ਜੈਪੁਰ ਦੇ ਰਾਜਸਥਾਨ ਪੋਲੋ ਕਲੱਬ ਵਿੱਚ ਫ਼ਰਵਰੀ ਦਾ ਇਹ ਇੱਕ ਸੁਹਾਵਣਾ ਦਿਨ ਹੈ। ਸ਼ਾਮ ਦੇ 4 ਵੱਜੇ ਹੋਏ ਹਨ।

ਦੋਨੋਂ ਟੀਮਾਂ ਦੇ ਖ਼ਿਡਾਰੀ ਪੂਰੀ ਤਰ੍ਹਾਂ ਤਿਆਰ ਹਨ।

ਇਸ ਪ੍ਰਦਰਸ਼ਨੀ ਮੈਚ ਵਿੱਚ PDKF ਟੀਮ ਦੀਆਂ ਭਾਰਤੀ ਔਰਤਾਂ ਅਤੇ ਪੋਲੋ ਫ਼ੈਕਟਰੀ ਇੰਟਰਨੈਸ਼ਨਲ ਟੀਮ ਦੀਆਂ ਖਿਡਾਰਨਾਂ ਆਹਮੋ-ਸਾਮ੍ਹਣੇ ਹਨ - ਇਹ ਭਾਰਤ ਵਿੱਚ ਖੇਡਿਆ ਜਾਣ ਵਾਲਾ ਔਰਤਾਂ ਦਾ ਸਭ ਤੋਂ ਪਹਿਲਾ ਅੰਤਰ-ਰਾਸ਼ਟਰੀ ਮੈਚ ਹੈ।

ਹਰੇਕ ਖਿਡਾਰੀ ਆਪਣੇ ਹੱਥ ਵਿੱਚ ਇੱਕ ਲੱਕੜ ਦਾ ਮੈਲਟ (ਬੱਲਾ) ਲਈ ਤਿਆਰ ਖੜ੍ਹਾ ਹੈ। ਅਸ਼ੋਕ ਸ਼ਰਮਾ ਲਈ ਇਹ ਇਸ ਸਾਲ ਦਾ ਪਹਿਲਾ ਮੈਚ ਹੈ। ਪਰ ਉਹ ਇਸ ਖ਼ੇਡ ਤੋਂ ਕੋਈ ਅਣਜਾਣ ਨਹੀਂ ਹਨ।

ਆਪਣੀ ਤੀਜੀ ਪੀੜ੍ਹੀ ਦੇ ਕਾਰੀਗਰ ਅਸ਼ੋਕ ਨੂੰ ਲੱਕੜ ਦੇ ਬੱਲੇ (ਮੈਲਟ), ਜੋ ਕਿ ਹਰੇਕ ਪੋਲੋ ਖ਼ਿਡਾਰੀ ਦੀ ਕਿੱਟ ਦਾ ਅਹਿਮ ਹਿੱਸਾ ਹੁੰਦੇ ਹਨ, ਬਣਾਉਣ ਵਿੱਚ 55 ਸਾਲਾਂ ਦਾ ਅਨੁਭਵ ਹੈ। “ਮੈਂ ਮੈਲਟ ਬਣਾਉਣ ਦੀ ਕਲਾ ਵਿੱਚ ਹੀ ਪੈਦਾ ਹੋਇਆ ਸੀ,” ਉਹ ਆਪਣੇ ਪਰਿਵਾਰ ਦੀ 100 ਸਾਲਾਂ ਦੀ ਵਿਰਾਸਤ ਬਾਰੇ ਬੋਲਦਿਆਂ ਬੜੇ ਮਾਣ ਨਾਲ ਆਖਦੇ ਹਨ। ਘੋੜੇ ਦੀ ਕਾਠੀ ’ਤੇ ਪੋਲੋ ਖੇਡਣੀ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਘੋੜਸਵਾਰ ਖੇਡਾਂ ਵਿੱਚੋਂ ਇੱਕ ਹੈ।

Ashok Sharma outside the Jaipur Polo House where he and his family – his wife Meena and her nephew Jitendra Jangid craft different kinds of polo mallets
PHOTO • Shruti Sharma
Ashok Sharma outside the Jaipur Polo House where he and his family – his wife Meena and her nephew Jitendra Jangid craft different kinds of polo mallets
PHOTO • Shruti Sharma

ਅਸ਼ੋਕ ਸ਼ਰਮਾ (ਖੱਬੇ) ਜੈਪੁਰ ਪੋਲੋ ਹਾਊਸ ਦੇ ਸਾਹਮਣੇ , ਜਿੱਥੇ ਉਹ ਅਤੇ ਉਨ੍ਹਾਂ ਦਾ ਪਰਿਵਾਰ - ਪਤਨੀ ਮੀਨਾ ਅਤੇ ਭਤੀਜਾ ਜਿਤੇਂਦਰ ਜੰਗਿਦ (ਸੱਜੇ) ਕਈ ਤਰ੍ਹਾਂ ਦੇ ਪੋਲੋ ਮੁਸਲ ਬਣਾਉਂਦੇ ਹਨ

ਉਹ ਜੈਪੁਰ ਪੋਲੋ ਹਾਊਸ ਚਲਾਉਂਦੇ ਹਨ ਜੋ ਪੂਰੇ ਸ਼ਹਿਰ ਦਾ ਸਭ ਤੋਂ ਪੁਰਾਣਾ ਅਤੇ ਮੰਨਿਆ-ਪ੍ਰਮੰਨਿਆ ਕਾਰਖਾਨਾ ਹੈ। ਇਹ ਉਹਨਾਂ ਦਾ ਘਰ ਵੀ ਹੈ, ਜਿੱਥੇ ਉਹ ਆਪਣੀ ਪਤਨੀ, ਮੀਨਾ ਅਤੇ ਆਪਣੇ 37 ਸਾਲਾ ਭਤੀਜੇ ਜੀਤੇਂਦਰ ਜੰਗਿੜ, ਜਿਸਨੂੰ ਪਿਆਰ ਨਾਲ ‘ਜੀਤੂ’ ਵੀ ਬੁਲਾਉਂਦੇ ਹਨ, ਨਾਲ ਵੱਖ-ਵੱਖ ਤਰ੍ਹਾਂ ਦੇ ਮੈਲਟ ਤਿਆਰ ਕਰਦੇ ਹਨ। ਉਹ ਜੰਗਿੜ ਭਾਈਚਾਰੇ ਨਾਲ ਸਬੰਧਿਤ ਹਨ ਜਿਸਨੂੰ ਰਾਜਸਥਾਨ ਵਿੱਚ ‘ਹੋਰ ਪੱਛੜੀ ਸ਼੍ਰੇਣੀ’ ਵੱਜੋਂ ਸੂਚੀਬੱਧ ਕੀਤਾ ਗਿਆ ਹੈ।

ਅੰਪਾਇਰ ਇੱਕ ਦੂਜੇ ਦੇ ਵਿਰੁੱਧ ਇੱਕ ਲਕੀਰ ਵਿੱਚ ਖੜ੍ਹੀਆਂ ਦੋਨੋਂ ਟੀਮਾਂ ਵਿਚਾਲੇ ਗੇਂਦ ਛੱਡਦਾ ਹੈ ਅਤੇ ਜਿਵੇਂ ਹੀ ਮੈਚ ਸ਼ੁਰੂ ਹੁੰਦਾ ਹੈ ਇਹ 72 ਸਾਲਾ ਬਜ਼ੁਰਗ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਨ ਲੱਗਦੇ ਹਨ। “ਮੈਂ ਇਸ ਮੈਦਾਨ ਵਿੱਚ ਸਾਈਕਲ ਚਲਾਇਆ ਕਰਦਾ ਸੀ ਅਤੇ ਬਾਅਦ ਵਿੱਚ ਮੈਂ ਇੱਕ ਸਕੂਟਰ ਖ਼ਰੀਦ ਲਿਆ।” ਪਰ ਇਹ ਸਭ 2018 ਵਿੱਚ ਖ਼ਤਮ ਹੋ ਗਿਆ ਸੀ ਜਦੋਂ ਇੱਕ ਛੋਟੇ ਜਿਹੇ ਦਿਮਾਗ਼ ਦੇ ਦੌਰੇ ਕਾਰਨ ਉਹਨਾਂ ਨੂੰ ਆਉਣਾ-ਜਾਣਾ ਘੱਟ ਕਰਨਾ ਪਿਆ।

ਦੋ ਪੁਰਸ਼ ਖ਼ਿਡਾਰੀ ਆਉਂਦੇ ਹਨ ਅਤੇ ਨਮਸਤੇ “ਪੌਲੀ ਜੀ” ਕਹਿੰਦੇ ਹਨ, ਇਹ ਛੋਟਾ ਨਾਮ ਅਸ਼ੋਕ ਨੂੰ ਉਹਨਾਂ ਦੇ ਨਾਨੀ ਜੀ ਨੇ ਦਿੱਤਾ ਸੀ ਜਿਹੜਾ ਜੈਪੁਰ ਦੇ ਪੋਲੋ ਘੇਰੇ ਵਿੱਚ ਅੱਜ ਵੀ ਗੂੰਜਦਾ ਹੈ। “ਮੈਂ ਇਹਨਾਂ ਦਿਨਾਂ ਵਿੱਚ ਹੋਰ ਵੀ ਜ਼ਿਆਦਾ ਆਉਣਾ ਚਾਹੁੰਦਾ ਹਾਂ ਤਾਂ ਕਿ ਖਿਡਾਰੀਆਂ ਨੂੰ ਪਤਾ ਲੱਗੇ ਕਿ ਮੈਂ ਅਜੇ ਵੀ ਕੰਮ ਕਰ ਰਿਹਾ ਹਾਂ ਅਤੇ ਫਿਰ ਉਹ ਆਪਣੀਆਂ ਸੋਟੀਆਂ (ਬੱਲੇ) ਮੁਰੰਮਤ ਲਈ ਭੇਜਿਆ ਕਰਨਗੇ,” ਉਹਨਾਂ ਦਾ ਕਹਿਣਾ ਹੈ।

ਲਗਭਗ ਦੋ ਦਹਾਕੇ ਪਹਿਲਾਂ ਜਦੋਂ ਵੀ ਕੋਈ ਅਸ਼ੋਕ ਦੇ ਕਾਰਖ਼ਾਨੇ ਉਹਨਾਂ ਨੂੰ ਮਿਲਣ ਜਾਂਦਾ ਸੀ, ਉਸ ਦਾ ਸੁਆਗਤ ਛੱਤ ਤੋਂ ਲੈ ਕੇ ਹੇਠਾਂ ਤੱਕ ਦੀਵਾਰਾਂ ’ਤੇ ਲਟਕਦੇ ਮੈਲਟ ਕਰਦੇ, ਜਿਨ੍ਹਾਂ ਦੇ ਸਿਰੇ ਛੱਤ ਨਾਲ਼ ਅੜਾਏ ਹੁੰਦੇ। ਉਹਨਾਂ ਦਾ ਕਹਿਣਾ ਹੈ ਕਿ ਸਫ਼ੈਦ ਦੀਵਾਰਾਂ ਦਾ ਥੋੜ੍ਹਾ ਜਿਹਾ ਹਿੱਸਾ ਵੀ ਨਾ ਦਿਸਦਾ ਅਤੇ “ਵੱਡੇ-ਵੱਡੇ ਖਿਡਾਰੀ ਮੇਰੇ ਕੋਲ਼ ਆਉਂਦੇ, ਆਪਣੀ ਪਸੰਦ ਦੀ ਇੱਕ ਸੋਟੀ ਚੁਣਦੇ, ਮੇਰੇ ਨਾਲ ਬੈਠ ਕੇ ਚਾਹ ਪੀਂਦੇ ਅਤੇ ਚਲੇ ਜਾਂਦੇ।”

ਖੇਡ ਸ਼ੁਰੂ ਹੋ ਚੁੱਕੀ ਹੈ ਅਤੇ ਅਸੀਂ ਰਾਜਸਥਾਨ ਪੋਲੋ ਕਲੱਬ ਦੇ ਸਾਬਕਾ ਸਕੱਤਰ, ਵੇਦ ਅਹੁਜਾ ਦੇ ਨਾਲ ਵਾਲੀ ਸੀਟ ’ਤੇ ਬੈਠ ਗਏ ਹਾਂ। “ਹਰ ਕੋਈ ਆਪਣਾ ਮੈਲਟ ਪੌਲੀ ਕੋਲੋਂ ਬਣਵਾਇਆ ਕਰਦਾ ਸੀ,” ਉਹ ਮੁਸਕੁਰਾਉਂਦੇ ਹੋਏ ਕਹਿੰਦੇ ਹਨ। “ਪੌਲੀ ਬਾਂਸ ਦੀਆਂ ਜੜ੍ਹਾਂ ਤੋਂ ਬਣੀਆਂ ਗੇਂਦਾ ਵੀ ਕਲੱਬ ਨੂੰ ਸਪਲਾਈ ਕਰਦਾ ਹੁੰਦਾ ਸੀ,” ਅਹੁਜਾ ਯਾਦ ਕਰਦੇ ਹਨ।

Ashok with international polo-players who would visit in the 1990s for fittings, repairs and purchase of sticks
PHOTO • Courtesy: Ashok Sharma
The glass showcases that were once filled with mallets are now empty.
PHOTO • Shruti Sharma

ਖੱਬੇ: ਅਸ਼ੋਕ (ਵਿਚਕਾਰ) 1990 ਦੇ ਦਹਾਕੇ ਵਿੱਚ ਅੰਤਰਰਾਸ਼ਟਰੀ ਪੋਲੋ ਖਿਡਾਰੀਆਂ ਦੇ ਨਾਲ, ਜੋ ਪੋਲੋ ਸਟਿੱਕਾਂ, ਫਿਟਿੰਗਾਂ, ਮੁਰੰਮਤਾਂ ਕਰਾਉਣ ਜਾਂ ਖਰੀਦਣ ਲਈ ਉਨ੍ਹਾਂ ਕੋਲ ਆਉਂਦੇ ਸਨ। ਸੱਜੇ: ਕੱਚ ਦੀਆਂ ਸਲੈਬਾਂ ਜੋ ਕਦੇ ਮੈਲਟਾਂ ਨਾਲ਼ ਭਰੀਆਂ ਰਹਿੰਦੀਆਂ, ਹੁਣ ਖਾਲੀ ਹਨ

ਅਸ਼ੋਕ ਇਸ਼ਾਰਾ ਕਰਦੇ ਹੋਏ ਕਹਿੰਦੇ ਹਨ, ਜਾਂ ਤਾਂ ਬਹੁਤ ਜ਼ਿਆਦਾ ਅਮੀਰ ਜਾਂ ਫਿਰ ਫ਼ੌਜੀ ਪੋਲੋ ਖੇਡਣ ਦੇ ਯੋਗ ਹੁੰਦੇ ਹਨ ਅਤੇ ਇਸੇ ਕਾਰਨ ਹੀ 2023 ਵਿੱਚ ਸਿਰਫ਼ 386 ਖਿਡਾਰੀ ਹੀ ਭਾਰਤੀ ਪੋਲੋ ਸੰਘ (IPA) ਵਿੱਚ ਪੰਜੀਕ੍ਰਿਤ ਹੋਏ ਹਨ, ਜੋ ਕਿ 1892 ਵਿੱਚ ਸਥਾਪਿਤ ਕੀਤਾ ਗਿਆ ਸੀ। “ਮੈਚ ਖੇਡਣ ਲਈ ਇੱਕ ਵਿਅਕਤੀ ਕੋਲ਼ ਘੱਟੋ-ਘੱਟ ਆਪਣੇ ਛੇ ਘੋੜੇ ਹੋਣੇ ਚਾਹੀਦੇ ਹਨ,” ਉਹ ਦੱਸਦੇ ਹਨ ਕਿਉਂਕਿ ਮੈਚ ਨੂੰ ਚਾਰ ਜਾਂ ਛੇ ਚੱਕਰਾਂ ਵਿੱਚ ਵੰਡਿਆ ਜਾਂਦਾ ਹੈ ਅਤੇ ਖਿਡਾਰੀ ਨੂੰ ਹਰ ਚੱਕਰ ਤੋਂ ਬਾਅਦ ਇੱਕ ਨਵੇਂ ਘੋੜੇ ’ਤੇ ਚੜ੍ਹਨਾ ਪੈਂਦਾ ਹੈ।

ਸਾਬਕਾ ਸ਼ਾਹੀ ਪਰਿਵਾਰ, ਖ਼ਾਰਕਰ ਰਾਜਸਥਾਨ ਦੇ, ਇਸ ਖੇਡ ਦੇ ਸਰਪ੍ਰਸਤ ਸਨ। “ਮੇਰੇ ਚਾਚਾ ਕੇਸ਼ੂ ਰਾਮ ਜੋਧਪੁਰ ਅਤੇ ਜੈਪੁਰ ਦੇ ਰਾਜਿਆਂ ਲਈ ਪੋਲੋ ਸੋਟੀਆਂ ਬਣਾਇਆ ਕਰਦੇ ਸੀ,” ਉਹ ਦੱਸਦੇ ਹਨ।

ਪਿਛਲੇ ਤਿੰਨ ਦਹਾਕਿਆਂ ਤੋਂ ਅਰਜਨਟੀਨਾ ਪੋਲੋ ਦੀ ਦੁਨੀਆ ’ਤੇ ਰਾਜ ਕਰ ਰਿਹਾ ਹੈ- ਖੇਡਣ ਵਿੱਚ, ਉਤਪਾਦਨ ਵਿੱਚ ਅਤੇ ਨਿਯਮ ਬਣਾਉਣ ਵਿੱਚ ਵੀ। “ਉਹਨਾਂ ਦੇ ਪੋਲੋ ਘੋੜੇ ਵੀ ਭਾਰਤ ਵਿੱਚ ਬਹੁਤ ਮਸ਼ਹੂਰ ਹਨ, ਜਿਸ ਤਰ੍ਹਾਂ ਉਹਨਾਂ ਦੇ ਪੋਲੋ ਮੈਲਟ ਅਤੇ ਫਾਈਬਰ ਗਲਾਸ ਦੀਆਂ ਗੇਂਦਾਂ। ਇੱਥੋਂ ਤੱਕ ਕਿ ਟ੍ਰੇਨਿੰਗ ਲਈ ਵੀ ਖਿਡਾਰੀ ਅਰਜਨਟੀਨਾ ਜਾਂਦੇ ਹਨ,” ਅਸ਼ੋਕ ਅੱਗੇ ਕਹਿੰਦੇ ਹਨ।

“ਅਰਜਨਟੀਨਾ ਦੀਆਂ ਸੋਟੀਆਂ ਕਾਰਨ ਮੇਰਾ ਕੰਮ ਰੁਕ ਗਿਆ, ਪਰ ਸ਼ੁਕਰ ਹੈ ਕਿ ਮੈਂ ਤੀਹ-ਚਾਲੀ ਸਾਲ ਪਹਿਲਾਂ ਸਾਈਕਲ ਪੋਲੋ ਮੈਲਟ ਬਣਾਉਣੇ ਸ਼ੁਰੂ ਕਰ ਲਏ ਸੀ, ਇਸ ਕਰਕੇ ਮੇਰੇ ਕੋਲ਼ ਅੱਜ ਵੀ ਕੰਮ ਹੈ,” ਉਹ ਕਹਿੰਦੇ ਹਨ।

ਸਾਈਕਲ ਪੋਲੋ ਕਿਸੇ ਵੀ ਤਰ੍ਹਾਂ ਦੀ ਸਾਈਕਲ ’ਤੇ ਖੇਡੀ ਜਾ ਸਕਦੀ ਹੈ। ਅਸ਼ੋਕ ਦਾ ਕਹਿਣਾ ਹੈ ਕਿ ਘੋੜਸਵਾਰੀ ਵਾਲੀ ਪੋਲੋ ਦੇ ਬਿਲਕੁਲ ਉਲਟ “ਇਹ ਖੇਡ ਆਮ ਲੋਕਾਂ ਲਈ ਹੈ।” ਸਾਈਕਲ ਪੋਲੋ ਸੋਟੀਆਂ ਦੇ ਉਤਪਾਦਨ ਤੋਂ ਉਹਨਾਂ ਨੂੰ 2.5 ਲੱਖ ਦੇ ਲਗਭਗ ਸਲਾਨਾ ਆਮਦਨ ਹੁੰਦੀ ਹੈ।

Ashok says that years of trial and error at the local timber market have made him rely on imported steam beech and maple wood for the mallet heads.
PHOTO • Shruti Sharma
Jeetu begins the process of turning this cane into a mallet. He marks one cane to between 50 to 53 inches for horseback polo and 32 to 36 inches for cycle polo
PHOTO • Shruti Sharma

ਖੱਬੇ ਪਾਸੇ: ਅਸ਼ੋਕ ਕਹਿੰਦੇ ਹਨ ਕਿ ਸਥਾਨਕ ਲੱਕੜ ਬਾਜ਼ਾਰ ਤੋਂ ਕਈ ਸਾਲਾਂ ਦੀ ਅਜ਼ਮਾਇਸ਼ ਤੇ ਚੂਕ ਤੋਂ ਬਾਅਦ, ਉਹ ਹੁਣ ਮੈਲਟ ਦੇ ਸਿਰਿਆਂ ਵਾਸਤੇ ਅਯਾਤ ਕੀਤੀ ਸਟੀਮ ਬੀਚ ਲੱਕੜ ਤੇ ਮੈਪਲ ਲੱਕੜ 'ਤੇ ਨਿਰਭਰ ਕਰਦੇ ਹਨ। ਸੱਜੇ ਪਾਸੇ: ਜੀਤੂ ਮੈਲਟ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਰਹੇ ਹਨ। ਘੋੜਸਵਾਰੀ ਪੋਲੋ ਲਈ ਉਨ੍ਹਾਂ ਨੇ ਸੋਟੀ ‘ਤੇ 50 ਤੋਂ 53 ਇੰਚ ਦੇ ਨਿਸ਼ਾਨ ਲਗਾਏ, ਜਦਕਿ ਸਾਈਕਲ ਪੋਲੋ ਲਈ ਇਹੀ ਅਕਾਰ 32 ਤੋਂ 36 ਇੰਚ ਰਹਿੰਦਾ ਹੈ

ਅਸ਼ੋਕ ਨੂੰ ਹਰ ਸਾਲ ਕੇਰਲਾ, ਕਰਨਾਟਕਾ, ਮਹਾਰਾਸ਼ਟਰ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਲੋਕਾਂ ਅਤੇ ਫ਼ੌਜੀ ਟੀਮਾਂ ਲਈ ਲਗਭਗ 100 ਸਾਈਕਲ ਪੋਲੋ ਮੈਲਟ ਬਣਾਉਣ ਦੇ ਆਰਡਰ ਆਉਂਦੇ ਹਨ। ਇਹ ਸਮਝਾਉਂਦੇ ਹੋਏ ਕਿ ਉਹ ਹਰੇਕ ਸੋਟੀ ਮਗ਼ਰ ਸਿਰਫ਼ 100 ਰੁਪਏ ਹੀ ਕਿਉਂ ਕਮਾਉਂਦੇ ਹਨ ਉਹ ਦੱਸਦੇ ਹਨ,“ਇਹ ਖਿਡਾਰੀ ਅਕਸਰ ਗਰੀਬ ਹੁੰਦੇ ਹਨ, ਇਸ ਲਈ ਮੈਨੂੰ ਇੰਨੀ ਰਿਆਇਤ ਦੇਣੀ ਪੈਂਦੀ ਹੈ।” ਉਹਨਾਂ ਨੂੰ ਊਠ ਪੋਲੋ ਅਤੇ ਹਾਥੀ ਪੋਲੋ ਲਈ, ਜੋ ਕਿ ਬਹੁਤ ਘੱਟ ਦਿਖਾਈ ਦਿੰਦੇ ਹਨ, ਅਤੇ ਛੋਟੇ ਤੋਹਫ਼ਾ ਸੈੱਟਾਂ ਲਈ ਵੀ ਆਰਡਰ ਆਉਂਦੇ ਹਨ।

“ਅੱਜ ਦੇ ਸਮੇਂ ਇਸ ਦੇ ਦਰਸ਼ਕ ਵਿਰਲੇ ਹੀ ਰਹਿ ਗਏ ਹਨ,” ਗਰਾਉਂਡ ਤੋਂ ਬਾਹਰ ਆਉਂਦੇ ਸਮੇਂ ਅਸ਼ੋਕ ਕਹਿੰਦੇ ਹਨ।

ਉਹ ਯਾਦ ਕਰਦੇ ਹਨ, ਜਦੋਂ ਇਸ ਮੈਦਾਨ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਖੇਡਿਆ ਗਿਆ ਸੀ ਉਦੋਂ 40,000 ਲੋਕ ਵੇਖਣ ਆਏ ਸੀ ਅਤੇ ਬਹੁਤੇ ਤਾਂ ਵੇਖਣ ਲਈ ਦਰੱਖ਼ਤਾਂ ਉੱਪਰ ਚੜ੍ਹ ਕੇ ਬੈਠ ਗਏ ਸੀ। ਅਜਿਹੀਆਂ ਯਾਦਾਂ ਉਹਨਾਂ ਨੂੰ ਸਮੇਂ ਦੇ ਨਾਲ ਚੱਲਣ ਅਤੇ ਆਪਣੇ ਪਰਿਵਾਰ ਦੀ ਮੈਲਟ ਬਣਾਉਣ ਦੀ ਇੱਕ ਲੰਮੀ ਵਿਰਾਸਤ ਨੂੰ ਕਾਇਮ ਰੱਖਣ ਦਾ ਹੋਸਲਾ ਦਿੰਦੀਆਂ ਹਨ।

*****

“ਲੋਕੀਂ ਮੈਨੂੰ ਪੁੱਛਦੇ ਹਨ ਕਿ ਕੀ ਇਸ ਕੰਮ ਵਿੱਚ ਕੋਈ ਕਲਾਕਾਰੀ ਹੈ? ਇਹ ਸਿਰਫ਼ ਇੱਕ ਕੇਨ (ਬਾਂਸ) ਹੈ।”

ਉਨ੍ਹਾਂ ਅਨੁਸਾਰ, ਇੱਕ ਮੁਸਲ ਬਣਾਉਣ ਦੀ ਕੁੰਜੀ ਇਹੀ ਹੈ ਕਿ "ਵੱਖ-ਵੱਖ ਕੁਦਰਤੀ ਤੱਤਾਂ ਨੂੰ ਇੱਕ ਪੈਟਰਨ ਵਿੱਚ ਜੋੜਿਆ ਜਾਵੇ ਅਤੇ ਇੱਕ ਵਿਸ਼ੇਸ਼ ਕਿਸਮ ਦੀ ਖੇਡ ਭਾਵਨਾ ਨੂੰ ਜਨਮ ਦਿੱਤਾ ਜਾਵੇ।" ਇਹ ਅਹਿਸਾਸ ਸੰਤੁਲਨ, ਲਚਕਤਾ, ਤਾਕਤ ਤੇ ਨਾਲ ਹੀ ਹਲਕੇਪਣ ਦਾ ਮਿਸ਼ਰਣ ਹੈ। ਅਚਾਨਕ ਹਜੋਕਾ ਦੇਣਾ ਤੱਕ ਸੰਭਵ ਨਹੀਂ ਹੁੰਦਾ।"

ਸਾਲਾਂ ਤੋਂ ਉਹ ਆਪਣੇ ਕਾਰਖ਼ਾਨੇ ਵਿੱਚ ਖੇਡ ਦੇ ਇਸ ਅਟੁੱਟ ਅਹਿਸਾਸ ਨੂੰ ਘੜ ਰਹੇ ਹਨ। ਕੋਈ ਵੀ ਉਹਨਾਂ ਦੇ ਘਰ ਦਾ ਪ੍ਰਵੇਸ਼ ਦੁਆਰ ਭੁੱਲ ਸਕਦਾ ਹੈ ਜੇਕਰ ਇੱਥੇ ‘ਜੈਪੁਰ ਪੋਲੋ ਹਾਉਸ’ ਦਾ ਚਿੰਨ੍ਹ ਨਾ ਲੱਗਿਆ ਹੋਵੇ।

ਅਸੀਂ ਇੱਕ ਧੁੰਦਲੀ ਰੌਸ਼ਨੀ ਵਾਲੀਆਂ ਪੌੜੀਆਂ ਤੋਂ ਹੁੰਦੇ ਹੋਏ ਉਹਨਾਂ ਦੇ ਘਰ ਦੀ ਤੀਜੀ ਮੰਜ਼ਿਲ ’ਤੇ ਸਥਿਤ ਵਰਕਸ਼ਾਪ ਤੱਕ ਪਹੁੰਚੇ। ਉਹ ਦਾ ਕਹਿਣਾ ਹੈ ਕਿ ਦੌਰਾ ਪੈਣ ਤੋਂ ਬਾਅਦ ਉਹਨਾਂ ਲਈ ਇਹ ਕੰਮ ਮੁਸ਼ਕਲ ਹੋ ਗਿਆ ਹੈ, ਪਰ ਉਹ ਦ੍ਰਿੜ ਹਨ। ਜਿੱਥੇ ਕਿ ਘੋੜਸਵਾਰ ਪੋਲੋ ਮੈਲਟ ਦੀ ਮੁਰੰਮਤ ਦਾ ਕੰਮ ਸਾਰਾ ਸਾਲ ਚਲਦਾ ਰਹਿੰਦਾ ਹੈ, ਸਾਈਕਲ ਪੋਲੋ ਮੈਲਟ ਬਣਾਉਣ ਦਾ ਕੰਮ ਸਿਰਫ਼ ਸਤੰਬਰ ਤੋਂ ਮਾਰਚ ਮਹੀਨਿਆਂ ਦੌਰਾਨ ਹੀ ਸਿਖ਼ਰ ’ਤੇ ਹੁੰਦਾ ਹੈ।

Meena undertakes the most time consuming aspects of making mallets – strengthening the shaft and binding the grip
PHOTO • Shruti Sharma
in addition to doing the household work and taking care of Naina, their seven-year old granddaughter
PHOTO • Shruti Sharma

ਘਰ ਦੇ ਕੰਮਾਂ ਦੇ ਨਾਲ਼-ਨਾਲ਼ ਆਪਣੀ ਸੱਤ ਸਾਲ ਦੀ ਪੋਤੀ ਨੈਨਾ (ਸੱਜੇ) ਦੀ ਦੇਖਭਾਲ ਕਰਨ ਤੋਂ ਇਲਾਵਾ, ਮੀਨਾ (ਖੱਬੇ) ਮੈਲਟ ਦੀ ਸੋਟੀ ਨੂੰ ਮਜ਼ਬੂਤ ਕਰਨ ਅਤੇ ਹੈਂਡਲ ਬੰਨ੍ਹਣ ਦਾ ਸਭ ਤੋਂ ਵੱਧ ਸਮਾਂ ਲੈਣ ਵਾਲਾ ਕੰਮ ਕਰਦੀ ਹਨ – ਮੈਲਟ ਦੇ ਹੇਠਲੇ ਹਿੱਸੇ ਦਾ ਨਿਰਮਾਣ ਸਭ ਤੋਂ ਵੱਧ ਸਮਾਂ ਲੈਣ ਵਾਲਾ ਕੰਮ ਹੈ

ਅਸ਼ੋਕ ਦੱਸਦੇ ਹਨ,“ਔਖ਼ਾ ਕੰਮ ਜੀਤੂ ਚੁਬਾਰੇ ਵਿੱਚ ਹੀ ਕਰਦਾ ਹੈ,  ਮੈਂ ਅਤੇ ਮੈਡਮ ਬਾਕੀ ਕੰਮ ਹੇਠਾਂ ਆਪਣੇ ਕਮਰੇ ਵਿਚ ਕਰਦੇ ਹਾਂ। ਉਹ ਆਪਣੇ ਕੋਲ਼ ਬੈਠੀ ਆਪਣੀ ਪਤਨੀ ਮੀਨਾ ਨੂੰ ‘ਮੈਡਮ’ ਕਹਿ ਕੇ ਬੁਲਾਉਂਦੇ ਹਨ।  ਜਦੋਂ ਉਹ ਉਹਨਾਂ ਨੂੰ ‘ਬੌਸ’ ਕਹਿ ਕੇ ਬੁਲਾਉਂਦੇ ਹਨ ਉਹ ਹੱਸਣ ਲੱਗਦੀ ਹਨ, ਜੋ ਕਿ ਆਪਣੀ ਉਮਰ ਦੇ ਸੱਠਵੇਂ ਦਹਾਕੇ ਵਿੱਚ ਹਨ: ਉਹ ਸਾਡੀ ਅੱਧੀ ਕੁ ਗੱਲਬਾਤ ਸੁਣਦੀ ਹਨ ਅਤੇ ਨਾਲ਼ ਹੀ ਆਪਣੇ ਫ਼ੋਨ ਜ਼ਰੀਏ ਇੱਕ ਸੰਭਾਵੀ ਗਾਹਕ ਨੂੰ ਛੋਟੇ ਮੈਲਟ ਸੈੱਟਾਂ ਦੇ ਨਮੂਨਿਆਂ ਦੀਆਂ ਤਸਵੀਰਾਂ ਭੇਜਣ ਲੱਗਦੀ ਹਨ।

ਇਹ ਕੰਮ ਕਰਨ ਤੋਂ ਬਾਅਦ ਉਹ ਸਾਡੇ ਲਈ ਖਾਣ ਨੂੰ ਕਚੋਰੀਆਂ ਬਣਾਉਣ ਲਈ ਰਸੋਈ ਵੱਲ ਜਾਂਦੀ ਹਨ। “ਮੈਨੂੰ ਇਹ ਪੋਲੋ ਦਾ ਕੰਮ ਕਰਦੇ ਹੋਏ 15 ਸਾਲ ਹੋ ਗਏ ਹਨ,” ਉਹ ਦੱਸਦੀ ਹਨ।

ਉਹ ਦੀਵਾਰ ਤੋਂ ਇੱਕ ਪੁਰਾਣਾ ਮੈਲਟ ਉਤਾਰ ਕੇ ਦਿਖਾਉਂਦਿਆਂ ਦੱਸਦੀ ਹਨ ਕਿ ਇਕ ਪੋਲੋ ਸੋਟੀ ਦੇ ਤਿੰਨ ਮੁੱਖ ਹਿੱਸੇ ਹੁੰਦੇ ਹਨ: ਇੱਕ ਕੇਨ (ਬਾਂਸ) ਦੀ ਲੰਮੀ ਸੋਟੀ, ਇੱਕ ਲੱਕੜ ਦਾ ਗੁਟਕਾ ਅਤੇ ਇੱਕ  ਰਬੜ ਜਾਂ ਰੈਕਸਨ ਤੋਂ ਬਣਿਆ ਹੱਥਾ ਜਿਸ ਦੇ ਨਾਲ ਇੱਕ ਸੂਤੀ ਰੱਸੀ ਲੱਗੀ ਹੁੰਦੀ ਹੈ। ਇਸ ਬੱਲੇ ਦਾ ਹਰ ਹਿੱਸਾ ਪਰਿਵਾਰ ਦੇ ਅੱਡੋ-ਅੱਡ ਮੈਂਬਰ ਬਣਾਉਂਦੇ ਹਨ।

ਇਹ ਸਾਰੀ ਪ੍ਰਕਿਰਿਆ ਜੀਤੂ ਨਾਲ ਸ਼ੁਰੂ ਹੁੰਦੀ ਹੈ ਜੋ ਘਰ ਦੀ ਤੀਜੀ ਮੰਜ਼ਿਲ ’ਤੇ ਕੰਮ ਕਰਦੇ ਹਨ। ਉਹ ਇੱਕ ਮਸ਼ੀਨੀ ਕਟਰ ਦੀ ਵਰਤੋਂ ਕਰਦੇ ਹਨ ਜੋ ਉਹਨਾਂ ਨੇ ਕੇਨ (ਬਾਂਸ) ਨੂੰ ਕੱਟਣ ਲਈ ਆਪ ਤਿਆਰ ਕੀਤਾ ਹੈ। ਕੇਨ (ਬਾਂਸ) ਨੂੰ ਤਿਰਛਾ ਕਰਨ ਲਈ ਉਹ ਇੱਕ ਰੰਦੇ ਦੀ ਵਰਤੋਂ ਕਰਦੇ ਹਨ, ਜੋ ਸ਼ਾਫ਼ਟ ਨੂੰ ਲਚਕੀਲਾ ਬਣਾਉਂਦਾ ਹੈ ਅਤੇ ਜੋ ਖੇਡਣ ਵੇਲੇ ਕਿਸੇ ਚਾਪ ਦੀ ਤਰ੍ਹਾਂ ਜਾਪਦਾ ਹੈ।

ਅਸ਼ੋਕ ਕਹਿੰਦੇ ਹਨ,“ਅਸੀ ਕੇਨ (ਬਾਂਸ) ਦੇ ਹੇਠਲੇ ਪਾਸੇ ਕੋਈ ਮੇਖ ਨਹੀਂ ਲਗਾਉਂਦੇ ਕਿਉਂਕਿ ਇਸ ਨਾਲ ਘੋੜੇ ਨੂੰ ਸੱਟ ਲੱਗ ਸਕਦੀ ਹੈ। ਮੰਨ ਲਓ ਜੇ ਘੋੜਾ ਲੰਗੜਾ ਹੋ ਗਿਆ ਤਾਂ ਤੁਹਾਡੇ ਲੱਖਾਂ ਰੁਪਏ ਬੇਕਾਰ।”

Jeetu tapers the cane into a shaft for it to arc when in play. He makes a small slit at the end of this shaft
PHOTO • Shruti Sharma
He makes a small slit at the end of this shaft and then places it through the mallet’s head.
PHOTO • Shruti Sharma

ਜੀਤੂ ਕੇਨ (ਬਾਂਸ) ਨੂੰ ਤਿਰਛਾ ਕਰਦੇ ਹਨ, ਜੋ ਸ਼ਾਫ਼ਟ ਨੂੰ ਲਚਕੀਲਾ ਬਣਾਉਂਦਾ ਹੈ ਅਤੇ ਖੇਡਣ ਵੇਲੇ ਕਿਸੇ ਚਾਪ ਦੀ ਤਰ੍ਹਾਂ ਜਾਪਦਾ ਹੈ। ਉ ਹ ਇਸ ਸੋਟੀ ਦੇ ਇੱਕ ਸਿਰੇ ' ਤੇ (ਖੱਬੇ ਪਾਸੇ) ਇੱਕ ਛੋਟਾ ਜਿਹਾ ਚੀਰਾ ਦਿੰਦੇ ਹਨ , ਫੇਰ ਇਸਨੂੰ ਮੈਲਟ ਦੇ ਸਿਰ (ਸੱਜੇ) ਵਿੱਚ ਵਾੜ ਦਿੰਦੇ ਹਨ

“ਮੇਰਾ ਕੰਮ ਹਮੇਸ਼ਾ ਤਕਨੀਕੀ ਰਿਹਾ ਹੈ,” ਜੀਤੂ ਕਹਿੰਦੇ ਹਨ। ਉਹ ਪਹਿਲਾਂ ਫਰਨੀਚਰ ਬਣਾਉਣ ਦਾ ਕੰਮ ਕਰਦੇ ਸੀ ਅਤੇ ਹੁਣ ਰਾਜਸਥਾਨ ਸਰਕਾਰ ਦੇ ਸਵਾਈ ਮਾਨ ਸਿੰਘ ਹਸਪਤਾਲ ਵਿੱਚ ‘ਜੈਪੁਰ ਫੁੱਟ’ ਵਿਭਾਗ ਵਿੱਚ ਨੌਕਰੀ ਕਰਦੇ ਹਨ ਜੋ ਕਿਫ਼ਾਇਤੀ ਨਕਲੀ ਅੰਗ ਬਣਾਉਣ ਲਈ ਉਹਨਾਂ ਵਰਗੇ ਕਾਰੀਗਰਾਂ ’ਤੇ ਨਿਰਭਰ ਕਰਦਾ ਹੈ।

ਜੀਤੂ ਇਹ ਦਿਖਾਉਣ ਲਈ ਮੈਲਟ ਦੇ ਸਿਰ ਵੱਲ ਇਸ਼ਾਰਾ ਕਰਦੇ ਹਨ ਕਿ ਕਿਸ ਤਰ੍ਹਾਂ ਉਹ ਕੇਨ (ਬਾਂਸ) ਨੂੰ ਵਿੱਚੋਂ ਦੀ ਲੰਘਾਉਣ ਲਈ ਇੱਕ ਡਰਿੱਲ ਮਸ਼ੀਨ ਦੀ ਮਦਦ ਨਾਲ ਇਸ ਵਿੱਚ ਛੇਦ ਕਰਦੇ ਹਨ। ਫਿਰ ਉਹ ਸ਼ਾਫਟ ਮੀਨਾ ਨੂੰ ਪਕੜਾ ਦਿੰਦੇ ਹਨ ਜੋ ਅਗਲਾ ਕੰਮ ਸੰਭਾਲਦੀ ਹਨ।

ਜ਼ਮੀਨੀ ਮੰਜ਼ਿਲ ’ਤੇ ਇੱਕ ਰਸੋਈ ਅਤੇ ਦੋ ਕਮਰੇ ਹਨ। ਮੀਨਾ ਇਸ ਘੇਰੇ ਦੇ ਅੰਦਰ ਹੀ ਕੰਮ ਕਰਦੀ ਹਨ ਜਿੱਥੇ ਉਹ ਲੋੜ ਅਨੁਸਾਰ ਅਸਾਨੀ ਨਾਲ ਘੁੰਮਦੀ ਰਹਿੰਦੀ ਹਨ। ਉਹ ਦੁਪਹਿਰ ਦਾ ਖਾਣਾ ਬਣਾਉਣ ਤੋਂ ਬਾਅਦ 12 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਕੰਮ ਕਰਨ ਲਈ ਸਮਾਂ ਕੱਢਦੀ ਹਨ। ਪਰ ਜਦੋਂ ਕਦੇ ਆਰਡਰ ਬਹੁਤ ਜਲਦੀ ਦੇਣੇ ਹੋਣ ਉਹਨਾਂ ਦੇ ਦਿਨ ਹੋਰ ਲੰਮੇ ਹੋ ਜਾਂਦੇ ਹਨ।

ਮੀਨਾ ਮੈਲਟ ਬਣਾਉਣ ਦੇ ਸਭ ਤੋਂ ਵੱਧ ਸਮਾਂ ਲੈਣ ਵਾਲੇ ਪਹਿਲੂਆਂ ’ਤੇ ਕੰਮ ਕਰਦੀ ਹਨ - ਸ਼ਾਫਟ ਨੂੰ ਮਜ਼ਬੂਤ ਕਰਨਾ ਅਤੇ ਪਕੜ-ਪੱਟੀ ਨੂੰ ਬੰਨ੍ਹਣਾ। ਇਸ ਵਿੱਚ ਸ਼ਾਫਟ ਦੇ ਪਤਲੇ ਸਿਰੇ ’ਤੇ ਫੈਵੀਕੋਲ ਗੂੰਦ ਵਿੱਚ ਡੁਬੋਈਆਂ ਹੋਈਆਂ ਸੂਤੀ ਪੱਟੀਆਂ ਨੂੰ ਧਿਆਨ ਨਾਲ ਬੰਨ੍ਹਣਾ ਸ਼ਾਮਲ ਹੈ। ਇਹ ਕੰਮ ਹੋ ਜਾਣ ਤੋਂ ਬਾਅਦ ਸ਼ਕਲ ਨੂੰ ਬਰਕਰਾਰ ਰੱਖਣ ਲਈ ਸ਼ਾਫਟ ਨੂੰ 24 ਘੰਟਿਆਂ ਲਈ ਜ਼ਮੀਨ ’ਤੇ ਸੁੱਕਣ ਲਈ ਸਪਾਟ ਛੱਡ ਦਿੱਤਾ ਜਾਂਦਾ ਹੈ।

ਉਹ ਫਿਰ ਰਬੜ ਜਾਂ ਰੈਕਸਨ ਦੀਆਂ ਪਕੜ-ਪੱਟੀਆਂ ਨੂੰ ਲਪੇਟਦੀ ਹਨ ਅਤੇ ਸੂਤੀ ਰੱਸੀ ਨੂੰ ਗੂੰਦ ਅਤੇ ਮੇਖਾਂ ਦੀ ਮਦਦ ਨਾਲ ਮੋਟੇ ਹੈਂਡਲ ’ਤੇ ਬੰਨ੍ਹਦੀ ਹਨ। ਇਹ ਪਕੜ ਸਾਫ਼-ਸੁਥਰੀ ਹੋਣੀ ਚਾਹੀਦੀ ਹੈ ਅਤੇ ਰੱਸੀ ਮਜ਼ਬੂਤ ਹੋਣੀ ਚਾਹੀਦੀ ਹੈ ਤਾਂ ਜੋ ਸੋਟੀ ਖਿਡਾਰੀ ਦੇ ਗੁੱਟ ਤੋਂ ਨਾ ਖਿਸਕੇ।

Meena binds rubber or rexine grips and fastens cotton slings onto the thicker handles using glue and nails. This grip must be visibly neat, and the sling strong, so that the stick does not slip out of the player’s grasp
PHOTO • Shruti Sharma
Meena binds rubber or rexine grips and fastens cotton slings onto the thicker handles using glue and nails. This grip must be visibly neat, and the sling strong, so that the stick does not slip out of the player’s grasp
PHOTO • Shruti Sharma

ਮੀਨਾ ਰਬੜ ਜਾਂ ਰੈਕਸਨ ਦੀਆਂ ਪਕੜ-ਪੱਟੀਆਂ ਨੂੰ ਲਪੇਟਦੀ ਹਨ ਅਤੇ ਸੂਤੀ ਰੱਸੀ ਨੂੰ ਗੂੰਦ ਅਤੇ ਮੇਖਾਂ ਦੀ ਮਦਦ ਨਾਲ ਮੋਟੇ ਹੈਂਡਲ ’ਤੇ ਬੰਨ੍ਹਦੀ ਹਨ। ਇਹ ਪਕੜ ਸਾਫ਼-ਸੁਥਰੀ ਹੋਣੀ ਚਾਹੀਦੀ ਹੈ ਅਤੇ ਰੱਸੀ ਮਜ਼ਬੂਤ ਹੋਣੀ ਚਾਹੀਦੀ ਹੈ ਤਾਂ ਜੋ ਸੋਟੀ ਖਿਡਾਰੀ ਦੇ ਗੁੱਟ ਤੋਂ ਨਾ ਖਿਸਕੇ

ਇਸ ਜੋੜੇ ਦੇ 36 ਸਾਲਾ ਬੇਟੇ, ਸਤਿਅਮ ਪਹਿਲਾਂ ਇਸ ਕੰਮ ਵਿੱਚ ਹੱਥ ਵਟਾਉਂਦੇ ਸਨ ਪਰ ਇੱਕ ਸੜਕ ਹਾਦਸੇ ਤੋਂ ਬਾਅਦ ਹੁਣ ਉਹ ਜ਼ਮੀਨ ’ਤੇ ਬੈਠਣ ਤੋਂ ਅਸਮਰੱਥ ਹਨ ਜਿਸ ਕਾਰਨ ਉਹਨਾਂ ਦੀ ਲੱਤ ਦੇ ਤਿੰਨ ਆਪਰੇਸ਼ਨ ਕਰਨੇ ਪਏ। ਕਈ ਵਾਰ ਉਹ ਸ਼ਾਮ ਦੇ ਖਾਣੇ ਲਈ ਰਸੋਈ ਵਿੱਚ ਹੱਥ ਵਟਾ ਦਿੰਦੇ ਹਨ ਜਿਵੇਂ ਕਿ ਸਬਜ਼ੀ ਬਣਾਉਣਾ ਜਾਂ ਰਾਤ ਦੇ ਖਾਣੇ ਲਈ ਦਾਲ ਨੂੰ ਢਾਬੇ ਵਰਗਾ ਤੜਕਾ ਲਗਾਉਣਾ ਆਦਿ।

ਉਹਨਾਂ ਦੀ ਪਤਨੀ ਰਾਖੀ ਹਫ਼ਤੇ ਦੇ ਸੱਤ ਦਿਨ, ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਇੱਕ ਪੀਜ਼ਾ ਹੱਟ ’ਤੇ ਕੰਮ ਕਰਦੀ ਹਨ ਜੋ ਉਨ੍ਹਾਂ ਦੇ ਘਰ ਤੋਂ ਥੋੜ੍ਹੀ ਹੀ ਦੂਰ ਹੈ। ਘਰ ਵਿੱਚ ਵਿਹਲਾ ਸਮਾਂ ਉਹ ਔਰਤਾਂ ਦੇ ਕੱਪੜੇ ਜਿਵੇਂ ਕਿ ਬਲਾਊਜ਼ ਅਤੇ ਕੁੜਤੇ ਤਿਆਰ ਕਰਦੀ ਹਨ ਅਤੇ ਆਪਣੀ ਧੀ ਨੈਨਾ ਨਾਲ ਬਿਤਾਉਂਦੀ ਹਨ। ਇਹ ਸੱਤ ਸਾਲ ਦੀ ਬੱਚੀ ਅਕਸਰ ਸਤਿਅਮ ਨਾਲ ਬੈਠ ਕੇ ਆਪਣਾ ਹੋਮਵਰਕ ਪੂਰਾ ਕਰਦੀ ਹੈ।

ਨੈਨਾ 9 ਇੰਚ ਦੇ ਛੋਟੇ ਮੈਲਟ ਨਾਲ ਖੇਡ ਰਹੀ ਹੈ। ਦੋ ਸਟਿਕਸ ਦੇ ਛੋਟੇ ਸੈੱਟ ਅਤੇ ਇੱਕ ਲੱਕੜ ਦੇ ਟੁਕੜੇ ’ਤੇ ਇੱਕ ਗੇਂਦ ਦੇ ਰੂਪ ਵਿੱਚ ਲੱਗੇ ਇੱਕ ਨਕਲੀ ਮੋਤੀ ਦੀ ਕੀਮਤ 600 ਰੁਪਏ ਹੈ। ਮੀਨਾ ਦਾ ਕਹਿਣਾ ਹੈ ਕਿ ਖੇਡਣ ਲਈ ਵਰਤੇ ਜਾਣ ਵਾਲੇ ਵੱਡੇ ਮੈਲਟ ਨਾਲੋਂ ਤੋਹਫ਼ੇ ਲਈ ਲਘੂ ਮੈਲਟ ਬਣਾਉਣ ਲਈ ਜ਼ਿਆਦਾ ਮਿਹਨਤ ਲੱਗਦੀ ਹੈ। “ਇਹ ਕੰਮ ਜ਼ਿਆਦਾ ਸੂਖਮ ਅਤੇ ਗੁੰਝਲਦਾਰ ਹੈ।”

ਮੈਲਟ ਬਣਾਉਣ ਲਈ ਦੋ ਵੱਖ-ਵੱਖ ਟੁਕੜੇ, ਸਿਰੇ ਅਤੇ ਕੇਨ (ਬਾਂਸ) ਦੀ ਸ਼ਾਫਟ ਨੂੰ ਇਕੱਠੇ ਜੋੜਨਾ ਸਭ ਤੋਂ ਪਰਿਭਾਸ਼ਿਤ ਕੰਮ ਮੰਨਿਆ ਜਾਂਦਾ ਹੈ। ਇਹ ਪੜਾਅ ਸੋਟੀ ਦਾ ਸੰਤੁਲਨ ਨਿਰਧਾਰਤ ਕਰਦਾ ਹੈ। ਮੀਨਾ ਕਹਿੰਦੀ ਹਨ, “ਸੰਤੁਲਨ ਇੱਕ ਅਜਿਹੀ ਚੀਜ਼ ਹੈ ਜਿਸ ਨੂੰ ਹਰ ਕੋਈ ਸਹੀ ਨਹੀਂ ਕਰ ਸਕਦਾ। ਇਹ ਇਸ ਸਾਜ਼-ਸਾਮਾਨ ਦੀ ਇੱਕ ਅਟੁੱਟ ਵਿਸ਼ੇਸ਼ਤਾ ਹੈ ਅਤੇ ਅਸ਼ੋਕ ਬੇਝਿਜਕ ਬੋਲਦੇ ਹਨ,“ਇਹੀ ਮੈਂ ਕਰਦੀ ਹਾਂ।”

ਆਪਣੀ ਖੱਬੀ ਲੱਤ ਨੂੰ ਫਰਸ਼ ’ਤੇ ਪਸਾਰੀ ਲਾਲ ਗੱਦੀ ’ਤੇ ਬੈਠੇ, ਉਹ ਮੈਲਟ ਦੇ ਸਿਰੇ ਵਾਲੇ ਹਿੱਸੇ ਵਿਚ ਕੀਤੇ ਛੇਦ ਦੇ ਦੁਆਲੇ ਗੂੰਦ ਲਗਾਉਂਦੇ ਹਨ, ਇੰਨਾ ਚਿਰ ਕੇਨ (ਬਾਂਸ) ਦੀ ਸ਼ਾਫਟ ਉਹਨਾਂ ਦੇ ਪੈਰ ਦੇ ਅੰਗੂਠੇ ਅਤੇ ਵਿਚਕਾਰਲੀ ਉਂਗਲ ਵਿੱਚ ਫਸੀ ਰਹਿੰਦੀ ਹੈ। ਜਦੋਂ ਅਸ਼ੋਕ ਨੂੰ ਪੁੱਛਿਆ ਗਿਆ ਕਿ ਪਿਛਲੇ ਸਾਢੇ ਪੰਜ ਦਹਾਕਿਆਂ ਵਿੱਚ ਉਹਨਾਂ ਨੇ ਕਿੰਨੀ ਵਾਰ ਕੇਨ (ਬਾਂਸ) ਦੀ ਸ਼ਾਫਟ ਨੂੰ ਇਸ ਤਰ੍ਹਾਂ ਆਪਣੇ ਪੈਰਾਂ ਦੀਆਂ ਉਂਗਲਾਂ ਵਿਚਕਾਰ ਰੱਖਿਆ ਹੋਣਾ ਤਾਂ ਜਵਾਬ ਵਿੱਚ ਉਹ ਹੌਲੀ-ਹੌਲੀ ਹੱਸਦੇ ਹੋਏ ਕਹਿਣ ਲੱਗੇ, “ਇਸਦੀ ਕੋਈ ਗਿਣਤੀ ਨਹੀਂ।”

This photo from 1985 shows Ashok setting the balance of the mallet, a job only he does. He must wedge a piece of cane onto the shaft to fix it onto the mallet’s head and hammer it delicately to prevent the shaft from splitting completely.
PHOTO • Courtesy: Ashok Sharma
Mo hammad Shafi does varnishing and calligraphy
PHOTO • Jitendra Jangid

1985 ਦੀ ਇਸ ਫ਼ੋਟੋ (ਖੱਬੇ) ਵਿੱਚ, ਅਸ਼ੋਕ ਮੈਲਟ ਦੇ ਧੜ ਦਾ ਸੰਤੁਲਨ ਸਥਾਪਤ ਕਰਦੇ ਹੋਏ ਨਜ਼ਰ ਆ ਰਹੇ ਹਨ, ਅਜਿਹਾ ਕੰਮ ਜੋ ਉਹ ਇਕੱਲੇ ਹੀ ਕਰਦੇ। ਮੈਲਟ ਦੇ ਸਿਰੇ ਤੇ ਸੋਟੀ ਦੀ ਨੋਕ  ਨੂੰ ਮਜ਼ਬੂਤੀ ਨਾਲ਼ ਆਪਸ ਵਿੱਚ ਬੰਨ੍ਹਣ ਵਾਸਤੇ ਹਥੌੜੇ ਦੀ ਮਦਦ ਨਾਲ਼ ਕੇਨ (ਬਾਂਸ) ਦਾ ਟੁਕੜਾ ਵਾੜਨਾ ਪੈਂਦਾ ਹੈ ਅਤੇ ਇੰਝ ਸੋਟੀ ਅਤੇ ਸਿਰੇ ਨੂੰ ਜੋੜਨਾ ਪੈਂਦਾ ਹੈ, ਤਾਂ ਜੋ ਕਿਸੇ ਜ਼ੋਰ ਨਾਲ ਸੋਟੀ ਨਾ ਅੱਡ ਨਾ ਹੋ ਜਾਵੇ। ਮੁਹੰਮਦ ਸ਼ਫੀ (ਸੱਜੇ ਪਾਸੇ) ਵਾਰਨਿਸ਼ ਮਾਰਨ ਅਤੇ ਕੈਲੀਗ੍ਰਾਫੀ ਦਾ ਕੰਮ ਕਰਦੇ ਹਨ

“ਇਹ ਚੂੜੀ ਹੋ ਜਾਏਗੀ, ਜੁੜ ਜਾਏਗੀ, ਫਿਰ ਇਹ ਬਾਹਰ ਨਹੀਂ ਨਿਕਲੇਗੀ,” ਜੀਤੂ ਦੱਸਦੇ ਹਨ। ਇੱਕ ਗੇਂਦ ਦੀਆਂ ਲਗਾਤਾਰ ਵੱਜਦੀਆਂ ਸੱਟਾਂ ਦੇ ਪ੍ਰਭਾਵ ਦਾ ਸਾਮ੍ਹਣਾ ਕਰਨ ਲਈ ਕੇਨ (ਬਾਂਸ) ਅਤੇ ਲੱਕੜ ਨੂੰ ਕੱਸ ਕੇ ਜੋੜਿਆ ਜਾਂਦਾ ਹੈ।

ਇੱਕ ਮਹੀਨੇ ਵਿੱਚ ਲਗਭਗ 100 ਮੈਲਟ ਬਣ ਜਾਂਦੇ ਹਨ। ਫਿਰ ਉਨ੍ਹਾਂ ਨੂੰ ਅਸ਼ੋਕ ਦੇ ਸਾਥੀ ਮੁਹੰਮਦ ਸ਼ਫੀ ਦੁਆਰਾ ਵਾਰਨਿਸ਼ ਕੀਤਾ ਗਿਆ ਜੋ 40 ਕੁ ਵਰ੍ਹਿਆਂ ਦੇ ਹਨ। ਵਾਰਨਿਸ਼ ਨਾਲ ਇਸ ’ਤੇ ਇੱਕ ਚਮਕ ਆਉਂਦੀ ਹੈ ਅਤੇ ਇਹ ਨਮੀ ਅਤੇ ਗੰਦਗੀ ਤੋਂ ਬਚਿਆ ਰਹਿੰਦਾ ਹੈ। ਸ਼ਫੀ ਮੈਲਟ ਦੇ ਇੱਕ ਪਾਸੇ ਪੇਂਟ ਨਾਲ ਇਸ ਦੀ ਉਚਾਈ ਨੂੰ ਸੁੰਦਰ ਲਿਖਾਈ ਵਿੱਚ ਚਿੱਤਰਿਤ ਕਰਦੇ ਹਨ ਅਤੇ ਹੈਂਡਲ ਦੇ ਹੇਠਾਂ ‘ਜੈਪੁਰ ਪੋਲੋ ਹਾਊਸ’ ਦਾ ਲੇਬਲ ਚਿਪਕਾ ਕੇ ਇਸ ਨੂੰ ਸੰਪੂਰਨ ਕਰਦੇ ਹਨ।

ਇੱਕ ਮੈਲਟ ਲਈ ਲੱਗਣ ਵਾਲ਼ੇ ਕੱਚੇ ਮਾਲ ਦੀ ਕੀਮਤ 1,000 ਰੁਪਏ ਹੈ ਅਤੇ ਅਸ਼ੋਕ ਦਾ ਕਹਿਣਾ ਹੈ ਕਿ ਵਿਕਰੀ ਵਿੱਚ ਉਹ ਇਸ ਤੋਂ ਅੱਧੀ ਰਕਮ ਵਸੂਲਣ ਵਿੱਚ ਵੀ ਅਸਮਰੱਥ ਹਨ। ਉਹ 1,600 ਰੁਪਏ ਵਿੱਚ ਇੱਕ ਮੈਲਟ ਵੇਚਣ ਦੀ ਕੋਸ਼ਿਸ਼ ਕਰਦੇ ਹਨ ਪਰ ਹਮੇਸ਼ਾ ਸਫਲ ਨਹੀਂ ਹੁੰਦੇ। “ਖਿਡਾਰੀ ਚੰਗੀ ਕੀਮਤ ਨਹੀਂ ਦਿੰਦੇ। ਉਹ ਇੱਕ ਹਜ਼ਾਰ ਬਾਰਾਂ ਸੌ [ਰੁਪਏ] ਦੀ ਪੇਸ਼ਕਸ਼ ਕਰਦੇ ਹਨ,” ਉਹ ਦੱਸਦੇ ਹਨ।

ਉਹਨਾਂ ਅਨੁਸਾਰ ਜੇਕਰ ਇੱਕ ਮੈਲਟ ਦੇ ਹਰੇਕ ਹਿੱਸੇ ਨੂੰ ਧਿਆਨ ਨਾਲ ਵਿਚਾਰਿਆ ਜਾਏ ਤਾਂ ਇਹ ਬਹੁਤ ਘੱਟ ਮੁੱਲ ਮੋੜਦਾ ਹੈ। ਅਸ਼ੋਕ ਕਹਿੰਦੇ ਹਨ, “[ਸਿਰਫ਼] ਕੇਨ (ਬਾਂਸ) ਅਸਾਮ ਅਤੇ ਰੰਗੂਨ ਤੋਂ ਕੋਲਕਾਤਾ ਆਉਂਦੀ ਹੈ।” ਇਸ ਵਿੱਚ ਨਮੀ ਦੀ ਸਹੀ ਮਾਤਰਾ, ਲਚਕਤਾ ਦੀ ਸਹੀ ਡਿਗਰੀ, ਯੋਗ ਘਣਤਾ ਅਤੇ ਮੋਟਾਈ ਹੋਣੀ ਚਾਹੀਦੀ ਹੈ।

“ਕੋਲਕਾਤਾ ਵਿੱਚ ਸਪਲਾਇਰਾਂ ਕੋਲ ਮੋਟੇ ਕੇਨ (ਬਾਂਸ) ਹਨ ਜੋ ਪੁਲਿਸ ਕਰਮਚਾਰੀਆਂ ਲਈ ਡੰਡੇ ਅਤੇ ਬਜ਼ੁਰਗਾਂ ਨੂੰ ਚੱਲਣ ਵਿੱਚ ਮਦਦ ਲਈ ਸੋਟੀਆਂ ਬਣਾਉਣ ਲਈ ਢੁਕਵੇਂ ਹਨ। ਉਨ੍ਹਾਂ ਵਿੱਚੋਂ ਇੱਕ ਹਜ਼ਾਰ ਵਿੱਚੋਂ ਸਿਰਫ਼ ਸੌ ਹੀ ਮੇਰੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨ,” ਅਸ਼ੋਕ ਕਹਿੰਦੇ ਹਨ। ਉਹਨਾਂ ਦੇ ਸਪਲਾਇਰਾਂ ਦੁਆਰਾ ਭੇਜੀਆਂ ਜਾਂਦੀਆਂ ਬਹੁਤੀਆਂ ਕੇਨ (ਬਾਂਸ) ਦੀਆਂ ਸੋਟੀਆਂ ਮੈਲਟ ਬਣਾਉਣ ਲਈ ਬਹੁਤ ਮੋਟੀਆਂ ਹੁੰਦੀਆਂ ਹਨ ਅਤੇ ਇਸ ਲਈ ਮਹਾਂਮਾਰੀ ਤੋਂ ਪਹਿਲਾਂ ਉਹ ਹਰ ਸਾਲ ਆਪ ਢੁਕਵੀਂ ਕੇਨ (ਬਾਂਸ) ਸੋਟੀਆਂ ਨੂੰ ਛਾਂਟਣ, ਚੁਣਨ ਅਤੇ ਲਿਆਉਣ ਲਈ ਕੋਲਕਾਤਾ ਜਾਇਆ ਕਰਦੇ ਸੀ। "ਹੁਣ ਮੈਂ ਕੋਲਕਾਤਾ ਤਾਂ ਹੀ ਜਾ ਸਕਦਾ ਹਾਂ ਜੇਕਰ ਮੇਰੀ ਜੇਬ ਵਿੱਚ ਇੱਕ ਲੱਖ ਰੁਪਏ ਹੋਣ।"

Mallets for different polo sports vary in size and in the amount of wood required to make them. The wood for a horseback polo mallet head (on the far right) must weigh 200 grams for the length of 9.25 inches.
PHOTO • Shruti Sharma
The tools of the craft from left to right: nola , jamura (plier), chorsi (chisel), bhasola (chipping hammer), scissors, hammer, three hole cleaners, two rettis ( flat and round hand files) and two aaris (hand saws)
PHOTO • Shruti Sharma

ਖੱਬੇ ਪਾਸੇ: ਵੱਖ-ਵੱਖ ਕਿਸਮਾਂ ਦੇ ਪੋਲੋ ਦੇ ਧੜਾਂ (ਸੋਟੀਆਂ) ਦਾ ਆਕਾਰ ਵੱਖਰਾ ਹੁੰਦਾ ਹੈ, ਅਤੇ ਲੱਕੜ ਦੀ ਲੋੜੀਂਦੀ ਮਾਤਰਾ ਵੀ ਵੱਖਰੀ ਹੁੰਦੀ ਹੈ।  ਘੋੜਸਵਾਰੀ ਵਾਲੇ ਪੋਲੋ ਮੈਲਟ ਹੈੱਡ ਲਈ (ਐਨ ਸੱਜੇ ਪਾਸੇ) 9.25 ਇੰਚ ਦੀ ਲੰਬੀ ਲੱਕੜ ਦਾ 200 ਗ੍ਰਾਮ ਭਾਰ ਹੋਣਾ ਚਾਹੀਦਾ ਹੈ।  ਸੱਜੇ ਪਾਸੇ: ਤਕਨੀਕ ਦੇ ਸਾਰੇ ਔਜ਼ਾਰਾਂ ਨੂੰ ਵਿਵਸਥਿਤ ਕੀਤਾ ਗਿਆ ਹੈ: ਨੋਲਾ, ਜਮੂਰਾ (ਪਲੀਅਰ), ਚੋਰਸੀ (ਛੈਣੀ), ਵਾਸੋਲਾ (ਛੋਟਾ ਹਥੌੜਾ), ਕੈਂਚੀ, ਹਥੌੜਾ, ਮੋਰੀਆਂ ਸਾਫ਼ ਕਰਨ ਵਾਲੇ ਤਿੰਨ ਯੰਤਰ, ਦੋ ਰੇਤੀਆਂ (ਚਪਟੀ ਤੇ ਗੋਲ), ਅਤੇ ਦੋ ਆਰੀਆਂ (ਹੱਥ ਆਰੀ)

ਅਸ਼ੋਕ ਕਹਿੰਦੇ ਹਨ ਕਿ ਸਥਾਨਕ ਲੱਕੜ ਬਾਜ਼ਾਰ ਤੋਂ ਕਈ ਸਾਲਾਂ ਦੀ ਅਜ਼ਮਾਇਸ਼ ਤੇ ਚੂਕ ਤੋਂ ਬਾਅਦ, ਉਹ ਹੁਣ ਮੈਲਟ ਦੇ ਸਿਰਿਆਂ ਵਾਸਤੇ ਅਯਾਤ ਕੀਤੀ ਸਟੀਮ ਬੀਚ ਲੱਕੜ ਤੇ ਮੈਪਲ ਲੱਕੜ 'ਤੇ ਨਿਰਭਰ ਕਰਦੇ ਹਨ।

ਉਹ ਦੱਸਦੇ ਹਨ ਕਿ ਉਹਨਾਂ ਨੇ ਕਦੇ ਵੀ ਲੱਕੜ ਵੇਚਣ ਵਾਲਿਆਂ ਨੂੰ ਇਹ ਨਹੀਂ ਦੱਸਿਆ ਕਿ ਉਹ ਆਪਣੀ ਖਰੀਦ ਤੋਂ ਕੀ ਬਣਾਉਂਦੇ ਹਨ। “ਇੰਨਾ ਕਹਿ ਕੇ ਉਹ ਰੇਟ ਵਧਾ ਦੇਣਗੇ ਕਿ ਤੁਸੀਂ ਇੱਕ ਵੱਡਾ ਕੰਮ [ਬਹੁਤ ਕੀਮਤੀ ਕੰਮ] ਕਰ ਰਹੇ ਹੋ!”

ਇਸ ਦੀ ਬਜਾਏ ਉਹ ਆਪਣੇ ਸਪਲਾਇਰਾਂ ਨੂੰ ਕਹਿੰਦੇ ਹਨ ਕਿ ਉਹ ਮੇਜ਼ਾਂ ਦੇ ਪਾਵੇ ਬਣਾਉਂਦੇ ਹਨ। "ਜੇ ਕੋਈ ਇਹ ਪੁੱਛੇ ਕਿ ਕੀ ਮੈਂ ਵੇਲਣੇ ਬਣਾਉਂਦਾ ਹਾਂ, ਤਾਂ ਮੈਂ ਉਸ ਨੂੰ ਵੀ ਹਾਂ ਕਹਿ ਦਿਆਂਗਾ!” ਉਹ ਹੱਸਦੇ ਹੋਏ ਕਹਿੰਦੇ ਹਨ।

“ਜੇ ਮੇਰੇ ਕੋਲ 15-20 ਲੱਖ ਰੁਪਏ ਹੋਣ ਤਾਂ ਮੈਨੂੰ ਕੋਈ ਵੀ ਨਹੀਂ ਰੋਕ ਸਕਦਾ,” ਉਹ ਕਹਿੰਦੇ ਹਨ। ਉਹਨਾਂ ਮੁਤਾਬਕ ਅਰਜਨਟੀਨਾ ਦੇ ਰੁੱਖ ਟੀਪੂਆਨਾ ਤੋਂ ਪ੍ਰਾਪਤ ਲੱਕੜ ਬਹੁਤ ਵਧੀਆ ਹੈ ਜਿਹਦੀ ਵਰਤੋਂ ਨਾਲ਼ ਅਰਜਨਟੀਨਾ ਵਿੱਚ ਬਣਦੇ ਮੈਲਟ ਦੇ ਸਿਰੇ ਬਣਾਏ ਜਾਂਦੇ ਹਨ। “ਇਹ ਬਹੁਤ ਹਲਕੀ ਹੈ ਅਤੇ ਟੁੱਟਦੀ ਵੀ ਨਹੀਂ ਹੈ, ਇਹ ਸਿਰਫ਼ ਛਿੱਲਣੀ ਪੈਂਦੀ ਹੈ,” ਉਹ ਦੱਸਦੇ ਹਨ।

ਅਰਜਨਟੀਨੀ ਸੋਟੀਆਂ ਦੀ ਕੀਮਤ ਘੱਟੋ-ਘੱਟ 10,000 -12,000 ਰੁਪਏ ਹੈ ਅਤੇ, “ਵੱਡੇ ਖਿਡਾਰੀ ਅਰਜਨਟੀਨਾ ਤੋਂ ਹੀ ਮੰਗਵਾਉਂਦੇ ਹਨ।”

Ashok’s paternal uncle, Keshu Ram with the Jaipur team in England, standing ready with mallets for matches between the 1930s and 1950s
PHOTO • Courtesy: Ashok Sharma
PHOTO • Courtesy: Ashok Sharma

ਅਸ਼ੋਕ ਦੇ ਚਾਚਾ ਕੇਸ਼ੂ ਰਾਮ (ਖੱਬੇ) ਅਤੇ ਪਿਤਾ ਕਲਿਆਣ (ਸੱਜੇ) ਜੈਪੁਰ ਟੀਮ ਦੇ ਇੰਗਲੈਂਡ ਦੌਰੇ 'ਤੇ, 1930 ਤੋਂ 1950 ਦੇ ਦਹਾਕੇ ਵਿੱਚ ਵਰਤੇ ਗਏ ਪੋਲੋ ਮੁਸਲਾਂ ਦੇ ਨਾਲ

ਹੁਣ ਅਸ਼ੋਕ ਆਰਡਰ 'ਤੇ ਘੋੜਸਵਾਰੀ ਪੋਲੋ ਮੈਲਟ ਬਣਾਉਂਦੇ ਹਨ ਅਤੇ ਵਿਦੇਸ਼ੀ ਮੈਲਟ ਦੀ ਮੁਰੰਮਤ ਕਰਦੇ ਹਨ। ਇਸ ਤੱਥ ਦੇ ਬਾਵਜੂਦ ਕਿ ਜੈਪੁਰ ਜ਼ਿਲ੍ਹੇ ਵਿੱਚ ਭਾਰਤ ਦੇ ਸਭ ਤੋਂ ਵੱਧ ਪੋਲੋ ਕਲੱਬ ਹਨ, ਸ਼ਹਿਰ ਦੇ ਸਪੋਰਟਸ ਰਿਟੇਲ ਸਟੋਰ ਵਿਕਰੀ ਲਈ ਮੈਲਟ ਨਹੀਂ ਰੱਖਦੇ।

“ਜੇਕਰ ਕੋਈ ਪੋਲੋ ਸੋਟੀ ਖਰੀਦਣ ਆਉਂਦਾ ਹੈ ਤਾਂ ਅਸੀਂ ਹਮੇਸ਼ਾ ਉਸ ਨੂੰ ਪੋਲੋ ਵਿਕਟਰੀ ਦੇ ਸਾਹਮਣੇ ਜੈਪੁਰ ਪੋਲੋ ਹਾਊਸ ਭੇਜ ਦਿੰਦੇ ਹਾਂ,” ਲਿਬਰਟੀ ਸਪੋਰਟਸ (1957) ਦੇ ਅਨਿਲ ਛਾਬੜੀਆ ਨੇ ਮੈਨੂੰ ਅਸ਼ੋਕ ਦਾ ਬਿਜ਼ਨਸ ਕਾਰਡ ਸੌਂਪਦਿਆਂ ਕਿਹਾ।

ਅਸ਼ੋਕ ਦੇ ਚਾਚਾ ਕੇਸ਼ੂ ਰਾਮ ਦੁਆਰਾ 1933 ਵਿੱਚ ਇੰਗਲੈਂਡ ਯਾਤਰਾ ਦੌਰਾਨ ਜੈਪੁਰ ਟੀਮ ਦੀਆਂ ਜਿੱਤਾਂ ਦੀ ਇੱਕ ਇਤਿਹਾਸਕ ਘਟਨਾ ਦੀ ਯਾਦ ਵਿੱਚ ‘ਪੋਲੋ ਵਿਕਟਰੀ ਸਿਨੇਮਾ’ (ਜੋ ਹੁਣ ਇੱਕ ਹੋਟਲ ਵਿੱਚ ਬਦਲ ਗਿਆ ਹੈ) ਬਣਾਇਆ ਗਿਆ ਸੀ। ਕੇਸ਼ੂ ਰਾਮ ਇਕਲੌਤੇ ਪੋਲੋ ਮੈਲਟ ਕਾਰੀਗਰ ਸਨ ਜਿਹਨਾਂ ਨੇ ਟੀਮ ਨਾਲ ਯਾਤਰਾ ਕੀਤੀ ਸੀ।

ਹਰ ਸਾਲ ਇਤਿਹਾਸਕ ਜੈਪੁਰ ਟੀਮ ਦੇ ਤਿੰਨ ਮੈਂਬਰਾਂ: ਮਾਨ ਸਿੰਘ ਦੂਜੇ, ਹਨੂਤ ਸਿੰਘ ਅਤੇ ਪ੍ਰਿਥੀ ਸਿੰਘ ਦੇ ਨਾਮ ਹੇਠ ਜੈਪੁਰ ਅਤੇ ਦਿੱਲੀ ਵਿਖੇ ਸਾਲਾਨਾ ਪੋਲੋ ਟੂਰਨਾਮੈਂਟ ਆਯੋਜਿਤ ਕੀਤੇ ਜਾਂਦੇ ਹਨ। ਹਾਲਾਂਕਿ, ਉਪ-ਮਹਾਂਦੀਪ ਦੇ ਪੋਲੋ ਇਤਿਹਾਸ ਵਿੱਚ ਅਸ਼ੋਕ ਅਤੇ ਉਸਦੇ ਪਰਿਵਾਰ ਦੇ ਯੋਗਦਾਨ ਨੂੰ ਲੋਕ ਬਹੁਤ ਘੱਟ ਜਾਣਦੇ ਹਨ।

“ਜਬ ਤਕ ਕੇਨ ਕੀ ਸਟਿਕਸ ਸੇ ਖੇਲੇਂਗੇ, ਤਬ ਤਕ ਪਲੇਅਰ ਕੋ ਮੇਰੇ ਪਾਸ ਆਨਾ ਹੀ ਪੜੇਗਾ ,” ਉਹਨਾਂ ਦਾ ਕਹਿਣਾ ਹੈ।

ਇਸ ਕਹਾਣੀ ਨੂੰ ਮ੍ਰਿਣਾਲਿਨੀ ਮੁਖਰਜੀ ਫਾਊਂਡੇਸ਼ਨ (MMF) ਦੀ ਫੈਲੋਸ਼ਿਪ ਦੁਆਰਾ ਸਮਰਥਨ ਪ੍ਰਾਪਤ ਹੈ।

ਤਰਜਮਾ : ਇੰਦਰਜੀਤ ਸਿੰਘ

Reporter : Shruti Sharma

Shruti Sharma is a MMF-PARI fellow (2022-23). She is working towards a PhD on the social history of sports goods manufacturing in India, at the Centre for Studies in Social Sciences, Calcutta.

Other stories by Shruti Sharma
Editor : Riya Behl

Riya Behl is Senior Assistant Editor at People’s Archive of Rural India (PARI). As a multimedia journalist, she writes on gender and education. Riya also works closely with students who report for PARI, and with educators to bring PARI stories into the classroom.

Other stories by Riya Behl
Translator : Inderjeet Singh

He has post-graduated in English Language and Literature from Punjabi University, Patiala. Language being his major focus, he has translated Anne Frank's 'The Diary Of A Young Girl', thus introducing one culture to the other.

Other stories by Inderjeet Singh