ਜਦੋਂ 65 ਸਾਲਾ ਮੁਨੱਵਰ ਖਾਨ ਥਾਣੇ ਪਹੁੰਚੇ ਤਾਂ ਉਨ੍ਹਾਂ ਨੇ ਅੰਦਰੋਂ ਆਪਣੇ ਬੇਟੇ ਦੇ ਰੋਣ ਦੀ ਆਵਾਜ਼ ਸੁਣੀ। ਤਕਰੀਬਨ 15 ਮਿੰਟ ਬਾਅਦ ਚੀਕਾਂ ਰੁੱਕ ਗਈਆਂ ਤੇ ਖ਼ਾਮੋਸ਼ੀ ਪਸਰ ਗਈ। ਇਸਰਾਇਲ ਖਾਨ ਦੇ ਪਿਤਾ ਨੇ ਸੋਚਿਆ ਕਿ ਸ਼ਾਇਦ ਪੁਲਿਸ ਨੇ ਉਨ੍ਹਾਂ ਦੇ ਬੇਟੇ ਨੂੰ ਕੁੱਟਣਾ ਬੰਦ ਕਰ ਦਿੱਤਾ ਹੈ।

ਉਸੇ ਦਿਨ, ਇਸਰਾਇਲ ਇੱਕ ਧਾਰਮਿਕ ਇਕੱਠ ਵਿੱਚ ਸ਼ਾਮਲ ਹੋਣ ਤੋਂ ਬਾਅਦ ਭੋਪਾਲ ਤੋਂ ਰਵਾਨਾ ਹੋਏ ਸਨ। ਉਹ ਲਗਭਗ 200 ਕਿਲੋਮੀਟਰ ਦੂਰ ਗੁਨਾ ਵਿੱਚ ਆਪਣੇ ਘਰ ਜਾ ਰਹੇ ਸਨ, ਜਿੱਥੇ ਉਹ ਨਿਰਮਾਣ ਹੇਠ ਥਾਵਾਂ 'ਤੇ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਦੇ ਸਨ।

ਉਸੇ ਸ਼ਾਮ (21 ਨਵੰਬਰ 2022 ਨੂੰ), ਉਹ ਗੁਨਾ ਤਾਂ ਆਏ, ਪਰ ਘਰ ਨਹੀਂ ਪਹੁੰਚੇ। ਰਾਤ ਕਰੀਬ 8 ਵਜੇ ਗੋਕੁਲ ਸਿੰਘ ਕਾ ਚੱਕ ਨਾਮਕ ਬਸਤੀ ਪੈਂਦੇ ਉਨ੍ਹਾਂ ਦੇ ਘਰ ਤੋਂ ਮਹਿਜ਼ ਕੁਝ ਕਿਲੋਮੀਟਰ ਦੂਰ ਪਹਿਲਾਂ ਚਾਰ ਪੁਲਿਸ ਅਧਿਕਾਰੀਆਂ ਨੇ ਇਸਰਾਇਲ ਦਾ ਆਟੋ ਰਿਕਸ਼ਾ (ਜਿਸ ਵਿੱਚ ਉਹ ਸਵਾਰ ਸਨ) ਰੋਕਿਆ ਅਤੇ ਉਨ੍ਹਾਂ ਨੂੰ ਨਾਲ਼ ਲੈ ਗਏ।

ਦਰਅਸਲ, ਜਦੋਂ ਇਸਰਾਇਲ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ, ਤਾਂ ਉਹ ਆਪਣੀ ਸੱਸ ਨਾਲ਼ ਗੱਲ ਕਰ ਰਹੇ ਸਨ। "ਇਸ ਤਰ੍ਹਾਂ ਸਾਨੂੰ ਪਤਾ ਲੱਗਿਆ ਕਿ ਉਹ ਪੁਲਿਸ ਹਿਰਾਸਤ ਵਿੱਚ ਆ," ਉਨ੍ਹਾਂ ਦੀ ਵੱਡੀ ਭੈਣ, 32 ਸਾਲਾ ਬਾਨੋ ਕਹਿੰਦੀ ਹਨ।

ਉਨ੍ਹਾਂ ਨੂੰ ਨੇੜਲੇ ਕੁਸ਼ਮੂਦਾ ਥਾਣੇ ਲਿਜਾਇਆ ਗਿਆ। ਇੱਥੇ ਹੀ ਉਨ੍ਹਾਂ ਦੇ ਪਿਤਾ ਮੁਨੱਵਰ ਨੇ ਉਨ੍ਹਾਂ ਨੂੰ ਦਰਦ ਨਾਲ਼ ਚੀਕਦਿਆਂ ਸੁਣਿਆ ਕਿਉਂਕਿ ਪੁਲਿਸ ਵਾਲ਼ੇ ਉਨ੍ਹਾਂ ਨੂੰ ਬੇਰਹਿਮੀ ਨਾਲ਼ ਕੁੱਟ ਰਹੇ ਸਨ।

ਤਕਰੀਬਨ 45 ਮਿੰਟ ਬਾਅਦ ਮੁਨੱਵਰ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੇ ਬੇਟੇ ਦੀਆਂ ਚੀਕਾਂ ਇਸ ਲਈ ਘੱਟ ਨਹੀਂ ਹੋਈਆਂ ਕਿ ਪੁਲਿਸ ਨੇ ਉਸ 'ਤੇ ਹਮਲਾ ਕਰਨਾ ਬੰਦ ਕਰ ਦਿੱਤਾ ਸੀ, ਬਲਕਿ ਇਸ ਲਈ ਕਿ ਉਸ ਨੂੰ ਕੁੱਟ-ਕੁੱਟ ਕੇ ਮਾਰ ਹੀ ਦਿੱਤਾ ਗਿਆ ਸੀ। ਪੋਸਟਮਾਰਟਮ ਤੋਂ ਪਤਾ ਲੱਗਿਆ ਕਿ ਉਸ ਦੀ ਮੌਤ ਕਾਰਡੀਓਰੈਸਪੀਰੇਟਰੀ ਫੇਲ੍ਹ (ਦਿਲ ਅਤੇ ਸਾਹ ਦੀ ਅਸਫਲਤਾ) ਅਤੇ ਸਿਰ ਦੀਆਂ ਸੱਟਾਂ ਕਾਰਨ ਹੋਈ।

ਬਾਅਦ ਵਿੱਚ ਮੀਡੀਆ ਰਿਪੋਰਟਾਂ ਵਿੱਚ ਮੱਧ ਪ੍ਰਦੇਸ਼ ਪੁਲਿਸ ਦੇ ਹਵਾਲੇ ਨਾਲ਼ ਕਿਹਾ ਗਿਆ ਕਿ 30 ਸਾਲਾ ਮੁਸਲਿਮ ਮਜ਼ਦੂਰ ਨੂੰ ਉਸ ਸਮੇਂ ਹਿਰਾਸਤ ਵਿੱਚ ਲਿਆ ਗਿਆ ਜਦੋਂ ਉਸ ਨੇ ਕੁਝ ਲੋਕਾਂ ਨਾਲ਼ ਇੱਕ ਜੂਏਬਾਜ਼ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਪੁਲਿਸ ਨਾਲ਼ ਝੜਪ ਕੀਤੀ।

ਪਰ ਉਨ੍ਹਾਂ ਦਾ ਪਰਿਵਾਰ ਇਸ ਗੱਲ 'ਤੇ ਯਕੀਨ ਨਹੀਂ ਕਰਦਾ। ਇਸਰਾਇਲ ਦੀ ਮਾਂ ਮੁੰਨੀ ਬਾਈ ਕਹਿੰਦੀ ਹਨ, "ਉਨ੍ਹਾਂ ਨੂੰ ਇਸ ਲਈ ਚੁੱਕਿਆ ਗਿਆ ਕਿਉਂਕਿ ਉਹ ਮੁਸਲਮਾਨ ਸੀ।''

ਇਸ ਹਕੀਕਤ 'ਤੇ ਕੋਈ ਦੋ-ਰਾਏ ਨਹੀਂ ਕਿ ਇਸਰਾਇਲ ਦੀ ਮੌਤ ਪੁਲਿਸ ਹਿਰਾਸਤ ਵਿੱਚ ਹੋਈ ਸੀ। ਇਹ ਨਿਸ਼ਚਤ ਤੌਰ 'ਤੇ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਉਨ੍ਹਾਂ ਦੀ ਮੌਤ ਕਿਵੇਂ ਹੋਈ।

Munni Bai lost her son Israel when he was taken into police custody and beaten up; a few hours later he died due to the injuries. ' He was picked up because he was a Muslim', she says, sitting in their home in Guna district of Madhya Pradesh
PHOTO • Parth M.N.

ਮੁੰਨੀ ਬਾਈ ਦੇ ਬੇਟੇ ਇਸਰਾਇਲ ਨੂੰ ਪੁਲਿਸ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਬੇਰਹਿਮੀ ਨਾਲ਼ ਕੁੱਟਿਆ ਗਿਆ। ਕੁਝ ਘੰਟਿਆਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। 'ਉਸ ਨੂੰ ਇਸ ਲਈ ਚੁੱਕਿਆ ਗਿਆ ਕਿਉਂਕਿ ਉਹ ਮੁਸਲਮਾਨ ਸੀ,' ਮੱਧ ਪ੍ਰਦੇਸ਼ ਦੇ ਗੁਨਾ ਜ਼ਿਲ੍ਹੇ ਵਿੱਚ ਆਪਣੇ ਘਰ ਬੈਠੀ ਮੁੰਨੀ ਕਹਿੰਦੀ ਹਨ

ਗੁਨਾ ਦੇ ਪੁਲਿਸ ਸੁਪਰਡੈਂਟ ਰਾਕੇਸ਼ ਸਾਗਰ ਨੇ ਦੱਸਿਆ ਕਿ ਗੁਨਾ ਤੋਂ ਕਰੀਬ 40 ਕਿਲੋਮੀਟਰ ਦੂਰ ਅਸ਼ੋਕ ਨਗਰ 'ਚ ਰੇਲਵੇ ਟਰੈਕ 'ਤੇ ਡਿੱਗਣ ਕਾਰਨ ਇਸਰਾਇਲ ਜ਼ਖਮੀ ਹੋ ਗਿਆ ਅਤੇ ਪੁਲਿਸ ਹਿਰਾਸਤ 'ਚ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ,''ਚਾਰ ਸਬੰਧਤ ਕਾਂਸਟੇਬਲ ਇਸ ਸਮੇਂ ਮੁਅੱਤਲ ਹਨ। ਉਨ੍ਹਾਂ ਖਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੀ ਜਾ ਰਹੀ ਹੈ। ਪਰ ਇਹ ਸਾਹਮਣੇ ਆਇਆ ਹੈ ਕਿ ਉਨ੍ਹਾਂ ਨੇ ਕੁਝ ਨਹੀਂ ਕੀਤਾ। ਸਾਡਾ ਪ੍ਰੋਸੀਕਿਊਸ਼ਨ ਵਿਭਾਗ ਅਗਲੀ ਕਾਰਵਾਈ ਦਾ ਫ਼ੈਸਲਾ ਕਰੇਗਾ।''

ਉਸ ਰਾਤ ਕੁਸ਼ਮੂਦਾ ਪੁਲਿਸ ਨੇ ਮੁਨੱਵਰ ਨੂੰ ਦੱਸਿਆ ਸੀ ਕਿ ਇਸਰਾਇਲ ਨੂੰ ਕੈਂਟ ਥਾਣੇ ਲਿਜਾਇਆ ਗਿਆ ਹੈ। ਉੱਥੇ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਦੱਸਿਆ ਗਿਆ ਕਿ ਇਸਰਾਇਲ ਦੀ ਸਿਹਤ ਵਿਗੜ ਗਈ ਹੈ ਅਤੇ ਉਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਜਾ ਰਿਹਾ ਹੈ। "ਸਾਨੂੰ ਅਹਿਸਾਸ ਹੋਇਆ ਕਿ ਕੁਝ ਗੜਬੜ ਹੈ। ਜਦੋਂ ਸਾਡੇ ਪਿਤਾ  ਹਸਪਤਾਲ ਪਹੁੰਚੇ ਤਾਂ ਇਸਰਾਇਲ ਦੀ ਮੌਤ ਹੋ ਚੁੱਕੀ ਸੀ। ਉਹਦੇ ਪੂਰੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਸਨ। ਉਹਨੂੰ ਬੇਰਹਿਮੀ ਨਾਲ਼ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ।''

ਇਸਰਾਇਲ ਦੀ ਮਾਂ, ਮੁੰਨੀ ਬਾਈ, ਬਸਤੀ ਵਿੱਚ ਆਪਣੇ ਇੱਕ ਕਮਰੇ ਦੇ ਘਰ ਦੇ ਸਾਹਮਣੇ ਬੈਠੀ ਹਨ, ਚੁੱਪਚਾਪ ਗੱਲਬਾਤ ਸੁਣਦੀ ਹੋਈ ਹੰਝੂ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹਨ। ਉੱਥੇ ਤਿੰਨ ਤੋਂ ਚਾਰ ਪੱਕੇ ਪਰ ਛੋਟੇ-ਛੋਟੇ ਕਮਰੇ ਹਨ ਜਿਨ੍ਹਾਂ ਵਿੱਚੋਂ ਇੱਕ ਕਮਰਾ ਉਨ੍ਹਾਂ ਦਾ ਘਰ ਹੈ। ਵਿਹੜੇ ਦਾ ਸਾਂਝਾ ਗੇਟ ਤੇ ਦੋ ਸਾਂਝੇ ਪਖ਼ਾਨੇ ਹਨ।

ਮੁੰਨੀ ਬਾਈ ਬੜੀ ਹਿੰਮਤ ਇਕੱਠੀ ਕਰਕੇ ਗੱਲ ਕਰਨ ਦੇ ਯੋਗ ਹੋਈ। ਜਿਓਂ ਹੀ ਉਹ ਬੋਲਣ ਦੀ ਕੋਸ਼ਿਸ਼ ਕਰਨ ਲੱਗਦੀ ਹਨ ਉਨ੍ਹਾਂ ਦਾ ਗੱਚ ਭਰ ਆਉਂਦਾ ਹੈ। ਪਰ ਉਹ ਆਪਣੀ ਗੱਲ ਕਹਿਣਾ ਚਾਹੁੰਦੀ ਹਨ। ਉਨ੍ਹਾਂ ਕਿਹਾ,''ਇਨ੍ਹੀਂ ਦਿਨੀਂ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣਾ ਆਸਾਨ ਹੋ ਗਿਆ ਏ। ਅਜਿਹਾ ਮਾਹੌਲ ਬਣਾ ਦਿੱਤਾ ਗਿਐ ਕਿ ਅਸੀਂ ਦੂਜੇ ਦਰਜੇ ਦੇ ਨਾਗਰਿਕ ਬਣ ਕੇ ਰਹਿ ਗਏ ਹਾਂ। ਸਾਨੂੰ ਮਾਰਿਆ ਜਾਂਦਾ ਏ ਅਤੇ ਕੋਈ ਵੀ ਮੂੰਹ ਤੱਕ ਨਹੀਂ ਖੋਲ੍ਹਦਾ।''

ਜੁਲਾਈ 2022 ਵਿੱਚ, ਕੇਂਦਰੀ ਗ੍ਰਹਿ ਮੰਤਰਾਲੇ ਨੇ ਲੋਕ ਸਭਾ ਨੂੰ ਦੱਸਿਆ ਕਿ ਅਪ੍ਰੈਲ 2020 ਅਤੇ ਮਾਰਚ 2022 ਵਿਚਾਲੇ ਭਾਰਤ ਵਿੱਚ ਹਿਰਾਸਤ ਵਿੱਚ 4,484 ਲੋਕਾਂ ਦੀ ਮੌਤ ਹੋ ਗਈ, ਯਾਨੀ ਦੋ ਸਾਲਾਂ ਵਿੱਚ ਦਿਹਾੜੀ ਦੀਆਂ ਛੇ ਤੋਂ ਵੱਧ ਮੌਤਾਂ।

ਇਨ੍ਹਾਂ 'ਚੋਂ 364 ਮੌਤਾਂ ਮੱਧ ਪ੍ਰਦੇਸ਼ 'ਚ ਹੋਈਆਂ ਹਨ। ਸਿਰਫ਼ ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਹੀ ਇਸ ਤੋਂ ਅੱਗੇ ਹਨ।

Bano, Israels Khan's sister says his family is struggling as their main income from his daily wage work has ended with his death
PHOTO • Parth M.N.

ਇਸਰਾਇਲ ਖਾਨ ਦੀ ਭੈਣ ਬਾਨੋ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਰਿਵਾਰ ਸੰਘਰਸ਼ ਕਰ ਰਿਹਾ ਹੈ ਕਿਉਂਕਿ ਇਸਰਾਇਲ ਦੀ ਦਿਹਾੜੀ-ਧੱਪੇ ਤੋਂ ਹੋਣ ਵਾਲ਼ੀ ਕਮਾਈ ਉਨ੍ਹਾਂ ਦੇ ਨਾਲ਼ ਹੀ ਖਤਮ ਹੋ ਗਈ ਹੈ

ਗੁਨਾ ਦੇ ਇੱਕ ਸਮਾਜਿਕ ਕਾਰਕੁਨ ਵਿਸ਼ਨੂੰ ਸ਼ਰਮਾ ਕਹਿੰਦੇ ਹਨ, "ਪੁਲਿਸ ਹਿਰਾਸਤ ਵਿੱਚ ਮਰਨ ਵਾਲ਼ੇ ਜ਼ਿਆਦਾਤਰ ਲੋਕ ਹਾਸ਼ੀਏ 'ਤੇ ਰਹਿਣ ਵਾਲ਼ੇ ਭਾਈਚਾਰਿਆਂ ਜਾਂ ਘੱਟ ਗਿਣਤੀਆਂ ਤੋਂ ਆਉਂਦੇ ਹਨ। ਉਹ ਵਿੱਤੀ ਤੌਰ 'ਤੇ ਸੰਘਰਸ਼ ਕਰ ਰਹੇ ਹੁੰਦੇ ਹਨ ਅਤੇ ਉਨ੍ਹਾਂ ਦੀ ਗੱਲ ਸੁਣਨ ਵਾਲ਼ਾ ਕੋਈ ਨਹੀਂ ਹੁੰਦਾ। ਇਹ ਵੀ ਅਪਰਾਧ ਹੈ ਜਿਸ ਤਰੀਕੇ ਨਾਲ਼ ਅਸੀਂ ਉਨ੍ਹਾਂ ਨਾਲ਼ ਸਲੂਕ ਕਰਦੇ ਹਾਂ।''

ਇਸਰਾਇਲ ਦਿਹਾੜੀ ਲਾਉਣ ਤੋਂ ਬਾਅਦ ਘਰੇ 350 ਰੁਪਏ ਫੜ੍ਹਾਉਂਦੇ ਸਨ ਅਤੇ ਕਈ ਵਾਰ ਜੇ ਮਹੀਨਾ ਠੀਕ ਚੱਲਦਾ ਤਾਂ ਉਹ ਚਾਰ ਤੋਂ ਪੰਜ ਹਜ਼ਾਰ ਰੁਪਏ ਤੱਕ ਕਮਾ ਲੈਂਦੇ। ਪਰਿਵਾਰ ਉਸੇ ਆਮਦਨੀ 'ਤੇ ਗੁਜ਼ਾਰਾ ਕਰਦਾ ਸੀ। ਉਹ ਆਪਣੇ ਪਿੱਛੇ ਪਤਨੀ ਰੀਨਾ (30) ਅਤੇ 12, 7 ਅਤੇ 6 ਸਾਲ ਦੀਆਂ ਤਿੰਨ ਬੇਟੀਆਂ ਅਤੇ ਇੱਕ ਸਾਲ ਦਾ ਬੇਟਾ ਛੱਡ ਗਏ ਹਨ। ਦੁਖੀ ਹਿਰਦੇ ਨਾਲ਼ ਬਾਨੋ ਕਹਿੰਦੀ ਹਨ,''ਪੁਲਿਸ ਨੂੰ ਆਪਣੀ ਕਾਰਵਾਈ ਦੇ ਨਤੀਜੇ ਨੂੰ ਵੀ ਸਮਝਣ ਦੀ ਲੋੜ ਹੈ। ਉਨ੍ਹਾਂ ਨੇ ਬਗ਼ੈਰ ਕਿਸੇ ਸਬੂਤ ਦੇ ਇੱਕ ਪਰਿਵਾਰ ਨੂੰ ਤਬਾਹ ਕਰਕੇ ਰੱਖ ਦਿੱਤਾ ਏ।''

ਜਦੋਂ ਮੈਂ ਸਤੰਬਰ 2023 ਦੇ ਆਖ਼ਰੀ ਹਫਤੇ ਵਿੱਚ ਪਰਿਵਾਰ ਨੂੰ ਮਿਲ਼ਣ ਗਿਆ, ਤਾਂ ਰੀਨਾ ਅਤੇ ਬੱਚੇ ਗੁਨਾ ਦੇ ਬਾਹਰਵਾਰ ਪੈਂਦੇ ਆਪਣੇ ਨਾਨਕੇ ਘਰ ਸਨ। "ਉਹ ਕਦੇ ਇੱਧਰ ਹੁੰਦੀ ਆ ਤੇ ਕਦੇ ਓਧਰ। ਉਸ ਨੇ ਬਹੁਤ ਦੁੱਖ ਝੱਲੇ ਨੇ। ਅਸੀਂ ਹਰ ਸੰਭਵ ਤਰੀਕੇ ਨਾਲ਼ ਉਸ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਉਹ ਆਪਣੀ ਮਰਜ਼ੀ ਨਾਲ਼ ਕਦੇ ਵੀ ਆ ਜਾ ਸਕਦੀ ਹੈ। ਦੋਵੇਂ ਹੀ ਘਰ ਉਹਦੇ ਆਪਣੇ ਹਨ,'' ਬਾਨੋ ਕਹਿੰਦੀ ਹਨ।

ਰੀਨਾ ਦੇ ਪਰਿਵਾਰ ਕੋਲ਼ ਜ਼ਿਆਦਾ ਕੁਝ ਨਹੀਂ ਹੈ। ਉਹ ਆਪਣੀ ਧੀ ਅਤੇ ਉਹਦੇ ਬੱਚਿਆਂ ਦੀ ਬਹੁਤੀ ਸਹਾਇਤਾ ਨਹੀਂ ਕਰ ਸਕਦਾ। ਪਿਤਾ ਦੀ ਮੌਤ ਤੋਂ ਬਾਅਦ ਬੇਟੀਆਂ ਸਕੂਲ ਨਹੀਂ ਜਾ ਸਕੀਆਂ। "ਹੁਣ ਅਸੀਂ ਸਕੂਲ ਦੀ ਵਰਦੀ, ਬੈਗ ਅਤੇ ਨੋਟਬੁੱਕਾਂ ਨਹੀਂ ਖ਼ਰੀਦ ਸਕਦੇ। ਬੱਚੇ ਤਣਾਅ ਦੇ ਸ਼ਿਕਾਰ ਹੋ ਗਏ ਨੇ, ਖ਼ਾਸਕਰਕੇ 12 ਸਾਲਾ ਮਹਿਕ, ਜੋ ਪਹਿਲਾਂ ਬਹੁਤ ਬੋਲਦੀ ਸੀ ਹੁਣ ਮਸਾਂ ਹੀ ਕਿਤੇ ਗੱਲ ਕਰਦੀ ਏ,'' ਬੱਚਿਆਂ ਦੀ ਭੂਆ ਬਾਨੋ ਕਹਿੰਦੀ ਹਨ।

ਭਾਰਤ 1997 ਤੋਂ ਤਸ਼ੱਦਦ ਵਿਰੁੱਧ ਸੰਯੁਕਤ ਰਾਸ਼ਟਰ ਕਨਵੈਨਸ਼ਨ ਦਾ ਹਸਤਾਖ-ਰਕਰਤਾ ਰਿਹਾ ਹੈ। ਪਰ ਦੇਸ਼ ਇਸ ਦੇ ਵਿਰੁੱਧ ਕਾਨੂੰਨ ਬਣਾਉਣ ਵਿੱਚ ਅਸਫ਼ਲ ਰਿਹਾ ਹੈ। ਅਪ੍ਰੈਲ 2010 'ਚ ਤਤਕਾਲੀ ਕਾਂਗਰਸ ਦੀ ਅਗਵਾਈ ਵਾਲ਼ੀ ਕੇਂਦਰ ਸਰਕਾਰ ਨੇ ਲੋਕ ਸਭਾ 'ਚ ਤਸ਼ੱਦਦ ਵਿਰੋਧੀ ਬਿੱਲ ਪੇਸ਼ ਜ਼ਰੂਰ ਕੀਤਾ ਸੀ ਪਰ ਇਹ ਕਦੇ ਕਾਨੂੰਨ ਨਾ ਬਣ ਸਕਿਆ। ਭਾਰਤ ਵਿੱਚ ਟ੍ਰਾਇਲ ਅਧੀਨ ਕੈਦੀਆਂ ਨੂੰ ਹਿਰਾਸਤ ਵਿੱਚ ਤਸੀਹੇ ਦੇਣਾ ਆਮ ਗੱਲ ਹੈ ਅਤੇ ਸਭ ਤੋਂ ਵੱਡਾ ਸ਼ਿਕਾਰ ਮੁਸਲਮਾਨ, ਦਲਿਤ ਅਤੇ ਆਦਿਵਾਸੀਆਂ ਵਰਗੇ ਹਾਸ਼ੀਏ 'ਤੇ ਰਹਿਣ ਵਾਲ਼ੇ ਭਾਈਚਾਰੇ ਬਣਦੇ ਹਨ।

Intaaz Bai, Israel’s grandmother in front of their home in Gokul Singh Ka Chak, a basti in Guna district
PHOTO • Parth M.N.

ਇਸਰਾਇਲ ਦੀ ਦਾਦੀ ਇੰਤਾਜ਼ ਬਾਈ ਗੁਨਾ ਜ਼ਿਲ੍ਹੇ ਦੀ ਬਸਤੀ - ਗੋਕੁਲ ਸਿੰਘ ਕਾ ਚੱਕ ਵਿੱਚ ਆਪਣੇ ਘਰ ਦੇ ਸਾਹਮਣੇ

ਖਰਗੋਨ ਜ਼ਿਲ੍ਹੇ ਦੇ ਖੈਰ ਕੁੰਡੀ ਪਿੰਡ ਦੇ ਇੱਕ ਛੋਟੇ ਜਿਹੇ ਆਦਿਵਾਸੀ ਕਿਸਾਨ ਅਤੇ ਮਜ਼ਦੂਰ, 35 ਸਾਲਾ ਬਿਸਨ ਦਾ ਮਾਮਲਾ ਹੀ ਲੈ ਲਓ। ਉਨ੍ਹਾਂ ਨੂੰ ਅਗਸਤ 2021 ਵਿੱਚ ਪੁਲਿਸ ਨੇ ਚੁੱਕ ਲਿਆ ਸੀ ਅਤੇ 29,000 ਰੁਪਏ ਚੋਰੀ ਕਰਨ ਦੇ ਸ਼ੱਕ ਵਿੱਚ ਬੇਰਹਿਮੀ ਨਾਲ਼ ਤਸੀਹੇ ਦਿੱਤੇ।

ਤਿੰਨ ਦਿਨ ਬਾਅਦ, ਜਦੋਂ ਬਿਸਨ ਨੂੰ ਨਿਆਂਇਕ ਮੈਜਿਸਟਰੇਟ ਦੇ ਸਾਹਮਣੇ ਲਿਆਂਦਾ ਗਿਆ, ਤਾਂ ਉਹ ਸਪੱਸ਼ਟ ਤੌਰ 'ਤੇ ਦਰਦ ਨਾਲ਼ ਤੜਪ ਰਹੇ ਸਨ ਅਤੇ ਉਨ੍ਹਾਂ ਦਾ ਕੇਸ ਲੜ ਰਹੇ ਕਾਰਕੁੰਨਾਂ ਅਨੁਸਾਰ, ਉਹ ਬਿਨਾ ਸਹਾਰੇ ਸਿੱਧੇ ਖੜ੍ਹੇ ਤੱਕ ਨਾ ਹੋ ਸਕੇ। ਫਿਰ ਵੀ ਉਨ੍ਹਾਂ ਨੂੰ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਉਨ੍ਹਾਂ ਦੀਆਂ ਸੱਟਾਂ ਕਾਰਨ ਜੇਲ੍ਹ ਅਧਿਕਾਰੀਆਂ ਨੇ ਉਨ੍ਹਾਂ ਨੂੰ ਦਾਖ਼ਲ ਕਰਨ ਤੋਂ ਇਨਕਾਰ ਕਰ ਦਿੱਤਾ।

ਚਾਰ ਘੰਟੇ ਬਾਅਦ ਉਨ੍ਹਾਂ ਨੂੰ ਕਾਹਲੀ-ਕਾਹਲੀ ਹਸਪਤਾਲ ਲਿਜਾਇਆ ਗਿਆ, ਜਿੱਥੇ ਪਹੁੰਚਣ 'ਤੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੋਸਟਮਾਰਟਮ ਰਿਪੋਰਟ 'ਚ ਮੌਤ ਦਾ ਕਾਰਨ ਜ਼ਖਮਾਂ ਦੀ ਲਾਗ ਫ਼ੈਲਣ ਨਾਲ਼ ਸੈਪਟੀਸੀਮਿਕ ਸਦਮਾ (ਬਲੱਡ ਪ੍ਰੈਸ਼ਰ ਡਿੱਗਣ ਕਾਰਨ ਅੰਗਾਂ ਦਾ ਫੇਲ੍ਹ ਹੋਣਾ) ਪੈਣਾ ਲਿਖਿਆ ਗਿਆ ਸੀ।

ਬਿਸਨ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਅਤੇ ਪੰਜ ਬੱਚੇ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਛੋਟਾ ਸੱਤ ਸਾਲ ਦਾ ਹੈ।

ਜਾਗ੍ਰਿਤੀ ਆਦਿਵਾਸੀ ਦਲਿਤ ਸੰਗਠਨ (ਜੇਏਡੀਐੱਸ), ਇੱਕ ਰਾਜ ਅਧਾਰਤ ਗੈਰ ਸਰਕਾਰੀ ਸੰਗਠਨ, ਨੇ ਬਿਸਨ ਦਾ ਮਾਮਲਾ ਚੁੱਕਿਆ ਹੈ। ਮੱਧ ਪ੍ਰਦੇਸ਼ ਹਾਈ ਕੋਰਟ ਵਿੱਚ ਇੱਕ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਹੈ।

"ਤੁਸੀਂ ਉਨ੍ਹਾਂ ਨੂੰ 29,000 ਰੁਪਏ ਦੀ ਚੋਰੀ ਦੇ ਸ਼ੱਕ ਵਿੱਚ ਤਸੀਹੇ ਦਿੰਦੇ ਹੋ। ਤਸੀਹੇ ਵੀ ਇਸ ਹੱਦ ਤੱਕ ਕਿ ਉਹ ਮਰ ਹੀ ਗਏ?'' ਮਾਧੁਰੀ ਕ੍ਰਿਸ਼ਨਾਸਵਾਮੀ (ਜੇਏਡੀਐੱਸ ਦੀ ਆਗੂ) ਸਵਾਲ ਚੁੱਕਦੀ ਹਨ। ''ਬਿਸਨ ਦੇ ਪਰਿਵਾਰ 'ਤੇ ਕੇਸ ਵਾਪਸ ਲੈਣ ਦਾ ਦਬਾਅ ਸੀ, ਪਰ ਅਸੀਂ ਇਸ ਨੂੰ ਆਪਣੇ ਦਮ 'ਤੇ ਲੜਨ ਦਾ ਫੈਸਲਾ ਕੀਤਾ ਹੈ। ਪੁਲਿਸ ਨੇ ਐੱਨਐੱਚਆਰਸੀ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ,'' ਉਹ ਗੱਲ ਪੂਰੀ ਕਰਦੀ ਹਨ।

ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨਐਚਆਰਸੀ) ਦੁਆਰਾ ਨਿਰਧਾਰਤ ਦਿਸ਼ਾ ਨਿਰਦੇਸ਼ਾਂ ਅਨੁਸਾਰ, "ਪੋਸਟਮਾਰਟਮ, ਵੀਡੀਓਗ੍ਰਾਫ਼ ਅਤੇ ਮੈਜਿਸਟ੍ਰੇਟ ਜਾਂਚ ਰਿਪੋਰਟਾਂ ਸਮੇਤ ਸਾਰੀਆਂ ਰਿਪੋਰਟਾਂ ਘਟਨਾ ਦੇ ਦੋ ਮਹੀਨਿਆਂ ਦੇ ਅੰਦਰ ਭੇਜੀਆਂ ਜਾਣੀਆਂ ਚਾਹੀਦੀਆਂ ਹਨ। ਹਿਰਾਸਤ 'ਚ ਮੌਤ ਦੇ ਹਰ ਮਾਮਲੇ 'ਚ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਅਦਾਲਤੀ ਜਾਂਚ ਵੀ ਕਰਵਾਈ ਜਾਣੀ ਚਾਹੀਦੀ ਹੈ ਅਤੇ ਇਸ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਤਰ੍ਹਾਂ ਕੀਤਾ ਜਾਣਾ ਚਾਹੀਦਾ ਹੈ ਕਿ ਰਿਪੋਰਟ ਵੀ ਦੋ ਮਹੀਨਿਆਂ ਦੀ ਸਮਾਂ ਸੀਮਾ ਦੇ ਅੰਦਰ ਮਿਲ ਜਾਵੇ।''

ਇਸਰਾਇਲ ਦੀ ਮੌਤ ਤੋਂ ਬਾਅਦ ਪੁਲਿਸ ਪਰਿਵਾਰ 'ਤੇ ਦਬਾਅ ਪਾ ਰਹੀ ਸੀ ਕਿ ਉਹ ਪੋਸਟਮਾਰਟਮ ਰਿਪੋਰਟ ਮਿਲ਼ੇ ਬਿਨਾਂ ਹੀ ਉਨ੍ਹਾਂ ਨੂੰ ਦਫ਼ਨਾ ਦੇਣ। ਉਦੋਂ ਤੋਂ ਹੀ ਲਗਭਗ ਇੱਕ ਸਾਲ ਹੋ ਗਿਆ ਹੈ, ਪਰ ਉਨ੍ਹਾਂ ਦੇ ਪਰਿਵਾਰ ਨੂੰ ਅਜੇ ਤੱਕ ਅਦਾਲਤੀ ਜਾਂਚ ਦੇ ਨਤੀਜੇ ਦਾ ਪਤਾ ਨਹੀਂ ਲੱਗ ਸਕਿਆ ਹੈ।

Munni Bai says, 'the atmosphere is such that we (Muslims) are reduced to second-class citizens. We can be killed and nobody will bother to speak up'
PHOTO • Parth M.N.

ਮੁੰਨੀ ਬਾਈ ਕਹਿੰਦੀ ਹਨ, 'ਅਜਿਹਾ ਮਾਹੌਲ ਬਣਾ ਦਿੱਤਾ ਗਿਐ ਕਿ ਅਸੀਂ ਦੂਜੇ ਦਰਜੇ ਦੇ ਨਾਗਰਿਕ ਬਣ ਕੇ ਰਹਿ ਗਏ ਹਾਂ। ਸਾਨੂੰ ਮਾਰਿਆ ਜਾਂਦਾ ਏ ਅਤੇ ਕੋਈ ਵੀ ਮੂੰਹ ਤੱਕ ਨਹੀਂ ਖੋਲ੍ਹਦਾ'

ਉਨ੍ਹਾਂ ਨੂੰ ਕੋਈ ਸਰਕਾਰੀ ਵਿੱਤੀ ਮਦਦ ਵੀ ਨਹੀਂ ਮਿਲੀ ਹੈ। ਬਾਨੋ ਦਾ ਕਹਿਣਾ ਹੈ ਕਿ ਜਦੋਂ ਇਸਰਾਇਲ ਦਾ ਪਰਿਵਾਰ ਉਨ੍ਹਾਂ ਨੂੰ ਮਿਲ਼ਣਾ ਚਾਹੁੰਦਾ ਸੀ ਤਾਂ ਜ਼ਿਲ੍ਹਾ ਕੁਲੈਕਟਰ ਨੇ ਬਦਸਲੂਕੀ ਕਰਕੇ ਉਨ੍ਹਾਂ ਨੂੰ ਬਾਹਰ ਕੱਢ ਦਿੱਤਾ। "ਹਰ ਕੋਈ ਸਾਡੇ ਬਾਰੇ ਭੁੱਲ ਗਿਆ ਹੈ। ਅਸੀਂ ਨਿਆਂ ਮਿਲ਼ਣ ਦੀ ਉਮੀਦ ਵੀ ਛੱਡ ਦਿੱਤੀ ਹੈ।''

ਪਰਿਵਾਰ ਦੇ ਮੁੱਖ ਕਮਾਊ ਮੈਂਬਰ ਦੇ ਜਾਣ ਤੋਂ ਬਾਅਦ ਬਜ਼ੁਰਗ ਮਾਪਿਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਮੁੰਨੀ ਬਾਈ ਨੇ ਗੁਆਂਢੀ ਦੀਆਂ ਮੱਝਾਂ ਚੋਣ ਦਾ ਕੰਮ ਫੜ੍ਹਿਆ ਹੈ। ਉਹ ਪਸ਼ੂਆਂ ਨੂੰ ਆਪਣੇ ਛੋਟੇ ਜਿਹੇ ਘਰ ਦੇ ਬਰਾਂਡੇ ਵਿੱਚ ਲਿਆ ਕੇ ਇੱਕ-ਇੱਕ ਕਰਕੇ ਉਨ੍ਹਾਂ ਦਾ ਦੁੱਧ ਚੋਂਦੀ ਹਨ। ਅੰਤ ਵਿੱਚ, ਉਹ ਪਸ਼ੂਆਂ ਦੇ ਨਾਲ਼ ਚੋਇਆ ਦੁੱਧ ਵੀ ਵਾਪਸ ਕਰ ਦਿੰਦੀ ਹਨ। ਇਸ ਕੰਮ ਬਦਲੇ ਉਨ੍ਹਾਂ ਨੂੰ ਰੋਜ਼ਾਨਾ 100 ਰੁਪਏ ਮਿਲ਼ਦੇ ਹਨ। "ਇਸ ਉਮਰੇ  ਮੈਂ ਬੱਸ ਇੰਨਾ ਹੀ ਕਰ ਸਕਦੀ ਹਾਂ," ਉਹ ਕਹਿੰਦੀ ਹਨ।

60 ਸਾਲਾ ਮੁਨੱਵਰ ਦੇ ਜੋੜ-ਜੋੜ ਪੀੜ੍ਹ ਕਰਦੇ ਹਨ, ਉਹ ਕਮਜ਼ੋਰ ਹਨ ਪਰ ਫਿਰ ਵੀ ਉਨ੍ਹਾਂ ਨੂੰ ਮਜ਼ਦੂਰੀ ਕਰਨੀ ਪੈਂਦੀ ਹੈ। ਉਹ ਦਿਹਾੜੀ ਲਾਉਂਦਿਆਂ ਹੰਭਣ ਲੱਗਦੇ ਹਨ ਜਿਸ ਨਾਲ਼ ਉਨ੍ਹਾਂ ਦੇ ਆਸਪਾਸ ਦੇ ਲੋਕ ਉਨ੍ਹਾਂ ਦੀ ਸਿਹਤ ਬਾਰੇ ਚਿੰਤਤ ਹੋ ਉੱਠਦੇ ਹਨ। ਉਹ ਆਪਣੀ ਬਸਤੀ ਤੋਂ ਬਹੁਤੀ ਦੂਰ ਤੱਕ ਨਹੀਂ ਜਾ ਸਕਦੇ, ਇਸੇ ਕਰਕੇ ਉਹ 5-10 ਕਿਲੋਮੀਟਰ ਦੇ ਘੇਰੇ ਵਿੱਚ ਹੀ ਕੰਮ ਲੱਭਦੇ ਹਨ ਤਾਂ ਜੋ ਉਨ੍ਹਾਂ ਦਾ ਪਰਿਵਾਰ ਐਮਰਜੈਂਸੀ ਦੀ ਸਥਿਤੀ ਵਿੱਚ ਮਦਦ ਲਈ ਪਹੁੰਚ ਸਕੇ।

ਪਰਿਵਾਰ ਰੋਜ਼ੀ-ਰੋਟੀ ਕਮਾਉਣ ਲਈ ਸੰਘਰਸ਼ ਕਰ ਰਿਹਾ ਹੈ, ਜਿਸ ਕਾਰਨ ਉਨ੍ਹਾਂ ਲਈ ਕੇਸ ਨੂੰ ਅੱਗੇ ਵਧਾਉਣਾ ਮੁਸ਼ਕਲ ਹੋ ਗਿਆ ਹੈ। "ਵਕੀਲ ਪੈਸੇ ਮੰਗਦੇ ਨੇ। ਅਸੀਂ ਆਪਣਾ ਢਿੱਡ ਤਾਂ ਭਰ ਨਹੀਂ ਪਾਉਂਦੇ, ਵਕੀਲ ਨੂੰ ਪੈਸੇ ਕਿੱਥੋਂ ਦਿਆਂਗੇ? ਯਹਾਂ ਇਨਸਾਫ ਕੇ ਪੈਸੇ ਲਗਤੇ ਹੈ। ''

ਤਰਜਮਾ: ਕਮਲਜੀਤ ਕੌਰ

Parth M.N.

Parth M.N. is a 2017 PARI Fellow and an independent journalist reporting for various news websites. He loves cricket and travelling.

Other stories by Parth M.N.
Editor : Priti David

Priti David is the Executive Editor of PARI. She writes on forests, Adivasis and livelihoods. Priti also leads the Education section of PARI and works with schools and colleges to bring rural issues into the classroom and curriculum.

Other stories by Priti David
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur