ਬੁਧੂਰਾਮ ਚਿੰਦਾ ਸਹਿਮ ਨਾਲ਼ ਕੰਬ ਰਹੇ ਸਨ। ਉਨ੍ਹਾਂ ਤੋਂ ਕੁਝ ਕੁ ਗਜ਼ਾਂ ਦੀ ਦੂਰੀ 'ਤੇ ਵੱਡ-ਅਕਾਰੀ ਕਾਲ਼ੇ ਪਰਛਾਵੇਂ ਚੰਨ ਦੀ ਰੌਸ਼ਨੀ ਵਿੱਚ ਦੈਂਤ ਜਿਹੇ ਪ੍ਰਤੀਤ ਹੋ ਰਹੇ ਸਨ। 60 ਸਾਲਾ ਇਹ ਭੁੰਜੀਆ ਆਦਿਵਾਸੀ ਕਿਸਾਨ ਕਥਾਫਾਰ ਪਿੰਡ ਵਿਖੇ ਪੈਂਦੇ ਆਪਣੇ ਘਰ ਦੇ ਬੂਹੇ ਦੀ ਝੀਤ ਵਿੱਚੋਂ ਦੀ ਉਨ੍ਹਾਂ ਪਰਛਾਵਿਆਂ ਨੂੰ ਦੇਖ ਰਹੇ ਸਨ।

ਓੜੀਸ਼ਾ ਦੀ ਸੁਨਾਬੇੜਾ ਵਾਈਲਡ ਲਾਈਫ ਸੈਂਚੂਰੀ ਦੇ ਮੁੱਖ ਅਤੇ ਬਫਰ ਖੇਤਰਾਂ ਵਿਖੇ ਪੈਂਦੀਆਂ 52 ਮਨੁੱਖੀ ਬਸਤੀਆਂ ਵਿੱਚੋਂ ਇੱਕ ਵਿੱਚ ਰਹਿਣ ਵਾਲ਼ੇ ਇਸ ਕਿਸਾਨ ਲਈ ਦੈਂਤਕਾਰੀ ਥਣਧਾਰੀ ਜੀਵਾਂ ਨੂੰ ਇੰਝ ਦੇਖਣਾ ਕੋਈ ਅਸਧਾਰਨ ਗੱਲ ਨਹੀਂ ਸੀ।

ਜੋ ਵੀ ਹੋਵੇ, ਉਨ੍ਹਾਂ ਕਿਹਾ,''ਮੈਂ ਇਹ ਸੋਚ-ਸੋਚ ਕੇ ਕੰਬਣ ਲੱਗਿਆ ਕਿ ਇਨ੍ਹਾਂ ਦੀ ਟੋਲੀ ਕਿਤੇ ਅੱਖ ਦੇ ਫਰੱਕੇ ਨਾਲ਼ ਮੈਨੂੰ ਤੇ ਮੇਰੇ ਕੱਚੇ ਘਰ ਨੂੰ ਮਲ਼ੀਆਮੇਟ ਨਾ ਕਰ ਦੇਵੇ।'' ਕੁਝ ਚਿਰਾਂ ਬਾਅਦ ਉਹ ਘਰ ਦੇ ਮਗਰਲੇ ਵਿਹੜੇ ਵਿੱਚ ਗਏ ਤੇ ਤੁਲਸੀ ਦੇ ਬੂਟੇ ਕੋਲ਼ ਖੜ੍ਹੇ ਹੋ ਗਏ: ''ਮੈਂ ਮਾਂ ਲਕਸ਼ਮੀ ਅੱਗੇ ਉਨ੍ਹਾਂ ਦੈਂਤਕਾਰੀ ਥਣਧਾਰੀਆਂ ਤੋਂ ਬਚਾਉਣ ਦੀ ਪ੍ਰਾਰਥਨਾ ਕੀਤੀ। ਹੋਵੇ ਨਾ ਹੋਵੇ ਉਸ ਝੁੰਡ ਨੇ ਮੈਨੂੰ ਦੇਖ ਲਿਆ ਸੀ।''

ਬੁਧੂਰਾਮ ਦੀ ਪਤਨੀ, 55 ਸਾਲਾ ਸੁਲਕਸ਼ਮੀ ਚਿੰਦਾ ਨੇ ਵੀ ਹਾਥੀਆਂ ਦੇ ਚੀਕਣ ਦੀ ਅਵਾਜ਼ ਸੁਣੀ। ਉਸ ਵੇਲ਼ੇ ਉਹ ਇੱਕ ਕਿਲੋਮੀਟਰ ਦੂਰ ਪੈਂਦੇ ਪਿੰਡ ਵਿਖੇ ਆਪਣੇ ਘਰ ਵਿੱਚ ਸਨ। ਜਿੱਥੇ ਉਹ ਆਪਣੇ ਪੁੱਤਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ਼ ਰਹਿੰਦੀ ਹਨ।

ਕਰੀਬ ਇੱਕ ਘੰਟੇ ਬਾਅਦ ਕਿਤੇ ਜਾ ਕੇ ਹਾਥੀਆਂ ਨੇ ਇਲਾਕਾ ਛੱਡਿਆ।

ਅੱਜ ਵੀ ਦਸੰਬਰ 2020 ਦੀ ਉਸ ਘਟਨਾ ਨੂੰ ਚੇਤੇ ਕਰਦਿਆਂ ਕਿਸਾਨ ਨੂੰ ਇਹੀ ਮਹਿਸੂਸ ਹੁੰਦਾ ਜਿਵੇਂ ਉਹਦੇ ਵੱਲੋਂ ਕੀਤੀ ਪ੍ਰਾਰਥਨਾ ਰੰਗ ਲਿਆਈ।

ਇਸਲਈ, ਦਸੰਬਰ 2022 ਨੂੰ ਜਦੋਂ ਹਾਥੀਆਂ ਦੇ ਝੁੰਡ ਨੇ ਆਪਣਾ ਰਾਹ ਬਦਲਿਆ ਤਾਂ ਨਾ ਸਿਰਫ਼ ਬੁਧੂਰਾਮ ਨੇ ਹੀ, ਸਗੋਂ ਨੁਆਪਾੜਾ ਜ਼ਿਲ੍ਹੇ ਦੇ 30 ਆਦਿਵਾਸੀ ਪਿੰਡਾਂ ਦੇ ਬਾਸ਼ਿੰਦਿਆਂ ਨੇ ਸੁੱਖ ਦਾ ਸਾਹ ਲਿਆ।

PHOTO • Ajit Panda
PHOTO • Ajit Panda

ਉੜੀਸਾ ਦੇ ਸੁਨਾਬੇੜਾ ਜੰਗਲੀ ਜੀਵ (ਵਾਈਡ ਲਾਈਫ਼) ਸੈਂਚੁਰੀ ਨੇੜੇ ਸਥਿਤ ਕਥਾਫਾਰ ਦਾ ਉਹ ਘਰ ਜਿੱਥੇ ਬੁਧੂਰਾਮ ਅਤੇ ਸੁਲਕਸ਼ਮੀ ਆਪਣੇ ਪਰਿਵਾਰ ਨਾਲ਼ ਰਹਿੰਦੇ ਹਨ

ਸੁਲਕਸ਼ਮੀ ਤੇ ਬੁਧੂਰਾਮ ਦੇ ਪੰਜ ਪੁੱਤ ਤੇ ਇੱਕ ਧੀ ਹੈ। ਉਨ੍ਹਾਂ ਦਾ ਪੂਰਾ ਟੱਬਰ ਆਪਣੀ 10 ਏਕੜ (ਕਿੱਲੇ) ਜ਼ਮੀਨ 'ਤੇ ਖੇਤੀ ਕਰਨ ਦੇ ਕੰਮਾਂ ਵਿੱਚ ਰੁੱਝਿਆ ਰਹਿੰਦਾ ਹੈ। ਉਨ੍ਹਾਂ ਦੇ ਦੋ ਵੱਡੇ ਪੁੱਤ ਵਿਆਹੇ ਹੋਏ ਹਨ ਤੇ ਕਥਾਫਾਰ ਪਿੰਡ ਵਿਖੇ ਆਪਣੀਆਂ ਪਤਨੀਆਂ ਤੇ ਬੱਚਿਆਂ ਨਾਲ਼ ਰਹਿੰਦੇ ਹਨ; ਬੁਧੂਰਾਮ ਤੇ ਲਕਸ਼ਮੀ 10 ਕੁ ਸਾਲ ਪਹਿਲਾਂ ਖੇਤਾਂ ਦੇ ਨੇੜਲੇ ਘਰ ਵਿੱਚ ਰਹਿਣ ਚਲੇ ਗਏ ਸਨ।

ਇਹੀ ਉਹ ਥਾਂ ਹੈ ਜਿੱਥੇ ਹਾਥੀ ਭੋਜਨ ਦੀ ਤਲਾਸ਼ ਵਿੱਚ ਘੁੰਮ ਫਿਰ ਰਹੇ ਸਨ।

ਅਗਲੀ ਸਵੇਰ ਜਦੋਂ ਬੁਧੂਰਾਮ ਆਪਣੀ ਤਬਾਹ ਹੋਈ ਜੀਰੀ ਦਾ ਜਾਇਜ਼ਾ ਲੈਣ ਖੇਤਾਂ ਵਿੱਚ ਗਏ ਤਾਂ ਉਨ੍ਹਾਂ ਕੀ ਦੇਖਿਆ ਕਿ ਅੱਧ ਏਕੜ ਤੋਂ ਵੱਧ ਖੜ੍ਹੀ ਫ਼ਸਲ ਤਬਾਹ ਹੋ ਚੁੱਕੀ ਹੈ। ਇਹ ਇਲਾਕਾ ਖਾਮੁੰਡਾ (ਮੌਸਮੀ ਧਾਰਾ ਨੂੰ ਬੰਨ੍ਹ ਮਾਰ ਕੇ ਸਿੰਚਾਈ ਵਾਸਤੇ ਵਰਤਿਆ ਜਾਣਾ) ਸੀ। ਉਨ੍ਹਾਂ ਦੀਆਂ ਸਾਰੀਆਂ ਪੈਲ਼ੀਆਂ ਵਿੱਚੋਂ ਇਹੀ ਤਾਂ ਖ਼ਾਸ ਪੈਲ਼ੀ ਸੀ ਜਿਸ ਤੋਂ ਹਰ ਸਾਲ 20 ਬਰਦਾਨਾ (ਕਰੀਬ ਇੱਕ ਟਨ) ਜੀਰੀ ਦਾ ਝਾੜ ਨਿਕਲ਼ਦਾ। ''ਮੇਰੀ ਪੰਜ ਮਹੀਨਿਆਂ ਦੀ ਮਿਹਨਤ ਤਬਾਹ ਹੋ ਗਈ,'' ਉਹ ਹਿਰਖੇ ਮਨ ਨਾਲ਼ ਅੱਗੇ ਕਹਿੰਦੇ ਹਨ,''ਦੱਸੋ ਮੈਂ ਕਿਸ ਕੋਲ਼ ਸ਼ਿਕਾਇਤ ਕਰ ਸਕਦਾ ਸਾਂ?''

ਇਸ ਗੱਲ ਵਿੱਚ ਵੀ ਇੱਕ ਚੱਕਰ ਹੈ: ਉਹ ਜ਼ਮੀਨ ਜਿਹਨੂੰ ਬੁਧੂਰਾਮ ਆਪਣੀ ਕਹਿੰਦੇ ਹਨ ਤੇ ਜਿਸ 'ਤੇ ਉਹ ਸੁਲਕਸ਼ਮੀ ਨਾਲ਼ ਰਲ਼ ਕੇ ਖੇਤੀ ਕਰਦੇ ਹਨ, ਉਨ੍ਹਾਂ ਦੇ ਹੀ ਨਾਂਅ ਨਹੀਂ ਬੋਲਦੀ। ਉਹ ਤੇ ਉਨ੍ਹਾਂ ਜਿਹੇ ਹੋਰ ਕਿਸਾਨ ਜੋ 600 ਵਰਗ ਕਿਲੋਮੀਟਰ ਸੈਂਚੁਰੀ ਦੇ ਕੋਰ ਏਰੀਆ ਤੇ ਬਫ਼ਰ ਜ਼ੋਨ ਦੇ ਦਾਇਰੇ ਦੇ ਅੰਦਰ ਖੇਤੀ ਕਰਦੇ ਹਨ, ਉਨ੍ਹਾਂ ਦੀ ਜ਼ਮੀਨ ਉਨ੍ਹਾਂ ਵਿੱਚੋਂ ਕਿਸੇ ਦੇ ਨਾਮ ਨਹੀਂ ਬੋਲਦੀ ਤੇ ਨਾ ਹੀ ਉਹ ਉਹਦੇ ਬਦਲੇ ਕੋਈ ਠੇਕਾ ਹੀ ਦਿੰਦੇ ਹਨ। ''ਮੇਰੀ ਬਹੁਤੇਰੀ ਜ਼ਮੀਨ ਜਿਸ 'ਤੇ ਮੈਂ ਖੇਤੀ ਕਰਦਾ ਹਾਂ, ਜੰਗਲੀ-ਜੀਵ (ਵਾਈਡਲਾਈਫ਼) ਵਿਭਾਗ ਵਾਲ਼ਿਆਂ ਦੀ ਹੈ। ਮੈਨੂੰ ਜੰਗਲਾਤ ਅਧਿਕਾਰ ਐਕਟ [ ਅਨੁਸੂਚਿਤ ਜਨਜਾਤੀਆਂ ਅਤੇ ਹੋਰ ਰਵਾਇਤੀ ਵਣ ਨਿਵਾਸੀਆਂ (ਜੰਗਲ ਦੀ ਮਾਨਤਾ) ਅਧਿਕਾਰ ਐਕਟ ] ਪੱਟਾ [ਅਧਿਕਾਰਤ ਜ਼ਮੀਨ ਦਾ ਡੀਡ] ਅਲਾਟ ਨਹੀਂ ਕੀਤਾ ਗਿਆ ਹੈ," ਉਨ੍ਹਾਂ ਦੱਸਿਆ।

ਬੁਧੂਰਾਮ ਤੇ ਸੁਲਕਸ਼ਮੀ ਭੁੰਜੀਆ ਭਾਈਚਾਰੇ ਨਾਲ਼ ਤਾਅਲੁੱਕ ਰੱਖਦੇ ਹਨ ਤੇ ਕਥਾਫਾਰ (ਮਰਦਮਸ਼ੁਮਾਰੀ 2011) ਪਿੰਡ ਵਿਖੇ ਅਜਿਹੇ 30 ਪਰਿਵਾਰ ਹਨ। ਇੱਥੇ ਰਹਿਣ ਵਾਲ਼ੇ ਹੋਰ ਆਦਿਵਾਸੀ ਭਾਈਚਾਰੇ ਗੋਂਡ ਤੇ ਪਹਾੜੀਆ ਹਨ। ਓੜੀਸ਼ਾ ਦੇ ਨੁਆਪਾੜਾ ਜ਼ਿਲ੍ਹੇ ਦੇ ਬੋਡੇਨ ਬਲਾਕ ਵਿੱਚ ਪੈਣ ਵਾਲ਼ਾ ਉਨ੍ਹਾਂ ਦਾ ਪਿੰਡ, ਗੁਆਂਢੀ ਛੱਤੀਸਗੜ੍ਹ ਦੇ ਨੇੜੇ ਸੁਨਾਬੇੜਾ ਪਠਾਰ ਦੇ ਦੱਖਣੀ ਕਿਨਾਰੇ 'ਤੇ ਸਥਿਤ ਹੈ।

ਘੁੰਮਦੇ-ਫਿਰਦੇ ਹਾਥੀ ਅਕਸਰ ਇਸੇ ਰੂਟ ਨੂੰ ਫੜ੍ਹਦੇ ਹਨ।

PHOTO • Ajit Panda
PHOTO • Ajit Panda

ਖੱਬੇ ਪਾਸੇ: ਬੁਧੂਰਾਮ ਤੇ ਉਨ੍ਹਾਂ ਦੀ ਪਤਨੀ ਸੁਲਕਸ਼ਮੀ (ਸੱਜੇ) ਖੇਤਾਂ ਦੇ ਨਾਲ਼ ਬਣੇ ਆਪਣੇ ਘਰ ਵਿੱਚ

ਵਾਤਾਵਰਣ ਤੇ ਜੰਗਲਾਤ ਮੰਤਰਾਲੇ ਦੀ 2008-2009 ਦੀ ਸਲਾਨਾ ਰਿਪੋਰਟ ਵਿੱਚ, ਸੁਨਾਬੇੜਾ ਦੀ ਪਛਾਣ ਚਾਰ ਨਵੇਂ ਟਾਈਗਰ ਰਿਜ਼ਰਵਾਂ ਵਿੱਚੋਂ ਇੱਕ ਵਜੋਂ ਕੀਤੀ ਗਈ ਹੈ। ਚੀਤੇ ਤੋਂ ਛੁੱਟ, ਇੱਥੇ ਤੇਂਦੂਏ, ਹਾਥੀ, ਭਾਰਤੀ ਭਾਲੂ, ਭਾਰਤੀ ਬਘਿਆੜ, ਜੰਗਲੀ ਸੂਰ, ਗੌਰ ਤੇ ਜੰਗਲੀ ਕੁੱਤੇ ਵੀ ਹਨ।

ਜੰਗਲੀ ਜੀਵ ਵਿਭਾਗ ਦੇ ਅਧਿਕਾਰੀਆਂ ਨੇ ਕਥਾਫਾਰ ਸਮੇਤ ਸੁਨਾਬੇੜਾ ਅਤੇ ਪਤਦਰਹਾ ਪਠਾਰ ਖੇਤਰਾਂ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਅਤੇ ਕਈ ਗੈਰ-ਰਸਮੀ ਮੀਟਿੰਗਾਂ ਕੀਤੀਆਂ, ਜਿਨ੍ਹਾਂ ਮੀਟਿੰਗਾਂ ਦਾ ਮਕਸਦ ਸੀ ਮੁੱਖ ਖੇਤਰਾਂ ਵਿੱਚ ਰਹਿਣ ਵਾਲ਼ੇ ਪਿੰਡ ਵਾਸੀਆਂ ਨੂੰ ਮੁੜ-ਵਸੇਬੇ ਲਈ ਮਨਾਉਣ ਦੀ ਕੋਸ਼ਿਸ਼ ਕਰਨਾ। 2022 ਵਿੱਚ, ਦੋ ਪਿੰਡਾਂ- ਢੇਕੁਨਪਾਨੀ ਤੇ ਗਤੀਬੇਦਾ ਦੇ ਵਾਸੀ ਮੁੜ-ਵਸੇਬੇ ਲਈ ਰਾਜ਼ੀ ਹੋ ਗਏ।

ਜੋ ਰਾਜ਼ੀ (ਮੁੜ-ਵਸੇਬੇ ਲਈ) ਨਾ ਹੋਏ ਉਨ੍ਹਾਂ ਨੂੰ ਇਨ੍ਹਾਂ ਦੈਂਤਕਾਰੀ ਥਣਧਾਰੀਆਂ ਦਾ ਇਓਂ ਹੀ ਸਾਹਮਣਾ ਕਰਨਾ ਪੈਣਾ ਹੈ।

2016-17 ਦੀ ਜੰਗਲੀ ਜੀਵ ਜਨਗਣਨਾ ਵਿੱਚ ਕਿਹਾ ਗਿਆ ਹੈ ਕਿ ਓੜੀਸਾ ਅੰਦਰ ਵੱਡੇ ਪੱਧਰ 'ਤੇ 1976 ਹਾਥੀ ਦਰਜ ਕੀਤੇ ਗਏ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਜੰਗਲ ਦਾ ਲਗਭਗ 34 ਪ੍ਰਤੀਸ਼ਤ ਖੇਤਰ ਉਨ੍ਹਾਂ ਲਈ ਰਸਦਾਰ ਆਕਰਸ਼ਣ ਹੈ। ਵਾਈਡਲਾਈਫ਼ ਦੇ ਸਾਬਕਾ ਵਾਰਡਨ, ਮਾਇਆਧਾਰ ਸ਼ਰਾਫ਼ ਦੱਸਦੇ ਹਨ ਕਿ ਸੁਨਾਬੇੜਾ ਸੈਂਚੁਰੀ ਦੇ ਬਾਂਸ ਦੇ ਬੂਟੇ ਖ਼ਾਸ ਧਿਆਨ (ਹਾਥੀਆਂ ਦਾ) ਖਿੱਚਦੇ ਹਨ। ਉਹ ਦੱਸਦੇ ਹਨ,''ਉਹ ਸੁਨਾਬੇੜਾ-ਪਤਦਰਹਾ ਪਠਾਰ ਵਿੱਚੋਂ ਦੀ ਹੋ ਕੇ ਲੰਘਦੇ ਹਨ ਜਿੱਥੇ ਬਾਂਸ ਭਰਪੂਰ ਮਾਤਰਾ ਵਿੱਚ ਉੱਗੇ ਹੋਏ ਹਨ।'' ਨਾਲ਼ ਹੀ ਗੱਲ ਜੋੜਦੇ ਹਨ,''ਉਹ ਨੁਆਪਾੜਾ ਵੱਲੋਂ ਦਾਖ਼ਲ ਹੁੰਦੇ ਹਨ ਅਤੇ ਪੱਛਮ ਵਿੱਚ ਪੈਂਦੇ ਛੱਤੀਸਗੜ੍ਹ 'ਚੋਂ ਬਾਹਰ ਨਿਕਲ਼ਣ ਤੋਂ ਪਹਿਲਾਂ ਉਹ ਜ਼ਿਲ੍ਹੇ ਦੇ ਅੰਦਰ-ਅੰਦਰ 150 ਕਿਲੋਮੀਟਰ ਦੇ ਕਰੀਬ ਦੂਰੀ ਤੈਅ ਕਰ ਲੈਂਦੇ ਹਨ।''

ਇੱਕ ਵਾਰ ਚਰਨ ਤੋਂ ਬਾਅਦ, ਫਿਰ ਹਾਥੀ ਇੱਕ ਮਹੀਨੇ ਤੋਂ ਬਾਅਦ ਬਲਾਂਗੀਰ ਵਾਪਸ ਮੁੜਦੇ ਹਨ ਤੇ ਇਹੀ ਰੂਟ ਅਖ਼ਤਿਆਰ ਕਰਦੇ ਹਨ।

ਸਾਲ ਵਿੱਚ ਦੋ ਵਾਰ ਹੋਣ ਵਾਲੀ ਹਾਥੀਆਂ ਦੀ ਇਸ ਯਾਤਰਾ ਦੇ ਰਸਤੇ ਵਿੱਚ ਗੋਂਡ ਅਤੇ ਪਹਾੜੀਆ ਆਦਿਵਾਸੀ ਕਿਸਾਨਾਂ ਦੇ ਖੇਤ ਹਨ। ਇਹ ਕਿਸਾਨ ਇੱਥੇ ਸੁਨੇਬੇੜਾ ਸੈਂਚੁਰੀ ਦੇ ਅੰਦਰ ਅਤੇ ਇਸ ਦੇ ਨਾਲ਼ ਲੱਗਦੇ ਛੋਟੇ ਖੇਤਰਾਂ ਵਿੱਚ ਖੇਤੀ ਕਰਦੇ ਹਨ, ਜੋ ਮੀਂਹ ‘ਤੇ ਨਿਰਭਰ ਹੁੰਦੀ ਹੈ। ਆਦਿਵਾਸੀ ਰੋਜ਼ੀ-ਰੋਟੀ ਸਥਿਤੀ ਰਿਪੋਰਟ 2021 ਦੇ ਅਨੁਸਾਰ, ਓੜੀਸ਼ਾ ਵਿੱਚ ਸਰਵੇਖਣ ਕੀਤੇ ਗਏ ਆਦਿਵਾਸੀ ਪਰਿਵਾਰਾਂ ਵਿੱਚੋਂ, 14.5 ਪ੍ਰਤੀਸ਼ਤ ਬੇਜ਼ਮੀਨੇ ਹਨ ਅਤੇ 69.7 ਪ੍ਰਤੀਸ਼ਤ ਹਾਸ਼ੀਏ 'ਤੇ ਹਨ।

PHOTO • Ajit Panda
PHOTO • Ajit Panda

ਬੁਧੂਰਾਮ ਅਤੇ ਸੁਲਕਸ਼ਮੀ ਆਪਣੇ ਘਰ (ਖੱਬੇ) ਦੇ ਸਾਹਮਣੇ ਸਬਜ਼ੀਆਂ ਉਗਾਉਂਦੇ ਹਨ ਅਤੇ ਵਿਹੜੇ (ਸੱਜੇ ਪਾਸੇ) ਵਿੱਚ ਕੇਲੇ ਦੀ ਫਸਲ ਉਗਾਉਂਦੇ ਹਨ

ਕੋਮਨਾ ਰੇਂਜ ਦੇ ਇੱਕ ਸਬ-ਰੇਂਜਰ, ਸੀਬਾ ਪ੍ਰਸਾਦ ਖਮਾਰੀ ਦਾ ਕਹਿਣਾ ਹੈ ਕਿ ਹਾਥੀ ਸਾਲ ਵਿੱਚ ਦੋ ਵਾਰ ਇਸ ਖੇਤਰ ਦਾ ਦੌਰਾ ਕਰਦੇ ਹਨ - ਇੱਕ ਵਾਰ ਮੌਨਸੂਨ ਦੀ ਪਹਿਲੀ ਬਾਰਸ਼ [ਜੁਲਾਈ ਵਿੱਚ] ਵੇਲ਼ੇ ਅਤੇ ਫਿਰ ਦਸੰਬਰ ਵਿੱਚ। ਉਹ (ਸੀਬਾ) ਇਸ ਸੈਂਚੁਰੀ ਦੀ ਪੂਰੀ ਗਸ਼ਤ ਕਰਦੇ ਹਨ ਅਤੇ ਉਨ੍ਹਾਂ (ਹਾਥੀਆਂ) ਦੀ ਮੌਜੂਦਗੀ ਬਾਰੇ ਬਹੁਤ ਸਾਰਾ ਗਿਆਨ ਰੱਖਦੇ ਹਨ। ਹਾਥੀਆਂ ਦੇ ਰਸਤੇ ਬਾਰੇ ਉਹ ਕਹਿੰਦੇ ਹਨ, ਇਹ ਜਾਨਵਰ ਘਾਹ ਅਤੇ ਫਸਲਾਂ ਦੀਆਂ ਵੱਖ-ਵੱਖ ਕਿਸਮਾਂ, ਮੁੱਖ ਤੌਰ ‘ਤੇ ਸਾਉਣੀ ਦੇ ਝੋਨੇ ਨੂੰ ਚਰਦੇ ਹਨ। ਉਨ੍ਹਾਂ ਨੇ ਦਸੰਬਰ 2020 ਦੀਆਂ ਘਟਨਾਵਾਂ ਦਾ ਜ਼ਿਕਰ ਕਰਦੇ ਹੋਏ ਕਿਹਾ, "ਹਾਥੀ ਹਰ ਸਾਲ ਵੱਖ-ਵੱਖ ਪਿੰਡਾਂ ਦੀਆਂ ਫਸਲਾਂ ਅਤੇ ਘਰਾਂ ਨੂੰ ਤਬਾਹ ਕਰਦੇ ਹਨ।''

ਇਸ ਤਰ੍ਹਾਂ, ਬੁਧੂਰਾਮ ਦੀ ਖੜ੍ਹੀ ਫਸਲ ਦਾ ਤਬਾਹ ਹੋਣਾ ਕੋਈ ਅਲੋਕਾਰੀ ਗੱਲ ਨਹੀਂ ਹੈ।

ਪੀਸੀਸੀਐਫ (ਵਾਈਲਡਲਾਈਫ) ਦੀ ਅਧਿਕਾਰਤ ਵੈਬਸਾਈਟ ਅਤੇ ਓੜੀਸ਼ਾ ਦੇ ਮੁੱਖ ਜੰਗਲੀ ਜੀਵ ਵਾਰਡਨ ਦੇ ਅਨੁਸਾਰ, ਜੇ ਕਿਸੇ ਵੀ ਜੰਗਲੀ ਜਾਨਵਰ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੁੰਦਾ ਹੈ, ਤਾਂ ਉਹ ਵਪਾਰਕ ਫਸਲਾਂ ਲਈ 12,000 ਰੁਪਏ ਪ੍ਰਤੀ ਏਕੜ ਅਤੇ ਝੋਨੇ ਅਤੇ ਅਨਾਜ ਲਈ 10,000 ਰੁਪਏ ਲੈਣ ਦੇ ਯੋਗ ਹੋਣਗੇ। ਇਹ ਜੰਗਲੀ ਜੀਵ (ਸੁਰੱਖਿਆ) (ਓੜੀਸ਼ਾ) ਨਿਯਮ, 1974 ਦੇ ਨਿਯਮ ਦਾ ਹਵਾਲਾ ਹੈ।

ਪਰ ਜ਼ਮੀਨ ਦੀ ਮਲਕੀਅਤ ਦੇ ਕਿਸੇ ਵੀ ਰਿਕਾਰਡ ਤੋਂ ਬਿਨਾਂ, ਬੁਧੂਰਾਮ ਨੂੰ ਇਹ ਮੁਆਵਜ਼ਾ ਨਹੀਂ ਮਿਲ ਸਕਦਾ।

"ਮੈਨੂੰ ਇਹ ਧਰਤੀ ਆਪਣੇ ਪੂਰਵਜਾਂ ਤੋਂ ਵਿਰਸੇ ਵਿੱਚ ਮਿਲੀ ਹੈ ਪਰ 1980 ਦੇ ਜੰਗਲਾਤ ਸੰਭਾਲ ਐਕਟ ਦੇ ਕਾਨੂੰਨ ਅਨੁਸਾਰ, ਸਭ ਕੁਝ ਸਰਕਾਰ ਦਾ ਹੈ," ਬੁਧੂਰਾਮ ਕਹਿੰਦੇ ਹਨ। ਉਨ੍ਹਾਂ ਕਿਹਾ, "ਜੰਗਲੀ ਜੀਵ ਵਿਭਾਗ ਸਾਡੀਆਂ ਗਤੀਵਿਧੀਆਂ ਅਤੇ ਸਾਡੀ ਜ਼ਮੀਨ ਅਤੇ ਖੇਤੀਬਾੜੀ ਦੇ ਵਿਕਾਸ ਦੀਆਂ ਕੋਸ਼ਿਸ਼ਾਂ 'ਤੇ ਪਾਬੰਦੀਆਂ ਲਗਾਉਂਦਾ ਹੈ।''

ਇੱਥੇ ਉਹ ਕੇਂਦੂ ਦੇ ਪੱਤਿਆਂ ਦੇ ਸੰਗ੍ਰਹਿ ਦਾ ਜ਼ਿਕਰ ਕਰ ਰਹੇ ਹਨ, ਜੋ ਜੰਗਲ ਵਿੱਚ ਰਹਿਣ ਵਾਲ਼ੇ ਲੋਕਾਂ ਲਈ ਆਮਦਨ ਦਾ ਇੱਕ ਸਥਿਰ ਸਰੋਤ ਹੈ। "ਮਲਕੀਅਤ ਦਾ ਅਧਿਕਾਰ, ਛੋਟੇ ਜੰਗਲਾਤ ਉਤਪਾਦਾਂ ਨੂੰ ਇਕੱਤਰ ਕਰਨ, ਵਰਤਣ ਅਤੇ ਨਿਪਟਾਰੇ ਦਾ ਅਧਿਕਾਰ" ਨੂੰ ਵਣ ਅਧਿਕਾਰ ਐਕਟ (FRA), 2006 ਦੇ ਤਹਿਤ ਆਗਿਆ ਦਿੱਤੀ ਗਈ ਹੈ। ਹਾਲਾਂਕਿ, ਇਸ ਜੰਗਲ ਵਾਸੀ ਦਾ ਕਹਿਣਾ ਹੈ ਕਿ ਇਸ ਅਧਿਕਾਰ ਤੋਂ ਇਨਕਾਰ ਕੀਤਾ ਜਾਂਦਾ ਰਿਹਾ ਹੈ।

ਮਹੂਆ ਦੇ ਫੁੱਲ ਅਤੇ ਫਲ, ਚਾਰ , ਹਰੀਦਾ ਅਤੇ ਅਨਲਾ ਵਰਗੇ ਜੰਗਲੀ ਉਤਪਾਦਾਂ ਨੂੰ ਉਨ੍ਹਾਂ ਦੇ ਪਿੰਡ ਤੋਂ 22 ਕਿਲੋਮੀਟਰ ਦੂਰ ਬੋਡੇਨ ਦੇ ਬਾਜ਼ਾਰ ਵਿੱਚ ਚੰਗੀ ਕੀਮਤ 'ਤੇ ਵਿਕਦੇ ਹਨ। ਢੋਆ-ਢੁਆਈ ਸਹੂਲਤਾਂ ਦੀ ਘਾਟ ਕਾਰਨ ਬੁਧੂਰਾਮ ਹਰ ਵਾਰ ਬਾਜ਼ਾਰ ਜਾਣ ਤੋਂ ਅਸਮਰੱਥ ਰਹਿੰਦੇ ਹਨ। ਇਸ ਦਾ ਫਾਇਦਾ ਉਠਾਉਂਦੇ ਹੋਏ ਵਪਾਰੀ ਪਿੰਡ ਵਾਸੀਆਂ ਨੂੰ ਪੇਸ਼ਗੀ ਰਕਮ ਤਾਂ ਦੇ ਦਿੰਦੇ ਹਨ ਪਰ ਉਪਜ ਦਾ ਮੁੱਲ ਬਹੁਤ ਘੱਟ ਰੱਖਦੇ ਹਨ। ਜੇ ਅਸੀਂ ਆਪ ਬਜ਼ਾਰ ਜਾਈਏ ਤਾਂ ਵਧੀਆ ਕੀਮਤ ਮਿਲ਼ ਸਕਦੀ ਹੁੰਦੀ ਹੈ। ਉਹ ਕਹਿੰਦੇ ਹਨ, "ਪਰ ਇਸ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਹੈ।

*****

PHOTO • Ajit Panda
PHOTO • Ajit Panda

ਖੱਬੇ ਪਾਸੇ: ਮਿਰਚਾਂ ਦੇ ਬੂਟੇ ਮੁਰਗੀਆਂ ਤੋਂ ਬਚਾਉਣ ਲਈ ਮੱਛਰਦਾਨੀ ਨਾਲ਼ ਢੱਕੇ ਹੋਏ ਹਨ। ਸੱਜੇ ਪਾਸੇ: ਬੁਧੂਰਾਮ ਅਤੇ ਉਨ੍ਹਾਂ ਦੇ ਪਰਿਵਾਰ ਕੋਲ 50 ਗਾਵਾਂ ਅਤੇ ਕੁਝ ਬੱਕਰੀਆਂ ਹਨ

ਬੁਧੂਰਾਮ ਅਤੇ ਸੁਲਕਸ਼ਮੀ ਆਪਣੇ ਫਾਰਮ ਹਾਊਸ ਦੇ ਸਾਹਮਣੇ ਆਟ (ਉੱਪਰਲੀ ਜ਼ਮੀਨ) ਵਿੱਚ ਮੱਕੀ, ਬੈਂਗਣ, ਮਿਰਚਾਂ, ਥੋੜ੍ਹੇ ਸਮੇਂ ਲਈ ਝੋਨਾ ਅਤੇ ਕੁਲੋਟ (ਬੀਨ) ਅਤੇ ਅਰਹਰ ਵਰਗੀਆਂ ਦਾਲਾਂ ਉਗਾਉਂਦੇ ਹਨ। ਵਿਚਕਾਰਲੇ ਅਤੇ ਨੀਵੇਂ ਇਲਾਕਿਆਂ ਵਿੱਚ (ਸਥਾਨਕ ਤੌਰ 'ਤੇ ਬਹਿਲ ਵਜੋਂ ਜਾਣਿਆ ਜਾਂਦਾ ਹੈ), ਉਹ ਦਰਮਿਆਨੇ ਅਤੇ ਲੰਬੇ ਸਮੇਂ ਤੱਕ ਪੱਕਣ ਵਾਲੀਆਂ ਚਾਵਲ ਦੀਆਂ ਕਿਸਮਾਂ ਉਗਾਉਂਦੇ ਹਨ।

ਸਾਉਣੀ ਦੇ ਮੌਸਮ ਦੌਰਾਨ, ਸੁਲਕਸ਼ਮੀ ਪਟਾਦਰਹਾ ਜੰਗਲ ਦੇ ਖੇਤਰ ਦੇ ਨੇੜੇ ਆਪਣੇ ਖੇਤਾਂ ਵਿੱਚ ਕੰਮ ਕਰਦੀ ਹਨ ਜਿਵੇਂ- ਨਦੀਨ ਪੁੱਟਣੇ, ਪੌਦਿਆਂ ਦੀ ਦੇਖਭਾਲ ਕਰਨਾ, ਹਰੇ ਪੱਤੇ ਅਤੇ ਕੰਦ ਇਕੱਠੇ ਕਰਨਾ। "ਜਦੋਂ ਤਿੰਨ ਸਾਲ ਪਹਿਲਾਂ ਮੇਰੇ ਵੱਡੇ ਪੁੱਤਰ ਦਾ ਵਿਆਹ ਹੋਇਆ ਸੀ, ਉਦੋਂ ਤੋਂ ਹੀ ਮੈਂ ਖਾਣਾ ਪਕਾਉਣ ਦੇ ਕੰਮ ਤੋਂ ਮੁਕਤ ਹਾਂ। ਹੁਣ ਮੇਰੀ ਨੂੰਹ ਨੇ ਜ਼ਿੰਮੇਦਾਰੀ ਚੁੱਕੀ ਹੈ," ਉਨ੍ਹਾਂ ਕਿਹਾ।

ਪਰਿਵਾਰ ਕੋਲ ਲਗਭਗ 50 ਪਸ਼ੂ ਹਨ, ਜਿਨ੍ਹਾਂ ਵਿੱਚ ਤਿੰਨ ਜੋੜੇ ਬਲਦ ਅਤੇ ਇੱਕ ਜੋੜੀ ਮੱਝਾਂ ਵੀ ਸ਼ਾਮਲ ਹਨ। ਬਲਦ ਜ਼ਮੀਨ ਨੂੰ ਵਾਹੁਣ ਵਿੱਚ ਮਦਦ ਕਰਦੇ ਹਨ - ਪਰਿਵਾਰ ਕੋਲ ਖੇਤੀ ਵਾਸਤੇ ਕੋਈ ਮੈਕੇਨਿਕਲ ਸੰਦ ਨਹੀਂ ਹਨ।

ਬੁਧੂਰਾਮ ਦਾ ਕੰਮ ਗਊਆਂ ਚੋਣੀਆਂ ਅਤੇ ਬੱਕਰੀਆਂ ਅਤੇ ਭੇਡਾਂ ਨੂੰ ਚਰਾਉਣ ਲਈ ਲਿਜਾਣਾ ਹੈ। ਉਹ ਆਪਣੀ ਖ਼ਪਤ ਵਾਸਤੇ ਕੁਝ ਬੱਕਰੀਆਂ ਵੀ ਪਾਲ ਰਹੇ ਹਨ। ਹਾਲਾਂਕਿ ਪਿਛਲੇ ਦੋ ਸਾਲਾਂ ਵਿੱਚ ਪਰਿਵਾਰ ਨੂੰ ਜੰਗਲੀ ਜਾਨਵਰਾਂ ਹੱਥੋਂ ਨੌਂ ਬੱਕਰੀਆਂ ਗੁਆਉਣੀਆਂ ਪਈਆਂ ਹਨ, ਪਰ ਉਹ ਬੱਕਰੀ ਪਾਲਣ ਨੂੰ ਛੱਡਣਾ ਨਹੀਂ ਚਾਹੁੰਦੇ।

ਪਿਛਲੇ ਸਾਉਣੀ ਦੇ ਮੌਸਮ ਵਿੱਚ, ਬੁਧੂਰਾਮ ਨੇ ਪੰਜ ਏਕੜ ਜ਼ਮੀਨ ਵਿੱਚ ਝੋਨੇ ਦੀ ਕਾਸ਼ਤ ਕੀਤੀ ਸੀ। ਹੋਰ ਫ਼ਸਲਾਂ ਜਿਨ੍ਹਾਂ ਨੂੰ ਉਨ੍ਹਾਂ ਅਜ਼ਮਾਇਆ, ਉਹ ਸਨ- ਫਲੀਆਂ, ਮੂੰਗੀ , ਬਿਰੀ (ਉੜਦ), ਕੁਲੋਟ (ਬੀਨ), ਮੂੰਗਫਲੀ, ਮਿਰਚਾਂ, ਮੱਕੀ ਅਤੇ ਕੇਲਾ । ਉਨ੍ਹਾਂ ਕਿਹਾ, "ਮੈਨੂੰ ਪਿਛਲੇ ਸਾਲ ਮੂੰਗੀ ਦੀ ਫਸਲ ਤੋਂ ਇੱਕ ਵੀ ਦਾਣਾ ਨਹੀਂ ਮਿਲਿਆ ਕਿਉਂਕਿ ਬਹੁਤ ਜ਼ਿਆਦਾ ਠੰਡ ਕਾਰਨ ਫਸਲ ਖਰਾਬ ਹੋ ਗਈ ਸੀ, ਪਰ ਇਸ ਦੀ ਭਰਪਾਈ ਹੋਰ ਦਾਲਾਂ ਦੁਆਰਾ ਕੀਤੀ ਗਈ ਸੀ।''

ਸੁਲਕਸ਼ਮੀ ਕਹਿੰਦੀ ਹਨ, "ਆਪਣੀ ਖ਼ਪਤ ਲਈ ਲਗਭਗ ਦੋ ਟਨ ਝੋਨਾ ਅਤੇ ਬਹੁਤ ਸਾਰੀਆਂ ਦਾਲਾਂ, ਰਾਗੀ, ਸਬਜ਼ੀਆਂ ਅਤੇ ਤੇਲ ਬੀਜਾਂ ਦੀ ਲੋੜ ਹੁੰਦੀ ਹੈ।'' ਪਤੀ-ਪਤਨੀ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਰਸਾਇਣਕ ਖਾਦਾਂ ਜਾਂ ਕੀਟਨਾਸ਼ਕਾਂ ਦੀ ਵਰਤੋਂ ਨਹੀਂ ਕਰਦੇ; ਗਾਂ ਦਾ ਗੋਬਰ ਅਤੇ ਪਿਸ਼ਾਬ ਅਤੇ ਫਸਲਾਂ ਦੀ ਰਹਿੰਦ-ਖੂੰਹਦ ਕਾਫ਼ੀ ਚੰਗੀ ਖ਼ਾਦ ਰਹਿੰਦੀ ਹੈ। ਬੁਧੂਰਾਮ ਨੇ ਕਿਹਾ, "ਜੇ ਅਸੀਂ ਕਹਿੰਦੇ ਹਾਂ ਕਿ ਸਾਨੂੰ ਸਮੱਸਿਆਵਾਂ ਹਨ ਜਾਂ ਭੋਜਨ ਦੀ ਘਾਟ ਹੈ, ਤਾਂ ਇਹ ਧਰਤੀ ਨੂੰ ਦੋਸ਼ ਦੇਣ ਵਰਗਾ ਹੈ।''  ਸੁਲਕਸ਼ਮੀ ਪੁੱਛਦੀ ਹੈ, "ਜੇ ਤੁਸੀਂ ਧਰਤੀ ਦਾ ਹਿੱਸਾ ਨਹੀਂ ਬਣਦੇ ਹੋ ਤਾਂ ਧਰਤੀ ਮਾਤਾ ਭੋਜਨ ਕਿਵੇਂ ਪ੍ਰਦਾਨ ਕਰੇਗੀ?''

ਪੌਦੇ/ਪਨੀਰੀ ਲਗਾਉਣ, ਨਦੀਨਾਂ ਪੁੱਟਣ ਅਤੇ ਵਾਢੀ ਜਿਹੇ ਰੁਝੇਵਿਆਂ ਭਰੇ ਕੰਮਾਂ ਦੌਰਾਨ, ਸਾਰਾ ਪਰਿਵਾਰ ਕੰਮ ਕਰਦਾ ਹੈ ਅਤੇ ਉਹ ਦੂਜਿਆਂ ਦੀ ਜ਼ਮੀਨ 'ਤੇ ਵੀ ਕੰਮ ਕਰਦੇ ਹਨ; ਜ਼ਿਆਦਾਤਰ ਅਦਾਇਗੀ ਝੋਨੇ ਰਾਹੀਂ ਕੀਤੀ ਜਾਂਦੀ ਹੈ।

PHOTO • Ajit Panda

2020 ਵਿੱਚ ਹਾਥੀਆਂ ਦੁਆਰਾ ਝੋਨੇ ਦੇ ਖੇਤ ਤਬਾਹ ਕਰ ਦਿੱਤੇ ਗਏ ਸਨ। ਅਗਲੇ ਸਾਲ, 2021 ਵਿੱਚ, ਝੋਨੇ ਦੀ ਕਾਸ਼ਤ ਬਿਨਾਂ ਕਿਸੇ ਬਿਜਾਈ ਦੇ ਹੋਈ। 'ਮੈਂ ਦੇਖਿਆ ਕਿ ਹਾਥੀਆਂ ਦੇ ਕੁਚਲੇ ਜਾਣ ਕਾਰਨ ਬੀਜ ਜ਼ਮੀਨ 'ਤੇ ਡਿੱਗ ਰਹੇ ਸਨ। ਮੈਨੂੰ ਯਕੀਨ ਸੀ ਕਿ ਉਹ ਉੱਗਣਗੇ,' ਬੁਧੂਰਾਮ ਕਹਿੰਦੇ ਹਨ

ਜਿਸ ਸਾਲ ਹਾਥੀਆਂ ਨੇ ਝੋਨੇ ਦੇ ਖੇਤ ਤਬਾਹ ਕੀਤੇ, ਉਸ ਤੋਂ ਅਗਲੇ ਸਾਲ, 2021 ਵਿੱਚ, ਝੋਨੇ ਦੀ ਕਾਸ਼ਤ ਬਿਨਾਂ ਕਿਸੇ ਬਿਜਾਈ ਦੇ ਹੋਈ। "ਮੈਂ ਦੇਖਿਆ ਸੀ ਕਿ ਹਾਥੀਆਂ ਵੱਲੋਂ ਕੁਚਲੇ ਜਾਣ ਕਾਰਨ ਬੀਜ ਜ਼ਮੀਨ 'ਤੇ ਡਿੱਗ ਰਹੇ ਸਨ। ਮੈਨੂੰ ਯਕੀਨ ਸੀ ਕਿ ਉਹ ਉੱਗਣਗੇ,'' ਬੁਧੂਰਾਮ ਕਹਿੰਦੇ ਹਨ। "ਮਾਨਸੂਨ ਦੀ ਪਹਿਲੀ ਵਰਖਾ ਵਿਚ ਹੀ ਬੀਜ ਪੁੰਗਰ ਗਏ ਅਤੇ ਮੈਂ ਉਨ੍ਹਾਂ ਦੀ ਦੇਖਭਾਲ ਕੀਤੀ। ਮੈਨੂੰ ਬਿਨਾਂ ਕਿਸੇ ਵਿੱਤੀ ਨਿਵੇਸ਼ ਦੇ ਝੋਨੇ ਦੀਆਂ 20 ਬੋਰੀਆਂ [ਇੱਕ ਟਨ] ਮਿਲ ਗਈਆਂ।''

ਇਹ ਆਦਿਵਾਸੀ ਕਿਸਾਨ ਕਹਿੰਦਾ ਹੈ, "ਸਰਕਾਰ ਨੂੰ ਇਹ ਸਮਝ ਨਹੀਂ ਆਉਂਦੀ ਕਿ ਸਾਡੀ ਜ਼ਿੰਦਗੀ ਕੁਦਰਤ ਨਾਲ਼ ਕਿਵੇਂ ਅਟੁੱਟ ਤੌਰ 'ਤੇ ਜੁੜੀ ਹੋਈ ਹੈ। ਇਹ ਮਿੱਟੀ, ਪਾਣੀ ਅਤੇ ਦਰੱਖਤ, ਜਾਨਵਰ, ਪੰਛੀ ਅਤੇ ਕੀੜੇ-ਮਕੌੜੇ - ਉਨ੍ਹਾਂ ਦੀ ਹੋਂਦ ਨੂੰ ਕਾਇਮ ਰੱਖਣ ਲਈ ਇੱਕ ਦੂਜੇ ਦੀ ਮਦਦ ਕਰਦੇ ਹਨ।"

*****

ਹਾਥੀਆਂ ਦੀ ਚਹਿਲ-ਕਦਮੀ ਖੇਤਰ ਵਿੱਚ ਇੱਕ ਹੋਰ ਸਮੱਸਿਆ ਦਾ ਕਾਰਨ ਬਣਦੀ ਹੈ। ਇਹ ਹਾਥੀ ਬਿਜਲੀ ਦੀਆਂ ਖੁੱਲ੍ਹੀਆਂ ਤਾਰਾਂ ਨੂੰ ਪੈਰਾਂ ਨਾਲ਼ ਖਿੱਚ-ਖਿੱਚ ਕੇ ਹੇਠਾਂ ਵੱਲ ਕਰਦੇ ਜਾਂਦੇ ਹਨ। ਇਸ ਕਾਰਨ ਜ਼ਿਲ੍ਹੇ ਦੇ ਕੋਮਨਾ ਅਤੇ ਬੋਡੇਨ ਡਿਵੀਜ਼ਨਾਂ ਦੇ ਪਿੰਡਾਂ ਨੂੰ ਉਦੋਂ ਤੱਕ ਬਗ਼ੈਰ ਬਿਜਲੀ ਰਹਿਣਾ ਪੈਂਦਾ ਹੈ ਜਦੋਂ ਤੱਕ ਕਿ ਮੁਰੰਮਤ ਨਹੀਂ ਹੋ ਜਾਂਦੀ।

2021 ਵਿੱਚ, 30 ਹਾਥੀਆਂ ਦਾ ਇੱਕ ਝੁੰਡ ਓੜੀਸ਼ਾ ਦੇ ਗੰਧਾਮਰਦਨ ਜੰਗਲ ਰੇਂਜ ਤੋਂ ਸੀਤਾਨਾਦੀ ਸੈਂਚੁਰੀ ਰਾਹੀਂ ਹੁੰਦਾ ਹੋਇਆ ਗੁਆਂਢੀ ਛੱਤੀਸਗੜ੍ਹ ਚਲਾ ਗਿਆ ਸੀ। ਉੱਤਰ-ਪੂਰਬ ਵੱਲ ਜਾਣ ਦਾ ਉਨ੍ਹਾਂ ਦਾ ਰਸਤਾ, ਜਿਵੇਂ ਕਿ ਜੰਗਲਾਤ ਵਿਭਾਗ ਨੇ ਮੈਪ ਕੀਤਾ ਸੀ, ਬਲਾਂਗੀਰ ਜ਼ਿਲ੍ਹੇ ਰਾਹੀਂ ਨੁਆਪਾੜਾ ਜ਼ਿਲ੍ਹੇ ਦੇ ਖੋਲੀ ਪਿੰਡ ਵੱਲ ਸੀ। ਉਨ੍ਹਾਂ ਵਿਚੋਂ ਦੋ ਹਾਥੀ ਦਸੰਬਰ 2022 ਨੂੰ ਉਸੇ ਰਸਤਿਓਂ ਵਾਪਸ ਵੀ ਆ ਗਏ ਸਨ।

ਸੁਨਾਬੇੜਾ ਪੰਚਾਇਤ ਹੇਠ ਆਉਂਦੇ 30 ਪਿੰਡਾਂ ਵਿੱਚੋਂ ਦੀ ਲੰਘਦਿਆਂ ਆਪਣੀ ਸਾਲਾਨਾ ਯਾਤਰਾ 'ਤੇ ਜਾਣ ਦੀ ਬਜਾਏ, ਉਹ ਸਿੱਧੇ ਸੁਨਾਬੇੜਾ ਵਾਈਲਡ ਲਾਈਫ ਸੈਂਚੂਰੀ ਵਿੱਚ ਦਾਖਲ ਹੋਏ ਅਤੇ ਉਸੇ ਰਸਤੇ 'ਤੇ ਚੱਲਦੇ ਹੋਏ ਅੱਗੇ ਵੱਧਦੇ ਗਏ।

ਹਰ ਇੱਕ ਨੇ ਸੁੱਖ ਦਾ ਸਾਹ ਲਿਆ।

ਤਰਜਮਾ: ਕਮਲਜੀਤ ਕੌਰ

Ajit Panda

Ajit Panda is based in Khariar town, Odisha. He is the Nuapada district correspondent of the Bhubaneswar edition of 'The Pioneer’. He writes for various publications on sustainable agriculture, land and forest rights of Adivasis, folk songs and festivals.

Other stories by Ajit Panda
Editor : Sarbajaya Bhattacharya

Sarbajaya Bhattacharya is a Senior Assistant Editor at PARI. She is an experienced Bangla translator. Based in Kolkata, she is interested in the history of the city and travel literature.

Other stories by Sarbajaya Bhattacharya
Editor : Priti David

Priti David is the Executive Editor of PARI. She writes on forests, Adivasis and livelihoods. Priti also leads the Education section of PARI and works with schools and colleges to bring rural issues into the classroom and curriculum.

Other stories by Priti David
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur