ਇਸ ਗੱਲ ਨੂੰ ਸਮਝਣ ਵਿੱਚ ਥੋੜ੍ਹਾ ਸਮਾਂ ਲੱਗਦਾ ਹੈ ਕਿ ਸ਼ੇਰਿੰਗ ਦੌਰਜੀ ਭੁਟੀਆ ਨੇ ਕਮਾਨਾਂ ਬਣਾ ਕੇ ਕਦੇ ਆਪਣਾ ਜੀਵਨ ਬਸਰ ਨਹੀਂ ਕੀਤਾ। ਇਹ ਇਸਲਈ ਵੀ ਕਿਉਂਕਿ ਉਨ੍ਹਾਂ ਦੀ ਜ਼ਿੰਦਗੀ ਇਸ ਸ਼ਿਲਪ ਅਤੇ ਕਲਾ ਵਿੱਚ ਪੂਰੀ ਤਰ੍ਹਾਂ ਲੀਨ ਹੋਈ ਪਈ ਹੈ ਅਤੇ ਬੱਸ ਇਹੀ ਕੁਝ ਹੈ ਜਿਸ ਬਾਰੇ ਇਹ 83 ਸਾਲਾ ਬਜ਼ੁਰਗ ਕਰਨੀ ਚਾਹੁੰਦਾ ਹੈ ਉਹਦਾ ਘਰ ਪਾਕਯੋਂਗ ਜ਼ਿਲ੍ਹੇ ਦੇ ਕਾਰਥੋਕ ਪਿੰਡ ਵਿਖੇ ਸਥਿਤ ਹੈ। ਕਰੀਬ 60 ਸਾਲਾਂ ਤੋਂ ਤਰਖਾਣੀ ਦੇ ਕੰਮ ਤੋਂ ਉਨ੍ਹਾਂ ਦੇ ਗੁਜ਼ਾਰਾ ਚੱਲਦਾ ਰਿਹਾ ਹੈ ਖ਼ਾਸ ਕਰਕੇ ਉਹ ਫ਼ਰਨੀਚਰਾਂ ਦੀ ਮੁਰੰਮਤ ਦਾ ਕੰਮ ਕਰਦੇ ਹਨ। ਪਰ ਜਿਵੇਂ ਕਿ ਉਹ ਦੱਸਦੇ ਹਨ ਉਨ੍ਹਾਂ ਨੂੰ ਮੁੱਖ ਪ੍ਰੇਰਣਾ ਤਾਂ ਤੀਰਅੰਦਾਜ਼ੀ ਤੋਂ ਮਿਲ਼ੀ ਜੋ ਸ਼ੌਕ ਸਿੱਕਮ ਦੇ ਲੋਕਾਂ ਅੰਦਰ ਡੂੰਘਾ ਵੱਸਿਆ ਹੋਇਆ ਹੈ।

ਉਹ ਬਤੌਰ ਹੁਨਰਮੰਦ ਤਰਖਾਣ ਦਾ ਕੰਮ ਕਰਦਿਆਂ ਹੋਇਆਂ ਵੀ ਇਸੇ ਟੇਕ 'ਤੇ ਬੈਠ ਰਹੇ ਕਿ ਕਦੇ ਤਾਂ ਉਨ੍ਹਾਂ ਨੂੰ ਪਾਕਯੋਂਗ ਦੇ ਕਮਾਨ ਨਿਰਮਾਤਾ ਵਜੋਂ ਜਾਣਿਆ ਜਾਵੇਗਾ।

''ਮੈਂ ਕੋਈ 10 ਜਾਂ 12 ਸਾਲਾਂ ਦਾ ਸਾਂ ਜਦੋਂ ਤੋਂ ਮੈਂ ਲੱਕੜ ਨਾਲ਼ ਚੀਜ਼ਾਂ ਬਣਾਉਣੀਆਂ ਸ਼ੁਰੂ ਕੀਤੀਆਂ। ਹੌਲ਼ੀ-ਹੌਲ਼ੀ ਮੇਰੇ ਹੱਥਾਂ ਨੇ ਕਮਾਨ ਨੂੰ ਅਕਾਰ ਦੇਣਾ ਸ਼ੁਰੂ ਕਰ ਦਿੱਤਾ ਅਤੇ ਲੋਕ ਵੀ ਉਨ੍ਹਾਂ ਨੂੰ ਖਰੀਦਣ ਲੱਗੇ। ਬੱਸ ਇਹੀ ਹੈ ਕਹਾਣੀ ਇਸ ਕਮਾਨ ਘਾੜ੍ਹੇ ਦੀ,'' ਸ਼ੇਰਿੰਗ ਪਾਰੀ (PARI) ਨੂੰ ਕਹਿੰਦੇ ਹਨ।

''ਪਹਿਲਾਂ-ਪਹਿਲ, ਕਮਾਨਾਂ ਕੁਝ ਵੱਖਰੇ ਤਰੀਕੇ ਨਾਲ਼ ਘੜ੍ਹੀਆਂ ਜਾਂਦੀਆਂ ਸਨ,'' ਆਪਣੀਆਂ ਕੁਝ ਘੜ੍ਹੀਆਂ ਕਮਾਨਾਂ ਨੂੰ ਦਿਖਾਉਂਦਿਆਂ ਉਹ ਕਹਿੰਦੇ ਹਨ। ''ਪਹਿਲਾਂ ਵਾਲ਼ੀ ਕਿਸਮ ਨੂੰ ਤਬਜੂ (ਨੇਪਾਲੀ ਵਿੱਚ) ਕਿਹਾ ਜਾਂਦਾ ਸੀ। ਇਹਨੂੰ ਬਣਾਉਣ ਲਈ ਸੋਟੀ ਦੇ ਦੋ ਆਮ ਟੁਕੜਿਆਂ ਨੂੰ ਆਪਸ ਵਿੱਚ ਜੋੜ ਕੇ, ਬੰਨ੍ਹਿਆ ਜਾਂਦਾ ਅਤੇ ਫਿਰ ਚਮੜਾ ਲਪੇਟ ਕੇ ਢੱਕ ਦਿੱਤਾ ਜਾਂਦਾ ਹੈ। ਅੱਜਕੱਲ੍ਹ ਅਸੀਂ ਜੋ ਨਿਵੇਕਲੀ ਕਮਾਨ ਬਣਾਉਂਦੇ ਹਾਂ ਉਹਨੂੰ 'ਬੋਟ ਡਿਜ਼ਾਇਨ' (boat design) ਕਿਹਾ ਜਾਂਦਾ ਹੈ। ਇੱਕ ਕਮਾਨ ਨੂੰ ਬਣਾਉਣ ਵਿੱਚ ਘੱਟੋ-ਘੱਟ ਤਿੰਨ ਦਿਨ ਲੱਗਦੇ ਹਨ। ਪਰ ਤਿੰਨ ਦਿਨ ਵੀ ਇੱਕ ਜੁਆਨ ਹੱਥ ਨੂੰ ਲੱਗਦੇ ਹਨ ਅਤੇ ਇੱਕ ਬਜ਼ੁਰਗ ਹੱਥ ਨੂੰ ਥੋੜ੍ਹੇ ਵੱਧ ਦਿਨ ਲੱਗਦੇ ਹਨ,'' ਸ਼ੇਰਿੰਗ ਚਿਹਰੇ 'ਤੇ ਸ਼ਰਾਰਤੀ ਮੁਸਕਾਨ ਖਿੰਡਾਈ ਕਹਿੰਦੇ ਹਨ।

Left: Tshering Dorjee with pieces of the stick that are joined to make the traditional tabjoo bow. Right: His elder son, Sangay Tshering (right), shows a finished tabjoo
PHOTO • Jigyasa Mishra
Left: Tshering Dorjee with pieces of the stick that are joined to make the traditional tabjoo bow. Right: His elder son, Sangay Tshering (right), shows a finished tabjoo
PHOTO • Jigyasa Mishra

ਖੱਬੇ : ਸ਼ੇਰਿੰਗ ਦੋਰਜੀ ਹੱਥ ਵਿੱਚ ਸੋਟੀ ਦੇ ਟੁਕੜੇ ਫੜ੍ਹੀ ਜਿਨ੍ਹਾਂ ਨੂੰ ਜੋੜ ਕੇ ਪੁਰਾਣਾ ਤਬਜੂ ਕਮਾਨ ਬਣਾਇਆ ਜਾਂਦਾ ਹੈ। ਸੱਜੇ : ਉਨ੍ਹਾਂ ਦਾ ਵੱਡਾ ਬੇਟਾ, ਸੰਗੈ ਸ਼ੇਰਿੰਗ (ਸੱਜੇ), ਇੱਕ ਮੁਕੰਮਲ ਤਬਜੂ ਦਿਖਾਉਂਦਾ ਹੋਇਆ

ਸ਼ੇਰਿੰਗ ਕਰੀਬ ਛੇ ਦਹਾਕਿਆਂ ਤੋਂ ਕਮਾਨ ਅਤੇ ਤੀਰ ਬਣਾਉਂਦੇ ਆਏ ਹਨ। ਉਨ੍ਹਾਂ ਦਾ ਘਰ ਗੰਗਟੋਕ ਤੋਂ ਕਰੀਬ 30 ਕਿਲੋਮੀਟਰ ਦੂਰ, ਕਾਰਥੋਕ ਵਿਖੇ ਹੈ ਜੋ ਕਿ ਬੋਧੀ  ਮੱਠ ਲਈ ਜਾਣਿਆ ਜਾਂਦਾ ਹੈ ਅਤੇ ਸਿੱਕਮ ਦਾ ਛੇਵਾਂ ਪੁਰਾਣਾ ਮੱਠ ਇੱਥੇ ਹੀ ਹੈ। ਕਾਰਥੋਕ ਦੇ ਸਥਾਨਕ ਲੋਕ ਕਹਿੰਦੇ ਹਨ ਕਿ ਕਦੇ ਇੱਥੇ ਕਈ ਕਮਾਨ ਬਣਾਉਣ ਵਾਲ਼ੇ ਹੁੰਦੇ ਸਨ ਪਰ ਹੁਣ ਸਿਰਫ਼ ਸ਼ੇਰਿੰਗ ਹੀ ਬਚੇ ਹਨ।

ਸ਼ੇਰਿੰਗ ਦਾ ਘਰ ਕਾਰਥੋਕ ਦੇ ਜੀਵਨ ਦੀ ਰਮਣੀਕਤਾ ਨੂੰ ਦਰਸਾਉਂਦਾ ਹੈ। ਡਿਓੜੀ ਤੱਕ ਦਾ ਸਫ਼ਰ ਚਮਕਦਾਰ ਅਤੇ ਰੰਗਦਾਰ ਬਗੀਚੇ ਵਿੱਚੋਂ ਦੀ ਹੋ ਕੇ ਜਾਂਦਾ ਜਿਸ ਵਿੱਚ ਕਰੀਬ 500 ਕਿਸਮਾਂ ਦੇ ਫੁੱਲ ਅਤੇ ਪੌਦੇ ਲੱਗੇ ਹੋਏ ਹਨ। ਉਨ੍ਹਾਂ ਦੇ ਘਰ ਦੇ ਮਗਰਲੇ ਪਾਸੇ ਗ੍ਰੀਨਹਾਊਸ ਅਤੇ ਨਰਸਰੀ ਵੀ ਬਣੀ ਹੋਈ ਹੈ ਜਿੱਥੇ ਤੁਸੀਂ ਕਰੀਬ 800 ਬਗੀਚੀਆਂ ਦੇਖੋਗੇ, ਜਿਨ੍ਹਾਂ ਵਿੱਚ ਜੜ੍ਹੀਆਂ ਬੂਟੀਆਂ, ਸਜਾਵਟੀ ਬੂਟੇ ਅਤੇ ਬੋਨਸੋਈ ਪੌਦੇ ਮਿਲ਼ਣਗੇ। ਇਹ ਜ਼ਿਆਦਾਤਰ ਉਨ੍ਹਾਂ ਦੇ ਸਾਰਿਆਂ ਤੋਂ ਵੱਡੇ ਬੇਟੇ 39 ਸਾਲਾ ਸਾਂਗੇ ਸ਼ੇਰਿੰਗ ਦੀ ਮਿਹਨਤ ਹੈ। ਉਹ ਇੱਕ ਬਹੁਤ ਹੀ ਹੁਨਰਮੰਦ ਬਾਗ਼ਬਾਨ ਹਨ। ਸਾਂਗੇ ਵੰਨ-ਸੁਵੰਨੇ ਢੰਗ ਨਾਲ਼ ਬਗੀਚੇ ਸਜਾਉਂਦੇ ਹਨ ਅਤੇ ਪੌਦੇ ਵੇਚਦੇ ਹਨ। ਇੱਥੋਂ ਤੱਕ ਕਿ ਉਹ ਲੋਕਾਂ ਨੂੰ ਬਾਗ਼ਬਾਨੀ ਸਿਖਾਉਂਦੇ ਹਨ ਅਤੇ ਪ੍ਰੇਰਿਤ ਵੀ ਕਰਦੇ ਹਨ।

''ਅਸੀਂ ਛੇ ਜਣੇ ਇੱਥੇ ਰਹਿੰਦੇ ਹਾਂ, ਮੈਂ, ਮੇਰੀ ਪਤਨੀ ਦਾਵਤੀ ਭੁਟੀਆ (64 ਸਾਲਾ), ਮੇਰਾ ਬੇਟਾ ਸ਼ਾਂਗੇ ਸ਼ੇਰਿੰਗ ਅਤੇ ਉਹਦੀ ਪਤਨੀ 36 ਸਾਲਾ ਤਾਸ਼ੀ ਡੋਰਮਾ ਸ਼ੇਰਪਾ ਅਤੇ ਸਾਡੇ ਪੋਤੇ-ਪੋਤੀਆਂ, ਚਯੰਪਾ ਹੇਸਲ ਭੁਟੀਆ ਅਤੇ ਰਾਂਗਸੇਲ ਭੁਟੀਆ ਵੀ,'' ਸ਼ੇਰਿੰਗ ਸਾਨੂੰ ਦੱਸਦੇ ਹਨ। ਉਨ੍ਹਾਂ ਦੇ ਇਸ ਟੱਬਰ ਤੋਂ ਇਲਾਵਾ ਕੋਈ ਹੋਰ ਵੀ ਹੈ ਜੋ ਨਾਲ਼ ਰਹਿੰਦਾ ਹੈ, ਉਹ ਹੈ ਪਿਆਰਾ ਕੁੱਤਾ ਡੌਲੀ ਜੋ ਪਿਛਲੇ ਤਿੰਨ ਸਾਲਾਂ ਤੋਂ ਚਯੰਪਾ ਦਾ ਸਾਥੀ ਹੈ। ਰਾਂਗਸੇਲ ਦੀ ਉਮਰ ਤਾਂ ਅਜੇ ਦੋ ਸਾਲ ਵੀ ਨਹੀਂ।

ਸ਼ੇਰਿੰਗ ਦੇ ਦੂਸਰੇ ਬੇਟੇ, 33 ਸਾਲਾ ਸੋਨਮ ਪਲਾਜ਼ੋਰ ਭੁਟੀਆ ਦਿੱਲੀ ਵਿੱਖੇ ਤਾਇਨਾਤ ਸਿੱਕਮ ਦੀ ਇੰਡੀਆ ਰਿਜ਼ਰਵ ਬਟਾਲਿਅਨ ਵਿੱਚ ਕੰਮ ਕਰਦੇ ਹਨ ਅਤੇ ਉੱਥੇ ਆਪਣੀ ਪਤਨੀ ਅਤੇ ਬੇਟੇ ਦੇ ਨਾਲ਼ ਰਹਿੰਦੇ ਹਨ। ਤਿਓਹਾਰਾਂ ਅਤੇ ਛੁੱਟੀਆਂ ਦੌਰਾਨ ਸੋਨਮ, ਕਾਰਥੋਕ ਵਿਖੇ ਆਪਣੇ ਪਿਤਾ ਨੂੰ ਮਿਲ਼ਣ ਆਉਂਦੇ ਹਨ। ਸ਼ੇਰਿੰਗ ਦੇ ਬੱਚਿਆਂ ਵਿੱਚ ਸਭ ਤੋਂ ਵੱਡੀ ਇੱਕ ਧੀ ਹੈ ਜੋ ਕਿ 43 ਸਾਲਾ ਹਨ ਅਤੇ ਉਨ੍ਹਾਂ ਦਾ ਨਾਮ ਲਹਾਮੁ ਭੁਟੀਆ ਹੈ। ਉਹ ਵਿਆਹੁਤਾ ਹਨ ਅਤੇ ਗੰਗਟੋਕ ਵਿਖੇ ਰਹਿੰਦੀ ਹਨ। ਉਸੇ ਸ਼ਹਿਰ ਵਿੱਚ ਉਨ੍ਹਾਂ ਦਾ ਸਭ ਤੋਂ ਛੋਟਾ ਬੇਟਾ, 31 ਸਾਲਾ ਸਾਂਗੇ ਗਯਾਂਪੂ ਵੀ ਰਹਿੰਦਾ ਹੈ, ਜੋ ਕਿ ਪੀ.ਐੱਚ.ਡੀ. ਕਰ ਰਿਹਾ ਹੈ। ਇਹ ਪਰਿਵਾਰ ਬੋਧ ਲਾਮਾ ਭਾਈਚਾਰੇ ਨੂੰ ਮੰਨਦਾ ਹੈ ਅਤੇ ਸਿੱਕਮ ਦੀ ਪ੍ਰਮੁੱਖ ਪਿਛੜੇ ਕਬੀਲੇ ਭੁਟੀਆ ਨਾਲ਼ ਤਾਅਲੁੱਕ ਰੱਖਦਾ ਹੈ।

PHOTO • Jigyasa Mishra
PHOTO • Jigyasa Mishra

ਖੱਬਾ : ਸ਼ੇਰਿੰਗ ਦੇ ਬਗ਼ੀਚੇ ਵਿੱਚ ਕਈ ਤਰ੍ਹਾਂ ਦੇ ਫੁੱਲ ਅਤੇ ਪੌਦੇ ਲੱਗੇ ਹੋਏ ਹਨ। ਸੱਜੇ : ਸਾਂਗੇ ਸ਼ੇਰਿੰਗ ਬਾਗ਼ਬਾਨੀ ਕਰਦੇ ਹਨ ਅਤੇ ਆਪਣਾ ਬਹੁਤੇਰਾ ਸਮਾਂ ਬਗ਼ੀਚੇ ਵਿੱਚ ਹੀ ਬਿਤਾਉਂਦੇ ਹਨ। '' ਇਹ ਪੇਸ਼ੇ ਨਾਲ਼ੋਂ ਕਿਤੇ ਵੱਧ, ਮੇਰੇ ਸਿਰ ' ਤੇ ਸਵਾਰ ਇੱਕ ਭੂਤ ਹੈ '

ਅਸੀਂ ਸ਼ੇਰਿੰਗ ਦੇ ਕਮਾਨ ਦੀ ਵਰਤੋਂ ਬਾਰੇ ਜਾਣਨ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹਾਂ ਕਿ ਸਾਂਗੇ ਸਾਡੀ ਗੱਲਬਾਤ ਵਿੱਚ ਸ਼ਾਮਲ ਹੁੰਦੇ ਹਨ। ''ਪਾਪਾ ਨੇ ਇਹ ਕਮਾਨ ਮੇਰੇ ਲਈ ਬਣਾਈ ਸੀ,'' ਉਹ ਸਾਨੂੰ ਭੂਰੇ ਅਤੇ ਪੀਲੇ ਰੰਗ ਦੀ ਕਮਾਨ ਦਿਖਾਉਂਦਿਆਂ ਕਹਿੰਦੇ ਹਨ। ''ਬੱਸ ਇਸੇ ਨਾਲ਼ ਹੀ ਮੈਂ ਤੀਰਅੰਦਾਜ਼ੀ ਦਾ ਅਭਿਆਸ ਕਰਦਾ ਹਾਂ।'' ਉਹ ਆਪਣੀ ਖੱਬੀ ਬਾਂਹ ਪਿਛਾਂਹ ਖਿੱਚ ਕੇ ਕਮਾਨ ਨੂੰ ਵਰਤਣ ਦੇ ਤਰੀਕੇ ਬਾਬਤ ਦੱਸਦਿਆਂ ਕਹਿੰਦੇ ਹਨ।

ਤੀਰਅੰਦਾਜੀ, ਸਿੱਕਮ ਦੀਆਂ ਪਰੰਪਰਾਵਾਂ ਦੀਆਂ ਡੂੰਘਾਣਾਂ ਵਿੱਚ ਲੱਥੀ ਹੋਈ ਹੈ ਅਤੇ ਇੱਕ ਖੇਡ ਤੋਂ ਵੱਧ ਕੇ ਸੱਭਿਆਚਾਰ ਦਾ ਚਿੰਨ੍ਹ ਹੈ। ਆਮ ਤੌਰ 'ਤੇ ਇਹ ਫ਼ਸਲ ਦੀ ਵਾਢੀ ਤੋਂ ਬਾਅਦ ਹੀ ਜ਼ੋਰ ਫੜ੍ਹਦੀ ਹੈ ਜਦੋਂ ਤਿਓਹਾਰ ਅਤੇ ਟੂਰਨਾਮੈਂਟ ਲੋਕਾਂ ਦੇ ਇਕੱਠੇ ਹੋਣ ਦਾ ਸਬਬ ਬਣਦੇ ਹਨ ਅਤੇ ਉਨ੍ਹਾਂ ਕੋਲ਼ ਵਿਹਲ ਵੀ ਹੁੰਦੀ ਹੈ। ਸਿੱਕਮ ਦੇ ਭਾਰਤੀ ਸੰਘ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਹੀ ਇਹ ਇੱਥੋਂ ਦੀ ਰਾਸ਼ਟਰੀ ਖੇਡ ਸੀ।

ਤਰੁਣਦੀਪ ਰਾਏ ਸਿੱਕਮ ਤੋਂ ਹਨ ਜਿਨ੍ਹਾਂ ਨੇ ਦੋ ਵਾਰੀ ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ ਪਦਕ ਅਤੇ ਦੋ ਵਾਰੀ ਏਸ਼ੀਅਨ ਗੇਮਸ ਵਿੱਚ ਪਦਕ ਜਿੱਤਿਆ ਹੈ। ਇੰਨਾ ਹੀ ਨਹੀਂ ਉਹ ਏਂਥਸ (2004), ਲੰਦਨ (2012) ਅਤੇ ਟੋਕਿਓ (2021) ਓਲੰਪਿਕ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲ਼ੇ ਸ਼ਾਇਦ ਇਕਲੌਤੇ ਤੀਰਅੰਦਾਜ਼ ਹਨ। ਪਿਛਲੇ ਸਾਲ, ਸਿੱਕਮ ਦੇ ਮੁੱਖਮੰਤਰੀ ਪ੍ਰੇਮ ਸਿੰਘ ਤਮਾਂਗ-ਗੋਲੇ ਨੇ ਇਸ ਪਦਮਸ਼੍ਰੀ ਵਿਜੇਤਾ ਨੂੰ ਸਨਮਾਨਤ ਕਰਨ ਲਈ ਰਾਜ ਵਿੱਚ ਤਰੁਣਦੀਪ ਰਾਏ ਤੀਰਅੰਦਾਜ਼ੀ ਅਕਾਦਮੀ ਦੀ ਸਥਾਪਨਾ ਦਾ ਐਲਾਨ ਵੀ ਕੀਤਾ ਸੀ।

ਪੱਛਮੀ ਬੰਗਾਲ, ਨੇਪਾਲ ਅਤੇ ਭੂਟਾਨ ਦੀ ਤੀਰਅੰਦਾਜ਼ੀ ਦੀਆਂ ਟੀਮਾਂ, ਗੰਗਟੋਕ ਦੇ ਸ਼ਾਹੀ ਮਹਿਲ ਮੈਦਾਨ ਅਤੇ ਰਾਜ ਦੇ ਹੋਰਨਾਂ ਹਿੱਸਿਆਂ ਵਿੱਚ ਅਯੋਜਿਤ ਹਾਈ-ਅੰਡ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਨਿਯਮਿਤ ਰੂਪ ਵਿੱਚ ਸਿੱਕਮ ਆਉਂਦੀਆਂ ਹਨ। ਦਿਲਚਸਪ ਗੱਲ ਇਹ ਹੈ ਕਿ ਪਰੰਪਰਾਗਤ ਖੇਡ, ਰਵਾਇਤੀ ਢੰਗ-ਤਰੀਕੇ ਦੇ ਕਮਾਨ ਅਤੇ ਤੀਰਾਂ ਦੇ ਨਾਲ਼ ਖੇਡੀ ਜਾਣ ਵਾਲ਼ੀ ਖੇਡ ਹੈ ਜੋ ਸਿੱਕਮ ਵਾਸੀਆਂ ਵਿਚਾਲ਼ੇ ਅਜੇ ਵੀ ਹਰਮਨਪਿਆਰੀ ਹੈ। ਖ਼ਾਸ ਕਰਕੇ ਉਸ ਆਧੁਨਿਕ ਖੇਡ ਦੇ ਮੁਕਾਬਲੇ ਤਾਂ ਜਿੱਥੇ ਕਮਾਨ ਇੱਕ ਬਹੁਤ ਹੀ ਪੇਚੀਦਾ ਤਕਨੀਕਾਂ ਭਰਿਆ ਉਪਕਰਣ ਹੋ ਸਕਦੀ ਹੈ।

PHOTO • Jigyasa Mishra
PHOTO • Jigyasa Mishra

ਸਾਂਗੇ ਸ਼ੇਰਿੰਗ ਆਪਣੇ ਪਿਤਾ ਦੁਆਰਾ ਬਣਾਏ ਗਏ ਇੱਕ ਆਧੁਨਿਕ ਕਮਾਨ (ਖੱਬੇ) ਦੇ ਨਾਲ਼, (ਸੱਜੇ) ਨਿਸ਼ਾਨਾ ਬੰਨ੍ਹੇ ਜਾਣ ਦੇ ਅੰਦਾਜ਼ ਨੂੰ ਪੇਸ਼ ਕਰਦੇ ਹੋਏ

ਭੁਟੀਆ ਪਰਿਵਾਰ ਸਾਨੂੰ ਇੱਕ ਅਜੀਬ ਜਿਹੀ ਗੱਲ ਦੱਸਦਾ ਹੈ, ਉਹ ਇਹ ਕਿ ਇੱਥੇ ਨੇੜੇ-ਤੇੜੇ ਅਜਿਹੀ ਕੋਈ ਵੀ ਦੁਕਾਨ ਨਹੀਂ ਜਿੱਥੇ ਤੁਸੀਂ ਪਰੰਪਰਾਗਤ ਕਮਾਨ ਖਰੀਦ ਸਕਦੇ ਹੋਵੋ। ਤੀਰ ਤਾਂ ਫਿਰ ਵੀ ਸਥਾਨਕ ਬਜ਼ਾਰ ਦੀਆਂ ਕੁਝ ਕੁ ਦੁਕਾਨਾਂ 'ਤੇ ਮਿਲ਼ ਸਕਦੇ ਹਨ ਪਰ ਕਮਾਨ ਨਹੀਂ। ਸ਼ੇਰਿੰਗ ਕਹਿੰਦੇ ਹਨ,''ਜਦੋਂ ਖ਼ਰੀਦਦਾਰਾਂ ਸਥਾਨਕ ਬਜ਼ਾਰ ਜਾਂਦੇ ਹਨ ਤਾਂ ਉਨ੍ਹਾਂ ਨੂੰ ਤੀਰਅੰਦਾਜ਼ਾਂ ਤੋਂ ਸਾਡੇ ਬਾਰੇ ਪਤਾ ਚੱਲਦਾ ਹੈ ਅਤੇ ਉਹ ਫਿਰ ਸਾਡੇ ਕੋਲ਼ ਆਉਂਦੇ ਹਨ। ਇਹ ਇਲਾਕਾ ਕੋਈ ਬਹੁਤੀ ਵੱਡੀ ਥਾਂ ਨਹੀਂ ਹੈ ਅਤੇ ਸਾਡਾ ਘਰ ਲੱਭਣ ਲਈ ਕਿਸੇ ਨੂੰ ਵੀ ਮੁਸ਼ੱਕਤ ਕਰਨ ਦੀ ਲੋੜ ਨਹੀਂ ਪੈਂਦੀ। ਇੱਥੇ ਸਾਰੇ ਲੋਕ ਇੱਕ-ਦੂਸਰੇ ਨੂੰ ਜਾਣਦੇ ਹਨ।''

ਕਮਾਨ ਦੇ ਖ਼ਰੀਦਦਾਰ ਸਿੱਕਮ ਦੇ ਵੱਖ-ਵੱਖ ਹਿੱਸਿਆਂ, ਗੁਆਂਢੀ ਰਾਜਾਂ ਅਤੇ ਇੱਥੋਂ ਤੱਕ ਕਿ ਭੂਟਾਨ ਤੋਂ ਵੀ ਆਉਂਦੇ ਹਨ। ਸ਼ੇਰਿੰਗ ਨੇਪਾਲੀ ਵਿੱਚ ਕਹਿੰਦੇ ਹਨ,''ਉਹ ਗੰਗਟੋਕ ਤੋਂ ਜਾਂ ਵਾਇਆ ਗੰਗਟੋਕ ਹੁੰਦੇ ਹੋਏ ਕਾਰਥੋਕ ਆਉਂਦੇ ਹਨ।'' ਰਾਜ ਦੇ ਕਈ ਹੋਰ ਲੋਕਾਂ ਵਾਂਗਰ ਉਨ੍ਹਾਂ ਦਾ ਪਰਿਵਾਰ ਵੀ ਨੇਪਾਲੀ ਭਾਸ਼ਾ ਹੀ ਬੋਲਦਾ ਹੈ।

ਜਦੋਂ ਅਸੀਂ ਉਨ੍ਹਾਂ ਨੂੰ ਪੁੱਛਦੇ ਹਾਂ ਕਿ ਕਮਾਨ ਕਿਵੇਂ ਬਣਾਈ ਜਾਂਦੀ ਹੈ ਅਤੇ ਸ਼ੇਰਿੰਗ ਨੇ ਉਹਨੂੰ ਕਦੋਂ ਬਣਾਉਣਾ ਸਿੱਖਿਆ ਅਤੇ ਕਦੋਂ ਖ਼ੁਦ ਬਣਾਉਣਾ ਸ਼ੁਰੂ ਕੀਤਾ ਤਾਂ ਉਹ ਚੁੱਪਚਾਪ ਮਲ੍ਹਕੜੇ ਜਿਹੇ ਘਰ ਦੇ ਅੰਦਰ ਜਾਂਦੇ ਹਨ ਅਤੇ ਕੁਝ ਟਟੋਲਣ ਲੱਗਦੇ ਹਨ। ਤਿੰਨ ਕੁ ਮਿੰਟਾਂ ਬਾਅਦ ਉਹ ਮੁਸਕਰਾਉਂਦੇ ਹੋਏ ਬੜੇ ਉਤਸ਼ਾਹ ਨਾਲ਼ ਬਾਹਰ ਆਉਂਦੇ ਹਨ ਅਤੇ ਹੱਥ ਵਿੱਚ ਦਹਾਕਿਆਂ ਪੁਰਾਣਾ ਕਮਾਨ ਅਤੇ ਤੀਰ ਫੜ੍ਹੀ। ਉਨ੍ਹਾਂ ਨੇ ਉਹ ਔਜ਼ਾਰ ਵੀ ਫੜ੍ਹੇ ਹੋਏ ਹਨ ਜਿਨ੍ਹਾਂ ਦੇ ਸਹਾਰੇ ਕਮਾਨ ਬਣਾਈ ਜਾਂਦੀ ਸੀ।

''40 ਸਾਲ ਜਾਂ ਉਸ ਤੋਂ ਪਹਿਲਾਂ ਇਹ ਮੈਂ ਆਪਣੇ ਹੱਥੀਂ ਬਣਾਏ ਸਨ। ਇਨ੍ਹਾਂ ਵਿੱਚੋਂ ਕੁਝ ਤਾਂ ਜ਼ਿਆਦਾ ਹੀ ਪੁਰਾਣੇ ਹਨ, ਬੱਸ ਮੇਰੇ ਨਾਲ਼ੋਂ ਕੁਝ ਸਾਲ ਛੋਟੇ,'' ਉਹ ਮੁਸਕਰਾਉਂਦਿਆਂ ਕਹਿੰਦੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਇਨ੍ਹਾਂ ਨੂੰ ਬਣਾਉਣ ਲਈ ਬਿਜਲੀ ਨਾਲ਼ ਚੱਲਣ ਵਾਲ਼ੇ ਕਿਸੇ ਵੀ ਉਪਕਰਣ ਦਾ ਇਸਤੇਮਾਲ ਨਹੀਂ ਕੀਤਾ। ਉਹ ਕਹਿੰਦੇ ਹਨ,''ਸਾਰਾ ਕੁਝ ਹੱਥੀਂ ਬਣਾਇਆ ਗਿਆ ਸੀ।''

ਸਾਂਗੇ ਸ਼ੇਰਿੰਗ ਕਹਿੰਦੇ ਹਨ,''ਹੁਣ ਅਸੀਂ ਜਿਹੜੇ ਤੀਰਾਂ ਦੀ ਵਰਤੋਂ ਕਰਦੇ ਹਾਂ ਉਹ ਨਵੇਂ ਤਰੀਕੇ ਨਾਲ਼ ਬਣਦੇ ਹਨ। ਮੈਨੂੰ ਚੇਤੇ ਹੈ ਕਿ ਜਦੋਂ ਮੈਂ ਕਾਫ਼ੀ ਛੋਟਾ ਸਾਂ, ਤੀਰ ਦੀ ਪੂਛ ਵਾਲ਼ਾ ਹਿੱਸਾ ਅੱਡ ਕਿਸਮ ਦਾ ਹੋਇਆ ਕਰਦਾ ਸੀ। ਉਸ ਸਮੇਂ ਤੀਰ ਦੀ ਪੂਛ 'ਤੇ ਬਤਖ਼ ਦਾ ਖੰਭ ਲੱਗਿਆ ਹੁੰਦਾ ਸੀ। ਹੁਣ ਨਵੀਆਂ ਕਿਸਮਾਂ ਦੇ ਬਹੁਤੇਰੇ ਤੀਰ ਭੂਟਾਨ ਤੋਂ ਹੀ ਆਉਂਦੇ ਹਨ।'' ਸਾਂਗੇ ਮੈਨੂੰ ਤੀਰ ਫੜ੍ਹਾ ਘਰ ਦੇ ਅੰਦਰ ਜਾਂਦੇ ਹਨ ਤਾਂਕਿ ਉਹ ਮਸ਼ੀਨ ਨਾਲ਼ ਬਣਨ ਵਾਲ਼ਾ ਇੱਕ ਕਮਾਨ ਦਿਖਾ ਸਕਣ।

PHOTO • Jigyasa Mishra
PHOTO • Jigyasa Mishra

ਖੱਬੇ : ਤੀਰ, ਜਿਨ੍ਹਾਂ ਨੂੰ ਸ਼ੇਰਿੰਗ ਨੇ 40 ਸਾਲ ਪਹਿਲਾਂ ਹੱਥੀਂ ਬਣਾਇਆ ਸੀ। ਸੱਜੇ : ਔਜ਼ਾਰਾਂ ਦਾ ਉਹ ਸੈੱਟ ਜਿਨ੍ਹਾਂ ਦੀ ਵਰਤੋਂ ਨਾਲ਼ ਉਹ ਕਮਾਨ ਅਤੇ ਤੀਰ ਬਣਾਉਂਦੇ ਹਨ

''ਜੋ ਕੋਈ ਸਾਡੇ ਕੋਲ਼ ਆ ਕੇ ਹਲਕੀ ਅਤੇ ਸਸਤੀ ਕਮਾਨ ਮੰਗਦਾ ਹੈ, ਅਸੀਂ ਉਹਨੂੰ ਬਗ਼ੈਰ ਫ਼ਾਈਲਿੰਗ ਅਤੇ ਪਾਲੀਸ਼ਿੰਗ ਵਾਲ਼ੀ ਕਮਾਨ 400 ਰੁਪਏ ਵਿੱਚ ਦਿੰਦੇ ਹਾਂ। ਇਨ੍ਹਾਂ ਵਿੱਚ ਅਸੀਂ ਬਾਂਸ ਦੇ ਉਪਰਲੇ ਹਿੱਸੇ ਦਾ ਇਸਤੇਮਾਲ ਕਰਦੇ ਹਾਂ, ਜਿਹੜੇ ਹਿੱਸੇ ਨੂੰ ਅਸੀਂ ਅਮੁਮਨ ਇਸਤੇਮਾਲ ਵਿੱਚ ਨਹੀਂ ਲਿਆਉਂਦੇ ਕਿਉਂਕਿ ਉਹ ਥੋੜ੍ਹਾ ਘੱਟ ਮਜ਼ਬੂਤ ਹੁੰਦਾ ਹੈ। ਪਰ ਇੱਕ ਵਧੀਆ ਤਿੰਨ ਕੋਟ ਪਾਲਿਸ਼ ਵਾਲ਼ੀ ਕਮਾਨ ਦੀ ਕੀਮਤ 600-700 ਰੁਪਏ ਤੱਕ ਹੋ ਸਕਦੀ ਹੈ। ਇਹਨੂੰ ਬਣਾਉਣ ਲਈ ਅਸੀਂ ਬਾਂਸ ਦੇ ਹੇਠਲੇ ਅਤੇ ਮਜ਼ਬੂਤ ਹਿੱਸੇ ਦਾ ਇਸਤੇਮਾਲ ਕਰਦੇ ਹਾਂ।''

''ਇੱਕ ਵਧੀਆ ਕਮਾਨ ਬਣਾਉਣ ਲਈ ਕਰੀਬ 150 ਰੁਪਏ ਦੇ ਬਾਂਸ ਅਤੇ 60 ਰੁਪਏ ਦੀ ਰੱਸੀ ਦਾ ਇਸਤੇਮਾਲ ਹੁੰਦਾ ਹੈ। ਪਰ ਪਾਲਿਸ ਦੀ ਕੀਮਤ ਦਾ ਅੰਦਾਜ਼ਾ ਲਾਉਣਾ ਥੋੜ੍ਹਾ ਮੁਸ਼ਕਲ ਹੈ,'' ਸਾਂਗੇ ਹੱਸਦੇ ਹਨ।

ਇੰਝ ਕਿਉਂ ਹੈ?

''ਅਸੀਂ ਪਾਲਿਸ਼ ਘਰੇ ਹੀ  ਬਣਾਉਂਦੇ ਹਾਂ। ਜ਼ਿਆਦਾਤਰ ਅਸੀਂ ਦੁਸ਼ਹਿਰੇ ਵੇਲ਼ੇ ਚਮੜਾ (ਬੱਕਰੀ ਦਾ) ਖਰੀਦਦੇ ਹਾਂ ਅਤੇ ਪਾਲਿਸ਼ ਵਾਸਤੇ ਉਸੇ ਵਿੱਚੋਂ ਵੈਕਸ ਅੱਡ ਕਰ ਲੈਂਦੇ ਹਾਂ। ਜਦੋਂ ਕਮਾਨ ਬਣ ਕੇ ਤਿਆਰ ਹੋ ਜਾਂਦੀ ਹੈ ਤਾਂ ਉਸ 'ਤੇ ਪਾਲਿਸ਼ ਦੀ ਇੱਕ ਪਰਤ ਚੜ੍ਹਾਈ ਜਾਂਦੀ ਹੈ। ਪਹਿਲੀ ਪਰਤ ਦੇ ਸੁੱਕਣ ਤੋਂ ਬਾਅਦ ਇਹੋ ਜਿਹੀਆਂ ਤਿੰਨਾਂ ਪਰਤਾਂ ਚਾੜ੍ਹੀਆਂ ਜਾਂਦੀਆਂ ਹਨ। ਬੱਕਰੀ ਦਾ 1x1 ਫੁੱਟ ਦਾ ਚਮੜਾ 150 ਰੁਪਏ ਵਿੱਚ ਮਿਲ਼ਦਾ ਹੈ।'' ਉਹ ਜਿਹੜੇ ਤਰੀਕੇ ਨਾਲ਼ ਇਹਦੀ (ਪਾਲਿਸ਼) ਦੀ ਵਰਤੋਂ ਕਰਦੇ ਹਨ ਉਸ ਰਾਹੀਂ ਇਹ ਪਤਾ ਲਾਉਣਾ ਮੁਸ਼ਕਲ ਹੋ ਜਾਂਦਾ ਹੈ ਕਿ ਪਾਲਿਸ਼ ਕਰਨ ਦੀ ਇਸ ਪ੍ਰਕਿਰਿਆ ਵਿੱਚ ਕਿੰਨਾ ਕੁ ਖਰਚਾ ਹੁੰਦਾ ਹੈ।

''ਜੋ ਚੀਜ਼ ਕਮਾਨ ਦੀ ਰੀੜ੍ਹ ਦਾ ਕੰਮ ਕਰਦੀ ਹੈ ਉਹ ਹੈ ਬਾਂਸ। ਇੱਕ ਬਾਂਸ ਦੀ ਕੀਮਤ ਕਰੀਬ 300 ਰੁਪਏ ਹੁੰਦੀ ਹੈ ਅਤੇ ਅਸੀਂ ਇੱਕ ਬਾਂਸ ਵਿੱਚੋਂ ਅਸਾਨੀ ਨਾਲ਼ 5 ਕਮਾਨ ਬਣਾ ਸਕਦੇ ਹਾਂ।''

PHOTO • Jigyasa Mishra
PHOTO • Jigyasa Mishra

ਖੱਬੇ : ਸ਼ੇਰਿੰਗ ਦੇ ਹੱਥ ਵਿੱਚ ਪਰੰਪਰਾਗਤ ਕਮਾਨਾਂ ਦਾ ਇੱਕ ਪੂਰਾ ਗੁੱਛਾ ਹੈ, ਜਦੋਂਕਿ ਉਨ੍ਹਾਂ ਦੇ ਬੇਟੇ ਨੇ ਨਿਵੇਕਲੀ ਕਿਸਮ ਦੀ ਕਮਾਨ ਫੜ੍ਹੀ ਹੈ। ਸੱਜੇ : ਸਾਂਗੇ, ਲੱਕੜ ਦੀ ਪਾਲਿਸ਼ ਨਾਲ਼ ਰੰਗੀਆਂ ਕਮਾਨਾਂ ਅਤੇ ਬੱਕਰੀ ਦੇ ਚਮੜੇ ਵਿੱਚੋਂ ਕੱਢੀ ਗਈ ਵੈਕਸ ਨਾਲ਼ ਪਾਲਿਸ਼ ਕੀਤੀਆਂ ਗਈਆਂ ਕਮਾਨਾਂ ਵਿਚਾਲੇ ਫ਼ਰਕ ਦਿਖਾਉਂਦੇ ਹਨ

ਸਾਂਗੇ ਅੰਦਰੋਂ ਇੱਕ ਵੱਡੇ ਤੀਰਅੰਦਾਜ਼ੀ ਵਾਲ਼ੇ ਕਿਟਬੈਗ ਲਈ ਬਾਹਰ ਆਉਂਦੇ ਹਨ ਅਤੇ ਇਸ ਵਿੱਚ ਇੱਕ ਵੱਡੀ ਅਤੇ ਭਾਰੀ ਕਮਾਨ ਕੱਢਦਿਆਂ ਹੋਇਆਂ ਕਹਿੰਦੇ ਹਨ,''ਦੇਖੋ, ਇਹ ਰਹੀ ਸਭ ਤੋਂ ਆਧੁਨਿਕ ਡਿਜ਼ਾਇਨ ਵਾਲ਼ੀ ਕਮਾਨ। ਪਰ ਸਾਡੇ ਸਥਾਨਕ ਟੂਰਨਾਮੈਂਟ ਵਿੱਚ ਇਹਦੀ ਆਗਿਆ ਨਹੀਂ ਹੈ। ਕੋਈ ਇਸ ਨਾਲ਼ ਸਿਰਫ਼ ਅਭਿਆਸ ਹੀ ਕਰਦਾ ਹੈ ਪਰ ਮੈਚ ਖੇਡਣ ਲਈ ਸਿਰਫ਼ ਪਰੰਪਰਾਗਤ ਕਮਾਨ ਅਤੇ ਤੀਰ ਹੀ ਲੋੜੀਂਦਾ ਰਹਿੰਦਾ ਹੈ। ਮੈਂ ਅਤੇ ਮੇਰੇ ਭਰਾ, ਅਸੀਂ ਵੀ ਉਸ ਟੂਰਨਾਮੈਂਟ ਵਿੱਚ ਪਾਪਾ ਦੇ ਹੱਥੀਂ ਬਣਾਈਆਂ ਕਮਾਨਾਂ ਨਾਲ਼ ਹੀ ਖੇਡਦੇ ਹਾਂ। ਇਸ ਵਾਰੀ ਮੇਰਾ ਭਰਾ ਦਿੱਲੀਓਂ ਕੁਝ ਅੱਡ ਤਰ੍ਹਾਂ ਦੀ ਲੱਕੜ ਵਾਲ਼ੀ ਪਾਲਿਸ਼ ਲਿਆਇਆ ਅਤੇ ਆਪਣੀ ਕਮਾਨ ਨੂੰ ਉਸ ਨਾਲ਼ ਰੰਗਿਆ। ਮੇਰੀ ਕਮਾਨ ਤਾਂ ਉਸੇ ਪਰੰਪਰਾਗਤ ਰੰਗ ਨਾਲ਼ ਪਾਲਿਸ਼ ਕੀਤੀ ਗਈ ਜਿਹਦੀ ਵਰਤੋਂ ਮੇਰੇ ਪਿਤਾ ਸਾਲਾਂਬੱਧੀ ਸਮੇਂ ਤੋਂ ਕਰਦੇ ਆ ਰਹੇ ਹਨ।''

ਭੁਟੀਆ ਪਰਿਵਾਰ ਬੜੇ ਅਫ਼ਸੋਸ ਨਾਲ਼ ਇਹ ਗੱਲ ਸਾਂਝੀ ਕਰਦਾ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਕਮਾਨ ਦੀ ਵਿਕਰੀ ਵਿੱਚ ਕਾਫ਼ੀ ਗਿਰਾਵਟ ਆਈ ਹੈ। ਉਨ੍ਹਾਂ ਦੀਆਂ ਕਮਾਨਾਂ ਲੋਸਾਂਗ ਦੇ ਬੋਧੀ ਤਿਓਹਾਰ ਵਿੱਚ ਵਿਕਦੀਆਂ ਹਨ, ਜੋ ਕਿ ਸਿੱਕਮ ਦੇ ਭੁਟੀਆ ਕਬੀਲੇ ਦੇ ਨਵੇਂ ਸਾਲ ਦਾ ਤਿਓਹਾਰ ਹੈ। ਫ਼ਸਲ ਦੀ ਵਾਢੀ ਤੋਂ ਬਾਅਦ ਦਾ ਇਹ ਤਿਓਹਾਰ ਮੱਧ ਦਸੰਬਰ ਵਿੱਚ ਮਨਾਇਆ ਜਾਂਦਾ ਹੈ, ਜਿਸ ਵਿੱਚ ਤੀਰਅੰਦਾਜ਼ੀ ਦੇ ਸਾਰੇ ਮੁਕਾਬਲੇ ਸ਼ਾਮਲ ਹੁੰਦੇ ਹਨ। ਸ਼ੇਰਿੰਗ ਦੋਰਜੀ ਪਾਰੀ (PARI) ਨੂੰ ਦੱਸਦੇ ਹਨ,''ਉਸੇ ਵੇਲ਼ੇ ਜ਼ਿਆਦਾਤਰ ਲੋਕ ਬੋਧੀ ਮੱਠ ਕਾਰਨ ਇੱਥੇ ਆਉਂਦੇ ਹਨ ਅਤੇ ਸਾਡੇ ਕੋਲ਼ੋਂ ਚੀਜ਼ਾਂ ਖ਼ਰੀਦਦੇ ਹਨ। ਬੀਤੇ ਕੁਝ ਸਾਲਾਂ ਵਿੱਚ ਅਸੀਂ ਹਰ ਸਾਲ ਮੁਸ਼ਕਲ ਨਾਲ਼ ਚਾਰ ਤੋਂ ਪੰਜ ਕਮਾਨਾਂ ਵੇਚੀਆਂ ਹੋਣਗੀਆਂ। ਬਜ਼ਾਰ ਵਿੱਚ ਇਸ ਵੇਲ਼ੇ ਮਸ਼ੀਨਾਂ ਨਾਲ਼ ਤਿਆਰ ਕਮਾਨਾਂ ਦਾ ਕਬਜ਼ਾ ਹੈ, ਜੋ ਕਿ ਮੇਰੇ ਮੁਤਾਬਕ ਇੱਕ ਜਪਾਨੀ ਉਤਪਾਦ ਹੈ। ਪਹਿਲਾਂ, ਕਰੀਬ 6 ਜਾਂ 7 ਸਾਲ ਪਹਿਲਾਂ ਤੱਕ, ਅਸੀਂ ਇੱਕ ਸਾਲ ਵਿੱਚ ਕਰੀਬ 10 ਕਮਾਨਾਂ ਵੇਚ ਲਿਆ ਕਰਦੇ ਸਾਂ।''

ਹਾਲਾਂਕਿ 10 ਕਮਾਨਾਂ ਵੇਚਣ ਤੋਂ ਵੀ ਕੋਈ ਖ਼ਾਸ ਆਮਦਨੀ ਨਹੀਂ ਸੀ ਹੁੰਦੀ। ਉਹ ਤਾਂ ਤਰਖ਼ਾਣ ਦਾ ਕੰਮ ਕਰਦੇ ਰਹੇ, ਕਦੇ ਫ਼ਰਨੀਚਰ ਬਣਾਉਂਦੇ ਅਤੇ ਕਦੇ ਮੁਰੰਮਤ ਕਰਦੇ ਸਨ ਤਾਂਕਿ ਪਰਿਵਾਰ ਦਾ ਗੁਜ਼ਾਰਾ ਹੋ ਸਕੇ। ਸ਼ੇਰਿੰਗ ਕਹਿੰਦੇ ਹਨ ਕਿ ਉਹ ਲਗਭਗ ਦਸ ਸਾਲ ਪਹਿਲਾਂ ਲੱਕੜ ਦੇ ਕੰਮ ਵਿੱਚ ਪੂਰੀ ਤਰ੍ਹਾਂ ਜੁੜੇ ਹੋਏ ਸਨ ਅਤੇ ਉਹੀ ਪਰਿਵਾਰ ਦੇ ਇੱਕਲੇ ਕਮਾਊ ਮੈਂਬਰ ਸਨ। ਉਨ੍ਹਾਂ ਦੀ ਮਹੀਨੇ ਦੀ ਕਰੀਬ 10,000 ਰੁਪਏ ਕਮਾਈ ਹੁੰਦੀ ਸੀ। ਪਰ ਕਮਾਨ ਬਣਾਉਣ ਦਾ ਕੰਮ ਹੀ ਉਨ੍ਹਾਂ ਨੂੰ ਖਿੱਚ ਪਾਉਂਦਾ ਸੀ ਅਤੇ ਅੱਜ ਵੀ ਪਾਉਂਦਾ ਹੈ, ਤਰਖ਼ਾਣੀ ਦਾ ਕੰਮ ਨਹੀਂ।

PHOTO • Jigyasa Mishra
PHOTO • Tashi Dorma Sherpa

ਭੁਟੀਆ ਪਰਿਵਾਰ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਕਮਾਨ ਦੀ ਵਿਕਰੀ ਘੱਟ ਹੋਈ ਹੈ ਅਤੇ ਸ਼ੇਰਿੰਗ ਹੁਣ ਜ਼ਿਆਦਾ ਕਮਾਨਾਂ ਨਹੀਂ ਬਣਾ ਪਾਉਂਦੇ ਕਿਉਂਕਿ ਉਨ੍ਹਾਂ ਦੀ ਨਜ਼ਰ ਕਮਜ਼ੋਰ ਹੋ ਗਈ ਹੈ

ਭੁਟੀਆ ਸ਼ਿਲਪ ਦਾ ਹਿੱਸਾ ਇਹ ਕਮਾਨਾਂ, ਇੱਕ ਖ਼ਾਸ ਤਰ੍ਹਾਂ ਦੀ ਲੱਕੜੀ ਤੋਂ ਬਣਾਈਆਂ ਜਾਂਦੀਆਂ ਹਨ, ਜਿਹਨੂੰ ਆਮ ਤੌਰ 'ਤੇ ਭੂਟਾਨੀ ਬਾਂਸ ਕਿਹਾ ਜਾਂਦਾ ਹੈ। ਸਾਂਗੇ ਦੱਸਦੇ ਹਨ,''ਮੇਰੇ ਪਿਤਾ ਦੁਆਰਾ ਤਿਆਰ ਕਮਾਨਾਂ ਭੂਟਾਨੀ ਬਾਂਸ ਨਾਲ਼ ਬਣਦੀਆਂ ਹਨ, ਜੋ ਕਿ ਪਹਿਲੇ ਭਾਰਤ ਵਿੱਚ ਮੌਜੂਦ ਹੀ ਨਹੀਂ ਸੀ। ਹੁਣ ਸਾਨੂੰ ਮਾਲ਼ ਦੀ ਸਪਲਾਈ ਉਹ ਕਿਸਾਨ ਕਰਦੇ ਹਨ ਜਿਨ੍ਹਾਂ ਨੇ 70 ਕਿਲੋਮੀਟਰ ਦੂਰ ਪੱਛਮੀ ਬੰਗਾਲ ਵਿੱਚ ਸਥਿਤ ਕਲਿੰਪੋਂਗ ਵਿਖੇ ਇਸ ਕਿਸਮ ਦੇ ਬਾਂਸਾਂ ਦੇ ਬੀਜ ਬੀਜੇ ਸਨ। ਮੈਂ ਖ਼ੁਦ ਉੱਥੇ ਜਾਂਦਾ ਹਾਂ ਅਤੇ ਇੱਕੋ ਹੀਲੇ ਦੋ ਸਾਲਾਂ ਜੋਗੇ ਬਾਂਸ ਖਰੀਦ ਲਿਆਉਂਦਾ ਹਾਂ ਅਤੇ ਇੱਥੇ ਕਾਰਥੋਕ ਵਿਖੇ ਆਪਣੇ ਘਰੇ ਹੀ ਸਟੋਰ ਕਰਦੇ ਹਾਂ।''

ਸ਼ੇਰਿੰਗ ਕਹਿੰਦੇ ਹਨ,''ਤੁਹਾਨੂੰ ਪਹਿਲਾਂ ਤਾਂ ਇੱਕ ਗੁਰੂ ਦੀ ਲੋੜ ਹੈ। ਬਿਨਾ ਗੁਰੂ ਦੇ ਕੋਈ ਕੁਝ ਵੀ ਨਹੀਂ ਕਰ ਸਕਦਾ। ਸ਼ੁਰੂ ਸ਼ੁਰੂ ਵਿੱਚ, ਮੈਂ ਸਿਰਫ਼ ਲੱਕੜ ਦਾ ਕੰਮ ਕਰਦਾ ਹੁੰਦਾ ਸਾਂ। ਪਰ ਬਾਅਦ ਵਿੱਚ ਮੈਂ ਆਪਣੇ ਪਿਤਾ ਕੋਲ਼ੋਂ ਕਮਾਨ ਬਣਾਉਣੀ ਸਿੱਖੀ। ਮੈਂ ਉਨ੍ਹਾਂ ਡਿਜ਼ਾਇਨਾਂ ਨੂੰ ਦੇਖਦਾ ਸਾਂ, ਜਿਨ੍ਹਾਂ ਨਾਲ਼ ਮੇਰੇ ਦੋਸਤ ਖੇਡਿਆ ਕਰਦੇ ਸਨ। ਹੌਲ਼ੀ-ਹੌਲ਼ੀ ਮੈਂ ਚੰਗੀਆਂ ਕਮਾਨਾਂ ਬਣਾਉਣ ਲੱਗਿਆ। ਜਦੋਂ ਵੀ ਮੇਰੇ ਕੋਲ਼ ਕੋਈ ਕਮਾਨ ਖ਼ਰੀਦਣ ਆਉਂਦਾ ਤਾਂ ਸਭ ਤੋਂ ਪਹਿਲਾਂ ਮੈਂ ਉਨ੍ਹਾਂ ਨੂੰ ਇਹਨੂੰ ਵਰਤਣ ਦਾ ਤਰੀਕਾ ਦੱਸਦਾ।''

83 ਸਾਲਾ ਇਹ ਬਜ਼ੁਰਗ ਆਪਣੇ ਅਤੀਤ ਨੂੰ ਚੇਤੇ ਕਰਦਿਆਂ ਕਾਫ਼ੀ ਡੂੰਘੇ ਲੱਥ ਜਾਂਦੇ ਹਨ ਖ਼ਾਸ ਕਰਕੇ ਉਸ ਸਮੇਂ ਵਿੱਚ ਜਦੋਂ ਉਨ੍ਹਾਂ ਨੇ ਕਮਾਨ ਬਣਾਉਣੀ ਸ਼ੁਰੂ ਕੀਤੀ ਸੀ। ''ਫ਼ਿਲਹਾਲ ਮੇਰੀ ਕਮਾਈ ਨਿਗੂਣੀ ਹੀ ਹੈ, ਪਰ ਪਹਿਲਾਂ ਹਾਲਤ ਥੋੜ੍ਹੀ ਬਿਹਤਰ ਸੀ। ਮੇਰਾ ਘਰ, ਮੇਰਾ ਇਹ ਘਰ ਪਿਛਲੇ 10 ਸਾਲਾਂ ਤੋਂ ਮੇਰੇ ਬੱਚੇ ਸਾਂਭ ਰਹੇ ਹਨ। ਹੁਣ ਮੈਂ ਜਿਹੜੀਆਂ ਵੀ ਕਮਾਨਾਂ ਬਣਾਉਂਦਾ ਹਾਂ, ਉਹ ਕਮਾਈ ਦਾ ਜ਼ਰੀਆ ਨਹੀਂ ਰਹਿ ਗਈਆਂ, ਬੱਸ ਇਸ ਕੰਮ ਨਾਲ਼ ਪ੍ਰੇਮ ਹੈ ਤਾਂ ਬਣਾਉਂਦਾ ਹਾਂ।''

ਸਾਂਗੇ ਸ਼ੇਰਿੰਗ ਬੜੀ ਬੇਚੈਨੀ ਨਾਲ਼ ਕਹਿੰਦੇ ਹਨ,''ਪਾਪਾ ਹੁਣ ਬਹੁਤੀਆਂ ਕਮਾਨਾਂ ਨਹੀਂ ਬਣਾਉਂਦੇ, ਉਨ੍ਹਾਂ ਦੀ ਨਜ਼ਰ ਕਮਜ਼ੋਰ ਪੈ ਗਈ ਹੈ। ਪਰ ਫਿਰ ਵੀ ਉਹ ਕੁਝ ਕੁ ਕਮਾਨਾਂ ਤਾਂ ਬਣਾਉਂਦੇ ਹਨ।''

''ਸਾਨੂੰ ਕੋਈ ਅੰਦਾਜ਼ਾ ਨਹੀਂ ਕਿ ਉਨ੍ਹਾਂ ਤੋਂ ਬਾਅਦ ਇਸ ਸ਼ਿਲਪ ਨੂੰ ਅੱਗੇ ਕੌਣ ਲਿਜਾਵੇਗਾ।''

ਤਰਜਮਾ: ਕਮਲਜੀਤ ਕੌਰ

Jigyasa Mishra

Jigyasa Mishra is an independent journalist based in Chitrakoot, Uttar Pradesh.

Other stories by Jigyasa Mishra
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur