ਜੂਨ 2023 ਦੇ ਮੱਧ ਵਿੱਚ, ਅਜ਼ੀਮ ਸ਼ੇਖ ਔਰੰਗਾਬਾਦ ਵਿਖੇ ਡਿਵੀਜ਼ਨਲ ਕਮਿਸ਼ਨਰ ਦੇ ਦਫ਼ਤਰ ਦੇ ਸਾਹਮਣੇ ਪੰਜ-ਰੋਜ਼ਾ ਭੁੱਖ ਹੜਤਾਲ਼ 'ਤੇ ਬੈਠੇ ਸਨ।

ਭਿਆਨਕ ਗਰਮੀ ਦੇ ਬਾਵਜੂਦ, 26 ਸਾਲਾ ਅਜ਼ੀਮ ਨੇ ਪਾਣੀ ਤੋਂ ਇਲਾਵਾ ਕੁਝ ਨਹੀਂ ਖਾਧਾ-ਪੀਤਾ। ਹੜਤਾਲ਼ ਦੇ ਅਖੀਰਲੇ ਦਿਨ ਉਹ ਕਮਜ਼ੋਰ, ਥੱਕੇ ਹੋਏ ਜ਼ਰੂਰ ਸਨ ਤੇ ਉਨ੍ਹਾਂ ਨੂੰ ਚੱਕਰ ਵੀ ਆ ਰਹੇ ਸਨ। ਉਨ੍ਹਾਂ ਲਈ ਸਿੱਧਾ ਤੁਰਨਾ ਵੀ ਮੁਸ਼ਕਲ ਹੋ ਰਿਹਾ ਸੀ।

ਉਨ੍ਹਾਂ ਦੀ ਮੰਗ ਕੀ ਸੀ? ਉਹ ਸਿਰਫ਼ ਪੁਲਿਸ ਕੋਲ਼ ਸ਼ਿਕਾਇਤ ਦਰਜ ਕਰਵਾਉਣਾ ਚਾਹੁੰਦੇ ਸਨ। ਪਰ ਔਰੰਗਾਬਾਦ ਤੋਂ ਲਗਭਗ 80 ਕਿਲੋਮੀਟਰ ਦੂਰ ਜਾਲਨਾ ਜ਼ਿਲ੍ਹੇ ਵਿੱਚ ਉਨ੍ਹਾਂ ਦੇ ਪਿੰਡ ਦੇ ਨੇੜਲੇ (ਸਥਾਨਕ) ਪੁਲਿਸ ਸਟੇਸ਼ਨ ਨੇ ਸ਼ਿਕਾਇਤ ਦਰਜ ਨਹੀਂ ਕੀਤੀ।

ਪਿਛਲੇ ਸਾਲ 19 ਮਈ, 2023 ਨੂੰ ਮਰਾਠਾ ਭਾਈਚਾਰੇ ਨਾਲ਼ ਸਬੰਧਤ ਸੋਨਵਾਨੇ ਪਰਿਵਾਰ ਦੇ ਮੈਂਬਰ ਰਾਤ 11 ਵਜੇ ਅਜ਼ੀਮ ਦੇ ਘਰ ਦਾਖ਼ਲ ਹੋਏ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਡੰਡਿਆਂ ਅਤੇ ਪੱਥਰਾਂ ਨਾਲ਼ ਕੁੱਟਿਆ ਗਿਆ। ਇਸ ਵਿੱਚ ਉਨ੍ਹਾਂ ਦੇ ਭਰਾ ਅਤੇ ਮਾਪੇ ਜ਼ਖਮੀ ਹੋ ਗਏ। ਉਨ੍ਹਾਂ ਪਾਰੀ ਨੂੰ ਦੱਸਿਆ,"ਮੇਰੀ ਬੁੱਢੀ ਮਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਉਣਾ ਪਿਆ। ਇਹ ਹਮਲਾ ਬੜੀ ਬੇਰਹਿਮੀ ਨਾਲ਼ ਕੀਤਾ ਗਿਆ ਸੀ। ਉਨ੍ਹਾਂ ਨੇ ਘਰ ਤੋਂ 1.5 ਲੱਖ ਰੁਪਏ ਤੋਂ ਵੱਧ ਦੇ ਗਹਿਣੇ ਅਤੇ ਨਕਦੀ ਵੀ ਚੋਰੀ ਕੀਤੀ ਗਈ।''

ਇਸ ਰਿਪੋਰਟਰ ਨੇ ਨਿਤਿਨ ਸੋਨਵਾਨੇ ਨਾਲ਼ ਸੰਪਰਕ ਕੀਤਾ, ਜਿਸ 'ਤੇ ਅਜ਼ੀਮ ਦਾ ਦੋਸ਼ ਹੈ ਕਿ ਉਹ ਭੀੜ ਦਾ ਹਿੱਸਾ ਸੀ। ਸੋਨਵਾਨੇ ਨੇ ਇਸ ਮੁੱਦੇ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ, "ਮੈਨੂੰ ਇਸ ਘਟਨਾ ਬਾਰੇ ਕੁਝ ਨਹੀਂ ਪਤਾ।

ਅਜ਼ੀਮ ਦਾ ਘਰ ਅੱਠ ਏਕੜ ਦੇ ਉਨ੍ਹਾਂ ਦੇ ਖੇਤ ਵਿਚਾਲੇ ਹੀ ਬਣਿਆ ਹੈ ਜੋ ਮੱਧ ਮਹਾਰਾਸ਼ਟਰ ਦੇ ਭੋਕਰਦਾਨ ਤਾਲੁਕਾ ਦੇ ਇੱਕ ਪਿੰਡ, ਪਲਾਸਖੇੜਾ ਮੁਰਤਾਡ ਵਿੱਚ ਉਨ੍ਹਾਂ ਦੀ ਬਸਤੀ ਤੋਂ ਲਗਭਗ ਦੋ ਕਿਲੋਮੀਟਰ ਦੂਰ ਸਥਿਤ ਹੈ।

"ਰਾਤ ਨੂੰ ਇੱਥੇ ਸੰਨਮਸਾਨ ਤੇ ਸ਼ਾਂਤੀ ਹੁੰਦੀ ਹੈ। ਅਸੀਂ ਮਦਦ ਲਈ ਕਿਸੇ ਨੂੰ ਬੁਲਾ ਤੱਕ ਨਾ ਸਕੇ।''

On May 19, 2023, Ajim and his family members were assaulted at their home in Palaskheda Murtad village of Jalna district
PHOTO • Parth M.N.

ਪਿਛਲੇ ਸਾਲ, 19 ਮਈ, 2023 ਨੂੰ ਜਾਲਨਾ ਜ਼ਿਲ੍ਹੇ ਦੇ ਪਲਾਸਖੇੜਾ ਮੁਰਤਾਡ ਪਿੰਡ ਵਿਖੇ ਅਜ਼ੀਮ ਦੇ ਘਰ ਵਿੱਚ ਵੜ੍ਹ ਕੇ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ 'ਤੇ ਹਮਲਾ ਕੀਤਾ ਗਿਆ ਸੀ

ਅਜ਼ੀਮ ਨੂੰ ਸ਼ੱਕ ਹੈ ਕਿ ਇਹ ਹਮਲਾ ਕਾਰੋਬਾਰੀ ਦੁਸ਼ਮਣੀ ਦਾ ਨਤੀਜਾ ਸੀ। ਇਹ ਪਿੰਡ ਦੇ ਸਿਰਫ਼ ਦੋ ਪਰਿਵਾਰ ਹਨ ਜੋ ਜੇਸੀਬੀ ਮਸ਼ੀਨ ਚਲਾਉਂਦੇ ਹਨ। "ਨੇੜੇ ਹੀ ਇੱਕ [ਜੂਈ] ਡੈਮ ਹੈ। ਪਿੰਡ ਦੇ ਕਿਸਾਨਾਂ ਨੂੰ ਚੰਗੀ ਫ਼ਸਲ ਲਈ ਕੈਚਮੈਂਟ ਖੇਤਰ ਤੋਂ ਗਾਦ ਲਿਆਉਣੀ ਪੈਂਦੀ ਹੈ ਅਤੇ ਇਸ ਨੂੰ ਆਪਣੀ ਜ਼ਮੀਨ 'ਤੇ ਖਿਲਾਰਨਾ ਪੈਂਦਾ ਹੈ। ਸਾਡਾ ਕੰਮ ਕਿਸਾਨਾਂ ਲਈ ਗਾਰ ਪੁੱਟਣਾ ਹੈ।''

ਦੋਵੇਂ ਪਰਿਵਾਰ ਕਿਸਾਨਾਂ ਤੋਂ ਗਾਰ ਕੱਢਣ ਲਈ ਘੰਟੇ ਦੇ 80 ਰੁਪਏ ਲੈਂਦੇ ਹਨ। "ਜਦੋਂ ਮੈਂ ਆਪਣੀ ਦਰ ਘਟਾ ਕੇ 70 ਰੁਪਏ ਕਰ ਦਿੱਤੀ, ਤਾਂ ਮੇਰਾ ਕਾਰੋਬਾਰ ਵਧਣਾ ਸ਼ੁਰੂ ਹੋ ਗਿਆ। ਫਿਰ ਮੈਨੂੰ ਧਮਕੀ ਦਿੱਤੀ ਗਈ ਅਤੇ ਜਦੋਂ ਮੈਂ ਆਪਣਾ ਰੇਟ ਨਹੀਂ ਵਧਾਇਆ ਤਾਂ ਉਨ੍ਹਾਂ ਨੇ ਮੇਰੇ ਘਰ 'ਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਸਾਹਮਣੇ ਖੜ੍ਹੀ ਜੇਸੀਬੀ ਮਸ਼ੀਨ ਨੂੰ ਵੀ ਨੁਕਸਾਨ ਪਹੁੰਚਾਇਆ।''

ਅਗਲੀ ਸਵੇਰ, ਅਜ਼ੀਮ ਭੋਕਰਦਾਨ ਦੇ ਪੁਲਿਸ ਸਟੇਸ਼ਨ ਗਏ, ਜਿਸ ਤਾਲੁਕਾ ਵਿੱਚ ਉਨ੍ਹਾਂ ਦਾ ਪਿੰਡ ਪੈਂਦਾ ਹੈ। ਪਰ ਪੁਲਿਸ ਨੇ ਐੱਫਆਈਆਰ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ। ਬਜਾਇ ਇਸਦੇ ਕਿ ਮੇਰੀ ਗੱਲ ਸੁਣੀ ਜਾਂਦੀ, ਉਹ ਯਾਦ ਕਰਦੇ ਹਨ, "ਪੁਲਿਸ ਨੇ ਮੈਨੂੰ ਧਮਕੀ ਦਿੱਤੀ। ਜੇ ਮੈਂ ਉਸ ਪਰਿਵਾਰ ਦੇ ਖਿਲਾਫ਼ ਸ਼ਿਕਾਇਤ ਕਰਦਾ ਹਾਂ ਤਾਂ ਮੈਂ ਮੁਸੀਬਤ ਵਿੱਚ ਪੈ ਜਾਵਾਂਗਾ। ਉਹ ਰਾਜਨੀਤਿਕ ਤੌਰ 'ਤੇ ਮਜ਼ਬੂਤ ਲੋਕ ਹਨ।''

ਅਜ਼ੀਮ ਦੇ ਅਨੁਸਾਰ, ਜਦੋਂ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਸ਼ਿਕਾਇਤ ਅਧਿਕਾਰਤ ਤੌਰ 'ਤੇ ਦਰਜ ਕੀਤੀ ਜਾਵੇ, ਤਾਂ ਪੁਲਿਸ ਨੇ ਅੱਗਿਓਂ ਚੇਤਾਵਨੀ ਦਿੱਤੀ ਕਿ ਦੂਜਾ ਪੱਖ ਉਨ੍ਹਾਂ ਦੇ ਖਿਲਾਫ਼ ਕਈ ਸ਼ਿਕਾਇਤਾਂ ਦਰਜ ਕਰੇਗਾ ਅਤੇ ਉਨ੍ਹਾਂ ਨੂੰ ਪਿੰਡੋਂ ਬਾਹਰ ਕੱਢ ਦੇਵੇਗਾ।

ਉਹ ਪੁੱਛਦੇ ਹਨ," ਹਾਈ ਕਾਸਲੀ ਕਾਨੂੰਨ ਅਤੇ ਵਿਵਸਥਾ [ਇਹ ਕਿਸ ਤਰ੍ਹਾਂ ਦੀ ਕਾਨੂੰਨ ਵਿਵਸਥਾ ਹੈ]? ਇਹ ਇੱਕ ਯੋਜਨਾਬੱਧ ਹਮਲਾ ਸੀ ਜਿੱਥੇ 25-30 ਲੋਕ ਮੇਰੇ ਘਰ ਵਿੱਚ ਦਾਖ਼ਲ ਹੋਏ ਅਤੇ ਤਬਾਹੀ ਮਚਾਈ। ਇਹ ਦਰਦਨਾਕ ਅਤੇ ਡਰਾਉਣਾ ਸੀ।''

ਅਜ਼ੀਮ ਲਈ ਇਹ ਗੱਲ ਜਿੰਨੀ ਅਸੂਲੀ ਸੀ, ਓਨੀ ਆਤਮ-ਸਨਮਾਨ ਪੱਖੋਂ ਜ਼ਰੂਰੀ ਵੀ। ਇਹ ਵਿਚਾਰ ਕਿ ਮਰਾਠਾ ਪਰਿਵਾਰ ਆਸਾਨੀ ਨਾਲ਼ ਬਚ ਜਾਵੇਗਾ, ਉਨ੍ਹਾਂ ਨੂੰ ਹਜ਼ਮ ਨਾ ਹੋਇਆ ਅਤੇ ਇਸ ਲਈ "ਮੈਂ ਪਿੱਛੇ ਨਹੀਂ ਹਟਿਆ। ਮੈਂ ਉਦੋਂ ਤੱਕ ਥਾਣੇ ਵਿੱਚ ਆਪਣੀ ਸ਼ਿਕਾਇਤ ਦਰਜ ਕਰਵਾਉਣ ਲਈ ਜ਼ੋਰ ਪਾਉਂਦਾ ਰਿਹਾ ਜਦੋਂ ਤੱਕ ਉਹ ਐੱਫਆਈਆਰ ਦਰਜ ਕਰਨ ਲਈ ਸਹਿਮਤ ਨਹੀਂ ਹੋ ਗਏ।''

ਜਦੋਂ ਪੁਲਿਸ ਆਖ਼ਰਕਾਰ ਸਹਿਮਤ ਹੋ ਗਈ, ਤਾਂ ਉਨ੍ਹਾਂ ਨੇ ਅਜ਼ੀਮ ਨੂੰ ਕਿਹਾ ਕਿ ਐੱਫਆਈਆਰ ਵਿੱਚ ਸਾਰੇ ਵੇਰਵੇ ਨਹੀਂ ਹੋਣਗੇ। ਇਸ ਨੂੰ ਪੇਤਲਾ ਕੀਤਾ ਗਿਆ। "ਪੁਲਿਸ ਨੇ ਉਸ ਹਿੱਸੇ ਨੂੰ ਸ਼ਾਮਲ ਕਰਨ ਤੋਂ ਇਨਕਾਰ ਕਰ ਦਿੱਤਾ ਜਿੱਥੇ ਉਨ੍ਹਾਂ ਨੇ ਸਾਡੀ ਨਕਦੀ ਅਤੇ ਗਹਿਣੇ ਚੋਰੀ ਕੀਤੇ ਸਨ। ਪਰ ਇਹ ਗੱਲ ਮੈਨੂੰ ਸਵੀਕਾਰ ਨਹੀਂ ਸੀ।''

When Ajim first went to file an FIR at the station, he was warned by the police. 'They said I would get in trouble for complaining against that family. They are politically connected'
PHOTO • Parth M.N.

ਜਦੋਂ ਅਜ਼ੀਮ ਪਹਿਲੀ ਵਾਰ ਐੱਫਆਈਆਰ ਦਰਜ ਕਰਵਾਉਣ ਲਈ ਥਾਣੇ ਗਏ ਤਾਂ ਪੁਲਿਸ ਨੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ। 'ਉਨ੍ਹਾਂਨੇ ਕਿਹਾ ਕਿ ਜੇ ਮੈਂ ਉਸ ਪਰਿਵਾਰ ਵਿਰੁੱਧ ਸ਼ਿਕਾਇਤ ਕੀਤੀ ਤਾਂ ਮੈਂ ਮੁਸੀਬਤ ਵਿੱਚ ਪੈ ਜਾਵਾਂਗਾ। ਉਹ ਰਾਜਨੀਤਿਕ ਤੌਰ 'ਤੇ ਮਜ਼ਬੂਤ ਲੋਕ ਹਨ'

ਫਿਰ ਉਹ ਗ੍ਰਾਮ ਪੰਚਾਇਤ ਕੋਲ਼ ਗਏ ਅਤੇ ਇਹ ਮਾਮਲਾ ਪਿੰਡ ਦੇ ਪ੍ਰਮੁੱਖ ਮੈਂਬਰਾਂ ਦੇ ਸਾਹਮਣੇ ਰੱਖਿਆ। ਅਜ਼ੀਮ ਦਾ ਪਰਿਵਾਰ ਪੀੜ੍ਹੀਆਂ ਤੋਂ ਪਿੰਡ ਵਿੱਚ ਰਹਿ ਰਿਹਾ ਸੀ। ਉਨ੍ਹਾਂ ਨੂੰ ਬਾਕੀ ਪਿੰਡ ਵਾਸੀਆਂ ਦੇ ਸਮਰਥਨ ਦਾ ਭਰੋਸਾ ਸੀ। "ਮੇਰਾ ਪਿੰਡ ਦੇ ਲੋਕਾਂ ਨਾਲ਼ ਚੰਗਾ ਰਿਸ਼ਤਾ ਹੈ। ਮੈਨੂੰ ਯਕੀਨ ਸੀ ਕਿ ਲੋਕ ਮੇਰਾ ਸਮਰਥਨ ਕਰਨਗੇ।''

ਅਜ਼ੀਮ ਨੇ ਪੂਰੇ ਵੇਰਵਿਆਂ ਨਾਲ਼ ਆਪਣੇ ਕੇਸ ਦੀ ਪ੍ਰਤੀ ਛਪਵਾਈ ਅਤੇ ਪਿੰਡ ਨੂੰ ਇੱਕਜੁੱਟ ਹੋਣ ਅਤੇ ਇਸ 'ਤੇ ਦਸਤਖ਼ਤ ਕਰਨ ਦੀ ਅਪੀਲ ਕੀਤੀ। ਉਹ ਇਸ ਮਾਮਲੇ ਨੂੰ ਅੱਗੇ ਵਧਾਉਣਾ ਚਾਹੁੰਦੇ ਸਨ ਅਤੇ ਇਸ ਨੂੰ ਔਰੰਗਾਬਾਦ ਦੇ ਡਿਵੀਜ਼ਨਲ ਕਮਿਸ਼ਨਰ (ਡੀਸੀ) ਦੇ ਸਾਹਮਣੇ ਰੱਖਣਾ ਚਾਹੁੰਦੇ ਸਨ, ਜਿਨ੍ਹਾਂ ਅਧੀਨ ਪੂਰਾ ਮਰਾਠਵਾੜਾ ਖੇਤਰ ਆਉਂਦਾ ਹੈ।

ਸਿਰਫ਼ 20 ਲੋਕਾਂ ਨੇ ਦਰਖ਼ਾਸਤ 'ਤੇ ਦਸਤਖ਼ਤ ਕੀਤੇ- ਅਤੇ ਉਹ ਵੀ ਸਾਰੇ ਮੁਸਲਮਾਨਾਂ ਨੇ। "ਕੁਝ ਲੋਕਾਂ ਨੇ ਮੈਨੂੰ ਨਿੱਜੀ ਤੌਰ 'ਤੇ ਦੱਸਿਆ ਕਿ ਉਹ ਮੇਰੇ ਨਾਲ਼ ਹਨ, ਪਰ ਉਹ ਖੁੱਲ੍ਹ ਕੇ ਮੇਰਾ ਸਮਰਥਨ ਕਰਨ ਤੋਂ ਡਰਦੇ ਸਨ।''

ਇਹੀ ਉਹ ਪਲ ਸੀ ਜਦੋਂ ਪਿੰਡ ਦੇ ਭਾਈਚਾਰੇ ਦੀ ਅਸਲੀਅਤ ਸਾਹਮਣੇ ਆਈ। "ਮੈਂ ਨਹੀਂ ਸੋਚਿਆ ਸੀ ਕਿ ਪਿੰਡ ਫਿਰਕੂ ਲੀਹਾਂ 'ਤੇ ਇੰਨਾ ਵੰਡਿਆ ਜਾਵੇਗਾ," ਅਜ਼ੀਮ ਕਹਿੰਦੇ ਹਨ। ਬਹੁਤ ਸਾਰੇ ਹਿੰਦੂ ਇਸ ਮੁੱਦੇ 'ਤੇ ਖੁੱਲ੍ਹ ਕੇ ਬੋਲਣ ਤੋਂ ਝਿਜਕਦੇ ਸਨ ਅਤੇ ਜੋ ਸਹਿਮਤ ਸਨ, ਉਨ੍ਹਾਂ ਨੇ ਸਮਰਥਨ ਦੇਣ ਤੋਂ ਇਨਕਾਰ ਕਰਨ ਮਗਰ ਕਿਸੇ ਵੀ ਧਾਰਮਿਕ ਅਧਾਰ ਜਾਂ ਕਿਸੇ ਕਿਸਮ ਦੇ ਤਣਾਅ ਤੋਂ ਇਨਕਾਰ ਕੀਤਾ।

ਹਿੰਦੂ ਕਿਸਾਨਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਉਹ ਬਦਲਾ ਲਏ ਜਾਣ ਦੇ ਡਰੋਂ ਕਿਸੇ ਦਾ ਪੱਖ ਨਹੀਂ ਲੈ ਸਕਦੇ। ਉਨ੍ਹਾਂ ਕਿਹਾ ਕਿ ਸਥਿਤੀ ਗੰਭੀਰ ਹੈ ਅਤੇ ਉਹ ਕਿਸੇ ਵੀ ਮਾਮਲੇ 'ਚ ਫਸਣਾ ਨਹੀਂ ਚਾਹੁੰਦੇ।

ਪਿੰਡ ਦੇ ਸਰਪੰਚ ਭਗਵਾਨ ਸੋਨਵਾਨੇ (65) ਨੇ ਕਿਹਾ ਕਿ ਉਦੋਂ ਫਿਰਕੂ ਤਣਾਅ ਪੈਦਾ ਹੋਇਆ ਸੀ ਪਰ ਹੁਣ ਸਭ ਕੁਝ ਸ਼ਾਂਤ ਹੋ ਗਿਆ ਹੈ। "ਬੇਸ਼ਕ, ਜਦੋਂ ਦੋ ਧਰਮਾਂ ਦੇ ਪਰਿਵਾਰ ਇਸ ਤਰ੍ਹਾਂ ਟਕਰਾਅ ਵਿੱਚ ਪੈ ਜਾਂਦੇ ਹਨ, ਤਾਂ ਇਹ ਪੂਰੇ ਪਿੰਡ ਨੂੰ ਪ੍ਰਭਾਵਤ ਕਰਦਾ ਹੀ ਹੈ" ਉਹ ਕਹਿੰਦੇ ਹਨ।

ਸੋਨਵਾਨੇ ਖੁਦ ਵੀ ਮਰਾਠਾ ਹਨ। ਉਨ੍ਹਾਂ ਕਿਹਾ,''ਇਸ ਮਾਮਲੇ 'ਚ ਅਜ਼ੀਮ ਦੀ ਕੋਈ ਗ਼ਲਤੀ ਨਹੀਂ ਸੀ। ਪਰ ਪਿੰਡ ਦੇ ਲੋਕਾਂ ਨੇ ਆਪਣੇ ਕਾਰੋਬਾਰ ਨੂੰ ਤਰਜੀਹ ਦਿੱਤੀ ਅਤੇ ਇਸ ਮਾਮਲੇ ਵਿੱਚ ਸ਼ਾਮਲ ਨਹੀਂ ਹੋਏ। ਆਖ਼ਰੀ ਵਾਰ 15 ਸਾਲ ਪਹਿਲਾਂ ਸਾਡੇ ਪਿੰਡ 'ਚ ਹਿੰਦੂ-ਮੁਸਲਿਮ ਵਿਵਾਦ ਹੋਇਆ ਸੀ।''

ਪਲਾਸਖੇੜਾ ਮੁਰਤਾਡ ਪਿੰਡ ਸ਼ਾਇਦ ਜਾਲਨਾ ਜ਼ਿਲ੍ਹੇ ਦੇ ਬਾਕੀ ਹਿੱਸਿਆਂ ਅਤੇ ਇੱਥੋਂ ਤੱਕ ਕਿ ਪੂਰੇ ਮਹਾਰਾਸ਼ਟਰ ਰਾਜ ਦਾ ਪ੍ਰਤੀਕ ਹੈ, ਜਿੱਥੇ ਫਿਰਕੂ ਸਦਭਾਵਨਾ ਹੁਣ ਵਿਗੜ ਗਈ ਹੈ।

Saiyyad Zakir Khajamiya was attacked by men in black masks who barged into the mosque and beat him when he refused to chant Jai Shri Ram.
PHOTO • Courtesy: Imaad ul Hasan
At his home (right) in Anwa village
PHOTO • Courtesy: Imaad ul Hasan

ਕਾਲ਼ੇ ਨਕਾਬਪੋਸ਼ ਵਿਅਕਤੀਆਂ ਨੇ ਮਸਜਿਦ ਵਿੱਚ ਦਾਖ਼ਲ ਹੋ ਕੇ ਸਈਦ ਜ਼ਾਕਿਰ ਖਜਮੀਆ ' ਤੇ ਹਮਲਾ ਕੀਤਾ ਅਤੇ ਜੈ ਸ਼੍ਰੀ ਰਾਮ ਦਾ ਨਾਅਰਾ ਲਗਾਉਣ ਤੋਂ ਇਨਕਾਰ ਕਰਨ ' ਤੇ ਕੁੱਟਿਆ ਵੀ ਅਨਵਾ ਪਿੰਡ (ਸੱਜੇ) ਵਿਖੇ ਆਪਣੇ ਘਰ ਵਿੱਚ

ਪਿਛਲੇ ਸਾਲ, 26 ਮਾਰਚ, 2023 ਨੂੰ, ਧਾਰਮਿਕ ਵਿਦਵਾਨ ਸਈਦ ਜ਼ਾਕਿਰ ਖਜਮੀਆ ਜਾਲਨਾ ਜ਼ਿਲ੍ਹੇ ਵਿੱਚ ਸਥਿਤ ਆਪਣੇ ਪਿੰਡ ਅਨਵਾ ਦੀ ਮਸਜਿਦ ਵਿੱਚ ਚੁੱਪਚਾਪ ਕੁਰਾਨ ਪੜ੍ਹ ਰਹੇ ਸਨ। ਜ਼ਾਕਿਰ (26) ਨੇ ਪੁਲਿਸ ਨੂੰ ਦੱਸਿਆ ਕਿ ਉਸ ਸਮੇਂ ਤਿੰਨ ਅਣਪਛਾਤੇ ਨਕਾਬਪੋਸ਼ ਵਿਅਕਤੀ ਮਸਜਿਦ ਵਿੱਚ ਆਏ ਅਤੇ ਮੈਨੂੰ ਜੈ ਸ਼੍ਰੀ ਰਾਮ ਦਾ ਨਾਅਰਾ ਲਾਉਣ ਲਈ ਕਿਹਾ। ਜਦੋਂ ਮੈਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਨੇ ਮੇਰੀ ਛਾਤੀ 'ਤੇ ਠੁੱਡ ਮਾਰਿਆ, ਮੈਨੂੰ ਕੁੱਟਿਆ ਅਤੇ ਮੇਰੀ ਦਾੜ੍ਹੀ ਵੀ ਪੁੱਟ ਦਿੱਤੀ।''

ਉਨ੍ਹਾਂ ਦੇ ਬਿਆਨ ਮੁਤਾਬਕ, ਚਿਹਰੇ 'ਤੇ ਕਾਲ਼ੇ ਮਾਸਕ ਪਾਈ ਇਨ੍ਹਾਂ ਵਿਅਕਤੀਆਂ ਨੇ ਉਨ੍ਹਾਂ ਨੂੰ ਉਦੋਂ ਤੱਕ ਕੁੱਟਿਆ ਜਦੋਂ ਤੱਕ ਉਹ ਬੇਹੋਸ਼ ਨਹੀਂ ਹੋ ਗਏ ਅਤੇ ਉਨ੍ਹਾਂ ਦੀ ਦਾੜ੍ਹੀ ਕੁਤਰ ਦਿੱਤੀ। ਫਿਲਹਾਲ ਉਨ੍ਹਾਂ ਦਾ ਇਲਾਜ 100 ਕਿਲੋਮੀਟਰ ਦੂਰ ਔਰੰਗਾਬਾਦ ਦੇ ਇੱਕ ਹਸਪਤਾਲ 'ਚ ਚੱਲ ਰਿਹਾ ਹੈ।

ਉਨ੍ਹਾਂ ਨਾਲ਼ ਜੋ ਹੋਇਆ ਉਹ ਇਕੱਲੀ ਘਟਨਾ ਨਹੀਂ ਹੈ। ਗੁਆਂਢੀ ਪਿੰਡ ਦੇ ਮੁਖੀ ਅਬਦੁਲ ਸੱਤਾਰ ਦਾ ਕਹਿਣਾ ਹੈ ਕਿ ਸਥਿਤੀ ਬਹੁਤ ਤਣਾਅਪੂਰਨ ਹੈ। ਉਨ੍ਹਾਂ ਕਿਹਾ,''ਪੁਲਿਸ ਨੇ ਮੁਸਲਿਮ ਭਾਈਚਾਰੇ ਨੂੰ ਭਰੋਸਾ ਦਿਵਾਉਣ ਲਈ ਕੁਝ ਨਹੀਂ ਕੀਤਾ। ਅਜਿਹੀਆਂ ਘਟਨਾਵਾਂ ਇੰਨੀਆਂ ਰਿਪੋਰਟ ਵੀ ਨਹੀਂ ਕੀਤੀਆਂ ਜਾਂਦੀਆਂ, ਪਰ ਹੁਣ ਇਹ ਨਿਜ਼ਾਮ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ।''

19 ਜੂਨ, 2023 ਨੂੰ, ਜਾਲਨਾ ਪੁਲਿਸ ਨੇ ਇੱਕ ਛੋਟੇ ਕਿਸਾਨ ਦੇ ਬੇਟੇ ਤੌਫੀਕ ਬਾਗਵਾਨ (18) 'ਤੇ 17 ਵੀਂ ਸਦੀ ਦੇ ਮੁਗਲ ਸ਼ਾਸਕ ਔਰੰਗਜ਼ੇਬ ਦੀ ਤਸਵੀਰ ਅਪਲੋਡ ਕਰਕੇ "ਜਾਣਬੁੱਝ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੁਸ਼ਟ ਇਰਾਦੇ" ਦਾ ਦੋਸ਼ ਲਾਇਆ ਸੀ।

ਉਸ ਦੇ ਵੱਡੇ ਭਰਾ ਸ਼ਫੀਕ (26) ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਹਸਨਾਬਾਦ 'ਚ ਸੱਜੇ ਪੱਖੀ ਸਮੂਹਾਂ ਨੇ ਤੌਫੀਕ ਦੀ ਕਹਾਣੀ ਦੇ ਸਕ੍ਰੀਨਸ਼ਾਟ ਲਏ ਅਤੇ ਥਾਣੇ ਗਏ। ਪੁਲਿਸ ਨੇ ਤੌਫੀਕ ਦਾ ਫੋਨ ਇਹ ਕਹਿੰਦੇ ਹੋਏ ਜ਼ਬਤ ਕਰ ਲਿਆ ਕਿ ਉਹ ਜਾਂਚ ਕਰਨਗੇ ਕਿ ਤਸਵੀਰ ਕਿਸਨੇ ਅਪਲੋਡ ਕੀਤੀ ਸੀ। ਮੇਰਾ ਭਰਾ ਸਿਰਫ਼ 18 ਸਾਲਾਂ ਦਾ ਹੈ। ਉਹ ਡਰਿਆ ਹੋਇਆ ਅਤੇ ਪਰੇਸ਼ਾਨ ਹੈ।

ਹਸਨਾਬਾਦ ਭੋਕਰਦਾਨ ਤਾਲੁਕਾ ਦਾ ਇੱਕ ਪਿੰਡ ਹੈ, ਜਿੱਥੇ ਅਜ਼ੀਮ ਦਾ ਪਿੰਡ ਵੀ ਸਥਿਤ ਹੈ। ਸੋਸ਼ਲ ਮੀਡੀਆ ਪੋਸਟ ਦੇ ਖਿਲਾਫ਼ ਐੱਫਆਈਆਰ ਦਰਜ ਕਰਨ ਵਿੱਚ ਪੁਲਿਸ ਦਾ ਸਹਿਯੋਗ ਅਤੇ ਸਰਗਰਮੀ ਉਸ ਭਿਆਨਕ ਹਮਲੇ ਦੇ ਮਾਮਲੇ ਤੋਂ ਐਨ ਉਲਟ ਰਹੀ, ਜੋ ਅਜ਼ੀਮ ਨੇ ਬਰਦਾਸ਼ਤ ਕੀਤਾ ਸੀ।

It was only after Ajim's protest in front of the DC's office in Aurangabad, and his meeting with the Jalna SP, that the Bhokardan police finally filed an FIR
PHOTO • Parth M.N.

ਔਰੰਗਾਬਾਦ ਦੇ ਡੀਸੀ ਦਫ਼ਤਰ ਦੇ ਸਾਹਮਣੇ ਅਜ਼ੀਮ ਦੀ ਭੁੱਖ ਹੜਤਾਲ ਅਤੇ ਜਾਲਨਾ ਦੇ ਪੁਲਿਸ ਸੁਪਰਡੈਂਟ ਨਾਲ਼ ਉਸ ਦੀ ਮੁਲਾਕਾਤ ਆਖਰਕਾਰ ਭੋਕਰਦਾਨ ਪੁਲਿਸ ਦੁਆਰਾ ਦਰਜ ਕੀਤੀ ਗਈ ਸੀ

ਜਦੋਂ ਪੁਲਿਸ ਨੇ ਅਜ਼ੀਮ ਨੂੰ ਕਿਹਾ ਕਿ ਉਹ ਐ$ਫਆਈਆਰ ਨੂੰ ਹਲਕਾ ਕਰ ਦੇਣਗੇ, ਤਾਂ ਉਨ੍ਹਾਂ ਨੇ ਔਰੰਗਾਬਾਦ ਵਿੱਚ ਡੀਸੀ ਨੂੰ 20 ਮੁਸਲਿਮ ਪਿੰਡ ਵਾਸੀਆਂ ਦੇ ਦਸਤਖ਼ਤ ਵਾਲ਼ਾ ਪੱਤਰ ਪੇਸ਼ ਕੀਤਾ। ਪਿੰਡ ਦੇ ਕੁਝ ਮੁਸਲਿਮ ਕਿਸਾਨ ਵੀ ਭੁੱਖ ਹੜਤਾਲ਼ ਵਿੱਚ ਸ਼ਾਮਲ ਹੋਏ ਸਨ। "ਇੰਝ ਜਾਪਦਾ ਹੈ ਕਿ ਸਾਨੂੰ ਕੋਈ ਫ਼ਰਕ ਨਹੀਂ ਪੈਂਦਾ," ਉਹ ਕਹਿੰਦੇ ਹਨ। ''ਪ੍ਰਸ਼ਾਸਨ ਨੂੰ ਸ਼ਾਇਦ ਅਸੀਂ ਦਿੱਸਣੋਂ ਹੀ ਹਟ ਗਏ ਹਾਂ।''

ਪੰਜ ਦਿਨ ਬਾਅਦ ਡਿਪਟੀ ਕਮਿਸ਼ਨਰ ਨੇ ਅਜ਼ੀਮ ਅਤੇ ਹੋਰ ਪ੍ਰਦਰਸ਼ਨਕਾਰੀਆਂ ਨਾਲ਼ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਕਾਰਵਾਈ ਦਾ ਭਰੋਸਾ ਦਿੱਤਾ। ਡੀਸੀ ਨੇ ਉਨ੍ਹਾਂ ਨੂੰ ਜਾਲਨਾ ਦੇ ਪੁਲਿਸ ਸੁਪਰਡੈਂਟ ਨੂੰ ਮਿਲ਼ਣ ਲਈ ਕਿਹਾ।

ਔਰੰਗਾਬਾਦ 'ਚ ਪ੍ਰਦਰਸ਼ਨ ਤੋਂ ਬਾਅਦ ਅਜ਼ੀਮ ਨੇ ਜਾਲਨਾ 'ਚ ਪੁਲਸ ਸੁਪਰਡੈਂਟ ਨਾਲ਼ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਉਹੀ ਚਿੱਠੀ ਸੌਂਪੀ, ਜਿਸ 'ਚ ਉਨ੍ਹਾਂ 'ਤੇ ਹੋਏ ਹਮਲੇ ਦਾ ਜ਼ਿਕਰ ਕੀਤਾ ਗਿਆ ਸੀ। ਐੱਸਪੀ ਨੇ ਭੋਕਰਦਾਨ ਥਾਣੇ ਗੱਲ ਕੀਤੀ ਅਤੇ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਕਾਰਵਾਈ ਕਰਨ ਲਈ ਕਿਹਾ।

ਆਖ਼ਰਕਾਰ, 14 ਜੁਲਾਈ ਨੂੰ, ਭੋਕਰਦਾਨ ਪੁਲਿਸ ਨੇ ਲਗਭਗ ਦੋ ਮਹੀਨਿਆਂ ਬਾਅਦ ਉਨ੍ਹਾਂ ਦੀ ਸ਼ਿਕਾਇਤ ਦਰਜ ਕੀਤੀ। ਇਸ ਐੱਫਆਈਆਰ ਵਿੱਚ 19 ਲੋਕਾਂ ਨੂੰ ਨਾਮਜਦ ਕੀਤਾ ਗਿਆ ਸੀ। ਇਨ੍ਹਾਂ ਦੋਸ਼ਾਂ 'ਚ ਗੈਰ-ਕਾਨੂੰਨੀ ਇਕੱਠ, ਦੰਗੇ ਕਰਨਾ, ਖ਼ਤਰਨਾਕ ਹਥਿਆਰਾਂ ਨਾਲ਼ ਸੱਟ ਪਹੁੰਚਾਉਣਾ, 50 ਰੁਪਏ ਜਾਂ ਇਸ ਤੋਂ ਵੱਧ ਦਾ ਨੁਕਸਾਨ ਪਹੁੰਚਾਉਣਾ ਅਤੇ ਅਪਰਾਧਿਕ ਧਮਕੀਆਂ ਸ਼ਾਮਲ ਹਨ।

ਹਾਲਾਂਕਿ, ਘਰ ਤੋਂ ਗਹਿਣੇ ਅਤੇ ਪੈਸੇ ਚੋਰੀ ਹੋਣ ਦਾ ਹਿੱਸਾ ਅਜੇ ਵੀ ਐੱਫਆਈਆਰ ਵਿੱਚ ਦਰਜ ਨਹੀਂ ਕੀਤਾ ਗਿਆ ਸੀ।

"ਆਦਰਸ਼ਕ ਤੌਰ 'ਤੇ, ਮੇਰੀ ਸ਼ਿਕਾਇਤ ਸਹੀ ਢੰਗ ਨਾਲ਼ ਦਰਜ ਨਾ ਕਰਨ ਲਈ ਪੁਲਿਸ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਸੀ," ਅਜ਼ੀਮ ਕਹਿੰਦੇ ਹਨ। ''ਪਰ ਇਸ ਦੀ ਉਮੀਦ ਕਰਨਾ ਬਹੁਤ ਜ਼ਿਆਦਾ ਹੈ। ਹਾਂ, ਜੇ ਦੋਸ਼ੀ ਕੋਈ ਮੁਸਲਮਾਨ ਹੁੰਦਾ ਤਾਂ ਕਹਾਣੀ ਅੱਡ ਹੀ ਹੋਣੀ ਸੀ।''

ਇਸ ਕਹਾਣੀ ਦੇ ਰਿਪੋਰਟਰ ਨੇ ਭੋਕਰਦਾਨ ਥਾਣੇ ਦੇ ਪੁਲਿਸ ਇੰਸਪੈਕਟਰ ਨੂੰ ਬਾਰ-ਬਾਰ ਫ਼ੋਨ ਕਰਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਕੋਈ ਜਵਾਬ ਨਹੀਂ ਮਿਲਿ਼ਆ।

ਤਰਜਮਾ: ਕਮਲਜੀਤ ਕੌਰ

Parth M.N.

Parth M.N. is a 2017 PARI Fellow and an independent journalist reporting for various news websites. He loves cricket and travelling.

Other stories by Parth M.N.
Editor : Priti David

Priti David is the Executive Editor of PARI. She writes on forests, Adivasis and livelihoods. Priti also leads the Education section of PARI and works with schools and colleges to bring rural issues into the classroom and curriculum.

Other stories by Priti David
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur