਮਾਂ ਦਾ ਵੇਰਵਾ ਧਰੁਵ ਇੰਵੇਪਲਸ ਦੇ ਮਾਲਕ ਜੀਤੇਂਦਰ ਰਾਵਲ ਨੂੰ ਦੇ ਰਹੇ ਹਨ। ਇਸੇ ਵੇਰਵੇ ਨੂੰ ਦੇਖ ਕੇ ਸ਼ਨੀਵਾਰ ਉਨ੍ਹਾਂ ਨੂੰ ਭੁਗਤਾਨ ਕੀਤਾ ਜਾਣਾ ਹੈ


A photo of the document listing the increase in wages of artisan labour between January 1, 2022 to December 31, 2023, prepared after discussion between the two unions, of workers and manufacturers in Ahmedabad. In 2022, cover-craft prices were increased by 6 per cent
PHOTO • Umesh Solanki

ਵਰਕਰ ਯੂਨੀਅਨਾਂ ਅਤੇ ਅਹਿਮਦਾਬਾਦ ਦੇ ਲਿਫ਼ਾਫ਼ਾ ਨਿਰਮਾਤਾਵਾਂ ਵਿਚਾਲੇ ਹੋਏ ਵਿਚਾਰ-ਵਟਾਂਦਰੇ ਦੇ ਬਾਅਦ 1 ਜਨਵਰੀ 2022 ਤੋਂ ਲੈ ਕੇ 31 ਦਸੰਬਰ 2023 ਦੇ ਵਕਫ਼ੇ ਵਾਸਤੇ ਕਾਰੀਗਰਾਂ ਦੀ ਵਧੀ ਹੋਈ ਮਜ਼ਦੂਰੀ ਦੀ ਸੂਚੀ ਤਿਆਰ ਕੀਤੀ ਗਈ ਹੈ। ਸਾਲ 2022 ਵਿੱਚ ਕਵਰ-ਕ੍ਰਾਫਟ ਮੁੱਲਾਂ ਵਿੱਚ 6 ਫ਼ੀਸਦ ਦੇ ਹਿਸਾਬ ਨਾਲ਼ ਵਾਧਾ ਹੋਇਆ ਸੀ


ਲੇਖਕ ਹੋਜ਼ੇਫਾ ਉਜੈਨੀ ਨੂੰ ਸਟੋਰੀ ਰਿਪੋਰਟ ਕਰਨ ਲਈ ਦਿੱਤੇ ਸਹਿਯੋਗ ਲਈ ਸ਼ੁਕਰੀਆ ਅਦਾ ਕਰਦੇ ਹਨ।

ਤਰਜਮਾ: ਕਮਲਜੀਤ ਕੌਰ

Umesh Solanki

Umesh Solanki is an Ahmedabad-based photographer, reporter, documentary filmmaker, novelist and poet. He has three published collections of poetry, one novel-in-verse, a novel and a collection of creative non-fiction to his credit.

Other stories by Umesh Solanki
Editor : Pratishtha Pandya

Pratishtha Pandya is a Senior Editor at PARI where she leads PARI's creative writing section. She is also a member of the PARIBhasha team and translates and edits stories in Gujarati. Pratishtha is a published poet working in Gujarati and English.

Other stories by Pratishtha Pandya
Photo Editor : Binaifer Bharucha

Binaifer Bharucha is a freelance photographer based in Mumbai, and Photo Editor at the People's Archive of Rural India.

Other stories by Binaifer Bharucha
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur