34 ਸਾਲਾ ਜੁਨਾਲੀ ਅਪੋਂਗ ਬਣਾਉਣ ਦੀ ਮਾਹਰ ਹਨ। ਉਹ ਦੱਸਦੀ ਹਨ,''ਕਈ ਵਾਰੀਂ ਤਾਂ ਮੈਂ ਦਿਹਾੜੀ ਦਾ 30 ਤੋਂ ਵੀ ਵੱਧ ਲੀਟਰ ਅਪੋਂਗ ਬਣਾ ਲੈਂਦੀ ਹਾਂ।'' ਇਸ ਕੰਮ ਵਿੱਚ ਲੱਗੇ ਇਲਾਕੇ ਦੇ ਬਾਕੀ ਲੋਕ ਹਫ਼ਤੇ ਵਿੱਚ ਸਿਰਫ਼ ਕੁਝ ਕੁ ਲੀਟਰ ਅਪੋਂਗ ਹੀ ਬਣਾ ਪਾਉਂਦੇ ਹਨ। ਇਹ ਬੀਅਰ ਹੱਥੀਂ ਬਣਾਈ ਜਾਂਦੀ ਹੈ, ਬਗ਼ੈਰ ਕਿਸੇ ਮਸ਼ੀਨ ਦੇ।

ਜੁਨਾਲੀ ਦੀ ਭੱਠੀ ਸਮਝੋ ਉਨ੍ਹਾਂ ਦੇ ਤਿੰਨ ਕਮਰਿਆਂ ਵਾਲ਼ਾ ਘਰ ਹੀ ਹੈ ਜੋ ਅਸਾਮ ਦੇ ਬ੍ਰਹਮਪੁਤਰ ਨਦੀ ਦੇ ਵਿਚਕਾਰ ਪੈਂਦੇ ਮਾਜੁਲੀ ਦੀਪ ਦੇ ਗੜਮੂਰ ਸ਼ਹਿਰ ਦੇ ਨੇੜੇ ਹੈ। ਇਹ ਘਰ ਇੱਕ ਛੋਟੇ ਜਿਹੇ ਤਲਾਅ ਦੇ ਨਾਲ਼ ਬਣਿਆ ਹੋਇਆ ਹੈ, ਜੋ ਨਦੀ ਵਿੱਚ ਅਕਸਰ ਆਉਂਦੇ ਹੜ੍ਹ ਕਾਰਨ ਬਣ ਜਾਂਦਾ ਹੈ।

ਸਵੇਰ ਦੇ ਛੇ ਵਜੇ ਜਦੋਂ ਅਸੀਂ ਉਨ੍ਹਾਂ ਨੂੰ ਮਿਲ਼ਣ ਪਹੁੰਚੇ ਤਦ ਉਹ ਕੰਮ ਵਿੱਚ ਪੂਰੀ ਤਰ੍ਹਾਂ ਮਸ਼ਰੂਫ਼ ਲੱਗੀ। ਭਾਰਤ ਦੇ ਇਸ ਪੂਰਬੀ ਹਿੱਸੇ ਵਿੱਚ ਸੂਰਜ ਚੜ੍ਹਿਆਂ ਕਾਫ਼ੀ ਸਮਾਂ ਹੋ ਚੁੱਕਿਆ ਹੈ। ਜੁਨਾਲੀ ਇਸ ਤਰਲ-ਪਦਾਰਥ ਨੂੰ ਤਿਆਰ ਕਰਨ ਦੀ ਪ੍ਰਕਿਰਿਆ ਵਿੱਢਣ ਲਈ ਆਪਣੇ ਘਰ ਦੇ ਮਗਰਲੇ ਅਹਾਤੇ ਵਿੱਚ ਬਾਲ਼ਣ ਦੀਆਂ ਲੱਕੜਾਂ ਇਕੱਠੀਆਂ ਕਰ ਰਹੀ ਹਨ। ਇਸ ਕੰਮ ਵਿੱਚ ਵਰਤੀਂਦੇ ਉਨ੍ਹਾਂ ਦੇ ਸੰਦ ਤੇ ਬਾਕੀ ਸਮਾਨ ਅਜੇ ਘਰ ਦੇ ਅੰਦਰ ਹੀ ਪਿਆ ਹੈ।

ਅਪੋਂਗ, ਜੋ ਕਿ ਇੱਕ ਖਮੀਰਾ ਤਰਲ ਹੈ, ਨੂੰ ਅਸਾਮ ਦੇ ਮਿਸਿੰਗ ਕਬੀਲੇ ਦੇ ਲੋਕੀਂ ਬਣਾਉਂਦੇ ਹਨ। ਇਹਨੂੰ ਆਮ ਤੌਰ 'ਤੇ ਭੋਜਨ ਦੇ ਨਾਲ਼ ਪੀਤਾ ਜਾਂਦਾ ਹੈ ਤੇ ਜਿਵੇਂ ਕਿ ਮਿਸਿੰਗ ਭਾਈਚਾਰੇ ਦੇ ਭਰਤ ਚੰਡੀ ਕਹਿੰਦੇ ਹਨ,''ਸਾਡੇ ਮਿਸਿੰਗ ਲੋਕਾਂ ਦੇ ਜੀਵਨ ਵਿੱਚ ਜੇਕਰ ਅਪੋਂਗ ਨਾ ਹੋਵੇ ਤਾਂ ਅਸੀਂ ਕਿਸੇ ਪੂਜਾ ਜਾਂ ਸਮਾਰੋਹ ਬਾਰੇ ਸੋਚ ਤੱਕ ਨਹੀਂ ਸਕਦੇ।'' ਚੰਡੀ 'ਮਾਜੁਲੀ ਕਿਚਨ' ਦੇ ਮਾਲਕ ਹਨ, ਜੋ ਗੜਮੂਰ ਬਜ਼ਾਰ ਵਿੱਚ ਘਰੇਲੂ ਭੋਜਨ ਜਿਹਾ ਸਵਾਦ ਦੇਣ ਲਈ ਜਾਣਿਆ ਜਾਂਦਾ ਹੈ।

ਚੌਲ਼ ਅਤੇ ਜੜ੍ਹੀਆਂ-ਬੂਟੀਆਂ ਨਾਲ਼ ਬਣੀ ਹਲਕੇ ਕ੍ਰੀਮ ਰੰਗੀ ਇਸ ਬੀਅਰ ਨੂੰ ਖ਼ਾਸ ਤੌਰ 'ਤੇ ਜੁਨਾਲੀ ਜਿਹੀ ਮਿਸਿੰਗ ਔਰਤਾਂ ਹੀ ਬਣਾਉਂਦੀਆਂ ਹਨ। ਤਿਆਰ ਹੋਣ ਤੋਂ ਬਾਅਦ ਇਹਨੂੰ ਗੜਮੂਰ ਦੀਆਂ ਦੁਕਾਨਾਂ ਤੇ ਹੋਟਲਾਂ ਵਿੱਚ ਵੇਚਿਆ ਜਾਂਦਾ ਹੈ। ਜੁਨਾਲੀ ਹੱਸਦਿਆਂ ਕਹਿੰਦੀ ਹਨ,''ਬੰਦਿਆਂ ਨੂੰ ਇਹ ਬਣਾਉਣਾ ਪਸੰਦ ਨਹੀਂ। ਉਨ੍ਹਾਂ ਦੀ ਨਜ਼ਰੇ ਇਹ ਥਕਾ ਸੁੱਟਣ ਵਾਲ਼ਾ ਕੰਮ ਹੈ, ਖ਼ਾਸ ਕਰਕੇ ਜੜ੍ਹੀਆਂ-ਬੂਟੀਆਂ ਇਕੱਠੀਆਂ ਕਰਨੀਆਂ।''

PHOTO • Priti David

ਜੁਨਾਲੀ ਰਿਸੋਂਗ (ਰਿਚੋਂਗ) ਵੱਡੀ ਸਾਰੀ ਕੜਾਹੀ ਵਿੱਚ ਪਾਣੀ ਗਰਮ ਕਰ ਰਹੀ ਹਨ, ਜਿਸ ਵਿੱਚ ਅਪੋਂਗ ਬਣਾਉਣ ਵਾਸਤੇ ਚੌਲ਼ ਪਕਾਏ ਜਾਣੇ ਹਨ

PHOTO • Priti David

ਜੁਨਾਲੀ ਆਪਣੇ ਘਰ ਨੇੜਲੀ ਜ਼ਮੀਨ ' ਤੇ ਟਿਕਾਈ ਟੀਨ ਦੀ ਚਾਦਰ ' ਤੇ ਪੋਰੋ (ਪਰਾਲ਼ੀ) ਸਾੜ ਰਹੀ ਹਨ। ਇਹਨੂੰ ਸਵੇਰੇ 6 ਵਜੇ ਮਘਾਇਆ ਗਿਆ ਸੀ ਤੇ ਇਹ ਅਗਲੇ 3-4 ਘੰਟਿਆਂ ਤੀਕਰ ਮਘਦਾ ਰਹੇਗਾ। ਇਹਦੇ ਬਾਅਦ ਬਚੀ ਸੁਆਹ ਨੂੰ ਪੱਕੇ ਹੋਏ ਚੌਲ਼ਾਂ ਵਿੱਚ ਰਲ਼ਾਇਆ ਜਾਵੇਗਾ

ਜੁਨਾਲੀ ਦੇ ਪਤੀ ਅਰਬੋਰ ਰਿਚੋਂਗ ਬਜ਼ਾਰ ਦੇ ਇਲਾਕੇ ਵਿੱਚ ਪੈਂਦੀ ਇੱਕ ਦੁਕਾਨ ਦੇ ਮਾਲਕ ਹਨ, ਦੁਕਾਨ ਘਰੋਂ ਪੈਦਲ ਦੂਰੀ 'ਤੇ ਸਥਿਤ ਹੈ। ਉਨ੍ਹਾਂ ਦਾ 19 ਸਾਲਾ ਬੇਟਾ, ਮ੍ਰਿਦੂ ਪਾਬੋਂਗ ਰਿਚੋਂਗ ਜੋਰਹਾਟ ਵਿਖੇ ਹੋਟਲ ਮੈਨੇਜਮੈਂਟ ਦੀ ਪੜ੍ਹਾਈ ਕਰ ਰਿਹਾ ਹੈ, ਬੇੜੀ 'ਤੇ ਸਵਾਰ ਹੋ ਬ੍ਰਹਮਪੁਤਰ ਨੂੰ ਪਾਰ ਕਰਕੇ ਉੱਥੇ (ਜੋਰਹਾਟ) ਪਹੁੰਚਣ ਵਿੱਚ ਇੱਕ ਘੰਟਾ ਲੱਗਦਾ ਹੈ।

ਜੁਨਾਲੀ ਦੀ ਸੱਸ, ਦੀਪਤੀ ਰਿਚੋਂਗ ਨੇ ਆਪਣੀ ਨੂੰਹ ਨੂੰ ਅਪੋਂਗ ਬਣਾਉਣਾ ਸਿਖਾਇਆ। ਅਪੋਂਗ ਦੀਆਂ ਦੋ ਕਿਸਮਾਂ ਹਨ- ਨੋਂਗਜ਼ਿਨ ਅਪੋਂਗ, ਜੋ ਸਿਰਫ਼ ਚੌਲ਼ਾਂ ਤੋਂ ਬਣਦੀ ਹੈ ਤੇ ਪੋਰੋ ਅਪੋਂਗ, ਜਿਸ ਵਿੱਚ ਪਰਾਲ਼ੀ ਦੀ ਸੁਆਹ ਦਾ ਸੁਆਦ ਰਲ਼ਿਆ ਹੁੰਦਾ ਹੈ। ਇੱਕ ਲੀਟਰ ਅਪੋਂਗ ਦੀ ਕੀਮਤ 100 ਰੁਪਏ ਹੁੰਦੀ ਹੈ ਤੇ ਇਸ ਵਿੱਚ ਬੀਅਰ ਬਣਾਉਣ ਵਾਲ਼ੇ ਦੇ ਹਿੱਸੇ ਅੱਧਾ (ਭਾਵ ਪੰਜਾਹ ਫ਼ੀਸਦ) ਮੁਨਾਫ਼ਾ ਆਉਂਦਾ ਹੈ।

ਇਸ ਕੰਮ ਨੂੰ ਕਰਦਿਆਂ ਜੁਨਾਲੀ ਨੇ 10 ਸਾਲ ਲੰਘਾ ਦਿੱਤੇ ਹਨ ਤੇ ਹੁਣ ਉਹ ਇਹਦੀ ਪ੍ਰਕਿਰਿਆ ਦੀ ਹਰ ਬਰੀਕੀ ਨੂੰ ਵੀ ਸਮਝ ਗਈ ਹਨ। ਜਦੋਂ ਪਾਰੀ ਦੀ ਟੀਮ ਮਾਜੁਲੀ ਜ਼ਿਲ੍ਹੇ ਦੇ ਕਮਲਾਬਾੜੀ ਬਲਾਕ ਦੀ ਉਸ ਬਸਤੀ ਵਿੱਚ ਗਈ, ਜਿੱਥੇ ਜੁਨਾਲੀ ਰਹਿੰਦੀ ਹਨ, ਤਦ ਉਹ ਪੋਰੋ ਅਪੋਂਗ ਬਣਾ ਰਹੀ ਸਨ। ਉਨ੍ਹਾਂ ਨੇ ਸਵੇਰੇ 5:30 ਵਜੇ ਹੀ ਤਿਆਰੀ ਵਿੱਢ ਲਈ ਸੀ ਤੇ 10-15 ਕਿਲੋ ਪਰਾਲ਼ੀ ਨੂੰ ਮਘਾ ਵੀ ਲਿਆ ਸੀ। ਉਨ੍ਹਾਂ ਦੇ ਘਰ ਦੇ ਮਗਰਲੇ ਵਿਹੜੇ ਵਿੱਚ ਭੁੰਜੇ ਟਿਕਾਈ ਟੀਨ ਦੀ ਚਾਦਰ 'ਤੇ ਪਰਾਲ਼ੀ ਵਿੱਚੋਂ ਬਰੀਕ ਜਿਹੀਆਂ ਲਪਟਾਂ ਨਿਕਲ਼ ਰਹੀਆਂ ਸਨ। ਉਹ ਆਪਣੇ ਨੇੜੇ ਚੌਲ਼ ਰਿੰਨ੍ਹਣ ਦੀਆਂ ਚੀਜ਼ਾਂ ਰੱਖਦਿਆਂ ਕਹਿੰਦੀ ਹਨ,''ਪੂਰੀ ਨਾੜ ਨੂੰ ਸੜਨ ਵਿੱਚ 3-4 ਘੰਟੇ ਲੱਗਦੇ ਹਨ।'' ਕਈ ਵਾਰੀਂ ਉਹ ਹੋਰ ਤੜਕੇ ਕੰਮ ਸ਼ੁਰੂ ਕਰਦੀ ਹਨ। ਇੱਕ ਰਾਤ ਪਹਿਲਾਂ ਉਹ ਪਰਾਲ਼ੀ ਨੂੰ ਕੁਝ ਇੰਝ ਚਿਣਦੀ ਹਨ ਕਿ ਉਹ ਪੂਰੀ ਰਾਤ ਮੱਘਦੀ ਹੀ ਰਹਿੰਦੀ ਹੈ।

ਜੁਨਾਲੀ ਮਘਦੀ ਪਰਾਲ਼ੀ ਦੇ ਨੇੜੇ ਹੀ ਪਾਣੀ ਨਾਲ਼ ਭਰੀ ਵੱਡੀ ਸਾਰੀ ਕੜਾਹੀ ਰੱਖ ਦਿੰਦੀ ਹਨ। ਜਦੋਂ ਪਾਣੀ ਉਬਲ਼ਣ ਲੱਗਦਾ ਹੈ, ਤਦ ਉਹ ਥੋੜ੍ਹੇ-ਥੋੜ੍ਹੇ ਕਰਕੇ ਕਰੀਬ 25 ਕਿਲੋ ਚੌਲ਼ ਪਾਣੀ ਵਿੱਚ ਪਾ ਦਿੰਦੀ ਹਨ। ''ਇਸ ਕੰਮ ਨੂੰ ਕਰਦਿਆਂ ਮੇਰਾ ਲੱਕ ਟੁੱਟਣ ਲੱਗਦਾ ਹੈ,'' ਇਹ ਮੰਨਦਿਆਂ ਉਹ ਕਹਿੰਦੀ ਹਨ।

ਅਸਾਮ ਦੇ ਮੁੱਖ ਤਿਓਹਾਰਾਂ- ਮਾਘ ਬੀਹੂ, ਬੋਹਾਗ ਬੀਹੂ ਤੇ ਕਟੀ ਬੀਹੂ ਦੇ ਵੇਲ਼ੇ ਜਦੋਂ ਬੀਅਰ ਦੀ ਮੰਗ ਬਹੁਤ ਵੱਧ ਜਾਂਦੀ ਹੈ ਤਦ ਜੁਨਾਲੀ ਦਾ ਰੁਝੇਵਾਂ ਹੋਰ-ਹੋਰ ਵੱਧ ਜਾਂਦਾ ਹੈ। ਕਈ ਵਾਰੀਂ ਤਾਂ ਉਨ੍ਹਾਂ ਨੂੰ ਦਿਹਾੜੀ ਵਿੱਚ ਦੋ ਵਾਰੀਂ ਬੀਅਰ ਬਣਾਉਣੀ ਪੈਂਦੀ ਹੈ

ਵੀਡਿਓ ਦੇਖੋ : ਮਿਸਿੰਗ ਭਾਈਚਾਰੇ ਵੱਲੋਂ ਪੀੜ੍ਹੀ-ਦਰ-ਪੀੜ੍ਹੀ ਬਣਾਈ ਜਾਣ ਵਾਲ਼ੀ ਰਾਈਸ ਬੀਅਰ, ਪੋਰੋ ਅਪੋਂਗ ਬਣਨ ਦੀ ਪ੍ਰਕਿਰਿਆ

ਇਕੱਠਿਆਂ ਦੋ ਥਾਈਂ ਅੱਗ ਬਾਲ਼ੀ ਗਈ ਹੈ ਤੇ ਜੁਨਾਲੀ ਪੂਰੀ ਫ਼ੁਰਤੀ ਤੇ ਧਿਆਨ ਨਾਲ਼ ਉਬਲ਼ਦੇ ਚੌਲ਼ਾਂ ਤੇ ਮੱਘਦੀ ਪਰਾਲ਼ੀ ਨੂੰ ਲੱਕੜ ਦੀ ਲੰਬੀ ਸੋਟੀ ਨਾਲ਼ ਹਿਲਾ-ਜੁਲਾ ਰਹੀ ਹਨ ਤਾਂ ਜੋ ਅੱਗ ਦਾ ਸੇਕ ਇਕਸਾਰ ਪੈਂਦਾ ਰਹੇ। 25 ਕਿਲੋ ਉਬਲ਼ ਰਹੇ ਚੌਲ਼ਾਂ ਨੂੰ ਹਿਲਾਉਣਾ ਕੋਈ ਸੌਖ਼ੀ ਗੱਲ ਨਹੀਂ ਤੇ ਇਹ ਸਾਰਾ ਕੰਮ ਕਰਦਿਆਂ ਜੁਨਾਲੀ ਦੇ ਗਲ਼ੇ ਵਿੱਚੋਂ ਦੀ ਨਿਕਲ਼ਦੀ ਅਵਾਜ਼ ਤੋਂ ਸਹਿਜੇ ਅੰਦਾਜ਼ਾ ਲਾਇਆ ਜਾ ਸਕਦਾ ਹੈ। ਚੌਲ਼ ਰਾਸ਼ਨ ਦੀ ਦੁਕਾਨ ਤੋਂ ਖ਼ਰੀਦੇ ਗਏ। ਉਹ ਦੱਸਦੀ ਹਨ,''ਅਸੀਂ ਵੀ ਚੌਲ਼ ਉਗਾਉਂਦੇ ਹਾਂ ਪਰ ਉਹ ਅਸੀਂ ਆਪਣੇ ਖਾਣ ਲਈ ਰੱਖਦੇ ਹਾਂ।''

ਚੌਲ਼ ਪੱਕਣ ਵਿੱਚ ਅੱਧਾ ਘੰਟਾ ਲੱਗੇਗਾ ਤੇ ਥੋੜ੍ਹਾ ਠੰਡੇ ਹੁੰਦਿਆਂ ਹੀ ਜੁਨਾਲੀ ਪਰਾਲ਼ੀ ਦੀ ਸੁਆਹ ਇਨ੍ਹਾਂ ਚੌਲ਼ਾਂ ਵਿੱਚ ਰਲ਼ਾ ਦੇਵੇਗੀ। ਇਹ ਪ੍ਰਕਿਰਿਆ ਸੁਣਨ ਨੂੰ ਭਾਵੇਂ ਸੁਖਾਲੀ ਲੱਗਦੀ ਹੋਵੇ ਪਰ ਭਾਫ਼ ਛੱਡਦੇ ਚੌਲ਼ਾਂ ਨੂੰ ਗਰਮ-ਗਰਮ ਸੁਆਹ ਨਾਲ਼ ਇਕਸਾਰ ਰਲਾਉਣਾ ਖ਼ਾਸੀ ਮਿਹਨਤ ਵਾਲ਼ਾ ਕੰਮ ਹੈ। ਇਸ ਮਿਸ਼ਰਣ ਨੂੰ ਬਾਂਸ ਦੀ ਟੋਕਰੀ ਵਿੱਚ ਰੱਖ ਕੇ ਉਹ ਆਪਣੇ ਹੱਥਾਂ (ਨੰਗੇ) ਨਾਲ਼ ਰਲ਼ਾਉਂਦੀ ਹਨ। ਹੱਥਾਂ ਵਿੱਚ ਪੈਂਦੇ ਸਾੜ ਦੀ ਪਰਵਾਹ ਕੀਤੇ ਬਗ਼ੈਰ ਉਹ ਕਹਿੰਦੀ ਹਨ,''ਟੋਕਰੀ ਵਿੱਚ ਇਹ ਚੀਜ਼ਾਂ ਵੱਧ ਤੇਜ਼ੀ ਨਾਲ਼ ਠੰਡੀਆਂ ਹੁੰਦੀਆਂ ਹਨ। ਪਰ ਚੌਲ਼ਾਂ ਤੇ ਸੁਆਹ ਨੂੰ ਠੰਡਾ ਹੋਣ ਤੋਂ ਪਹਿਲਾਂ-ਪਹਿਲਾਂ ਰਲ਼ਾਉਣਾ ਜ਼ਰੂਰੀ ਹੁੰਦਾ ਹੈ, ਨਹੀਂ ਤਾਂ ਮਿਸ਼ਰਣ ਸਹੀ ਤਰੀਕੇ ਨਾਲ਼ ਤਿਆਰ ਨਹੀਂ ਹੋ ਪਾਉਂਦਾ।''

ਮਿਸ਼ਰਣ ਨੂੰ  ਗੁੰਨ੍ਹਣ ਦੌਰਾਨ, ਜੁਨਾਲੀ ਉਸ ਅੰਦਰ ਅਪੋਂਗ ਲਈ ਤਿਆਰ ਕੀਤੀਆਂ ਗਈਆਂ ਜੜ੍ਹੀਆਂ-ਬੂਟੀਆਂ ਰਲ਼ਾਉਂਦੀ ਹਨ। ਆਪਣੇ ਇਸ ਹੁਨਰ ਦਾ ਪਰਦਾਚਾਕ ਨਾ ਕਰਨ ਦੀ ਇਛੁੱਕ ਉਹ ਕਹਿੰਦੀ ਹਨ,''ਇਸ ਅੰਦਰ ਕਰੀਬ ਸੌ ਕਿਸਮ ਦੀਆਂ ਜੜ੍ਹੀਆਂ-ਬੂਟੀਆਂ ਤੇ ਪੱਤੇ ਰਲ਼ਾਏ ਜਾਂਦੇ ਹਨ।'' ਮਿਸਿੰਗ ਲੋਕਾਂ ਮੁਤਾਬਕ ਕੁਝ ਜੜ੍ਹੀਆਂ-ਬੂਟੀਆਂ ਤਾਂ ਵਧੇ ਹੋਏ ਬਲੱਡ ਪ੍ਰੈਸ਼ਰ ਨੂੰ ਨਿਯੰਤਰਤ ਕਰਨ ਵਿੱਚ ਮਦਦਗਾਰ ਹੁੰਦੀਆਂ ਹਨ। ਪਰ ਉਨ੍ਹਾਂ ਦੇ ਨਾਮ ਦਾ ਖ਼ੁਲਾਸਾ ਉਹ ਕਰਨਾ ਨਹੀਂ ਚਾਹੁੰਦੀ।

ਦੁਪਹਿਰ ਵੇਲ਼ੇ ਜੁਨਾਲੀ ਗੜਮੂਰ ਦੇ ਨੇੜਲੇ ਇਲਾਕਿਆਂ ਤੋਂ ਲੋੜਵੰਦੀਆਂ ਜੜ੍ਹੀਆਂ-ਬੂਟੀਆਂ ਤੇ ਪੱਤੇ ਇਕੱਠੇ ਕਰਦੀ ਹਨ। ''ਮੈਂ ਉਨ੍ਹਾਂ ਨੂੰ ਸੁਕਾਉਂਦੀ ਹਾਂ ਤੇ ਫਿਰ ਆਪਣੀ ਮਿਕਸੀ ਵਿੱਚ ਪੀਂਹਦੀ ਵੀ ਹਾਂ। ਫਿਰ ਉਸ ਬਣੇ ਪਾਊਡਰ ਦੀ ਮੁੱਠ-ਅਕਾਰੀ ਗੋਲ਼ੀਆਂ ਵੱਟਦੀ ਹਾਂ। ਅਪੋਂਗ ਦੇ ਮਿਸ਼ਰਣ ਵਿੱਚ ਮੈਂ ਇਹ 15-16 ਗੋਲ਼ੀਆਂ ਪਾਉਂਦੀ ਹਾਂ,'' ਉਹ ਦੱਸਦੀ ਹਨ। ਜੁਨਾਲੀ ਦਾ ਜਨਮ ਆਪਣੇ ਸਹੁਰੇ ਘਰ ਤੋਂ ਮਸਾਂ ਇੱਕ ਕਿਲੋਮੀਟਰ ਦੂਰ ਪੈਂਦੀ ਫੁਤੁਕੀ ਬਸਤੀ ਵਿੱਚ ਹੋਇਆ ਹੋਣ ਕਾਰਨ ਉਹ ਆਪਣੇ ਪੂਰੇ ਇਲਾਕੇ ਨੂੰ ਚੰਗੀ ਤਰ੍ਹਾਂ ਜਾਣਦੀ ਹਨ।

PHOTO • Priti David
PHOTO • Riya Behl

ਜੁਨਾਲੀ ਉਬਲ਼ਦੇ ਪਾਣੀ ਦੀ ਕੜਾਹੀ ਵਿੱਚ ਕੱਚੇ ਚੌਲ਼ (ਖੱਬੇ) ਪਾਉਂਦੀ ਹੋਈ। ਪੱਕਣ ਦੌਰਾਨ ਚੌਲ਼ਾਂ ਨੂੰ ਰਲ਼ਾਉਣ ਲਈ ਉਹ ਲੱਕੜੇ ਦੇ ਮੋਟੇ ਸਾਰੇ ਡੰਡੇ (ਸੱਜੇ) ਦਾ ਇਸਤੇਮਾਲ ਕਰਦੀ ਹਨ

PHOTO • Riya Behl

ਜੁਨਾਲੀ ਨੂੰ ਮਘਦੀ ਪਰਾਲ਼ੀ ਨੂੰ ਹਿਲਾਉਣ (ਉੱਪਰ-ਹੇਠਾਂ) ਦਾ ਕੰਮ ਵੀ ਨਾਲ਼ੋਂ-ਨਾਲ਼ ਕਰਦੇ ਰਹਿਣਾ ਪੈਂਦਾ ਹੈ ਤਾਂਕਿ ਸਾਰੀ ਪਰਾਲ਼ੀ ਇਕਸਾਰ ਸੜ ਸਕੇ

ਜਦੋਂ ਬਾਂਸ ਦੀ ਟੋਕਰੀ ਵਿੱਚ ਮਿਸ਼ਰਣ ਪੂਰੀ ਤਰ੍ਹਾਂ ਨਾਲ਼ ਸੁੱਕ ਜਾਂਦਾ ਹੈ ਤਦ ਉਹਨੂੰ ਜੁਨਾਲੀ ਦੇ ਘਰ ਵਿੱਚ ਪਲਾਸਟਿਕ ਦੀਆਂ ਥੈਲੀਆਂ ਵਿੱਚ ਕਰੀਬ 20 ਦਿਨਾਂ ਵਾਸਤੇ ਰੱਖ ਦਿੱਤਾ ਜਾਂਦਾ ਹੈ। ''ਮੈਂ ਹਵਾੜ (ਖ਼ਮੀਰ) ਤੋਂ ਹੀ ਸਮਝ ਜਾਊਂਗੀ ਕਿ ਇਹ ਕਦੋਂ ਤੀਕਰ ਤਿਆਰ ਹੋਵੇਗਾ,'' ਉਹ ਕਹਿੰਦੀ ਹਨ। ਉਹਦੇ ਬਾਅਦ ਆਖ਼ਰੀ ਛੋਹਾਂ ਦਾ ਕੰਮ ਸ਼ੁਰੂ ਹੁੰਦਾ ਹੈ, ਜਦੋਂ ਸੁਆਹ, ਉਬਲ਼ੇ ਚੌਲ਼ਾਂ ਤੇ ਜੜ੍ਹੀਆਂ-ਬੂਟੀਆਂ ਦੇ ਖ਼ਮੀਰੇ ਮਿਸ਼ਰਣ ਨੂੰ ਇੱਕ ਸ਼ੰਕੂ ਅਕਾਰੀ ਟੋਕਰੀ ਵਿੱਚ ਰੱਖ ਦਿੱਤਾ ਜਾਂਦਾ ਹੈ, ਜਿੱਥੇ ਕੇਲੇ ਦਾ ਪੱਤਾ ਟਿਕਾਇਆ ਗਿਆ ਹੁੰਦਾ ਹੈ। ਇੰਝ ਮਿਸ਼ਰਣ ਦੀ ਬਣੀ ਬੀਅਰ ਤੁਪਕਾ-ਤੁਪਕਾ ਕਰ ਹੇਠਾਂ ਰੱਖੇ ਭਾਂਡੇ ਵਿੱਚ ਰਿਸਣ ਲੱਗਦੀ ਹੈ। ਕਰੀਬ 25 ਕਿਲੋ ਚੌਲ਼ਾਂ ਨਾਲ਼ 30-40 ਲੀਟਰ ਅਪੋਂਗ ਬਣ ਸਕਦੀ ਹੁੰਦੀ ਹੈ।

ਜਨਵਰੀ ਵਿੱਚ ਮਾਘ ਬੀਹੂ, ਅਪ੍ਰੈਲ ਵਿੱਚ ਬੋਹਾਗ ਬੀਹੂ ਤੇ ਅਕਤੂਬਰ ਵਿੱਚ ਕਟੀ ਬੀਹੂ ਜਿਹੇ ਅਸਾਮ ਦੇ ਮੁੱਖ ਤਿਓਹਾਰਾਂ ਵਿੱਚ ਬੀਅਰ ਦੀ ਮੰਗ ਕਾਫ਼ੀ ਵੱਧ ਜਾਂਦੀ ਹੈ। ਅਜਿਹੇ ਮੌਕੇ ਜੁਨਾਲੀ ਦਾ ਕੰਮ ਵੀ ਵੱਧ ਜਾਂਦਾ ਹੈ ਤੇ ਕਈ ਵਾਰ ਤਾਂ ਉਨ੍ਹਾਂ ਨੂੰ ਦਿਹਾੜੀ ਵਿੱਚ ਦੋ ਵਾਰੀਂ ਵੀ ਬੀਅਰ ਬਣਾਉਣੀ ਪੈ ਜਾਂਦੀ ਹੈ। ਮਿਸਿੰਗਾਂ ਦੇ ਤਿਓਹਾਰ ਅਲੀ-ਏ-ਲਿਗਾਂਗ ਵੇਲ਼ੇ ਵੀ ਹਾਲਤ ਇਹੀ ਬਣੀ ਰਹਿੰਦੀ ਹੈ।

ਜੁਨਾਲੀ ਦੀ ਆਮਦਨੀ ਦਾ ਜ਼ਰੀਆ ਸਿਰਫ ਅਪੋਂਗ ਬਣਾਉਣ ਤੇ ਵਿਕਰੀ ਤੱਕ ਹੀ ਸੀਮਤ ਨਹੀਂ। ਉਹ ਨੇੜਲੇ ਇੱਕ ਹੋਟਲ ਵਿੱਚ ਕੱਪੜੇ ਧੋਣ ਦਾ ਕੰਮ ਵੀ ਕਰਦੀ ਹਨ ਤੇ ਉਹ ਮਿਸਿੰਗ ਖਾਣਾ ਪਕਾਉਣ ਤੇ ਖੁਆਉਣ ਦਾ ਕੰਮ ਵੀ ਕਰਦੀ ਹਨ। ਉਨ੍ਹਾਂ ਕੋਲ਼ 200 ਦੇ ਕਰੀਬ ਮੁਰਗੀਆਂ ਹਨ। ਇੰਨਾ ਹੀ ਨਹੀਂ ਉਹ ਨੇੜਲੇ ਹੋਮਸਟੇਅ (ਰੁੱਕਣ ਦੀ ਥਾਂ) ਵਿੱਚ ਆਏ ਸੈਲਾਨੀਆਂ ਵਾਸਤੇ ਗਰਮ ਪਾਣੀ (ਬਾਲਟੀ) ਵੀ ਸਪਲਾਈ ਕਰਦੀ ਹਨ। ਅਪੋਂਗ ਦੀ ਵਿਕਰੀ ਨਾਲ਼ ਉਨ੍ਹਾਂ ਨੂੰ ਚੰਗੀ ਕਮਾਈ ਹੋ ਜਾਂਦੀ ਹੈ। ਉਹ ਕਹਿੰਦੀ ਹਨ,''ਇਸ ਕੰਮ ਵਿੱਚ ਜੇਕਰ 1000 ਰੁਪਏ ਲਾਗਤ ਹੈ ਤਾਂ ਕਮਾਈ 3000 ਰੁਪਏ ਹੈ। ਇਸਲਈ ਮੈਂ ਇਹੀ ਕੰਮ ਵੱਧ ਕਰਦੀ ਹਾਂ।''

PHOTO • Riya Behl

ਪਰਾਲ਼ੀ ਦੀ ਸੁਆਹ ਰਲ਼ੇ ਉਬਲ਼ੇ ਚੌਲ਼ ਅਪੋਂਗ ਬਣਾਏ ਜਾਣ ਦੀ ਅਗਲੀ ਪ੍ਰਕਿਰਿਆ ਤੱਕ ਬਾਂਸ ਦੀ ਵੱਡੀ ਸਾਰੀ ਟੋਕਰੀ ਵਿੱਚ ਰੱਖੇ ਜਾਣ ਲਈ ਤਿਆਰ

PHOTO • Priti David

ਰਿੱਝੇ ਹੋਏ ਚੌਲ਼ਾਂ ਨੂੰ ਕੜਾਹੀ ਵਿੱਚੋਂ ਕੱਢ ਕੇ ਬਾਂਸ ਦੀ ਬਣੀ ਇੱਕ ਵੱਡੀ ਸਾਰੀ ਟੋਕਰੀ ਵਿੱਚ ਪਾਉਣ ਲਈ, ਜੁਨਾਲੀ ਧਾਤੂ ਦੀ ਇੱਕ ਵੱਡੀ ਸਾਰੀ ਪਲੇਟ ਦਾ ਇਸਤੇਮਾਲ ਕਰਦੀ ਹਨ

PHOTO • Priti David

ਪਰਾਲ਼ੀ ਦੀ ਸੁਆਹ ਅਤੇ ਪੱਕੇ ਹੋਏ ਚੌਲ਼ ਦਾ ਮਿਸ਼ਰਣ ਭਾਫ਼ ਛੱਡਦਾ ਹੋਇਆ, ਹੁਣ ਕੁਝ ਖ਼ਾਸ ਜੜ੍ਹੀਆਂ-ਬੂਟੀਆਂ ਦਾ ਪਾਊਡਰ ਰਲ਼ਾਏ ਜਾਣ ਲਈ ਤਿਆਰ ਹੈ

PHOTO • Riya Behl

ਠੰਡਾ ਹੋਣ ਤੋਂ ਪਹਿਲਾਂ ਇਸ ਮਿਸ਼ਰਣ ਨੂੰ ਜੁਨਾਲੀ ਆਪਣੇ ਹੱਥਾਂ (ਨੰਗੇ) ਨਾਲ਼ ਮਸਲ ਜਿਹਾ ਦਿੰਦੀ ਹਨ ਤਾਂਕਿ ਉਸ ਵਿੱਚ ਕੋਈ ਗੰਢ ਬਾਕੀ ਨਾ ਰਹਿ ਜਾਵੇ

PHOTO • Riya Behl

ਆਪਣੀ ਰੁਝੇਵੇਂ ਭਰੀ ਸਵੇਰ ਵਿੱਚੋਂ ਕੁਝ ਪਲ ਫ਼ੁਰਸਤ ਦੇ ਕੱਢਦੀ ਜੁਨਾਲੀ

PHOTO • Riya Behl

ਜੁਨਾਲੀ ਦੱਸਦੀ ਹਨ ,‘ ਅਪੋਂਗ ਵਿੱਚ ਸੌ ਦੇ ਕਰੀਬ ਜੜ੍ਹੀਆਂ-ਬੂਟੀਆਂ ਇਸਤੇਮਾਲ ਹੁੰਦੀਆਂ ਹਨ। ਪਰ ਉਹ ਉਨ੍ਹਾਂ ਦੇ ਨਾਮ ਨਹੀਂ ਦੱਸਣਾ ਚਾਹੁੰਦੀ

PHOTO • Riya Behl

ਇਨ੍ਹਾਂ ਵਿੱਚੋਂ ਕੁਝ ਪੱਤਿਆਂ ਦੀ ਵਰਤੋਂ ਮਿਸਿੰਗ ਭਾਈਚਾਰੇ ਦੇ ਲੋਕੀਂ ਵਧੇ ਹੋਏ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਅਤੇ ਹਾਜ਼ਮਾ ਦਰੁੱਸਤ ਕਰਨ ਲਈ ਕਰਦੇ ਹਨ

PHOTO • Priti David

ਮੈਂ ਇਨ੍ਹਾਂ ਜੜ੍ਹੀਆਂ-ਬੂਟੀਆਂ ਨੂੰ ਸੁਕਾਉਂਦੀ ਹਾਂ ਤੇ ਫਿਰ ਆਪਣੀ ਮਿਕਸੀ ਵਿੱਚ ਪੀਂਹਦੀ ਵੀ ਹਾਂ। ਫਿਰ ਇਸ ਪਾਊਡਰ ਦੀਆਂ ਮੁੱਠ-ਅਕਾਰੀ ਗੋਲ਼ੀਆਂ ਵੱਟ ਲੈਂਦੀ ਹਾਂ। ਫਿਰ ਅਪੋਂਗ ਵਿੱਚ 15-16 ਗੋਲ਼ੀਆਂ ਰਲ਼ਾ ਦਿੰਦੀ ਹਾਂ

PHOTO • Priti David

ਜੜ੍ਹੀਆਂ-ਬੂਟੀਆਂ ਨੂੰ  ਸੁਕਾਉਣ ਬਾਅਦ  ਉਨ੍ਹਾਂ ਨੂੰ ਪੀਹ  ਕੇ ਪਾਊਡਰ ਬਣਾ ਲਿਆ ਜਾਂਦਾ ਹੈ। ਇਸ ਪਾਊਡਰ ਨੂੰ ਰਲ਼ਾਉਣ ਨਾਲ਼ ਅਪੋਂਗ ਦਾ ਜ਼ਾਇਕਾ ਅਤੇ ਗੁਣ ਦੋਵੇਂ ਵੱਧ ਜਾਂਦੇ ਹਨ

PHOTO • Priti David

ਖ਼ਮੀਰੇ ਚੌਲ਼ਾਂ ਨੂੰ ਪੀਲ਼ੇ ਰੰਗ ਦੀ ਪਲਾਸਟਿਕ ਦੀ ਥੈਲੀ ਵਿੱਚ 15-20 ਦਿਨਾਂ ਤੱਕ ਅੱਡ ਰੱਖ ਦਿੱਤਾ ਜਾਂਦਾ ਹੈ

PHOTO • Priti David

ਜੁਨਾਲੀ ਦੀ ਰਸੋਈ ਦੇ ਖੂੰਝੇ ਵਿੱਚ ਇੱਕ ਸ਼ੰਕੂਨੁਮਾ ਬਾਂਸ ਦੀ ਟੋਕਰੀ ਪਈ ਹੈ, ਜੋ ਧਾਤੂ ਦੇ ਇੱਕ ਤਿਰਛੇ ਸਟੈਂਡ ਤੇ ਟਿਕੀ ਹੋਈ ਹੈ। ਅਪੋਂਗ ਬਣਨ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਇਹੀ ਹੈ

PHOTO • Priti David
PHOTO • Priti David

ਬੀਅਰ ਦੇ ਉਪਕਰਣ ਦੀ ਨੇੜਿਓਂ ਤਸਵੀਰ (ਖੱਬੇ) ਤੇ ਹੇਠਾਂ ਰੱਖੇ ਭਾਂਡੇ (ਸੱਜੇ) ਵਿੱਚ ਜਮ੍ਹਾ ਹੁੰਦੀ ਬੀਅਰ

PHOTO • Priti David

ਭਰਤ ਚੰਡੀ ਗੜਮੂਰ ਵਿਖੇ ਮਾਜੁਲੀ ਕਿਚਨ ਨਾਮਕ ਆਪਣੇ ਢਾਬੇ ਵਿੱਚ ਗਾਹਕਾਂ ਨੂੰ ਮਿਸਿੰਗ ਖਾਣਾ ਪਰੋਸਦੇ ਹਨ

PHOTO • Priti David

ਅਸਾਮ ਵਿਖੇ ਮਾਜੁਲੀ ਦੀਪ ਤੇ ਗੜਮੂਰ ਦੇ ਆਪਣੇ ਘਰ ਦੇ  ਬਰਾਂਡੇ ਵਿੱਚ ਖੜ੍ਹੀ ਜੁਨਾਲੀ


ਤਰਜਮਾ: ਕਮਲਜੀਤ ਕੌਰ

Priti David

Priti David is the Executive Editor of PARI. She writes on forests, Adivasis and livelihoods. Priti also leads the Education section of PARI and works with schools and colleges to bring rural issues into the classroom and curriculum.

Other stories by Priti David
Photographs : Riya Behl

Riya Behl is Senior Assistant Editor at People’s Archive of Rural India (PARI). As a multimedia journalist, she writes on gender and education. Riya also works closely with students who report for PARI, and with educators to bring PARI stories into the classroom.

Other stories by Riya Behl
Editor : Vinutha Mallya

Vinutha Mallya is a journalist and editor. She was formerly Editorial Chief at People's Archive of Rural India.

Other stories by Vinutha Mallya
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur