ਸੁਕੁਮਾਰ ਬਿਸਵਾਸ ਕੋਈ ਆਮ ਨਾਰੀਅਲ ਵਿਕਰੇਤਾ ਨਹੀਂ ਹਨ। ਗਾਣੇ ਪ੍ਰਤੀ ਉਨ੍ਹਾਂ ਦਾ ਲਗਾਅ ਕਦੇ ਨਹੀਂ ਮੁੱਕਦਾ। ਉਹ ਤਾਂ ਪਿਆਸੇ ਗਾਹਕਾਂ ਵਾਸਤੇ ਨਾਰੀਅਲ ਕੱਟਦਿਆਂ ਵੀ ਗੁਣਗੁਣਾਉਂਦੇ ਹੀ ਰਹਿੰਦੇ ਹਨ। "ਮੈਂ ਖਾਣੇ ਤੋਂ ਬਿਨਾਂ ਰਹਿ ਸਕਦਾ ਹਾਂ, ਪਰ ਮੈਂ ਗਾਏ ਬਗ਼ੈਰ ਨਹੀਂ।" ਉਹ ਕਹਿੰਦੇ ਹਨ। ਲੰਕਾਪਾੜਾ ਅਤੇ ਸ਼ਾਂਤੀਪੁਰ ਦੇ ਆਸ ਪਾਸ ਦੇ ਇਲਾਕਿਆਂ ਦੇ ਲੋਕ ਪਿਆਰ ਨਾਲ਼ ਉਨ੍ਹਾਂ ਨੂੰ ' ਡਾਬਦਾਦੂ ' (ਨਾਰੀਅਲ ਦੇ ਦਾਦਾ) ਕਹਿੰਦੇ ਹਨ।

70 ਸਾਲਾ ਬਜ਼ੁਰਗ ਹਰੇ ਨਾਰੀਅਲ ਵਿੱਚ ਪਾਈਪ ਪਾ ਕੇ ਤੁਹਾਨੂੰ ਫੜ੍ਹਾਉਂਦਾ ਹੈ ਤੇ ਜਿਓਂ ਹੀ ਤੁਸੀਂ ਪਾਣੀ ਪੀ ਲੈਂਦੇ ਹੋ, ਉਹ ਗੀਤ ਗਾਉਂਦਾ ਹੋਇਆ ਹਰੇ ਨਾਰੀਅਲ ਨੂੰ ਛਿਲਦਾ ਤੇ ਕੱਟਦਾ ਹੈ ਤੇ ਵਿੱਚੋਂ ਮਲਾਈ ਕੱਢ ਕੇ ਤੁਹਾਨੂੰ ਦੇ ਦਿੰਦਾ ਹੈ। ਉਹ ਲਾਲਨ ਫ਼ਕੀਰ, ਗਾਇਕ ਸ਼ਾਹ ਅਬਦੁਲ ਕਰੀਮ, ਭਾਬਾ ਖਿਆਪਾ ਅਤੇ ਹੋਰਾਂ ਦੁਆਰਾ ਰਚਿਤ ਗੀਤ ਗਾਉਂਦਾ ਹੈ। ਉਹ ਖੁਦ ਮੰਨਦੇ ਹਨ ਕਿ ਇਨ੍ਹਾਂ ਗੀਤਾਂ ਵਿੱਚ ਹੀ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਅਰਥ ਲੱਭੇ ਹਨ। ਇੱਕ ਵਾਕ ਦਾ ਹਵਾਲਾ ਦਿੰਦੇ ਹੋਏ ਪਾਰੀ ਨੂੰ ਕਹਿੰਦੇ ਹਨ:"ਅਸੀਂ ਸੱਚਾਈ ਤੱਕ ਓਦੋਂ ਹੀ ਪਹੁੰਚ ਸਕਦੇ ਹਾਂ ਜਦੋਂ ਸਾਨੂੰ ਪਤਾ ਹੋਊ ਕਿ ਸੱਚਾਈ ਹੈ ਕੀ। ਸੱਚਾਈ ਤੱਕ ਪਹੁੰਚਣ ਲਈ ਸਾਨੂੰ ਆਪਣੇ ਅੰਦਰ ਇਮਾਨਦਾਰੀ ਰੱਖਣੀ ਚਾਹੀਦੀ ਹੈ। ਅਸੀਂ ਦੂਜਿਆਂ ਨੂੰ ਉਦੋਂ ਹੀ ਪਿਆਰ ਕਰ ਸਕਦੇ ਹਾਂ ਜਦੋਂ ਅਸੀਂ ਬੇਈਮਾਨੀ ਤੋਂ ਮੁਕਤ ਹੋਵਾਂਗੇ।''

ਉਹ ਉਦੋਂ ਵੀ ਗਾਉਂਦੇ ਰਹਿੰਦੇ ਹਨ ਜਦੋਂ ਉਹ ਆਪਣੀ ਟੋਲੀ (ਟ੍ਰਾਈਸਾਈਕਲ ਨਾਲ਼ ਜੁੜੀ ਵੈਨ) 'ਤੇ ਸਵਾਰ ਹੋ ਕੇ ਇੱਕ ਇਲਾਕੇ ਤੋਂ ਦੂਜੇ ਇਲਾਕੇ ਜਾਂਦੇ ਹਨ। ਉਨ੍ਹਾਂ ਦੇ ਗੀਤ ਨੂੰ ਸੁਣਦਿਆਂ ਹੀ ਲੋਕਾਂ ਨੂੰ ਉਨ੍ਹਾਂ ਦੇ ਆਉਣ ਬਾਰੇ ਪਤਾ ਲੱਗ ਜਾਂਦਾ ਹੈ।

"ਜੋ ਲੋਕ ਨਾਰੀਅਲ ਪਾਣੀ ਨਹੀਂ ਵੀ ਪੀਣਾ ਚਾਹੁੰਦੇ ਹੁੰਦੇ, ਉਹ ਵੀ ਖੜ੍ਹ ਕੇ ਮੇਰੇ ਗਾਣੇ ਸੁਣਦੇ ਜ਼ਰੂਰ ਨੇ। ਉਨ੍ਹਾਂ ਨੂੰ ਨਾਰੀਅਲ ਪਾਣੀ ਖ਼ਰੀਦਣ ਦੀ ਲੋੜ ਨਹੀਂ ਹੈ। ਮੈਨੂੰ ਬਹੁਤੀ ਵਿਕਰੀ ਦੀ ਕੋਈ ਉਮੀਦ ਵੀ ਨਹੀਂ ਹੁੰਦੀ। ਮੇਰੇ ਕੋਲ਼ ਜੋ ਕੁਝ ਵੀ ਹੈ ਮੈਂ ਉਸੇ ਤੋਂ ਖੁਸ਼ ਹਾਂ," ਗਾਹਕਾਂ ਨੂੰ ਨਾਰੀਅਲ ਦਿੰਦਿਆਂ ਤੇ ਪੈਸੇ ਲੈਂਦਿਆਂ ਉਹ ਗੱਲਬਾਤ ਜਾਰੀ ਰੱਖਦੇ ਹਨ।

Left: Sukumar selling coconuts on the streets of Santipur.
PHOTO • Tarpan Sarkar
Right: Back home, Sukumar likes to sing while playing music on his harmonium and dotara
PHOTO • Tarpan Sarkar

ਖੱਬੇ: ਸੁਕੁਮਾਰ , ਜੋ ਸ਼ਾਂਤੀਪੁਰ ਦੀਆਂ ਸੜਕਾਂ ' ਤੇ ਨਾਰੀਅਲ ਪਾਣੀ ਵੇਚਦੇ ਹਨ। ਸੱਜੇ: ਆਪਣੇ ਘਰ ਵਿੱਚ ਸੁਕੁਮਾਰ ਨੂੰ ਹਾਰਮੋਨੀਅਮ ਅਤੇ ਡੋਤਾਰਾ ਵਜਾਉਣਾ ਤੇ ਗਾਉਣਾ ਪਸੰਦ ਹੈ

ਸੁਕੁਮਾਰ ਦਾ ਜਨਮ ਬੰਗਲਾਦੇਸ਼ ਦੇ ਕੁਸ਼ਤੀਆ ਜ਼ਿਲ੍ਹੇ ਵਿੱਚ ਹੋਇਆ ਸੀ। ਜਿੱਥੇ ਉਨ੍ਹਾਂ ਦੇ ਪਿਤਾ ਮੱਛੀ ਫੜ੍ਹ ਕੇ ਗੁਜ਼ਾਰਾ ਕਰਦੇ ਸਨ। ਜਦੋਂ ਕਦੇ ਉਹ ਮੱਛੀ ਫੜ੍ਹਨ ਨਾ ਜਾ ਪਾਉਂਦੇ, ਉਹ ਦਿਹਾੜੀਆਂ ਲਾਇਆ ਕਰਦੇ ਸਨ। ਜਦੋਂ 1971 ਵਿੱਚ ਬੰਗਲਾਦੇਸ਼ (ਉਸ ਸਮੇਂ ਪੂਰਬੀ ਪਾਕਿਸਤਾਨ ਵਜੋਂ ਜਾਣਿਆ ਜਾਂਦਾ ਸੀ) ਵਿੱਚ ਯੁੱਧ ਸ਼ੁਰੂ ਹੋਇਆ, ਤਾਂ ਵੱਡੀ ਗਿਣਤੀ ਵਿੱਚ ਲੋਕ ਭਾਰਤ ਆਏ ਅਤੇ ਪਨਾਹ ਲਈ। ਸੁਕੁਮਾਰ ਉਨ੍ਹਾਂ ਲੋਕਾਂ ਵਿੱਚੋਂ ਹੀ ਇੱਕ ਹਨ। "ਜਦੋਂ ਅਸੀਂ ਇਸ ਦੇਸ਼ ਆਏ ਤਾਂ ਅਸੀਂ ਸ਼ਰਨਾਰਥੀ ਸਾਂ। ਜ਼ਿਆਦਾਤਰ ਲੋਕਾਂ ਸਾਡੇ ਵੱਲ ਰਹਿਮ ਦੀ ਨਜ਼ਰ ਸੁੱਟਦੇ," ਉਹ ਕਹਿੰਦੇ ਹਨ। ਜਦੋਂ ਉਹ ਭਾਰਤ ਆਏ, ਤਾਂ ਉਹ ਆਪਣੇ ਨਾਲ਼ ਸਿਰਫ਼ ਮੱਛੀ ਫੜ੍ਹਨ ਵਾਲ਼ਾ ਜਾਲ਼ ਹੀ ਲਿਆਏ ਸਨ।

ਭਾਰਤ ਆਉਣ 'ਤੇ ਸੁਕੁਮਾਰ ਦਾ ਪਰਿਵਾਰ ਸਭ ਤੋਂ ਪਹਿਲਾਂ ਪੱਛਮੀ ਬੰਗਾਲ ਦੇ ਸ਼ਿਕਾਰਪੁਰ ਪਿੰਡ ਆਇਆ ਸੀ। ਇੱਕ ਵਾਰ ਕ੍ਰਿਸ਼ਨਾਨਗਰ ਜਾਣ ਤੋਂ ਬਾਅਦ ਆਖ਼ਰਕਾਰ ਉਹ ਮੁਰਿਸ਼ਦਾਬਾਦ ਜ਼ਿਲ੍ਹੇ ਦੇ ਜੀਆਗੰਜ-ਅਜ਼ੀਮਗੰਜ ਹੀ ਵਿੱਚ ਵੱਸ ਗਏ। ਆਪਣੇ ਪਿਤਾ ਦੇ ਗੰਗਾ ਨਦੀ ਵਿੱਚ ਮੱਛੀ ਫੜ੍ਹਨ ਬਾਰੇ ਗੱਲ ਕਰਦਿਆਂ ਸੁਕੁਮਾਰ ਦੀਆਂ ਅੱਖਾਂ ਚਮਕਣ ਲੱਗੀਆਂ ਤੇ ਉਹ ਅੱਗੇ ਦੱਸਦੇ ਹਨ,"ਉਹ ਸਥਾਨਕ ਬਾਜ਼ਾਰ ਜਾਂਦੇ ਅਤੇ ਉਨ੍ਹਾਂ ਮੱਛੀਆਂ ਨੂੰ ਚੰਗੀ ਕੀਮਤ 'ਤੇ ਵੇਚਦੇ। ਇੰਝ ਹੀ ਉਹ ਇਕ ਦਿਨ ਘਰ ਆਏ ਅਤੇ ਕਹਿਣ ਲੱਗੇ ਕਿ ਹੁਣ ਸਾਨੂੰ ਪੈਸੇ ਦੀ ਬਹੁਤੀ  ਚਿੰਤਾ ਕਰਨ ਦੀ ਲੋੜ ਨਹੀਂ। ਸਾਡੇ ਲਈ ਲਾਟਰੀ ਜਿੱਤਣ ਵਰਗਾ ਮਾਹੌਲ ਬਣ ਗਿਆ। ਅਸੀਂ ਪਹਿਲੀ ਵਾਰ ਮੱਛੀ ਵੇਚੀ ਅਤੇ 125 ਰੁਪਏ ਕਮਾਏ। ਉਸ ਸਮੇਂ ਇਹ ਸਾਡੇ ਲਈ ਬਹੁਤ ਵੱਡੀ ਗੱਲ ਸੀ।''

ਜੁਆਨ ਹੋਣ ਤੱਕ ਹੀ ਸੁਕੁਮਾਰ ਨੇ ਵੱਖ-ਵੱਖ ਪੇਸ਼ੇ ਹੰਢਾ ਲਏ ਹੋਏ ਸਨ। ਉਹ ਰੇਲ ਗੱਡੀਆਂ ਵਿੱਚ ਸਮਾਨ ਵੇਚਦੇ, ਨਦੀ ਵਿੱਚ ਕਿਸ਼ਤੀਆਂ ਚਲਾਉਂਦੇ, ਦਿਹਾੜੀਆਂ ਲਾਉਂਦੇ ਤੇ ਬੰਸਰੀ ਅਤੇ ਡੋਤਾਰਾ ਵਰਗੇ ਸੰਗੀਤਕ ਯੰਤਰ ਬਣਾਉਂਦੇ। ਪਰ ਉਨ੍ਹਾਂ ਨੇ ਜਿਹੜਾ ਵੀ ਕੰਮ ਫੜ੍ਹਿਆ ਹੋਵੇ, ਗਾਉਣਾ ਬੰਦ ਨਾ ਕੀਤਾ। ਅੱਜ ਵੀ ਉਨ੍ਹਾਂ ਨੂੰ ਬੰਗਲਾਦੇਸ਼ ਦੀਆਂ ਨਦੀਆਂ ਦੇ ਕੰਢੇ ਅਤੇ ਹਰੇ-ਭਰੇ ਖੇਤਾਂ ਵਿੱਚ ਸਿੱਖੇ ਗੀਤ ਚੇਤੇ ਹਨ।

ਸੁਕੁਮਾਰ ਹੁਣ ਆਪਣੀ ਪਤਨੀ ਨਾਲ਼ ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਦੇ ਸ਼ਾਂਤੀਪੁਰ ਵਿੱਚ ਰਹਿੰਦੇ ਹਨ। ਉਨ੍ਹਾਂ ਦੀਆਂ ਦੋ ਧੀਆਂ ਅਤੇ ਇੱਕ ਪੁੱਤਰ ਹੈ। ਧੀਆਂ ਵਿਆਹੀਆਂ ਹੋਈਆਂ ਹਨ ਅਤੇ ਬੇਟਾ ਮਹਾਰਾਸ਼ਟਰ ਵਿੱਚ ਦਿਹਾੜੀ ਮਜ਼ਦੂਰੀ ਕਰਦਾ ਹੈ। "ਮੈਂ ਜੋ ਵੀ ਕਰਦਾ ਹਾਂ, ਉਹ ਇਸ ਨੂੰ ਸਵੀਕਾਰ ਕਰਦੇ ਨੇ। ਉਹ ਹਮੇਸ਼ਾ ਮੇਰੇ ਨਾਲ਼ ਸਹਿਯੋਗ ਕਰਦੇ ਨੇ। ਮੈਨੂੰ ਆਪਣੀ ਕਮਾਈ ਦੀ ਚਿੰਤਾ ਨਹੀਂ ਹੁੰਦੀ। ਮੈਨੂੰ ਪੈਦਾ ਹੋਇਆਂ ਇੰਨੇ ਸਾਲ ਹੋ ਗਏ ਹਨ ਅਤੇ ਮੇਰਾ ਮੰਨਣਾ ਹੈ ਕਿ ਮੈਂ ਆਪਣੀ ਬਾਕੀ ਦੀ ਜ਼ਿੰਦਗੀ ਵੀ ਇਸੇ ਤਰ੍ਹਾਂ ਹੀ ਜੀ ਸਕਦਾ ਹਾਂ," ਸੁਕੁਮਾਰ ਕਹਿੰਦੇ ਹਨ।

ਦੇਖੋ ਫਿਲਮ: ਨਾਰੀਅਲ ਪਾਣੀ ਵੇਚਣ ਵਾਲ਼ਾ ਗਾਇਕ ਡਾਬਦਾਦੂ

ਤਰਜਮਾ: ਕਮਲਜੀਤ ਕੌਰ

Tarpan Sarkar

Tarpan Sarkar is a writer, translator and graphic designer. He has a Master’s degree in Comparative Literature from Jadavpur University.

Other stories by Tarpan Sarkar
Text Editor : Archana Shukla

Archana Shukla is a Content Editor at the People’s Archive of Rural India and works in the publishing team.

Other stories by Archana Shukla
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur